ਲੜੀ ਜੋੜਨ ਲਈ ਪਿਛਲਾ ਅੰਕ ਦੇਖੋ
ਰਿਸੈਪਸ਼ਨ ਪਾਰਟੀ
ਜਗਮਗਾਉਂਦੇ ਬੈਂਕੁਇਟ ਹਾਲ ਵਿਚ ਵਿਆਹ ਦੀ ਰੀਸੈਪਸੰਨ ਪਾਰਟੀ ਚੱਲ ਰਹੀ ਸੀ | ਸੱਦਾ ਪੱਤਰ 'ਤੇ ਆਏ ਮਹਿਮਾਨਾਂ ਨਾਲ ਹਾਲ ਖਚਾ ਖਚ ਭਰਿਆ ਹੋਇਆ ਸੀ | ਗੋਲ ਮੇਜ਼ਾਂ ਦੁਆਲੇ ਪਈਆਂ ਕੁਰਸੀਆਂ ਉਪਰ, ਭੜਕੀਲੇ ਪਹਿਰਾਵੇ ਵਿਚ ਸੁਆਣੀਆਂ ਤੇ ਗਰਮ ਸੂਟਾਂ ਵਿਚ ਫਬੇ ਹੋਏ ਮਰਦ, ਬੈਠੇ ਭਾਂਤ ਸੁਭਾਂਤੇ ਵਿਅੰਜਨ ਖਾਂਦੇ ਹੋਏ ਆਪੋ ਆਪਣੀਆਂ ਗੱਲਾਂ ਵਿਚ ਮਸਤ ਸਨ | ਕੁਝ ਮਨਚਲੇ ਨੌਜਵਾਨ ਖੱਬੇ ਪਾਸੇ ਬਣੀ ਬੀਅਰ ਬਾਰ ਕੋਲ ਖੜ੍ਹੇ ਆਪਣੀ ਮਨ ਪਸੰਦ ਸੰਰਾਬ ਦੇ ਗਲਾਸ ਫੜੀ ਚੁਸਕੀਆਂ ਲੈ ਰਹੇ ਸਨ | ਚਿੱਟੀਆਂ ਪੁਸੰਾਕਾਂ ਵਿਚ ਸਜੀਆਂ ਵੇਟਰਸ ਕੁੜੀਆਂ, ਆਪਣੇ ਹੱਥਾਂ ਵਿਚ ਫੜੀਆਂ ਟਰੇਆਂ ਵਿਚ, ਕਈ ਕਿਸਮ ਦੀਆਂ ਮਿਠਿਆਈਆਂ, ਮੱਛੀ, ਚਿਕਨ ਤੇ ਸੰਾਕਾਹਾਰੀ ਪਕੌੜਿਆਂ ਨੂੰ ਲੈ ਕੇ ਘੁੰਮ ਰਹੀਆਂ ਸਨ | ਸਟੇਜ ਉਪਰ ਇਕ ਕੁੜੀ ਤੇ ਮੁੰਡਾ ਦੋ ਗਾਣਾ ਗਾ ਰਹੇ ਸਨ | ਵਿਆਂਹਦੜ ਜੋੜੀ ਦੀ ਉਡੀਕ ਹੋ ਰਹੀ ਸੀ | ਸਟੇਜ ਉਪਰ ਰੱਖੀਆਂ ਹੋਈਆਂ ਕੁਰਸੀਆਂ ਵਿਚੋਂ ਵਿਚਕਾਰਲੀਆਂ 'ਸਿੰਘਾਸਨ ਨੁਮਾ' ਦੋ ਕੁਰਸੀਆਂ ਵਿਆਂਹਦੜ ਜੋੜੀ ਲਈ ਖਾਲੀ ਛੱਡ ਕੇ ਬਾਕੀ ਚਾਰ ਉਪਰ ਮੁੰਡੇ ਕੁੜੀ ਦੇ ਮਾਂ ਬਾਪ ਬੈਠੇ ਹੋਏ ਸਨ | ਸਟੇਜ ਦੇ ਸਾਮ੍ਹਣੇ ਵਾਲੇ ਚਾਰ ਟੇਬਲਾਂ ਉਪਰ ਰਿਜ਼ਰਵ ਦੀਆਂ ਤਖਤੀਆਂ ਰੱਖੀਆਂ ਹੋਈਆਂ ਸਨ |
ਜੀਨ ਜੈਕਟ ਵਿਚ ਕਸਿਆ ਹੋਇਆ ਇਕ ਵੀਹ ਬਾਈ ਸਾਲ ਦਾ ਮੁੰਡਾ ਸਟੇਜ ਉਪਰ ਆਇਆ ਤੇ ਗਾਉਣ ਵਾਲੀ ਜੋੜੀ ਨੂੰ ਵਿਚਕਾਰੋਂ ਗਾਉਣਾ ਬੰਦ ਕਰਵਾ ਕੇ ਅੰਗਰੇਜਂੀ ਵਿਚ ਬੋਲਿਆ, "ਵਿਆਂਦ੍ਹੜ ਜੋੜੀ ਹਾਲ ਵਿਚ ਪਰਵੇਸੰ ਕਰ ਰਹੀ ਹੈ, ਆਓ, ਉਹਨਾਂ ਦਾ ਤਾਲੀਆਂ ਨਾਲ ਸੁਆਗਤ ਕਰੀਏ |"
ਸਭ ਦੀਆਂ ਨਜ਼ਰਾਂ ਬੈਂਕੁਇਟ ਹਾਲ ਦੇ ਪ੍ਰਵੇਸੰ ਦੁਆਰ ਵੱਲ ਘੁੰਮ ਗਈਆਂ | ਵਿਆਂਹਦੜ ਜੋੜੀ ਬਾਂਹ ਵਿਚ ਬਾਂਹ ਪਾਈ ਹੌਲ਼ੀ ਹੌਲ਼ੀ, ਤਾੜੀਆਂ ਦੀ ਤਾਲ ਨਾਲ, ਤੁਰਦੀ ਹੋਈ ਸਟੇਜ ਉਪਰ ਆਈ ਅਤੇ ਸਿੰਘਾਸਨ ਉਪਰ ਬਿਰਾਜਮਾਨ ਹੋ ਗਈ | ਜੋੜੀ ਨਾਲ ਆਏ ਨਿਜਦੇ ਮਹਿਮਾਨ ਰਿਜ਼ਰਵ ਟੇਬਲਾਂ ਦੁਆਲੇ ਬੈਠ ਗਏ ਪਰ ਇਕ ਟੇਬਲ ਦੀਆਂ ਕੁਰਸੀਆਂ ਅਜੇ ਵੀ ਖਾਲੀ ਪਈਆਂ ਸਨ ਤੇ ਰਿਜ਼ਰਵ ਦੀ ਤਖਤੀ ਟੇਬਲ ਉਪਰ ਪਹਿਲਾਂ ਵਾਂਗ ਹੀ ਟਿਕੀ ਹੋਈ ਸੀ | ਸਟੇਜ ਦੀ ਕਾਰਵਾਈ ਚਲਾ ਰਹੇ ਮੁੰਡੇ ਨੇ ਦੂਲ੍ਹੇ ਨਾਲ ਕੋਈ ਗੱਲ ਕੀਤੀ ਤੇ ਗਾਉਣ ਵਾਲੀ ਜੋੜੀ ਨੇ ਮੁੜ ਗਾਉਣਾ ਸੁੰਰੂ ਕਰ ਦਿੱਤਾ | ਅਜੇ ਗਾਇਕਾਂ ਨੇ ਦੋ ਕੁ ਗਾਣੇ ਹੀ ਗਾਏ ਸਨ ਕਿ ਸਕਿਉਰਟੀ ਗਾਰਡ ਨੇ ਹਾਲ ਦਾ ਮੇਨ ਗੇਟ ਖੋਲ੍ਹਿਆ | ਪੰਝੀ ਤੀਹ ਸਾਲ ਦੇ ਦੋ ਦਰਸੰਨੀ ਜਵਾਨਾਂ ਨੇ ਹਾਲ ਅੰਦਰ ਕਦਮ ਰੱਖੇ, ਜਿੰਨ੍ਹਾਂ ਨੇ ਸ਼ਿੰਕਾਰੀ ਜੈਕਟਾਂ ਦੇ ਨਾਲ ਜੀਨ ਦੀਆਂ ਪੈਂਟਾਂ ਪਾਈਆਂ ਹੋਈਆਂ ਸਨ | ਵਿਆਂਹਦੜ ਮੁੰਡਾ ਆਪ ਉੱਠ ਕੇ ਉਹਨਾਂ ਦੇ ਸੁਆਗਤ ਲਈ ਗਿਆ | ਹਾਲ ਅੰਦਰ ਬੈਠੇ ਸਭ ਮਹਿਮਾਨਾਂ ਦੀਆਂ ਨਜ਼ਰਾਂ ਪ੍ਰਵੇਸੰ ਦੁਆਰ ਵੱਲ ਘੁੰਮ ਗਈਆਂ |
"ਬੌਬੀ ਆ ਗਿਆ |" ਬੀਅਰ ਬਾਰ ਸਾਮ੍ਹਣੇ ਖੜ੍ਹੇ ਮੁੰਡਿਆਂ ਵਿਚੋਂ ਇਕ ਨੇ ਕਿਹਾ|
"ਬੌਬੀ ਆ ਗਿਆ |" ਪਿਛਲੇ ਟੇਬਲਾਂ ਦੁਆਲੇ ਬੈਠੀਆਂ ਕੁੜੀਆਂ ਵਿਚੋਂ ਇਕ ਬੋਲੀ |
"ਬੌਬੀ ਆ ਗਿਆ, ਬੌਬੀ ਆਗਿਆ |" ਹਰ ਇਕ ਦੀ ਜ਼ੁਬਾਨ ਉਪਰ ਇਹੋ ਬੋਲ ਸਨ |
ਓਧਰ ਵਿਆਂਹਦੜ ਤੇ ਉਸ ਨਾਲ ਗਏ ਦੋ ਹੋਰ ਮੁੰਡਿਆਂ ਨੇ ਬੌਬੀ ਤੇ ਉਸਦੇ ਨਾਲ ਦੇ ਸਾਥੀ ਦਾ ਗਲਵਕੜੀ ਪਾ ਸੁਆਗਤ ਕੀਤਾ ਅਤੇ ਬੜੇ ਸਤਿਕਾਰ ਨਾਲ ਉਹਨਾਂ ਨੂੰ ਰਿਜ਼ਰਵ ਪਈ ਟੇਬਲ ਉਪਰ ਲੈ ਆਏ | ਵਿਆਂਹਦੜ ਨੇ ਆਪਣੇ ਨਾਲ ਦੇ ਮੁੰਡਿਆਂ ਦੀ ਬੌਬੀ ਨਾਲ ਜਾਣ ਪਹਿਚਾਣ ਕਰਾਉਂਦਿਆਂ ਦੱਸਿਆ ਕਿ ਇਹ ਆਪਣੇ ਨਵੇਂ ਬਣੇ ਰਿਸੰਤੇਦਾਰ ਵਿੱਨੀਪੈਗ ਤੋਂ ਆਏ ਹਨ | ਇਕ ਉਸ ਦੀ ਘਰ ਵਾਲੀ ਦਾ ਭਰਾ ਹੈ ਤੇ ਦੂਸਰਾ ਇਸ ਦਾ ਚਚੇਰਾ ਭਰਾ | ਤੁਸੀਂ ਇਹਨਾਂ ਨੂੰ ਆਪਣੇ ਕੋਲ ਹੀ ਬਿਠਾ ਲਵੋ | ਉਹ ਉਹਨਾਂ ਦੀ ਜਾਣ ਪਹਿਚਾਣ ਕਰਾ ਕੇ ਸਟੇਜ ਉਪਰ ਜਾ ਬੈਠਾ ਅਤੇ ਉਹ ਚਾਰੇ ਆਪੋ ਵਿਚ ਗੱਲੀਂ ਜੁਟ ਗਏ |
ਏਧਰ ਓਧਰ ਦੀਆਂ ਗੱਲਾਂ ਕਰਨ ਮਗਰੋਂ ਵਿਆਂਹਦੜ ਕੁੜੀ ਦਾ ਚਚੇਰਾ ਭਰਾ ਕਹਿਣ ਲੱਗਾ, "ਬੌਬੀ, ਅਸੀਂ ਓਥੇ ਵਿੱਨੀਪੈਗ ਵਿਚ ਤੁਹਾਡੇ ਬਾਰੇ ਬੜੀਆਂ ਗੱਲਾਂ ਸੁਣਦੇ ਰਹੇ ਹਾਂ | ਕਹਿੰਦੇ ਐ ਕਿ ਤੁਸੀਂ ਇਥੋਂ ਦੇ ਗੋਰਿਆਂ ਨੂੰ ਆਪਣੀ ਜੁੱਤੀ ਹੇਠ ਰੱਖਿਆ ਹੋਇਆ ਹੈ | ਤੁਹਾਡੇ ਅੱਗੇ ਇੱਥੇ ਕੋਈ ਕੁਸਕਦਾ ਨਹੀਂ ਪਰ ਸਾਡੇ ਨਸਲੀ ਵਿਤਕਰਾ ਅਜੇ ਵੀ ਬਹੁਤ ਹੈ | ਗੋਰਿਆਂ ਦੇ ਮੁੰਡੇ ਸਕੂਲਾਂ ਵਿਚ ਬੱਚਿਆਂ ਨੂੰ ਤੰਗ ਪਰੇਸੰਾਨ ਕਰਦੇ ਐ, ਕੰਮਾਂ 'ਤੇ ਸਾਡੇ ਨਾਲ ਵਿਤਕਰਾ ਕੀਤਾ ਜਾਂਦੈ ਤੇ ਬਾਹਰ ਅੰਦਰ ਜਾਂਦਿਆਂ ਨੂੰ ਨਸਲੀ ਗਾਲ੍ਹਾਂ ਕਢਦੇ ਐ | ਅਸੀਂ ਬਹੁਤ ਤੰਗ ਹਾਂ | ਪਿਛਲੇ ਦਿਨੀਂ ਕੰਮ ਤੋਂ ਵਾਪਸ ਮੁੜਦਿਆਂ, ਮੇਰੇ ਉਪਰ ਨਸਲਵਾਦੀਆਂ ਵੱਲੋਂ ਵਿਉਂਤ ਬਣਾ ਕੇ ਹਮਲਾ ਕੀਤਾ ਗਿਐ | ਉਹ ਕਹਿੰਦੇ ਐ ਕਿ ਅਸੀਂ ਸੰਹਿਰ ਛੱਡ ਕੇ ਇਥੋਂ ਚਲੇ ਜਾਈਏ | ਸਾਨੂੰ ਵੀ ਕੋਈ ਰਾਹ ਦੱਸੋ |"
