ਇੱਕ ਮਾਰਗ ਦਿੱਤਾ ਚੱਲਣ ਲਈ,
ਉਸ ਮਾਰਗ ਤੋਂ ਹਾਂ ਡੋਲ ਗਏ,
ਸਾਡਾ ਸਾਥ ਕੀ ਦੇਣਾ ਗੈਰਾਂ ਨੇ,
ਸਾਨੂੰ ਆਪਣੇ ਹੀ ਹਨ ਰੋਲ ਗਏ ।
ਇਹ ਮਾਰਗ ਬੜਾ ਲੰਮੇਰਾ ਹੈ,
ਬੜਾ ਸਾਥ ਜ਼ਰੂਰੀ ਤੇਰਾ ਹੈ,
ਇਹ ਮਾਰਗ ਹੀ ਬਸ ਗਹਿਰਾ ਹੈ,
aਬਾਕੀ ਸਭ ਰਸਤੇ ਨੇ ਟ੍ਹੋਲ ਲਏ।
ਇਸ ਮਾਰਗ ‘ਤੇ ਚੱਲਣਾ ਕਠਿਨ ਬੜਾ,
ਪਰ ਅਜੇ ਹਾਂ ਸਿਰਫ਼ ਹੋਇਆ ਖੜਾ,
ਇਸ ਮਾਰਗ ‘ਤੇ ਕਿੱਦਾਂ ਪੈਰ ਧਰਾਂ,
ਹੁਣ ਖ਼ੂਨ ਲੋਕਾਂ ਦੇ ਖੋਲ ਗਏ।
ਇਹ ਮਾਰਗ ਹੈ ਜਿ਼ੰਦਾਦਿਲਾਂ ਲਈ,
ਸੂਰਬੀਰਾਂ ਲਈ ਮਸਤ-ਫ਼ਕੀਰਾਂ ਲਈ,
ਇਸ ਮਾਰਗ ਨੂੰ ਓਹੀ ਸਰ ਕਰਦੇ,
ਜੋ ਆਪਣੇ-ਆਪ ਦੇ ਕੋਲ ਗਏ।
ਇਸ ਮਾਰਗ ਦਾ ਨਾਂ ਧਰਮ ਹੈ,
ਇਸ ‘ਤੇ ਚੱਲਣਾ ਹੀ ਸੱਚਾ ਕਰਮ ਹੈ,
ਗੁਣਹੀਣ ਵੀ ਇੱਕ ਦਿਨ ਪਰਮ ਹੈ,
ਇਸ ਦੇ ਪਾਂਧੀ ਇਹੋ ਬੋਲ ਗਏ।