ਮੈਂ ਮਾਸਟਰ ਨਈਂ ਲੱਗਣਾਂ……ਨਿਹਾਲੀਏ, ਮੈਂ ਮਾਸਟਰ ਨਈਂ ਲੱਗਣਾ…! ਮੈਂ ਖਿਆ ਮੈਂ ਮਾਸਟਰ ਨਈਂ ਲੱਗਣਾਂ…!
ਸਵੇਰੇ ਚਾਰ ਕੁ ਵਜੇ ਦੇ ਕਰੀਬ ਤਾਏ ਨਰੈਂਣੇ ਨੇ ਜਿਉਂ ਹੀ ਸਿਸਕੀਆਂ ਭਰੇ ਬੋਲਾਂ ਰਾਹੀਂ ਸੁਫਨੇ 'ਚ ਉੱਚੀ-ਉੱਚੀ ਬੁੜਬੜਾਉਣਾ ਸ਼ੁਰੂ ਕੀਤਾ…ਤਾਂ ਕੋਲ ਪਈ ਤਾਈ ਨਿਹਾਲੀ ਦੀ ਇਕਦਮ ਨੀਂਦਰ ਖੁੱਲ ਜਾਣ ਤੇ ਤਾਈ ਨੇ ਫਟਾਫਟ ਤਾਏ ਨੂੰ ਜਿਉਂ ਹੀ ਜ਼ੋਰਦਾਰ ਹਲੂਣਾ ਮਾਰਿਆ, ਤਾਂ ਤਾਏ ਦੀਆਂ ਦੋਵੇਂ ਅੱਖਾਂ 'ਚ ਸਾਉਣ ਦੀ ਝੜੀ ਵਾਂਗ ਨੀਰ ਵਗ ਰਿਹਾ ਸੀ ਤੇ ਗਲੇਡੂਆ ਨਾਲ ਭਰੇ ਗਲੇ ਨੇ ਤਾਏ ਦੀ ਬੋਲਤੀ ਹੀ ਬੰਦ ਕਰਕੇ ਰੱਖ ਦਿੱਤੀ ਗਈ।
ਨਰੈਂਣਿਆਂ ਕੀ ਗੱਲ ਐ…ਮੈਂ ਫਟਾਫਟ ਸ਼ਰਮੇ ਡਾਕਟਰ ਨੂੰ ਫੋਨ ਕਰਦੀ ਆਂ, ਮੈਨੂੰ ਲੱਗਦੈ ਤੇਰਾ ਬਲੱਡ ਵੱਧ ਗਿਆ ਹੋਣੈਂ, ਅਕਾਲ ਪੁਰਖ ਭਲਾ ਕਰੇ…ਹੋਰ ਨਾ ਕਿਤੇ ਤੈਨੂੰ ਕੋਈ ਦਿਲ-ਦੁਲ ਦਾ ਦੌਰਾ ਪੈ ਜਾਵੇ।
ਉਏ ਕਮਲੀਏ ਕਿਸੇ ਡਾਕਟਰ ਦੀ ਲੋੜ ਨਹੀਂ, ਨਿਹਾਲੀਏ ਐਵੇਂ ਘਬਰਾਈ ਨਾ ਜਾਹ…ਤੇਰਾ ਨਰੈਂਣਾ ਤਾਂ ਸੁਫਨੇ 'ਚ ਮਾਸਟਰ ਲੱਗ ਗਿਆ ਸੀ ਮਾਸਟਰ…
ਵੇ ਜਾਹ ਵੇ ਜਾਹ..ਨਰੈਂਣਿਆ, ਇੱਲ ਦੇ ਥਾਂ ਤੇ ਤੈਨੂੰ ਕੁੱਕੜ ਨਹੀਂ ਆਉਂਦਾ, ਤੇ ਅਨਪੜ੍ਹ ਬੂਝੜ ਸੁਪਨੇ ਲੈਂਦਾ ਏ ਮਾਸਟਰੀ ਦੇ, ਅਖੇ ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫੇ, ਛੋਟਾ ਹੁੰਦੈ ਭਾਵੇਂ ਸਕੂਲ ਪਿੱਛੇ ਦੀ ਕੱਟਾ ਵੀ ਨਾ ਲੈ ਕੇ ਲੰਘਿਆ ਹੋਵੇ।
ਉਏ ਸਹੁਰੇ ਦੀਏ ਨਿਹਾਲੀਏ ਮੇਰਾ ਤਾਜ਼ਾ-ਤਾਜ਼ਾ ਸੁਫਨਾ ਤਾਂ ਸੁਣ ਲੈ, ਫੇਰ ਦਿਨ ਚੜੇ ਤਾਂ ਮੈਂ ਵੀ ਭੁੱਲ ਜਾਵਾਂਗਾ।
ਚੱਲ ਫਿਰ ਸੁਣਾ ਨਰੈਂਣਿਆ……
ਨਿਹਾਲੀਏ ਸੁਫਨਾ ਅਜਿਹਾ ਅਜੀਬ ਜਿਹਾ ਚਾਵਾਂ ਭਰਿਆ ਸੀ ਕਿ ਜਾਣੀਂ ਸੱਚੀ-ਮੁੱਚੀ ਆਪਣੇ ਨਾਲ ਦੇ ਪਿੰਡ ਵਾਲੇ ਹਾਈ ਸਕੂਲ ਵਿੱਚ ਮੈਂ ਨੌਵੀਂ ਜਮਾਤ ਵਾਸਤੇ ਪੱਕਾ ਮਾਸਟਰ ਲੱਗ ਗਿਐ…
ਵੇ ਜਾਹ ਵੇ ਜਾਹ ਨਰੈਣਿਆਂ, ਜਿਹੜੇ ਪਹਿਲਾਂ ਵਾਲੇ ਪੱਕੇ ਮਾਸਟਰ ਲੱਗੇ ਹੋਏ ਨੇ ਉਨ੍ਹਾਂ ਵਿਚਾਰਿਆਂ ਨੂੰ ਤਾਂ ਸਮੇ ਸਿਰ ਤਨਖਾਹ ਨਹੀ ਮਿਲਦੀ ਤੇ ਤੈਨੂੰ ਅਨਪੜ੍ਹ ਨੂੰ ਕਿਸੇ ਨੇ ਤਾਂ ਪ੍ਰਾਈਵੇਟ ਸਕੂਲ 'ਚ ਟੱਲੀ ਮਾਰਨ ਵਾਸਤੇ ਚਪੜਾਸੀ ਵੀ ਨਹੀਂ ਰੱਖਣਾਂ, ਤੈਨੂੰ ਮਾਸਟਰ ਕੀਹਨੇ ਲਾਉਣੈਂ ਐ,ਨਾਲੇ ਵਿਚਾਰੇ ਜਿਹੜੇ ਜਵਾਕ ਪੜ੍ਹ-ਲਿਖ ਕੇ ਹੱਥਾਂ 'ਚ ਡਿਗਰੀਆਂ ਫੜੀ ਰੋਜ਼ ਮਾਸਟਰ ਲੱਗਣ ਵਾਸਤੇ ਸਿਰਾਂ ਤੇ ਡਾਂਗਾ ਖਾਂਦੇ ਹਨ ਨੌਜਵਾਨ ਮੁਟਿਆਰਾਂ ਦੀਆਂ ਚੁੰਨੀਆਂ ਮਿੱਟੀ 'ਚ ਰੁਲਦੀਆਂ ਨੇ ਤੇ ਵਿਚਾਰੀਆਂ ਦੀਆਂ ਗੁੱਤਾਂ ਪੱਟ ਦਿੱਤੀਆਂ ਜਾਂਦੀਆਂ ਹਨ। ਜੀਪਾਂ-ਕਾਰਾਂ ਮਗਰ ਪਾ ਕੇ ਘਸੀੜਿਆ ਜਾ ਰਿਹਾ ਹੈ ਉਹ ਵਿਚਾਰੇ ਕੌੜਾ ਘੁੱਟ ਭਰ ਤੋਰੀ ਵਾਂਗੂੰ ਮੂੰਹ ਲਟਕਾਈ ਫਿਰਦੇ ਨੇ, ਜਿੰਨ੍ਹਾ ਦਾ ਭਵਿੱਖ ਦਿਨੋ-ਦਿਨ ਧੁੰਦਲਾ ਹੁੰਦਾ ਜਾ ਰਿਹਾ ਹੈ, ਉਨ੍ਹਾਂ ਦੀ ਤਾਂ ਕੋਈ ਪੁੱਛਗਿੱਛ ਨਹੀਂ ਹੈ।ਤੇ ਤੂੰ ਨੌਂਵੀ ਜਮਾਤ 'ਚ ਮਾਸਟਰ ਲੱਗ ਗਿਆ…? ਪਹਿਲੀਆਂ-ਦੂਜੀਆਂ ਤਾਂ ਜਮਾਤਾਂ ਹੀ ਭੁੱਲ ਗਿਐ…
ਉਏ ਭੁੱਲਿਆ ਨਹੀਂ… ਜਦੋਂ ਆਪਣੀ ਸਰਕਾਰ ਨੇ ਇੱਕ ਨਵਾਂ ਅੰਨਾ ਕਾਨੂੰਨ ਹੀ ਪਾਸ ਕਰਕੇ ਰੱਖ ਦਿੱਤੈ, ਕਿ ਬਈ ਅੱਠਵੀਂ ਜਮਾਤ ਤੱਕ ਕੋਈ ਬੱਚਾ ਫੇਲ ਹੀ ਨਹੀਂ ਕਰਨਾਂ, ਤਾਂ ਫੇਰ ਦੱਸ ਮੈਂ ਕੀ ਕਰ ਸਕਦੈ…
'ਨਰੈਣਿਆਂ ਫੇਰ ਅੱਠਵੀਂ ਤੱਕ ਵਾਲੇ ਸਕੂਲਾਂ ਦਾ ਤਾਂ ਕੋਈ ਵਜੂਦ ਹੀ ਨਾ ਰਿਹਾ…?
ਉਏ ਨਿਹਾਲੀਏ ਪਹਿਲਾਂ ਮੇਰੀ ਪੂਰੀ ਤਰਾਂ ਗੱਲ ਤਾਂ ਸੁਣ ਲੋ, ਵਿਚ-ਵਿਚਾਲੇ ਆਪਣਾ ਹੀ ਘੋੜਾ ਭਜਾਉਣ ਲੱਗ ਪਈ ਐ…
ਚੱਲ ਸੁਣਾ…
ਕਿ ਬਈ ਨਿਹਾਲੀਏ, ਮੇਰੀ ਸੋਚ ਦੀ ਉਸ ਸਮੇਂ ਹੱਦ ਟੁੱਟ ਕੇ ਚਕਨਾਚੂਰ ਹੋ ਗਈ ਜਦੋਂ ਪੜ੍ਹਾਕੂ ਬੱਚਿਆਂ ਨੇ ਮੈਨੂੰ ਸੋਚਣ ਲਈ ਮਜ਼ਬੂਰ ਕਰ ਦਿੱਤੈ।
'ਨਰੈਣਿਆ ਉਹ ਕਿਵੇਂ…?
