ਇਹ ਕਿਤਿਓਂ ਨੀਂ ਰਸ-ਭਿੰਨੜੀ ਹੈ ਪੌਣ ਵਗੇਂਦੀ ਆ ਰਹੀ..
ਮੈਂ ਸੁਣਿਆ ਓਹਲੇ ਟਿਲਿਓਂ ਕੋਈ ਜੋਬਨਵੰਤੀ ਗਾ ਰਹੀ..
ਕੋਈ ਜੋਬਨਵੰਤੀ ਗਾ ਰਹੀ ਤੇ ਪੌਣਾਂ ਨੂੰ ਮਹਿਕਾ ਰਹੀ..
ਓਹ ਨਾਲ ਫਸਾਦੀ-ਅੱਖੀਆਂ ਪਈ ਡਾਢੇ ਬਾਣ ਚਲਾ ਰਹੀ...
ਅੱਗਾਂ ਨੂੰ ਅੱਗ ਲਗਾ ਰਹੀ ਮਸਕੀਨਾਂ ਤਾਈਂ ਰਵਾ ਰਹੀ ..
ਓਹਦੇ ਨੈਣਾਂ ਵਿੱਚ ਬਸੰਤਰਾ ਹੈ ਬੈਠਾ ਮਾਰ ਪਲਾਥੀਆਂ..
ਸਾਹ ਓਹਦੇ ਪਏ ਧੁਖਦੇ ਨੇ ਜੀਕਣ ਗਿੱਲੀਆਂ ਪਾਥੀਆਂ..
ਓਹ ਆਪਨੇ ਹੱਥੀਂ ਆਪ ਨੂੰ ਹੈ ਅੱਗ ਨਾਰੰਗੀ ਲਾ ਰਹੀ..
ਮੈਂ ਸੁਣਿਆ ਓਹਲੇ ਟਿਲਿਓਂ ਕੋਈ ਜੋਬਨਵੰਤੀ ਗਾ ਰਹੀ..
ਮੈਂ ਨੇੜੇ ਜਾ ਕੇ ਤੱਕਿਆ ਓਹ ਉੱਚੀ-ਉੱਚੀ ਗਾ ਰਹੀ..
ਅੰਬਰ ਨੂੰ ਬਾਵਾਂ ਚੁੱਕੀਆਂ ਜਿਓਂ ਮੌਲਾ ਤਾਈਂ ਸੁਣਾ ਰਹੀ..
ਹੱਸਦਿਆਂ ਧਾਹਾਂ ਮਾਰੀਆਂ ਓਹ ਰੋਂਦਿਆਂ ਨੂੰ ਵਰਚਾ ਰਹੀ..
ਪੱਤ-ਪੱਤ ਪਥਰਾ ਗਿਆ ਤੇ ਸਿਲ-ਪੱਥਰ ਪਿਘਲਾ ਰਹੀ
ਓਹ ਸਰਸਵਤੀ ਦੀ ਚੇਲੜੀ ਓਹ ਜਾਪੇ ਗੂੜ੍ਹ-ਗੁਮੰਤਰੀ..
ਇੱਕਤਾਰਾ ਫੜ ਕੇ ਗਾਂਵਦੀ ਨਾ ਓਹਦੇ ਜੇਡ ਵਜੰਤਰੀ..
ਫਿਰ ਅੰਬਰੋਂ ਕੂੰਜਾਂ ਲੱਥੀਆਂ ਚੁੱਪ-ਚਾਪ ਰਤਾ ਨਾ ਬੋਲੀਆਂ
ਬੋਲਾਂ ਨੂੰ ਚੁੰਝੀਂ ਰੱਖ ਕੇ ਉੱਡ ਗਈਆਂ ਬੰਨ੍ਹ-ਬੰਨ੍ਹ ਟੋਲੀਆਂ..
ਸੁਣ ਪੱਛੇ ਦਿਲ ਦੀ ਵੇਦਨਾ ਰੱਬ ਰੋਣ-ਬਹਾਨਾ ਭਾਲਿਆ
ਕਾਲਾ ਘਣੀਅਰ ਮੇਘਲਾ ਔਹ ਛਿਪਦੇ ਵੱਲੋਂ ਆ ਗਿਆ..
ਕਰ ਅੱਖਾਂ ਘੋਰ-ਘੁਰਾਖੀਆਂ ਉਸ ਮੇਰੇ ਵੱਲੇ ਤੱਕਿਆ ਤੇ
ਮੈਨੂੰ ਮਾਰਨ ਆ ਗਈ ਮੈਂ ਜਾਨ ਬਚਾਕੇ ਭੱਜਿਆ....
ਓਹ ਸੋਚੇ ਮੈਂ ਵੀ ਅੰਗ ਹਾਂ ਉਸ ਭੈੜੇ ਜਿਹੇ ਸਮਾਜ ਦਾ..
ਉਸ ਭੈੜੇ ਜਿਹੇ ਸਮਾਜ ਦਾ ਜੋ ਰਤਾ ਨਾ ਓਹਨੂੰ ਭਾਂਵਦਾ..
ਫੱਕਰਾਂ ਵਾਲੇ ਦੇਸ ਦੇ ਅੰਦਰ ਮੈਂ ਨਾ ਓਹਨੂੰ ਭਾਂਵਦਾ..
