ਸਤਲੁਜ ਤੋਂ ਨਿਆਗਰਾ ਤੱਕ - ਭਾਗ 1 (ਸਫ਼ਰਨਾਮਾ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵੀਜਾ ਮਿਲਣਾ
    ਵਿਦੇਸ਼ ਯਾਤਰਾ ਲਈ ਸਾਡੇ ਪੈਰ ਚੱਕਰ ਤਾਂ ਉਦੋਂ ਹੀ ਬਣ ਗਿਆ ਸੀ ਜਦੋਂ ਸਾਡੀ ਵਡੀ ਬੇਟੀ ਪਰਵਿੰਦਰ ਉਰਫ਼ ਰੋਜੀ ਦੀ ਮੰਗਣੀ ਕਨੇਡਾ ਹੋਈ ਸੀ ਪਰ ਇਹ ਚੱਕਰ ਐਨੀ ਛੇਤੀ ਗੂੜ੍ਹਾ ਹੋ ਜਾਵੇਗਾ ਇਹ ਨਹੀਂ ਸੀ ਪਤਾ।ਅਸੀਂ ਤਾਂ ਅਜੇ ਚਾਰ ਸਾਲ ਬਾਅਦ ਦੀ ਯੋਜਨਾ ਬਣਾਈ ਸੀ ਕਿ ਉਦੋਂ ਤਕ ਸਾਡੇ ਬੇਟੇ ਦਾ ਵਿਆਹ ਹੋ ਜਾਵੇਗਾ ਤਾਂ ਜੋ ਪਿਛੋਂ ਉਸਨੂੰ ਕੋਈ ਦਿੱਕਤ ਨਾ ਆਵੇ।ਪਰ ਸਤਿੰਦਰ (ਸਾਡਾ ਜਵਾਈ) ਨੇ ਪਿਆਰ ਦਾ ਅਜਿਹਾ ਜਾਲ ਬੁਣਿਆਂ ਜਿਸ ਵਿਚ ਅਸੀਂ ਫਸਦੇ ਚਲੇ ਗਏ।ਪਹਿਲਾਂ ਮੈਂ ਇਹ ਦੱਸ ਦਿਆਂ ਕਿ ਮੇਰੀ ਵੱਡੀ ਬੇਟੀ ਕਨੇਡਾ ਦੇ ਸ਼ਹਿਰ ਬਰੈਂਪਟਨ ਰਹਿੰਦੀ ਹੈ ਜਦਕਿ ਛੋਟੀ ਬੇਟੀ ਅਮਰੀਕਾ ਦੇ ਨਿਊ ਜਰਸੀ ਸੂਬੇ ਦੇ ਸ਼ਹਿਰ ਪਰਸਿਪਨੀ ਵਸਦੀ ਹੈ।ਇਹ ਤਕਨਾਲੋਜੀ ਦਾ ਕਮਾਲ ਹੈ ਕਿ ਅਸੀਂ ਹਰ ਰੋਜ਼ ਇਕ ਦੋ ਘੰਟੇ ਇੰਟਰਨੈੱਟ ਤੇ ਉਨ੍ਹਾਂ ਨੂੰ ਮਿਲ ਲਈਦਾ ਹੈ ਤੇ ਦੂਜਾ ਸਾਡੇ ਦੋਵੇਂ ਰਿਸ਼ਤੇਦਾਰ ਐਨੇ ਚੰਗੇ ਹਨ ਕਿ ਸਾਨੂੰ ਬੇਟੀਆਂ ਦੀ ਕਦੇ ਵੀ ਚਿੰਤਾ ਨਹੀਂ ਹੋਈ।
    ਸਤਿੰਦਰ ਵਾਰ ਵਾਰ ਪੁਛਦਾ ਸੀ ਕਿ ਅਸੀਂ ਉਨ੍ਹਾਂ ਕੋਲ ਕਦੋਂ ਜਾਵਾਂਗੇ।ਮੇਰੇ ਵੱਲੋਂ ਇਕੋ ਜਵਾਬ ਹੁੰਦਾ ਸੀ ਕਿ ਅਜੇ ਚਾਰ ਸਾਲ ਤਾਂ ਸੋਚੋ ਹੀ ਨਾ।ਉਸਨੇ ਇਕ ਵਿਉਂਤ ਬਣਾਈ ਜਿਸ ਵਿਚ ਅਸੀਂ ਸਹਿਜੇ ਹੀ ਆ ਗਏ।ਉਸਨੇ ਦਸਿਆ ਕਿ ਅਮਰੀਕਾ ਦਾ ਕਾਨੂੰਨ ਬਦਲ ਰਿਹਾ ਹੈ। ਹੁਣ ਕਾਨੂੰਨ ਸਖ਼ਤ ਨਹੀਂ ਅੱਗੋਂ ਵੀਜਾ ਲੈਣਾ ਔਖਾ ਹੋ ਜਾਵੇਗਾ ਇਸ ਲਈ ਵੀਜਾ ਲਗਵਾ ਕੇ ਰੱਖ ਲਵੋ।ਵੀਜਾ ਤਕਰੀਬਨ ਦਸ ਸਾਲ ਦਾ ਲੱਗ ਜਾਂਦਾ ਹੈ।ਫੇਰ ਆਪਣੀ ਮਰਜ਼ੀ ਹੈ ਭਾਵੇਂ ਦੋ ਤਿੰਨ ਸਾਲ ਬਾਅਦ ਜਦੋਂ ਦਿਲ ਕਰੇ ਅਮਰੀਕਾ ਘੁੰਮ ਆਉ। ਮੇਰੇ ਵੱਲੋਂ ਹਾਮੀ ਭਰਨ ਤੇ ਉਸਨੇ ਸਾਡੇ ਪਾਸਪੋਰਟਾਂ ਦੇ ਨੰਬਰ ਲੈ ਕੇ ਆਨ ਲਾਈਨ ਵੀਜੇ ਦੇ ਫਾਰਮ ਭਰ ਦਿੱਤੇ। 
    ਅਮਰੀਕਨ ਅੰਬੈਸੀ ਵੱਲੋਂ ਸਾਰੇ ਫਾਰਮ ਆਨਲਾਈਨ ਹੀ ਭਰੇ ਜਾਂਦੇ ਹਨ। ਇਹ ਇਕ ਚੰਗੀ ਪਿਰਤ ਹੈ ਜਿਸ ਨਾਲ ਇੰਟਰਵਿਊ ਵੇਲੇ ਘੜਮੱਸ ਨਹੀਂ ਮਚਦਾ।ਸਾਡੇ ਲਈ ਫਾਰਮ ਭਰਨਾ ਵੀ ਇਕ ਹਫਤਾ ਸ਼ੁਗਲ ਦਾ ਕਾਰਣ ਬਣਿਆ ਰਿਹਾ।ਅੰਬੈਸੀ ਦੀ ਵੈੱਬਸਾਈਟ ਤੇ ਦੇਖਣਾ ਪੈਂਦਾ ਸੀ ਕਿ ਕਦੋਂ ਦੀ ਤਾਰੀਖ ਖਾਲੀ ਹੈ। ਫਾਰਮ ਪੂਰਾ ਭਰ ਕੇ ਜਿਹੜੀ ਖਾਲੀ ਤਾਰੀਖ ਹੋਵੇ ਉਸ ਵਿਚੋਂ ਇਕ ਚੁਣਨੀ ਹੁੰਦੀ ਹੈ।ਸਤਿੰਦਰ ਨੇ ਵੈੱਬ-ਸਾਈਟ ਦਾ ਪਤਾ ਸਾਨੂੰ ਮੇਲ ਕਰ ਦਿੱਤਾ ਕਿ ਜਦੋਂ ਵੀ ਤਾਰੀਖ ਖੁਲ੍ਹੇ ਉਸੇ ਵੇਲੇ ਉਸਨੂੰ ਫੋਨ ਕਰ ਦੇਈਏ ਭਾਵੇਂ ਰਾਤ ਦਾ ਵੇਲਾ ਹੀ ਹੋਵੇ।ਸਤਵਿੰਦਰ ਦਿਨ ਵਿਚ ਕਈ ਵਾਰ ਚੈੱਕ ਕਰ ਲੈਂਦੀ। ਜਦ ਵੀ ਤਾਰੀਖ ਖੁਲ੍ਹੀ ਦੇਖਦੀ ਤਾਂ ਮੈਨੂੰ ਸੂਚਿਤ ਕਰ ਦਿੰਦੀ ਤੇ ਨਾਲ ਹੀ ਅਮਰੀਕਾ। ਸਤਿੰਦਰ ਫਾਰਮ ਭਰਨਾ ਸ਼ੁਰੂ ਕਰਦਾ ਤੇ ਸਾਡੇ ਨਾਲ ਫੋਨ ਲਾਈਨ ਤੇ ਰਹਿੰਦਾ ਤਾਂ ਕਿ ਫਾਰਮ ਵਿਚ ਕੋਈ ਗਲਤੀ ਨਾ ਰਹਿ ਜਾਵੇ।