ਸਤਲੁਜ ਤੋਂ ਨਿਆਗਰਾ ਤੱਕ - ਭਾਗ 3 (ਸਫ਼ਰਨਾਮਾ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੋਲਾਂ ਮਾਰਚ ਨੂੰ ਅਸੀਂ ਨਿਅੂਯਾਰਕ ਘੁੰਮਣ ਲਈ ਗਏ।ਭਾਵੇਂ ਧੁਪ ਨਿਕਲੀ ਹੋਈ ਸੀ ਪਰ ਮੌਸਮ ਠੰਡਾ ਹੀ ਸੀ।ਹਾਈ ਵੇ ਤੇ ਚਲਦੀ ਕਾਰ ਜਿਵੇਂ ਹਵਾ ਨਾਲ ਗੱਲਾਂ ਕਰ ਰਹੀ ਹੋਵੇ।ਮੌਸਮ ਅਜੇ ਪਤਝੜ ਦਾ ਹੀ ਸੀ।ਸਾਰੇ ਦਰਖਤ ਘੋਨੇ ਹੀ ਖੜ੍ਹੇ ਸਨ।ਰਸਤੇ ਵਿਚ ਕਿਤੇ ਕਿਤੇ ਦਰਖਤਾਂ ਨੂੰ ਜਾਮਨੀ ਚਿੱਟੇ ਨਾਰੰਗੀ ਫੁੱਲ ਲੱਗੇ ਹੋਏ ਸਨ ਜੋ ਆਉਂਦੀ ਬਹਾਰ ਦੀ ਨਿਸ਼ਾਨੀ ਸਨ।ਇਨ੍ਹਾਂ ਨੇ ਦੋ ਤਿੰਨ ਦਿਨਾਂ ਵਿਚ ਹੀ ਹਰਿਆਵਲ ਵਿਚ ਤਬਦੀਲ ਹੋ ਜਾਣਾ ਸੀ।ਅਰਧ ਪਹਾੜੀ ਇਲਾਕਾ ਹੋਣ ਕਾਰਣ ਕਾਫੀ ਦਿਲਕਸ਼ ਦ੍ਰਿਸ਼ ਨਜ਼ਰ ਆ ਰਹੇ ਸਨ।ਸੱਤੀ ਨੇ ਨੁਸਰਤ ਦੀ ਸੀਡੀ ਲਗਾ ਦਿੱਤੀ। ਗਾਣਾ ਚੱਲ ਰਿਹਾ ਸੀ, ਸੁਣ ਚਰਖੇ ਦੀ ਮਿਠੀ ਮਿਠੀ ਘੂਕ। ਕਾਰ ਵਿਚ ਬਹੁਤ ਵਧੀਆ ਮਿਊਜ਼ਿਕ ਸਿਸਟਮ ਲਗਿਆ ਹੋਇਆ ਹੈ।ਆਵਾਜ਼ ਇਸ ਤਰ੍ਹਾਂ ਲਗਦਾ ਸੀ ਜਿਵੇਂ ਪਹਾੜੀਆਂ ਵਿਚੋਂ ਤਿਲਕਦੀ ਹੋਈ ਸਾਡੇ ਵੱਲ ਆ ਰਹੀ ਹੋਵੇ।ਸੱਤੀ ਆਪ ਵੀ ਨਾਲ ਗਾਉਣ ਲੱਗ ਪਿਆ।ਉਹ ਨੁਸਰਤ ਦੀ ਗਾਇਕੀ ਦਾ ਦੀਵਾਨਾ ਹੈ।ਉਸਨੇ ਦੱਸਿਆ ਕਿ ਉਹ ਛੇਵੀਂ ਵਿਚ ਪੜ੍ਹਦਾ ਸੀ ਜਦੋਂ ਪਹਿਲੀ ਵਾਰ ਨੁਸਰਤ ਨੂੰ ਸੁਣਿਆਂ ਸੀ।ਉਸ ਤੋਂ ਮਗਰੋਂ ਅੱਜ ਤਕ ਕੋਈ ਦਿਨ ਅਜਿਹਾ ਨਹੀਂ ਜਦੋਂ ਦਿਨ ਵਿਚ ਇਕ ਵਾਰ ਉਸਨੂੰ ਨਾ ਸੁਣਿਆਂ ਹੋਵੇ।ਨੁਸਰਤ ਤੇ ਸੱਤੀ ਇਕ ਸੁਰ ਗਾ ਰਹੇ ਸਨ।ਇਕ ਵਾਰ ਤਾਂ ਅਜਿਹਾ ਵਿਸਮਾਦ ਛਾ ਗਿਆ ਕਿ ਪਤਾ ਹੀ ਨਹੀਂ ਲੱਗਿਆ ਕਿ ਅਸਸਸੀਂ ਸਫਰ ਕਰ ਰਹੇ ਹਾਂ ਕਿ ਮਹਿਫ਼ਲ ਵਿਚ ਬੈਠੇ ਹਾਂ।ਕਾਰ ਦੀ ਤੇਜ਼ ਗਤੀ ਦੇਖ ਕੇ ਕਮਲ ਨੇ ਸੱਤੀ ਨੂੰ ਸਪੀਡ ਵੱਲ ਧਿਆਨ ਦੇਣ ਲਈ ਕਿਹਾ।ਅਸੀਂ ਜਿੰਨੇ ਦਿਨ ਵੀ ਸਫ਼ਰ ਕੀਤਾ ਤਕਰੀਬਨ ਹਰ ਵਾਰ ਅਜਿਹਾ ਹੋ ਈ ਜਾਂਦਾ ਸੀ।
Photo
ਲੇਖਕ ਅਤੇ ਪਰਿਵਾਰ ਕਾਰ ਵਿੱਚ ਫਿਲਮ ਦੇਖਦੇ ਹੋਏ

