ਸਲਾਮਤ ਰਹਿਣ ਕਲਮਾਂ,
ਸੱਚਾਈ ਕਹਿਣ ਵਾਲੀਆਂ,
ਨਿਆਂ ਭਗਤਾਉਣ ਵਾਲੀਆਂ,
ਹਕੀਕਤ ਜਗਾਉਣ ਵਾਲੀਆਂ,
ਅੱਤਿਆਚਾਰ ਹਰਾਉਣ ਵਾਲੀਆਂ,
ਮੁਆਹਿਦੇ ਪੁਗਾਉਣ ਵਾਲੀਆਂ।
ਗਰਕ ਜਾਣ ਵਿਕਾਊ ਕਲਮਾਂ,
ਹੁਕਮ ਵਜਾਉਣ ਵਾਲੀਆਂ,
ਸਿਰ ਝੁਕਾਉਣ ਵਾਲੀਆਂ,
ਸੁਪਾਰੀ ਚਾਹੁਣ ਵਾਲੀਆਂ,
ਖਿਆਨਤ ਮਚਾਉਣ ਵਾਲੀਆਂ,
ਇਵਜ਼ਾਨਾ ਪਾਉਣ ਵਾਲੀਆਂ।
ਸੌਂ ਜਾਣ ਚਾਪਲੂਸ ਕਲਮਾਂ,
ਮੱਖਣ ਲਾਉਣ ਵਾਲੀਆਂ,
ਪੜਦੇ ਪਾਉਣ ਵਾਲੀਆਂ,
ਡੰਗ ਟਪਾਉਣ ਵਾਲੀਆਂ,
ਯਥਾਰਥ ਛੁਪਾਉਣ ਵਾਲੀਆਂ।
ਬਖਸ਼ੀਸ਼ਾਂ ਹੰਢਾਉਣ ਵਾਲੀਆਂ।
ਟੁੱਟ ਜਾਣ ਖ਼ੁਦਗਰਜ਼ ਕਲਮਾਂ,
ਅਫਵਾਹਾਂ ਫੈਲਾਉਣ ਵਾਲੀਆਂ,
ਆਤੰਕ ਮਚਾਉਣ ਵਾਲੀਆਂ,
ਅੰਬਰ ਢਾਹੁਣ ਵਾਲੀਆਂ,
ਵਿਤਕਰੇ ਪਾਉਣ ਵਾਲੀਆਂ
ਜਨਤਾ ਗੁਮਰਾਹੁਣ ਵਾਲੀਆਂ।
ਜਿੰਦਾ ਰਹਿਣ ਧੱਕੜ ਕਲਮਾਂ,
ਧਰਤ ਹਿਲਾਉਣ ਵਾਲੀਆਂ,
ਜੁੱਗ ਪਲਟਾਉਣ ਵਾਲੀਆਂ,
ਕ੍ਰਾਂਤੀ ਲਿਆਉਣ ਵਾਲੀਆਂ,
ਸ਼ਾਂਤੀ ਵਰਸਾਉਣ ਵਾਲੀਆਂ,
ਸੁਰਮੇਲ ਵਰਤਾਉਣ ਵਾਲੀਆਂ।