ਸਤਲੁਜ ਤੋਂ ਨਿਆਗਰਾ ਤੱਕ - ਭਾਗ 2 (ਸਫ਼ਰਨਾਮਾ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ



ਨਵੀਂ ਧਰਤੀ
 
ਹਵਾਈ ਅੱਡੇ ਦੇ ਬਾਹਰ ਨਿਕਲੇ ਤਾਂ ਸੱਤੀ ਕਮਲ ਅਤੇ ਜਸਲੀਨ ਸਾਨੂੰ ਉਡੀਕ ਰਹੇ ਸਨ।ਜਹਾਜ਼ ਬਿਲਕੁਲ ਸਹੀ ਸਮੇਂ ਤੇ ਪਹੁੰਚ ਗਿਆ ਸੀ।ਸਵਾ ਸਾਲ ਦੀ ਜਸਲੀਨ ਸਾਨੂੰ ਦੇਖ ਕੇ ਮੁਸਕੁਰਾ ਪਈ।ਸਾਨੂੰ ਲਗਦਾ ਸੀ ਕਿ ਪਹਿਲੀ ਵਾਰ ਮਿਲਣ ਵੇਲੇ ੳਪਰਾ ਕਰੇਗੀ ਪਰ ਸ਼ਾਇਦ ਨੈੱਟ ਤੇ ਰੋਜ਼ ਦੇਖਦੇ ਰਹਿਣ ਕਾਰਣ ਉਸਨੂੰ ਅਸੀਂ ੳਪਰੇ ਨਹੀਂ ਸੀ ਲੱਗ ਰਹੇ।ਇਕ ਫੁੱਲਾਂ ਦਾ ਗੁਲਦਸਤਾ ਉਨ੍ਹਾਂ ਨੇ ਜਸਲੀਨ ਦੇ ਹੱਥਾਂ ਵਿਚ ਫੜਾਇਆ ਹੋਇਆ ਸੀ।ਮੇਲ ਮਿਲਾਪ ਤੋਂ ਮਗਰੋਂ ਸੱਤੀ ਫੋਟੋਗਰਾਫੀ ਕਰਨ ਲੱਗ ਪਿਆ।ਜਸਲੀਨ ਸਾਡੇ ਨਾਲ ਘੁਲ ਮਿਲ ਗਈ।ਸੱਤੀ ਚਾਹੁੰਦਾ ਸੀ ਕਿ ਅਸੀਂ ਕੁਝ ਖਾ ਪੀ ਲਈਏ ਪਰ ਸਾਨੂੰ ਬਿਲਕੁਲ ਵੀ ਭੁੱਖ ਨਹੀਂ ਸੀ।ਸੱਤੀ ਨੇ ਅਜੇ ਕੁਝ ਦਿਨ ਪਹਿਲਾਂ ਹੀ ਵਡੀ ਗਡੀ ਲਈ ਸੀ ਜਿਸ ਵਿਚ ਉਹ ਸਾਨੂੰ ਲੈਣ ਆਏ ਸਨ।ਬਾਹਰ ਨਿਕਲੇ ਤਾਂ ਕਿਣਮਿਣ ਹੋ ਰਹੀ ਸੀ।ਇਕ ਦਮ ਠੰਡੀ ਹਵਾ ਸਰੀਰ ਨਾਲ ਟਕਰਾਈ । ਸੱਤੀ ਨੇ ਦਸਿਆ ਕਿ ਤਾਪਮਾਨ ਦੋ ਡਿਗਰੀ ਹੈ।ਮਾਰਚ ਦੇ ਮਹੀਨੇ ਪੰਜਾਬ ਵਿਚ ਜ਼ਿਆਦਾ ਠੰਡ ਨਹੀਂ ਹੁੰਦੀ।ਜਦੋਂ ਅਸੀਂ ਲੁਧਿਆਣੇ ਤੋਂ ਚੱਲੇ ਸੀ ਤਾਂ ਮੌਸਮ ਗਰਮ ਸੀ।
ਅਸੀਂ ਦਿੱਲੀ ਤੋਂ ਬਾਰਾਂ ਮਾਰਚ ਨੂੰ ਚੱਲੇ ਸੀ ਤੇ ਬਾਰਾਂ ਮਾਰਚ ਦੀ ਰਾਤ ਦੇ ਦਸ ਵਜੇ ਨਿਊਯਾਰਕ ਪਹੁੰਚ ਗਏ।ਉਥੋਂ ਦਾ ਸਮਾਂ ਸਾਢੇ ਨੌਂ ਘੰਟੇ ਪਿਛੇ ਹੈ।ਕਾਰ ਵਿਚ ਪੂਰਾ ਨਿਘ ਸੀ।ਅਸੀਂ ਘਰ ਵੱਲ ਤੁਰੇ ਤਾਂ ਮੀਂਹ ਤੇਜ਼ ਹੋ ਗਿਆ।ਪੂਰਾ ਨਿਊਯਾਰਕ ਰੋਸ਼ਨੀਆਂ ਵਿਚ ਨਹਾਤਾ ਨਜ਼ਰ ਆ ਰਿਹਾ ਸੀ।ਰਾਤ ਨੂੰ ਸਿਵਾਏ ਰੋਸ਼ਨੀਆਂ ਤੋਂ ਕੁਝ ਨਜ਼ਰ ਨਹੀਂ ਸੀ ਆ ਰਿਹਾ ਪਰ ਫੇਰ ਵੀ ਸੱਤੀ ਸਾਨੂੰ ਸਾਰੀ ਜਾਣਕਾਰੀ ਦਿੰਦਾ ਜਾ ਰਿਹਾ ਸੀ।ਮੈਂ ਮਹਿਸੂਸ ਕਰ ਰਿਹਾ ਸੀ ਕਿ ਉਸ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ।ਕਮਲ ਨੇ ਉਸਨੂੰ ਚਿਤਾਵਨੀ ਵੀ ਦਿੱਤੀ ਕਿ ਹਨੇਰੇ ਵਿਚ ਰਸਤਾ ਭੁੱਲ ਜਾਵੇਗਾ ਇਸ ਲਈ ਆਪਣਾ ਧਿਆਨ ਸਿਰਫ ਰਸਤੇ ਵੱਲ ਹੀ ਰੱਖੇ ਪਰ ਉਸਦੀ ਬਿਹਬਲਤਾ ਦੇਖਿਆਂ ਹੀ ਬਣਦੀ ਸੀ।ਉਹ ਚਾਹੁੰਦਾ ਸੀ ਇਕੋ ਡੀਕ ਨਾਲ ਸਾਨੂੰ ਸਾਰਾ ਅਮਰੀਕਾ ਪਿਆ ਦੇਵੇ।
ਉਹੀ ਗੱਲ ਹੋਈ ਜਿਸਦਾ ਡਰ ਸੀ।ਕਾਫੀ ਦੂਰ ਜਾ ਕੇ ਪਤਾ ਲਗਿਆ ਕਿ ਉਸਦੀ ਕਾਰ ਕਿਸੇ ਹੋਰ ਰਸਤੇ ਤੇ ਜਾ ਰਹੀ ਹੈ।ਅਸੀਂ ਪੌਣੇ ਘੰਟੇ ਦਾ ਰਾਹ ਡੇਢ ਘੰਟੇ ਵਿਚ ਪੂਰਾ ਕਰ ਕੇ ਘਰ ਪਹੁੰਚੇ।ਤੇਰਾਂ ਤਾਰੀਖ ਨੂੰ ਕਮਲ ਦਾ ਜਨਮ ਦਿਨ ਸੀ।ਬਸ ਇਕ ਘੰਟਾ ਹੀ ਬਾਕੀ ਸੀ।ਅਸੀਂ ਅਜੇ ਚਾਹ ਪੀ ਰਹੇ ਸੀ ਕਿ ਸੱਤੀ ਦੋ ਮਿੰਟ ਆਇਆ ਕਹਿ ਕੇ ਬਾਹਰ ਚਲਾ ਗਿਆ।ਤਕਰੀਬਨ ਅੱਧੇ ਘੰਟੇ ਬਾਅਦ ਵਾਪਸ ਆਇਆ ਤਾਂ ਉਸਦੇ ਹੱਥ ਵਿਚ ਕੇਕ ਸੀ।ਰਾਤ ਕਮਲ ਨੇ ਕੇਕ ਕੱਟਿਆ ਤਾਂ ਸਾਡੇ ਲਈ ਇਹ ਸੁਭਾਗ ਦੀ ਗੱਲ ਸੀ ਕਿ ਅਸੀਂ ਸੱਤ ਸਮੁੰਦਰੋਂ ਪਾਰ ਉਨ੍ਹਾਂ ਦੇ ਨਾਲ ਸੀ।ਕਮਲ ਨੂੰ ਹਰ ਜਾਣੂ ਬੰਦੇ ਦੀ ਜਨਮ ਤਾਰੀਖ ਪਤਾ ਹੁੰਦੀ ਹੈ ਤੇ ਉਹ ਵਿਸ਼ ਵੀ ਕਰਦੀ ਹੈ ਪਰ ਆਪਣਾ ਜਨਮ ਦਿਨ ਮਨਾਉਣ ਦੀ ਕਦੇ ਜ਼ਿਦ ਨਹੀਂ ਕੀਤੀ।ਅਸੀਂ ਇਸ ਗੱਲੋਂ ਸੁਭਾਗੇ ਹਾਂ ਕਿ ਸਾਡੇ ਤਿੰਨੇ ਬੱਚੇ ਸਾਡੀ ਹਰ ਗੱਲ ਨਾਲ ਸਹਿਮਤ ਹੁੰਦੇ ਹਨ ਅਤੇ ਕਦੇ ਵੀ ਆਪਣੀ ਜ਼ਿਦ ਨਹੀਂ ਪੁਗਾਉਂਦੇ।ਜਸਲੀਨ ਅਤੇ ਕਮਲ ਪਿਛਲੇ ਸਾਲ ਪੰਜਾਬ ਹੋ ਕੇ ਗਈਆਂ ਸਨ।ਜਸਲੀਨ ਉਦੋਂ ਤਿੰਨ ਮਹੀਨੇ ਦੀ ਸੀ।ਹੁਣ ਉਹ ਕਾਫੀ ਵਡੀ ਲੱਗ ਰਹੀ ਸੀ।ਨਾਨੀ ਨੇ ਆਪਣੀ ਦੋਹਤੀ ਤੇ ਪੂਰਾ ਕਬਜ਼ਾ ਕਰ ਰਖਿਆ ਸੀ।ਲਗਦਾ ਸੀ ਸਾਰਾ ਪਿਆਰ ਅੱਜ ਹੀ ਦੇ ਦੇਵੇਗੀ, ਜਿਵੇਂ ਉਸਨੂੰ ਰੱਜ ਨਾ ਆ ਰਿਹਾ ਹੋਵੇ।ਰਾਤ ਦਾ ਡੇਢ ਵੱਜ ਗਿਆ ਸੀ।ਸੱਤੀ ਦਾ ਮਨ ਜਿਵੇਂ ਸਾਡੇ ਨਾਲ ਗੱਲਾਂ ਕਰ ਕੇ ਭਰ ਨਹੀਂ ਸੀ ਰਿਹਾ, ਪਰ ਸਾਡੇ ਆਰਾਮ ਦੀ ਵੀ ਉਸਨੂੰ ਚਿੰਤਾ ਸੀ।ਅਣਮੰਨੇ ਜਿਹੇ ਢੰਗ ਨਾਲ ਉਸਨੇ ਸਾਨੂੰ ਸੌਣ ਲਈ ਕਿਹਾ।ਅਸੀਂ ਉਠਣ ਲੱਗੇ ਤਾਂ ਉਹ ਕੋਈ ਚੀਜ਼ ਆਪਣੇ ਹੱਥਾਂ ਵਿਚ ਫੜ੍ਹੀ ਪਿਠ ਪਿਛੇ ਕਰੀ ਖੜ੍ਹਾ ਸੀ।

‘ਡੈਡੀ! ਇਕ ਗੱਲ ਕਹਿਣੀ ਹੈ, ਵਾਦਾ ਕਰੋ ਅੱਜ ਗੁੱਸਾ ਨਹੀਂ ਕਰੋਗੇ’।  ‘ਅਮਰੀਕਾ ਤੁਹਾਨੂੰ ਜੀ ਆਇਆਂ ਕਹਿੰਦਾ ਹੈ।ਮੈਨੂੰ ਪਤਾ ਹੈ ਕਿ ਤੁਸੀਂ ਆਪਣਾ ਕੈਮਰਾ ਲੈ ਕੇ ਨਹੀਂ ਆਏ।ਕੁਝ ਯਾਦਗਾਰੀ ਪਲ ਸਾਂਭਣ ਲਈ ਇਹ ਛੋਟਾ ਜਿਹਾ ਤੋਹਫਾ ਕਬੂਲ ਕਰੋ | ’ਮੈਂ ਤੁਰਨ ਤੋਂ ਪਹਿਲਾਂ ਸੱਤੀ ਤੋਂ ਵਾਅਦਾ ਲਿਆ ਸੀ ਕਿ ਉਹ ਸਾਡੇ ਤੇ ਜ਼ਿਆਦਾ ਖਰਚ ਨਹੀਂ ਕਰੇਗਾ ਅਤੇ ਨਾ ਹੀ ਜ਼ਿਆਦਾ ਛੁਟੀਆਂ ਕਰੇਗਾ।।ਮੈਂ ਤੁਰਨ ਤੋਂ ਪਹਿਲਾਂ ਸੱਤੀ ਤੋਂ ਵਾਅਦਾ ਲਿਆ ਸੀ ਕਿ ਉਹ ਸਾਡੇ ਤੇ ਜ਼ਿਆਦਾ ਖਰਚ ਨਹੀਂ ਕਰੇਗਾ ਅਤੇ ਨਾ ਹੀ ਜ਼ਿਆਦਾ ਛੁਟੀਆਂ ਕਰੇਗਾ।
‘ਸੱਤੀ! ਆਪਣੀ ਗੱਲ ਹੋਈ ਸੀ ਕਿ-----’ | ਮੇਰੀ ਗੱਲ ਅਜੇ ਪੂਰੀ ਵੀ ਨਹੀਂ ਸੀ ਹੋਈ ਕਿ ਉਹ ਬੋਲਿਆ, ‘ਡੈਡੀ! ਕੀ ਤੁਸੀਂ ਮੈਨੂੰ ਆਪਣਾ ਪੁੱਤਰ ਨਹੀਂ ਸਮਝਦੇ?’ 
 
 ਉਸਦੀ ਗੱਲ ਸੁਣ ਕੇ ਮੇਰੇ ਮਨ ਦੇ ਨਾਲ ਅੱਖਾਂ ਵੀ ਭਰ ਆਈਆਂ।ਮੇਰੇ ਮੂੰਹੋਂ ਕੋਈ ਜਵਾਬ ਨਹੀਂ ਨਿਕਲਿਆ।ਪਰ ਮੇਰੇ ਦਿਲ ਨੇ ਜ਼ਰੂਰ ਜਵਾਬ ਦਿੱਤਾ ਸੀ ਕਿ ਲੋਕੀਂ ਤਾਂ ਸਿਰਫ ਪੁੱਤਾਂ ਨੂੰ ਹੀ ਤਰਸਦੇ ਹਨ, ਤੂੰ ਤਾਂ ਇਕ ਨਾਯਾਬ ਹੀਰਾ ਸਪੁੱਤਰ ਹੈਂ ਜਿਸਨੂੰ ਪਾ ਕੇ ਅਸੀਂ ਧੰਨ ਹੋ ਗਏ ਹਾਂ।ਸਾਡੇ ਤੋਂ ਵਡਭਾਗੀ ਹੋਰ ਕੌਣ ਹੋਵੇਗਾ? ਮੈਂ ਕੈਮਰਾ ਫੜ ਲਿਆ ਤੇ ਉਸਨੂੰ ਧੰਨਵਾਦ ਵੀ ਨਾ ਕਹਿ ਸਕਿਆ।ਤੇ ਫੇਰ ਅਸੀਂ ਜਿੰਨੇ ਦਿਨ ਵੀ ਉਥੇ ਰਹੇ ਉਹ ਰੋਜ਼ ਕੋਈ ਨਾ ਕੋਈ ਤੋਹਫਾ ਸਾਨੂੰ ਦਿੰਦਾ ਰਿਹਾ ਅਤੇ ਅਸੀਂ ਬਿਨਾਂ ਨਾਂਹ ਕੀਤਿਆਂ ਫੜ੍ਹਦੇ ਰਹੇ।
ਬਾਹਰ ਮੀਂਹ ਪੈ ਰਿਹਾ ਸੀ ਤੇ ਠੰਡੀ ਹਵਾ ਚੱਲ ਰਹੀ ਸੀ ਪਰ ਅੰਦਰ ਹੀਟ ਹੋਣ ਕਾਰਣ ਪਤਾ ਨਹੀਂ ਸੀ ਲਗਦਾ।ਸਰੀਰ ਭਾਵੇਂ ਥੱਕਿਆ ਹੋਇਆ ਸੀ ਤੇ ਰਾਤ ਵੀ ਕਾਫੀ ਬੀਤ ਚੁੱਕੀ ਸੀ ਪਰ ਨੀਂਦ ਨੇ ਅਜੇ ਜ਼ੋਰ ਨਹੀਂ ਸੀ ਪਾਇਆ।ਮੇਰੇ ਜ਼ਿਹਨ ਵਿਚ ਸੱਤੀ ਦੀ ਨਿਮਰਤਾ ਅਤੇ ਉਸਦਾ ਮੁਸਕੁਰਾਉਂਦਾ ਚਿਹਰਾ ਘੁੰਮ ਰਿਹਾ ਸੀ।ਮੈਂ ਸੋਚ ਰਿਹਾ ਸੀ ਕਿ ਸਤਵਿੰਦਰ ਸੌਂ ਗਈ ਹੋਵੇਗੀ ਪਰ ਉਹ ਵੀ ਜਾਗ ਰਹੀ ਸੀ।
‘ਕੀ ਸੋਚ ਰਹੀ ਐਂ?’ ਮੈਂ ਸਵਾਲ ਕੀਤਾ।
‘ਸੋਚ ਰਹੀ ਆਂ ਕਿ ਇਸਤੋਂ ਚੰਗਾ ਵੀ ਕੋਈ ਹੋ ਸਕਦੈ?’
‘ਕੀ ਮੇਰੇ ਤੋਂ ?’ ਮੈਂ ਮਖੌਲ ਨਾਲ ਆਖਿਆ।
‘ਲੈ, ਹੱਦ ਕਰਤੀ--- ਮੈਂ ਸੱਤੀ ਦੀ ਗੱਲ ਕਰ ਰਹੀ ਆਂ।’
‘ਮੈਨੂੰ ਤਾਂ ਲਗਦੈ, ਨਹੀਂ।’
‘ਅਖਬਾਰਾਂ ‘ਚ ਜਦੋਂ ਪੜ੍ਹੀਦੈ ਬਈ ਬਾਹਰਲੇ ਮੁੰਡੇ ਕਿੰਨਾ ਖਰਾਬ ਕਰਦੇ ਐ ਤਾਂ ਦਿਲ ਘਾਊਂ ਮਾਊਂ ਕਰਦੈ।’
‘ਅਸਲ ਵਿਚ ਅਖਬਾਰਾਂ ਵਿਚ ਕੁਝ ਕੁ ਭੈੜੇ ਅਨਸਰਾਂ ਬਾਰੇ ਬਹੁਤਾ ਕੁਝ ਛਪਦੈ।ਚੰਗਿਆਂ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਹੁੰਦਾ।ਜਦੋਂ ਕੋਈ ਪੱਤਰਕਾਰੀ ਦਾ ਕੋਰਸ ਸ਼ੁਰੂ ਕਰਦੈ ਤਾਂ ਇਹੋ ਸਿਖਾਇਆ ਜਾਂਦੈ ਕਿ ਖ਼ਬਰ ਐਸ ਤਰੀਕੇ ਨਾਲ ਬਣਾਉ ਜੋ ਸਿੱਧੀ ਪੜ੍ਹਨ ਵਾਲੇ ਦੇ ਦਿਲ ਤੇ ਅਸਰ ਕਰੇ।ਜਿਵੇਂ ਕਹਿੰਦੇ ਐ ਕਿ ਜੇ ਕੁੱਤੇ ਨੇ ਬੰਦੇ ਨੂੰ ਵਢ ਲਿਆ ਤਾਂ ਇਹ ਖ਼ਬਰ ਨੀਂ ਬਣਦੀ ਤੇ ਜੇ ਕੁੱਤੇ ਨੂੰ ਬੰਦੇ ਨੇ ਕੱਟ ਲਿਆ ਤਾਂ ਇਹ ਖ਼ਬਰ ਹੈ।ਇਹੋ ਜਿਹੀਆਂ ਘਟਨਾਵਾਂ ਕਿੰਨੀਆਂ ਕੁ ਵਾਪਰਦੀਆਂ ਹਨ ਪਰ ਚਰਚਾ ਬਹੁਤ ਹੁੰਦੀ ਹੈ। ਏਸੇ ਤਰ੍ਹਾਂ ਚੰਗੇ ਦੀ ਕੋਈ ਕੀ ਖ਼ਬਰ ਬਣਾਊ? ਬੁਰੇ ਆਦਮੀ ਦੀ ਨਿੱਕੀ ਜਿਹੀ ਗੱਲ ਨੂੰ ਮੀਡੀਆ ਖੂਬ ਉਛਾਲਦਾ ਹੈ।’
‘ਪਰ ਜੇ ਭੈੜੇ ਦੀ ਕਰਤੂਤ ਨੂੰ ਲੋਕਾਂ ਸਾਹਮਣੇ ਲਿਆਉਣਾ ਮੀਡੀਏ ਦਾ ਫਰਜ਼ ਹੈ ਤਾਂ ਚੰਗੇ ਦੀ ਚੰਗਿਆਈ ਨੂੰ ਉਭਾਰਣਾ ਵੀ ਉਨਾ ਹੀ ਜ਼ਰੂਰੀ ਹੈ ਤਾਂ ਜੋ ਉਸ ਤੋਂ ਸਿਖਿਆ ਲੈ ਕੇ ਲੋਕੀਂ ਹੋਰ ਵੀ ਚੰਗਾ ਬਣਨ ਦੀ ਕੋਸ਼ਿਸ਼ ਕਰਨ।’ ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਕਦੋਂ ਨੀਂਦ ਨੇ ਘੇਰਾ ਪਾ ਲਿਆ ਸਾਨੂੰ ਪਤਾ ਵੀ ਨਹੀਂ ਲੱਗਿਆ।
ਸਵੇਰੇ ਜਾਗ ਖੁਲ੍ਹੀ ਤਾਂ ਮੀਂਹ ਤੇਜ਼ ਹੋ ਗਿਆ ਸੀ।ਮੈਂ ਬਾਹਰਲਾ ਗੇਟ ਖੋਲ੍ਹਿਆ ਤਾਂ ਸੀਤ ਲਹਿਰ ਸਰੀਰ ਨਾਲ ਟਕਰਾਈ।ਇਕ ਸਕਿੰਟ ਲਈ ਵੀ ਖੜ੍ਹਾ ਹੋਣਾ ਮੁਸ਼ਕਿਲ ਹੋ ਗਿਆ।ਕਮਲ ਨੇ ਚਿਤਾਵਨੀ ਦਿੱਤੀ ਕਿ ਜੇ ਬਾਹਰ ਦਾ ਦਰਵਾਜ਼ਾ ਖੋਲ੍ਹਣਾ ਹੈ ਤਾਂ ਪਹਿਲਾਂ ਮੋਟੇ ਕਪੜੇ ਪਾ ਲੈਣੇ ਹਨ ਨਹੀਂ ਤਾਂ ਠੰਡ ਲਗ ਜਾਵੇਗੀ।ਲੁਧਿਆਣੇ ਜੇ ਮੀਂਹ ਪੈਂਦਾ ਹੋਵੇ ਤਾਂ ਝਟਪਟ ਬੂਹਾ ਖੋਲ੍ਹ ਕੇ ਮੀਂਹ ਦਾ ਆਨੰਦ ਲਈਦਾ ਹੈ ਪਰ ਇਥੇ ਸਥਿਤੀ ਹੋਰ ਸੀ।ਇਕੋ ਝਟਕੇ ਨੇ ਹੀ ਕੰਨਾਂ ਨੂੰ ਹੱਥ ਲਵਾ ਦਿੱਤੇ।ਚਾਰ ਦਿਨ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਸੀ।ਉਥੋਂ ਦੇ ਮੌਸਮ ਵਿਭਾਗ ਦੀ ਭਵਿੱਖਬਾਣੀ ਤਕਰੀਬਨ ਪਚਾਨਵੇਂ ਪ੍ਰਤੀਸ਼ਤ ਸੱਚ ਹੁੰਦੀ ਹੈ।ਸ਼ਾਇਦ ਇਸ ਦਾ ਕਾਰਣ ਤੱਟੀ ਇਲਾਕਾ ਹੋਣ ਕਰਕੇ ਹੋਵੇ।ਮੁੰਬਈ ਵਿਚ ਵੀ ਮੌਸਮ ਵਿਭਾਗ ਵੱਲੋਂ ਸਮੁੰਦਰ ਵਿਚ ਆਉਣ ਵਾਲੇ ਜਵਾਰ ਭਾਟੇ ਬਾਰੇ ਜਾਂ ਸਮੁੰਦਰੀ ਤੂਫ਼ਾਨ ਬਾਰੇ ਦਿੱਤੀ ਜਾਣਕਾਰੀ ਲਗਭਗ ਸਹੀ ਹੁੰਦੀ ਹੈ ਪਰ ਬਾਕੀ ਦੇਸ ਵਿਚ ਤਾਂ ਮੌਸਮ ਵਿਭਾਗ ਬਾਰੇ ਚੁਟਕਲਾ ਮਸ਼ਹੂਰ ਹੈ ਕਿ ਜੇ ਉਨ੍ਹਾਂ ਨੇ ਕੜਕਦੀ ਧੁੱਪ ਨਿਕਲਣ ਦੀ ਭਵਿੱਖਬਾਣੀ ਕੀਤੀ ਹੋਵੇ ਤਾਂ ਨਾਲ ਬਰਸਾਤੀ ਲੈ ਕੇ ਬਾਹਰ ਜਾਣਾ ਚਾਹੀਦਾ ਹੈ।
 
