ਬਾਬਲ ਤੇਰਾ ਪੁੰਨ ਹੋਵੇ (ਕਹਾਣੀ)

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵੀਹ ਸਾਲ ਹੋ ਗਏ ਹਨ ਗਗਨਪ੍ਰੀਤ ਨੂੰ ਇੰਗਲੈਂਡ ਗਿਆਂ।ਗਗਨਪ੍ਰੀਤ ਯਾਨੀ ਮੇਰੀ ਵੱਡੀ ਭੈਣ।ਮੇਰੇ ਨਾਲੋਂ ਤਿੰਨ ਸਾਲ ਵੱਡੀ ਹੋਣ ਦੇ ਬਾਵਜੂਦ ਵੀ ਮੈਂ ਕਦੇ ਭੈਣ ਜਾਂ ਦੀਦੀ ਨਹੀਂ ਸੀ ਕਿਹਾ ਸਗੋਂ ਉਸਨੂੰ ਅੱਧਾ ਨਾਂ ਗੁੱਗ ਕਹਿ ਕੇ ਹੀ ਬੁਲਾਉਂਦਾ ਹਾਂ।ਅਤੇ ਉਹ ਤਿੰਨ ਸਾਲ ਛੋਟਾ ਹੋਣ ਦੇ ਬਾਵਜੂਦ ਵੀ ਮੇਰਾ ਨਾਂ ਨਹੀਂ ਲੈਂਦੀ ਸਗੋਂ ਵੀਰੇ ਕਹਿ ਕੇ ਸੱਦਦੀ ਹੈ।ਇਸ ਗੱਲ ਦਾ ਅਹਿਸਾਸ ਸ਼ਾਇਦ ਮੈਨੂੰ ਅੱਜ ਵੀ ਨਾ ਹੋਇਆ ਹੁੰਦਾ ਜੇ ਇੰਗਲੈਂਡ ਤੋਂ ਪਰਤੇ ਹਾਕਮ ਸਿੰਘ ਨੇ ਉਸਦਾ ਹਾਲ ਨਾ ਦੱਸਿਆ ਹੁੰਦਾ।ਉਸਨੇ ਗੱਲ ਹੀ ਅਜਿਹੀ ਦੱਸੀ ਸੀ ਕਿ ਮੈਂ ਆਪਣੇ ਆਪ ਨੂੰ ਹਵਾ ਵਿਚ ਲਟਕਿਆ ਮਹਿਸੂਸ ਕਰ ਰਿਹਾ ਸਾਂ।ਮੈਂ ਕਰ ਵੀ ਕੀ ਸਕਦਾ ਸੀ ਸਿਵਾਏ ਛਟਪਟਾਉਣ ਤੋਂ।ਸੋਚਾਂ ਦੀ ਡੂੰਘੀ ਜਿੱਲ੍ਹਣ ਵਿਚ ਫਸ ਗਿਆ। ਮੇਰੇ ਪਿਤਾ ਜੀ ਨੇੜਲੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਮਾਸਟਰ ਸਨ।ਦਸਦੇ ਹਨ ਕਿ ਪਿਤਾ ਜੀ ਨੇ ਬੜੀ ਮੁਸ਼ਕਿਲ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ।ਉਸ ਵੇਲੇ ਪਿੰਡ ਦਾ ਸਭ ਤੋਂ ਨੇੜੇ ਦਾ ਸਕੂਲ ਵੀ ਦਸ ਕਿਲੋਮੀਟਰ ਦੂਰ ਸੀ।ਸਾਧਨ ਕੋਈ ਹੈ ਨਹੀਂ ਸੀ ਜਿਸ ਕਾਰਣ ਉਨ੍ਹਾਂ ਨੂੰ ਪੈਦਲ ਹੀ ਇਹ ਰਸਤਾ ਤੈਅ ਕਰਨਾ ਪੈਂਦਾ।ਪਿਤਾ ਜੀ ਤਿੰਨ ਭੈਣਾਂ ਦੇ ਇਕੱਲੇ ਭਰਾ ਸਨ।ਘਰ ਦੀ ਗਰੀਬੀ ਕਾਰਣ ਖਰਚੇ ਵੱਲੋਂ ਹੱਥ ਹਮੇਸ਼ਾ ਹੀ ਤੰਗ ਰਹਿੰਦਾ।ਪੜ੍ਹਾਈ ਵਿਚ ਹੁਸ਼ਿਆਰ ਹੋਣ ਕਾਰਣ ਪਿਤਾ ਜੀ ਪੜ੍ਹਾਈ ਪੂਰੀ ਕਰ ਕੇ ਮਾਸਟਰ ਲੱਗ ਗਏ। ਤਿੰਨਾਂ ਭੈਣਾਂ ਦੇ ਵਿਆਹਾਂ ਤੋਂ ਮਗਰੋਂ ਪਿਤਾ ਜੀ ਦਾ ਵਿਆਹ ਹੋਇਆ ਤਾਂ ਮੇਰੀ ਮਾਂ ਨੂੰ ਮੇਰੀ ਦਾਦੀ ਨੇ ਦੁੱਧੀਂ ਨਹਾਉਣ ਤੇ ਪੁੱਤੀਂ ਫਲਣ ਦੀਆਂ ਅਸੀਸਾਂ ਦਿੱਤੀਆਂ।ਸਾਰਿਆਂ ਨੂੰ ਆਸ ਸੀ ਕਿ ਹੁਣ ਇਸ ਘਰ ਵਿਚ ਪੁੱਤਾਂ ਦੀ ਜੋੜੀ ਜ਼ਰੂਰ ਖੇਡੇਗੀ।ਮੇਰੀ ਭੂਆ ਨੇ ਤਾਂ ਹੋਣ ਵਾਲੇ ਮੁੰਡੇ ਦਾ ਨਾਂ ਵੀ ਪਹਿਲਾਂ ਹੀ ਚੁਣ ਲਿਆ।