ਦੋ ਪਹਿਰ ਰਾਤ ਰਹਿੰਦਿਆਂ ਮਾਂ ਦੇ ਇਸ਼ਨਾਨ ਕਰਨ ਸਮੇਂ ਹੋਏ ਬਾਲਟੀ ਦੇ ਖੜਕੇ ਤੇ Àੁੱਚੀ-ਉੱਚੀ ਰੱਬੀ ਬਾਣੀ ਦੇ ਜਾਪ ਦੀ ਅਵਾਜ਼ ਸੁਣਦਿਆਂ ਹੀ ਅੱਬੜਵਾਹੇ ਮੇਰੀ ਅੱਖ ਖੁੱਲ• ਜਾਂਦੀ ਹੈ ਤੇ ਸੋਚਦਾ ਹਾਂ ਕਿ ਜਰਾ ਹੋਰ ਸੌਂ ਜਾਵਾਂ ਪਰ ਮਾਂ ਦੀਆਂ ਕੁਵੇਲੇ ਉੱਠਣ ਦੀਆਂ ਝਿੜਕਾਂ ਤੋਂ ਡਰਦਾ ਹੋਇਆ ਅਣਮੰਨੇ ਮਨ ਨਾਲ ਉੱਠਣ ਦੀ ਹੀਆ ਕਰਦਾ ਹਾਂ। ਕਈ ਵਾਰ ਤਾਂ ਗੁੱਸਾ ਵੀ ਆ ਜਾਂਦਾ ਹੈ ਕਿ ਯਾਰ ਮਾਂ ਵੀ ਬਸ, ਇਕ ਗੱਲ ਦੇ ਮਗਰ ਪਈ ਹੋਈ ਹੈ ਕਿ ਸਵੇਰੇ ਉੱਠੋ-ਸਵੇਰੇ ਉੱਠੋ,ਰੱਬ-ਰੱਬ ਕਰੋ। ਜਦਕਿ ਹੁਣ ਉਸਨੂੰ ਚਾਹੀਦਾ ਹੈ ਕਿ ਮੈਂ ਸਿਆਣਾ ਹੋ ਗਿਆ ਹਾਂ। ਮੈਨੂੰ ਆਪਣੇ ਚੰਗੇ-ਮਾੜੇ ਦੀ ਖ਼ਬਰ ਹੈ,ਪਰ ਫਿਰ ਸੋਚਦਾ ਹਾਂ ਯਾਰ ਜੇ ਮਾਂ ਸਵੱਖਤੇ ਉੱਠਣ ਦੀ ਆਦਤ ਨਾ ਪਾਉਂਦੀ ਤਾਂ ਮੇਰਾ ਆਲਸੀਪਣਨ ਮੈਨੂੰ ਦੁਪਹਿਰ ਤੱਕ ਨਾ ਉੱਠਣ ਦਿੰਦਾ ਫਿਰ ਰੱਬ-ਰੱਬ ਕਰਨ ਤਾਂ ਇੱਕ ਪਾਸੇ ਰਿਹਾ ਮੈਂ ਤਾਂ ਜ਼ਿੰਦਗੀ ਦੀ ਦੌੜ 'ਚ ਹੀ ਪਛੜ ਜਾਣਾ ਸੀ।
ਦੂਸਰੇ ਪਲ ਹੀ ਮਨ 'ਚ ਵਿਚਾਰ ਆਉਂਦਾ ਹੈ, ਯਾਰ ਕਦੇ ਵੀ ਆਪਣੇ ਮਨ ਦੀ ਆਜ਼ਾਦੀ ਨਾਲ ਜ਼ਿੰਦਗੀ ਨੂੰ ਨਹੀਂ ਮਾਣਿਆ ਸਦਾ ਮਾਂ ਦਿਆਂ ਬਚਨਾਂ ਤੇ ਫ਼ੁੱਲ ਚੜ•ਾਉਂਦਿਆਂ ਜ਼ਿੰਦਗੀ ਦੇ ਸਾਢੇ ਤਿੰਨ ਦਹਾਕੇ ਗੁਜ਼ਾਰ ਦਿੱਤੇ ਕਿ ਮੇਰੀ ਮਾਂ ਨੂੰ ਮੇਰੇ ਆਖੇ ਨਾ ਲੱਗਣ ਤੇ ਦੁੱਖ ਨਾ ਹੋਵੇ ਹਲਾਂਕਿ ਕਦੇ ਵੀ ਉਸਨੇ ਮੇਰੇ ਤੇ ਕੋਈ ਵੀ ਕੰਮ ਥੋਪਿਆ ਨਹੀਂ ਪਰ ਪਤਾ ਨਹੀਂ ਕਿਉਂ ਮਾਂ ਦੀ ਕੋਈ ਵੀ ਗੱਲ ਮੋੜਨ ਦਾ ਹੀਆ ਹੀ ਨਹੀਂ ਪੈਂਦਾ। ਮਾਂ ਦਾ ਸਪੂਤ ਜੋ ਹੋਇਆ।
