ਪਿੰਕੀ ਭਾਰਤ ਤੋਂ ਵਿਆਹ ਕਰਵਾ ਕੇ ਵਾਪਿਸ ਪਰਤ ਆਈ ਸੀ।ਵਿਆਹ ਤੋਂ ਬਾਅਦ ਕੁੜੀਆਂ ਤੇ ਜੋ ਰੂਪ ਚੜ੍ਹਦਾ ਹੈ,ਉਸ ਨੂੰ ਨਹੀਂ ਸੀ ਚੜਿਆ।ਵਾਪਿਸ ਆਉਣ ਸਾਰ ਉਸ ਨੇ ਗਹਿਣੇ ਗੱਟੇ ਤੇ ਬਿੰਦੀਆਂ ਚੂੜੇ ਲਾਹ,ਵਗਾਹ ਮਾਰੇ ਸਨ।ਉਹ ਤਾਂ ਸਗੋਂ ਪਹਿਲਾਂ ਨਾਲੋਂ ਵੀ ਮੁਰਝਾ ਗਈ ਸੀ।ਕੀ ਹੋ ਗਿਆ ਸੀ ਉਸ ਨੂੰ?
ਉਹ ਮੈਨੂੰ ਉਦੋਂ ਤੋਂ ਹੀ ਜਾਣਦੀ ਸੀ,ਜਦੋਂ ਉਸ ਨੇ ਤਿੰਨ ਸਾਲ ਪਹਿਲਾਂ ਯੌਰਕ ਯੂਨੀਵਰਸਿਟੀ,ਚਾਈਲਡ ਸਾਈਕਾਲੋਜੀ ਵਿੱਚ ਦਾਖਲਾ ਲਿਆ ਸੀ।ਉਦੋਂ ਉਹ ਮੇਰੇ ਕੋਲ ਡ੍ਰਾਈਵਿੰਗ ਦੇ ਲੈਸਨ ਲੈਣ ਆਈ ਸੀ।ਭਾਰਤ ਜਾਕੇ ਵਿਆਹ ਕਰਵਾਉਣ ਤੋਂ ਬਾਅਦ ਉਹ ਹਾਈਵੇਅ ਦਾ ਟੈਸਟ ਪਾਸ ਕਰਨ ਲਈ ਇੱਕ ਦਮ ਕਾਹਲੀ ਪੈ ਗਈ ਸੀ।ਪਹਿਲਾਂ ਵੀ ਉਹ ਮੇਰੇ ਨਾਲ ਆਪਣੇ ਪਰਿਵਾਰ ਅਤੇ ਜੀਵਨ ਦੀਆਂ ਸਾਰੀਆਂ ਗੱਲਾਂ ਸਾਝੀਂਆਂ ਕਰ ਲੈਂਦੀ ਸੀ।ਮੈਨੂੰ ਲੱਗਦਾ ਸੀ ਕੇ ਜੇ ਮੈਂ ਹੁਣ ਵੀ ਕੋਈ ਗੱਲ ਛੇੜੀ ਤਾਂ ਉਹ ਸਾਰਾ ਕੁੱਝ ਦੱਸ ਦੇਵੇਗੀ।
ਉਸ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਉਹ ਗਿਆਰਾਂ ਕੁ ਸਾਲ ਦੀ ਸੀ,ਉਸ ਦੀ ਵੱਡੀ ਭੈਣ ਨੇ ਉਨ੍ਹਾਂ ਨੂੰ ਸਪਾਂਸਰ ਕੀਤਾ ਸੀ।ਜੋ ਆਪ ਕਿਸੇ ਹੱਸਪਤਾਲ ਵਿੱਚ ਨਰਸ ਹੈ ਅਤੇ ਉਸ ਦਾ ਪਤੀ ਇੱਕ ਡਾਕਟਰ ਹੈ।ਪਿੰਕੀ ਦੇ ਮਾਤਾ ਪਿਤਾ ਉਸ ਨੂੰ ਭੈਣ ਕੋਲ ਕਨੇਡਾ ਛੱਡ ਕੇ ਵਾਪਿਸ ਭਾਰਤ ਮੁੜ ਗਏ ਸਨ।ਏਥੇ ਉਨ੍ਹਾਂ ਦਾ ਦਿਲ ਨਹੀਂ ਸੀ ਲੱਗਿਆ।
ਉਹ ਨੇ ਇਹ ਵੀ ਦੱਸਿਆ ਸੀ ਕਿ ਉਸਦੇ ਪਾਪਾ ਆਈ: ਏ: ਐੱਸ: ਆਫੀਸਰ ਰਿਟਾਇਰ ਹੋਏ ਸਨ ਤੇ ਮੰਮੀ ਟੀਚਰ ਸੀ।ਮੰਡੀ ਗੋਬਿੰਦਗੜ ਉਨ੍ਹਾਂ ਦੀ ਬਹੁਤ ਵੱਡੀ ਕੋਠੀ ਹੈ,ਨੌਕਰ ਚਾਕਰ ਸਨ।ਵੱਡੇ ਲੋਕਾਂ ਨਾਲ ਸਬੰਧ ਸਨ।ਮਹੱਲੇ ਦੇ ਲੋਕ ਉਨ੍ਹਾਂ ਦੀ ਬੇਹੱਦ ਇੱਜਤ ਕਰਦੇ ਹਨ।ਪਰ ਕਨੇਡਾ ਆਕੇ ਉਨ੍ਹਾਂ ਦੇ ਮੰਮੀ ਪਾਪਾ ਦੀ ਸਖਸ਼ੀਅਤ ਸੁੰਗੜ ਗਈ ਸੀ।ਉਹ ਘਰ ਵਿੱਚ ਕੈਦ ਹੋ ਗਏ ਸਨ ਅਤੇ ਰਿਸ਼ਤਿਆਂ ਵਿੱਚ ਠੰਢ ਭਰ ਗਈ ਸੀ।ਤਾਂ ਉਨ੍ਹਾਂ ਵਾਪਿਸ ਮੁੜਨਾ ਹੀ ਮੁਨਾਸਬ ਸਮਝਿਆ ਸੀ।ਹੁਣ ਉਹ ਸਾਲ ਦੋ ਸਾਲ ਬਾਅਦ ਕਨੇਡਾ ਗੇੜਾ ਜਰੂਰ ਮਾਰ ਜਾਂਦੇ ਹਨ।
ਉਸ ਨੇ ਇਹ ਵੀ ਦੱਸਿਆ ਕਿ ਕਈ ਵਾਰੀ ਉਸਦਾ ਪਿਤਾ ਸੋਚਦਾ ਵੀ ਕਿ ਉਸਦੇ ਸਿਰਫ ਦੋ ਧੀਆਂ ਹੀ ਸਨ ਉਸ ਨੇ ਕਨੇਡਾ ਕਿਉਂ ਤੋਰ ਦਿੱਤੀਆਂ?ਜਦ ਕਿ ਸਾਰਾ ਕੁੱਝ ਉਨਾਂ ਪਾਸ ਸੀ।ਤਾਂ ਬੱਸ ਕਨੇਡਾ ਦੀ ਕਰੇਜ਼ ਤੋਂ ਬਿਨਾਂ ਉਸ ਨੂੰ ਕੁੱਝ ਵੀ ਸਮਝ ਨਾ ਪੈਂਦਾ।
ਏਸੇ ਤਰ੍ਹਾਂ ਬਹੁਤ ਸਾਰੇ ਸਿੱਖਿਆਰਥੀ ਕਾਰ ਸਿੱਖਣ ਦੇ ਨਾਲ ਨਾਲ,ਮੇਰੇ ਕੋਲ ਨਿੱਜੀ ਗੱਲਾਂ ਵੀ ਸਾਝੀਆਂ ਕਰ ਲੈਂਦੇ।ਵੱਡੀ ਉਮਰ ਦੇ ਆਏ ਵੀ ਘਰੇਲੂ ਸਮੱਸਿਆਵਾਂ ਛੋਹ ਲੈਂਦੇ।ਕਈ ਵਾਰ ਇਨਸਟਕਟਰ ਤੇ ਸਟੂਡੈਂਟ ਵਾਲਾ ਰਿਸ਼ਤਾ ਦੋਸਤੀ ਵਿੱਚ ਬਦਲ ਜਾਂਦਾ।ਪੰਜਾਬੀ,ਬੰਗਾਲੀ,ਗੁਜਰਾਤੀ,ਨਿਪਾਲੀ ਲੋਕਾਂ ਦੇ ਨਾਲ ਨਾਲ ਮੇਰੇ ਪਾਸ ਪਾਕਿਸਤਾਨੀ,ਰੂਸੀ,ਇਰਾਨੀ,ਬੰਗਲਾਦੇਸੀ,ਸ਼੍ਰੀਲੰਕਨ ਅਤੇ ਕਈ ਹੋਰ ਦੇਸ਼ਾਂ ਦੇ ਵਿਦਿਆਰਥੀ ਹੁੰਦੇ।ਸੱਭਿਆਚਾਰ ਭਾਂਵੇਂ ਵੱਖੋ ਵੱਖਰੇ ਸਨ,ਪਰ ਸਮੱਸਿਆਵਾਂ ਸਭ ਦੀਆਂ ਇੱਕੋ ਜਿਹੀਆਂ ਸਨ।ਉਨ੍ਹਾਂ ਨੂੰ ਸੁਣਨ ਵਾਲਾ ਕੋਈ ਨਹੀਂ ਸੀ।ਮਾਪੇ,ਭੈਣ ਭਰਾ,ਦੋਸਤ ਮਿੱਤਰ,ਰਿਸ਼ਤੇਦਾਰ ਸਭ ਆਪੋ ਆਪਣੇ ਕੰਮਾਂ ਵਿੱਚ ਬਿਜ਼ੀ ਸਨ।ਮੇਰੇ ਕੋਲ ਦਿਲ ਦੀਆਂ ਗੱਲਾਂ ਕਰ,ਉਹ ਮਨ ਦਾ ਬੋਝ ਹੌਲਾ ਕਰ ਲੈਂਦੇ।
ਪਿੰਕੀ ਨੇ ਵੀ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸਨ।ਪਿੰਕੀ ਦੀਆਂ ਯੂਨੀਵਰਸਿਟੀ ਵਿੱਚ ਹੋਰ ਵੀ ਸਹੇਲੀਆਂ ਸਨ ਜੋ ਇਕੱਠੀਆਂ ਰਲ ਕੇ ਅਸਾਈਨਮੈਂਟਸ ਪੂਰੀਆਂ ਕਰਦੀਆਂ।ਥੀਏਟਰ ਵਿੱਚ ਫਿਲਮ ਵੇਖਣ ਜਾਂ ਕੋਈ ਸੰਗੀਤ ਪ੍ਰੋਗਰਾਮ ਸੁਣਨ ਜਾਂਦੀਆਂ ਤੇ ਜਾਂ ਫਿਰ ਕਿਸੇ ਪਾਰਟੀ ਤੇ ਜਾ,ਡਾਂਸ ਵਗੈਰਾ ਕਰਦੀਆਂ।ਸਹੇਲੀਆਂ ਉਸ ਦੀ ਹਰ ਗੱਲ ਨੂੰ ਬਹੁਤ ਲਾਈਟਲੀ ਲੈਂਦੀਆਂ ਤੇ ਕਈ ਵਾਰ ਮਜ਼ਾਕ ਵਿੱਚ ਵੀ ਉਡਾ ਦਿੰਦੀਆਂ।ਭੈਣ ਅਤੇ ਜੀਜੇ ਕੋਲ ਤਾਂ ਵਕਤ ਹੀ ਨਹੀਂ ਸੀ ਹੁੰਦਾ।ਮਾਂ ਪਿਉਂ ਭਾਰਤ ਸਨ।ਫੇਰ ਉਹ ਗੰਭੀਰ ਗੱਲਾਂ ਕਿਸ ਨਾਲ ਕਰਦੀ?