"ਨਾ ਕੋਈ ਕਿਸੇ ਨੂੰ ਜੁੱਤੀ ਹੇਠ ਰਖ ਸਕਦਾ ਤੇ ਨਾ ਹੀ ਕੋਈ ਕਿਸੇ ਦੀ ਜੁੱਤੀ ਹੇਠ ਰਹਿੰਦਾ | ਜੇ ਕੋਈ ਕਿਸੇ ਦੀ ਜੁੱਤੀ ਹੇਠ ਆਉਂਦਾ ਹੈ ਤਾਂ ਇਹ ਉਸ ਦੀ ਆਪਣੀ ਕਮਜੋਰੀ ਹੁੰਦੀ ਆ |" ਬੌਬੀ ਨੇ ਕਿਹਾ |
"ਆਪਣੇ ਵੱਡ ਵਡੇਰੇ ਵੀ ਤਾਂ ਇਹਨਾਂ ਗੋਰਿਆਂ ਦੀ ਈਨ ਮੰਨਦੇ ਹੀ ਰਹੇ ਆ, ਉਦੋਂ ਸੰਾਇਦ ਉਹ ਇੱਥੇ ਥੋੜੀ ਗਿਣਤੀ ਵਿਚ ਸੀ | ਅਸੀਂ ਵੀ ਉੱਥੇ ਬਹੁਤ ਹੀ ਘੱਟ ਗਿਣਤੀ ਵਿਚ ਰਹਿਨੇ ਆਂ |" ਕੁੜੀ ਦੇ ਭਰਾ ਨੇ ਕਿਹਾ |
"ਪਹਿਲੀਆਂ ਵਿਚ ਆਏ ਆਪਣੇ ਲੋਕਾਂ ਦਾ, ਗੋਰਿਆਂ ਦੇ ਰੋਅਬ ਦਾਬ ਹੇਠ ਰਹਿਣ ਦਾ ਕਾਰਨ, ਘੱਟ ਗਿਣਤੀ ਵਿਚ ਹੋਣਾ ਨਹੀਂ ਸੀ | ਇਸ ਦਾ ਕਾਰਨ ਆਪਣੇ ਦੇਸੰ ਦਾ ਗੋਰਿਆਂ ਦੇ ਅਧੀਨ ਹੋਣਾ ਤੇ ਲੋਕਾਂ ਦੀ ਗ਼ੁਲਾਮ ਮਾਨਸਿਕਤਾ ਬਣ ਜਾਣਾ ਸੀ, ਜਿਸ ਦੀ ਛੱਟ ਉਹਨਾਂ ਨੇ ਛੇਤੀ ਹੀ ਲਾਹ ਦਿੱਤੀ ਸੀ | ਇਹ ਗੱਲ ਨਹੀਂ ਸੀ ਕਿ ਉਹਨਾਂ ਨੇ ਏਥੇ ਨਸਲਵਾਦੀ ਗੋਰਿਆਂ ਤੋਂ ਡਰ ਡਰ ਕੇ ਦਿਨ ਲੰਘਾਏ ਹੋਣ, ਸਗੋਂ ਉਹ ਤਾਂ ਏਥੇ ਨਿਧੜਕ ਹੋ ਕੇ ਪੂਰੀ ਸੰਾਨ ਨਾਲ ਰਹਿੰਦੇ ਰਹੇ ਨੇ | ਸੰਹੀਦ ਮੇਵਾ ਸਿੰਘ ਦਾ ਹਾਪਕਿਨਸਨ ਨੂੰ ਭਰੀ ਕਚਹਿਰੀ ਵਿਚ ਮਾਰਨਾ ਕਿਸੇ ਤੋਂ ਲੁਕਿਆ ਹੋਇਆ ਨਹੀਂ | ਸਾਨੂੰ ਆਪਣੇ ਵੱਡ ਵਡੇਰਿਆਂ 'ਤੇ ਇਸ ਤਰਾਂ ਦੀ ਊਜ ਨਹੀਂ ਲਾਉਣੀ ਚਾਹੀਦੀ |" ਬੌਬੀ ਦੇ ਸਾਥੀ ਨੇ ਆਖਿਆ, ਜਿਸ ਨੂੰ ਬੌਬੀ ਜੈਗ ਕਹਿ ਕੇ ਬਲਾਉਂਦਾ ਸੀ |
"ਮੈਂ ਏਸ ਪੱਖੋਂ ਨਹੀਂ ਸੀ ਕਿਹਾ | ਮੈਂ ਤਾਂ ਇਹ ਸੁਣਿਆ ਸੀ ਕਿ ਪਹਿਲੀਆਂ ਵਿਚ ਆਏ ਸਾਡੇ ਬੰਦੇ ਏਹਨਾਂ ਗੋਰਿਆਂ ਤੋਂ ਪਾਸੇ ਪਾਸੇ ਰਹਿੰਦੇ ਸੀ, ਜਿਵੇਂ ਉਹ ਉਹਨਾਂ ਤੋਂ ਘਟੀਆਂ ਹੋਣ | ਤੁਸੀਂ ਹੁਣ ਧੜੱਲੇ ਨਾਲ ਏਥੇ ਰਹਿੰਦੇ ਹੋ ਤੇ ਉਹ ਤੁਹਾਡੇ ਕੋਲੋਂ ਡਰਦੇ ਨੇ | ਸਾਡੇ ਵਿਚ ਅਜੇ ਤੁਹਾਡੇ ਵਾਲਾ ਹੌਸਲਾ ਪੈਦਾ ਨਹੀਂ ਹੋਇਆ |" ਕੁੜੀ ਦੇ ਭਰਾ ਨੇ ਨਿਮੋਝੂਣੇ ਹੁੰਦਿਆਂ ਕਿਹਾ |
"ਤੁਹਾਨੂੰ ਕਿਸ ਨੇ ਦੱਸਿਆ ਹੈ ਕਿ ਗੋਰੇ ਸਾਡੇ ਕੋਲੋਂ ਡਰਦੇ ਨੇ | ਬਹੁਤ ਸਾਰੇ ਗੋਰੇ ਤਾਂ ਸਾਡੇ ਦੋਸਤ ਹਨ ਤੇ ਸਾਡੇ ਨਾਲ ਕੰਮ ਕਰਦੇ ਆ |" ਜੈਗ ਨੇ ਉਸ ਦੀ ਗੱਲ ਨੂੰ ਟੋਕਦਿਆਂ ਕਿਹਾ |
"ਨਹੀਂ ਜੈਗ, ਇਹ ਹੋਰ ਨਜ਼ਰੀਏ ਤੋਂ ਗੱਲ ਕਰ ਰਿਹਾ ਹੈ |" ਬੌਬੀ ਨੇ ਜੈਗ ਨੂੰ ਚੁੱਪ ਕਰਾਉਂਦਿਆਂ ਆਪਣੀ ਗੱਲ ਜਾਰੀ ਰੱਖੀ, "ਸਾਨੂੰ ਆਪਣੀ ਸੋਚ ਬਦਲਣੀ ਪੈਣੀ ਹੈ | ਹੋ ਸਕਦਾ ਹੈ ਕਿ ਸਾਥੋਂ ਪਹਿਲਾਂ ਆਇਆਂ ਵਿਚ ਥੋੜੀ ਬਹੁਤ ਹੀਣ ਭਾਵਨਾ ਹੋਵੇ ਪਰ ਸਾਡੀ ਸੋਚ ਇਹ ਹੈ ਕਿ ਸਾਡਾ ਜਨਮ ਏਸ ਧਰਤੀ 'ਤੇ ਹੋਇਆ, ਸਾਡਾ ਬਾਪ ਵੀ ਏਥੇ ਪੈਦਾ ਹੋਇਆ ਤੇ ਉਸ ਦਾ ਬਾਪ ਵੀ | ਇਹ ਗੋਰੇ ਵੀ ਤਾਂ ਬਾਹਰਲੇ ਦੇਸੰਾਂ 'ਚੋਂ ਆ ਕੇ ਹੀ ਇੱਥੇ ਵਸੇ ਹਨ, ਉਹ ਸਾਡੇ ਬਜ਼ੁਰਗਾਂ ਨਾਲੋਂ ਸਦੀ ਡੇਢ ਸਦੀ ਪਹਿਲਾਂ ਆ ਗਏ ਹੋਣਗੇ ਫੇਰ ਇਹ ਦੇਸੰ ਉਹਨਾਂ ਇਕੱਲਿਆਂ ਦਾ ਕਿਵੇਂ ਹੋ ਗਿਆ | ਅਸੀਂ ਇਹ ਗੱਲ ਇਹਨਾਂ ਨੂੰ ਚੰਗੀ ਤਰਾਂ ਜਚਾ ਦਿੱਤੀ ਹੈ ਤੇ ਤੁਸੀਂ ਵੀ ਇਹ ਗੱਲ ਉਹਨਾਂ ਲੋਕਾਂ ਨੂੰ ਜਚਾ ਦਿਓ |" ਬੌਬੀ ਨੇ ਤਹੰਮਲ ਨਾਲ ਕਿਹਾ |
"ਉਹ ਨਸਲਵਾਦੀ ਲੋਕ ਇਸ ਗੱਲ ਨੂੰ ਸਮਝਣ ਵਾਲੇ ਨਹੀਂ | ਉਥੇ ਨਿਗੁਣੀ ਜਿਹੀ ਵਸੋਂ ਹੋਣ ਕਰਕੇ ਸਾਡੀ ਵਾਹ ਕੋਈ ਨਹੀਂ ਜਾਂਦੀ |" ਕੁੜੀ ਦੇ ਚਚੇਰੇ ਭਰਾ ਨੇ ਕਿਹਾ |
"ਇਹ ਨਸਲਵਾਦੀ ਲੋਕ ਕੋਈ ਬਹੁਤੇ ਨਹੀਂ ਹੁੰਦੇ, ਇਹਨਾਂ ਦੀ ਗਿਣਤੀ ਤਾਂ ਥੋਡੇ ਨਾਲੋਂ ਵੀ ਬਹੁਤ ਘੱਟ ਹੋਵੇਗੀ | ਬਹੁ ਗਿਣਤੀ ਤਾਂ ਸਾਊ ਤੇ ਮਿਲਵਰਤਨ ਵਾਲੀ ਹੁੰਦੀ ਐ, ਫੇਰ ਉਹਨਾਂ ਕੋਲੋਂ ਕਿਉਂ ਡਰਨਾ | ਡਰਪੋਕਾਂ ਵਾਂਗ ਲੁਕ ਲੁਕ ਕੇ ਜ਼ਿੰਦਗੀ ਨਹੀਂ ਕੱਢੀ ਜਾਂਦੀ ਹੁੰਦੀ | ਉਹਨਾਂ ਨਸਲਵਾਦੀਆਂ ਦਾ ਇਕੱਠੇ ਹੋ ਕੇ ਹਿੱਕ ਤਾਣ ਕੇ ਮੁਕਾਬਲਾ ਕਰੋਗੇ ਤਾਂ ਹੀ ਸ਼ਾਨ ਨਾਲ ਰਹਿ ਸਕੋਗੇ |" ਬੌਬੀ ਨੇ ਸਮਝਾਇਆ |
"ਯਾਰੋ! ਇਹ ਗੱਲਾਂ ਤਾਂ ਫੇਰ ਵੀ ਹੁੰਦੀਆਂ ਰਹਿਣਗੀਆਂ, ਹੁਣ ਪਾਰਟੀ ਦਾ ਆਨੰਦ ਮਾਣੋ | ਅਹੁ ਸਟੇਜ ਵੱਲ ਦੇਖੋ ਕੁੜੀ ਕਿਵੇਂ ਲਕ ਨੂੰ ਲਚਕਾਉਂਦੀ ਸੱਪ ਵਾਂਗੂੰ ਮੇਲ੍ਹਦੀ ਫਿਰਦੀ ਐ |" ਜੈਗ ਨੇ ਗਲਾਸ ਵਿਚੋਂ ਸੰਰਾਬ ਦੀ ਚੁਸਕੀ ਲੈਂਦਿਆਂ ਸਾਰਿਆਂ ਦਾ ਧਿਆਨ ਸਟੇਜ ਵੱਲ ਕੀਤਾ, ਜਿੱਥੇ ਸੁਨੱਖੀ ਜਿਹੀ ਮੁਟਿਆਰ ਨੱਚ ਰਹੀ ਸੀ |
ਬੌਬੀ ਅਤੇ ਉਸ ਦੇ ਸਾਥੀ ਆਪਣੇ ਖਾਣ ਪੀਣ ਤੇ ਗੱਲਾਂ ਕਰਨ ਵਿਚ ਮਸਤ ਸਨ ਅਤੇ ਦੂਸਰੇ ਪਾਸੇ ਸਾਰੇ ਹਾਲ ਵਿਚ ਬੌਬੀ ਬਾਰੇ ਹੀ ਚਰਚਾ ਹੋ ਰਹੀ ਸੀ | ਉਸ ਦੇ ਇਥੇ ਆਉਣ ਨਾਲ ਰਿਸੈਪਸੰਨ ਪਾਰਟੀ ਦਾ ਮਾਹੌਲ ਹੀ ਤਬਦੀਲ ਹੋ ਗਿਆ ਸੀ |
"ਇਸ ਮੁੰਡੇ ਨੇ ਤਾਂ ਅੱਤਿ ਹੀ ਚੁੱਕੀ ਹੋਈ ਐ |" ਇਕ ਟੇਬਲ ਦੁਆਲੇ ਵਡੇਰੀ ਉਮਰ ਦੇ ਬੰਦਿਆਂ ਦੀ ਢਾਣੀ ਵਿਚੋਂ ਇਕ ਨੇ ਕਿਹਾ |
"ਸੁਣਿਆ ਏ ਕਿ ਇਕ ਗੈਂਗ ਦਾ ਲੀਡਰ ਹੈ, ਜਿਹੜਾ ਨਸ਼ਿਆਂ ਦੀ ਸਮਗਲਿੰਗ ਕਰਦਾ ਏ |" ਦੂਜਾ ਬੋਲਿਆ |
"ਹੋਊਗਾ, ਆਪਾਂ ਨੂੰ ਕੀ?" ਤੀਸਰੇ ਨੇ ਲਾਪਰਵਾਹੀ ਨਾਲ ਕਿਹਾ |
"ਏਸ ਨੇ ਸਾਰੀ ਕਮਿਉਨਟੀ ਨੂੰ ਬਦਨਾਮ ਕਰ ਛੱਡਿਐ | ਸਾਰੀ ਫਰੇਜ਼ਰ ਵੈਲੀ ਵਿਚ ਜਿੰਨੀਆਂ ਵੀ ਗੁੰਡਾ ਗਰਦੀ ਦੀਆਂ ਘਟਨਾਵਾਂ ਹੁੰਦੀਆਂ ਐ, ਸਾਰੀਆਂ ਏਸੇ ਦੇ ਨਾਂ ਨਾਲ ਜੁੜਦੀਆਂ ਹੈਗੀਆਂ |" ਚੌਥਾ ਮੱਛੀ ਦਾ ਪਕੌੜਾ ਮਹੂੰ੍ਹ ਵਿਚ ਪਾਉਂਦਾ ਬੋਲਿਆ |