(ਪਾਠਕਾਂ ਨੂੰ ਸਤਵਿੰਦਰ ਅਤੇ ਸਤਿੰਦਰ ਦੇ ਨਾਵਾਂ ਦਾ ਭੁਲੇਖਾ ਲਗ ਸਕਦਾ ਹੈ ਇਸ ਲਈ ਅੱਗੋਂ ਮੈਂ ਸਤਿੰਦਰ ਦਾ ਛੋਟਾ ਨਾਂ ਸੱਤੀ ਹੀ ਲਿਖਾਂਗਾ) ਪੂਰਾ ਫਾਰਮ ਭਰ ਕੇ ਜਦ ਸਬਮਿਟ ਕਰਨ ਲਗਿਆ ਤਾਂ ਤਾਰੀਖ ਬੰਦ ਹੋ ਗਈ। ਇਕ ਹਫ਼ਤਾ ਇਦਾਂ ਹੀ ਹੁੰਦਾ ਰਿਹਾ ਕਿਉਂਕਿ ਫਾਰਮ ਸੁਰੱਖਿਅਤ ਨਹੀਂ ਸੀ ਹੁੰਦਾ।ਫਾਰਮ ਭਰਨ ਨੂੰ ਸਮਾਂ ਲੱਗ ਜਾਂਦਾ ਸੀ।ਫਿਰ ਉਸਨੂੰ ਇਕ ਤਰੀਕਾ ਸੁਝਿਆ। ਉਸਨੇ ਸਾਰਾ ਫਾਰਮ ਨੋਟਪੈਡ ਵਿਚ ਟਾਈਪ ਕਰ ਕੇ ਰੱਖ ਲਿਆ ਤੇ ਜਦ ਤਾਰੀਖ ਖੁਲ੍ਹੀ ਤਾਂ ਜਲਦੀ ਨਾਲ ਕਾਪੀ ਪੇਸਟ ਕਰ ਕੇ ਭਰ ਦਿੱਤਾ।
    ਅਸੀਂ ਸੋਚ ਰਹੇ ਸੀ ਕਿ ਜੇ ਫਾਰਮ ਭਰਨ ਤੇ ਹੀ ਐਨਾ ਚਿਰ ਲੱਗ ਗਿਆ ਤਾਂ ਇੰਟਰਵਿਊ ਵਿਚ ਕੀ ਹਾਲ ਹੋਵੇਗਾ? ਪਹਿਲਾਂ ਬਹੁਤ ਸੁਣਿਆਂ ਤੇ ਪੜ੍ਹਿਆ ਸੀ ਕਿ ਲੋਕੀਂ ਸਵੇਰੇ ਚਾਰ ਵਜੇ ਹੀ ਜਾ ਕੇ ਲਾਈਨਾਂ ਵਿਚ ਲੱਗ ਜਾਂਦੇ ਹਨ। ਬਹੁਤ ਖੱਜਲ ਖਰਾਬੀ ਹੁੰਦੀ ਹੈ।ਪਰ ਸਾਡਾ ਤਜਰਬਾ ਤਾਂ ਬਿਲਕੁਲ ਵਖਰਾ ਸੀ। ਸੱਤੀ ਵੱਲੋਂ ਭੇਜੇ ਹੋਏ ਫਾਰਮਾਂ ਦਾ ਇਕ ਪੁਲੰਦਾ ਕੋਰੀਅਰ ਰਾਹੀਂ ਪਹੁੰਚ ਚੁਕਿਆ ਸੀ ਜਿਸ ਵਿਚ ਉਸਨੇ ਸਾਰੇ ਲੋੜੀਂਦੇ ਕਾਗਜ਼ਾਤ ਅਤੇ ਇੰਟਰਵਿਊ ਵੇਲੇ ਪੁਛੇ ਜਾਣ ਵਾਲੇ ਸੰਭਾਵਿਤ ਸਵਾਲਾਂ ਦੇ ਜਵਾਬ ਭੇਜੇ ਸਨ।ਸਾਡੇ ਫਾਰਮਾਂ ਤੇ ਮੁਲਾਕਾਤ ਦਾ ਸਮਾਂ ਸਵੇਰੇ ਸਵਾ ਦਸ ਵਜੇ ਦਾ ਸੀ ਅਤੇ ਸਾਫ ਲਿਖਿਆ ਸੀ ਕਿ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਪਹੁੰਚੀਏ।ਸੱਤੀ ਦੇ ਪਿਤਾ ਜੀ ਸ. ਜਗਜੀਤ ਸਿੰਘ ਬਾਵਰਾ ਜੀ ਵਾਰ ਵਾਰ ਤਾਕੀਦ ਕਰ ਰਹੇ ਸਨ ਕਿ ਜਿੰਨਾ ਜਲਦੀ ਹੋ ਸਕੇ ਅੰਬੈਸੀ ਪਹੁੰਚ ਜਾਈਏ।ਸੋ ਅਸੀਂ ਇਕ ਦਿਨ ਪਹਿਲਾਂ ਹੀ ਦਿੱਲੀ ਪਹੁੰਚ ਗਏ।ਸ਼ਤਾਬਦੀ ਨੇ ਸਾਨੂੰ ਗਿਆਰਾਂ ਵਜੇ ਦਿੱਲੀ ਪਹੁੰਚਾ ਦਿੱਤਾ।ਦਿੱਲੀ ਤਾਂ ਬਹੁਤ ਘੁੰਮੇ ਹਾਂ, ਇਸ ਲਈ ਸਾਡੇ ਕੋਲ ਸਮਾਂ ਪਾਸ ਕਰਨ ਦਾ ਕੋਈ ਸਾਧਨ ਨਹੀਂ ਸੀ।ਸਤਵਿੰਦਰ ਨੇ ਸੁਣਿਆਂ ਸੀ ਕਿ ਗੁਰਦਵਾਰਾ ਬੰਗਲਾ ਸਾਹਿਬ ਦੀ ਇਮਾਰਤ ਨਵੀਂ ਬਣੀ ਹੈ ਕਿਉਂ ਨਾ ਉਸੇ ਦੇ ਦਰਸ਼ਨ ਕੀਤੇ ਜਾਣ।ਸੋ ਅਸੀਂ ਬੰਗਲਾ ਸਾਹਿਬ ਚਲੇ ਗਏ।ਗੁਰਦਵਾਰੇ ਦੀ ਇਮਾਰਤ ਅਜੇ ਬਣ ਰਹੀ ਸੀ।ਸ਼ਾਮ ਸੱਤ ਵਜੇ ਤਕ ਅਸੀਂ ਹੋਟਲ ਪਹੁੰਚ ਗਏ।ਸਤਿੰਦਰ ਤੇ ਕਮਲ ਸਾਨੂੰ ਕਿਸੇ ਪਲ ਵੀ ਸ਼ੁਭ ਇਛਾਵਾਂ ਦੇਣੀਆਂ ਨਾ ਭੁਲਦੇ, ਚਾਹੇ ਘਰੋਂ ਤੁਰਨ ਦਾ ਵੇਲਾ ਹੋਵੇ ਤੇ ਭਾਵੇਂ ਗਡੀ ਦੇ ਤੁਰਨ ਦਾ।ਸਵੇਰੇ ਪੰਜ ਵਜੇ ਹੀ ਬਾਵਰਾ ਜੀ ਦਾ ਫੋਨ ਆ ਗਿਆ।ਉਨ੍ਹਾਂ ਨੂੰ ਫਿਕਰ ਸੀ ਕਿਤੇ ਅਸੀਂ ਸੁੱਤੇ ਹੀ ਨਾ ਰਹੀਏ।ਅਸੀਂ ਤਿਆਰ ਹੋ ਕੇ ਸਵੇਰੇ ਸਾਢੇ ਸੱਤ ਵਜੇ ਹੀ ਅੰਬੈਸੀ ਪਹੁੰਚ ਗਏ।ਸਾਡੇ ਤੋਂ ਪਹਿਲਾਂ ਵੀ ਬਹੁਤ ਲੋਕ ਖੜ੍ਹੇ ਸਨ ਪਰ ਅੰਬੈਸੀ ਦੀ ਇਮਾਰਤ ਤੋਂ ਥੋੜ੍ਹੇ ਫ਼ਰਕ ਨਾਲ।