ਉਨ੍ਹਾਂ ਦਿਨਾਂ ਵਿਚ ਪਿੰਡ ਰਾਸ਼ਨ ਡੀਪੂ ਖੁਲ੍ਹਿਆ ਸੀ ਜਿਸਦੇ ਕਾਰਡ ਬਣ ਰਹੇ ਸਨ।ਭੂਆ ਨੇ ਹੋਣ ਵਾਲੇ ਬੱਚੇ ਦਾ ਨਾਂ ਗਗਨਪ੍ਰੀਤ ਸਿੰਘ ਲਿਖਵਾ ਦਿੱਤਾ।ਪਰ ਜਦੋਂ ਮੇਰੀ ਭੈਣ ਨੇ ਜਨਮ ਲਿਆ ਤਾਂ ਸਾਰਿਆਂ ਦੇ ਚਿਹਰੇ ਉੱਤਰ ਗਏ ਸਨ।ਕੋਈ ਵੀ ਉਸ ਨੂੰ ਜੀ ਆਇਆਂ ਕਹਿਣ ਨੂੰ ਤਿਆਰ ਨਹੀਂ ਸੀ।ਮੇਰੀਆਂ ਭੂਆ ਤਾਂ ਕਹਿੰਦੇ ਬਹੁਤ ਰੋਈਆਂ ਸਨ।ਮੇਰੇ ਪਿਤਾ ਜੀ ਵੀ ਭਾਵੇਂ ਖੁਸ਼ ਤਾਂ ਨਹੀਂ ਸਨ ਪਰ ਉਪਰੋਂ ਉਹ ਮਹਿਸੂਸ ਨਹੀਂ ਸੀ ਹੋਣ ਦਿੰਦੇ।ਮੇਰੀ ਮਾਂ ਦੇ ਹੱਥ ਵੀ ਉਸ ਦਿਨ ਗੁਰੂਆਂ ਦੀ ਫੋਟੋ ਅੱਗੇ ਜੁੜ ਗਏ ਸਨ।ਮੇਰਾ ਜਨਮ ਹੋਇਆ ਤਾਂ ਘਰ ਵਿਚ ਜਿਵੇਂ ਖੇੜਾ ਆ ਗਿਆ। ਪਹਿਲਾਂ ਤਾਂ ਕਦੇ ਮੈਂ ਮਹਿਸੂਸ ਹੀ ਨਹੀਂ ਸੀ ਕੀਤਾ ਪਰ ਅੱਜ ਮੈਨੂੰ ਆਪਣੀ ਭੈਣ ਦੀ ਸ਼ਕਲ ਬੜੀ ਹੀ ਮਾਸੂਮ ਲਗਦੀ ਹੈ। ਸਭ ਕੁਝ ਚੁਪ ਚਾਪ ਸਹਿ ਜਾਣ ਵਾਲੀ।ਮੇਰਾ ਲਾਡ ਪਿਆਰ ਨਾਲ ਸੁਭਾਅ ਕੁਝ ਅੱਖੜ ਹੋ ਗਿਆ ਸੀ।ਮੈਂ ਹਰ ਵੇਲੇ ਉਸ ਨਾਲ ਲੜਦਾ।ਵੱਡੀ ਹੋਣ ਦੇ ਬਾਵਜੂਦ ਉਸਨੂੰ ਕੁੱਟ ਦਿੰਦਾ।ਜੇ ਉਹ ਸ਼ਿਕਾਇਤ ਵੀ ਲਾਉਂਦੀ ਤਾਂ ਉਲਟਾ ਉਸਨੂੰ ਹੀ ਝਿੜਕਾਂ ਪੈਂਦੀਆਂ। ਮੇਰੀ ਮਾਂ ਆਖਦੀ,‘ਸਿਰ ਸੜੀਏ!ਕਿਉਂ ਨੀਂ ਮੁੰਡੇ ਨੂੰ ਦੇਖ ਜਰਦੀ ?ਕਿਹੜਾ ਤੇਰੇ ਪੰਜ ਸੱਤ ਭਰਾ ਐ।ਇਕੋ ਇਕ ਤਾਂ ਹੈ ਵਿਚਾਰਾ।’ ਥੋੜ੍ਹਾ ਗਰਮ ਹੋਣ ਤੋਂ ਮਗਰੋਂ ਮੇਰੀ ਮਾਂ ਦਾ ਮਨ ਜਿਵੇਂ ਪਸੀਜ ਜਾਂਦਾ।ਫਿਰ ਉਹ ਪਿਆਰ ਨਾਲ ਉਸਨੂੰ ਸਮਝਾਉਂਦੀ, ‘ਪੁੱਤ ਲੜਿਆ ਨਾ ਕਰ ਵੀਰ ਨਾਲ।ਨਹੀਂ ਤਾਂ ਇਹਨੇ ਤੇਰਾ ਸੰਧਾਰਾ ਲੈ ਕੇ ਨੀਂ ਆਇਆ ਕਰਨਾ।ਨਲੇ ਬਾਬਾ ਜੀ ਅੱਗੇ ਅਰਦਾਸ ਕਰਿਆ ਕਰ ਕਿ ਬਾਬਾ ਜੀ ਇਕ ਵੀਰ ਹੋਰ ਦਿਉ।ਨਲੇ ਇਹਨੂੰ ਵੀਰ ਕਹਿ ਕੇ ਸੱਦਿਆ ਕਰ।ਸ਼ਾਇਦ ਮਾਹਰਾਜ ਭੁੱਲ ਜਾਵੇ। ਹੋਰ ਕਿਤੇ ਸਾਡੇ ਘਰ ਪੀੜ੍ਹੀ ਤੁਰ ਪਵੇ।ਅੱਗੇ ਤੇਰਾ ਪਿਉ ’ਕੱਲਾ ਸੀ।’ ਮੇਰੀ ਮਾਂ ਦੇ ਹੱਥ ਆਪਣੇ ਆਪ ਹੀ ਜੁੜ ਜਾਂਦੇ।ਗਗਨਪ੍ਰੀਤ ਲਈ ਜਿਵੇਂ ਇਹ ਇਮਤਿਹਾਨ ਦੀ ਘੜੀ ਸੀ।ਉਹ ਖਾਲੀ ਖਾਲੀ ਅੱਖਾਂ ਨਾਲ ਮੇਰੇ ਵੱਲ ਝਾਕਦੀ।ਉਹ ਜਿਵੇਂ ਬਚਪਨ ਵਿਚ ਹੀ ਹਾਸਾ ਗਵਾ ਬੈਠੀ।ਜਦ ਵੀ ਸੋਚਦੀ ਮੇਰੇ ਬਾਰੇ ਹੀ ਸੋਚਦੀ।