ਵਿਗੋਚਾ - ਅੰਕ 7 (ਨਾਵਲ )

ਜਰਨੈਲ ਸਿੰਘ ਸੇਖਾ    

Email: Jarnailsinghsekha34@gmail.com
Phone: +1 778 246 1087
Address: 7242 130 A Street
Surrey British Columbia Canada V3W 6E9
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੜੀ ਜੋੜਨ ਲਈ ਪਿਛਲਾ ਅੰਕ ਦੇਖੋ
 
 
    ਪਿਕਨਿਕ
ਸਰਬਜੀਤ ਲਿਵਿੰਗਰੂਮ ਵਿਚ ਬੈਠੀ ਚਾਹ ਦੀਆਂ ਚੁਸਕੀਆਂ ਭਰਦੀ ਹੋਈ ਮਾਰਟਿਨ ਸੀ। ਸਮਿੱਥ ਦਾ ਨਾਵਲ 'ਰੈਡ ਸੁਕੇਅਰ' ਪੜ੍ਹ ਰਹੀ ਸੀ ਕਿ ਫੋਨ ਦੀ ਘੰਟੀ ਖੜਕ ਪਈ | ਉਸ ਨੇ ਚੋਂਗਾ ਉਠਾ ਕੇ ਕਿਹਾ, "ਹੈਲੋਅ"
"ਸਤਿ ਸ੍ਰੀ ਅਕਾਲ?" ਅਗੋਂ ਅਵਾਜ਼ ਆਈ |
"ਦੀਦੀ! ਸਤਿ ਸ੍ਰੀ ਅਕਾਲ, ਸ਼ੁਕਰ ਏ, ਸਵੇਰੇ ਸਵੇਰੇ ਤੇਰਾ ਫੂਨ ਆ ਗਿਆ, ਅੱਜ ਮੈਂ ਵੀ ਤੈਨੂੰ ਫੂਨ ਕਰਨ ਬਾਰੇ ਸੋਚਦੀ ਸੀ |"
"ਫੇਰ ਕੀਤਾ ਕਿਉਂ ਨਾ, ਤੂੰ ਹੁਣ ਕੀ ਕਰਦੀ ਸੀ?"
"ਐਵੇਂ ਬੈਠੀ ਇਕ ਨਾਵਲ ਦੇ ਪੱਤਰੇ ਫਰੋਲਦੀ ਪਈ ਸੀ, ਹੋਰ ਵਿਹਲਿਆਂ ਨੇ ਕੀ ਕਰਨਾ?"
"ਤੈਨੂੰ ਕਿਹਾ ਸੀ ਨੌਕਰੀ ਨਾ ਛੱਡੀਂ, ਤੂੰ ਕਿਹੜਾ ਮੇਰੀ ਗੱਲ ਮੰਨੀ |"
"ਦੀਦੀ, ਇਹ ਮੇਰੇ ਵੱਸ ਦੀ ਗੱਲ ਥੋੜੋ ਸੀ | ਮੈਂ ਤਾਂ ਆਪ ਨਹੀਂ ਸੀ ਚਾਹੁੰਦੀ ਪਰ ਜੈਰੀ ਨਹੀਂ ਮੰਨਿਆ |"
"ਹੁਣ ਜੈਰੀ ਕਿੱਥੇ ਇਆ ?"
"ਉਹ ਬੌਬੀ ਨੂੰ ਲੈ ਕੇ ਬਾਹਰ ਸੈਰ ਨੂੰ ਨਿਕਲ ਹੋਏ ਨੇ |"
"ਕਦੋਂ ਕੁ ਮੁੜੂ?"
"ਬਸ ਆਉਣ ਈ ਵਾਲੇ ਐ | ਕਿਉਂ ਸੁੱਖ ਤਾਂ ਹੈ |"
"ਮੈਂ ਇਸ ਕਰਕੇ ਸਦੇਹਾਂ ਫੂਨ ਕੀਤਾ ਕਿ ਤੁਸੀਂ ਤਿਆਰ ਹੋ ਕੇ ਏਧਰ  ਆ ਜਾਓ | ਮੈਂ ਖਾਣ ਪੀਣ ਵਾਲਾ ਸਾਰਾ ਸਮਾਨ ਤਿਆਰ ਕਰ ਕੇ ਰੱਖਿਆ ਹੋਇਆ ਐ | ਆਪਾਂ ਕਿਤੇ ਬਾਹਰ ਜਾ ਕੇ ਪਿਕਨਿਕ ਮਨਾਵਾਂਗੇ |"
"ਪਿਕਨਿਕ ਦਾ ਪ੍ਰੋਗ੍ਰਾਮ ਬਣਾਇਆ ਸੀ ਤਾਂ ਕੱਲ੍ਹ ਗੱਲ ਕਰਨੀ ਸੀ?"
"ਸਕੀਮ ਈ ਰਾਤ ਬਣੀ | ਸੁਖ ਕਹਿੰਦਾ 'ਲਾਂਗ ਵੀਕ ਐਂਡ ਐ, ਕਨੇਡਾ ਡੇ ਕਿਤੇ ਬਾਹਰ ਮਨਾਈਏ |' ਮੈਂ ਕਿਉਂ ਨੰਨਾ ਪਾਉਂਦੀ | ਤੜਕੇ ਉਠ ਕੇ ਮੈਂ ਖਾਣ ਪੀਣ ਦਾ ਸਾਰਾ ਸਮਾਨ ਤਿਆਰ ਕਰ ਲਿਆ | ਹੁਣ ਵਿਹਲੀ ਹੋਈ ਆਂ ਤੇ ਤੈਨੂੰ ਫੂਨ ਕਰ ਲਿਆ | ਬਸ ਤੁਸੀਂ ਆ ਜਾਓ |" ਦਰਸ਼ਨਾ ਨੇ ਛੇਤੀ ਆਉਣ ਦੀ ਤਾਕੀਦ ਕਰਦਿਆਂ ਫੋਨ ਬੰਦ ਕਰ ਦਿੱਤਾ |
   ਸਰਬੀ ਫੋਨ ਨੂੰ ਕਰੈਡਲ 'ਤੇ ਰੱਖ ਕੇ ਸੋਫੇ ਉਪਰ ਬੈਠੀ ਹੀ ਸੀ ਕਿ ਘਰ ਦਾ ਪਿਛਲਾ ਬੂਹਾ ਖੁਲ੍ਹਿਆ ਤੇ ਬੌਬੀ ਆਪਣੀ ਘੱਗੀ ਜਿਹੀ ਅਵਾਜ਼ ਵਿਚ ਬੋਲਿਆ, "ਮੌਮ, ਅਸੀਂ ਇਕ ਕਿਓਟੀ ਦੇਖੀ ਤੇ ਰੈਬਟ ਵੀ |"
"ਤੁਸੀਂ ਜੰਗਲ ਵਿਚ ਕਿਉਂ ਗਏ ਸੀ, ਜੇ ਕਿਓਟੀ ਵੱਢ ਖਾਂਦੀ ਫੇਰ?" ਸਰਬੀ ਨੇ ਬੌਬੀ ਨੂੰ ਡਰਾਇਆ |
"ਅਸੀਂ ਜੰਗਲ ਵਿਚ ਨਹੀਂ ਗਏ | ਅਹੁ ਸਾਮ੍ਹਣੇ ਵਾਲੇ ਦਰਖਤਾਂ ਦੇ ਝੁੰਢ ਵਿਚੋਂ ਉਹ ਨਿਕਲੀ ਸੀ ਤੇ ਸਾਨੂੰ ਦੇਖ ਕੇ ਪਿੱਛੇ ਮੁੜ ਗਈ |" ਬੌਬੀ ਦੇ ਪਿੱਛੇ ਆਉਂਦਾ ਜਲੌਰ ਬੋਲਿਆ |
"ਦੀਦੀ ਦਾ ਫੂਨ ਆਇਆ ਸੀ, ਕਹਿੰਦੀ, 'ਕਿਤੇ ਬਾਹਰ ਪਿਕਨਿਕ ਮਨਾਉਣ ਜਾਣਾ |' ਤੁਸੀਂ ਚਾਹ ਪੀ ਲਵੋ | ਮੈਂ ਬੌਬੀ ਨੂੰ ਨੁਹਾ ਕੇ ਤਿਆਰ ਕਰਦੀ ਆਂ, ਫੇਰ ਤੁਸੀਂ ਵੀ ਜਲਦੀ ਤਿਆਰ ਹੋ ਜਾਇਓ |"
"ਬਾਹਰ ਕਿਤੇ ਦੂਰ ਜਾਣਾ ਕਿ ਇਥੇ ਹੀ ਕਿਸੇ ਪਾਰਕ ਵਿਚ ਜਾਂ ਬੀਚ 'ਤੇ? ਅੱਜ ਤਾਂ ਦਿਲਾਵਰ ਨੇ ਕਮੇਟੀ ਦੀ ਮੀਟਿੰਗ ਵੀ ਰੱਖੀ ਹੋਈ ਸੀ | ਕੀ ਸੁਖ ਨੂੰ ਇਹ ਯਾਦ ਨਹੀਂ ਰਿਹਾ?" ਜਲੌਰ ਨੇ ਪੁੱਛਿਆ |
"ਇਹ ਤਾਂ ਉਹਨਾਂ ਨੂੰ ਪਤਾ ਹੋਊ | ਸੁਖ, ਭਾਅ ਜੀ ਦੇ ਕਹਿਣ 'ਤੇ ਹੀ ਇਹ ਪ੍ਰੋਗ੍ਰਾਮ ਬਣਿਆ |" ਨਾਸ਼ਤੇ ਵਾਲੀ ਟਰੇ ਲਈ ਆਉਂਦੀ ਸਰਬੀ ਨੇ ਕਿਹਾ ਤੇ ਟਰੇ ਨੂੰ ਟੇਬਲ ਉਪਰ ਰੱਖ ਕੇ ਬੌਬੀ ਨੂੰ ਵਾਸ਼ਰੂਮ ਵਿਚ ਲੈ ਗਈ, ਜਿਸ ਨੇ ਆਉਣ ਸਾਰ ਹੀ ਸੀਰਲ ਤੇ ਦੁੱਧ ਦਾ ਕੌਲਾ ਭਰ ਕੇ ਛਕ ਲਿਆ ਸੀ | 
   ਜਲੌਰ ਨੇ ਨਾਸੰਤਾ ਕਰਨ ਤੋਂ ਪਹਿਲਾਂ ਸੁਖਦੇਵ ਨੂੰ ਫੋਨ ਕਰਕੇ ਪੁੱਛਿਆ, "ਪਿਕਨਿਕ ਦੀ ਤਿਆਰੀ ਤਾਂ ਕਰ ਲਈ ਪਰ ਕਮੇਟੀ ਦੀ ਮੀਟਿੰਗ ਬਾਰੇ ਕੀ ਸੋਚਿਆ?" 
"ਮੈਂ ਰਾਤੀਂ ਤੈਨੂੰ ਦਸਣਾ ਭੁੱਲ ਗਿਆ ਸੀ, ਅੱਜ ਮੀਟਿੰਗ ਨਹੀਂ ਹੋਣੀ | ਦਿਲਾਵਰ ਤੇ ਦਿਆਲ ਨੂੰ ਤੁਰੰਤ ਹੀ ਗੋਲਡਨ ਜਾਣਾ ਪੈ ਗਿਆ | ਉੱਥੋਂ ਦੀ ਕਮੇਟੀ ਵੱਲੋਂ ਤੱਦੀ ਦਾ ਸੁਨੇਹਾ ਆ ਗਿਆ ਸੀ | ਤੁਸੀਂ ਅਜੇ ਘਰ ਬੈਠੇ ਓ, ਹੁਣ ਨੂੰ ਤਾਂ ਆਪਾਂ ਨੂੰ ਤੁਰੇ ਹੋਣਾ ਚਾਹੀਦਾ ਸੀ |" 
"ਜਾਣਾ ਕਿੱਧਰ ਆ?"
"ਸਟੈਨਲੇ ਪਾਰਕ ਵੱਲ ਬੱਚਿਆਂ ਨੂੰ ਘੁੰਮਾ ਫਿਰਾ ਲਿਅਵਾਂਗੇ |" 
"ਬਸ ਪੰਦਰਾਂ ਕੁ ਮਿੰਟਾਂ ਵਿਚ ਪਹੁੰਚ ਰਹੇ ਆਂ |" ਇਹ ਕਹਿ ਕੇ ਜਲੌਰ ਨੇ ਫੋਨ ਬੰਦ ਕਰ ਦਿੱਤਾ |
 
     ਵੈਨਕੂਵਰ ਡਾਊਨ ਟਾਊਨ ਆ ਕੇ ਉਹਨਾਂ ਆਪਣੀਆਂ ਕਾਰਾਂ, ਵਾਟਰ ਫਰੰਟ ਤੋਂ ਥੋੜੀ ਦੂਰੀ 'ਤੇ, ਪਾਰਕ ਕਰ ਕੇ ਕੈਨੇਡਾ ਪੈਲੇਸ ਵੱਲ ਤੁਰੇ ਤਾਂ ਸਾਹਮਣੇ ਸਮੁੰਦਰੀ ਜਹਾਜ਼ ਖੜ੍ਹਾ ਦੇਖ ਕੇ ਪੰਮ ਦਰਸ਼ਨਾ ਦੀ ਉਂਗਲ ਖਿਚਦੀ ਹੋਈ ਬੋਲੀ, "ਮੌਮ, ਸ਼ਿੱਪ ਦੇਖਨਾ |"
'ਸ਼ਿੱਪ ਦਿਖਾਉਣ ਤਾਂ ਥੋਨੂੰ ਇੱਥੇ ਲਿਆਏ ਆਂ, ਚਲੋ |' ਆਖ ਕੇ ਸੁਖਦੇਵ ਕਿੰਦ ਦੀ ਉਂਗਲ ਫੜ ਕੇ ਉਸ ਪਾਸੇ ਨੂੰ ਲੈ ਤੁਰਿਆ | ਜਦੋਂ ਉਹ ਸਮੁੰਦਰ ਕੰਢੇ ਪਹੁੰਚੇ ਤਾਂ ਕੋਈ ਅੱਧਾ ਕੋਲਮੀਟਰ ਲੰਮਾ, ਚਿੱਟੇ ਰੰਗ ਦਾ ਇਕ ਸਮੁੰਦਰੀ ਜਹਾਜ਼ ਕਿਨਾਰੇ ਲੱਗਾ ਖੜ੍ਹਾ ਸੀ | ਉਸ ਦੀਆਂ ਪੰਜ ਮੰਜ਼ਲਾਂ ਬਾਹਰ ਦਿਸ ਰਹੀਆਂ ਸਨ ਤੇ ਉਸ ਉਪਰ ਮੋਟੇ ਅੰਗ੍ਰੇਜ਼ੀ ਅੱਖਰਾਂ ਵਿਚ 'ਪੈਸਿਫਿਕ ਕੁਈਨ' ਲਿਖਿਆ ਹੋਇਆ ਸੀ | ਉਸ ਜਹਾਜ਼ ਵੱਲ ਉਂਗਲ ਕਰਦਿਆਂ ਹਉਕਾ ਭਰ ਕੇ ਸੁਖਦੇਵ ਬੋਲਿਆ, "ਉਦੋਂ ਵੀ ਇਹੋ ਜੂਨ ਜੁਲਾਈ ਦੇ ਦਿਨ ਸਨ, ਜਦੋਂ ਅੱਜ ਤੋ ਸੱਠ,ਬ੍ਹਾਟ ਸਾਲ ਪਹਿਲਾਂ, 'ਕਾਮਾ ਗਾਟਾ ਮਾਰੂ' ਨੂੰ ਏਸ ਥਾਂ 'ਤੇ ਲਿਆਉਣ ਲਈ, ਸਾਡੇ ਬੰਦੇ ਦੋ ਮਹੀਨੇ ਲਗਾਤਾਰ ਸੰਘਰਸ਼ ਕਰਦੇ ਰਹੇ |"
"ਮੇਰਾ ਦਾਦਾ ਇੰਦਰ ਸਿੰਘ ਵੀ ਉਹਨਾਂ ਸੰਘਰਸ਼ ਕਰਨ ਵਾਲੇ ਬੰਦਿਆਂ ਵਿਚ ਹੀ ਸੀ | ਉਹ ਏਸ ਅਨਿਆਂ ਨੂੰ ਸਹਾਰ ਨਹੀਂ ਸਕਿਆ ਤੇ ਜਹਾਜ਼ ਮੋੜੇ ਜਾਣ ਦੇ ਮਗਰੋਂ ਹੀ ਉਹ ਗਦਰੀਆਂ ਨਾਲ ਵਾਪਸ ਦੇਸ ਨੂੰ ਮੁੜ ਗਿਆ ਸੀ ਤੇ ਓਥੇ ਜਾ ਕੇ ਸ਼ਹੀਦ ਹੋ ਗਿਆ |" ਜਲੌਰ ਨੇ ਭਰੇ ਮਨ ਨਾਲ ਆਖਿਆ |
"ਏਥੇ ਪਹਿਲੇ ਆਏ ਲੋਕਾਂ ਨੇ ਬਥੇਰੀਆਂ ਕੁਰਬਾਨੀਆਂ ਕੀਤੀਆਂ ਇਆ | ਉਹਨਾਂ ਦਾ ਤਾਂ ਇਤਹਾਸ ਲਿਖਿਆ ਜਾਣਾ ਚਾਹੀਦੈ |" ਦਰਸ਼ਨਾ ਨੇ ਬੌਬੀ ਨੂੰ ਜੰਗਲੇ ਤੋਂ ਪਿਛਾਂਹ ਹਟਾਉਂਦਿਆਂ ਆਪਣੀ ਰਾਇ ਦਿੱਤੀ |
"ਹਾਂ, ਦਰਸ਼ਨਾ ਦੀਦੀ ਠੀਕ ਕਹਿੰਦੀ ਏ | ਇੱਥੋਂ ਦਾ ਇਤਹਾਸ ਜਰੂਰ ਲਿਖਿਆ ਜਾਣਾ ਚਾਹੀਦਾ | ਅਜੇ ਤਾਂ ਉਸ ਵੇਲੇ ਦੇ ਬਹੁਤ ਸਾਰੇ ਬੰਦੇ ਜਿਉਂਦੇ ਐ | ਉਹਨਾਂ ਕੋਲੋਂ ਜਾਣਕਾਰੀ ਮਿਲ ਸਕਦੀ ਏ |" ਸਰਬਜੀਤ ਨੇ ਵੀ ਦਰਸ਼ਨਾ ਦੀ ਗੱਲ ਦੀ ਪਰੋੜਤਾ ਕੀਤੀ |
"ਗਿਆਨੀ ਕੇਸਰ ਸਿੰਘ ਨੇ ਗਦਰ ਪਾਰਟੀ ਬਾਰੇ ਬਹੁਤ ਕੁਝ ਲਿਖਿਆ ਐ ਤੇ ਲਿਖੀ ਜਾ ਰਿਹਾ |" ਸੁਖਦੇਵ ਨੇ ਜਾਣਕਾਰੀ ਦਿੱਤੀ | 
"ਤੈਨੂੰ ਕਿਵੇਂ ਪਤਾ ਲੱਗਾ |" ਜਲੌਰ ਨੇ ਉਤਸਕਤਾ ਨਾਲ ਪੁੱਛਿਆ |
"ਇਹ ਗੱਲ ਮੈਨੂੰ ਜਸਮੇਰ ਨੇ ਦੱਸੀ ਐ, ਜਿਹੜਾ ਬੀ।ਸੀ। ਹਾਈਡਰੋ ਵਿਚ ਮੇਰੇ ਨਾਲ ਹੀ ਕੰਮ ਕਰਦੈ | ਤੂੰ ਉਸ ਨੂੰ ਇਕ ਵਾਰ ਮਿਲਿਆ ਤਾਂ ਹੈਂ ਤੈਨੂੰ ਯਾਦ ਨਹੀਂ ਹੋਣਾ | ਉਂਝ ਵੀ ਮੈਂ ਗਿਆਨੀ ਜੀ ਦੇ ਦੋ ਇਤਿਹਾਸਿਕ ਨਾਵਲ 'ਜੰਗੀ ਕੈਦੀ' ਤੇ 'ਲਹਿਰ ਵਧਦੀ ਗਈ' ਕਾਲਿਜ ਪੜ੍ਹਦਿਆਂ ਹੀ ਪੜ੍ਹ ਲਏ ਸੀ | ਉਹ ਹੁਣ ਏਥੇ ਰਹਿੰਦੈ ਤੇ ਜਸਮੇਰ ਹੁਰਾਂ ਦੀ ਸਾਹਿਤ ਸਭਾ ਦਾ ਮੈਂਬਰ ਐ |"
"ਫੇਰ ਤਾਂ ਉਸ ਨੂੰ ਜਰੂਰ ਮਿਲਨਾ ਚਾਹੀਦਾ |" ਜਲੌਰ ਨੇ ਉਤਸਕਤਾ ਨਾਲ ਕਿਹਾ |
"ਮੌਮ, ਮੈਂ ਖੁਝ ਖਾਣਾ |" ਪੰਮ ਨੇ ਦੋ ਗੋਰੇ ਬੱਚਿਆਂ ਨੂੰ ਆਈਸਕ੍ਰੀਮ ਖਾਂਦਿਆਂ ਦੇਖ ਕੇ ਦਰਸ਼ਨਾ ਨੂੰ ਕਿਹਾ |
"ਮੈਂ ਵੀ |" ਕਿੰਦ ਵੀ ਸੁਖਦੇਵ ਦੀ ਉਂਗਲ ਛੱਡ ਕੇ ਮਾਂ ਦੁਆਲੇ ਆ ਹੋਇਆ |
"ਓ ਮੈਂ ਮਰਜਾਂ! ਆਪਾਂ ਤਾਂ ਜੁਆਕਾਂ ਵਾਸਤੇ ਕੋਈ ਵੀ ਖਾਣ ਵਾਲੀ ਚੀਜ ਕੱਢ ਕੇ ਨਈਂ ਲਿਆਏ | ਸਭ ਕੁਝ ਕਾਰਾਂ ਵਿਚ ਈ ਪਿਆ ਰਹਿਣ ਦਿੱਤਾ | ਛੇਤੀ ਚਲੋ, ਨਿਆਣੇ ਭੁੱਖੇ ਵਿਲਕਦੇ ਨੇ |" ਦਰਸ਼ਨਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ |
"ਅਹੁ ਸਾਹਮਣੇ ਆਈਸਕ੍ਰੀਮ ਵਾਲੀ ਗੱਡੀ ਆਉਂਦੀ ਐ | ਉੱਥੋਂ ਬੱਚਿਆਂ ਨੂੰ ਇਕ ਇਕ ਆਈਸ ਕੈਂਡੀ ਲੈ ਦੇ, ਫੇਰ  ਆਪਾਂ ਪਾਰਕ ਵੱਲ ਚਲਦੇ ਆਂ | ਖਾਣਾ ਉੱਥੇ ਹੀ ਖਾਵਾਂਗੇ |" ਸੁਖਦੇਵ ਨੇ ਦਰਸ਼ਨਾ ਨੂੰ ਕਿਹਾ ਤੇ ਗੱਲ ਨੂੰ ਜਾਰੀ ਰਖਦਾ ਬੋਲਿਆ, "ਕਿਸੇ ਦਿਨ ਜਸਮੇਰ ਨੂੰ ਨਾਲ ਲੈ ਜਾ ਕੇ ਗਿਆਨੀ ਜੀ ਨੂੰ ਮਿਲ ਆਵਾਂਗੇ ਤੇ ਤੇਰੇ ਬਾਬੇ ਦੀ ਕੁਰਬਾਨੀ ਬਾਰੇ ਵੀ ਦਸਾਂਗੇ | ਉਂਝ ਉਸ ਨੂੰ ਬਾਬਾ ਇੰਦਰ ਸਿੰਘ ਬਾਰੇ ਵੀ ਪੂਰੀ ਜਾਣਕਾਰੀ ਹੋਵੇਗੀ | ਕਹਿੰਦੇ ਐ, ਉਸ ਨੇ ਗਦਰੀਆਂ ਬਾਰੇ ਬਹੁਤ ਖੋਜ ਕੀਤੀ ਐ |"
ਬੱਚੇ ਭੱਜ ਕੇ ਆਈਸਕ੍ਰੀਮ ਵਾਲੀ ਗੱਡੀ ਵੱਲ ਚਲੇ ਗਏ ਤੇ ਉਹ ਵੀ ਵਿਚਾਰਾਂ ਕਰਦੇ ਹੋਏ ਉਹਨਾਂ ਦੇ ਮਗਰ ਹੀ ਤੁਰ ਪਏ | ਕਾਰਾਂ ਉਧਰ ਹੀ ਕੁਝ ਦੂਰੀ 'ਤੇ ਪਾਰਕ ਕੀਤੀਆਂ ਹੋਈਆਂ ਸਨ | 
   
     ਕੈਨੇਡਾ ਡੇ ਦਾ ਵੀਕ ਐਂਡ ਹੋਣ ਕਰਕੇ, ਇਕ ਹਜ਼ਾਰ ਏਕੜ ਵਿਚ ਫੈਲੇ ਹੋਏ, ਸਟੈਂਨਲੇ ਪਾਰਕ ਵਿਚ ਵੀ ਪੂਰੀ ਰੌਣਕ ਸੀ | ਇਉਂ ਜਾਪਦਾ ਸੀ, ਜਿਵੇਂ ਅੱਜ ਬੱਚੇ, ਬੁੱਢੇ ਸਭ, ਘਰਾਂ ਵਿਚੋਂ ਨਿਕਲ ਕੇ, ਵੈਨਕੂਵਰ ਦੇ ਡਾਊਨ ਟਾਊਨ ਤੇ ਪਾਰਕਾਂ ਵੱਲ ਹੀ ਉਮੜ ਆਏ ਹੋਣ | ਜਲੌਰ ਹੁਰਾਂ ਨੇ ਆਪਣੀਆਂ ਕਾਰਾਂ ਨੂੰ, ਇੰਗਲਿਸ਼ ਬੇ ਵਾਲੇ ਪਾਸੇ ਪਾਰਕ ਕਰ ਕੇ ਪਹਿਲਾਂ ਪੇਟ ਪੂਜਾ ਕੀਤੀ, ਫੇਰ ਕੁਝ ਚਿਰ ਆਰਾਮ ਕਰਨ ਮਗਰੋਂ ਉਹ ਬੱਚਿਆਂ ਨੂੰ ਲੈ ਕੇ ਪਾਰਕ ਦੇ ਚਿੜੀਆ-ਘਰ ਵੱਲ ਚਲੇ ਗਏ | ਉੱਥੇ ਉਹਨਾਂ ਨੇ ਸੱਪ, ਬਘਿਆੜ, ਮੱਝਾਂ, ਕਾਂਗਰੂ, ਬਾਂਦਰ ਤੇ ਹੋਰ ਕਈ ਕਿਸਮ ਦੇ ਜਾਨਵਰ ਦੇਖੇ, ਜਿੰਨ੍ਹਾਂ ਨੂੰ ਬੱਚਿਆਂ ਨੇ ਤਾਂ ਕੀ, ਕਦੀ ਜਲੌਰ ਹੁਰਾਂ ਵੀ ਨਹੀਂ ਸੀ ਦੇਖਿਆ | ਉੱਥੋਂ ਤੁਰ ਕੇ ਉਹ ਮਛਲੀ-ਘਰ ਆ ਗਏ, ਜਿੱਥੇ ਉਹਨਾਂ ਭਾਂਤ ਸੁਭਾਂਤੀਆਂ ਮੱਛੀਆਂ ਦੇਖੀਆਂ ਤੇ ਡੌਲਫਨ ਮੱਛੀ ਦੀਆਂ ਖੇਡਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ | ਫੇਰ ਉਹ ਜੰਗਲ ਵਿਚ ਦੀ ਘੁੰਮਦੇ ਹੋਏ ਮੁੜ ਸਮੁੰਦਰ ਕੰਢੇ ਆ ਬੈਠੇ | ਕੋਕ ਪੀ ਕੇ ਪੰਮ ਤੇ ਬੌਬੀ ਰੇਤ ਦੇ ਘਰ ਬਣਾ ਬਣਾ ਖੇਡਣ ਲੱਗ ਪਏ | ਕਿੰਦ ਆਪਣੀ ਮਾਂ ਤੇ ਮਾਸੀ ਕੋਲ ਬੈਠ ਕੇ ਨਿੱਕੀਆਂ ਨਿੱਕੀਆਂ ਕਾਰਾਂ ਨਾਲ ਖੇਡਣ ਲੱਗ ਪਿਆ | ਉਹ ਆਪਣੀਆਂ ਖੇਡਾਂ ਆਪਣੇ ਬੈਗ-ਪੈਕਾਂ ਵਿਚ ਪਾ ਕੇ ਲੈ ਆਏ ਸਨ | ਚਾਹ ਪੀ ਕੇ ਜਲੌਰ ਇਹ ਕਹਿੰਦਾ ਹੋਇਆ, 'ਤੁਸੀਂ ਬੱਚਿਆਂ ਦਾ ਧਿਆਨ ਰੱਖਣਾ ਅਸੀਂ ਹੁਣੇ ਮੁੜ ਕੇ ਆਏ,' ਸੁਖਦੇਵ ਨੂੰ ਨਾਲ ਲੈ ਕੇ ਸਮੁੰਦਰ ਦੇ ਕਿਨਾਰੇ ਤੁਰਨ ਲੱਗਾ | ਉਹ ਕੁੱਝ ਦੂਰੀ ਤਕ ਚੁਪ ਚਾਪ ਤੁਰਦੇ ਗਏ ਤੇ ਫੇਰ ਇਸ ਚੁੱਪ ਨੂੰ ਤੋੜਦਿਆਂ ਜਲੌਰ ਬੋਲਿਆ, "ਮੀਟਿੰਗ ਕੈਂਸਲ ਕਰਕੇ, ਦਿਲਾਵਰ ਤੇ ਦਿਆਲ ਗੋਲਡਨ ਨੂੰ ਕਿਉਂ ਚਲੇ ਗਏ?"
"ਗੋਲਡਨ ਵਿਚ ਵੀ ਨਸਲਵਾਦੀਆਂ ਨੇ ਅੱਤਿ ਚੁੱਕੀ ਹੋਈ ਸੀ | ਉਹਨਾਂ ਦਾ ਮਕਾਬਲਾ ਕਰਨ ਲਈ ਪਿੱਛਲੇ ਸਾਲ ਉੱਥੇ ਵੀ ਸਵੈ-ਰਖਿਅਕ ਕਮੇਟੀ ਬਣ ਗਈ ਸੀ ਅਤੇ ਉਹ ਨਸਲਵਾਦੀਆਂ ਦਾ ਡਟ ਕੇ ਮੁਕਾਬਲਾ ਕਰਨ ਲੱਗੇ ਸਨ | ਪਿੱਛੇ ਜਿਹੇ ਕਿਸੇ ਨਸਲਵਾਦੀ ਦੇ ਘਰ ਨੂੰ ਅੱਗ ਲੱਗ ਗਈ ਤੇ ਉਹ ਵੀ ਵਿਚੇ ਹੀ ਸੜ ਕੇ ਮਰ ਗਿਆ | ਪੁਲੀਸ ਦਾ ਕਹਿਣਾ ਸੀ ਕਿ ਅੱਗ ਘਰ ਦੇ ਅੰਦਰੋਂ ਹੀ ਲੱਗੀ ਹੈ ਪਰ ਹੁਣ ਉੱਥੇ ਅਫਵਾਹ ਫੈਲ ਗਈ ਕਿ ਇਹ ਅੱਗ ਕਿਸੇ ਆਪਣੇ ਬੰਦੇ ਨੇ ਲਾਈ ਐ | ਕਮੇਟੀ ਵਾਲਿਆਂ ਨੂੰ ਡਰ ਹੈ ਕਿ ਕਿਤੇ ਉਹ ਬਦਲੇ ਵਿਚ ਪੰਜਾਬੀਆਂ ਦੇ ਘਰਾਂ ਨੂੰ ਅੱਗਾਂ ਨਾ ਲਾਉਣ ਲੱਗ ਜਾਣ | ਏਸ ਲਈ ਉਹਨਾਂ ਦਾ ਸੁਨੇਹਾ ਆਇਆ ਸੀ ਤੇ ਸੁਨੇਹਾ ਸੁਣਨ ਸਾਰ ਉਹ ਉਧਰ ਨੂੰ ਚਲੇ ਗਏ |" 
"ਜੇ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਹੈਲਪ ਦੀ  ਲੋੜ ਸੀ ਤਾਂ ਫੇਰ ਕਮੇਟੀ ਦੀ ਮੀਟਿੰਗ ਕਰਨੀ ਹੋਰ ਵੀ ਬਹੁਤ ਜਰੂਰੀ ਬਣਦੀ ਸੀ ਤੇ ਸਲਾਹ ਕਰਕੇ ਹੋਰ ਮੈਂਬਰ ਵੀ ਨਾਲ ਘੱਲੇ ਜਾ ਸਕਦੇ ਸੀ | ਕੀ ਦਿਲਾਵਰ ਆਪਣੀ ਮਨ ਆਈ ਨਹੀਂ ਕਰਨ ਲੱਗ ਪਿਆ?" ਜਲੌਰ ਨੇ ਇਕ ਨਵਾਂ ਸਵਾਲ ਖੜ੍ਹਾ ਕਰ ਦਿੱਤਾ |
"ਨਹੀਂ, ਅਜੇਹੀ ਕੋਈ ਗੱਲ ਨਹੀਂ | ਉਹਨਾਂ ਕਿਸੇ ਕਿਸਮ ਦੀ ਕੋਈ ਹੈਲਪ ਨਹੀਂ ਮੰਗੀ, ਇਕੱਲੇ ਦਿਲਾਵਰ ਨੂੰ ਹੀ ਸਲਾਹ ਕਰਨ ਲਈ ਸੱਦਿਆ ਸੀ ਤੇ ਉਹ ਨਾਲ ਦਿਆਲ ਨੂੰ ਵੀ ਲੈ ਗਿਆ | ਇੱਥੋਂ ਵਾਲੀ ਮੀਟਿੰਗ ਕੋਈ ਬਹੁਤੀ ਜਰੂਰੀ ਵੀ ਨਹੀਂ ਸੀ | ਖੇਡ ਮੇਲੇ ਦੀ ਤ੍ਰੀਕ ਤਾਂ ਪੱਕੀ ਕੀਤੀ ਹੋਈ ਐ | ਬਸ ਟੂਰਨਾਮੈਂਟ ਦੇ ਪ੍ਰਬੰਧ ਬਾਰੇ ਮੀਟਿੰਗ ਕਰਨੀ ਸੀ | ਅਜੇ ਮਹੀਨਾ ਪਿਆ ਖੇਡ ਮੇਲੇ ਵਿਚ, ਉਸ ਤੋਂ ਪਹਿਲਾਂ ਕਈ ਮੀਟਿੰਗਾਂ ਹੋਣਗੀਆਂ |" ਸੁਖਦੇਵ ਨੇ ਜਲੌਰ ਦਾ ਸ਼ੰਕਾ ਨਵ੍ਰਿਤ ਕਰਨਾ ਚਾਹਿਆ | ਅਤੇ ਗੱਲ ਨੂੰ ਹੋਰ ਪਾਸੇ ਪਾਉਣ ਲਈ ਉਹ ਬੋਲਿਆ, ਜਿਵੇਂ ਕੋਈ ਭੁੱਲੀ ਗੱਲ ਯਾਦ ਆ ਗਈ ਹੋਵੇ, "ਬੱਚਿਆਂ ਨੂੰ ਬੋਟਿੰਗ ਨਾ ਕਰਵਾਈ ਜਾਵੇ? ਤੈਨੂੰ ਵੀ ਬੋਟਿੰਗ ਦਾ ਸੰੌਕ ਐ?"