ਅਸੀਂ ਅੰਦਰ ਜਾਣ ਲੱਗੇ ਤਾਂ ਉਥੇ ਤਾਇਨਾਤ ਕਰਮਚਾਰੀ ਨੇ ਸਾਡਾ ਫਾਰਮ ਦੇਖ ਕੇ ਸਾਨੂੰ ਪੌਣੇ ਦਸ ਵਜੇ ਆਉਣ ਲਈ ਕਿਹਾ।ਅਸੀਂ ਦਿੱਤੇ ਹੋਏ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਅੰਦਰ ਦਾਖਲ ਹੋ ਸਕਦੇ ਸਾਂ।ਉਦੋਂ ਉਸਨੇ ਆਵਾਜ਼ ਦਿੱਤੀ ਜਿਹੜੇ ਫਾਰਮਾਂ ਦਾ ਸਮਾਂ ਅੱਠ ਵਜੇ ਦਾ ਹੈ ਉਹ ਆ ਜਾਵੋ।ਸੜਕ ਦੇ ਦੂਸਰੇ ਪਾਸੇ ਖੜ੍ਹੀ ਭੀੜ ਵਿਚੋਂ ਦਸ ਕੁ ਬੰਦੇ ਆ ਕੇ ਲਾਈਨ ਬਣਾ ਕੇ ਖੜ੍ਹੇ ਹੋ ਗਏ।ਇਕ ਇਕ ਕਰ ਕੇ ਉਨ੍ਹਾਂ ਨੇ ਫਾਰਮ ਚੈੱਕ ਕੀਤੇ ਅਤੇ ਅੰਦਰ ਭੇਜ ਦਿੱਤੇ।ਇਸੇ ਤਰ੍ਹਾਂ ਪੰਦਰਾਂ ਪੰਦਰਾਂ ਮਿੰਟ ਬਾਅਦ ਉਹ ਆਵਾਜ਼ ਦਿੰਦਾ।ਸੱਤ ਅੱਠ ਬੰਦੇ ਜਾਂਦੇ ਬਾਕੀ ਆਪਣੇ ਫਾਰਮ ਵੱਲ ਵੇਖ ਕੇ ਬੁੱਲ੍ਹ ਟੁੱਕਣ ਲੱਗ ਜਾਂਦੇ।ਸਾਰਾ ਕੰਮ ਆਰਾਮ ਨਾਲ ਹੋਈ ਜਾ ਰਿਹਾ ਸੀ।ਕੋਈ ਲੰਬੀ ਲਾਈਨ ਨਹੀਂ ਸੀ।ਇੱਕਾ ਦੁੱਕਾ ਬੰਦੇ ਅਜਿਹੇ ਵੀ ਸਨ ਜੋ ਦਿੱਤੇ ਹੋਏ ਸਮੇਂ ਤੇ ਹੀ ਆਏ ਅਤੇ ਸਿੱਧੇ ਅੰਦਰ ਚਲੇ ਗਏ।ਸੱਤੀ ਪਲ਼ ਪਲ਼ ਦੀ ਜਾਣਕਾਰੀ ਲੈ ਰਿਹਾ ਸੀ ਤੇ ਨਾਲ ਸਾਨੂੰ ਦਿਲਾਸਾ ਦੇਈ ਜਾ ਰਿਹਾ ਸੀ ਕਿ ਘਬਰਾਈਏ ਨਾ ਵੀਜਾ ਜ਼ਰੂਰ ਮਿਲੂ।ਪੌਣੇ ਦਸ ਵਜੇ ਸਾਡੀ ਵਾਰੀ ਵੀ ਆ ਗਈ।ਜਿਹੜੇ ਇੰਟਰਵਿਊ ਦੇ ਕੇ ਬਾਹਰ ਨਿਕਲਦੇ ਸਨ ਬਾਹਰ ਖੜ੍ਹੇ ਲੋਕ ਉਸਦੇ ਚਿਹਰੇ ਵੱਲ ਇਉਂ ਦੇਖਦੇ ਜਿਵੇਂ ਸਾਰਿਆਂ ਦੀ ਕਿਸਮਤ ਉਸ ਨਾਲ ਹੀ ਜੁੜੀ ਹੋਵੇ।ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਹੁੰਦੀ ਕਿ ਇਸਨੂੰ ਵੀਜਾ ਮਿਲਿਆ ਹੈ ਜਾਂ ਨਹੀਂ।ਅੰਦਰ ਵੜਦਿਆਂ ਸਾਡਾ ਮਨ ਵੀ ਥੋੜ੍ਹਾ ਡਰਿਆ ਕਿਤੇ ਜਵਾਬ ਹੀ ਨਾ ਹੋ ਜਾਵੇ।ਅੰਦਰ ਗਏ ਤਾਂ ਕੋਈ ਭੀੜ ਭੜੱਕਾ ਨਹੀਂ ਸੀ।ਸੱਤੀ ਨੇ ਕਾਗਜ਼ ਐਨੀ ਵਧੀਆ ਤਰਤੀਬ ਨਾਲ ਲਾਏ ਸਨ ਕਿ ਇੰਟਰਵਿਊ ਲੈਣ ਵਾਲੇ ਨੂੰ ਸਾਡੇ ਤੋਂ ਕੋਈ ਸਵਾਲ ਪੁਛਣ ਦੀ ਲੋੜ ਹੀ ਮਹਿਸੂਸ ਨਹੀਂ ਹੋਈ।ਸਾਨੂੰ ਵੀਜਾ ਮਿਲ ਗਿਆ।ਸਤਵਿੰਦਰ ਨੂੰ ਵੀ ਮਖੌਲ ਸੁਝ ਗਿਆ, ਕਹਿਣ ਲੱਗੀ ਆਪਾਂ ਛੇਤੀ ਬਾਹਰ ਚੱਲੀਏ ਲੋਕ ਆਪਣਾ ਇੰਤਜ਼ਾਰ ਕਰ ਰਹੇ ਐ।ਜਦ ਅਸੀਂ ਬਾਹਰ ਆਏ ਤਾਂ ਸਚਮੁਚ ਹੀ ਸਾਰਿਆਂ ਦੀਆਂ ਅੱਖਾਂ ਸਾਡੇ ਵੱਲ ਜੰਮ ਗਈਆਂ।ਸਾਡੇ ਚਿਹਰਿਆਂ ਨੇ ਵੀ ਚੁਗਲੀ ਕਰ ਦਿੱਤੀ ਹੋਵੇਗੀ ਕਿ ਸਾਨੂੰ ਵੀਜਾ ਮਿਲ ਗਿਆ।
    ਵੀਜਾ ਲੱਗੇ ਪਾਸਪੋਰਟ ਤੀਜੇ ਦਿਨ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਹੀ ਸਰੂਰ ਆ ਗਿਆ ਜਿਵੇਂ ਅਸੀਂ ਆਮ ਤੋਂ ਖਾਸ ਹੋ ਗਏ ਹੋਈਏ।ਸ਼ਾਮ ਨੂੰ ਆਨ-ਲਾਈਨ ਹੋਏ ਤਾਂ ਸੱਤੀ ਪੁਛ ਰਿਹਾ ਸੀ ਸਾਡੇ ਕੋਲ ਕਦੋਂ ਆ ਰਹੇ ਹੋ ਜਸਲੀਨ (ਸਾਡੀ ਦੋਹਤੀ) ਤੁਹਾਡਾ ਇੰਤਜ਼ਾਰ ਕਰ ਰਹੀ ਹੈ।ਉਸਦੀ ਗੱਲ ਸੁਣ ਕੇ ਸਤਵਿੰਦਰ ਦਾ ਮਨ ਭਰ ਆਇਆ।ਦਸ ਸਾਲ ਦਾ ਵੀਜ਼ਾ ਸੀ ਹੁਣ ਤਾਂ ਅਸੀਂ ਮਰਜ਼ੀ ਦੇ ਮਾਲਕ ਸਾਂ ਜਦੋਂ ਮਰਜ਼ੀ ਮੋਢੇ ਤੇ ਪਰਨਾ ਰੱਖੀਏ ਤੇ ਅਮਰੀਕਾ ਨੂੰ ਤੁਰ ਪਈਏ।