ਨਿਊ ਜਰਸੀ ਅਤੇ ਨਿਊਯਾਰਕ ਵਿਚਾਲੇ ਹਡਸਨ ਨਦੀ ਵਗਦੀ ਹੈ।ਦੋਨਾਂ ਸ਼ਹਿਰਾਂ ਨੂੰ ਆਪਸ ਵਿਚ ਮਿਲਾਉਣ ਲਈ ਵਡੇ ਵਡੇ ਪੁਲ ਅਤੇ ਸੁਰੰਗਾਂ ਬਣਾਈਆਂ ਗਈਆਂ ਹਨ।ਰਸਤੇ ਵਿਚ ਤਿੰਨ ਜਗ੍ਹਾ ਸੋਲ ਟੈਕਸ ਦੇਣ ਮਗਰੋਂ ਸੁਰੰਗ ਪਾਰ ਕਰਨ ਲਈ ਵੀ ਟੋਲ ਦੇਣਾ ਪੈਂਦਾ ਹੈ।ਲਿੰਕਨ ਟਨਲ ਨਾਂ ਦੀ ਇਹ ਸੁਰੰਗ ਢਾਈ ਮੀਲ ਲੰਬੀ ਹੈ।ਇਹ ਸੁਰੰਗ 1937 ਵਿਚ ਚਾਲੂ ਹੋਈ ਸੀ।ਨਿਊਯਾਰਕ ਵਿਚ ਦਾਖਲ ਹੁੰਦਿਆਂ ਹੀ ਪਤਾ ਲੱਗ ਗਿਆ ਕਿ ਇਹ ਕਾਫੀ ਵਿਅਸਤ ਅਤੇ ਭੀੜ ਭੜੱਕੇ ਵਾਲਾ ਸ਼ਹਿਰ ਹੈ।ਕਾਰ ਖੜ੍ਹੀ ਕਰਨ ਲਈ ਨਿੱਜੀ ਕਾਰ ਪਾਰਕਿੰਗ ਬਣੇ ਹੋਏ ਹਨ ਜੋ ਕਾਫੀ ਮਹਿੰਗੇ ਹਨ।ਅਸੀਂ ਕਾਰ ਖੜ੍ਹੀ ਕਰ ਕੇ ਬਾਜ਼ਾਰ ਵਿਚ ਚਹਿਲ ਕਦਮੀਂ ਕਰਦੇ ਹੋਏ ਸਟੇਸ਼ਨ ਵੱਲ ਚੱਲ ਪਏ।ਮੈਟਰੋ ਸਟੇਸ਼ਨ ਨੂੰ ਉਥੇ ਸਬਵੇ ਕਿਹਾ ਜਾਂਦਾ ਹੈ।ਥੋੜ੍ਹੀ ਦੂਰੀ ਤੇ ਹੀ ਸਬ-ਵੇ ਸੀ ਜਿਥੋਂ ਅਸੀਂ ਵਾਲ ਸਟਰੀਟ ਲਈ ਮੈਟਰੋ ਲੈਣੀ ਸੀ।ਜ਼ਮੀਨਦੋਜ਼ ਚੱਲਣ ਵਾਲੀ ਰੇਲ ਰਾਹੀਂ ਅਸੀਂ ਪੰਦਰਾਂ ਮਿੰਟ ਵਿਚ ਹੀ ਆਪਣੀ ਮੰਜ਼ਿਲ ਤੇ ਪਹੁੰਚ ਗਏ।ਇਸੇ ਹੀ ਤਰਜ਼ ਤੇ ਜਦੋਂ ਕਲਕੱਤੇ ਮੈਟਰੋ ਚੱਲੀ ਸੀ ਤਾਂ ਸਾਨੂੰ ਅਚੰਭਾ ਹੁੰਦਾ ਸੀ ਕਿ ਕਿਵੇਂ ਆਰਕੀਟੈਕਟਾਂ ਨੇ ਨਕਸ਼ਾ ਬਣਾ ਕੇ ਜ਼ਮੀਨਦੋਜ਼ ਖੁਦਾਈ ਕੀਤੀ।ਆਪਣੇ ਘਰਾਂ ਵਿਚ ਤੁਰੇ ਫਿਰਦੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਲਗਿਆ ਕਿ ਉਨ੍ਹਾਂ ਦੇ ਪੈਰਾਂ ਹੇਠ ਕਿਵੇਂ ਇਕ ਸਿਰਜਣਾਤਮਕ ਕੰਮ ਹੋ ਰਿਹਾ ਹੈ।ਅਸੀਂ ਬਿਨਾਂ ਕਿਸੇ ਕੰਮੋਂ ਹੀ ਧਰਮਤੱਲਾ ਤੋਂ ਕਾਲ਼ੀ ਮੰਦਰ ਤਕ ਵਾਪਸੀ ਸਫ਼ਰ ਕੀਤਾ ਸੀ।
Photo
ਲੇਖਕ, ਪਤਨੀ ਸਤਵਿੰਦਰ ਅਤੇ ਜਸਲੀਨ ਅਜਾਇਬ ਘਰ ਵਿਖੇ
ਸੈਟਰੀ ਪਾਰਕ ਪਹੁੰਚੇ ਤਾਂ ਸੈਲਾਨੀਆਂ ਦੀ ਕਾਫੀ ਭੀੜ ਸੀ।ਮੈਨਹਟਨ ਸ਼ਹਿਰ ਦਾ ਸਸਹ ਕਾਫੀ ਰੁਝਿਆ ਇਲਾਕਾ ਹੈ।ਕਾਫੀ ਉਚੀਆਂ ਬਿਲਡਿੰਗਾਂ ਵਿਚ ਵੱਖ ਵੱਖ ਕੰਪਨੀਆਂ ਦੇ ਦਫਤਰ ਹਨ।ਕਈ ਬਿਲਡਿੰਗਾਂ ਤਾਂ ਅੱਸੀ ਮੰਜ਼ਿਲ ਦੇ ਕਰੀਬ ਹਨ ਜਿੰਨ੍ਹਾਂ ਦੀਆਂ ਸ਼ੀਸ਼ੇ ਦੀਆਂ ਦੀਵਾਰਾਂ ਧੁਪ ਵਿਚ ਚਮਕ ਰਹੀਆਂ ਸਨ।ਪਾਰਕ ਵਿਚ ਕਈ ਤਰ੍ਹਾਂ ਦਾ ਸਮਾਨ ਵੇਚਣ ਵਾਲੇ ਬੈਠੇ ਸਨ।ਕੁਝ ਲੋਕ ਬੈਠੇ ਸਕੈੱਚ ਬਣਾ ਰਹੇ ਸਨ।ਇਕ ਫਰੈਂਚ ਮੂਲ ਦੀ ਲੜਕੀ ਸਾਨੂੰ ਸਕੈੱਚ ਬਣਾਉਣ ਲਈ ਮਿੰਨਤਾਂ ਕਰਨ ਲੱਗੀ।ਉਸਨੇ ਇਕ ਸਕੈੱਚ ਦੇ ਪੰਜ ਡਾਲਰ ਮੰਗੇ।ਸੱਤੀ ਨੇ ਜਸਲੀਨ ਦਾ ਸਕੈੱਚ ਬਣਵਾ ਲਿਆ ਪਰ ਉਹ ਜਸਲੀਨ ਦੀ ਸ਼ਕਲ ਨੂੰ ਪੂਰੀ ਤਰ੍ਹਾਂ ਮੂਰਤੀਮਾਨ ਨਾ ਕਰ ਸਕੀ।ਸੱਤੀ ਨੇ ਉਸਨੂੰ ਪੁਛਿਆ ਕਿ ਕੀ ਇਹ ਸਚਮੁਚ ਹੀ ਸਾਡੀ ਬੱਚੀ ਦੀ ਮੂਰਤ ਹੈ, ਤਾਂ ਉਹ ਮੁਸਕੁਰਾ ਕੇ ਬੋਲੀ , ਨਹੀਂ ।ਉਸਨੇ ਕੁਝ ਲਕੀਰਾਂ ਹੋਰ ਵਾਹੀਆਂ ਤੇ ਇਕ ਕਾਰਟੂਨ ਬਣਾ ਕੇ ਸਾਨੂੰ ਦੇ ਦਿੱਤਾ ਅਤੇ ਪੰਜ ਦੀ ਥਾਂ ਤਿੰਨ ਡਾਲਰ ਹੀ ਲਏ

ਇਥੇ ਹੀ ਪੁਰਾਤਨ ਵਸਤਾਂ ਦਾ ਅਜਾਇਬ ਘਰ ਨੈਸ਼ਨਲ ਮਿਊਜ਼ੀਅਮ ਆਫ ਅਮਰੀਕਨ ਇੰਡੀਅਨ ਬਣਿਆਂ ਹੋਇਆ ਹੈ।ਅਸੀਂ ਪੂਰੀ ਸਕਿਉਰਟੀ ਚੈਕਿੰਗ ਤੋਂ ਬਾਅਦਸਹੀ ਇਮਾਰਤ ਦੇ ਅੰਦਰ ਦਾਖਲ ਹੋ ਸਕੇ।ਇਹ ਅਜਾਇਬ ਘਰ ਆਪਣੇ ਵਿਚ ਪੂਰਾ ਅਮਰੀਕਨ ਇਤਿਹਾਸ ਸਾਂਭੀ ਬੈਠਾ ਹੈ।ਅਮਰੀਕਾ ਦਾ ਇਤਿਹਾਸ ਕੋਈ ਪੰਜ ਕੁ ਸੌ ਸਾਲ ਪੁਰਾਣਾ ਹੀ ਹੈ।ਜਦੋਂ ਕੋਲੰਬਸ ਭਾਰਤ ਦੀ ਖੋਜ ਵਿਚ ਨਿਕਲਿਆ ਸੀ ਤਾਂ ਉਹ ਆਪਣਾ ਰਸਤਾ ਭਟਕ ਗਿਆ।ਸਾਗਰ ਦੇ ਜਿਸ ਤੱਟ ਤੇ ਉਹ ਪਹੁੰਚਿਆ ਉਹ ਅਮਰੀਕਾ ਸੀ।ਉਸੇ ਨੂੰ ਉਸ ਨੇ ਭਾਰਤ ਸਮਝ ਲਿਆ।ਅਮਰੀਕਾ ਦੇ ਆਦਿ ਵਾਸੀਆਂ ਦੀਆਂ ਲੋੜਾਂ ਵੀ ਬੜੀਆਂ ਸੀਮਤ ਸਨ।ਸਾਦਾ ਜੀਵਨ ਬਤੀਤ ਕਰਨ ਵਾਲੇ ਇਹ ਲੋਕ ਝੌਂਪੜੀਆਂ ਵਿਚ ਰਹਿੰਦੇ ਸਨ।ਉਨ੍ਹਾਂ ਦੇ ਰੰਗ ਲਾਲ ਹੋਣ ਕਾਰਣ ਉਨ੍ਹਾਂ ਨੂੰ ਰੈੱਡ ਇੰਡੀਅਨ ਕਿਹਾ ਜਾਣ ਲੱਗਿਆ।ਮੇਰਾ ਮਕਸਦ ਇਤਿਹਾਸ ਲਿਖਣਾ ਨਹੀਂ।ਇਹ ਸੰਖੇਪ ਜਾਣਕਾਰੀ ਇਸ ਅਜਾਇਬ ਘਰ ਵਿਚ ਪਈਆਂ ਪੁਰਾਤਨ ਚੀਜ਼ਾਂ ਦੀ ਜਾਣਕਾਰੀ ਲਈ ਹੈ।ਇਕ ਤਰਤੀਬ ਵਿਚ ਰਖੀਆਂ ਪੁਰਾਤਨ ਚੀਜ਼ਾਂ ਜਿੰਨ੍ਹਾਂ ਵਿਚ ਕਪੜੇ, ਵਾਹੀ ਦੇ ਸੰਦ, ਜੁਤੀਆਂ, ਸਾਜ ਅਤੇ ਹੋਰ ਆਮ ਵਰਤੋਂ ਦੀਆਂ ਚੀਜ਼ਾਂ ਦੇ ਦਰਸ਼ਨ ਹੁੰਦੇ ਹਨ।ਮਹੌਲ ਵੀ ਇਸ ਤਰ੍ਹਾਂ ਦਾ ਸਿਰਜਿਆ ਗਿਆ ਹੈ ਕਿ ਅਸੀਂ ਉਸ ਜੁਗ ਵਿਚ ਪਹੁੰਚ ਗਏ ਮਹਿਸੂਸ ਕਰਦੇ ਹਾਂ। ਅਜਾਇਬ ਘਰ ਤਾਂ ਭਾਰਤ ਵਿਚ ਵੀ ਬਹੁਤ ਹਨ ਪਰ ਇਹ ਸਾਰੇ ਰਾਜਿਆਂ ਨਾਲ ਜਾਂ ਅਜਾਦੀ ਨਾਲ ਸਬੰਧਿਤ ਹਨ।ਪੁਰਾਤਨ ਚੀਜ਼ਾਂ ਦਾ ਇਕੋ ਇਕ ਛੋਟਾ ਜਿਹਾ ਅਜਾਇਬ ਘਰ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵਿਚ ਹੈ ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ।
 