ਮੈਂ ਟਿੱਲੇ ਉੱਤੇ ਚੜ੍ਹ ਗਿਆ ਸੀ ਓਹਦੇ ਕੋਲੋਂ ਨੱਸਿਆ
ਸੀ ਉਥੇ ਬੈਠਾ ਜੋਗੜਾ ਤੱਕ ਨਿਮ੍ਹਾ-ਨਿਮ੍ਹਾ ਹੱਸਿਆ
ਨਿਮ੍ਹਾ-ਨਿਮ੍ਹਾ ਹੱਸਿਆ ਤੇ ਮੈਨੂੰ ਇਹ ਕੁਝ ਦੱਸਿਆ......
ਵੱਸਦੇ ਘਰ ਦੀਆਂ ਕੰਧਾਂ ਨੇ ਓਹ ਲੁੱਟੀ 'ਦਾਨਸ਼ਮੰਦਾਂ' ਨੇ
'ਤਹਿਜ਼ੀਬ' ਚ ਬੱਝੇ ਲੋਕਾਂ ਨੇ ਜਾਂ ਲਹੂ ਪੀਣੀਆਂ ਜੋਕਾਂ ਨੇ
ਓਹਦੀ ਰੱਤ ਕਲੇਜੇ ਵਾਲੜੀ ਕਰ ਫੂਹੀ-ਫੂਹੀ ਚੋ ਲਈ
ਓਹ ਭਾਗ-ਭਰੀ ਕਰਮਾਂਵਾਲੀ ਤੇ ਫੇਰ ਅਭਾਗਣ ਹੋ ਗਈ..
ਓਹਨੇ ਲਾਹ ਕੇ ਸਾਲੂ ਰੱਤੜਾ ਤੇ ਭਗਵਾਂ ਚੋਲਾ ਪਾ ਲਿਆ
ਵੈਰਾਗਣ ਰੂਪ ਹੰਢਾ ਲਿਆ...ਵੈਰਾਗਣ ਰੂਪ ਹੰਢਾ ਲਿਆ...
ਓਹ ਕਾਹਦੀ ਸੀ ਬੰਨੜੀ..ਮਹਿੰਦੀ ਨਾ ਤਲੀਆਂ ਭੁੱਜੀਆਂ
ਓਹ ਕਾਹਦੀ ਸੀ ਬੰਨੜੀ..ਮਹਿੰਦੀ ਨਾ ਤਲੀਆਂ ਭੁੱਜੀਆਂ
ਮਖਮਲ ਵਰਗੀਆਂ ਅੱਡੀਆਂ ਨੂੰ ਕੂਚ-ਕੂਚ ਸੀ ਪਾਂਵਦੀ
ਝਾਂਜਰ ਸੀ ਛਣਕਾਂਵਦੀ ਤੇ ਫਿਰਦੀ ਪੈਲਾਂ ਪਾਂਵਦੀ....
ਹੁਣ ਤਾਂ ਓਹਨਾਂ ਅੱਡੀਆਂ 'ਤੇ ਵੇਖ ਬਿਆਈਆਂ ਪੈ ਗਈਆਂ
ਅੱਡੀਆਂ 'ਚੋਂ ਰਿੱਸੇ ਬਿਰਹੜਾ ਬੱਸ ਬਿਰਹੜਾ ਤੇ ਬਿਰਹੜਾ...
ਖਾ ਲਈ ਕੋਮਲ ਜਿੰਦੜੀ ਮਰਜਾਵਣੀ ਓਹ ਤੱਤੜੀ ਨੀਂ ਤੱਤੜੀ
ਲੋਕਾਂ ਭਾਣੇ ਤੱਤੜੀ ਸੀ ਫੱਕੜੀ ਓਹ ਫੱਕੜੀ ਨੀਂ ਫੱਕੜੀ...
ਸੁਣ ਕਹਾਣੀ ਓਸਦੀ ਇੱਕ ਹੰਝ ਸਲੂਣਾ ਡਿੱਗਿਆ...
ਹੰਝ ਕੱਕਾ-ਰੇਤਾ ਚੁੰਮਿਆ ਇੱਕ ਵਾ-ਵਰੋਲਾ ਘੁੰਮਿਆ...
ਰੇਤੇ ਨੇ ਗਾਇਆ ਮਰਸੀਆ ਓਹਦੇ ਚਾਵਾਂ ਵਾਲਾ ਮਰਸੀਆ...!!!!!
ਕਹਿੰਦੇ ਓਹਨੇ ਫੂਕ ਸੁੱਟੇ ਸੀ ਚਰਖੇ,ਦਰੀਆਂ,ਖੇਸ..
ਆ ਗਿਆ ਨੀ ਆ ਗਿਆ ਫੱਕਰਾਂ ਵਾਲਾ ਦੇਸ..
ਔਹ ਟਿੱਲੇ ਦੋ ਬੰਦੇ ਬੈਠੇ ਪਾ ਕੇ ਝ੍ਗਲਾ ਵੇਸ..
ਆ ਗਿਆ ਨੀ ਆ ਗਿਆ ਫੱਕਰਾਂ ਵਾਲਾ ਦੇਸ....