ਤੇਰੇ ਜਿਹਾ ਕੋਈ ਚੰਨਾ,
ਜੱਗ ਤੇ ਨਾ ਹੋਰ ਵੇ।
ਦੇਸ ਤੇ ਵਿਦੇਸ਼ ਵਿਚ,
ਮੇਰੀ ਬੜੀ ਟ੍ਹੌਰ ਵੇ।
ਰੱਬ ਸੱਭੋ ਕੁੱਝ ਦਿੱਤਾ,
ਬਸ ਇਕੋ ਥੋੜ੍ਹ ਵੇ।
ਹਰਫ਼ਾਂ ਦੀ ਸੂਈ ਮੰਗਾਂ,
ਸ਼ਬਦਾਂ ਦੀ ਡੋਰ ਵੇ।
ਕੱਢਣ ਕਸੀਦਾ ਬੈਠਾਂ,
ਤੂਤਾਂ ਦੀਆਂ ਛਾਵਾਂ ਵੇ।
ਬੈਠਣੇ ਨੂੰ ਪੀੜ੍ਹੀ ਮਾਹੀਆ,
ਰੰਗਲੀ ਮੈਂ ਡਾਹਵਾਂ ਵੇ।
ਨਜ਼ਮਾਂ ਦੀ ਵੇਲ,
ਫ਼ੁੱਲ ਕਵਿਤਾ ਦੇ ਪਾਵਾਂ ਵੇ।
ਪਿਆਰ ਵਾਲਾ ਲਾਲ ਸੂਹਾ,
ਰੰਗ ਮੈਂ ਚੜ੍ਹਾਵਾਂ ਵੇ।
ਚੌਹੀਂ ਕੰਨੀ ਕੱਢਾਂ ਮੈਂ,
ਕਹਾਣੀ ਇਕ ਸਾਰੀ ਵੇ।
ਗੀਤਾਂ ਦੀਆਂ ਪੱਤੀਆਂ ਦੀ,
ਚੁਣਾਂ ਮੈਂ ਕਿਨਾਰੀ ਵੇ।
ਸਿਰ ਉੱਤੇ ਲੈ ਕੇ ਤੁਰਾਂ,
ਜਦੋਂ ਫ਼ੁਲਕਾਰੀ ਇਹ।
ਦੁਨੀਆਂ ਤੋਂ ਵੱਖਰੀ ਤੂੰ,
ਵੇਖੀਂ ਮੇਰੀ ਤੋਰ ਵੇ।
ਓੜ੍ਹ ਫ਼ੁਲਕਾਰੀ ਢੋਲਾ,
ਮਹਿਫ਼ਲ ਸਜਾਵਾਂਗੀ।
ਤੇਰੇ ਨਾਂ ਦੇ ਗੀਤ ਨਾਲ਼ੇ,
ਕਵਿਤਾ ਸੁਣਾਵਾਂਗੀ।
ਰੱਬ ਕੋਲੋਂ ਮੰਗਾਂਗੀ ਮੈਂ
ਜਦੋਂ ਵੀ ਧਿਆਵਾਂਗੀ
ਪ੍ਰੀਤ ਸਾਡੀ ਨਿਭੇ,
ਜਿਵੇਂ ਚੰਨ ਤੇ ਚਕੋਰ ਵੇ।
|