ਕਦੇ ਸਮਾਂ ਸੀ ਸਾਡੇ ‘ਤੇ ਉਹ ਮਰਦੇ ਸਨ।
ਸਾਡੇ ਉੱਤੇ ਹੱਥੀਂ ਛਾਂਵਾਂ ਕਰਦੇ ਸਨ।
ਜਿਹੜੇ ਸੁਪਨੇ ਉਸ ਦੀ ਅੱਖ਼ ਵਿਚ ਤਰਦੇ ਸਨ,
ਓਹੀਓ ਸੁਪਨੇ ਮੇਰੀ ਅੱਖ਼ ਵਿਚ ਤਰਦੇ ਸਨ।
ਅੱਜ ਕੱਲ ਅੱਖ਼ ਭੁਆਂਕੇ ਕੋਲ਼ੋਂ ਲੰਘ ਜਾਂਦੇ,
ਕਦੇ ਉਹ ਵਿਛੜਨ ਲੱਗਿਆਂ ਅੱਖ਼ਾਂ ਭਰਦੇ ਸਨ।
ਡੰਡੀਓਂ ਟੁੱਟੇ ਫ਼ੁੱਲ ਵਾਂਗੂੰ ਕੁਮਲਾਅ ਜਾਂਦੇ,
ਇਕ ਨਿੱਕੀ ਜਿਹੀ ਘੂਰੀ ਵੀ ਨਹੀਂ ਜਰਦੇ ਸਨ।
ਪੱਤੇ ਚੰਗੇ ਹੁੰਦੇ ਸਨ, ਪਰ ਫ਼ਿਰ ਵੀ ਉਹ,
ਜਾਣ ਬੁੱਝ ਕੇ ਸਾਥੋਂ ਬਾਜ਼ੀ ਹਰਦੇ ਸਨ।
ਤਲਖ਼ ਹਵਾ ਸਾਡੇ ‘ਤੇ ਜਦ ਵੀ ਵੱਗਦੀ ਸੀ,
ਆਪਣੀ ਸੰਘਣੀ ਜ਼ੁਲਫ਼ ਦਾ ਸਾਇਆ ਕਰਦੇ ਸਨ।
”ਇਸ਼ਕ ਤੇਰੇ ਦਾ ਸੇਕ ਬੜਾ ਹੀ ਡਾਹਢਾ ਹੈ”,
ਇੰਝ ਕਹਿੰਦਿਆਂ ਬਰਫ਼ ਵਾਂਗਰਾਂ ਖ਼ਰਦੇ ਸਨ।
ਉਸ ਨੂੰ ਮੇਰੀ ਪਿਆਸ ਦਾ ਇਲਮ ਸੀ ਏਸ ਕਦਰ,
ਬੱਦਲ ਵਾਂਗੂੰ ਰੱਜ ਕੇ ਵਰ੍ਹਿਆ ਕਰਦੇ ਸਨ।
ਆਉਂਦੇ ਸਨ ਤਾਂ ਕਮਰਾ ਮਹਿਕਣ ਲੱਗਦਾ ਸੀ,
ਆਉਂਦੇ ਸਨ ਉਹ ਇੱਦਾਂ ਜਿੱਦਾਂ ਘਰ ਦੇ ਸਨ।
ਜਾਂਦੇ ਸਨ ਤਾਂ ਬਿਸਤਰ ਹਉਕੇ ਭਰਦਾ ਸੀ,
ਆਖ਼ਰ ਸਾਡੇ ਉਸਦੇ ਕਿਹੜਾ ਪਰਦੇ ਸਨ।
ਜੇ ਮੈਂ ਕਹਾਂ ਕਿ ਸੱਭ ਕੁਝ ਤੇਰਾ, ਮੇਰਾ ਹੈ,
ਦਿਲ ਤਾਂ ਕੀ ਉਹ ਜਾਨ ਹਵਾਲੇ ਕਰਦੇ ਸਨ।
”ਸਾਥੀ” ਵੱਲ ਕੁਈ ਨਜ਼ਰ ਮਿਲ਼ਾਕੇ ਤੱਕੇ ਜੇ,
ਖਿੱਝਦੇ ਸਨ, ਘਬਰਾਅ ਕੇ ਹਉਕੇ ਭਰਦੇ ਸਨ।