ਇੱਕ ਦਿਨ ਉਸ ਨੇ ਦੱਸਿਆ ਕਿ ਉਸ ਦਾ ਇੱਕ ਬੁਆਏ ਫਰੈਂਡ ਵੀ ਹੈ।ਪਰ ਹੈ ਉਹ ਪਾਕਿਸਤਾਨੀ।ਉਦਾਂ ਰੰਧਾਵੇ ਜੱਟ ਹਨ।ਲਹੌਰ ਕੋਲ ਉਨ੍ਹਾਂ ਦਾ ਪਿੰਡ ਹੈ।ਉਸ ਦਾ ਪਿਤਾ ਖੇਤੀ ਕਰਦਾ ਹੈ ਤੇ ਭਾਈ ਕਿਸੇ ਚੰਗੀ ਨੌਕਰੀ ਤੇ ਹੈ।ਆਪ ਉਹ ਕਨੇਡਾ ਵਿੱਚ ਸਟੂਡੈਂਟ ਵੀਜ਼ੇ ਤੇ ਆਇਆ ਹੈ।ਤੇ ਅੱਜ ਕੱਲ ਆਪਣੇ ਮਾਮੂ ਕੋਲ ਰਹਿੰਦਾ ਹੈ।ਉਸ ਨੇ ਦੱਸਿਆ ਕਿ “ਅਰਸ਼ਦ ਹੈ ਬਹੁਤ ਚੰਗਾ ਹੈ”।ਬਿਲਕੁੱਲ ਮੇਰ ਖਿਆਲਾਂ ਦਾ...”
ਪਿੰਕੀ ਰੋਜ਼ ਹੀ ਅਰਸ਼ਦ ਦੀ ਗੱਲ ਤੋਰ ਲੈਂਦੀ ਕਿ ਅਰਸ਼ਦ ਆਹ ਤੇ ਅਰਸ਼ਦ ਉਹ...।ਉਹ ਦੱਸ ਰਹੀ ਸੀ ਕਿ “ਉਸ ਨੂੰ ਏਨੇ ਚੁਟਕਲੇ ਆਂਉਦੇ ਨੇ ਕਿ ਹਸਾ ਹਸਾ ਢਿੱਡੀਂ ਪੀੜਾਂ ਪੁਆ ਦਿੰਦਾ ਹੈ”।ਉਸ ਨੇ ਇਹ ਵੀ ਦੱਸਿਆ ਕਿ ਪਿਛਲੇ ਵੈਲਇਨਟਾਈਨ ਨੂੰ ਉਹ ਪਹਿਲੀ ਵਾਰ ਉਸ ਨਾਲ ‘ਡੇਟ’ ਤੇ ਗਈ ਸੀ।ਫੇਰ ਤਾਂ ਉਹ ਉਸ ਨਾਲ ਹਰ ਦੂਜੇ ਤੀਜੇ ਦਿਨ ਬਾਹਰ ਚਲੀ ਜਾਂਦੀ ਸੀ।ਪਿੰਕੀ ਉਸ ਨੂੰ ਬੇਹੱਦ ਚਾਹੁੰਦੀ ਸੀ।
ਉਦੋਂ ਮੈਂ ਚਿੰਤਤ ਹੋ ਕੇ ਉਸ ਨੂੰ ਪੁੱਛਿਆ ਸੀ ਕਿ “ਪਿੰਕੀ ਤੇਰੇ ਘਰ ਦੇ ਉਸ ਨਾਲ ਤੇਰਾ ਵਿਆਹ ਕਰਨਾ ਮੰਨ ਜਾਣਗੇ।ਤਾਂ ਉਹ ਬੋਲੀ “ਪਾਪਾ ਨੂੰ ਪੁੱਛਾਂਗੀ।ਪਰ ਅਜੇ ਡਰ ਲੱਗਦਾ ਹੈ,ਸ਼ਾਇਦ ਮੁਸਲਮ ਕਰਕੇ ਨਾ ਕਰਨ”।ਫਿਰ ਉਹ ਆਪ ਹੀ ਕਹਿੰਦੀ ਨਾਂ “ਪਾਪਾ ਇਉਂ ਤਾਂ ਨੀ ਕਰਦੇ ਪੜ੍ਹੇ ਲਿਖੇ ਨੇ।ਮੈਨੂੰ ਐਨਾ ਪਿਆਰ ਵੀ ਕਰਦੇ ਨੇ।ਨਾਲੇ ਉਨ੍ਹਾਂ ਆਪ ਵੀ ਤਾਂ ਅਠਾਈ ਸਾਲ ਪਹਿਲਾਂ ਮੰਮੀ ਨਾਲ ਲਵ ਮੈਰਿਜ਼ ਕਰਵਾਈ ਸੀ”।ਫੇਰ ਉਹ ਸੋਚੀਂ ਪੈ ਜਾਂਦੀ।
ਕਦੇ ਉਦਾਸ ਹੁੰਦੀ ਪਿੰਕੀ ਕਹਿੰਦੀ “ਪਾਪਾ ਨਾਲ ਗੱਲ ਕਿਵੇਂ ਕਰਾਂ?”
ਮੈਂ ਜਵਾਬ ਦਿੰਦਾ, “ਪਿੰਕੀ ਜੇ ਇਸ ਰਿਸ਼ਤੇ ਵਿੱਚ ਅੱਗੇ ਵਧਣਾ ਏਂ ਤਾਂ ਜਿੰਨੀ ਛੇਤੀ ਹੋ ਸਕਦਾ ਏ ਗੱਲ ਤੋਰ ਲੈ।ਇਹ ਨਾ ਹੋਵੇ ਕਿ ਤੂੰ ਐਨੀ ਅੱਗੇ ਲੰਘ ਜਾਵੇਂ ਫੇਰ ਪਿੱਛੇ ਮੁੜਨਾ ਔਖਾ ਹੋ ਜਾਵੇ”
ਮੇਰੀ ਗੱਲ ਮੰਨ ਉਸ ਨੇ ਆਪਣੇ ਪਾਪਾ ਨੂੰ ਉਸੇ ਦਿਨ ਫੋਨ ਲਗਾ ਦਿੱਤਾ ਸੀ, “ਪਾਪਾ ਮੇਰੇ ਲਈ ਇੰਡੀਆ ‘ਚ ਮੁੰਡਾ ਨਾ ਦੇਖਿਉ।ਮੈਂ ਇਸ ਵਾਰ ਇੰਡੀਆ ਆਵਾਂਗੀ ਜਰੂਰ,ਪਰ ਵਿਆਹ ਨਹੀਂ ਕਰਵਾਵਾਂਗੀ।ਉਹ ਮੈਂ ਕਨੇਡਾ ਹੀ ਕਰਵਾਂਵਾਂਗੀ।ਮੁੰਡਾ ਮੈਂ ਡੀਸਾਈਡ ਕਰ ਲਿਆ ਹੈ”
ਸੁਣਕੇ ਉਸਦੇ ਪਾਪਾ ਮੁੰਡੇ ਬਾਰੇ ਜਾਨਣ ਲਈ ਬੇਹੱਦ ਉਤੇਜਤ ਹੋ ਗਏ ਤੇ ਬੋਲੇ “ਅੱਛਾ ਹੁਣ ਮੇਰੀ ਬੇਟੀ ਐਨੀ ਸਿਆਣੀ ਹੋ ਗਈ ਹੈ ਕਿ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈ ਸਕਦੀ ਆ” ਤੇ ਫੇਰ ਉਨਾਂ ਸਵਾਲਾਂ ਦੀ ਝੜੀ ਹੀ ਲਾ ਦਿੱਤੀ।“ਕੀ ਮੁੰਡਾਂ ਸਿੱਖਾਂ ਦਾ ਹੈ?ਜੱਟ ਹੈ?ਜ਼ਮੀਨ ਕਿੰਨੀ ਆਂਉਦੀ ਹੈ ਪਿੱਛੇ...?ਕੀ ਪੜ੍ਹਦਾ ਹੈ?ਜਾਂ ਨੌਕਰੀ ਕਰਦਾ ਹੈ?”
ਪਿੰਕੀ ਨੇ ਲੰਬਾ ਸਾਹ ਲੈ ਕੇ ਕਿਹਾ ਸੀ, “ਪਾਪਾ ਸਿੱਖ ਨਹੀਂ ਮੁਸਲਮ ਹੈ।ਹਾਂ ਜੱਟ ਜਰੂਰ ਹੈ ਟੋਰਾਂਟੋ ਸਟੂਡੈਂਟ ਵੀਜ਼ੇ ਤੇ ਹੈ।ਮੇਰੇ ਨਾਲ ਹੀ ਯੂਨੀਵਰਸਿਟੀ ਵਿੱਚ ਆ...”