ਆਪਣੇ ਨਿੱਕੇ ਜਿਹੇ ਪੈਰ ਤੇ ਗਿੱਲੀ ਮਿੱਟੀ ਥੱਪਦੀ ਰਹਿੰਦੀ ਤੇ ਨਾਲ ਹੀ ਮੈਨੂੰ ਦਸਦੀ,‘ਵੀਰੇ ! ਤੇਰੇ ਲਈ ਘਰ ਬਨੌਣੀ ਆਂ।’ ਤੇ ਫੇਰ ਜਿਵੇਂ ਉਹ ਮੇਰਾ ਨਾਂ ਹੀ ਭੁੱਲ ਗਈ।ਜਦ ਵੀ ਬੁਲਾਉਂਦੀ ਵੀਰੇ ਆਖ ਕੇ ਹੀ ਬੁਲਾਉਂਦੀ। ਜਿਉਂ ਜਿਉਂ ਅਸੀਂ ਵੱਡੇ ਹੋਈ ਜਾ ਰਹੇ ਸਾਂ ਸਭ ਕੁਝ ਜਿਵੇਂ ਰਵਾਇਤੀ ਹੋਈ ਜਾ ਰਿਹਾ ਸੀ।ਅਸੀਂ ਪਿੰਡ ਦੇ ਸਕੂਲ ਹੀ ਪੜ੍ਹਾਈ ਕਰ ਰਹੇ ਸੀ।ਗਗਨਪ੍ਰੀਤ ਦਸ ਪੜ੍ਹ ਕੇ ਵਿਹਲੀ ਹੋ ਗਈ ਸੀ।ਮੇਰੀ ਭੂਆ ਉਸ ਲਈ ਇਕ ਰਿਸ਼ਤਾ ਲੈ ਕੇ ਆਈ ਸੀ ਪਰ ਪਿਤਾ ਜੀ ਨੂੰ ਉਹ ਪਸੰਦ ਨਹੀਂ ਸੀ।ਪਿਤਾ ਜੀ ਗਗਨ ਨੂੰ ਬਹੁਤ ਪਿਆਰ ਕਰਦੇ ਸਨ।ਉਹ ਚਾਹੁੰਦੇ ਸਨ ਕਿ ਗਗਨ ਕਿਸੇ ਅਮੀਰ ਘਰ ਵਿਆਹੀ ਜਾਵੇ।ਜਿਹੜੀਆਂ ਤੰਗੀਆਂ ਤੁਰਸ਼ੀਆਂ ਉਸਨੇ ਦੇਖੀਆਂ ਹਨ ਉਹ ਅੱਗੋਂ ਨਾ ਦੇਖਣੀਆਂ ਪੈਣ।ਭੈਣ ਨੇ ਘਰ ਦਾ ਸਾਰਾ ਕੰਮ ਸੰਭਾਲ ਲਿਆ ਸੀ।ਝਾੜੂ ਲਾ ਕੇ ਵਿਹਲ ਿਹੁੰਦੀ ਤਾਂ ਰੋਟੀ ਦਾ ਆਹਰ ਕਰਦੀ।ਦੋ ਮੱਝਾਂ ਸਾਂਭ ਸੰਭਾਲ ਅਤੇ ਧਾਰਾਂ ਚੋਣ ਦਾ ਕੰਮ ਵੀ ਉਸਦੀ ਜਿੰਮੇਵਾਰੀ ਬਣ ਚੁੱਕੀ ਸੀ।ਦਸ ਪੰਦਰਾਂ ਦਿਨ ਮਗਰੋਂ ਗੋਹਾ ਪੋਚਾ ਫੇਰਨਾ ਹੁੰਦਾ ਤਾਂ ਇਹ ਭਾਰ ਵੀ ਉਸਦੇ ਸਿਰ ਸੀ।ਉਹ ਕਦੇ ਵੀ ਮੱਥੇ ਵੱਟ ਨਾ ਪਾਉਂਦੀ। ਕੁਝ ਚਿਰ ਮਗਰੋਂ ਪਿਤਾ ਜੀ ਦੇ ਚਿਹਰੇ ਤੇ ਰੌਣਕ ਵਿਖਾਈ ਦੇਣ ਲੱਗੀ।ਗਗਨ ਲਈ ਇਕ ਮੁੰਡੇ ਦੀ ਦੱਸ ਪਈ ਜੋ ਇੰਗਲੈਂਡ ਰਹਿੰਦਾ ਸੀ।ਪਿਤਾ ਜੀ ਦੇ ਨਾਲ ਇਕ ਗਿਆਨੀ ਮਾਸਟਰ ਸੀ, ਹਾਕਮ ਸਿੰਘ।ਉਸਦੀ ਸਾਲੀ ਇੰਗਲੈਂਡ ਰਹਿੰਦੀ ਸੀ ਜਿਸਦੇ ਮੁੰਡੇ ਦੀ ਉਹ ਗੱਲ ਕਰ ਰਿਹਾ ਸੀ।ਕਿੰਨਾ ਚਿਰ ਪੁੱਛ ਪੁਛਾਈ ਚਲਦੀ ਰਹੀ।ਮੁੰਡਾ ਪਿਤਾ ਜੀ ਨੂੰ ਪਸੰਦ ਸੀ ਪਰ ਅੜਚਣ ਇਹ ਆ ਰਹੀ ਸੀ ਕਿ ਮੁੰਡਾ ਇਧਰ ਆਉਣ ਨੂੰ ਤਿਆਰ ਨਹੀਂ ਸੀ।ਪਿਤਾ ਜੀ ਇਹ ਰਿਸ਼ਤਾ ਛੱਡਣਾ ਨਹੀਂ ਸੀ ਚਾਹੁੰਦੇ।ਹਰ ਮਾਂ ਬਾਪ ਆਪਣੀ ਔਲਾਦ ਦਾ ਭਲਾ ਸੋਚਦਾ ਹੈ।ਪਿਤਾ ਜੀ ਦੀ ਸੋਚ ਵੀ ਇਹੀ ਸੀ ਗਗਨ ਇੰਗਲੈਂਡ ਜਾ ਕੇ ਰਾਜ ਕਰੇਗੀ।ਅਖੀਰਫੈਸਲਾ ਇਹ ਹੋਇਆ ਕਿ ਮੁੰਡੇ ਦੀ ਫੋਟੋ ਨਾਲ ਲਾਵਾਂ ਦੇ ਕੇ ਹੀ ਵਿਆਹ ਸੰਪੂਰਨ ਹੋ ਜਾਵੇਗਾ।ਇਹੀ ਸੋਚ ਕੇ ਮੁੰਡੇ ਵਾਲਿਆਂ ਨੂੰ ਹਾਂ ਕਰ ਦਿੱਤੀ ਗਈ। ਇਸ ਅਜੀਬ ਤਰ੍ਹਾਂ ਦੇ ਵਿਆਹ ਦਾ ਦਿਨ ਪੱਕਾ ਕਰ ਦਿੱਤਾ ਗਿਆ।ਵਿਆਹ ਤੋਂ ਇਕ ਦਿਨ ਪਹਿਲਾਂ ਕੁੜੀਆਂ ਗੀਤ ਗਾਉਣ ਬੈਠੀਆਂ। ਕੁੜੀਆਂ ਨੇ ਸੁਹਾਗ ਛੋਹਿਆ ‘ਦੇਵੀਂ ਵੇ ਬਾਬਲਾ ਓਸ ਘਰੇ ਜਿਥੇ ਦਰਜ਼ੀ ਸੀਵੇ ਪੱਟ,ਜਿਥੇ ਘਾੜਤ ਘੜੇ ਸੁਨਿਆਰ, ਨਿੱਤ ਲਾਵਾਂ ਹਾਰ ਸ਼ਿੰਗਾਰ, ਬਾਬਲ ਤੇਰਾ ਪੁੰਨ ਹੋਵੇ।’ ਮੇਰੀ ਨਜ਼ਰ ਕੁੜੀਆਂ ’ਚ ਘਿਰੀ ਬੈਠੀ ਭੈਣ ਤੇ ਪਈ ਤਾਂ ਉਹ ਹਮੇਸ਼ਾ ਵਾਂਗ ਹੀ ਸਹਿਜ ਅਵਸਥਾ ਵਿਚ ਬੈਠ ਿਸੀ।ਨਾ ਕੋਈ ਖੁਸ਼ੀ ਨਾ ਕੋਈ ਗਮ।ਉਸ ਦੀ ਮਾਸੂਮ ਜਿਹੀ ਸੂਰਤ ਦੇਖ ਕੇ ਮੇਰਾ ਮਨ ਭਰ ਆਇਆ।ਉਸ ਦਿਨ ਉਹ ਪਹਿਲੀ ਵਾਰ ਮੈਨੂੰ ਵਡੀ ਵਡੀ ਲੱਗੀ ਸੀ।ਅਗਲੇ ਦਿਨ ਉਸਦਾ ਵਿਆਹ ਹਰਿੰਦਰ ਸਿੰਘ ਉਰਫ਼ ਹੈਰੀ ਦੀ ਫੋਟੋ ਨਾਲ ਕਰ ਦਿੱਤਾ ਗਿਆ।ਹੈਰੀ ਦੀ ਫੋਟੋ ਨਾਲ ਹੀ ਗਗਨਪ੍ਰੀਤ ਨਾਲ ਦੇ ਪਿੰਡ ਗੁਰਦਵਾਰੇ ਮੱਥਾ ਟੇਕ ਕੇ ਫੇਰ ਘਰ ਵਾਪਸ ਆ ਗਈ ਸੀ।ਸਾਰੇ ਰਿਸ਼ਤੇਦਾਰ ਭੈਣ ਦੀ ਕਿਸਮਤ ਤੇ ਰਸ਼ਕ ਕਰ ਰਹੇ ਸਨ। ਛੇ ਮਹੀਨੇ ਬੀਤੇ ਤਾਂ ਗਗਨ ਨੂੰ ਵੀਜਾ ਮਿਲ ਗਿਆ।ਪਿਤਾ ਜੀ ਸਾਹਮਣੇ ਇਕ ਸਮੱਸਿਆ ਹੋਰ ਆਣ ਖੜ੍ਹੀ ਹੋਈ।ਜਿਹੜੇ ਥੋੜ੍ਹੇ ਬਹੁਤ ਪੈਸੇ ਸਨ ਉਹ ਗਗਨਪ੍ਰੀਤ ਦੇ ਵਿਆਹ ਤੇ ਖਰਚ ਹੌ ਚੁੱਕੇ ਸਨ।ਹੁਣ ਜਹਾਜ਼ ਦੀ ਟਿਕਟ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਗਿਆ ਸੀ।ਜਦ ਉਧਾਰ ਮੰਗਿਆਂ ਵੀ ਪ੍ਰਬੰਧ ਨਾ ਹੋਇਆ ਤਾਂ ਪਿਤਾ ਜੀ ਦਾ ਚਿਹਰਾ ਗੰਭੀਰ ਹੋ ਗਿਆ।ਅੱਜ ਉਨ੍ਹਾਂ ਨੂੰ ਆਪਣੀ ਤਨਖਾਹ ਬਹੁਤ ਥੋੜ੍ਹੀ ਮਹਿਸੂਸ ਹੋ ਰਹੀ ਸੀ।ਆਖਰ ਕਾਫੀ ਸੋਚ ਵਿਚਾਰ ਤੋਂ ਮਗਰੋਂ ਪਿਤਾ ਜੀ ਨੇ ਸੱਜਰ ਸੂਈ ਮੱਝ ਵੇਚਣ ਦਾ ਫ਼ੈਸਲਾ ਕਰ ਲਿਆ।ਮੱਝ ਦੇ ਚੰਗੇ ਪੈਸੇ ਵੱਟੇ ਗਏ ਸਨ, ਪੂਰੇ ਚਾਰ ਹਜ਼ਾਰ।ਪਿੰਡ ਦੇ ਹੀ ਇਕ ਵਿਅਕਤੀ ਜੰਗ ਸਿੰਘ ਨੇ ਐਨਾ ਮੁੱਲ ਪਾਇਆ ਸੀ।ਜੰਗ ਸਿੰਘ ਮੱਝ ਖੋਲ੍ਹਣ ਆਇਆ ਤਾਂ ਪਿਤਾ ਜੀ ਬੋਲੇ,‘ਚਾਚਾ! ਸੰਗਲ ਤਾਂ ਆਵਦਾ ਲਈ ਆਉਂਦਾ।’ ਪਿਤਾ ਜੀ ਗੱਲ ਸੁਣ ਕੇ ਜੰਗ ਸਿੰਘ ਹੱਸ ਪਿਆ‘ ਮਖ ਮਾਸਟਰਾ! ਜਦ ਮਝ ਈ ਵੇਚ ’ਤੀ ਤਾਂ ਸੰਗਲ ਹੁਣ ਤੂੰ---।’ ਉਸਨੇ ਆਪਣੀ ਗੱਲ ਅਧੂਰੀ ਹੀ ਛੱਡ ਦਿੱਤੀ।ਪਿਤਾ ਜੀ ਵੀ ਹੱਸ ਪਏ ਤੇ ਮਝ ਦਾ ਸੰਗਲ ਖੋਲ੍ਹ ਕੇ ਜੰਗ ਸਿੰਘ ਹੱਥ ਫੜਾ ਦਿੱਤਾ।