ਪਿਆਰੇ ਸਾਥੀਓ ਇਹ ਗੱਲ ਕੋਈ ਅੱਜ ਤੋਂ 20 ਕੁ ਸਾਲ ਪਹਿਲਾਂ ਦੀ ਹੈ ਕਿ ਮੇਰੇ ਮੰਮੀ ਅਤੇ ਡੈਡੀ ਜੀ ਦੀ ਪਿੰਡ ਤੋਂ ਤਕਰੀਬਨ ਸੌ ਕਿਲੋਮੀਟਰ ਦੂਰੀ ਤੇ ਸਥਿਤ ਇਕ ਸ਼ਹਿਰ ਵਿਖੇ ਨੌਕਰੀ ਦੀ ਬਦਲੀ ਉਪਰੰਤ ਅਸੀ ਉੱਥੇ ਹੀ ਰਿਹਾਇਸ਼ ਕਰ ਲਈ ਸੀ ਕੁਝ ਸਮੇਂ ਬਾਅਦ ਮੇਰੇ ਮੰਮੀ ਜੀ ਦੀ ਤਬੀਅਤ ਅਚਾਨਕ ਖਰਾਬ ਜਿਹੀ ਰਹਿਣ ਲੱਗ ਪਈ ਡਾਕਟਰਾਂ ਤੋਂ ਕਾਫੀ ਚੈਕਅੱਪ ਕਰਵਾਇਆ ਪਰ ਕੋਈ ਜ਼ਿਆਦਾ ਫਾਈਦਾ ਨਾਂ ਹੋਇਆ ਪਿੰਡੋਂ ਦਾਦੇ-ਦਾਦੀ, ਚਾਚੇ-ਚਾਚੀ ਜੀ ਹੁਰਾਂ ਦਾ ਤਕਰੀਬਨ ਹਰ ਰੋਜ਼ ਟੈਲੀਫੂਨ ਆਉਂਦਾ ਰਹਿੰਦਾ ਸੀ ਅਤੇ ਉਹ ਮੰਮੀ-ਡੈਡੀ ਜੀ ਨੂੰ ਕਾਫੀ ਵਾਰ ਆਖ ਚੁੱਕੇ ਸਨ ਕਿ ਤੁਹਾਨੂੰ ਪਿੰਡ ਤੋਂ ਗਿਆ ਨੂੰ ਤਕਰੀਬਨ 8-10 ਸਾਲ ਹੋ ਗਏ ਹਨ ਸ਼ਾਇਦ ਕੋਈ ਵੱਡ-ਵਡੇਰਿਆਂ ਦੀ ਭੁੱਲ-ਚੁੱਕ, ਰੋਕ ਰੁੰਨਣ ਜਾਂ ਜਿਸੇ ਸ਼ੈਅ ਦੀ ਹੀ ਕਸਰ ਨਾਂ ਹੋਵੇ ਜਿਹੜਾ ਮੰਮੀ ਨੂੰ ਫਾਇਦਾ ਨਹੀਂ ਹੋਣ ਦਿੰਦਾ ਪਰ ਮੇਰੇ ਡੈਡੀ ਜੀ ਤਾਂ ਪਹਿਲਾਂ ਤੋਂ ਹੀ ਨਾਸਤਕ ਖਿਆਲਾਂ ਦੇ ਹੋਣ ਕਰਕੇ ਉਹ ਇਨਾਂ ਗੱਲਾਂ ਨੂੰ ਬਿਲਕੁਲ ਪਹਿਲ ਨਹੀਂ ਸਨ ਦਿੰਦੇ ਅਤੇ ਉਹਨਾਂ ਦ੍ਰਿੜ ਇਰਾਦੇ ਤੇ ਰਹਿਣ ਲਈ ਆਪਣੇ ਮਨ ਨਾਲ ਪੱਕਾ ਫੈਸਲਾ ਕੀਤਾ ਹੋਇਆ ਸੀ ਤੇ ਸਾਨੂੰ ਵੀ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਲਈ ਹਮੇਸ਼ਾ ਪ੍ਰੇਰਨਾ ਦਿੰਦੇ ਰਹਿੰਦੇ ਆਖਿਰ ਇੱਕ ਦਿਨ ਫੋਨ ਤੇ ਦਾਦੀ-ਦਾਦਾ ਜੀ ਮੇਰੇ ਮੰਮੀ ਜੀ ਨਾਲ ਬਹੁਤ ਗੁੱਸੇ ਹੋਏ ਕਿ ਜੇਕਰ ਤੁਸੀਂ ਦੋਹਾਂ ਨੇ ਆਪਣੇ ਖੇਤ ਵਿੱਚ ਬਾਬਿਆਂ ਦੀ ਮੜੀ ਤੇ ਕੋਈ ਭੁੱਲ ਵਗੈਰਾ ਬਖਸ਼ਾਉਣ ਲਈ ਨਹੀਂ ਆਉਣਾ ਤਾਂ ਸੈਂਟੂ ਨੂੰ ਹੀ ਇੱਕ ਦਿਨ ਭੇਜ ਦੇ ਅਸੀਂ ਉਸਨੂੰ ਤੁਹਾਡੀ ਸੁਖ ਸ਼ਾਂਤੀ ਵਾਸਤੇ ਮੱਥਾ ਟਕਾਉਣ ਨਾਲ ਲੈ ਜਾਵਾਂਗੇ ਜੇਕਰ ਸਾਡੀ ਇਹ ਗੱਲ ਨਹੀਂ ਮੰਨਣੀ ਤਾਂ ਅਸੀਂ ਵੀ ਸਾਰਿਆਂ ਨੇ ਥੋਨੂੰ ਇਹ ਗੱਲ ਦੁਬਾਰਾ ਵਾਰ-ਵਾਰ ਨਾ ਕਹਿਣ ਦਾ ਫੈਸਲਾ ਕਰ ਲਿਆ ਹੈ, ਮੰਮੀ ਵੱਲੋਂ ਡੈਡੀ ਜੀ ਨੂੰ ਇਹ ਸੁਨੇਹਾ ਦੇਣ ਤੇ ਆਖਿਰ ਡੈਡੀ ਜੀ ਨੇ ਮਾਪਿਆਂ ਦਾ ਮਾਣ ਸਤਿਕਾਰ ਕਰਦਿਆਂ ਮੈਨੂੰ ਛੁੱਟੀ ਵਾਲੇ ਦਿਨ ਪਿੰਡ ਭੇਜ ਦਿੱਤਾ ਉਦੋਂ ਮੇਰੀ ਉਮਰ ਤਕਰੀਬਨ 12 ਕੁ ਸਾਲ ਦੀ ਹੋਵੇਗੀ ਤੇ ਮੈਂ ਛੇਵੀਂ ਕਲਾਸ ਵਿੱਚ ਪੜਦਾ ਸਾਂ
ਪਿੰਡ ਦਾਦੀ ਮਾਂ ਨੇ ਖੀਰ-ਪੂੜੇ, ਦੁੱਧ ਦੀ ਕੱਚੀ ਲੱਸੀ, ਅਤੇ ਹੋਰ ਕੜਾਹ ਵਗੈਰਾ ਤਿਆਰ ਕੀਤਾ ਇਹਨਾਂ ਬਣੀਆਂ ਚੀਜ਼ਾਂ ਦੀ ਸੁਆਦਲੀ ਮਹਿਕ ਨਾਲ ਮੇਰੇ ਢਿੱਡ ਵਿੱਚ ਚੂਹੇ ਨੱਚਣ ਲੱਗ ਪਏ ਮੈਂ ਫਟਾਫਟ ਕੌਲੀ ਚਮਚਾ ਚੱਕਿਆ ਤੇ ਮਾਂ ਦੇ ਸਿਰਹਾਣੇ ਜਾ ਖੜਾ, ਮਾਂ ਸਮਝ ਗਈ ਸੀ ਤੇ ਕਹਿਣ ਲੱਗੀ ਪੁੱਤ ਰੁਕ… ਤੇ ਥੋੜ੍ਹਾ ਜਿਹਾ ਸਬਰ ਕਰ… ਬੱਸ ਦਸ ਵੀਹ ਕੁ ਮਿੰਟਾਂ ਚ ਆਾਪਾਂ ਬਾਬੇ ਦਾ ਮੱਥਾ ਟੇਕਣ ਤੋਂ ਬਾਅਦ ਸਭ ਕੁਝ ਆਪਾਂ ਈ ਖਾਣਾ ਐ, ਵੱਡ-ਵਡੇਰੇ ਤਾਂ ਬੱਸ ਵਾਸ਼ਨਾ ਦੇ ਹੀ ਭੁੱਖੇ ਹੁੰਦੇ ਨੇ…
ਮਾਂ ਫਿਰ ਮੈਂ ਸੈਂਟ ਵੀ ਲਾ ਆਵਾਂ, ਬਾਬਿਆਂ ਨੂੰ ਹੋਰ ਵੀ ਵਾਸ਼ਨਾ ਆ ਜਾਊਗੀ…
ਹੈਅ… ਨਾਂ ਪੁੱਤ ਐਂਹ ਨਹੀਂ ਆਖੀਦਾ ਹੁੰਦਾ ਬਾਬਿਆਂ ਨੂੰ…
ਉਪਰੰਤ ਖੇਤ ਪਹੁੰਚ ਕੇ ਅਸੀਂ ਦਾਦਾ-ਦਾਦੀ ਤੇ ਮੈਂ ਤਿੰਨੋ ਜਾਣਿਆਂ ਆਪਣੇ ਖੇਤ ਵਿੱਚ ਬਣੀ ਮੜੀ ਦੁਆਲੇ ਮਿੱਟੀ ਕੱਢੀ, ਨੱਕ ਰਗੜੇ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਗੋਡੇ ਟੇਕੇ ਜੋ ਪੂੜੇ, ਖੀਰ,ਫੁਲਕੇ, ਕੜਾਹ, ਦੁੱਧ ਵਗੈਰਾ ਸੀ ਉਹ ਅਸੀਂ ਉਨਾਂ ਇੱਟਾਂ ਦੀ ਬਣੀ ਹੋਈ ਮੜੀ ਦੇ ਆਲੇ ਦੁਆਲੇ ਇੰਝ ਸਜਾ ਦਿੱਤੇ ਜਿਵੇਂ ਬਾਬਾ ਜੀ ਹੁਣੇ ਹੀ ਅੰਬਰੋਂ ਭੁੰਜੇ ਉਤਰ ਕੇ ਛਕਣਗੇ ਉਪਰੰਤ ਅਸੀਂ ਖੇਤ ਵਿੱਚ ਦਾਦਾ ਜੀ ਦੇ ਬੀਜੇ ਹੋਏ ਗਵਾਰੇ ਦੀਆਂ ਫਲੀਆਂ ਤੋੜਨ ਲੱਗ ਪਏ ਇਸਦੇ ਨਾਲ ਹੀ ਜਦੋਂ ਮੈਂ ਦਾਦੀ ਜੀ ਤੋਂ ਮੜੀ ਦੇ ਮੁੱਢਲੇ ਇਤਿਹਾਸ ਬਾਰੇ ਕੁਝ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਕਿਹਾ ਕਿ ਇਹ ਬਾਬੇ ਦੀ ਜਗ੍ਹਾ ਆਪਣੇ ਵਡੇਰਿਆਂ ਚੋਂ ਹੈ ਤੇ ਬਾਬੇ ਹੋਰੀਂ ਚਾਰ ਭਾਈ ਸਨ ਜਿੰਂਨ੍ਹਾਂ ਚੋਂ ਤਿੰਨ ਬਾਲ ਬੱਚਿਆਂ ਵਾਲੇ ਤੇ ਇਹ ਬਾਬਾ ਔਂਤਰਾ ਸੀ ਆਪਾਂ ਨੂੰ ਵੀ ਇਹਦੀ ਜਾਇਦਾਦ ਚੋਂ ਕੁਝ ਹਿੱਸਾ ਆਇਆ ਸੀ ਜਿਸ ਕਰਕੇ ਇਹਦੀ ਮੰਨਤਾ ਕਰਨੀ ਆਪਣਾ ਫਰਜ਼ ਬਣਦਾ ਹੈ
ਪਰ ਦਾਦੀ ਮਾਂ ਕੱਲਾ ਹੀ ਔਂਤਰਾ ਨਾਂਅ ਸੀ ਜਾਂ ਔਂਤਰਾ ਸਿੰਘ ਸੀ
ਨਹੀਂ ਪੁੱਤ ਔਂਤਰਾ ਕੋਈ ਨਾਂਅ ਨਹੀਂ ਹੂੰਦਾ ਉਂਝ ਔਲਾਦ ਪੱਖੋਂ ਔਂਤਰਾ ਸੀ ਮਤਲਬ ਵਿਆਹਿਆ ਤਾਂ ਸੀ ਪਰ ਕੁਦਰਤ ਵੱਲੋਂ ਇਹਨਾਂ ਦੇ ਘਰ ਕੋਈ ਧੀ ਜਾਂ ਪੁੱਤਰ ਪੈਦਾ ਨਹੀਂ ਸੀ ਹੋਇਆ ਇਸ ਤਰਾਂ ਦੇ ਆਦਮੀ ਨੂੰ ਔਂਤਰਾ ਕਿਹਾ ਜਾਂਦਾ ਹੈ
ਫਿਰ ਮੈਂ ਭਾਵੁਕ ਜਿਹੇ ਹੁੰਦੇ ਨੇ ਕਿਹਾ, ‘ਦਾਦੀ ਮਾਂ…ਦਾਦੀ ਮਾਂ…ਦੇਖ ਜੇਕਰ ਬਾਬਾ ਆਪ ਖੁਦ ਹੀ ਔਂਤਰਾ ਸੀ ਤਾਂ ਅਸੀਂ ਇਸ ਤੋਂ ਕੀ ਆਸਾਂ ਉਮੀਦਾਂ ਰੱਖ ਸਕਦੇ ਹਾਂ…
ਬੱਸ ਪੁੱਤ ਬੱਸ ਅੱਗੇ ਹੋਰ ਨਾਂ ਕੁਝ ਬੋਲੀਂ ਤੂੰ ਅਜੇ ਨਿਆਣਾ ਏਂ, ਤੇ ਨਾਲੋ-ਨਾਲ ਹੀ ਦਾਦੀ ਮਾਂ ਬਾਪੂ ਜੀ ਨੂੰ ਸਵਾਲ ਕਰਦਿਆਂ ਕੋਸੇ ਜਿਹੇ ਬੋਲਾਂ ਨਾਲ ਕਹਿਣ ਲੱਗੀ, ‘ਕਿ ਛਿੰਦੇ ਦੇ ਬਾਪੂ ਜਦੋਂ ਤੈਨੂੰ ਕੱਲ ਪਤਾ ਲੱਗ ਹੀ ਗਿਆ ਸੀ ਕਿ ਆਪਾਂ ਅੱਜ ਮੜੀ ਤੇ ਮਿੱਟੀ ਕੱਢਣ ਆਉਣੈਂ, ਤਾਂ ਜ਼ਰਾਂ ਮੜੀ ਦੀ ਸਾਫ-ਸਫਾਈ ਤਾਂ ਕਰ ਦੇਣੀ ਸੀ, ਹੁਣ ਜਦੋਂ ਤੇਰਾ ਟੈਮ ਲੱਗਾ ਤਾਂ ਇਸ ਉੱਪਰ ਦੋ-ਚਾਰ ਬਾਲਟੀਆਂ ਪਾਣੀ ਦੀਆਂ ਮਾਰ ਦੇਵੀਂ’। ਤਕਰੀਬਨ ਸਾਨੂੰ ਇੱਕ ਘੰਟੇ ਦਾ ਸਮਾਂ ਲੱਗ ਗਿਆ ਜਦੋਂ ਮੈਂ ਦੂਰੋਂ ਫੇਰ ਮੜੀ ਵੱਲ ਅਚਾਨਕ ਉਚੇਚਾ ਧਿਆਨ ਮਾਰਿਆ ਤਾਂ ਸਾਡੇ ਨਾਲ ਘਰੋਂ ਗਿਆ ਸਾਡਾ ਕਾਲੇ ਰੰਗ ਦਾ ਡੱਬੂ ਮੜੀ ਦੇ ਦੁਆਲੇ ਹੋ ਗਿਆ ਤੇ ਰਾਸ਼ਨ ਪਾਣੀ ਸਾਰਾ ਸਮੇਟ ਗਿਆ ਮੈਂ ਫਟਾਫਟ ਮੜੀ ਵੱਲ ਨੂੰ ਸੋਟੀ ਲੈ ਕੇ ਜਾਣ ਦੀ ਕੋਸ਼ਿਸ਼ ਕਰਨ ਲੱਗਾ ਤੇ ਨਾਲੋ-ਨਾਲ ਹੀ ਦਾਦੀ ਮਾਂ ਨੂੰ ਦੱਸ ਦਿੱਤਾ ਕਿ ਵੇਖ ਮਾਂ ਕਿਵੇ ਆਪਣਾ ਡੱਬੂ ਬਾਬੇ ਵਾਸਤੇ ਰੱਖਿਆ ਭੋਜਨ ਖਾਈ ਜਾਂਦੈਂ ਮੈਂ ਕੇਰਾ ਬਣਾਉਨੈ ਇਹਨੂੰ…
ਨਾਂ…ਪੁੱਤ ਨਾਂ… ਉਸਨੂੰ ਮਾਰਨਾਂ ਨਹੀਂ, ਇਹ ਤਾਂ ਦਰਵੇਸ਼ ਹੁੰਦੇ ਨੇ ਦਰਵੇਸ਼… ਮੈਂ ਰੁਕ ਤਾਂ ਗਿਆ ਪਰ ਧਿਆਨ ਉਧਰ ਹੀ ਰੱਖਿਆ ਡੱਬੂ ਨੇ ਸਭ ਕੁਝ ਸਮੇਟ ਕੇ ਜਿਵੇਂ ਆਸ਼ੇ ਟਰੈਕਟਰ ਦੇ ਪਿਛਲੇ ਟਾਇਰ ਦੇ ਪੈਂਚਰ ਹੋ ਜਾਣ ਤੇ ਜੈਕ ਲਾਇਆ ਹੋਵੇ ਵਾਂਗੂੰ ਖੜਕੇ ਆਪਣੀ ਸੱਜੀ ਇੱਕ ਲੱਤ ਚੁੱਕੀ ਤੇ ਮੜੀ ਉਪਰ ਮੂਤਣ ਲੱਗ ਪਿਆ ਮੈਂ ਫੇਰ ਦਾਦੀ ਮਾਂ ਜੀ ਨੂੰ ਅੱਖੀ ਡਿੱਠਾ ਦ੍ਰਿਸ਼ ਦਿਖਾਉਂਦਿਆ ਕਿਹਾ, ਕਿ ਦੇਖ ਮਾਂ ਹੁਣ ਆਪਣਾ ਡੱਬੂ ਵੀ ਕਿੰਨਾ ਸਿਆਣਾ ਹੋ ਗਿਆ ਲੱਗਦੈ ਕਿਉਂਕਿ ਜਿਹੜਾ ਮੜੀ ਦਾ ਸਫਾਈ ਕਰਨ ਦਾ ਕੰਮ ਅਧੂਰਾ ਰਹਿੰਦਾ ਸੀ ਉਹ ਡੱਬੂ ਨੇ ਪੂਰਾ ਕਰ ਦਿੱਤੈ, ਜਿਉਂ ਹੀ ਦਾਦੀ ਨੇ ਉਧਰ ਧਿਆਨ ਮਾਰਿਆ ਤਾਂ ਦ੍ਰਿਸ਼ ਦੇਖ ਅੱਗੋਂ ਮੈਨੂੰ ਜਵਾਬ ਦਿੰਦੀ ਹੋਈ ਕਹਿਣ ਲੱਗੀ ਕਿ ਪੁੱਤ ਜੇ ਇਨ੍ਹਾਂ ਨੂੰ ਐਨੀ ਅਕਲ ਹੋਵੇ ਤਾਂ ਫਿਰ ਕੁੱਤੇ ਕਿਉਂ ਅਖਵਾਉਣ…
ਉਪਰੰਤ ਦਾਦੀ ਜੀ ਨੇ ਮੈਨੂੰ ਉਂਗਲ ਲਾਇਆ ਤੇ ਅਸੀਂ ਘਰ ਨੂੰ ਤੁਰਨ ਦੀ ਤਿਆਰੀ ਕਰਨ ਲੱਗੇ ਦਾਦਾ ਜੀ ਨੇ ਖੇਤ ਹੀ ਰਹਿਣਾ ਸੀ ਤਾਂ ਦਾਦੀ ਮਾਂ ਡੱਬੂ ਵੱਲ ਇਸ਼ਾਰਾ ਕਰਕੇ ਕਹਿਣ ਲੱਗੀ ਕਿ ਤੁਸੀ ਐਸ ਕਤੀੜ ਨੂੰ ਖੇਤ ਹੀ ਬੰਨ ਕੇ ਦਫਾ ਕਰ ਆਇਆ ਕਰੋ ਰਾਤੀਂ ਵੇਖ ਆਪਣੇ ਘਰ ਆਈ ਵਿਚਾਰੀ ਬਿੰਬੋ ਦੀ ਇਹਨੇ ਕਿਵੇਂ ਲੱਤ ਪਾੜ ਕੇ ਰੱਖ ਦਿੱਤੀ ਐ……
ਇੱਕ ਘੰਟੇ ਦੇ ਅੰਦਰ-ਅੰਦਰ ਪਹਿਲਾਂ ਦਰਵੇਸ਼, ਫੇਰ ਕੁੱਤਾ, ਅਤੇ ਆਖਿਰ ਕੁਤੀੜ ਵਾਲੇ ਬੋਲ ਦਾਦੀ ਮਾਂ ਦੇ ਮੂੰਹੋਂ ਸੁਣ ਕੇ ਮੈਂ ਸੋਚਾਂ ਦੀਆਂ ਘੁੰਮਣ ਘੇਰੀਆਂ ਚ ਗੁਆਚ ਸੋਚਿਆ ਕਿ ਅਨਪੜ ਦਾਦੀ ਮਾਂ ਨੇ ਕਿੰਨਾ ਅੰਨ ਦੁੱਧ, ਰਾਸ਼ਨ, ਸਮਾਂ ਬਰਬਾਦ ਕੀਤਾ ਤੇ ਵਾਕਿਆ ਹੀ ਡੈਡੀ ਜੀ ਇੰਨਾਂ ਗੱਲਾਂ ਤੇ ਸੰਤੁਸ਼ਟੀ ਨਹੀਂ ਰੱਖਦੇ ਅਸੀਂ ਪਲਾਂ ਚ ਹੀ ਘਰ ਪਹੁੰਚ ਗਏ ਤੇ ਮੈਂ ਅੱਗੇ ਤੋਂ ਹਮੇਸ਼ਾ ਹੀ ਇੰਨਾਂ ਗੱਲਾਂ ਤੋਂ ਦੂਰ ਰਹਿਣ ਲਈ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