"ਅੱਤਿ ਤੇ ਰੱਬ ਦਾ ਵੈਰ ਹੁੰਦੈ | ਦੇਖਦੇ ਰਿਹੋ ਕਿਸੇ ਦਿਨ ਨੂੰ ਕਿਸੇ ਨੇ ਇਸ ਦਾ ਵੀ ਘੋਗਾ ਚਿੱਤ ਕਰ ਦੇਣੈ |" ਸਾਹਮਣੇ ਵਾਲੀ ਕੁਰਸੀ 'ਤੇ ਬੈਠੇ ਨੇ ਆਖਿਆ |
"ਏਨ੍ਹਾਂ ਨੂੰ ਪੁਲਿਸ ਵੀ ਨਹੀਂ ਫੜਦੀ |"
"ਪੁਲਿਸ ਇਹਨਾਂ ਨੂੰ ਫੇਰ ਹੀ ਹੱਥ ਪਾਵੇ ਜੇ ਉਸ ਨੂੰ ਕਿਸੇ ਕਿਸਮ ਦਾ ਕੋਈ ਸਬੂਤ ਮਿਲੇ | ਦੋ ਕਤਲਾਂ ਦੇ ਜੁਰਮ ਵਿਚ ਪੁਲਿਸ ਨੇ ਏਸ ਨੂੰ ਫੜਿਆ ਤਾਂ ਸੀ ਪਰ ਸਬੂਤਾਂ ਦੀ ਘਾਟ ਹੋਣ ਕਰਕੇ ਫੇਰ ਛੁੱਟ ਗਿਆ |"
"ਜਦੋਂ ਅਸੀਂ ਏਥੇ ਆਏ ਸੀ ਤਾਂ ਬਾਹਰ ਆਰ। ਸੀ। ਐਮ। ਪੀ। ਦੀਆਂ ਦੋ ਕਾਰਾਂ ਹਾਲ ਦੇ ਬਾਹਰ ਖੜ੍ਹੀਆਂ ਸੀ | ਉਦੋਂ ਅਜੇ ਇਹ ਏਥੇ ਨਹੀਂ ਸੀ ਆਏ |"
"ਇਹ ਪੁਲਿਸ ਦੀ ਨਿਗਰਾਨੀ ਹੇਠ ਈ ਰਹਿੰਦੈ | ਏਥੇ ਵੀ ਸਾਦੇ ਕਪੜਿਆਂ ਵਿਚ ਪੁਲਿਸ ਹੋਊਗੀ |"
"ਕਰਨਗੇ ਸੋ ਭਰਨਗੇ, | ਗਲਾਸ ਖਾਲੀ ਹੋਏ ਪਏ ਐ, ਚਲੋ ਭਰਾ ਕੇ ਲਿਆਈਏ ਤੇ ਨਾਚ, ਗਾਣਾ ਦੇਖੀਏ |" ਉਸ ਢਾਣੀ ਵਿਚੋਂ ਇਕ ਨੇ ਕਿਹਾ, ਜਿਸ ਨੇ ਪਹਿਲਾਂ 'ਹੋਊਗਾ, ਆਪਾਂ ਨੂੰ ਕੀ' ਕਿਹਾ ਸੀ | ਉਸ ਨੇ ਗਲਾਸ ਵਿਚ ਬਚੀ ਬਕਾਰਡੀ ਨੂੰ ਪੀਤਾ ਅਤੇ ਖਾਲੀ ਗਲਾਸ ਚੁੱਕ ਕੇ ਬੀਅਰ ਬਾਰ ਵੱਲ ਤੁਰ ਗਿਆ | ਨਾਲ ਦੇ ਸਾਥੀ ਵੀ ਆਪਣੇ ਗਲਾਸ ਖਾਲੀ ਕਰਕੇ ਉਸ ਦੇ ਮਗਰ ਤੁਰ ਪਏ | ਉਥੇ ਬੈਠੇ ਰਹਿ ਗਏ ਦੋ ਜਣਿਆਂ ਵਿਚੋਂ ਇਕ ਨੇ ਪਿੱਛੋਂ ਅਵਾਜ਼ ਮਾਰੀ,"ਨਾਇਬ ਸਿਆਂ, ਸਾਡੇ ਲਈ ਵੀ ਦੋ ਗਲਾਸ ਸਕਾਚ ਦੇ ਫੜੀ ਆਇਓ | ਸਾਲੇ ਗੋਡੇ ਜਿਹੇ ਈ ਕੰਮ ਨਹੀਂ ਕਰਦੇ, ਨਹੀਂ ਤਾਂ ਅਸੀਂ ਵੀ ਥੋਡੇ ਨਾਲ ਈ ਚਲਦੇ |"
ਬੀਅਰ ਬਾਰ ਵਾਲੇ ਪਾਸੇ ਖੜ੍ਹੇ ਕੁਝ ਨੌਜਵਾਨ ਵਡੇਰੀ ਉਮਰ ਵਾਲਿਆਂ ਤੋਂ ਉਲਟ ਇਹ ਗੱਲਾਂ ਕਰ ਰਹੇ ਸਨ, "ਬੌਬੀ ਨੇ ਤਾਂ ਆਪਣੀ ਕਮਿਉਨਟੀ ਦਾ ਨਾਂ ਉੱਚਾ ਕਰ ਦਿੱਤਾ ਹੈ | ਹੁਣ ਤਾਂ ਗੋਰੇ ਨੀਵੀਂ ਪਾ ਕੇ ਲੰਘਦੇ ਨੇ | ਪਹਿਲਾਂ ਤਾਂ ਆਪਾਂ ਨੂੰ ਦੇਖਦਿਆਂ ਹੀ 'ਪਾਕੀ ਹਿੰਦੂ, ਪਾਕੀ ਹਿੰਦੂ' ਕਹਿਣ ਲੱਗ ਪੈਂਦੇ ਸੀ |"
"ਹੁਣ ਤਾਂ ਉਹਨਾਂ ਨੂੰ ਹਿੰਦੂ ਸਿੱਖ ਦੇ ਫਰਕ ਦਾ ਵੀ ਪਤਾ ਲਗ ਗਿਆ, ਪਹਿਲਾਂ ਤਾਂ ਸਾਰੇ ਇੰਡੀਅਨ ਈ ਉਹਨਾਂ ਲਈ ਹਿੰਦੂ ਸਨ |"
"ਹੁਣ ਨਹੀਂ ਕੋਈ ਇਹਨਾਂ ਗੋਰਿਆਂ ਦਾ ਰੋਅਬ ਝਲਦਾ |"
"ਬੌਬੀ ਤਾਂ ਯੰਗ ਦਾ ਆਈਡੀਅਲ ਆ |"
"ਇਹ ਤਾਂ ਸਾਡਾ ਸੁੱਚਾ ਸੂਰਮਾ ਐ, ਸੁੱਚਾ ਸੂਰਮਾ |" ਇਕ ਮੁੰਡੇ ਨੇ ਗਲਾਸ ਵਿਚੋਂ ਸੰਰਾਬ ਦੀ ਘੁੱਟ ਭਰ ਕੇ ਕਿਹਾ ਜਿਹੜਾ ਨਵਾਂ ਨਵਾਂ ਹੀ ਇੰਡੀਆ ਤੋਂ ਆਇਆ ਸੀ |
"ਇਹ ਸੁੱਚਾ ਸੂਰਮਾ ਕਾਉਨ ਆ?" ਕੋਲ ਖੜ੍ਹੇ ਇਕ ਹੋਰ ਮੁੰਡੇ ਨੇ ਪੁੱਛਿਆ | ਉਸ ਨੇ ਆਪਣੇ ਵਾਲ ਕੰਡੇਰਨੇ ਵਾਂਗ ਉਪਰ ਨੂੰ ਖੜ੍ਹੇ ਕੀਤੇ ਹੋਏ ਸਨ ਤੇ ਇਕ ਕੰਨ ਵਿਚ ਨੱਤੀ ਪਾਈ ਹੋਈ ਸੀ |
"ਸੀਗਾ ਇਕ ਸੂਰਮਾ ਜਿਹੜਾ ਭਰੇ ਅਖਾੜੇ ਵਿਚ ਵੈਰੀਆਂ ਨੂੰ ਗੋਲੀਆਂ ਨਾਲ ਭੁੰਨ ਕੇ ਫਰਾਰ ਹੋ ਗਿਆ ਸੀ ਤੇ ਪੁਲੀਸ ਦੇ ਹੱਥ ਨਹੀਂ ਸੀ ਆਇਆ | ਉਸ ਨੇ ਆਪਣੀ ਫਰਾਰੀ ਦੇ ਸਮੇਂ ਕਸਾਈਆਂ ਨੂੰ ਮਾਰ ਕੇ ਉਹਨਾਂ ਕੋਲੋਂ ਬੱਧੀਆਂ ਗਊਆਂ ਵੀ ਛਡਵਾਈਆਂ ਸੀ |" ਉਹ ਮੁੰਡਾ ਸੁੱਚੇ ਸੂਰਮੇ ਦੀ ਕਹਾਣੀ ਦੱਸਣ ਲੱਗ ਪਿਆ |
ਉਸ ਦੀ ਕਹਾਣੀ ਸੁਣਦਿਆਂ ਕੋਲ ਖੜ੍ਹਾ ਇਕ ਪੰਜਾਹ ਕੁ ਸਾਲ ਦਾ ਆਦਮੀ ਆਪਣੇ ਨਾਲ ਦੇ ਸਾਥੀ ਨੂੰ ਕਹਿਣ ਲੱਗਾ, "ਸਾਡੇ ਲੋਕਾਂ ਦੇ ਕਿਰਦਾਰ ਦੇਖ ਲਵੋ, ਅਸੀਂ ਚੋਰਾਂ, ਡਾਕੂ ਲੁਟੇਰਿਆਂ ਤੇ ਕਾਤਲਾਂ ਨੂੰ ਹੀ ਆਪਣਾ ਆਦਰਸੰ ਬਣਾਈ ਬੈਠੇ ਹਾਂ |"
"ਕੀ ਕਿਹਾ? ਕੌਣ ਡਾਕੂ ਲੁਟੇਰੇ?" ਸੁੱਚੇ ਸੂਰਮੇ ਦੀ ਕਹਾਣੀ ਸੁਣਾ ਰਿਹਾ ਮੁੰਡਾ ਉਹਨਾਂ ਵੱਲ ਘੂਰੀ ਵਟਦਾ ਬੋਲਿਆ| ਉਸ ਨੇ ਉਹਨਾਂ ਦੀ ਅੱਧ ਪਚੱਧੀ ਗੱਲ ਸੁਣ ਲਈ ਸੀ ਪਰ ਪੂਰੀ ਗੱਲ ਦੀ ਉਸ ਨੂੰ ਸਮਝ ਨਹੀਂ ਸੀ ਪਈ | ਉਸ ਨੇ ਸਮਝਿਆ ਸੀ ਕਿ ਉਹਨਾਂ ਨੇ ਸੁੱਚੇ ਨੂੰ ਡਾਕੂ ਲੁਟੇਰਾ ਕਿਹਾ ਹੈ |
"ਅਸੀਂ ਤਾਂ ਆਪਣੀ ਗੱਲ ਕਰ ਰਹੇ ਸੀ ਪੁੱਤਰਾ, ਤੁਸੀਂ ਆਪਣਾ ਹੱਸੋ ਖੇਡੋ ਤੇ ਮੌਜਾਂ ਮਾਣੋ |" ਇਹ ਕਹਿ ਕੇ ਉਹ ਆਪੋ ਆਪਣੇ ਗਲਾਸ ਫੜੀ ਆਪਣੀਆਂ ਕੁਰਸੀਆਂ ਵੱਲ ਚਲੇ ਗਏ |
"ਦੇਖ ਲੈ ਬਾਈ, ਹੁਣ ਦੇ ਮੁੰਡੇ ਤਾਂ ਬਿਨਾਂ ਅੱਗ ਤੋਂ ਹੀ ਭਾਂਬੜ ਬਣ ਬਣ ਬਲਦੇ ਐ | ਗੱਲ ਪੂਰੀ ਸੁਣੀ ਨਹੀਂ ਤੇ ਐਵੇਂ ਹੀ ਅੱਖਾਂ ਜਿਹੀਆਂ ਦਿਖਾਉਣ ਲੱਗ ਪਿਆ |" ਆਪਣੀ ਸੀਟ ਵੱਲ ਤੁਰੇ ਜਾਂਦੇ, ਨਾਲ ਦੇ ਸਾਥੀ ਨੇ ਕਿਹਾ |
"ਇਹਨਾਂ ਨਵੇਂ ਛੋੰੋਕਰਿਆਂ ਦੇ ਭਾਂਬੜ ਬਣ ਜਾਣ ਕਾਰਨ ਹੀ ਤਾਂ ਕਮਿਉਨਟੀ ਨੂੰ ਨਿਮੋਸੰੀ ਝਲਣੀ ਪੈ ਰਹੀ ਐ |" ਉਹ ਦੋਵੇਂ ਅਜੇਹੀਆਂ ਗੱਲਾਂ ਕਰਦੇ ਹੋਏ ਆਪਣੀਆਂ ਕੁਰਸੀਆਂ ਉਪਰ ਆ ਕੇ ਬੈਠੇ ਹੀ ਸਨ ਕਿ ਦੋਗਾਣਾ ਜੋੜੀ ਨੇ ਗਾਉਣਾ ਬੰਦ ਕਰ ਦਿਤਾ ਅਤੇ ਹਾਲ ਤਾੜੀਆਂ ਨਾਲ ਗੂੰਜ ਉਠਿਆ | ਉਸ ਮਗਰੋਂ ਇਕ ਮੁੰਡਾ ਤੇ ਕੁੜੀ ਸਟੇਜ ਉਪਰ ਆ ਕੇ ਵਿਆਂਹਦੜ ਜੋੜੀ ਦੇ ਪਰਿਵਾਰਾਂ ਤੇ ਬਾਹਰੋਂ ਆਏ ਰਿਸੰਤੇਦਾਰਾਂ ਦੀ ਜਾਣ ਪਹਿਚਾਣ ਕਰਵਾਉਣ ਲੱਗੇ | ਕੁੜੀ ਜਾਂ ਮੁੰਡੇ ਨਾਲ ਰਿਸੰਤਾ ਦੱਸ ਕੇ ਜਿਸ ਕਿਸੇ ਵੀ ਰਿਸੰਤੇਦਾਰ ਦਾ ਨਾਮ ਬੋਲਿਆ ਜਾਂਦਾ, ਉਹ ਮੁਸਕਰਾਉਂਦਾ ਹੋਇਆ ਆਪਣੀ ਥਾਂ ਤੋਂ ਉੱਠ ਕੇ ਖੜ੍ਹਾ ਹੁੰਦਾ ਤੇ ਹੱਥ ਜੋੜ ਕੇ ਜਾਂ ਹੱਥ ਲਹਿਰਾ ਕੇ ਸਾਰੇ ਪਾਸੀਂ ਦੇਖਦਾ ਹੋਇਆ ਬੈਠ ਜਾਂਦਾ | ਹਾਲ ਵਿਚ ਬੈਠੇ ਮਹਿਮਾਨਾਂ ਵੱਲੋਂ ਉਸ ਦਾ ਤਾੜੀਆਂ ਮਾਰ ਕੇ ਸੁਆਗਤ ਕੀਤਾ ਜਾਂਦਾ | ਬੌਬੀ ਦੀ ਜਾਣਕਾਰੀ ਮੁੰਡੇ ਦਾ ਮਸੇਰ ਆਖ ਕੇ ਕਰਵਾਈ ਗਈ | ਬੌਬੀ ਨਾ ਹੀ ਉਠ ਕੇ ਖੜ੍ਹਾ ਹੋਇਆ ਤੇ ਨਾ ਹੀ ਉਸ ਨੇ ਬੈਠਿਆਂ ਹੱਥ ਹਿਲਾ ਕੇ ਆਪਣੀ ਹੋਂਦ ਦਾ ਪਰਗਟਾਵਾ ਕੀਤਾ, ਫੇਰ ਵੀ ਹਾਲ ਬਹੁਤ ਦੇਰ ਤੱਕ ਤਾੜੀਆਂ ਨਾਲ ਗੂੰਜਦਾ ਰਿਹਾ |