ਵਾਲ ਸਟਰੀਟ
 
ਅਮਰੀਕਾ ਦੀ ਵਾਲ ਸਟਰੀਟ ਬਾਰੇ ਬਹੁਤ ਕੁਝ ਪੜ੍ਹਿਆ ਸੁਣਿਆਂ ਸੀ।ਇਹ ਉਹੀ ਵਾਲ ਸਟਰੀਟ ਹੈ ਜਿਸ ਤੇ ਸਾਰੀ ਦੁਨੀਆਂ ਦੇ ਸ਼ੇਅਰ ਬਜ਼ਾਰਾਂ ਦੀ ਨਜ਼ਰ ਰਹਿੰਦੀ ਹੈ।ਅਮਰੀਕਾ ਧਨਾਢ ਦੇਸ ਹੈ।ਪੂਰੀ ਦੁਨੀਆਂ ਅੱਜ ਉਸਦੀ ਮੁਠੀ ਵਿਚ ਹੈ।ਇਸੇ ਵਾਲ ਸਟਰੀਟ ਵਿਚ ਸਟਾਕ ਐਕਸਚੇਂਜ ਹੈ ਜਿਥੇ ਸੱਤੀ ਦਾ ਦਫਤਰ ਵੀ ਹੈ।ਸਾਡੀ ਨਜ਼ਰ ਤਾਂਬੇ ਦੇ ਬਣੇ ਸਾਨ੍ਹ ਤੇ ਪਈ।ਇਹੋ ਜਿਹਾ ਹੀ ਇਕ ਬੁੱਤ ਮੁੰਬਈ ਸਟਾਕ ਐਕਸਚੇਂਜ ਦੇ ਬਾਹਰ ਵੀ ਖੜ੍ਹਾ ਹੈ।ਕੁਝ ਸਾਲ ਪਹਿਲਾਂ ਜਦੋਂ ਭਾਰਤ ਦੇ ਸ਼ੇਅਰ ਬਾਜ਼ਾਰ ਜਬਰਦਸਤ ਮੰਦੇ ਦੀ ਲਪੇਟ ਵਿਚ ਆ ਗਏ ਸਨ ਤਾਂ ਇਸ ਬੁੱਤ ਦੀ ਚਰਚਾ ਹੋਈ ਸੀ।ਉਸ ਤੋਂ ਪਹਿਲਾਂ ਲੋਕਾਂ ਨੂੰ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ।ਹਰ ਰੋਜ਼ ਟੈਲੀਵਿਯਨ ਤੇ ਜੋਤਸ਼ੀਆਂ ਨਾਲ ਚਰਚਾ ਹੁੰਦੀ।ਸਾਰੇ ਇਕ ਮੱਤ ਸਨ ਕਿ ਤਾਂਬੇ ਦਾ ਬੁੱਤ ਬਹੁਤ ਨਹਿਸ਼ ਹੈ, ਇਸ ਨੂੰ ਇਥੋਂ ਹਟਾਇਆ ਜਾਣਾ ਚਾਹੀਦਾ ਹੈ।ਉਦੋਂ ਭਾਵੇਂ ਬਜ਼ਾਰਾਂ ਵਿਚ ਮੰਦਾ ਸੀ ਪਰ ਜੋਤਸ਼ੀਆਂ ਦੀ ਪੂਰੀ ਚਾਂਦੀ ਸੀ।ਇਸ ਸਾਲ ਜਦੋਂ ਮੈਂ ਬੰਬੇ ਗਿਆ ਸੀ ਤਾਂ ਦਲਾਲ ਸਟਰੀਟ ਇਹੀ ਦੇਖਣ ਗਿਆ ਸੀ ਕਿ ਇਹ ਬੁੱਤ ਖੜ੍ਹਾ ਹੈ ਜਾਂ ਨਹੀਂ।ਉਹ ਸਾਨ੍ਹ ਉਸੇ ਤਰ੍ਹਾਂ ਭੂਸਰਿਆ ਖੜ੍ਹਾ ਹੈ।ਬਿਲਕੁਲ ਉਸੇ ਤਰ੍ਹਾਂ ਦਾ ਇਹ ਬੁੱਤ ਹੈ, ਲਗਦਾ ਹੈ ਜਿਵੇਂ ਹੁਣੇ ਹੀ ਆਪਣੇ ਸਿੰਗਾਂ ਤੇ ਚੁੱਕ ਲਵੇਗਾ।ਲੋਕੀਂ ਉਥੇ ਤਰ੍ਹਾਂ ਤਰ੍ਹਾਂ ਦੇ ਪੋਜ ਬਣਾ ਕੇ ਫੋਟੋ ਖਿਚਵਾ ਰਹੇ ਸਨ।ਉਸਦੇ ਨਾਲ ਹੀ ਇਕ ਆਦਮੀ ਜੜ੍ਹ ਹੋਇਆ ਖੜ੍ਹਾ ਸੀ।ਉਸਦਾ ਮੇਕਅੱਪ ਐਨਾ ਜਾਨਦਾਰ ਸੀ ਕਿ ਪਤਾ ਹੀ ਨਹੀਂ ਸੀ ਲਗਦਾ ਕਿ ਇਹ ਅਸਲੀ ਹੈ ਜਾਂ ਨਕਲੀ।ਅੱਜ ਕਲ੍ਹ ਪੰਜਾਬ ਦੇ ਮੈਰਿਜ ਪੈਲਸਾਂ ਵਿਚ ਵੀ ਵਿਆਹਾਂ ਤੇ ਇਹ ਦੇਖਣ ਨੂੰ ਮਿਲਦਾ ਹੈ ਕਿ ਇਕ ਦੋ ਆਦਮੀ ਕਿਸੇ ਦੀ ਨਕਲ ਦੇ ਬੁੱਤ ਬਣ ਕੇ ਖੜ੍ਹੇ ਹੁੰਦੇ ਹਨ।
 
 
Photo
 
  ਸਤਿੰਦਰ ਅਤੇ ਕਮਲ ਸਾਨ੍ਹ ਦੇ ਬੁੱਤ ਕੋਲ


ਸਟਾਕ ਐਕਸਚੇਂਜ ਦੇ ਸਾਹਮਣੇ ਇਕ ਬਹੁਤ ਵਡਾ ਤੇ ਸ਼ਾਨਦਾਰ ਜਿਮ ਬਣਿਆਂ ਹੋਇਆ ਹੈ।ਸੱਤੀ ਦੁਪਹਿਰ ਵੇਲੇ ਇਸ ਜਿਮ ਵਿਚ ਕਸਰਤ ਕਰਨ ਜਾਂਦਾ ਹੈ।ਦੋ ਮੰਜ਼ਿਲਾ ਬਣੇ ਇਸ ਜਿਮ ਨੂੰ ਘੁੰਮਦਿਆਂ ਸਾਨੂੰ ਕਰੀਬ ਇਕ ਘੰਟਾ ਲੱਗ ਗਿਆ।ਇਥੇ ਬਾਡੀ ਬਿਲਡਿੰਗ ਨਾਲ ਸਬੰਧਿਤ ਹਰ ਮਸ਼ੀਨ ਉਪਲਬਧ ਹੈ ਅਤੇ ਕਈ ਆਲੀਸ਼ਾਨ ਇਸ਼ਨਾਨ ਘਰ ਬਣੇ ਹੋਏ ਹਨ।ਇਸਦੀ ਫੀਸ ਡੇਢ ਸੌ ਡਾਲਰ ਪ੍ਰਤੀ ਮਹੀਨਾ ਹੈ।
 
ਉਥੋਂ ਨਿਕਲੇ ਤਾਂ ਅਸੀਂ ਉਸ ਜਗ੍ਹਾ ਪਹੁੰਚ ਗਏ ਜਿਸਦੀ ਪਿਛਲੇ ਸਾਲਾਂ ਵਿਚ ਬੇਹੱਦ ਚਰਚਾ ਰਹੀ ਹੈ।ਇਹ ਉਹ ਜਗ੍ਹਾ ਸੀ ਜਿਥੇ ਕਦੇ ਜੌੜੇ ਟਾਵਰ ਹੋਇਆ ਕਰਦੇ ਸਨ।ਇਸ ਥਾਂ ਨੂੰ ਦੇਖਣ ਦੀ ਬੜੀ ਇਛਾ ਸੀ।ਇਨ੍ਹਾਂ ਇਮਾਰਤਾਂ ਨੂੰ ਆਪਣੇ ਅੱਖੀਂ ਟੈਲੀਵਿਯਨ ਤੇ ਮਲੀਆਮੇਟ ਹੁੰਦੇ ਦੇਖਿਆ ਸੀ ਜਦੋਂ ਅੱਤਵਾਦੀਆਂ ਨੇ ਜਹਾਜ਼ ਇਨ੍ਹਾਂ ਇਮਾਰਤਾਂ ਵਿਚ ਲਿਆ ਮਾਰੇ ਸਨ।ਦੇਖ ਕੇ ਦਿਮਾਗ ਸੁੰਨ ਹੋ ਗਿਆ ਸੀ।ਇਹ ਘਟਨਾ ਅੱਜ ਵੀ 29/11 ਦੇ ਨਾਂ ਨਾਲ ਮਸ਼ਹੂਰ ਹੈ।ਇਕ ਵਾਰ ਤਾਂ ਸਾਰੀ ਦੁਨੀਆਂ ਹਿੱਲ ਗਈ ਸੀ।ਜੇ ਅਮਰੀਕਾ ਵਰਗਾ ਦੇਸ ਹੀ ਸੁਰਖਿਅਤ ਨਹੀਂ ਤਾਂ ਬਾਕੀ ਦੁਨੀਆਂ ਦਾ ਕੀ ਬਣੂ ?ਥੋੜ੍ਹੇ ਚਿਰ ਬਾਅਦ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਸੀ ਕਿ ਹਮਲਾ ਅਮਰੀਕਾ ਦੀ ਸੋਚੀ ਸਮਝੀ ਸਕੀਮ ਦਾ ਹਿੱਸਾ ਸੀ। ਮੁੰਬਈ ਤੋਂ ਸਾਡਾ ਇਕ ਵਪਾਰੀ ਗ੍ਰਾਹਕ ਹੈ ਜਿਸਦਾ ਪੁੱਤਰ ਬਹੁਤ ਹੀ ਜ਼ਹੀਨ ਹੈ।ਉਸਨੇ ਇਕ ਲਿੰਕ ਭੇਜਿਆ ਸੀ ਜਿਸ ਤੋਂ ਪਤਾ ਲਗਦਾ ਸੀ ਕਿ ਕਿਵੇਂ ਇਹ ਇਕ ਸਾਜ਼ਿਸ਼ ਸੀ।ਪਹਿਲੀ ਵਾਰ ਤਾਂ ਯਕੀਨ ਹੀ ਨਹੀਂ ਸੀ ਹੋਇਆ ਕਿ ਕੋਈ ਇੱਦਾਂ ਵੀ ਕਰ ਸਕਦਾ ਹੈ ਪਰ ਜਿਵੇਂ ਜਿਵੇਂ ਨੈੱਟ ਵਿਚ ਵੜਦੇ ਜਾਉ ਤਾਂ ਲਗਦਾ ਹੈ ਕਿ ਇਹੀ ਸੱਚ ਹੈ। ਸੰਖੇਪ ਵਿਚ ਦਸਣਾ ਹੋਵੇ ਤਾਂ ਅਮਰੀਕਾ ਦੇ ਇਕ ਧਨਾਢ ਕਬਾੜੀਏ ਨੇ ਇਨ੍ਹਾਂ ਟਾਵਰਾਂ ਨੂੰ ਖਰੀਦ ਲਿਆ ਅਤੇ ਇਨ੍ਹਾਂ ਦਾ ਬੀਮਾ ਕਰਵਾ ਲਿਆ।ਉਸਦਾ ਕੰਮ ਹੈ ਆਧੁਨਿਕ ਤਕਨੀਕ ਨਾਲ ਉਚੀਆਂ ਪੁਰਾਣੀਆਂ ਇਮਾਰਤਾਂ ਨੂੰ ਡੇਗਣਾ ਅਤੇ ਉਸਦਾ ਮਲਬਾ ਸਾਫ ਕਰਨਾ।ਉਸ ਕੋਲ ਐਨੀ ਵਧੀਆ ਤਕਨੀਕ ਹੈ ਕਿ ਇਮਾਰਤ ਸਕਿੰਟਾਂ ਵਿਚ ਹੀ ਆਪਣੇ ਪੈਰਾਂ ਵਿਚ ਆ ਡਿਗਦੀ ਹੈ।ਉਸ ਨੇ ਪੂਰੇ ਦੋ ਮਹੀਨੇ ਇਸ ਵਿਚ ਬੰਬ ਫਿਟ ਕਰਵਾਏ।ਟਾਵਰਾਂ ਨਾਲ ਟਕਰਾਉਣ ਲਈ ਜਹਾਜ਼ ਵੀ ਵਿਸ਼ੇਸ਼ ਤੌਰ ਤੇ ਤਿਆਰ ਕਰਵਾਏ ਗਏ ਜਿਨ੍ਹਾਂ ਨਾਲ ਮਿਜ਼ਾਈਲਾਂ ਫਿਟ ਕੀਤੀਆਂ ਹੋਈਆਂ ਸਨ।ਇਨ੍ਹਾਂ ਵਿਚ ਕੋਈ ਪਾਇਲਟ ਨਹੀਂ ਸੀ ਤੇ ਨਾ ਹੀ ਕੋਈ ਯਾਤਰੀ।ਇਹ ਜਹਾਜ਼ ਰਿਮੋਟ ਕੰਟਰੋਲ ਨਾਲ ਉਡਾਏ ਗਏ ਸਨ।ਨੈੱਟ ਤੇ ਜੋ ਜਹਾਜ਼ਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਜਹਾਜ਼ ਖਾਸ ਬਣੇ ਹੋਏ ਹਨ।ਇਹੋ ਜਿਹੇ ਜਹਾਜ਼ ਕੋਈ ਘਰ ਤਾਂ ਬਣਾ ਨਹੀਂ ਸਕਦਾ।ਜੇ ਬਾਹਰੋਂ ਆਏ ਤਾਂ ਅਮਰੀਕੀ ਸੂਹੀਆ ਤੰਤਰ ਇੰਨਾਂ ਮਜ਼ਬੂਤ ਹੈ , ਉਸਨੇ ਇਹਨਾਂ ਨੂੰ ਡੇਗਿਆ ਕਿਉਂ ਨਹੀਂ।ਜੇ ਇਹ ਜਹਾਜ਼ ਅਮਰੀਕਾ ਵਿਚੋਂ ਹੀ ਉਡੇ ਸਨ ਤਾਂ ਸਸਜ ਤਕ ਇਹ ਪਤਾ ਕਿਉਂ ਨਹੀਂ ਲਗਿਆ ਕਿ ਇਹ ਕਿਥੋਂ ਚੱਲੇ ਸੀ ਤੇ ਕਿਥੇ ਜਾ ਰਹੇ ਸੀ।ਲਿਖਣ ਵਾਲਿਆਂ ਨੇ ਜਾਰਜ ਬੁਸ਼ ਨੂੰ ਵੀ ਇਸ ਵਿਚੋਂ ਹੋਣ ਵਾਲੇ ਫਾਇਦੇ ਦਾ ਹਿੱਸੇਦਾਰ ਦਰਸਾਇਆ ਹੈ।
ਜਿਥੇ ਟਾਵਰ ਡਿੱਗੇ ਸਨ ਉਥੇ ਹੁਣ ਨਵੀਂ ਉਸਾਰੀ ਚੱਲ ਰਹੀ ਹੈ।ਉਸ ਜਗ੍ਹਾ ਤੇ ਬੈਠਿਆਂ ਮਾਰੇ ਗਏ ਲੋਕਾਂ ਨਾਲ ਹਮਦਰਦੀ ਤਾਂ ਹੋ ਰਹੀ ਸੀ ਸਗੋਂ ਮਨ ਵਿਚ ਇਕ ਨਫ਼ਰਤ ਦੀ ਜਵਾਲਾ ਵੀ ਉਠ ਰਹੀ ਸੀ ਉਨ੍ਹਾਂ ਪ੍ਰਤੀ ਜੋ ਇਨਸਾਨੀਅਤ ਦੇ ਦੁਸ਼ਮਨ ਸਨ।ਚਾਹੇ ਉਹ ਉਸਾਮਾ ਬਿਨ ਲਾਦਨ ਹੋਵੇ ਜਾਂ ਕੋਈ ਦਹਿਸ਼ਤਗਰਦ ਤੇ ਜਾਂ ਕੋਈ ਵੀ ਦੇਸ ਜੋ ਜ਼ੁਲਮ ਕਰਦਾ ਹੈ।ਅਸੀਂ ਕੋਈ ਅੱਧਾ ਘੰਟਾ ਉਸ ਜਗ੍ਹਾ ਦੇ ਸਾਹਮਣੇ ਬਣੇ ਬਾਗ ਵਿਚ ਬੈਠੇ ਅਤੇ ਉਨ੍ਹਾਂ ਆਤਮਾਵਾਂ ਦੀ ਸ਼ਾਤੀ ਲਈ ਦੁਆ ਮੰਗੀ ਜੋ ਇਥੇ ਮਾਰੇ ਗਏ ਸਨ ਤੇ ਉਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ।
 
ਬਰੁਕਲਿਨ ਬਰਿਜ
 
ਸ਼ਾਮ ਹੋ ਰਹੀ ਸੀ।ਅਸੀਂ ਵਾਪਸ ਟਾਈਮ ਸੁਕੇਅਰ ਜਾਣਾ ਸੀ ਜਿਥੇ ਸਾਡੀ ਕਾਰ ਖੜ੍ਹੀ ਸੀ।ਸੱਤੀ ਚਾਹੁੰਦਾ ਸੀ ਕਿ ਪੂਰੀ ਰਾਤ ਹੋਈ ਤੋਂ ਹੀ ਉਥੇ ਪਹੁੰਚੀਏ ਤਾਂ ਜੋ ਉਸ ਵਕਤ ਚੱਲ ਰਹੀਆਂ ਰੋਸ਼ਨੀਆਂ ਦਾ ਆਨੰਦ ਮਾਣ ਸਕੀਏ।ਅਸੀਂ ਹੌਲ਼ੀ ਹੌਲ਼ੀ ਚਲਦੇ ਬਰੁਕਲਿਨ ਬਰਿਜ ਦੇਖਣ ਚੱਲ ਪਏ।ਇਸ ਪੁਲ ਤੇ ਚੜ੍ਹਨ ਲਈ ਸਾਨੂੰ ਕਾਫੀ ਤੁਰਨਾ ਪਿਆ।ਈਸਟ ਨਦੀ ਤੇ ਬਣੇ ਇਸ ਪੁਲ ਦੀ ਲੰਬਾਈ ਤਕਰੀਬਨ ਛੇ ਹਜ਼ਾਰ ਫੁੱਟ ਹੈ।ਭਾਰਤ ਦੇ ਸ਼ਹਿਰ ਰਿਸ਼ੀਕੇਸ਼ ਵਿਚ ਬਣੇ ਲਛਮਣ ਝੂਲੇ ਵਾਂਗ ਬਣਿਆਂ ਇਹ ਕਾਫੀ ਵਡਾ ਪੁਲ ਹੈ।1883 ਵਿਚ ਤਿਆਰ ਹੋਏ ਇਸ ਪੁਲ ਨੂੰ ਜਾਹਨ ਅਗਸਟਸ ਰਾਬਲਿੰਗ ਨੇ ਡਿਜ਼ਾਇਨ ਕੀਤਾ ਸੀ।ਵਿੱਕੀਪੀਡੀਆ ਅਨੁਸਾਰ ਇਹ ਦੁਨੀਆਂ ਦਾ ਸਭ ਤੋਂ ਲੰਬਾ ਸਸਪੈਂਸ਼ਨ ਵਾਲਾ ਪੁਲ ਹੈ।ਇਸ ਤੋਂ ਹਰ ਰੋਜ਼ ਇਕ ਲੱਖ ਪੰਜਤਾਲੀ ਹਜ਼ਾਰ ਗੱਡੀਆਂ ਲੰਘਦੀਆਂ ਹਨ।ਇਸ ਤੇ ਚੌਵੀ ਘੰਟੇ ਆਵਾਜਾਈ ਰਹਿੰਦੀ ਹੈ।ਇਸ ਪੁਲ ਤੇ ਹਿੰਦੀ ਫ਼ਿਲਮਾਂ ਦੀ ਸ਼ੁਟਿੰਗ ਆਮ ਹੁੰਦੀ ਰਹਿੰਦੀ ਹੈ।ਇਸ ਪੁਲ ਤੇ ਖੜ੍ਹਿਆਂ ਸ਼ਹਿਰ ਦਾ ਖੁਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
 
Photo 

                   ਬਰੁਕਲਿਨ ਬਰਿਜ ਉਪਰ
 
 
ਬਰੁਕਲਿਨ ਤੋਂ ਹੀ ਅਸੀਂ ਸਬਵੇ ਲੈ ਕੇ ਵਾਪਸ ਟਾਈਮ ਸੁਕੇਅਰ ਆ ਗਏ।ਟਾਈਮ ਸੁਕੇਅਰ ਸਟੇਸ਼ਨ ਤੇ ਇਕ ਆਦਮੀ ਡਰੰਮ ਵਜਾ ਰਿਹਾ ਸੀ।ਉਸ ਦੇ ਕੋਲ ਇਕ ਬਰਤਨ ਰਖਿਆ ਸੀ ਜਿਸ ਵਿਚ ਕੁਝ ਸਿੱਕੇ ਅਤੇ ਨੋਟ ਪਏ ਸਨ।ਸੱਤੀ ਨੇ ਦਸਿਆ ਕਿ ਇਹ ਮੰਗਤਾ ਹੈ।ਜਦ ਅਸੀਂ ਸਟੇਸ਼ਨ ਤੋਂ ਬਾਹਰ ਆਏ ਤਾਂ ਸ਼ਹਿਰ ਜਿਵੇਂ ਰੋਸ਼ਨੀਆਂ ਨਾਲ ਨਹਾਤਾ ਹੋਵੇ।ਹਰ ਇਮਾਰਤ ਜਿਵੇਂ ਇਕ ਟੈਲੀਵਿਯਨ ਦੀ ਸਕਰੀਨ ਹੋਵੇ।ਪੂਰੀ ਦੀ ਪੂਰੀ ਬਿਲਡਿੰਗ ਇਕ ਹੋਰਡਿੰਗ ਬਣੀ ਹੋਈ ਸੀ।ਹਰ ਇਕ ਦੋ ਮਿੰਟ ਮਗਰੋਂ ਰੋਸ਼ਨੀਆਂ ਰੰਗ ਬਦਲ ਲੈਂਦੀਆਂ।ਇਹ ਸਚਮੁਚ ਹੀ ਇਕ ਮਨ ਨੂੰ ਮੋਹ ਲੈਣ ਵਾਲਾ ਦ੍ਰਿਸ਼ ਸੀ।ਅਸੀਂ ਉਹ ਪੁਰਾਣਾ ਘੰਟਾ ਘਰ ਵੀ ਵੇਖਿਆ ਜਿਸ ਕਾਰਣ ਇਸ ਜਗ੍ਹਾ ਦਾ ਨਾਂ ਟਾਈਮ ਸੁਕੇਅਰ ਪੈ ਗਿਆ ਸੀ।ਭੀੜ ਕਾਫੀ ਸੀ ਪਰ ਲੋਕ ਇਕ ਜਾਬਤੇ ਵਿਚ ਬਝੇ ਹੋਏ ਤੁਰ ਰਹੇ ਸਨ।ਸਾਰੀ ਟਰੈਫਿਕ ਇਕ ਸੜਕ ਤੇ ਇਕ ਪਾਸੇ ਚੱਲ ਰਹੀ ਸੀ।ਸਾਰਾ ਇਲਾਕਾ ਖੰਡਾਂ ਵਿਚ ਵੰਡਿਆ ਹੋਇਆ ਹੈ।ਦੋ ਤਿੰਨ ਜਗ੍ਹਾ ਫਿਲਮਾਂ ਦੀ ਸ਼ੁਟਿੰਗ ਚੱਲ ਰਹੀ ਸੀ।ਰੈਸਟੋਰੈਂਟਾਂ ਵਿਚ ਪੂਰੀ ਭੀੜ ਸੀ।ਅਸੀਂ ਕਾਫੀ ਥੱਕ ਚੁੱਕੇ ਸੀ ਇਸ ਲਈ ਵਾਪਸ ਘਰ ਜਾਣ ਦਾ ਮਨ ਬਣਾਇਆ।ਪਾਰਕਿੰਗ ਵਾਲੇ ਨੂੰ ਸਤਾਰਾਂ ਡਾਲਰ ਦੇ ਕੇ ਕਾਰ ਕਢੀ ਤੇ ਵਾਪਸ ਘਰ ਚੱਲ ਪਏ।ਸਾਰਾ ਰਾਹ ਰੋਸ਼ਨੀਆਂ ਨਾਲ ਜਗਮਗ ਕਰ ਰਿਹਾ ਸੀ।ਜਦੋਂ ਅਸੀਂ ਘਰ ਪੁਜੇ ਤਾਂ ਕਾਫੀ ਰਾਤ ਹੋ ਚੁੱਕੀ ਸੀ।
 