ਹਰਗੁਰਲਾਲ ਨੂੰ ਜਿਵੇਂ ਕਰੰਟ ਵੱਜਿਆ।ਖੂਨ ਉਬਾਲੇ ਖਾਣ ਲੱਗਿਆ।ਅੰਦਰ ਸੁੱਤਾ ਅੱਖੜ ਜੱਟ ਜਾਗ ਪਿਆ।ਪਿਆਰ ਦੀ ਪਰਿਭਾਸ਼ਾ ਧੁੰਦਲੀ ਪੈ ਗਈ,ੳੋਹ ਭੁੜਕਿਆ “ਤੇਰਾ ਦਿਮਾਗ ਤਾਂ ਠੀਕ ਆ...ਮੈਂ ਐਨਾ ਮਾਡਰਨ ਵੀ ਨਹੀਂ ਕਿ ਇੱਕੋ ਛਾਲ ਨਾਲ ਸਭ ਹੱਦਾਂ ਬੰਨੇ ਟੱਪ ਜਾਵਾਂ।ਮੁਸਲਮ ਆ,ਪਾਕਿਸਤਾਨੀ ਆ..ਮੈਂ ਭਾਈਚਾਰੇ ‘ਚ ਕੀ ਮੂੰਹ ਦਿਖਾਵਾਂਗਾ?ਤੂੰ ਮੁਸਲਮਾਨ ਤੇ ਯਕੀਨ ਕਿਵੇਂ ਕਰ ਲਿਆ...।ਉਸ ਦੇ ਅੰਦਰ ਸੁੱਤਾ ਸਿੱਖ ਵੀ ਜਾਗ ਪਿਆ ਸੀ।ਉਹ ਕੜਕਿਆ “ਕਿਉਂ ਮੈਨੂੰ ਜੀਂਦੇ ਜੀ ਮਾਰਨ ਲੱਗੀ ਏਂ?ਇਹ ਕਹਾਣੀ ਏਥੇ ਹੀ ਖਤਮ ਕਰ ਦੇ।ਕੋਈ ਫਾਇਦਾ ਨਹੀਂ ਅੱਗੇ ਵਧਾਉਣ ਦਾ...” ਪਿੰਕੀ ਨੇ ਆਪਣੇ ਪਾਪਾ ਦਾ ਇਹ ਰੂਪ ਪਹਿਲੀ ਵਾਰ ਦੇਖਿਆ ਸੀ।ਜਿਵੇਂ ਉਦੇ ਪਾਪਾ ਨੇ ਠੱਕ ਦੇ ਕੇ ਫੋਨ ਮਾਰਿਆ ਸੀ ਉਹ ਠੱਕ ਠੱਕ ਕਈ ਦਿਨ ਉਸਦੇ ਦਿਮਾਗ ਵਿੱਚ ਵੱਜਦੀ ਰਹੀ।
ਫੇਰ ਪਿੰਕੀ ਕਈ ਦਿਨ ਰੋਂਦੀ ਰਹੀ ਸੀ।ਉਸ ਨੇ ਦੱਸਿਆ ਸੀ ਕਿ ਨਾਂ ਤਾਂ ਉਸ ਨੇ ਚੱਜ ਨਾਲ ਰੋਟੀ ਖਾਧੀ ਤੇ ਨਾਂ ਹੀ ਚੱਜ ਨਾਲ ਸੁੱਤੀ।ਉਹ ਅਗਲੇ ਕੁੱਝ ਦਿਨ ਲਈ ਯੂਨੀਵਰਸਿਟੀ ਚਲੀ ਗਈ ਸੀ।ਪਰ ਉਸੇ ਦਿਨ ਉਸ ਦੇ ਪਾਪਾ ਨੇ ਆਪਣੀ ਵੱਡੀ ਬੇਟੀ ਸਿਮਰਤ ਨੂੰ ਫੋਨ ਕੀਤਾ ਸੀ।ਉਹ ਉਸ ਨੂੰ ਵੀ ਬੇਹੱਦ ਗੁੱਸੇ ਵਿੱਚ ਬੋਲੇ ਸਨ “ਤੂੰ ਪਿੰਕੀ ਦਾ ਖਿਆਲ ਨਹੀਂ ਰੱਖਦੀ।ਜੇ ਅਸੀਂ ਕੋਲ ਨਹੀਂ ਤਾਂ ਏਹਦਾ ਇਹ ਮਤਲਬ ਨਹੀਂ ਕਿ ਉਹ ਜੋ ਮਰਜੀ ਕਰਦੀ ਫਿਰੇ।ਜੇ ਨਹੀ ਖਿਆਲ ਰੱਖ ਸਕਦੇ ਤਾਂ ਸਾਫ ਸਾਫ ਦੱਸ ਦਿਉ।ਅਸੀਂ ਥੋਡੀ ਜਿੰਮੇਵਾਰੀ ਤੇ ਛੱਡੀ ਆ।ਚੱਲ ਜੇ ਮੁੰਡਾ ਜਾਤ ਧਰਮ ਦਾ ਹੁੰਦਾ ਤਾਂ ਵੀ ਹੋਰ ਗੱਲ ਸੀ, ਸੋਚ ਲੈਂਦੇ।ਹਰਗੁਰਲਾਲ ਨੂੰ ਹੁਣ ਜਿਹੜੇ ਮਾਣ ਇੱਜਤ ਨਾਲ ਬੁਲਾਂਉਂਦੇ ਨੇ ਕੱਲ ਨੂੰ ਉਹ ਕਹਿਣਗੇ ਕਿ ਮੈਂ ਕੁੜੀ ਮੁਸਲਮਾਨਾਂ ਦੇ ਤੋਰ ਦਿੱਤੀ”ਇਸ ਤੋਂ ਬਾਅਦ ਤਾਂ ਉਹ ਰੋਅ ਹੀ ਪਏ ਸਨ।
ਇਸ ਤੋਂ ਬਾਅਦ ਪਿੰਕੀ ਦੇ ਪਰਿਵਾਰ ਵਿੱਚ ਮਹਾਂਭਾਰਤ ਸ਼ੁਰੂ ਹੋ ਗਿਆ ਸੀ।ਹਸਦੀ ਗੁਟਕਦੀ ਪਿੰਕੀ ਕਮਲਾਉਣ ਲੱਗੀ।ਮਨ ਵਿੱਚ ਉਸਾਰੇ ਸੁਪਨਿਆਂ ਦੇ ਮਹਿਲ ਢਹਿ ਢੇਰੀ ਹੋਣ ਲੱਗੇ ਸੀ।ਕਦੀ ਪਿਆਰ ਨਾਲ ਅਤੇ ਕਦੀ ਤਕਰਾਰ ਨਾਲ ਪਿੰਕੀ ਨੂੰ ਸਮਝਾਇਆ ਜਾਣ ਲੱਗਾ।ਪਰ ਅਨਵਰ ਤਾਂ ਉਸ ਦੇ ਰੋਮ ਰੋਮ ਵਿੱਚ ਰਚਿਆ ਪਿਆ ਸੀ।
ਪਿਤਾ ਦੀ ਆਧੁਨਿਕਤਾ ਅਲੋਪ ਹੋ ਗਈ।ਉਸ ਅੰਦਰੋਂ ਤਾਂ ਸਗੋਂ ਸਦੀਆਂ ਦੇ ਦੱਬੇ ਸੰਸਕਾਰ ਵੀ ਉੱਠ ਖਲੋਤੇ।ਉਹ ਮੁਸਲਮਾਨਾਂ ਨੂੰ ਕਦੇ ਗੁਰੂ ਸਾਹਿਬ ਦੇ ਬੱਚਿਆਂ ਤੇ ਕੀਤੇ ਜ਼ੁਲਮਾਂ ਲਈ ਗਾਲ਼ਾਂ ਕੱਢਦਾ ਤੇ ਕਦੇ ਆਨੰਦਪੁਰ ਸਾਹਿਬ ਵਿੱਚ ਤੋੜੇ ਵਾਹਦਿਆਂ ਲਈ।ਉਹ ਕਹਿੰਦਾ ਕਿ “ਇਸ ਕੌਮ ਤੇ ਤਾਂ ਵਿਸ਼ਵਾਸ ਕੀਤਾ ਹੀ ਨਹੀਂ ਜਾ ਸਕਦਾ”।ਕਦੇ ਉਹ ਕਹਿੰਦਾ “ਅਨਵਰ ਨੇ ਇਮੀਗਰੇਸ਼ਨ ਲੈਣ ਹੀ ਮਕਾਰੀ ਨਾਲ ਪਿੰਕੀ ਨੂੰ ਫਸਾਇਆ ਹੋਵੇਗਾ।ਇਹ ਉਹ ਹੀ ਲੋਕ ਨੇ ਜਿੰਨਾਂ 1947 ਵਿੱਚ ਸਾਡੇ ਦਾਦੇ ਪੜਦਾਦਿਆਂ ਨੂੰ ਪਾਕਿਸਤਾਨ ਵਿੱਚੋਂ ਉਜਾੜਿਆ ਸੀ।ਗੁਰੂ ਸਾਹਿਬ ਦੇ ਬੱਚੇ ਜਾਨਾਂ ਕੁਰਬਾਨ ਕਰ ਗਏ ਪਰ ਧਰਮ ਨਹੀ ਬਦਲਿਆ।ਕੀਹਦੀ ਖਾਤਰ...ਸਾਡੀ ਖਾਤਰ...।ਮੈਂ ਆਪਣੀ ਔਲਾਦ ਨੂੰ ਕਿਵੇਂ ਮੁਸਲਮਾਨ ਬਣਦਾ ਵੇਖ ਲਵਾਂ?ਮੈਂ ਮਰ ਜਾਵਾਂਗਾ ਪਰ ਇਹ ਅਨਰਥ ਨਹੀਂ ਹੋਣ ਦੇਣਾ”
ਉਸ ਨੂੰ ਸੁਪਨੇ ਵਿੱਚ ਵੀ ਮੁਸਲਮਾਨ ਹਮਲਾਵਰ ਕਤਲੋ ਗਾਰਤ ਮਚਾਉਂਦੇ ਤੇ ਲੋਕਾਂ ਦੀਆਂ ਧੀਆਂ ਭੈਣਾਂ ਚੁੱਕਦੇ ਵਿਖਾਈ ਦਿੰਦੇ।ਉਸ ਨੂੰ ਮਹਿਮੂਦ ਗਜ਼ਨਵੀ,ਮੁਹੰਮਦ ਗੌਰੀ ਦੇ ਹਮਲੇ ਯਾਦ ਆਂਉਦੇ।ਅਤੇ ਲੱਗਦਾ ਕਿ ਇਹ ਵੀ ਇੱਕ ਹਮਲਾ ਹੀ ਹੈ।ਕੋਈ ਮੁਸਲਮਾਨ ਉਸ ਦੀ ਧੀ ਨੂੰ ਉਸ ਪਾਸੋਂ ਖੋਹਣ ਦਾ ਯਤਨ ਕਰ ਰਿਹਾ ਹੈ।“ਉਹ ਉਸ ਦਾ ਧਰਮ ਬਦਲੇਗਾ,ਨਿਮਾਜ਼ ਪੜ੍ਹਾਏਗਾ ਅਤੇ ਨਾਂਉ ਤੱਕ ਵੀ ਬਦਲ ਦੇਵੇਗਾ।ਫੇਰ ਉਸ ਦੀ ਧੀ ਜੋ ਹਮੀਦਾ ਜਾਂ ਰਸ਼ੀਦਾ ਬਣ ਚੁੱਕੀ ਹੋਵੇਗੀ ਉਸ ਦੇ ਮੁਸਲਮ ਬੱਚੇ ਪੈਦਾ ਹੋਣਗੇ।ਮੇਰੀ ਤਾਂ ਨਸਲ ਹੀ ਬਦਲ ਜਾਵੇਗੀ”।ਉਹ ਸੋਚ ਸੋਚ ਸ਼ਰਾਬ ਪੀਂਦਾ ਸਿਰ ਦੇ ਵਾਲ ਪੁੱਟਦਾ।ਇਹ ਸਿਉਂਕ ਉਸ ਦੀ ਆਧੁਨਿਕਤਾ ਨੂੰ ਖਾਅ ਗਈ ਸੀ।ਕਦੀ ਸੋਚਦਾ ਇੰਡੀਆ ਬਲਾਕੇ ਕੁੜੀ ਨੂੰ ਹੀ ਮਾਰ ਮੁਕਾਵੇ।ਕਦੀ ਸੋਚਦਾ ਖੁਦ ਨੂੰ ਗੋਲੀ ਮਾਰ ਲਵੇ।ਉਹ ਆਪਣੇ ਪ੍ਰੇਮ ਵਿਆਹ ਦੇ ਦਿਨ ਭੁੱਲ ਗਿਆ ਸੀ।ਉਸ ਦੇ ਤਾਂ ਖਾਸ ਦੋਸਤ ਵੀ ਬਲਦੀ ਤੇ ਤੇਲ ਪਾ ਰਹੇ ਸਨ।