"ਛੇ ਵੱਜ ਚੱਲੇ ਆ, ਹੁਣ ਤਾਂ ਘਰ ਨੂੰ ਮੁੜਨਾ ਚਾਹੀਦਾ | ਜੇ ਬੋਟਿੰਗ ਕਰਨੀ ਸੀ ਤਾਂ ਪਾਰਕ ਵਿਚ ਆਉਣ ਤੋਂ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਸੀ | ਕਿਸੇ ਦਿਨ ਫੇਰ ਨਿਆਣਿਆਂ ਨੂੰ ਏਧਰ ਲੈ ਆਵਾਂਗੇ |" ਗੁੱਟ ਘੜੀ 'ਤੇ ਨਿਗਾਹ ਮਾਰ ਕੇ ਜਲੌਰ ਨੇ ਕਿਹਾ ਤੇ ਵਾਪਸ ਮੁੜਦਿਆਂ ਫੇਰ ਉਹੋ ਗੱਲ ਤੋਰ ਲਈ, "ਸੁਖ, ਤੂੰ ਇਹ ਗੱਲ ਮੰਨ ਜਾਂ ਨਾ ਮੰਨ, ਦਿਲਾਵਰ ਕਰਦਾ ਆਪਣੀ ਮਨ ਆਈ ਆ | ਪਹਿਲਾਂ ਆਪ ਫੈਸਲਾ ਕਰਕੇ ਫੇਰ ਕਮੇਟੀ ਮੈਂਬਰਾਂ ਨਾਲ ਗੱਲ ਕਰਦਾ | ਉਸ ਨੇ ਆਪ ਹੀ ਖੇਡਾਂ ਦਾ ਦਿਨ ਪੱਕਾ ਕਰਨ ਮਗਰੋਂ ਕਮੇਟੀ ਦੀ ਮੀਟਿੰਗ ਬੁਲਾਈ ਸੀ |" 
"ਕਮੇਟੀ ਨੇ ਸਾਰੀ ਜ਼ਿੰਮੇਦਾਰੀ ਵੀ ਤਾਂ ਉਸੇ ਉਪਰ ਹੀ ਸੁੱਟ ਛੱਡੀ ਐ ਤੇ ਉਹ ਆਪਣੇ ਕੰਮ ਛੱਡ ਕੇ ਭਾਈਚਾਰੇ ਦੇ ਕੰਮਾਂ ਵਿਚ ਦਿਨ ਰਾਤ ਇਕ ਕਰੀ ਰਖਦੈ, ਕਦੇ ਟਿਕ ਕੇ ਨਹੀਂ ਬੈਠਦਾ |" ਸੁਖਦੇਵ ਨੇ ਦਿਲਾਵਰ ਦਾ ਪੱਖ ਪੂਰਿਆ |
"ਇਹ ਚੌਧਰ ਦੀ ਭੁੱਖ ਵੀ ਹੋ ਸਕਦੀ ਆ |"
"ਹੋ ਸਕਦੈ ਚੌਧਰ ਦੀ ਭੁੱਖ ਵੀ ਹੋਵੇ ਪਰ ਸਾਂਝੇ ਕੰਮਾਂ ਲਈ ਸ੍ਰਿ੍ਰੜ, ਦਲੇਰੀ ਤੇ ਤਿਆਗ ਦੀ ਬਹੁਤੀ ਲੋੜ ਹੁੰਦੀ ਐ | ਇਥੇ ਸਾਂਝੇ ਕੰਮਾਂ ਲਈ ਕੋਈ ਕੋਈ ਹੀ ਟਾਇਮ ਕੱਢ ਸਕਦੈ |"  
"ਆਪਾਂ ਟਾਇਮ ਨਹੀਂ ਕਢਦੇ? ਆਪਾਂ ਤਿਆਗ ਨਹੀਂ ਕੀਤਾ? ਰਾਤਾਂ ਨੂੰ ਪਹਿਰੇ ਆਪਾਂ ਦਿੱਤੇ ਆ | ਨਸਲਵਾਦੀਆਂ ਨਾਲ ਆਪਾਂ ਲੜੇ ਆਂ | ਜਦੋਂ ਲੋੜ ਪਈ ਭੱਜ ਕੇ ਅੱਗੇ ਆਏ ਆਂ | ਚੰਦਾ ਦੇਣ ਵਿਚ ਕਦੀ ਪਿੱਛੇ ਨਹੀਂ ਰਹੇ | ਸਾਲ ਭਰ ਆਪਣੇ 'ਤੇ ਕੇਸ ਚਲਦਾ ਰਿਹਾ | ਉਸ ਕੇਸ 'ਤੇ ਸਾਰਾ ਖਰਚਾ ਆਪਣੇ ਕੋਲੋਂ ਕੀਤਾ | ਹੋਰ ਤਿਆਗ ਕਿਵੇਂ ਹੁੰਦਾ!" ਜਲੌਰ ਦੇ ਮੱਥੇ ਉਪਰ ਗੁੱਸੇ ਦੀਆਂ ਲਕੀਰਾਂ ਉਭਰ ਆਈਆਂ ਸਨ |
"ਜੈਰੀ,ਇਵੇਂ ਨਹੀਂ ਸੋਚੀਦਾ, ਕਿਸੇ ਵੀ ਸਭਾ ਸੁਸਾਇਟੀ ਦਾ ਕੋਈ ਇਕ ਹੀ ਅਗਵਾਨੂੰ ਹੁੰਦਾ ਤੇ ਬਾਕੀ ਮੈਂਬਰਾਂ ਨੂੰ ਉਸ ਦੇ ਨਾਲ ਮਿਲ ਕੇ ਚਲਣਾ ਹੁੰਦੈ | ਤਾਂ ਹੀ ਇਹ ਸਭਾ ਸੁਸਾਇਟੀਆਂ ਚਲਦੀਆਂ |"    
   ਜਲੌਰ ਕੁਝ ਕਹਿਣ ਹੀ ਲੱਗਾ ਸੀ ਕਿ ਉਸ ਨੇ ਸਰਬੀ ਨੂੰ ਖੇਡਦੇ ਬੱਚਿਆਂ ਵੱਲ ਜਾਂਦੇ ਦੇਖਿਆ | ਓਧਰ ਛੋਟੇ ਛੋਟੇ ਕੁਝ ਗੋਰੇ ਮੁੰਡੇ ਕੁੜੀਆਂ ਇਕ ਬਾਲ ਨੂੰ ਠੁੱਡੇ ਮਾਰ ਕੇ ਇਧਰ ਉਧਰ ਸੁੱਟ ਰਹੇ ਸਨ ਤੇ ਬੌਬੀ ਬਾਲ ਦੇ ਮਗਰ ਭੱਜ ਰਿਹਾ ਸੀ | ਅਜੇ ਉਹ ਇਹ ਨਹੀਂ ਸੀ ਸਮਝ ਸਕਿਆ ਕਿ ਕੀ ਬੌਬੀ ਉਹਨਾਂ ਨਾਲ ਖੇਡ ਰਿਹਾ ਹੈ ਜਾਂ ਉਹਨਾਂ ਕੋਲੋਂ ਬਾਲ ਲੈਣ ਲਈ ਦੌੜ ਭੱਜ ਕਰ ਰਿਹਾ ਹੈ ਕਿ ਬੌਬੀ ਨੇ ਇਕ ਕੁੜੀ ਨੂੰ ਧੱਕਾ ਦੇ ਕੇ ਡੇਗ ਦਿੱਤਾ ਅਤੇ ਇਕ ਹੋਰ ਮੁੰਡੇ ਨੂੰ ਢੁੱਡ ਮਾਰ ਕੇ ਸੁੱਟ ਦਿੱਤਾ ਤੇ ਬਾਲ ਖੋਹ ਕੇ ਉਥੇ ਹੀ ਖੜ੍ਹਾ ਰਿਹਾ | ਜਲੌਰ ਤੇ ਸੁਖਦੇਵ ਭੱਜ ਕੇ ਉਹਨਾਂ ਵੱਲ ਗਏ ਤੇ ਦੋਹਾਂ ਬੱਚਿਆਂ ਨੂੰ ਚੁੱਕਿਆ | ਉਧਰੋਂ ਸਰਬੀ ਵੀ ਉੱਥੇ ਪਹੁੰਚ ਗਈ | ਇੰਨੇ ਨੂੰ ਉਹਨਾਂ ਬੱਚਿਆਂ ਦੇ ਮਾਪੇ ਵੀ ਉੱਥੇ ਆ ਗਏ | ਜਲੌਰ ਨੇ ਉਹਨਾਂ ਦੇ ਮਾਪਿਆਂ ਕੋਲ ਬੌਬੀ ਦੀ ਹਰਕਤ 'ਤੇ ਅਫਸੋਸ ਪਰਗਟ ਕੀਤਾ ਅਤੇ ਮੁਆਫੀ ਮੰਗੀ | ਬੌਬੀ ਨੂੰ ਵੀ ਬੱਚਿਆਂ ਕੋਲੋਂ ਮੁਆਫੀ ਮੰਗਣ ਲਈ ਕਿਹਾ ਪਰ ਬੌਬੀ ਟੱਸ ਤੋਂ ਮੱਸ ਨਾ ਹੋਇਆ ਤੇ ਗੁੱਸੇ ਨਾਲ ਪੰਜਾਬੀ ਵਿਚ ਬੋਲਿਆ, "ਇਹ ਪੰਮ ਦੀ ਬਾਲ ਨੂੰ ਕਿੱਕ ਕਿਉਂ ਕਰਦੇ ਸੀਗੇ?"
"ਇਹਨਾਂ ਦਾ ਵੀ ਤੁਹਾਡੇ ਨਾਲ ਖੇਡਣ ਨੂੰ ਚਿੱਤ ਕਰਦਾ ਹੋਊ | ਤੁਸੀਂ ਮਿਲ ਕੇ ਖੇਡ ਲੈਣਾ ਸੀ?" ਜਲੌਰ ਨੇ ਕਿਹਾ |
"ਨਾਹੀਂ |" ਬੌਬੀ ਨੇ ਨਾਸਾਂ ਚੜ੍ਹਾਈਆਂ |
"ਖੇਡਦੇ ਹੋਏ ਬੱਚੇ ਲੜ ਝਗੜ ਵੀ ਪੈਂਦੇ ਹਨ, ਤੁਸੀਂ ਮਹਿਸੂਸ ਨਾ ਕਰੋ |" ਇਕ ਗੋਰਾ ਉਸ ਕੁੜੀ ਦੀ ਉਂਗਲ ਫੜਦਾ ਬੋਲਿਆ, ਜਿਸ ਨੂੰ ਜਲੌਰ ਨੇ ਚੁੱਕ ਕੇ ਆਪਣੀ ਬੁੱਕਲ ਵਿਚ ਲੈ ਲਿਆ ਸੀ | 
   ਜਲੌਰ ਨੇ ਉਹਨਾਂ ਕੋਲੋਂ ਦੁਬਾਰਾ ਮੁਆਫੀ ਮੰਗੀ ਤੇ ਬੌਬੀ ਨੂੰ ਤਾੜਨਾ ਕਰਦਾ ਆਪਣੇ ਨਾਲ ਲੈ ਤੁਰਿਆ ਕਿ ਉਹ ਮੁੜ ਕੇ ਕੋਈ ਅਜੇਹੀ ਗਲਤੀ ਨਾ ਕਰੇ | ਨਾਲ ਨਾਲ ਤੁਰਦੀ ਹੋਈ ਸਰਬੀ ਨੇ ਦੱਸਿਆ, "ਬੌਬੀ ਦਾ ਵੀ ਕੋਈ ਕਸੂਰ ਨਹੀਂ | ਇਹ ਗੋਰਿਆਂ ਦੇ ਨਿਆਣੇ ਈ ਬਹੁਤੇ ਸ਼ਰਾਰਤੀ ਆ | ਪਹਿਲਾਂ ਇਹ ਰੇਤ ਦੇ ਘਰ ਘਰ ਬਣਾ ਕੇ ਖੇਡ ਰਹੇ ਸੀ | ਉਹ ਭੱਜੇ ਭੱਜੇ ਆਉਂਦੇ ਤੇ ਪੈਰ ਮਾਰ ਕੇ ਇਹਨਾਂ ਦੇ ਘਰ ਢਾ ਜਾਂਦੇ | ਉਦੋਂ ਵੀ ਬੌਬੀ ਉਹਨਾਂ ਦੇ ਮਗਰ ਭੱਜਿਆ ਸੀ ਪਰ ਦਰਸ਼ਨਾ ਦੀਦੀ ਨੇ ਇਸ ਨੂੰ ਰੋਕ ਕੇ ਕਿਹਾ ਸੀ ਕਿ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ | ਕੁਝ ਚਿਰ ਇਹ ਸਾਡੇ ਕੋਲ ਬੈਠ ਕੇ ਖੇਡਦੇ ਰਹੇ ਤੇ ਫੇਰ ਬਾਲ ਲੈ ਕੇ ਖੇਡਣ ਲੱਗੇ | ਉਹ ਫੇਰ ਆ ਕੇ ਇਹਨਾਂ ਦੀ ਬਾਲ ਨੂੰ ਕਿੱਕਾਂ ਮਾਰਦੇ ਹੋਏ ਦੂਰ ਲੈ ਗਏ | ਇਹ ਸਾਡੇ ਰੋਕਦਿਆਂ ਵੀ ਉਹਨਾ ਦੇ ਮਗਰ ਭੱਜ ਗਿਆ | ਉਹ ਇਸ ਤੋਂ ਇਸ ਤੋਂ ਕਿਤੇ ਵੱਡੇ ਲਗਦੇ ਨੇ | ਮੈਨੂੰ ਡਰ ਸੀ ਕਿ ਕਿਤੇ ਇਹਦੇ ਸੱਟ ਫੇਟ ਨਾ ਮਾਰਨ, ਤਾਂ ਹੀ ਮੈਂ ਇਨ੍ਹਾਂ ਦੇ ਮਗਰ ਆਈ ਸੀ |"
"ਇਹ ਨਹੀਂ ਸੱਟ ਫੇਟ ਤੋਂ ਡਰਦਾ | ਅਜੇ ਦਸ ਸਾਲ ਦਾ ਹੋਇਆ ਨਹੀਂ ਹੋਣਾ ਤੇ ਵੱਡਿਆਂ ਵੱਡਿਆਂ ਨਾਲ ਮੁਕਾਬਲਾ ਕਰਦੈ | ਬੜਾ ਬਹਾਦਰ ਐ ਸਾਡਾ ਬੌਬੀ |" ਸੁਖਦੇਵ ਨੇ ਉਸ ਦੇ ਮੋਢੇ 'ਤੇ ਥਾਪੀ ਦਿੰਦਿਆਂ ਕਿਹਾ |
"ਬੱਚੇ ਨੂੰ ਇਸ ਤਰਾਂ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ | ਬੱਚਾ ਇਸ ਦਾ ਗਲਤ ਫਾਇਦਾ ਉਠਾਉਂਦਾ |" ਜਲੌਰ ਨੇ ਸੁਖਦੇਵ ਨੂੰ ਟੋਕਿਆ ਤੇ ਨਾਲ ਹੀ ਬੱਚਿਆਂ ਨੂੰ ਕਿਹਾ, "ਚੁੱਕੋ ਆਪਣੇ ਬੈਕਪੈਕ ਤੇ ਅਹਿ ਚਾਦਰ ਵੀ ਇਕੱਠੀ ਕਰੋ, ਚਲੋ ਹੁਣ ਘਰਾਂ ਨੂੰ ਚੱਲੀਏ |"
"ਅੱਜ ਦਾ ਦਿਨ ਬਹੁਤ ਸੁਹਣਾ ਰਿਹਾ ਤੇ ਅਹਿ ਲੜਾਈ ਝਗੜੇ ਤੋਂ ਵੀ ਬਚਾਅ ਹੋ ਗਿਆ |"  ਚਾਦਰ ਨੂੰ ਬੈਗ ਵਿਚ ਪਾਉਂਦੀ ਹੋਈ ਦਰਸ਼ਨਾ ਬੋਲੀ | ਉਸ ਦੀ ਗੱਲ ਦਾ ਕਿਸੇ ਨੇ ਵੀ ਹੁੰਗਾਰਾ ਨਾ ਭਰਿਆ ਤੇ ਆਪੋ ਆਪਣੇ ਹਿੱਸੇ ਆਉਂਦਾ ਸਮਾਨ ਚੁਕ ਕੇ ਕਾਰ ਪਾਰਕ ਵੱਲ ਆ ਗਏ |
**********************
ਹਾਦਸਾ ਦਰ ਹਾਦਸਾ
ਸਰਬੀ ਲਿਵਿੰਗਰੂਮ ਵਿਚ ਬੈਠੀ ਕਪੜੇ ਸਿਉਂ ਰਹੀ ਸੀ | ਉਸ ਨੂੰ ਪਤਾ ਹੀ ਨਹੀਂ ਲਗਿਆ ਕਿ ਜਲੌਰ ਕਦੋਂ ਬੈਕਡੋਰ ਵਾਲੇ ਪਾਸਿਉਂ ਆਇਆ ਅਤੇ ਕਿਚਨ ਵਿਚ ਆਪਣਾ ਲੰਚਬੈਗ ਰੱਖ ਕੇ, ਕਦੋਂ ਸੋਫੇ ਉਪਰ ਆ ਕੇ ਬੈਠ ਗਿਆ | ਜਦੋਂ ਉਸ ਨੇ 'ਬੌਬੀ ਅੱਜ ਵੀ ਨਹੀਂ ਆਇਆ' ਕਿਹਾ ਤਾਂ ਸਰਬੀ ਨੂੰ ਘਰ ਆਏ ਦਾ ਪਤਾ ਲੱਗਾ | ਉਸ ਨੇ ਪਾਸਾ ਭੁਆ ਕੇ ਜਲੌਰ ਵੱਲ ਦੇਖਿਆ | ਉਸ ਦਾ ਚਿਹਰਾ ਉਤਰਿਆ ਹੋਇਆ ਸੀ, ਜਿਵੇਂ ਅੱਜ ਬਹੁਤ ਹੀ ਥੱਕ ਕੇ ਆਇਆ ਹੋਵੇ | "ਤੁਸੀਂ ਕਦੋਂ ਆਏ, ਮੈਨੂੰ ਤਾਂ ਮਸ਼ੀਨ ਦੇ ਖੜਾਕ ਵਿਚ ਪਤਾ ਹੀ ਨਹੀਂ ਲਗਿਆ |"  
"ਮੈਂ ਪੁੱਛਿਆ ਸੀ ਕਿ ਬੌਬੀ ਅੱਜ ਵੀ ਨਹੀਂ ਆਇਆ?"
"ਮੈਂ ਅੱਜ ਗਈ ਸੀ ਉਸ ਨੂੰ ਲੈਣ ਪਰ ਉਹ ਘਰ ਆਉਣ ਦਾ ਨਾਂ ਈ ਨਹੀਂ ਲੈਂਦਾ | ਉੱਥੇ ਜੁਆਕਾਂ ਵਿਚ ਉਸ ਦਾ ਜੀਅ ਲਗਿਆ ਹੋਇਆ ਤੇ ਦਰਸ਼ਨਾ ਦੀਦੀ ਵੀ ਨਹੀਂ ਆਉਣ ਦਿੰਦੀ |" 
"ਪਿਕਨਿਕ ਤੋਂ ਮੁੜਿਆਂ ਨੂੰ ਵੀ ਦੋ ਵੀਕ ਹੋ ਗਏ, ਉਸ ਦਿਨ ਦਾ ਉੱਥੇ ਈ ਆ | ਕਹਿਣਾ ਸੀ, 'ਸਾਡਾ ਇਕੱਲਿਆਂ ਦਾ ਦਿਲ ਨਹੀਂ ਲਗਦਾ' | ਤੂੰ ਚਾਹ ਬਣਾ, ਉੇਨੀਂ ਦੇਰ ਵਿਚ ਮੈਂ ਛਾਵਰ ਲੈ ਲਵਾਂ, ਫੇਰ ਮੈਂ ਉਸ ਨੂੰ ਲੈ ਕੇ ਆਉਂਦਾਂ |" ਇਹ ਕਹਿ ਕੇ ਉਹ ਵਾਸ਼ਰੂਮ ਵਿਚ ਵੜ ਗਿਆ |
   ਜਲੌਰ ਵਾਸ਼ਰੂਮ ਵਿਚੋਂ ਬਾਹਰ ਆਇਆ ਤਾਂ ਸਰਬੀ ਨੇ ਚਾਹ ਬਣਾ ਕੇ ਕੌਫੀ ਟੇਬਲ ਉਪਰ ਲਿਆ ਰੱਖੀ ਸੀ | ਉਹ ਸੋਫੇ ਉਪਰ ਬੈਠ ਕੇ ਹੌਲ਼ੀ ਹੌਲ਼ੀ ਚਾਹ ਦੀਆਂ ਚੁਸਕੀਆਂ ਭਰਨ ਲੱਗਾ | ਜਦੋਂ ਉਸ ਨੇ ਟਰੇਅ ਵਿਚੋਂ ਖਾਣ ਲਈ ਕੋਈ ਚੀਜ਼ ਵੀ ਨਾ ਚੁੱਕੀ ਤਾਂ ਉਹ ਬੋਲੀ, "ਕੁਛ ਖਾਂਦੇ ਕਿਉਂ ਨਹੀਂ?"
"ਭੁੱਖ ਨਹੀਂ |"
"ਅੱਜ ਊਂ ਵੀ ਥੋਡਾ ਚਿਹਰਾ ਉਤਰਿਆ ਉਤਰਿਆ ਜੇਹਾ ਲਗਦਾ, ਜਰੂਰ ਕੋਈ ਗੱਲ ਏ |" 
"ਹਾਂ; ਗੱਲ ਤਾਂ ਹੈ |" ਇਹ ਕਹਿ ਕੇ ਕੁਝ ਪਲ ਉਹ ਚੁੱਪ ਰਿਹਾ ਤੇ ਫੇਰ ਬੋਲਿਆ, "ਕੰਪਨੀ, ਇਹ ਮਿੱਲ ਬੰਦ ਕਰ ਰਹੀ ਆ | ਅੱਜ ਮੈਨੇਜਰ ਨੇ ਸਾਰੇ ਵਰਕਰਾਂ ਨੂੰ ਤਿੰਨ ਮਹੀਨੇ ਦਾ ਨੋਟਿਸ ਦੇ ਦਿੱਤਾ |"
"ਚੰਗੀ ਭਲੀ ਚੱਲੀ ਜਾਂਦੀ ਮਿੱਲ ਨੂੰ ਕੰਪਨੀ ਕਿਉਂ ਬੰਦ ਕਰ ਰਹੀ ਏ?" 
"ਵਰਕਰਾਂ ਤੋਂ ਬਦਲਾ ਲੈਣ ਲਈ | ਤੈਨੂੰ ਪਤਾ ਤਾਂ ਹੈ ਕਿ ਪਿਛਲੇ ਸਾਲ ਹੜਤਾਲ ਹੋ ਜਾਣ ਕਾਰਨ ਇਹ ਮਿੱਲ ਇਕ ਮਹੀਨਾ ਬੰਦ ਰਹੀ ਸੀ | ਮਾਲਕਾਂ ਨੂੰ ਉਦੋਂ ਯੂਨੀਅਨ ਨਾਲ ਮਜਬੂਰਨ ਇਸ ਲਈ ਸਮਝੌਤਾ ਕਰਨਾ ਪਿਆ ਸੀ ਕਿਉਂਕਿ ਉਹਨਾਂ ਦੀਆਂ ਦੂਜੀਆਂ ਮਿੱਲਾਂ ਦੇ ਕਾਮਿਆਂ ਵੱਲੋਂ ਵੀ ਹੜਤਾਲ ਦੀ ਧਮਕੀ ਮਿਲ ਗਈ ਸੀ | ਹੁਣ ਉਹਨਾਂ ਨੇ ਘਾਟੇ ਦਾ ਬਹਾਨਾ ਬਣਾ ਕੇ ਮਿੱਲ ਬੰਦ ਕਰਨ ਦਾ ਨੋਟਿਸ ਦੇ ਦਿੱਤਾ |"
"ਮੈਂ ਵੀ ਵਿਹਲੀ ਘਰ ਬੈਠੀ ਹਾਂ ਤੇ ਤੁਹਾਡਾ ਕੰਮ ਵੀ ਛੁੱਟ ਗਿਆ, ਇਸ ਤਰ੍ਹਾਂ ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ?" ਸਰਬੀ ਨੇ ਫਿਕਰਮੰਦ ਹੁੰਦਿਆਂ ਕਿਹਾ | 
"ਕੰਮ ਤਾਂ ਕੋਈ ਕਰਨਾ ਹੀ ਪੈਣਾ | ਕਿਤੇ ਹੋਰ ਕੰੰਮ ਭਾਲਣ ਨਾਲੋਂ ਮੈਂ ਚਾਹੁਨਾ ਆਪਣਾ ਹੀ ਕੋਈ ਸਟੋਰ ਖੋਲ੍ਹ ਲਿਆ ਜਾਵੇ | ਕੰਪਨੀ ਵਲੋਂ ਕੰਪਨਸੇਸ਼ਨ ਵਿਚ ਜਿਹੜੇ ਪੈਸੇ ਮਿਲਣਗੇ, ਉਹਨਾਂ ਨਾਲ ਕੰਮ ਚਲ ਸਕਦਾ ਅਤੇ ਕੁਝ ਘਰ ਉਪਰ ਲੋਨ ਲੈ ਲਵਾਂਗੇ |"
"ਹਾਂ; ਇਹ ਗੱਲ ਤਾਂ ਥੋਡੀ ਠੀਕ ਏ | ਹੁਣ ਤਾਂ ਆਪਣੇ ਬਥੇਰੇ ਬੰਦੇ ਬਿਜਨਿਸ ਵਿਚ ਪੈ ਗਏ ਨੇ | ਵੈਨਕੋਵਰ ਮੇਨ 'ਤੇ ਤਾਂ ਆਪਣਿਆਂ ਦੀ ਮਾਰਕੀਟ ਹੀ ਬਣ ਗਈ ਐ | ਆਪਾਂ ਵੀ ਕੋਈ ਆਪਣਾ ਕੰਮ ਸੁੰਰੂ ਕਰ ਸਕਦੇ ਹਾਂ ਪਰ ਕਰਾਂਗੇ ਕਿਹੜਾ?" ਸਰਬੀ ਨੇ ਉਤਸਾਹ ਨਾਲ ਪੁੱਛਿਆ |
"ਕੋਈ ਵੀ ਕੰਮ ਕੀਤਾ ਜਾ ਸਕਦਾ | ਗਰੋਸਰੀ ਜਾਂ ਕਪੜੇ ਦਾ ਸਟੋਰ ਵੀ ਖੋਲ੍ਹਿਆ ਜਾ ਸਕਦਾ ਅਤੇ ਫਰਨੀਚਰ ਸਟੋਰ ਵੀ ਚਲਾ ਸਕਦੇ ਆਂ | ਸਾਡੇ ਨਾਲ ਕੰਮ ਕਰਦੇ ਇਕ ਗੋਰੇ ਨੇ ਲੈਂਗਲੀ ਵਿਚ ਆਪਣਾ ਫਰਨੀਚਰ ਸਟੋਰ ਖੋਲ੍ਹਿਆ ਸੀ ਜਿਹੜਾ ਚੰਗਾ ਚਲ ਰਿਹਾ | ਪਰ ਪਹਿਲਾਂ ਮੈਂ ਸੁਖ ਨਾਲ ਸਲਾਹ ਕਰਨੀ ਚਾਹੁਨਾ |" ਜਲੌਰ ਨੇ ਕਈ ਕੰਮ ਗਿਣਾ ਦਿੱਤੇ |
"ਚਲੋ ਫੇਰ, ਤਿਆਰ ਹੋ ਕੇ ਚਲੇ ਜਾਓ | ਸੁਖ, ਭਾਅ ਜੀ ਵੀ ਆ ਗਏ ਹੋਣਗੇ |" ਖਾਲੀ ਪਿਆਲੀਆਂ ਚੁਕਦੀ ਹੋਈ ਸਰਬੀ ਬੋਲੀ |
"ਤੂੰ ਵੀ ਤਿਆਰ ਹੋ ਜਾ, ਇਕੱਠੇ ਹੀ ਚਲਦੇ ਆਂ | ਆਉਂਦੇ ਹੋਏ ਬੌਬੀ ਨੂੰ ਵੀ ਨਾਲ ਹੀ ਲਈ ਆਵਾਂਗੇ |" ਆਪਣੇ ਬੈਡਰੂਮ ਵੱਲ ਜਾਂਦਿਆਂ ਜਲੌਰ ਨੇ ਕਿਹਾ |
   ਉਹ ਤਿਆਰ ਹੋ ਕੇ ਸੁਖਦੇਵ ਦੇ ਘਰ ਚਲੇ ਗਏ | ਸੁਖਦੇਵ ਬੈਕਯਾਰਡ ਵਿਚ ਘਾਹ ਕੱਟ ਰਿਹਾ ਸੀ ਤੇ ਦਰਸ਼ਨਾ ਤਿੰਨਾਂ ਬੱਚਿਆਂ ਵਿਚ ਘਿਰੀ ਉਹਨਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰ ਰਹੀ ਸੀ | ਜਲੌਰ ਸਿੱਧਾ ਹੀ ਸੁਖਦੇਵ ਕੋਲ ਚਲਿਆ ਗਿਆ | ਜਦੋਂ ਉਸ ਨੇ ਸੁਖਦੇਵ ਨੂੰ ਮਿੱਲ ਬੰਦ ਹੋਣ ਦੇ ਨੋਟਿਸ ਬਾਰੇ ਦੱਸਿਆ ਤਾਂ ਸੁਣਦਿਆਂ ਹੀ ਉਸ ਨੇ ਕਿਹਾ, "ਮਾੜੀ ਗੱਲ ਹੋਈ | ਤਿੰਨ ਚਾਰ ਸੌ ਵਰਕਰ ਤਾਂ ਬੇਕਾਰ ਹੋ ਹੀ ਗਿਆ ਹੋਵੇਗਾ, ਇੰਨੇ ਅਡਜਸਟ ਕਿੱਥੇ ਹੋਣਗੇ?"
"ਮਾਲਕਾਂ ਨੇ ਆਪਣੇ ਕੁਝ ਕੁ ਚਹੇਤਿਆਂ ਨੂੰ ਤਾਂ ਦੇਰ ਸਵੇਰ ਆਪਣੀਆਂ ਸਕਾਮਸ਼ ਵਾਲੀਆਂ ਦੋਹਾਂ ਮਿੱਲਾਂ ਵਿਚ ਅਡਜਸਟ ਕਰ ਲੈਣਾ ਤੇ ਬਾਕੀ ਸਾਡੇ ਵਰਗੇ ਯੂਨੀਅਨ ਨਾਲ ਨੇੜਤਾ ਰਖਣ ਵਾਲੇ ਰਹਿ ਜਾਣਗੇ |" ਜਲੌਰ ਨੇ ਆਪਣੀ ਸੋਚ ਅਨੁਸਾਰ ਕਹਿ ਦਿੱਤਾ |
"ਇਹ ਕੋਈ ਜ਼ਰੂਰੀ ਨਹੀਂ ਕਿ ਉਹ ਏਸ ਮਿੱਲ ਦੇ ਕਾਮਿਆਂ ਨੂੰ ਦੂਜੀਆਂ ਮਿੱਲਾਂ ਵਿਚ ਰਖ ਲੈਣ | ਜਦੋਂ ਦੀ ਨਵੀਂ ਮਸ਼ਿਨਰੀ ਆ ਰਹੀ ਐ, ਕਾਮਿਆਂ ਉਪਰ ਪਹਿਲਾਂ ਹੀ ਛਾਂਟੀ ਦਾ ਕੁਹਾੜਾ ਚਲ ਰਿਹੈ | ਤੁਹਾਡੀ ਇਹ ਮਿੱਲ ਬੰਦ ਹੋਣ ਦਾ ਇਕ ਕਾਰਨ ਇਹ ਵੀ ਹੋਵੇਗਾ ਕਿ ਨਵੀਂ ਮਸ਼ੀਨਰੀ ਕਾਰਨ ਤਿੰਨਾ ਮਿੱਲਾਂ ਦਾ ਕੰਮ ਉਹ ਦੋ ਮਿੱਲਾਂ ਹੀ ਪੂਰਾ ਕਰ ਰਹੀਆਂ ਹੋਣਗੀਆਂ ਤੇ ਇਹ ਮਿੱਲ ਵਾਧੂ ਭਾਰ ਲਗਦੀ ਹੋਵੇਗੀ |"
"ਇਸ ਮਿੱਲ ਦੇ ਬੰਦ ਕਰਨ ਦੇ ਪਿੱਛੇ ਇਹ ਚਾਲ ਵੀ ਹੋ ਸਕਦੀ ਆ ਕਿਉਂਕਿ ਇੱਥੇ ਕਈ ਯੂਨਿਟਾਂ ਵਿਚ ਉਹੋ ਪੁਰਾਣੀ ਮਸ਼ੀਨਰੀ ਹੀ ਚਲ ਰਹੀ ਸੀ | ਹੜਤਾਲ ਦੀਆਂ ਮੰਗਾਂ ਵਿਚੋਂ ਮਸ਼ੀਨਰੀ ਨੂੰ ਬਦਲਨਾ ਵੀ ਇਕ ਮੁਖ ਮੰਗ ਸੀ ਜਿਹੜੀ ਮੰਨ ਲਈ ਗਈ ਸੀ ਪਰ ਮਸ਼ੀਨਰੀ ਫੇਰ ਵੀ ਨਹੀਂ ਸੀ ਬਦਲੀ ਗਈ |" ਜਲੌਰ ਨੇ ਸਹਿਮਤ ਹੁੰਦਿਆਂ ਕਿਹਾ |
"ਇੰਨ੍ਹਾਂ ਸਰਮਾਏਦਾਰਾਂ ਦੀਆਂ ਚਾਲਾਂ ਨੂੰ ਅਸੀਂ ਨਹੀਂ ਸਮਝ ਸਕਦੇ | ਇਹ ਮਿੱਲ ਸ਼ਹਿਰ ਦੇ ਵਿਚਕਾਰ ਆ ਗਈ ਐ, ਕੀ ਪਤਾ ਉਹਨਾਂ ਨੇ ਇੱਥੇ ਕੋਈ ਪਲਾਜ਼ਾ ਬਣਾਉਣਾ ਹੋਵੇ ਜਾਂ ਹਾਈ ਰਾਈਜ਼ ਬਿਲਡਿੰਗਾਂ ਬਣਾਉਣ ਦੀ ਹੀ ਕੋਈ ਸਕੀਮ ਬਣਾ ਲਈ ਹੋਵੇ |" ਸੁਖਦੇਵ ਨੇ ਸ਼ੱਕ ਪ੍ਰਗਟ ਕੀਤਾ |
"ਹੁਣ ਉਹ, ਉਸ ਥਾਂ ਨੂੰ ਜਿਵੇਂ ਮਰਜ਼ੀ ਵਰਤਣ, ਆਪਣੀ ਤਾਂ ਕੰਮ ਤੋਂ ਛੁੱਟੀ ਹੋ ਗਈ ਆ ਇਕ ਵਾਰ | ਹੁਣ ਮੈਨੂੰ ਕੀ ਕਰਨਾ ਚਾਹੀਦਾ |" ਜਲੌਰ ਅਸਲੀ ਗੱਲ ਵੱਲ ਆਉਂਦਾ ਹੋਇਆ ਬੋਲਿਆ |
"ਕਿਤੇ ਹੋਰ ਕੰਮ ਦੀ ਭਾਲ ਕਰਨੀ ਪਵੇਗੀ | ਅਜੇ ਤਾਂ ਤੇਰੇ ਕੋਲ ਤਿੰਨ ਮਹੀਨੇ ਦਾ ਸਮਾਂ ਪਿਐ |"
"ਪਰ ਗ੍ਰੇਡਰ ਦੀ ਜਾਬ ਮਿਲਨੀ ਔਖੀ ਆ ਤੇ ਹੁਣ ਮੇਰੇ ਕੋਲੋਂ ਕਿਸੇ ਮਿੱਲ ਵਿਚ ਹੋਰ ਕੋਈ ਕੰਮ ਹੋਣਾ ਵੀ ਨਹੀਂ | ਇਸ ਲਈ ਮੈਂ ਸੋਚਦਾਂ, ਕਿਉਂ ਨਾ ਕੋਈ ਆਪਣਾ ਕੰਮ ਹੀ ਕਰ ਲਿਆ ਜਾਵੇ |"
"ਵਿਚਾਰ ਤਾਂ ਤੇਰਾ ਨੇਕ ਐ | ਫੇਰ ਕੀ ਕੰਮ ਕਰਨ ਬਾਰੇ ਸੋਚਿਐ?"