ਜਾਣ ਪਹਿਚਾਣ ਦਾ ਦੌਰ ਖਤਮ ਹੋਣ ਮਗਰੋਂ ਅੰਗਰੇਜ਼ੀ ਸੰਗੀਤ ਵਜਣਾ ਸੁੰਰੂ ਹੋ ਗਿਆ | ਵਿਆਂਹਦੜ ਜੋੜੀ ਸਟੇਜ ਤੋਂ ਥੱਲੇ ਉਤਰ ਆਈ ਅਤੇ ਪੰਡਾਲ ਵਿਚ ਪਈ ਖਾਲੀ ਥਾਂ ਵਿਚ ਆ ਕੇ ਇਕ ਦੂਜੇ ਦੇ ਲੱਕ ਦੁਆਲੇ ਬਾਹਾਂ ਪਾ ਸੰਗੀਤ ਦੇ ਤਾਲ ਉਪਰ ਥਿਰਕਣ ਲੱਗੀ | ਕੁਝ ਦੇਰ ਤਾਂ ਉਹਨਾਂ ਇਕੱਲਿਆਂ ਹੀ ਧੀਮਾ ਨਿਰਤ ਕੀਤਾ, ਫੇਰ ਹੋਰ ਜੋੜੀਆਂ ਵੀ ਉਹਨਾਂ ਨਾਲ ਰਲਦੀਆਂ ਗਈਆਂ ਤੇ ਨਾਚ ਦੇ ਪਿੜ ਵਿਚ ਰੌਣਕ ਵਧਦੀ ਗਈ | ਦਸ ਕੁ ਮਿੰਟ ਇਹ ਧੀਮਾ ਨਾਚ ਚਲਦਾ ਰਿਹਾ ਤੇ ਫੇਰ ਪੰਜਾਬੀ ਭੰਗੜੇ ਦੇ ਗਾਣੇ ਸੁੰਰੂ ਹੋ ਗਏ | ਉਹ ਧੀਮਾ ਸੰਗੀਤ ਨਿਰਤ ਭੰਗੜੇ ਦਾ ਰੂਪ ਧਾਰਨ ਕਰ ਗਿਆ |
ਹੁਣ ਤਾਂ ਹਰ ਕੋਈ ਗਿੱਧੇ ਭੰਗੜੇ ਦੇ ਪਿੜ ਵਿਚ ਆ, ਬਾਹਾਂ ਜਿਹੀਆਂ ਹਿਲਾ ਕੇ ਆਪਣੀ ਹੋਂਦ ਦਾ ਪਰਗਟਾਵਾ ਕਰ ਰਿਹਾ ਸੀ ਤੇ ਵਿਆਂਹਦੜ ਜੋੜੀ ਦੇ ਨੇੜੇ ਨੇੜੇ ਨੱਚ ਕੇ ਮੂਵੀ ਵਿਚ ਆਪਣੀ ਸੂਰਤ ਦਿਖਾਉਣ ਲਈ ਕਾਲ੍ਹਾ ਸੀ ਪਰ ਬੌਬੀ ਦੀ ਢਾਣੀ ਆਪਣੀਆਂ ਗੱਲਾਂ ਤੇ ਛਕਣ ਛਕਾਉਣ ਵਿਚ ਮਸਤ ਸੀ | ਕਦੀ ਕਦਾਈਂ ਨਚਦਿਆਂ ਵੱਲ ਸਰਸਰੀ ਜਿਹੀ ਨਜ਼ਰ ਮਾਰ ਲੈਂਦੇ ਪਰ ਵਿਆਂਹਦੜ ਮੁੰਡਾ ਕਦੋਂ ਚਾਹੁੰਦਾ ਸੀ ਕਿ ਹੋਰ ਜਣਾ ਖਣਾ ਤਾਂ ਆ ਕੇ ਉਸ ਨਾਲ ਨਚੱਣ ਲੱਗ ਜਾਵੇ ਪਰ ਬੌਬੀ ਚੁੱਪ ਕਰਕੇ ਬੈਠਾ ਉਹਨਾਂ ਨੂੰ ਨਚਦਿਆਂ ਦੇਖਦਾ ਰਹੇ | ਉਸ ਨੇ ਬੌਬੀ ਨੂੰ ਵੀ ਉਠਾ ਕੇ ਆਪਣੇ ਨਾਲ ਨੱਚਣ ਲਾ ਲਿਆ | ਬੌਬੀ ਨੇ ਵੀ ਸੋਚਿਆ ਕਿ ਉਹ ਮਸੇਰ ਦਾ ਮਾਣ ਰੱਖਣ ਲਈ ਮਿੰਟ ਕੁ ਉਹਨਾਂ ਨਾਲ ਨੱਚ ਕੇ ਬੈਠ ਜਾਵੇਗਾ | ਉਸ ਨੇ ਗਿੱਧੇ ਦੇ ਪਿੜ ਵਿਚ ਜਾ ਕੇ ਆਪਣੇ ਹੱਥਾਂ ਨੂੰ ਉਪਰ ਚੁੱਕ ਪੈਰਾਂ ਤੇ ਮੋਢਿਆਂ ਦੀ ਥਿਰਕਣ ਨੂੰ ਇਕ ਸੁਰ ਕਰ ਗਾਣੇ ਦੀ ਲੈ 'ਤੇ ਦੋ ਕੁ ਪੈਰ ਹੀ ਉਠਾਏ ਸੀ ਕਿ ਉਸ ਦੀ ਨਜ਼ਰ ਉਸ ਦੇ ਕੋਲ ਹੀ ਨੱਚ ਰਹੀਆਂ ਕੁੜੀਆਂ ਵਿਚੋਂ ਇਕ ਕੁੜੀ ਉਪਰ ਪਈ | ਸਾਢੇ ਕੁ ਪੰਜ ਫੁੱਟ ਲੰਮੀ, ਗੱਠਵੇਂ ਸਰੀਰ ਵਾਲੀ ਉਸ ਕੁੜੀ ਨੇ ਗੋਡਿਆਂ ਤਕ ਪਲਮਦੇ ਆਪਣੇ ਲੰਮੇ ਕਾਲੇ ਵਾਲ਼ਾਂ ਨੂੰ ਗਿੱਚੀ ਕੋਲੋਂ ਵੱਡੇ ਦੰਦਈਆ ਕਲਿਪ ਨਾਲ ਕਸ ਕੇ ਖੁੱਲ੍ਹੇ ਛੱਡਿਆ ਹੋਇਆ ਸੀ | ਉਸ ਦੇ ਨਚਦੀ ਦੇ ਖੁੱਲ੍ਹੇ ਵਾਲ਼ ਪਿੱਠ ਪਿੱਛੇ ਲਹਿਰਾਂਦੇ ਹੋਏ ਵੱਖਰਾ ਹੀ ਨਜ਼ਾਰਾ ਪੇਸ਼ੰ ਕਰ ਰਹੇ ਸਨ | ਗ਼ਰਾਰਾ ਨੁਮਾ ਗੁਲਾਬੀ ਰੰਗ ਦਾ ਸੂਟ ਉਸ ਦੇ ਰੰਗ ਨਾਲ ਇਕ ਮਿਕ ਹੋਇਆ ਜਾਪਦਾ ਸੀ | ਅੰਡਾਕਾਰ ਚਿਹਰਾ ਤੇ ਕਿਸੇ ਮਸਤੀ ਵਿਚ ਗੜੂੰਦ ਬਦਾਮੀ ਅੱਖਾਂ ਜਵਾਨ ਦਿਲਾਂ ਦੀ ਧੜਕਣ ਨੂੰ ਹੋਰ ਤੇਜ ਕਰ ਰਹੀਆਂ ਸਨ | ਉਹ ਸਭ ਕਾਸੇ ਤੋਂ ਬੇਪਰਵਾਹ ਗਿੱਧੇ ਦੇ ਪਿੜ ਵਿਚ ਮੇਲ੍ਹਦੀ ਹੋਈ ਹਰ ਇਕ ਗਭਰੂ ਦੀਆਂ ਅੱਖਾਂ ਦਾ ਕੇਂਦਰ ਬਣੀ ਹੋਈ ਸੀ | ਬੌਬੀ ਨੱਚਣਾ ਭੁੱਲ ਕੇ ਉਸ ਕੁੜੀ ਦੀਆਂ ਅਦਾਵਾਂ ਵੱਲ ਹੀ ਦੇਖਦਾ ਰਹਿ ਗਿਆ | ਉਹ ਕੁਝ ਪਲ ਕੁੜੀ ਦੇ ਕੋਲ ਹੋ ਕੇ ਨੱਚਣ ਲੱਗਾ ਤੇ ਲਗਾਤਾਰ ਨਚਦਾ ਰਿਹਾ ਤੇ ਨਚਦਾ ਹੋਇਆ ਕੁੜੀ ਦੇ ਹੁਸਨ ਨੂੰ ਅੱਖਾਂ ਰਾਹੀਂ ਪੀਂਦਾ ਰਿਹਾ | ਕੁੜੀ ਨੂੰ ਵੀ ਉਸ ਦੀਆਂ ਨਜ਼ਰਾਂ ਦਾ ਅਹਿਸਾਸ ਹੋ ਗਿਆ ਸੀ | ਉਹ ਵੀ ਨਚਦੀ ਹੋਈ ਚੋਰ ਅੱਖ ਨਾਲ ਉਸ ਵੱਲ ਦੇਖ ਲੈਂਦੀ |
ਇਹ ਗਿੱਧੇ ਭੰਗੜੇ ਦਾ ਦੌਰ ਪਤਾ ਨਹੀਂ ਹੋਰ ਕਿੰਨੀ ਦੇਰ ਚਲਦਾ ਕਿ ਬਾਹਰ ਗੋਲ਼ੀਆਂ ਚੱਲਣ ਦੀ ਆਵਾਜ਼ ਆਈ ਤੇ ਗਾਣਾ ਬੰਦ ਹੋ ਗਿਆ | ਸਕਿਉਰਟੀ ਗਾਰਡ ਨੇ ਮੇਨ ਗੇਟ ਬੰਦ ਕਰ ਦਿੱਤਾ ਤਾਂ ਜੋ ਕੋਈ ਗੈਰ ਆਦਮੀ ਅੰਦਰ ਨਾ ਆ ਸਕੇ | ਹਾਲ ਵਿਚ ਹਫੜਾ ਦਫੜੀ ਮੱਚ ਗਈ | ਕਈ ਤਾਂ ਲੁਕਣ ਲਈ ਇਧਰ ਉਧਰ ਥਾਂ ਭਾਲ਼ ਰਹੇ ਸਨ | ਬੌਬੀ ਵੀ ਨੱਚਣਾ ਭੁੱਲ ਕੇ ਆਪਣੇ ਸਾਥੀ ਨਾਲ ਇਕ ਪਾਸੇ ਨੂੰ ਨਿਕਲ ਤੁਰਿਆ | ਤੁਰੇ ਜਾਂਦੇ ਬੌਬੀ ਦੇ ਕੰਨੀਂ ਇਹ ਬੋਲ ਪਏ, "ਇਹਦੇ ਬਾਰੇ ਤਾਂ ਬੜੀਆਂ ਉੱਚੀਆਂ ਕਨਸੋਆਂ ਸੁਣੀਦੀਆਂ ਸੀ ਕਿ ਇਹ ਬੜਾ ਦਲੇਰ ਹੈ ਤੇ ਇਸ ਨੂੰ ਦੇਖ ਕੇ ਗੋਰੇ ਵੀ ਥਰ ਥਰ ਕੰਬਦੇ ਐ ਪਰ ਇਹ ਤਾਂ ਹੁਣ ਡਰਪੋਕਾਂ ਵਾਂਗ ਲੁਕਣ ਲਈ ਥਾਂ ਭਾਲਦਾ ਫਿਰਦੈ |"
ਕੁੜੀ ਦੇ ਬੋਲ ਬੌਬੀ ਦੇ ਸੀਨੇ ਵਿਚ ਤੀਰ ਵਾਂਗ ਲੱਗੇ ਤੇ ਉਹ ਉੱਥੋਂ ਹੀ ਵਾਪਸ ਮੁੜ ਪਿਆ ਅਤੇ ਉਸ ਕੁੜੀ ਵੱਲ ਕੈਰੀਆਂ ਅੱਖਾਂ ਨਾਲ ਤੱਕਦਾ ਹੋਇਆ ਬੋਲਿਆ, "ਮੈਂ ਡਰ ਕੇ ਲੁਕਣ ਲੱਗਾਂ? ਮੈਂ ਕਿਸ ਦੇ ਕੋਲੋਂ ਡਰਨਾ ਆ? ਮੈਂ ਤਾਂ ਉਹਨਾਂ ਡਰਪੋਕਾਂ ਦਾ ਪਿੱਛਾ ਕਰਨ ਜਾ ਰਿਹਾਂ, ਜਿਹੜੇ ਬਾਹਰੋਂ ਹੀ ਠੂਹ ਠਾਹ ਕਰਕੇ ਦੌੜ ਗਏ ਆ"|
"ਇਹ ਠੂਹ ਠਾਹ ਵੀ ਤੇਰੇ ਕਰਕੇ ਹੀ ਹੋਈ ਆ |" ਕੁੜੀ ਨੇ ਬੇ ਝਿਜਕ ਹੋ ਕੇ ਕਿਹਾ |
