ਇਕ ਦਿਨ ਮੈਨੂੰ ਸੁਫ਼ਨਾ ਆਇਆ,
ਇਕ ਬੱਚੇ ਨੇ, ਆਣ ਬੁਲਾਇਆ।
ਕਹਿੰਦਾ ਚਾਚਾ ਕਹਾਂ ਕਿ ਤਾਇਆ?
ਤਾਇਆ ਬਣ ਮੈਨੂੰ ਸੰਗਣਾ ਪੈਣਾ,
ਚਾਚੇ ਲਈ ਦਾਹੜਾ ਰੰਗਣਾ ਪੈਣਾ।
ਹਊ ਕਾਕਾ! ਜੋ ਕਹਿਣਾ ਕਹਿ ਲੈ।
ਫੁੱਫੜ ਸੀ, ਤੇਰੇ ਵਰਗਾ ਗੋਰਾ,
ਉਹੀ ਚਾਲ ਤੇ ਚਿਹਰਾ-ਮ੍ਹੋਰਾ।
ਜੇ ਮੈਂ ਤੈਨੂੰ, ਫੁੱਫੜ ਕਹਿ ਲਾਂ?
ਫੁੱਫੜ ਦਾ ਵੀ, ਮੁਕਾਮ ਬੜਾ ਹੈ।
ਸਹੁਰੀਂ ਇੱਜ਼ਤ-ਮਾਨ ਬੜਾ ਹੈ।
ਹਊ ਕਾਕਾ! ਤੂੰ ਫੁੱਫੜ ਕਹਿ ਲੈ।
ਮਾਸੜ ਨਾਮ, ਹੈ ਬੜਾ ਨਿਆਰਾ,
ਮੈਨੂੰ ਲੱਗਦੈ, ਬਹੁਤ ਪਿਆਰਾ।
ਜੇ ਮੈਂ ਤੈਨੂੰ, ਮਾਸੜ ਕਹਿ ਲਾਂ?
ਮੇਰੀ ਵੀ, ਕੋਈ ਸਾਲ਼ੀ ਹੈ ਨ੍ਹੀਂ,
ਜੀਜਾ ਜੀ ਕਹਿਣੇ ਵਾਲੀ ਹੈ ਨ੍ਹੀਂ।
ਹਊ ਕਾਕਾ! ਤੂੰ ਮਾਸੜ ਕਹਿ ਲੈ।
ਮੇਰਾ ਤਾਂ ਇੱਥੇ ਹੈ ਨ੍ਹੀਂ ਮਾਮਾ,
ਨਾਮ ਓਸਦਾ, ਹੈਗਾ ਗ੍ਹਾਮਾ।
ਜੇ ਮੈਂ ਤੈਨੂੰ, ਮਾਮਾ ਕਹਿ ਲਾਂ?
ਮਾਮਾ ਬਣ ਕਾਕਾ! ਪੰਗਾ ਪੈਣਾ,
ਪਿਓ ਤੇਰੇ ਨੇ ਸਾਲ਼ਾ ਕਹਿਣਾ।
ਹਊ ਕਾਕਾ! ਤੂੰ ਮਾਮਾ ਕਹਿ ਲੈ।
ਨਾਨਾ ’ਤੇ ਨਾਨੀ ਦੂਰ ਬੜੇ ਨੇ,
ਆਉਂਦੇ ਨਾ, ਮਜਬੂਰ ਬੜੇ ਨੇ।
ਜੇ ਮੈਂ ਤੈਨੂੰ, ਨਾਨਾ ਕਹਿ ਲਾਂ?
ਤਾਂਹ ਵੀ ਰੀਤ ਨਿਭਾਉਣੀ ਪੈਣੀ,
ਨਾਨਕੀ-ਛੱਕ ਬਣਾਉਣੀ ਪੈਣੀ।
ਹਊ ਕਾਕਾ! ਤੂੰ ਨਾਨਾ ਕਹਿ ਲੈ।
ਜਿਹੜੇ ਬੱਚੇ, ਗਲ਼ੀ ‘ਚ ਰਹਿੰਦੇ,
ਸਾਰੇ ਅੰਕਲ-ਅੰਕਲ ਕਹਿੰਦੇ।
ਜੇ ਮੈਂ ਤੈਨੂੰ, ਅੰਕਲ ਕਹਿ ਲਾਂ?
ਨਾ ਕਾਕਾ! ਅੰਕਲ ਨ੍ਹੀਂ ਕਹਿਣਾ,
ਰਿਸ਼ਤਿਆਂ ਨੂੰ, ਸਮਝਣਾ ਪੈਣਾ।
ਅੰਕਲ ਸ਼ਬਦ ਬੇਕਾਰ ਬੜਾ ਹੈ,
ਰਿਸ਼ਤਿਆਂ ਨਾਲ ਖਿਲਵਾੜ ਬੜਾ ਹੈ।
‘ਰਾਠੀ’ ਨੂੰ ਤਾਂ, ਦਾਦਾ ਜੀ ਕਹਿ ਲੈ,
ਜਾਹ ਅਸ਼ੀਰਵਾਦ ਦਾਦੀ ਤੋਂ ਲੈ-ਲੈ।