"ਇਹੋ ਸਲਾਹ ਤਾਂ ਮੈਂ ਤੇਰੇ ਨਾਲ ਕਰਨ ਆਇਆਂ |" ਜਲੌਰ ਨੇ ਕਿਹਾ |
   ਫੇਰ ਉਹ ਦੋਵੇਂ ਕਿਸੇ ਨਵੇਂ ਕੰਮ ਬਾਰੇ ਸੋਚ ਵਿਚਾਰ ਕਰਨ ਲੱਗੇ | ਬਹੁਤ ਸੋਚ ਵਿਚਾਰ ਕਰਨ ਤੋਂ ਮਗਰੋਂ ਫਰਨੀਚਰ ਸਟੋਰ ਖੋਲ੍ਹਨ ਦਾ ਫੈਸਲਾ ਹੋ ਗਿਆ ਅਤੇ ਸੁਖਦੇਵ ਨੇ ਉਸ ਨੂੰ ਹਰ ਪ੍ਰਕਾਰ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ | ਜਲੌਰ ਨੇ ਕੰਮ ਸਿੱਖਣ ਖਾਤਰ, ਲੈਂਗਲੀ ਵਾਲੇ ਗੋਰੇ ਦੇ ਫਰਨੀਚਰ ਸਟੋਰ ਵਿਚ ਕੁਝ ਮਹੀਨੇ ਕੰਮ ਕੀਤਾ ਤੇ ਫੇਰ ਸਰ੍ਹੀ ਵਿਚ ਆਪਣਾ ਫਰਨੀਚਰ ਸਟੋਰ ਖੋਲ੍ਹ ਲਿਆ |
   ਜਲੌਰ ਨੇ ਆਪਣੀ ਮਾਂ 'ਸ਼ਰਨਜੀਤ' ਦੇ ਨਾਮ 'ਤੇ ਸਟੋਰ ਦਾ ਨਾਮ 'ਸ਼ੈਰਨ ਫਾਈਨ ਫਰਨੀਚਰ' ਰੱਖਿਆ | ਉਸ ਨੇ ਦੇਸੋਂ ਨਵਾਂ ਆਇਆ ਇਕ ਪੰਜਾਬੀ ਮੁੰਡਾ ਆਪਣੀ ਸਹਾਇਤਾ ਲਈ ਆਪਣੇ ਨਾਲ ਕੰਮ 'ਤੇ ਰੱਖ ਲਿਆ | ਸਰਬੀ ਵੀ ਬੌਬੀ ਨੂੰ ਸਕੂਲ ਛੱਡ ਕੇ ਸਟੋਰ 'ਤੇ ਚਲੀ ਜਾਂਦੀ ਤੇ ਕੰਮ ਵਿਚ ਜਲੌਰ ਦੀ ਸਹਾਇਤਾ ਕਰਵਾਉਂਦੀ | ਬੌਬੀ ਦੇ ਸਕੂਲ ਤੋਂ ਵਾਪਸ ਮੁੜਨ ਵੇਲੇ ਘਰ ਆ ਜਾਂਦੀ | ਇਸ ਤਰ੍ਹਾਂ ਉਸ ਨੂੰ ਵੀ ਇਕ ਰੁਝੇਵਾਂ ਮਿਲ ਗਿਆ | ਪੰਜਾਬੀਆਂ ਦੀ ਸਰ੍ਹੀ ਵਿਚ ਵਧਦੀ ਵਸੋਂ ਕਾਰਨ ਸਟੋਰ 'ਤੇ ਵਿਕਰੀ ਵੀ ਚੰਗੀ ਹੋਣ ਲੱਗੀ | ਹੁਣ ਜਲੌਰ ਨੂੰ ਸਟੋਰ ਤੋਂ ਘੱਟ ਹੀ ਵਿਹਲ ਮਿਲਦੀ ਸੀ ਪਰ ਫੇਰ ਵੀ ਉਹ ਬੌਬੀ ਲਈ ਐਤਵਾਰ ਦਾ ਦਿਨ ਵਿਹਲਾ ਰਖਦਾ | ਉਸ ਦਿਨ ਮੌਸਮ ਠੀਕ ਹੁੰਦਾ ਤਾਂ ਉਹ ਉਸ ਨੂੰ ਬਾਹਰ ਘੁਮਾ ਫਿਰਾ ਵੀ ਲਿਆਉਂਦਾ | ਉਹ ਸਮਝਦਾ ਸੀ ਕਿ ਬੱਚਿਆਂ ਲਈ ਮਾਪਿਆਂ ਨੂੰ ਜਰੂਰ ਸਮਾਂ ਕਢਣਾ ਚਾਹੀਦਾ ਹੈ, ਨਹੀਂ ਤਾਂ ਬੱਚੇ ਵਿਗੜ ਸਕਦੇ ਹਨ |
  ਇਕ ਦਿਨ ਜਦੋਂ ਉਹ ਬੌਬੀ ਨੂੰ ਪੀਸ ਆਰਚ ਵੱਲ ਘੁਮਾਉਣ ਲੈ ਕੇ ਗਿਆ ਤਾਂ ਸਮੁੰਦਰ ਵੱਲ ਦੇਖ ਕੇ ਬੌਬੀ ਨੇ ਕਿਹਾ, "ਡੈਡ, ਬੋਟਿੰਗ ਕਰਨ ਜਾਣਾ |"
   ਬੋਟਿੰਗ ਤੋਂ ਜਲੌਰ ਨੂੰ ਯਾਦ ਆਇਆ ਕਿ ਪਿਛਲੇ ਤੋਂ ਪਿਛਲੇ ਸਾਲ, ਉਹਨਾਂ ਨੇ ਬੱਚਿਆਂ ਨੂੰ ਕਿਸ਼ਤੀ ਵਿਚ ਸੈਰ ਕਰਾਉਣ ਦਾ ਇਕਰਾਰ ਕੀਤਾ ਸੀ | ਪਿਛਲੇ ਸਾਲ ਵੀ ਬੌਬੀ ਨੇ ਗਰਮੀ ਦੀਆਂ ਛੁੱਟੀਆਂ ਵਿਚ ਇਹ ਇਕਰਾਰ ਯਾਦ ਕਰਵਾਇਆ ਸੀ ਅਤੇ ਜਲੌਰ ਨੇ ਕਹਿ ਵੀ ਦਿੱਤਾ ਸੀ, "ਏਸ ਲਾਂਗ ਵੀਕ ਐਂਡ 'ਤੇ ਜ਼ਰੂਰ ਚਲਾਂਗੇ |" ਪਰ ਲਾਂਗ ਵੀਕ ਐਂਡ ਆਉਣ ਤੋਂ ਪਹਿਲਾਂ ਹੀ ਇਕ ਦਿਨ ਜਦੋਂ ਸੁਖਦੇਵ ਕੰਮ ਤੋਂ ਵਾਪਸ ਘਰ ਮੁੜਿਆ ਤਾਂ ਡੁਸਕਦੀ ਹੋਈ ਦਰਸ਼ਨਾ ਨੇ ਇਕੱਠੀਆਂ ਹੀ ਦੋ ਟੈਲੀਗ੍ਰਾਮ ਉਸ ਦੇ ਹੱਥ ਫੜਾ ਦਿੱਤੀਆਂ | ਇਕ  ਵਿਚ ਲਿਖਿਆ ਸੀ 'ਚਾਚਾ ਲਛਮਣ ਸਿੰਘ ਅਕਾਲ ਚਲਾਨਾ ਕਰ ਗਏ' ਅਤੇ ਦੂਜੀ ਵਿਚ ਲਿਖਿਆ ਸੀ 'ਚਾਚੇ ਦੇ ਸਸਕਾਰ ਮਗਰੋਂ ਬੇਬੇ ਕਰਤਾਰ ਕੌਰ ਵੀ ਸਵਾਸ ਤਿਆਗ ਗਈ'| 
   ਸੁਖਦੇਵ ਨੇ ਜਲੌਰ ਨਾਲ ਸਲਾਹ ਕਰਕੇ ਤੁਰੰਤ ਹੀ ਆਪਣੇ ਭਰਾ ਬਲਦੇਵ ਨੂੰ ਟੈਲੀਗ੍ਰਾਮ ਦੇ ਦਿੱਤੀ ਕਿ 'ਅਸੀਂ ਭੋਗ 'ਤੇ ਪਹੁੰਚ ਰਹੇ ਹਾਂ'| 
   ਜਲੌਰ ਨੂੰ ਚਾਚੇ ਲਛਮਣ ਤੇ ਮਾਂ ਕਰਤਾਰੀ ਦੀ ਮੌਤ ਦਾ ਅਫਸੋਸ ਤਾਂ ਬਹੁਤ ਹੋਇਆ ਸੀ ਅਤੇ ਉਸ ਦਾ ਦਿਲ ਵੀ ਕਰਦਾ ਸੀ ਕਿ ਉਹ ਸੁਖਦੇਵ ਹੁਰਾਂ ਦੇ ਨਾਲ ਹੀ ਇੰਡੀਆ ਜਾ ਆਵੇ ਪਰ ਸਟੋਰ ਦੇ ਰੁਝੇਵਿਆਂ ਕਾਰਨ ਜਾ ਨਹੀਂ ਸੀ ਸਕਿਆ | ਪੰਮ ਤੇ ਕਿੰਦ ਨੂੰ ਉਹ ਨਾਲ ਹੀ ਇੰਡੀਆ ਲੈ ਗਏ ਸਨ | ਇਸ ਕਰਕੇ ਬੱਚਿਆਂ ਨਾਲ ਕਿਸ਼ਤੀ ਦੀ ਸੈਰ ਵਾਲਾ ਕੀਤਾ ਇਕਰਾਰ ਪਿਛਲੇ ਸਾਲ ਪੂਰਾ ਨਹੀਂ ਸੀ ਹੋ ਸਕਿਆ | 'ਬੋਟਿੰਗ ਕਰਨ ਜਾਣਾ' ਸੁਣ ਕੇ ਜਲੌਰ ਨੇ ਬੌਬੀ ਨੂੰ ਕਿਹਾ, "ਅੱਜ ਨਹੀਂ, ਫੇਰ ਕਿਸੇ ਦਿਨ ਜਾਵਾਂਗੇ | ਉਸ ਦਿਨ ਪੰਮ ਤੇ ਕਿੰਦ ਨੂੰ ਵੀ ਨਾਲ ਲੈ ਕੇ ਚਲਾਂਗੇ | ਘਰ ਜਾ ਕੇ ਅੱਜ ਹੀ ਤੇਰੇ ਅੰਕਲ ਨਾਲ ਪ੍ਰੋਗ੍ਰਾਮ ਬਣਾ ਲੈਨੇ ਆਂ |"
   ਪੰਮ ਤੇ ਕਿੰਦ ਦਾ ਨਾਮ ਸੁਣ ਕੇ ਬੌਬੀ ਨੇ ਵਾe੍ਹੀਟ ਰੌਕ ਬੀਚ ਵੱਲ ਜਾਣ ਦੀ ਜਿਦ ਨਾ ਕੀਤੀ ਪਰ ਘਰ ਆਉਂਦਿਆਂ ਹੀ ਉਸ ਨੇ ਆਪ ਹੀ ਸੁਖਦੇਵ ਕੇ ਘਰ ਫੋਨ ਕਰ ਲਿਆ, "ਹੈਲੋ, ਮੈਂ ਬੌਬੀ ਬੋਲਦਾਂ |"
"ਹਾਂ, ਬੋਲ |" ਉਧਰੋਂ ਦਰਸ਼ਨਾ ਦੀ ਅਵਾਜ਼ ਆਈ |
"ਮਾਸੀ, ਅੰਕਲ ਕਿੱਥੇ ਆ?"
"ਭੁੱਚਰਾ ਜੇਇਆ, ਤੈਨੂੰ ਕਿੰਨੀ ਵਾਰ ਕਿਹੈ, ਮਾਸੜ ਕਿਹਾ ਕਰ |" 
"ਮਾਸੀ,ਮਾਸਰ ਕਿੱਥੇ ਆ?"
"ਕਿਉਂ ਕੀ ਕੰਮ ਪੈ ਗਿਆ ਤੈਨੂੰ ਮਾਸੜ ਤਾਈਂ, ਮੈਨੂੰ ਨਹੀਂ ਦਸਣਾ?"
"ਡੈਡੀ ਨੇ ਬੋਟਿੰਗ ਦਾ ਪ੍ਰੋਗ੍ਰਾਮ ਬਨਾਉਨਾ |"
"ਅੱਛਾ! ਫੜਾ ਫੇਰ ਫੂੰਨ ਆਪਣੀ ਮਾਂ ਨੂੰ |"
ਬੌਬੀ ਨੇ ਸਰਬੀ ਨੂੰ ਅਵਾਜ਼ ਮਾਰੀ ਤੇ 'ਮਾਸੀ ਆ' ਕਹਿ ਕੇ ਉਸ ਨੂੰ ਫੋਨ ਫੜਾ ਦਿੱਤਾ | ਉਸ ਨੇ 'ਹੈਲੋ' ਕਿਹਾ ਤਾਂ ਅਗੋਂ ਅਵਾਜ਼ ਆਈ, "ਸਰਬੀ, ਬੌਬੀ ਬੋਟਿੰਗ ਦੀ ਕੀ ਗੱਲ ਕਰਦਾ?"
"ਦੀਦੀ, ਮੇਰੇ ਨਾਲ ਤਾਂ ਕੋਈ ਗੱਲ ਹੋਈ ਨਹੀਂ | ਇਹ ਹੁਣੇ ਬਾਹਰੋਂ ਘੁੰਮ ਫਿਰ ਕੇ ਆਏ ਨੇ | ਮੈਂ ਪੁੱਛ ਕੇ ਦੱਸ ਦਿੰਨੀ ਆਂ, ਹੋਲਡ ਕਰੀਂ |" ਸਰਬੀ ਨੇ ਚੋਂਗੇ ਨੂੰ ਕੰਨ ਨਾਲੋਂ ਪਿੱਛੇ ਹਟਾ ਕੇ ਜਲੌਰ ਕੋਲੋਂ ਪੁੱਛਿਆ, "ਦੀਦੀ ਬੋਟਿੰਗ ਬਾਰੇ ਪੁੱਛਦੇ ਏ, ਤੁਸੀਂ ਬੌਬੀ ਨੂੰ ਕੁਛ ਕਿਹਾ?"
"ਹਾਂ, ਜੇ ਸੁਖ ਨੂੰ ਕੋਈ ਕੰਮ ਨਾ ਹੋਵੇ ਤਾਂ ਅਗਲੇ ਸੰਡੇ ਬੱਚਿਆਂ ਨੂੰ ਕਿਤੇ ਬਾਹਰ ਸਮੁੰਦਰ ਜਾਂ ਕਿਸੇ ਲੇਕ 'ਤੇ ਘੁਮਾ ਲਿਅਵਾਂਗੇ |" ਜਲੌਰ ਸੋਫੇ ਉਪਰ ਟੇਢਾ ਪਿਆ ਬੋਲਿਆ | ਸਰਬੀ ਨੇ ਮੁੜ ਫੋਨ ਕੰਨ ਨੂੰ ਲਾਇਆ ਅਤੇ ਦਰਸ਼ਨਾ ਨਾਲ ਅਗਲੇ ਐਤਵਾਰ ਕਲਟਸ ਲੇਕ 'ਤੇ ਜਾਣ ਦਾ ਪ੍ਰੋਗ੍ਰਾਮ ਬਣਾ ਲਿਆ |
   ਬੌਬੀ ਨੂੰ ਮਸਾਂ ਹੀ ਅਗਲਾ ਐਤਵਾਰ ਆਇਆ | ਉਹ ਸਵੇਰੇ ਉਠਦਾ ਹੀ ਕਾਹਲੀ ਕਰਨ ਲੱਗਾ | ਆਪਣਾ ਬੈਕਪੈਕ ਉਸ ਨੇ ਰਾਤੀਂ ਹੀ ਤਿਆਰ ਕਰ ਕੇ ਰਖ ਲਿਆ ਸੀ | ਦਰਸ਼ਨਾ ਨੇ ਸਰਬਜੀਤ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ, 'ਖਾਣ ਪੀਣ ਵਾਲੀ ਕੋਈ ਚੀਜ ਤਿਆਰ ਨਾ ਕਰੀਂ | ਸਾਰਾ ਖਾਣਾ ਬਾਹਰੋਂ ਹੀ ਪੈਕ ਕਰਾ ਕੇ ਲੈ ਜਾਵਾਂਗੇ' | ਇਸ ਲਈ ਉਸ ਕੋਲ ਹੋਰ ਕੋਈ ਕੰਮ ਨਹੀਂ ਸੀ, ਉਹ ਵੀ ਛੇਤੀ ਹੀ ਤਿਆਰ ਹੋ ਗਈ | ਜਲੌਰ ਨੇ ਆਪਣੀ ਕਾਰ ਗੈਰਾਜ ਵਿਚੋਂ ਕੱਢੀ ਤੇ ਉਹ ਨੌ ਵਜਦੇ ਨੂੰ ਸੁਖਦੇਵ ਦੇ ਘਰ ਪਹੁੰਚ ਗਏ | ਉਹ ਵੀ ਅਗੋਂ ਜਾਣ ਲਈ ਤਿਆਰ ਬੈਠੇ ਸਨ | ਜਲੌਰ ਨੇ ਆਪਣੀ ਕਾਰ ਉੱਥੇ ਹੀ ਖੜ੍ਹੀ ਰਹਿਣ ਦਿੱਤੀ ਅਤੇ ਉਹ ਸਾਰੇ ਸੁਖਦੇਵ ਵਾਲੀ ਵੈਗਨ ਵਿਚ ਬੈਠ ਗਏ | ਵੈਗਨ ਨੂੰ ਫਰੀਵੇਅ ਵੱਲ ਮੋੜਦਿਆਂ ਸੁਖਦੇਵ ਨੇ ਬੱਚਿਆਂ ਨੂੰ ਚਿਤਾਵਨੀ ਦਿੱਤੀ, "ਉੱਥੇ ਕੋਈ ਪ੍ਰਾਬਲਮ ਨਹੀਂ ਆਉਣੀ ਚਾਹੀਦੀ | ਜੇ ਥੋਡੇ ਤਿੰਨਾਂ ਵਿਚੋਂ ਕਿਸੇ ਇਕ ਨੇ ਵੀ ਕੋਈ ਸ਼ਰਾਰਤ ਕੀਤੀ ਤਾਂ ਉੱਥੋਂ ਹੀ ਵਾਪਸ ਮੁੜ ਆਵਾਂਗੇ |"
ਤਿੰਨਾਂ ਬੱਚਿਆਂ ਨੇ ਹੀ ਲੰਮੀ ਹੇਕ ਵਿਚ ਕਹਿ ਦਿੱਤਾ, "ਓਅ ਕੇਅ |" 
ਚਿਲਾਵੈਕ ਲੰਘਦਿਆਂ ਪਸੈਂਜਰ ਸੀਟ ਉਪਰ ਬੈਠੇ ਜਲੌਰ ਨੂੰ ਸੁਖਦੇਵ ਨੇ ਪੁੱਛਿਆ, "ਪਹਿਲਾਂ ਹੌਟ ਸਪਰਿੰਗਜ਼ ਜਾਣੈ ਕਿ ਕਲਟਸ ਲੇਕ?"
ਜਲੌਰ ਦੇ ਬੋਲਣ ਤੋਂ ਪਹਿਲਾਂ ਹੀ ਬੌਬੀ 'ਹੌਟਸਪਰਿੰਗ, ਹੌਟਸਪਰਿੰਗ' ਦਾ ਰੌਲ਼ਾ ਪਾਉਣ ਲੱਗ ਪਿਆ | ਕਿੰਦ ਨੇ ਵੀ ਬੌਬੀ ਮਗਰ ਹੀ 'ਹਾਟਸਪਿੰਗ, ਹਾਟਸਪਿੰਗ' ਕਹਿਣਾ ਸ਼ੁਰੂ ਕਰ ਦਿੱਤਾ | 
"ਹੌਟਸਪਰਿੰਗ ਦਾ ਪ੍ਰੋਗ੍ਰਾਮ ਕਿਸੇ ਦਿਨ ਫੇਰ ਬਣਾ ਲਵਾਂਗੇ | ਉੱਥੋਂ ਵਾਸਤੇ ਪੂਰਾ ਦਿਨ ਚਾਹੀਦਾ | ਮੈਂ ਕਹਿਨਾਂ ਅੱਜ ਕਲਟਸ ਲੇਕ 'ਤੇ ਹੀ ਚਲੋ |" ਜਲੌਰ ਨੇ ਆਪਣਾ ਵਿਚਾਰ ਦੱਸਿਆ |
"ਜਿਧਰ ਦਾ ਪਹਿਲਾਂ ਪ੍ਰੋਗ੍ਰਾਮ ਬਣਾ ਕੇ ਆਏ ਆਂ, ਉਧਰ ਹੀ ਚਲੋ |" ਪਿੱਛੇ ਬੈਠੀ ਦਰਸ਼ਨਾ ਬੋਲੀ |
ਸੁਖਦੇਵ ਨੇ 'ਓ ਕੇ' ਕਿਹਾ ਤੇ ਵੈਗਨ ਨੂੰ ਕਲਟਸ ਲੇਕ ਵਾਲੀ ਸੜਕ ਪਾ ਲਿਆ | 
   ਜੰਗਲ ਦੇ ਵਿਚਦੀ ਮੋੜ ਕਟਦੀ ਹੋਈ ਵੈਗਨ ਕਲਟਸ ਲੇਕ 'ਤੇ ਪਹੁੰਚ ਗਈ | ਵੈਗਨ ਵਿਚੋਂ ਨਿਕਲ ਕੇ ਝੀਲ ਵੱਲ ਨਿਗਾਹ ਮਾਰੀ ਤਾਂ ਉਹਨਾਂ ਦੇਖਿਆ ਕਿ ਬਹੁਤ ਸਾਰੇ ਲੋਕ ਬੇੜੀਆਂ, ਕਿਸ਼ਤੀਆਂ ਤੇ ਮੋਟਰ ਬੋਟਾਂ ਵਿਚ ਬੈਠ ਕੇ ਝੀਲ ਦੀ ਸੈਰ ਕਰ ਰਹੇ ਸਨ | ਕਈ ਝੀਲ ਦੇ ਕਿਨਾਰੇ ਨੰਗੇ ਪਿੰਡੀਂ ਧੁਪ ਸੇਕ ਰਹੇ ਸਨ | ਕਈ ਤੈਰਾਕੀ ਦੇ ਕਪੜੇ ਪਾ, ਝੀਲ ਵਿਚ ਤਾਰੀਆਂ ਲਾ ਰਹੇ ਸਨ | ਤੈਰਾਕੀ ਲਈ ਝੀਲ ਵਿਚ ਕੁਝ ਦੂਰੀ ਤਕ ਨਿਸ਼ਾਨੀਆਂ ਲਾ ਕੇ ਨਹਾਉਣ ਲਈ ਅਰਧ ਗੋਲਾਕਾਰ ਹੱਦ ਮਿਥੀ ਹੋਈ ਸੀ, ਜਿਸ ਤੋਂ ਅਗਾਂਹ ਤਾਰੀ ਲਾਉਣ ਦੀ ਮਨਾਹੀ ਸੀ | ਇਕ ਪਾਸੇ ਰੇਤ ਉਪਰ ਨੰਗੇ ਪਿੰਡੀਂ ਵਾਲੀਬਾਲ ਖੇਡਿਆ ਜਾ ਰਿਹਾ ਸੀ ਤੇ ਆਲੇ ਦੁਆਲੇ ਦਰਸ਼ਕਾਂ ਦੀ ਚੋਖੀ ਭੀੜ ਸੀ | ਕਿਸੇ ਪਾਸੇ ਕੋਈ ਬਾਰਬੀਕਿਊ ਕਰ ਰਿਹਾ ਸੀ ਤੇ ਉਸ ਦੇ ਸੰਗੀ ਸਾਥੀ ਦਰਖਤਾਂ ਹੇਠ ਚਟਾਈਆਂ ਵਿਛਾਈ ਬੈਠੇ, ਭੁੱਨਿਆ ਚਿਕਨ ਖਾ ਰਹੇ ਸਨ | ਕਈ ਮੁੰਡੇ ਕੁੜੀਆਂ ਇਕ ਦੂਜੇ ਨੂੰ ਗਲਵਕੜੀ ਪਾਈ, ਲੋਕਾਂ ਦੀਆਂ ਨਜ਼ਰਾਂ ਤੋਂ ਬੇਪਰਵਾਹ, ਪਿਆਰ ਕਲੋਲਾਂ ਵਿਚ ਮਸਤ ਸਨ | ਝੀਲ ਕਿਨਾਰੇ ਮੇਲੇ ਵਰਗਾ ਮਾਹੌਲ ਸੀ | ਉਹ ਵੀ ਇਸ ਮੇਲੇ ਵਿਚ ਸ਼ਾਮਲ ਹੋ ਗਏ | ਉਹ ਬੱਚਿਆਂ ਦੀਆਂ ਉਂਗਲੀਆਂ ਫੜੀ ਕੁਝ ਦੂਰ ਹੀ ਗਏ ਸਨ ਕਿ ਕਿੰਦ ਆਪਣੀ ਮਾਂ ਦਾ ਹੱਥ ਝਜਕਦਾ ਹੋਇਆ ਬੋਲਿਆ, "ਮਾਮ, ਕੁਝ ਖਾਣਾ ਆਂ |"
"ਜਿਹੜੇ ਤੇਰੇ ਕੋਲ ਚਿਪਸ ਸੀਗੇ?" ਦਰਸ਼ਨਾ ਨੇ ਪੁੱਛਿਆ | 
"ਉਹ ਤਾਂ ਵੈਗਨ 'ਚ ਆ |" ਕਿੰਦ ਨੇ ਹੌਲੀ ਜਿਹੇ ਕਿਹਾ |
"ਚਲੋ, ਪਹਿਲਾਂ ਕੁਝ ਖਾ ਪੀ ਲਵੋ, ਬੋਟਿੰਗ ਵਾਲੇ ਪਾਸੇ ਫੇਰ ਹੀ ਜਾਵਾਂਗੇ |" ਸੁਖਦੇਵ ਪਿਛਾਂਹ ਮੁੜਦਾ ਬੋਲਿਆ |
   ਉਹਨਾਂ ਨੇ ਵੈਗਨ ਵਿਚੋਂ ਖਾਣੇ ਦਾ ਸਮਾਨ ਕੱਢ ਕੇ ਇਕ ਓਕ ਦੇ ਦਰਖਤ ਕੋਲ ਬਣੇ ਬੈਂਚ ਉਪਰ ਜਾ ਰੱਖਿਆ | ਖਾਣੇ ਦਾ ਸਮਾਨ ਦੇਖ ਕੇ ਨੇੜਲੇ ਬੈਂਚ ਉਪਰ ਬੈਠੇ ਚਾਰ ਮੁੰਡੇ, ਜਿੰਨ੍ਹਾਂ ਨੇ ਇਕੱਲੀਆਂ ਨਿੱਕਰਾਂ ਹੀ ਪਾਈਆਂ ਹੋਈਆਂ ਸਨ, ਉਥੋਂ ਉਠ ਕੇ ਉਹ ਦੂਰ ਇਕ ਹੋਰ ਬੈਂਚ ਉਪਰ ਜਾ ਬੈਠੇ | 
"ਦੇਖੋ, ਇਨ੍ਹਾਂ ਲੋਕਾਂ ਵਿਚ ਕਿਵੇਂ ਨਫਰਤ ਕੁੱਟ ਕੁੱਟ ਕੇ ਭਰੀ ਹੋਈ ਏ | ਅਸੀਂ ਤਾਂ ਅਜੇ ਕੋਈ ਡੱਬਾ ਖੋਲ੍ਹਿਆ ਵੀ ਨਹੀਂ ਸੀ ਤੇ ਇਨ੍ਹਾਂ ਨੂੰ ਸਮੈੱਲ ਪਹਿਲਾਂ ਹੀ ਆਉਣ ਲੱਗ ਪਈ |" ਸਰਬੀ ਨੇ ਮੱਥੇ ਵੱਟ ਪਾਉਂਦਿਆਂ ਕਿਹਾ |
"ਦੇਖ, ਕਿਵੇਂ ਚੋਰ ਅੱਖ ਨਾਲ ਏਧਰ ਦੇਖਦੇ ਐ, ਜਿਵੇਂ ਅਸੀਂ ਆਲੂਆਂ ਵਾਲੇ ਪਰੌਠੇ ਖਾਣ ਲੱਗੇ ਹਾਂ |" ਦਰਸ਼ਨਾ ਬੱਚਿਆਂ ਨੂੰ, ਨੈਪਕਿਨ ਵਿਚ ਲਪੇਟ ਕੇ, ਇਕ ਇਕ ਹੌਟਡੌਗ ਫੜਾਉਂਦਿਆਂ ਬੋਲੀ | 
"ਕਿਉਂ ਐਵੇਂ ਹਰੇਕ ਗੋਰੇ 'ਤੇ ਹੀ ਸ਼ੱਕ ਕਰਨ ਲਾਗ ਜਾਂਦੇ ਓ ਕਿ ਉਹ ਥੋਨੂੰ ਨਫਰਤ ਨਾਲ ਹੀ ਦੇਖ ਰਿਹਾ | ਕੀ ਪਤਾ ਉਹ ਇੱਥੋਂ ਇਸ ਕਰਕੇ ਉਠ ਕੇ ਦੂਰ ਚਲੇ ਗਏ ਹੋਣ ਤਾਂ ਜੋ ਆਪਾਂ ਇੱਥੇ ਬੈਠ ਕੇ ਅਰਾਮ ਨਾਲ ਖਾਣਾ ਖਾ ਸਕੀਏ |" ਜਲੌਰ ਨੇ ਉਹਨਾਂ ਦੀ ਗੱਲ ਨੂੰ ਟੋਕਦਿਆਂ ਕਿਹਾ | 
"ਪਰ ਮੈਨੂੰ ਅਹਿ ਤੁਹਾਡੇ ਅਰਾਮ ਦਾ ਖਿਆਲ ਰਖਣ ਵਾਲੇ ਸਭਿਅਕ ਗੋਰੇ ਨਹੀਂ ਦਿਸਦੇ |" ਸਰਬੀ ਨੇ ਜਲੌਰ ਦੀ ਕਹੀ ਗੱਲ ਦਾ ਬੁਰਾ ਮਨਾਇਆ |
"ਕਿਵੇਂ ਮੱਥੇ ਵੱਟ ਪਾ ਕੇ ਘ੍ਰਿਨਾ ਨਾਲ ਦੇਖਦੇ ਹੋਏ ਆਪਣੇ ਕੋਲੋਂ ਦੀ ਲੰਘੇ ਸੀ ਇਹ, ਜਿਵੇਂ ਆਪਾਂ ਕੋਈ ਅਛੂਤ ਹੁੰਨੇ ਆਂ! ਹੁਣ ਵੀ ਉਹ ਸਿਗਰਟਾਂ ਫੂਕੀ ਜਾਂਦੇ ਨੇ ਤਾਂ ਜੋ ਧੂਆਂ ਇਧਰ ਨੂੰ ਆਵੇ |" ਦਰਸ਼ਨਾ ਨੇ ਟੇਢਾ ਜਿਹਾ ਉਹਨਾਂ ਵੱਲ ਝਾਕਦਿਆਂ ਕਿਹਾ |  
"ਕਿਉਂ ਐਵੇਂ ਬਹਿਸ ਵਿਚ ਪੈ ਗਏ, ਉਹਨਾਂ ਨੇ ਆਪਾਂ ਨੂੰ ਕੁੱਝ ਕਿਹਾ ਤਾਂ ਨਹੀਂ? ਜੇ ਉਹ ਕੁੱਝ ਮੰਦਾ ਚੰਗਾ ਬੋਲੇ ਤਾਂ ਸਾਨੂੰ ਅਜੇਹੇ ਬੰਦਿਆ ਨਾਲ ਨਿਪਟਣਾ ਆਉਂਦੈ | ਲੋਇਰਮੇਨਲੈਂਡ ਦੇ ਨਸਲਵਾਦੀਆਂ ਨੇ ਸਾਡੇ ਹੱਥ ਦੇਖ ਹੀ ਲਏ ਐ | ਹੁਣ ਚੁੱਪ ਕਰਕੇ ਰੋਟੀ ਖਾਓ ਤੇ ਫੇਰ ਜੁਆਕਾਂ ਨੂੰ ਬੋਟ ਵਿਚ ਘੁਮਾ ਕੇ ਘਰਾਂ ਨੂੰ ਚੱਲੀਏ |" ਬਰਗਰ ਨੂੰ ਦੰਦੀ ਵਢਦਾ ਹੋਇਆ ਸੁਖਦੇਵ ਬੋਲਿਆ |
"ਬੋਟਿੰਗ ਤੋਂ ਮਗਰੋਂ ਬੱਚਿਆਂ ਨੂੰ ਸਵਿਮਿੰਗ ਵੀ ਕਰਵਾਉਣੀ ਆ | ਉਹ ਸਵਿਮਿੰਗ ਸੂਟ ਨਾਲ ਲੈ ਕੇ ਆਏ ਆ | ਇਨ੍ਹਾਂ ਕਰਕੇ ਆਪਾਂ ਵੀ ਦੋ ਤਾਰੀਆਂ ਲਾ ਲਵਾਂਗੇ |" ਜਲੌਰ ਨੇ ਬੁੱਲ੍ਹਾਂ 'ਤੇ ਮੁਸਕਾਨ ਲਿਆਉਂਦਿਆਂ ਕਿਸ਼ਤੀ ਦੀ ਸੈਰ ਦੇ ਨਾਲ ਤੈਰਾਕੀ ਵਾਲੀ ਗੱਲ ਜੋੜ ਦਿੱਤੀ | ਤੈਰਾਕੀ ਤੋਂ ਉਸ ਨੂੰ ਇਕ ਪੁਰਾਣੀ ਗੱਲ ਯਾਦ ਆ ਗਈ ਸੀ |
   ਸਕੂਲ ਵਿਚ ਪੜ੍ਹਦਿਆਂ ਸੌਕਰ ਤੇ ਤੈਰਾਕੀ ਜਲੌਰ ਦੀਆਂ ਮਨਭਾਉਂਦੀਆਂ ਖੇਡਾਂ ਸਨ ਪਰ ਮੇਹਰ ਸਿੰਘ ਦੀ ਮੌਤ ਤੋਂ ਬਾਅਦ ਸਕੂਲ ਛੱਡਣ ਦੇ ਨਾਲ ਹੀ ਇਹ ਖੇਡਾਂ ਵੀ ਉਸ ਕੋਲੋਂ ਛੁੱਟ ਗਈਆਂ ਸਨ | ਸੌਕਰ ਕਲੱਬ ਦਾ ਤਾਂ ਉਹ ਮੈਂਬਰ ਨਹੀਂ ਸੀ ਬਣ ਸਕਿਆ ਪਰ ਕਦੀ ਕਦਾਈਂ ਗਰਮੀਆਂ ਵਿਚ ਉਹ ਤੈਰਾਕੀ ਵਾਲਾ ਆਪਣਾ ਝਸ ਪੂਰਾ ਕਰ ਲਿਆ ਕਰਦਾ ਸੀ | ਇਕ ਵਾਰ ਉਹ ਨਵੀਂ ਵਿਆਹੀ ਆਈ ਸਰਬੀ ਨੂੰ ਵੀ ਸਮੁੰਦਰੀ ਬੀਚ 'ਤੇ ਲੈ ਕੇ ਆਇਆ ਸੀ | ਉਹ ਬੜੀ ਦੇਰ ਪੈਡਲਾਂ ਵਾਲੀ ਕਿਸ਼ਤੀ ਵਿਚ ਘੁੰਮਦੇ ਰਹੇ ਸਨ | ਬੀਚ 'ਤੇ ਗੋਰੇ ਗੋਰੀਆਂ ਨੂੰ ਨਹਾਉਂਦਿਆਂ ਦੇਖ ਜਲੌਰ ਨੇ ਹਾਸੇ ਹਾਸੇ ਵਿਚ ਕਿਹਾ ਸੀ, "ਆ ਜਾ ਸਰਬੀ ਆਪਾਂ ਵੀ ਸਮੁੰਦਰ ਵਿਚ ਦੋ ਤਾਰੀਆਂ ਲਾਈਏ |"
"ਨਾ, ਬਾਬਾ ਨਾ, ਸੰਗ ਨਹੀਂ ਆਉਂਦੀ ਥੋਨੂੰ ਇਹ ਗੱਲ ਕਹਿੰਦਿਆਂ | ਮੇਰੇ ਕੋਲੋਂ ਇਨ੍ਹਾਂ ਵਰਗੀ ਬੇਸ਼ਰਮ ਨਹੀਂ ਬਣਿਆ ਜਾਂਦਾ |" ਸਰਬੀ ਨੇ ਨੱਕ ਚੜ੍ਹਾਉਂਦਿਆਂ ਕਿਹਾ ਸੀ |
"ਬੰਦਿਆਂ ਵਾਂਗ ਜੇ ਔਰਤਾਂ ਵੀ ਖੁੱਲ੍ਹੇ ਵਿਚ ਨਹਾ ਰਹੀਆਂ ਨੇ ਤਾਂ ਇਹ ਕੋਈ ਬੇਸ਼ਰਮੀ ਵਾਲੀ ਗੱਲ ਨਹੀਂ | ਇਹ ਇਹਨਾਂ ਦੇ ਮਨ ਦੀ ਮੌਜ ਆ ਤੇ ਮਨ ਦੀ ਮੌਜ ਨੂੰ ਬੇਸ਼ਰਮੀ ਨਹੀਂ ਕਹਿੰਦੇ | ਤੂੰ ਕਪੜੇ ਨਾ ਲਾਹੀਂ, ਆ, ਨਹਾ ਤਾਂ ਲੈ |" ਜਲੌਰ ਆਪਣੇ ਕਪੜੇ ਉਤਾਰਦਾ ਹੋਇਆ ਬੋਲਿਆ ਸੀ |
"ਨਾ ਬਾਬਾ, ਨਾ, ਸਰੋਵਰ ਦੇ ਇਸ਼ਨਾਨ ਤੋਂ ਬਿਨਾਂ, ਮੈਂ ਤਾਂ ਕਦੇ ਛੱਪੜ ਵਿਚ ਵੀ ਪੈਰ ਨਹੀਂ ਪਾਇਆ , ਇਹ ਤਾਂ ਸਮੁੰਦਰ ਐ |" ਸਰਬੀ ਉਸ ਕੋਲੋਂ ਪਿਛਾਂਹ ਨੂੰ ਹਟਦੀ ਬੋਲੀ |
   ਫੇਰ ਵੀ ਸਰਬੀ ਦੇ ਨਾ, ਨਾ, ਕਹਿੰਦਿਆਂ ਜਲੌਰ ਨੇ ਸਣਕਪੜੀਂ ਉਸ ਦੇ ਪਾਣੀ ਵਿਚ ਦੋ ਗੋਤੇ ਲੁਆ ਹੀ ਦਿੱਤੇ ਸਨ ਅਤੇ ਉਹ ਬੜੀ ਮੁਸ਼ਕਲ ਨਾਲ ਉਸ ਕੋਲੋਂ ਖਹਿੜਾ ਛੁਡਾ ਕੇ ਕੰਢੇ ਉਪਰ ਆਈ ਸੀ | ਮੁੜ ਆਪ ਉਹ ਕੁਝ ਦੇਰ ਸਮੁੰਦਰ ਵਿਚ ਤਾਰੀਆਂ ਲਾਉਂਦਾ ਰਿਹਾ ਸੀ ਤੇ ਸਰਬੀ ਕਿਨਾਰੇ 'ਤੇ ਖੜ੍ਹੀ ਉਸ ਵੱਲ ਦੇਖ ਦੇਖ ਮੁਕਾਰਉਂਦੀ ਰਹੀ ਸੀ | ਉਸ ਤੋਂ ਮਗਰੋਂੋਂ ਫਿਰ ਉਹਨਾਂ ਨੂੰ ਕਿਸ਼ਤੀ ਦੀ ਸੈਰ ਕਰਨ ਦਾ ਸਮਾਂ ਘਟ ਹੀ ਮਿਲਿਆ ਸੀ | ਇਹ ਗੱਲ ਯਾਦ ਆਉਂਦਿਆਂ ਹੀ ਜਲੌਰ ਦੇ ਚਿਹਰੇ 'ਤੇ ਮੁਸਕਾਨ ਆ ਗਈ ਤੇ ਉਸ ਨੇ ਕੁਨੱਖੀ ਜਿਹੀ ਅੱਖ ਨਾਲ ਸਰਬੀ ਵੱਲ ਦੇਖਿਆ | ਉਸ ਨੂੰ ਆਪਣੇ ਵੱਲ ਝਾਕਦਿਆਂ ਦੇਖ ਸਰਬੀ ਨੇ ਮੁਸਕਰਾ ਕੇ ਨੀਵੀਂ ਪਾ ਲਈ | ਸ਼ਾਇਦ ਉਸ ਨੂੰ ਵੀ ਉਹੋ ਗੱਲ ਯਾਦ ਆ ਗਈ ਹੋਵੇ | ਫੇਰ ਉਹ ਇਧਰ ਉਧਰ ਦੇਖਦੀ ਹੋਈ ਬੋਲੀ, "ਨਿਆਣੇ ਕਿਧਰ ਚਲੇ ਗਏ?"