ਆਜ਼ਾਦੀ ਦੀ ਦੇਵੀ
 
ਸਟੈਚੂ ਆਫ ਲਿਬਰਟੀ ਦੁਨੀਆਂ ਦਾ ਸਭ ਤੋਂ ਉੱਚਾ ਬੁੱਤ ਮੰਨਿਆਂ ਜਾਂਦਾ ਹੈ।ਇਸ ਨੂੰ ਦੇਖਣ ਲਈ ਸੱਤੀ ਨੇ ਐਤਵਾਰ ਦੀਆਂ ਟਿਕਟਾਂ ਖਰੀਦ ਲਈਆਂ ਸਨ।ਇਹ ਬੁੱਤ ਹਡਸਨ ਦਰਿਆ ਵਿਚ ਇਕ ਟਾਪੂ ਤੇ ਆਪਣੇ ਪੂਰੇ ਜਲੌਅ ਵਿਚ ਖੜ੍ਹਾ ਹੈ।ਇਥੇ ਪਹੁੰਚਣ ਲਈ ਦੋ ਥਾਵਾਂ ਤੋਂ ਸਟੀਮਰ ਚਲਦੇ ਹਨ।ਮੈਨਹਟਨ ਦੇ ਬੈਟਰੀ ਪਾਰਕ ਅਤੇ ਨਿਊ ਜਰਸੀ ਦੇ ਲਿਬਰਟੀ ਸਟੇਟ ਪਾਰਕ ਤੋਂ।ਅਸੀਂ ਕਾਰ ਵਿਚ ਲਿਬਰਟੀ ਸਟੇਟ ਪਾਰਕ ਪਹੁੰਚ ਗਏ।ਕਿਸੇ ਵੇਲੇ ਇਹ ਨਿਊ ਜਰਸੀ ਦਾ ਰੇਲਵੇ ਟਰਮੀਨਲਸ ਹੋਇਆ ਕਰਦਾ ਸੀ।ਭਾਵੇਂ ਹੁਣ ਇਥੋਂ ਕੋਈ ਗਡੀ ਨਹੀਂ ਚਲਦੀ ਪਰ ਸਰਕਾਰ ਨੇ ਇਸ ਇਮਾਰਤ ਨੂੰ ਇਕ ਯਾਦਗਾਰ ਵਜੋਂ ਸਾਂਭਿਆ ਹੋਇਆ ਹੈ।ਇਸ ਜਗ੍ਹਾ ਤੇ ਬੁਕਿੰਗ ਦਫਤਰ ਤੇ ਸੁਰੱਖਿਆ ਦਫਤਰ ਬਣਾਏ ਹੋਏ ਹਨ।ਤਕਰੀਬਨ ਇਕ ਕਿਲੋਮੀਟਰ ਤਕ ਸੜਕ ਪੱਕੀਆਂ ਇੱਟਾਂ ਦੀ ਬਣੀ ਹੋਈ ਹੈ ਜਿਸ ਤੇ ਚਲਦਿਆਂ ਪੁਰਾਣੇ ਜ਼ਮਾਨੇ ਵਿਚ ਪਹੁੰਚੇ ਮਹਿਸੂਸ ਹੁੰਦਾ ਹੈ।
ਸੁਰੱਖਿਆ ਪੜਤਾਲ ਤੋਂ ਬਾਅਦ ਅਸੀਂ ਛੋਟੇ ਸਮੁੰਦਰੀ ਜਹਾਜ਼ ਵਿਚ ਸਵਾਰ ਹੋ ਗਏ।ਦਸ ਕੁ ਮਿੰਟ ਵਿਚ ਸਟੀਮਰ ਨੇ ਸਾਨੂੰ ਜਿਸ ਟਾਪੂ ਤੇ ਉਤਾਰਿਆ ਉਸਦਾ ਨਾਂ ਏਲਿਸ ਹੈ।ਏਲਿਸ ਆਈਲੈਂਡ ਕਦੇ ਅਮਰੀਕਾ ਦਾ ਮੁਖ ਦਰਵਾਜ਼ਾ ਹੋਇਆ ਕਰਦਾ ਸੀ ਜਿਥੋਂ ਲੰਘ ਕੇ ਲੱਖਾਂ ਦੀ ਗਿਣਤੀ ਵਿਚ ਯਾਤਰੀ ਅਮਰੀਕਾ ਵਿਚ ਦਾਖਲ ਹੁੰਦੇ ਸਨ।ਹੁਣ ਇਸ ਇਮਾਰਤ ਨੂੰ ਇਕ ਅਜਾਇਬ ਘਰ ਬਣਾਇਆ ਹੋਇਆ ਹੈ ਜਿਸ ਵਿਚ ਸਥਾਨਾਂਤਰਿਤ ਹੋਣ ਵਾਲੇ ਯਾਤਰੂਆਂ ਦੀ ਗਿਣਤੀ ਅਤੇ ਪੁਰਾਤਨ ਦਸਤਾਵੇਜ਼ ਸਾਂਭੇ ਹੋਏ ਹਨ।ਅਸੀਂ ਵੀ ਇਸ ਅਜਾਇਬ ਘਰ ਵਿਚ ਉਤਸੁਕਤਾ ਨਾਲ ਦਾਖਲ ਹੋਏ।ਉਥੋਂ ਇਕ ਹੈੱਡਫੋਨ ਵੀ ਮਿਲਦਾ ਹੈ ਜਿਸ ਵਿਚ ਪੌਣੇ ਘੰਟੇ ਦੀ ਆਵਾਜ਼ ਭਰੀ ਹੋਈ ਹੈ ਜੋ ਇਸ ਬਾਰੇ ਸਾਰੀ ਜਾਣਕਾਰੀ ਦਿੰਦੀ ਹੈ।ਫੋਰਟ ਗਿਬਸਨ ਨੇ 1808 ਵਿਚ ਅਮਰੀਕਾ ਦੀ ਸੁਰੱਖਿਆ ਵਾਸਤੇ ਇਸ ਦਾ ਨਿਰਮਾਣ ਕਰਵਾਇਆ ਸੀ।1830 ਵਿਚ ਆਇਰਲੈਂਡ, ਬਰਤਾਨੀਆਂ ਅਤੇ ਜਰਮਨੀ ਤੋਂ ਭਾਰੀ ਗਿਣਤੀ ਵਿਚ ਲੋਕ ਅਮਰੀਕਾ ਵਿਚ ਦਾਖਲ ਹੋਏ।ਇਥੇ ਦਰਸਾਏ ਰਿਕਾਰਡ ਮੁਤਾਬਿਕ 1880 ਵਿਚ ਪੌਣੇ ਛੇ ਕਰੋੜ ਲੋਕ ਅਮਰੀਕਾ ਵਿਚ ਦਾਖਲ ਹੋਏ।1897 ਵਿਚ ਲੱਕੜ ਦੀ ਬਣੀ ਇਸ ਇਮਾਰਤ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਅਤੇ ਪੂਰੀ ਦੀ ਪੂਰੀ ਇਮਾਰਤ ਸੜ ਕੇ ਸਵਾਹ ਹੋ ਗਈ।ਸੰਨ 1900 ਵਿਚ ਹੁਣ ਵਾਲੀ ਇਮਾਰਤ ਬਣ ਕੇ ਤਿਆਰ ਹੋਈ।ਸੰਨ 1954 ਵਿਚ ਇਥੋਂ ਇਮੀਗਰੇਸ਼ਨ ਦਫਤਰ ਬੰਦ ਕਰ ਦਿੱਤਾ ਗਿਆ ਅਤੇ 1990 ਵਿਚ ਇਸ ਨੂੰ ਅਜਾਇਬ ਘਰ ਵਜੋਂ ਆਮ ਜਨਤਾ ਲਈ ਖੋਲ੍ਹਿਆ ਗਿਆ।ਤਿੰਨ ਮੰਜ਼ਿਲਾ ਇਸ ਇਮਾਰਤ ਵਿਚ ਦਾਖਲ ਹੁੰਦਿਆਂ ਹੀ ਸਾਹਮਣੇ ਪੁਰਾਣੀ ਕਿਸਮ ਦੇ ਸੂਟਕੇਸ ਅਤੇ ਬਿਸਤਰਬੰਨ੍ਹ ਪਏ ਹਨ।ਕਈ ਟਰੰਕ ਲੱਕੜ ਦੇ, ਟੀਨ ਦੇ ਅਤੇ ਚਮੜੇ ਦੇ ਬਣੇ ਹੋਏ ਹਨ।ਕਈਆਂ ਉਪਰ ਨੰਬਰ ਤੇ ਨਾਮ ਲਿਖੇ ਹੋਏ ਦਿਖਾਈ ਦਿੰਦੇ ਹਨ।ਮੈਨੂੰ ਆਪਣੇ ਘਰ ਪਏ ਹੋਏ ਪੁਰਾਤਨ ਟਰੰਕ ਵੀ ਇਨ੍ਹਾਂ ਦਾ ਹਿੱਸਾ ਹੀ ਜਾਪੇ ਜੋ ਬਾਈ ਜੀ ਫੌਜ ਵਿਚੋਂ ਲੈ ਕੇ ਆਏ ਸਨ।ਉਪਰ ਉਨ੍ਹਾਂ ਦਾ ਨਾਮ ਅਤੇ ਰੈਂਕ ਲਿਖੇ ਹੋਏ ਹਨ। ਏਲਿਸ ਟਾਪੂ ਲੇਖਕ ਅਤੇ ਪਤਨੀ (ਸਤਵਿੰਦਰ) ਏਲਿਸ ਟਾਪੂ ਦੇ ਅਜਾਇਬ ਘਰ ਵਿਚ ਅੱਗੇ ਵਧਦੇ ਹਾਂ ਤਾਂ ਇਕ ਕਮਰੇ ਵਿਚ ਵਡ-ਆਕਾਰੀ ਕੰਧ ਚਿੱਤਰ ਲੱਗੇ ਹੋਏ ਹਨ।ਜਿਵੇਂ ਲੋਕ ਕਤਾਰਾਂ ਵਿਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਸਨ।ਜਿਵੇਂ ਡਾਕਟਰ ਆਉਣ ਵਾਲਿਆਂ ਦਾ ਮੁਆਇਨਾ ਕਰਿਆ ਕਰਦੇ ਸਨ।ਇਕ ਜਗ੍ਹਾ ਤੇ ਪੁਰਾਣੇ ਬੂਟ ਅਤੇ ਬੱਚਿਆਂ ਦੇ ਖਿਡੌਣੇ ਰੱਖੇ ਹੋਏ ਹਨ।ਇਕ ਪੁਰਾਣਾ ਟਾਈਪ ਰਾਈਟਰ ਉਨ੍ਹਾਂ ਦਿਨਾਂ ਦੀ ਯਾਦ ਦਿਵਾ ਰਿਹਾ ਹੈ।ਇਸ ਤੋਂ ਅੱਗੇ ਹਾਲ ਵਿਚ ਅਮਰੀਕਾ ਵਿਚ ਆਉਣ ਵਾਲਿਆਂ ਦੀ ਸਾਲ ਵਾਰ ਗਿਣਤੀ ਦਰਸਾਈ ਗਈ ਹੈ।ਕਿੰਨੇ ਮਰਦ ਕਿੰਨੀਆਂ ਔਰਤਾਂ ਅਤੇ ਕਿੰਨੇ ਬੱਚੇ ਆਏ ਅਤੇ ਕਿਹੜੇ ਦੇਸ ਤੋਂ ਆਏ ਇਸ ਦਾ ਜ਼ਿਕਰ ਕੀਤਾ ਗਿਆ ਹੈ।ਪੁਰਾਣੇ ਦਸਤਾਵੇਜ਼ ਅਤੇ ਪਾਸਪੋਰਟਾਂ ਦੀਆਂ ਫੋਟੋ ਕਾਪੀਆਂ ਸ਼ੀਸ਼ੇ ਅੰਦਰ ਸਾਂਭੀਆਂ ਹੋਈਆਂ ਹਨ।
 
