ਪੰਜਾਹ ਕੁ ਸਾਲ ਪਹਿਲਾਂ,
ਬੜੀਆਂ ਖੁਸ਼ੀਆਂ ਨਾਲ ਸੀ ਵੰਡੀ ਲੋਹੜੀ,
ਅਜ ਵੀ ਯਾਦ ਹੈ, ਭਰ ਸਰਦੀ ਵਿਚ,
ਹਥਾਂ ਨਾਲ ਮਕੀ ਦੀਆਂ ਛਲੀਆਂ ਦੇ ਦਾਣੇ ਕਢ ਕੇ,
ਪੰਜ ਕੁਹ ਲਾਗਲੇ ਪਿੰਡੋਂ ਚਲ ਕੇ, ਦਾਣੇ ਭੰਨਵਾ,
ਫੁਲਿਆਂ ਦੀਆਂ ਭਰ ਭਰ ਥਾਲੀਆਂ
ਤੇ ਗੁੜ ਦੀਆਂ ਪੇਸੀਆਂ,
ਖੁਸ਼ੀਆਂ ਨਾਲ ਮੈਂ ਵੰਡੀਆਂ ਸਨ।
ਵਿਆਹ ਤੇਰੇ ਦੀ ਲੋਹੜੀ ਕੋਈ ਘਟ ਨਹੀੰ ਸੀ,
ਪੋਤਰਿਆਂ ਦੀ ਲੋਹੜੀ ਕੋਈ ਘਟ ਨਹੀੰ ਸੀ ਕੀਤੀ,
ਪੈਸਾ ਪੈਸਾ ਕਰ ਜੋ ਜੋੜਿਆ ਸੀ,
ਖੁਸ਼ੀ ਖੁਸ਼ੀ ਮੈੰ ਸਭ ਗੰਢ ਖੋਹਲ ਦਿਤੀ।
ਹੁਣ ਤਾਂ ਪੋਤੇ ਭੀ ਜਵਾਨ ਹੋ ਗਏ,
ਅਖਾਂ ਮੇਰੀਆਂ ਕਮਜੋਰ, ਗੋਡੇ ਭੀ ਰਹਿ ਗਏ
ਬੈਠੀ ਬਾਰ ਪਰਾਏ, ਤਕਾਂ ਵਜਦੇ ਢੋਲ ਚਾਰ ਚੁਫੇਰੇ,
ਇਸੇ ਲੋਹੜੀ ਤੇ ਮੈੰ ਚੁੰਮ ਚੁੰਮ ਪੁਤਾਂ, ਪੋਤਰਿਆਂ ਨੂੰ,
ਹਿਕ ਨਾਲ ਲਾਕੇ ਲੋਹੜੀ ਕਦੇ ਮੰਨਾਈ ਸੀ,
ਪਰ ਅਜ ਲੋਹੜੀ ਲੋਹੜਾ ਜਿਹਾ ਲਗਦੀ ਹੈ,
ਰਾਹ ਪੁਤ ਪੋਤਰਿਆਂ ਦਾ ਤਕਦੀ, ਮੈੰ ਥਕ ਗਈ।
ਲੋਹੜੀ ਮੁਬਾਰਕ ਪੁਤਾ, ਲੋਹੜੀ ਮੁਬਾਰਕ।
ਲੋਹੜੀ ਮੁਬਾਰਕ ਪੋਤਰੇ, ਲੋਹੜੀ ਮੁਬਾਰਕ।