ਉਧਾਰੇ ਬਗਾਵਤੀ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਹ ਕਾਗਜ਼ ਦੇ ਸੀਨੇ ਉੱਪਰ ਬਗਾਵਤੀ ਲੀਕਾਂ ਵਾਹੁੰਦੇ ਨੇ 
ਪਰ ਕਿਉਂ ਲਗਦੈ ਅੱਖਰ ਸਾਰੇ ਜਿਵੇਂ ਲਏ ਉਧਾਰੇ ਹੁੰਦੇ ਨੇ 

ਕਿਉਂ ਸੋਚ ਉਹਨਾਂ ਦੀ ਪੂਰੀ ਬਾਹਰੀ ਗੱਠੜ ਢੋਣੇ ਵਰਗੀ 
ਸਭ ਖ਼ਾਨਾ ਪੂਰਨ ਨੂੰ ਹੀ ਜਿੱਦਾਂ ਲਫ਼ਜ਼ ਜਿਹੇ ਭਾਰੇ ਹੁੰਦੇ ਨੇ 

ਕਿਉਂ ਨਾਅਰੇ ਉਨ੍ਹਾਂ ਦੇ ਸਾਰੇ ਬਸ ਸੰਘ ਦੇ ਜ਼ੋਰ ਹੀ ਟਿੱਕਦੇ 
ਸਭ ਕਥਨੀਂ ਦੇ ਹਵਾਈ ਸੂਰੇ ਕਿਉਂ ਕਰਨੀ ਦੇ ਮਾੜੇ ਹੁੰਦੇ ਨੇ

ਉਹ ਸੂਰਿਆਂ ਦੀਆਂ ਡਾਰਾਂ ਭਲੇ ਦਿਨਾਂ ‘ਚ ਚਾਂਘ ਬਹਾਰਾਂ
ਭੀੜ ਸਚਮੁੱਚ ਜੇ ਸਿਰ ਬਣਦੀ ਨਾ ਕੱਖੋਂ ਵੱਧ ਭਾਰੇ ਹੁੰਦੇ ਨੇ 

ਬੋਲਾਂ ਦੀ ਮਿਸ਼ਰੀ ਸਾਰੀ ਹੱਥਾਂ ਤੱਕ ਪੁੱਜ ਮੈਲ ਹੈ ਬਣਦੀ 
ਕਿਉਂ ਜ਼ੁਬਾਂ ਦੇ ਮਿੱਠੇ ਲੋਕੀਂ ਉੰਨੇ ਹੀ ਦਿੱਲ ਦੇ ਖਾਰੇ ਹੁੰਦੇ ਨੇ 

ਹਰ ਪਲ ਕ਼ਿਰਦਾਰ ਇਉਂ ਬਦਲੇ ਚਿਹਰਾ ਮਖੌਟਾ ਰਹਿ ਜਾਵੇ 
ਇਸ ਮਖੌਟੇ ਦੇ ਉੱਪਰ ਵੀ ਹੋਰ ਮਖੌਟੇ ਕਈ ਚਾੜ੍ਹੇ ਹੁੰਦੇ ਨੇ