"ਬਾਹਰ ਕੋਈ ਕੀ ਕਰਦਾ ਫਿਰਦਾ, ਇਸ ਦਾ ਮੇਰੇ ਨਾਲ ਕੀ ਵਾਸਤਾ ਤੇ ਤੂੰ ਇਹ ਗੱਲ ਕਹਿਣ ਦਾ ਜੇਰਾ ਕਿਵੇਂ ਕੀਤਾ?" ਬੌਬੀ ਨੇ ਕੁੜੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ |
"ਇਸ ਵਿਚ ਜੇਰੇ ਵਾਲੀ ਕਿਹੜੀ ਗੱਲ ਏ, ਤੂੰ ਦੇਖ ਹੀ ਰਿਹਾ ਏਂ ਕਿ ਪਾਰਟੀ ਵਿਚ ਕਿਵੇਂ ਭਗਦੜ ਮੱਚ ਗਈ ਏ |" ਕੁੜੀ ਕੁਝ ਹੋਰ ਵੀ ਬੋਲਦੀ ਕਿ ਉਸ ਦੇ ਨਾਲ ਦੀ ਕੁੜੀ ਉਸ ਨੂੰ ਬਾਹੋਂ ਫੜ ਖਿਚਦੀ ਹੋਈ ਦੂਰ ਲੈ ਗਈ | ਦੂਰ ਜਾਂਦੀ ਕੁੜੀ ਦੀ ਸਹੇਲੀ ਦੇ ਬੋਲ ਬੌਬੀ ਦੇ ਕੰਨੀਂ ਪਏ, "ਏਹਨਾਂ ਲੋਕਾਂ ਕੋਲੋਂ ਜਿੰਨਾ ਵੀ ਦੂਰ ਰਿਹਾ ਜਾਵੇ ਓਨਾ ਹੀ ਚੰਗੈ |"
ਬੌਬੀ ਉਹਨਾਂ ਦੇ ਹੋਰ ਬੋਲ ਤਾਂ ਨਾ ਸੁਣ ਸਕਿਆ ਪਰ ਉਹ, ਦੂਰ ਬੈਠੀਆਂ ਗੱਲਾਂ ਕਰਦੀਆਂ ਨੂੰ ਦੇਖਦਾ ਰਿਹਾ | ਪਤਾ ਨਹੀਂ ਉਸ ਦੇ ਮਨ ਵਿਚ ਕੀ ਸੋਚ ਆਈ ਕਿ ਉਹ ਬਾਹਰ ਵੱਲ ਜਾਣ ਦੀ ਥਾਂ ਮੁੜ ਆਪਣੇ ਟੇਬਲ ਉਪਰ ਬੈਠ ਗਿਆ | ਪਹਿਲਾਂ ਜੇ ਕਦੇ ਕੋਈ ਉਸ ਦੇ ਵਿਰੁਧ ਜ਼ਰਾ ਕੁ ਵੀ ਅਪ ਸੰਬਦ ਬੋਲ ਦਿੰਦਾ ਸੀ ਤਾਂ ਉਹ ਉਸ ਨੂੰ ਬੁਰੇ ਦੇ ਘਰ ਤੱਕ ਛੱਡ ਕੇ ਆਉਂਦਾ ਸੀ ਪਰ ਅੱਜ ਉਹ ਉਹਨਾਂ ਕੁੜੀਆਂ ਵੱਲ ਟਿਕ ਟਿਕੀ ਬੰਨ੍ਹ ਦੇਖੀ ਜਾ ਰਿਹਾ ਸੀ | ਉਸ ਦਾ ਬੇਲੀ ਜੈਗ ਵੀ ਇਹ ਜਾਣ ਕੇ ਹੈਰਾਨ ਸੀ ਕਿ ਬੌਬੀ ਨੇ ਇੰਨਾਂ ਤਹੱਮਲ ਕਿਵੇਂ ਰੱਖਿਆ ਹੈ | ਸਹਿਮ ਦੇ ਸਾਏ ਵਿਚ ਹੀ ਇਸ ਗੋਲੀ ਕਾਂਡ ਉਪਰ ਤਬਸਰੇ ਹੋਣੇ ਸੁੰਰੂ ਹੋ ਗਏ ਸਨ | ਕੋਈ ਕਹਿ ਰਿਹਾ ਸੀ, "ਬੌਬੀ ਦੇ ਆਉਣ ਕਰਕੇ ਹੀ ਇੱਥੇ ਗੋਲੀ ਚੱਲੀ ਹੈ ਜਿਸ ਕਾਰਨ ਵਿਆਹ ਦੇ ਰੰਗ ਵਿਚ ਭੰਗ ਪਿਆ |"
"ਏਸ ਨੂੰ ਮਾਰਨ ਵਾਸਤੇ ਹੀ ਆਏ ਸੀ ਉਹ ਬੰਦੇ | ਇਹ ਤਾਂ ਅੱਜ ਸਕਿਉਰਟੀ ਗਾਰਡ ਦੀ ਹੁਸੰਆਿਰੀ ਨਾਲ ਹੀ ਬਚ ਗਿਆ | ਸੰੱਕੀ ਬੰਦੇ ਆਉਂਦੇ ਦੇਖ ਕੇ ਉਸ ਨੇ ਝੱਟ ਗੇਟ ਬੰਦ ਕਰ ਦਿੱਤਾ |"
"ਹੋ ਸਕਦੈ ਉਹ ਅਜੇ ਵੀ ਕਿਤੇ ਏਧਰ ਓਧਰ ਸੰਹਿ ਲਾ ਕੇ ਬੈਠੇ ਹੋਣ ਤੇ ਇਹਨਾਂ ਦੇ ਬਾਹਰ ਨਿਕਲਦਿਆਂ ਹੀ ਗੋਲੀਆਂ ਦਾ ਮੀਂਹ ਵਰ੍ਹਾ ਦੇਣ ਤੇ ਵਿਚ ਹੋਰ ਵੀ ਕਈ ਨਿਹੱਕੇ ਮਾਰੇ ਜਾਣ |"
"ਏਸ ਮੁੰਡੇ ਨੇ ਕਿਸੇ ਦਿਨ ਏਸ ਤਰਾਂ ਹੀ ਅਨਆਈ ਮੌਤ ਮਰ ਜਾਣੈ, ਮੇਰੀ ਇਹ ਗੱਲ ਯਾਦ ਰੱਖਿਓ |"
ਹਾਲ ਵਿਚ ਕੰਨ ਮੁ ਕੰਨੀਂ ਇਸ ਤਰਾਂ ਦੀਆਂ ਗੱਲਾਂ ਹੋ ਰਹੀਆਂ ਸਨ ਕਿ ਪੁਲੀਸ ਯੂਨੀਫਾਰਮ ਵਿਚ ਦੋ ਔਰਤਾਂ ਤੇ ਦੋ ਮਰਦ ਹਾਲ ਦੇ ਅੰਦਰ ਆ ਗਏ | ਉਹ ਸਿੱਧੇ ਬੌਬੀ ਦੇ ਟੇਬਲ ਕੋਲ ਆ ਕੇ ਉਸ ਨਾਲ ਗੱਲਾਂ ਕਰਨ ਲੱਗੇ | ਕੁਝ ਦੇਰ ਉਹ ਗੱਲਾਂ ਕਰਦੇ ਰਹੇ ਤੇ ਫੇਰ ਉਹ ਬੌਬੀ ਤੇ ਜੈਗ ਨੂੰ ਆਪਣੇ ਨਾਲ ਲੈ ਕੇ ਹਾਲ ਤੋਂ ਬਾਹਰ ਨਿਕਲ ਗਏ |
ਹੁਣ ਪਾਰਟੀ ਵਿਚ ਪਹਿਲਾਂ ਵਾਲਾ ਰੰਗ ਨਹੀਂ ਸੀ ਬੱਝ ਰਿਹਾ | ਗਾਣਿਆਂ ਦੇ ਰਿਕਾਰਡ ਵਜਣੇ ਸੁੰਰੂ ਹੋ ਗਏ ਸਨ ਪਰ ਪਿੜ ਵਿਚ ਆ ਕੇ ਕੋਈ ਨਹੀਂ ਸੀ ਨੱਚ ਰਿਹਾ | ਸਭ ਪਾਸੇ ਘੁਸਰ ਮੁਸਰ ਹੋ ਰਹੀ ਸੀ | ਬੈਰਿਆਂ ਨੇ ਖਾਣੇ ਦੀਆਂ ਰਕਾਬੀਆ ਤੋਂ ਢੱਕਣ ਚੁਕ ਦਿੱਤੇ ਤੇ ਆਏ ਮਹਿਮਾਨ ਖਾਣਾ ਖਾ ਕੇ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ | ਆਰ।ਸੀ। ਐਮ।ਪੀ। ਦੀਆਂ ਦੋ ਕਾਰਾਂ ਅਜੇ ਵੀ ਹਾਲ ਦੇ ਬਾਹਰ ਪਾਰਕ ਲਾਟ ਵਿਚ ਖੜ੍ਹੀਆਂ ਸਨ | ਸੜਕਾਂ ਉਪਰ ਵੀ ਪੁਲੀਸ ਦੀ ਗਸੰੰਤ ਵਧੀ ਹੋਈ ਸੀ |
ਬੌਬੀ ਦੀ ਮਾਂ ਦਾ ਵੀ ਪਾਰਟੀ ਵਿਚ ਜੀਅ ਨਹੀਂ ਸੀ ਲੱਗ ਰਿਹਾ | ਉਹ ਪਾਰਟੀ ਖਤਮ ਹੁੰਦਿਆਂ ਹੀ ਆਪਣੀ ਭੈਣ ਦਰਸੰਨਾ ਦੇ ਘਰ ਜਾਣ ਦੀ ਥਾਂ, ਸਿੱਧੀ ਆਪਣੇ ਘਰ ਹੀ ਚਲੀ ਆਈ | ਜਦੋਂ ਉਹ ਘਰ ਦਾ ਮੇਨ ਡੋਰ ਖੋਲ੍ਹ ਕੇ ਲਿਵਿੰਗ ਰੂਮ ਵਿਚ ਆਈ ਤਾਂ ਬੌਬੀ ਸੋਫੇ ਉਪਰ ਬੈਠਾ ਕਿਸੇ ਨੂੰ ਫੋਨ ਕਰ ਰਿਹਾ ਸੀ | ਉਸ ਨੇ ਸੋਫੇ ਉਪਰ, ਬੌਬੀ ਦੇ ਕੋਲ, ਬੈਠਦਿਆਂ ਹੀ ਉਲਾਹਮੇ ਦੀ ਸੁਰ ਵਿਚ ਕਿਹਾ, "ਦੇਖ ਲੈ ਬੌਬੀ, ਅੱਜ ਦੀ ਪਾਰਟੀ ਵਿਚ ਵਿਘਨ ਪੈਣ ਦਾ ਭਾਂਡਾ ਸਭ ਤੇਰੇ ਸਿਰ ਹੀ ਭੰਨਦੇ ਐ | ਇਕ ਤਾਂ ਤੇਰੇ ਮਾਸੀ ਮਾਸੜ, ਪੰਮ ਦੇ ਵਿਆਹ ਵਿਚ ਨਾ ਆਉਣ ਕਾਰਨ, ਪਹਿਲਾਂ ਹੀ ਦੁਖੀ ਸਨ | ਫੇਰ ਆਹ ਪੁਆੜਾ ਪੈਣ ਕਾਰਨ ਜਿਹੜਾ ਉਹਨਾਂ ਦਾ ਦਿਲ ਦੁਖੀ ਹੋਇਆ, ਉਹ ਮੈਂ ਤੈਨੂੰ ਦੱਸ ਨਹੀਂ ਸਕਦੀ | ਓਥੇ ਕਿਸੇ ਨੇ ਚੱਜ ਨਾਲ ਖਾਣਾ ਵੀ ਨਹੀਂ ਖਾਧਾ | ਕਈ ਤਾਂ ਬਿਨਾਂ ਖਾਣਾ ਖਾਧੇ ਹੀ ਉੱਥੋਂ ਚਲੇ ਗਏ | ਤੇਰਾ ਮਾਸੜ ਵਿਚਾਰਾ ਨਿਮੋਝੂਣਾ ਹੋਇਆ ਅੱਡ ਰਿਸੰਤੇਦਾਰਾਂ ਕੋਲੋਂ ਮਾਫੀਆਂ ਮੰਗਦਾ ਫਿਰੇ | ਤੂੰ ਅਜੇ ਵੀ ਬਾਜ ਨਹੀਂ ਆਉਂਦਾ ਆਪਣੇ ਲੱਛਣਾਂ ਤੋਂ |"
"ਮਾਂ, ਤੂੰ ਮੈਨੂੰ ਈ ਦੋਸੰ ਦਿੰਦੀ ਆਂ | ਇਹ ਦੱਸ, ਮੈਂ ਜਾਂ ਮੇਰੇ ਨਾਲ ਗਏ ਮੁੰਡੇ ਨੇ ਓਥੇ ਕੋਈ ਗਲਤੀ ਕੀਤੀ ਆ? ਜੇ ਬਾਹਰ ਕੋਈ ਸੰਰਾਰਤ ਕਰਦਾ ਫਿਰੇ ਤਾਂ ਉਸ ਦਾ ਮੈਂ ਕਿਵੇਂ ਜ਼ਿੰਮੇਦਾਰ ਹੋ ਗਿਆ | ਮੈਂ ਤਾਂ ਪਾਰਟੀ ਵਿਚ ਜਾਣਾ ਈ ਨਹੀਂ ਸੀ ਚਾਹੁੰਦਾ, ਕਿੰਦ ਈ ਬਹੁਤਾ ਕਹਿੰਦਾ ਰਿਹਾ ਸੀ ਕਿ ਤੇਰੇ ਬਿਨਾਂ ਮੈਂ ਪਾਰਟੀ ਹੀ ਨਹੀਂ ਕਰਨੀ ਤੇ ਤੂੰ ਵੀ ਤਾਂ ਬਾਰ ਬਾਰ ਕਹਿੰਦੀ ਸੀ, 'ਮੁੰਡੇ ਨੂੰ ਵਿਆਹ ਦਾ ਬਹੁਤਾ ਚਾਅ ਐ, ਉਸ ਦਾ ਦਿਲ ਨਾ ਤੋੜੀਂ, ਪਾਰਟੀ ਵਿਚ ਜ਼ਰੂਰ ਜਾਵੀਂ |"
"ਚਲ, ਇਹ ਤਾਂ ਮੈਂ ਕਹਿ ਦਿੱਤਾ ਪਰ ਤੂੰ ਓਸ ਕੁੜੀ ਨਾਲ ਕਿਉਂ ਝਗੜਦਾ ਸੀ?"