ਤਕਰੀਬਨ ਇਕ ਘੰਟਾ ਅਸੀਂ ਇਸ ਅਜਾਇਬ ਘਰ ਵਿਚ ਬਿਤਾਇਆ।ਇਥੋਂ ਬਾਹਰ ਨਿਕਲੇ ਤਾਂ ਠੰਡੀ ਹਵਾ ਰੁਮਕ ਰਹੀ ਸੀ।ਹਰਾ ਹਰਾ ਘਾਹ ਅੱਖਾਂ ਨੂੰ ਠੰਡੀਆਂ ਕਰ ਰਿਹਾ ਸੀ।ਇਥੋਂ ਸਟੀਮਰ ਨੇ ਅਜੇ ਅੱਧੇ ਘੰਟੇ ਨੂੰ ਤੁਰਨਾ ਸੀ।ਅਸੀਂ ਇਹ ਅੱਧਾ ਘੰਟਾ ਉਥੇ ਪਾਰਕ ਵਿਚ ਬੈਠਣਾ ਹੀ ਪਸੰਦ ਕੀਤਾ।ਇਥੇ ਹੀ ਇਕ ਗੱਲ ਮਹਿਸੂਸ ਕੀਤੀ ਕਿ ਇਕ ਛੋਟੀ ਜਿਹੀ ਗੱਲ ਵੀ ਕਿਸੇ ਦੂਜੇ ਲਈ ਕਿਵੇਂ ਅਚੰਭਾ ਬਣ ਜਾਂਦੀ ਹੈ।ਜਸਲੀਨ ਲਈ ਅਸੀਂ ਸੀਟੀ ਵਾਲੇ ਸੈਂਡਲ ਲੈ ਗਏ ਸੀ ਜੋ ਇਧਰ ਆਮ ਹੀ ਮਿਲਦੇ ਹਨ।ਜਸਲੀਨ ਜਦੋਂ ਤੁਰਦੀ ਤਾਂ ਚੀਂ ਚੀਂ ਦੀ ਆਵਾਜ਼ ਨਿਕਲਦੀ।ਆਵਾਜ਼ ਸੁਣ ਕੇ ਅੰਗਰੇਜ਼ ਰੁਕ ਜਾਂਦੇ।ਉਨ੍ਹਾਂ ਲਈ ਇਹ ਛੋਟੀ ਜਿਹੀ ਗੱਲ ਅਚੰਭਾ ਸੀ।ਕਈ ਝੁਕ ਕੇ ਜਸਲੀਨ ਦੇ ਪੈਰਾਂ ਵੱਲ ਝਾਕਦੇ।ਕਈ ਪਹਿਲਾਂ ਜਸਲੀਨ ਵੱਲ ਦੇਖਦੇ ਤੇ ਫੇਰ ਸਾਡੇ ਵੱਲ ਦੇਖ ਕੇ ਮੁਸਕੁਰਾਉਂਦੇ।ਅੱਧੇ ਘੰਟੇ ਬਾਅਦ ਸਟੀਮਰ ਲੱਗ ਗਿਆ ਤਾਂ ਅਸੀਂ ਉਸ ਉਪਰ ਸਵਾਰ ਹੋ ਗਏ।ਉਪਰ ਹੈਲੀਕਾਪਟਰ ਗੇੜੇ ਕਢ ਰਹੇ ਸਨ।ਹਵਾ ਵਿਚੋਂ ਹੀ ਸੁਰੱਖਿਆ ਲਈ ਚੌਕਸੀ ਰੱਖੀ ਜਾ ਰਹੀ ਸੀ।ਹੋਰ ਕੋਈ ਰੋਕਣ ਟੋਕਣ ਵਾਲਾ ਨਹੀਂ ਸੀ।ਸਟੀਮਰ ਤੁਰਿਆ ਤਾਂ ਉਸ ਵਿਚ ਸਵਾਰ ਸਾਰੇ ਯਾਤਰੀਆਂ ਦੇ ਚਿਹਰੇ ਬੁੱਤ ਵੱਲ ਘੁੰਮ ਗਏ।ਹਰ ਕੋਈ ਵੱਖੋ ਵੱਖ ਕੋਨਾਂ ਤੋਂ ਉਸ ਦੀਆਂ ਤਸਵੀਰਾਂ ਉਤਾਰ ਰਿਹਾ ਸੀ।ਕੋਈ ਫਿਲਮ ਬਣਾ ਰਿਹਾ ਸੀ।ਪੰਜ ਕੁ ਮਿੰਟ ਵਿਚ ਅਸੀਂ ਉਸ ਜਗ੍ਹਾ ਪਹੁੰਚ ਗਏ ਜਿਥੇ ਸਟੈਚੂ ਆਫ ਲਿਬਰਟੀ ਸਥਾਪਤ ਹੈ।
ਦੁਨੀਆਂ ਦੇ ਸਭ ਤੋਂ ਉੱਚੇ ਇਸ ਬੁੱਤ ਦੀ ਉਚਾਈ ਜ਼ਮੀਨ ਤੋਂ ਤਿੰਨ ਸੌ ਪੰਜ ਫੁਟ ਹੈ ਅਤੇ ਇਕੱਲੇ ਬੁੱਤ ਦੀ ਉਚਾਈ ਇਕ ਸੌ ਇਕਵੰਜਾ ਫੁਟ।ਇਹ ਸਾਰਾ ਬੁੱਤ ਤਾਂਬੇ ਦਾ ਬਣਿਆਂ ਹੋਇਆ ਹੈ ਅਤੇ ਅੰਦਰੋਂ ਸਾਰਾ ਸਟੀਲ ਦਾ ਇਸਤੇਮਾਲ ਕੀਤਾ ਗਿਆ ਹੈ।ਬੁੱਤ ਦੇ ਸੱਜੇ ਹੱਥ ਵਿਚ ਮਸ਼ਾਲ ਫੜ੍ਹੀ ਹੋਈ ਹੈ।ਇਸ ਬੁੱਤ ਦਾ ਦਿਲਚਸਪ ਪਹਿਲੂ ਇਹ ਹੈ ਕਿ ਇਹ ਬੁੱਤ ਫਰਾਂਸ ਵਿਚ ਤਿਆਰ ਹੋਇਆ ਅਤੇ ਫਰਾਂਸ ਦੀ ਸਰਕਾਰ ਨੇ ਅਮਰੀਕਾ ਨੂੰ ਇਹ ਤੋਹਫੇ ਵਜੋਂ ਦਿੱਸਤਾ ਸੀ।ਇਸ ਦੇ ਤਿੰਨ ਸੌ ਪੰਜਾਹ ਟੁਕੜਿਆਂ ਨੂੰ ਕਰੇਟਾਂ ਵਿਚ ਬੰਦ ਕਰ ਕੇ ਇਥੇ ਲਿਆਂਦਾ ਗਿਆ ਅਤੇ 1885 ਨੂੰ ਇਹ ਨਿਊਯਾਰਕ ਪਹੁੰਚਿਆ।ਇਸਨੂੰ ਸਥਾਪਤ ਕਰਨ ਲਈ ਇਕ ਤਾਰੇ ਦੀ ਸ਼ਕਲ ਦਾ ਧਰਾਤਲ ਨਿਰਮਿਤ ਕੀਤਾ ਗਿਆ ਜਿਥੇ ਇਸ ਨੂੰ ਜੋੜਿਆ ਗਿਆ।ਸੰਨ 1886 ਵਿਚ ਇਸ ਦਾ ਉਦਘਾਟਨ ਕੀਤਾ ਗਿਆ।ਇਸਦਾ ਸੌ ਸਾਲਾ ਸਥਾਪਨਾ ਦਿਵਸ ਮਨਾਉਣ ਲਈ ਅਕਤੂਬਰ 1986 ਵਿਚ ਬਹੁਤ ਵਡਾ ਸਮਾਰੋਹ ਵੀ ਕੀਤਾ ਗਿਆ ਸੀ।
ਇਸ ਬੁੱਤ ਨੂੰ ਟੀ ਵੀ ਤੇ ਬਹੁਤ ਵਾਰ ਦੇਖਿਆ ਸੀ ਪਰ ਇਸਦੀ ਵਿਸ਼ਾਲਤਾ ਦਾ ਅੰਦਾਜ਼ਾ ਇਸਨੂੰ ਦੇਖ ਕੇ ਹੀ ਲਗਾਇਆ ਜਾ ਸਕਦਾ ਹੈ।ਅਸੀਂ ਬੁੱਤ ਦੇ ਹੇਠ ਖੜ੍ਹ ਕੇ ਉਪਰ ਨੂੰ ਦੇਖਦੇ ਤਾਂ ਇਸਦੀ ਮਸ਼ਾਲ ਅਸਮਾਨ ਨੂੰ ਛੂੰਹਦੀ ਪ੍ਰਤੀਤ ਹੁੰਦੀ।ਆਸ ਪਾਸ ਪਾਣੀ ਹੀ ਪਾਣੀ ਸੀ।ਨਿਊਯਾਰਕ ਸ਼ਹਿਰ ਦੇਖਣ ਲਈ ਸਾਈਡਾਂ ਤੇ ਦੂਰਬੀਨਾਂ ਲੱਗੀਆਂ ਹੋਈਆਂ ਹਨ।ਪਾਰਕ ਦੇ ਵਿਚ ਬੈਂਚ ਲੱਗੇ ਹੋਏ ਹਨ।ਉਸ ਦਿਨ ਭੀੜ ਵੀ ਕੋਈ ਜ਼ਿਆਦਾ ਨਹੀਂ ਸੀ।ਅਸੀਂ ਬੈਂਚਾਂ ਤੇ ਬੈਠ ਕੇ ਸਮੁੰਦਰੀ ਲਹਿਰਾਂ ਦਾ ਆਨੰਦ ਲੈਣ ਲੱਗੇ।ਮੈਨੂੰ ਯਾਦ ਆਇਆ ਜਦੋਂ ਸਤਵਿੰਦਰ ਪਹਿਲੀ ਵਾਰ ਮੇਰੇ ਨਾਲ ਬੰਬਈ ਗਈ ਸੀ ਤਾਂ ਅਸੀਂ ਐਲੀਫੈਂਟਾ ਕੇਵਜ਼ ਦੇਖਣ ਗਏ।ਅਸੀਂ ਦੋਵੇਂ ਹੀ ਸਟੀਮਰ ਵਿਚ ਚੜ੍ਹਨ ਤੋਂ ਡਰ ਰਹੇ ਸੀ।ਜ਼ਿਆਦਾ ਪਾਣੀ ਤੋਂ ਮੈਨੂੰ ਹਮੇਸ਼ਾ ਹੀ ਡਰ ਲਗਦਾ ਹੈ।ਗੁਫਾਵਾਂ ਵਿਚ ਪਹੁੰਚਣ ਦਾ ਹੋਰ ਕੋਈ ਸਾਧਨ ਨਹੀਂ ਸੀ।ਇਹ ਵੀ ਪਤਾ ਸੀ ਕਿ ਰੋਜ਼ ਕਿੰਨੇ ਹੀ ਸਟੀਮਰ ਚਲਦੇ ਹਨ, ਕੁਝ ਨਹੀਂ ਹੋਣ ਲਗਿਆ ਪਰ ਫਿਰ ਵੀ ਹਿੰਮਤ ਨਹੀਂ ਸੀ ਪੈਂਦੀ।ਇਕ ਵਾਰ ਤਾਂ ਅਸੀਂ ਪਿਛੇ ਹੀ ਮੁੜ ਪਏ ਪਰ ਫਿਰ ਹਿੰਮਤ ਇਕੱਠੀ ਕੀਤੀ।ਮੈਂ ਕਿਹਾ ਕਿ ਚਲਦੇ ਹਾਂ ਦੇਖੀ ਜਾਊ ਜੋ ਹੋਇਆ, ਜੇ ਮਰੇ ਤਾਂ ਇਕੱਠੇ ਹੀ ਮਰਾਂਗੇ।ਇਸ ਗੱਲ ਨਾਲ ਸਾਨੂੰ ਹੌਸਲਾ ਹੋਇਆ ਤੇ ਅਸੀਂ ਸਟੀਮਰ ਵਿਚ ਸਵਾਰ ਹੋ ਗਏ।ਇਹ ਗੱਲ ਯਾਦ ਕਰ ਕੇ ਮੇਰੇ ਬੁਲ੍ਹਾਂ ਤੇ ਮੁਸਕੁਰਾਹਟ ਆ ਗਈ।
 