ਗਗਨਪ੍ਰੀਤ ਕੰਧੋਲੀ ਕੋਲ ਖੜ੍ਹੀ ਦੇਖ ਰਹੀ ਸੀ।ਕਿੰਨੇ ਪਿਆਰ ਨਾਲ ਪਾਲੀ ਸੀ ਇਹ ਝੋਟੀ ਉਸਨੇ।ਮੈਂ ਦੇਖਿਆ ਜਿਵੇਂ ਦੋ ਹੰਝੂ ਉਸਦੀਆਂ ਅੱਖਾਂ ਦੇ ਕੋਇਆਂ ’ਚ ਅਟਕੇ ਹੋਣ।ਤੇ ਫਿਰ ਉਹ ਦਿਨ ਵੀ ਆ ਗਿਆ ਜਿਸਦੀ ਸਾਨੂੰ ਉਡੀਕ ਸੀ।ਗਗਨਪ੍ਰੀਤ ਨੂੰ ਜਹਾਜ਼ ਚੜ੍ਹਾ ਅਸੀਂ ਸੁਰਖਰੂ ਹੋ ਕੇ ਬੈਠ ਗਏ।ਮਹੀਨੇ ਕੁ ਮਗਰੋਂ ਗਗਨਪ੍ਰੀਤ ਦੀ ਚਿੱਠੀ ਆਈ ਜਿਸ ਵਿਚ ਉਸ ਨੇ ਲਿਖਿਆ ਸੀ ਕਿ ਉਹ ਬਹੁਤ ਖੁਸ਼ ਹੈ।ਉਸਨੂੰ ਵਰ ਘਰ ਚੰਗਾ ਮਿਲ ਗਿਆ ਹੈ।ਚਿੱਠੀ ਪੜ੍ਹ ਕੇ ਸਾਡੇ ਘਰ ਤੇ ਜਿਵੇਂ ਇਕ ਖੇੜਾ ਆ ਗਿਆ।ਪਿਤਾ ਜੀ ਵੀ ਖੁਸ਼ ਸਨ ਜਿਵੇਂ ਅੱਜ ਉਹ ਸਾਰਾ ਬੋਝ ਲਾਹ ਕੇ ਸੁਰਖਰੂ ਹੋ ਗਏ ਹੋਣ। ਮੈਂ ਦਸਵੀਂ ਪਾਸ ਕਰ ਲਈ ਸੀ।ਅੱਗੋਂ ਆਪਣੀ ਜ਼ਿੰਦਗੀ ਦੇ ਰਾਹਾਂ ਦੀ ਚੋਣ ਕਰਨ ਦੀ ਪਿਤਾ ਜੀ ਨੇ ਮੈਨੂੰ ਖੁੱਲ੍ਹ ਦੇ ਦਿੱਤੀ ਸੀ।ਮੈਂ ਆਰਟ ਦਾ ਕੋਰਸ ਕਰਨਾ ਚਾਹੁੰਦਾ ਸੀ ਜਿਸ ਕਾਰਣ ਉਨ੍ਹਾਂ ਮੈਨੂੰ ਚੰਡੀਗੜ੍ਹ ਦੇ ਆਰਟਸ ਕਾਲਜ ਵਿਚ ਦਾਖਲ ਕਰਵਾ ਦਿੱਤਾ ਅਤੇ ਮੈਂ ਹੋਸਟਲ ਵਿਚ ਰਿਹਾਇਸ਼ ਕਰ ਲਈ।ਮੈਂ ਜਦੋਂ ਵੀ ਪਿੰਡ ਆਉਂਦਾ ਤਾਂ ਗਗਨਪ੍ਰੀਤ ਦੀ ਚਿੱਠੀ ਆਈ ਹੁੰਦੀ।ਚਿੱਠੀ ਵਿਚ ਉਸਨੇ ਇਹੀ ਲਿਖਿਆ ਹੁੰਦਾ ਕਿ ਉਹ ਬਹੁਤ ਖੁਸ਼ ਹੈ।ਪਰ ਨਵੀਂ ਚਿੱਠੀ ਦਾ ਆਕਾਰ ਪਹਿਲਾਂ ਨਾਲੋਂ ਛੋਟਾ ਹੁੰਦਾ ਗਿਆ।ਮੈਂ ਚਿਠੀ ਵਿਚ ਉਨ੍ਹਾਂ ਨੂੰ ਇਧਰ ਆਉਣ ਬਾਰੇ ਲਿਖਦਾ ਪਰ ਉਸਨੇ ਹਮੇਸ਼ਾ ਹੀ ਕੋਈ ਨਾ ਕੋਈ ਬਹਾਨਾ ਬਣਾਇਆ ਹੁੰਦਾ।ਕਦੇ ਕੰਮ ਦਾ ਜ਼ੋਰ ਹੈ ਅਤੇ ਕਦੇ ਕਿਤੇ ਘੁੰਮਣ ਜਾ ਰਹੇ ਹਨ।ਫਿਰ ਚਿੱਠੀ ਆਉਣ ਦੀ ਵੀ ਕਾਫੀ ਉਡੀਕ ਕਰਨੀ ਪੈਂਦੀ।ਦੋ ਕੁ ਸਾਲ ਮਗਰੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਘਰ ਕੁੜੀ ਨੇ ਜਨਮ ਲਿਆ ਹੈ।ਮੇਰੀ ਮਾਂ ਦੇ ਹੱਥ ਫਿਰ ਅਰਦਾਸ ਲਈ ਜੁੜ ਗਏ‘ ਹੇ ਸੱਚੇ ਪਾਸ਼ਾਹ! ਉਸਨੂੰ ਇਕ ਲਾਲ ਬਖਸ਼’। ਆਪਣੀ ਭੈਣ ਪ੍ਰਤੀ ਮੇਰਾ ਮੋਹ ਵਧਦਾ ਜਾ ਰਿਹਾ ਸੀ।ਦਿਲ ਕਰਦਾ ਸੀ ਕਿ ਇਕ ਵਾਰ ਉਹ ਇਧਰ ਆ ਜਾਵੇ।ਉਸਦਾ ਘਰ ਵਾਲਾ ਦੇਖਣ ਦੀ ਵੀ ਇੱਛਾ ਸੀ।ਚੰਡੀਗੜ੍ਹ ਹੁੰਦਿਆਂ ਮੈਂ ਕਈ ਵਾਰ ਉਸਨੂੰ ਫੋਨ ਕਰਨ ਬਾਰੇ ਸੋਚਿਆ ਪਰ ਐਨੇ ਪੈਸੇ ਵਾਧੂ ਨਹੀਂ ਸਨ ਹੁੰਦੇ ਕਿ ਫੋਨ ਕੀਤਾ ਜਾ ਸਕੇ।