ਉਸਦਾ ਇੰਗਲੈਂਡ ਤੋਂ ਮੁੜਿਆ ਇੱਕ ਦੋਸਤ ਕਹਿ ਰਿਹਾ ਸੀ ਕਿ “ਮੁਸਲਮਾਨ ਮੁੰਡੇ ਇੰਗਲੈਂਡ ‘ਚੋਂ ਵਿਆਹ ਦਾ ਝਾਂਸਾ ਦੇਕੇ ਸੈਂਕੜੇ ਕੁੜੀਆਂ ਨੂੰ ਪਾਕਿਸਤਾਨ ਲੈ ਗਏ।ਤੇ ਬਾਅਦ ਵਿੱਚ ਜਾਂ ਵੇਚ ਦਿੱਤੀਆਂ ਜਾਂ ਧੰਦਾ ਕਰਨ ਲਾ ਦਿੱਤੀਆਂ।ਅਖੇ ਕਾਫਰਾਂ ਦੀਆਂ ਕੁੜੀਆਂ ਨੇ।ਜਿਨਾਂ ਚੋਂ ਬਹੁਤੀਆਂ ਲਹੌਰ ਦੀ ਹੀਰਾ ਮੰਡੀ ਵਿੱਚ ਧੰਦਾ ਕਰਦੀਆਂ ਨੇ।ਜੇ ਕੋਈ ਭਾਰਤੀ ਜਾਂ ਪੰਜਾਬੀ ਮਿਲਦਾ ਏਂ ਤਾਂ ਉਨ੍ਹਾਂ ਨੂੰ ਉਸ ਨਰਕ ਚੋਂ ਕੱਢਣ ਲਈ ਤਰਲੇ ਲੈਂਦੀਆ ਨੇ।ਪਰ ਬਾਅਦ ‘ਚ ਪਛਤਾਇਆਂ ਕੀ ਬਣਦੈ?” ਇਹ ਗੱਲਾਂ ਸੁਣ ਸੁਣ ਹਰਗੁਰਲਾਲ ਦੀ ਰੂਹ ਕੰਬਦੀ।ਉਹ ਉਸੇ ਵਕਤ ਆਪਣੀ ਵੱਡੀ ਬੇਟੀ ਸਿਮਰਤ ਨੂੰ ਫੋਨ ਕਰਦਾ ਸਮਝਾਂਉਂਦਾ,ਤਰਲੇ ਕਰਦਾ,ਵਿਲਕਦਾ ਤੇ ਭਾਂਬੜ ਵਾਂਗੂੰ ਮੱਚਦਾ।
ਸਿਮਰਤ ਨੇ ਜਦੋਂ ਇਹ ਸਮੱਸਿਆ ਆਪਣੇ ਪਤੀ ਹਰਕੇਸ਼ ਨਾ ਸਾਂਝੀ ਕੀਤੀ ਤਾਂ ਉਸ ਦਾ ਵੀ ਡਾਕਟਰ ਮਨ ਡੋਲ ਗਿਆ।ਉਹ ਵੀ ਇਨਸਾਨੀ ਲਹੂ ਨੂੰ ਵੱਖਰੇ ਰੰਗਾਂ ਅਤੇ ਵੱਖਰੀ ਤਾਸੀਰ ਵਿੱਚ ਵੇਖਣ ਲੱਗਿਆ।ਉਹ ਆਪਣੀ ਪਤਨੀ ਨੂੰ ਕਹਿੰਦਾ “ਠੀਕ ਹੈ ਇਨਸਾਨੀ ਲਹੂ ਦਾ ਰੰਗ ਇੱਕ ਹੈ,ਪਰ ਨਸਲ ਵੀ ਤਾਂ ਮਾਹਨੇ ਰੱਖਦੀ ਆ।ਜਾਨਵਰਾਂ ਦੀਆਂ ਨਸਲਾਂ ਹੁੰਦੀਆਂ ਨੇ,ਪਸ਼ੂਆਂ ਪੰਛੀਆਂ ਦੀਆਂ ਤੇ ਫਸਲਾਂ ਬੂਟਿਆਂ ਦੀਆਂ ਵੀ ਨਸਾਲ ਨੇ,ਹਰ ਨਸਲ ਦਾ ਸੁਭਾਅ ਵੱਖਰਾ ਹੁੰਦਾ ਹੈ।ਪਿੰਕੀ ਹੋਰ ਧਰਮ ਵਿੱਚ ਜੰਮੀ ਪਲੀ ਏ ਉਸਦੇ ਸੰਸਕਾਰ ਹੋਰ ਹਨ।ਓਪਰੀ ਜ਼ਮੀਨ ਵਿੱਚ ਉਹ ਕਿਵੇਂ ਖੁਸ਼ ਰਹੇਗੀ?ਓਪਰੀ ਮਿੱਟੀ ਵਿੱਚ ਤਾਂ ਬੂਟੇ ਵੀ ਸੁੱਕ ਜਾਂਦੇ ਨੇ।ਐਵੇਂ ਤਾਂ ਨੀ ਲੋਕ ਚੰਗੀਆਂ ਨਸਲਾਂ ਪਾਲ਼ਦੇ”ਉਸ ਨੇ ਤਾਂ ਏਥੋਂ ਤੱਕ ਵੀ ਆਖ ਦਿੱਤਾ, “ਜੇ ਪਿੰਕੀ ਨਾ ਹਟੀ ਤਾਂ ਉਹ ਮੇਰੇ ਘਰ ਨਹੀਂ ਰਹਿ ਸਕਦੀ।ਅੱਗੋਂ ਸਾਡੇ ਬੱਚੇ ਵੀ ਅਜਿਹਾ ਕੁੱਝ ਹੀ ਸਿੱਖਣਗੇ।ਜੇ ਉਸ ਮੁੰਡੇ ਦਾ ਫੋਨ ਮੇਰੇ ਘਰ ਆਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ”
ਪਿੰਕੀ ਦੇ ਚਾਰੇ ਪਾਸੇ ਇੱਕ ਝੱਖੜ ਸ਼ੂਕ ਰਿਹਾ ਸੀ ਤੇ ਉਹ ਆਪਣੇ ਆਪ ਨੂੰ ਕੱਖੋਂ ਹੌਲੀ ਮਹਿਸੂਸ ਕਰ ਰਹੀ ਸੀ।ਘਰ ਦਾ ਮਹੌਲ ਜਦੋਂ ਕੰਡਿਆਂ ਦੀ ਸੇਜ਼ ਬਣ ਗਿਆ ਤਾਂ ਉਸ ਨੇ ਘਰ ਆਂਉਣਾ ਹੀ ਛੱਡ ਦਿੱਤਾ।ਉਸ ਦਾ ਪੜ੍ਹਾਈ ਵਿੱਚ ਵੀ ਮਨ ਨਾ ਲੱਗਦਾ।ਅਨਵਰ ਉਸ ਨੂੰ,ਇਸ ਉਦਾਸੀ ‘ਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕਰਦਾ।ਪਰ ਉਸ ਨੂੰ ਲੱਗਦਾ ਜਿਵੇਂ ਉਸ ਦਾ ਪੁਨੂੰ ਕੋਈ ਉਧਾਲ ਕੇ ਲੈ ਜਾਵੇਗਾ ਤੇ ਉਹ ਬ੍ਰਿਹਾ ਦੇ ਮਾਰੂਥਲ ਵਿੱਚ ਤੜਫ ਤੜਫ ਕੇ ਮਰ ਜਾਵੇਗੀ।ਘੋਰ ਉਦਾਸੀ ਦੇ ਇਸ ਮਹੌਲ਼ ਵਿੱਚ ਕੋਈ ਕੁੜੀ ਉਸ ਨੂੰ ਕੋਈ ਸਲਾਹ ਦਿੰਦੀ ਤੇ ਦੂਸਰੀ ਕੋਈ ਹੋਰ।
ਇੱਕ ਦਿਨ ਉਸ ਦੀ ਭੈਣ ਨੇ ਫੋਨ ਤੇ ਦੱਸਿਆ ਕਿ “ਪਾਪਾ ਕਹਿੰਦੇ ਨੇ ਜੇ ਪਿੰਕੀ ਨਾ ਮੰਨੀ ਤਾਂ ਮੈਂ ਖੁਦ ਮਰ ਜਾਂਵਾਗਾ ਉਹ ਜੋ ਮਰਜੀ ਚੁਣ ਲਵੇ।ਮੈਨੂੰ ਜਾਂ ਅਨਵਰ ਨੂੰ” ਉਸ ਦੀ ਭੈਣ ਦੱਸਦੀ ਰੋਅ ਰਹੀ ਸੀ।ਉਦੇ ਪਾਪਾ ਜਿੱਦੀ ਸਨ,ਉਹ ਜਾਣਦੀ ਸੀ।ਉਸ ਰਾਤ ਉਸ ਨੂੰ ਨੀਂਦ ਨਾਂ ਆਈ।ਸੁਪਨੇ ਵਿੱਚ ਕਦੇ ਦਿਖਦਾ ਪਾਪਾ ਨੇ ਰਿਵਾਲਵਰ ਪੁੜਪੜੀ ਤੇ ਰੱਖੀ ਹੋਈ ਆ।ਕਦੀ ਵਿਹੜੇ ਵਿੱਚ ਚਿੱਟੀ ਚਾਦਰ ਹੇਠ ਪਈ ਲਾਸ਼ ਦਿਖਾਈ ਦਿੰਦੀ।ਕਦੀ ਉਸ ਦੀ ਮੰਮੀ ਵਾਲ ਪੁੱਟਦੀ ਅਤੇ ਸਿਆਪਾ ਕਰਦੀ ਦਿਸਦੀ।ਪਿਆਰ ਉਹ ਆਪਣੇ ਮੰਮੀ ਪਾਪਾ ਨੂੰ ਵੀ ਘੱਟ ਨਹੀਂ ਸੀ ਕਰਦੀ।ਉਹ ਆਪਣੇ ਪਿਆਰ ਦੀ ਏਡੀ ਵੱਡੀ ਕੀਮਤ ਨਹੀਂ ਸੀ ਚੁਕਾ ਸਕਦੀ।ਕਿ ਮੰਮੀ ਪਾਪਾ ਦੇ ਨਾਲ ਨਾਲ ਉਸ ਲਈ ਦੇਸ਼ ਦੇ ਦਰਵਾਜੇ ਵੀ ਬੰਦ ਹੋ ਜਾਣ।ਉਹ ਇਸ ਧਮਕੀ ਤੋਂ ਸਹਿਮ ਗਈ ਸੀ।