"ਅਹੁ, ਸਾਹਮਣੇ ਤਾਂ ਖੇਡ ਰਹੇ ਐ, ਬਰਗਰ ਖਾਂਦੀ ਦਾ ਤੇਰਾ ਧਿਆਨ ਈ ਕਿਸੇ ਹੋਰ ਪਾਸੇ ਚਲਾ ਗਿਐ | ਚਲ ਛੇਤੀ ਛੇਤੀ ਫਨਿਸ਼ ਕਰ ਤੇ ਫੇਰ ਸਾਰਾ ਨਿਕ ਸੁਕ ਸਾਂਭੀਏ |" ਦਰਸ਼ਨਾ ਨੇ ਜੂਠੀਆਂ ਪਲੇਟਾਂ ਬੈਗ ਵਿਚ ਪਾਉਂਦੀ ਨੇ ਕਿਹਾ ਅਤੇ ਫਿਰ ਬੱਚਿਆਂ ਨੂੰ ਅਵਾਜ਼ ਮਾਰੀ, "ਬੌਬੀ, ਪੰਮ! ਏਧਰ ਆਓ ਤੇ ਅਹਿ ਸਮਾਨ ਚੁਕ ਕੇ ਵੈਗਨ 'ਚ ਰੱਖੋ |"  
ਪੰਮ ਤੇ ਕਿੰਦ ਭੱਜ ਕੇ ਆਪਣੀ ਮਾਂ ਕੋਲ ਆ ਗਏ ਤੇ ਪੰਮ ਨੇ ਆਪਣੀ ਮਾਂ ਕੋਲੋਂ ਪੁੱਛਿਆ, "ਮੌਮ, ਤੀਜੀ ਦੁਨੀਆ ਕਿੱਥੇ ਆ ਤੇ ਉਸ ਦੇ ਦੇਸ਼ ਕਿਹੜੇ ਆ?"
"ਇਹ ਤੂੰ ਕਿਉਂ ਪੁੱਛ ਰਹੀ ਹੈਂ?" ਦਰਸ਼ਨਾ ਨੇ ਉਲਟਾ ਉਸ ਉਪਰ ਹੀ ਸਵਾਲ ਕਰ ਦਿੱਤਾ |
"ਅਹੁ, ਜਿਹੜੇ ਬੰਦੇ ਬੈਂਚ ਉਪਰ ਬੈਠੇ ਇਆ, ਉਹਨਾਂ ਵਿਚੋਂ ਇਕ ਕਹਿ ਰਿਹਾ ਸੀ, 'ਦੇਖੋ, ਇਹ ਤੀਜੀ ਦੁਨੀਆ ਦੇ ਘਟੀਆ ਲੋਕ ਇੱਥੇ ਆ ਕੇ ਕਿਵੇਂ ਗੰਦ ਪਾ ਰਹੇ ਐ |" ਪੰਮ ਨੇ ਦੱਸਿਆ |
"ਤੈਨੂੰ ਮੈਂ ਤੀਜੀ ਦੁਨੀਆ ਬਾਰੇ ਘਰ ਚਲ ਕੇ ਣਿਟੇਲ ਨਾਲ ਸਮਝਾਊਂਗੀ ਪਰ ਪਹਿਲਾਂ ਮੈਂ ਤੇਰੇ ਮਾਸੜ ਕੋਲੋਂ ਕੁੱਝ ਪੁਛਣੈ |" ਅਤੇ ਉਹ ਜਲੌਰ ਨੂੰ ਸੰਬੋਧਨ ਹੁੰਦਿਆਂ ਬੋਲੀ, "ਕਿਉਂ ਜੈਰੀ, ਸੁਣ ਲਿਆ ਤੂੰ! ਜੋ ਪੰਮ ਨੇ ਕਿਹੈ? ਇਹ ਤੇਰੇ ਨਸਲੀ ਸੋਚ ਵਾਲੇ ਸਭਿਅਕ ਲੋਕ, ਤੀਜੀ ਦੁਨੀਆ ਵਾਲਿਆਂ ਨੂੰ ਘਟੀਆਂ ਸਮਝਦੇ ਨੇ ਕਿ ਇਹ ਇੱਥੇ ਆ ਕੇ ਗੰਦ ਪਾ ਰਹੇ ਐ |" 
"ਹਰ ਇਕ ਦੀ ਆਪਣੀ ਆਪਣੀ ਸੋਚ ਆ | ਸਾਰੇ ਇਕੋ ਜਿਹੇ ਨਹੀਂ ਹੁੰਦੇ | ਉਹ ਹੁਣ ਦੇਖ ਹੀ ਲੈਣਗੇ ਕਿ ਆਪਾਂ ਇੱਥੇ ਕਿੰਨਾ ਕੁ ਗੰਦ ਛੱਡ ਕੇ ਚੱਲੇ ਆਂ |" ਜਲੌਰ ਨੇ ਬਿਨਾਂ ਕਿਸੇ ਉਤੇਜਨਾ ਦੇ ਕਿਹਾ | 
"ਉਸ ਦੇ ਨਾਲ ਬੈਠਿਆਂ ਬੰਦਿਆਂ ਵਿਚੋਂ ਕੋਈ ਹੋਰ ਤਾਂ ਨਹੀਂ ਕੁਝ ਬੋਲਿਆ?" ਸੁਖਦੇਵ ਨੇ ਪੰਮ ਕੋਲੋਂ ਪੁੱਛਿਆ |
"ਨਾਹੀਂ |" ਪੰਮ ਨੇ ਸਿਰ ਫੇਰਿਆ |
"ਇਕ ਤਾਂ ਆਪਣੇ ਲੋਕ ਘਰਾਂ ਵਿਚੋਂ ਬਾਹਰ ਨਹੀਂ ਨਿਕਲਦੇ | ਘਰ ਤੋਂ ਕੰਮ 'ਤੇ ਅਤੇ ਕੰਮ ਤੋਂ ਘਰ | ਜੇ ਉਹ ਬਾਹਰ ਅੰਦਰ ਜਾਣ ਆਉਣ ਤਾਂ ਇਨ੍ਹਾਂ ਲੋਕਾਂ ਨੂੰ ਆਪਣੇ ਲੋਕਾਂ ਦੇ ਸੁਭਾਅ ਤੇ ਵਰਤਾਰੇ ਦਾ ਪਤਾ ਲੱਗੇ | ਹੁਣ ਇੱਥੇ ਆਪਾਂ ਤੋਂ ਬਿਨਾਂ ਹੋਰ ਕੋਈ ਪੰਜਾਬੀ ਦਿਸਦੈ | ਇਸੇ ਕਰਕੇ ਆਮ ਲੋਕ ਬਿਨਾਂ ਸੋਚੇ ਸਮਝੇ ਨਸਲਵਾਦੀਆਂ ਦੀਆਂ ਗੱਲਾਂ ਵਿਚ ਆ ਜਾਂਦੇ ਐ | ਇਹ ਵੀ ਕੋਈ ਨਸਲਵਾਦੀ ਹੋਵੇਗਾ ਜਿਹੜਾ ਆਪਣੇ ਨਾਲਦਿਆਂ ਨੂੰ ਭਟਕਾ ਰਿਹਾ ਹੋਵੇਗਾ | ਮੈਂ ਇਨ੍ਹਾਂ ਨਾਲ ਗੱਲ ਕਰਕੇ ਦੇਖਦਾਂ |" ਇਹ ਕਹਿ ਕੇ ਸੁਖਦੇਵ ਉਹਨਾਂ ਗੋਰਿਆਂ ਵੱਲ ਤੁਰਨ ਲੱਗਾ |"  
ਜਲੌਰ ਨੇ ਉਸ ਨੂੰ ਇਹ ਕਹਿ ਕੇ ਰੋਕ ਲਿਆ, "ਛੱਡੋ ਇਸ ਗੱਲ ਨੂੰ, ਆਪਾਂ ਪਿਕਨਿਕ ਦਾ ਸੁਆਦ ਕਿਉਂ ਖਰਾਬ ਕਰਨਾ |" 
   ਪਰ ਉਹਨਾਂ ਦਾ ਮੂਡ ਪਹਿਲਾਂ ਜਿਹਾ ਨਹੀਂ ਸੀ ਰਿਹਾ | ਉਹਨਾਂ ਚੁੱਪ ਕਰਕੇ ਸਮਾਨ ਵੈਗਨ ਵਿਚ ਰੱਖਿਆ ਤੇ ਕਿਸ਼ਤੀ ਘਾਟ ਵੱਲ ਚਲੇ ਗਏ | ਬੱਚੇ ਬੜੇ ਚਾਅ ਨਾਲ ਮੋਟਰ ਬੋਟ ਵਿਚ ਸਵਾਰ ਹੋਏ | ਮੋਟਰ ਬੋਟ ਵਾਲਾ ਉਹਨਾਂ ਨੂੰ ਕਈ ਮੀਲ ਦੂਰ ਤਕ ਝੀਲ ਦੇ ਚੱਕਰ ਲਗਵਾਉਂਦਾ ਰਿਹਾ, ਜਦੋਂ ਸਰਬਜੀਤ ਨੇ ਕਿਹਾ, 'ਮੇਰਾ ਤਾਂ ਚਿੱਤ ਕੱਚਾ ਕੱਚਾ ਜਿਹਾ ਹੋਣ ਲੱਗ ਪਿਆ' ਤਾਂ ਉਹ ਬੋਟ ਨੂੰ ਵਾਪਸ ਕੰਢੇ ਉਪਰ ਲੈ ਆਇਆ | ਬੱਚੇ ਕਿਸ਼ਤੀ ਵਿਚੋਂ ਛਾਲਾਂ ਮਾਰ ਕੇ ਉੱਤਰੇ ਤੇ ਵੈਨ ਵਲ ਦੌੜ ਗਏ | ਦਰਸ਼ਨਾ ਤੇ ਸਰਬੀ ਵੀ ਉਹਨਾਂ ਦੇ ਮਗਰ ਹੀ ਤੁਰ ਪਈਆਂ | 
"ਬੱਚਿਆਂ ਦੇ ਬਾਦਿੰਗ ਸੂਟ ਵੀ ਨਾਲ ਲਈ ਆਉਣਾ, ਸਵਿਮਿੰਗ ਵਾਲਾ ਕੰਮ ਵੀ ਨਬੇੜ ਕੇ ਘਰਾਂ ਨੂੰ ਚੱਲੀਏ |" ਸੁਖਦੇਵ ਨੇ ਤੁਰੀ ਜਾਂਦੀ ਦਰਸ਼ਨਾ ਨੂੰ ਅਵਾਜ਼ ਦਿੱਤੀ |
"ਉਹ ਸਵਿਮਿੰਗ ਸੂਟ ਪਾਉਣ ਗਏ ਐ |" ਦਰਸ਼ਨਾ ਨੇ ਜਵਾਬ ਦਿੱਤਾ | 
   ਉਹ ਹੌਲ਼ੀ ਹੌਲ਼ੀ ਤੁਰਦੇ ਹੋਏ ਤੈਰਾਕੀ ਸਥਾਨ ਕੋਲ ਪਹੁੰਚ ਗਏ ਅਤੇ ਬੱਚੇ ਵੀ ਕਪੜੇ ਉਤਾਰ ਕੇ ਉੱਥੇ ਆ ਗਏ | ਜਦੋਂ ਸੁਖਦੇਵ ਨੇ ਪੰਮ ਨੂੰ ਸਵਿਮਿੰਗ ਸੂਟ ਵਿਚ ਦੇਖਿਆ ਤਾਂ ਬਾਰਾਂ ਸਾਲ ਦੀ ਪੰਮ, ਉਸ ਨੂੰ ਮੁਟਿਆਰ ਹੋਈ ਜਾਪੀ ਤੇ ਉਹ ਉਹਦੇ ਵੱਲ ਦੇਖਣ ਦੀ ਹਿੱਮਤ ਨਾ ਕਰ ਸਕਿਆ | ਬੱਚਿਆਂ ਦੇ ਮਗਰ ਦਰਸ਼ਨਾ ਤੇ ਸਰਬੀ ਵੀ ਪਹੁੰਚ ਗਈਆਂ | "ਨਿਆਣਿਆਂ ਨੂੰ ਇਕੱਲਿਆਂ ਨਹੀਂ ਨਹਾਉਣ ਦੇਣਾ, ਤੁਸੀਂ ਵੀ ਇਨ੍ਹਾਂ ਨਾਲ ਨਹਾ ਲਵੋ |" ਦਰਸ਼ਨਾ ਨੇ ਕਿਹਾ |
   ਜਲੌਰ ਤਾਂ ਪਹਿਲਾਂ ਹੀ ਤਿਆਰ ਹੋ ਕੇ ਆਇਆ ਸੀ | ਉਸ ਨੇ ਸੁਖਦੇਵ ਨੂੰ ਵੀ ਨਹਾਉਣ ਲਈ ਕਿਹਾ ਪਰ ਉਹ ਝੀਲ ਵਿਚ ਵੜਨ ਲਈ ਤਿਆਰ ਨਾ ਹੋਇਆ | ਜਲੌਰ ਨੇ ਤਿੰਨਾ ਬੱਚਿਆਂ ਨੂੰ ਤੈਰਨ ਵਾਲੀਆਂ ਰਬੜ ਟਿਊਬਾਂ ਦੇ ਦਿੱਤੀਆਂ ਅਤੇ ਉਹ ਉਹਨਾਂ ਦੇ ਨਾਲ ਨਾਲ ਤਾਰੀਆਂ ਲਾਉਣ ਲੱਗਾ | ਬੱਚੇ ਕਿਨਾਰੇ ਦੇ ਨੇੜੇ ਨੇੜੇ ਹੀ ਤੈਰ ਰਹੇ ਸਨ | ਕਈ ਵਾਰ ਉਹ ਬੱਚਿਆਂ ਨੂੰ ਪਿਛਾਂਹ ਛੱਡ ਦੂਰ ਤਕ ਤਾਰੀ ਲਾ ਆਉਂਦਾ | ਇਕ ਨਵ ਵਿਆਹਿਆ ਜੋੜਾ ਉਸ ਦੀ ਨਜ਼ਰ ਪਿਆ, ਜਿਹੜਾ ਪੈਡਲਾਂ ਵਾਲੀ ਕਿਸ਼ਤੀ ਵਿਚ ਚੁਹਲ ਮੁਹਲ ਕਰਦਾ ਹੋਇਆ ਕਿਸ਼ਤੀ ਨੂੰ ਇਧਰ ਉਧਰ ਘੁਮਾਈ ਫਿਰਦਾ ਸੀ | ਉਸ ਦੀ ਨਿਗਾਹ ਬਾਰ ਬਾਰ ਉਸ ਜੋੜੇ ਵੱਲ ਜਾਣ ਲੱਗੀ | ਉਸ ਦੀ ਇਕ ਅੱਖ ਇਸ ਜੋੜੇ ਵੱਲ ਹੁੰਦੀ ਤੇ ਇਕ ਅੱਖ ਆਪਣੇ ਬੱਚਿਆਂ ਵੱਲ | ਉਹਨਾਂ ਨੂੰ ਦੇਖ ਕੇ ਮੁੜ ਉਸ ਨੂੰ ਸਰਬੀ ਨਾਲ ਇਸ ਤਰ੍ਹਾਂ ਦੀ ਕਿਸ਼ਤੀ ਵਿਚ ਕੀਤੀ ਸੈਰ ਯਾਦ ਆ ਗਈ ਸੀ | ਉਹ ਪੁੱਠੀਆਂ ਸਿੱਧੀਆਂ ਤਾਰੀਆਂ ਲਾਉਂਦਾ ਬੱਚਿਆਂ ਤੋਂ ਦੂਰ ਨਿਕਲ ਗਿਆ ਸੀ | ਇਸ ਵਾਰ ਉਸ ਜੋੜੇ ਵਾਲੀ ਕਿਸ਼ਤੀ ਉਸ ਦੇ ਕੋਲ ਦੀ ਲੰਘੀ ਫੇਰ ਇਕ ਦਮ ਪਿਛਾਂਹ ਨੂੰ ਘੁੰਮੀ ਅਤੇ ਉਲਟ ਗਈ | ਜਲੌਰ ਬਿਨਾਂ ਦੇਰੀ ਕੀਤੇ, ਕਿਸ਼ਤੀ ਦੇ ਕੋਲ਼ ਪਹੁੰਚ ਗਿਆ ਅਤੇ ਜੋਰ ਨਾਲ ਕਿਸ਼ਤੀ ਨੂੰ ਧੱਕਿਆ | ਕਿਸ਼ਤੀ ਤੋਂ ਥੋੜੀ ਦੂਰ ਉਸ ਨੂੰ ਮੁੰਡਾ ਪਾਣੀ ਦੀ ਸਤਹ ਉਪਰ ਆਇਆ ਦਿਸ ਪਿਆ | ਉਸ ਨੇ ਝੱਟ ਉਸ ਨੂੰ ਮੋਢਿਆਂ ਤੋਂ ਫੜ ਕੇ ਉਤਾਂਹ ਉਛਾਲ ਦਿੱਤਾ ਅਤੇ ਫੇਰ ਉਸ ਨੂੰ ਸਹਾਰਾ ਦੇ ਕੇ ਕੰਢੇ ਵੱਲ ਲਿਆਉਣ ਦੀ ਕੋਸ਼ਸ਼ ਕਰ ਰਿਹਾ ਸੀ ਕਿ ਕੁੜੀ ਪਾਣੀ ਵਿਚੋਂ ਉਭਰੀ ਅਤੇ ਉਸ ਦੇ ਹੱਥ ਵਿਚ ਜਲੌਰ ਦੀ ਲੱਤ ਆ ਗਈ | ਜਲੌਰ ਨੇ ਕੁੜੀ ਕੋਲੋਂ ਆਪਣੀ ਲੱਤ ਛੁਡਾ ਕੇ ਉਸ ਨੂੰ ਵੀ ਆਪਣੇ ਇਕ ਹੱਥ ਦਾ ਸਹਾਰਾ ਦੇਣ ਦੀ ਕੋਸ਼ਸ਼ ਕੀਤੀ ਪਰ ਹੱਥ ਪੈਰ ਮਾਰਦੀ ਕੁੜੀ ਨੇ ਉਸ ਦੀਆਂ ਦੋਹਾਂ ਲੱਤਾਂ ਨੂੰ ਹੀ ਜੱਫਾ ਪਾ ਲਿਆ |
   ਕਿਸ਼ਤੀ ਉਲਟਣ ਸਾਰ ਹੀ ਕੰਢੇ ਉਪਰ ਬਚਾਉ ਬਚਾਉ ਦਾ ਰੌਲ਼ਾ ਪੈ ਗਿਆ | ਸਰਬੀ ਤੇ ਦਰਸ਼ਨਾ ਨੇ ਵੀ ਚੀਕਾਂ ਮਾਰੀਆਂ | ਸੁਖਦੇਵ ਨੇ ਸਣੇ ਕਪੜੀਂ ਪਾਣੀ ਵਿਚ ਛਾਲ ਮਾਰੀ ਅਤੇ ਬੱਚਿਆਂ ਨੂੰ ਬਾਹਰ ਲੈ ਆਇਆ | ਉਸੇ ਵੇਲੇ ਗੌਤਾ ਖ਼ੋਰਾਂ ਨੇ ਝੱਟ ਪਾਣੀ ਵਿਚ ਛਾਲ਼ਾਂ ਮਾਰ ਦਿੱਤੀਆਂ ਅਤੇ ਬਚਾਉ ਗਾਰਡ ਵੀ ਕਿਸ਼ਤੀ ਲੈ ਕੇ Aੁੱਥੇ ਪਹੁੰਚ ਗਏ ਪਰ ਉਹਨਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਤਿੰਨਾਂ ਨੂੰ ਹੀ ਝੀਲ ਨੇ ਆਪਣੀ ਬੁੱਕਲ਼ ਵਿਚ ਸਮਾ ਲਿਆ ਸੀ | 
                                             *************************
ਪੈ ਗਏ ਮਾਮਲੇ ਭਾਰੀ
ਜੈਰੀ ਦੀ ਅਣਕਿਆਸੀ ਮੌਤ ਨਾਲ ਸਰਬੀ ਦੀ ਜ਼ਿੰਦਗੀ ਦੇ ਸਭ ਸੁਪਨੇ ਢਹਿ ਢੇਰੀ ਹੋ ਕੇ ਰਹਿ ਗਏ | ਉਸ ਨੂੰ ਜਾਪਿਆ, ਜਿਵੇਂ ਇਕ ਭਿਆਨਕ ਭੁਚਾਲ ਨੇ ਉਸ ਦਾ ਸਭ ਕੁਝ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੋਵੇ | ਉਸ ਦੀ ਸਮਝ ਵਿਚ ਨਹੀਂ ਸੀ ਆਉਂਦਾ ਕਿ ਜੈਰੀ ਤੋਂ ਬਿਨਾਂ ਉਹ ਕਰੇ ਤਾਂ ਕੀ ਕਰੇ? ਉਹ ਜਾਵੇ ਤਾਂ ਹੁਣ ਕਿਧਰ ਜਾਵੇ? ਉਹ ਕਦੀ ਸਾਰਾ ਦਿਨ ਬੈਠੀ ਰੋਈ ਹੀ ਜਾਂਦੀ ਜਾਂ ਕਦੀ ਕਦੀ ਚੁੱਪ ਚਾਪ, ਕਮਲਿਆਂ ਵਾਂਗ, ਆਲ਼ੇ ਦੁਆਲ਼ੇ, ਦੇਖੀ ਜਾਂਦੀ | ਜੇ ਕਰ ਬੌਬੀ ਉਸ ਦੇ ਕੋਲ ਆ ਕੇ ਬੈਠ ਜਾਂਦਾ ਤਾਂ ਉਹ ਉਸ ਵੱਲ ਵੀ ਕੋਈ ਧਿਆਨ ਨਾ ਦਿੰਦੀ | ਇਸ ਅਕਹਿ ਤੇ ਅਸਹਿ ਸਦਮੇ ਕਾਰਨ ਬਣੀ ਉਸ ਦੀ ਇਸ ਤਰ੍ਹਾਂ ਦੀ ਹਾਲਤ ਨੂੰ ਦੇਖਦਿਆਂ, ਦਰਸ਼ਨਾ ਉਸ ਨੂੰ ਆਪਣੇ ਘਰ ਹੀ ਲੈ ਆਈ ਸੀ ਅਤੇ ਪਰਛਾਵੇਂ ਵਾਂਗ ਸਦਾ ਉਸ ਦੇ ਨਾਲ ਰਹਿੰਦੀ | ਉਸ ਦੇ ਸੜਦੇ, ਬਲ਼ਦੇ ਤੇ ਤੜਫਦੇ ਦਿਲ ਨੂੰ ਸ਼ਾਂਤ ਕਰਨ ਲਈ ਚੁਣ ਚੁਣ ਕੇ ਧਰਵਾਸ ਦੇ ਸ਼ਬਦ ਵਰਤਦੀ | ਇਕ ਦਿਨ ਬੜੇ ਪਿਆਰ ਨਾਲ ਉਸ ਨੂੰ ਸਮਝਾਉਣ ਲੱਗੀ, "ਸਰਬੀ, ਤੂੰ ਆਪਣੀ ਹਾਲਤ ਦੇਖ ਕੀ ਬਣਾ ਲਈ ਇਆ | ਮਰ ਗਿਆਂ ਨਾਲ ਕਦੀ ਮਰਿਆ ਨਹੀਂ ਜਾਂਦਾ | ਜੈਰੀ ਦੀ ਮੌਤ ਕੋਈ ਸਾਧਾਰਨ ਮੌਤ ਨਹੀਂ ਸੀ | ਉਹ ਤਾਂ ਦੂਸਰਿਆਂ ਦੀ ਜਾਨ ਬਚਾਉਂਦਾ ਸ਼ਹੀਦ ਹੋਇਆ | ਸ਼ਹੀਦ ਦੀ ਮੌਤ ਤਾਂ ਮਾਣ ਤੇ ਸਨਮਾਨ ਵਾਲੀ ਹੁੰਦੀ ਇਆ, ਸ਼ਹੀਦ ਦੀ ਮੌਤ 'ਤੇ ਵਿਰਲਾਪ ਨਹੀਂ ਕਰੀਦਾ | ਜੇ ਤੇਰੀ ਇਹੋ ਹਾਲਤ ਰਹੀ ਤਾਂ ਤੂੰ ਕਿਸੇ ਦਿਨ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇਂਗੀ |" 
"ਦੀਦੀ, ਮਰ ਗਿਆਂ ਨਾਲ ਕਿਉਂ ਨਹੀਂ ਮਰਿਆ ਜਾ ਸਕਦਾ? ਜੇ ਜੈਰੀ ਨਹੀਂ ਰਿਹਾ ਤਾਂ ਮੇਰਾ ਵੀ ਇਸ ਧਰਤੀ 'ਤੇ ਰਹਿਣ ਦਾ ਕੋਈ ਪਰਪਜ਼ ਨਹੀਂ ਰਹਿ ਜਾਂਦਾ | ਮੈਂ ਵੀ ਹੁਣ ਇਸ ਦੁਨੀਆਂ 'ਤੇ ਨਹੀਂ ਰਹਿਣਾ | ਮੈਂ ਤਾਂ ਬਸ ਹੁਣ ਦੋ ਚਾਰ ਦਿਨ ਦੀ ਹੀ ਪ੍ਰਾਹੁਣੀ ਆਂ |"
"ਸਰਬੇ! ਤੂੰ ਦੋ ਚਾਰ ਦਿਨ ਦੀ ਪ੍ਰਾਹੁਣੀ ਕਿਉਂ ਐਂ ਤੇ ਤੇਰੇ ਜਿਉਣ ਦਾ ਮਕਸਦ ਕਿਉਂ ਨਹੀਂ ਰਹਿ ਜਾਂਦਾ? ਜ਼ਿੰਦਗੀ ਤੋਂ ਇਸ ਤਰ੍ਹਾਂ ਉਪਰਾਮ ਨਹੀਂ ਹੋ ਜਾਈਦਾ | ਏਸ ਫੁੱਲ ਭਰ ਨਿਆਣੇ ਵੱਲ ਦੇਖ, ਕੀ ਤੂੰ ਇਸ ਨੂੰ ਗਲੀਆਂ ਵਿਚ ਰੁਲ਼ਨ ਲਈ ਤੇ ਦਰ ਦਰ ਦੀਆਂ ਠੋਕਰ੍ਹ੍ਰਾਂ ਖਾਣ ਲਈ ਛੱਡ ਕੇ ਜਾਣਾ ਚਾਹੁਨੀ ਐਂ? ਤੂੰ ਆਪਣੇ ਪਿੱਛੇ ਵੱਲ ਝਾਤੀ ਮਾਰ ਕੇ ਦੇਖ, ਤੇਰੀ ਸੱਸ ਭਰ ਜੁਆਨੀ ਵਿਚ ਸਿਰੋਂ ਨੰਗੀ ਹੋ ਗਈ ਸੀ ਪਰ ਉਸ ਨੇ ਤਾਂ ਨਹੀਂ ਸੀ ਇਸ ਤਰ੍ਹਾਂ ਮਰਨ ਬਾਰੇ ਸੋਚਿਆ | ਉਸ ਨੇ ਆਪਣੀ ਸਾਰੀ ਜੁਆਨੀ ਜੈਰੀ ਹੁਰਾਂ ਤੋਂ ਕੁਰਬਾਨ ਕਰ ਦਿੱਤੀ ਸੀ | ਉਸ ਨੇ ਤੈਨੂੰ ਆਪਣੀ ਤੇ ਆਪਣੀ ਸੱਸ ਦੀ ਸਾਰੀ ਕਹਾਣੀ ਸੁਣਾਈ ਹੋਈ ਤਾਂ ਹੈ ਕਿ ਕਿਵੇਂ ਉਹਨਾਂ ਨੇ ਦਸੌਂਟੇ ਕੱਟ ਕੇ ਆਪਣੇ ਬੱਚਿਆਂ ਦੀ ਪਾਲਣਾ ਕੀਤੀ | ਤੂੰ ਵੀ ਉਹਨਾਂ ਦੀ ਹੀ ਨੋਂਹ ਧੀ ਐਂ | ਤੈਨੂੰ ਬੌਬੀ ਦੀ ਖਾਤਰ ਜਿਉਣਾ ਪੈਣੈ |"
"ਦੀਦੀ, ਜੈਰੀ ਦੀ ਮੌਤ ਨੇ ਤਾਂ ਮੇਰਾ ਸਾਰਾ ਜੀਵਨ ਹੀ ਹਨੇਰ ਕਰਕੇ ਰਖ ਦਿੱਤਾ | ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਹਨੇਰੇ ਵਿਚ ਮੈਂ ਕਿਵੇਂ ਜਿਉਂਦੀ ਰਹਿ ਸਕਦੀ ਆਂ?"