ਸੱਤੀ ਨੇ ਸਲਾਹ ਦਿੱਤੀ ਕਿ ਸੀਜ਼ਨ ਤੋਂ ਮਗਰੋਂ ਦਾ ਪ੍ਰੋਗਰਾਮ ਬਣਾ ਲਈਏ ਨਲੇ ਕਨੇਡਾ ਵਾਸਤੇ ਅਮਰੀਕਾ ਤੋਂ ਹੀ ਕੋਸ਼ਿਸ਼ ਕਰ ਲਵਾਂਗੇ ਜੇ ਵੀਜਾ ਮਿਲ ਗਿਆ ਤਾਂ ਰੋਜੀ ਹੋਰਾਂ ਨੂੰ ਵੀ ਮਿਲ ਆਇਉ।ਉਸਦੀ ਇਹ ਸਲਾਹ ਤਾਂ ਸਾਡੇ ਮਨ ਲੱਗੀ ਪਰ ਸਮੱਸਿਆ ਐਨਾ ਸਮਾਂ ਕਢਣ ਦੀ ਸੀ।ਅੰਦਰੋਂ ਅੰਦਰੀ ਸਾਡਾ ਮਨ ਵੀ ਬੱਚਿਆਂ ਨੂੰ ਮਿਲਣ ਲਈ ਕਾਹਲਾ ਪੈਣ ਲੱਗ ਪਿਆ।ਅਸੀਂ ਵਿਚਾਰ ਬਣਾਇਆ ਕਿ ਮਹੀਨੇ ਕੁ ਲਈ ਜਾ ਆਈਏ।ਦਸੰਬਰ ਦੇ ਅੰਤ ਤੇ ਸੀਜ਼ਨ ਦੀ ਸਮਾਪਤੀ ਸੀ।ਚਾਰ ਮਹੀਨੇ ਸਾਡੇ ਕੋਲ ਵਿਹਲ ਦੇ ਸਨ ਪਰ ਫਰਵਰੀ ਵਿਚ ਮੇਰੀ ਭਤੀਜੀ ਦੀ ਸ਼ਾਦੀ ਸੀ। ਇਸ ਲਈ ਅਸੀਂ ਮਾਰਚ ਦੇ ਪਹਿਲੇ ਹਫ਼ਤੇ ਜਾਣ ਦੀ ਸਲਾਹ ਬਣਾ ਲਈ ਤੇ ਇਸ ਬਾਰੇ ਬੇਟੀਆਂ ਨੂੰ ਵੀ ਸੂਚਿਤ ਕਰ ਦਿੱਤਾ।ਸ਼ਾਮ ਨੂੰ ਸੱਤੀ ਦਾ ਫੋਨ ਆ ਗਿਆ ਕਿ ਉਸਨੇ ਇਕ ਲਿੰਕ ਭੇਜਿਆ ਹੈ ਅਸੀਂ ਉਸਦਾ ਪ੍ਰਿੰਟ ਕਢ ਲਈਏ।ਜਦ ਇੰਟਰਨੈੱਟ ਖੋਲ੍ਹ ਕੇ ਦੇਖਿਆ ਤਾਂ ਇਹ ਸਾਡੀਆਂ ਗੁਲਫ਼ ਏਅਰਲਾਈਨ ਦੀਆਂ ਟਿਕਟਾਂ ਸਨ।ਮੈਨੂੰ ਇਹ ਗੱਲ ਸ਼ੋਭਦੀ ਨਹੀਂ ਸੀ ਕਿ ਮੈਂ ਬੱਚਿਆਂ ਦਾ ਖਰਚ ਕਰਾਵਾਂ।ਮੈਂ ਸਤਿੰਦਰ ਨੂੰ ਇਸਦਾ ਜ਼ਿਕਰ ਕੀਤਾ ਤਾਂ ਉਹ ਹੱਸ ਕੇ ਟਾਲ ਗਿਆ।
    ਟਿਕਟਾਂ ਤਾਂ ਆ ਗਈਆਂ ਪਰ ਇਕ ਸਮੱਸਿਆ ਆ ਖੜ੍ਹੀ ਹੋਈ ਨਾਲ ਸਮਾਨ ਲਿਜਾਣ ਦੀ।ਜਿਸ ਏਜੰਟ ਤੋਂ ਟਿਕਟਾਂ ਲਈਆ ਸਨ ਉਸਨੇ 23 ਕਿਲੋ ਵਜ਼ਨ ਦੇ ਦੋ ਨਗ ਲਿਜਾਣ ਬਾਰੇ ਦੱਸਿਆ ਸੀ ਪਰ ਉਨ੍ਹਾਂ ਟਿਕਟ ਤੇ ਤੀਹ ਕਿਲੋ ਵਜ਼ਨ ਦਾ ਇਕ ਸੂਟਕੇਸ ਲਿਜਾਣ ਬਾਰੇ ਲਿਖਿਆ ਸੀ। ਅਸੀਂ ਏਅਰਲਾਈਨ ਦੇ ਦਫ਼ਤਰ ਫੋਨ ਕੀਤਾ ਤਾਂ ਉਨ੍ਹਾਂ ਨੇ ਤੀਹ ਕਿਲੋ ਦਾ ਇਕ ਨਗ ਲਿਜਾਣ ਲਈ ਕਿਹਾ।ਸੱਤੀ ਨੇ ਕਸਟਮਰ ਕੇਅਰ ਤੇ ਫੋਨ ਕੀਤਾ ਤਾਂ ਉਨ੍ਹਾਂ ਵੀ ਤੀਹ ਕਿਲੋ ਦਾ ਇਕ ਹੀ ਨਗ ਦੱਸਿਆ।ਅਸੀਂ ਦੋ ਬੇਟੀਆਂ ਕੋਲ ਪਹਿਲੀ ਵਾਰ ਜਾਣਾ ਸੀ।ਦੋਨਾਂ ਕੋਲ ਪਹਿਲੇ ਬੱਚੇ ਹੋਏ ਸਨ।ਸਤਵਿੰਦਰ ਨੂੰ ਇਹੀ ਝੋਰਾ ਖਾਈ ਜਾ ਰਿਹਾ ਸੀ।ਥੋੜ੍ਹਾ ਬਹੁਤ ਤਾਂ ਲਿਜਾਣਾ ਬਣਦਾ ਹੀ ਹੈ।ਬੇਟੀਆਂ ਵਾਰ ਵਾਰ ਇਹੀ ਆਖ ਰਹੀਆਂ ਸਨ ਕਿ ਸਾਨੂੰ ਕੁਝ ਨਹੀਂ ਚਾਹੀਦਾ, ਤੁਸੀਂ ਭਾਵੇਂ ਆਪਣੇ ਕਪੜੇ ਵੀ ਨਾ ਲੈ ਕੇ ਆਵੋ ਏਥੋਂ ਹੀ ਸਾਰ ਲਵਾਂਗੇ।ਸੋ ਅਸੀਂ ਤੀਹ ਕਿਲੋ ਵਜ਼ਨ ਦੇ ਦੋ ਅਟੈਚੀ ਬੰਨ੍ਹ ਲਏ।ਸਤਵਿੰਦਰ ਦੀ ਮਾਤਾ ਸੁਖਦੇਵ ਕੌਰ ਨੇ ਸਾਡੇ ਘਰ ਦੀ ਜ਼ਿੰਮੇਵਾਰੀ ਸੰਭਾਲਣ ਦੀ ਹਾਂ ਕਰ ਕੇ ਸਾਨੂੰ ਚਿੰਤਾਮੁਕਤ ਕਰ ਦਿੱਤਾ ਸੀ।
 
ਖੱਜਲ ਖੁਆਰੀ

    12 ਮਾਰਚ 2010 ਨੂੰ ਅਸੀਂ ਰਾਤ ਦੇ ਇਕ ਵਜੇ ਹੀ ਦਿੱਲੀ ਪਹੁੰਚ ਗਏ।ਸਵੇਰੇ ਸਾਢੇ ਛੇ ਵਜੇ ਦੀ ਫ਼ਲਾਈਟ ਸੀ।ਤਿੰਨ ਘੰਟੇ ਦਾ ਸਮਾਂ ਅਸੀਂ ਉਡੀਕ ਘਰ ਵਿਚ ਬੈਠ ਕੇ ਲੰਘਾਇਆ।ਤਿੰਨ ਵਜੇ ਅਸੀਂ ਹਵਾਈ ਟਰਮੀਨਲ ਦੇ ਅੰਦਰ ਦਾਖਲ ਹੋਏ ਤਾਂ ਏਅਰਲਾਈਨ ਵਾਲਿਆਂ ਨੇ ਚੈੱਕ ਇਨ ਸ਼ੁਰੂ ਕਰ ਦਿੱਤੀ ਸੀ।ਅਸੀਂ ਵੀ ਲਾਈਨ ਵਿਚ ਲੱਗ ਗਏ।