ਜਨਮ ਦਿਨ
 
ਸੱਤੀ ਨੇ ਅੱਜ ਦਾ ਦਿਨ ਬਿਲਕੁਲ ਆਰਾਮ ਦਾ ਦਿਨ ਵਜੋਂ ਰਾਖਵਾਂ ਰੱਖ ਲਿਆ ਸੀ।ਅੱਜ ਕਮਲ ਦਾ ਜਨਮ ਦਿਨ ਸੀ।ਸੱਤੀ ਨੇ ਮੈਨੂੰ ਦੱਸ ਦਿੱਤਾ ਸੀ ਕਿ ਉਹ ਸਰਪਰਾਈਜ਼ ਪਾਰਟੀ ਦਾ ਪ੍ਰਬੰਧ ਕਰ ਰਿਹਾ ਹੈ ਆਪਣੇ ਦੋਸਤ ਦੇ ਘਰ। ਸ਼ਾਮ ਵੇਲੇ ਮੈਂ ਤੇ ਸੱਤੀ ਇਕ ਸਟੋਰ ਵਿਚ ਕੇਕ ਦਾ ਆਰਡਰ ਕਰਨ ਚਲੇ ਗਏ।ਰਾਤ ਦਾ ਖਾਣਾ ਸਾਡਾ ਸੱਤੀ ਦੇ ਦੋਸਤ ਵਨੀਤ ਦੇ ਘਰ ਸੀ।ਜਸਲੀਨ ਹੁਣ ਸਾਡੇ ਨਾਲ ਪੂਰੀ ਤਰ੍ਹਾਂ ਘੁਲ ਮਿਲ ਗਈ ਸੀ।ਉਹ ਕਦੇ ਮੇਰੀ ਗੋਦੀ ਵਿਚ ਹੁੰਦੀ ਤੇ ਕਦੇ ਆਪਣੀ ਨਾਨੀ ਦੀ।ਅਜੇ ਉਹ ਕੋਈ ਲਫ਼ਜ਼ ਬੋਲਣਾ ਨਹੀਂ ਸੀ ਸਿੱਖੀ ਸਿਰਫ਼ ਆ ਆ ਆ ਹੀ ਕਰਦੀ ਸੀ ਪਰ ਉਸ ਦਿਨ ਉਸਨੇ ਪਹਿਲੀ ਵਾਰ ਪਾਪਾ ਮਾਮਾ ਕਿਹਾ ਸੀ।
ਰਾਤ ਨੂੰ ਅਸੀਂ ਤਿਆਰ ਹੋ ਕੇ ਵਨੀਤ ਦੇ ਘਰ ਪਹੁੰਚ ਗਏ ਜੋ ਕਿ ਉਨ੍ਹਾਂ ਦੇ ਗਵਾਂਢ ਵਿਚ ਹੀ ਇਕ ਘਰ ਛਡ ਕੇ ਸੀ।ਬਾਹਰ ਨਿਕਲਣ ਤੋਂ ਪਹਿਲਾਂ ਮੈਂ ਮੋਟੀ ਜਾਕਟ ਪਾਉਣੀ ਨਹੀਂ ਸੀ ਭੁੱਲਿਆ।ਵਨੀਤ ਅਤੇ ਉਸਦੀ ਪਤਨੀ ਸ਼ਿਵਾਨੀ ਦੋਵੇਂ ਜਲੰਧਰ ਤੋਂ ਹਨ।ਦੋਵੇਂ ਇਕੱਠੇ ਪੜ੍ਹਦੇ ਸਨ ਜਦੋਂ ਉਨ੍ਹਾਂ ਦਾ ਆਪਸ ਵਿਚ ਪਿਆਰ ਹੋ ਗਿਆ।ਸ਼ਿਵਾਨੀ ਆਪਣੇ ਪਰਿਵਾਰ ਦੇ ਨਾਲ ਅਮਰੀਕਾ ਆ ਗਈ ਪਰ ਇਥੇ ਆ ਕੇ ਵੀ ਉਹ ਵਨੀਤ ਨੂੰ ਭੁੱਲੀ ਨਹੀਂ।ਵਾਪਸ ਜਾ ਕੇ ਉਸਨੇ ਵਨੀਤ ਨਾਲ ਵਿਆਹ ਕਰਵਾ ਲਿਆ ਤੇ ਉਸ ਨੂੰ ਨਾਲ ਅਮਰੀਕਾ ਲੈ ਆਈ।ਹੁਣ ਉਹ ਆਪਣੇ ਦੋ ਮੁੰਡਿਆਂ ਨਾਲ ਬੜਾ ਖੁਸ਼ੀ ਭਰਿਆ ਜੀਵਨ ਬਤੀਤ ਕਰ ਰਹੇ ਹਨ।ਸਾਡਾ ਉਨ੍ਹਾਂ ਨੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ।ਸਾਡੇ ਤੋਂ ਕੁਝ ਚਿਰ ਮਗਰੋਂ ਸੱਤੀ ਦਾ ਇਕ ਹੋਰ ਦੋਸਤ ਮਨਿੰਦਰ ਤੇ ਉਸਦੀ ਪਤਨੀ ਮਿੰਨੀ ਵੀ ਪਹੁੰਚ ਗਏ।
Photo
ਜਨਮ ਦਿਨ ਤੇ ਕੇਕ ਕਟਦੀ ਹੋਈ ਕਮਲ
 
ਸਭ ਤੋਂ ਪਹਿਲਾਂ ਵਾਰੀ ਸੀ ਕੇਕ ਕੱਟਣ ਦੀ।ਵਨੀਤ ਨੇ ਡੈੱਕ ਚਲਾ ਦਿੱਤਾ।ਕਮਲ ਤੇ ਸੱਤੀ ਨੇ ਰਲ ਕੇ ਕੇਕ ਕੱਟਿਆ।ਸਾਰਿਆਂ ਨੇ ਵਾਰੀ ਵਾਰੀ ਕਮਲ ਦਾ ਮੂੰਹ ਮਿੱਠਾ ਕਰਵਾਇਆ।ਆਪਸ ਵਿਚ ਗੱਲਾਂ ਦਾ ਦੌਰ ਵੀ ਚਲਦਾ ਰਿਹਾ ਤੇ ਖਾਣਾ ਖਾਣ ਦਾ ਵੀ।ਸ਼ਿਵਾਨੀ ਨੇ ਕਾਫੀ ਮਿਹਨਤ ਨਾਲ ਖਾਣਾ ਤਿਆਰ ਕੀਤਾ ਸੀ।ਇਸ ਤਰ੍ਹਾਂ ਅਮਰੀਕਾ ਵਿਚ ਪਹਿਲੀ ਰਾਤ ਹੀ ਸਾਡੇ ਲਈ ਜਸ਼ਨ ਦੀ ਰਾਤ ਬਣ ਗਈ।

