ਗੁਰੂ ਗੋਬਿੰਦ ਸਿੰਘ ਜੀ ਦੀ ਸਰਬ ਪੱਖੀ ਸ਼ਖਸਿਅਤ (ਲੇਖ )

ਹਰਸਿਮਰਨ ਕੌਰ   

Email: hersimran@hotmail.com
Address:
United States
ਹਰਸਿਮਰਨ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ।।
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ।।
                                                                                               ( ਭਾਈ ਨੰਦ ਲਾਲ ਜੀ)
ਭਾਈ ਨੰਦ ਲਾਲਾ ਜੀ ਗੁਰੂ  ਗੋਬਿੰਦ ਸਿੰਘ ਜੀ ਨੂੰ ਬਾਦਸ਼ਾਹ ਤੇ ਦਰਵੇਸ਼ ਦੀ ਉਪਾਧੀ ਦਿੰਦੇ ਹੋਏ ਆਖਦੇ ਨੇ ਕਿ ਉਹ ਹਿਦੂੰ ਲਈ ,ਮੁਸਲਮਾਨ ਲਈ ਇਕੋ ਜਹੇ ਹਨ ਤੇ ਸੱਚ ਦੇ ਰਾਹ ਦੇ ਰਾਹੀ ਹਨ ।
 ਚਿਤ ਨਾ ਭਯੋ ਹਮਰੋ ਆਵਨ ਕਹਿ।।
ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ ।।
 ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ।।
ਇਮ ਕਹਿ ਕੈ ਇਹ ਲੋਕ ਪਠਾਯੋ ।।
ਜਨਮ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਹੇਮਕੁੰਟ ਪਰਬਤ 'ਤੇ ਤਪੱਸਿਆ ਵਿਚ ਲੀਨ ਸਨ । ਤਪੱਸਿਆ ਕਰਦੇ ਕਰਦੇ ਨਿਰੰਕਾਰ ਭਾਵ ਪ੍ਰਮਾਤਮਾ ਨਾਲ ਇਕ ਮਿਕ ਹੋ ਗਏ ।ਉਨ੍ਹਾਂ ਦੀ ਭਗਤੀ ਤੋਂ ਖੁਸ਼ ਹੋ ਕੇ ਅਕਾਲ ਪੁਰਖ ਨੇ ਧਰਤੀ ਤੇ ਹੂੰਦੇ ਅਨਿਆਏ ਨੂੰ ਖਤਮ ਕਰਨ ਲਈ ਦਸਵੇਂ ਪਿਤਾ ਗੁਰੂ ਗੋਬਿੰਦ ਜੀ ਨੂੰ ਭੇਜਿਆ । ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਹ ਉਪਦੇਸ਼ ਅਪਣਾਇਆ :-
    ' ਏਕ  ਹੀ  ਕੀ ਸੇਵ , ਸਭ ਹੀ ਕੋ ਗੁਰਦੇਵ ਏਕ
      ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ ;
ਇਹ ਕਾਵਿ ਉਨ੍ਹਾਂ ਦੇ ਮਨ ਦੀ ਭਾਵਨਾ ਭਾਵ ਮਾਨਵਤਾ ਨਾਲ ਪਿਆਰ ਤੇ ਕੌਮੀ ਏਕਤਾ ਦੇ ਉਦੇਸ਼ ਦਾ ਸੁਨੇਹਾ ਦਿੰਦਾ ਹੈ । ਉਨ੍ਹਾਂ ਨੇ ਇਕ ਪ੍ਰਮਾਤਮਾ ਦੀ ਗਲ ਕਿਤੀ ਹੈ , ਜੋ ਸਭ ਦਾ ਸਾਂਝਾ ਬਾਪ ਹੈ ।ਜੇ ਬਾਪ ਇਕ ਹੈ ਫਿਰ ਊਚ ਨੀਚ ਦੀ ਕਹਾਣੀ ਪਾ ਕੇ ਅਸੀਂ ਇਕ ਦੂਜੇ ਪ੍ਰਤੀ ਨਫਰਤ ਕਿਉਂ ਕਰਦੇ ਹਾਂ  ਗੁਰੂ ਜੀ ਨੇ  'ਏਕਸ ਕੇ ਹਮ ਬਾਰਿਕ' ਦੇ ਸੁਨੇਹੇ ਨੂੰ ਅਗੇ ਤੋਰਿਆ । ਇਹੋ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਜੀ  ਦੇ ਦਰਬਾਰ ਵਿਚ ਸਭ ਧਰਮਾਂ ਦੇ ਲੋਕ ਆ ਕੇ ਇਕੋ ਜਿਹੇ  ਵਰਤਾਉ ਦੇ ਭਾਗੀਦਾਰ ਬਣਦੇ  ਸਨ । ਜਦੌਂ ਗੁਰੂ ਜੀ ਨੇ ਖਾਲਸਾ ਦੀ ਸਿਰਜਣਾ ਕਿਤੀ ਤਾਂ ਪੰਜ ਪਿਆਰੇਆਂ ਦਾ ਸੁਮੇਲ ਖਤੱਰੀ , ਜੱਟ , ਰਸੋਈਆ ,ਛੀਂਬਾ ਅਤੇ ਨਾਈ ਦਾ ਸੀ ।
         ਜਿਨ ਕੀ ਜਾਤਿ ਵਰਣ ਕੁਲ ਮਾਹੀ ।।
       ਸਰਦਾਰੀ ਨਹਿੰ ਭਈ ਕਦਾਹੀ ।।
       ਇਨ ਹੀ ਕੋ ਸਰਦਾਰ ਬਨਾਵੋਂ ।।
      ਤਬਹਿ ਗੋਬਿੰਦ ਸਿੰਘ ਨਾਮ ਕਹਾਵੇਂ ।।
                  ( ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ )
ਭਾਵ……
     ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ
                             (ਅਕਾਲ ਉਸਤਤਿ )
