ਗ਼ਜ਼ਲ ਕਾਵਿ-ਰੂਪ ਦਾ ਆਰੰਭ 20 ਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਭਾਵੇਂ ਮੁਹੰਮਦ ਬਖ਼ਸ਼ ਕਰਤਾ ਸੈਫ਼ੁਲ ਮਲੂਕ ਦੇ ਆਗ਼ਮਨ ਨਾਲ ਹੋਇਆ ਮੰਨਿਆ ਜਾਂਦਾ ਹੈ ਪਰ ਪਰੰਪਰਾਗਤ ਮੁਹਾਵਰੇ ਤੋਂ ਅਲਹਿਦਾ ਹੋ ਕੇ ਆਧੁਨਿਕ ਸੰਵੇਦਨਾ ਨੂੰ ਇਸ ਵਿਚ ਪੇਸ਼ ਕਰਨ ਦਾ ਅਮਲ ਉੱਤਰ ਬਸਤੀਵਾਦੀ ਕਾਲ ਤੋਂ ਹੋਇਆ। ਗ਼ਜ਼ਲ ਦਾ ਰੂਪਾਕਾਰ ਥੀਮਿਕ ਪੱਖ ਤੋਂ ਇਕ ਅਜਿਹੀ ਬਹੁਪਰਤੀ ਪ੍ਰਕਿਰਤੀ ਦਾ ਅਨੁਸਾਰੀ ਹੁੰਦਾ ਹੈ ਜਿਸ ਵਿਚ ਗੰਭੀਰ ਦਾਰਸ਼ਨਿਕ ਵਿਚਾਰਾਂ ਨੂੰ ਪੇਸ਼ ਕੀਤਾ ਜਾਂਦਾ ਹੈ, ਉਥੇ ਨਾਲ ਹੀ ਤਰਲ ਭਾਵਾਂ ਨੂੰ ਪ੍ਰਗੀਤਕ ਅੰਦਾਜ਼ ਵਿਚ ਵੀ ਪੇਸ਼ ਕੀਤੇ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਦਾਰਸ਼ਨਿਕਤਾ ਤੇ ਭਾਵਾਤਮਕ ਤਰਲਤਾ ਇਸਦੇ ਦੋ ਬੁਨਿਆਦੀ ਥੀਮਿਕ ਪਹਿਲੂ ਹਨ। ਬਾਕੀ ਕਾਵਿ-ਰੂਪਾਂ ਦੇ ਬਨਿਸਪਤ ਗ਼ਜ਼ਲ ਰੂਪ-ਵਿਧਾਨ ਕਰੜਾਈ ਵਾਲੇ ਨੇਮਾਂ ਦਾ ਅਨੁਸਾਰੀ ਹੁੰਦਾ ਹੈ। ਜਿਸ ਸ਼ਾਇਰ ਨੇ ਗ਼ਜ਼ਲ ਦੀ ਰਚਨਾਤਮਕ ਸਿਰਜਣਾ ਕਰਨੀ ਹੁੰਦੀ ਹੈ, ਉਸ ਲਈ ਇਸਦੇ ਕਾਵਿ-ਸ਼ਾਸਤਰੀ ਨੇਮਾਂ ਦਾ ਮੁਕੰਮਲ ਗਿਆਨ ਹੋਣਾ ਲਾਜ਼ਮੀ ਬਣ ਜਾਂਦਾ ਹੈ। ਗ਼ਜ਼ਲ ਦੇ ਨੇਮਾਂ ਨੂੰ ਜਾਣੇ ਬਗ਼ੈਰ ਇਸਦੀ ਰਚਨਾਤਮਕਤਾ ਵਿਚੋਂ ਗੁਜ਼ਰਨਾ ਇਸਦੀ ਮਰਿਯਾਦਾ ਨੂੰ ਉਲੰਘਦੇ ਹੋਏ ਕਿਸੇ ਭਰਮ-ਭੁਲੇਖੇ ਵਿਚ ਪੈਣਾ ਹੈ। ਇਸਦੇ ਉਲਟ ਅਰੂਜ਼ ਤੇ ਪਿੰਗਲ ਦੀ ਜਾਣਕਾਰੀ ਪ੍ਰਾਪਤ ਕਰਕੇ ਗ਼ਜ਼ਲ ਕਹਿਣਾ ਤਾਂ ਹੀ ਸਾਰਥਕ ਹੈ, ਜੇ ਰਚਨਾਕਾਰ ਪਾਸ ਉਚੇਰੀ ਕਾਵਿਕ-ਪ੍ਰਤਿਭਾ ਹੈ।
(ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ਼, ਗੁਰੁ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ)
ਸੋ ਪ੍ਰਤਿਭਾ ਅਤੇ ਅਰੂਜ਼ ਦੇ ਸੁਮੇਲ ਨਾਲ ਗ਼ਜ਼ਲ ਮਿਆਰੀ ਪੱਧਰ ਤੇ ਪਹੁੰਚ ਸਕਦੀ ਹੈ। ਦੋਹਾਂ ਵਿਚੋਂ ਇਕ ਦੀ ਘਾਟ ਵੀ ਗ਼ਜ਼ਲ ਦੇ ਮਿਆਰੀਕਰਨ ਨੂੰ ਠੇਸ ਪੁਚਾ ਸਕਦੀ ਹੁੰਦੀ ਹੈ।
ਗ਼ਜ਼ਲ ਮਨੁੱਖੀ ਭਾਵਨਾਵਾਂ, ਅਹਿਸਾਸਾਂ ਤੇ ਵਲਵਲਿਆਂ ਨੂੰ ਗਹਿਰਾਈ ਤੱਕ ਮਾਪਣ ਵਾਲੀ ਕਾਵਿ ਸਿਨਫ਼ ਹੈ। ਸੰਗੀਤ, ਲੈਅ, ਭਾਸ਼ਾ ਦੀ ਮਧੁਰਤਾ, ਸੰਖੇਪਤਾ, ਰਵਾਨਗੀ, ਗ਼ਜ਼ਲ ਦੀ ਪ੍ਰਕਿਰਤੀ ਦੇ ਸਹਿਜ ਅੰਗ ਹਨ। ਗ਼ਜ਼ਲ ਦੇ ਸ਼ਿਅਰਾਂ ਅੰਦਰ ਹਯਾਤੀ ਦੇ ਹਰ ਮੰਜ਼ਰ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਗ਼ਜ਼ਲ ਨੂੰ 'ਦਿਲ ਦੀ ਜ਼ੁਬਾਨ' ਕਿਹਾ ਜਾਂਦਾ ਹੈ। ਗ਼ਜ਼ਲ ਦੀ ਖ਼ੂਬਸੂਰਤੀ ਨੂੰ ਬਿਆਨ ਕਰਦਿਆਂ ਕਿਬਜਾ ਯਾ ਨਿਸਾਰ ਅਖ਼ਤਰ ਲਿਖਦੇ ਹਨ:
ਹਮ ਸੇ ਪੂਛੋ ਕਿ ਗ਼ਜ਼ਲ ਕਾ ਫ਼ਨ ਕਿਆ
ਚੰਦ ਲਫ਼ਜ਼ੋਂ ਮੇਂ ਕੋਈ ਆਗ ਛੁਪੀ ਹੋ ਜੈਸੇ
ਗ਼ਜ਼ਲ ਅਰਬੀ ਜ਼ੁਬਾਨ ਦਾ ਲਫ਼ਜ਼ ਹੈ। ਅਰਬੀ ਵਿਚ ਗ਼ਜ਼ਲ ਨੂੰ ਬਹਿਰ ਅਨੁਸਾਰ ਬੰਨਣ ਵਾਲੇ ਦੋ ਵੱਖ ਵੱਖ ਰੂਪ ਹਨ। ਇੱਕ ਗ਼+ਜ਼ਲ ਅਤੇ ਦੂਜਾ ਗ਼ਜ਼+ਲ। ਗ਼+ਜ਼ਲ ਦਾ ਅਰਥ 'ਇਸਤਰੀਆਂ ਨਾਲ ਕਲਪਨਾ ਵਿਚ ਗੱਲਾਂ ਕਰਨਾ' ਹੈ ਅਤੇ ਗ਼ਜ਼+ਲ ਦਾ ਅਰਥ 'ਰੇਸ਼ਮ ਦੀ ਡੋਰੀ ਵੱਟਣਾ' ਹੈ। ਫਰਹੰਗੇ ਨਫ਼ੀਸੀ ਤੇ ਹੋਰ ਫ਼ਾਰਸੀ ਕੋਸ਼ਾਂ ਅਨੁਸਾਰ ਗ਼ਜ਼ਲ ਦੇ ਅਰਥ 'ਸੁਖ਼ਨ ਬ ਜ਼ਨਾਂ ਕਰਦਨ' ਭਾਵ ਇਸਤਰੀਆਂ ਨਾਲ ਗੱਲਾਂ ਕਰਨਾ ਹੀ ਹੈ, ਪਰ ਉਰਦੂ ਦੇ ਇੱਕ ਪ੍ਰਸਿੱਧ ਆਲੋਚਕ ਮਸਉਦ ਹਸਨ ਰਿਜ਼ਵੀ ਨੇ ਇਸਦੀ ਵਿਆਖਿਆ ਵਿਚ ਵਿਸਤਾਰ ਪੈਦਾ ਕਰਕੇ ਇਸ ਨੂੰ 'ਔਰਤਾਂ ਦੀਆਂ ਗੱਲਾਂ' ਕਰਨਾ ਦਰਸਾਇਆ ਹੈ।
ਗ਼ਜ਼ਲ ਦੀ ਬੁਨਿਆਦ ਅਰਬੀ ਦੇ ਕਾਵਿ-ਰੂਪਕਾਰ 'ਕਸੀਦੇ' ਨੂੰ ਮੰਨਿਆ ਜਾਂਦਾ ਹੈ। ਕਸੀਦੇ ਦਾ ਅਰਥ ਸੌਣਾ, ਗ਼ਲੀਜ਼ ਮਗਜ਼ ਹੁੰਦਾ ਹੈ। ਕੁਝ ਵਿਦਵਾਨਾਂ ਦਾ ਇਹ ਵੀ ਵਿਚਾਰ ਹੈ ਕਿ ਕਸੀਦਾ ਸ਼ਬਦ 'ਕਸਦ' ਤੋਂ ਬਣਿਆ ਹੈ ਜਿਸ ਦੇ ਅਰਥ ਹਨ, ਇਰਾਦਾ। ਇਸ ਤਰ੍ਹਾਂ ਸਾਹਿਤਕ ਭਾਸ਼ਾ ਵਿਚ ਇਸ ਦੇ ਅਰਥ ਹਨ, ਅਜਿਹੀ ਸ਼ਾਇਰੀ ਜੋ ਖ਼ਾਸ ਇਰਾਦੇ ਨਾਲ ਲਿਖੀ ਜਾਵੇ ਅਤੇ ਜਿਸ ਵਿਚ ਕਵੀ ਕਿਸੇ ਖ਼ਾਸ ਵਿਅਕਤੀ ਨੂੰ ਸੰਬੋਧਨ ਕਰ ਰਿਹਾ ਹੋਵੇ। ਗ਼ਜ਼ਲ ਕਸੀਦੇ ਦਾ ਹੀ ਬਦਲਿਆ ਤੇ ਸੋਧਿਆ ਹੋਇਆ ਰੂਪ ਮੰਨਿਆ ਜਾਂਦਾ ਹੈ ਕਿਉਂਕਿ ਗ਼ਜ਼ਲ ਦੀ ਬਣਤਰ ਉੱਪਰ ਕਸੀਦੇ ਦਾ ਬਹੁਤ ਪ੍ਰਭਾਵ ਹੈ। ਕਸੀਦੇ ਦੇ ਚਾਰ ਭਾਗ ਹੁੰਦੇ ਹਨ:-
(ੳ) ਤਸ਼ਬੀਬ:- ਸ਼ਬਾਬ ਦੀਆਂ ਗੱਲਾਂ ਕਰਨਾ।
(ਅ) ਗ਼ੁਰੇਜ਼:- ਤਸ਼ਬੀਬ ਨੂੰ ਛੱਡ ਕੇ ਕਸੀਦੇ ਦੇ ਨਾਇਕ ਦੀਆਂ ਗੱਲਾਂ ਕਰਨਾ।
(ੲ) ਮਦਹ:- ਨਾਇਕ ਦੇ ਗੁਣਾਂ, ਬਹਾਦਰੀ, ਦਇਆ, ਦਰਿਆਦਿਲੀ ਤੇ ਉਸਦੇ ਸ਼ਾਸਤਰਾਂ ਦੀ ਪ੍ਰਸੰਸਾ ਦਾ ਉਲੇਖ ਕਰਨਾ।
(ਸ) ਮਨੋਰਥ:- ਮਨੋਰਥ ਵਿਚ ਕਵੀ ਪੈਸੇ, ਘੋੜੇ ਜਾਂ ਹੋਰ ਕੀਮਤੀ ਵਸਤਾਂ ਦੀ ਮੰਗ ਕਰਦਾ ਸੀ।
ਕੁਝ ਵਿਦਵਾਨਾਂ ਦਾ ਮੱਤ ਹੈ ਕਿ ਗ਼ਜ਼ਲ ਫ਼ਾਰਸੀ ਦੇ ਕਾਵਿ ਰੂਪਾਕਾਰ 'ਚਾਮਾ' ਦਾ ਸੋਧਿਆ ਤੇ ਵਿਕਸਿਤ ਰੂਪ ਹੈ। ਇਸ ਤਰ੍ਹਾਂ ਗ਼ਜ਼ਲ ਕਸੀਦੇ ਦੇ ਪਹਿਲੇ ਭਾਗ 'ਤਸ਼ਬੀਬ' ਅਤੇ ਫ਼ਾਰਸੀ ਦੇ ਕਾਵਿ ਰੂਪਾਕਾਰ ਵਜੋਂ ਮੰਨਿਆ ਜਾਂਦਾ ਹੈ। ਗ਼ਜ਼ਲ ਦੇ ਜਨਮ ਸੰਬੰਧੀ ਬਹੁਤ ਸਾਰੀਆਂ ਕਲਪਿਤ ਕਹਾਣੀਆਂ ਵੀ ਪ੍ਰਚਲਿਤ ਹਨ ਜਿਵੇਂ: ਸ਼ਿਕਾਰੀ ਕੁੱਤੇ ਜਦ ਹਿਰਨ ਦਾ ਪਿੱਛਾ ਕਰਦੇ ਹਨ ਤਾਂ ਹਿਰਨ ਸੰਕਟ ਦੀ ਇਸ ਘੜੀ ਵਿਚ ਜੋ ਦਰਦਨਾਕ ਆਵਾਜ਼ ਪੈਦਾ ਕਰਦਾ ਹੈ, ਉਸ ਨੂੰ ਗ਼ਜ਼ਲ ਕਹਿੰਦੇ ਹਨ। ਇੱਕ ਹੋਰ ਵਿਚਾਰ ਅਨੁਸਾਰ ਹੁਸਨੋ-ਇਸ਼ਕ ਦੀ ਅਭਿਵਿਅਕਤੀ ਦਾ ਨਾਮ ਗ਼ਜ਼ਲ ਹੈ। ਅਜੋਕੇ ਦੌਰ ਵਿਚ ਗ਼ਜ਼ਲ ਦੇ ਵਿਸ਼ੇ ਅੰਦਰ ਬਹੁਤ ਵਿਸਤਾਰ ਆਇਆ ਹੈ, ਜਿਸ ਵਿਚ ਮਨੁੱਖ ਦੀਆਂ ਅਤਿ ਸੂਖ਼ਮ ਭਾਵਨਾਵਾਂ, ਵਿਚਾਰਾਂ, ਗੁੰਝਲਾਂ, ਵਿਰੋਧਾਂ ਅਤੇ ਮਾਸਿਕ ਤਣਾਵਾਂ ਨੂੰ ਵੀ ਪ੍ਰਗਟਾਇਆ ਜਾਂਦਾ ਹੈ। ਗ਼ਜ਼ਲ ਨੂੰ ਸਹੀ ਢੰਗ ਨਾਲ ਸਮਝਣ ਲਈ ਇਸਦੇ ਤਕਨੀਕੀ ਪੱਖ ਦਾ ਗਿਆਨ ਹੋਣਾ ਲਾਜ਼ਮੀ ਹੈ। ਗ਼ਜ਼ਲ ਦਾ ਤਕਨੀਕੀ ਜਾਂ ਕਲਾਤਮਕ ਪੱਖ ਨਿਮਨਉਕਤ ਸੰਕਲਪਾਂ ਉੱਤੇ ਆਧਾਰਿਤ ਹੈ, ਜਿਵੇਂ ਮਤਲਾ, ਸ਼ਿਅਰ, ਕਾਫ਼ੀਆ, ਰਦੀਫ਼, ਬਹਿਰ ਅਤੇ ਵਜ਼ਨ, ਸੰਗੀਤਾਤਮਕਤਾ, ਸੰਖੇਪਤਾ, ਆਦਿ।
ਪੰਜਾਬੀ ਦੇ ਪ੍ਰਸਿਧ ਸ਼ਾਇਰ ਨਦੀਮ ਪਰਮਾਰ ਨੇ ਆਪਣੀ ਪੁਸਤਕ ਗ਼ਜ਼ਲ ਦੀ ਵਿਆਕਰਣ ਵਿਚ ਗ਼ਜ਼ਲ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ
ਕਾਵਿ ਦੀ ਵੰਨਗੀ ਜਾਂ ਸ਼ਿਅਰਾਂ ਦਾ ਸਮੂਹ ਜੋ ਮਤਲੇ ਤੋਂ ਮਕਤੇ ਨਾਲ ਸਜਿਆ ਹੋਵੇ। ਜਿਸ ਵਿਚ ਛੰਦ, ਤੋਲ, ਲੈਅ, ਰਦੀਫ਼ ਤੇ ਤੁਕਾਂਤ ਦੀ ਜਟਿਲਤਾ ਨੂੰ ਪੂਰਨਤਾ ਨਾਲ ਨਿਭਾਇਆ ਗਿਆ ਹੋਵੇ ਤਾਂ ਉਸ ਨੂੰ ਗ਼ਜ਼ਲ ਕਿਹਾ ਜਾਂਦਾ ਹੈ।
ਇਸ ਵਿਚ ਕੋਈ ਸੰਦੇਹ ਨਹੀਂ ਹੈ ਕਿ ਗ਼ਜ਼ਲ ਨੂੰ ਆਪਣਾ ਮੁਢਲਾ ਰੂਪ ਫ਼ਾਰਸੀ ਜੁਬਾਨ ਵਿਚੋਂ ਅਖ਼ਤਿਆਰ ਕੀਤਾ ਤੇ ਫਿਰ ਇਹ ਵਿਕਾਸ ਕਰਦੀ ਹੋਈ ਉਰਦੂ ਕਾਵਿ-ਰੂਪ ਤੱਕ ਪਹੁੰਚੀ ਹੈ। ਪਹਿਲਾਂ ਪਹਿਲ ਇਸ ਵਿਚ ਪਿਆਰ ਦੇ ਅਨੁਭਵ ਨੂੰ ਹੀ ਬਿਆਨੇ ਕੀਤੇ ਜਾਂਦੇ ਰਹੇ ਹਨ, ਪਰ ਅਜੋਕੀ ਗ਼ਜ਼ਲ ਨੇ ਇਸ ਸਿਲਸਿਲੇ ਨੂੰ ਤੋੜ ਕੇ ਨਵੇਂ ਅਰਥਾਂ ਤੇ ਸਰੋਕਾਰਾਂ ਨਾਲ ਸੰਬੰਧਿਤ ਕਰ ਲਿਆ ਹੈ। ਅਜੋਕੀ ਗ਼ਜ਼ਲ ਵਿਚ ਥੀਮਿਕ-ਪੱਖ ਤੋਂ ਵਿਸ਼ਾਲਤਾ ਆਈ ਹੈ । ਇਸ ਵਿਚ ਪ੍ਰੇਮ ਤੋਂ ਲੈ ਕੇ ਸਮੁੱਚੇ ਵਿਅਕਤੀ ਅਤੇ ਉਸਦਾ ਸੰਸਾਰ ਗ਼ਜ਼ਲ ਵਿਚ ਸਹਿਜੇ ਹੀ ਸ਼ਾਮਿਲ ਹੋ ਜਾਂਦਾ ਹੈ। ਅੱਜ ਇਸ ਦਾ ਘੇਰਾ ਵਿਅਕਤੀਗਤ ਭਾਵਨਾਵਾਂ ਤੋਂ ਵਿਸਤ੍ਰਿਤ ਹੋ ਕੇ ਵਿਸ਼ਵ-ਅਨੁਭਵ ਤੱਕ ਪਹੁੰਚ ਚੁੱਕਾ ਹੈ। ਇਸ ਵਿਚੋਂ ਹੀ ਪਰਵਾਸੀ ਪੰਜਾਬੀ ਗ਼ਜ਼ਲ ਆਪਣਾ ਚਿਹਰਾ-ਮੁਹਰਾ ਅਤੇ ਰੂਪ ਅਖ਼ਤਿਆਰ ਕਰ ਰਹੀ ਹੈ:
ਗ਼ਜ਼ਲ ਮੇ ਜਾਤ ਭੀ ਹੈ, ਔਰ ਕਾਇਨਾਤ ਭੀ ਹੈ।
ਤੁਮ੍ਹਾਰੀ ਬਾਤ ਭੀ ਹੈ, ਔਰ ਹਮਾਰੀ ਬਾਤ ਭੀ ਹੈ।