ਅਗਲਾ ਦਿਨ ਐਤਵਾਰ ਸੀ ਅਤੇ ਸੰਗਰਾਂਦ ਵੀ।ਸੱਤੀ ਨੇ ਗੁਰਦਵਾਰੇ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ।ਵੈਸੇ ਉਹ ਹਰ ਸ਼ੁਕਰਵਾਰ ਸ਼ਾਮ ਨੂੰ ਗੁਰਦਵਾਰੇ ਜਾਂਦੇ ਹਨ।ਬ੍ਰਿਜਵਾਟਰ ਸ਼ਹਿਰ ਵਿਚ ਬਣਿਆ ਗੁਰਦਵਾਰਾ ਨੇੜੇ ਪੈਂਦਾ ਹੈ, ਤਕਰੀਬਨ ਵੀਹ ਕੁ ਮਿੰਟ ਲਗਦੇ ਹਨ।ਹਲਕੀ ਹਲਕੀ ਬਰਸਾਤ ਹੋ ਰਹੀ ਸੀ ਪਰ ਠੰਡ ਦਾ ਪੂਰਾ ਜ਼ੋਰ।ਸੱਤੀ ਨੇ ਸਾਨੂੰ ਗੁਰਦਵਾਰਾ ਸਾਹਿਬ ਦੇ ਗੇਟ ਮੂਹਰੇ ਉਤਾਰ ਦਿੱਤਾ।ਬਾਹਰੋਂ ਦੇਖਣ ਤੋਂ ਇਹ ਗੁਰਦਵਾਰਾ ਨਹੀਂ ਸੀ ਜਾਪਦਾ ਸਿਰਫ਼ ਨਿਸ਼ਾਨ ਸਾਹਿਬ ਤੋਂ ਹੀ ਪਤਾ ਲਗਦਾ ਸੀ।ਅਰਧ ਪਹਾੜੀ ਖੇਤਰ ਵਿਚ ਬਣੇ ਇਸ ਗੁਰਦਵਾਰੇ ਦਾ ਆਲਾ ਦੁਆਲਾ ਬਹੁਤ ਹੀ ਰਮਣੀਕ ਹੈ।
ਜਦੋਂ ਅਸੀਂ ਅੰਦਰ ਪਹੁੰਚੇ ਤਾਂ ਅਰਦਾਸ ਸ਼ੁਰੂ ਹੋ ਗਈ ਸੀ।ਅਰਦਾਸ ਤੋਂ ਬਾਅਦ ਹੁਕਮਨਾਮਾ ਸਰਵਣ ਕੀਤਾ।ਜਸਲੀਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।ਉਹ ਕਦੇ ਇਕ ਪਾਸੇ ਤੇ ਕਦੇ ਦੂਜੇ ਪਾਸੇ ਭੱਜ ਰਹੀ ਸੀ।ਸਾਨੂੰ ਉਸਦੇ ਮਗਰ ਜਾ ਕੇ ਫੜ ਕੇ ਲਿਆਉਣਾ ਪੈਂਦਾ।ਜਦ ਅਸੀਂ ਉਸਨੂੰ ਫੜਦੇ ਤਾਂ ਉਹ ਚਾਂਭੜਾਂ ਮਾਰਦੀ ਫਿਰ ਭੱਜ ਜਾਂਦੀ।ਲਗਦਾ ਸੀ ਜਿਵੇਂ ਉਹ ਘਰ ਦੇ ਅੰਦਰ ਰਹਿ ਕੇ ਬੋਰ ਹੋ ਗਈ ਹੋਵੇ।ਐਡੀ ਖੁਲ੍ਹੀ ਜਗ੍ਹਾ ਆ ਕੇ ਜਿਵੇਂ ਉਸਨੂੰ ਕਾਰੂੰ ਦਾ ਖ਼ਜ਼ਾਨਾ ਮਿਲ ਗਿਆ ਹੋਵੇ।ਗੁਰਦਵਾਰੇ ਦੀ ਇਮਾਰਤ ਖੁਲ੍ਹੀ, ਆਲੀਸ਼ਾਨ ਅਤੇ ਆਧੁਨਿਕ ਤਰੀਕੇ ਨਾਲ ਬਣੀ ਹੋਈ ਹੈ।ਦਰਬਾਰ ਸਾਹਿਬ ਦੇ ਨਾਲ ਹੀ ਲੰਗਰ ਹਾਲ ਬਣਿਆਂ ਹੈ।ਅਸੀਂ ਲੰਗਰ ਛਕ ਲਿਆ ਤਾਂ ਸੱਤੀ ਨੇ ਲੰਗਰ ਵਰਤਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ।ਸੱਤੀ ਦੇ ਮਨ ਵਿਚ ਗੁਰੂ ਘਰ ਲਈ ਬਹੁਤ ਸ਼ਰਧਾ ਹੈ।ਨਾਨਕਸਰ ਗੁਰਦਵਾਰਾ ਜਗਰਾਉਂ ਦੀ ਵੈੱਬ-ਸਾਈਟ ਵੀ ਇਸ ਨੇ ਹੀ ਤਿਆਰ ਕੀਤੀ ਹੈ।ਲੰਗਰ ਬਹੁਤ ਹੀ ਸਵਾਦ ਬਣਿਆਂ ਸੀ ਜੋ ਕਿਸੇ ਸ਼ਰਧਾਲੂ ਨੇ ਸੰਯੋਜਿਤ ਕੀਤਾ ਸੀ।ਕਮਲ ਨੇ ਦੱਸਿਆ ਕਿ ਇਥੇ ਹਰ ਹਫ਼ਤੇ ਕੋਈ ਨਾ ਕੋਈ ਲੰਗਰ ਦੀ ਸੇਵਾ ਲੈਂਦਾ ਹੈ।ਛੇ ਛੇ ਮਹੀਨੇ ਤਕ ਵਾਰੀ ਨਹੀਂ ਮਿਲਦੀ।ਲੰਗਰ ਵਿਚ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਅਤੇ ਚਾਟੀ ਦੀ ਲੱਸੀ ਦੇਖ ਕੇ ਲਗਦਾ ਹੀ ਨਹੀਂ ਸੀ ਕਿ ਪੰਜਾਬ ਤੋਂ ਬਾਹਰ ਬੈਠੇ ਹਾਂ।ਛੋਟੇ ਛੋਟੇ ਬੱਚੇ ਵੀ ਕਾਗਜ਼ੀ ਰੁਮਾਲਾਂ ਦੀ ਸੇਵਾ ਬੜੇ ਉਮਾਹ ਨਾਲ ਕਰ ਰਹੇ ਸਨ।ਸੱਤੀ ਨੇ ਮੈਨੂੰ ਆਧੁਨਿਕ ਤਰੀਕੇ ਨਾਲ ਬਣਿਆਂ ਸਾਫ ਸੁਥਰਾ ਰਸੋਈ ਘਰ ਵੀ ਵਿਖਾਇਆ।ਇਸ ਗੁਰਦਵਾਰੇ ਵਿਚ ਬੱਚਿਆਂ ਨੂੰ ਪੰਜਾਬੀ ਵੀ ਸਿਖਾਈ ਜਾਂਦੀ ਹੈ।ਹਰ ਐਤਵਾਰ ਬਕਾਇਦਾ ਕਲਾਸਾਂ ਲਗਦੀਆਂ ਹਨ।ਤਕਰੀਬਨ ਦੋ ਕੁ ਘੰਟੇ ਉਥੇ ਬਿਤਾ ਕੇ ਅਸੀਂ ਵਾਪਸ ਚੱਲ ਪਏ।
ਰੋਮੀ ਦਾ ਫੋਨ ਆ ਰਿਹਾ ਸੀ ਕਿ ਅਸੀਂ ਜਲਦੀ ਉਨ੍ਹਾਂ ਦੇ ਘਰ ਪਹੁੰਚੀਏ। ਰਾਤ ਦਾ ਖਾਣਾ ਸਾਡਾ ਉਨ੍ਹਾਂ ਵੱਲ ਸੀ।ਰੋਮੀ (ਸੱਤੀ ਦਾ ਮਸੇਰ ਭਰਾ) ਪਿਛਲੇ ਗਿਆਰਾਂ ਸਾਲ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ।ਸਾਡਾ ਵੀ ਮਨ ਉਤਾਵਲਾ ਸੀ ਉਹ ਘਰ ਦੇਖਣ ਨੂੰ ਜਿਥੇ ਆ ਕੇ ਕਮਲ ਤਿੰਨ ਮਹੀਨੇ ਰਹੀ ਸੀ।ਇਸ ਲਈ ਅਸੀਂ ਫੈਸਲਾ ਕੀਤਾ ਕਿ ਘਰ ਜਾਣ ਦੀ ਬਜਾਇ ਕਿਸੇ ਸਟੋਰ ਤੇ ਥੋੜ੍ਹੀ ਬਹੁਤ ਖਰੀਦੋ ਫਰੋਖਤ ਕਰ ਕੇ ਸਿੱਧੇ ਉਨ੍ਹਾਂ ਦੇ ਘਰ ਹੀ ਜਾਈਏ।ਮੇਰੀ ਇੱਛਾ ਸੀ ਇਥੋਂ ਦੇ ਖੇਤ ਵਗੈਰਾ ਦੇਖਣ ਦੀ ਪਰ ਪਤਾ ਲਗਿਆ ਕਿ ਜ਼ਿਆਦਾ ਖੇਤੀ ਤਾਂ ਕੈਲੀਫੋਰਨੀਆਂ ਵੱਲ ਹੀ ਹੁੰਦੀ ਹੈ।ਸੱਤੀ ਨੇ ਆਪਣੇ ਦੋਸਤ ਤੋਂ ਇਸ ਬਾਰੇ ਪੁਛਿਆ ਤਾਂ ਪਤਾ ਲਗਿਆ ਕਿ ਛੋਟੇ ਮੋਟੇ ਫਾਰਮ ਤਾਂ ਇਸ ਪਾਸੇ ਹਨ ਪਰ ਵਡੇ ਨਹੀਂ।ਉਸ ਵੱਲੋਂ ਦੱਸੇ ਰਾਹ ਤੇ ਸੱਤੀ ਨੇ ਕਾਰ ਪਾ ਲਈ।ਕੁਝ ਦੂਰ ਚੱਲ ਕੇ ਇਕਹਿਰੀ ਸੜਕ ਆ ਗਈ।ਆਸ ਪਾਸ ਖੁਲ੍ਹੀ ਜਗ੍ਹਾ ਪਈ ਸੀ।ਅਜੇ ਖੇਤੀ ਦਾ ਮੌਸਮ ਨਹੀਂ ਸੀ ਆਇਆ।ਮਈ ਮਹੀਨੇ ਤੋਂ ਮੱਕੀ ਦੀ ਬਿਜਾਈ ਸ਼ੁਰੂ ਹੋਣੀ ਸੀ।ਸੜਕ ਤੇ ਹਿਰਨ ਦੀ ਫੋਟੋ ਵਾਲੇ ਬੋਰਡ ਲੱਗੇ ਸਨ ਤੇ ਗਤੀ ਪੰਜਾਹ ਮੀਲ ਰੱਖਣ ਦਾ ਆਦੇਸ਼ ਸੀ।ਸੱਤੀ ਨੇ ਦੱਸਿਆ ਕਿ ਇਧਰ ਹਿਰਨ ਜ਼ਿਆਦਾ ਹਨ ਤੇ ਕਿਸੇ ਵੇਲੇ ਵੀ ਸੜਕ ਤੇ ਆ ਸਕਦੇ ਹਨ ਇਸ ਲਈ ਘੱਟ ਸਪੀਡ ਤੇ ਚੱਲਣਾ ਪੈਂਦਾ ਹੈ।ਖੁਲ੍ਹੀਆਂ ਸੜਕਾਂ ਛਡ ਕੇ ਇਕ ਦਮ ਪਤਲੀ ਸੜਕ ਤੇ ਆ ਜਾਣ ਕਾਰਣ ਇਸ ਤਰ੍ਹਾਂ ਲਗਦਾ ਸੀ ਜਿਵੇਂ ਪੰਜਾਬ ਦੀ ਕਿਸੇ ਲਿੰਕ ਸੜਕ ਤੇ ਜਾ ਰਹੇ ਹੋਈਏ।
 