ਪਰ ਇਕ ਵਾਰ ਮੈਂ ਮਨ ਵਿਚ ਧਾਰ ਕੇ ਗਿਆ ਸੀ ਕਿ ਫੋਨ ਜ਼ਰੂਰ ਕਰਨਾ ਹੈ।ਫੋਨ ਵੀ ਗਗਨ ਨੇ ਹੀ ਚੁੱਕਿਆ।ਮੈਂ ਅਜੇ ਸਿਰਫ ਹਾਲ ਚਾਲ ਹੀ ਪੁੱਛਿਆ ਸੀ ਕਿ ਉਸਨੇ ਇਹ ਕਹਿ ਕੇ ਫੋਨ ਰਖਵਾ ਦਿੱਤਾ ਕਿ ਤੇਰਾ ਬਿਲ ਬਹੁਤ ਬਣ ਜਾਵੇਗਾ। ਸਮਾਂ ਬੀਤਦਾ ਗਿਆ।ਮੈਂ ਡਿਪਲੋਮਾ ਕਰ ਕੇ ਅਖਬਾਰ ਦੇ ਦਫ਼ਤਰ ਬਤੌਰ ਆਰਟਿਸਟ ਨਿਯੁਕਤ ਹੋ ਗਿਆ।ਇਸੇ ਦੌਰਾਨ ਭੈਣ ਦੇ ਘਰ ਇਕ ਕੁੜੀ ਹੋਰ ਆ ਗਈ ਸੀ।ਪਿਤਾ ਜੀ ਹੁਣ ਮੇਰਾ ਵਿਆਹ ਕਰ ਦੇਣਾ ਚਾਹੁੰਦੇ ਸਨ।ਉਨ੍ਹਾਂ ਨੇ ਇਕ ਕੁੜੀ ਪਸੰਦ ਕਰ ਕੇ ਮੇਰੇ ਵਿਆਹ ਦਾ ਦਿਨ ਪੱਕਾ ਕਰ ਦਿੱਤਾ।ਗਗਨਪ੍ਰੀਤ ਨੂੰ ਬੜੀ ਤਾਕੀਦ ਨਾਲ ਚਿੱਠੀ ਲਿਖੀ ਕਿ ਉਹ ਵਿਆਹ ਤੇ ਜ਼ਰੂਰ ਆਉਣ ਪਰ ਉਹ ਨਾ ਆਏ।ਉਸਦੀ ਵਧਾਈ ਦੀ ਚਿੱਠੀ ਤੇ ਇਕ ਸੌ ਇਕ ਪੌਂਡ ਸ਼ਗਨ ਵਜੋਂ ਆਏ।ਸਾਰਿਆਂ ਦੇ ਮਨ ਹੀ ਭਰੇ ਹੋਏ ਸਨ।ਖੁਸ਼ੀ ਨਾਲੋਂ ਉਦਾਸੀ ਵਧੇਰੇ ਹਾਵੀ ਸੀ।ਦਿਲ ਕਰਦਾ ਸੀ ਕਿ ਉਹ ਇਧਰ ਆ ਜਾਣ ਜਾਂ ਅਸੀਂ ਉੱਡ ਕੇ ਉਧਰ ਚਲੇ ਜਾਈਏ।ਪਰ ਮਜਬੂਰੀ ਰਾਹ ਰੋਕੀ ਖੜ੍ਹੀ ਸੀ। ਵਿਆਹ ਨੂੰ ਅਜੇ ਛੇ ਮਹੀਨੇ ਹੀ ਹੋਏ ਸਨ ਕਿ ਇਕ ਹਾਦਸਾ ਵਾਪਰ ਗਿਆ।ਪਿਤਾ ਜੀ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ।ਗਗਨ ਨੂੰ ਵੀ ਤਾਰ ਦੇ ਦਿੱਤੀ ਗਈ।ਭੋਗ ਤੋਂ ਹਫਤੇ ਕੁ ਮਗਰੋਂ ਉਸਦੀ ਚਿੱਠੀ ਆਈ ਜਿਸ ਵਿਚ ਅਫ਼ਸੋਸ ਕੀਤਾ ਗਿਆ ਸੀ ਤੇ ਨਾਲ ਹੀ ਲਿਖਿਆ ਸੀ ਕਿ ਉਹ ਜਲਦੀ ਹੀ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਚਾਰ ਕੁ ਮਹੀਨੇ ਹੋਰ ਬੀਤੇ ਹੋਣਗੇ ਜਦੋਂ ਗਗਨ ਦੀ ਚਿੱਠੀ ਆਈ ਕਿ ਉਹ ਸਿਰਫ ਇਕ ਹਫਤੇ ਲਈ ਆ ਰਹੀ ਹੈ।ਚਿੱਠੀ ਪੜ੍ਹ ਕੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਕਿ ਉਹ ਇਕੱਲੀ ਕਿਉਂ ਆ ਰਹੀ ਹੈ ? ਕੀ ਉਸ ਭਲੇਮਾਣਸ ਕੋਲ ਇਕ ਹਫ਼ਤੇ ਦਾ ਸਮਾਂਵੀ ਨਹੀਂ? ਪੰਦਰਾਂ ਦਿਨਾਂ ਮਗਰੋਂ ਗਗਨ ਇਕੱਲੀ ਆਈ।ਮੈਂ ਉਸਨੂੰ ਦੇਖ ਕੇ ਹੈਰਾਨ ਹੋ ਗਿਆ।ਉਹ ਤਾਂ ਲਗਦੀ ਹੀ ਨਹੀਂ ਸੀ ਕਿ ਇੰਗਲੈਂਡ ਤੋਂ ਆਈ ਹੈ।ਜਿਸ ਤਰ੍ਹਾਂ ਇਧਰੋਂ ਗਈ ਸੀ ਉਸੇ ਤਰ੍ਹਾਂ ਸਾਦ ਮੁਰਾਦੀ ਹੁਣ ਸੀ।