ਪਰਵਾਸੀ ਪੰਜਾਬੀ ਸਾਹਿਤ ਨੂੰ ਅਕਸਰ ਮਾਤ ਭੂਮੀ ਅਤੇ ਮਾਤ ਭਾਸ਼ਾ ਤੋਂ ਦੂਰ ਦਾ ਸਾਹਿਤ ਕਹਿ ਕੇ ਵੱਖਰੀ ਕੋਟੀ ਦਾ ਸਾਹਿਤ ਗ਼ਰਦਾਨਿਆ ਜਾਂਦਾ ਹੈ ਪਰ ਵਾਸਤਵਿਕ ਤੌਰ 'ਤੇ ਇਹ ਸੱਚ ਹੈ ਕਿ ਦੁਨੀਆ ਦੇ ਕਿਸੇ ਖਿੱਤੇ ਵਿਚ ਵੀ ਪੰਜਾਬੀ ਜ਼ੁਬਾਨ ਬਾਰੇ ਲਿਖਿਆ ਗਿਆ ਸਾਹਿਤ ਪੰਜਾਬੀ ਸਾਹਿਤ ਦੇ ਜੀਵਿੰਤ-ਅੰਗ ਵਾਂਗ ਜਾਣਿਆ ਜਾਣਾ ਚਾਹੀਦਾ ਹੈ। ਅਧਿਐਨ-ਵਿਸ਼ਲੇਸ਼ਣ ਵੇਲੇ ਅਸੀਂ ਭਾਵੇਂ ਉਸਨੂੰ ਕਿਸੇ ਦੇਸ਼-ਕਾਲ ਨਾਲ ਜੋੜ ਦੇਈਏ ਪਰ ਇਹ ਸਾਹਿਤ ਪੰਜਾਬੀ ਸਾਹਿਤ ਦਾ ਅਨਮੋਲ ਸਰਮਾਇਆ ਹੀ ਰਹਿੰਦਾ ਹੈ। ਆਪਣੀ ਮਾਤ-ਭੂਮੀ ਤੋਂ ਦੂਰ ਜਾਣ ਨਾਲ ਕੋਈ ਵਿਅਕਤੀ ਸਰੀਰਕ ਤੌਰ ਤੇ ਬੇਸ਼ਕ ਫ਼ਾਸਲੇ ਤੇ ਖਲੋ ਜਾਂਦਾ ਹੈ ਪਰ ਮਾਨਸਿਕ ਤੌਰ 'ਤੇ ਉਹ ਆਪਣੀ ਮਾਤ ਭੂਮੀ ਨਾਲ ਹੀ ਅਨਿੱਖੜ ਰੂਪ ਵਿਚ ਜੁੜਿਆ ਰਹਿੰਦਾ ਹੈ। ਦੁਨੀਆ ਵਿਚ ਬਹੁਤ ਸਾਰੇ ਸੰਤਾਪ ਹਨ ਪਰ ਪਰਵਾਸ ਦੇ ਸੰਤਾਪ ਤੋਂ ਵਡੇਰਾ ਕੋਈ ਸੰਤਾਪ ਨਹੀਂ ਹੁੰਦਾ । ਪਰਵਾਸ ਦਾ ਸੰਤਾਪ ਇਕ ਅਜਿਹੇ ਨਾਸੂਰ ਜਾਂ ਜ਼ਖ਼ਮ ਵਾਂਗ ਹੈ ਜਿਸਨੂੰ ਕਦੇ ਵੀ ਭਰਿਆ ਨਹੀਂ ਜਾ ਸਕਦਾ।
ਹੱਥਲੇ ਖੋਜ-ਪੱਤਰ ਵਿਚ ਅਸੀਂ ਬਰਤਾਨੀਆਂ ਦੀ ਧਰਤੀ ਤੇ ਲਿਖੀ ਜਾ ਰਹੀ ਪੰਜਾਬੀ ਗ਼ਜ਼ਲ ਦਾ ਵਿਭਿੰਨ ਸਰੋਕਾਰਾਂ ਤੋਂ ਮੁਤਾਲਿਆ ਕਰਨਾ ਹੈ।
ਬਰਤਾਨੀਆਂ ਦੀ ਧਰਤੀ 'ਤੇ ਪੰਜਾਬੀ ਸਿਰਜਣਾ ਦਾ ਪ੍ਰਵੇਸ਼ ਛੇਵੇਂ-ਸਤਵੇਂ ਦਹਾਕੇ ਵਿਚ ਸ਼ੁਰੂ ਹੁੰਦਾ ਹੈ। ਇਸ ਪਰਿਵੇਸ਼ ਵਿਚ ਈਸ਼ਵਰ ਚਿਤ੍ਰਕਾਰ, ਗੁਰਨਾਮ ਢਿਲੋਂ, ਪ੍ਰਕਾਸ਼ ਆਜ਼ਾਦ, ਅਜਮੇਰ ਕਾਵੈਂਟਰੀ, ਨਿਰੰਜਨ ਸਿੰਘ ਨੂਰ, ਸੰਤੋਖ ਸਿੰਘ ਸੰਤੋਖ, ਮੁਸ਼ਤਾਕ ਸਿੰਘ ਮੁਸ਼ਤਾਕ, ਜਗਤਾਰ ਢਾਅ, ਅਵਤਾਰ ਸਾਦਿਕ, ਸਾਥੀ ਲੁਧਿਆਣਵੀ ਆਦਿ ਦੇ ਨਾਮ ਲਏ ਜਾ ਸਕਦੇ ਹਨ। ਇਹਨਾਂ ਸਾਹਿਤਕਾਰਾਂ ਨੇ ਸਾਹਿਤ ਦੇ ਵੱਖਰੇ ਵੱਖਰੇ ਰੂਪਾਂ ਵਿਚ ਆਪਣੀ ਸਿਰਜਨਾਤਮਕ ਪ੍ਰਤਿਭਾ ਦੀ ਛਾਪ ਲਗਾਈ। ਇਹਨਾਂ ਵਿਚੋਂ ਜਿਹੜੇ ਸਾਹਿਤਕਾਰਾਂ ਨੇ ਗ਼ਜ਼ਲ ਕਾਵਿ-ਰੂਪ ਦੀ ਸਾਧਨਾ ਕੀਤੀ, ਉਹਨਾਂ ਮੁਢਲੇ ਸਾਹਿਤਕਾਰਾਂ ਵਿਚ ਈਸ਼ਵਰ ਚਿੱਤਰਕਾਰ, ਨਿਰੰਜਨ ਸਿੰਘ ਨੂਰ, ਮੁਸ਼ਤਾਕ ਸਿੰਘ ਮੁਸ਼ਤਾਕ ਆਦਿ ਦੇ ਨਾਮ ਲਏ ਜਾ ਸਕਦੇ ਹਨ। ਸਮੇਂ ਦੇ ਵਿਕਾਸ ਨਾਲ ਇਸ ਕਾਵਿ-ਰੂਪ ਨਾਲ ਜਿਹੜੇ ਸ਼ਾਇਰ ਇਸ ਨਾਲ ਅਤਪਣਾ ਰਾਬਤਾ ਰੱਖਦੇ ਗਏ ਉਹਨਾਂ ਵਿਚ ਗੁਰਦਾਸ ਸਿੰਘ ਪਰਮਾਰ, ਮੱਖਣ ਸਿੰਘ ਮ੍ਰਿਗਿੰਦ, ਸਵਰਨ ਚੰਦਨ, ਗੁਰਸ਼ਰਨ ਸਿੰਘ ਅਜੀਬ, ਗੁਰਨਾਮ ਗਿਲ, ਸੁਰਿੰਦਰ ਸੀਹਰਾ, ਰਜਿੰਦਰ ਪਾਲ, ਅਜ਼ੀਮ ਸ਼ੇਖਰ, ਕਮਲ ਇਕਾਰਸ਼ੀ, , ਜਸਵਿੰਦਰ ਮਾਨ, ਬਿਅੰਤ ਸਭਰਾ, ਸ਼ਿਵਚਰਨ ਗਿੱਲ, ਗੁਰਦੀਪ ਸਿੰਘ ਪੁਰੀ, ਕੇਸਰ ਰਾਮਪੁਰੀ, ਅਵਤਾਰ ਸਿੰਘ ਅਰਪਣ, ਹਰਭਜਨ ਸਿੰਘ ਵਿਰਕ, ਕਿਰਪਾਲ ਕੌਰ ਲਹਿਰ, ਇੰਦਰਜੀਤ ਸਿੰਘ ਜੀਤ, ਦਰਸ਼ਨ ਸਿੰਘ ਗਿਆਨੀ, ਭੁਪਿੰਦਰ ਸਿੰਘ ਸੱਗੂ ਦਲਜੀਤ ਸਿੰਘ ਉੱਪਲ, ਬਲਬੀਰ ਸਿੰਘ ਪਰਵਾਨਾ, ਗੁਰਦੀਪ ਸਿੰਘ ਸੰਧੂ, ਅਮੀਨ ਮਲਿਕ, ਰਿਆਜ਼ ਜਾਫ਼ਰੀ, ਅਖ਼ਤਾਰ ਲਾਹੌਰੀ, ਇਫ਼ਤਿਖਾਰ ਡਾਰ, ਮੁਸ਼ਤਾਕ ਨਕਵੀ ਆਦਿ ਦੇ ਨਾਮ ਸ਼ਾਮਿਲ ਕੀਤੇ ਜਾ ਸਕਦੇ ਹਨ।
ਬਰਤਾਨੀਆਂ ਅੰਦਰ ਲਿਖੀ ਜਾ ਰਹੀ ਹੈ ਗ਼ਜ਼ਲ ਦਾ ਖੇਤਰ ਨਵੀਂ ਅਤੇ ਪੁਰਾਣੀ ਪੀੜ੍ਹੀ ਦੇ ਸਿਰਜਨਾਤਮਕ ਅਨੁਭਵ ਰਾਹੀਂ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਹਨਾਂ ਗ਼ਜ਼ਲਕਾਰਾਂ ਦੀਆਂ ਲਿਖਤਾਂ ਦੀ ਪ੍ਰਕਾਸ਼ਨਾ ਵੀ ਸਮੇਂ ਸਮੇਂ ਹੁੰਦੀ ਰਹੀ ਹੈ। ਜਿਸ ਨਾਲ ਗ਼ਜ਼ਲ ਦਾ ਚਿਹਰਾ-ਮੁਹਰਾ ਨਿਰੰਤਰ ਨਿਖਰਦਾ ਰਿਹਾ ਹੈ। ਹੱਥਲੇ ਖੋਜ-ਪੱਤਰ ਦਾ ਵਿਸ਼ਾ ਬਰਤਾਨਵੀ ਪੰਜਾਬੀ ਗ਼ਜ਼ਲ : ਥੀਮਿਕ ਵਿਕਾਸ ਹੈ। ਇਸ ਵਿਸ਼ੇ ਦੇ ਅੰਤਰਗਤ ਕੋਸ਼ਿਸ਼ ਕੀਤੀ ਹੈ ਕਿ ਬਰਤਾਨਵੀ ਪੰਜਾਬੀ ਗ਼ਜ਼ਲ ਨੂੰ ਇਤਿਹਾਸਕ ਪਰਿਪੇਖ ਵਿਚ ਰੱਖ ਕੇ ਉਸਦਾ ਅਧਿਐਨ-ਵਿਸ਼ਲੇਸ਼ਣ ਕੀਤਾ ਜਾਵੇ। ਇਸਦੇ ਨਾਲ ਹੀ ਪੰਜਾਬੀ ਗ਼ਜ਼ਲ ਦੇ ਉਨ੍ਹਾਂ ਵਿਚਾਰਧਾਰਾਈ ਸਰੋਕਾਰਾਂ ਜਾਂ ਮੁੱਦਿਆਂ ਨੂੰ ਵੀ ਉਜਾਗਰ ਕਰਨਾ ਹੋਵੇਗਾ ਜਿਨ੍ਹਾਂ ਨਾਲ ਬਰਤਾਨਵੀ ਪੰਜਾਬੀ ਗ਼ਜ਼ਲ ਸਿੱਧੇ-ਅਸਿੱਧੇ ਤੌਰ 'ਤੇ ਜੁੜੀ ਰਹੀ ਹੈ।
ਬਰਤਾਨਵੀ ਪੰਜਾਬੀ ਗ਼ਜ਼ਲ ਦੇ ਥੀਮਿਕ ਪੱਖ ਨੂੰ ਵੇਖਿਆ ਜਾਵੇ ਤਾਂ ਇਸ ਵਿਚ ਪ੍ਰਗਤੀਵਾਦੀ ਵਿਚਾਰਧਾਰਾ ਅਹਿਮ ਭੂਮਿਕਾ ਨਿਭਾਉਂਦੀ ਰਹੀ ਹੈ।
ਬਰਤਾਨਵੀ ਪੰਜਾਬੀ ਗ਼ਜ਼ਲ ਅਤੇ ਸਮੁੱਚੀ ਸਾਹਿਤਧਾਰਾ ਅੰਦਰ ਭਾਵੇਂ ਪਰਵਾਸੀ ਚੇਤਨਾ ਦੇ ਸਰੋਕਾਰ (ਭੂ ਹੇਰਵਾ, ਨਸਲੀ ਵਿਤਕਰਾ, ਸਭਿਆਚਾਰਕ ਤਣਾਉ, ਪੀੜ੍ਹੀ ਪਾੜਾ) ਪ੍ਰਮੁੱਖ ਧਰਾਤਲ ਤੇ ਵਿਚਾਰਧਾਰਾਈ ਅਗਵਾਈ ਕਰਦੇ ਰਹੇ ਹਨ ਪਰ ਇਸ ਦੀ ਪਿੱਠ-ਭੂਮੀ ਵਿਚ ਪੰਜਾਬੀ ਸਭਿਆਚਾਰ ਦੇ ਸਮੁੱਚੇ ਵਰਤਾਰਿਆਂ ਦੀ ਹੋਣੀ ਹੀ ਇਸ ਵਿਚ ਕਰਮਸ਼ੀਲ਼ ਰਹੀ ਹੈ। ਪ੍ਰਗਤੀਵਾਦੀ ਵਿਚਾਰਧਾਰਾ ਤੋਂ ਇਲਾਵਾ ਪੰਜਾਬ ਸੰਕਟ, ਰੁਮਾਂਸਵਾਦ, ਪ੍ਰਕਿਰਤੀਵਾਦੀ, ਮੋਨਵਿਸ਼ਲੇਸ਼ਣਵਾਦ, ਵਿਅਕਤੀਵਾਦ, ਸੁਹਜਵਾਦ ਆਦਿ ਪ੍ਰਮੁੱਖ ਸਰੋਕਾਰਾਂ ਨੇ ਵੀ ਬਰਤਾਨਵੀ ਪੰਜਾਬੀ ਗ਼ਜ਼ਲ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਪ੍ਰਗਤੀਸ਼ੀਲ ਸ਼ਾਇਰਾਂ ਦੀ ਵਿਚਾਰਧਾਰਾ ਦਾ ਕੇਂਦਰੀ ਆਧਾਰ ਆਧੁਨਿਕਤਾ ਹੀ ਰਿਹਾ ਹੈ। ਆਧੁਨਿਕਤਾ ਦੇ ਇਸ ਪਰਿਪੇਖ ਵਿਚ ਮਿਸ਼ਰਤ ਸਭਿਆਚਾਰ ਦਾ ਮੁਹਾਂਦਰਾ ਸਾਹਮਣੇ ਆ ਰਿਹਾ ਹੈ। ਸੰਚਾਰ-ਸਾਧਨਾ ਦੇ ਵਿਕਸਿਤ ਹੋਣ ਕਰਕੇ ਵਿਸ਼ਵ ਇਕ ਗਲੋਬਲ ਪਿੰਡ ਬਣ ਚੁੱਕਾ ਹੈ ਜਿਸ ਦੇ ਪ੍ਰਭਾਵ ਹੇਠ ਬਰਤਾਨਵੀ ਪੰਜਾਬੀ ਗ਼ਜ਼ਲਕਾਰਾਂ ਨੇ ਆਪਣੀ ਸਾਹਿਤਕ ਸੰਵੇਦਨਾ ਨੂੰ ਗ਼ਜ਼ਲ ਦੇ ਰੂਪ ਵਿਚ ਢਾਲਿਆ ਹੈ। ਨਾ-ਮੁਖੀ ਕਦਰਾਂ-ਕੀਮਤਾਂ ਦੇ ਵਿਪਰੀਤ ਪ੍ਰਗਤੀਸ਼ੀਲ ਗ਼ਜ਼ਲਕਾਰ ਰਾਸ਼ਟਰੀ ਅਤੇ ਕੌਮੀ ਆਦਰਸ਼ਾਂ ਨੂੰ ਪੇਸ਼ ਕਰਕੇ ਪੰਜਾਬੀ ਮਾਨਸਿਕਤਾ ਦਾ ਦਿਸ਼ਾ ਨਿਰਦੇਸ਼ ਕਰਦਾ ਰਿਹਾ ਹੈ।
ਈਸ਼ਵਰ ਚਿੱਤਰਕਾਰ ਇਸੇ ਹੀ ਧਾਰਾ ਨਾਲ ਜੁੜਿਆ ਹੋਇਆ ਪ੍ਰਮੁੱਖ ਗ਼ਜ਼ਲਕਾਰ ਹੈ। ਜਿਸ ਦੀ ਭਵਿੱਖਬਾਣੀ ਅਮਰੀਕਾ ਅਤੇ ਵੀਅਤਨਾਮ ਦੀ ਲੰਬੀ ਲੜਾਈ ਬਾਰੇ ਵੀਅਤਨਾਮ ਦੀ ਜਿੱਤ ਸਦਕਾ ਸਿੱਧ ਹੋਈ।ਉਹ ਲਿਖਦਾ ਹੈ;
ਹੁਣ ਸਾਮਰਾਜ ਮਰਨਾ ਹੈ ਏਸ਼ੀਆ ਦੇ ਹੱਥੋਂ
ਹਾਲਾਤ ਕਰ ਰਹੇ ਹਨ ਕੁਝ ਇਸ ਤਰ੍ਹਾਂ ਇਸ਼ਾਰੇ
ਬਰਤਾਨਵੀ ਪੰਜਾਬੀ ਗ਼ਜ਼ਲ ਦਾ ਆਰੰਭ ਮੂਲ ਰੂਪ ਵਿਚ ਈਸ਼ਵਰ ਚਿੱਤਰਕਾਰ ਦੀ ਸਾਧਨਾ ਨਾਲ ਹੁੰਦਾ ਹੈ। ਉਸ ਨੇ ਆਪਣੀ ਪਹਿਲੀ ਗ਼ਜ਼ਲ 1938 ਈ. ਵਿਚ ਲਿਖੀ। ਉਸਦੇ ਕਾਵਿ ਸੰਗ੍ਰਹਿਆਂ ਸੂਲ ਸੁਰਾਹੀ (1955) ਅਤੇ ਭੱਖਦੀਆਂ ਲਹਿਰਾਂ (1956) ਵਿਚ ਦੋ ਦਰਜਨ ਦੇ ਕਰੀਬ ਗ਼ਜ਼ਲਾਂ ਲਿਖੀਆਂ ਮਿਲਦੀਆਂ ਹਨ। ਬਰਤਾਨੀਆਂ ਦੇ ਸ਼ਹਿਰ ਲੰਡਨ ਵਿਚ ਉਹ ਆਪਣੀ ਨਿਰੰਤਰ ਸਿਰਜਨਾਤਮਕ ਸਾਧਨਾ ਵਿਚ ਰੁੱਝਾ ਰਿਹਾ। ਇਹ ਮੁਮਕਿਨ ਹੈ ਕਿ ਉਸ ਦੀਆਂ ਹੋਰ ਰਚਨਾਵਾਂ ਵੀ ਹੋਣ ਜੋ ਉਸਨੇ ਬਰਤਾਨੀਆਂ ਦੀ ਧਰਤੀ ਉਪਰ ਰਹਿ ਕੇ ਲਿਖੀਆ ਹੋਣ, ਪਰ ਉਹ ਸਾਨੂੰ ਨਹੀਂ ਪ੍ਰਾਪਤ ਨਹੀਂ ਹੁੰਦੀਆਂ।
ਉਸਦੀਆਂ ਗ਼ਜ਼ਲਾਂ ਅੰਦਰ ਗੰਭੀਰ ਕਿਸਮ ਦਾ ਦਾਰਸ਼ਨਿਕ ਅਨੁਭਵ ਸਮਾਇਆ ਹੋਇਆ ਹੈ। ਗ਼ਜ਼ਲ ਦੇ ਰੂਪਾਕਾਰ ਰਾਹੀਂ ਚਿਤਰਕਾਰ ਮਨੁੱਖੀ ਜ਼ਿੰਦਗੀ ਦੇ ਦਰਦ ਤੇ ਸਾਮਰਾਜਵਾਦ ਬਾਰੇ ਆਪਣੇ ਨਵੇਂ ਅੰਦਾਜ਼ ਰਾਹੀਂ ਮੁਖ਼ਾਤਿਬ ਹੁੰਦਾ ਹੈ। ਪ੍ਰਗਤੀਵਾਦੀ ਸੁਰ ਦੇ ਅੰਤਰਗਤ ਉਸਦਾ ਅੰਤਰਮਨ ਇਨਕਲਾਬੀ ਸੁਰ ਦੀ ਅਰਾਧਨਾ ਕਰਦਾ ਹੈ:
ਜ਼ਿੰਦਗੀ ਸੰਗ੍ਰਾਮ ਦਾ ਅਸਗਾਹ ਸਾਗਰ
ਜ਼ਿੰਦਗੀ ਆਰਾਮ ਦਾ ਖੁਰਦਾ ਕਿਨਾਰਾ
ਈਸ਼ਵਰ ਚਿੱਤਰਕਾਰ ਨੇ ਆਪਣੀਆਂ ਗ਼ਜ਼ਲਾਂ ਅੰਦਰ ਆਪਣੇ ਤਜਰਬੇ, ਅਨੁਭਵ ਤੇ ਮਨ ਦੇ ਗੰਭੀਰ ਫ਼ਲਸਫ਼ੇ ਨੂੰ ਪੇਸ਼ ਕੀਤਾ ਹੈ। ਇਸ ਕਰਕੇ ਬਰਤਾਨੀਆ ਦੀ ਧਰਤੀ ਉਪਰ ਗ਼ਜ਼ਲ ਨੂੰ ਸਮਰਪਿਤ ਹੋ ਕੇ ਦਿੱਤੇ ਯੋਗਦਾਨ ਕਰਕੇ ਈਸ਼ਵਰ ਚਿੱਤਰਕਾਰ ਦਾ ਪਹਿਲਾ ਸਥਾਨ ਬਣਦਾ ਹੈ। ਇਸੇ ਹੀ ਵਿਚਾਰਧਾਰਾ ਦੇ ਅੰਤਰਗਤ ਨਿਰੰਜਨ ਸਿੰਘ ਨੂਰ ਆਪਣੀ ਗ਼ਜ਼ਲ ਸੰਵੇਦਨਾ ਨੂੰ ਅਭਿਵਿਅਕਤ ਕਰਦਾ ਨਜ਼ਰ ਆਉਂਦਾ ਹੈ। ਉਸ ਨੇ ਆਧੁਨਿਕ ਪ੍ਰਗਤੀਵਾਦ, ਜਿਸ ਨੂੰ ਸਿੱਧਾਂਤਕ ਤੌਰ ਤੇ ਸਮਾਜਵਾਦੀ ਯਥਾਰਥਵਾਦ ਵੀ ਕਿਹਾ ਜਾਂਦਾ ਹੈ, ਨੂੰ ਸਮਕਾਲੀ ਸਮੱਸਿਆਵਾਂ ਨਾਲ ਜੋੜ ਕੇ ਇਸਦੇ ਸਮਾਧਾਨ ਲਈ ਪੇਸ਼ ਕੀਤਾ ਹੈ। ਉਸ ਦੀਆਂ ਗ਼ਜ਼ਲਾਂ ਜ਼ਿੰਦਗੀ ਦੀ ਵਾਸਤਵਿਕਤਾ ਦੀਆਂ ਬੇਸ਼ੁਮਾਰ ਪਰਤਾਂ ਨੂੰ ਪੇਸ਼ ਕਰਦੀਆਂ ਹਨ। ਪਿਆਰ ਦੀ ਗਹਿਰਾਈ ਨੂੰ ਸਮੁੱਚੀ ਮਾਨਵਤਾ ਦੇ ਸੰਦਰਭ ਵਿਚ ਪੇਸ਼ ਕਰਦਿਆਂ ਨਿਰੰਜਨ ਸਿੰਘ ਨੂਰ ਲਿਖਦਾ ਹੈ:
ਇਸ ਧਰਤੀ ਤੇ ਜੇਕਰ ਰੂਪ ਨਾ ਹੁੰਦਾ
ਇਸ ਧਰਤੀ ਤੋਂ ਦੂਰ ਇਸ਼ਕ ਦੇ ਡੇਰੇ ਹੁੰਦੇ
ਨਿਰੰਜਨ ਸਿੰਘ ਨੂਰ ਦੀਆਂ ਗ਼ਜ਼ਲਾਂ ਰਚਨਾਵਾਂ ਵਿਚ ਪ੍ਰਗਤੀਵਾਦੀ ਸੁਰ ਏਨੀ ਗੂੜ੍ਹੀ ਰਮਜ਼ ਅਤੇ ਸਹਿਜਤਾ ਨਾਲ ਬਿਆਨ ਕੀਤੀ ਜਾਂਦੀ ਹੈ, ਕਿ ਇਸ ਨੂੰ ਇਕ ਤੋਂ ਵਧੀਕ ਸੰਭਾਵਨਾਵਾਂ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ:
ਤੇਰੀ ਆਹਟ ਦਾ ਨਾਂ ਹੈ ਪਹੁ ਫੁਟਾਲਾ।
ਤੇਰੇ ਤੁਰ ਜਾਣ ਦਾ ਨਾਮ ਹੈ ਹਨੇਰਾ।
ਪ੍ਰਗਤੀਵਾਦੀ ਦੇ ਨਾਲ ਨਾਲ ਨੂਰ ਨੇ ਵਿਗਿਆਨਕ ਚੇਤਨਾ, ਪੰਜਾਬ ਸੰਕਟ, ਪਰਵਾਸ , ਪਿਆਰ ਆਦਿ ਥੀਮਿਕ ਇਕਾਈਆਂ ਨੂੰ ਵੀ ਆਪਣੀ ਕਾਵਿਕ ਪ੍ਰਤਿਭਾ ਰਾਹੀਂ ਆਤਮਸਾਤ ਕੀਤਾ ਹੈ। ਨਿਰੰਜਨ ਸਿੰਘ ਨੂਰ ਨੇ ਆਪਣੀ ਕਾਵਿ-ਯਾਤਰਾ ਭਾਵੇਂ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਆਰੰਭ ਕੀਤੀ ਪਰ ਪੰਜਾਬ ਸੰਕਟ ਅਤੇ ਪਰਵਾਸ ਦੀ ਪੀੜਾ ਵੀ ਲਗਾਤਾਰ ਉਸਦੀ ਸੰਵੇਦਨਾ ਅੰਦਰ ਕਾਰਜਸ਼ੀਲ ਰਹੀ। ਗ਼ਜ਼ਲ ਦੇ ਪ੍ਰਸੰਗ ਵਿਚ ਨੂਰ ਨੇ ਇਸਦੇ ਪਰੰਪਰਾਗਤ ਵਿਧਾਨਕ ਪੱਖ ਦੇ ਵਿਪਰੀਤ ਇਸ ਨੂੰ ਆਪਣੇ ਸਮਕਾਲੀ ਜੀਵਨ ਦੀ ਚੇਤਨਾ ਅਤੇ ਪਰਪੱਕ ਅਨੁਭਵ ਦੀ ਸੰਵੇਦਨਾ ਅਨੁਕੂਲ ਢਾਲਿਆ ਹੈ।
ਮੁਸ਼ਤਾਕ ਸਿੰਘ ਮੁਸ਼ਤਾਕ ਪ੍ਰਗਤੀਵਾਦੀ ਧਾਰਾ ਨਾਲ ਜੁੜਿਆ ਹੋਇਆ ਇਕ ਅਜਿਹਾ ਪ੍ਰਤਿਬੱਧ ਕਵੀ ਹੈ ਜਿਹੜਾ ਵਿਸ਼ਵ ਵਿਆਪੀ ਸਮੱਸਿਆਵਾਂ ਨੂੰ ਪ੍ਰਗਤੀਵਾਦੀ ਨਜ਼ਰੀਏ ਨਾਲ ਪ੍ਰਗਟ ਕਰਦਾ ਹੈ। ਇਸਦੇ ਨਾਲ ਨਾਲ ਉਹ ਰੁਮਾਂਟਿਕ ਭਾਵਨਾ ਦਾ ਇਜ਼ਹਾਰ ਵੀ ਕਰਦਾ ਹੈ। ਪ੍ਰਗਤੀਸ਼ੀਲਤਾ ਅਤੇ ਰੁਮਾਂਟਿਕਤਾ ਉਸਦੀ ਗ਼ਜ਼ਲ ਅਤੇ ਕਾਵਿ-ਰਚਨਾ ਦੇ ਦੋ ਬੁਨਿਆਦੀ ਆਧਾਰ ਬਣੇ ਰਹੇ ਹਨ। ਉਸ ਦਾ ਰੁਮਾਂਟਿਕ ਆਪਾ ਜਦੋਂ ਗ਼ਜ਼ਲ ਵਿਚ ਢਲਦਾ ਹੈ ਤਾਂ ਜ਼ਿੰਦਗੀ ਦੇ ਅਨੇਕਾਂ ਸੁਹਜਮਈ ਰੰਗ ਉਸ ਵਿਚ ਆਤਮਸਾਤ ਹੋ ਜਾਂਦੇ ਹਨ। ਮਾਨਵੀ ਸਰੋਕਾਰਾਂ ਅਤੇ ਪਰਵਾਸੀ ਦਰਦ ਨੂੰ ਵੀ ਉਸ ਨੇ ਆਪਣੀ ਰਚਨਾ ਵਿਚ ਬਿਆਨ ਕੀਤਾ ਹੈ। ਤਨਹਾਈਆਂ ਗ਼ਜ਼ਲ-ਸੰਗ੍ਰਹਿ ਦਾ ਸਮੁੱਚਾ ਸੰਸਾਰ ਵਿਸ਼ਾਦ ਤੇ ਪੀੜਾ ਨੂੰ ਸਮਰਪਿਤ ਹੈ। ਇਹਨਾਂ ਗ਼ਜ਼ਲਾਂ ਵਿਚ ਸੁਪਨਿਆਂ ਤੋਂ ਹਕੀਕਤ ਤੱਕ ਦਾ ਸਫ਼ਰ ਪੇਸ਼ ਹੋਇਆ ਦੇਖਿਆ ਜਾ ਸਕਦਾ ਹੈ। ਮੁਸ਼ਤਾਕ ਪਰਵਾਸੀ ਪੰਜਾਬੀ ਗ਼ਜ਼ਲ ਦਾ ਇਕ ਅਜਿਹਾ ਹਸਤਾਖ਼ਰ ਹੈ ਜਿਸ ਦੀ ਗ਼ਜ਼ਲ ਵਿਚ ਸ਼ਿਲਪੀ-ਪ੍ਰਬੀਨਤਾ ਅਤੇ ਕਲਾਤਮਕ-ਪ੍ਰਤਿਭਾ ਦਾ ਜਲੌ ਪ੍ਰਚੰਡ ਰੂਪ ਵਿਚ ਵੇਖਿਆ ਜਾ ਸਕਦਾ ਹੈ:
ਬਰਬਾਦੀਆਂ ਦੇ ਕਿੱਸੇ, ਲਿਖਣੇ ਨਹੀਂ ਸੁਖਾਲੇ
ਮੁੜ ਮੁੜ ਕੇ ਮੌਤ ਆਪਣੀ, ਆਪੇ ਮਰਾਂ ਕਦੋਂ ਤੱਕ
ਜਿਸ ਦੌਰ ਵਿਚ ਮੁਸ਼ਤਾਕ ਗ਼ਜ਼ਲ-ਸਾਧਨਾ ਵਿਚ ਜੁੱਟਿਆ ਹੋਇਆ ਹੈ, ਉਸਦੇ ਨਾਲ ਨਾਲ ਸਾਥੀ ਲੁਧਿਆਣਵੀ ਬਰਤਾਨੀਆ ਵਿਖੇ ਪ੍ਰਵੇਸ਼ ਕਰਨ ਵਾਲਾ ਇਕ ਅਜਿਹਾ ਸ਼ਾਇਰ ਹੈ ਜੋ ਨਿਰੰਤਰ ਕਾਵਿ-ਸਾਧਨਾ ਵਿਚ ਕਰਮਸ਼ੀਲ ਰਿਹਾ ਹੈ ਅਤੇ ਉਸਨੇ ਹੁਣ ਤਕ ਅੱਠ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ। ਇਨ੍ਹਾਂ ਕਾਵਿ ਸੰਗੱਿਹਆਂ ਵਿਚੋਂ ਗ਼ਜ਼ਲ ਉਸਦੀ ਕਾਵਿ-ਸਾਧਨਾ ਵਿਚ ਇਕ ਪ੍ਰਮੁੱਖ ਰੂਪ ਲੈ ਕੇ ਸਾਹਮਣੇ ਆਉਂਦੀ ਹੈ। ਆਪਣੇ ਪਰਵਾਸੀ ਜੀਵਨ ਵਿਚ ਪੰਜਾਬੀ ਪਰਵਾਸੀਆਂ ਨੂੰ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਦੇ ਰੂ-ਬ-ਰੂ ਹੋਣਾ ਪਿਆ ਹੈ, ਉਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਵਿਸਤ੍ਰਿਤ ਰੂਪ ਵਿਚ ਪ੍ਰਗਟ ਕਰਨ ਦੇ ਨਾਲ ਨਾਲ ਸਾਥੀ ਲੁਧਿਆਣਵੀ ਨੇ ਇਨ੍ਹਾਂ ਸਮੱਸਿਆਵਾਂ ਦੇ ਪਿਛੋਕੜ ਵਿਚ ਪਹੁੰਚ ਕੇ ਮਾਨਵੀ-ਸੰਵੇਦਨਾ ਦੇ ਦਰਦ ਨੂੰ ਜ਼ੁਬਾਨ ਦਿੱਤੀ ਹੈ। ਉਹ ਇਕ ਪ੍ਰੋਢ ਗ਼ਜ਼ਲਕਾਰ ਹੈ। ਵਿਸ਼ੇ-ਪੱਖ ਤੋਂ ਪਰਵਾਸੀ ਜੀਵਨ ਦੀ ਹਰ ਸਮੱਸਿਆ ਨੂੰ ਸਾਕਾਰ ਕਰਨ ਦੇ ਨਾਲ ਨਾਲ ਉਸ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਵਿਅੰਗਾਤਮਕ ਵਿਧੀ ਨੂੰ ਸਰਲਤਾ ਸਹਿਤ ਆਪਣੀ ਕਾਵਿਕਤਾ ਵਿਚ ਵਿਦਮਾਨ ਰੱਖਦਾ ਹੈ। ਉਸਦੀ ਹੇਠ ਲਿਖੀ ਗ਼ਜ਼ਲ ਵਿਚ ਇਹ ਸਾਰੀਆਂ ਖ਼ੂਬੀਆਂ ਦੇਖੀਆਂ ਜਾ ਸਕਦੀਆਂ ਹਨ
ਸੁੰਨੇ ਪਏ ਚੁਬਾਰਿਆਂ ਦੇ ਦਰਦ ਨੂੰ ਮਹਿਸੂਸ ਕਰ
ਖ਼ਾਲੀ ਘਰਾਂ ਵਿਚਾਰਿਆਂ ਦੇ ਦਰਦ ਨੂੰ ਮਹਿਸੂਸ ਕਰ
ਛੱਡ ਗਏ ਸੰਦੂਕ ਵਿਚ ਪੱਗਾਂ, ਦੁਪੱਟੇ ਲਹਿਰੀਏ
ਘੁੰਗਰੂ ਕਰਮਾਂ ਮਾਰਿਆਂ ਦੇ ਦਰਦ ਨੂੰ ਮਹਿਸੂਸ ਕਰ
ਵੇਖ ਨਾ ਬੇਟੇ ਦੇ ਬਾਹਰ ਜਾਣ ਦੇ ਚਾਅ ਨੂੰ ਨਾ ਵੇਖ
ਮਾਂ ਦੇ ਗਏ ਸਹਾਰਿਆਂ ਦੇ ਦਰਦ ਨੂੰ ਮਹਿਸੂਸ ਕਰ
ਆਪਣੇ ਹੀ ਦਰਦ ਦਾ ਨਾ ਤੂੰ ਹਮੇਸ਼ਾ ਜ਼ਿਕਰ ਕਰ
'ਸਾਥੀ' ਲੋਕਾਂ ਸਾਰਿਆਂ ਦੇ ਦਰਦ ਨੂੰ ਮਹਿਸੂਸ ਕਰ।
ਉਸਦੀਆਂ ਗ਼ਜ਼ਲਾਂ ਵਿਚ ਪੰਜਾਬੀ ਸਭਿਆਚਾਰ ਦੇ ਜਿਉਂਦੇ ਜਾਗਦੇ ਦ੍ਰਿਸ਼ ਵੀ ਸਾਕਾਰ ਰੂਪ ਵਿਚ ਸਾਡੇ ਸਾਹਮਣੇ ਆਉਂਦੇ ਹਨ।
ਗੁਰਨਾਮ ਢਿਲੋਂ ਇਕ ਅਜਿਹਾ ਗ਼ਜ਼ਲਕਾਰ ਹੈ ਜੋ ਮੁਸ਼ਤਾਕ ਅਤੇ ਸਾਥੀ ਦੇ ਨਾਲ ਨਾਲ ਪ੍ਰਗਤੀਵਾਦੀ ਧਾਰਾ ਨਾਲ ਅਨਿਖੱੜ ਰੂਪ ਵਿਚ ਜੁੜਿਆ ਰਿਹਾ ਹੈ। ਉਹ ਹੁਣ ਤੱਕ 5 ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾ ਚੁੱਕਾ ਹੈ, ਇਨ੍ਹਾਂ ਕਾਵਿ ਸੰਗੱਿਹਆਂ ਵਿਚ ਅੰਸ਼ਿਕ ਰੂਪ ਵਿਚ ਕੁਝ ਗ਼ਜ਼ਲਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਹਨਾਂ ਗ਼ਜ਼ਲਾਂ ਦੇ ਪਾਠ ਉਪਰੰਤ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਗੁਰਨਾਮ ਢਿਲੋਂ ਦੀ ਪ੍ਰਗਤੀਵਾਦੀ ਸੁਰ ਅਜਿਹੀ ਹੈ ਜੋ ਰਵਾਇਤੀ ਪ੍ਰਗਤੀਵਾਦ ਤੋਂ ਵਿਕਾਸ ਕਰਦੀ ਹੋਈ ਸਮੁੱਚੇ ਮਾਨਵਤਾ ਦੇ ਦਰਦ ਨੂੰ ਕਾਵਿ-ਸ਼ਖ਼ਸ਼ੀਅਤ ਵਿਚ ਢਾਲ ਕੇ ਪ੍ਰਸਤੁਤ ਕਰਨ ਵੱਲ ਰੁਚਿਤ ਹੁੰਦੀ ਹੈ। ਇਸ ਨਾਲ ਨਾ ਕੇਵਲ ਉਸਦੀ ਆਪਣੀ ਗ਼ਜ਼ਲ ਵਿਚ ਨਿਖ਼ਾਰ ਆਉਂਦਾ ਹੈ ਬਲਕਿ ਸਮੁੱਚੀ ਬਰਤਾਨਵੀ ਪੰਜਾਬੀ ਗ਼ਜ਼ਲ ਵਧੇਰੇ ਸੁਹਜਮਈ ਅਤੇ ਪ੍ਰਭਾਵਸ਼ਾਲੀ ਹੋ ਜਾਂਦੀ ਹੈ। ਉਸਦੀ ਇਹ ਭਾਵਨਾ ਹੇਠ ਲਿਖੇ ਸ਼ਿਅਰਾਂ ਵਿਚ ਪ੍ਰਗਟ ਹੁੰਦੀ ਦੇਖੀ ਜਾ ਸਕਦੀ ਹੈ
ਸੂਰਜ ਹਾਂ ਮੈਂ, ਟਲਣਾ ਨਹੀਂ, ਚੜ੍ਹ ਜਾਵਾਂਗਾ
ਕਰ ਲਏ ਬੱਦਲ ਜੋ ਮਨ-ਆਈਆਂ ਅੰਬਰ 'ਤੇ
ਚੰਦ ਸਿਤਾਰੇ ਨੱਚ ਉਠਣਗੇ ਮਹਿਫ਼ਲ ਵਿਚ
ਮਾਨਵ ਨੇ ਜਦ ਸੁਰਾਂ ਜਗਾਈਆਂ ਅੰਬਰ 'ਤੇ
ਗੁਰਨਾਮ ਢਿਲੋਂ ਨੇ ਵੱਡੀਆਂ ਬਹਿਰਾਂ ਦੇ ਨਾਲ ਨਾਲ ਛੋਟੀਆਂ ਬਹਿਰਾਂ ਵਿਚ ਵੀ ਆਪਣੀ ਪਰਪੱਕਤਾ ਦਿਖਾਈ ਹੈ ਜਿਵੇਂ:
ਮਾਰਦੀ ਐਪਰ ਹੈ ਖਾਂਦੀ ਮਾਰ ਵੀ
ਜ਼ਿੰਦਗੀ ਵਿਚ ਜਿੱਤ ਵੀ ਹੈ ਹਾਰ ਵੀ
ਪਰਵਾਸੀ ਪੰਜਾਬੀ ਸ਼ਾਇਰੀ ਵਿਚ ਇਕ ਹੋਰ ਵਿਸ਼ੇਸ਼ਤਾ ਜੋ ਦੇਖੀ ਜਾ ਸਕਦੀ ਹੈ ਉਹ ਇਹ ਹੈ ਕਿ ਪਰਵਾਸੀ ਸਾਹਿਤਕਾਰ ਭਾਵੇਂ ਸਰੀਰਕ ਤੌਰ ਤੇ ਆਪਣੀ ਮਾਤ-ਭੂਮੀ ਨੂੰ ਛੱਡ ਕੇ ਦੂਰ ਦੁਰਾਡੇ ਦੇਸ਼ਾਂ ਵਿਚ ਪਹੁੰਚ ਗਏ ਹਨ ਪਰ ਮਾਨਸਿਕ ਤੌਰ ਤੇ ਮੂਲ ਰੂਪ ਵਿਚ ਉਹ ਆਪਣੀ ਧਰਤੀ ਨਾਲ ਹੀ ਜੁੜੇ ਹੋਏ ਹਨ। ਮਾਤ ਭੂਮੀ ਵਿਚ ਜਦੋਂ ਵੀ ਕੋਈ ਰਾਜਸੀ, ਧਾਰਮਿਕ, ਸਮਾਜਕ, ਆਰਥਿਕ, ਭੂਗੋਲਿਕ ਆਦਿ ਨਾਲ ਸੰਬੰਧਿਤ ਸੰਕਟ ਵਾਪਰਦਾ ਹੈ ਤਾਂ ਉਸਨੂੰ ਬਹੁਤ ਹੀ ਪ੍ਰਮਾਣਕਤਾ ਨਾਲ ਆਪਣੀ ਗ਼ਜ਼ਲ ਵਿਚ ਪੇਸ਼ ਕਰਦੇ ਹਨ। ਗੁਰਨਾਮ ਢਿਲੋਂ ਦੀ ਗ਼ਜ਼ਲ ਦੇ ਹੇਠਲੇ ਸ਼ਿਅਰਾਂ ਵਿਚ ਅਜਿਹੇ ਭਾਵ ਦੇਖੇ ਜਾ ਸਕਦੇ ਹਨ:
ਇਹ ਹੈ ਕੈਸਾ ਆਇਆ ਮੌਸਮ
ਝੱਖੜ ਨਾਲ ਲਿਆਇਆ ਮੌਸਮ
ਕੋਇਲ ਮੋਰ ਪਪੀਹਾ ਤਿਤਲੀ
ਸਭ ਨੂੰ ਮਾਰ ਮੁਕਾਇਆ ਮੌਸਮ।
ਗੁਰਨਾਮ ਢਿਲੋਂ ਤੋਂ ਬਾਅਦ ਅਜਮੇਰ ਕਾਵੈਂਟਰੀ ਇਕ ਅਜਿਹਾ ਸ਼ਾਇਰ ਹੈ ਜੋ ਸੰਸਾਰ ਭਰ ਵਿਚ ਪਸਰੇ ਸਾਮਰਾਜੀ ਨਿਜ਼ਾਮ ਅਤੇ ਉਹਨਾਂ ਦੇ ਹੱਥ-ਠੋਕਿਆਂ ਨੂੰ ਆਪਣੀ ਕਾਵਿ-ਦ੍ਰਿਸ਼ਟੀ ਨਾਲ ਰੂਪਮਾਨ ਕਰਦਾ ਹੈ। ਉਹ ਸਮੁੱਚੀ ਪ੍ਰਗਤੀਸ਼ੀਲ ਧਾਰਾ ਦਾ ਪ੍ਰਤੀਨਿਧ ਬਣ ਕੇ ਆਪਣੇ ਸਾਥੀਆਂ ਨੂੰ ਠੀਕ ਪਛਾਣ ਕਰਾਉਣ ਦੀ ਕੋਸ਼ਿਸ਼ ਵਿਚ ਹਮੇਸ਼ਾ ਤਤਪਰ ਰਹਿੰਦਾ ਹੈ। ਅਜਮੇਰ ਆਪਣੀਆਂ ਗ਼ਜ਼ਲਾਂ ਰਾਹੀਂ ਜ਼ਿੰਦਗੀ ਦੇ ਸੱਚ ਨੂੰ ਬਹੁਤ ਨੇੜੇ ਤੋਂ ਬਿਆਨ ਕਰਦਾ ਹੈ। ਮਾਰਕਸਵਾਦੀ ਪ੍ਰਤਿਬੱਧਤਾ ਨਾਲ ਉਸਦੀ ਸ਼ਖ਼ਸੀਅਤ ਵਿਚ ਮਾਨਵਵਾਦੀ ਰਵੱਈਆ ਆਉਂਦਾ ਹੈ, ਜਿਥੇ ਉਹ ਮਜ਼ਲੂਮ ਲਈ ਆਪਣੀ ਹਮਦਰਦੀ ਦੀ ਭਾਵਨਾ ਦਾ ਇਜ਼ਹਾਰ ਕਰਦਾ ਹੈ:
ਬਹੁਤ ਬੇਲਿਹਾਜ਼ਾਂ ਚ ਆ ਕੇ ਫਸੇ ਹਾਂ
ਕਹਿਣ ਨੂੰ ਅਸੀਂ ਵੀ ਵਸੇ ਹਾਂ, ਰਸੇ ਹਾਂ
ਭੁਪਿੰਦਰ ਸਿੰਘ ਸੱਗੂ ਬਰਤਾਨਵੀ ਪੰਜਾਬੀ ਗ਼ਜ਼ਲ ਵਿਚ ਇਕ ਹੋਰ ਉੱਘਾ ਨਾਮ ਹੈ ਜਿਸ ਨੇ ਹੁਣ ਤਕ ਤਿੰਨ ਕਾਵਿ-ਸੰਗ੍ਰਹਿ ਤੇ ਇਕ ਗ਼ਜ਼ਲ ਸੰਗ੍ਰਹਿ ਦੀ ਰਚਨਾ ਕੀਤੀ ਹੈ। ਨਦੀਮ ਪਰਮਾਰ ਦੇ ਵਿਚਾਰ ਅਨੁਸਾਰ ਬਰਤਾਨਵੀ ਪੰਜਾਬੀ ਗ਼ਜ਼ਲ ਵਿਚ ਆਈ ਖੜੋਤ ਨੂੰ ਹਲੂਣਾ ਦੇ ਕੇ ਅੱਗੇ ਤੋਰਨ ਵਿਚ ਭੁਪਿੰਦਰ ਸਿੰਘ ਸੱਗੂ ਦਾ ਨਾਮ ਲਿਆ ਜਾ ਸਕਦਾ ਹੈ। ਨਿਰੰਜਨ ਸਿੰਘ ਨੂਰ ਦੀ ਸੰਗਤ ਵਿਚ ਰਹਿਣ ਕਰਕੇ ਉਸਦਾ ਨੂਰ ਤੋਂ ਪ੍ਰਭਾਵਿਤ ਹੋਣਾ ਕੁਦਰਤੀ ਹੈ। ਭੁਪਿੰਦਰ ਸਿੰਘ ਸੱਗੂ ਇਕ ਅਜਿਹਾ ਵਿਲੱਖਣ ਪ੍ਰਗਤੀਵਾਦੀ ਸ਼ਾਇਰ ਹੈ ਜੋ ਕਿ ਬਰਤਾਨਵੀ ਜੀਵਨ ਵਿਚ ਪੇਸ਼ ਮਸਲਿਆਂ ਨੂੰ ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਵੇਖਣ ਜਾਚਣ ਦਾ ਯਤਨ ਕਰਦਾ ਹੈ। ਉਸਦੇ ਹੇਠ ਲਿਖੇ ਸ਼ਿਅਰ ਨਾਲ ਇਹ ਗੱਲ ਵਧੇਰੇ ਸਪਸ਼ਟ ਹੋ ਜਾਂਦੀ ਹੈ:
ਹੂਕ ਹਾਂ ਮਜ਼ਲੂਮ ਦੀ ਮੈਂ, ਅਜ਼ਲ ਦਾ ਪੈਗ਼ਾਮ ਨਾ
ਜਿੱਤ ਹਾਂ ਵਿਸ਼ਵਾਸ ਦੀ ਮੈਂ ਇਸ਼ਕ ਤੇ ਇਲਜ਼ਾਮ ਨਾ
ਭੁਪਿੰਦਰ ਸਿੰਘ ਸੱਗੂ ਇਕ ਅਜਿਹਾ ਸ਼ਾਇਰ ਹੈ, ਜਿਸਨੇ ਗ਼ਜ਼ਲ ਦੇ ਨਾਲ ਨਾਲ ਕੁਝ ਗੀਤ ਰਚਨਾਵਾਂ ਦੀ ਵੀ ਸਿਰਜਣਾ ਕੀਤੀ ਹੈ। ਗੀਤ ਕਿਸੇ ਇਕ ਥੀਮ ਨੂੰ ਲੈ ਕੇ ਸਿਰਜਿਆ ਜਾਂਦਾ ਹੈ, ਭੁਪਿੰਦਰ ਸਿੰਘ ਸੱਗੂ ਦੀਆਂ ਗ਼ਜ਼ਲਾਂ ਵਿਚ ਇਹ ਪ੍ਰਭਾਵ ਪ੍ਰਤੱਖ ਤੌਰ 'ਤੇ ਦੇਖਿਆ ਜਾ ਸਕਦਾ ਹੈ। ਇਸਦੇ ਨਾਲ ਨਾਲ ਉਸ ਨੇ ਕਾਵਿ-ਸਿੱਧਾਂਤ ਦੀ ਪੇਸ਼ਕਾਰੀ ਵੀ ਕੀਤੀ ਹੈ। ਸ਼ਾਇਰ ਨੂੰ ਉਹ ਇਕ ਅਜਿਹੇ ਸਾਧਕ ਦੇ ਰੂਪ ਵਿਚ ਪਰਵਾਨ ਕਰਦਾ ਹੈ ਜੋ ਸੰਸਾਰ ਦੇ ਝਮੇਲਿਆਂ ਦੀ ਜਕੜ ਤੋਂ ਨਿਰਲੇਪ ਰਹਿ ਕੇ ਇਕ ਫ਼ਕੀਰ ਦੀ ਹਸਤੀ ਵਿਚ ਆਪਣਾ ਜੀਵਨ ਬਿਤਾਉਂਦਾ ਹੈ ਜਿਵੇਂ ਉਹ ਲਿਖਦਾ ਹੈ:
ਸ਼ਾਇਰ, ਕਿਰਤੀ ਤੇ ਦਰਿਆ
ਮਸਤੀ ਦੇ ਵਿਚ ਰਹਿਣ ਸਦਾ
ਚਮਨ ਲਾਲ ਚਮਨ ਇਕ ਅਜਿਹਾ ਗ਼ਜ਼ਲਕਾਰ ਹੈ ਜੋ ਪੰਜਾਬੀ, ਅੰਗਰੇਜ਼ੀ ਅਤੇ ਉਰਦੂ ਜ਼ੁਬਾਨ ਵਿਚ ਗ਼ਜ਼ਲ ਦੀ ਰਚਨਾ ਕਰਦਾ ਹੈ। ਉਹ ਬਹੁਪੱਖੀ ਪ੍ਰਤਿਭਾ ਵਾਲਾ ਕਲਾਕਾਰ ਹੈ। ਗ਼ਜ਼ਲ ਸਾਧਨਾ ਤੋਂ ਇਲਾਵਾ ਨਾਟਕ ਰਚਨਾ ਅਤੇ ਮੀਡੀਏ ਨਾਲ ਉਹ ਮੁੱਦਤਾਂ ਤੋਂ ਜੁੜਿਆ ਹੋਇਆ ਹੈ। ਉਸਨੇ ਸਬਰੰਗ ਨਾਂ ਦਾ ਇਕ ਕਾਵਿ ਸੰਗ੍ਰਹਿ ਵੀ ਪ੍ਰਕਾਸ਼ਿਤ ਕੀਤਾ ਹੈ ਜਿਸ ਵਿਚ ਵਧੇਰੇ ਗਿਣਤੀ ਗ਼ਜ਼ਲਾਂ ਦੀ ਵੇਖੀ ਜਾ ਸਕਦੀ ਹੈ। ਪੰਜਾਬੀ ਗ਼ਜ਼ਲ ਖੇਤਰ ਵਿਚ ਉਸਦੀ ਪਹਿਚਾਣ ਹਾਸਰਸੀ ਗ਼ਜ਼ਲਕਾਰ ਦੇ ਤੌਰ ਤੇ ਹੋਈ ਹੈ, ਪਰ ਉਸਦੀਆਂ ਕੁਝ ਗ਼ਜ਼ਲ ਰਚਨਾਵਾਂ ਵਿਚ ਜ਼ਿੰਦਗੀ ਨੂੰ ਗੰਭੀਰਤਾ ਨਾਲ ਦੇਖਣ ਦੀ ਗਵਾਹੀ ਵੀ ਮਿਲਦੀ ਹੈ। ਉਹ ਪੰਜਾਬ ਦੇ ਲੋਕ ਸਭਿਆਚਾਰ ਨੂੰ ਪ੍ਰਤੱਖ ਰੂਪ ਵਿਚ ਸਹਿਜਤਾ ਨਾਲ ਗ੍ਰਹਿਣ ਕਰਦਾ ਅਤੇ ਆਪਣੀ ਸ਼ਾਇਰੀ ਰਾਹੀਂ ਇਸਨੂੰ ਨਵੇਂ ਅਰਥਾਂ ਵਿਚ ਪੇਸ਼ ਕਰਦਾ ਹੈ। ਸੁਰਜੀਤ ਪਾਤਰ ਦਾ ਵਿਚਾਰ ਹੈ ਕਿ ਚਮਨ ਲਾਲ ਚਮਨ ਪੁਰਖ਼ਲੂਸ, ਹਸਮੁਖ ਹੱਸਾਸ ਤੇ ਉੱਚੇ ਸੁੱਚੇ ਸੁਹਜ-ਸੁਆਦ ਵਾਲਾ ਸ਼ਖ਼ਸ ਹੈ। ਉਸ ਦੀ ਸ਼ਾਇਰੀ ਵਿਚ ਬਾਲਾਂ ਵਾਲੀ ਮਾਸੂਮੀਅਤ ਤੇ ਸਿਆਣਿਆ ਵਾਲੀ ਗੰਭੀਰਤਾ ਹੈ। ਉਹ ਬਹੁਤ ਹੀ ਭਾਵਪੂਰਤ ਤੇ ਗਹਿਰਾਈ ਵਾਲੇ ਵਿਚਾਰਾਂ ਨੂੰ ਸਾਦਗੀ ਨਾਲ ਕਹਿਣ ਦੀ ਸਮਰੱਥਾ ਰੱਖਦਾ ਹੈ। ਉਸਦੇ ਹੇਠ ਲਿਖੇ ਗ਼ਜ਼ਲ ਦੇ ਸ਼ੇਅਰਾਂ ਵਿਚ ਇਸਨੂੰ ਪ੍ਰਮਾਣਕ ਰੂਪ ਵਿਚ ਦੇਖਿਆ ਜਾ ਸਕਦਾ ਹੈ:
ਅੱਖੀਆਂ ਦੇ ਵਿਚ ਸਦਾ ਉਜਾਲੇ ਨਈਂ ਰਹਿਣੇ
ਤੈਨੂੰ ਰੱਜ ਕੇ ਵੇਖਣ ਵਾਲੇ ਨਈਂ ਰਹਿਣੇ,
ਇਕ ਦਿਨ 'ਪੁਨੂੰ' ਡਾਚੀ ਲੈ ਕੇ ਪਰਤੇ ਗਾ
ਸੱਸੀ ਦੇ ਪੈਰਾਂ ਵਿਚ ਛਾਲੇ ਨਈਂ ਰਹਿਣੇ,
ਅੱਜ ਕੱਲ ਮੈਨੂੰ ਇਕੋ ਸੁਫਨਾ ਆਉਂਦਾ ਹੈ,
ਹੁਣ ਵਤਨਾਂ ਵਿਚ ਘਾਲੇ ਮਾਲੇ ਨਈਂ ਰਹਿਣੇ।
ਉਸਦੀ ਸ਼ਾਇਰੀ ਨੂੰ ਪੜ੍ਹਦਿਆਂ ਪੰਜਾਬ ਦੀ ਲੋਕ ਸ਼ਾਇਰੀ ਮੁੜ ਸੁਰਜੀਤ ਹੋ ਜਾਂਦੀ ਹੈ ਅਤੇ ਪਾਠਕ ਦੀਆਂ ਅੱਖਾਂ ਅੱਗੇ ਪੰਜਾਬੀ ਸਭਿਆਚਾਰ ਦੇ ਮੂੰਹ ਬੋਲਦੇ ਚਿੱਤਰ ਸਹਿਜ ਰੂਪ ਵਿਚ ਉਜਾਗਰ ਹੋ ਜਾਂਦੇ ਹਨ, ਇਸੇ ਕਰਕੇ ਉਸਦੀ ਸ਼ਾਇਰੀ ਦਾ ਸੰਚਾਰ ਸਹਿਜ ਭਾਵ ਵਾਲਾ ਹੈ।
ਸਵਰਨ ਚੰਦਨ ਨੇ ਆਪਣੀ ਜ਼ਿੰਦਗੀ ਦੇ ਬਹੁਤ ਵਰ੍ਹੇ ਪਰਵਾਸੀ ਜੀਵਨ ਅੰਦਰ ਬਤੀਤ ਕੀਤੇ ਹਨ, ਪਰਵਾਸੀ ਜੀਵਨ ਦੇ ਵਿਭਿੰਨ ਪੜਾਵਾਂ ਭੂ ਹੇਰਵਾ, ਨਸਲੀ ਵਿਤਕਰਾ, ਸਭਿਆਚਾਰਕ ਤਣਾਓ ਆਦਿ ਨੂੰ ਜਿਨੀ ਪ੍ਰਮਾਣਕਤਾ ਨਾਲ ਸਵਰਨ ਚੰਦਨ ਨੇ ਆਪਣੇ ਨਾਵਲਾਂ ਅਤੇ ਕਹਾਣੀਆਂ ਵਿਚ ਪ੍ਰਗਟ ਕੀਤਾ ਹੈ, ਉਹ ਬਰਤਾਨੀਆ ਵਿਚ ਕਿਸੇ ਹੋਰ ਲੇਖਕ ਦੇ ਹਿੱਸੇ ਨਹੀਂ ਆਇਆ। ਉਹ ਇਕ ਸਮੀਖਿਆਕਾਰ ਵੀ ਹੈ ਅਤੇ ਸ਼ਬਦ ਸਿਰਜਣਾ ਦੀ ਕਲਾਤਮਕ ਪੇਸ਼ਕਾਰੀ ਦੇ ਨਾਲ ਨਾਲ ਇਸ ਦੇ ਕਾਵਿ-ਸ਼ਾਸਤਰੀ ਪਹਿਲੂਆਂ ਬਾਰੇ ਵੀ ਨਿਰਖ-ਪਰਖ ਕਰਨ ਦੀ ਸਮਰੱਥਾ ਰੱਖਦਾ ਹੈ। ਗਲਪਕਾਰ ਤੇ ਸਮੀਖਿਅਕ ਹੋਣ ਦੇ ਨਾਲ ਨਾਲ ਉਸਨੇ ਕਾਵਿ ਸਿਰਜਣਾ ਵਿਚ ਵੀ ਆਪਣੀ ਪਛਾਣ ਬਣਾਈ ਹੈ। ਹੁਣ ਤੱਕ ਉਸਨੇ ਤਿਨ ਕਾਵਿ ਸੰਗ੍ਰਹਿ ਚਾਨਣ ਦੀ ਲਕੀਰ (1969) ਅਤੇ ਦੂਸਰਾ ਪੜਾਅ (1974) ਵਿਚ ਪ੍ਰਕਾਸ਼ਿਤ ਕਰਵਾਏ ਹਨ। ਉਸ ਦਾ ਤੀਸਰਾ ਕਾਵਿ-ਸੰਗ੍ਰਹਿ ਜੁਗਨੂੰਆਂ ਦੀ ਰਾਖ਼ ਮੁਕੰਮਲ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸਨੇ ਗ਼ਜ਼ਲ ਦੇ ਸਿੱਧਾਂਤ ਬਾਰੇ ਵੀ ਮਹੱਤਵਪੂਰਨ ਨੁਕਤੇ ਉਭਾਰੇ ਹਨ। ਉਹ ਗ਼ਜ਼ਲ ਰਚਨਾ ਨੂੰ ਫ਼ਾਇਲਾਤੁਨ ਦੀ ਗਿਣਤੀ ਮਿਣਤੀ ਨਾਲ ਪਰਖਣ ਦੇ ਹੱਕ ਵਿਚ ਨਹੀਂ। ਉਹ ਇਸ ਵਿਚ ਲਚਕਦਾਰ ਰਵੱਈਆ ਰੱਖਦਾ ਹੈ। ਗਿਣਤੀ ਮਿਣਤੀ ਕਰਨ ਵਾਲੇ ਗ਼ਜ਼ਲਕਾਰਾਂ ਨੂੰ ਉਹ ਅਰੂਜ਼ੀ ਮੰਨਦਾ ਹੈ। ਇਸੇ ਕਰਕੇ ਉਸਦੀਆਂ ਗ਼ਜ਼ਲਾਂ ਆਜ਼ਾਦ ਤਬੀਅਤ ਵਾਲੀਆਂ ਹਨ। ਉਹ ਪ੍ਰਤੀਬੱਧ ਰੂਪ ਵਿਚ ਮਾਰਕਸਵਾਦੀ ਲੇਖਕ ਹੈ ਇਸੇ ਕਰਕੇ ਉਹ ਸਮੁੱਚੇ ਜੀਵਨ ਦੇ ਕਾਰ ਵਿਹਾਰ ਤੇ ਮੁੱਲ ਵਿਧਾਨ ਨੂੰ ਇਸੇ ਹੀ ਦ੍ਰਿਸ਼ਟੀ ਰਾਹੀਂ ਦੇਖਦਾ ਹੈ। ਉਸ ਦੀਆਂ ਗ਼ਜ਼ਲਾਂ ਦੇ ਮੂਲ ਸਰੋਕਾਰ ਪਿਆਰ, ਪੰਜਾਬ ਸੰਕਟ, ਕੁਦਰਤ, ਮਾਨਵੀ ਚੇਤਨਾ, ਪਰਵਾਸੀ ਚੇਤਨਾ ਆਦਿ ਹਨ। ਉਸਦੀਆਂ ਗ਼ਜ਼ਲਾਂ ਜ਼ਿੰਦਗੀ ਦੀ ਹਕੀਕਤ ਨੂੰ ਪ੍ਰਮਾਣਕਤਾ ਨਾਲ ਪੇਸ਼ ਕਰਦੀਆਂ ਹਨ:
ਫੈਲ ਗਈ ਲੱਗਦੀ ਹੈ ਏਥੇ, ਬਹੁਤ ਹੀ ਮਾੜੀ ਹਵਾ
ਸ਼ਹਿਰ, ਕਸਬੇ, ਪਿੰਡ ਖੇੜੇ ਬੇ ਆਬਾਦੇ ਹੋ ਰਹੇ,
ਐਗਜ਼ਨੀਆਂ, ਚੋਰੀ-ਡਾਕੇ, ਕਤਲ ਤੇ ਔਰਤ ਦਾ ਮਾਸ,
ਬੜੇ ਧੰਦੇ ਸ਼ਹਿਰ ਵਿਚ ਹਨ, ਬੇ ਆਵਾਜ਼ੇ ਹੋ ਰਹੇ
ਉਸ ਦੀਆਂ ਗ਼ਜ਼ਲਾਂ ਆਪਣੇ ਪ੍ਰਗੀਤਕ ਅੰਦਾਜ਼ ਵਿਚ ਦਰਿਆਵਾਂ, ਸਮੁੰਦਰ, ਮਾਰੂਥਲਾਂ ਤੇ ਜੰਗਲਾਂ ਨੂੰ ਚਿਹਨਕ ਰੂਪ ਵਿਚ ਪੇਸ਼ ਕਰਦੀਆਂ ਹਨ। ਉਸਦੀ ਕਲਾਤਮਕ ਪਹੁੰਚ ਇਸ ਤਰ੍ਹਾਂ ਦੀ ਹੈ ਕਿ ਉਹ ਇਕ ਬਿੰਦੂ ਤੋਂ ਲੈ ਕੇ ਜਵਿਨ ਦੇ ਸਮੁੱਚੇ ਭਾਵਾਂ ਨੂੰ ਆਪਣੇ ਅੰਦਰ ਸਮਾਉਣ ਦੀ ਤਾਕਤ ਰਖਦਾ ਹੈ। ਸਵਰਨ ਚੰਦਨ ਦੂਸਰੇ ਸਾਹਿਤ ਰੂਪਾਂ ਵਾਂਗ ਗ਼ਜ਼ਲ ਰੂਪ ਵਿਚ ਵੀ ਆਪਣੀ ਅਨੁਭਵੀ ਪਰਪਕੱਤਾ ਤੇ ਦਾਰਸ਼ਨਿਕ ਸੂਝ ਨੂੰ ਸਾਧਾਰਣ ਭਾਸ਼ਾ ਵਿਚ ਬਿਆਨ ਕਰਦਾ ਹੈ।
ਕੇਸਰ ਰਾਮਪੁਰੀ ਵੀ ਪਰਵਾਸੀ ਪੰਜਾਬੀ ਸਾਹਿਤਕਾਰਾਂ ਵਾਂਗ ਛੇਵੇਂ ਸਤਵੇਂ ਦਹਾਕੇ ਵਿਚ ਬਰਤਾਨੀਆ ਵਿਖੇ ਪ੍ਰਵੇਸ਼ ਕਰਨ ਵਾਲਾ ਇਕ ਉੱਘਾ ਸਾਹਿਤਕਾਰ ਹੈ। ਉਹ ਹੁਣ ਤਕ ਦੋ ਕਾਵਿ-ਸੰਗ੍ਰਹਿ ਕੇਸਰ ਦੀ ਖ਼ੁਸ਼ਬੋ ਅਤੇ ਬੋਲਾਂ ਦੀ ਮਹਿਕ ਦੀ ਪ੍ਰਕਾਸ਼ਨਾ ਕਰਵਾ ਚੁੱਕਾ ਹੈ। ਇਨ੍ਹਾਂ ਕਾਵਿ-ਸੰਗ੍ਰਹਿਆਂ ਵਿਚ ਕੁਝ ਗਿਣਤੀ ਦੀਆਂ ਗ਼ਜ਼ਲ-ਰਚਨਾਵਾਂ ਵੀ ਸ਼ਾਮਿਲ ਹਨ। ਉਹ ਖ਼ੁਦ ਇਨ੍ਹਾਂ ਨੂੰ ਤਰਨੁੱਮ ਵਿਚ ਪੇਸ਼ ਕਰਕੇ ਪਾਠਕਾਂ ਨੂੰ ਪ੍ਰਭਾਵਿਤ ਕਰਨ ਦੀ ਸਮਰਥਾ ਵੀ ਰੱਖਦਾ ਹੈ। ਅਪਣੀਆਂ ਗ਼ਜ਼ਲਾਂ ਵਿਚ ਉਹ ਗ਼ਜ਼ਲ ਦੇ ਵਿਧਾਨ, ਪ੍ਰਗਤੀਸ਼ੀਲਤਾ ਅਤੇ ਪਰਵਾਸੀ ਜੀਵਨ ਦੇ ਕੌੜੇ-ਕੁਸੈਲੇ ਤਜਰਬਿਆਂ ਨੂੰ ਪੇਸ਼ ਕਰਦਾ ਹੈ। ਉਹ ਇਹ ਜਾਣਦਾ ਹੈ ਕਿ ਛੋਟੀ ਬਹਿਰ ਵਿਚ ਗ਼ਜ਼ਲ ਰਚਨਾ ਕਰਨੀ ਮੁਸ਼ਕਿਲ ਹੈ, ਇਸ ਲਈ ਉਹ ਲਿਖਦਾ ਹੈ:
ਗ਼ਜ਼ਲ ਕਹਿਣੀ ਕਠਿਨ ਹੈ
ਕਿਉਂ ਕਿ ਛੋਟਾ ਬਹਿਰ ਹੈ।
1930-35 ਦੇ ਆਸ-ਪਾਸ ਪ੍ਰਗਤੀਵਾਦੀ ਦੌਰ ਦੀ ਚੇਤਨਾ ਨੂੰ ਕੇਸਰ ਰਾਮਪੁਰੀ ਨੇ ਵੀ ਆਪਣੀ ਜੀਵਨ-ਦ੍ਰਿਸ਼ਟੀ ਵਜੋਂ ਸਵੀਕਾਰ ਕੀਤਾ ਹੈ। ਉਸਨੂੰ ਵਿਸ਼ਵਾਸ ਹੈ ਕਿ ਕਿਰਤੀ ਦੀ ਇਕ ਨਾ ਇਕ ਦਿਨ ਜਿੱਤ ਹੋਣੀ ਹੀ ਹੈ। ਇਹੀ ਵਿਸ਼ਵਾਸ ਉਸਦੀ ਰਚਨਾ ਦਾ ਆਧਾਰ ਅਤੇ ਜੀਵਨ ਦਾ ਸੁਨਹਿਰੀ ਸੁਪਨਾ ਬਣਦਾ ਹੈ। ਇਸ ਥੀਮ ਦੇ ਨਾਲ ਨਾਲ ਉਸਨੇ ਪਰਵਾਸੀ ਜੀਵਨ ਦੀਆਂ ਅਲਾਮਤਾਂ, ਜਿਨ੍ਹਾਂ ਵਿਚ ਪਰਵਾਸੀ ਚੇਤਨਾ, ਨਸਲੀ ਵਿਤਕਰਾ ਸਭਿਆਚਾਰਕ ਤਣਾਉ ਆਦਿ ਦੇ ਭਾਵ ਸ਼ਾਮਿਲ ਹੋ ਜਾਂਦੇ ਹਨ, ਉਨ੍ਹਾਂ ਨੂੰ ਵੀ ਪੇਸ਼ ਕੀਤਾ ਹੈ:
(i) ਖ਼ੁਸ਼ਬੋ ਮਹਿਕੇਗੀ ਕਿਰਤੀ ਦੇ ਪਸੀਨੇ 'ਚੋਂ
ਕੀਤੀ ਪਰੇ 'ਚ ਜਾ ਛੰਨਾਂ ਢਾਰਿਆਂ ਦੀ ਗੱਲ
(ii) ਪਰਦੇਸਾਂ ਦੀ ਖ਼ਾਕ ਅਸਾਂ ਨੇ ਛਾਣੀ ਹੈ
ਪਲ ਪਲ ਪਿਛੋਂ ਜ਼ਿੰਦਗੀ ਅਸਾਂ ਨੇ ਜਾਣੀ ਹੈ
ਬਰਤਾਨਵੀ ਪੰਜਾਬੀ ਪ੍ਰਗਤੀਵਾਦੀ ਗ਼ਜ਼ਲ ਧਾਰਾ ਦੇ ਸਮਵਿੱਥ ਇਕ ਹੋਰ ਅਜਿਹੀ ਧਾਰਾ ਪ੍ਰਫ਼ੁਲਿਤ ਹੋਈ ਹੈ ਜਿਸ ਧਾਰਾ ਨੇ ਆਪਣੇ ਆਲੇ-ਦੁਆਲੇ ਦੇ ਜੀਵਨ ਦੇ ਪ੍ਰਭਾਵਾਂ ਨੂੰ ਤਾਂ ਆਪਣੀ ਰਚਨਾਤਮਕ ਸਾਧਨਾ ਵਿਚ ਆਤਮਸਾਤ ਕੀਤਾ ਹੀ ਹੈ ਨਾਲ ਦੀ ਨਾਲ ਗ਼ਜ਼ਲ ਦੇ ਕਾਵਿ-ਸ਼ਾਸਤਰੀ ਅਤੇ ਇਸਦੀ ਸ਼ਿਲਪਕਾਰੀ ਪੱਖਾਂ ਵੱਲ ਵਧੇਰੇ ਧਿਆਨ ਦੇ ਕੇ ਗ਼ਜ਼ਲ ਦੀ ਪਰੰਪਰਾਗਤ ਵਿਧੀ ਨੂੰ ਵੀ ਪੁਨਰ ਸੁਰਜੀਤ ਕੀਤਾ ਹੈ। ਗ਼ਜ਼ਲ ਦੇ ਇਸ ਸਕੂਲ ਦਾ ਮੁੱਖ ਸੰਚਾਲਕ ਗੁਰਦਾਸ ਸਿੰਘ ਪਰਮਾਰ ਨੂੰ ਮੰਨਿਆ ਜਾ ਸਕਦਾ ਹੈ। ਉਸਨੇ ਨਾ ਕੇਵਲ ਖ਼ੁਦ-ਬ-ਖ਼ੁਦ ਹੀ ਗ਼ਜ਼ਲ ਦੇ ਰੂਪ-ਵਿਧਾਨ ਤੇ ਪਹਿਰਾ ਦਿੱਤਾ ਬਲਕਿ ਆਪਣੇ ਨਾਲ ਰਚਨਾਤਮਕ ਸਾਧਨਾ ਵਿਚ ਜੁੱਟੇ ਹੋਏ ਗ਼ਜ਼ਲਕਾਰਾਂ ਨੂੰ ਵੀ ਅਜਿਹੀ ਸ਼ੈਲੀ ਨੂੰ ਅਪਨਾਉਣ ਲਈ ਪ੍ਰੇਰਨਾ ਦਾ ਕਾਰਜ ਕੀਤਾ। ਗੁਰਦਾਸ ਸਿੰਘ ਪਰਮਾਰ ਬਰਤਾਨੀਆ ਵਿਖੇ ਅੱਠਵੇਂ ਨੌਵੇਂ ਦਹਾਕੇ ਵਿਚ ਪ੍ਰਵੇਸ਼ ਕਰਦਾ ਹੈ। ਪਿਛਲੇ ਢਾਈ ਦਹਾਕਿਆਂ ਵਿਚ ਜੋ ਬਰਤਾਨੀਆ ਵਿਖੇ ਗ਼ਜ਼ਲ-ਰਚਨਾ ਹੋਈ ਹੈ। ਉਸ ਗ਼ਜ਼ਲ ਉੱਪਰ ਉਸਦੀ ਛਾਪ ਪ੍ਰਤੱਖ ਤੌਰ ਤੇ ਦੇਖੀ ਜਾ ਸਕਦੀ ਹੈ।
ਗੁਰਦਾਸ ਸਿੰਘ ਪਰਮਾਰ ਹੁਣ ਤਕ ਦੋ ਗ਼ਜ਼ਲ-ਸੰਗ੍ਰਹਿਆਂ ਚੁੱਪ ਦਾ ਸੰਗੀਤ 2006 ਅਤੇ ਸੰਧਿਆ ਦੀ ਲਾਲੀ 2010 ਈਸਵੀ ਵਿਚ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਹ ਦੋਵੇਂ ਕਾਵਿ ਪੁਸਤਕਾਂ ਵੱਖਰੇ ਵੱਖਰੇ ਵਿਚਾਰਧਰਾਈ ਅਨੁਭਵਾਂ ਨੂੰ ਪੇਸ਼ ਕਰਦੀਆਂ ਹਨ। ਜਿੱਥੇ ਗੁਰਦਾਸ ਸਿੰਘ ਪਰਮਾਰ ਦਾ ਸਿਰਜਨਾਤਮਕ ਆਪਾ ਇਕ ਪਾਸੇ ਰੁਮਾਂਟਿਕ ਸੁਹਜ ਦੀ ਤਲਾਸ਼ ਵਿਚ ਵਿਚਰਦਾ ਹੈ ਉਥੇ ਦੂਸਰੇ ਪੜਾਅ ਤੇ ਪਹੁੰਚ ਕੇ ਉਹ ਅਧਿਆਤਮਕ ਸੁਹਜ ਵੱਲ ਰੁਚਿਤ ਹੋ ਜਾਂਦਾ ਹੈ। ਉਸਦੇ ਰੁਮਾਂਟਿਕ ਸੁਭਾਅ ਵਿਚ ਦੋ ਕਿਸਮ ਦੇ ਪਿਆਰ ਦੇ ਤਸੱਵੁਰ ਸਮਾਏ ਹੋਏ ਹਨ, ਜਿਸਨੂੰ ਉਹ ਆਪਣੀ ਪਹਿਲੀ ਪੁਸਤਕ ਯਾਦਾਂ ਤੇ ਪੀੜਾਂ ਰਾਹੀਂ ਵੀ ਬਿਆਨ ਕਰ ਚੁੱਕਾ ਹੈ। ਸਦਾਚਾਰਕ ਜੀਵਨ ਮੁੱਲਾਂ ਅਤੇ ਕਦਰਾਂ ਕੀਮਤਾਂ ਦੀ ਤਰਜਮਾਨੀ ਉਸਨੇ ਸੁਹਜਾਤਮਕ ਸ਼ੈਲੀ ਰਾਹੀਂ ਕੀਤੀ ਹੈ:
ਅਸਲ ਵਿਚ ਕਿਰਦਾਰ ਦਾ ਹੀ ਨਾਮ ਹੁੰਦਾ ਆਦਮੀ
ਆਦਮੀ ਕਾਹਦਾ ਜਦੋਂ ਕਿਰਦਾਰ ਹੀ ਜਾਂਦਾ ਰਿਹਾ
ਗੁਰਨਾਮ ਗਿੱਲ ਬਹੁਪੱਖੀ ਪ੍ਰਤਿਭਾ ਵਾਲਾ ਸਾਹਿਤਕਾਰ ਹੈ, ਉਸਨੇ ਜਿਥੇ ਗਲਪ ਦੇ ਖੇਤਰ ਵਿਚ 5 ਕਹਾਣੀ ਸੰਗ੍ਰਹਿ ਅਤੇ 2 ਨਾਵਲਾਂ ਦੀ ਰਚਨਾ ਕੀਤੀ ਹੈ। ਉਥੇ ਕਵਿਤਾ ਦੇ ਖੇਤਰ ਵਿਚ ਵੀ ਉਸਨੇ ਲੰਮੀ ਸਾਧਨਾ ਤਹਿਤ 5 ਕਾਵਿ-ਸੰਗ੍ਰਹਿਆਂ ਦੀ ਸਿਰਜਣਾ ਕੀਤੀ ਹੈ। ਗ਼ਜ਼ਲ ਦੇ ਖੇਤਰ ਵਿਚ ਉਸਨੇ ਆਪਣਾ ਵਿਸ਼ੇਸ਼ ਸਥਾਨ ਸੁਪਨਾ ਤੇ ਸ਼ਹਿਨਾਈ ਗ਼ਜ਼ਲ ਸੰਗ੍ਰਹਿ ਰਾਹੀਂ ਬਣਾਇਆ ਹੈ। ਗੁਰਨਾਮ ਗਿੱਲ ਨੇ ਗੁਰਦਾਸ ਸਿੰਘ ਪਰਮਾਰ ਦੀ ਪਰੰਪਰਾ ਵਿਚ ਕਾਵਿ-ਸ਼ਾਸਤਰੀ ਪੱਖਾਂ ਤੇ ਵਿਸ਼ੇਸ਼ ਧਿਆਨ ਅੰਕਿਤ ਕਰਨ ਦੇ ਨਾਲ ਨਾਲ ਪਰਵਾਸੀ ਜੀਵਨ ਦੀਆਂ ਸਮੱਸਿਆਵਾਂ ਨੂੰ ਵੀ ਆਪਣੇ ਵਿਸ਼ੇਸ਼ ਅਨੁਭਵ ਪ੍ਰਸੰਗ ਰਾਹੀਂ ਪੇਸ਼ ਕੀਤਾ ਹੈ। ਜਿਨ੍ਹਾਂ ਵਿਚ ਭੂ ਹੇਰਵਾ ਇਕ ਅਜਿਹਾ ਹੀ ਸਰਬਵਿਆਪੀ ਵਰਤਾਰਾ ਹੈ ਜਿਸ ਵਿਚੋਂ ਹਰ ਪਰਵਾਸੀ ਨੂੰ ਗੁਜ਼ਰਨਾ ਪੈਂਦਾ ਹੈ। ਪਰਵਾਸ ਵਿਚ ਰਹਿੰਦੇ ਹੋਏ ਗੁਰਨਾਮ ਗਿੱਲ ਨੇ ਵੀ ਇਸ ਅਨੁਭਵ ਨੂੰ ਹੰਢਾਇਆ ਅਤੇ ਆਪਣੀਆਂ ਗ਼ਜ਼ਲਾਂ ਰਾਹੀਂ ਅਭਿਵਿਅਕਤ ਕੀਤਾ ਹੈ:
ਖੇਤ, ਫਸਲਾਂ, ਲੋਕ ਵੀ ਉਦਾਂ ਦੇ ਹੀ, ਪਰ ਉਸ ਗਰਾਂ ਵਰਗਾ ਨਹੀਂ।
ਦਿਸ ਰਹੇ ਸਾਰੇ ਮਕਾਂ ਪੱਕੇ ਮਗਰ ਇਕ ਵੀ ਘਰਾਂ ਵਰਗਾ ਨਹੀਂ।
ਮੇਰਾ ਘਰ ਤਾਂ ਪਿਘਲਦੇ ਅਹਿਸਾਸ ਨਾਂ ਭਰਿਆ ਪਿਆ, ਤੂੰ ਆ ਕਦੇ,
ਹੋਟਲਾਂ ਦੇ ਕਮਰਿਆਂ ਦੇ ਵਾਂਗ ਜਾਂ ਇਹ ਦਫਤਰਾਂ ਵਰਗਾ ਨਹੀਂ।
ਆਧੁਨਿਕਤਾ ਦੇ ਸਮੇਂ ਵਿਚ ਪਰੰਪਰਾਗਤ ਕਦਰਾਂ ਕੀਮਤਾਂ ਨੂੰ ਖੋਰਾ ਲੱਗਣ ਕਰਕੇ ਸ਼ਾਇਰ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੈ। ਪਰਵਾਸੀ ਜੀਵਨ ਦੌਰਾਨ ਇਹਨਾਂ ਕਦਰਾਂ ਕੀਮਤਾਂ ਦਾ ਸਮੁੱਚਾ ਸਭਿਆਚਾਰਕ ਵਰਤਾਰਾ ਜੋ ਕਿ ਪੰਜਾਬੀ ਜਨ ਜੀਵਨ ਅੰਦਰ ਪਿਆ ਹੈ, ਉਹਨਾਂ ਕਦਰਾਂ ਕੀਮਤਾਂ ਦੇ ਨਿਸ਼ਾਨ ਦਿਨੋ ਦਿਨ ਮਿਟ ਰਹੇ ਨਜ਼ਰ ਆਉਂਦੇ ਹਨ। ਗੁਰਨਾਮ ਗਿੱਲ ਇਹਨਾਂ ਕਦਰਾਂ ਕੀਮਤਾਂ ਵਿਚ ਫਿਰ ਵੀ ਕਿਸੇ ਅਜਿਹੇ ਨਾਇਕ ਨੂੰ ਭਾਲਣ ਦੀ ਕੋਸ਼ਿਸ਼ ਵਿਚ ਹੈ ਜੋ ਆਧੁਨਿਕ ਜੀਵਨ ਲਈ ਰਾਹ ਦਸੇਰਾ ਬਣ ਸਕੇ। ਹੇਠਲੀ ਗ਼ਜ਼ਲ ਉਸਦੇ ਇਸੇ ਭਾਵ ਨੂੰ ਅਭਿਵਿਅਕਤ ਕਰਦੀ ਹੈ:
ਵਰਕੇ ਜਦ ਇਤਿਹਾਸ ਕਦੇ ਮਿਥਿਹਾਸ ਜਿਹੇ ਫੋਲਾਂ ਮੈਂ
ਬੀਤ ਚੁੱਕੇ ਦੇ ਦ੍ਰਿਸ਼ਾਂ ਨੂੰ ਮੁੜ ਏਸ ਸਮੇਂ 'ਚ ਤੋਰਾਂ ਮੈਂ
ਪਰਵਾਸੀ ਪੰਜਾਬੀ ਸਾਹਿਤ ਵਿਚ ਜਿਸ ਸਾਹਿਤਕਾਰ ਨੇ ਵੀ ਸਾਹਿਤ ਸਾਧਨਾ ਕੀਤੀ ਹੈ ਉਸਨੂੰ ਭੂ ਹੇਰਵਾ, ਬੇਗਾਨੀਅਤ, ਇਕੱਲਤਾ, ਨਸਲੀ ਵਿਤਕਰਾ ਆਦਿ ਦੇ ਅਹਿਸਾਸ ਦੀ ਤੜਪ ਨੂੰ ਅਪਣੇ ਜ਼ਿਹਨ ਵਿਚ ਲੰਘਾਉਣਾ ਪਿਆ ਹੈ। ਓਪਰੀ ਨਜ਼ਰੇ ਵੇਖਿਆਂ ਭਾਵੇਂ ਇਹ ਥੀਮ ਅਕਾਉਣ ਦੀ ਹੱਦ ਤੱਕ ਪਰਵਾਸੀ ਪੰਜਾਬੀ ਸਾਹਿਤ ਰਚਨਾਵਾਂ ਵਿਚ ਪ੍ਰਗਟ ਹੋ ਚੁੱਕਾ ਹੈ ਪਰ ਜ਼ਿੰਦਗੀ ਦੀ ਸਚਾਈ ਇਹ ਹੈ ਕਿ ਜਿਹੜਾ ਵੀ ਸਾਹਿਤਕਾਰ ਪਰਵਾਸੀ ਜੀਵਨ ਦੇ ਅਨੁਭਵ ਵਿਚੋਂ ਗੁਜ਼ਰਦਾ ਹੈ ਉਹ ਇਸ ਥੀਮ ਨੂੰ ਪ੍ਰਗਟਾਏ ਬਿਨਾਂ ਨਹੀਂ ਰਹਿ ਸਕਦਾ। ਥੀਮ ਦੀ ਸਮਰੂਪਤਾ ਦਾ ਪਰਵਾਸੀ ਪੰਜਾਬੀ ਸਾਹਿਤਕਾਰੀ ਵਿਚ ਪੇਸ਼ ਹੋਣਾ ਕੁਦਰਤੀ ਹੀ ਹੈ, ਪ੍ਰਗਟਾਵੇ ਦੇ ਪੱਧਰ 'ਤੇ ਇਹ ਵਿਅਕਤੀਗਤ ਵਿਲੱਖਣਤਾ ਰੱਖ ਸਕਦਾ ਹੈ। ਜਿਵੇਂ ਹੇਠ ਲਿਖੀ ਰਚਨਾ ਵਿਚ ਇਸੇ ਭਾਵ ਨੂੰ ਅੰਕਿਤ ਕੀਤੀ ਗਿਆ ਹੈ।
ਨੈਣ ਨਕਸ਼ ਦਾ ਰਲਦੇ ਮਿਲਦੇ
ਵਿਰਲ ਤਾਂ ਜ਼ਿਹਨ ਜ਼ੁਬਾਨ ਦਾ
ਇਸ ਗਲੋਬਲ ਪਿੰਡ ਦੇ ਸਾਰੇ ਮਨੁੱਖ ਅਤੇ ਧਰਤੀ ਦੀ ਪ੍ਰਕਿਰਤੀ ਲਗਭਗ ਇਕੋ ਜਿਹੀ ਹੈ, ਪਰ ਸੋਚਣ ਦਾ ਮਸਲਾ ਇਹ ਹੈ ਕਿ ਮਨੁੱਖ ਵਿਚ ਇਹ ਵੱਖਰਤਾ ਦਾ ਅਹਿਸਾਸ ਕਿਵੇਂ ਪੈਦਾ ਹੁੰਦਾ ਹੈ? ਇਸਦਾ ਜੁਆਬ ਇਹ ਹੈ ਕਿ ਹਰ ਮੁਲਕ ਦੀ ਜ਼ੁਬਾਨ ਅਤੇ ਸਭਿਆਚਾਰ ਆਪੋ-ਆਪਣਾ ਹੁੰਦਾ ਹੈ ਜਿਸ ਕਾਰਣ ਮਨੁੱਖ ਵਿਚ ਦੂਰੀਆਂ ਪੈਦਾ ਹੋ ਜਾਂਦੀਆਂ ਹਨ।
ਗੁਰਦਾਸ ਸਿੰਘ ਪਰਮਾਰ ਦੀ ਗ਼ਜ਼ਲ ਪਰੰਪਰਾ ਦਾ ਇਕ ਹੋਰ ਨਾਮਵਾਰ ਸ਼ਾਇਰ ਹੈ, ਸੁਰਿੰਦਰ ਸੀਹਰਾ। ਉਹ ਗ਼ਜ਼ਲ ਖੇਤਰ ਵਿਚ ਆਪਣੇ ਗ਼ਜ਼ਲ ਸੰਗ੍ਰਹਿ ਹੁਣ ਮੈਂ ਕਵੀਆਂ ਵਾਂਗ ਨਾਲ 2002 ਈ. ਵਿਚ ਪ੍ਰਵੇਸ਼ ਕਰਦਾ ਹੈ। ਇਸ ਕਾਵਿ-ਸੰਗ੍ਰਹਿ ਦੀ ਭੂਮਿਕਾ ਵਿਚ ਉਹ ਆਪ ਗ਼ਜ਼ਲ ਦੇ ਕਾਵਿ-ਸਿੱਧਾਂਤ ਬਾਰੇ ਲਿਖਦਾ ਹੈ:
ਮੈਂ ਵੱਟਿਆਂ ਨਾਲ ਵੱਟੇ ਤੋਲਣ ਦੇ ਹੱਕ ਵਿਚ ਨਹੀਂ ਹਾਂ ਕਿਉਂਕਿ
ਸੁੱਕੇ ਖੂਹਾਂ ਦੀ ਖ਼ੂਬਸੂਰਤ ਚਿਣਾਈ ਦਾ ਕੋਈ ਅਰਥ ਨਹੀਂ ਹੁੰਦਾ।