ਭੂਪਾਲ ਦੇ ਘਰ
 
ਅਚਾਨਕ ਘਨਘੋਰ ਬੱਦਲ ਛਾ ਗਏ। ਲਗਦਾ ਸੀ ਜਿਵੇਂ ਰਾਤ ਹੋ ਗਈ ਹੋਵੇ। ਤਕਰੀਬਨ ਚਾਰ ਕੁ ਵਜੇ ਅਸੀਂ ਮਿਡਲਸੈਕਸ ਸ਼ਹਿਰ ਪਹੁੰਚੇ ਤਾਂ ਅੱਗੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ।ਪੁਛਣ ਤੇ ਪਤਾ ਲਗਿਆ ਕਿ ਰਾਤ ਦਾ ਹੜ੍ਹ ਆਇਆ ਹੋਇਆ ਹੈ।ਸਾਨੂੰ ਕਿਸੇ ਬਦਲਵੇਂ ਰਾਹ ਦੀ ਤਲਾਸ਼ ਕਰਨੀ ਪੈਣੀ ਸੀ।ਸੱਤੀ ਨੇ ਜੀ.ਪੀ.ਐਸ ਵਿਚ ਰੋਮੀ ਦੇ ਘਰ ਦਾ ਪਤਾ ਭਰਿਆ ਤੇ ਕਾਰ ਬਦਲਵੇਂ ਰਾਹ ਤੇ ਪਾ ਲਈ।ਜੀ.ਪੀ.ਐਸ ਇਕ ਸੈਟੇਲਾਈਟ ਅਧਾਰਿਤ ਚੌਰਸ ਡੱਬੀ ਹੈ ਜੋ ਕਿ ਹਰ ਇਕ ਨੇ ਆਪਣੀ ਕਾਰ ਵਿਚ ਲਗਵਾਈ ਹੋਈ ਹੈ।ਕਿਤੇ ਵੀ ਜਾਣਾ ਹੋਵੇ ਬੱਸ ਉਸ ਜਗ੍ਹਾ ਦਾ ਪਤਾ ਭਰ ਦਿਉ ਤੇ ਬੇਫ਼ਿਕਰ ਹੋ ਜਾਉ।ਤੁਹਾਨੂੰ ਰਸਤਾ ਪੁਛਣ ਦੀ ਲੋੜ ਨਹੀਂ।ਜਿਥੋਂ ਕਿਤੋਂ ਮੁੜਨਾ ਹੋਵੇ ਉਥੋਂ ਅੱਧਾ ਕਿਲੋਮੀਟਰ ਪਹਿਲਾਂ ਹੀ ਡੱਬੀ ਬੋਲ ਪੈਂਦੀ ਹੈ।ਮੈਂ ਉਸਨੂੰ ਜਾਦੂ ਦੀ ਡੱਬੀ ਕਹਿੰਦਾ ਸਾਂ।ਅੱਜ ਕਲ੍ਹ ਇਹ ਸਿਸਟਮ ਪੰਜਾਬ ਵਿਚ ਵੀ ਚਲਦਾ ਹੈ ਪਰ ਅਜੇ ਜ਼ਿਆਦਾ ਪ੍ਰਚਲਿਤ ਨਹੀਂ ਹੋਇਆ।ਕਈ ਮੋੜ ਘੋੜ ਕਟਵਾ ਕੇ ਸਾਨੂੰ ਇਸਨੇ ਘਰ ਦੇ ਮੂਹਰੇ ਪਹੁੰਚਾ ਦਿੱਤਾ।ਮੌਸਮ ਬਹੁਤ ਜ਼ਿਆਦਾ ਖਰਾਬ ਹੋ ਚੁਕਿਆ ਸੀ।ਬਿਜਲੀ ਵੀ ਲਿਸ਼ਕ ਰਹੀ ਸੀ।
Photo
ਜਾਦੂ ਦੀ ਡੱਬੀ ( ਨੈਵੀਗੇਸ਼ਨ ਸਿਸਟਮ)
 