"ਜ਼ਿੰਦਗੀ ਤੇ ਮੌਤ ਤਾਂ ਹੈ ਹੀ ਚਾਨਣ ਤੇ ਹਨੇਰ ਵਰਗੇ | ਜੇ ਤੂੰ ਇਸੇ ਤਰ੍ਹਾਂ ਦਿਲ ਛੱਡ ਕੇ ਬੈਠੀ ਰਹੀ ਤਾਂ ਹਨੇਰੇ ਨੇ ਤਾਂ ਆਪਣਾ ਗਲਬਾ ਪਾ ਹੀ ਲੈਣਾ ਇਆ | ਹੁਣ ਤੂੰ ਹੀ ਇਸ ਘਰ ਵਿਚ ਚਾਨਣ ਲਿਆ ਸਕਦੀ ਹੈਂ | ਆਪਣੇ ਲਈ ਨਾ ਸਹੀ ਇਸ ਨਿਕੜੀ ਜਿਹੀ ਜਿੰਦੜੀ, ਬੌਬੀ, ਲਈ ਹੀ ਤੈਨੂੰ ਇਸ ਘਰ ਵਿਚ ਚਾਨਣ ਬਖੇਰਨਾ ਪੈਣੈ | ਬਹੁਤ ਮਨਾ ਲਿਆ ਜੈਰੀ ਦੀ ਮੌਤ ਦਾ ਸੋਗ | ਹੁਣ ਇਸ ਸੋਗੀ ਮਾਹੌਲ 'ਚੋਂ ਬਾਹਰ ਆ ਤੇ ਹੌਸਲਾ ਕਰਕੇ ਜੈਰੀ ਦੇ ਕਾਰੋਬਾਰ ਨੂੰ ਸੰਭਾਲ |"
     ਸਮੇਂ ਦੇ ਬੀਤਨ ਤੇ ਦਰਸ਼ਨਾ ਦੇ ਬੰਨ੍ਹਾਏ ਹੌਸਲੇ ਕਾਰਨ ਉਸ ਨੇ ਆਪਣੇ ਗ਼ਮ 'ਤੇ ਕਾਬੂ ਪਾ ਲਿਆ ਅਤੇ ਦੋ ਕੁ ਮਹੀਨੇ ਮਗਰੋਂ ਜੈਰੀ ਦੇ ਕਾਰੋਬਾਰ ਨੂੰ ਸੰਭਾਲਣ ਦੇ ਸਮਰੱਥ ਹੋ ਗਈ | 
 
 
ਸਰਬੀ ਨੇ ਬੌਬੀ ਦੀ ਲੰਚ ਕਿਟ ਉਸ ਦੇ ਬੈਕ-ਪੈਕ ਵਿਚ ਪਾ ਕੇ ਉਸ ਨੂੰ ਕਿਚਨ ਕਾਊਂਟਰ ਉਪਰ ਰੱਖ ਦਿੱਤਾ, ਆਪ ਚਾਹ ਦੀ ਪਿਆਲੀ ਲੈ, ਫੈਮਲੀਰੂਮ ਵਿਚ ਆ ਕੇ ਸੋਫੇ ਉਪਰ ਬੈਠ ਗਈ ਤੇ ਟੀ।ਵੀ। ਚਾਲੂ ਕਰ ਲਿਆ | ਟੀ।ਵੀ। ਉਪਰ ਖ਼ਬਰ ਆ ਰਹੀ ਸੀ ਕਿ ਅਮ੍ਰਿਤਸਰ ਵਿਚ ਸਿੱਖਾਂ ਦੇ ਦੋ ਫਿਰਕਿਆਂ ਵਿਚ ਲੜਾਈ ਹੋਈ, ਜਿਸ ਵਿਚ ਅੱਠ ਬੰਦੇ ਮਰ ਗਏ | 'ਹਰ ਪਾਸੇ ਮਰ ਗਿਆਂ ਦੀਆਂ ਹੀ ਖ਼ਬਰਾਂ, ਏਸ ਤੋਂ ਬਿਨਾਂ ਹੋਰ ਕੋਈ ਇਨ੍ਹਾਂ ਨੂੰ ਖ਼ਬਰ ਹੀ ਨਹੀਂ ਮਿਲਦੀ' ਕਹਿ ਕੇ ਉਸ ਨੇ ਟੀ।ਵੀ। ਬੰਦ ਕਰ ਦਿੱਤਾ ਤੇ ਬੌਬੀ ਨੂੰ ਅਵਾਜ਼ ਮਾਰੀ, "ਬੌਬ ਬੇਟੇ, ਜਲਦੀ ਤਿਆਰ ਹੋ ਕੇ ਆ, ਤੇਰੇ ਸਕੂਲ ਦਾ ਟਾਇਮ ਹੋ ਚਲਿਐ, ਤੈਨੂੰ ਸਕੂਲ ਛੱਡ ਕੇ ਫੇਰ ਮੈਂ ਵੀ ਤਿਆਰ ਹੋ ਕੇ ਸਟੋਰ 'ਤੇ ਜਾਣੈ |"
   ਬੌਬੀ ਆਪਣੇ ਬੈਡਰੂਮ ਵਿਚ ਪਤਾ ਨਹੀਂ ਕਿਹੜੀ ਤਿਆਰੀ ਵਿਚ ਜੁਟਿਆ ਹੋਇਆ ਸੀ ਕਿ ਉਸ ਨੇ ਆਪਣੀ ਮਾਂ ਦੀ ਅਵਾਜ਼ ਦਾ ਕੋਈ ਜਵਾਬ ਨਾ ਦਿੱਤਾ ਪਰ ਪੰਜ ਕੁ ਮਿੰਟ ਪਿੱਛੋਂ ਕਿਚਨ ਵਿਚ ਆ ਕੇ ਆਪਣਾ ਬੈਕ ਪੈਕ ਮੋਢਿਆਂ ਵਿਚ ਪਾਉਂਦਾ ਹੋਇਆ ਬੋਲਿਆ, "ਮੌਮ, ਮੈਂ ਸਕੂਲ ਚੱਲਿਆਂ |"
"ਬੋਬੀ, ਤੂੰ 'ਕੱਲਿਆਂ ਨਹੀਂ ਜਾਣਾ, ਮੈਂ ਤੈਨੂੰ ਛੱਡ ਕੇ ਆਵਾਂਗੀ |" ਉਹ ਪਿਆਲੀ ਨੂੰ ਸਿੰਕ ਵਿਚ ਰਖਦੀ ਹੋਈ ਬੋਲੀ |  
"ਤੂੰ ਮੇਰੇ ਨਾਲ ਨਾਈਂ ਜਾ ਸਕਦੀ | ਮੇਰੇ ਕਿਸੇ ਫਰੈਂਡ ਦੀ ਮੌਮ ਉਹਨਾਂ ਨਾਲ ਨਾਈਂ ਜਾਂਦੀ |"
"ਤੇਰੇ ਫਰੈਂਡਜ਼ ਦੇ ਘਰ ਸਕੂਲ ਦੇ ਨੇੜੇ ਆ, ਏਸ ਕਰਕੇ ਉਹਨਾਂ ਦੀਆਂ ਮਾਵਾਂ ਉਹਨਾਂ ਨਾਲ ਨਹੀਂ ਆਉਂਦੀਆਂ |" 
"ਨਾਈਂ ਨੇੜੇ ਆ |"
"ਅੱਜ ਵੈਦਰ ਬਹੁਤ ਸੁਹਣਾ, ਕਣੀਆਂ ਵੀ ਨਹੀਂ ਪੈਂਦੀਆਂ, ਹਵਾ ਵੀ ਨਹੀਂ ਵਗਦੀ | ਅਹਿ ਦੇਖ, ਫਲਾਵਰ ਟਿਰ੍ਹੀ ਕਿੰਨੇ ਸੁਹਣੇ ਲਗਦੇ ਆ | ਤੇਰੇ ਨਾਲ ਜਾਣ ਦੇ ਬਹਾਨੇ ਮੈਂ ਵੀ ਵਾਕ ਕਰ ਆਉਂਨੀ ਆਂ |" ਗੱਲਾਂ ਕਰਦੀ ਹੋਈ ਉਹ ਉਸ ਦੇ ਨਾਲ ਨਾਲ ਤੁਰਦੀ ਗਈ | 
     ਬੌਬੀ ਨੂੰ ਸਕੂਲ ਛੱਡ ਆਉਣ ਮਗਰੋਂ ਉਹ ਮੁੜਦੀ ਹੋਈ ਸੋਚਦੀ ਆ ਰਹੀ ਸੀ ਕਿ 'ਇਹ ਅਜੇ ਬਾਰਾਂ ਸਾਲ ਦਾ ਵੀ ਨਹੀਂ ਹੋਇਆ ਤੇ ਹੁਣੇ ਤੋਂ ਹੀ ਮੇਰੇ ਕੋਲੋਂ ਦੂਰ ਦੂਰ ਰਹਿਣ ਲੱਗਾ ਹੈ | ਖਬਰੇ ਇਸ ਦਾ ਪਿਉ ਸਿਰ 'ਤੇ ਨਾ ਹੋਣ ਕਰਕੇ ਇਸ ਨੂੰ ਹੁਣੇ ਤੋਂ ਆਪਣੀਆਂ ਜੁੰਮੇਵਾਰੀਆਂ ਦਾ ਅਹਿਸਾਸ ਹੋ ਰਿਹਾ ਹੋਵੇ ਪਰ ਇਹ ਜ਼ਿੱਦੀ ਵੀ ਬਹੁਤਾ ਹੁੰਦਾ ਜਾਂਦਾ ਏ ਤੇ ਮੇਰੇ ਆਖੇ ਵੀ ਘੱਟ ਹੀ ਲਗਦਾ | ਸਕੂਲੋਂ ਵੀ ਇਸ ਦੇ ਉਲਾਂਹਮੇ ਆਉਂਦੇ ਰਹਿੰਦੇ ਨੇ | ਇਸ ਦੀਆਂ ਆਦਤਾਂ ਤੋਂ ਤਾਂ ਨਹੀਂ ਲਗੱਦਾ ਕਿ ਇਸ ਨੂੰ ਆਪਣੀਆਂ ਜੁੰਮੇਵਾਰੀਆਂ ਦਾ ਅਹਿਸਾਸ ਹੋ ਰਿਹਾ ਹੋਵੇਗਾ | ਜੇ ਮੰਮੀ ਡੈਡੀ ਜਿਉਂਦੇ ਹੁੰਦੇ ਤਾਂ ਮੈਂ ਇਸ ਨੂੰ ਉਹਨਾਂ ਕੋਲ ਹੀ ਛੱਡ ਆਉਂਦੀ | ਮੇਰੇ ਕੋਲ ਤਾਂ ਮਾਂ ਪਿਉ ਦਾ ਆਸਰਾ ਵੀ ਨਹੀਂ ਰਿਹਾ | ਜਿਵੇਂ ਉਹ ਵੀ ਮੇਰਾ ਵਿਆਹ ਕਰਕੇ ਮੇਰੇ ਕੋਲੋæ ਸਰਖਰੂ ਹੀ ਹੋਣਾ ਚਾਹੁੰਦੇ ਸੀ | ਵਿਆਹ ਤੋਂ ਮਗਰੋਂ ਦਸ ਸਾਲ ਵੀ ਨਾ ਜਿਉਂ ਸਕੇ | ਵਾਰੀ ਵਾਰੀ ਤੁਰਦੇ ਬਣੇ | ਬਸ ਹੁਣ ਤਾਂ ਇਕ ਦਰਸ਼ਨਾ ਦੀਦੀ ਦਾ ਪਰਿਵਾਰ ਹੀ ਹੈ, ਜਿਹੜਾ ਹਰ ਦੁੱਖ ਸੁਖ ਵਿਚ ਮੇਰੇ ਨਾਲ ਖੜ੍ਹਦਾ ਹੈ | ਜੇ ਦਰਸ਼ਨਾ ਦੀਦੀ ਤੇ ਸੁਖ ਭਾਅ ਜੀ, ਮੇਰਾ ਹੌਸਲਾ ਨਾ ਵਧਾਉਂਦੇ ਤਾਂ ਮੈਂ ਸਟੋਰ ਦਾ ਕੰਮ ਵੀ ਕਿਵੇਂ ਤੋਰ ਸਕਦੀ ਸੀ | ਹੁਣ ਵੀ ਸੁਖ ਭਾਅ ਜੀ, ਦੂਜੇ ਤੀਜੇ ਦਿਨ ਸਟੋਰ 'ਤੇ ਆ ਕੇ ਕੰਮ ਕਾਰ ਬਾਰੇ ਪੁੱਛਦੇ ਹੀ ਰਹਿੰਦੇ ਨੇ ਕਿ ਮੈਨੂੰ ਕਿਸੇ ਕਿਸਮ ਦੀ ਕੋਈ ਔਕੜ ਤਾਂ ਨਹੀਂ ਆ ਰਹੀ | ਅਹਿ ਜਿਹੜਾ ਸੁਖ ਭਾਅ ਜੀ ਨੇ ਕਮਿਸ਼ਨ 'ਤੇ ਸੇਲਜ਼ਮੈਨ ਰਖਵਾ ਦਿੱਤਾ | ਇਹ ਵੀ ਚੰਗਾ ਹੀ ਹੋਇਆ, ਇਸ ਨਾਲ ਬਿਕਰੀ ਵਿਚ ਵਾਧਾ ਹੋ ਗਿਆ | ਮੈਂ ਸੁਖ ਭਾਅ ਜੀ ਨੂੰ ਹੀ ਕਹੂੰਗੀ ਕਿ ਬੌਬੀ ਦੀਆਂ ਆਦਤਾਂ ਵਿਗੜਦੀਆਂ ਜਾ ਰਹੀਆਂ ਨੇ, ਉਹ ਇਹ ਨੂੰ ਸਮਝਾਉਣ ਤੇ ਝਿੜਕਣ | ਮੈਂ ਵੀ ਬਹੁਤੀ ਉਹਨਾਂ 'ਤੇ ਹੀ ਨਿਰਭਰ ਹੁੰਦੀ ਜਾਂਦੀ ਆਂ | ਉਹ ਕਿਧਰ ਕਿਧਰ ਹੋਣ ਤੇ ਬੌਬੀ ਦਾ ਵੀ ਮੈਂ ਐਵੇਂ ਫਿਕਰ ਲਾ ਕੇ ਬੈਠ ਜਾਂਦੀ ਆਂ | ਇਹ ਅਜੇ ਬੱਚਾ ਹੀ ਤਾਂ ਹੈ ਤੇ ਬੱਚੇ ਜਿਦ ਕਰਦੇ ਹੀ ਹੁੰਦੇ ਐ|' ਇਸ ਤਰ੍ਹਾਂ ਦੀਆਂ ਸੋਚਾਂ ਸੋਚਦੀ ਹੋਈ ਉਹ ਘਰ ਪਹੁੰਚ ਗਈ ਤੇ ਤਿਆਰ ਹੋ ਕੇ ਸਟੋਰ 'ਤੇ ਚਲੀ ਗਈ |
     ਜਦੋਂ ਉਹ ਦਸ ਵਜੇ ਸਟੋਰ 'ਤੇ ਪਹੁੰਚੀ ਤਾਂ ਸਟੋਰ ਵਿਚ ਕੰਮ ਕਰਦਾ ਇਕ ਕਰਮਚਾਰੀ ਸਟੋਰ ਦੇ ਗੇਟ ਅੱਗੇ ਖੜ੍ਹਾ ਸੀ | ਉਸ ਨੇ ਕਾਰ ਵਿਚੋਂ ਨਿਕਲਦੀ ਸਰਬੀ ਨੂੰ ਸਿਰ ਨਿਵਾ ਕੇ ਕਿਹਾ, "ਗੁਡ ਮਾਰਨਿੰਗ, ਮੈਡਮ|"
"ਮਾਰਨਿੰਗ ਨਿੰਦਰ, ਮੈਂ ਅੱਜ ਕੁਝ ਲੇਟ ਤਾਂ ਨਹੀਂ ਹੋ ਗਈ?" ਫਰਨੀਚਰ ਸਟੋਰ ਦੇ ਸ਼ੋਅਰੂਮ ਦਾ ਗੇਟ ਖੋਲ੍ਹਦਿਆਂ ਸਰਬੀ ਬੋਲੀ | 
   ਨਿੰਦਰ ਨੇ ਲੇਟ ਵਾਲੀ ਗੱਲ ਦਾ ਜਵਾਬ ਨਾ ਦੇ ਕੇ ਸਰਬਜੀਤ ਨੂੰ ਇਕ ਕਾਗਜ਼ ਫੜਾਉਂਦਿਆਂ ਕਿਹਾ, "ਮੈਡਮ, ਹੁਣੇ ਆਪਣਾ ਗੋਰਾ ਸੇਲਜ਼ਮੈਨ ਆਇਆ ਸੀ, ਉਹ ਅਹਿ ਇਨਵਾਇਸ ਦੇ ਗਿਐ | ਇਕ ਵਜੇ ਦੀ ਡਲਿਵਰੀ ਕਹਿੰਦਾ ਸੀ |"
"ਠੀਕ ਐ, ਤੂੰ ਇਉਂ ਕਰ, ਸ਼ੋਅਰੂਮ ਵਿਚਲੀ, 27 ਕਿਊ ਐਫ ਦੀ ਲਾਈਟ ਕੰਟਰੀ ਓਕ ਵਾਲੀ, ਬੈਡਰੂਮ ਸੁਇਟ 'ਤੇ ਬਲੱਜ ਮਾਰ ਕੇ ਚਮਕਾ ਦੇ ਤੇ ਫਿਰ ਛੋਟੇ ਪੀਸ ਰੈਪ ਕਰ ਦੇਵੀਂ | ਹੈਰੀ ਦੇ ਆਉਂਣ 'ਤੇ ਵੱਡੇ ਪੀਸ ਰੈਪ ਕਰ ਲੈਣੇ | ਮੈਂ ਪਿੱਕਅਪ ਵਾਲੇ ਨੂੰ ਫੂਨ ਕਰਦੀ ਆਂ |" ਇਹ ਕਹਿ ਕੇ ਉਹ ਕਾਊਂਟਰ ਵੱਲ ਚਲੀ ਗਈ | 
   ਕਾਊਂਟਰ ਵਾਲੀ ਪਿਛਲੀ ਕੰਧ ਉਪਰ ਜਲੌਰ ਦੀ ਤਸਵੀਰ ਟੰਗੀ ਹੋਈ ਸੀ | ਸਰਬਜੀਤ ਕੁਝ ਦੇਰ ਤਸਵੀਰ ਦੇ ਸਾਮ੍ਹਣੇ ਖੜ੍ਹ ਕੇ, ਉਸ ਨੂੰ ਨੀਝ ਨਾਲ ਦੇਖਦੀ ਰਹੀ ਤੇ ਫਿਰ ਅੱਖਾਂ ਪੂੰਝਦੀ ਹੋਈ ਆਫਿਸ ਅੰਦਰ ਚਲੀ ਗਈ | ਕਾਊਂਟਰ ਦੇ ਨਾਲ ਹੀ ਇਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ ਜਿਸ ਨੂੰ ਆਫਿਸ ਕਿਹਾ ਜਾਂਦਾ ਸੀ | ਇਸ ਵਿਚ ਇਕ ਗੱਦੇਦਾਰ ਦਫਤਰੀ ਕੁਰਸੀ, ਸਾਮ੍ਹਣੇ ਇਕ ਮੇਜ਼ ਤੇ ਨਾਲ ਚਾਰ ਕੁਰਸੀਆਂ ਅਤੇ ਕੰਧ ਨਾਲ ਇਕ ਸੋਫਾ ਸੈਟ ਵੀ ਰਖਿਆ ਹੋਇਆ ਸੀ | ਆਮ ਕਰਕੇ ਸਰਬੀ ਬਹੁਤਾ ਕਾਊਂਟਰ 'ਤੇ ਹੀ ਬਹਿੰਦੀ ਸੀ ਪਰ ਜਦੋਂ ਕਦੀ ਥਕੇਵਾਂ ਮਹਿਸੂਸ ਕਰਦੀ ਜਾਂ ਬਹੁਤ ਹੀ ਉਦਾਸ ਹੋ ਜਾਂਦੀ ਤਾਂ ਆਫਿਸ ਵਿਚ ਆ ਕੇ ਸੋਫੇ ਉਪਰ ਲੇਟ ਜਾਂਦੀ ਜਾਂ ਫਿਰ ਹਿਸਾਬ ਕਿਤਾਬ ਕਰਨ ਲਈ ਆਫਿਸ ਵਿਚ ਆਉਂਦੀ | ਅੱਜ ਉਹ ਆਉਂਦੀ ਹੀ ਆ ਕੇ ਸੋਫੇ ਉਪਰ ਢੇਰੀ ਹੋ ਗਈ, ਜਿਵੇਂ ਕਈ ਦਿਨਾਂ ਦੀ ਬਹੁਤ ਥੱਕੀ ਹੋਈ ਹੋਵੇ | ਅਜੇ ਉਸ ਨੂੰ ਸੋਫੇ ਉਪਰ ਪਿਆਂ ਪੰਜ ਮਿੰਟ ਵੀ ਨਹੀਂ ਹੋਏ ਹੋਣੇ ਕਿ ਨਿੰਦਰ ਨੇ ਬੂਹੇ ਕੋਲ ਆ ਕੇ ਹੌਲ਼ੀ ਜਿਹੀ ਆਵਾਜ਼ ਵਿਚ ਕਿਹਾ, "ਮੈਡਮ, ਕਸਟਮਰ ਆਏ ਆ |"
"ਹੈਰੀ ਨਹੀਂ ਆਇਆ?"
"ਨਹੀਂ ਜੀ |"
'ਅੱਛਾ! ਤੂੰ ਆਪਣਾ ਕੰਮ ਕਰ, ਮੈਂ ਆਈ |' ਕਹਿ ਕੇ ਉਸ ਨੇ ਸੋਫੇ ਤੋਂ ਉਠ ਕੇ ਅੰਗੜਾਈ ਜਿਹੀ ਲਈ ਤੇ ਆਫਿਸ ਵਿਚੋਂ ਬਾਹਰ ਆ ਗਈ | ਸਾਹਮਣੇ ਸ਼ੀਸ਼ੇ ਵਿਚ ਉਸ ਨੂੰ ਆਪਣਾ ਪ੍ਰਤੀਬਿੰਬ ਦਿਸਿਆ | ਉਸ ਨੇ ਨੀਲੀ ਪੈਂਟ ਨਾਲ ਲਾਲ ਸ਼ਰਟ ਪਾਈ ਹੋਈ ਸੀ ਤੇ ਸਿਰ ਉਪਰ ਹਰਾ ਸਕਾਰਫ ਬੱਧਾ ਹੋਇਆ ਸੀ | ਉਸ ਨੂੰ ਆਪਣਾ ਆਪ ਇਕ ਕਾਰਟੂਨ ਦੀ ਨਿਆਈ ਜਾਪਿਆ | ਉਸ ਨੇ ਸਿਰ ਉਪਰੋਂ ਸਕਾਰਫ ਲਾਹ ਕੇ ਪਹਿਲਾਂ ਆਪਣੀ ਮੁੱਠ ਵਿਚ ਘੁੱਟ ਲਿਆ ਤੇ ਫੇਰ ਉਸ ਨੂੰ ਕਾਊਂਟਰ ਵੱਲ ਵਗਾਹ ਮਾਰਿਆ | ਉਸਨੇ ਇਧਰ ਉਧਰ ਨਿਗਾਹ ਮਾਰੀ ਤਾਂ ਸਾਹਮਣੇ ਡਾਈਨਿੰਗ ਸੁਇਟ ਵਾਲੇ ਹਿੱਸੇ ਵਿਚ ਇਕ ਤੀਵੀਂ ਤੇ ਇਕ ਮਰਦ ਨੂੰ ਇਕ ਡਾਈਨਿੰਗ ਸੁਇਟ ਦੀ ਨਿਰਖ ਪਰਖ ਕਰਦਿਆਂ ਦੇਖਿਆ | ਉਹ ਥੋੜ੍ਹਾ ਜਿਹਾ ਤੇਜ ਤੁਰਦੀ ਹੋਈ ਉਹਨਾਂ ਕੋਲ ਪਹੁੰਚ ਗਈ ਤੇ ਅੰਗ੍ਰੇਜ਼ੀ ਵਿਚ ਕਿਹਾ, "ਗੁੱਡ ਮਾਰਨਿੰਗ, ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦੀ ਹਾਂ?"
"ਅਸੀਂ ਨਵਾਂ ਘਰ ਬਣਾਇਆ ਹੈ ਤੇ ਸਾਨੂੰ ਕੁਛ ਨਵਾਂ ਫਰਨੀਚਰ ਚਾਹੀਦਾ ਹੈ æ"  ਅਧੇੜ ਉਮਰ ਦੀ ਔਰਤ ਨੇ ਵੀ ਅੰਗ੍ਰੇਜ਼ੀ ਵਿਚ ਗੱਲ ਕੀਤੀ, ਜਿਸ ਨੇ ਕਰੀਮ ਰੰਗ ਦੀ ਪੈਂਟ ਸ਼ਰਟ ਉਪਰ ਕਾਲ਼ੀ ਜੈਕਟ ਪਹਿਨੀ ਹੋਈ ਸੀ æ
"ਸਾਡੇ ਕੋਲ ਮੈਪਲ, ਓਕ ਤੇ ਪਾਈਨ ਦਾ ਹੋਮ ਮੇਡ ਫਰਨੀਚਰ ਵੀ ਹੈ ਅਤੇ ਅਸੀਂ ਇਟਾਲੀਅਨ ਫਰਨੀਚਰ ਵੀ ਰਖਦੇ ਹਾਂ | ਤੁਹਾਨੂੰ ਕਿਹੋ ਜਿਹਾ ਤੇ ਕਿਹੜਾ ਚਾਹੀਦਾ ਏ?" ਸਰਬਜੀਤ ਨੇ ਪੁੱਛਿਆ æ
"ਸਾਨੂੰ ਇਕ ਬੈਡਰੂਮ ਸੈਟ, ਇਕ ਡਾਈਨਿੰਗ ਸੈਟ ਅਤੇ ਇਕ ਬਾਕਸ ਬੈਡ ਦੇ ਨਾਲ ਨਾਈਟ ਟੇਬਲ ਚਾਹੀਦਾ ਏ |" ਔਰਤ ਦੇ ਸਾਥੀ ਨੇ ਪੰਜਾਬੀ ਵਿਚ ਗੱਲ ਕੀਤੀ æ  
"ਲਾਈਟਕੰਟਰੀ ਓਕ, ਚੈਰੀ, ਸੇਲਮ, ਹੈਕਰੀ ਆਦਿ ਰੰਗਾਂ ਤੋਂ ਬਿਨਾਂ ਹੋਰ ਵੀ ਕਈ ਰੰਗਾਂ ਦੀਆਂ ਆਈਟਮ ਸਾਡੇ ਸ਼ੋਅਰੂਮ ਵਿਚ ਪਈਆਂ ਹਨ | ਇਸ ਤੋਂ ਬਿਨਾਂ ਵੀ ਹੋਰ ਕਈ ਰੰਗਾਂ ਤੇ ਕਈ ਕਿਸਮ ਦੇ ਸੁਇਟ ਸਾਡੇ ਕੋਲ ਹਨ ਜਿਹੜੇ ਕਿ ਸ਼ੋਅਰੂਮ ਵਿਚ ਨਹੀਂ ਰੱਖੇ ਹੋਏ | ਉਹ ਸੈਂਪਲ ਸਾਡੀਆਂ ਕੈਟਾਲਾਗ ਵਿਚ ਹੈਨ | ਪਹਿਲਾਂ ਮੈਂ ਤੁਹਾਨੂੰ ਸ਼ੋਅਰੂਮ ਵਿਚ ਪਿਆ ਮਾਲ ਦਿਖਾ ਦਿੰਨੀ ਆਂ, ਇੱਥੋਂ ਕੋਈ ਆਈਟਮ ਪਸੰਦ ਨਾ ਆਏ ਤਾਂ ਉਸ ਮਗਰੋਂ ਸਾਡੇ ਕੈਟਾਲਾਗ ਦੀਆਂ ਫੋਟੋ ਦੇਖ ਕੇ ਪਸੰਦ ਕਰ ਲੈਣਾ |" ਹੁਣ ਸਰਬੀ ਵੀ ਪੰਜਾਬੀ ਵਿਚ ਹੀ ਗੱਲ ਕਰਨ ਲੱਗ ਪਈ ਸੀ |
   ਉਹ ਆਪਣੇ ਫਰਨੀਚਰ ਦੀਆਂ ਸਿਫਤਾਂ ਕਰਦੀ, ਸ਼ੋਅਰੂਮ ਵਿਚ ਪਿਆ ਸਾਮਾਨ ਦਿਖਾਉਣ ਲੱਗੀ | ਉਹਨਾਂ ਨੇ ਇਕ ਘੰਟਾ ਸ਼ੋਅਰੂਮ ਵਿਚ ਸੁਇਟ ਪਸੰਦ ਕਰਨ ਨੂੰ ਲਾਇਆ ਤੇ ਫੇਰ ਅੱਧਾ ਘੰਟਾ ਕੈਟਾਲਾਗ ਦੀਆਂ ਤਸਵੀਰਾਂ ਦੇਖਦੇ ਰਹੇ ਅਤੇ ਅੰਤ ਵਿਚ ਇਹ ਕਹਿ ਕੇ ਚਲੇ ਗਏ, "ਸਾਨੂੰ ਤਾਂ ਸ਼ੋਅਰੂਮ ਵਿਚ ਪਏ, ਕੋਕੋ ਚੈਰੀ ਵਾਲੇ, ਮੈਪਲ ਵੁੱਡ ਦੇ ਸੈਟ ਪਸੰਦ ਆ ਗਏ ਨੇ ਪਰ ਅਸੀਂ ਕੱਲ੍ਹ ਨੂੰ ਆਪਣੇ ਲੜਕੇ ਨੂੰ ਨਾਲ ਲੈ ਕੇ ਆਵਾਂਗੇ ਤੇ ਫੇਰ ਆਰਡਰ ਕਰਕੇ ਜਾਵਾਂਗੇ |" 
"ਠੀਕ ਹੈ, ਜਿਵੇਂ ਤੁਹਾਡੀ ਇੱਛਾ!"  ਸਰਬੀ ਨੇ ਬੁੱਲਾਂ ਉਪਰ ਝੂਠੀ ਜਿਹੀ ਮੁਸਕਾਨ ਲਿਆ ਕੇ ਕਿਹਾ ਅਤੇ ਕਾਊਂਟਰ ਸੀਟ ਉਪਰ ਬੈਠ ਕੇ ਪਿਕਅੱਪ ਵਾਲੇ ਨੂੰ ਫੋਨ ਕਰਨ ਲੱਗੀ |
   ਗਾਹਕਾਂ ਦੇ ਚਲੇ ਜਾਣ ਤੋਂ ਥੋੜੀ ਦੇਰ ਮਗਰੋਂ ਹਰਬੰਸ ਸਿੰਘ 'ਹੈਰੀ' ਲੰਗ ਮਾਰਦਾ ਹੋਇਆ ਆ ਗਿਆ | ਹਰਬੰਸ ਸਿੰਘ ਵੀ ਇੰਡੀਆ ਵਿਚੋਂ ਨਕਸਲਬਾੜੀ ਲਹਿਰ ਸਮੇਂ ਪੁਲੀਸ ਤੋਂ ਡਰਦਾ ਟੀਚਰ ਦੀ ਨੌਕਰੀ ਛੱਡ ਕੇ ਕੈਨੇਡਾ ਨੂੰ ਉਡਾਰੀ ਮਾਰ ਆਇਆ ਸੀ | ਇੱਥੇ ਆ ਕੇ ਪਹਿਲਾਂ ਉਹ ਇਕ ਲਕੜ ਮਿੱਲ ਵਿਚ ਕੰਮ ਕਰਦਾ ਰਿਹਾ | ਉੱਥੇ ਉਸ ਨੂੰ ਨਾਲ ਦੇ ਸਾਥੀ 'ਹੈਰੀ' ਕਹਿਕੇ ਬਲਾਉਣ ਲੱਗੇ ਤੇ ਉਹ ਹਰਬੰਸ ਤੋਂ ਹੈਰੀ ਬਣ ਗਿਆ | ਪੰਜ ਕੁ ਸਾਲ ਉਸ ਨੇ ਲੰਬਰ ਮਿੱਲ ਵਿਚ ਕੰਮ ਕੀਤਾ ਸੀ ਕਿ ਇਕ ਦਿਨ ਬਰਫ ਤੋਂ ਤਿਲਕ ਕੇ ਉਸ ਦੀ ਲੱਤ ਟੁੱਟ ਗਈ, ਜਿਹੜੀ ਠੀਕ ਢੰਗ ਨਾਲ ਜੁੜੀ ਨਹੀਂ ਤੇ ਉਹ ਲੰਗੜਾ ਕੇ ਤੁਰਨ ਲੱਗਾ | ਲੱਤ ਵਿਚ ਨੁਕਸ ਪੈ ਜਾਣ ਕਾਰਨ ਮਿੱਲ ਵਿਚੋਂ ਉਸ ਦੀ ਛੁੱਟੀ ਹੋ ਗਈ | ਇਕ ਸਾਲ ਉਸ ਨੂੰ ਵਿਹਲੇ ਰਹਿਣਾ ਪਿਆ ਤੇ ਫਿਰ ਉਸ ਨੂੰ ਇਕ ਫਰਨੀਚਰ ਸਟੋਰ ਵਿਚ ਕੰਮ ਮਿਲ ਗਿਆ | ਦਲਾਵਰ ਹੁਰਾਂ ਵਾਲੀ ਕਮੇਟੀ ਦਾ ਉਹ ਮੈਂਬਰ ਸੀ, ਜਿਸ ਕਰਕੇ ਉਸ ਦੇ ਸੁਖਦੇਵ ਹੁਰਾਂ ਨਾਲ ਵੀ ਚੰਗੇ ਸਬੰਧ ਸਨ | ਜਲੌਰ ਦੀ ਮੌਤ ਮਗਰੋਂ ਜਦੋਂ ਸ਼ੈਰਨ ਫਾਈਨ ਫਰਨੀਚਰ ਸਟੋਰ ਨੂੰ ਚਲਾਉਣ ਦੀ ਸਮੱਸਿਆ ਆਈ ਤਾਂ ਸੁਖਦੇਵ ਨੂੰ ਝੱਟ ਹੈਰੀ ਦਾ ਖਿਆਲ ਆ ਗਿਆ | ਉਸ ਨੇ ਸਟੋਰ ਨੂੰ ਚਲਦਾ ਰਖਣ ਲਈ, ਹੈਰੀ ਨਾਲ ਗੱਲ ਕੀਤੀ ਤਾਂ ਉਹ ਕੁਝ ਸੋਚ ਵਿਚਾਰ ਕਰਨ ਮਗਰੋਂ ਸਟੋਰ 'ਤੇ ਆਉਣ ਲਈ ਤਿਆਰ ਹੋ ਗਿਆ | ਉਸ ਨੇ ਪਹਿਲੇ ਸਟੋਰ ਦੀ ਨੌਕਰੀ ਛੱਡ ਕੇ ਸ਼ੈਰਨ ਫਾਈਨ ਫਰਨੀਚਰ ਸਟੋਰ ਦਾ ਕੰਮ ਸੰਭਾਲ ਲਿਆ | ਫਿਰ ਦੋ ਕੁ ਮਹੀਨੇ ਮਗਰੋਂ ਸਰਬਜੀਤ ਵੀ ਸਟੋਰ 'ਤੇ ਆਉਣ ਲੱਗ ਪਈ ਪਰ ਗਾਹਕਾਂ ਨਾਲ ਬਹੁਤੀ ਗੱਲ ਬਾਤ ਹੈਰੀ ਹੀ ਕਰਦਾ ਸੀ | ਅੱਜ ਜਦੋਂ ਬਗੈਰ ਕੋਈ ਆਰਡਰ ਦਿੱਤਿਆਂ ਗਾਹਕਾਂ ਦੇ ਵਾਪਸ ਮੁੜ ਜਾਣ ਦੇ ਪਿੱਛੋਂ ਹੈਰੀ ਕੰਮ 'ਤੇ ਪਹੁੰਚਿਆ ਤਾਂ ਖਿਝੀ ਹੋਈ ਸਰਬਜੀਤ ਨੇ ਮੱਥੇ ਉਪਰ ਤਿਉੜੀ ਪਾਉਂਦਿਆਂ ਕਿਹਾ, "ਭਾਈ ਸਾਅਬ, ਜੇ ਤੁਸੀਂ ਲੇਟ ਆਉਣਾ ਸੀ ਤਾਂ ਘੱਟੋ ਘੱਟ ਫੂਨ ਤਾਂ ਕਰ ਦੇਣਾ ਚਾਹੀਦਾ ਸੀ!"
"ਮੈਡਮ, ਮੈਂ ਤਾਂ ਸਾਢੇ ਅੱਠ ਵਜੇ ਹੀ ਤੁਹਾਡੇ ਘਰ ਫੂਨ ਕੀਤਾ ਸੀ ਪਰ ਕਿਸੇ ਨੇ ਫੂਨ ਚੱਕਿਆਂ ਹੀ ਨਹੀਂ | ਮੈਂ ਸਮਝਿਆ ਕਿ ਤੁਸੀਂ ਸਟੋਰ 'ਤੇ ਆ ਗਏ ਹੋਵੋਗੇ ਤੇ ਫੇਰ ਮੈਂ ਸਟੋਰ 'ਤੇ ਫੂਨ ਕੀਤਾ ਪਰ ਇੱਥੇ ਵੀ ਕਿਸੇ ਨੇ ਨਹੀਂ ਚੱਕਿਆ | ਮੈਂ ਤਾਂ ਅੱਜ ਛੁੱਟੀ ਕਰਨੀ ਸੀ | ਕਲੋਨਾ ਤੋਂ ਰਿਸ਼ਤੇਦਾਰ ਆਏ ਹੋਏ ਐ | ਹੁਣ ਮੈਂ ਉਹਨਾਂ ਨੂੰ ਗੁਰਦਵਾਰੇ ਛੱਡ ਕੇ ਆਇਆ ਹਾਂ |" ਹੈਰੀ ਨੇ ਆਪਣੀ ਲੰਚ ਕਿਟ ਕਾਊਂਟਰ ਦੇ ਪਿੱਛੇ ਰਖਦਿਆਂ ਕਿਹਾ | 
"ਅੱਛਾ! ਅੱਜ ਇਕ ਆਰਡਰ ਜਾਣੈ | ਤੁਸੀਂ ਨਿੰਦਰ ਨਾਲ ਮਿਲ ਕੇ ਉਹ ਪੀਸ ਰੈਪ ਕਰਵਾ ਦੇਵੋ | ਥੋੜੀ ਦੇਰ ਨੂੰ ਪਿਕਅੱਪ ਆਉਣ ਵਾਲਾ ਏ |" ਸਰਬਜੀਤ ਨੇ ਖਿੱਝੀ ਹੋਈ ਆਵਾਜ਼ ਵਿਚ ਹੁਕਮ ਸੁਣਾਇਆ | ਉਸ ਦੇ ਮੱਥੇ ਦੀਆਂ ਤਿਉੜੀਆਂ ਅਜੇ ਵੀ ਨਹੀਂ ਸਨ ਗਈਆਂ | 
"ਮੈਡਮ, ਤੁਸੀਂ ਕੋਈ ਖ਼ਬਰ ਸੁਣੀ?" ਸਰਬੀ ਦੇ ਗੁੱਸੇ ਨੂੰ ਭਾਂਪਦਿਆਂ ਹੈਰੀ ਨੇ ਪੁੱਛਿਆ |
"ਨਹੀਂ, ਦੱਸੋ! ਹੁਣ ਕਿਹੜੀ ਖ਼ਬਰ ਸਣਾਉਣ ਲੱਗੇ ਓ?" ਸਰਬੀ ਦੇ ਬੋਲਾਂ ਵਿਚ ਅਜੇ ਵੀ ਚਿੜਚਿੜਾਪਨ ਸੀ |
"ਅਮ੍ਰਿਤਸਰ ਵਿਚ ਨਿਰੰਕਾਰੀਆਂ ਨੇ ਕਈ ਸਿੱਖ ਮਾਰ ਦਿੱਤੇ ਨੇ | ਉਹ ਉਹਨਾਂ ਦੇ ਸਮਾਗਮ ਨੂੰ ਰੋਕਣ ਗਏ ਸਨ |" ਹੈਰੀ ਖ਼ਬਰ ਸੁਣਾਕੇ ਸਰਬੀ ਦੇ ਚਿਹਰੇ ਵੱਲ ਦੇਖਣ ਲੱਗਾ |
"ਅੱਜ ਸਵੇਰੇ ਟੀ।ਵੀ। 'ਤੇ ਇਹ ਖ਼ਬਰ ਤਾਂ ਆ ਰਹੀ ਸੀ ਪਰ ਮੈਂ ਧਿਆਨ ਨਹੀਂ ਦਿੱਤਾ | ਇਹ ਕਿਸ ਦਿਨ ਦੀ ਗੱਲ ਹੈ?" ਸਰਬੀ ਦਾ ਗੁੱਸਾ ਹੈਰਾਨੀ ਵਿਚ ਬਦਲ ਗਿਆ |
"ਇਹ ਅੱਜ ਦੀ ਹੀ ਗੱਲ ਏ | ਇਹ ਖ਼ਬਰ ਮੈਂ ਆਪ ਵੀ ਸੁਣੀ ਏ ਤੇ ਗੁਰਦਵਾਰੇ ਵਿਚ ਵੀ ਹਰ ਕੋਈ ਇਸੇ ਖ਼ਬਰ ਦੀ ਹੀ ਚਰਚਾ ਕਰ ਰਿਹਾ ਸੀ |" ਇਹ ਕਹਿ ਕੇ ਹੈਰੀ ਉੱਥੇ ਹੀ ਖੜ੍ਹਾ ਰਿਹਾ ਤਾਂ ਸਰਬੀ ਨੇ ਕਿਹਾ, "ਬਹੁਤ ਮਾੜੀ ਗੱਲ ਹੋਈ ਐ ਪਰ ਆਪਾਂ ਕੀ ਕਰ ਸਕਦੇ ਆਂ | ਇਸ 'ਤੇ ਬਹਿਸ ਕਰਨ ਦੀ ਥਾਂ ਆਪਾਂ ਆਪਣਾ ਕੰਮ ਕਰੀਏ |" ਸਰਬੀ ਵੱਲੋਂ ਹੈਰੀ ਨੂੰ ਇਹ ਉੱਥੋਂ ਤੁਰਨ ਦਾ ਸੰਕੇਤ ਸੀ |
"ਇਹ ਸਭ ਉੱਥੋਂ ਦੇ ਸਿਆਸਦਾਨਾਂ ਦੀ ਹੀ ਕਾਰਸਤਾਨੀ ਏ |" ਤੁਰਿਆ ਜਾਂਦਾ ਹੈਰੀ ਟਿੱਪਣੀ ਕਰ ਗਿਆ |
   ਹੈਰੀ ਵੱਲੋਂ ਕੀਤੀ ਗਈ ਟਿੱਪਣੀ, 'ਇਹ ਸਭ ਉੱਥੋਂ ਦੇ ਸਿਆਸਤਦਾਨਾਂ ਦੀ ਹੀ ਕਾਰਸਤਾਨੀ ਏ' ਬਾਰੇ ਹੀ ਸਰਬੀ ਸੋਚ ਰਹੀ ਸੀ ਕਿ ਮੇਨਗੇਟ ਖੁਲ੍ਹਣ ਦੀ ਅਵਾਜ਼ ਆਈ | ਸਰਬੀ ਨੇ ਉਧਰ ਦੇਖਿਆਂ ਤਾਂ ਦੋ ਕਾਕੇਸ਼ੀਅਨ ਔਰਤਾਂ ਬੂਹਾ ਖੋਲ੍ਹ ਕੇ ਉਸ ਵੱਲ ਆ ਰਹੀਆਂ ਸਨ | ਉਹਨਾਂ ਨੂੰ ਗਾਹਕ ਸਮਝ ਕੇ ਸਰਬੀ ਆਪਣੀ ਕੁਰਸੀ ਤੋਂ ਉਠ ਕੇ ਉਹਨਾਂ ਦੇ ਸਵਾਗਤ ਲਈ ਖੜ੍ਹੀ ਹੋ ਗਈ ਅਤੇ ਪੁੱਛਿਆ, "ਮੈਂ ਤੁਹਾਡੀ ਕੀ ਸੇਵਾ ਕਰ ਸਕਦੀ ਹਾਂ?"