ਇਹ ਵਿਚਾਰ ਭਾਵੇਂ ਸੁਰਿੰਦਰ ਸੀਹਰਾ ਨੇ ਬਿਆਨ ਦੇ ਪੱਧਰ ਤੱਕ ਪੇਸ਼ ਕੀਤਾ ਹੈ ਪਰ ਅਸੀਂ ਇਸ ਨਾਲ ਪੂਰਨ ਸਹਿਮਤ ਨਹੀਂ ਹਾਂ। ਇਹ ਵਿਚਾਰ ਕੇਵਲ ਬਿਆਨ ਦੇ ਪੱਧਰ ਤੇ ਹੀ ਹੈ, ਸੁਰਿੰਦਰ ਸੀਹਰਾ ਦੀਆਂ ਆਪਣੀਆਂ ਗ਼ਜ਼ਲ ਰਚਨਾਵਾਂ ਪਿੰਗਲ ਤੇ ਅਰੂਜ਼ ਦੇ ਕਾਵਿ-ਸ਼ਾਸਤਰੀ ਨੇਮਾਂ ਅਨੁਸਾਰ ਪਰਖੀਆਂ ਜਾ ਸਕਦੀਆਂ ਹਨ। ਜਿਥੋਂ ਤੱਕ ਖੂਹਾਂ ਦੀ ਚਿਣਾਈ ਦਾ ਸਵਾਲ ਹੈ ਉਸਦਾ ਜਵਾਬ ਇਹ ਬਣਦਾ ਹੈ ਕਿ ਵਿਚਾਰ ਤਾਂ ਹੀ ਪ੍ਰਭਾਵਸ਼ਾਲੀ ਬਣ ਸਕਦਾ ਹੈ ਜੇਕਰ ਉਹ ਰੂਪ ਦੀ ਕਲਾਤਮਕਤਾ ਵਿਚ ਪੇਸ਼ ਹੋਇਆ ਹੋਵੇ, ਹਾਂ ਹਰ ਰੂਪ ਵਿਚ ਕੁਝ ਲਚਕ ਜ਼ਰੂਰ ਹੁੰਦੀ ਹੈ ਉਸ ਲਚਕ ਨੂੰ ਹਰ ਕਵੀ ਇਸਤੇਮਾਲ ਕਰਦਾ ਹੈ।
ਰਚਨਾਤਮਕ ਪੱਧਰ ਤੇ ਵੇਖਿਆਂ ਸੁਰਿੰਦਰ ਸੀਹਰਾ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਹ ਬਾਕੀ ਕਵੀਆਂ ਵਾਂਗ ਜ਼ਿੰਦਗੀ ਦੇ ਦਿੱਸਦੇ ਵਰਤਾਰਿਆਂ ਨੂੰ ਕਾਵਿਕ ਦ੍ਰਿਸ਼ਾਂ ਵਿਚ ਅਭਿਵਿਅਕਤ ਨਹੀਂ ਕਰਦਾ ਬਲਕਿ ਇਹਨਾਂ ਦਿਸਦੇ ਵਰਤਾਰਿਆਂ ਪਿੱਛੇ ਜੋ ਮਨੁੱਖ ਦੇ ਧੁਰ ਅਵਚੇਤਨ ਵਿਚ ਵਾਪਰ ਰਿਹਾ ਹੁੰਦਾ ਹੈ ਉਹ ਉਸਨੂੰ ਸਮਝਣ ਦੀ ਚੇਸ਼ਟਾ ਕਰ ਰਿਹਾ ਹੈ। ਇਹ ਪ੍ਰਤੱਖਣ ਦ੍ਰਿਸ਼ਟੀ ਪੰਜਾਬੀ ਸ਼ਾਇਰੀ ਵਿਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ: ਜਸਵੰਤ ਸਿੰਘ ਨੇਕੀ ਦੇ ਹਿੱਸੇ ਆਈ ਹੈ। ਹੇਠ ਲਿਖੀ ਗ਼ਜ਼ਲ ਤੋਂ ਉਪਰੋਕਤ ਕਥਨਾਂ ਦੀ ਭਾਵਨਾ ਸਹੀ ਸਿੱਧ ਹੋ ਸਕਦੀ ਹੈ:
ਜੋੜਾਂ ਜੇ ਟੁੱਟਾ ਸ਼ੀਸ਼ਾ ਵੇਖਾਂ ਤਾਂ ਚਿਹਰਾ ਤਿੜਕੇ
ਜੇ ਟੁੱਕਿੜਆਂ 'ਚ ਵੇਖਾਂ ਸਾਬਤ ਸਰੂਪ ਮੇਰਾ
ਨਾਂ ਸੂਰਜਾਂ ਦਾ ਲੈ ਕੇ ਦੀਵੇ ਡਰਾ ਨਾ ਮੇਰੇ,
ਲੋਅ ਵੀ ਤਾਂ ਕਰ ਜ਼ਰਾ ਤੂੰ, ਅੰਦਰ ਜੇ ਬਲ਼ਦਾ ਤੇਰਾ।
ਅਸੀਂ ਲਹਿਰਾਂ ਦੇ ਹੇਠਾਂ, ਵਗ ਰਹੇ ਪਾਣੀ,
ਅਸਾਡੇ ਦਰਦ ਕੀ, ਸਾਨੂੰ ਨਾ ਜਾਣੇ ਤੂੰ।
ਜਿਥੋਂ ਤੱਕ ਉਸਦੀ ਗ਼ਜ਼ਲ ਰਚਨਾ ਵਿਚ ਪਰਵਾਸੀ ਜੀਵਨ ਦੇ ਅਨੁਭਵ ਦਾ ਪ੍ਰਸ਼ਨ ਹੈ ਉਥੇ ਉਸਨੇ ਇਸ ਵਿਚ ਪਰਵਾਸ ਦੀ ਪ੍ਰਕਿਰਿਆ ਨੂੰ ਹਿਜਰਤ ਨਾਲ ਜੋੜ ਕੇ ਉਜਾੜਿਆ ਦੇ ਸਰੂਪ ਵਿਚ ਬਿਆਨ ਕੀਤਾ ਹੈ। ਪਰਵਾਸ ਦੇ ਵਹਿਣ ਵਿਚ ਰੁੜਿਆ ਹੋਇਆ ਆਦਮੀ ਭਾਵੇਂ ਕਦੇ ਨਾ ਕਦੇ ਆਪਣੇ ਪੈਰ ਟਿਕਾ ਲੈਂਦਾ ਹੈ ਪਰ ਮਾਨਸਿਕ ਤੌਰ 'ਤੇ ਉਸਨੂੰ ਕੌੜੇ ਕੁਸੈਲੇ, ਤਜਰਬੇ ਅਤੇ ਤਲਖ਼ ਹਕੀਕਤਾਂ ਵਿਚੋਂ ਗੁਜਰਨਾ ਪੈਂਦਾ ਹੈ। ਜਿਸ ਜਗ੍ਹਾ ਤੋਂ ਕੋਈ ਵਿਅਕਤੀ ਪਰਵਾਸ ਕਰਕੇ ਗਿਆ ਹੁੰਦਾ ਹੈ ਉਥੋਂ ਪੂਰਨ ਰੂਪ ਵਿਚ ਕਦੇ ਵੀ ਅਲਹਿਦਾ ਨਹੀਂ ਹੋ ਸਕਦਾ ਹੁੰਦਾ ।ਇਸ ਦੁੱਖ ਦੀ ਸ਼ਿਲਤ ਪਰਵਾਸੀ ਦੇ ਹਿਰਦੇ ਵਿਚ ਤ੍ਰਿਸ਼ੂਲ ਵਾਂਗ ਚੁਭਦੀ ਰਹਿੰਦੀ ਹੈ ਜਿਵੇਂ:
ਪਾਗ਼ਲ ਹਵਾ ਦੇ ਸ਼ੋਰ ਵਿਚ, ਰੁਲ਼ਦੀ ਬਹਾਰ ਹਾਂ,
ਨਵਿਆਂ ਉਜਾੜਿਆਂ 'ਚ ਹੁਣ, ਮੈਂ ਵੀ ਸ਼ੁਮਾਰ ਹਾਂ।
ਸੁਰਿੰਦਰ ਸੀਹਿਰਾ ਇਕ ਅਜਿਹਾ ਬਰਤਾਨਵੀ ਪੰਜਾਬੀ ਗ਼ਜ਼ਲ ਦਾ ਹਸਤਾਖ਼ਰ ਹੈ ਜੋ ਜ਼ਿੰਦਗੀ ਨੂੰ ਗਹਿਰ-ਗੰਭੀਰ ਅਤੇ ਡੂੰਘਾਈ ਨਾਲ ਵੇਖਣ ਦੀ ਰੁਚੀ ਰੱਖਦਾ ਹੈ। ਉਹ ਸੁਪਨੇ ਤੋਂ ਹਕੀਕਤ ਅਤੇ ਦਿਸਦੇ ਤੋਂ ਅਣਦਿੱਸਦੇ ਤੱਕ ਜ਼ਿੰਦਗੀ ਦੀਆਂ ਡੂੰਘੀਆਂ ਰਮਜ਼ਾਂ ਨੂੰ ਪਛਾਣਨ ਲਈ ਰਚਨਾਤਮਕ ਸਾਧਨਾ ਵਿਚ ਰੁਝਿਆ ਹੋਇਆ ਹੈ। ਉਹ ਸੰਭਾਵਨਾ ਭਰਪੂਰ ਅਜਿਹਾ ਗ਼ਜ਼ਲਕਾਰ ਹੈ ਜਿਸ ਤੋਂ ਪੰਜਾਬੀ ਗ਼ਜ਼ਲ ਦੀ ਵਡੇਰੀ ਆਸ ਕੀਤੀ ਜਾਂਦੀ ਹੈ।
ਗੁਰਸ਼ਰਨ ਸਿੰਘ ਅਜੀਬ ਇਕ ਅਜਿਹਾ ਪ੍ਰਤਿਭਾਸ਼ੀਲ ਸ਼ਾਇਰ ਹੈ ਜੋ ਪਿਛਲੇ ਚਾਰ ਦਹਾਕਿਆਂ ਤੋਂ ਬਰਤਾਨੀਆ ਵਿਖੇ ਰਹਿ ਰਿਹਾ ਹੈ ਅਤੇ ਗ਼ਜ਼ਲ ਸਾਧਨਾ ਰਾਹੀਂ ਆਪਣੇ ਪਰਵਾਸੀ ਅਨੁਭਵ ਨੂੰ ਨਿਰੰਤਰ ਪ੍ਰਗਟ ਕਰ ਰਿਹਾ ਹੈ। ਉਹ ਗ਼ਜ਼ਲ ਦੇ ਕਾਵਿ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। 2008 ਈ. ਵਿਚ ਉਸਦਾ ਕੂੰਜਾਵਲੀ ਨਾਮ ਦਾ ਇਕ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ ਜੋ ਉਸ ਦੀ ਸਿਰਜਨਾਤਮਕ ਪ੍ਰਤਿਭਾ ਦਾ ਉਚ ਪ੍ਰਮਾਣ ਬਣਦਾ ਹੈ ਇਸ ਤੋਂ ਪਹਿਲਾ ਵੀ ਉਹ 1997 ਈ. ਵਿਚ ਬਰਤਾਨਵੀ ਪੰਜਾਬੀ ਗ਼ਜ਼ਲ ਨਾਮ ਦਾ ਗ਼ਜ਼ਲ ਸੰਗ੍ਰਹਿ ਸੰਪਾਦਿਤ ਕਰਵਾ ਚੁੱਕਾ ਹੈ। ਸਾਰੇ ਹਵਾਲਿਆਂ ਤੋਂ ਉਸਦੀ ਗ਼ਜ਼ਲ ਨਾਲ ਪ੍ਰਤਿਬੱਧਤਾ ਦੇ ਗਹਿਰੇ ਅਹਿਸਾਸ ਦਾ ਪਤਾ ਲਗਦਾ ਹੈ। ਗੁਰਸ਼ਰਨ ਸਿੰਘ ਅਜੀਬ ਦੀ ਗ਼ਜ਼ਲ ਰਚਨਾ ਵਿਚ ਜੋ ਵਿਸ਼ੇਸ਼ਤਾ ਬਣਦੀ ਹੈ ਉਹ ਇਹ ਹੈ ਕਿ ਉਹ ਗ਼ਜ਼ਲ ਦੇ ਰੂਪ ਵਿਧਾਨ ਨਾਲ ਕੋਈ ਸਮਝੋਤਾ ਨਹੀਂ ਕਰਦਾ। ਉਸਦੇ ਦੀਵਾਨ ਦਾ ਅੱਖਰ ਅੱਖਰ ਗ਼ਜ਼ਲ ਦੇ ਕਾਵਿ-ਸ਼ਾਸਤਰੀ ਪੱਖ ਤੋਂ ਸਿਰਜਿਆ ਗਿਆ ਹੈ। ਗ਼ਜ਼ਲ ਸਾਧਨਾ ਉਸਦਾ ਪਰਮ ਇਸ਼ਟ ਹੈ। ਇਸ ਇਸ਼ਟ ਵਿਚ ਜਿਹੜੇ ਜਿਹੜੇ ਥੀਮਾਂ ਤੇ ਉਸਨੇ ਆਪਣੀ ਬਿਰਤੀ ਇਕਾਗਰ ਕੀਤੀ ਹੈ, ਉਹ ਆਲੇ-ਦੁਆਲੇ ਦੇ ਸਾਹਿਤਕਾਰਾਂ ਵਰਗੀ ਹੈ ਕੋਈ ਜੱਗੋਂ ਬਾਹਰੀ ਨਹੀਂ। ਉਸਨੂੰ ਇਸ ਗੱਲ ਦਾ ਪੱਕਾ ਅਹਿਸਾਸ ਹੈ ਕਿ ਮਨੁੱਖ ਆਪਣੇ ਦੇਸ਼ ਤੋਂ ਜਦੋਂ ਹਿਜਰਤ ਕਰਕੇ ਕਿਸੇ ਵਿਕਸਿਤ ਹੋਏ ਦੇਸ਼ ਵਿਚ ਪਹੁੰਚ ਜਾਂਦਾ ਹੈ ਅਤੇ ਉਥੋਂ ਦੀ ਨਾਗਰਿਕਤਾ ਵੀ ਹਾਸਿਲ ਕਰ ਲੈਂਦਾ ਹੈ ਪਰ ਇਹਨਾਂ ਸਾਰੀਆਂ ਕਾਗਜ਼ੀ ਕਾਰਵਾਈਆਂ ਨਾਲ ਪਰਵਾਸ ਵਿਚ ਸਹੀ ਤੌਰ ਤੇ ਓਥੋਂ ਦਾ ਨਾਗਰਿਕ ਨਹੀਂ ਬਣ ਜਾਂਦਾ। ਇਸਦੇ ਨਾਲ ਨਾਲ ਜਿਹੜਾ ਅਨੁਭਵ ਉਸਨੂੰ ਦੂਸਰੇ ਸਾਹਿਤਕਾਰਾਂ ਨਾਲੋਂ ਵਖਰਿਆਉਂਦਾ ਹੈ, ਉਹ ਇਹ ਹੈ ਕਿ ਉਹ ਕੇਵਲ ਆਪਣੇ ਅਤੀਤ ਨਾਲ ਹੀ ਬੱਝਾ ਹੋਇਆ ਨਹੀਂ ਬਲਕਿ ਆਪਣੇ ਤਸੱਵੁਰ ਵਿਚ ਭਵਿੱਖ ਦੀ ਕਲਪਨਾ ਵੀ ਕਰਦਾ ਰਹਿੰਦਾ ਹੈ। ਜਿਹੜੇ ਨਾਗਰਿਕਾਂ ਦਾ ਬਚਪਨ ਅਤੇ ਜਵਾਨੀ ਜਿਸ ਦੇਸ਼ ਵਿਚ ਬਤੀਤ ਹੁੰਦੀ ਹੈ ਉਹ ਉਸ ਦੇਸ਼ ਦੇ ਨਿਵਾਸੀ ਬਣ ਜਾਂਦੇ ਹਨ। ਉਹਨਾਂ ਲਈ ਉਹਨਾਂ ਦੇ ਬਜ਼ੁਰਗਾਂ ਦਾ ਦੇਸ ਪਰਦੇਸ ਬਣ ਜਾਂਦਾ ਹੈ। ਪਰ ਇਹ ਹਕੀਕਤ ਇਕ ਪਰਵਾਸੀ ਲਈ ਸਦਮੇ ਵਾਂਗ ਬਹੁਤ ਹੀ ਗਹਿਰੀ ਹੈ। ਇਸ ਪੀੜਾ ਨੂੰ ਪ੍ਰਗਟ ਕਰਨਾ ਗੁਰਸ਼ਰਨ ਸਿੰਘ ਅਜੀਬ ਦੇ ਹੀ ਹਿੱਸੇ ਆਇਆ ਹੈ:
ਬੋਟ ਪਾਲੇ ਸਨ ਅਸਾਂ ਜੋ ਉਡ ਗਏ
ਨੋਚ ਸਾਡਾ ਮਾਸ ਤੇਰੇ ਸ਼ਹਿਰ ਵਿਚ
ਕਾਲਿਆਂ ਤੋਂ ਧੌਲਿਆਂ ਦਾ ਪੰਧ ਮੁਕਾ ਇਸ ਨਗ਼ਰ
ਫ਼ੇਰ ਵੀ ਮਹਿਮਾਨ ਦੇ ਮਹਿਮਾਨ ਤੇਰੇ ਸ਼ਹਿਰ ਵਿਚ
ਬਰਤਾਨਵੀ ਪੰਜਾਬੀ ਧਰਤੀ ਤੇ ਜਿੰਨੇ ਵੀ ਅੱਜ ਤੱਕ ਗ਼ਜ਼ਲ ਦੇ ਦੀਵਾਨ ਪ੍ਰਕਾਸ਼ਿਤ ਹੋਏ ਹਨ ਕੂੰਜਾਵਾਲੀ ਉਹਨਾਂ ਸਾਰਿਆਂ ਵਿਚੋਂ ਵਿਲੱਖਣ ਅਤੇ ਖ਼ੂਬਸੂਰਤ ਦਿੱਖ ਦੇ ਪੱਖੋਂ ਅਤਿ ਮਹੱਤਵ ਵਾਲਾ ਹੈ। ਗੁਰਸ਼ਰਨ ਸਿੰਘ ਅਜੀਬ ਨੇ ਇਸ ਦੇ ਪ੍ਰਕਾਸ਼ਨ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ ਹੈ। ਜੇ ਕਿਤੇ ਗੁਰਸ਼ਰਨ ਸਿੰਘ ਅਜੀਬ ਇਸ ਪੁਸਤਕ ਦੇ ਸ਼ਬਦ ਜੋੜਾਂ ਵੱਲ ਵਿਸ਼ੇਸ਼ ਧਿਆਨ ਦੇ ਦਿੰਦਾ ਤਾਂ ਇਸ ਪੁਸਤਕ ਨੇ ਹੋਰ ਵਧੇਰੇ ਪ੍ਰਮਾਣਕ ਹੋ ਜਾਣਾ ਸੀ। ਸਮੇਂ ਅਤੇ ਸਥਾਨ ਦੀ ਦੂਰੀ ਵਿੱਚੋਂ ਅਜਿਹੀਆਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਹਨ।
ਬਰਤਾਨਵੀ ਪੰਜਾਬੀ ਗ਼ਜ਼ਲ ਦੇ ਨਵੇਂ-ਨਿਵੇਕਲੇ ਚਿਹਰਿਆਂ ਵਿਚ ਰੁਪਿੰਦਰਜੀਤ, ਸ਼ੇਖਰ, ਜਸਵਿੰਦਰ ਮਾਨ, ਕਮਲ ਇਕਾਰਸ਼ੀ ਆਦਿ ਅਜਿਹੇ ਹਸਤਾਖ਼ਰ ਹਨ, ਜਿਨ੍ਹਾਂ ਨੇ ਪੰਜਾਬੀ ਗ਼ਜ਼ਲ ਦੀ ਸਾਧਨਾ ਨੂੰ ਅਪਣਾਇਆ ਹੈ ਪਰ ਇਨ੍ਹਾਂ ਨੇ ਅਜੇ ਆਪਣੀਆਂ ਭਰਪੂਰ ਸੰਭਾਵਨਾਵਾਂ ਵਿਚ ਫੈਲਣਾ ਹੈ। ਰੁਪਿੰਦਰਜੀਤ ਬੁਨਿਆਦੀ ਤੌਰ ਤੇ ਪ੍ਰਗਤੀਸ਼ੀਲ ਸੁਭਾ ਦਾ ਗ਼ਜ਼ਲਕਾਰ ਹੈ। ਉਸਦੀ ਮਨੋ-ਕਲਪਨਾ ਵਿਚ ਅੱਜ ਵੀ ਉਹੋ ਜਿਹਾ ਸੁਪਨਾ ਝਲਕਦਾ ਹੈ ਜੋ 1935-36 ਦੇ ਆਸ ਪਾਸ ਦੇ ਪ੍ਰਗਤੀਵਾਦੀਆਂ ਦੀ ਦ੍ਰਿਸ਼ਟੀ ਵਿਚੋਂ ਉਦੈ ਹੁੰਦਾ ਸੀ। ਆਪਣੀ ਗ਼ਜ਼ਲ ਰਚਨਾ ਵਿਚ ਉਹ ਪਰੰਪਰਾਗਤ ਥੀਮਿਕ ਸਾਮਗਰੀ ਨੂੰ ਪਰਪੱਕ ਕਰਦਾ ਨਜ਼ਰ ਆਉਂਦਾ ਹੈ:
ਜਦ ਲਾਲੀਆਂ ਨੇ ਹੈ ਟਹਿਕਣਾ
ਜਦ ਨੇਰਿਆਂ ਨੇ ਹੈ ਸਹਿਕਣਾ
ਜਦ ਜ਼ਿੰਦਗੀ ਨੇ ਹੈ ਮਹਿਕਣਾ
ਉਹ ਸਵੇਰ ਥੋੜੀ ਕੁ ਦੂਰ ਹੈ
ਆਧੁਨਿਕ ਜੀਵਨ ਜਾਚ ਨੂੰ ਵੇਖਿਆਂ ਪਤਾ ਲਗਦਾ ਹੈ ਕਿ ਅੱਜ ਦਾ ਵਿਅਕਤੀ ਪਦਾਰਥ ਵਸਤਾਂ ਦੀ ਪਕੜ ਵਿਚ ਘਿਰਿਆ ਹੋਇਆ ਹੈ। ਅੱਜ ਦਾ ਵਿਅਕਤੀ ਸਮੂਹ ਤੋਂ ਟੁੱਟ ਕੇ ਯਥਾਰਕ ਸਮੱਸਿਆਵਾਂ ਨੂੰ ਇਕੱਲੇ ਤੌਰ ਤੇ ਨਜਿੱਠਦਾ ਹੈ:
ਸ਼ਾਮ ਤੀਕਰ ਧੁੱਪ ਦੇ ਸੰਗ ਧੜ ਸੋਕ ਜੇ ਦੋਸਤੋ
ਉਗਦੇ ਸੂਰਜ ਦੇ ਮੱਥੇ 'ਤੇ ਬਗ਼ਾਵਤ ਲਿਖਦਿਆਂ।
ਉਸਦੀ ਧੁਰ ਮਾਨਸਿਕ ਇੱਛਾ ਇਹ ਹੈ ਕਿ ਸਮਾਜਕ ਪਰਿਵਰਤਨ ਅਤੇ ਬਗ਼ਾਵਤ ਲਈ ਏਕਤਾ ਦੇ ਸੂਤਰ ਦੀ ਜ਼ਰੂਰਤ ਹੈ, ਇਸਦੀ ਅੱਜ ਵੀ ਘਾਟ ਮਹਿਸੂਸ ਹੋ ਰਹੀ ਹੈ। ਜਿਥੋਂ ਤੱਕ ਉਸਦੇ ਸੁਪਨੇ ਅਤੇ ਸ਼ੁਭ-ਇੱਛਾ ਦਾ ਤਅੱਲੁਕ ਹੈ ਉਸ ਵਿਚ ਰਜਿੰਦਰਜੀਤ ਮਾਨਵੀ ਬਿਰਤੀ ਦਾ ਲਿਖਾਇਕ ਹੈ:
ਸਾਰਿਆ ਕੰਧੋਲੀਆਂ ਦੇ ਨਾਲ ਦੁਖ-ਸੁਖ ਫੋਲ ਕੇ
ਮੇਰੇ ਵੱਸ ਹੋਵੇ ਤਾਂ ਹਰ ਚੁੱਲੇ 'ਤੇ ਬਰਕਤ ਲਿਖਦਿਆਂ।
ਬਰਤਾਨੀਆਂ ਵਿਚ ਵੱਸਦੇ ਪੰਜਾਬੀ ਸ਼ਾਇਰਾਂ ਵਿਚ ਸ਼ੇਖਰ ਇਕ ਅਸਲੋ ਨਵਾਂ ਸ਼ਾਇਰ ਹੈ। ਉਸ ਵਿਚ ਜਵਾਨੀ ਦਾ ਠਾਠਾਂ ਮਾਰਦਾ ਜਲਵਾ ਵੀ ਝਲਕਦਾ ਹੈ ਤੇ ਸੂਖ਼ਮ ਅਨੁਭਵ ਦੀ ਤਰਜਮਾਨੀ ਵੀ। ਉਸਦੀ ਗ਼ਜ਼ਲ ਅਵਚੇਤਨ ਦਾ ਸੰਸਾਰ ਸਿਰਜਦੀ ਹੋਈ ਸਮਾਜਕ ਮਰਿਯਾਦਾ ਨਾਲ ਜੁੜੀ ਰਹਿੰਦੀ ਹੈ। ਸੁੱਕੀ ਨਦੀ ਦੀ ਰੇਤ ਪੁਸਤਕ ਦੇ ਥੀਮਾਂ ਨੂੰ ਹੀ ਵਿਕਾਸ ਰਾਹੀਂ ਸ਼ੇਖਰ ਨੇ ਮੁੰਦਰਾਂ ਵਿੱਚ ਚਿਤਰਿਆ ਹੈ। ਇਸ ਵਿੱਚ ਪਰੰਪਰਾ ਦੇ ਪ੍ਰਤੀਕ ਅੰਸ਼ਾਂ ਦਾ ਰੁਪਾਂਤਰਣ ਆਧੁਨਿਕ ਪਰਿਪੇਖ ਵਿਚ ਮੁੰਦਰਾਂ ਵਾਲੇ ਪ੍ਰਸੰਗ ਰਾਹੀਂ ਹੁੰਦਾ ਹੈ। ਮੁੰਦਰਾਂ ਦੇ ਅਵਸ਼ੇਸ਼ ਭਾਰਤੀ ਸਨਾਤਨੀ ਪਰੰਪਰਾ ਜੋਗ ਵਿਚੋਂ ਨਿਰੰਤਰ ਵਿਕਾਸ ਕਰਕੇ ਕਿੱਸਿਆਂ ਤੱਕ ਤੇ ਫਿਰ ਆਧੁਨਿਕ ਕਵਿਤਾ ਤਕ ਪਹੁੰਚੇ ਹਨ। ਸ਼ੇਖਰ ਦੀ ਵਿਸ਼ੇਸ਼ਤਾ ਇਹਨਾਂ ਨੂੰ ਆਧੁਨਿਕ ਕਾਵਿ ਵਿੱਚ ਰੂਪਾਂਤਰਣ ਕਰਨ ਦੇ ਪੱਖ ਤੋਂ ਵੇਖੀ ਜਾ ਸਕਦੀ ਹੈ। ਪਰਵਾਸੀ ਪੰਜਾਬੀ ਸਾਹਿਤ ਦੇ ਮੂਲ ਸਰੋਕਾਰ ਤੇ ਉਹਨਾਂ ਪ੍ਰਤੀ ਉਸਦਾ ਪ੍ਰਤਿਉੱਤਰ ਇਨ੍ਹਾਂ ਗ਼ਜ਼ਲ ਰਚਨਾਵਾਂ ਵਿਚ ਪ੍ਰਗਟ ਹੋਇਆ ਹੈ। ਉਹ ਅਜਿਹਾ ਸੁਚੇਤ ਸ਼ਾਇਰ ਹੈ ਜੋ ਪਾਠਕ ਦੀ ਅੰਦਰੂਨੀ ਚੇਤਨਾ ਨੂੰ ਆਪਣੀ ਸਿਰਜਦਾ ਵੇਲੇ ਮਨੋ-ਮਸਤਕ ਵਿਚ ਰੱਖਦਾ ਹੈ:
ਪਾਠਕ ਦੀ ਸੋਚ ਹੋਵੇ, ਸ਼ਬਦਾਂ ਤੋਂ ਜਦੋਂ ਵਾਕਿਫ਼
ਪਰਤਣ ਤੇ ਚੇਤਨਾ ਨੂੰ, ਜਾਂਦੇ ਨੇ ਰੰਦ ਵਰਕੇ।
ਜਸਵਿੰਦਰ ਮਾਨ ਤੁਪਕਾ ਤੁਪਕਾ ਸਾਗਰ ਤੇ ਰੁੱਖ ਤੇ ਰਸਤੇ ਗ਼ਜ਼ਲ-ਸੰਗ੍ਰਹਿਆਂ ਰਾਹੀਂ ਪਰਵਾਸੀ ਪੰਜਾਬੀ ਗ਼ਜ਼ਲ ਵਿਚ ਪ੍ਰਵੇਸ ਕਰ ਚੁੱਕਾ ਹੈ। ਲੰਮੇ ਸਮੇਂ ਤੋਂ ਪਰਵਾਸੀ ਜੀਵਨ ਦੇ ਅਨੁਭਵ ਨੂੰ ਹੰਢਾਉਂਦਾ ਹੋਇਆ ਉਹ ਪਰਵਾਸੀ ਸਰੋਕਾਰਾਂ ਨੂੰ ਆਧੁਨਿਕ ਸੰਵੇਦਨਾ ਰਾਹੀਂ ਬਿਆਨ ਕਰਦਾ ਹੈ, ਇਸ ਬਿਆਨਤਾ ਵਿਚ ਹੀ ਉਸਦਾ ਆਪਣੇ ਨਿੱਜ ਨਾਲ ਨਿਰੰਤਰ ਸੰਵਾਦ ਚਲਦਾ ਰਹਿੰਦਾ ਹੈ। ਇਹ ਸੰਵਾਦ ਕੁਝ ਪ੍ਰਸ਼ਨਾਂ ਨੂੰ ਉਪਜਾਉਂਦਾ ਹੈ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਉਹ ਖ਼ੁਦ-ਬ-ਖ਼ੁਦ ਹੀ ਆਪਣੀ ਸੰਵੇਦਨਾ ਰਾਹੀਂ ਅਭਿਵਿਅਕਤ ਕਰਦਾ ਹੈ। ਮਾਨ ਦੀ ਸਿਰਜਨਾਤਮਕ ਪ੍ਰਤਿਭਾ ਕਿਸੇ ਬਾਹਰੀ ਵਿਚਾਰਧਾਰਾ ਦੇ ਪ੍ਰਤੀਕਰਮ ਦਾ ਸਿੱਟਾ ਨਹੀਂ ਬਲਕਿ ਇਹ ਮੌਲਿਕ ਅਨੁਭਵ ਰਾਹੀਂ ਉਸਦੇ ਕਾਵਿ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ। ਅਜਿਹੀ ਮੌਲਿਕ ਪ੍ਰਤਿਭਾ ਉਸਨੂੰ ਨਵੇਂ ਮਾਨਵੀ ਸਰੋਕਾਰਾਂ ਨਾਲ ਆਤਮਸਾਤ ਕਰਦੀ ਹੋਈ ਸਿਰਜਣਾ ਲਈ ਪ੍ਰੇਰਦੀ ਹੈ।
ਤਲੀਆਂ ਤੇ ਮੇਰੇ ਤੜਪਦੀ, ਇਕ ਲੀਕ ਮਰ ਗਈ
ਪਛਤਾ ਰਿਹਾਂ ਹੱਥਾਂ ਚ ਹੁਣ, ਅਗਨੀ ਸੁਲਾ ਕੇ ਮੈਂ,
ਦਸਤਕ ਜੋ ਦਰ ਤੇ ਹੋਣ ਤੋਂ ਪਹਿਲਾਂ ਹੀ ਮੁੜ ਗਈ,
ਬੁਝ ਰਹੇ ਦੀਵੇ ਸੀ ਜੋ ਰੱਖੇ ਜਲਾ ਕੇ ਮੈਂ।
ਆਦਰਸ਼ਕ ਸਮਾਜ ਦੀ ਸਿਰਜਣਾ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਹੀ ਪਰਵਾਸੀ ਪੰਜਾਬੀ ਪਰਵਾਸ ਧਾਰਣ ਕਰਦੇ ਰਹੇ ਹਨ। ਇਸ ਪਰਵਾਸ ਦੌਰਾਨ ਉਹਨਾਂ ਨੂੰ ਆਪਣੇ ਪਿਛੋਕੜ ਬਾਰੇ ਚਿੰਤਾ ਘੁਣ ਵਾਂਗ ਖਾਂਦੀ ਰਹਿੰਦੀ ਹੈ, ਅਜਿਹੀਆਂ ਭਾਵਨਾਵਾਂ ਦੀ ਅਭਿਵਿਅਕਤੀ ਹੀ ਜਸਵਿੰਦਰ ਮਾਨ ਦੀਆਂ ਗ਼ਜ਼ਲਾਂ ਵਿਚੋਂ ਪ੍ਰਗਟ ਹੋ ਰਹੀ ਹੈ :
ਇਸ ਦਰਿਆ ਦੇ ਕੰਢੇ ਉੱਤੇ ਇਕ ਤਿਰਹਾਇਆ ਰੁੱਖ ਮੋਇਆ ਹੈ,
ਜੀਭ ਮੇਰੀ ਤੇ ਜਿਉਂ ਬੋਲਾਂ ਦਾ ਤੜਪ ਤੜਪ ਦੁੱਖ ਮੋਇਆ ਹੈ।
ਕਮਲ ਇਕਾਰਸ਼ੀ ਨੇ ਗ਼ਜ਼ਲ ਕਾਵਿ ਰੂਪ ਨੂੰ ਬਹੁਤ ਹੀ ਗੰਭੀਰਤਾ ਨਾਲ ਅਪਨਾਇਆ ਹੈ। ਜ਼ਿੰਦਗੀ ਵਿਚ ਅਨੁਭਵ ਭਾਵੇਂ ਸਾਰੇ ਵਿਅਕਤੀਆਂ ਦੇ ਇਕਸਾਰ ਹੀ ਹੁੰਦੇ ਹਨ ਪਰ ਉਨ੍ਹਾਂ ਨੂੰ ਮਹਿਸੂਸ ਕਰਕੇ ਕਲਾਤਮਕਤਾ ਨਾਲ ਪੇਸ਼ ਕਰਨਾ ਕਿਸੇ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਜਦੋਂ ਉਸਦਾ ਆਪਾ ਸਮੇਂ ਦੇ ਸੱਚ ਨੂੰ ਬਿਆਨ ਕਰਦਾ ਹੈ ਤਾਂ ਸਮੇਂ, ਸਥਾਨ ਅਤੇ ਨਿੱਜਤਾ ਦੀਆਂ ਸੀਮਾਵਾਂ ਢਹਿ ਢੇਰੀ ਹੋ ਜਾਂਦੀਆਂ ਹਨ ।ਉਹ ਲਿਖਦੀ ਹੈ:
ਅਜੇ ਨਾ ਬੀਜ ਤੂੰ ਅੱਖੀਆਂ 'ਚ ਸੁਪਨੇ
ਬੜਾ ਗ਼ੁਸਤਾਖ ਇਹ ਸਮਾਂ ਲਗਦਾ ਹੈ।
ਇਸ ਸਮੇਂ ਵਿਚ ਦਰਦ ਨੂੰ ਚੁੱਪ-ਚਾਪ ਸਹਿਣਾ ਤੇ ਉਸਨੂੰ ਆਪਣੀ ਸਿਰਜਣਾ ਰਾਹੀਂ ਬਿਆਨ ਕਰਨਾ ਕਮਲ ਦੀ ਕਲਾਤਮਕਤਾ ਦਾ ਪ੍ਰਗਟਾਵਾ ਬਣਦਾ ਹੈ ਹੈ। ਉਸਦੇ ਧੁਰ ਅੰਦਰ ਤੱਕ ਦੁੱਖ ਅਤੇ ਵਿਸ਼ਾਦ ਦਾ ਅਥਾਹ ਸਮੁੰਦਰ ਠਾਠਾਂ ਮਾਰਦਾ ਨਜ਼ਰ ਆਉਂਦਾ ਹੈ। ਉਸਦੀ ਗ਼ਜ਼ਲ ਸੰਵੇਦਨਾ ਪਰੰਪਰਕ ਬੰਧਨਾਂ ਤੋਂ ਅਜ਼ਾਦ ਹੋ ਕੇ ਆਧੁਨਿਕ ਸੁਪਨਿਆਂ ਨੂੰ ਸਿਰਜਦੀ ਹੈ, ਜਿਥੇ ਜ਼ਿੰਦਗੀ ਦਾ ਨਿੱਘ ਨਿੱਜੀ ਅਪੱਣਤ ਵਿਚ ਪਿਆ ਹੋਇਆ ਹੈ ਪਰ ਨਾਲ ਹੀ ਕਿਸੇ ਉਪਰੇਪਨ ਦਾ ਡਰ ਅਤੇ ਖ਼ੌਫ਼ ਵੀ ਮਨ ਵਿਚ ਮੌਜੂਦ ਰਹਿੰਦਾ ਹੈ, ਜਦੋਂ ਉਸਨੂੰ ਲਿਖਦੀ ਹੈ:
ਧਰਤ ਜੇ ਸਾਰੀ ਬੇਗਾਨੀ ਹੋ ਗਈ,
ਪੈਰ ਫੇਰ ਕਿਥੇ ਧਰਾਂਗੇ ਦੋਸਤੋ।
ਪੱਛਮੀ ਪੰਜਾਬ ਵਿਚੋਂ ਵੀ ਬਹੁਤ ਸਾਰੇ ਸਾਹਿਤਕਾਰ ਬਰਤਾਨੀਆ ਦੀ ਧਰਤੀ ਉੱਪਰ ਸਾਹਿਤ ਸੰਵੇਦਨਾ ਨਾਲ ਜੁੜਕੇ ਗ਼ਜ਼ਲ ਦੀ ਸਿਰਜਣਾ ਕਰ ਰਹੇ ਹਨ। ਇਹਨਾਂ ਵਿਚ ਆਮੀਨ ਮਲਿਕ, ਰਿਆਜ਼ ਜ਼ਾਫ਼ਰੀ ਅਖ਼ਤਰ ਲਾਹੌਰੀ, ਇਫ਼ਤਿਖ਼ਾਰ ਡਾਰ, ਮੁਸ਼ਤਾਕ ਨਕਵੀ ਆਦਿ ਦੇ ਨਾਮ ਲਏ ਜਾ ਸਕਦੇ ਹਨ। ਇਹਨਾਂ ਦੀ ਗ਼ਜ਼ਲ ਅੰਦਰ ਬੌਧਿਕ ਅੰਸ਼ਾਂ ਤੇ ਵਿਚਾਰਧਾਰਕ ਵਰਤਾਰਿਆਂ ਨੂੰ ਸੁਹਜਮਈ ਚੇਤਨਾ ਅੰਦਰ ਪੇਸ਼ ਕੀਤਾ ਗਿਆ ਹੈ। ਖ਼ਿਆਲ ਦੀ ਰਵਾਨਗੀ ਅਜਿਹੀ ਕਿਸਮ ਦਾ ਵਾਤਾਵਰਣ ਪੈਦਾ ਕਰਦੀ ਹੈ, ਜਿਸ ਵਿਚੋਂ ਆਪਣੇ ਵਤਨ ਪ੍ਰਤਿ ਉਦਰੇਵਾਂ ਅਤੇ ਗ਼ੈਰ ਮੁਲਕ ਦੇ ਸਭਿਆਚਾਰਕ ਤਣਾਓ ਦੀ ਚੁਣੌਤੀ ਸਾਹਮਣੇ ਆਉਂਦੀ ਹੈ। ਆਮੀਨ ਮਲਿਕ ਲਿਖਦਾ ਹੈ :
ਰੁਖੀਂ ਖਾ ਕੇ ਵੀ ਉਥੇ ਸੈ ਮੌਜ ਕਰਦਾ,
ਏਥੇ ਚੋਪੜੀ ਖਾ ਪਰੇਸ਼ਾਨ ਹੈ ਤੂੰ।
ਪਰਵਾਸੀ ਚੇਤਨਾ ਦੀਆਂ ਵਿਭਿੰਨ ਅਲਾਮਤਾਂ ਨੂੰ ਵੀ ਰਿਆਜ਼ ਜ਼ਾਫ਼ਰੀ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਬਿਆਨ ਕੀਤਾ ਹੈ:
ਜੁਗਨੂੰਆਂ ਪਿੱਛੇ ਕਿਉਂ ਨਸਨਾਂ ਏਂ ''ਜਾਫ਼ਰੀ''
ਸਵੇਰੇ ਕਦੀ ਚੰਨ ਦਾ ਮੁਕਾਮ ਨਹੀਂ ਲੱਭਦੇ
ਜ਼ਾਫ਼ਰੀ ਦੀਆਂ ਗ਼ਜ਼ਲਾਂ ਵਿਚ ਆਧੁਨਿਕ ਜੀਵਨ ਦੀ ਝੂਠੀ ਸ਼ਾਨੋ-ਸ਼ੋਕਤ ਅਤੇ ਪਰਵਾਸੀ ਜ਼ਿੰਦਗੀ ਲਈ ਮਨ ਵਿਚ ਜਗਮਗਾਉਂਦੇ ਸੁਪਨਿਆਂ ਨੂੰ ਬੜੀ ਸ਼ਿੱਦਤ ਨਾਲ ਬਿਆਨ ਕੀਤਾ ਗਿਆ ਹੈ।ਅਖ਼ਤਰ ਲਾਹੌਰੀ ਦੀਆਂ ਗ਼ਜ਼ਲਾਂ ਵਿਚ ਅੱਜ ਵੀ ਉਸ ਸਨਾਤਨੀ ਸੱਚ ਦਾ ਪ੍ਰਗਟਾਵਾ ਹੋਇਆ ਹੈ ਜਿਸ ਵਿਚ ਉਸਨੇ ਬ੍ਰਹਮ ਦੀ ਸ਼ਕਤੀ ਨੂੰ ਅੰਤਿਮ ਸ਼ਕਤੀ ਮੰਨਿਆ ਹੈ ।ਉਹ ਲਿਖਦਾ ਹੈ: ''ਅਖ਼ਤਰ'' ਕਦੀ ਮਿਟ ਨਾ ਸਕੀਆਂ ਜੋ ਰੱਬ ਲਿਖੀਆਂ ਤਕਦੀਰਾਂ
ਰੱਬ ਦੀਆਂ ਗੱਲਾਂ ਰੱਬ ਹੀ ਜਾਣੇ ਹਰ ਗੱਲ ਵਿਚ ਇਛਾਈ
ਅਖ਼ਤਰ ਦੀਆਂ ਰਚਨਾਵਾਂ ਰੱਬ ਦੀ ਰਜ਼ਾ ਵਿਚ ਵਿਸ਼ਵਾਸ ਰੱਖਣ ਕਰਕੇ ਅਧਿਆਤਮਕ ਜਵਿਨ ਨਾਲ ਨਾਤਾ ਰੱਖਦੀਆਂ ਹਨ।
ਇਤਫ਼ਾਕ ਡਾਰ ਸਭਿਆਚਾਰ ਦਵੰਦ ਨੂੰ ਆਪਣੀਆਂ ਗ਼ਜ਼ਲਾਂ ਅੰਦਰ ਬਾਖ਼ੂਬੀ ਪੇਸ਼ ਕਰਦਾ ਹੈ। ਆਪਣੀ ਧਰਤੀ ਦੀ ਮਹਿਕ ਨੂੰ ਮਾਣਨਾ ਤੇ ਉਸ ਮਹਿਕ ਵਿਚੋਂ ਆਪਣੇ ਆਪ ਨੂੰ ਖਿੜਦਾ ਹੋਇਆ ਮਹਿਸੂਸ ਕਰਨਾ ਡਾਰ ਦੀ ਸਿਰਜਣਾ ਦੀ ਪ੍ਰਮੁਖ ਸੁਰ ਰਹੀ ਹੈ :
''ਡਾਰ'' ਤਿਰੇ ਜੇ ਘਰ ਦੇ ਅੰਦਰ ਹੁੰਦਾ ਕੁੱਝ ਕੁ ਚਾਰਾ'
ਫਿਰ ਨਾ ਫਿਰਦਾ ਤੂੰ ਪ੍ਰਦੇਸੀ, ਬਣ ਕੇ ਵਾਂਗ ਬੇਵੱਸਾਂ, ਕੀ ਦੱਸਾਂ?