ਕਿ ਨਿਹਾਲੀਏ ਜਿਉਂ ਹੀ ਮੈਂ ਅੱਜ ਪਹਿਲੇ ਦਿਨ ਸਕੂਲ ਵਿੱਚ ਹਾਜ਼ਰ ਬੱਚਿਆਂ ਨੂੰ ਪੁੱਛਿਆ ਕਿ ਬਈ ਤੁਸੀਂ ਹੁਣ ਤੱਕ ਸਕੂਲੋਂ ਕੀ ਕੁਝ ਸਿਖਿਐ, ਤਾਂ ਪਤੰਦਰ ਅੱਗੋਂ ਸ਼ਤਰ ਦਿਮਾਗ ਵਾਲੇ ਬੱਚੇ ਵੀ ਮੈਨੂੰ ਟਿੱਚਰਾਂ ਕਰਨ ਲੱਗ ਪਏ, ਕਿ ਮਾਸਟਰ ਜੀ ਅਸੀਂ ਤਾਂ ਅੱਜ ਪਹਿਲੇ ਦਿਨ ਸਕੂਲ 'ਚ ਆਏ ਹਾਂ, ਅਸੀਂ ਤਾਂ ਹੁਣ ਤੱਕ ਮੱਝਾਂ-ਬੱਕਰੀਆਂ ਚਾਰੀਆਂ ਨੇ ਜਾਂ ਘਰੇਲੂ ਕੰਮ ਹੀ ਕੀਤੇ ਨੇ ਕਿਉਂਕਿ ਸਰਕਾਰ ਨੇ ਐਲਾਨ ਕੀਤਾ ਹੋਇਐ ਬਈ ਅੱਠਵੀਂ ਤੱਕ ਕੋਈ ਬੱਚਾ ਫੇਲ ਨਹੀਂ ਕਰਨਾ ਤੇ ਫੇਰ ਅਸੀਂ ਤੇ ਸਾਡੇ ਮਾਪਿਆਂ ਨੇ ਸੋਚਿਐ ਬਈ ਜ਼ਰੂਰ ਐਵੇਂ ੫ਵੀਂ-੭ਵੀਂ ਜਮਾਤਾਂ 'ਚ ਪੜ੍ਹਨ ਵਾਸਤੇ ਮੱਥਾ ਮਾਰਨਾ, ਕਿਉਂ ਨਾ ਉਨ੍ਹਾਂ ਚਿਰ ਐਸ਼ ਕਰੀਏ ਜਦੋਂ ਨੌਵੀਂ ਜਮਾਤ ਤੱਕ ਦੀ ਉਮਰ ਹੋਈ ਉਦੋਂ ਸਕੂਲ 'ਚ ਲੱਗਾਂਗੇ, ਤਾਹੀਂ ਅੱਜ ਪਹਿਲੇ ਦਿਨ ਸਕੂਲ ਆਏ ਹਾਂ, ਨਾਲੇ ਮਾਸਟਰ ਜੀ ਜੇ ਥੋਨੂੰ ਇਹ ਵੀ ਨਹੀਂ ਪਤੈ…ਤਾਂ ਫਿਰ ਅੱਗੇ ਸਾਨੂੰ ਕੀ ਸਿੱਖਿਆ ਦੇ ਦੇਵੋਗੇ, ਨਿਹਾਲੀਏ ਮੈਂ ਤਾਂ ਬੱਚਿਆ ਮੂਹਰੇ ਲਾਜਵਾਬ ਹੁੰਦਾ ਹੋਇਆ ਮੂੰਹ 'ਚ ਉਂਗਲਾ ਪਾ ਕੇ ਬੈਠ ਗਿਆ, ਚਲੋ ਫੇਰ ਮੈਂ ਸੋਚਿਆ ਕਿ ਅੱਜ ਮੈਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਆਪਣੇ ਦੇਸ਼ ਦੇ ਰਾਸ਼ਟਰੀ ਤਿਰੰਗੇ ਝੰਡੇ ਬਾਰੇ ਜਾਣਕਾਰੀ ਦੇਵਾਂਗੇ ਜਿਉਂ ਹੀ ਮੈਂ ਸਵਾਲ ਕੀਤੇ ਕਿ ਬੱਚਿਓ…ਤੁਸੀਂ ਆਪਣੇ ਦੇਸ਼ ਦੇ ਰਾਸ਼ਟਰੀ ਝੰਡੇ ਬਾਰੇ ਕੁਝ ਜਾਣਦੇ ਹੋ..? ਨਿਹਾਲੀਏ ਜਮਾਤ ਵਿੱਚ ਇੱਕ ਦਮ ਚੁੱਪ ਦਾ ਸੰਨਾਟਾ ਛਾ ਗਿਆ, ਪਰ ਫੇਰ ਚਾਲੀ ਬੱਚਿਆਂ ਚੋਂ ਸਿਰਫ ਚਾਰ ਬੱਚਿਆਂ ਨੇ ਹੀ ਹੱਥ ਖੜੇ ਉਦੋਂ ਕੀਤੇ ਜਦੋਂ ਮੈਂ ਖੁਦ ਹੀ ਦੱਸਿਆ ਕਿ ਰਾਸ਼ਟਰੀ ਝੰਡਾ ਜਿਸ ਦੇ ਹਰਾ,ਚਿੱਟਾ,ਕੇਸਰੀ ਤਿੰਨ ਰੰਗ ਹੁੰਦੇ ਹਨ ਕੀ ਤੁਸੀਂ ਉਨ੍ਹਾਂ ਤਿੰਨਾਂ ਰੰਗਾਂ ਦੀ ਮੁੱਢਲੀ ਮਹੱਤਤਾ ਬਾਰੇ ਜਾਣਦੇ ਹੋ।
ਹਾਂ ਜੀ…(ਚਾਰੋ ਜਾਣੇ ਇੱਕ ਆਵਾਜ਼ 'ਚ ਬੋਲੇ) ਤੇ ਫੇਰ ਮੈਂ ਨਿਹਾਲੀਏ ਉਨ੍ਹਾਂ ਨੂੰ ਕੋਲ ਬੁਲਾ ਕੇ ਇੱਕ ਕਤਾਰ 'ਚ ਖੜੇ ਕਰਕੇ ਵਾਰੀ-ਵਾਰੀ ਇੱਕ-ਇੱਕ ਰੰਗ ਤੇ ਚਾਨਣਾ ਪਾਉਣ ਬਾਰੇ ਕਿਹਾ।
ਜਿੰਨ੍ਹਾਂ 'ਚ ਪਹਿਲਾ ਬੋਲਿਆ ਅਖੇ, "ਪਿਆਰੇ ਸਾਥੀਓ…! ਸੰਤਰੀ ਰੰਗ ਮੋਟਾ ਸੰਤਰਾ ਸ਼ਰਾਬ ਦੀਆਂ ਬੋਤਲਾਂ 'ਚ ਸਾਨੂੰ ਆਮ ਹੀ ਹਰੇਕ ਪਿੰਡ ਮੋੜ ਤੇ ਜਾਂ ਆਸੇ-ਪਾਸੇ ਠੇਕਿਆਂ ਉਪਰ ਬੜੇ ਸ਼ੋਕ ਨਾਲ ਸਜਾ-ਧਜਾ ਕੇ ਰੱਖਿਆ ਹੁੰਦਾ ਹੈ। ਦੇਖਣ ਨੂੰ ਮਿਲਦਾ ਹੈ ਜੋ ਸਾਡੇ ਸਮਾਜ ਲਈ ਇੱਕ ਕੋਹੜ ਤਾਂ ਹੈ ਇਸ ਰੰਗ ਨੇ ਅੱਜ ਤੱਕ ਅਨੇਕਾਂ ਹੀ ਮਾਵਾਂ ਕੋਲ ਪੁੱਤ, ਨਾਰ ਕੋਲੋਂ ਕੰਤ, ਪੁੱਤਰ-ਧੀ ਕੋਲੋਂ ਬਾਪ ਖੋਹ ਕੇ ਬਹੁਤ ਸਾਰੇ ਘਰ ਉਜਾੜ ਕੇ ਰੱਖ ਦਿੱਤੇ ਹਨ ਪ੍ਰੰਤੂ ਸਾਡੀਆਂ ਸਰਕਾਰਾਂ ਨੂੰ ਬਹੁਤ ਕਮਾਈ ਹੈ। "