"ਮੈਂ ਤਾਂ ਉਸ ਕੁੜੀ ਨੂੰ ਜਾਣਦਾ ਵੀ ਨਹੀਂ ਕਿ ਉਹ ਕੌਣ ਆ ਤੇ ਕਿੱਥੋਂ ਆਈ ਆ | ਜਿਹੜਾ ਕੁਝ ਤੂੰ ਹੁਣ ਕਿਹਾ, ਇਹੋ ਕੁਝ ਉਹ ਕਹਿੰਦੀ ਸੀ ਕਿ ਤੇਰੇ ਕਰਕੇ ਪਾਰਟੀ 'ਚ ਵਿਘਨ ਪਿਆ, ਪਰ ਮੌਮ, ਉਹ ਕੁੜੀ ਹੈ ਕੋਣ?"
"ਉਹ ਵਹੁਟੀ ਦੇ ਮਾਮੇ ਦੀ ਕੁੜੀ ਐ ਤੇ ਏਥੇ ਯੂ। ਬੀ। ਸੀ। ਵਿਚ ਪੜ੍ਹਦੀ ਗਈ ਐ | ਵਿੱਨੀਪੈਗ ਤੋਂ ਆਈ ਏ | ਉਸ ਕੁੜੀ ਨਾਲ ਤੈਨੂੰ ਘੂਰ ਮਸੂਰੇ ਹੁੰਦਿਆਂ ਦੇਖ ਕੇ ਹੀ ਮੈ ਤੇਰੇ ਕੋਲ ਆਈ ਸੀ ਕਿ ਕਿਤੇ ਤੇਰੇ ਕਰਕੇ ਨਵੇਂ ਸਾਕਾਂ ਵਿਚ ਫਿੱਕ ਨਾ ਪੈ ਜਾਵੇ | ਮੈਂ ਸੋਚਦੀ ਆਂ ਕਿ ਇਹ ਨਵੇਂ ਬਣੇ ਰਿਸ਼ਤੇਦਾਰ ਤੇਰੇ ਬਾਰੇ ਕੀ ਸੋਚਦੇ ਹੋਣਗੇ ਕਿ ਮੁੰਡੇ ਦੇ ਮਸੇਰ ਨੂੰ ਪੁਲੀਸ ਫੜ ਕੇ ਲੈ ਗਈ ਹੈ | ਇਸ ਗੱਲ ਦਾ ਤਾਂ ਮੈਨੂੰ ਇਕੱਲੀ ਨੂੰ ਹੀ ਪਤਾ ਸੀ ਕਿ ਉਹ ਤੈਨੂੰ ਆਪਣੀ ਨਿਗਰਾਨੀ ਵਿਚ ਘਰ ਛੱਡਣ ਆਏ ਸੀ |"
"ਮੇਰੇ ਬਾਰੇ ਕੋਈ ਕੀ ਸੋਚਦਾ, ਇਸ ਦੀ ਮੈਨੂੰ ਪਰਵਾਹ ਨਹੀਂ ਪਰ ਮੌਮ, ਤੂੰ ਨਾ ਮੇਰੇ ਬਾਰੇ ਗਲਤ ਸੋਚਿਆ ਕਰ |"
"ਮੈਂ ਤੇਰੇ ਬਾਰੇ ਕਿਉਂ ਨਾ ਸੋਚਾਂ ਪੁੱਤਰਾ, ਤੂੰ ਨਹੀਂ ਜਾਣਦਾ, ਜਦੋਂ ਤੇਰੇ ਬਾਰੇ ਲੋਕਾਂ ਦੀਆਂ ਗੱਲਾਂ ਸੁਣਦੀ ਹਾਂ ਤਾਂ ਮੇਰੀਆਂ ਆਂਦਰਾਂ ਕਿਵੇਂ ਭੁਜਦੀਆਂ | ਇਹ ਆਂਦਰਾਂ ਸਦਾ ਇਸੇ ਤਰਾਂ ਕਲਪਦੀਆਂ ਰਹਿਣਗੀਆਂ ਜਿੰਨਾ ਚਿਰ ਤੂੰ ਸਿੱਧੇ ਰਾਹ ਨਹੀਂ ਆ ਜਾਂਦਾ |" ਮਾਂ ਫੇਰ ਉਸ ਨੂੰ ਵੱਡ ਵਡੇਰਿਆਂ ਦੇ ਵਾਸਤੇ ਪਾ ਸਮਝੌਤੀਆਂ ਦੇਣ ਲੱਗੀ |
***************
ਦਰਦ ਦਾ ਦਰਿਆ
ਮੇਹਰ ਸਿੰਘ ਦੀ ਐਕਸੀਡੈਂਟ ਵਿਚ ਹੋਈ ਮੌਤ ਨੂੰ ਲਕੜ ਮਿੱਲਾਂ ਦੇ ਕਈ ਕਾਮੇ ਸਾਧਾਰਨ ਦੁਰਘਟਨਾ ਨਹੀਂ ਸੀ ਸਮਝ ਰਹੇ | ਉਹਨਾਂ ਦਾ ਖਿਆਲ ਸੀ ਕਿ ਮੇਹਰ ਸਿੰਘ ਦਾ ਜਾਣ ਬੁੱਝ ਕੇ ਕੀਤਾ ਗਿਆ ਐਕਸੀਡੈਂਟ ਸੀ ਜਿਸ ਦੀ ਪੜਤਾਲ ਹੋਣੀ ਚਾਹੀਦੀ ਹੈ | ਪਰ ਇਸ ਗੱਲ ਵੱਲ ਨਾ ਹੀ ਪੁਲੀਸ ਨੇ ਧਿਆਨ ਦਿੱਤਾ ਅਤੇ ਨਾ ਹੀ ਯੂਨੀਅਨ ਦੇ ਲੀਡਰਾਂ ਨੇ ਇਸ ਕਿਸਮ ਦੀ ਪੜਤਾਲ ਦੀ ਮੰਗ ਹੀ ਕੀਤੀ ਅਤੇ ਉਸ ਦੀ ਮੌਤ ਇਕ ਦੁਰਘਟਨਾ ਬਣ ਕੇ ਰਹਿ ਗਈ | ਇਸ ਗੱਲ ਵਿਚ ਕਿੰਨੀ ਕੁ ਸਚਾਈ ਸੀ, ਇਸ ਬਾਰੇ ਕੋਈ ਨਾ ਜਾਣ ਸਕਿਆ | ਪਰ ਇਸ ਸਚਾਈ ਨੂੰ ਹਰ ਕੋਈ ਜਾਣ ਗਿਆ ਸੀ ਕਿ ਮੇਹਰ ਸਿੰਘ ਦੀ ਪਤਨੀ ਸ਼ਰਨੀ ਦੀ ਤਾਂ ਦੁਨੀਆਂ ਹੀ ਉੱਜੜ ਹੋ ਗਈ ਹੈ |
ਮੇਹਰ ਸਿੰਘ ਦੀ ਮੌਤ ਨੇ ਤਾਂ ਸ਼ਰਨੀ ਦੇ ਔਸਾਨ ਹੀ ਮਾਰ ਦਿੱਤੇ ਸਨ | ਉਸ ਨੂੰ ਕੋਈ ਸਮਝ ਨਾ ਆਉਂਦੀ ਕਿ ਹੁਣ ਕੀ ਕੀਤਾ ਜਾਵੇ ਤੇ ਕਿਧਰ ਜਾਇਆ ਜਾਵੇ, ਬਸ ਉਹ ਡੁੰਨ-ਵੱਟਾ ਬਣ ਕੇ ਬੈਠੀ ਰਹਿੰਦੀ | ਮੇਹਰ ਸਿੰਘ ਦੀ ਅੰਤਮ ਅਰਦਾਸ ਹੋ ਜਾਣ ਤੱਕ ਤਾਂ ਉਸ ਨੂੰ ਧਰਵਾਸ ਦੇਣ ਵਾਲੇ ਬਹੁਤ ਸਨ | ਫਰੇਜ਼ਰ ਵਾਦੀ ਵਿਚ ਜਿੰਨੇ ਕੁ ਪੰਜਾਬੀ ਪਰਿਵਾਰ ਸਨ, ਉਹ ਅਫਸੋਸ ਕਰਨ ਅਤੇ ਸ਼ਰਨੀ ਦਾ ਧੀਰਜ ਬੰਨ੍ਹਾਉਣ ਆਉਂਦੇ ਰਹੇ | ਡੰਕਨ ਤੋਂ ਮੇਹਰ ਸਿੰਘ ਦੇ ਪਹਿਲੇ ਸਹੁਰਿਆਂ ਦਾ ਪਰਿਵਾਰ ਅਤੇ ਉਹਨਾਂ ਨਾਲ ਕਈ ਹੋਰ ਪਰਿਵਾਰ ਵੀ ਅਫਸੋਸ ਕਰਨ ਲਈ ਆ ਗਏ ਸਨ | ਅੰਤਮ ਅਰਦਾਸ ਮਗਰੋਂ ਵਾਪਸ ਮੁੜਦਾ ਹੋਇਆ ਤਰਸੇਮ ਆਪਣੀ ਪਤਨੀ ਗੁਰਦੇਵ ਕੌਰ ਨੂੰ ਕੁਝ ਦਿਨਾਂ ਲਈ ਸ਼ਰਨੀ ਦੇ ਕੋਲ ਛਡ ਗਿਆ ਸੀ ਪਰ ਹਫਤੇ ਕੁ ਮਗਰੋਂ ਉਹ ਮੁੜ ਆਇਆ | ਕੁਝ ਚਿਰ ਆਪਣੀ ਭੈਣ ਮੀਤੋ ਅਤੇ ਮੇਹਰ ਸਿੰਘ ਦੀ ਜ਼ਿੰਦਗੀ ਦੀਆਂ ਪਿਛਲੀਆਂ ਗੱਲਾਂ ਕਰ ਕਰ ਹੰਝੂ ਵਹਾਉਂਦਾ ਰਿਹਾ | ਫੇਰ ਦੋ ਸਾਲ ਪਹਿਲਾਂ ਮਰ ਗਏ ਆਪਣੇ ਬਾਪ ਚੰਨਣ ਸਿੰਘ ਦੀਆਂ ਗੱਲਾਂ ਕਰਕੇ ਹਉਕੇ ਭਰਦਾ ਹੋਇਆ ਕਹਿਣ ਲੱਗਾ, "ਭੈਣੇ! ਬਾਪੂ ਦੇ ਮਰਨ ਮਗਰੋਂ ਤਾਂ ਬੇਬੇ ਵੀ ਬਿਮਾਰ ਵੀ ਰਹਿੰਦੀ ਐ | ਤੂੰ ਦੇਖਿਆ ਈ ਐ, ਹੁਣ ਤਾਂ ਉਹ ਤੁਰਨੋ ਫਿਰਨੋ ਵੀ ਰਹਿ ਖੜੋਤੀ ਐ | ਜੇ ਉਹ ਤੁਰਨ ਫਿਰਨ ਜੋਗੀ ਹੁੰਦੀ ਤਾਂ ਮੈਂ ਉਸ ਨੂੰ ਤੇਰੇ ਕੋਲ ਛੱਡ ਜਾਂਦਾ | ਗੇਬੋ ਵੀ ਬਹੁਤਾ ਚਿਰ ਨਹੀਂ ਰਹਿ ਸਕਦੀ |" ਇਹ ਕਹਿ ਕੇ ਤਰਸੇਮ ਚੁਪ ਹੋ ਗਿਆ |
"ਵੀਰਾ, ਮੇਰੇ ਭਾਗ! ਸ਼ਾਵਾਸ਼ੇ ਥੋਡੇ, ਜਿਨ੍ਹਾਂ ਨੇ ਇੰਨੀ ਦੂਰੋਂ ਆ ਕੇ ਮੇਰਾ ਦੁੱਖ ਵੰਡਾਇਆ | ਕੋਈ ਕਿਸੇ ਦਾ ਕਿੰਨਾ ਕੁ ਚਿਰ ਸਹਾਰਾ ਬਣ ਸਕਦੈ | ਮੈਂ ਔਖੀ ਸੌਖੀ ਦਿਨ ਪੂਰੇ ਕਰੂੰਗੀ |"
"ਨਹੀਂ ਭੈਣੇ, ਇਹ ਦਿਨ ਪੂਰੇ ਕਰਨ ਵਾਲੀ ਗੱਲ ਨਹੀਂ | ਅਸੀਂ ਤੈਨੂੰ ਏਸ ਹਾਲਤ ਵਿਚ ਇਕੱਲੀ ਵੀ ਨਹੀਂ ਛੱਡ ਸਕਦ | ਤੂੰ ਮੀਤੋ ਦੇ ਥਾਵੇਂ ਸਾਡੀ ਭੈਣ ਐਂ | ਅਸੀਂ ਤਾਂ ਚਾਹੁੰਦੇ ਹਾਂ ਕਿ ਤੂੰ ਸਾਡੇ ਕੋਲ ਡੰਕਨ ਆ ਜਾਵੇਂ |"
"ਨਹੀਂ ਵੀਰਾ, ਮੈਂ ਥੋਡੇ ਉਤੇ ਭਾਰ ਨਹੀਂ ਬਣਨਾ ਚਾਹੁੰਦੀ | ਪਹਿਲਾਂ ਹੀ ਤੇਰੀ ਕਬੀਲਦਾਰੀ ਵੱਡੀ ਐ ਤੇ ਉਧਰੋਂ ਤੇਰੇ ਉਤੇ ਨਵੇਂ ਆਏ ਤੇਰੇ ਸਹੁਰਿਆਂ ਦੇ ਪਰਿਵਾਰ ਦਾ ਵੀ ਬੋਝ ਪੈ ਗਿਆ ਐ | ਤੂੰ ਕੀ੍ਹਨੂੰ ਕੀ੍ਹਨੂੰ ਸਾਂਭੇਂਗਾ?"