ਉਹ ਗਾਹਕ ਨਹੀਂ ਸਨ | ਇਸਾਈ ਧਰਮ ਦੀਆਂ ਪਰਚਾਰਕ ਸਨ ਤੇ ਉਹ ਆਪਣੇ ਧਰਮ ਬਾਰੇ ਉਸ ਨੂੰ ਦੱਸਣ ਲੱਗੀਆਂ | ਸਰਬੀ ਨੇ ਬੜੀ ਮੁਸ਼ਕਲ ਨਾਲ ਉਹਨਾਂ ਕੋਲੋਂ ਖਹਿੜਾ ਛੁਡਾਇਆ | ਫੇਰ ਵੀ ਉਹ ਜਾਂਦੀਆਂ ਹੋਈਆਂ ਕਈ  ਪੰਫਲਿਟ, ਉਸ ਕੋਲ ਛੱਡ ਗਈਆਂ, ਉਹਨਾਂ ਵਿਚ ਕੁਝ ਪੰਫਲਿਟ ਪੰਜਾਬੀ ਵਿਚ ਲਿਖੇ ਹੋਏ ਵੀ ਸਨ | ਉਹਨਾਂ ਦੇ ਉੱਥੋਂ ਚਲੇ ਜਾਣ ਮਗਰੋਂ ਸਰਬੀ ਨੇ ਆਪਣੇ ਮਨ ਵਿਚ ਹੀ ਕਿਹਾ, "ਇਹ ਲੋਕ ਆਪਣੇ ਧਰਮ ਦੇ ਪਰਚਾਰ ਲਈ ਕਿਵੇਂ ਮੁਫਤ ਲਟਰੇਚਰ ਵੰਡਦੇ ਫਿਰਦੇ ਨੇ ਤੇ ਸਾਡੇ ਧਰਮ ਵਾਲੇ ਆਪੋ ਵਿਚ ਹੀ ਵੱਢ ਵੱਢ ਮਰੀ ਜਾ ਰਹੇ ਨੇ |"
   ਉਹਨਾਂ ਔਰਤਾ ਦੇ ਉੱਥੋਂ ਚਲੇ ਜਾਣ ਮਗਰੋਂ ਸਰਬੀ ਹੈਰੀ ਹੁਰਾਂ ਕੋਲ ਚਲੀ ਗਈ | ਉਹਨਾਂ ਨੇ ਬੈਡਰੂਮ ਸੁਇਟ ਦੇ ਸਾਰੇ ਪੀਸ ਰੈਪ ਕਰ ਕੇ ਰਖ ਦਿੱਤੇ ਸਨ ਅਤੇ ਹੁਣ ਉਹ ਸਟੋਰ ਵਿਚੋਂ ਨਵੇਂ ਪੀਸ ਕੱਢ ਕੇ ਸ਼ੋਅਰੂਮ ਵਿਚ ਲਿਆ ਰਹੇ ਸਨ | ਉਹ ਅਜੇ ਉਹਨਾਂ ਕੋਲ ਪਹੁੰਚੀ ਹੀ ਸੀ ਕਿ ਟੈਲੀਫੋਨ ਦੀ ਘੰਟੀ ਖੜਕਣ ਲੱਗੀ | ਉਹ ਉੱਥੋਂ ਹੀ ਫੋਨ ਸੁਣਨ ਲਈ ਵਾਪਸ ਮੁੜ ਗਈ | ਫੋਨ ਬੌਬੀ ਦੇ ਸਕੂਲ ਵਿਚੋਂ ਆਇਆ ਸੀ ਤੇ ਉਹਨਾਂ ਨੇ ਸਰਬੀ ਨੂੰ ਜਲਦੀ ਸਕੂਲ ਪਹੁੰਚਣ ਲਈ ਕਿਹਾ ਸੀ | ਫੋਨ ਸੁਣ ਕੇ ਉਸ ਨੂੰ ਬੌਬੀ ਦਾ ਫਿਕਰ ਹੋਇਆ ਕਿ ਕਿਤੇ ਉਸ ਦੇ ਕੋਈ ਸੱਟ ਫੇਟ ਨਾ ਲੱਗ ਗਈ ਹੋਵੇ | ਉਸ ਨੇ ਛੇਤੀ ਛੇਤੀ ਡਲਿਵਰੀ ਵਾਲੇ ਕਾਗਜ਼ ਤਿਆਰ ਕੀਤੇ ਤੇ ਹੈਰੀ ਨੂੰ ਫੜਾ ਕੇ ਇਹ ਕਹਿੰਦੀ ਹੋਈ, 'ਮੈਂ ਬੌਬੀ ਦੇ ਸਕੂਲ ਜਾ ਰਹੀ ਆਂ, ਪਿੱਛੋਂ ਸਟੋਰ ਦਾ ਧਿਆਨ ਰਖਣਾ' ਸ਼ੋਅਰੂਮ ਵਿਚੋਂ ਬਾਹਰ ਨਿਕਲ ਗਈ |
   ਜਦੋਂ ਉਹ ਪ੍ਰਿੰਸੀਪਲ ਦੇ ਕਮਰੇ ਵਿਚ ਪਹੁੰਚੀ ਤਾਂ ਪ੍ਰਿੰਸੀਪਲ ਨੇ ਆਪਣੀ ਕੁਰਸੀ ਤੋਂ ਉਠ ਕੇ ਉਸ ਨਾਲ ਹੱਥ ਮਿਲਾਇਆ ਤੇ ਫੇਰ ਇਕ ਕੁਰਸੀ ਵੱਲ ਇਸ਼ਾਰਾ ਕਰਦਿਆਂ ਬੋਲੀ, "ਮਿਸ ਸਿੱਧੂ, ਬੈਠੋ, ਕੀ ਤੁਸੀਂ ਠੰਡਾ ਲੈਣਾ ਚਾਹੋਗੇ?"
"ਨਹੀਂ, ਸ਼ੁਕਰੀਆ | ਮੈਨੂੰ ਸਕੂਲ ਵੱਲੋਂ ਫੋਨ ਗਿਆ ਸੀ, ਕੀ ਬੌਬੀ ਠੀਕ ਹੈ?"
"ਹਾਂ, ਬੌਬੀ ਦੇ ਕਾਰਨ ਹੀ ਤੁਹਾਨੂੰ ਇੱਥੇ ਆਉਣ ਲਈ ਖੇਚਲ ਦਿੱਤੀ ਹੈ |" ਇਹ ਕਹਿ ਕੇ ਉੁਹ ਉਸ ਨੂੰ ਨਾਲ ਲੈ ਕੇ ਕਾਊਂਸਲਰ ਦੇ ਕਮਰੇ ਵਿਚ ਆ ਗਈ | ਸਰਬੀ ਨੇ ਦੇਖਿਆ ਕਿ ਮਿਸਟਰ ਹਡਸਨ, ਜਿਸ ਨੇ ਉਸ ਦੇ ਨਾਲ ਹੀ ਕਾਊਂਸਲਿੰਗ ਦਾ ਕੋਰਸ ਕੀਤਾ ਸੀ, ਚਾਰ ਬੱਚਿਆਂ ਨਾਲ ਗੱਲਾਂ ਕਰ ਰਿਹਾ ਸੀ, ਜਿਨ੍ਹਾਂ ਵਿਚ ਬੌਬੀ ਵੀ ਸੀ | ਸਰਬੀ ਨੂੰ ਦੇਖ ਕੇ ਉਹ ਆਪਣੀ ਕੁਰਸੀ ਤੋਂ ਉਠ ਖੜ੍ਹਾ ਹੋਇਆ ਤੇ ਬੋਲਿਆ, "ਆਓ ਮਿਸ ਸਿੱਧੂ, ਤੁਹਾਨੂੰ ਦੇਖਿਆਂ ਨੂੰ ਬਹੁਤ ਸਮਾਂ ਹੋ ਗਿਆ | ਜੇ ਮੈਂ ਭੁਲਦਾ ਨਹੀਂ ਤਾਂ ਤੁਸੀਂ ਵਾe੍ਹੀਟਰਾਕ ਵਿਚ ਪੜ੍ਹਾਉਂਦੇ ਸੀ |"
"ਹਾਂ, ਪਰ ਮਜਬੂਰੀ ਵੱਸ ਮੈਨੂੰ ਨੌਕਰੀ ਛੱਡਣੀ ਪੈ ਗਈ ਸੀ | ਪਹਿਲਾਂ ਮੇਰੀ ਸੱਸ ਦੀ ਮੌਤ ਹੋਈ ਤੇ ਫੇਰ ਬੌਬੀ ਦਾ ਬਾਪ ਨਹੀਂ ਰਿਹਾ |" ਇਕ ਹਉਕਾ ਸਰਬੀ ਦੇ ਗਲ਼ੇ ਵਿਚ ਅਟਕ ਗਿਆ  |  
'ਮੈਂ ਜਾਣਦਾਂ, ਮੈਂ ਜਾਣਦਾਂ' ਕਹਿ ਕੇ ਮਿ: ਹਡਸਨ ਨੇ ਸਰਬੀ ਕੋਲੋਂ ਪੁੱਛਿਆ, "ਤੁਹਾਡੇ ਘਰ ਕਦੀ ਚੋਰੀ ਵੀ ਹੋਈ ਸੀ ਤੇ ਜਾਂਦਾ ਹੋਇਆ ਚੋਰ ਕਿਸੇ ਨੂੰ ਜ਼ਖਮੀ ਵੀ ਕਰ ਗਿਆ ਸੀ?"
'ਹਾਂ' ਕਹਿ ਕੇ ਸਰਬੀ ਨੇ ਘਰ ਵਿਚ ਹੋਈ ਚੋਰੀ ਦੀ ਘਟਨਾ ਬਾਰੇ ਵੇਰਵੇ ਨਾਲ ਦੱਸ ਦਿੱਤਾ |
"ਹੂੰਅ! ਦਰ ਅਸਲ ਗੱਲ ਇਹ ਹੋਈ ਹੈ ਮਿਸ ਸਿੱਧੂ, ਦੁਪਹਿਰ ਦੇ ਖਾਣੇ ਸਮੇ ਬੱਚੇ ਬਾਹਰ ਖੇਡ ਰਹੇ ਸਨ | ਉਸੇ ਵੇਲੇ ਹੀ ਇਕ ਕੁੜੀ, ਪਿੱਠ ਪਿੱਛੇ ਆਪਣਾ ਬੈਗਪੈਕ ਲਟਕਾਈ, ਸਾਈਡਵਾਕ 'ਤੇ ਜਾ ਰਹੀ ਸੀ | ਬੌਬੀ ਨੇ ਇਨ੍ਹਾਂ ਮੁੰਡਿਆਂ ਨੂੰ ਨਾਲ ਲੈ ਕੇ, 'ਚੋਰਟੀ, ਚੋਰਟੀ' ਕਹਿੰਦਿਆਂ ਉਸ ਦੇ ਵੱਟੇ ਮਾਰੇ ਨੇ | ਭਲੇ ਨੂੰ ਉਸ ਦੇ ਕੋਈ ਚੋਟ ਨਹੀਂ ਆਈ, ਨਹੀਂ ਤਾਂ…|" ਮਿਸਟਰ ਹਡਸਨ ਨੇ ਵਾਕ ਅਧੂਰਾ ਹੀ ਛੱਡ ਦਿੱਤਾ, ਸ਼ਾਇਦ ਉਹ ਕਹਿਣਾ ਚਾਹੁੰਦਾ ਹੋਵੇ 'ਨਹੀਂ ਤਾਂ ਪੁਲੀਸ ਕੇਸ ਬਣ ਸਕਦਾ ਸੀ' | 
"ਇਹ ਉਹੋ ਕੁੜੀ ਸੀ ਜਿਸ ਨੇ ਦਾਦੀ ਮਾਂ ਦੇ ਚਾਕੂ ਮਾਰਿਆ ਸੀ |" ਬੌਬੀ ਨੇ ਘੱਗੀ ਜਿਹੀ ਅਵਾਜ਼ ਵਿਚ ਕਿਹਾ |
"ਬੌਬੀ, ਉਹ ਕੁੜੀ 'ਉਹੋ ਕੁੜੀ' ਕਿਵੇਂ ਹੋ ਸਕਦੀ ਹੈ? ਛੇ ਸਾਲਾਂ ਵਿਚ ਤੂੰ ਕਿੰਨਾ ਵੱਡਾ ਹੋ ਗਿਐਂ ਤੇ ਕੀ ਉਹ ਕੁੜੀ ਵੀ ਹੁਣ ਵੱਡੀ ਨਹੀਂ ਹੋ ਗਈ ਹੋਵੇਗੀ? ਫੇਰ ਵੀ ਜੇ ਤੈਨੂੰ ਭੁਲੇਖਾ ਪੈ ਹੀ ਗਿਆ ਸੀ ਤਾਂ ਤੂੰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਦੇ ਵੱਟੇ ਤਾਂ ਨਹੀਂ ਸੀ ਮਾਰਨੇ | ਤੂੰ ਉਸ ਬਾਰੇ ਆਪਣੀ ਟੀਚਰ ਨੂੰ ਦੱਸ ਸਕਦਾ ਸੀ | ਇਸ ਗਲਤੀ ਦੀ ਤੈਨੂੰ ਸਾਰਿਆਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਐ |" ਸਰਬੀ ਨੇ ਦੁਖੀ ਦਿਲ ਨਾਲ ਬੌਬੀ ਨੂੰ ਕਿਹਾ |
"ਸੌਰੀ ਮੌਮ, ਸੌਰੀ ਮਿਸਟਰ ਹਡਸਨ, ਸੌਰੀ ਮਿਸ ਬਿਕਰਟਨ |" ਬੌਬੀ ਨੇ ਆਪਣੀ ਮਾਂ, ਕਾਊਂਸਲਰ ਤੇ ਪ੍ਰਿੰਸੀਪਲ ਤੋਂ ਵਾਰੀ ਵਾਰੀ ਮੁਆਫੀ ਮੰਗੀ | ਇਸੇ ਤਰ੍ਹਾਂ ਹੀ ਦੂਸਰੇ ਤਿੰਨਾਂ ਬੱਚਿਆਂ ਨੇ ਵੀ ਮੁਆਫੀ ਮੰਗ ਲਈ |
   ਚਾਰਾਂ ਬੱਚਿਆਂ ਦੇ ਆਪਣੀ ਜਮਾਤ ਵਿਚ ਚਲੇ ਜਾਣ ਮਗਰੋਂ ਮਿ: ਹਡਸਨ ਨੇ ਸਰਬੀ ਨੂੰ ਕਿਹਾ, "ਮਿਸ ਸਿੱਧੂ,  ਉਸ ਦੁਰਘਟਨਾ ਦੇ ਕਾਰਨ ਜਿਹੜਾ ਮਾਨਸਿਕ ਸਦਮਾ ਬੌਬੀ ਨੂੰ ਲਗਾ ਸੀ ਉਸ ਦਾ ਪਰਭਾਵ ਇਸ ਦੇ ਮਨ ਵਿਚੋਂ ਅਜੇ ਤਕ ਵੀ ਗਿਆ ਨਹੀਂ ਜਾਪਦਾ, ਜਿਸ ਕਾਰਨ ਇਹ ਕਈ ਮਾਨਸਿਕ ਗੁੰਝਲਾਂ ਦਾ ਸ਼ਿਕਾਰ ਹੋ ਸਕਦਾ ਹੈ | ਤੁਹਾਨੂੰ ਕਿਸੇ ਮਨੋਵਿਗਿਆਨੀ ਕੋਲੋਂ, ਕਾਊਂਸਲਿੰਗ ਰਾਹੀਂ, ਇਸ ਦੇ ਅੰਦਰੋਂ ਉਹ ਗੁੰਝਲਾਂ ਦੂਰ ਕਰਵਾਉਣੀਆਂ ਚਾਹੀਦੀਆਂ ਹਨ | ਵਰਨਾ …|" ਮਿ: ਹਡਸਨ ਨੇ ਆਪਣਾ ਵਾਕ ਫੇਰ ਅਧੂਰਾ ਹੀ ਛੱਡ ਦਿੱਤਾ |
"ਮੈਨੂੰ ਇਸ ਦਾ ਅਹਿਸਾਸ ਹੈ ਮਿਸਟਰ ਹਡਸਨ, ਮੈਂ ਆਪਣੀ ਪੂਰੀ ਕੋਸ਼ਸ਼ ਕਰਾਂਗੀ |" ਇਹ ਕਹਿ ਕੇ ਸਰਬੀ ਕਮਰੇ ਤੋਂ ਬਾਹਰ ਆ ਗਈ |
*************
 
       ਸੁਖਦੇਵ ਅਤੇ ਦਰਸ਼ਨਾ ਆਪਣੇ ਲੜਕੇ ਕਿੰਦ ਦੇ ਜਨਮ ਦਾ ਕੇਕ ਤਾਂ ਹਰ ਸਾਲ ਹੀ ਕਟਦੇ ਸਨ ਪਰ ਉਹਨਾਂ ਨੇ ਆਪਣੀ ਲੜਕੀ ਦਾ ਜਨਮ ਦਿਨ ਪਹਿਲੀ ਵਾਰ ਮਨਾਇਆ ਸੀ | ਆਏ ਪ੍ਰਾਹੁਣੇ ਜਦੋਂ ਚਾਹ ਪਾਣੀ ਪੀ ਕੇ ਚਲੇ ਗਏ ਤਾਂ ਸਰਬੀ ਤੇ ਦਰਸ਼ਨਾ ਘਰ ਦੇ ਖਿਲਾਰੇ ਨੂੰ ਸਮੇਟਣ ਵਿਚ ਲੱਗ ਗਈਆਂ | ਪੰਮ ਆਪਣੀ ਸਹੇਲੀ ਨੂੰ ਨਾਲ ਲੈ ਕੇ ਆਪਣੇ ਬੈਡਰੂਮ ਵਿਚ ਜਾ ਵੜੀ | ਬੌਬੀ, ਕਿੰਦ ਤੇ ਪੰਮ ਦੀ ਸਹੇਲੀ ਦੇ ਭਰਾ ਨੂੰ ਅਨੂਪ ਆਪਣੇ ਨਾਲ ਬੇਸਮਿੰਟ ਵਿਚ ਲੈ ਗਿਆ | ਸੁਖਦੇਵ ਵੀ ਘਰ ਦੀ ਸਫਾਈ ਵਿਚ ਦਰਸ਼ਨਾ ਹੋਰਾਂ ਨਾਲ ਹੱਥ ਵਟਾਉਣ ਲੱਗਾ | ਭਾਂਡਿਆਂ ਦੀ ਸਾਂਭ ਸੰਭਾਲ ਤੇ ਘਰ ਦੀ ਸਾਫ ਸਫਾਈ ਤੋਂ ਵਿਹਲੇ ਹੋ ਕੇ ਜਦੋਂ ਉਹ ਲਿਵਿੰਗਰੂਮ ਵਿਚ ਆ ਕੇ ਬੈਠੇ ਤਾਂ ਸਰਬੀ ਬੋਲੀ, "ਘਰ ਵਿਚ ਚਾਰ ਪ੍ਰਾਹੁਣੇ ਵੀ ਵਾਧੂ ਆ ਜਾਣ ਤਾਂ ਖਲਜਗਣ ਬਹੁਤ ਵਧ ਜਾਂਦਾ |" 
"ਐਵੇਂ ਗੋਰਿਆਂ ਦੀ ਨਕਲ ਕਰਕੇ ਰੀਸੋ ਰੀਸੀ ਆਪਣਾ ਭਾਈਚਾਰਾ ਵੀ ਜਨਮ ਦਿਨ ਮਨਾਉਣ ਲੱਗ ਪਿਐ | ਐਵੇਂ ਵਾਧੂ ਦੇ ਖਰਚੇ ਵਧਾਏ ਐ | ਮੈਂ ਤਾਂ ਇਸ ਦੇ ਹੱਕ ਵਿਚ ਨਹੀਂ ਆਂ |" ਸੁਖਦੇਵ ਨੇ ਆਪਣੀ ਰਾਇ ਦਿੱਤੀ |
"ਤੁਸੀਂ ਹੱਕ ਵਿਚ ਹੋਵੋ ਜਾਂ ਨਾ ਹੋਵੋ ਪਰ ਬੱਚਿਆਂ ਦੀ ਖਾਤਰ ਸਭ ਕੁਝ ਕਰਨਾ ਪੈਂਦੈ ਤੇ ਇੰਡੀਆ ਵਿਚ ਕਿਹੜਾ ਜਨਮ ਦਿਨ ਨਹੀਂ ਮਨਾਏ ਜਾਂਦੇ |" ਸਰਬੀ ਨੇ ਸੁਖਦੇਵ ਦੀ ਗੱਲ ਨੂੰ ਟੋਕਦਿਆਂ ਕਿਹਾ |
"ਇਸ ਵਾਰ ਜਦੋਂ ਕਿੰਦ ਦੇ ਜਨਮ ਦਾ ਕੇਕ ਕਟਿਆ ਤਾਂ ਪੰਮ ਕਹਿੰਦੀ, 'ਮੰਮ, ਕਿੰਦ ਦਾ ਬਰਥ ਡੇ ਤਾਂ ਹਰ ਸਾਲ ਮਨਾ ਲੈਂਦੇ ਓ | ਪਰ ਮੇਰਾ ਬਰਥ ਡੇ ਤੁਹਾਨੂੰ ਕਦੀ ਯਾਦ ਹੀ ਨਹੀਂ ਆਇਆ |' ਕੁੜੀ ਦੇ ਬੋਲਾਂ ਦੀ ਚੋਭ ਨੂੰ ਮੈਂ ਸਮਝ ਗਈ ਤੇ ਉਸੇ ਦਿਨ ਉਸ ਨਾਲ ਇਕਰਾਰ ਕਰ ਲਿਆ ਸੀ, 'ਇਸ ਵਾਰ ਤੂੰ ਸੋਲਾਂ ਸਾਲਾ ਦੀ ਹੋ ਜਾਣੇ ਤੇ ਤੇਰਾ ਵੀ ਸਵੀਟ ਸਿਕਸਟੀਨ ਬਰਥ ਡੇ ਮਨਾਵਾਂਗੇ ਤੇ ਅਗਾਂਹ ਤੋਂ ਹਰ ਸਾਲ ਤੇਰਾ ਜਨਮ ਦਿਨ ਵੀ ਮਨਾਇਆ ਕਰਾਂਗੇ |' ਇਹ ਸੁਣ ਕੇ ਉਹ ਬਹੁਤ ਖੁਸ਼ ਹੋਈ ਸੀ |" ਦਰਸ਼ਨਾ ਨੇ ਪੰਮ ਦੇ ਜਨਮ ਦਿਨ ਮਨਾਉਣ ਦਾ ਕਾਰਨ ਦੱਸਿਆ |
"ਕੁੜੀਆਂ ਦੇ ਜਨਮ ਦਿਨ ਕਿਉਂ ਨਹੀਂ ਮਨਾਉਣੇ, ਇਹ ਕਿਹੜਾ ਸਿੱਟੀਆਂ ਹੋਈਆਂ ਨੇ! ਕੁੜੀਆਂ ਦੇ ਜਨਮ ਦਿਨ ਵੀ ਮਨਾਉਣੇ ਚਾਹੀਦੇ ਆ |" ਸਰਬੀ ਨੇ ਦਲੀਲ ਦਿੱਤੀ | 
   ਉਹਨਾਂ ਦੀ ਇਹ ਬਹਿਸ ਪਤਾ ਨਹੀਂ ਹੋਰ ਕਿੰਨਾ ਕੁ ਚਿਰ ਚਲਣੀ ਸੀ ਕਿ ਪੌੜੀਆਂ ਚੜ੍ਹਦਾ ਕਿੰਦ ਬੋਲਿਆ, "ਮੌਮ, ਬੌਬੀ ਵੀਰਾ 'ਨੂਪ ਨਾਲ ਲੜਦਾ ਸੀ, ਲਾਜੋ ਆਂਟੀ ਨੇ ਹਟਾਇਆ |" 
"ਜਾਹ, ਉਸ ਨੂੰ ਉਪਰ ਸੱਦ ਕੇ ਲਿਆ | ਕਹੀਂ, ਮਾਸੀ ਬੁਲਾਉਂਦੀ ਆ |" ਸਰਬੀ ਨੇ ਕਿੰਦ ਨੂੰ ਆਖਿਆ | 
"ਉਹ ਤਾਂ ਦੇਵ ਨਾਲ ਬਾਹਰ ਨੂੰ ਚਲਿਆ ਗਿਆ |" ਇਹ ਕਹਿ ਕੇ ਕਿੰਦ ਪੰਮ ਦੇ ਕਮਰੇ ਵਿਚ ਜਾ ਵੜਿਆ |
"ਕਿਤੇ ਉਹ ਉਸ ਮੁੰਡੇ ਨਾਲ ਵੀ ਨਾ ਖਹਿਬੜ ਪਵੇ! ਉਹ ਸੁਭਾ ਦਾ ਅੱਥਰਾ |" ਸਰਬੀ ਨੇ ਫਿਕਰ ਵਿਚ ਕਿਹਾ |
"ਅੇਵੈਂ ਤੂੰ ਫਿਕਰ ਨਾ ਕਰ, ਉਹ ਲੜਨਗੇ ਨਹੀਂ, ਦੇਵ ਸਿਆਣਾ ਮੁੰਡਾ ਐ |" ਸੁਖਦੇਵ ਨੇ ਭਰੋਸਾ ਦਿਵਾਇਆ |
"ਪਰ ਆਪਣੇ ਕਰਾਏਦਾਰਾਂ ਦਾ ਮੁੰਡਾ ਵੀ ਤਾਂ ਬਹੁਤ ਸਾਊ ਇਆ | ਉਹ ਤਾਂ ਕਿਸੇ ਨਾਲ ਉੱਚਾ ਵੀ ਨਹੀਂ ਬੋਲਦਾ, ਲੜਨਾ ਤਾਂ ਕੀ ਐ |" ਦਰਸ਼ਨਾ ਨੇ ਅਨੂਪ ਦੇ ਸੁਭਾਅ ਦੀ ਸਿਫਤ ਕੀਤੀ |
"ਪਰ ਬੌਬੀ ਦਾ ਕੀ ਕਰਾਂ ਮੈਂ! ਇਹ ਜਿੱਥੇ ਜਾਂਦਾ ਲੜਾਈ ਝਗੜਾ ਕਰ ਕੇ ਆ ਜਾਂਦਾ ਏ |" ਸਰਬੀ ਦੇ ਬੋਲਾਂ ਤੋਂ ਇਉਂ ਜਾਪਦਾ ਸੀ ਕਿ ਜਿਵੇਂ ਉਹ ਬੌਬੀ ਦੇ ਲੜਾਈ ਝਗੜੇ ਤੋਂ ਨਹੁੰ ਨਹੁੰ ਦੁਖੀ ਹੋਵੇ |
"ਬੌਬੀ ਐਡਾ ਪਾਗਲ ਨਹੀਂ ਕਿ ਐਵੇਂ ਹੀ ਲੜਾਈ ਝਗੜੇ ਮੁੱਲ ਲੈਂਦਾ ਫਿਰਦਾ ਹੋਵੇ | ਬਸ, ਉਹਦੇ ਵਿਚ ਇਕੋ ਨੁਕਸ ਐ ਕਿ ਉਹ ਐਵੇਂ ਕਿਸੇ ਦਾ ਫੋਕਾ ਰੋਅਬ ਨਹੀਂ ਸਹਿੰਦਾ |" ਸੁਖਦੇਵ ਨੇ ਬੌਬੀ ਦੀ ਤਰਫਦਾਰੀ ਕੀਤੀ |
"ਭਾਅ ਜੀ, ਤੁਸੀਂ ਉਸ ਨੂੰ ਰੋਕਣ ਟੋਕਣ ਦੀ ਥਾਂ ਹਲਾਸ਼ੇਰੀ ਬਹੁਤੀ ਦਿੰਦੇ ਓ |" ਸਰਬੀ ਨੇ ਨਿਹੋਰਾ ਮਾਰਿਆ |
"ਸਰਬਜੀਤ, ਮੈਂ ਉਸ ਦਾ ਦੋਖੀ ਨਹੀਂ ਕਿ ਐਵੇਂ ਹੀ ਉਸ ਨੂੰ ਲੋਕਾਂ ਨਾਲ ਲੜਨ ਲਈ ਉਤਸਾਹਤ ਕਰਦਾ ਫਿਰਾਂ | ਸਗੋਂ ਮੈਂ ਤਾਂ ਉਸ ਨੂੰ ਕਈ ਵਾਰ ਵਰਜਿਆ ਹੈ ਪਰ ਉਹ ਸਵੈ-ਅਭਿਮਾਨੀ ਬਹੁਤ ਐ | ਇਕ ਦਿਨ ਮੈਂ ਉਸ ਨੂੰ ਕਿਹਾ, 'ਜਦੋਂ ਤੂੰ ਲੜ ਝਗੜ ਕੇ ਘਰ ਆਉਂਦਾ ਹੈਂ ਤਾਂ ਤੇਰੀ ਮਾਂ ਨੂੰ ਬਹੁਤ ਦੁੱਖ ਹੁੰਦਾ ਹੈ, ਇਸ ਲਈ ਲੜਾਈ ਝਗੜੇ ਤੋਂ ਟਾਲਾ ਵਟ ਜਾਇਆ ਕਰ | ਆਪਣੀ ਇਸੇ ਵਿਚ ਹੀ ਭਲਿਆਈ ਹੈ |'
ਉਸ ਨੇ ਪਤਾ ਅੱਗੋਂ ਕੀ ਕਿਹਾ? ਕਹਿੰਦਾ, 'ਅੰਕਲ, ਜੇ ਮੈਂ ਕੁੱਟ ਖਾ ਕੇ ਘਰ ਆ ਜਾਇਆ ਕਰਾਂ ਤਾਂ ਫੇਰ ਮੇਰੀ ਮਾਂ ਨੂੰ ਸੁਖ ਮਿਲ ਜਾਊਗਾ?' ਇਸ ਦਾ ਮੈਂ ਕੀ ਜਵਾਬ ਦਿੰਦਾ? ਲੈ, ਉਹ ਆ ਹੀ ਗਿਐ, ਉਸ ਕੋਲੋਂ ਪੁੱਛ ਲੈਨੇ ਆਂ ਕਿ ਤੂੰ ਅਨੂਪ ਨਾਲ ਕਿਉਂ ਲੜਿਆ ਸੀ?" ਡੋਰਬਿੱਲ ਦੀ ਅਵਾਜ਼ ਸੁਣ ਕੇ ਸੁਖਦੇਵ ਨੇ ਆਪਣੀ ਗੱਲ ਮੁਕਾਈ |
"ਅਜੇ ਉਸ ਕੋਲੋਂ ਕੁਝ ਨਾ ਪੁੱਛਿਓ | ਉਸ ਨਾਲ ਮੈਂ ਗੱਲ ਕਰਾਂਗੀ |" ਦਰਸ਼ਨਾ ਬੂਹਾ ਖੋਲ੍ਹਣ ਜਾਂਦੀ ਹੋਈ ਬੋਲੀ | 
"ਇਸ ਵੇਲੇ ਤੁਸੀਂ ਕਿਧਰ ਨਿਕਲ ਗਏ ਸੀ, ਇੰਂਨੀ ਠੰਡ ਵਿਚ? ਬਾਹਰ ਸਨੋਅ ਦੇ ਢੇਰ ਲੱਗੇ ਪਏ ਇਆ, ਜੇ ਤਿਲਕ ਜਾਂਦੇ ਨੇਰ੍ਹੇ 'ਚ?" ਦਰਸ਼ਨਾ ਨੇ ਬੂਹਾ ਖੋਲ੍ਹਦਿਆਂ ਹੀ ਪੁੱਛ ਲਿਆ | 
"ਅਸੀਂ ਦੇਵ ਕੇ ਘਰ ਚਲੇ ਗਏ ਸੀ |" ਪੌੜੀਆਂ ਚੜ੍ਹਦੇ ਬੌਬੀ ਨੇ ਸੰਖੇਪ ਉੱਤਰ ਦਿੱਤਾ |
"ਕਿਉਂ ਬੇਸਮਿੰਟ ਵਿਚੋਂ ਥੋਨੂੰ ਮੁਸ਼ਕ ਆਉਂਦਾ ਸੀ ਕਿ ਗਰਮੀ ਲਗਦੀ ਸੀ?" ਸੁਖਦੇਵ ਨੇ ਵਿਅੰਗ ਨਾਲ ਕਿਹਾ |
   ਸੁਖਦੇਵ ਦੀ ਗੱਲ ਵੱਲ ਧਿਆਨ ਨਾ ਦਿੰਦਿਆਂ ਬੌਬੀ ਬੋਲਿਆ, "ਚਲੋ ਮੌਮ, ਘਰ ਚੱਲੀਏ |"
"ਅਜੇ ਛੇ ਵੱਜੇ ਨਹੀਂ ਤੇ ਹੁਣੇ ਘਰ ਜਾਣ ਨੂੰ ਕਹਿਣ ਲੱਗ ਗਿਆ | ਤੂੰ ਅੱਜ ਸਾਡੇ ਕੋਲ ਹੀ ਰਹਿਣਾ ਹੈ, ਤੇਰਾ ਬੈਡਰੂਮ ਖਾਲੀ ਪਿਆ | ਪਰ ਹੁਣ ਇੱਥੇ ਸਾਡੇ ਕੋਲ ਬੈਠੋ, ਮੈਂ ਤੇਰੇ ਨਾਲ ਇਕ ਗੱਲ ਕਰਨੀ ਆ, ਬੌਬੀ |" ਦਰਸ਼ਨਾ ਨੇ ਬੌਬੀ ਨੂੰ ਹੁਕਮੀਆ ਲਹਿਜ਼ੇ ਵਿਚ ਕਿਹਾ | ਦਰਸ਼ਨਾ ਬੌਬੀ ਨੂੰ ਪਿਆਰ ਵੀ ਬਹੁਤ ਕਰਦੀ ਸੀ ਤੇ ਬਹੁਤੀ ਵਾਰ ਬੌਬੀ ਕਈ ਕਈ ਦਿਨ ਇਧਰ ਹੀ ਰਹਿ ਲੈਂਦਾ ਸੀ | ਉਸ ਦੇ ਰਹਿਣ ਲਈ ਇਕ ਕਮਰਾ ਵੀ ਰਾਖਵਾਂ ਰੱਖਿਆ ਹੋਇਆ ਸੀ, ਜਿਸ ਨੂੰ ਹੁਣ ਕਿੰਦਰ ਨੇ ਆਪਣਾ ਬੈਡਰੂਮ ਬਣਾ ਲਿਆ ਸੀ ਪਰ ਅਜੇ ਵੀ ਉਸ ਨੂੰ ਬੌਬੀ ਵਾਲਾ ਬੈਡਰੂਮ ਹੀ ਕਿਹਾ ਜਾਂਦਾ ਸੀ | 
  ਜਦੋਂ ਉਹ ਦੋਵੇਂ ਬੀਬੇ ਬੱਚਿਆਂ ਵਾਂਗ ਸੋਫੇ ਉਪਰ ਬੈਠ ਗਏ ਤਾਂ ਦਰਸ਼ਨਾ ਨੇ ਪੁੱਛਿਆ, "ਬੌਬੀ, ਤੂੰ ਅਨੂਪ ਨਾਲ ਕਿਉਂ ਲੜਦਾ ਸੀ?"