ਤੀਸਰੇ ਮੁਲਕ ਦੇ ਵਾਸੀਆਂ ਦੀ ਸਮੱਸਿਆ ਨੂੰ ਡਾਰ ਨੇ ਹਕੀਕਤ ਵਿਚ ਪੇਸ਼ ਕੀਤਾ ਹੈ।
ਮੁਸ਼ਤਾਕ ਨਕਵੀ ਪਰਵਾਸੀ ਵਿਅਕਤੀ ਦੇ ਦਰਦ ਨੂੰ ਆਪਣੀ ਸਿਰਜਣਾ ਦੇ ਪ੍ਰੇਰਨਾ ਸਰੋਤ ਵਜੋਂ ਗ੍ਰਹਿਣ ਕਰਦਾ ਹੈ।ਪਰਵਾਸੀ ਜੀਵਨ ਦੇ ਅਨੁਭਵ ਵਿਚ ਨਿੱਜੀ ਪਛਾਣ ਦੇ ਸੰਕਟ ਅਤੇ ਇਸ ਵਿਚ ਖੁਰ ਰਹੇ ਆਪਣੇ ਪਛਾਣ ਚਿੰਨ੍ਹਾਂ ਨੂੰ ਉਸਨੇ ਆਪਣੀਆਂ ਗ਼ਜ਼ਲਾਂ ਵਿਚ ਵਿਅਕਤ ਕੀਤਾ ਹੈ। ਕਦੇ ਕਦੇ ਉਹ ਗਹਿਰਾ ਉਦਾਸ ਵੀ ਹੋ ਜਾਂਦਾ ਹੈ:
ਗ਼ਮ ਦੇ ਬੱਦਲਾਂ ਚਾਰ ਚੁਫ਼ੇਰੇ ਘੁੱਪ ਹਨੇਰੇ
ਪੰਛੀ ਆਸ ਉਮੀਦ ਮੇਰੀ ਦਾ ਫਾਹੀਆਂ ਵਿਚ ਫਸਾਇਆ
ਸਮੁੱਚੇ ਰੂਪ ਵਿਚ ਬਰਤਾਨਵੀ ਪੰਜਾਬੀ ਗ਼ਜ਼ਲ ਬਹੁ-ਪਾਸਾਰੀ ਤੇ ਬਹੁ-ਪਰਤੀ ਥੀਮਿਕ ਘੇਰਿਆਂ ਅੰਦਰ ਫੈਲੀ ਹੋਈ ਹੈ। ਇਸ ਵਿਚ ਇਕ ਪਾਸੇ ਪਰਵਾਸੀ ਅਨੁਭਵ ਤੇ ਦੂਸਰੇ ਪਾਸੇ ਪੰਜਾਬੀ ਮੂਲ ਵਰਤਾਰਿਆਂ ਦਾ ਸਹਿਜ ਅਨੁਭਵ ਇਹਨਾਂ ਗ਼ਜ਼ਲ ਰਚਨਾਵਾਂ ਵਿਚ ਉਜਾਗਰ ਹੋਇਆ ਹੈ। ਪ੍ਰਗਤੀਵਾਦ, ਪਰਵਾਸੀ ਚੇਤਨਾ, ਪੰਜਾਬ ਸੰਕਟ, ਉੱਤਰਆਧੁਨਿਕਤਾ, ਵਿਸ਼ਵੀਕਰਨ ਜਿਹੇ ਮੁੱਖ ਥੀਮਿਕ ਸਰੋਕਾਰ ਵਿਸ਼ੇਸ਼ ਕਾਲ ਖੰਡਾਂ ਵਿਚ ਰੂਪਮਾਨ ਹੁੰਦੇ ਹਨ ਜਿਵੇਂਪੰਜਾਬ ਦੇ ਪ੍ਰਗਤੀਵਾਦੀ ਮੂਲ ਚੇਤਨਾ ਵਾਲੇ ਸਾਹਿਤਕਾਰ ਪ੍ਰਗਤੀਸ਼ੀਲਤਾ ਨਾਲ ਜੁੜੇ ਰਹੇ ਅਤੇ ਸਮੇਂ ਸਮੇਂ ਇਹਨਾਂ ਨੇ ਨਸਲੀ ਸੰਘਰਸ਼ ਦੇ ਖ਼ਿਲਾਫ਼ ਆਪਣੀੇ ਸਾਹਿਤ-ਰਚਨਾ ਸ਼ੁਰੁ ਕੀਤੀ। ਪੰਂਜਾਬ ਸੰਕਟ ਉੇਪਰੰਤ ਵੀ ਬਹੁਤ ਸਾਹਿਤਕਾਰਾਂ ਨੇ ਬਰਤਾਨੀਆਂ ਵੱਲ ਰੁਖ਼ ਕੀਤਾ, ਪਰ ਪ੍ਰਗਤੀਸ਼ੀਲ ਸਾਹਿਤਕਾਰਾਂ ਨੇ ਅਗਾਂਹਵਧੂ ਹੋਣ ਦਾ ਪੁਖ਼ਤਾ ਸਬੂਤ ਵੀ ਦਿਤਾ।
ਇਹਨਾਂ ਵਿਚ ਕੁਝ ਇਕ ਗ਼ਜ਼ਲਕਾਰ ਅਜਿਹੇ ਵੀ ਹਨ, ਜੋ ਪਰਵਾਸੀ ਜੀਵਨ ਤੋਂ ਪਹਿਲਾਂ ਪੰਜਾਬੀ ਗ਼ਜ਼ਲ ਦੀ ਮੁਖ ਧਾਰਾ ਵਿਚ ਆਪਣਾ ਵਿਸ਼ੇਸ਼ ਮੁਕਾਮ ਬਣਾ ਚੁੱਕੇ ਸਨ। ਇਹਨਾਂ ਕੋਲ ਉਹਨਾਂ ਦੇ ਆਦਰਸ਼ ਦੀ ਪ੍ਰਾਪਤੀ ਲਈ ਗ਼ਜ਼ਲ ਦੀ ਸਿਨਫ਼ ਇਕ ਸਾਧਨ ਬਣੀ ਰਹੀ। ਪਰਵਾਸੀ ਚੇਤਨਾ ਦੇ ਅੰਤਰਗਤ ਨਸਲੀ ਵਿਤਕਰੇ, ਭੂ ਹੇਰਵੇ, ਪੀੜੀ-ਪਾੜੇ, ਸਭਿਆਚਾਰਕ ਤਣਾਓ ਆਦਿ ਵਰਤਾਰਿਆਂ ਨੂੰ ਸਨਮੁਖ ਰੱਖ ਕੇ ਇਹਨਾਂ ਗ਼ਜ਼ਲਕਾਰਾਂ ਨੇ ਇਕ ਸੰਵਾਦ ਰਚਾਇਆ। ਇਸਤਰ੍ਹਾਂ ਅੰਤ ਵਿਚ ਆਖਿਆ ਜਾ ਸਕਦਾ ਹੈ ਕਿ ਬਰਤਾਨਵੀ ਪੰਜਾਬੀ ਗ਼ਜ਼ਲਕਾਰਾਂ ਨੇ ਜਿਥੇ ਪਰਵਾਸੀ ਪੰਜਾਬੀ ਚੇਤਨਾ ਅਤੇ ਅਨੁਭਵ ਨੂੰ ਬਦਲਦੀਆਂ ਪਰਸਥਿਤੀਆਂ ਅਨੁਸਾਰ ਆਪਣੀ ਵਸਤੂ-ਸਾਮਗਰੀ ਦਾ ਆਧਾਰ ਬਣਾਇਆ, ਉੱਥੇ ਆਪਣੀ ਮਾਤ ਭੂਮੀ ਚੋਂ ਉਪਜੀ ਪੰਜਾਬੀ ਚੇਤਨਾ ਨੂੰ ਵੀ ਇਸਦੇ ਸਮਾਨੰਤਰ ਅਭਿਵਿਅਕਤ ਕੀਤਾ। ਦੋਹਰੇ ਸਭਿਆਚਾਰਕ ਅਨੁਭਵ ਨੂੰ ਪੇਸ਼ ਕਰਨ ਨਾਲ ਪੰਜਾਬੀ ਗ਼ਜ਼ਲ ਦਾ ਨਾ ਕੇਵਲ ਖੇਤਰ ਹੀ ਵਸੀਹ ਹੋਇਆ ਹੈ ਬਲਕਿ ਇਸਦੀ ਪ੍ਰਮਾਣਕਤਾ ਦਾ ਜ਼ਿਕਰ ਯੋਗ ਵਾਧਾ ਵੀ ਹੋਇਆ ਹੈ।
---------------------------------------------------------
ਪੁਸਤਕ ਸੂਚੀ
ਆਰਿਫ਼, ਗੁਰਦਿਆਲ ਸਿੰਘ, ਰੂਪ ਗ਼ਜ਼ਲ ਦਾ, ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 1994.
ਅਜੀਬ, ਗੁਰਸ਼ਰਨ ਸਿੰਘ ਤੇ ਗੁਰਨਾਮ ਸਿੰਘ (ਸੰਪ.), ਬਰਤਾਨਵੀ ਪੰਜਾਬੀ ਗ਼ਜ਼ਲ, ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ, ਲੰਡਨ, ਯੂ ਕੇ 1997.
ਅਜੀਬ, ਗੁਰਸ਼ਰਨ ਸਿੰਘ, ਕੂੰਜਾਵਲੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2008
ਸਰਹੱਦੀ, ਸੁਲੱਖਣ, ਸੰਪੂਰਨ ਪਿੰਗਲ ਤੇ ਅਰੂਜ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005.
ਸੱਗੂ, ਭੁਪਿੰਦਰ ਸਿੰਘ, ਕਤਰਾ ਕਤਰਾ ਨੂਰ, ਨੈਸ਼ਨਲ ਬੁਕ ਸ਼ਾਪ, ਦਿੱਲੀ, 2002.
ਸੀਹਰਾ, ਸੁਰਿੰਦਰ, ਹੁਣ ਮੈਂ ਕਵੀਆਂ ਵਾਂਗ, ਕੁਕਨੁਸ ਪ੍ਰਕਾਸ਼ਨ, ਜਲੰਧਰ, 2002.
ਸੁਹਿੰਦਰ ਬੀਰ ਤੇ ਪਵਨਦੀਪ ਕੌਰ, ਨਿਰੰਜਨ ਸਿੰਘ ਨੂਰ :ਜੀਵਨ ਅਤੇ ਕਵਿਤਾ, ਵਾਰਿਸ ਸ਼ਾਹ ਫ਼ਾਉਂਡੇਸ਼ਨ, ਅਮ੍ਰਿਤਸਰ, 2006
ਸੰਤੋਖ ਸਿੰਘ ਸੰਤੋਖ, ਈਸ਼ਵਰ ਦੇ ਖ਼ਤ, ਦੀਪਕ ਪਬਲਿਸ਼ਰਜ਼, ਜਲੰਧਰ, 1987.
ਹਮਦਰਦ,ਸਾਧੂ ਸਿੰਘ, ਗ਼ਜ਼ਲ ਦੇ ਰੰਗ, ਹਮਦਰਦ ਪਬਲੀਕੇਸ਼ਨਜ, ਅਜੀਤ ਭਵਨ, ਜਲੰਧਰ, 1974.
______________, ਗ਼ਜ਼ਲ:ਜਨਮ ਤੇ ਵਿਕਾਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 1985.
ਗਿੱਲ, ਗੁਰਨਾਮ, ਸੁਪਨਾ ਤੇ ਸ਼ਹਿਨਾਈ, ਸ਼ਿਵ ਪ੍ਰਕਾਸ਼ਨ, ਜਲੰਧਰ, 2004.
ਗੋਬਿੰਦਪੁਰੀ, ਚਾਨਣ, ਗਜ਼ਲ ਦੀਪ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 1989.
ਚਮਨ ਲਾਲ ਚਮਨ, ਸਬਰਂਗ, ਅਦੀਬ ਇੰਟਰਨੈਸ਼ਨਲ, ਲੁਧਿਆਣਾ, 2004.
ਚੰਦਨ, ਸਵਰਨ, ਸੰਵੇਦਨਾ ਤੇ ਸਾਹਿਤ, ਰਵੀ ਸਾਹਿਤ ਪ੍ਰਕਾਸ਼ਨ, ਅਮ੍ਰਿਤਸਰ, 1987.
___________, ਜੁਗਨੂੰਆਂ ਦੀ ਰਾਖ਼, ਨੈਸ਼ਨਲ ਬੁਕ ਸ਼ਾਪ, ਦਿੱਲੀ, ਮਿਤੀਹੀਣ.
ਜੈਤੋਈ, ਦੀਪਕ ਗ਼ਜ਼ਲ ਕੀ ਹੈ, ਲਿਟਰੇਚਰ ਹਾਊਸ, ਪੁਤਲੀਘਰ ਅਮ੍ਰਿਤਸਰ 1982.
___________, ਗ਼ਜ਼ਲ ਦੀ ਅਦਾ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1996.
ਜੋਗਿੰਦਰ ਸਿੰਘ, ਪਿੰਗਲ ਤੇ ਅਰੂਜ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, 1960.
ਤਖ਼ਤ ਸਿੰਘ, ਮੇਰੀ ਗ਼ਜ਼ਲ ਯਾਤਰਾ, ਰਾਈਟਰਜ਼ ਪ੍ਰੈਸ, ਲੁਧਿਆਣਾ, 1974.
ਤਰਸੇਮ ਸਿੰਘ, ਗ਼ਜ਼ਲ: ਅਰੂਜ ਤੇ ਪਿੰਗਲ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2008.
ਦੇਵਿੰਦਰ ਕੌਰ, ਬਰਤਾਨੀਆ ਵਿਚ ਲਿਖੀ ਜਾ ਰਹੀ ਪੰਜਾਬੀ ਕਵਿਤਾ : ਇਕ ਦ੍ਰਿਸ਼ਟੀ ਪਰਿਪੇਖ, ਨੈਸ਼ਨਲ ਬੁਕ ਸ਼ਾਪ, ਦਿੱਲੀ, 2000.
ਢਿਲੋਂ, ਗੁਰਨਾਮ, ਤੇਰੇ ਨਾਂ ਦਾ ਮੋਸਮ, ਰਵੀ ਸਾਹਿਤ ਪ੍ਰਕਾਸ਼ਨ, ਅਮ੍ਰਿਤਸਰ, 1997.
____________, ਸਮਰਪਿਤ, ਰਵੀ ਸਾਹਿਤ ਪ੍ਰਕਾਸ਼ਨ, ਅਮ੍ਰਿਤਸਰ, 1997.
____________, ਤੂੰ ਕੀ ਜਾਣੇ, ਰਵੀ ਸਾਹਿਤ ਪ੍ਰਕਾਸ਼ਨ, ਅਮ੍ਰਿਤਸਰ, 2002.
ਨਰੇਸ਼, ਗ਼ਜ਼ਲ ਦੀ ਪਰਖ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ 1983.
ਪਰਮਾਰ, ਗੁਰਦਾਸ ਸਿੰਘ, ਚੁੱਪ ਦਾ ਸੰਗੀਤ, ਸਾਤਵਿਕ ਮੀਡੀਆ ਪ੍ਰਾ. ਲਿਮਟਿਡ, ਅਮ੍ਰਿਤਸਰ, 2006.
___________, ਸੰਧਿਆ ਦੀ ਲਾਲੀ, ਸਾਤਵਿਕ ਮੀਡੀਆ ਪ੍ਰਾ. ਲਿਮਟਿਡ, ਅਮ੍ਰਿਤਸਰ, 2010.
___________, ਬਰਤਾਨਵੀ ਪੰਜਾਬੀ ਸਾਹਿਤ: ਇਕ ਸਰਵੇਖਣ, ਸਾਤਵਿਕ ਮੀਡੀਆ ਪ੍ਰਾ. ਲਿਮਟਿਡ, ਅਮ੍ਰਿਤਸਰ, 2010.
ਮੁਸ਼ਤਾਕ, ਤਨਹਾਈਆਂ, ਚੇਤਨਾ ਪਬਲਿਸ਼ਰਜ਼, ਲੁਧਿਆਣਾ,2001