ਸਾਡੀ ਵਾਰੀ ਆਈ ਤਾਂ ਚੈੱਕ ਕਰਨ ਵਾਲੇ ਨੇ ਬੜੇ ਫੂਹੜ ਤਰੀਕੇ ਨਾਲ ਸਾਨੂੰ ਕਤਾਰ ਵਿਚੋਂ ਬਾਹਰ ਕਢਦਿਆਂ ਕਿਹਾ, ਤੁਸੀਂ ਨਹੀਂ ਜਾ ਸਕਦੇ ਤੁਹਾਡਾ ਤਾਂ ਵਿਜ਼ਟਰ ਵੀਜਾ ਹੈ ਇਸ ਲਈ ਵਾਪਸੀ ਟਿਕਟ ਚਾਹੀਦੀ ਹੈ।ਮੈਂ ਉਸਨੂੰ ਦਸਿਆ ਕਿ ਸਾਡਾ ਕਨੇਡਾ ਜਾਣ ਦਾ ਵਿਚਾਰ ਹੈ ਤੇ ਅਸੀਂ ਉਧਰੋਂ ਹੀ ਵਾਪਸੀ ਕਰਨੀ ਹੈ ਇਸ ਲਈ ਵਾਪਸੀ ਟਿਕਟ ਨਹੀਂ ਲਈ।ਉਸਨੇ ਕਿਹਾ ਸਾਡੇ ਅਫ਼ਸਰ ਨਾਲ ਗੱਲ ਕਰ ਲਵੋ।ਅਫ਼ਸਰ ਵੀ ਉਹੀ ਬੋਲੀ ਬੋਲੇ, ਆਖੇ ਵਾਪਸ ਜਾਉ ਅਤੇ ਵਾਪਸੀ ਟਿਕਟ ਲੈ ਕੇ ਆਵੋ।ਬੜੀ ਸਮੱਸਿਆ ਖੜ੍ਹੀ ਹੋ ਗਈ।ਅਖੇ ਨ੍ਹਾਤੀ ਧੋਤੀ ਰਹਿ ਗਈ ਤੇ ਉਤੇ ਮੱਖੀ ਬਹਿ ਗਈ।ਹੁਣ ਕੀ ਕੀਤਾ ਜਾਵੇ? ਰਿਸ਼ਤੇਦਾਰ ਤਾਂ ਬੜਾ ਘੁੱਟ ਘੁੱਟ ਜਫੀਆਂ ਪਾ ਕੇ ਮਿਲੇ ਸੀ ਬਈ ਬੜੇ ਲੰਬੇ ਸਫ਼ਰ ਤੇ ਚੱਲੇ ਐ ਤੇ ਇਹ ਨੀਂ ਪਤਾ ਬਈ ਜਵਾਲੇ ਹੋਰੀਂ ਤਾਂ ਦਿੱਲੀਉਂ ਵਾਪਸ ਆ ਗਏ।ਕਹਿੰਦੇ ਹਨ ਕਿ ਮੁੱਲਾਂ ਦੀ ਦੌੜ ਮਸੀਤ ਤਕ।ਸਾਨੂੰ ਵੀ ਇਸਦਾ ਹੱਲ ਸੱਤੀ ਹੀ ਦੱਸ ਸਕਦਾ ਸੀ।ਮੈਂ ਝੱਟ ਆਪਣੇ ਮੋਬਾਈਲ ਤੋਂ ਉਸਦਾ ਨੰਬਰ ਮਿਲਾਇਆ।ਉਹ ਛੁੱਟੀ ਕਰ ਕੇ ਘਰ ਵਾਪਸ ਜਾ ਰਿਹਾ ਸੀ।ਮੈਂ ਸਾਰੀ ਸਮੱਸਿਆ ਉਸਨੂੰ ਦੱਸੀ ਤਾਂ ਉਹ ਬੋਲਿਆ ਤੁਸੀਂ ਘਬਰਾਉ ਨਾ, ਏਅਰਲਾਈਨ ਦੇ ਮੁਲਾਜਮ ਹਜ਼ਾਰ ਦੋ ਹਜ਼ਾਰ ਬਨਾੳੇਣਾ ਚਾਹੁੰਦੇ ਐ ਪਰ ਤੁਸੀਂ ਫਿਕਰ ਨਾ ਕਰੋ ਮੈਂ ਹੁਣੇ ਟਿਕਟ ਬੁੱਕ ਕਰਾ ਕੇ ਮੈਸਜ ਭੇਜਦਾਂ।ਮੈਂ ਤਾਂ ਚੈੱਕਿੰਗ ਕਰਨ ਵਾਲਿਆਂ ਨੂੰ ਇਮੀਗਰੇਸ਼ਨ ਵਾਲੇ ਸਮਝ ਰਿਹਾ ਸੀ।ਹੁਣ ਮੇਰਾ ਹੌਸਲਾ ਵਧ ਗਿਆ।ਮੈਂ ਸਿੱਧਾ ਉਸ ਆਪਣੇ ਆਪ ਨੂੰ ਅਫ਼ਸਰ ਦੱਸਣ ਵਾਲੇ ਕੋਲ ਗਿਆ।ਮੇਰਾ ਪਹਿਲਾ ਸਵਾਲ ਉਸਨੂੰ ਇਹੀ ਸੀ, ਆਪ ਏਅਰਲਾਈਨ ਵਾਲੇ ਹੈਂ ਜਾਂ ਇਮੀਗਰੇਸ਼ਨ ਵਾਲੇ? ਮੇਰੇ ਤੇਵਰ ਦੇਖ ਕੇ ਉਹ ਢਿਲਾ ਪੈ ਗਿਆ ਤੇ ਬੋਲਿਆ, ‘ਹੈਂ ਤੋ ਏਅਰਲਾਈਨ ਵਾਲੇ ਮਗਰ ਆਪ ਕੇ ਭਲੇ ਕੇ ਲੀਏ ਹੀ ਕਹਿ ਰਹੇ ਹੈਂ’।ਮੈਂ ਉਸ ਨੂੰ ਪੰਜਾਬੀ ਵਿਚ ਬੋਲਣ ਲੱਗ ਪਿਆ, ‘ਤੂੰ ਮੇਰਾ ਭਲਾ ਕਿਸ ਤਰ੍ਹਾਂ ਮੰਗਦਾ ਸੀ? ਜੇ ਮੈਂ ਦਿਲ ਦਾ ਮਰੀਜ਼ ਹੁੰਦਾ ਤੇ ਇਹ ਧੱਕਾ ਨਾ ਸਹਿ ਸਕਦਾ? ਤੈਨੂੰ ਇਹ ਹੱਕ ਕਿਸ ਨੇ ਦਿੱਤਾ ਹੈ ਕਿ ਤੂੰ ਸਾਨੂੰ ਵਾਪਸ ਜਾਣ ਲਈ ਆਖੇਂ?ਤੇਰਾ ਕੰਮ ਸਿਰਫ਼ ਬੋਰਡਿੰਗ ਪਾਸ ਦੇਣਾ ਹੈ।ਏਅਰਲਾਈਨ ਨੇ ਟਿਕਟਾਂ ਬੁੱਕ ਕਰਨ ਤੋਂ ਪਹਿਲਾਂ ਕਿਉਂ ਨੀਂ ਪੁਛਿਆ ਕਿ ਸਾਡੇ ਕੋਲ ਵੀਜਾ ਕਿਹੜਾ ਹੈ?’ ਉਸਦੇ ਦੋ ਸਾਥੀ ਹੋਰ ਆ ਗਏ।ਮੈਂ ਉਨ੍ਹਾਂ ਨੂੰ ਟਿਕਟਾਂ ਦਾ ਰਿਫੰਡ ਕਰਨ ਲਈ ਕਹਿ ਰਿਹਾ ਸੀ ਤੇ ਨਾਲ ਹੀ ਕਾਰਣ ਲਿਖ ਕੇ ਦੇਣ ਲਈ।ਉਨ੍ਹਾਂ ਵਿਚੋਂ ਇਕ ਬੋਲਿਆ ‘ਕਈ ਵਾਰ ਅਮਰੀਕਾ ਵਾਲੇ ਉਥੋਂ ਵਾਪਸ ਮੋੜ ਦਿੰਦੇ ਐ ਜੇ ਵਾਪਸੀ ਟਿਕਟ ਨਾ ਹੋਵੇ ਇਸ ਲਈ ਅਸੀਂ ਇਥੇ ਚੈੱਕ ਕਰਦੇ ਹਾਂ।ਤੁਹਾਡਾ ਕਿੰਨਾ ਪੈਸਾ ਖਰਾਬ ਹੋਵੇਗਾ ਜੇ ਉਹ ਵਾਪਸ ਮੋੜ ਦੇਣ’।ਮੈਂ ਕਿਹਾ ਇਹ ਸਾਡੀ ਸਿਰਦਰਦੀ ਹੈ ਕਿ ਉਹ ਸਾਡੇ ਨਾਲ ਕੀ ਸਲੂਕ ਕਰਦੇ ਐ।