ਸ. ਬਲਦੇਵ ਸਿੰਘ ਜੋ ਪੰਜਾਬ ਪੁਲੀਸ ਵਿੱਚ ਥਾਣਾ ਇੰਚਾਰਜ ਵਜੋਂ ਸੇਵਾਰੱਤ ਸਨ । ਉਹ ਆਪਣੀ ਡਿਊਟੀ ਪੂਰੀ ਤਨ-ਦੇਹੀ ਨਾਲ ਨਿਭਾਉਂਦੇ ਅਤੇ ਆਪਣੀ ਦੁੱਧੋਂ ਚਿੱਟੀ ਵਰਦੀ ‘ਤੇ ਦਾਗ ਨਹੀਂ ਸੀ ਲੱਗਣ ਦੇਂਦੇ । ਉਸ ਇਲਾਕੇ ਵਿਚ ਇਹ ਚਰਚਾ ਆਮ ਹੀ ਹੋ ਰਹੀ ਸੀ ਕਿ ਥਾਣੇਦਾਰ ਜੋ ਨਵਾਂ ਆਇਆ ਹੈ, ਉਹ ਹੈ ਤਾਂ ਸੱਚਾ-ਸੁੱਚਾ, ਪਰ ਕੱਬਾ ਵੀ ਬਹੁਤ ਹੈ । ਲੋਕ ਉਸ ਦੀ ਦਹਿਸ਼ਤ ਤੋਂ ਭੈ-ਭੀਤ ਸਨ । ਸ਼ਾਇਦ ਇਸੇ ਕਰਕੇ ਹੀ ਵਾਰਦਾਤਾਂ ਨੂੰ ਕੁਝ ਠੱਲ ਪਈ ਸੀ, ਨਹੀਂ ਤਾਂ ਚਿੱਟੇ ਦਿਨ ਹੀ ਕਦੀ ਕਿਸੇ ਔਰਤ ਦੀ ਚੈਨੀ ਝਪਟ ਲੈਣੀ ਜਾਂ ਫਿਰ ਗੈਸ ਦਾ ਸਿਲੰਡਰ ਚੋਰੀ ਹੋ ਜਾਣਾ ।
ਸ. ਬਲਦੇਵ ਸਿੰਘ ਦਾ ਇਕੋ-ਇੱਕ ਬੇਟਾ, ਜਿਸ ਦਾ ਨਾਂ ਹਰਿੰਦਰ ਸਿੰਘ ਸੀ । ਉਸ ਦੇ ਮਾਤਾ ਜੀ ਤਾਂ ਉਸ ਨੂੰ ਜਨਮ ਦੇਂਦੇ ਸਮੇਂ ਹੀ ਪਰਲੋਕ ਸੁਧਾਰ ਗਏ ਸਨ । ਉਸ ਦੇ ਪਾਪਾ ਨੇ ਬਹੁਤ ਹੀ ਲਾਡ-ਪਿਆਰ ਨਾਲ ਉਸ ਦੀ ਪਰਵਰਿਸ਼ ਕੀਤੀ । ਬਹੁਤ ਸਾਲਾਂ ਤੋਂ ਮਲੇਸ਼ ਨਾਂ ਦੀ ਨੌਕਰਾਣੀ ਜੋ ਉਨ੍ਹਾਂ ਦੇ ਘਰ ਕੰਮ ਕਰਦੀ, ਯਾਨੀਕਿ ਸਫਾਈ, ਬਰਤਨ, ਕੱਪੜੇ ਧੋਣ ਦੇ ਇਲਾਵਾ ਉਹ ਦੁਪਹਿਰ ਅਤੇ ਰਾਤ ਦਾ ਖਾਣਾ ਵੀ ਤਿਆਰ ਕਰ ਜਾਂਦੀ ਸੀ; ਪਰ ਬਲਦੇਵ ਸਿੰਘ ਹੁਰਾਂ ਨੂੰ ਨਾਸ਼ਤੇ ਦਾ ਪ੍ਰਬੰਧ ਖ਼ੁਦ ਹੀ ਕਰਨਾ ਪੈਂਦਾ ਸੀ ।