ਰੋਮੀ (ਨਰਿੰਦਰ ਭੁਪਾਲ)ਸੱਤੀ ਦੀ ਮਾਸੀ ਦੇ ਜੇਠ ਦਾ ਮੁੰਡਾ ਹੈ।ਪੰਜਾਬ ਵਿਚ ਉਹ ਮੋਗੇ ਦੇ ਵਸਨੀਕ ਸਨ।ਗਿਆਰਾਂ ਕੁ ਸਾਲ ਪਹਿਲਾਂ ਉਸਦਾ ਵਿਆਹ ਰਵਿੰਦਰ ਕੌਰ ਨਾਲ ਹੋਇਆ ਤਾਂ ਉਹ ਅਮਰੀਕਾ ਆ ਗਿਆ।ਅਮਰੀਕਾ ਬਾਰੇ ਉਸਦਾ ਗਿਆਨ ਬਹੁਤ ਹੈ।ਸੱਤੀ ਨੂੰ ਕਿਸੇ ਜਾਣਕਾਰੀ ਦੀ ਲੋੜ ਹੋਵੇ ਤਾਂ ਉਹ ਰੋਮੀ ਨੂੰ ਹੀ ਫੋਨ ਘੁੰਮਾਉਂਦਾ ਹੈ।ਦੋ ਸਾਲ ਪਹਿਲਾਂ ਉਸ ਦੇ ਮਾਂ-ਬਾਪ ਵੀ ਅਮਰੀਕਾ ਪਹੁੰਚ ਗਏ।ਰੋਮੀ ਦਾ ਇਕੋ ਇਕ ਬੇਟਾ ਹਰਮਨ ਤੀਜੀ ਜਮਾਤ ਵਿਚ ਪੜ੍ਹਦਾ ਹੈ।ਰੋਮੀ ਦੀ ਪਤਨੀ ਰਵਿੰਦਰ ਦੇ ਚਿਹਰੇ ਤੋਂ ਮੁਸਕੁਰਾਹਟ ਕਦੇ ਵੀ ਗਾਇਬ ਨਹੀਂ ਹੁੰਦੀ।ਕਮਲ ਸ਼ੁਰੂ ਵਿਚ ਤਿੰਨ ਮਹੀਨੇ ਉਨ੍ਹਾਂ ਦੇ ਘਰ ਰਹੀ ਸੀ।ਉਸ ਕੋਲੋਂ ਹੀ ਇਨ੍ਹਾਂ ਦੇ ਸੁਭਾਅ ਦੀ ਤਾਰੀਫ ਸੁਣੀ ਸੀ।
ਅਸੀਂ ਉਨ੍ਹਾਂ ਦੇ ਘਰ ਦਾਖਲ ਹੋਏ ਤਾਂ ਉਨ੍ਹਾਂ ਨੇ ਖਿੜੇ ਮੱਥੇ ਸਾਡਾ ਸਵਾਗਤ ਕੀਤਾ।ਅਸੀਂ ਚਾਹ ਪੀਣ ਦੇ ਨਾਲ ਨਾਲ ਗੱਲਾਂ ਵੀ ਕਰ ਰਹੇ ਸੀ।ਰੋਮੀ ਦੇ ਪਿਤਾ ਜੀ ਸ. ਬੂਟਾ ਸਿੰਘ ਰਾਤ ਘਰ ਨਹੀਂ ਸੀ ਆ ਸਕੇ।ਮਾਤਾ ਜੀ ਇਸ ਬਾਰੇ ਫਿਕਰ ਕਰ ਰਹੇ ਸਨ।ਰਾਤ ਸਾਰੀਆਂ ਬੱਸਾਂ ਬੰਦ ਸਨ।ਜਿਥੇ ਬੂਟਾ ਸਿੰਘ ਕੰਮ ਕਰਦੇ ਸਨ ਉਹ ਇਲਾਕਾ ਹੜ੍ਹ ਵਿਚ ਘਿਰਿਆ ਹੋਇਆ ਸੀ।ਬੂਟਾ ਸਿੰਘ ਦਾ ਫੋਨ ਆ ਗਿਆ ਕਿ ਉਹ ਕੰਮ ਤੋਂ ਵਿਹਲੇ ਹੋ ਗਏ ਹਨ ਪਰ ਬੱਸਾਂ ਅਜੇ ਵੀ ਬੰਦ ਹਨ।ਰੋਮੀ ਨੇ ਉਨ੍ਹਾਂ ਨੂੰ ਲੈਣ ਜਾਣਾ ਸੀ।ਮੈਂ ਵੀ ਨਾਲ ਜਾਣ ਦੀ ਇਛਾ ਪ੍ਰਗਟਾਈ।ਮੈਂ ਦੇਖਣਾ ਚਾਹੁੰਦਾ ਸੀ ਕਿ ਹੜ੍ਹ ਨੇ ਜ਼ਿਆਦਾ ਤਬਾਹੀ ਤਾਂ ਨਹੀਂ ਮਚਾਈ।ਸੋ ਅਸੀਂ ਤਿੰਨੇ ਉਨ੍ਹਾਂ ਨੂੰ ਲੈਣ ਚੱਲ ਪਏ।ਵਾਪਸੀ ਤੇ ਰੋਮੀ ਨੇ ਕਾਰ ਇਕ ਮੋੜ ਤੇ ਰੁਕਵਾ ਲਈ।ਥੋੜ੍ਹੀ ਦੂਰੀ ਤੇ ਪੁਲਿਸ ਦੀ ਕਾਰ ਖੜ੍ਹੀ ਸੀ।ਉਸ ਤੋਂ ਅੱਗੇ ਸੜਕ ਤੇ ਥੋੜ੍ਹਾ ਜਿਹਾ ਪਾਣੀ ਖੜ੍ਹਾ ਸੀ।
‘ਇਹ ਹੜ੍ਹ ਦਾ ਪਾਣੀ ਹੈ।’ ਰੋਮੀ ਨੇ ਦਸਿਆ। ਪਰ ਇਹ ਤਾਂ ਮਾਮੂਲੀ ਜਿਹਾ ਪਾਣੀ ਸੀ। ਮਸਾਂ ਇਕ ਜਾਂ ਦੋ ਇੰਚ ਹੋਵੇਗਾ।
‘ਕੀ ਇਹ ਹੜ੍ਹ ਐ?’ ਮੇਰੇ ਮੂਹੋਂ ਨਿਕਲਿਆ ਤਾਂ ਰੋਮੀ ਹੈਰਾਨੀ ਨਾਲ ਮੇਰੇ ਵੱਲ ਝਾਕਿਆ।‘ ਐਨਾ ਕੁ ਪਾਣੀ ਤਾਂ ਸਾਡੀਆਂ ਗਲੀਆਂ ਵਿਚ ਹਰ ਵੇਲੇ ਹੀ ਰਹਿੰਦੈ।’ ਮੇਰੀ ਗੱਲ ਸੁਣ ਕੇ ਸਾਰੇ ਹੱਸ ਪਏ।
‘ਦਰਅਸਲ ਇਥੋਂ ਦੀ ਸਰਕਾਰ ਆਦਮੀ ਦੀ ਜ਼ਿੰਦਗੀ ਬਾਰੇ ਬਹੁਤ ਫਿਕਰਮੰਦ ਐ।ਜਦੋਂ ਤੇਜ਼ ਬਰਸਾਤ ਹੁੰਦੀ ਹੈ ਤਾਂ ਪਾਣੀ ਸੜਕਾਂ ਤੇ ਜਮ੍ਹਾਂ ਹੋ ਜਾਂਦੈ।ਮਕਾਨ ਸਾਰੇ ਲੱਕੜ ਦੇ ਹਨ।ਕਦੇ ਵੀ ਡਿਗ ਸਕਦੇ ਹਨ।ਰਾਤ ਜਦੋਂ ਬਰਸਾਤ ਦਾ ਜ਼ੋਰ ਸੀ ਤਾਂ ਇਤੇ ਤਿੰਨ ਫੁੱਟ ਪਾਣੀ ਹੋ ਗਿਆ ਸੀ।ਬੱਸਾਂ ਸਾਰੀਆਂ ਬੰਦ ਸਨ।ਸਟੋਰ ਦਾ ਮਾਲਕ ਮੈਨੂੰ ਘਰ ਛਡਣ ਲਈ ਆਇਆ ਤਾਂ ਐਥੋਂ ਪੁਲਸ ਵਾਲਿਆਂ ਨੇ ਅੱਗੇ ਨੀਂ ਜਾਣ ਦਿੱਤਾ ਤਾਂ ਕਿ ਸਾਡੀ ਕਾਰ ਕਿਤੇ ਵਿਚ ਨਾ ਫਸ ਜਾਵੇ।ਪਹਾੜੀ ਇਲਾਕਾ ਹੋਣ ਕਾਰਣ ਪਾਣੀ ਦਾ ਵਹਾਅ ਤੇਜ਼ ਹੁੰਦਾ ਹੈ।ਹੁਣ ਭਾਵੇਂ ਹੜ੍ਹ ਨਹੀਂ ਪਰ ਅਜੇ ਮੌਸਮ ਖਰਾਬ ਹੈ ਇਸ ਲਈ ਪੂਰੀ ਚੌਕਸੀ ਵਰਤੀ ਜਾ ਰਹੀ ਹੈ।’ ਬੂਟਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ।
‘ ਇਹ ਤਾਂ ਬਹੁਤ ਵਧੀਆ ਗੱਲ ਹੈ। ਇਨਸਾਨੀ ਜਾਨ ਨਾਲੋਂ ਵੱਧ ਕੀਮਤੀ ਤਾਂ ਕੁਝ ਵੀ ਨਹੀਂ।’ ਮੈਂ ਉਨ੍ਹਾਂ ਨਾਲ ਸਹਿਮਤੀ ਪ੍ਰਗਟ ਕੀਤੀ।
‘ ਬਿਲਕੁਲ ਜੀ, ਆਪਣੇ ਉਧਰ ਤਾਂ ਬੰਦਾ ਇਲਾਜ ਖੁਣੋਂ ਮਰ ਜਾਂਦੈ। ਐਕਸੀਡੈਂਟ ਹੋ ਜਾਵੇ ਤਾਂ ਲੋਕ ਸਾਈਡ ਤੋਂ ਹੋ ਕੇ ਲੰਘ ਜਾਂਦੇ ਐ। ਪੁਲਿਸ ਪਹੁੰਚਣ ਨੂੰ ਚਾਰ ਘੰਟੇ ਲਾ ਦਿੰਦੀ ਐ।ਪਰ ਏਧਰ ਐਸ ਤਰ੍ਹਾਂ ਨੀਂ ਹੁੰਦਾ।ਕੋਈ ਦੁਰਘਟਨਾ ਹੋ ਗਈ ਤਾਂ ਦੋ ਮਿੰਟ ਵਿਚ ਪੁਲਸ ਤੇ ਐਂਬੂਲੈਂਸ ਪਹੁੰਚ ਜਾਂਦੀ ਐ।ਸਭ ਤੋਂ ਪਹਿਲਾ ਕੰਮ ਉਸਦੀ ਜਾਨ ਬਚਾਉਣੀ ਹੁੰਦੈ।ਜਦੋਂ ਆਦਮੀ ਠੀਕ ਹੋ ਜਾਂਦੈ ਤਾਂ ਕਿਤੇ ਪੈਸੇ ਜਾਂ ਇੰਸ਼ੋਰੈਂਸ ਬਾਰੇ ਪੁਛਦੇ ਐ।ਇਹੀ ਸਹੂਲਤਾਂ ਬੰਦੇ ਨੂੰ ਇਧਰ ਬੰਨ੍ਹ ਲੈਂਦੀਆਂ।’
ਤਕਰੀਬਨ ਅੱਧੇ ਕੁ ਘੰਟੇ ਵਿਚ ਅਸੀਂ ਘਰ ਪਹੁੰਚ ਗਏ।ਰਵਿੰਦਰ ਨੇ ਖਾਣ ਪੀਣ ਦਾ ਬਹੁਤ ਸਾਰਾ ਸਮਾਨ ਬਣਾਇਆ ਹੋਇਆ ਸੀ।ਚਾਟ ਭੱਲਿਆਂ ਨਾਲ ਸ਼ੁਰੂਆਤ ਹੋਈ ਤਾਂ ਫਿਰ ਚੱਲ ਸੋ ਚੱਲ।ਅਸੀਂ ਸੋਚ ਰਹੇ ਸੀ ਕਿ ਜੇ ਸਾਰੀਆਂ ਚੀਜਾਂ ਦਾ ਸਿਰਫ ਸਵਾਦ ਹੀ ਚਖਿਆ ਜਾਵੇ ਤਾਂ ਵੀ ਰੋਟੀ ਦੀ ਤਾਂ ਲੋੜ ਹੀ ਨਹੀਂ ਰਹਿਣੀ।ਪਤਾ ਲਗਿਆ ਕਿ ਰੋਮੀ ਨੂੰ ਨਾਨ ਵੈੱਜ ਕੁਕਿੰਗ ਦਾ ਸ਼ੋਕ ਹੈ। ਉਸਨੇ ਚਿਕਨ ਦੀਆਂ ਕਈ ਕਿਸਮਾਂ ਤਿਆਰ ਕਰ ਰੱਖੀਆਂ ਸਨ।
 
ਸਟੋਰ
 
ਅਗਲੇ ਦਿਨ ਜਦੋਂ ਸਾਡੀ ਜਾਗ ਖੁਲ੍ਹੀ ਤਾਂ ਸੱਤੀ ਕੰਮ ਤੇ ਜਾ ਚੁਕਿਆ ਸੀ।ਸਵੇਰੇ ਸੱਤ ਵਜੇ ਵਾਲ ਸਟਰੀਟ ਲਈ ਬੱਸ ਮਿਲਦੀ ਹੈ ਇਸ ਲਈ ਸਾਢੇ ਛੇ ਵਜੇ ਘਰੋਂ ਨਿਕਲਣਾ ਪੈਂਦਾ ਹੈ।ਹਲਕੀ ਬਰਸਾਤ ਅਜੇ ਵੀ ਜਾਰੀ ਸੀ।ਪੰਜ ਦਿਨ ਸਾਡੇ ਲਈ ਕੋਈ ਖਾਸ ਰੁਝੇਵਾਂ ਨਹੀਂ ਸੀ।ਦਿਨ ਵੇਲੇ ਕਮਲ ਸਾਨੂੰ ਕਿਸੇ ਸਟੋਰ ਤੇ ਲੈ ਜਾਂਦੀ ਅਤੇ ਸ਼ਾਮ ਨੂੰ ਸੱਤੀ ਕਿਸੇ ਸਟੋਰ ਜਾਂ ਰੈਸਟੋਰੈਂਟ।ਬਾਕੀ ਦਾ ਦਿਨ ਸਾਡਾ ਜਸਲੀਨ ਨਾਲ ਖੇਡਦਿਆਂ ਜਾਂ ਇੰਟਰਨੈੱਟ ਤੇ ਬੈਠਿਆਂ ਨਿਕਲ ਜਾਂਦਾ।ਅਮਰੀਕਾ ਵਿਚ ਕਾਫੀ ਵਡੇ ਸ਼ਾਪਿੰਗ ਕੰਪਲੈਕਸ ਹਨ।ਹੁਣ ਭਾਵੇਂ ਪੰਜਾਬ ਵਿਚ ਵੀ ਮਾਲਜ਼ ਬਣ ਗਏ ਹਨ ਪਰ ਅਮਰੀਕਨ ਮਾਲਜ਼ ਅੱਗੇ ਤਾਂ ਇਹ ਤੁੱਛ ਹਨ।ਇਕ ਦਿਨ ਅਸੀਂ ਨਵਾਰਕ ਸ਼ਹਿਰ ਦੇ ਇਕ ਮਾਲ ਵਿਚ ਗਏ।ਕੰਪਨੀਆਂ ਦੇ ਆਊਟਲੈਟ ਹੋਣ ਕਾਰਣ ਇਥੇ ਕਾਫੀ ਭੀੜ ਰਹਿੰਦੀ ਹੈ।ਜਰਸੀ ਗਾਰਡਨ ਨਾਂ ਦਾ ਇਹ ਦੋ ਮੰਜ਼ਿਲਾ ਮਾਲ ਕਈ ਏਕੜਾਂ ਵਿਚ ਫੈਲਿਆ ਹੋਇਆ ਹੈ ਅਤੇ ਇਥੋਂ ਰੋਜ਼ਾਨਾ ਵਰਤੋਂ ਦੀ ਹਰ ਚੀਜ਼ ਮਿਲ ਜਾਂਦੀ ਹੈ।ਇਥੇ ਸਭ ਤੋਂ ਵਡੀ ਸਮੱਸਿਆ ਪਾਰਕਿੰਗ ਦੀ ਹੈ।ਸੱਤੀ ਅੱਧਾ ਘੰਟਾ ਪਾਰਕਿੰਗ ਵਿਚ ਘੁੰਮਦਾ ਰਿਹਾ ਪਰ ਕਾਰ ਖੜ੍ਹੀ ਕਰਨ ਨੂੰ ਜਗ੍ਹਾ ਨਹੀਂ ਮਿਲੀ।ਆਖਰ ਉਹ ਮੇਨ ਗੇਟ ਮੂਹਰੇ ਆ ਕੇ ਖੜ੍ਹ ਗਿਆ।ਇਕ ਗੋਰਾ ਗੋਰੀ ਬਾਹਰ ਨਿਕਲੇ ਤਾਂ ਸੱਤੀ ਨੇ ਕਾਰ ਉਨ੍ਹਾਂ ਦੇ ਮਗਰ ਤੋਰ ਲਈ।ਉਹ ਸਮਝ ਗਏ ਕਿ ਅਸੀਂ ਪਾਰਕਿੰਗ ਦੇ ਭੁੱਖੇ ਹਾਂ।ਉਹ ਗੋਰਾ ਹਸਦਾ ਹੋਇਆ ਸਾਡੇ ਕੋਲ ਆਇਆ ਤੇ ਆਪਣੀ ਕਾਰ ਦਾ ਨੰਬਰ ਅਤੇ ਜਗ੍ਹਾ ਦੱਸ ਕੇ ਸਾਨੂੰ ਉਥੇ ਪਹੁੰਚਣ ਲਈ ਕਿਹਾ।ਸੱਤੀ ਨੇ ਉਸਦਾ ਧੰਨਵਾਦ ਕਹਿੰਦਿਆਂ ਕਾਰ ਭਜਾ ਲਈ। ਇਸ ਤਰ੍ਹਾਂ ਸਾਨੂੰ ਜਗ੍ਹਾ ਮਿਲ ਗਈ।
Photo
ਲੇਖਕ ਆਪਣੀ ਪਤਨੀ ਅਤੇ ਜਸਲੀਨ ਨਾਲ ਇੱਕ ਸਟੋਰ ਵਿਚ
 