  ਬੌਬੀ ਦੇ ਬੋਲਣ ਤੋਂ ਪਹਿਲਾਂ ਹੀ ਦੇਵ ਬੋਲ ਪਿਆ, "ਆਂਟੀ, ਮੈਂ ਦਸਦਾਂ ਸਾਰੀ ਗੱਲ | ਅਸੀਂ ਐਡੀ ਮਰਫੀ ਦੇ ਸ਼ੋਅ ਦੀ ਮੂਵੀ ਦੇਖ ਰਹੇ ਸੀ, ਜਿਹੜੀ ਲਾਜੋ ਆਂਟੀ ਨੇ ਸਾਡੇ ਵਾਸਤੇ ਟੀ।ਵੀ। 'ਤੇ ਲਾ ਦਿੱਤੀ ਸੀ | ਅਜੇ ਮੂਵੀ ਖਤਮ ਨਹੀਂ ਸੀ ਹੋਈ ਕਿ ਅਨੂਪ ਇਕ ਫਾਈਲ ਚੁੱਕ ਲਿਆਇਆ, ਜਿਸ ਵਿਚ ਉਸ ਦੇ ਹੁਣ ਤਕ ਦੇ ਸਾਰੇ ਰਿਪੋਰਟ ਕਾਰਡ ਤੇ ਹਰੇਕ ਸਕੂਲ ਵੱਲੋਂ ਮਿਲੇ ਹੋਏ ਅਵਾਰਡ ਸੀ | ਉਹ ਸਾਨੂੰ ਆਪਣੇ ਰਿਪੋਰਟ ਕਾਰਡ ਦਿਖਾਉਣ ਲੱਗਾ ਤਾਂ ਮੈਂ ਕਿਹਾ, 'ਮੂਵੀ ਖਤਮ ਹੋਣ ਮਗਰੋਂ ਤੇਰੇ ਅਵਾਰਡ ਦੇਖਾਂਗੇ' ਉਹ ਕੁਝ ਦੇਰ ਫਾਈਲ ਨੂੰ ਆਪਣੇ ਪੱਟਾਂ 'ਤੇ ਰਖ ਕੇ ਬੈਠਾ ਰਿਹਾ ਤੇ ਫੇਰ ਦਸਵੇਂ ਗ੍ਰੇਡ ਦਾ ਨਵਾਂ ਮਿਲਿਆ ਰਿਪੋਰਟ ਕਾਰਡ ਕੱਢ ਕੇ ਦਿਖਾਉਂਦਾ ਹੋਇਆ ਬੋਲਿਆ, 'ਅਹਿ ਦੇਖੋ, ਸਾਰੇ ਸਬਜੈਟਸ ਵਿਚੋਂ ਮੇਰੀਆਂ ਏ ਆਈਆਂ ਤੇ ਮੈਥ ਵਿਚੋਂ +ਏ' | ਬੌਬੀ ਨੂੰ ਗੁੱਸਾ ਆ ਗਿਆ ਤੇ ਇਸ ਨੇ ਓਹਦੀ ਫਾਈਲ ਫਵ ਕੇ ਫਲੋਰ 'ਤੇ ਸੁਟ ਦਿੱਤੀ ਤੇ ਉਸ ਨੂੰ ਧੱਕਾ ਦੇ ਕੇ ਕਿਹਾ, 'ਅਸੀਂ ਤੇਰੀਆਂ ਏਆਂ ਨੂੰ ਕੀ ਕਰੀਏ? ਤੂੰ ਸਾਨੂੰ ਮੂਵੀ ਦੇਖਣ ਦੇਣੀ ਹੈ ਕਿ ਨਹੀਂ?' ਲਾਜੋ ਆਂਟੀ ਸਾਡੇ ਕੋਲ ਬੈਠੀ ਕਪੜੇ ਸਿਉਂ ਰਹੀ ਸੀ, ਉਸ ਨੇ ਕਿਹਾ, 'ਪੁੱਤ, ਲੜੋ ਨਾ, ਆਰਾਮ ਨਾਲ ਬੈਠ ਕੇ ਮੂਵੀ ਦੇਖੋ' ਤੇ ਉਸ ਨੇ ਅਨੂਪ ਨੂੰ ਵੀ ਕਿਹਾ ਸੀ, 'ਤੂੰ ਵੀ ਮੂਵੀ ਦੇਖ ਲੈ, ਜੋ ਕੁਝ ਦਿਖਾਉਣਾ ਹੋਇਆ ਫੇਰ ਦਿਖਾ ਲਵੀਂ |' ਪਰ ਉਹ ਆਪਣੀ ਫਾਈਲ ਚੁੱਕ ਕੇ ਆਪਣੇ ਬੈਡਰੂਮ ਵਿਚ ਚਲਾ ਗਿਆ ਤੇ ਫੇਰ ਮੁੜ ਕੇ ਬਾਹਰ ਹੀ ਨਹੀਂ ਨਿਕਲਿਆ ਤੇ ਅਸੀਂ ਉਥੋਂ ਆ ਗਏ | ਬਸ ਇੰਨੀ ਹੀ ਗੱਲ ਹੋਈ ਐ |"
"ਜੇ ਤੁਸੀਂ ਉਸ ਦੇ ਰਿਪੋਰਟ ਕਾਰਡ ਨਹੀਂ ਦੇਖਣਾ ਚਾਹੁੰਦੇ ਸੀ ਤਾਂ ਉੱਥੋਂ ਉਠ ਕੇ ਪਹਿਲਾਂ ਹੀ ਆ ਜਾਂਦੇ | ਬੌਬੀ, ਤੂੰ ਉਸ ਨੂੰ ਧੱਕਾ ਕਿਉਂ ਦਿੱਤਾ? ਜੇ ਉਸ ਦੇ ਸੱਟ ਲੱਗ ਜਾਂਦੀ, ਫੇਰ?" ਸਰਬੀ ਨੇ ਬੌਬੀ ਨੂੰ ਘੂਰਦਿਆਂ ਕਿਹਾ |
"ਲੱਗ ਜਾਂਦੀ ਫੇਰ! ਆਈ ਡੋਂਟ ਕੇਅਰ!! ਮੈਂ ਤਾਂ ਉਸ ਦੀ ਫਾਈਲ ਵੀ ਪਾੜ ਦੇਣੀ ਸੀ | ਉਹ ਸਾਨੂੰ ਤੰਗ ਕਰਨੋ ਨਹੀਂ ਸੀ ਹਟਦਾ |" ਬੌਬੀ ਨੇ ਬੇ ਪ੍ਰਵਾਹੀ ਨਾਲ ਕਿਹਾ ਤੇ ਦੇਵ ਨੂੰ ਨਾਲ ਲੈ ਕੇ ਸੌਣ ਕਮਰਿਆਂ ਵੱਲ ਚਲਾ ਗਿਆ | 
"ਭੈਣੇ, ਇਹ ਤਾਂ ਬਹੁਤਾ ਈ ਕੱਬਾ ਇਆ | ਦੇਖਿਆ, ਹੁਣ ਕਿਵੇਂ ਪਟੱਕ ਦੇਣੇ ਜਵਾਬ ਦੇ ਕੇ ਕਮਰੇ ਅੰਦਰ ਚਲਾ ਗਿਆ, ਸੁਣੀ ਕਿਸੇ ਦੀ ਗੱਲ!" ਦਰਸ਼ਨਾ ਬੌਬੀ ਦੇ ਸੁਭਾਅ ਤੋਂ ਹੈਰਾਨ ਹੋ ਰਹੀ ਸੀ |
"ਦੀਦੀ, ਪਤਾ ਨਹੀਂ ਇਹ ਇਸ ਤਰ੍ਹਾਂ ਦਾ ਅੱਖੜ ਤੇ ਲੜਾਕੇ ਸੁਭਾਅ ਦਾ ਕਿਉਂ ਬਣਦਾ ਜਾ ਰਿਹਾ | ਇਸ ਉਪਰ ਤਾਂ ਮਿਸਟਰ ਹਡਸਨ ਦੀਆਂ ਸਮਝੌਤੀਆਂ ਤੇ ਮਨੋਵਿਗਿਆਨੀ ਨਾਲ ਕੀਤੀਆਂ ਪੰਜ ਬੈਠਕਾਂ ਦਾ ਵੀ ਕੋਈ ਪ੍ਰਭਾਵ ਨਹੀਂ ਪਿਆ | ਹੋਰ ਕਿਸੇ ਦੇ ਸਮਝੌਣ ਦਾ ਤਾਂ ਇਸ ਉਪਰ ਕੀ ਅਸਰ ਹੋਣਾ |" ਸਰਬੀ ਦੀਆਂ ਅੱਖਾਂ ਵਿਚ ਹੰਝੂ ਆ ਗਏ |
"ਉਹਦੇ ਬਾਰੇ ਸੋਚ ਸੋਚ ਕੇ ਤੂੰ ਐਵੇਂ ਨਾ ਅੱਖਾਂ ਭਰੀ ਰੱਖਿਅਆ ਕਰ | ਉਹ ਅਜੇ ਨਿਆਣਾ ਏ, ਹੌਲ਼ੀ ਹੌਲ਼ੀ ਸਮਝ ਆ ਜਾਊਗੀ | ਏਸ ਉਮਰ ਵਿਚ ਬੱਚੇ ਸ਼ਰਾਰਤਾਂ ਕਰਦੇ ਹੀ ਹੁੰਦੇ ਐ |" ਸੁਖਦੇਵ ਨੇ ਸਰਬੀ ਦਾ ਧਰਵਾਸ ਬਨ੍ਹਾਇਆ |
"ਭਾਅ ਜੀ, ਪੰਦਰਵੇਂ ਸਾਲ 'ਚ ਹੋ ਗਿਆ ਏ, ਅਜੇ ਇਹ ਨਿਆਣਾ! ਇਹਦੇ ਵਰਗੇ ਮੁੰਡੇ ਤਾਂ ਮਿੱਲਾਂ ਵਿਚ ਕੰਮ ਕਰਦੇ ਆ |" ਸਰਬੀ ਡੁਸਕਦੀ ਹੋਈ ਬੋਲੀ |
"ਸਕੂਲ ਛੱਡ ਕੇ ਹੁਣ ਇਹ ਮਿੱਲ ਵਿਚ ਕੰਮ ਕਰਨ ਲੱਗ ਜਾਵੇ!" ਸੁਖਦੇਵ ਖਿਝ ਕੇ ਬੋਲਿਆ ਤੇ ਫੇਰ ਸੁਝਾ ਦਿੱਤਾ, "ਤੂੰ ਏਸ ਨੂੰ ਪਹਿਲਾਂ ਵਾਂਗ ਹੀ ਸਕੂਲ ਟਾਇਮ ਮਗਰੋਂ ਸਟੋਰ ਲੈ ਜਾਇਆ ਕਰ |" 
"ਮੈਂ ਤਾਂ ਬਥੇਰਾ ਕਹਿਨੀ ਆਂ ਕਿ ਮੇਰੇ ਕੋਲ ਆ ਕੇ ਸਕੂਲ ਦਾ ਕੰਮ ਕਰ ਲਿਆ ਕਰੇ ਪਰ ਇਹ ਮੰਨੇ ਵੀ ਕਿਸੇ ਦੀ |" "ਮੈਂ ਕਰਦਾਂ ਇਸ ਨਾਲ ਗੱਲ | ਚਲੋ ਤੁਸੀਂ ਖਾਣਾ ਤਿਆਰ ਕਰੋ |" ਇਹ ਕਹਿ ਕੇ ਸੁਖਦੇਵ ਸੋਫੇ ਤੋਂ ਉਠ ਖੜ੍ਹਾ ਹੋਇਆ |
"ਸਭ ਕੁਝ ਤਿਆਰ ਪਿਐ , ਬੱਸ ਰੋਟੀਆਂ ਹੀ ਲਾਹੁਣ ਵਾਲੀਆਂ ਰਹਿੰਦੀਆਂ |" ਇਹ ਕਹਿ ਕੇ ਦਰਸ਼ਨਾ ਰਸੋਈ ਵੱਲ ਚਲੀ ਗਈ | 
   ਜਦੋਂ ਸੁਖਦੇਵ ਅੰਦਰ ਗਿਆ ਤਾਂ ਦੋਵੇਂ ਮੁੰਡੇ ਅੰਗ੍ਰੇਜ਼ੀ ਸੰਗੀਤ ਦੀ ਮੱਧਮ ਧੁੰਨ ਉਪਰ ਨੱਚ ਰਹੇ ਸਨ | ਸੁਖਦੇਵ ਨੂੰ ਅੰਦਰ ਆਇਆ ਦੇਖ, ਦੇਵ ਨੇ ਟੇਪਰਿਕਾਰਡਰ ਬੰਦ ਕਰ ਦਿੱਤਾ | "ਸੌਰੀ ਮੁੰਡਿਓ, ਮੈਂ ਤੁਹਾਡੇ ਨਾਚ ਵਿਚ ਵਿਘਨ ਪਾ ਦਿੱਤਾ | ਚਲਦੀ ਰਹਿਣ ਦਿਓ ਟੇਪ ਤੇ ਕਰੋ ਮੌਜਾਂ, ਮੈਂ ਚਲਦਾਂ |" ਸੁਖਦੇਵ ਨੇ ਵਾਪਸ ਮੁੜਨ ਦਾ ਵਿਖਾਵਾ ਕੀਤਾ | 
"ਬੈਠੋ ਅੰਕਲ, ਅਸੀਂ ਤਾਂ ਵਿਹਲੇ ਬੈਠੇ ਹੋਣ ਕਰਕੇ ਗਾਣੇ ਸੁਣ ਰਹੇ ਸੀ |" ਸੰਗਦਾ ਸੰਗਦਾ ਦੇਵ ਬੋਲਿਆ | 
"ਤੁਸੀਂ ਗਾਣੇ ਤਾਂ ਸੁਣ ਰਹੇ ਸੀ, ਕਿਸੇ ਦੀ ਗੱਲ ਵੀ ਸੁਣ ਲਿਆ ਕਰੋ |" ਸੁਖਦੇਵ ਨੇ ਬੌਬੀ ਦੇ ਨਾਲ ਲੱਗ ਕੇ ਬੈਠਦਿਆਂ ਕਿਹਾ | 
"ਦੱਸੋ ਅੰਕਲ!" ਬੌਬੀ ਦੀ ਥਾਂ ਦੇਵ ਹੀ ਬੋਲਿਆ |
"ਬੌਬੀ, ਤੇਰੀ ਮਾਂ ਨੇ ਤਾਂ ਇੰਨਾ ਹੀ ਕਿਹਾ ਸੀ ਕਿ 'ਤੂੰ ਅਨੂਪ ਨੂੰ ਧੱਕਾ ਨਹੀਂ ਸੀ ਦੇਣਾ' ਤੇ ਤੂੰ ਇੰਨੇ ਵਿਚ ਹੀ ਗੁੱਸੇ ਹੋ ਕੇ ਸਾਡੇ ਕੋਲੋਂ ਆ ਗਿਆ?" ਸੁਖਦੇਵ ਨੇ ਬੌਬੀ ਦੀ ਪਿੱਠ ਥਪ ਥਪਾਉਂਦਿਆਂ ਪੁੱਛਿਆ |
"ਮੈਂ ਗੁੱਸੇ ਹੋ ਕੇ ਨਹੀਂ ਆਇਆ |"
"ਫਿਰ ਤੁਸੀਂ ਉੱਥੋਂ ਉਠ ਕੇ ਕਿਉਂ ਆ ਗਏ ਸੀ?"
"ਮੈਂ ਅਨੂਪ ਨੂੰ ਪਸੰਦ ਨਹੀਂ ਕਰਦਾ?"
"ਕਿਉਂ?"
"ਉਹ ਕਾਗਜ਼ ਜਿਹੇ ਦਿਖਾ ਦਿਖਾ ਕੇ ਸਾਡੇ ਉੱਤੇ ਆਪਣੀ ਲਿਆਕਤ ਦਾ ਰੋਅਬ ਪਾਉਣਾ ਚਾਹੁੰਦਾ ਸੀ ਪਰ ਮੈਂ ਨਹੀਂ ਕਿਸੇ ਦਾ ਰੋਅਬ ਸਹਾਰ ਸਕਦਾ |" ਬੌਬੀ ਅੰਗ੍ਰੇਜ਼ੀ ਵਿਚ ਗੱਲ ਕਰ ਰਿਹਾ ਸੀ |
"ਅੰਕਲ, ਉਹ ਤਾਂ ਜਾਂਦਿਆਂ ਹੀ ਪਹਿਲਾਂ ਸਾਨੂੰ ਆਪਣੇ ਮੈਡਲ ਤੇ ਟਰਾਫੀਆਂ ਦਿਖਾਉਣ ਲੱਗ ਪਿਆ ਸੀ |" ਦੇਵ ਨੇ ਵੀ ਆਪਣੀ ਗੱਲ ਨਾਲ ਹੀ ਕਹਿ ਦਿੱਤੀ |
"ਸਕੂਲਾਂ ਵਿਚ ਆਪਣੇ ਮੁੰਡੇ ਕੁੜੀਆਂ ਨਾਲ ਬਥੇਰੇ ਵਿਤਕਰੇ ਹੁੰਦੇ ਐ | ਵਿਤਕਰੇ ਹੁੰਦੇ ਹੋਏ ਵੀ ਉਹ ਆਪਣੇ ਸਕੂਲ ਦਾ ਸਭ ਤੋਂ ਹੋਣਹਾਰ ਵਿਦਿਆਰਥੀ ਹੈ | ਇਸੇ ਲਈ ਉਹ ਚਾਅ ਨਾਲ ਦਿਖਾ ਰਿਹਾ ਸੀ | ਉਸ ਦੇ ਮੈਡਲ ਟਰਾਫੀਆਂ ਦੇਖ ਕੇ ਤੁਸੀਂ ਵੀ ਮਿਹਨਤ ਕਰਕੇ ਉਸ ਵਰਗੇ ਹੋਣਹਾਰ ਵਿਦਿਆਰਥੀ ਬਣ ਸਕਦੇ ਹੋ ਪਰ ਤੁਹਾਨੂੰ ਤਾਂ ਲੜਾਈ ਝਗੜਿਆਂ ਤੋਂ ਹੀ ਵਿਹਲ ਨਹੀਂ ਮਿਲਦੀ |" ਸੁਖਦੇਵ ਨੇ ਤਨਜ਼ੀਆ ਲਹਿਜੇ ਵਿਚ ਕਿਹਾ |
"ਮੈਂ ਕਿਸੇ ਨਾਲ ਵਾਧੂ ਲੜਾਈ ਝਗੜਾ ਨਹੀਂ ਕਰਦਾ |" ਬੌਬੀ ਨੇ ਮੋਢੇ ਹਿਲਾਉਂਦਿਆਂ ਕਿਹਾ |
"ਜਦੋਂ ਪਿਛਲੇ ਦਿਨੀ, ਸਰਦੀ ਦੀਆਂ ਛੁੱਟੀਆਂ ਮਿਲਨ ਵਾਲੇ ਦਿਨ, ਸਕੂਲ ਤੋਂ ਬਾਹਰ ਨਿਕਲਦਿਆਂ ਹੀ ਦੋ ਮੁੰਡਿਆਂ ਨਾਲ ਗੁੱਥਮ ਗੁੱਥਾ ਹੋਏ ਸੀ, ਉਹ ਲੜਾਈ ਨਹੀਂ ਸੀ!"
"ਅੰਕਲ, ਮੈਂ ਤਾਂ ਨਹੀਂ ਸੀ ਇਹਨਾਂ ਨਾਲ | ਮੈਂ ਤਾਂ ਪੰਮ ਵਾਲੇ ਸਕੂਲ ਵਿਚ ਪੜ੍ਹਦਾਂ |" ਦੇਵ ਨੇ ਆਪਣੀ ਸਫਾਈ ਦਿੱਤੀ ਅਤੇ ਨਾਲ ਹੀ ਕਹਿ ਦਿੱਤਾ, "ਅੰਕਲ, ਹੁਣ ਅਸੀਂ ਘਰ ਨੂੰ ਜਾਵਾਂਗੇ |"
"ਬੱਚੂ, ਮੈਂ ਤੇਰੀ ਗੱਲ ਨਹੀਂ ਕਰਦਾ | ਬੌਬੀ ਤੋਂ ਪੁੱਛਦਾਂ |" ਇਹ ਕਹਿ ਕੇ ਸੁਖਦੇਵ ਨੇ ਦੇਵ ਨੂੰ ਚੁੱਪ ਕਰਾ ਦਿੱਤਾ |
"ਉਹ! ਉਹ ਮੁੰਡੇ ਬਾਹਰੋਂ ਆ ਕੇ ਸਾਨੂੰ ਤੰਗ ਕਰਦੇ ਸੀ |" ਬੌਬੀ ਨੇ ਸੰਖੇਪ ਵਿਚ ਜਵਾਬ ਦਿੱਤਾ |
"ਕੋਈ ਗੱਲ ਹੋਈ ਹੋਵੇਗੀ, ਉਹ ਬਾਹਰੋਂ ਆ ਕੇ ਐਵੇਂ ਕਿਵੇਂ ਤੰਗ ਕਰ ਸਕਦੇ ਐ?" ਸੁਖਦੇਵ ਨੇ ਸ਼ੱਕ ਦੀਆਂ ਨਜ਼ਰਾਂ ਨਾਲ ਬੌਬੀ ਵੱਲ ਦੇਖਿਆ |
"ਉਹ ਹਰ ਰੋਜ਼ ਸਕੂਲ ਦੇ ਗਰਾਊਂਡ ਵਿਚ ਆ ਕੇ ਖੜ੍ਹ ਜਾਂਦੇ ਸੀ ਤੇ ਮੇਰਾ ਦੋਸਤ, ਨਿਕੋਲ ਉਹਨਾਂ ਨੂੰ ਉੱਥੇ ਆਉਣੋ ਰੋਕਦਾ ਸੀ | ਉਸ ਦਿਨ ਉਹਨਾਂ ਵਿਚੋਂ ਇਕ ਨੇ ਉਸ ਦੇ ਘਸੁੰਨ ਜੜ ਦਿੱਤਾ, ਫਿਰ ਮੈਨੂੰ ਵੀ ਗੁੱਸਾ ਆ ਗਿਆ ਤੇ ਅਸੀਂ ਉਹਨਾਂ ਨੂੰ ਉੱਥੇ ਹੀ ਢਾਅ ਲਿਆ | ਬੱਸ ਇੰਨੀ ਹੀ ਗੱਲ ਹੋਈ ਸੀ |"  ਬੌਬੀ ਨੇ ਹੁੱਬ ਕੇ ਦੱਸਿਆ |
"ਇਹ ਇੰਨੀ ਗੱਲ ਨਹੀਂ ਹੈ ਪੁੱਤਰਾ! ਇਹੋ ਜਿਹੇ ਮੁੰਡੇ ਬਹੁਤ ਭੈੜੇ ਹੁੰਦੇ ਐ, ਉਹਨਾਂ ਕੋਲੋਂ ਬਚ ਕੇ ਰਹਿਣ ਵਿਚ ਹੀ ਸਿਆਣਪ ਐ | ਤੇ ਇਹ ਨਿਕੋਲ ਕੌਣ ਐ?" ਸੁਖਦੇਵ ਨੇ ਉਸ ਨੂੰ ਸਮਝਾਇਆ ਅਤੇ ਨਾਲ ਹੀ ਉਸ ਕੋਲੋਂ ਉਸ ਦੇ ਨਵੇਂ ਬਣੇ ਮਿੱਤਰ ਬਾਰੇ ਪੁੱਛ ਲਿਆ |
"ਨੌਵੇਂ ਗ੍ਰੇਡ ਵਿਚ ਪੜ੍ਹਦਾ |"
"ਬੌਬੀ, ਤੂੰ ਮੇਰੀ ਗੱਲ ਧਿਆਨ ਨਾਲ ਸੁਣ! ਹੁਣ ਤੂੰ ਐਲੀਮੈਂਟਰੀ ਸਕੂਲ ਵਿਚ ਨਹੀਂ ਪੜ੍ਹਦਾ, ਸੈਕੰਡਰੀ ਸਕੂਲ ਵਿਚ ਚਲਾ ਗਿਆ ਏਂ | ਤੇਰੇ ਵਰਗੇ ਜਜ਼ਬਾਤੀ ਮੁੰਡੇ, ਮਾੜੇ ਅਨਸਰਾਂ ਵੱਲੋਂ ਬਹੁਤ ਛੇਤੀ ਭਰਮਾਏ ਜਾ ਸਕਦੇ ਐ | ਸੋ ਤੈਨੂੰ ਉੱਥੇ ਬਹੁਤ ਸਾਵਧਾਨ ਹੋ ਕੇ ਆਪਣੀ ਪੜਾ੍ਹਈ ਕਰਨੀ ਪੈਣੀ ਹੈ | ਅੱਠਵੇਂ ਗ੍ਰੇਡ ਦੇ ਮੁੰਡੇ ਦੀ ਨੌਵੇਂ ਗ੍ਰੇਡ ਦੇ ਮੁੰਡੇ ਨਾਲ ਦੋਸਤੀ ਪੈਣਾ, ਮੈਨੂੰ ਕੋਈ ਚੰਗੇ ਲੱਛਣ ਨਹੀਂ ਜਾਪਦੇ |"  ਸੁਖਦੇਵ ਨੇ ਸ਼ੰਕਾਵਾਦੀ ਸੁਰ ਵਿਚ ਸਮਝੌਤੀ ਦਿੱਤੀ |  
"ਉਹ, ਇਟਾਲੀਅਨ ਮੁੰਡਾ, ਮੇਰੇ ਨਾਲ ਸਾਕਰ ਖੇਡਦਾ ਏ ਤੇ ਜਦੋਂ ਸਾਕਰ ਵਾਲੇ ਮੁੰਡੇ ਮੈਨੂੰ ਤੰਗ ਕਰਦੇ ਹਨ ਤਾਂ ਉਹੀ ਮੇਰੀ ਮਦਦ 'ਤੇ ਹੁੰਦਾ | ਉਸ ਦਾ ਘਰ ਵੀ ਸਾਡੇ ਬਲਾਕ ਵਿਚ ਹੀ ਹੈ |" ਬੌਬੀ ਨੇ ਦੋਸਤੀ ਪੈਣ ਦਾ ਕਾਰਨ ਦੱਸਿਆ |  
"ਤੁਸੀਂ ਵੀ ਆ ਕੇ ਰੋਟੀ ਖਾ ਲਵੋ |" ਰਸੋਈ ਵਿਚੋਂ ਦਰਸ਼ਨਾ ਦੀ ਆਵਾਜ਼ ਆਈ |
"ਸਕੂਲ ਤੋਂ ਵਿਹਲੇ ਹੋਣ ਸਾਰ ਤੂੰ ਸਿੱਧਾ ਆਪਣੀ ਮਾਂ ਕੋਲ ਸਟੋਰ 'ਤੇ ਚਲਾ ਜਾਇਆ ਕਰ | ਉੱਥੇ ਹੀ ਆਪਣੇ ਸਕੂਲ ਦਾ ਕੰਮ ਕਰ ਲਿਆ |" ਰਸੋਈ ਵੱਲ ਆਉਂਦਾ ਹੋਇਆ ਵੀ ਉਹ ਬੌਬੀ ਨੂੰ ਸਮਝਾਉਂਦਾ ਆ ਰਿਹਾ ਸੀ |
"ਹੂੰਅ! ਏਸ ਠੰਡ ਵਿਚ, ਪਹਿਲਾਂ ਮੈਂ ਤੀਹ ਬਲਾਕ ਸਾਈਕਲ ਚਲਾਉਂਦਾ ਹੋਇਆ, ਘਰ ਦੇ ਕੋਲੋਂ ਦੀ ਲੰਘ ਕੇ, ਸਟੋਰ ਜਾਇਆ ਕਰਾਂ ਤੇ ਫੇਰ ਮੁੜ ਘੰਟੇ ਕੁ ਮਗਰੋਂ ਹੀ ਮੌਮ ਦੀ ਕਾਰ ਮਗਰ ਸਾਈਕਲ ਭਜਾਉਂਦਾ ਹੋਇਆ ਘਰ ਆ ਜਾਵਾਂ!" ਬੌਬੀ ਮੋਢਿਆਂ ਨੂੰ ਚੜ੍ਹਾਉਂਦਾ ਹੋਇਆ ਗੁੱਸੇ ਵਿਚ ਬੋਲਿਆ | 
ਉਸ ਦੀ ਕਹੀ ਹੋਈ ਗੱਲ ਦਾ ਸੁਖਦੇਵ ਨੂੰ ਇਕ ਦਮ ਕੋਈ ਉੱਤਰ ਨਾ ਔੜਿਆ ਤੇ ਉਸ ਨੇ ਇੰਨਾ ਹੀ ਕਿਹਾ, "ਤੈਨੂੰ ਗੱਲਾਂ ਬਹੁਤ ਆਉਣ ਲੱਗ ਪਈਐਂ | ਹੁਣ ਚੁੱਪ ਕਰਕੇ ਰੋਟੀ ਖਾਹ |"
*************************
ਮੋੜਾ
ਹੈਲੋਵੀਨ ਬਦਰੂਹਾਂ ਨੂੰ ਖੁਸ਼ ਕਰਨ ਦਾ ਤਿਉਹਾਰ ਹੈ, ਜਿਹੜਾ ਯੋਰਪ ਅਤੇ ਉੱਤਰੀ ਅਮ੍ਰੀਕਾ ਵਿਚ ਹਰ ਸਾਲ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ | ਪੁਰਾਣੇ ਵੇਲਿਆਂ ਦੇ ਲੋਕਾਂ ਦਾ ਮੰਨਣਾ ਸੀ ਕਿ ਮੋਇਆਂ ਦੀਆਂ ਬਦਰੂਹਾਂ ਜਿਉਂਦਿਆਂ ਲਈ ਖਤਰਨਾਕ ਹੁੰਦੀਆਂ ਹਨ | ਉਹ ਫਸਲਾਂ ਦੀ ਤਬਾਹੀ ਕਰਦੀਆਂ ਤੇ ਬੀਮਾਰੀਆਂ ਫੈਲਾਉਂਦੀਆਂ ਹਨ | ਇਨ੍ਹਾਂ ਬਦਰੂਹਾਂ ਨੂੰ ਖੁਸ਼ ਕਰਨ ਲਈ ਲੋਕ ਇਸ ਦਿਨ ਖਾਣ ਦੀਆਂ ਵਸਤਾਂ ਦਾਨ ਕਰਦੇ ਸਨ | ਬੱਚੇ ਭੂਤਾਂ, ਚੜੇਲਾਂ, ਪ੍ਰੇਤਾਂ ਤੇ ਡੈਣਾਂ ਆਦਿ ਦੀਆਂ ਡਰਾਉਣੀਆਂ ਜਿਹੀਆਂ ਸ਼ਕਲਾਂ ਵਾਲੇ ਭਾਂਤ ਸੁਭਾਂਤੇ ਕਪੜੇ ਪਾ ਕੇ ਲੋਕਾਂ ਦੇ ਘਰਾਂ ਅੱਗੇ ਜਾ ਕੇ 'ਟ੍ਰਿਕ ਆਰ ਟ੍ਰੀਟ' ਦੀ ਅਵਾਜ਼ ਲਾਉਂਦੇ ਹਨ ਤੇ ਘਰ ਵਾਲੇ ਉਹਨਾਂ ਨੂੰ ਕੈਂਡੀਆਂ ਆਦਿ ਦੇ ਪੈਕਟ ਦੇ ਕੇ ਅਗਾਂਹ ਤੋਰ ਦਿੰਦੇ ਹਨ | ਬੱਚੇ ਹਰ ਸਾਲ ਇਸ ਦਿਨ ਦੀ ਬੜੀ ਉਤਸੁਕਤਾ ਨਾਲ ਉਡੀਕ ਕਰਦੇ ਹਨ | ਉਸ ਦਿਨ ਤ੍ਰਿਕਾਲਾਂ ਵੇਲੇ ਛੋਟੇ ਬੱਚੇ ਆਪਣੇ ਮਾਪਿਆਂ ਨਾਲ ਤੇ ਵੱਡੇ ਮੁੰਡੇ ਕੁੜੀਆਂ, ਟੋਲੀਆਂ ਬਣਾ ਕੇ, ਕੈਂਡੀਆਂ ਮੰਗਣ ਨਿਕਲ ਤੁਰਦੇ ਹਨ |
   ਬੌਬੀ ਵੀ ਹਰ ਸਾਲ ਪੰਮ ਤੇ ਕਿੰਦ ਨਾਲ ਮਿਲ ਕੇ ਹੈਲੋਵੀਨ ਮੰਗਣ ਜਾਇਆ ਕਰਦਾ ਸੀ | ਪਿਛਲੇ ਕਝ ਕੁ ਸਾਲਾਂ ਤੋਂ ਅਨੂਪ ਵੀ ਉਹਨਾਂ ਦਾ ਸਾਥੀ ਬਣ ਗਿਆ ਸੀ | ਪੰਮ ਦੇ ਜਨਮ ਦਿਨ 'ਤੇ, ਜਦੋਂ ਉਹ ਅਨੂਪ ਨੂੰ ਉਹਨਾਂ ਦੀ ਬੇਸਮਿੰਟ ਵਿਚ ਧੱਕਾ ਮਾਰ ਕੇ ਸੁੱਟ ਆਇਆ ਸੀ ਤਾਂ ਉਸ ਤੋਂ ਮਗਰੋਂ ਉਹ ਅਨੂਪ ਨਾਲ ਈਰਖਾ ਕਰਨ ਲੱਗ ਪਿਆ ਸੀ | ਹੈਲੋਵੀਨ ਆਉਣ ਤੋਂ ਪਹਿਲਾਂ ਹੀ ਉਸ ਨੇ ਆਪਣੀ ਮਾਂ ਨੂੰ ਦੱਸ ਦਿੱਤਾ, "ਮੌਮ, ਇਸ ਵਾਰ ਮੈਂ ਮਾਸੀ ਦੇ ਘਰ ਨਹੀਂ ਜਾਣਾ | ਮੈਂ ਨਿਕੋਲ ਤੇ ਦੀਪ ਨਾਲ ਮਿਲ ਕੇ ਹੈਲੋਵੀਨ ਮਨਾਵਾਂਗਾ |"
"ਮੈਨੂੰ ਤਾਂ ਕੋਈ ਇਤਰਾਜ ਨਹੀਂ ਪਰ ਉਸ ਦਿਨ ਤੇਰੀ ਮਾਸੀ ਨੇ ਤੈਨੂੰ ਘਰੋਂ ਆ ਕੇ ਲੈ ਜਾਣਾ |" 
"ਕਹਿ ਦਿਆਂਗਾ ਮੈਂ ਮਾਸੀ ਨੂੰ ਵੀ | ਹੁਣ ਮੈਂ ਨੌਵੇਂ ਗ੍ਰੇਡ ਵਿਚ ਹੋ ਗਿਆ ਹਾਂ, ਇੱਥੇ ਵੀ ਮੇਰੇ ਦੋਸਤ ਹਨ | ਮੈਂ ਆਪਣੇ ਦੋਸਤਾਂ ਨੂੰ ਛੱਡ ਕੇ ਉਹਨਾਂ ਨਾਲ ਹੀ ਕਿਉਂ ਜਾਵਾਂ |" ਬੌਬੀ ਨੇ ਮਾਂ ਦੀ ਗੱਲ ਨੂੰ ਟੋਕ ਕੇ ਕਿਹਾ |
"ਤੇਰੀ ਮਰਜੀ! ਮੈਂ ਸਮਝਦੀ ਆਂ ਤੇਰੀ ਰਮਜ਼ ਨੂੰ, ਤੂੰ ਅਨੂਪ ਨਾਲ ਹੈਲੋਵੀਨ ਮੰਗਣ ਨਹੀਂ ਜਾਣਾ ਚਾਹੁੰਦਾ ਹੋਵੇਂਗਾ?" ਮਾਂ ਨੇ ਦਰਸ਼ਨਾ ਦੇ ਘਰ ਨਾ ਜਾਣ ਦਾ ਇਹੀ ਕਾਰਨ ਸਮਝ ਕੇ ਕਹਿ ਦਿੱਤਾ ਪਰ ਨਿਕੋਲ ਹੁਰਾਂ ਨਾਲ  ਹੈਲੋਵੀਨ ਮੰਗਣ ਜਾਣ ਦੇ ਪਿੱਛੇ ਜਿਹੜਾ ਕਾਰਨ ਸੀ, ਉਸ ਤੋਂ ਮਾਂ ਜਾਣੂ ਨਹੀਂ ਸੀ |