ਮਨ ‘ਚ ਆਉਣ ਲੱਗਿਆ ਕਿ ਜੇ ਪਿਆਰ ਕੁਰਬਾਨੀ ਦਾ ਹੀ ਨਾਂ ਹੈ ਤਾਂ ਉਹ ਆਪਣੀ ਕੁਰਬਾਨੀ ਦੇ ਦੇਵੇਗੀ।ਤੇ ਜਿੰਦਾ ਲਾਸ਼ ਬਣ ਕੇ ਰਹੇਗੀ।ਅਨਵਰ ਨੇ ਉਸ ਨੂੰ ਸਮਝਾਇਆ ਕਿ ਪਿਆਰ ਨਿਕਾਹ ਦੇ ਬੰਧਨ ਤੋਂ ਕਿਤੇ ਉੱਚਾ ਹੈ।ਅਸੀਂ ਵਧੀਆ ਦੋਸਤ ਬਣ ਕੇ ਵੀ ਤਾਂ ਰਹਿ ਸਕਦੇ ਹਾਂ।ਉਸ ਦਿਨ ਉਹ ਅਨਵਰ ਦੀ ਹਿੱਕ ਤੇ ਸਿਰ ਧਰ ਕੇ ਬਹੁਤ ਰੋਈ ਕਿ “ਮੈਂ ਹਾਰ ਗਈ ਹਾਂ ਅਨਵਰ,ਅਜੇ ਧਰਮ ਦੀਆਂ ਕੰਧਾਂ ਬਹੁਤ ਉੱਚੀਆਂ ਨੇ ਤੇ ਮੈਂ ਨਿੱਕੀ ਜਿਹੀ ਜਾਨ..।ਜੇ ਮੈਂ ਇਹ ਕੰਧ ਤੋੜੀ ਤਾਂ ਮੇਰੇ ਪਾਪਾ ਇਸ ਦੇ ਥੱਲੇ ਆ ਜਾਣਗੇ।ਮੈਂ ਤੇਰੇ ਨਾਲ ਨਿਕਾਹ ਨਹੀਂ ਪੜ੍ਹਵਾ ਸਕਦੀ।ਜਦੋਂ ਮੈਂ ਤੇਰੀ ਹੋ ਹੀ ਨਹੀਂ ਸਕਦੀ ਫੇਰ ਮਿਲਣਾ ਗਿਲਣਾਂ ਵੀ ਕੀ ਹੋਇਆ।ਅੱਜ ਤੋਂ ਆਪਣੇ ਰਸਤੇ ਅੱਡ ਅੱਡ” ਅਨਵਰ ਨੇ ਅੱਖਾਂ ਪੂੰਝਦੇ ਨੇ ਐਨਾ ਹੀ ਕਿਹਾ ਸੀ “ਝੱਲੀ ਨਾ ਹੋਵੇ ਤਾਂ...।ਹੋਰ ਦੱਸ ਮੈਂ ਤੇਰੇ ਲਈ ਕੀ ਕਰਾਂ” ਪਿੰਕੀ ਨੇ ਕਿਹਾ “ਅੱਜ ਤੋਂ ਬਾਅਦ ਮੈਨੂੰ ਨਾਂ ਮਿਲੀ” ਤੇ ਉਹ ਆਪਣੇ ਬੋਲਾਂ ਤੇ ਪੂਰਾ ਉਤਰਿਆ ਸੀ।
ਪਿੰਕੀ ਨੇ ਘਰ ਫੋਨ ਕਰ ਦਿੱਤਾ ਸੀ ਕਿ ਅਨਵਰ ਨਾਲੋਂ ਉਸ ਨੇ ਸਬੰਧ ਤੋੜ ਲਏ ਹਨ।ਸਿਮਰਤ ਉਸ ਨੂੰ ਉਸੇ ਵੀਕ ਐਂਡ ਤੇ ਯੂਨੀਵਰਸਿਟੀ ‘ਚੋਂ ਆਕੇ ਲੈ ਗਈ ਸੀ।ਪਰ ਉਸ ਦੀਆਂ ਗੱਲਾਂ ਵਿੱਚ ਅਜੇ ਵੀ ਅਨਵਰ ਬਾਰੇ ਨਫਰਤ ਦਾ ਡੰਗ ਸੀ।ਪਿੰਕੀ ਆਪਣੀ ਭੈਣ ਨੂੰ ਕਹਿਣਾ ਤਾਂ ਚਾਹੁੰਦੀ ਸੀ ਕਿ ‘ਅਨਵਰ ਤੁਹਾਡੇ ਵਰਗਾ ਮਤਲਬੀ ਬੰਦਾ ਨਹੀਂ ਸੀ’।ਜੇ ਉਸ ਨੇ ਕਨੇਡਾ ਪੱਕਾ ਹੋਣ ਲਈ ਹੀ ਰਿਸ਼ਤਾ ਜੋੜਿਆ ਹੁੰਦਾ ਤਾਂ ਹੋਰ ਬਥੇਰੀਆਂ ਕੁੜੀਆਂ ਸਨ,ਉਸ ਤੇ ਮਰ ਮਿਟਣ ਵਾਲੀਆਂ।ਪਰ ਉਹ ਚੁੱਪ ਹੀ ਰਹੀ।ਕਦੀ ਰੋਅ ਪੈਂਦੀ ਅਤੇ ਉਦਾਸ ਹੋ ਜਾਂਦੀ।ਭੁੱਖ ਨਾ ਲੱਗਦੀ ਨਾਂ ਰਾਤਾਂ ਨੂੰ ਨੀਂਦ ਪੈਂਦੀ।ਅਨਵਰ ਬਹੁਤ ਯਾਦ ਆਂਉਂਦਾ,ਜੋ ਉਸ ਦੀ ਜਾਨ ਹੀ ਕੱਢ ਕੇ ਲੈ ਗਿਆ ਸੀ।ਤੇ ਉਹ ਬੇਜਾਨ ਬੁੱਤ ਬਣ ਗਈ ਸੀ।ਸੋਚਦੀ “ਮਿੱਟੀ ਦਾ ਕੀ ਏ ਹੁਣ ਕਿਤੇ ਵੀ ਤੋਰ ਦੇਣ...”।ਉਸ ਨੇ ਆਪਣੀ ਮਰਜੀ ਮਾਰ ਲਈ ਸੀ।
ਘਰ ਵਿੱਚ ਖੁਸ਼ੀਆਂ ਫੇਰ ਤੋਂ ਪਰਤ ਆਈਆਂ ਸਨ।ਉਸਦੇ ਪਾਪਾ ਪਿੰਕੀ ਨਾਲ ਕਮਜੋਰ ਪੈ ਗਏ ਰਿਸ਼ਤੇ ਨੂੰ ਫਿਰ ਤੋੰ ਗੰਢ ਤੁੱਪ ਕਰਨ ਲੱਗੇ।ਕੁੱਝ ਮਹੀਨੇ ਦੀ ਚੁੱਪ ਚਾਪ ਤੋਂ ਬਾਅਦ ਉਸ ਦੇ ਰਿਸਤੇ ਦੀ ਗੱਲ ਉੱਸਲਵੱਟੇ ਲੈਣ ਲੱਗੀ।
ਤੇ ਅੱਜ ਉਸ ਤੋਂ ਬਾਅਦ ਦੀ ਕਹਾਣੀ ਪਿੰਕੀ ਮੈਨੂੰ ਇੱਕੋ ਸਾਹੇ ਸੁਣਾ ਦੇਣਾ ਚਾਹੁੰਦੀ ਸੀ।
“ਫੇਰ ਮੇਰਾ ਜੀਜਾ ਆਪਣੀ ਮਾਸੀ ਮੁੰਡੇ ਨਾਲ ਮੇਰਾ ਰਿਸ਼ਤਾ ਕਰਵਾਉਣ ਲੱਗਿਆ।ਉਹ ਗੰਗਾਨਗਰ ਲਾਅ ਕਰ ਰਿਹਾ ਸੀ ਤੇ ਕਿਸੇ ਵੀ ਕੀਮਤ ਤੇ ਅਮਰੀਕਾ ਜਾਂ ਕਨੇਡਾ ਆਂਉਣਾ ਚਾਹੁੰਦਾ ਸੀ।ਉੱਂਝ ਉਨ੍ਹਾਂ ਕੋਲ ਰਾਜਸਥਾਨ ਵਿੱਚ ਪੰਜਾਹ ਏਕੜ ਜ਼ਮੀਨ ਸੀ ਤੇ ਆਪਣੀ ਕੋਠੀ ਸੀ।ਘਰੇ ਦੋ ਕਾਰਾਂ ਖੜੀਆਂ ਸਨ।ਪਰ ਉਹ ਬਾਹਰਲੇ ਮੁਲਕ ਆਉਣ ਲਈ ਜਿੱਦ ਕਰਦਾ ਸੀ।ਬੀ ਏ ਤੱਕ ਉਹ ਚੰਡੀਗੜ ਪੜ੍ਹਿਆ ਸੀ।ਮੌਡਰਨ ਸੀ।ਮੈਂ ਵੀ ਕੋਈ ਨਾਂਹ ਨੁੱਕਰ ਨਾ ਕੀਤੀ।ਜੇ ਅਨਵਰ ਨਹੀਂ ਸੀ ਮਿਲਿਆ ਫੇਰ ਕੋਈ ਵੀ ਮਿਲ ਜਾਂਦਾ,ਕੀ ਫਰਕ ਪੈਂਦਾ ਸੀ।ਉਸ ਨਾਲ ਗੱਲ ਪੱਕੀ ਹੋ ਗਈ।ਤੇ ਮੈਨੂੰ ਇੰਡੀਆ ਵਿਆਹ ਵਾਸਤੇ ਲੈ ਗਏ।ਬੱਸ ਵਿਆਹ ਹੋ ਗਿਆ...”।
ਮੈਂ ਉਸ ਨੂੰ ਕੁਮਲਾਈ,ਮੁਰਝਾਈ ਹੋਈ ਨੂੰ ਵੇਖ ਵੇਖ ਸੋਚ ਰਿਹਾ ਸਾਂ ਕਿ ਫੇਰ ਵਿਆਹ ਵਾਲਾ ਰੰਗ ਇਸ ਨੂੰ ਕਿਉਂ ਨਹੀਂ ਚੜ੍ਹਿਆ।ਮਂੈ ਅੱਗੇ ਉਸ ਨੂ ਕੁਰੇਦਣਾ ਸ਼ੁਰੂ ਕੀਤਾ।ਤੇ ਉਹ ਵੀ ਮਨ ਦਾ ਬੋਝ ਹਲਕਾ ਕਰਨ ਲਈ ਤਿਆਰ ਸੀ।
“ਕੀ ਗੱਲ ਰੰਗ ਦਾ ਪੱਤਾ ਨਹੀਂ ਮਿਲਿਆ?”