ਪਟਨਾ ਸ਼ਹਿਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਘਰ , ਮਾਤਾ ਗੁਜਰੀ ਜੀ ਦੀ ਕੁਖੋਂ  ਜਨਮ ਲਿਆ । ਗੁਰੂ ਜੀ ਦੇ ਜਨਮ ਸਮੇਂ ਪੰਜਾਬ ਦੇ ਘੁੜਾਮ ਪਿੰਡ ਦੇ ਫਕੀਰ ਭੀਖਣ ਸ਼ਾਹ ਨੇ ਲਹਿੰਦੇ ਦੀ ਬਜਾਏ ਚੜ੍ਹਦੇ (ਪੂਰਬ ) ਵਲ ਨਮਾਜ ਗੁਜ਼ਾਰੀ । ਪਰ ਇਕ ਸੱਚੇ ਮੁਸਲਮਾਨ ਲਈ ਚੜ੍ਹਦੇ ਵਲ ਸਜਦਾ ਕਰਨਾ ਇਸਲਾਮੀ ਸ਼ਰ੍ਹਾ ਦੇ ਉਲਟ ਹੈ । ਮੁਸਲਮਾਨਾਂ ਨੇ ਇਹ ਵੇਖ ਕਿ ਸੋਚਿਆ ਕਿ ਪੀਰ  ਪਾਗਲ ਹੋ ਗਿਆ ਹੈ – ਪਰ ਪੀਰ ਭੀਖਣ ਸ਼ਾਹ ਨੇ ਉਨ੍ਹਾਂ ਨੂੰ ਸਮਝਾਇਆ ਕਿ ਅਜ ਖੁਦਾ ਦਾ ਨੂਰ ਪੂਰਬ ( ਪਟਨੇ ) ਵਲ ਪ੍ਰਗਟ ਹੋਇਆ ਹੈ । ਇਹ ਨੂਰ ਬਿਨਾਂ ਕਿਸੇ ਵਿਤਕਰੇ ਤੋਂ ਸਭ ਦੇ ਮਨਾਂ ਨੂੰ ਰੁਸ਼ਨਾਏਗਾ ।
 ਗੁਰੂ ਜੀ ਨੂੰ ਪਟਨੇ ਵਿਚ ਹੀ ਬਿਹਾਰੀ , ਸੰਸਕ੍ਰਿਤ ,ਅਰਬੀ  ,  ਫਾਰਸੀ ਤੇ ਬ੍ਰਿਜ ਭਾਸ਼ਾ ਭਾਵ ਸਾਰੀਆਂ  ਹੀ ਭਾਸ਼ਾਵਾਂ ਦਾ ਗਿਆਨ ਕਰਵਾਇਆ ।ਬਚਪਨ ਵਿਚ ਹੀ ਤਲਵਾਰ ਚਲਾਉਣ ਦਾ , ਦਰਬਾਰ ਲਾaੋਣ ਦਾ ਅਤੇ ਬਹਾਦਰੀ ਦੀਆਂ ਖੇਡਾਂ ਖੇਡਣੀਆਂ ਦਾ ਸ਼ੌਕ  ਗੋਬਿੰਦ ਜੀ ਰਖਦੇ ਸੀ । ਪਟਨੇ ਤੋਂ ੧੬੭੦ ਵਿਚ ਅਨੰਦਪੁਰ ਸਾਹਿਬ  ਆਏ ।ਇਥੇ ਹੀ ਕਸ਼ਮੀਰੀ ਪੰਡਿਤ ਆਪਣੇ ਧਰਮ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਸੀ । ਪਿਤਾ ਨੂੰ ਚਿੰਤਾ ਵਿਚ ਵੇਖ ਕੇ ਆਖਿਆ – ਪਿਤਾ ਜੀ ਤੁਹਾਡੇ ਤੋਂ ਵਧ ਹੋਰ ਕੋਈ ਵੀ ਰਖਿਅਕ ਨਹੀਂ – ਇਸ ਤਰ੍ਹਾਂ ੧੬੭੫ ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ  ਨੌ ਸਾਲ ਦੇ ਸਨ – ਗੁਰੂ ਤੇਗ ਬਹਾਦਰ ਜੀ ਨੇ ਦਿੱਲੀ 'ਚ ਆ ਕੇ ਸ਼ਹੀਦੀ ਪਾਈ ਤੇ ਹਿਦੂੰ ਧਰਮ ਦੇ ਰਾਖੇ ਬਣੇ । ਅਜੇਹੇ ਕਾਰਨਾਂ ਕਰਕੇ ਹੀ ਤਾਂ ਇਨ੍ਹਾਂ  ਦੇ ਜਨਮ ਤੇ ਭਾਈ ਗੁਰਦਾਸ ( ਦੂਜੇ ) ਦੇ ਸ਼ਬਦ ਨੇ :-
"ਵਹਿ ਪ੍ਰਗਟਿਓ ਮਰਦ ਅਗੰਮੜਾ
ਵਰਿਆਮ ਅਕੇਲਾ।