"ਉਹਨਾਂ ਦਾ ਕੋਈ ਭਾਰ ਨਈਂ ਐ ਬੀਬੀ, ਸੁੱਖ ਨਾਲ ਮੇਰੇ ਭਰਾ ਨੂੰ ਤਾਂ ਕੰਮ ਮਿਲ ਵੀ ਗਿਆ ਏ ਤੇ ਕੱਲ੍ਹ ਕਲੋਤਰ ਨੂੰ ਬਾਪੂ ਜੀ ਨੂੰ ਵੀ ਕੰਮ ਮਿਲ ਈ ਜਾਣੈ | ਉਹ ਤਾਂ ਆਪਣੀ ਕਬੀਲਦਾਰੀ ਸਾਂਭੀ ਬੈਠੇ ਨੇ | ਤੂੰ ਉਹਨਾਂ ਬਾਰੇ ਨਾ ਸੋਚ | ਤੂੰ ਆਪਣੇ ਬਾਰੇ ਸੋਚ ਕਿ ਤੂੰ 'ਕੱਲੀ ਏਥੇ ਕਿਵੇਂ ਰਹੇਂਗੀ?" ਤਰਸੇਮ ਦੀ ਘਰ ਵਾਲੀ ਗੁਰਦੇਵ ਕੌਰ ਨੇ ਕਿਹਾ |
"ਅਜੇ ਤਾਂ ਉਹਨਾਂ ਦੇ ਐਕਸੀਡੰਟ ਦੇ ਕੇਸ ਦਾ ਵੀ ਕੋਈ ਫੈਸਲਾ ਨਹੀਂ ਹੋਇਆ ਤੇ ਜੁਆਕਾਂ ਦੀ ਪੜ੍ਹਾਈ ਦਾ ਵੀ ਫਿਕਰ ਐ | ਜੈਰੀ ਨੌਵੇਂ ਗਰੇਡ 'ਚ ਐ ਤੇ ਨਿੱਕੀ ਦਾਖਲ ਈ ਏਸ ਸਾਲ ਹੋਈ ਐ |"
"ਐਕਸੀਡੈਂਟ ਦੇ ਕੇਸ ਬਾਰੇ ਤਾਂ ਗੁਰਦਵਾਰਾ ਕਮੇਟੀ ਵਾਲੇ ਬਥੇਰੀ ਭੱਜ ਨੱਠ ਕਰੀ ਜਾਂਦੇ ਐ | ਮੈਂ ਵੀ ਦਸੀਂ ਪੰਦਰੀਂ ਦਿਨੀਂ ਏਥੇ ਗੇੜਾ ਮਾਰ ਜਾਇਆ ਕਰੂੰ | ਜੁਆਕ ਓਥੇ ਰਹਿ ਕੇ ਪੜ੍ਹੀ ਜਾਣਗੇ |" ਤਰਸੇਮ ਨੇ ਕਿਹਾ |
"ਅੰਕਲ, ਹੁਣ ਮੈਂ ਨਹੀਂ ਪੜ੍ਹਨਾ | ਮੈਂ ਤਾਂ ਪੜ੍ਹਾਈ ਛੱਡ ਕੇ ਕਿਸੇ ਕੰਮ ਦੀ ਭਾਲ ਕਰਾਂਗਾ |" ਜਲੌਰ ਸਿੰਘ ਉਰਫ ਜੈਰੀ, ਜਿਹੜਾ ਚੁੱਪ ਬੈਠਾ, ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ, ਵਿਚੋਂ ਬੋਲ ਪਿਆ |
"ਸੁੱਖ ਨਾਲ, ਹੁਣ ਜਲੌਰ ਸਿਉਂ ਗੱਭਰੂ ਹੋ ਗਿਆ ਏ | ਇਹ ਕੰਮ 'ਤੇ ਲੱਗ ਵੀ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ ਪਰ ਓਥੇ ਡੰਕਨ ਵਿਚ ਆਪਣਿਆਂ ਦੀਆਂ ਮਿੱਲਾਂ 'ਚ ਕੰਮ ਸੌਖਿਆਂ ਮਿਲ ਜਾਊ |" ਗੇਬੋ ਨੇ ਜਲੌਰ ਵੱਲ ਦੇਖ ਕੇ ਕਿਹਾ |
"ਨਹੀਂ, ਮੈਂ ਮੁੰਡੇ ਦੀ ਪੜ੍ਹਾਈ ਨਈਂ ਛਡਾਉਣੀ | ਇਹਨੂੰ ਸਕੂਲ ਪਾਸ ਜਰੂਰੀ ਕਰਾਉਣੈ, ਭਾਵੇਂ ਮੈਨੂੰ ਆਪ ਬਾਹਰ ਜਾ ਕੇ ਕੰਮ ਕਿਉਂ ਨਾ ਕਰਨਾ ਪਵੇ ਤੇ ਅਜੇ ਇੱਥੋਂ ਜਾਣ ਨੂੰ ਮੇਰਾ ਮਨ ਵੀ ਨਈਂ ਮੰਨਦਾ |" ਸੰਰਨੀ ਨੇ ਦ੍ਰਿੜਤਾ ਤੇ ਭਰੋਸੇ ਨਾਲ ਕਿਹਾ |
"ਭੈਣ ਮੇਰੀਏ, ਤੇਰੇ ਮਨ 'ਤੇ ਅਜੇ ਬਹੁਤਾ ਬੋਝ ਐ, ਤੂੰ ਸੋਚ ਨਹੀਂ ਸਕਦੀ ਕਿ ਤੇਰਾ ਇਕੱਲੀ ਦਾ ਏਥੇ ਰਹਿਣਾ ਠੀਕ ਨਹੀਂ | ਤੀਹ ਬੱਤੀ ਸਾਲ ਦੀ ਉਮਰ ਈ ਕੀ ਹੁੰਦੀ ਐ | ਸੌ ਔਖਿਆਈਆਂ ਆਉਂਦੀਆਂ ਏਸ ਉਮਰੇ ਕਬੀਲਦਾਰੀ ਸਾਂਭਣ ਵਿਚ | ਜੇ ਆਪਣਿਆਂ ਵਿਚ ਰਹਿੰਦੇ ਹੋਈਏ ਤਾਂ ਕੋਈ ਨਾ ਕੋਈ ਮੌਕੇ 'ਤੇ ਬਾਂਹ ਫੜਨ ਵਾਲਾ ਹੁੰਦਾ ਐ | ਤੂੰ ਸੰਾਂਤ ਮਨ ਨਾਲ ਸੋਚੀਂ, ਅਸੀਂ ਛੇਤੀ ਹੀ ਫੇਰ ਗੇੜਾ ਮਾਰਾਂਗੇ |" ਇਹ ਕਹਿ ਕੇ ਤਰਸੇਮ ਨੇ ਡੰਕਨ ਜਾ ਕੇ ਰਹਿਣ ਦੀ ਗੱਲ ਸੰਰਨਜੀਤ ਉਪਰ ਹੀ ਛੱਡ ਦਿੱਤੀ ਅਤੇ ਉਹ ਉੱਥੇ ਇਕ ਰਾਤ ਰਹਿ ਕੇ ਗੁਰਦੇਵ ਕੌਰ ਨੂੰ ਆਪਣੇ ਨਾਲ ਲੈ ਕੇ ਡੰਕਨ ਚਲਾ ਗਿਆ |
ਸੰਰਨਜੀਤ ਕੌਰ ਨੂੰ ਐਕਸੀਡੈਂਟ ਦੇ ਕੇਸ ਬਾਰੇ ਫੈਸਲਾ ਹੋਣ ਦੀ ਉਡੀਕ ਸੀ | ਗੁਰਦਵਾਰਾ ਕਮੇਟੀ ਨੇ ਉਸ ਨੂੰ ਆਸ ਬਨ੍ਹਾਈ ਸੀ ਕਿ 'ਏਸ ਕੇਸ ਲਈ ਬਹੁਤ ਚੰਗਾ ਵਕੀਲ ਕੀਤਾ ਗਿਆ ਹੈ, ਜਿਹੜਾ ਅਜੇਹੇ ਕੇਸਾਂ ਦਾ ਮਾਹਿਰ ਗਿਣਿਆ ਜਾਂਦਾ ਹੈ | ਉਂਝ ਵੀ ਸਾਰਾ ਕਸੂਰ ਟਰੱਕ ਵਾਲੇ ਦਾ ਦਸਦੇ ਐ | ਸੋ ਫੈਸਲਾ ਆਪਣੇ ਹੱਕ ਵਿਚ ਹੀ ਹੋਵੇਗਾ ਤੇ ਤੁਹਾਨੂੰ ਪੂਰਾ ਹਰਜਾਨਾ ਮਿਲੇਗਾ |' ਪਰ ਜਦੋਂ ਕੇਸ ਦੀ ਸੁਣਵਾਈ ਹੋਈ, ਉਸ ਸਮੇਂ ਪਤਾ ਨਹੀਂ ਕਿਧਰੋਂ ਮੌਕੇ ਦੇ ਗਵਾਹ ਪੈਦਾ ਹੋ ਗਏ, ਜਿਨ੍ਹਾਂ ਨੇ ਇਹ ਆਖਿਆ ਕਿ ਖੱਬੇ ਪਾਸੇ ਤੋਂ ਮੋੜ ਕਟਦਿਆਂ ਮੇਹਰ ਸਿੰਘ ਦੀ ਕਾਰ ਟਰੱਕ ਨਾਲ ਟਕਰਾਈ ਸੀ | ਗਵਾਹੀਆਂ ਦੇ ਆਧਾਰ 'ਤੇ ਜੱਜ ਨੇ ਮੇਹਰ ਸਿੰਘ ਨੂੰ ਕਸੂਰਵਾਰ ਮੰਨਦਿਆਂ ਕੇਸ ਖਾਰਜ ਕਰ ਦਿੱਤਾ | ਸੰਰਨਜੀਤ ਨੂੰ ਜਦੋਂ ਕੇਸ ਹਾਰ ਜਾਣ ਦਾ ਪਤਾ ਲੱਗਾ ਤਾਂ ਉਹ ਸਿਰ ਫੜ ਕੇ ਬੈਠ ਗਈ | ਉਸ ਨੂੰ ਐਕਸੀਡੈਂਟ ਦਾ ਮੁਆਵਜ਼ਾ ਮਿਲਨ ਦੀ ਆਸ ਵੀ ਜਾਂਦੀ ਰਹੀ |
ਕੁਝ ਦਿਨਾਂ ਮਗਰੋਂ ਗੁਰਦਵਾਰਾ ਕਮੇਟੀ ਦੇ ਤਿੰਨ ਚਾਰ ਮੈਂਬਰ ਸੰਰਨਜੀਤ ਕੌਰ ਕੋਲ ਆਏ, ਕੇਸ ਹਾਰ ਜਾਣ 'ਤੇ ਅਫਸੋਸ ਪਰਗਟ ਕੀਤਾ ਅਤੇ ਉਹਨਾਂ ਵਿਚੋਂ ਇਕ ਮੈਂਬਰ ਕਹਿਣ ਲੱਗਾ, "ਬੀਬਾ ਜੀ, ਆਪਣੇ ਨਾਲ ਵਧੀਕੀ ਹੋਈ ਐ | ਕੇਸ ਹਾਰ ਜਾਣ ਦੀ ਤਾਂ ਰੱਤੀ ਭਰ ਵੀ ਆਸ ਨਹੀਂ ਸੀ | ਗਵਾਹ ਹੀ ਝੂਠੇ ਭੁਗਤਾਏ ਗਏ ਐ |"
"ਇਹ ਤਾਂ ਸਰਾਸਰ ਨਸਲੀ ਵਿਤਕਰਾ ਹੋਇਆ ਐ ਜੀ, ਆਪਣੇ ਵਕੀਲ ਨੇ ਗਵਾਹਾਂ ਦੇ ਝੂਠੇ ਹੋਣ ਦਾ ਸਬੂਤ ਵੀ ਪੇਸੰ ਕੀਤਾ ਪਰ ਜੱਜ ਨੇ ਤਾਂ ਉਸ ਦੀ ਕੋਈ ਦਲੀਲ ਅਪੀਲ ਸੁਣੀ ਈ ਨਹੀਂ | ਬਸ ਸਿਰ ਈ ਫੇਰੀ ਗਿਆ | ਜੇ ਕੁੱਤੀ ਹੀ ਚੋਰਾਂ ਨਾਲ ਰਲ਼ ਜਾਵੇ ਤਾਂ ਕੋਈ ਕੀ ਕਰੇ |" ਦੂਸਰੇ ਮੈਂਬਰ ਨੇ ਪੰਜਾਬੀ ਕਹਾਵਤ ਕਹਿ ਸੁਣਾਈ |
