ਸਾਰੇ ਪਿੰਡਾਂ ਵਿਚੋਂ ਸੁਹਣਾ,
ਮੇਰੇ ਮੂਨਕਾਂ ਦਾ ਨਾਂ।
ਜਿੱਥੇ ਤੜਕੇ ਬਨੇਰਿਆਂ ਤੇ
ਬੋਲਦੇ ਨੇ ਕਾਂ।
ਜਿੱਥੇ ਗਲੀਆਂ ਨੇ ਤੰਗ,
ਪਰ ਖੇਤ ਖੁੱਲ੍ਹੇ-ਡੁਲ੍ਹੇ।
ਤਨ-ਮਨ ਉੱਠੇ ਮਹਿਕ,
ਆਉਣ ਹਵਾ ਦੇ ਜਾਂ ਬੁਲ੍ਹੇ।
ਜਿੱਥੇ ਮਾਪਿਆਂ ਦੀ ਬੋਹੜਾਂ
ਜਿਹੀ ਠੰਢੀ-ਠੰਢੀ ਛਾਂ।
ਮੱਝਾਂ ਪੰਜ ਕਲਿਆਣੀਆਂ,
ਤੇ ਕਪਲਾ ਨੇ ਗਾਈਆਂ।
ਪਾੳਣ ਚਾਟੀ ‘ਚ ਮਧਾਣੀ,
ਹੀਰ ਜਿਹੀਆਂ ਭਰਜਾਈਆਂ।
ਜਿੱਥੇ ਖ਼ਾਬਾਂ ਵਿਚ ਜਾ ਕੇ,
ਮੈਂ ਵੀ ਕਾੜ੍ਹਨੀ ਧਰਾਂ।
ਜਿੱਥੇ ਖੇਤਾਂ ਵਿਚ ਫ਼ਸਲਾਂ ਨੇ,
ਲੈਂਦੀਆਂ ਹੁਲਾਰੇ।
ਜਿੱਥੇ ਗਿਣਦੇ ਨੇ ਬੱਚੇ,
ਰਾਤੀਂ ਖਿੱਤੀਆਂ ਤੇ ਤਾਰੇ।
ਚੁੱਕ ਗੋਦੀ ਵਿਚ ਬਾਤਾਂ ਹੈ,
ਸੁਣਾਵੇ ਦਾਦੀ ਮਾਂ।
ਛੇਵੇਂ ਗੁਰੂ ਸੀ ਪਧਾਰੇ ,
ਜਿੱਥੇ ‘ਟਾਹਲੀ ਸਾਹਿਬ’ ਹੁਣ।
ਕਰਨ ਸੰਗਤਾਂ ਦੀਦਾਰੇ
ਗਾਉਣ ਗੁਰੂ ਜੀ ਦੇ ਗੁਣ
ਲੱਗੇ ਮੱਸਿਆ ਦਾ ਮੇਲਾ
ਤੇ ਲੰਗਰ ਥਾਂ-ਥਾਂ ।
ਸਾਰੇ ਧਰਮਾਂ ਦਾ ਹੁੰਦਾ ,
ਜਿੱਥੇ ਪੂਰਾ ਸਤਿਕਾਰ।
ਦੇਗ ਚੜ੍ਹਦੀ ਹੈ ਖੇੜੇ,
ਜਿੱਥੇ ਹਰ ਐੇਤਵਾਰ।
ਜਿੱਥੇ ਦੂਰ ਬੈਠੀ ਨਿੱਤ ,
ਮੈਂ ਵੀ ਸਜਦਾ ਕਰਾਂ।
ਮੇਰੇ ਪਿੰਡ ਪੈਦਾ ਕੀਤੇ,
ਜੱਜ, ਡਾਕਟਰ, ਲਿਖਾਰੀ।
ਸੂਝਵਾਨ ਅਧਿਆਪਕ,
ਉੱਘੇ ਜੱਗ ਦੇ ਖਿਡਾਰੀ ।
ਵਧੇ-ਫ਼ੁੱਲੇ! ਘੁੱਗ ਵਸੇ!
ਸੁੱਖਾਂ ਮੰਗਦੀ ਰਹਾਂ