ਵਾਹੁ ਵਾਹੁ ਗੋਬਿੰਦ ਸਿੰਘ
ਆਪੇ ਗੁਰ ਚੇਲਾ ।"
ਪਿਤਾ ਜੀ ਦੀ ਸ਼ਹੀਦੀ  ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਨੇ ' ਦੇਗ ਤੇ ਤੇਗ , ਨੂੰ ਇਕੋ ਸਥਾਨ ਦਿੱਤਾ । ਜੇ ਦੇਗ ਵਿਚ ਗੁਰੂ ਦਾ ਲੰਗਰ ਚਲਦਾ ਸੀ ਤਾਂ ਮਜਹਬੀ ਕਹਿਰ ਨੂੰ ਵੇਖ ਕੇ ਮੈਦਾਨਾਂ ਵਿਚ " ਤੇਗ" ਦੇ  ਕਾਰਨਾਮੇ ਕਰਵਾ ਕੇ ਨੌਜਵਾਨਾਂ ਵਿਚ ਜੋਸ਼ ਭਰਦੇ ਸਨ । ਇਸ ਤਰ੍ਹਾਂ  ਸਮੇਂ ਦੀ ਨਬਜ਼ ਨੂੰ ਪਹਿਚਾਣ ਕੇ ਕੌਮ ਦੀ ਤਾਕਤ ਨੂੰ ਵਧਾਇਆ । ਮੁਗਲਾਂ ਦੇ ਜ਼ੁਲਮਾਂ ਅਗੇ ਸਿਰ ਨਾ  ਨੀਵਾਂ ਕਿਤਾ – ਸਾਰੀਆਂ ਲੜਾਈਆਂ ਵਿਚ ਇੱਟ ਦਾ ਜਵਾਬ ਪਥੱਰ ਨਾਲ ਦਿਤਾ ।
ਲੜਾਈਆਂ ਹੀ ਨਹੀਂ  ਕਿਤੀਆਂ ਉਨ੍ਹਾਂ ਨੇ ' ਚੰਡੀ ਦੀ ਵਾਰ , ਵਰਗਾ ਸਾਹਿਤ ਰਚ ਕੇ ਸਿੰਘਾਂ ਵਿਚ ਬੀਰ ਰਸ ਦਾ ਬੀਜ ਬਿਜਿਆ । ਅਧਿਆਤਮਕ ਕਵੀ ਹੋਣ ਕਾਰਨ 'ਜਾਪੁ' , 'ਅਕਾਲ ਉਸਤਤਿ ', 'ਬਚਿਤੱਰ ਨਾਟਕ ', ਚੰਡੀ ਚਰਿਤਰ ' 'ਵਾਰ  ਸ੍ਰੀ ਭਗਉਤੀ ਜੀ ਕੀ ' , 'ਚੌਬੀਸ ਅਵਤਾਰ ' ,'ਸ਼ਸਤਰ ਨਾਮ ਮਾਲਾ ', ' ਜ਼ਫਰਨਾਮਾ ' ,  'ਸਦ' , 'ਸ਼ਬਦ ਹਜ਼ਾਰੇ' ,'ਸਵੱਈਏ' , 'ਹਿਕਾਇਤਾਂ' ਅਤੇ ਅਸਫੋਟਕ ਕਬਿੱਤ _ ਸਾਹਿਤ ਰਚਿਆ । ਗੁਰੂ ਜੀ ਦੀਆਂ ਰਚਨਾਵਾਂ ਅਰਬੀ .ਫਾਰਸੀ , ਪੰਜਾਬੀ ,ਬ੍ਰਜ-ਭਾਸ਼ਾ ਤੇ ਸੰਸਕ੍ਰਿਤ ਵਿਚ ਹਨ ।
ਗੁਰੂ ਗੋਬਿੰਦ ਸਿੰਘ ਜੀ  ਬਾਰ ਬਾਰ ਸਮਝਾਉਂਦੇ ਹਨ ਕਿ:- 
'ਭਜੋ ਸੁ ਏਕੁ ਨਾਮ ਯੰ ,ਜੁ ਕਾਮ ਸਰਬ ਠਾਮ ਯੰ '
ਭਾਵ ਦੇਵਤੇ ,ਸਾਧੂ ,ਸ਼ੰਤ ,ਪਾਰਬ੍ਰਹਮ ਨਹੀਂ _ਪਾਰਬ੍ਰਹਮ ਤਾਂ ਬਸ ਇਸ ਤਰ੍ਹਾਂ ਹੈ ।
'ਚਕ੍ਰ ਚਿਹਨ ਅਰੁ ਬਰਨ ਜਾਤਿ ਅਰ ਪਾਤਿ ਨਹਿਨ ਜਿਹ '
……………..
ਗਿਆਨੀ ਲਾਲ ਸਿੰਘ ਜੀ  ਨੇ ਜਾਪੁ ਸਾਹਿਬ ਬਾਰੇ ਲਿਖਿਆ ਹੈ……
'ਦਸ਼ਮ ਗੁਰੂ ਦਾ ਅਕਾਲ ਪੁਰਖ ਸਤਿ –ਚਿਤ ਆਨੰਦ ਰੂਪ ਵਾਲਾ ਹੈ । ਅਖਾਂ ਉਸ ਨੂੰ ਦੇਖ ਨਹੀਂ ਸੀ ਸਕਦੀਆਂ , ਕੰਨ ਉਸ ਦੇ ਬੋਲਾਂ ਨੂੰ ਸੁਣ ਨਹੀਂ ਸਨ ਸਕਦੇ , ਹਥੱ ਛੋਹ ਨਹੀ ਸਕਦੇ ਨੱਕ ਉਸ ਦੀ ਸੁਗੰਧੀ ਸੁੰਘ ਨਹੀਂ ਸਕਦਾ ਅਤੇ ਜੀਭ ਉਸ ਦਾ ਸੁਆਦ ਨਹੀਂ ਚੱਖ ਸਕਦੀ । ਪਰ ਇਸ ਦੇ ਬਾਵਜੂਦ ਉਸ ਦਾ ਜਾਪ ਤਨ-ਮਨ ਅਤੇ ਆਤਮਾ ਨੂੰ ਹੁਲਾਸ ਬਖਸ਼ਦਾ ਹੈ । ਕਿਉਕੇ ਉਸ ਨੂੰ  ਅੰਤਰ – ਆਤਮਾ ਦੁਆਰਾ ਰਖਣ ਨਾਲ ਨੇੜੇ ਤੋਂ ਨੇੜੇ ਅਤੇ ਅੰਗ-ਸੰਗ ਅਨੁਭਵ ਹੋਣ ਲਗਦਾ ਹੈ '
                                                         (ਚੋਣਵੀਂ  ਬਾਣੀ ਦਸਮ ਗ੍ਰੰਥ, ਪੰਨਾ -੩੬)
ਗੁਰੂ ਜੀ ਨੇ ਕਦੇ ਆਪਣੇ ਆਪ ਨੂੰ ਸੰਗਤ ਤੋਂ ਵਡਾ ਜਾਂ ਉਚੱਾ ਨਹੀਂ ਆਖਿਆ , ਸਗੋਂ ਹਮੇਸ਼ਾਂ  ਆਪੇ ਨੂੰ ਉਨ੍ਹਾਂ ਦੇ ਬਰਾਬਰ ਸਮਝਿਆ ਹੈ :-
                     "  ਜੋ ਹਮ ਕੋ ਪਰਮੇਸਰ ਉਚਰਿ ਹੈਂ
                       ਤੇ ਸਭ ਨਰਕ ਕੁੰਡ ਮਹਿ ਪਰਿ ਹੈਂ  '
ਫਿਰ ਲਿਖਦੇ ਨੇ ਕਿ ਮੈਂ 'ਪਰਮ ਪੁਰਖ ਦਾ ਦਾਸਾ ' ਹਾਂ।
ਸੋ ਗੁਰੂ ਜੀ ਸਰਬੰਸਦਾਨੀ , ਜਰਨੈਲ , ਬਹਾਦਰ , ਜੋਧਾ , ਦਰਬਾਰ ਵਿਚ ਸ਼ਾਨੋ-ਸ਼ੌਕਤ ਵਾਲਾ ਬਾਦਸ਼ਾਹ ਜੰਗਲਾਂ ਵਿਚ ਫਕੀਰ , ਉਚੱ ਕੋਟੀ ਦੇ ਕਵੀ ,ਅਣਖੀ ,ਦਰਵੇਸ਼ , ਸੰਤ , ਦੀਨ –ਦਿਆਲ , ਬੈਰੀ ਲਈ ਸੰਘਾਰਕ ਸੀ । ਗੁਰੂ ਗੋਬਿੰਦ ਸਿੰਘ ਜੀ ਜੇ ਖਾਲਸੇ ਦੀ ਸਿਰਜਨਾ ਨਾ ਕਰਦੇ ਫੇਰ :-
                   ' ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
                      ਤਉ ਸੁਨੰਤ ਹੋਤੀ ਸਭ ਕੀ '