“ਰੰਗ ਵਿੱਚ ਭੰਗ ਹੀ ਕਹਿ ਲਵੋਂ”
“ਫੇਰ ਵੀ ਪ੍ਰਵਾਨ ਕਰ ਲਿਆ”
“ਜਦੋਂ ਅਨਵਰ ਹੀ ਨਹੀਂ ਮਿਲਿਆ।ਉਸ ਨੂੰ ਤਾਂ,ਮਾਂ ਪਿਉ ਲਈ ਧੋਖਾ ਦੇ ਹੀ ਚੁੱਕੀ ਸੀ।ਮੈਂ ਤਾਂ ਜ਼ਿੰਦਗੀ ਹੀ ਖਰਾਬ ਕਰ ਲਈ ਤੇ ਪੜ੍ਹਾਈ ਵੀ ਵਿੱਚੇ ਖਰਾਬ ਹੋਈ।ਹੁਣ ਤਾਂ ਯੂਨੀਵਰਸਿਟੀ ਜਾਣ ਨੂੰ ਵੀ ਦਿਲ ਨਹੀਂ ਕਰਦਾ।ਕਿਸਮਤ ਦੇ ਖੇਲ ਨੇ...।ਮੈਂ ਤਾਂ ਇਹ ਰੰਗ ਵੀ ਪ੍ਰਵਾਨ ਕਰ ਲਿਆ ਸੀ ਪਰ ਜੇ ਉਹ ਰੰਗ ਵੀ ਬਦਰੰਗ ਨਿੱਕਲ ਜਾਵੇ ਫੇਰ ਕੋਈ ਕੀ ਕਰੂ?” ਉਸ ਨੇ ਲੰਬਾ ਸਾਹ ਭਰਿਆ।
ਮੈਂ ਕਿਹਾ ਪਿੰਕੀ ਮੈਨੂੰ ਖੁੱਲ ਕੇ ਦੱਸ ਆਖਰ ਵਾਪਰਿਆ ਕੀ ਹੈ?
ਉਹ ਕਹਿੰਦੀ ਤੁਹਾਨੂੰ ਦੱਸਣ ਹੀ ਤਾਂ ਆਈ ਹਾਂ।ਇੱਕ ਤੁਸੀਂ ਹੀ ਹੋ ਜਿਸ ਨਾਲ ਮੈਂ ਹਰ ਗੱਲ ਸਾਂਝੀ ਕਰ ਲੈਂਦੀ ਹਾਂ।ਮੇਰੇ ਘਰ ਦੇ ਮੇਰਾ ਯਕੀਨ ਹੀ ਨਹੀਂ ਕਰਦੇ ਸੋਚਦੇ ਨੇ ਕਿ ਮੈਂ ਅਨਵਰ ਕਰਕੇ ਅਜਿਹਾ ਕਰਦੀ ਹਾਂ।ਮੁੰਡੇ ਨੂੰ ਜਾਣਕੇ ਸਪਾਂਸਰ ਨਹੀਂ ਕਰਨਾ ਚਾਹੁੰਦੀ।ਪਰ ਭਾਅ ਜੀ,ਜੇ ਮੈਂ ਅਨਵਰ ਨਾਲ ਵਿਆਹ ਕਰਵਾਉਣ ਦੀ ਜਿੱਦ ਫੜ ਹੀ ਲੈਂਦੀ ਤਾਂ ਮੈਨੂੰ ਰੋਕ ਵੀ ਕੌਣ ਸਕਦਾ ਸੀ?ਮੈਂ ਕਨੇਡਾ ਦਾ ਕਨੂੰਨ ਕਿਤੇ ਜਾਣਦੀ ਨਹੀਂ।ਬਾਲਗ ਹਾਂ...।ਮੈਂ ਮਾਪਿਆਂ ਦੀ ਖੁਸ਼ੀ ਲਈ ਇਸ ਮੁੰਡੇ ਨਾਲ ਰਹਿਣ ਦਾ ਪੂਰਾ ਮਨ ਬਣਾ ਲਿਆ ਸੀ।ਪਰ ਜਿਸ ਬੰਦੇ ਲਈ ਤੁਸੀਂ ਸਾਰਾ ਕੁੱਝ ਛੱਡ ਛਡਾ ਪੂਰੀ ਉਮਰ ਰਹਿਣਾ ਹੈ ਉਹ ਪੂਰਾ ਬੰਦਾ ਤਾਂ ਹੋਵੇ ਨਾਂ”
ਮੈਂ ਹੈਰਾਨ ਹੁੰਦੇ ਨੇ ਪੁੱਛਿਆ ਜਿਸ ਨਾਲ ਤੂੰ ਵਿਆਹ ਕਰਵਾਇਆ ਹੈ ਉਹ ਬੰਦਾ ਨਹੀਂ?ਉਹ ਸਿਰ ਮਾਰ ਕਿ ਬੋਲੀ “ਨਹੀਂ”
“ਉਹ ਉਸ ਕੋਲ ਦੋ ਮਹੀਨੇ ਰਹੀ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ ਬਣਿਆ ਹੀ ਨਹੀਂ।ਉਹ ਵਾਹ ਜ਼ਹਾਨ ਦੀ ਲਾ ਹਟਿਆ ਪਰ ਕਾਮਯਾਬ ਨਹੀਂ ਹੋ ਸਕਿਆ।ਹੁਣ ਜੇ ਮੈਂ ਕਿਸੇ ਹੋਰ ਨੂੰ ਦੱਸਾਂ ਤਾਂ ਅਗਲਾ ਯਕੀਨ ਨਹੀ ਕਰਦਾ ਸਾਰੇ ਮੈਨੂੰ ਹੀ ਗ਼ਲਤ ਕਹਿੰਦੇ ਨੇ...”