ਉਹ ਦੂਜਾ ਮੁਲਕ ਹੈ ਤੁਸੀਂ ਤਾਂ ਆਪਣੇ ਹੋ ਕੇ ਵੀ ਗਲਤ ਸਲੂਕ ਕਰ ਰਹੇ ਹੋ।ਹੁਣ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਸੀ ਅਹੁੜ ਰਿਹਾ।ਉਨ੍ਹਾਂ ਨੇ ਆਪਣੇ ਕੁਲੀਗ ਨੂੰ ਸਾਨੂੰ ਕਲੀਅਰ ਕਰਨ ਦੀ ਕਹਿ ਕੇ ਉਥੋਂ ਖਿਸਕਣ ਦੀ ਕੀਤੀ। ਠੀਕ ਉਸੇ ਵੇਲੇ ਸੱਤੀ ਦਾ ਮੈਸੇਜ ਆ ਗਿਆ ਜਿਸ ਵਿਚ ਬੁਕਿੰਗ ਦਾ ਵੇਰਵਾ ਦਰਜ਼ ਸੀ। ਮੈਂ ਉਨ੍ਹਾਂ ਦੇ ਮਗਰ ਜਾ ਕੇ ਮੈਸਜ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੀ ਟਿਕਟ ਆ ਗਈ ਹੈ ਪਰ ਉਹ ਘੇਸਲ ਜਿਹੀ ਮਾਰ ਕੇ ‘ਕੋਈ ਬਾਤ ਨਹੀਂ’ ਕਹਿੰਦਾ ਉਥੋਂ ਚਲਾ ਗਿਆ।
    ਅਸੀਂ ਆਪਣਾ ਸਮਾਨ ਅੱਗੇ ਵਧਾਇਆ ਤਾਂ ਇਕ ਸਮੱਸਿਆ ਹੋਰ ਸਾਡੇ ਸਾਹਮਣੇ ਆ ਗਈ।ਬੋਰਡਿੰਗ ਪਾਸ ਦੇਣ ਵਾਲੀ ਕੁੜੀ ਬੋਲੀ ਭਾਰ ਵੱਧ ਹੈ।ਮੈਂ ਦੇਖਿਆ ਤਾਂ ਵਜ਼ਨ 29 ਕਿਲੋ ਆ ਰਿਹਾ ਸੀ।ਪਰ ਇਹ ਤਾਂ ਤੀਹ ਕਿਲੋ ਤੋਂ ਘੱਟ ਹੈ।ਮੇਰਾ ਜਵਾਬ ਸੁਣ ਕੇ ਉਹ ਬੋਲੀ, ਆਪ ਤੇਈਸ ਕਿਲੋ ਲਿਜਾ ਸਕਤੇ ਹੈਂ।ਜਦ ਮੈਂ ਉਸਨੂੰ ਦਸਿਆ ਕਿ ਤੁਹਾਡੀ ਵੈੱਵਸਾਈਟ ਤੇ ਤੀਹ ਕਿਲੋ ਲਿਖਿਆ ਹੈ, ਤੁਹਾਡੇ ਦਫ਼ਤਰ ਵੱਲੋਂ ਤੀਹ ਕਿਲੋ ਦਸਿਆ ਹੈ ਤਾਂ ਤੂੰ ਕਿਸ ਤਰ੍ਹਾਂ ਤੇਈ ਕਿਲੋ ਕਹਿ ਰਹੀ ਹੈਂ ?ਉਸਨੇ ਦਸਿਆ ਕਿ ਤੁਸੀਂ 23 ਕਿਲੋ ਦੇ ਦੋ ਅਟੈਚੀ ਲਿਜਾ ਸਕਦੇ ਹੋ।ਮੈਂ ਮੰਨਦੀ ਹਾਂ ਕਿ ਤੁਸੀਂ 46 ਕਿਲੋ ਦੀ ਥਾਂ ਸਿਰਫ ਤੀਹ ਕਿਲੋ ਹੀ ਲਿਜਾ ਰਹੇ ਹੋ ਪਰ ਮੇਰੀ ਮਜ਼ਬੂਰੀ ਹੈ ਕਿ ਮੈਂ ਇਕ 23 ਕਿਲੋ ਤੋਂ ਵੱਧ ਜਮ੍ਹਾਂ ਨਹੀਂ ਕਰ ਸਕਦੀ।ਜਾਂ ਤੁਹਾਨੂੰ ਸੌ ਡਾਲਰ ਦੇਣਾ ਪਏਗਾ।ਮੇਰੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ।ਮੈਂ ਪਿਛੇ ਹੋ ਕੇ ਕੰਧ ਨਾਲ ਲੱਗ ਕੇ ਖੜ੍ਹ ਗਿਆ।ਉਨ੍ਹਾਂ ਦਾ ਹੀ ਇਕ ਕਰਿੰਦਾ ਸਾਡੀ ਮਦਦ ਵਾਸਤੇ ਆਇਆ।ਉਸਨੇ ਕਿਹਾ ਕਿ ਇਕ ਅਟੈਚੀ ਹੋਰ ਲੈ ਲਵੋ ਤੇ ਦੋਨਾਂ ਵਿਚੋਂ ਅੱਠ ਅੱਠ ਕਿਲੋ ਭਾਰ ਕਢ ਕੇ ਇਕ ਨਗ ਹੋਰ ਬਣਾ ਲਵੋ।ਹੁਣ ਅਸੀਂ ਹੋਰ ਅਟੈਚੀ ਕਿਥੋਂ ਲੈਂਦੇ।ਇਹ ਸਵਾਲ ਮੈਂ ਉਸਨੂੰ ਕੀਤਾ ਤਾਂ ਉਹ ਬੋਲਿਆ ਦੋ ਮਿੰਟ ਠਹਿਰੋ ਮੈਂ ਕਰਦਾਂ ਕੋਈ ਇੰਤਜ਼ਾਮ।ਉਹ ਸਾਹਮਣੇ ਡਾਕਘਰ ਵਾਲੀ ਦੁਕਾਨ ਤੇ ਗਿਆ ਤੇ ਇਸ਼ਾਰਾ ਕਰ ਕੇ ਆ ਗਿਆ।ਸਾਨੂੰ ਆ ਕੇ ਦਸਿਆ ਕਿ ਇੰਤਜ਼ਾਮ ਹੋ ਗਿਆ ਤੁਸੀਂ ਸਾਹਮਣੀ ਦੁਕਾਨ ਤੇ ਚਲੇ ਜਾਉ।ਅਸੀਂ ਸਾਹਮਣੀ ਦੁਕਾਨ ਤੇ ਗਏ ਤਾਂ ਉਨ੍ਹਾਂ ਨੇ ਇਕ ਕਾਰਟੂਨ ਤਿਆਰ ਕਰ ਦਿੱਤਾ।ਉਨ੍ਹਾਂ ਕੋਲ ਸਾਰਾ ਸਮਾਨ ਹੀ ਕਾਰਟੂਨ ਤਿਆਰ ਕਰਨ ਦਾ ਸੀ।ਮੈਨੂੰ ਲੱਗਿਆ ਇਨ੍ਹਾਂ ਦਾ ਇਹ ਰੋਜ਼ ਦਾ ਹੀ ਕਸਬ ਹੋਵੇਗਾ।ਡਾਕਖਾਨੇ ਵਾਲਾ ਕਹਿਣ ਲਗਿਆ ਜੇ ਇਹ ਕਾਰਟੂਨ ਨਾ ਲੈਣ ਤਾਂ ਅਸੀਂ ਕੋਰੀਅਰ ਵੀ ਕਰਦੇ ਹਾਂ।ਆਖਰ ਅਸੀਂ ਉਨ੍ਹਾਂ ਦਾ ਮੂੰਹ ਮੰਗਿਆ ਮੁੱਲ ਤਿੰਨ ਸੌ ਰੁਪਏ ਦੇ ਕੇ ਆ ਗਏ।ਕਾਰਟੂਨ ਦੇਖ ਕੇ ਉਹ ਕੁੜੀ ਫੇਰ ਨੱਕ ਸਿਕੋੜੇ।ਪਰ ਦਰਜਾ ਚਾਰ ਕਰਮਚਾਰੀ ਜਿਸਨੇ ਸਾਡਾ ਕਾਰਟੂਨ ਤਿਆਰ ਕਰਵਾਇਆ ਸੀ ਨੇ ਕਿਹਾ ‘ਕੋਈ ਬਾਤ ਨਹੀਂ ਜਮ੍ਹਾਂ ਕਰ ਲੋ’ ਤਾਂ ਸਾਡਾ ਸਮਾਨ ਜਮ੍ਹਾਂ ਹੋਇਆ।ਆਖਰ ਸਾਨੂੰ ਬੋਰਡਿੰਗ ਪਾਸ ਮਿਲ ਗਏ।