                                              (  ਬੁਲ੍ਹੇ ਸ਼ਾਹ )
 ਮੈਕਾਲਿਫ ਅਤੇ ਕੰਨਿਘਮ ਦੇ ਸ਼ਬਦ……
" ਸਿਖ ਗੁਰੂ ਸਾਹਿਬਾਨ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੂੰ ਉਨ੍ਹਾਂ  ਇਨਸਾਨਾਂ  ਨੂੰ  ਜਥੇਬੰਦ ਕਰਨ ਦਾ ਖਿਆਲ ਤਕ ਨਹੀਂ  ਸੀ ਆਇਆ ਜਿਨ੍ਹਾਂ ਨੂੰ ਗਵਾਂਢੀ -ਜਨਮਾਂ ਤੋਂ ਦੁਰ-ਦੂਰੇ ਕਰ ਦੁਰਕਾਰਦੇ ਰਹੇ ਸਨ , ਪਰ ਉਸ ( ਗੁਰੂ ਗੋਬਿੰਦ ਸਿੰਘ ) ਨੇ aਨ੍ਹਾਂ ਅਖੌਤੀ ਨਿਵਿਆਂ ਵਿਚ ;  ਜਿਨ੍ਹਾੰ ਨੂੰ ਸੰਸਾਰ ਦੀ ਰਹਿੰਦ-ਖੂੰਹਦ ਕਿਹਾ ਜਾਦਾਂ ਸੀ ਉਨ੍ਹਾਂ ਵਿਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫੇਰ ਯੋਧੇ ਵੀ ਐਸੇ ਜਿਨ੍ਹਾਂ ਦੀ ਦ੍ਰਿੜ੍ਹਤਾ , ਦਲੇਰੀ ਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਹੀਂ ਕੀਤਾ "
                                                    (ਹਿਸਟਰੀ ਆਫ ਸਿਖਜ਼ – ਪੰਨਾ-੮੪ )
ਸਭਨਾਂ ਗੁਣਾਂ ਦੇ ਮਾਲਕ ਵਿਚ __ ' ਪੂਰਨ ਪ੍ਰੇਮ ਪ੍ਰਤੀਤ ਸਜੇ ' ਅਤੇ ' ਏਕ ਬਿਨਾ ਨਹਿ ਏਕ ਪਛਾਨੇ , ਭਾਵ ' ਪ੍ਰਮਾਤਮਾ ਨਾਲ ਪ੍ਰੇਮ ' ਅਤੇ  'ਮਨੁਖਤਾ ਦਾ ਪ੍ਰੇਮ '  ਦਾ ਉਪਦੇਸ਼ ਹੀ ਉਨ੍ਹਾਂ ਦਾ ਉਦੇਸ਼ ਸੀ ।
" ਸਤਾਰਵੀਂ ਸਦੀ  ਮੇਂ ਸਿੱਖ ਆਪਸੀ ਭਾਈਚਾਰਾ ਅਤੇ ਇਕ ਦੂਜੇ ਦੇ ਪ੍ਰੇਮ ਲਈ ਬਹੁਤ ਹੀ ਉਤਸਕ ਸਨ  "
                                                                  ' ਸਰ ਜਾਦੂ ਨਾਥ ਸਰਕਾਰ' 
ਸੋ ਗਲ ਕੀ   ਗੁਰੁ ਗੋਬਿੰਦ ਸਿੰਘ ਜੀ ਇਕ ਕਰਮ ਯੋਗੀ ਸਨ _ਜਿਨ੍ਹਾਂ ਨੇ ਅਤਿਆਚਾਰ ਅਗੇ ਆਪਣੀ ਆਵਾਜ aੁਠਾਈ ਤੇ ਨਿਰਾਸ਼ਾ- ਵਾਦੀ ਭਾਰਤੀਆਂ ਵਿਚ ਖੁਦਾਰੀ ਭਰੀ………..