 Photo
       ਲੇਖਕ ਅਤੇ ਸਤਵਿੰਦਰ ਆਜ਼ਾਦੀ ਦੀ ਦੇਵੀ ਸਾਹਮਣੇ
 
 
ਅਸੀਂ ਉਠੇ ਤੇ ਹੌਲੀ ਹੌਲੀ ਤੁਰਦੇ ਬੁੱਤ ਦੇ ਅੰਦਰ ਪਹੁੰਚ ਗਏ।ਸਾਡੇ ਕੋਲ ਸਿਰਫ ਬੁੱਤ ਦੇ ਪੈਰਾਂ ਤਕ ਜਾਣ ਦੀਆਂ ਹੀ ਟਿਕਟਾਂ ਸਨ।ਕਰਾਊਨ ਤਕ ਜਾਣ ਲਈ ਕੇਵਲ ਪੱਚੀ ਤੀਹ ਟਿਕਟਾਂ ਹੀ ਵੇਚੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਬੁਕਿੰਗ ਛੇ ਮਹੀਨੇ ਪਹਿਲਾਂ ਹੀ ਹੋ ਜਾਂਦੀ ਹੈ।ਅਸੀਂ ਅੰਦਰ ਗਏ ਤਾਂ ਇਸ ਨੂੰ ਬਣਾਉਣ ਤੋਂ ਲੈ ਕੇ ਸਥਾਪਤ ਕਰਨ ਤਕ ਦਾ ਇਤਿਹਾਸ ਪ੍ਰਦਰਸ਼ਿਤ ਕੀਤਾ ਹੋਇਆ ਹੈ।ਇਕੱਲੀ ਇਕੱਲੀ ਚੀਜ਼ ਨੂੰ ਨਕਸ਼ੇ ਬਣਾ ਕੇ ਸਮਝਾਇਆ ਗਿਆ ਹੈ।ਅਸੀਂ ਲਿਫਟ ਰਾਹੀਂ ਬੁੱਤ ਦੇ ਪੈਰਾਂ ਤਕ
 ਪਹੁੰਚੇ।ਡੇਢ ਸੌ ਫੁਟ ਉੱਚੇ ਜਾ ਕੇ ਨਿਊਯਾਰਕ ਹੋਰ ਵੀ ਖੁਬਸੂਰਤ ਹੋ ਗਿਆ ਲਗਦਾ ਸੀ।ਹੇਠਾਂ ਦਰਿਆ ਇਉਂ ਲਗਦਾ ਸੀ ਜਿਵੇਂ ਸਾਡੇ ਪੈਰਾਂ ਵਿਚ ਵਗ ਰਿਹਾ ਹੋਵੇ।ਇਹ ਇਕ ਅਦੁੱਤੀ ਨਜ਼ਾਰਾ ਸੀ।ਸ਼ਾਮ ਨੂੰ ਪੰਜ ਵਜੇ ਪਾਰਕ ਬੰਦ ਹੋਣ ਦਾ ਸਮਾਂ ਸੀ।ਸਾਢੇ ਚਾਰ ਵੱਜ ਚੁੱਕੇ ਸਨ।ਸੱਤੀ ਸਾਨੂੰ ਪ੍ਰਵੇਸ਼ ਦਵਾਰ ਕੋਲ ਬਣੇ ਰੈਸਟੋਰੈਂਟ ਦੀਆਂ ਖਾਸ ਚੀਜ਼ਾਂ ਖਵਾਉਣਾ ਚਾਹੁੰਦਾ ਸੀ ਇਸ ਲਈ ਅਸੀਂ ਕਾਹਲੀ ਨਾਲ ਵਾਪਸ ਆ ਗਏ।ਅਸੀਂ ਰੈਸਟੋਰੈਂਟ ਦੇ ਵਿਹੜੇ ਵਿਚ ਪਈਆ ਕੁਰਸੀਆਂ ਤੇ ਬੈਠ ਗਏ ਤੇ ਸੱਤੀ ਖਾਣ ਪੀਣ ਦਾ ਸਮਾਨ ਲੈ ਆਇਆ।ਸਚਮੁਚ ਹੀ ਸਮੁੰਦਰ ਦੇ ਕਿਨਾਰੇ ਬੈਠ ਕੇ ਅਠਖੇਲੀਆਂ ਕਰਦੀਆਂ ਲਹਿਰਾਂ ਨੂੰ ਨਿਹਾਰਦਿਆਂ ਖਾਣ ਦਾ ਆਨੰਦ ਹੀ ਵਖਰਾ ਸੀ।
 Photo
 

ਸਤਿੰਦਰ ਅਤੇ ਕਮਲ ਸਟੈਚੂ ਆਫ ਲਿਬਰਟੀ ਬੁੱਤ ਉਪਰ