ਹਵਾਈ ਸਫਰ

    ਬੋਰਡਿੰਗ ਪਾਸ ਲੈ ਕੇ ਅਸੀਂ ਐਗਜ਼ਿਟ ਦੀ ਮੋਹਰ ਲਗਵਾਈ ਅਤੇ ਲੌਂਜ ਵਿਚ ਆ ਗਏ।ਜਹਾਜ਼ ਚੱਲਣ ਵਿਚ ਅਜੇ ਡੇਢ ਘੰਟਾ ਬਾਕੀ ਸੀ।ਸੱਤੀ ਦਾ ਫੋਨ ਆ ਗਿਆ।ਕਹਿ ਰਿਹਾ ਸੀ ਰਿਲੈਕਸ ਹੋ ਜਾਵੋ, ਜੋ ਭ੍ਰਿਸ਼ਟ ਲੋਕਾਂ ਹੱਥੋਂ ਤੁਸੀਂ ਖੱਜਲ ਹੋਣਾ ਸੀ ਉਹ ਹੋ ਚੁੱਕੇ ਹੁਣ ਸਾਰੇ ਸਫ਼ਰ ਦੌਰਾਨ ਇਹੋ ਜਿਹੀ ਸਮੱਸਿਆ ਨਹੀਂ ਆਵੇਗੀ, ਕਿਉਂਕਿ ਇਹੋ ਜਿਹਾ ਕੁਝ ਇੰਡੀਆ ਵਿਚ ਹੀ ਵਾਪਰਦਾ ਹੈ। ਉਸਦੇ ਬੋਲ ਸੁਣ ਕੇ ਮਨ ਨੂੰ ਰਾਹਤ ਮਿਲੀ।ਸੱਤੀ ਹਰ ਪਲ਼ ਸਾਡਾ ਮਾਰਗ ਦਰਸ਼ਨ ਕਰ ਰਿਹਾ ਸੀ।ਛੇ ਵਜੇ ਜਹਾਜ਼ ਵਿਚ ਸਵਾਰ ਹੋਣ ਦਾ ਇਸ਼ਾਰਾ ਹੋਇਆ।ਅੰਤਰਰਾਸ਼ਟਰੀ ਉਡਾਣ ਤੇ ਬੈਠਣ ਦਾ ਸਾਡਾ ਇਹ ਪਹਿਲਾ ਤਜ਼ਰਬਾ ਸੀ।ਜਹਾਜ਼ ਅੰਦਰ ਦਾਖਲ ਹੋਏ ਤਾਂ ਤਿੰਨ ਸੌ ਅੱਸੀ ਸੀਟਾਂ ਵਾਲੇ ਵਿਸ਼ਾਲ ਲੰਬਾਈ ਦੇ ਇਸ ਖਟੋਲੇ ਨੂੰ ਦੇਖ ਕੇ ਹੈਰਾਨੀ ਹੋਈ।ਇਸ ਤੋਂ ਪਹਿਲਾਂ ਘਰੇਲੂ ਉਡਾਣਾਂ ਵਿਚ ਤਾਂ ਕਈ ਵਾਰ ਚੜ੍ਹ ਚੁੱਕੇ ਸਾਂ ਜਿੰਨ੍ਹਾਂ ਦੀਆਂ ਸੀਟਾਂ ਦੀ ਗਿਣਤੀ ਅੱਸੀ ਕੁ ਹੀ ਹੁੰਦੀ ਹੈ।ਜਹਾਜ਼ ਬਹੁਤ ਹੀ ਖੁਬਸੂਰਤ ਸੀ।ਸਾਡੀਆਂ ਬਾਰੀ ਨਾਲ ਦੀਆਂ ਸੀਟਾਂ ਸਨ।ਆਪਣੀਆਂ ਸੀਟਾਂ ਤੇ ਬੈਠ ਕੇ ਮਨ ਨੂੰ ਚੈਨ ਆਇਆ।ਹਰ ਸੀਟ ਦੇ ਸਾਹਮਣੇ ਸਕਰੀਨ ਸੀ ਜਿਸ ਤੇ ਆਪਣੀ ਮਰਜ਼ੀ ਅਨੁਸਾਰ ਫ਼ਿਲਮ ਦੇਖ ਜਾਂ ਸੰਗੀਤ ਸੁਣ ਸਕਦੇ ਸਾਂ।ਇਕ ਚੈਨਲ ਤੇ ਜਹਾਜ਼ ਦੀ ਸਥਿਤੀ ਤੇ ਮੌਸਮ ਦਾ ਹਾਲ ਆ ਰਿਹਾ ਸੀ।ਮੈਂ ਨਕਸ਼ੇ ਵਾਲਾ ਚੈਨਲ ਚਾਲੂ ਕਰ ਲਿਆ।ਸਤਵਿੰਦਰ ਦੀ ਦਿਲਚਸਪੀ ਕਿਸੇ ਵੀ ਚੈਨਲ ਵਿਚ ਨਹੀਂ ਸੀ।
    ‘ਕਿਵੇਂ ਲੱਗ ਰਿਹੈ?’ ਮੇਰਾ ਸਵਾਲ ਸੁਣ ਕੇ ਉਹ ਚੌਂਕੀ।
    ‘ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਅਮਰੀਕਾ ਜਾਵਾਂਗੇ।ਇਹ ਤਾਂ ਸੱਤੀ ਦੀ ਹਿੰਮਤ ਹੈ ਜਿਹੜੇ ਅਸੀਂ ਐਡੇ ਜਹਾਜ਼ ਵਿਚ ਬੈਠੇ ਹਾਂ।ਲੋਕੀਂ ਕਹਿੰਦੇ ਐ ਸਾਡੇ ਕੁੜੀਆਂ ਨਾ ਹੋਣ ਪਰ ਅਸੀਂ ਤਾਂ ਅੱਜ ਕੁੜੀਆਂ ਦੇ ਸਿਰ ਤੇ ਉਡੇ ਫਿਰਦੇ ਹਾਂ’।ਉਸਦੇ ਭਾਵੁਕਤਾ ਭਰੇ ਜਵਾਬ ਨਾਲ ਮੈਂ ਬਿਲਕੁਲ ਸਹਿਮਤ ਸੀ।ਪਹਿਲਾਂ ਸੰਖੇਪ ਜਿਹੀ ਜਾਣਕਾਰੀ ਮੈਂ ਆਪਣੇ ਪਰਿਵਾਰ ਬਾਰੇ ਦੇ ਦੇਵਾਂ।
    ਮੇਰੇ ਤਿੰਨ ਬੱਚੇ ਹਨ।ਦੋ ਲੜਕੀਆਂ ਤੇ ਇਕ ਲੜਕਾ।ਵਡੀ ਬੇਟੀ ਰੋਜੀ ਨੇ ੰ.ਛੌੰ ਕੀਤੀ ਹੋਈ ਹੈ।ਉਸਦਾ ਵਿਆਹ ਕਨੇਡਾ ਨਿਵਾਸੀ ਗੁਰਸੇਵਕ ਸਿੰਘ ਨਾਲ 2007 ਵਿਚ ਹੋਇਆ।ਉਸਦਾ ਸਹੁਰਾ ਪਰਿਵਾਰ ਕੋਟਕਪੂਰੇ ਦਾ ਹੈ।ਬਹੁਤ ਹੀ ਮਿਲਾਪੜੇ ਤੇ ਹਸਮੁਖ ਸੁਭਾਅ ਦੇ ਇਸ ਪਰਿਵਾਰ ਨਾਲ ਸਾਡੀ ਜਾਣ ਪਛਾਣ ਵਿਆਹ ਤੋਂ ਪਹਿਲਾਂ ਦੀ ਹੀ ਸੀ।ਛੋਟੀ ਬੇਟੀ ਕਮਲਪ੍ਰੀਤ ਨੇ ੰਸ਼ਛ(ੀਠ) ਅਤੇ ੰਛਅ ਕੀਤੀ ਹੋਈ ਹੈ।