ਮੈਂ ਉਸ ਨੂੰ ਹੋਰ ਵਿਸਥਾਰ ਨਾਲ ਦੱਸਣ ਲਈ ਕਿਹਾ ਤਾਂ ਉਹ ਬੋਲੀ “ਗੁਰਪ੍ਰੀਤ ਹੈ ਤਾਂ ਬਹੁਤ ਚੰਗਾ,ਲੰਬਾ ਲੰਝਾ ਛੇ ਫੁੱਟ ਉੱਚਾ ਕੱਦ ਹੈ।ਕੱਪੜੇ ਪਾਏ ਹੋਏ ਬਥੇਰੇ ਜਚਦੇ ਨੇ।ਇਸ ਸਾਲ ਉਸ ਨੇ ਲਾਅ ਦੀ ਡਿਗਰੀ ਵੀ ਪੂਰੀ ਕਰ ਲੈਣੀ ਹੈ।ਉਸ ਦੀ ਇੱਕ ਭੈਣ ਤੇ ਇੱਕ ਛੋਟਾ ਭਰਾ ਨੇ।ਮਾਂ ਬਾਪ ਦੀ ਨੇਚਰ ਵੀ ਬਹੁਤ ਚੰਗੀ ਹੈ।ਸਹੁਰਾ ਮੇਰਾ ਠੇਕੇਦਾਰ ਹੈ,ਹੋਰ ਸਭ ਕੁੱਝ ਠੀਕ ਹੈ।ਪਰ ਗੁਰਪ੍ਰੀਤ ਮਰਦ ਨਹੀਂ ਹੈ।ਡਾਕਟਰ ਕਹਿੰਦੇ ਹਨ ਤੀਹ ਪ੍ਰਸੈਂਟ ਠੀਕ ਹੋ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ।ਜਿਆਦਾ ਕਹਿੰਦੇ ਠੀਕ ਨਹੀਂ ਹੋ ਸਕਦਾ”
ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਫੇਰ ਉਹ ਖੁੱਲ ਕੇ ਗੱਲਾਂ ਕਰਨ ਲੱਗੀ।“ਵਿਆਹ ਤੋਂ ਪਹਿਲਾਂ ਸਾਨੂੰ ਮਿਲਾਇਆ ਗਿਆ,ਅਸੀਂ ਇਕੱਠਿਆਂ ਰਲ ਕੇ ਵਿਆਹ ਦੀ ਸ਼ੌਪਿੰਗ ਕੀਤੀ।ਫੋਨ ਤੇ ਵੀ ਗੱਲਾਂ ਕਰਦੇ ਰਹੇ ਪਰ ਵਿਅਹ ਵਾਲੀ ਰਾਤ ਤੋਂ ਹੀ ਮੇਰੇ ਕੋਲੋਂ ਨੱਸਣ ਲੱਗ ਪਿਆ।ਜਿਵੇਂ ਉਸ ਨੂੰ ਮੇਰੇ ਤੋਂ ਡਰ ਲੱਗਦਾ ਹੋਵੇ।ਸ਼ਗਨਾ ਵਾਲੀ ਰਾਤ ਦਾ ਹਰ ਕਿਸੇ ਨੂੰ ਚਾਅ ਹੁੰਦਾ ਹੈ।ਪਰ ਉਹ ਦੂਸਰੇ ਕਮਰੇ ਵਿੱਚ ਬੈਠਾ ਟੀ ਵੀ ਦੇਖਦਾ ਰਿਹਾ।ਰਾਤ ਦੇ ਦੋ ਵੱਜ ਗਏ ਪਰ ਉਹ ਨਹੀਂ ਆਇਆ।ਮੈਨੂੰ ਬਹੁਤ ਗੁੱਸਾ ਚੜ੍ਹਿਆਂ।ਮੈਂ ਰੋਅ ਰੋਅ ਕੇ ਸੌਂ ਗਈ।ਇਹ ਮੇਰੀ ਬਹੁਤ ਵੱਡੀ ਬੇਇਜਤੀ ਸੀ।ਜਦੋਂ ਉਸ ਨੇ ਦੇਖਿਆ ਕਿ ਮੈਂ ਸੌਂ ਗਈ ਹਾਂ ਤਾਂ ਆਪ ਵੀ ਆਕੇ ਦੂਸਰੇ ਪਾਸੇ ਨੂੰ ਮੂੰਹ ਕਰਕੇ ਸੌਂ ਗਿਆ।ਦੂਸਰੇ ਦਿਨ ਤਾਂ ਉਸ ਦਾ ਬੀਹੇਵ ਪੂਰੀ ਤਰ੍ਹਾਂ ਬਦਲ ਗਿਆ ਸੀ”।
ਫੇਰ ਅਜਿਹਾ ਅਕਸਰ ਹੀ ਹੋਣ ਲੱਗ ਪਿਆ।ਮੈਂ ਉਸ ਅੰਦਰ ਸੁੱਤੇ ਪਏ ਮਰਦ ਨੂੰ ਬਥੇਰਾ ਬਜਗਾਉਣ ਦੀ ਕੋਸਿਸ਼ ਕਰਦੀ ਪਰ ਉਹ ਅੱਗੋਂ ਖਿਝਦਾ ਤੇ ਗਾਲ਼ਾਂ ਵੀ ਕੱਢਦਾ।ਮੈਂ ਇਸ ਲੜਾਈ ਤੋਂ ਤੰਗ ਪੈਣ ਲੱਗੀ।ਉਹ ਕਹਿੰਦਾ ਮੈਂ ਸਿਰਫ ਕਾਮ ਦੀ ਭੁੱਖੀ ਹਾਂ।ਮੈਂ ਕਹਿੰਦੀ ‘ਮੈਨੂੰ ਅਸਲੀਅਤ ਦੱਸ ਜਾਂ ਵਿੱਚੋਂ ਕੋਈ ਹੋਰ ਗੱਲ ਹੈ?ਮੈਂ ਪਸੰਦ ਨਹੀਂ,ਜਾਂ ਕੋਈ ਹੋਰ ਰੋਗ ਹੈ?ਕੁੱਝ ਤਾਂ ਮੂਹੋਂ ਬੋਲ...”।ਇੱਕ ਦਿਨ ਤਾਂ ਉਹ ਰੋਅ ਹੀ ਪਿਆ ਤੇ ਕਹਿਣ ਲੱਗਾ “ਮੇਰਾ ਇਲਾਜ ਚੱਲ ਰਿਹਾ ਹੈ।ਮੈਂ ਔਰਤ ਨਾਲ ਸਬੰਧ ਬਣਾਉਣ ਦੇ ਯੋਗ ਨਹੀਂ ਹਾਂ।ਡਾਕਟਰ ਕਹਿੰਦਾ ਸੀ ਠੀਕ ਹੋ ਜਾਵਾਂਗਾ।ਪਰ ਅਜੇ ਸਮਾਂ ਲੱਗੇਗਾ।ਮੇਰੇ ਮਨ ਵਿੱਚ ਏਹੋ ਡਰ ਹੈ...।ਪਹਿਲੀ ਰਾਤ ਤਾਂ ਹੀ ਮੈਂ ਅੰਦਰ ਨਹੀਂ ਸੀ ਆਇਆ।ਤੇਰੇ ਸਾਹਮਣੇ ਤਾਂ ਮੇਰਾ ਮਰਨ ਹੋ ਜਾਂਦਾ।ਉਦੋਂ ਦਾ ਕਦੇ ਸੋਚਦਾ ਹਾਂ ਘਰੋਂ ਹੌ ਦੌੜ ਜਾਵਾਂ।ਜਾਂ ਖੁਦਕਸ਼ੀ ਕਰ ਲਵਾਂ।ਪਰ ਮਾਂ ਪਿਉਂ ਦੇ ਪਿਆਰ ਨੇ ਤੇ ਤੇਰੇ ਪਿਆਰ ਨੇ ਮੈਨੂੰ ਮਰਨ ਵੀ ਨਹੀ ਦਿੱਤਾ”।ਉਹ ਬੱਚਿਆ ਵਾਂਗੂੰ ਹੌਕੇ ਲੈ ਰਿਹਾ ਸੀ।
ਮੈਂ ਉਸ ਦਾ ਹੱਥ ਘੁੱਟਿਆ ਤੇ ਪਿਆਰ ਨਾਲ ਕਿਹਾ ‘ਚੱਲ ਕੋਈ ਗੱਲ ਨੀ ਆਪਾਂ ਇਲਾਜ ਕਰਵਾ ਲਵਾਂਗੇ।ਤੇ ਫੇਰ ਸਾਡਾ ਸਾਰਾ ਸਮਾਂ ਡਾਕਟਰਾਂ ਦੇ ਚੱਕਰਾਂ ਵਿੱਚ ਹੀ ਗੁਜਰ ਗਿਆ।ਉਸ ਨੂੰ ਤਾਂ ਮੇਰੇ ਸਪਰਸ਼ ਤੋਂ ਵੀ ਡਰ ਲੱਗਦਾ ਸੀ।ਕਦੇ ਕੰਬਲ ਲੈ ਕੇ ਫਰਸ਼ ਤੇ ਪੈ ਜਾਇਆ ਕਰੇ ਕਦੇ ਸੋਫੇ ਤੇ...”।
ਕੁੱਝ ਦੇਰ ਰੁਕ ਕੇ ਉਹ ਫੇਰ ਬੋਲੀ, “ਪੂਰਾ ਇੱਕ ਮਹੀਨਾ ਅਸੀਂ ਡਾਕਟਰਾਂ ਕੋਲ ਫਿਰਦੇ ਰਹੇ ਡਾਕਟਰ ਕਹਿੰਦੇ ‘ਨਸਾਂ ਬੇਜਾਨ ਹਨ।ਖੂਨ ਦੌਰਾ ਹੀ ਨਹੀਂ ਕਰਦਾ’।ਇਸਦਾ ਕਾਰਨ ਕੀ ਸੀ ਕਿਸੇ ਨੂੰ ਵੀ ਨਹੀਂ ਪਤਾ।ਨਾਂ ਹੀ ਗੁਰਪ੍ਰੀਤ ਕੁੱਝ ਦੱਸਦਾ।ਜਦ ਸਾਡੇ ਸਬੰਧ ਹੀ ਕੋਈ ਨਹੀਂ ਤਾਂ ਔਲਾਦ ਨੇ ਕਿੱਥੋਂ ਪੈਦਾ ਹੋਣਾ ਹੈ?ਵਿਆਹ ਸਬੰਧਾਂ ਦੇ ਸੁੱਖ ਤੋਂ ਬਿਨਾਂ ਤਾਂ ਮੈਂ ਸੰਤਾਨ ਪੈਦਾ ਵੀ ਨਹੀਂ ਕਰ ਸਕਦੀ।ਬੱਚੇ ਮੈਨੂੰ ਬਹੁਤ ਚੰਗੇ ਲੱਗਦੇ ਨੇ ਏਸੇ ਕਰਕੇ ਹੀ ਤਾਂ ਮੈਂ ਚਾਈਲਡ ਸਾਈਕਾਲੋਜੀ ਕਰਦੀ ਹਾਂ।ਪਰ ਕਿਸ ਨੂੰ ਕਹਾਂ...”
ਕੁੱਝ ਦੇਰ ਰੁਕ ਕੇ ਉਹ ਫੇਰ ਬੋਲੀ, “ਆਖਰੀ ਦਿਨ ਤਾਂ ਬੱਸ ਨਰਕ ਵਰਗੇ ਸਨ ਜਦੋਂ ਮੇਰੇ ਵਾਪਿਸ ਆਉਣ ਦੇ ਦਿਨ ਨੇੜੇ ਆਉਣ ਲੱਗੇ ਤਾਂ ਉਸ ਦੀ ਲੜਾਈ ਵੀ ਵਧਣ ਲੱਗੀ।ਹੌਲੀ ਹੌਲੀ ਸਾਡੀ ਲੜਾਈ ਬੈੱਡਰੂਮ ਤੋਂ ਬਾਹਰ ਵੀ ਆਉਣ ਲੱਗ ਪਈ।ਸੱਸ ਸੋਚਦੀ ਸ਼ਾਇਦ ਮੈਂ ਹੀ ਮਾੜੀ ਹਾਂ,ਮੇਰੇ ਵਿੱਚ ਹੀ ਸਾਰੇ ਨੁਕਸ ਨੇ।ਪਰ ਇੱਕ ਦਿਨ ਮੈਂ ਆਪਣੇ ਸਹੁਰਾ ਸਾਹਿਬ ਨੂੰ ਸਾਫ ਸਾਫ ਦੱਸ ਦਿੱਤਾ ਕਿ ਉਸਦਾ ਪੁੱਤ ਵਿਆਹ ਕਰਵਾਉਣ ਦੇ ਕਾਬਲ ਹੀ ਨਹੀਂ ਸੀ।ਬੱਸ ਫੇਰ ਇਹ ਗੱਲ ਗੁਰਪ੍ਰੀਤ ਤੋਂ ਬ੍ਰਦਾਸ਼ਤ ਨਾ ਹੋਈ ਤੇ ਘਰ ਵਿੱਚ ਅਜੀਬੋ ਗਰੀਬ ਸਥਿਤੀ ਬਣ ਗਈ।ਉਸ ਤੋਂ ਬਾਅਦ ਗੁਰਪ੍ਰੀਤ ਕਮਰੇ ਵਿੱਚ ਹੀ ਪਿਆ ਰਹਿੰਦਾ।ਘਰੋਂ ਬਾਹਰ ਵੀ ਨਾ ਨਿੱਕਲਦਾ।ਮੇਰੇ ਨਾਲ ਤਾਂ ਅੱਖ ਹੀ ਨਾਂ ਮਿਲਾਉਂਦਾ...”
