ਮੇਰੀ ਤਾਂ ਰੂਹ ਸੀ, ਤੇਰਾ ਬਦਨ ਸੀ ਸ਼ਾਇਦ।
ਦੋਹਾਂ ’ਚੋਂ ਇਕ ਤਾਂ ਪੂਰਾ ਨਗਨ ਸੀ ਸ਼ਾਇਦ।
ਹੁੰਦੀਆਂ ਰਹੀਆਂ ਸਰਗੋਸ਼ੀਆਂ ਰਾਤ ਭਰ,
ਹੋਂਠ ਤੇਰੇ ਸਨ, ਮੇਰਾ ਕੰਨ ਸੀ ਸ਼ਾਇਦ।
ਤੂੰ ਫੈਲ ਕੇ ਕਾਇਨਾਤ ਬਣ ਜਾਂਦੋਂ,
ਮੇਰੀ ਤਾਂ ਏਨੀ ਹੀ ਲਗਨ ਸੀ ਸ਼ਾਇਦ।
ਗੱਲ ਤੋੜਦਾ, ਮਰੋੜਦਾ ਤੇ ਪੇਸ਼ ਕਰ ਦਿੰਦਾ,
ਮੈਨੂੰ ਆਉਂਦਾ ਨਹੀਂ ਇਹ ਫ਼ਨ ਸੀ ਸ਼ਾਇਦ।
ਤੂੰ ਨਾ ਆਇਆ, ਰਿਹਾ ਨਾ ਪਰਤਿਆ,
ਤੇਰਾ ਨਾ ਮਿਲਣਾ ਵੀ ਤਾਂ ਸ਼ਗਨ ਸੀ ਸ਼ਾਇਦ।
ਮਿਲ ਵੀ ਲੈਂਦੇ ਜਗ੍ਹਾ ਹੀ ਸਾਉੜੀ ਸੀ,
ਰਤਾ ਕੁ ਧਰਤੀ, ਰਤਾ ਗਗਨ ਸੀ ਸ਼ਾਇਦ।
ਦਿਲ ਦੇ ਵਿਹੜੇ ਵੀਰਾਨੀਆਂ ਖੇਡਣ,
ਇੱਥੇ ਉੱਤਰੀ ਗ਼ਮਾਂ ਦੀ ਜੰਨ ਸੀ ਸ਼ਾਇਦ।
‘ਬਖ਼ਸ਼’ ਏਨਾ ਕਦੇ ਨਹੀਂ ਰੋਇਆ ਸੀ,
ਟੁੱਟ ਗਿਆ ਸਬਰ ਦਾ ਬੰਨ੍ਹ ਸੀ ਸ਼ਾਇਦ।