ਉਸਦਾ ਵਿਆਹ ਅਮਰੀਕਾ ਨਿਵਾਸੀ ਸਤਿੰਦਰਜੀਤ ਸਿੰਘ ਸਿੱਧੂ ਨਾਲ ਫਰਵਰੀ 2008 ਵਿਚ ਹੋਇਆ। ਸਤਿੰਦਰਜੀਤ ਨੂੰ ਅਸੀਂ ਉਸਦੇ ਛੋਟੇ ਨਾਂ ਸੱਤੀ ਨਾਲ ਹੀ ਸੰਬੋਧਿਤ ਹੁੰਦੇ ਹਾਂ।ਸੱਤੀ ਦੇ ਪਿਤਾ ਸ. ਜਗਜੀਤ ਸਿੰਘ ਬਾਵਰਾ ਸੇਵਾ ਮੁਕਤ ਅਧਿਆਪਕ ਅਤੇ ਸਾਹਿਤ ਸਭਾ ਬਾਘਾ ਪੁਰਾਣਾ ਦੇ ਮੋਢੀ ਮੈਂਬਰ ਹਨ।ਸੱਤੀ ਦੀ ਮਾਤਾ ਸ੍ਰੀਮਤੀ ਮਲਕੀਤ ਕੌਰ ਵੀ ਸਰਕਾਰੀ ਅਧਿਆਪਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ।ਉਸਦੀ ਭੈਣ ਅਮਨਪ੍ਰੀਤ ਕੌਰ ਫਾਰਮਾਸਿਸਟ ਹੈ ਅਤੇ ਸਾਹਿਤ ਵਿਚ ਅਥਾਹ ਰੁਚੀ ਰਖਦੀ ਹੈ।ਸੱਤੀ ਨੇ ਗੁਰੂ ਨਾਨਕ ਇੰਜਨਿੀਅਰਿੰਗ ਕਾਲਜ ਤੋਂ ਟੈਕਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ।ਉਹ ਪਹਿਲਾਂ ਕਟਾਣੀ ਕਲਾਂ ਕਾਲਜ ਵਿਚ ਪ੍ਰੋਫੈਸਰ ਰਿਹਾ ਤੇ ਫਿਰ ਚੰਡੀਗੜ੍ਹ।ਪਰ ਉਸਨੂੰ ਲਗਦਾ ਸੀ ਕਿ ਇਹ ਆਕਾਸ਼ ਉਸਦਾ ਨਹੀਂ।ਉਹ ਬਹੁਤ ਉੱਚਾ ਉਡਣਾ ਲੋਚਦਾ ਸੀ।2006 ਵਿਚ ਉਸਨੂੰ ਅਮਰੀਕਾ ਵਿਚ ਕੰਮ ਕਰਦੀ ੀਠ ਕੰਪਨੀ ਵਿਚ ਕੰਮ ਮਿਲ ਗਿਆ ਤੇ ਉਹ ੍ਹ1ਭ ਵੀਜੇ ਉਤੇ ਅਮਰੀਕਾ ਜਾ ਪਹੁੰਚਿਆ। ਹੁਣ ਉਹ ਨਿਊਯਾਰਕ ਸਟਾਕ ਐਕਸਚੇਂਜ ਵਿਚ ਪ੍ਰੋਗਰਾਮਰ ਹੈ।ਮੇਰਾ ਨਹੀਂ ਖਿਆਲ ਕਿ ਇਸ ਪਰਿਵਾਰ ਨੇ ਸੁਪਨੇ ਵਿਚ ਵੀ ਕਿਸੇ ਦੀ ਨਿੰਦਿਆ ਕੀਤੀ ਹੋਵੇਗੀ।ਹਰ ਇਕ ਦੀ ਹੌਸਲਾ ਅਫ਼ਜਾਈ ਅਤੇ ਵਡਿਆਈ ਕਰਨੀ ਇਨ੍ਹਾਂ ਦਾ ਮੀਰੀ ਗੁਣ ਹੈ।ਸਾਡੀਆਂ ਦੋਨਾਂ ਬੇਟੀਆਂ ਦੀ ਅਰੇਂਜ ਮੈਰਿਜ ਹੈ। ਦੋਨਾਂ ਦੇ ਵਿਆਹਾਂ ਤੇ ਕੋਈ ਦਾਜ ਦਹੇਜ ਨਹੀਂ ਸੀ ਦਿੱਤਾ ਗਿਆ।
    ਜਹਾਜ਼ ਨੇ ਬਹਿਰੀਨ ਅਤੇ ਲੰਡਨ ਦੇ ਹੀਥਰੋ ਅੱਡੇ ਤੇ ਸਾਹ ਲੈਂਦਿਆਂ ਸਾਨੂੰ ਛੱਬੀ ਘੰਟਿਆਂ ਵਿਚ ਨਿਊਯਾਰਕ ਦੇ ਤਿੰਨ ਨੰਬਰ ਟਰਮੀਨਲ ਤੇ ਉਤਾਰ ਦਿਤਾ।ਜਹਾਜ਼ ਦੇ ਸਟਾਫ ਦਾ ਵਤੀਰਾ ਬੜਾ ਮਿਲਵਰਤਣ ਵਾਲਾ ਸੀ।ਖਾਣ ਪੀਣ ਦੀ ਕੋਈ ਕਮੀ ਨਹੀਂ ਸੀ।ਜਦੋਂ ਕਿਸੇ ਯਾਤਰੀ ਨੂੰ ਕਿਸੇ ਚੀਜ਼ ਦੀ ਲੋੜ ਮਹਿਸੂਸ ਹੁੰਦੀ ਤਾਂ ਉਹ ਘੰਟੀ ਮਾਰ ਕੇ ਏਅਰ ਹੋਸਟੈਸ ਨੂੰ ਬੁਲਾ ਲੈਂਦੇ।ਸਤਵਿੰਦਰ ਨੂੰ ਸ਼ਾਇਦ ਇਹ ਗੱਲ ਚੰਗੀ ਨਹੀਂ ਸੀ ਲਗਦੀ।ਉਹ ਆਪ ਹੀ ਉਠ ਕੇ ਉਨ੍ਹਾਂ ਦੀ ਰਸੋਈ ਵਿਚ ਚਲੀ ਜਾਂਦੀ ਤੇ ਆਪਣੀ ਲੋੜ ਅਨੁਸਾਰ ਚੀਜ਼ ਲੈ ਆਉਂਦੀ।
 
    ਨਿਊਯਾਰਕ ਹਵਾਈ ਅੱਡੇ ਤੇ ਸਾਨੂੰ ਕੋਈ ਸਵਾਲ ਨਹੀਂ ਕੀਤਾ ਗਿਆ।ਇਮੀਗਰੇਸ਼ਨ ਵਾਲਾ ਨੌਜਵਾਨ ਗੋਰਾ ਸੀ।ਉਸਨੇ ਮੁਸਕੁਰਾਉਂਦਿਆਂ ਹੋਇਆਂ ਸਾਡੇ ਪਾਸਪੋਰਟਾਂ ਤੇ ਛੇ ਮਹੀਨੇ ਦੀ ਮੋਹਰ ਲਗਾ ਦਿੱਤੀ ਅਤੇ ਥੈਂਕਸ ਕਹਿ ਕੇ ਸਾਡੇ ਪਾਸਪੋਰਟ ਸਾਨੂੰ ਮੋੜ ਦਿੱਤੇ।ਸਾਡੇ ਮਨ ਵਿਚ ਡਰ ਸੀ ਕਿਤੇ ਸਾਡਾ ਸਮਾਨ ਚੈੱਕ ਹੁੰਦੇ ਵਕਤ ਸਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਕਿਸੇ ਨੇ ਸਾਡਾ ਸਮਾਨ ਚੈੱਕ ਹੀ ਨਹੀਂ ਕੀਤਾ। ਮੈਂ ਪੰਜ ਡਾਲਰ ਦਾ ਨੋਟ ਮਸ਼ੀਨ ਵਿਚ ਪਾ ਕੇ ਟਰਾਲੀ ਕਢੀ ਅਤੇ ਆਪਣਾ ਸਮਾਨ ਉਸ ਉਪਰ ਰਖ ਕੇ ਬਾਹਰ ਆ ਗਏ।