“ਅਸੀਂ ਜੇ ਕਿਸੇ ਜਰੂਰੀ ਕੰਮ ਜਾਂਦੇ ਵੀ ਤਾਂ ਉਹ ਗੱਡੀ ਵਿੱਚ ਚੁੱਪ ਹੀ ਰਹਿੰਦਾ।ਸੁੰਨ ਬੱਟਾ ਬਣ ਕੇ ਏਧਰ ਉਧਰ ਝਾਕੀ ਜਾਂਦਾ।ਜੇ ਮੈਂ ਮਾੜਾ ਜਿਹਾ ਵੀ ਨਾਲ ਲੱਗ ਜਾਂਦੀ ਤਾਂ ਟੁੱਟ ਕੇ ਪੈਂਦਾ।ਮੈਂ ਜਾਣਦੀ ਸੀ ਕਿ ਉਸ ਦਾ ਕੋਈ ਕਸੂਰ ਤਾਂ ਨਹੀਂ ਪਰ ਉਸ ਨੇ ਆਪਣੇ ਮਾਂ ਬਾਪ ਨੂੰ ਪਹਿਲਾਂ ਕਿਉਂ ਨਾ ਦੱਸਿਆ ਕਿ ਉਹ ਵਿਆਹ ਕਰਵਾਉਣ ਦੇ ਯੋਗ ਨਹੀਂ ਹੈ।ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ?ਮੇਰਾ ਅਨਵਰ ਨਾਲ ਅਜਿਹਾ ਕੋਈ ਸਬੰਧ ਨਹੀਂ ਸੀ।ਜੇ ਮੈ ਚਾਹੁੰਦੀ ਤਾਂ ਸਬੰਧ ਕਿਤੇ ਵੀ ਬਣਾ,ਪਤਨੀ ਹੋਣ ਦਾ ਡਰਾਮਾ ਵੀ ਕਰ ਸਕਦੀ ਸੀ।ਪਰ ਮੇਰੇ ਤੋਂ ਇਹ ਦੋਹਰੇ ਮਾਪਦੰਡ ਨਾਲ ਸਾਰੀ ਉਮਰ ਜੀ ਨਹੀਂ ਹੋਣਾ।ਆਖਰ ਮੈਂ ਵੀ ਤਾਂ ਯੰਗ ਹਾਂ।ਆਖਰੀ ਹਫਤੇ ਮੈਂ ਆਪਣੇ ਮੰਮੀ ਡੈਡੀ ਕੋਲ ਮੰਡੀ ਗੋਬਿੰਦਗੜ ਆ ਗਈ।ਮੁੜਕੇ ਆਉਣ ਵੇਲੇ ਤੱਕ ਉਸ ਨੇ ਮੈਨੂੰ ਫੋਨ ਤੱਕ ਵੀ ਨਹੀਂ ਕੀਤਾ।ਪਾਪਾ ਸਗੋਂ ਮੈਨੂੰ ਹੀ ਬੋਲਦੇ ਰਹੇ ਕਿ ਮੈਂ ਜਾਣਕੇ ਉਸ ਨੂੰ ਤੰਗ ਕਰਦੀ ਹਾਂ।ਮੈਂ ਅਜੇ ਵੀ ਅਨਵਰ ਨਾਲ ਰਹਿਣਾ ਚਾਹੁੰਦੀ ਹਾਂ।ਪਰ ਭਾਅ ਜੀ ਮੈਨੂੰ ਕਸਮ ਲੱਗੇ ਜੇ ਮੈਂ ਕਦੀ ਅਜਿਹਾ ਸੋਚਿਆ ਵੀ ਹੋਵੇ”
ਏਧਰ ਆਕੇ ਮੈਂ ਮੰਮੀ ਪਾਪਾ ਨੂੰ ਸਾਫ ਸਾਫ ਦੱਸ ਦਿੱਤਾ ਕਿ ਗੁਰਪ੍ਰੀਤ ਆਪਣਾ ਇਲਾਜ ਕਰਵਾ ਲਵੇ ਤਾਂ ਹੀ ਮੈਂ ਉਸ ਨੂੰ ਸਪੌਂਸਰ ਕਰਾਂਗੀ।ਨਹੀਂ ਤਾਂ ਮੇਰਾ ਰਸਤਾ ਵੱਖਰਾ ਤੇ ਉਸ ਦਾ ਵੱਖਰਾ...।ਮੈਂ ਪੜ੍ਹੀ ਲਿਖੀ ਹਾਂ ਬਾਲਗ ਹਾਂ ਆਪਣਾ ਜੀਵਨ ਖਰਾਬ ਨਹੀਂ ਕਰਨਾ ਚਾਹੁੰਦੀ।ਮੈਨੂੰ ਉਸਦੀ ਜ਼ਮੀਨ ਕੋਠੀਆਂ ਕਾਰਾਂ ਕੁੱਝ ਵੀ ਨਹੀਂ ਚਾਹੀਦਾ।ਪਰ ਇੱਕ ਪੂਰਾ ਪਤੀ ਤਾਂ ਚਾਹੀਦਾ ਹੈ,ਜੋ ਮੇਰੇ ਬੱਚਿਆਂ ਦਾ ਬਾਪ ਬਣ ਸਕੇ।ਜਿਸ ਦੇ ਹੁੰਦਿਆਂ ਮੈਨੂੰ ਕੋਈ ਅਧੂਰਾਪਣ ਮਹਿਸੂਸ ਨਾਂ ਹੋਵੇ।ਇਹਦੇ ਵਿੱਚ ਭਲਾਂ ਕੀ ਗਲਤ ਹੈ?”
“ਮੁੜਕੇ ਸਾਰੇ ਮੇਰੇ ਹੀ ਗਲ਼ ਪੈ ਗਏ।ਜੀਜੇ ਨੇ ਮੈਨੂੰ ਕੰਜਰੀ ਤੱਕ ਕਿਹਾ।ਮੈਂ ਵੀ ਰਿਸ਼ਤਾ ਤੋੜ ਲਿਆ ਤੇ ਸਾਰਾ ਹਾਰ ਸ਼ਿੰਗਾਰ ਲਾਹ ਦਿੱਤਾ।ਜਦੋਂ ਮੈਂ ਕਿਸੇ ਦੀ ਪਤਨੀ ਹੀ ਨਹੀਂ ਬਣੀ।ਮੈਂ ਤਾਂ ਅਜੇ ਵੀ ਕੁਆਰੀ ਹਾਂ,ਫਿਰ ਵਿਆਹੀ ਹੋਣ ਦਾ ਡਰਾਮਾਂ ਕਿਉਂ ਕਰਾਂ?ਭੈਣ ਭਣੋਈਆ ਹੁਣ ਮੈਨੂੰ ਬਲਾਉਂਦੇ ਤੱਕ ਨਹੀਂ।ਬੱਸ ਹੁਣ ਕਦੇ ਕਦੇ ਕਹਿੰਦੇ ਨੇ ਕਿ ਉਸ ਨੂੰ ਏਧਰ ਕੱਢ ਦੇ ਫੇਰ ਬੇਸ਼ੱਕ ਛੱਡ ਦਈਂ।ਉਹ ਵੀ ਹੁਣ ਉਧਰੋਂ ਤਰਲੇ ਭਰੀਆਂ ਚਿੱਠੀਆਂ ਭੇਜਦਾ ਹੈ।ਪਰ ਆਪਾਂ ਤਾਂ ਭਾਅ ਜੀ ਨਿੱਕੀ ਜਿਹੀ ਚੀਜ ਆਪਣੇ ਵਾਸਤੇ ਤਸੱਲੀ ਕਰਕੇ ਲੈਂਦੇ ਹਾਂ,ਮੈਂ ਜੀਵਨ ਭਰ ਦਾ ਦੁੱਖ ਕਿਵੇਂ ਸਹੇੜ ਲਵਾਂ।ਇਹ ਤਾਂ ਮੇਰੀ ਜ਼ਿੰਦਗੀ ਦਾ ਸਵਾਲ ਹੈ”
“ਮੈਂ ਲਾਈਸੰਸ ਲੈ ਕੇ ਭੈਣ ਤੋਂ ਵੱਖ ਹੋ ਜਾਣਾ ਹੈ।ਆਪਣੇ ਪੈਰਾਂ ਤੇ ਖੜਾਂਗੀ ਅਤੇ ਆਪਣੇ ਹੀ ਰੰਗ ਵਿੱਚ ਰਹਾਂਗੀ” ਕਹਿੰਦਿਆਂ ਉਸ ਨੇ ਰੈਂਪ ਤੋਂ ਹਾਈਵੇਅ ਵਿੱਚ ਦਾਖਲ ਹੋਣ ਲਈ ਪੂਰੇ ਜੋਰ ਨਾਲ ਐਕਸੀਲੇਟਰ ਦਬਾਇਆ।ਹੁਣ ਉਹ ਹਾਈ ਵੇਅ ਦੀ ਤੇਜ਼ ਰਫਤਾਰ ਆਵਾਜਾਈ ਦਾ ਹਿੱਸਾ ਬਣ ਗਈ ਸੀ।ਤੇ ਮੈਂ ਉਸਦੇ ਆਤਮਵਿਸ਼ਵਾਸ ਨੂੰ ਵੇਖ ਕੇ ਸੋਚਣ ਲੱਗਿਆ, ਹੁਣ ਪਿੰਕੀ ਫੇਲ ਨਹੀ ਹੋ ਸਕਦੀ।