ਅਮਰੀਕਾ ਵਿਚ ਛੋਟੀਆਂ ਦੁਕਾਨਾਂ ਘੱਟ ਹਨ ਪਰ ਵਡੇ ਸਟੋਰ ਜ਼ਿਆਦਾ।ਹਰ ਇਕ ਚੀਜ਼ ਕਰੀਨੇ ਨਾਲ ਚਿਣ ਕੇ ਰੱਖੀ ਹੈ ਅਤੇ ਉਸ ਉਪਰ ਕੀਮਤ ਲਿਖੀ ਹੈ।ਕੋਈ ਸੌਦੇਬਾਜ਼ੀ ਨਹੀਂ।ਜਿਹੜੀ ਚੀਜ਼ ਚੰਗੀ ਲੱਗੇ ਜਾਂ ਮੁੱਲ ਪਸੰਦ ਆਵੇ ਉਹ ਚੁੱਕ ਕੇ ਆਪਣੀ ਟਰਾਲੀ ਵਿਚ ਰੱਖ ਲਵੋ।ਜ਼ਿਆਦਾ ਚੀਜ਼ਾਂ ਡੱਬਾਬੰਦ ਹੀ ਹੁੰਦੀਆਂ ਹਨ।ਕੁਝ ਸਬਜ਼ੀਆਂ ਗਿਣਤੀ ਦੇ ਹਿਸਾਬ ਨਾਲ।ਭਾਰ ਪੌਂਡ ਦੇ ਹਿਸਾਬ ਚਲਦਾ ਹੈ ਤੇ ਮਿਣਤੀ ਗੈਲਨ ਨਾਲ।ਜੂਸ ਜਾਂ ਕੋਲਡ ਡਰਿੰਕ ਵਾਂਗ ਦੁਧ ਵੀ ਪਲਾਸਟਿਕ ਦੀਆਂ ਬੋਤਲਾਂ ਵਿਚ ਮਿਲਦਾ ਹੈ।ਹਰ ਚੀਜ਼ ਸ਼ੁਧ ਹੁੰਦੀ ਹੈ।ਖਾਣ ਪੀਣ ਦਾ ਸਮਾਨ ਕਾਫੀ ਸਸਤਾ ਹੈ ਪਰ ਜਦ ਅਸੀਂ ਭਾਰਤੀ ਕਰੰਸੀ ਨਾਲ ਤੁਲਨਾ ਕਰਦੇ ਹਾਂ ਤਾਂ ਮਹਿੰਗਾ ਜਾਪਦਾ ਹੈ।ਜਿਵੇਂ ਇਕ ਮੂਲੀ ਦੀ ਕੀਮਤ ਸੱਤਰ ਰੁਪਏ।ਪਹਿਲਾਂ ਪਹਿਲ ਲੋਕਾਂ ਨੂੰ ਪੰਜਾਬੀ ਖਾਣਾ ਨਹੀਂ ਸੀ ਮਿਲਦਾ ਪਰ ਹੁਣ ਐਹੋ ਜਿਹੀ ਕੋਈ ਚੀਜ਼ ਨਹੀਂ ਜਿਹੜੀ ਨਾ ਮਿਲਦੀ ਹੋਵੇ।ਭਾਰਤੀ ਰੈਸਟੋਰੈਂਟ ਚਾਹੇ ਉਹ ਵੈਜੀਟੇਰੀਅਨ ਹੋਣ ਜਾਂ ਨਾਨ ਵੈਜ ਬਹੁਤ ਜ਼ਿਆਦਾ ਗਿਣਤੀ ਵਿਚ ਮਿਲਦੇ ਹਨ।ਡੋਸਾ ਖਾਣ ਲਈ ਅਸੀਂ ਇਕ ਗੁਜਰਾਤੀ ਦੇ ਰੈਸਟੋਰੈਂਟ ਤੇ ਜਾਂਦੇ।ਬਿਲਕੁਲ ਮਦਰਾਸੀ ਡੋਸੇ ਜਿਹਾ ਸਵਾਦ।ਵਾਧਾ ਇਹ ਕਿ ਉਸਨੇ ਸਾਂਭਰ ਦਾ ਟੂਟੀ ਵਾਲਾ ਕਨਟੇਨਰ ਭਰ ਕੇ ਰਖਿਆ ਸੀ ਤੇ ਨਾਲ ਡਿਸਪੋਜੇਬਲ ਕੱਪ। ਜਿੰਨਾ ਕਿਸੇ ਦਾ ਦਿਲ ਕਰੇ ਸਾਂਭਰ ਲੈ ਲਵੇ।ਡੋਸੇ ਦੀ ਕੀਮਤ ਹੈ ਸਾਢੇ ਚਾਰ ਡਾਲਰ।ਪਰ ਜਦ ਭਾਰਤੀ ਕਰੰਸੀ ਨਾਲ ਤੁਲਨਾ ਕਰਦੇ ਹਾਂ ਤਾਂ ਦੋ ਸੌ ਰੁਪਏ ਬਣ ਜਾਂਦੇ ਹਨ ਜੋ ਪੰਜਾਬ ਦੇ ਵੀਹ ਰੁਪਏ ਵਾਲੇ ਡੋਸੇ ਤੋਂ ਬਹੁਤ ਮਹਿੰਗਾ ਲਗਦਾ।
ਜੇ ਰੈਡੀਮੇਡ ਕਪੜੇ ਦਾ ਸਟੋਰ ਹੈ ਤਾਂ ਐਨਾ ਵਡਾ ਕਿ ਸਵੇਰ ਤੋਂ ਸ਼ਾਮ ਤੱਕ ਫਿਰਦੇ ਰਹੋ ਤਾਂ ਵੀ ਪੂਰਾ ਨਾ ਘੁੰਮਿਆਂ ਜਾਵੇ।ਅਲੱਗ ਅਲੱਗ ਉਮਰ ਜਾਂ ਵਰਗ ਲਈ ਅਲੱਗ ਸੈਕਸ਼ਨ ਬਣੇ ਹੋਏ ਹਨ।ਉਥੇ ਰਹਿਣ ਵਾਲਿਆਂ ਨੂੰ ਇਹ ਜਾਣਕਾਰੀ ਹੋ ਜਾਂਦੀ ਹੈ ਕਿ ਕਿਹੜੀ ਚੀਜ਼ ਕਿਹੜੇ ਪਾਸਿਉਂ ਮਿਲ ਸਕਦੀ ਹੈ।ਇਕ ਸਟੋਰ ਇਮਾਰਤਸਾਜ਼ੀ ਨਾਲ ਸੰਬੰਧਿਤ ਹੈ।ਕਰੀਬ ਇਕ ਏਕੜ ਵਿਚ ਫੈਲੇ ਇਸ ਸਟੋਰ ਵਿਚ ਘਰ ਬਣਾਉਣ ਦੀ ਹਰ ਚੀਜ਼ ਮਿਲਦੀ ਹੈ।ਚਾਹੇ ਉਹ ਲੱਕੜ ਹੋਵੇ, ਕਾਂਡੀ ਕਿੱਲ ਜਾਂ ਹਥੌੜੀ।ਅਲੱਗ ਅਲੱਗ ਮਿਣਤੀ ਦੇ ਫੱਟੇ ਕੱਟੇ ਹੋਏ ਮਿਲ ਜਾਂਦੇ ਹਨ।ਭਾਵੇਂ ਸਾਰਾ ਦਿਨ ਸਟੋਰ ਵਿਚ ਫਿਰਦੇ ਰਹੋ ਕੋਈ ਨਹੀਂ ਰੋਕਦਾ।ਮੇਜ਼ ਕੁਰਸੀਆਂ ਮੰਜੇ ਸਭ ਬਣੇ ਬਣਾਏ ਡੱਬੇ ਵਿਚ ਬੰਦ ਮਿਲ ਜਾਂਦੇ ਹਨ।ਘਰ ਲਿਜਾ ਕੇ ਨਟ ਬੋਲਟ ਕਸ ਦਿਉ, ਬਸ ਤੁਹਾਡੀ ਪਸੰਦ ਦੀ ਚੀਜ਼ ਤਿਆਰ।
Photo
ਲੇਖਕ ਦੀ ਪਤਨੀ ਸਤਵਿੰਦਰ ਜਰਸੀ ਗਾਰਡਨ ਮਾਲ ਵਿੱਚ
 