ਤੇ ਦੂਜਾ ਕਹਿੰਦਾ, "ਅਧਿਆਪਕ ਸਾਹਿਬਾਨ ਤੇ ਪਿਆਰੇ ਸਾਥੀਓ…! ਮੈਂ ਚਿੱਟੇ ਰੰਗ ਬਾਰੇ ਤੁਹਾਨੂੰ ਦੱਸਣ ਲੱਗਾ ਹਾਂ ਕਿ ਅੱਜ ਕੱਲ੍ਹ ਚਿੱਟੇ ਨੇ ਚਾਰ-ਚੁਫੇਰੇ ਧੁੰਮਾਂ ਪਾ ਰੱਖੀਆਂ ਹਨ, ਚਿੱਟੇ ਪਾਊਡਰ ਦਾ ਸਾਡੇ ਦੇਸ਼ ਦੇ ਕੋਨੇ-ਕੋਨੇ 'ਚ ਪੈਸਾਰ ਦਿਨੋ-ਦਿਨ ਤਰੱਕੀ ਤੇ ਹੈ, ਜੋ ਜ਼ਿਆਦਾਤਰ ਸਾਡੇ ਗਵਾਂਢੀ ਰਾਜ ਤੋਂ ਸ਼ਰੇਆਮ ਆ ਰਿਹਾ ਹੈ, ਇਸ ਚਿੱਟੇ ਦੇ ਕਹਿਰ ਨੇ ਅੱਜ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਮੇਰੇ ਵੀ ਅਠਾਰਾਂ ਸਾਲਾਂ ਵੱਡੇ ਭਰਾ ਨੂੰ ਨਿਗਲ ਕੇ ਸਾਡੇ ਤੋਂ ਸਦਾ ਸਦਾ ਲਈ ਖੋਹ ਲਿਆ ਅਤੇ ਬਹੁਤ ਸਾਰੇ ਹੋਰ ਨੌਜਵਾਨਾਂ ਨੂੰ ਚਿੱਟੇ ਕਫਨ ਚ ਲਪੇਟ ਦਿੱਤਾ ਹੈ ਜਿਸ ਨਾਲ ਸਾਡੇ ਪਿੰਡ ਦੀਆਂ ਕਈ ਸਜ ਵਿਆਹੀਆਂ ਮਿਟਆਰਾਂ ਦੇ ਸਿਰਾਂ ਤੇ ਚਿੱਟੀਆਂ ਚੁੰਨੀਆਂ ਸਜ ਗਈਆ ਹਨ।"
ਨਾਲੋ-ਨਾਲ ਹੀ ਤੀਜਾ ਬੋਲਿਆ:- "ਪਿਆਰੇ ਸਾਥੀਓ… ਹਰਾ ਰੰਗ ਹਰੇਕ ਪਿੰਡ, ਸ਼ਹਿਰ ਦੇ ਅਣਅਧਿਕਾਰਤ ਅਤੇ ਮਨਜ਼ੂਰਸ਼ੁਦਾ ਮੈਡੀਕਲ ਸਟੋਰਾਂ ਤੋਂ ਇਲਾਵਾ ਬਾਕੀ ਕਰਿਆਨੇ ਵਾਲੀਆਂ ਦੁਕਾਨਾਂ ਤੇ ਵੀ ਉਪਲੱਬਧ ਹੈ ਇਸ ਹਰੇ ਰੰਗ ਤੋਂ ਤਿਆਰ ਨਸ਼ੀਲੀਆਂ ਗੋਲੀਆ ਜਿਸਨੂੰ ਨਸ਼ਈ ਲੋਕ ਆਮ ਤੌਰ ਤੇ ਪੋਟਾਡੋਲ ਦੇ ਨਾਮ ਨਾਲ ਪੁਕਾਰਦੇ ਹਨ ਜਿਸ ਦਾ ਪੂਰਾ ਨਾਮ ਟਰੋਮਾਡੋਲ ਹੈ ਇਸ ਨੂੰ ਕਈ ਲੋਕ ਸ਼ੋਕ ਨਾਲ, ਕਈ ਕੰਮਕਾਰ ਸਮੇਂ ਅਤੇ ਕਈ ਵੱਖ-ਵੱਖ ਖੇਡਾਂ 'ਚ ਭਾਗ ਲੈਣ ਵਾਲੇ ਖਿਡਾਰੀ ਵੀ ਇਸ ਦੇ ਗੁਲਾਮ ਹੁੰਦੇ ਹੋਏ ਨਸ਼ੇੜੀਆਂ ਦੀ ਲਾਇਨ ਨੂੰ ਲੰਬੀ ਕਰਦੇ ਹਨ।"
ਚੌਥਾਂ:- "ਬਈ ਪਿਆਰੇ ਸਾਥੀਓ, ਇੰਨ੍ਹਾਂ ਤਿੰਨ ਰੰਗਾਂ ਤੋਂ ਤਿਆਰ ਝੰਡਾ ਇਕੱਲਾ ਵੀ ਕਿਸੇ ਕੰਮ ਨਹੀਂ, ਜਿੰਨਾ ਚਿਰ ਉਸਨੂੰ ਡੰਡੇ 'ਚ ਨਹੀਂ ਟੰਗਿਆ ਜਾਂਦਾ, ਜਿਸ ਡੰਡੇ 'ਚ ਝੰਡਾ ਟੰਗਿਆ ਜਾਂਦਾ ਹੈ ਉਸ ਡੰਡੇ ਦਾ ਰੰਗ ਵੀ ਖਾਕੀ ਹੁੰਦਾ ਹੈ ਤੇ ਦੂਸਰੇ ਪਾਸੇ ਖਾਕੀ ਰੰਗ ਭੁੱਕੀ-ਪੋਸਤ ਦਾ ਵੀ ਹੈ ਇਸ ਰੰਗ ਨੇ ਵੀ ਸਾਡੇ ਸਮਾਜ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।"
ਹਾਏ-ਹਾਏ ਵੇ, ਨਰੈਂਣਿਆਂ… ਇਹ ਸੁਣ ਕੇ ਤੂੰ ਚੁੱਪ-ਚਾਪ ਹੀ ਖੜਾ ਰਿਹਾ, ਬੱਚਿਆਂ ਨੂੰ ਘੂਰਨ ਦੀ ਤੇਰੀ ਜ਼ੁਰਤ ਨਾ ਰਹੀਂ।
'ਉਏ ਨਿਹਾਲੀਏ, ਬੱਚੇ ਲਗਾਤਾਰ ਹੀ ਸਭ ਕੁਝ ਇਉਂ ਬੋਲ ਗਏ ਜਿਵੇਂ ਉਨ੍ਹਾਂ ਨੇ ਚਿਰਾਂ ਤੋਂ ਆਪਣੇ ਮਨ ਦੀ ਭੜਾਸ ਕੱਢੀ ਹੋਵੇ। ਉਨ੍ਹਾਂ ਨੇ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ, ਉਨ੍ਹਾਂ ਦੇ ਦਿਲ ਕੰਬਾਉ ਬੋਲਾਂ ਨੇ ਹੀ ਮੈਨੂੰ ਭੁੱਬਾ ਮਾਰਨ ਲਈ ਮਜ਼ਬੂਰ ਕਰ ਦਿੱਤਾ, ਤਾਂ ਹੀ ਤਾਂ ਮੈਂ ਬੁੜਬੜਾ ਰਿਹਾ ਸੀ ਕਿ ਮੈਂ ਮਾਸਟਰ ਨe੍ਹੀ ਲੱਗਣਾਂ…।'