ਉਹ ਪਿਤਾ ਜੀ ਨੂੰ ਯਾਦ ਕਰ ਕਰ ਕੇ ਰੋਂਦੀ ਰਹੀ।ਫਿਰ ਉਹ ਆਪਣੇ ਪਰਿਵਾਰ ਬਾਰੇ ਦੱਸਣ ਲੱਗੀ।ਉਹ ਮੈਨੂੰ ਦੱਸ ਰਹੀ ਸੀ ਕਿ ਤੇਰੇ ਜੀਜਾ ਜੀ ਦਾ ਸੁਭਾਅ ਬਹੁਤ ਵਧੀਆ ਹੈ।ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦੇ ਹਨ।ਹੁਣ ਬੱਚੇ ਵੀ ਉਨ੍ਹਾਂ ਬਿਨਾਂ ਆਉਣ ਨੂੰ ਤਿਆਰ ਨਹੀਂ ਹੋਏ।ਸਾਡਾ ਵੀ ਹਰ ਵਕਤ ਫਿਕਰ ਕਰਦੇ ਹਨ ਪਰ ਕੰਮ ਬਹੁਤਾ ਹੋਣ ਕਾਰਣ ਚਿੱਠੀ ਨਹੀਂ ਲਿਖ ਸਕਦੇ।ਕਨੇਡਾ ਹੁੰਦੇ ਤਾਂ ਅਸੀਂ ਤੁਹਾਨੂੰ ਵੀ ਬੁਲਾ ਲੈਂਦੇ ਪਰ ਇੰਗਲੈਂਡ ਵਿਚ ਸੱਦ ਨਹੀਂ ਸਕਦੇ।ਉਸਦੀਆਂ ਗੱਲਾਂ ਸੁਣ ਕੇ ਸਾਡੇ ਦਿਲ ਨੂੰ ਧਰਵਾਸ ਮਿਲ ਰਿਹਾ ਸੀ।ਇਕ ਹਫਤੇ ਮਗਰੋਂ ਗਗਨ ਵਾਪਸ ਚਲੀ ਗਈ।ਉਸ ਤੋਂ ਮਗਰੋਂ ਉਸਦੀਆਂ ਇਕ ਜਾਂ ਦੋ ਚਿੱਠੀਆਂ ਆਈਆਂ ਤੇ ਫਿਰ ਚਿੱਠੀ ਆਉਣੀ ਵੀ ਬੰਦ ਹੋ ਗਈ।ਸਾਡੇ ਦਿਲ ਨੂੰ ਧਰਵਾਸ ਸੀ ਕਿ ਉਹ ਆਪਣੇ ਘਰ ਖੁਸ਼ ਹੈ। ਅੱਜ ਹਾਕਮ ਸਿੰਘ ਮਿਲਣ ਆਇਆ ਤਾਂ ਗੱਲ ਹੀ ਹੋਰ ਬਣ ਗਈ।ਹਾਕਮ ਸਿੰਘ ਵੀ ਕਿਸੇ ਤਰੀਕੇ ਨਾਲ ਇੰਗਲੈਂਡ ਚਲਾ ਗਿਆ ਸੀ।ਅਸੀਂ ਉਚੇਚ ਨਾਲ ਉਸ ਦਾ ਸਵਾਗਤ ਕਰ ਰਹੇ ਸਾਂ ਕਿਉਂਕਿ ਗਗਨ ਦਾ ਰਿਸ਼ਤਾ ਇਸੇ ਨੇ ਕਰਵਾਇਆ ਸੀ।ਅਸੀਂ ਉਨ੍ਹਾਂ ਦਾ ਹਾਲ ਪੁਛਿਆ ਤਾਂ ਉਹ ਬੋਲਿਆ,‘ਕਾਹਦਾ ਹਾਲ ?ਮੈਂ ਤਾਂ ਸ਼ਰਮ ਦਾ ਮਾਰਿਆ ਤੁਹਾਡੇ ਵੱਲ ਆਉਂਦਾ ਈ ਨਹੀਂ ਸੀ ਪਰ ਫੇਰ ਸੋਚਿਆ ਮਾਸਟਰ ਜੀ ਦਾ ਅਫ਼ਸੋਸ ਵੀ ਕਰਨਾ ਹੈ।ਨਲੇ ਭਾਈ ਤੁਸੀਂ ਵੀ ਜਿਹੜੀ ਲਾਹਨਤ ਦੇਣੀ ਹੈ ਦੇ ਦਿਉ ਆਖਰ ਗਲਤੀ ਤਾਂ ਮੈਥੋਂ ਹੀ ਹੋਈ ਜਿਸਨੇ ਬਿਨਾਂ ਸੋਚੇ ਸਮਝੇ ਮਾਸਟਰ ਜੀ ਨੂੰ ਇਕ ਫੋਟੋ ਨਾਲ ਵਿਆਹ ਕਰਨ ਨੂੰ ਮਜ਼ਬੂਰ ਕੀਤਾ।’ ਹਾਕਮ ਸਿੰਘ ਦੀ ਗੱਲ ਸਾਨੂੰ ਕੁਝ ਸਮਝ ਨਾ ਆਈ। ‘ਭਾਈ ਸਾਹਬ!ਕਿਹੜੀ ਗਲਤੀ ? ਤੁਸੀਂ ਤਾਂ ਪੁੰਨ ਕੀਤਾ ਜਿਹੜਾ ਐਹੋ ਜਿਹਾ ਸਾਕ ਕਰਵਾਇਆ।’ ਮੇਰੀ ਮਾਂ ਨੇ ਉੱਤਰ ਦਿੱਤਾ। ‘ਕਾਹਨੂੰ ਭੈਣ ! ਤੁਹਾਡੀ ਕੁੜੀ ਨੇ ਤਾਂ ਮੈਨੂੰ ਵੀ ਮਨ੍ਹਾਂ ਕੀਤਾ ਸੀ ਬਈ ਦੱਸਾਂ ਨਾ ਪਰ ਮੈਥੋਂ ਨਹੀਂ ਰਿਹਾ ਗਿਆ।ਤੁਹਾਡੀ ਕੁੜੀ ਐ ਕੋਈ, ਗਊ ਐ ਗਊ। ਓਸ ਪਾਪੀ ਨੇ ਕਦਰ ਨੀਂ ਪਾਈ ।ਮੈਥੋਂ ਉਸਦਾ ਦੁੱਖ ਦੇਖਿਆ ਨੀਂ ਜਾਂਦਾ।’ ਹਾਕਮ ਸਿੰਘ ਜਿਵੇਂ ਨਮੋਸ਼ੀ ਨਾਲ ਮਰਿਆ ਜਾ ਰਿਹਾ ਸੀ। ‘ਪਰ ਗੱਲ ਤਾਂ ਦੱਸੋ ਵਿਚੋਂ ਕੀ ਐ ?’ ਮੇਰੀ ਮਾਂ ਨੇ ਚਿੰਤਾਤੁਰ ਹੋ ਕੇ ਪੁਛਿਆ। ‘ਓਸ ਪਾਪੀ ਨੇ ਤਿੰਨ ਸਾਲ ਮਗਰੋਂ ਈ ਤਲਾਕ ਦੇ ਦਿੱਤਾ ਸੀ।ਪਤਾ ਨੀਂ ਵਚਾਰੀ ਨੇ ਕਿੰਨੀ ਔਖੀ ਹੋ ਕੇ ਕੁੜੀਆਂ ਪਾਲੀਐਂ। ਆਂਹਦੀ ਸੀ ਮੇਰੇ ਮਾਂ ਬਾਪ ਨੂੰ ਪਤਾ ਲੱਗ ਗਿਆ ਤਾਂ ਹੌਕੇ ਨਾਲ ਈ ਮਰ ਜਾਣਗੇ।’ ਇਸ ਤੋਂ ਅੱਗੋਂ ਹਾਕਮ ਸਿੰਘ ਨੇ ਕੀ ਕਿਹਾ ਮੈਨੂੰ ਨਹੀਂ ਪਤਾ।ਮੇਰੇ ਸਿਰ ਨੂੰ ਘੁੰਮੇਰ ਆ ਗਈ।ਦਿਲ ਕਰਦਾ ਸੀ ਉਡ ਕੇ ਭੈਣ ਕੋਲ ਪਹੁੰਚ ਜਾਵਾਂ, ਪਰ ਜਾ ਨਹੀਂ ਸੀ ਸਕਦਾ।ਇਕ ਅਚਵੀ ਜਿਹੀ ਨਾਲ ਇਧਰੋਂ ਉਧਰ ਘੁੰਮ ਰਿਹਾ ਸੀ।ਕੀ ਕਰਾਂ ਤੇ ਕੀ ਨਾ ਕਰਾਂ ਕੁਝ ਸਮਝ ਨਹੀਂ ਸੀ ਲੱਗ ਰਹੀ।ਹਾਂ ਮੈਂ ਉਸਨੂੰ ਇਕ ਫੋਨ ਤਾਂ ਕਰ ਸਕਦਾ ਹਾਂ।ਇਹ ਸੋਚ ਆਉਂਦਿਆਂ ਹੀ ਮੈਂ ਨਾਲ ਦੇ ਸ਼ਹਿਰ ਵੱਲ ਚੱਲ ਪਿਆ।ਪੀ.ਸੀ.ਓ. ਤੋਂਨੰਬਰ ਮਿਲਾਇਆ ਤਾਂ ਫੋਨ ਗਗਨ ਨੇ ਹੀ ਚੁੱਕਿਆ।ਮੇਰੀ ਆਵਾਜ਼ ਪਹਿਚਾਨਦਿਆਂ ਹੀ ਉਹ ਬੋਲੀ,‘ਹਾਂ ਵੀਰੇ ! ਕੀ ਗੱਲ ਐ ?’ ‘ਗੁੱਗ ! ਤੂੰ ਆਪਣਾ ਹਾਲ ਦੱਸ ਕਿੱਦੈਂ ?’ ‘ਮੇਰਾ ਹਾਲ ਵਧੀਐ।ਮੈਂ ਇਥੇ ਬਹੁਤ ਖੁਸ਼ ਆਂ ।’ ‘ ਮੇਰੀ ਸਹੁੰ ਖਾ ਕੇ ਆਖ।ਸਾਨੂੰ ਹਾਕਮ ਸਿੰਘ ਨੇ ਸਾਰਾ ਕੁਝ ਦੱਸ ਦਿੱਤੈ।’ ਮੇਰੀ ਗੱਲ ਸੁਣ ਕੇ ਕੁਝ ਦੇਰ ਉਹ ਚੁੱਪ ਰਹੀ।ਇਕ ਹਉਕਾ ਜਿਵੇਂ ਹਵਾ ਵਿਚ ਤੈਰਦਾ ਮੇਰੇ ਵੱਲ ਅਇਆ।‘ਵੀਰੇ ! ਜੋ ਹੋਣਾ ਸੀ ਹੋ ਗਿਆ। ਮਾਂ ਨੂੰ ਦਿਲਾਸਾ ਦੇਵੀਂ।’ ‘ ਤੂੰ ਤਾਂ ਹੱਥ ਜੋੜਿਆ ਕਰਦੀ ਸੀ ਰੱਬਾ ਇਕ ਵੀਰ ਹੋਰ ਦੇ।ਜੇ ਤੇਰੇ ਹੋਰ ਵੀਰ ਹੁੰਦੇ ਤਾਂ ਵੀ ਕੀ ਕਰ ਲੈਂਦੇ ?’ ਮੈਥੋਂ ਹੋਰ ਬੋਲਿਆ ਨਾ ਗਿਆ।ਮੈਨੂੰ ਉਹ ਦਿਨ ਯਾਦ ਆਇਆ ਜਿਸ ਦਿਨ ਪਿਤਾ ਜੀ ਨੇ ਮੱਝ ਵੇਚੀ ਸੀ।ਮੈਨੂੰ ਦਿਸਿਆ ਜਿਵੇਂ ਪਿਤਾ ਜੀ ਨੇ ਮੱਝ ਦੀ ਥਾਂ ਸੰਗਲ ਗਗਨ ਦੇ ਗਲ ਵਿਚ ਪਾਇਆ ਹੋਵੇ ਤੇ ਉਹ ਹਰਿੰਦਰ ਨੂੰ ਫੜਾ ਰਹੇ ਹੋਣ।ਮੈਂ ਰੋ ਰਿਹਾ ਸਾਂ।ਫੋਨ ਵਿਚੋਂ ਅਜੇ ਵੀ ਆਵਾਜ਼ ਆ ਰਹੀ ਸੀ ਪਰ ਸਮਝ ਨਹੀਂ ਸੀ ਲਗਦੀ ਕਿ ਉਹ ਕੀ ਬੋਲ ਰਹੀ ਹੈ । ਇਕੋ ਆਵਾਜ਼ ਗੂੰਜ ਕੇ ਦਿਮਾਗ ਨੂੰ ਚੜ੍ਹ ਰਹੀ ਸੀ ‘ਮੈਂ ਖੁਸ਼ ਹਾਂ----ਤੁਹਾਡੇ ਲਈ।’