ਜੇ ਕੋਈ ਪੀਣ ਦਾ ਸ਼ੋਕੀਨ ਹੈ ਤਾਂ ਉਸ ਲਈ ਵਡੇ ਵਡੇ ਲਿਕਰ ਸਟੋਰ ਹਨ ਜਿਨ੍ਹਾਂ ਵਿਚ ਹਰ ਤਰ੍ਹਾਂ ਦੀ ਵਿਸਕੀ, ਵਾਈਨ ਅਤੇ ਬੀਅਰ ਮਿਲਦੀ ਹੈ।ਇਨ੍ਹਾਂ ਸਟੋਰਾਂ ਵਿਚ ਹਰ ਦੇਸ ਅਤੇ ਹਰ ਕਿਸਮ ਦੀ ਸ਼ਰਾਬ ਮਿਲਦੀ ਹੈ।ਮੈਂ ਇਕ ਬੋਤਲ ਦੋ ਹਜ਼ਾਰ ਨੌਂ ਸੌ ਡਾਲਰ ਦੀ ਵੀ ਦੇਖੀ।ਲਗਭਗ ਇਕ ਲੱਖ ਪੈਂਤੀ ਹਜ਼ਾਰ ਰੁਪਏ।ਸ਼ੁਕੀਨ ਬੰਦਿਆਂ ਲਈ ਇਕ ਬੰਧੇਜ ਹੈ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਦੀ ਮਨਾਹੀ ਹੈ।ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਤਾਂ ਉਸਦਾ ਚਲਾਨ ਤਾਂ ਹੋਵੇਗਾ ਹੀ ਨਾਲ ਮੁਜਰਮਾਨਾ ਗਲਤੀ ਦਾ ਕੇਸ ਵੀ ਦਰਜ਼ ਹੋ ਜਾਵੇਗਾ।ਕਾਰ ਤੋਂ ਬਿਨਾਂ ਹਰ ਬੰਦਾ ਅਧੂਰਾ ਹੈ।ਇਸ ਲਈ ਹਰ ਆਦਮੀ ਕਨੂੰਨ ਤੋਂ ਡਰਦਾ ਹੈ।
ਸਟੋਰਾਂ ਵਿਚ ਮਨੀ ਬੈਕ ਗਰੰਟੀ ਹੈ।ਜੇ ਤੁਸੀਂ ਕੋਈ ਚੀਜ਼ ਲੈ ਲਈ ਪਰ ਤੁਹਾਨੂੰ ਘਰ ਜਾ ਕੇ ਪਸੰਦ ਨਹੀਂ ਆਈ ਤਾਂ ਕੋਈ ਗੱਲ ਨਹੀਂ।ਇਕ ਮਹੀਨੇ ਜਾਂ ਜਿੰਨਾਂ ਚਿਰ ਦੀ ਗਰੰਟੀ ਹੈ ਉਨੇ ਚਿਰ ਤਕ ਤੁਸੀਂ ਉਸਨੂੰ ਮੋੜ ਕੇ ਆਪਣੇ ਪੈਸੇ ਵਾਪਸ ਲੈ ਸਕਦੇ ਹੋ।ਇਸ ਲਈ ਇਕ ਕਾਊਂਟਰ ਅਲੱਗ ਬਣਿਆਂ ਹੁੰਦਾ ਹੈ।ਕੋਈ ਇਹ ਨਹੀਂ ਪੁਛਦਾ ਕਿ ਇਹ ਚੀਜ਼ ਪਸੰਦ ਕਿਉਂ ਨਹੀਂ ਆਈ, ਵਰਤੀ ਹੈ ਜਾਂ ਨਹੀਂ।ਬਸ ਚੀਜ਼ ਫੜ੍ਹ ਕੇ ਤਰੀਕ ਦੇਖਣਗੇ ਤੇ ਪੈਸੇ ਵਾਪਸ।

ਇਕ ਲੱਖ ਪੈਂਤੀ ਹਜ਼ਾਰ ਦੀ ਬੋਤਲ
ਜਸਲੀਨ ਦੇ ਟੀਕਾ ਲੱਗਣ ਦੀ ਤਾਰੀਖ ਆ ਗਈ।ਇਨ੍ਹਾਂ ਦਾ ਪਰਿਵਾਰਕ ਡਾਕਟਰ ਗੁਜਰਾਤੀ ਹੈ।ਅਸੀਂ ਉਸਦੇ ਕਲੀਨਕ ਤੇ ਗਏ ਤਾਂ ਡਾਕਟਰ ਪਟੇਲ ਸਾਨੂੰ ਬਹੁਤ ਹੀ ਪੁਰਖ਼ਲੂਸ ਤਰੀਕੇ ਨਾਲ ਮਿਲਿਆ।ਅਮਰੀਕਾ ਵਿਚ ਬੀਮਾ ਬਹੁਤ ਜ਼ਰੂਰੀ ਹੈ।ਇਲਾਜ ਦੇ ਖਰਚ ਐਨੇ ਜ਼ਿਆਦਾ ਹਨ ਕਿ ਆਦਮੀ ਸਹਿਣ ਨਹੀਂ ਕਰ ਸਕਦਾ।ਅਸੀਂ ਵੀ ਜਾਣ ਤੋਂ ਪਹਿਲਾਂ ਆਪਣਾ ਬੀਮਾ ਕਰਵਾ ਲਿਆ ਸੀ , ਕੀ ਪਤਾ ਲਗਦਾ ਕਦੋਂ ਲੋੜ ਪੈ ਜਾਵੇ।ਹਰ ਯਾਤਰੀ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣਾ ਬੀਮਾ ਕਰਵਾ ਕੇ ਹੀ ਜਾਵੇ।ਵੈਸੇ ਤਾਂ ਮਹੀਨਿਆਂ ਦੇ ਹਿਸਾਬ ਨਾਲ ਉਧਰ ਜਾ ਕੇ ਵੀ ਪਾਲਿਸੀ ਲਈ ਜਾ ਸਕਦੀ ਹੈ ਜੋ ਸੌ ਡਾਲਰ ਮਹੀਨੇ ਦੀ ਦਰ ਨਾਲ ਮਿਲ ਜਾਂਦੀ ਹੈ ਪਰ ਇਧਰੋਂ ਕਰਵਾ ਕੇ ਜਾਇਆ ਜਾਵੇ ਤਾਂ ਠੀਕ ਰਹਿੰਦਾ ਹੈ।ਅਮਰੀਕਾ ਵਿਚ ਬਿਜਲੀ, ਗੈਸ, ਪ੍ਰਸਾਰਣ ਸੇਵਾ, ਸੜਕਾਂ ਆਦਿ ਮਹਿਕਮੇ ਨਿੱਜੀ ਹਨ।ਇਹੀ ਕਾਰਣ ਹੈ ਕਿ ਹਰ ਸੇਵਾ ਬਿਲਕੁਲ ਦਰੁਸਤ ਮਿਲਦੀ ਹੈ।
ਸੜਕਾਂ ਤਕਰੀਬਨ ਚਾਰ ਮਾਰਗੀ ਹਨ ਅਤੇ ਹਾਈ-ਵੇ ਤੇ ਛੇ ਜਾਂ ਅੱਠ ਮਾਰਗੀ।ਗਤੀ ਸੀਮਾ ਦਾ ਪਾਲਣ ਕਰਨਾ ਜ਼ਰੂਰੀ ਹੈ।ਪੁਲਿਸ ਮਹਿਕਮੇ ਦੀ ਬਾਜ ਅੱਖ ਹਰ ਵੇਲੇ ਟਰੈਫਿਕ ਤੇ ਰਹਿੰਦੀ ਹੈ।ਚੌਂਕਾਂ ਵਿਚ ਕੈਮਰੇ ਲੱਗੇ ਹਨ। ਜੇ ਗਲਤੀ ਕੀਤੀ ਤਾਂ ਫੋਟੋ ਸਮੇਤ ਚਲਾਨ ਘਰ ਆ ਜਾਵੇਗਾ।ਸੱਤੀ ਨੇ ਟੋਲ ਟੈਕਸ ਵਾਸਤੇ ਇਜ਼ੀ ਪੇ ਲਿਆ ਹੋਇਆ ਹੈ।ਇਹ ਇਕ ਛੋਟੀ ਜਿਹੀ ਡੱਬੀ ਹੈ ਜੋ ਸੈਂਸਰ ਨਾਲ ਕੰਮ ਕਰਦੀ ਹੈ। ਇਸ ਨਾਲ ਕਾਰ ਰੋਕਣ ਦੀ ਲੋੜ ਨਹੀਂ ਪੈਂਦੀ।ਆਪਣੀ ਪੂਰੀ ਗਤੀ ਨਾਲ ਬੈਰੀਅਰ ਤੋਂ ਲੰਘ ਜਾਵੋ, ਬੈਰੀਅਰ ਦਾ ਸੈਂਸਰ ਆਪਣੇ ਆਪ ਖਾਤੇ ਵਿਚੋਂ ਟੋਲ ਕੱਟ ਲਵੇਗਾ।ਇਕ ਦਿਨ ਕਿਸੇ ਨਾਕੇ ਤੇ ਟੋਲ ਨਾ ਕੱਟਿਆ ਗਿਆ ਤਾਂ ਤੀਜੇ ਦਿਨ ਡਾਕ ਵਿਚ ਨੰਬਰ ਪਲੇਟ ਦੀ ਫੋਟੋ ਸਮੇਤ ਚਲਾਨ ਘਰ ਆ ਗਿਆ।ਇਕ ਡਾਲਰ ਟੋਲ ਅਤੇ ਪੱਚੀ ਡਾਲਰ ਜੁਰਮਾਨਾ ਲਗਾ ਕੇ ਛੱਬੀ ਡਾਲਰ ਜਮ੍ਹਾਂ ਕਰਵਾਣ ਲਈ ਲਿਖਿਆ ਸੀ।ਗਲਤੀ ਸੱਤੀ ਦੀ ਨਹੀਂ ਸੀ। ਉਸਨੇ ਇੰਟਰਨੈੱਟ ਤੇ ਕੰਪਨੀ ਨੂੰ ਮੇਲ ਕੀਤੀ ਕਿ ਮੈਂ ਤਾਂ ਇਜ਼ੀ ਪੇ ਰਾਹੀਂ ਟੋਲ ਅਦਾ ਕਰਦਾ ਹਾਂ।ਪੰਦਰਾਂ ਮਿੰਟ ਬਾਅਦ ਹੀ ਜਵਾਬ ਆ ਗਿਆ ਕਿ ਆਪਦੇ ਖਾਤੇ ਵਿਚੋਂ ਇਕ ਡਾਲਰ ਕੱਟ ਲਿਆ ਹੈ ਤੇ ਪੱਚੀ ਡਾਲਰ ਮੁਆਫ ਹਨ।ਹਰ ਗੱਲ ਦੀ ਪੂਰੀ ਸੁਣਵਾਈ ਹੈ।ਇਹੋ ਜਿਹੀਆਂ ਗੱਲਾਂ ਚੰਗੀਆਂ ਤਾਂ ਲਗਦੀਆਂ ਹੀ ਸਨ ਪਰ ਨਾਲ ਹੀ ਸਾਡੇ ਮਾੜੇ ਸਿਸਟਮ ਦੀ ਯਾਦ ਵੀ ਦਿਵਾਉਂਦੀਆਂ ਸਨ।
 
ਚਲਦਾ ...