ਹਰਿੰਦਰ ਪਬਲਿਕ ਸਕੂਲ ‘ਚ ਸੱਤਵੀਂ ਜਮਾਤ ਵਿਚ ਪੜ੍ਹਦਾ ਸੀ । ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਤੇ ਹਰ ਸਾਲ ਹੀ ਪਾਪਾ ਦੀ ਪੱਗ ਨੂੰ ਚਾਰ ਚੰਨ ਲਗਾ ਦਿੰਦਾ ਸੀ । ਤਾਹੀਓਂ ਤਾਂ ਉਹ ਕਿਸੇ ਨੂੰ ਗੱਲ ਨਹੀਂ ਸੀ ਕਰਨ ਦੇਂਦਾ, ਯਾਨੀਕਿ ਸਵਾਲ ਪੁੱਛੋ ਮਗਰੋਂ ਜਵਾਬ ਪਹਿਲਾਂ । ਸਿਆਣੇ ਕਹਿੰਦੇ ਹਨ ਕਿ ‘ਸਵੱਛ ਸਰੀਰ ਵਿਚ ਹੀ ਸਵੱਛ ਮਨ ਨਿਵਾਸ ਕਰਦਾ ਹੈ’ । ਹਰਿੰਦਰ ਦੀ ਇਸ ਲਾਇਕਤਾ ਪਿੱਛੇ ਉਸਦੇ ਪਿਤਾ ਜੀ ਦਾ ਬਹੁਤ ਵੱਡਾ ਹੱਥ ਸੀ । ਐਵੇਂ ਤੇ ਨੀ ਉਸ ਦੇ ਪਿਤਾ ਜੀ ਅਕਸਰ ਹੀ ਕਿਹਾ ਕਰਦੇ ਸਨ ਕਿ ਮੇਰਾ ਬੇਟਾ ਇੱਕ ਦਿਨ ਆਪਣੇ ਦੇਸ਼ ਦਾ ਨਾਂਅ ਜ਼ਰੂਰ ਰੋਸ਼ਨ ਕਰੇਗਾ ।
ਸਰਦਾਰ ਬਲਦੇਵ ਸਿੰਘ ਹੁਰਾਂ ਕੋਲ ਜਦੋਂ ਵੀ ਸਮਾਂ ਹੁੰਦਾ, ਉਹ ਆਪਣੇ ਬੇਟੇ ਨੂੰ ਸਿੱਖਿਆ ਯਾਨੀ ਕਿ ਜੀਵਨ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਬਾਰੇ ਦੱਸਦੇ ਸਨ । “ਬੇਟੇ ! ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਹੀ ਹਰ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ । ਪਰ, ਸਮਾਜਿਕ ਬੁਰਾਈਆਂ ਤੋਂ ਹਮੇਸ਼ਾ ਬਚ ਕੇ ਰਹਿਣਾ ਕਿਉਂਕਿ ਇਹ ਮਨੁੱਖ ਨੂੰ ਬਰਬਾਦ ਕਰ ਦਿੰਦੀਆਂ ਨੇ । ਇਸ ਸਮੇਂ ਸਮਾਜਿਕ ਬੁਰਾਈਆਂ ਦਾ ਹੜ੍ਹ ਆਇਆ ਹੋਇਆ ਹੈ । ਇੱਕ ਇੱਟ ਪੁੱਟੋ ਤਾਂ ਖੁੰਭਾਂ ਦੀ ਤਾਦਾਦ ਵਿਚ ਸਮਾਜਿਕ ਬੁਰਾਈਆਂ ਸਾਡੇ ਸਾਹਮਣੇ ਆ ਜਾਂਦੀਆਂ ਨੇ । ਵੈਸੇ ਵੀ ਬੱਚੇ ਦਾ ਦਿਮਾਗ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਉਸ ਵਿਚ ਭਾਵੇਂ ਫੁੱਲਾਂ ਦੇ ਬੂਟੇ ਲਗਾ ਦਿਉ ਜਾਂ ਕੰਡਿਆਲੀਆਂ ਝਾੜੀਆਂ । ਬੱਚਾ ਜੋ ਦੇਖਦਾ ਹੈ, ਸੁਣਦਾ ਜਾਂ ਕਰਦਾ ਹੈ, ਓਹੀ ਉਸ ਦੇ ਦਿਮਾਗ ‘ਤੇ ਆਪਣੀ ਛਾਪ ਛੱਡ ਜਾਂਦਾ ਹੈ । ਤਾਸ਼ ਹੀ ਲੈ ਲਵੋ, ਛੋਟੀ ਜਿਹੀ ਖੇਡ ਹੈ, ਪਰ ਇਹ ਖੇਡ ਉਸ ਬੱਚੇ ਨੂੰ ‘ਜੂਆ’ ਵੱਲ ਧਕੇਲ ਦਿੰਦੀ ਹੈ । ਮਹਾਂਭਾਰਤ ਵਿਚ ਕੁੰਤੀ ਪੁੱਤਰ ਯੁੱਧਿਸ਼ਟਰ, ਜੋ ਉਸ ਸਮੇਂ ਦਾ ਸਭ ਤੋਂ ਸਿਆਣਾ ਰਾਜਾ ਸੀ, ਆਪਣਾ ਸਾਰਾ ਰਾਜ-ਭਾਗ ‘ਜੂਏ’ ਵਿੱਚ ਹਾਰਨ ਕਰਕੇ ਉਹ ਜੰਗਲ-2 ਭਟਕਦੇ ਰਹੇ । ਇਸੇ ਤਰ੍ਹਾਂ ਸ਼ਰਾਬ ਪੀਣਾ, ਨਸ਼ਾ ਕਰਨਾ ਜਾਂ ਤੰਬਾਕੂ, ਬੀੜ੍ਹ੍ਹੀ, ਸਿਗਰਟ ਦੀ ਵਰਤੋਂ ਕਰਨ ਨਾਲ ‘ਕੱਲੀ ਸਿਹਤ ਦਾ ਨੁਕਸਾਨ ਹੀ ਨਹੀਂ, ਸਗੋਂ ਉਹ ਬੱਚਾ ਚੋਰੀਆਂ-ਠੱਗੀਆਂ ਦੇ ਰਾਹ ਤੁਰ ਪੈਂਦਾ ਹੈ, ਕਿਉਂਕਿ ਨਸ਼ਾ ਪੂਰਤੀ ਲਈ ਪੈਸੇ ਦੀ ਬੇਹੱਦ ਲੋੜ ਪੈਂਦੀ ਹੈ । ਇੱਕ ਨਾ ਇੱਕ ਦਿਨ ਸੱਚ ਸਾਹਮਣੇ ਆ ਹੀ ਜਾਂਦਾ ਹੈ । ਸੌ ਦਿਨ ਚੋਰ ਦਾ, ਇੱਕ ਦਿਨ ਸਾਧ ਦਾ” ਸਰਦਾਰ ਜੀ ਆਪਣੇ ਬੇਟੇ ਨੂੰ ਜੀਵਨ-ਕੀਮਤਾਂ ਬਾਰੇ ਦੱਸ ਹੀ ਰਹੇ ਸਨ ਕਿ ਫੋਨ ਦੀ ਘੰਟੀ ਵੱਜ ਗਈ ।
ਹੈਲੋ ਸਰ, ਮੈਂ ਹਰਜੀਤ ਬੋਲਦਾ ਜੀ ।
“ਹਾਂ, ਹਰਜੀਤ ! ਕੀ ਗੱਲ ਐ ?” ਬਲਦੇਵ ਸਿੰਘ ਹੁਰਾਂ ਨੇ ਫੋਨ ਚੁੱਕਦੇ ਹੋਏ ਕਿਹਾ ।
“ਸਰ, ਕੱਲ੍ਹ ਵਾਲੀ ਪਾਰਟੀ ਪਹੁੰਚ ਗਈ ਹੈ”
“ਹਰਜੀਤ ! ਮੈਨੂੰ ਥੋੜ੍ਹਾ ਜਿਹਾ ਸਮਾਂ ਲੱਗ ਜਾਣਾ । ਤੂੰ ਏਦਾਂ ਕਰ । ਕੁਝ ਲੈਣ-ਦੇਣ ਕਰਕੇ ਇਸ ਮਸਲੇ ਦਾ ਫਾਹਾ ਵੱਢ ਦੇ” ਬਲਦੇਵ ਨੇ ਫੋਨ ਰੱਖਦੇ ਹੋਏ ਆਖਿਆ ।
ਬੇਟਾ ਹਰਿੰਦਰ ਬੋਲਿਆ, “ਪਾਪਾ ! ਇਹ ਵੀ ‘ਜੀਵਨ-ਕੀਮਤਾਂ’ ਹਨ”।