ਫਿਰ ਸੋਚਦਾ ਹਾਂ ਸਿਆਲ ਦੀਆਂ ਉਨ•ਾਂ ਵੱਡੀਆਂ-ਵੱਡੀਆਂ ਰਾਤਾਂ ਬਾਰੇ ਜਦ ਮਾਂ ਸਵੇਰੇ ਦੇ ਤਿੰਨ ਵਜੇ ਪੜ•ਨ ਲਈ ਜਗਾ ਦਿੰਦੀ ਸੀ ਤੇ ਊਂਧ-ਮਧੂਲੇ ਮੂੰਹ ਤੇ ਨਿੱਘੇ-ਨਿੱਘੇ ਹੱਥ ਫੇਰਦੀ ਹੋਈ ਕਹਿੰਦੀ ਸੀ,'ਜਲ ਮਿਲਿਆ ਪਰਮੇਸ਼ਰ ਮਿਲਿਆ' ਤੇ ਸੁੱਤ ਉਨੀਂਦਰੇ ਮੂੰਹ ਨੂੰ ਚਾਹ ਦਾ ਕੱਪ ਲਗਾ ਦਿੰਦੀ ਸੀ। ਚਾਹ ਪੀਣ ਮਗਰੋਂ ਮੈਂ ਦੀਵੇ ਦੀ ਰੌਸ਼ਨੀ ਹੇਠ ਰਜਾਈ ਵਿੱਚ ਵੀ ਠੁਰ-ਠੁਰ ਕਰਦੇ ਹੱਥਾਂ ਨਾਲ ਕਿਤਾਬ ਫੜ• ਪੜ•ਨ ਬੈਠ ਜਾਂਦਾ। ਨਿਆਣਾ ਹੋਣ ਕਾਰਨ ਮੈਨੂੰ ਨੀਂਦ ਨਾ ਆ ਜਾਵੇ ਮੈਨੂੰ ਜਾਗਦਾ ਰੱਖਣ ਲਈ ਮਾਂ ਚਰਖਾ ਕੱਤਣ ਬੈਠ ਜਾਂਦੀ ਤੇ ਮੂੰਹ'ਚ ਰੱਬ-ਰੱਬ ਕਰਦੀ ਪਰ ਉਸਦਾ ਧਿਆਨ ਸਦਾ ਮੇਰੇ ਵੱਲ ਰਹਿੰਦਾ ਕਿ ਕਿਤੇ ਮੈਂ ਪੜ•ਦਾ-ਪੜ•ਦਾ ਸੌਂ ਤਾਂ ਨਹੀਂ ਗਿਆ। ਜਦ ਕਦੀ ਪੜ•ਦੇ ਸਮੇਂ ਆਏ ਨੀਂਦ ਦੇ ਆਏ ਝੂਟੇ ਨਾਲ ਮੇਰਾ ਮੱਥਾ ਮੰਜੇ ਦੀ ਬਾਹੀ ਨਾਲ ਜਾ ਲਗਦਾ ਤਾਂ ਝੱਟ ਆਖਦੀ ,“ ਹੇਖਾਂ, ਹਾਅ ਤਾਂ ਬੜੀਆਂ ਪੜ•ਾਈਆਂ ਹੁੰਦੀਆਂ ਨੇ , ਕੰਜਰਾ! ਜੇ ਚਾਹ ਦਾ ਕੱਪ ਡੱਫ ਕੇ ਵੀ ਨੀਂਦ ਦੇ ਝੂਟੇ ਹੀ ਲੈਣੇ ਨੇ ਤਾਂ ਮੇਰਾ ਤੈਨੂੰ ਅੱਧੀ ਰਾਤ ਨੂੰ ਜਗਾ ਕੇ ਬਿਠਾਉਣ ਦਾ ਕੀ ਫਾਇਦਾ”। ਮੈਂ ਸ਼ਰਮਸਾਰ ਜਿਹਾ ਹੋਇਆ ਫਿਰ ਤੋਂ ਸੁਚੇਤ ਹੋ ਕੇ ਪੜਨ ਲੱਗਦਾ। ਮਾਂ ਦੀ ਇਸ ਸਖ਼ਤ ਘਾਲਣਾ ਸਦਕਾ ਹੀ ਇਸ ਗੁਰਬਤ ਦੀ ਜ਼ਿੰਦਗੀ ਵਿੱਚ ਵੀ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਹਾਸਿਲ ਕਰਕੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਰੌਸ਼ਨਮਈ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹਾਂ। ਇਸ ਪੱਧਰ ਦੇ ਅਕਾਦਮਿਕ ਗਿਆਨ ਹਾਸਿਲ ਕਰਨ ਤੋਂ ਪਿੱਛੋਂ ਵੀ ਮੈਂਨੂੰ ਆਪਣੀ ਮਾਂ ਦੀਆਂ ਗੱਲਾਂ ਵਿਚ ਵਧੇਰੇ ਸਚਾਈ ਨਜ਼ਰ ਆਉਂਦੀ ਹੈ ਭਾਵੇਂ ਕਈ ਵਾਰ ਤੈਸ਼ ਵਿਚ ਆ ਕੇ ਮਾਂ ਦੀਆਂ ਦਿੱਤੀਆਂ ਸਲਾਹਾਂ ਨੂੰ ਠੁਕਰਾ ਕੇ ਆਪਣੀਆਂ ਗੱਲਾਂ ਨੂੰ ਮਨਵਾਉਣ ਲਈ ਕਿਤਾਬੀ ਗਿਆਨ ਦੀਆਂ ਦਲੀਲਾਂ ਦੇ ਕੇ ਉਸ ਦੇ ਵਿਸ਼ਵਾਸ਼ ਨੂੰ ਡੇਗਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮਾਂ ਜ਼ਿੰਦਗੀ ਦੇ ਉਸ ਪੜਾਅ 'ਅਗਹੁ ਨੇੜਾ ਆਇਆ' ਪਹੁੰਚੀ ਹੋਣ ਕਰਕੇ ਅੱਖਾਂ ਨਮ ਕਰਕੇ ਆਖਦੀ ਹੈ,“ ਪੁੱਤ.. .! ਕੀ ਹੋ ਗਿਆ ਜੇ ਤੂੰ ਬਹੁਤੀਆਂ ਪੜ• ਗਿਆ ਏ,ਮੈਂ ਵੀ ਦੁਨੀਆ ਦੇਖੀ ਐ”, ਭਾਵੇਂ ਉਸ ਸਮੇਂ ਤਾਂ ਮੈਂ ਮਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦਾ ਪਰ ਜਦ ਵੀ ਇਕਾਂਤ ਦੀ ਬੁੱਕਲ ਵਿੱਚ ਬਹਿ ਕੇ ਮਾਂ ਦੀਆਂ ਕਹੀਆਂ ਗੱਲਾਂ ਨੂੰ ਫਿਰ ਤੋਂ ਵਾਚਦਾ ਹਾਂ ਤਾਂ Àਨ•ਾਂ ਸਾਹਮਣੇ ਮੈਨੂੰ ਆਪਣਾ ਆਪਾ ਬੌਣਾ ਨਜ਼ਰ ਆਉਂਦਾ ਹੈ।