   ਅਸਲ ਕਾਰਨ ਇਹ ਸੀ ਕਿ ਹੈਲੋਵੀਨ ਤੋਂ ਦਸ ਕੁ ਦਿਨ ਪਹਿਲਾਂ ਕੁਝ ਮੁੰਡੇ ਨਿਕੋਲ ਨੂੰ ਸਕੂਲ ਦੇ ਗਰਾਊਂਡ ਵਿਚ ਕੁੱਟ ਕੇ ਭੱਜ ਗਏ ਸਨ | ਭੱਜੇ ਜਾਂਦੇ ਮੁੰਡਿਆਂ ਵਿਚੋਂ ਇਕ ਨੂੰ ਬੌਬੀ ਦੇ ਦੋਸਤ ਦੀਪ ਨੇ ਪਹਿਚਾਣ ਲਿਆ ਸੀ ਅਤੇ ਉਸ ਨੇ ਬੌਬੀ ਨੂੰ ਉਸ ਬਾਰੇ ਦੱਸ ਦਿੱਤਾ ਸੀ ਕਿ ਉਹ ਕੌਣ ਹੈ ਤੇ ਕਿੱਥੇ ਰਹਿੰਦਾ ਹੈ | ਨਿਕੋਲ ਬੋਬੀ ਦਾ ਮਿੱਤਰ ਹੋਣ ਕਰਕੇ ਅਗਾਂਹ ਉਸ ਨੇ ਨਿਕੋਲ ਨੂੰ ਦੱਸ ਦਿੱਤਾ | ਨਿਕੋਲ ਉਹਨਾਂ ਮੁੰਡਿਆਂ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ | ਬਦਲਾ ਲੈਣ ਦੀ ਸਕੀਮ ਨਿਕੋਲ ਦੇ ਦੋਸਤ ਰਮੋਲੋ ਨੇ ਬਣਾ ਲਈ ਸੀ | ਉਸੇ ਵਿਉਂਤ ਅਨੁਸਾਰ ਬੌਬੀ ਨੇ ਨਿਕੋਲ ਹੁਰਾਂ ਨਾਲ ਹੈਲੋਵੀਨ ਮਨਾਉਣੀ ਸੀ |
     ਹੈਲੋਵੀਨ ਵਾਲੀ ਸ਼ਾਮ ਨੂੰ ਚਾਰ ਕੁ ਵਜੇ ਦੀਪ ਬੌਬੀ ਕੋਲ ਆ ਗਿਆ | ਉਸ ਦੇ ਆਉਣ 'ਤੇ ਬੌਬੀ ਨੇ ਆਪਣੇ ਪਹਿਲਾਂ ਪਾਏ ਹੋਏ ਕਪੜਿਆਂ ਉਪਰੋਂ ਦੀ ਇਕ ਲੰਮਾ ਕਾਲਾ ਚੋਗ਼ਾ ਪਹਿਨ ਲਿਆ ਜਿਸ ਨੇ ਉਸ ਦੇ ਪੈਰ ਵੀ ਢਕ ਲਏ, ਚਿਹਰੇ ਉਪਰ ਚਿੱਟੇ ਉਲਝੇ ਵਾਲ਼ਾਂ ਤੇ ਵੱਡੇ ਵੱਡੇ ਡਰਾਉਣੇ ਦੰਦਾ ਵਾਲਾ ਨਕਾਬ ਚੜ੍ਹਾ ਲਿਆ, ਨਹੁੰਦਰਾਂ ਵਾਲੇ ਦਸਤਾਨੇ ਪਾ ਕੇ ਹੱਥ ਵਿਚ ਚਾਰ ਫੁਟ ਪਾਈਪ ਦੇ ਦਸਤੇ ਵਾਲਾ ਝਾੜੂ ਫੜ ਲਿਆ | ਹੁਣ ਉਹ ਬਿਲੁਕਲ ਡਰਾਉਣੀ ਚੁੜੇਲ ਦਿਸ ਰਿਹਾ ਸੀ | ਦੀਪ ਨੇ ਵੀ ਕਾਲ਼ੇ ਕਪੜੇ ਪਾ ਲਏ, ਹੱਥਾਂ ਉਪਰ ਵੱਡੇ ਵੱਡੇ ਨਹੁੰਆਂ ਵਾਲੇ ਦਸਤਾਨੇ ਚੜ੍ਹਾ ਲਏ ਅਤੇ ਚਿਹਰੇ ਉਪਰ ਰੰਗ ਬਿਰੰਗੇ ਵਾਲ਼ਾਂ ਵਾਲਾ ਤੇ ਚਿੱਟੇ ਤੇ ਕਾਲੀਆਂ ਧਾਰੀਆਂ ਵਾਲੇ ਚਿਹਰੇ ਦਾ ਨਕਾਬ ਪਹਿਨ ਕੇ ਪ੍ਰੇਤ ਵਾਲਾ ਭੇਸ ਬਣਾ ਲਿਆ | ਉਸ ਨੇ ਕਾਲੇ ਰੰਗ ਦਾ ਬੇਸਬਾਲ ਬੈਟ ਵੀ ਹੱਥ ਵਿਚ ਫੜ ਲਿਆ | ਦੀਪ ਦਾ ਇਹ ਹੁਲੀਆ ਦੇਖ ਕੇ ਬੌਬੀ ਬੋਲਿਆ, "ਤੂੰ ਤਾਂ ਸੱਚ ਮੱਚ ਕਾਲਾ ਭੂਤ, ਪ੍ਰੇਤ ਦਿਸ ਰਿਹਾ ਹੈਂ |" 
"ਤੂੰ ਵੀ ਆਪਣੀ ਸ਼ਕਲ ਸ਼ੀਸ਼ੇ ਵਿਚ ਦੇਖ ਲੈ |" ਦੀਪ ਨੇ ਕਿਹਾ | 
"ਉਹ! ਗੁੱਡ!! ਇਹ ਵੀ ਪਤਾ ਨਹੀਂ ਲਗਦਾ ਕਿ ਇਸ ਭੇਸ ਵਿਚ ਕੋਈ ਮੁੰਡਾ ਹੈ ਜਾਂ ਕੁੜੀ |" ਬੌਬੀ ਸ਼ੀਸ਼ੇ ਵਿਚੋਂ ਆਪਣੀ ਸ਼ਕਲ ਦੇਖਦਾ ਹੋਇਆ ਬੋਲਿਆ | 
"ਹੁਣ ਤੱਕ ਨਿਕੋਲ ਹੁਰਾਂ ਨੂੰ ਆ ਜਾਣਾ ਚਾਹੀਦਾ ਸੀ |" ਇਹ ਕਹਿੰਦਿਆਂ ਦੀਪ ਨੇ ਲਿਵਿੰਗਰੂਮ ਦੀ ਖਿੜਕੀ ਵਿਚੋਂ ਦੀ ਬਾਹਰ ਦੇਖਿਆ |
"ਉਹਨਾਂ ਨੇ ਆਪਣੇ ਕੋਲ ਨਹੀਂ ਆਉਣਾ, ਆਪਾਂ ਨਿਕੋਲ ਦੇ ਘਰ ਜਾਣਾ ਹੈ |" ਬੌਬੀ ਨੇ ਸਪਸ਼ਟ ਕੀਤਾ | 
"ਫਿਰ ਆਪਾਂ ਨੂੰ ਇੱਥੋਂ ਚਲਨਾ ਚਾਹੀਦਾ ਹੈ |" ਦੀਪ ਨੇ ਕਾਹਲ਼ੀ ਕਰਦਿਆਂ ਕਿਹਾ |
"ਮੌਮ ਆਉਣ ਵਾਲੀ ਹੈ, ਉਨੀ ਦੇਰ ਵਿਚ ਮੈਂ ਪੰਪਕਿਨ ਵਿਚ ਮੋਮਬੱਤੀਆਂ ਜਗਾ ਕੇ ਰੱਖ ਦਿਆਂ, ਫਿਰ ਚਲਦੇ ਹਾਂ æ" ਇਹ ਕਹਿ ਕੇ ਬੌਬੀ ਨੇ ਆਪਣੇ ਹੱਥਾਂ ਦੇ ਦਸਤਾਨੇ ਲਾਹ ਕੇ ਇਕ ਖੂੰਜੇ ਵਿਚ ਪਏ ਪੀਲੇ ਪੰਮਕਿਨ ਨੂੰ ਚੁੱਕ ਲਿਆ ਜਿਸ ਵਿਚੋਂ ਗੁੱਦਾ ਕੱਢ ਕੇ ਇਸ ਤਰ੍ਹਾਂ ਫਾੜੀਆਂ ਕੱਢੀਆਂ ਹੋਈਆਂ ਸਨ ਕਿ ਅੱਖਾਂ, ਨੱਕ ਤੇ ਮੂੰਹ ਬਣ ਗਏ | ਡੰਡੀ ਵਾਲੇ ਪਾਸੇ ਨੂੰ ਇਸ ਤਰ੍ਹਾਂ ਕਟਿਆ ਸੀ ਕਿ ਉਹ ਢੱਕਣ ਬਣ ਗਿਆ | ਉਸ ਨੇ ਪੰਪਕਿਨ ਵਿਚ ਤਿੰਨ ਮੋਮਬੱਤੀਆਂ ਜਗਾ ਕੇ ਰੱਖ ਦਿੱਤੀਆਂ ਤੇ ਦੂਜੇ ਪੰਪਕਿਨ ਨੂੰ ਅਜੇ ਚੁੱਕਿਆ ਹੀ ਸੀ ਕਿ ਉਸ ਨੇ ਮਾਂ ਨੂੰ ਡਰਾਈਵੇਅ ਵਿਚ ਕਾਰ ਲਾਉਂਦਿਆਂ ਦੇਖ ਲਿਆ | ਉਸ ਨੇ ਪੰਪਕਿਨ ਨੂੰ ਉੱਥੇ ਹੀ ਰੱਖ ਦਿੱਤਾ | ਆਪਣੇ ਦਸਤਾਨੇ ਤੇ ਝਾੜੂ ਚੁੱਕ ਕੇ ਪੌੜੀਆਂ ਉਤਰ ਗਿਆ | ਉਸ ਦੇ ਮਗਰ ਹੀ ਦੀਪ ਆ ਗਿਆ | ਮਾਂ ਅਜੇ ਕਾਰ ਵਿਚੋਂ ਕੈਂਡੀਆਂ ਦੇ ਬੈਗ ਕੱਢ ਰਹੀ ਸੀ ਕਿ ਉਹਨਾਂ ਉਸ ਕੋਲ ਜਾ ਕੇ ਬਦਲਵੀਂ ਅਵਾਜ਼ ਵਿਚ, 'ਟ੍ਰਿਕ ਆਰ ਟ੍ਰੀਟ' ਕਿਹਾ |
"ਤੁਸੀਂ ਤਾਂ ਬੜੀਆਂ ਡਰਾਉਣੀਆਂ ਸ਼ਕਲਾਂ ਬਣਾਈਆਂ | ਮਸਕ ਪਾਸੇ ਕਰਕੇ ਆਪਣੇ ਮੂੰਹ ਤਾਂ ਦਿਖਾਓ, ਪਤਾ ਲੱਗੇ ਕੌਣ ਕਿਹੜਾ ਏ |" ਬੌਬੀ ਨੇ ਇਸ ਵਾਰ ਹੈਲੋਵੀਨ ਦਾ ਪਹਿਰਾਵਾ ਆਪ ਖਰੀਦਿਆ ਸੀ ਤੇ ਮਾਂ ਨੂੰ ਨਹੀਂ ਸੀ ਦਿਖਾਇਆ | ਦੋਹਾਂ ਨੇ ਹੱਸਦਿਆਂ ਹੋਇਆਂ ਆਪਣੇ ਚਿਹਰਿਆਂ ਤੋਂ ਨਕਾਬ ਲਾਹ ਦਿੱਤੇ | ਬੌਬੀ ਨੂੰ ਚੁੜੇਲ ਦੀ ਸ਼ਕਲ ਵਿਚ ਦੇਖ ਕੇ ਮਾਂ ਹੈਰਾਨ ਹੋਈ ਕਹਿਣ ਲੱਗੀ, "ਚੁੜੇਲ ਤਾਂ ਕੁੜੀਆਂ ਦਾ ਕਾਸਟਿਉਮ ਹੁੰਦਾ ਇਹ ਤੂੰ ਕਿਉਂ ਪਾ ਲਿਆ, ਲਾਹ ਦੇ ਇਸ ਨੂੰ ਤੇ ਪਿਛਲੇ ਸਾਲ ਦਾ ਸ਼ੇਰ ਵਾਲਾ ਪਾ ਲੈ |"
"ਨਹੀਂ, ਮੇਰੇ ਲਈ ਇਹੋ ਠੀਕ ਹੈ |" ਬੌਬੀ ਨੇ ਸਿਰ ਫੇਰਦਿਆਂ ਕਿਹਾ | 
"ਤੇਰੀ ਮਰਜੀ, ਪਰ ਬਹੁਤੀ ਦੂਰ ਨਹੀਂ ਜਾਣਾ | ਕਿਸੇ ਨਾਲ ਲੜਨਾ ਨਹੀਂ ਤੇ ਛੇਤੀ ਘਰ ਮੁੜ ਆਉਣਾ |" ਮਾਂ ਨੇ ਉਹਨਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ |
'ਓ ਕੇ ਮੌਮ' ਕਹਿ ਕੇ ਉਹਨਾਂ ਉੱਥੋਂ ਛੂਟ ਵੱਟ ਲਈ ਅਤੇ ਸਿੱਧੇ ਨਿਕੋਲ ਦੇ ਘਰ ਅੱਗੇ ਜਾ ਕੇ ਸਾਹ ਲਿਆ | ਉਹਨਾਂ ਬੂਹੇ ਦੀ ਘੰਟੀ ਦਾ ਬਟਨ ਦਬਾਉਂਦਿਆਂ ਕਿਹਾ, "ਟ੍ਰਿਕ ਆਰ ਟ੍ਰੀਟ" 
   ਥੋੜੀ ਦੇਰ ਦੀ ਉਡੀਕ ਮਗਰੋਂ ਬੂਹਾ ਖੁੱਲ੍ਹਿਆ | ਉਹਨਾਂ ਦੇ ਸਾਹਮਣੇ ਗੁਲਾਬੀ ਪੁਸ਼ਾਕ ਵਿਚ, ਸੁਨਹਿਰੇ ਵਾਲਾਂ ਵਾਲੀ ਇਕ ਸ਼ਹਿਜਾਦੀ, ਸਿਰ ਉਪਰ ਚਾਂਦੀ ਰੰਗਾ ਮੁਕਟ ਸਜਾਈ ਖੜ੍ਹੀ ਸੀ | ਜਦੋਂ ਸ਼ਹਿਜਾਦੀ ਨੇ ਮੁਸਕਰਾ ਕੇ 'ਵੈਲਕਮ' ਕਿਹਾ ਤਾਂ ਪਤਾ ਲੱਗਾ ਕਿ ਸ਼ਹਿਜਾਦੀ ਦੇ ਭੇਸ ਵਿਚ ਨਿਕੋਲ ਹੀ ਹੈ | ਉਹ ਉਹਨਾਂ ਨੂੰ ਆਪਣੇ ਰੈੱਕਰੂਮ ਵਿਚ ਲੈ ਗਿਆ | ਅਗਾਂਹ ਇਕ ਮੁੰਡਾ ਚਮਗਿੱਦੜ ਦੇ ਸੁਆਂਗ ਵਿਚ ਬੈਠਾ ਸੀ ਅਤੇ ਦੂਜੇ ਨੇ ਅਜੇਹਾ ਪਹਿਰਾਵਾ ਪਾਇਆ ਹੋਇਆ ਸੀ ਜਿਵੇਂ ਸਾਰਾ ਸਰੀਰ ਹੀ ਪੱਟੀਆਂ ਵਿਚ ਲਪੇਟਿਆ ਹੋਇਆ ਹੋਵੇ | ਇਹ ਉਸ ਨੇ ਜ਼ੌਂਬੀ, ਪੁਰਾਤਨ ਲਾਸ਼ ਦਾ ਭੇਸ ਬਣਾਇਆ ਹੋਇਆ ਸੀ | ਬੌਬੀ ਨੇ ਚਮਗਿੱਦੜ ਦੇ ਸੁਆਂਗ ਵਾਲੇ ਨੂੰ ਆਪਣੀ ਜੱਫੀ ਵਿਚ ਘੁਟਦਿਆਂ ਕਿਹਾ, "ਸਾਰਿਆਂ ਨੇ ਹੀ ਬਹੁਤ ਵਧੀਆ ਭੇਸ ਵਟਾਏ ਹੋਏ ਹਨ, ਕੋਈ ਵੀ ਪਹਿਚਾਨ ਵਿਚ ਨਹੀਂ ਆਉਂਦਾ |  ਪਹਿਲਾਂ ਆਪਣੇ ਨਕਾਬ ਲਾਹੋ ਤਾਂ ਜੋ ਸਾਰਿਆਂ ਦੀ ਪਹਿਚਾਣ ਹੋ ਜਾਵੇ |"
   ਸਭ ਤੋਂ ਪਹਿਲਾਂ ਬੌਬੀ ਨੇ ਹੀ ਆਪਣੇ ਚਿਹਰੇ ਤੋਂ ਚੁੜੇਲ ਵਾਲਾ ਨਕਾਬ ਪਾਸੇ ਕੀਤਾ | ਉਸ ਦੀ ਰੀਸ ਨਾਲ ਸਾਰਿਆਂ ਨੇ ਨਕਾਬ ਲਾਹ ਕੇ ਆਪਣੇ ਚਿਹਰੇ ਨੰਗੇ ਕਰ ਲਏ | ਚਮਗਿੱਦੜ ਦੇ ਭੇਸ ਵਿਚ ਨਿਕੋਲ ਦਾ ਦੋਸਤ ਫਰੈਂਕੋ ਸੀ ਜਿਹੜਾ ਕਿ ਉਹਨਾ ਦੇ ਸਕੂਲ ਵਿਚ ਹੀ ਪੜ੍ਹਦਾ ਸੀ | ਜ਼ੌਂਬੀ ਦੀ ਸ਼ਕਲ ਬਣਾਈ ਬੈਠਾ ਮੁੰਡਾ ਬੌਬੀ ਤੇ ਦੀਪ ਦੀ ਪਛਾਣ ਵਿਚ ਨਾ ਆਇਆ ਪਰ ਨਿਕੋਲ ਨੇ ਬੌਬੀ ਨੂੰ ਉਸ ਬਾਰੇ ਦੱਸਿਆ ਹੋਇਆ ਸੀ | ਬੌਬੀ ਉਸ ਨੂੰ ਜੱਫੀ ਪਾ ਕੇ ਮਿਲਦਾ ਹੋਇਆ ਨਿਕੋਲ ਨੂੰ ਸਬੋਧਨ ਹੋਇਆ, "ਇਹ ਹੈ ਤੇਰਾ ਮਿੱਤਰ ਰਮੋਲੋ ! ਮਿਲ ਕੇ ਬੜੀ ਖੁਸ਼ੀ ਹੋਈ | 
"ਹਾਂ! ਇਹੋ ਹੀ ਹੈ ਮੇਰਾ ਭਰੋਸੇਯੋਗ ਮਿੱਤਰ, ਰਮੋਲੋ, ਜਿਸ ਬਾਰੇ ਤੈਨੂੰ ਸਭ ਕੁਝ ਦੱਸਿਆ ਹੋਇਆ ਹੈ |" ਨਿਕੋਲ ਨੇ ਸਿਰ ਹਿਲਾਉਂਦਿਆਂ ਕਿਹਾ | 
"ਹੁਣ ਆਪਾਂ ਨੂੰ ਚਲਣਾ ਚਾਹੀਦਾ ਹੈ |" ਰਮੋਲੋ ਨੇ ਦੀਪ ਨਾਲ ਹੱਥ ਮਿਲਾਉਣ ਮਗਰੋਂ ਕਿਹਾ | 
"ਇੱਥੇ ਬੈਠ ਕੇ ਵੀ ਕੀ ਕਰਨਾ ਹੈ, ਚਲੋ, ਤੁਰੋ |" ਇਹ ਕਹਿ ਕੇ ਨਿਕੋਲ ਅੱਗੇ ਲੱਗ ਤੁਰਿਆ | 
   ਬਾਹਰ ਇਕ ਕਾਰ ਖੜ੍ਹੀ ਸੀ, ਉਹ ਸਾਰੇ ਉਸ ਵਿਚ ਬੈਠ ਗਏ | ਰਮੋਲੋ ਡਰਾਈਵਰ ਸੀਟ ਉਪਰ ਬੈਠ ਗਿਆ ਤਾਂ ਦੀਪ ਹੈਰਾਨ ਹੁੰਦਾ ਬੋਲਿਆ, "ਰਮੋਲੋ ਕਾਰ ਚਲਾ ਲਵੇਗਾ! ਇਸ ਕੋਲ ਲਾਈਸੰਸ ਹੈਗਾ?"
"ਤੂੰ ਲਾਈਸੰਸ ਤੋਂ ਕੀ ਲੈਣਾ, ਤੂੰ ਉਸ ਨੂੰ ਕਾਰ ਚਲਾਉਂਦਿਆਂ ਦੇਖ ਕਿ ਇਸ ਨੂੰ ਕਾਰ ਚਲਾਉਣੀ ਆਉਂਦੀ ਵੀ ਹੈ ਕਿ ਨਹੀਂ |" ਪਸੈਂਜਰ ਸੀਟ ਉਪਰ ਬੈਠੇ ਨਿਕੋਲ ਨੇ ਪਿਛਾਂਹ ਮੂੰਹ ਭਵਾ ਕੇ ਕਿਹਾ |
"ਮੇਰੇ ਕੋਲ ਲਾਈਸੈਂਸ ਹੈ, ਕਾਰ ਦਾ ਵੀ ਤੇ ਕਾਰ ਦੀ ਮਾਲਕੀ ਦਾ ਵੀ |" ਭੇਤ ਭਰੀ ਮੁਸਕਾਨ ਵਿਚ ਰਮੋਲੋ ਬੋਲਿਆ ਅਤੇ ਕਾਰ ਗੇਅਰ ਵਿਚ ਪਾ ਲਈ | 
   ਰਮੋਲੋ ਨੇ ਗਰੀਨਟਿੰਬਰ ਦੇ ਇਲਾਕੇ ਵਿਚ ਜਾ ਕੇ ਸੜਕ ਕਿਨਾਰੇ, ਦਰਖਤਾਂ ਦੇ ਹੇਠ, ਕਾਰ ਖੜ੍ਹੀ ਕਰ ਦਿੱਤੀ ਅਤੇ ਸਾਰੇ ਕਾਰ ਵਿਚੋਂ ਬਾਹਰ ਆ ਗਏ | ਰਮੋਲੋ ਨੇ ਕਾਰ ਦਾ ਪਿਛਲਾ ਟਰੰਕ ਖੋਲ੍ਹ ਦਿੱਤਾ | ਬੌਬੀ ਨੇ ਆਪਣਾ ਝਾੜੂ ਚੁਕ ਲਿਆ | ਦੀਪ ਨੇ ਬੇਸਬਾਲ ਬੈਟ ਹੱਥ ਵਿਚ ਫੜ ਲਿਆ | ਰਮੋਲੋ ਨੇ ਪਹਿਲਾਂ ਹੀ ਆਪਣੇ ਹੱਥ ਵਿਚ ਇਕ ਬੇਸਬਾਲ ਬੈਟ ਫੜ ਲਿਆ ਸੀ | ਫਰੈਂਕੋ ਤੇ ਨਿਕੋਲ ਨੇ ਛੋਟੇ ਛੋਟੇ ਡੰਡੇ ਆਪਣੇ ਕਪੜਿਆਂ ਅੰਦਰ ਛੁਪਾ ਲਏ | ਹੁਣ ਉਹ ਹੈਲੋਵੀਨ ਮੰਗਣ ਜਾਣ ਲਈ ਤਿਆਰ ਸਨ | ਆਪਣੇ ਹੱਥਾਂ ਵਿਚ ਬੈਗ ਫੜ ਕੇ ਉਹ ਉਥੋਂ ਤੁਰ ਪਏ ਅਤੇ ਥੋੜੀ ਦੂਰ ਜਾ ਕੇ ਇਕ ਦਰਖਤਾਂ ਦੀ ਝੰਗੀ ਵਿਚ ਜਾ ਕੇ ਠਹਿਰ ਗਏ | ਉੱਥੇ ਖੜ੍ਹਿਆਂ ਪੰਦਰਾਂ ਕੁ ਮਿੰਟ ਹੋਏ ਹੋਣਗੇ ਕਿ ਉਹਨਾਂ ਕੋਲ ਉੱਲੂ ਦੇ ਭੇਸ ਵਿਚ ਇਕ ਜਣਾ ਆਇਆ ਤੇ ਰਮੋਲੋ ਨੂੰ ਇਕ ਪਾਸੇ ਲੈ ਗਿਆ | ਦੋ ਮਿੰਟ ਮਗਰੋਂ ਰਮੋਲੋ ਨੇ ਵਾਪਸ ਮੁੜ ਕੇ ਕਿਹਾ, "ਤੁਸੀਂ ਸਾਰੇ ਵਾਪਸ ਕਾਰ ਵਿਚ ਜਾ ਕੇ ਬੈਠ ਜਾਓ | ਮੈਂ ਇਕੱਲਾ ਹੀ ਜਾਵਾਂਗਾ |" 
"ਜੇ ਅਸੀਂ ਵਾਪਸ ਹੀ ਜਾਣਾ ਸੀ ਤਾਂ ਫੇਰ ਆਏ ਕਿਸ ਲਈ ਹਾਂ?" ਦੀਪ ਨੇ ਗਿਲਾ ਕੀਤਾ |
"ਜਿਹੜੀ ਪਹਿਲਾਂ ਵਿਉਂਤ ਬਣਾਈ ਸੀ ਉਹ ਠੀਕ ਨਹੀਂ ਹੈ | ਉਹ ਦੋ ਜਣੇ ਹੀ ਹਨ |" ਰਮੋਲੋ ਨੇ ਦੱਸਿਆ |
"ਫਿਰ ਮੈਂ ਤੇਰੇ ਨਾਲ ਜਾਵਾਂਗਾ |" ਨਿਕੋਲ ਬੋਲਿਆ |
"ਤੂੰ ਸਫੇਦ ਸਵਾਂਗ ਬਣਾਇਆ ਹੋਇਆ ਹੈ, ਤੇਰਾ ਮੇਰੇ ਨਾਲ ਜਾਣਾ ਠੀਕ ਨਹੀਂ |" ਰਮੋਲੋ ਨੇ ਦਲੀਲ ਦਿੱਤੀ |
"ਨਹੀਂ, ਤੂੰ ਇਕੱਲਾ ਨਹੀਂ ਜਾ ਸਕਦਾ, ਮੈਂ ਤੇਰੇ ਨਾਲ ਜਵਾਂਗਾ |" ਬੌਬੀ ਨੇ ਦ੍ਰਿੜਤਾ ਨਾਲ ਕਿਹਾ |
"ਠੀਕ ਹੈ, ਬਾਕੀ ਤੁਸੀਂ ਕਾਰ ਵਿਚ ਬੈਠ ਕੇ ਸਾਡੀ ਉਡੀਕ ਕਰੋ |" ਰਮੋਲੋ ਨੇ ਬੌਬੀ ਦਾ ਫੈਸਲਾ ਮੰਨ ਲਿਆ |
   ਬੌਬੀ ਰਮੋਲੋ ਨਾਲ ਤੁਰ ਗਿਆ ਤੇ ਬਾਕੀ ਤਿੰਨੇ ਕਾਰ ਵਿਚ ਆ ਕੇ ਬੈਠ ਗਏ | ਉਹਨਾਂ ਨੂੰ ਕਾਰ ਵਿਚ ਬੈਠਿਆਂ  ਦਸ ਕੁ ਮਿੰਟ ਹੋਏ ਹੋਣਗੇ ਕਿ ਬੌਬੀ ਤੇ ਰਮੋਲੋ ਵੀ ਆ ਕੇ ਕਾਰ ਵਿਚ ਬੈਠ ਗਏ | 
"ਬਹੁਤ ਛੇਤੀ ਮੁੜ ਆਏ | ਕੰਮ ਹੋਇਆ ਨਹੀਂ ਲਗਦਾ |" ਦੀਪ ਨੇ ਸ਼ੰਕਾ ਪ੍ਰਗਟਾਈ |
"ਕੰਮ ਹੋਏ ਬਾਰੇ ਤਾਂ ਕੱਲ੍ਹ ਨੂੰ ਹੀ ਪਤਾ ਲੱਗੂ |" ਰਮੋਲੋ ਨੇ ਭੇਤ ਭਰੇ ਢੰਗ ਨਾਲ ਕਿਹਾ ਤੇ ਕਾਰ ਸਟਾਰਟ ਕਰ ਲਈ |
"ਕੱਲ੍ਹ ਨਹੀਂ, ਸਾਨੂੰ ਹੁਣੇ ਸਾਰੀ ਗੱਲ ਦੱਸੋ ਕਿ ਤੁਸੀਂ ਕੀ ਕਰਕੇ ਆਏ ਹੋ?" ਫਰੈਂਕੋ ਪੂਰਾ ਵੇਰਵਾ ਸੁਣਨ ਲਈ ਕਾਹਲਾ ਸੀ |
'ਮੈਂ ਦਸਦਾਂ' ਕਹਿ ਕੇ ਬੌਬੀ ਨੇ ਖੰਘੂਰਾ ਮਾਰਿਆ ਤੇ ਬੜੇ ਮਾਣ ਨਾਲ ਦੱਸਣ ਲੱਗਾ, "ਇਹਦਾ ਦੋਸਤ ਤਾਂ ਉਹਨਾਂ ਵੱਲ ਇਸ਼ਾਰਾ ਕਰਕੇ ਉੱਥੋਂ ਹੀ ਖਿਸਕ ਗਿਆ ਸੀ | ਅਸੀਂ ਉਹਨਾਂ ਦੇ ਮਗਰ ਲੱਗ ਗਏ | ਚਾਰ ਕੁ ਅਖੀਰਲੇ ਘਰਾਂ ਵਿਚੋਂ ਹੋ ਕੇ ਉਹ ਦੂਸਰੇ ਪਾਸੇ ਦੇ ਘਰਾਂ ਵਿਚ ਮੰਗਣ ਲਈ ਤੁਰ ਪਏ | ਜਦੋਂ ਉਹ ਮੋੜ ਮੁੜ ਕੇ ਥੋੜਾ ਜਿਹਾ ਹਨੇਰੇ ਵਿਚ ਗਏ ਤਾਂ ਇਕ ਨੂੰ ਇਸ ਨੇ ਬੈਟ ਮਾਰ ਕੇ ਧਰਤੀ 'ਤੇ ਸੁੱਟ ਦਿੱਤਾ ਅਤੇ ਦੂਜੇ ਦੇ ਮੈਂ ਅਹਿ ਝਾੜੂ ਵਾਲਾ ਡੰਡਾ ਮੌਰਾਂ ਵਿਚ ਮਾਰਿਆ ਤਾਂ ਉਹ ਚੀਕ ਮਾਰ ਕੇ ਬਿਨਾਂ ਪਿਛਾਂਹ ਦੇਖੇ ਭੱਜ ਗਿਆ ਤੇ ਅਸੀਂ ਇਧਰ ਨੂੰ ਦੌੜ ਆਏ |"
"ਕਿਸੇ ਨੇ ਤੁਹਾਨੂੰ ਦੇਖਿਆ ਤਾਂ ਨਹੀਂ?" ਫਰੈਂਕੋ ਨੇ ਪੁੱਛਿਆ |
"ਨਹੀਂ, ਅਸੀਂ ਹਨੇਰੇ ਵਿਚ ਰਹਿ ਕੇ ਹੀ ਉਹਨਾਂ ਦਾ ਪਿੱਛਾ ਕੀਤਾ ਸੀ |" ਬੌਬੀ ਨੇ ਬੜੇ ਮਾਣ ਨਾਲ ਦੱਸਿਆ ਪਰ ਰਮੋਲੋ ਚੁੱਪ ਕੀਤਾ ਕਾਰ ਚਲਾਈ ਗਿਆ |
"ਹੁਣ ਹੈਲੋਵੀਨ ਕਿਹੜੇ ਪਾਸੇ ਮੰਗਣ ਜਾਣਾ ਹੈ?" ਦੀਪ ਨੇ ਪੁੱਛਿਆ |
"ਮੈਂ ਕਿਸੇ ਹੋਰ ਪਾਸੇ ਨਹੀਂ ਜਾਣਾ, ਤੁਹਾਨੂੰ ਨਿਕੋਲ ਦੇ ਘਰ ਕੋਲ ਉਤਾਰ ਕੇ ਮੈਂ ਆਪਣੇ ਘਰ ਚਲਿਆ ਜਾਣਾ ਹੈ | ਤੁਸੀਂ, ਜਿੱਥੇ ਤੁਹਾਡਾ ਦਿਲ ਕਰਦਾ ਹੈ ਉੱਥੇ ਮੰਗਦੇ ਫਿਰਨਾ ਪਰ ਮੈਂ ਬੌਬੀ ਨੂੰ ਸਲਾਹ ਦਿਆਂਗਾ ਕਿ ਇਹ ਵੀ ਆਪਣੇ ਘਰ ਚਲਿਆ ਜਾਵੇ |" ਰਮੋਲੋ ਨੇ ਫੈਸਲਾ ਸੁਣਾਇਆ ਤੇ ਕਾਰ ਨੂੰ ਨਿਕੋਲ ਦੇ ਘਰ ਵੱਲ ਮੋੜ ਲਿਆ | 
   ਅਗਲੇ ਦਿਨਾਂ ਦੇ ਅਖਬਾਰਾਂ ਵਿਚ, ਹੈਲੋਵੀਨ ਦੀ ਰਾਤ ਨੂੰ ਹੋਈਆਂ ਦੁਰਘਟਨਾਵਾਂ ਦੀਆਂ ਖਬਰਾਂ 'ਚੋਂ ਇਕ ਇਹ ਵੀ ਖਬਰ ਸੀ, "ਸਰ੍ਹੀ ਦੇ ਗਰੀਨਟਿੰਬਰ ਇਲਾਕੇ ਵਿਚ ਹੈਲੋਵੀਨ ਮੰਗ ਰਹੇ ਬੱਚਿਆਂ ਉਪਰ ਹਮਲਾ | ਦੋ ਫਟੜ ਮੁੰਡੇ ਹਸਪਤਾਲ ਵਿਚ ਦਾਖਲ | ਮੁੰਡੇ ਇਸ ਨੂੰ ਭੂਤ ਪ੍ਰੇਤ ਦਾ ਹਮਲਾ ਕਹਿ ਰਹੇ ਹਨ | ਪੁਲੀਸ ਇਸ ਗੱਲ ਨੂੰ ਮੁੰਡਿਆਂ ਅੰਦਰ ਡਰ ਜਾਂ ਉਹਨਾਂ ਦਾ ਵਹਿਮ ਸਮਝ ਕੇ ਘਟਨਾ ਦੀ ਜਾਂਚ ਪੜਤਾਲ ਕਰ ਰਹੀ ਹੈ | ਉਹਨਾਂ ਨੂੰ ਇਹ ਵੀ ਸ਼ੱਕ ਹੈ ਕਿ ਸ਼ਾਇਦ ਮੁੰਡੇ ਜਾਣ ਬੁੱਝ ਕੇ ਪੁਲੀਸ ਨਾਲ ਸਹਿਯੋਗ ਨਾ ਕਰ ਰਹੇ ਹੋਣ |"
   ਬੌਬੀ ਨੇ ਸਕੂਲ ਵਿਚ ਲੰਚ ਬ੍ਰੇਕ ਸਮੇਂ ਜਦੋਂ ਇਹ ਖ਼ਬਰ ਪੜ੍ਹੀ ਤਾਂ ਉਹ ਬੜੀ ਦੇਰ ਮੁਸਕੜੀਏਂ ਹਸਦਾ ਰਿਹਾ ਤੇ ਫਿਰ ਨਿਕੋਲ ਨੂੰ ਦੱਸਣ ਤੁਰ ਪਿਆ |