ਮੀਤ ਪ੍ਰਧਾਨ ਅਮਰ ਸਿੰਘ ਨੇ ਦੂਸਰੇ ਮੈਂਬਰ ਵੱਲ ਘੂਰ ਕੇ ਦੇਖਿਆ ਅਤੇ ਸੰਰਨੀ ਨੂੰ ਕਹਿਣ ਲੱਗਾ, "ਅਸੀਂ ਵਕੀਲ ਨਾਲ ਸਲਾਹ ਕੀਤੀ ਏ, ਉਸ ਦਾ ਕਹਿਣਾ ਹੈ ਕਿ ਆਪਾਂ ਨੂੰ ਅੱਗੇ ਅਪੀਲ ਕਰਨੀ ਚਾਹੀਦੀ ਏ | ਜੇ ਤੁਸੀਂ ਆਗਿਆ ਦਿਓ ਤਾਂ ਵਕੀਲ ਨੂੰ ਅਪੀਲ ਕਰਨ ਲਈ ਕਿਹਾ ਜਾਵੇ | ਖਰਚੇ ਦਾ ਤੁਸੀਂ ਫਿਕਰ ਨਹੀਂ ਕਰਨਾ, ਉਹ ਪਹਿਲਾਂ ਵਾਂਗ ਹੀ ਕਮੇਟੀ ਕਰੇਗੀ |"
ਸੰਰਨੀ ਪਹਿਲਾਂ ਚੁੱਪ ਕਰਕੇ ਬੈਠੀ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ ਪਰ ਜਦੋਂ ਅਪੀਲ ਦੀ ਗੱਲ ਤੁਰੀ ਤਾਂ ਕਹਿਣ ਲੱਗੀ,"ਬਾਬਾ ਜੀ, ਜਿਹੜਾ ਸਿੱਟਾ ਏਸ ਕੇਸ ਦਾ ਨਿਕਲਿਆ ਐ, ਇਹੋ ਸਿੱਟਾ ਅਪੀਲ ਦਾ ਨਿਕਲੂ, ਏਸ ਕਰਕੇ ਅਪੀਲਾਂ ਦੇ ਚੱਕਰ ਵਿਚ ਮੈਂ ਨਈਂ ਪੈਣਾ | ਜੋ ਮੇਰੇ ਭਾਗਾਂ ਵਿਚ ਲਿਖਿਐ ਓਹੋ ਹੋਈ ਜਾਂਦੈ |"
"ਨਾ ਬੀਬਾ, ਇਉਂ ਨਾ ਆਖ | ਵਾਗ੍ਹਰੂ ਤੇਰੇ ਸਿਰ 'ਤੇ ਹੱਥ ਰੱਖੂ | ਕੋਈ ਹੀਲਾ ਵਸੀਲਾ ਤਾਂ ਕਰਨਾ ਹੀ ਪੈਣੈ |" ਇਕ ਮੈਂਬਰ ਨੇ ਉਸ ਦੇ ਸਿਰ ਉਪਰ ਹੱਥ ਰਖਦਿਆਂ ਕਿਹਾ |
"ਹਾਂ, ਹੀਲਾ ਵਸੀਲਾ ਤਾਂ ਕਰਨਾ ਹੀ ਪੈਣੈ | ਏਸ ਤਰ੍ਹਾਂ ਹੱਥ 'ਤੇ ਹੱਥ ਧਰ ਕੇ ਬੈਠਿਆਂ ਤਾਂ ਸਰਨਾ ਨਈਂ ਪਰ ਮੈਂ ਅਪੀਲ ਕਰਨ ਦੇ ਹੱਕ ਵਿਚ ਨਈਂ ਆਂ |" ਸੰਰਨੀ ਨੇ ਦ੍ਰਿੜਤਾ ਨਾਲ ਕਿਹਾ |
"ਅਪੀਲ ਕਰਨ ਦਾ ਕੋਈ ਨੁਕਸਾਨ ਵੀ ਨਹੀਂ | ਤੁਸਾਂ ਤਾਂ ਬਸ ਸਾਈਨ ਈ ਕਰਨੇ ਐ, ਬਾਕੀ ਅਸੀਂ ਸਾਰੀ ਭੱਜ ਨੱਠ ਕਰਾਂਗੇ | ਏਸ ਬਾਰੇ ਤੁਸੀਂ ਦੁਬਾਰਾ ਸੋਚ ਲੈਣਾ ਅਸੀਂ ਕੱਲ੍ਹ ਨੂੰ ਫੇਰ ਅਵਾਂਗੇ |" ਇਹ ਕਹਿ ਕੇ ਅਮਰ ਸਿੰਘ ਨੇ ਆਪਣੇ ਨਾਲ ਆਏ ਦੂਸਰੇ ਕਮੇਟੀ ਮੈਂਬਰਾਂ ਨੂੰ ਤੁਰਨ ਲਈ ਇਸੰਾਰਾ ਕੀਤਾ |
ਕਮੇਟੀ ਮੈਂਬਰਾਂ ਦੇ ਚਲੇ ਜਾਣ ਮਗਰੋਂ ਸੰਰਨੀ ਨੇ ਅਪੀਲ ਕਰਨ ਜਾਂ ਨਾ ਕਰਨ ਬਾਰੇ ਬਹੁਤ ਸੋਚਿਆ ਅਤੇ ਅਖੀਰ ਇਹ ਫੈਸਲਾ ਕੀਤਾ ਕਿ ਕਮੇਟੀ ਮੈਂਬਰਾਂ ਦੀ ਸਲਾਹ ਮੰਨ ਲੈਣੀ ਚਾਹੀਦੀ ਹੈ | ਅਗਲੇ ਦਿਨ ਉਸ ਨੇ ਅਪੀਲ ਦੇ ਕਾਗਜ਼ਾਂ ਉਪਰ ਦਸਤਖਤ ਕਰ ਦਿੱਤੇ ਪਰ ਇਹ ਅਪੀਲ ਵੀ ਬੇ ਸਿੱਟਾ ਹੀ ਰਹੀ | ਹੁਣ ਉਹ ਕਾਗਜ਼ਾਂ ਉਪਰ ਦਸਤਖਤ ਕਰਕੇ ਪਛਤਾ ਰਹੀ ਸੀ | ਸ਼ਰਨੀ ਨੇ ਸੋਚਿਆ, 'ਜਦੋਂ ਇਹ ਪਤਾ ਸੀ ਕਿ ਇੱਥੋਂ ਇਨਸਾਫ ਨਹੀਂ ਮਿਲਨਾ ਫੇਰ ਮੈਂ ਕਮੇਟੀ ਮੈਂਬਰਾਂ ਮਗਰ ਲੱਗ ਕੇ ਅਪੀਲ ਕਰਨ ਲਈ ਹਾਂਅ ਕਿਉਂ ਕੀਤੀ | ਜੇ ਉਸੇ ਵੇਲੇ ਉਹਨਾਂ ਨੂੰ ਤੋੜ ਕੇ ਜਵਾਬ ਦਿੱਤਾ ਹੁੰਦਾ ਤਾਂ ਅੱਜ ਇਹ ਨਿਮੋਸੰੀ ਤਾਂ ਨਾ ਝੱਲਣੀ ਪੈਂਦੀ |'
ਇਸ ਤਰ੍ਹਾਂ ਦੀਆਂ ਸੋਚਾਂ ਸੋਚਦੀ ਸੰਰਨੀ ਅਜੇ ਇਸ ਉਦਾਸੀ ਵਿਚੋਂ ਨਿਕਲੀ ਨਹੀਂ ਸੀ ਕਿ ਤਰਸੇਮ ਅਤੇ ਗੁਰਦੇਵ ਕੌਰ ਉਹਨਾਂ ਨੂੰ ਮਿਲਨ ਵਾਸਤੇ ਆ ਗਏ | ਦੁੱਖ ਸੁੱਖ ਦੀਆਂ ਗੱਲਾਂ ਕਰਨ ਮਗਰੋਂ ਤਰਸੇਮ ਇਸ ਵਾਰ ਵੀ ਉਸ ਨੂੰ ਡੰਕਨ, ਉਹਨਾਂ ਕੋਲ ਜਾ ਕੇ ਰਹਿਣ ਲਈ ਸਮਝਾਉਣ ਲੱਗਾ ਪਰ ਉਹ ਅਜੇ ਦੁਬਿਧਾ ਵਿਚ ਹੀ ਸੀ ਕਿ ਗੁਰਦੇਵ ਕੌਰ ਨੇ ਇਕ ਨਵੀਂ ਗੱਲ ਉਸ ਦੇ ਕੰਨੀਂ ਪਾ ਦਿੱਤੀ | ਉਸ ਸਮੇਂ ਜਲੌਰ ਅਤੇ ਤਰਸੇਮ ਕਿਤੇ ਬਾਹਰ ਗਏ ਹੋਏ ਸਨ, ਨਿੱਕੀ ਸੁੱਤੀ ਪਈ ਸੀ | ਚੰਗਾ ਮੌਕਾ ਦੇਖ ਕੇ ਗੁਰਦੇਵ ਕੌਰ ਕਹਿਣ ਲੱਗੀ, "ਬੀਬੀ, ਮੈਂ ਤੇਰੇ ਨਾਲ ਇਕ ਗੱਲ ਕਰਨ ਲੱਗੀ ਆਂ ਕਿਤੇ ਬੁਰਾ ਤਾਂ ਨਈਂ ਮਨਾਉਂਦੀ?"
"ਲੈ, ਮੈਂ ਕਿਉਂ ਬੁਰਾ ਮਨਾਉਣ ਲੱਗੀ, ਤੂੰ ਗੱਲ ਕਰ |"
"ਜੇ ਏਸ ਉਮਰ ਵਿਚ ਤੀਵੀਂ ਦੇ ਸਿਰ 'ਤੇ ਬੰਦੇ ਦਾ ਆਸਰਾ ਨਾ ਹੋਵੇ ਤਾਂ ਤੀਵੀਂ ਮਾਨੀ ਲਈ ਬਾਹਰ ਕੁੱਤੇ, ਅੰਦਰ ਕਾਂ ਵਾਲੀ ਗੱਲ ਬਣ ਜਾਂਦੀ ਐ |"
"ਭਾਬੀ, ਤੂੰ ਬੁਝਾਰਤਾਂ ਜਿਹੀਆਂ ਨਾ ਪਾ, ਸਿੱਧੀ ਤੇ ਸਾਫ ਗੱਲ ਕਰ |" ਸੰਰਨੀ ਨੇ ਤਲਖ਼ ਆਵਾਜ਼ ਵਿਚ ਕਿਹਾ |
"ਬੀਬੀ, ਤੂੰ ਤਾਂ ਸੱਚੀਂ ਗੁੱਸਾ ਕਰ ਲਿਆ | ਅਸੀਂ ਤੇਰੇ ਭਲੇ ਦੀ ਸੋਚਦੇ ਸੀ | ਮਰਨ ਵਾਲੇ ਨੇ ਤਾਂ ਮੁੜ ਕੇ ਆਉਣਾ ਨਹੀਂ, ਇਹ ਪਹਾੜ ਜਿਡੀ ਉਮਰ ਤੇਰੇ ਅੱਗੇ ਪਈ ਐ | ਸਾਨੂੰ ਤਾਂ ਇਹੋ ਫਿਕਰ ਐ ਕਿ ਤੂੰ ਏਸ ਨੂੰ ਕਿਵੇਂ ਬਤੀਤ ਕਰੇਂਗੀ? ਤੀਹ ਬੱਤੀ ਸਾਲ ਵੀ ਕੋਈ ਉਮਰ ਹੁੰਦੀ ਐ, ਏਸ ਉਮਰ ਵਿਚ ਤਾਂ ਕਈ ਕੁੜੀਆਂ ਦੇ ਵਿਆਹ ਵੀ ਨਹੀਂ ਹੋਏ ਹੁੰਦੇ |" ਗੇਬੋ ਨੇ ਧੀਰਜ ਨਾਲ ਕਿਹਾ |
"ਫੇਰ ਮੈਨੂੰ ਕੀ ਕਰਨਾ ਚਾਹੀਦੈ?" ਸੰਰਨੀ ਨੇ ਗੁੱਸੇ ਨੂੰ ਆਪਣੇ ਅੰਦਰ ਨਪਦਿਆਂ ਪੁੱਛਿਆ |
"ਸਾਡੀ ਸਲਾਹ ਤਾਂ ਇਹ ਐ ਕਿ ਤੂੰ ਕਿਸੇ ਲੋੜਵੰਦ ਨੂੰ ਆਪਣੇ ਸਿਰ ਧਰ ਲਵੇਂ |"
"ਤੇ ਏਸ ਜੁਆਕੜੀ ਨੂੰ ਫਰੇਜ਼ਰ ਵਿਚ ਧੱਕਾ ਦੇ ਦਿਆਂ ਤੇ ਆਪ ਨਵਾਂ ਖਸਮ ਕਰਨ ਇੰਡੀਆ ਨੂੰ ਤੁਰ ਜਾਵਾਂ?" ਸੰਰਨੀ ਨੇ ਗੁੱਸੇ ਵਿਚ ਕਿਹਾ |
"ਨਾ ਬੀਬੀ, ਇਹ ਕਬੋਲ ਮੂੰਹੋਂ ਨਾ ਕੱੱਢ | ਸੁੱਖੀਂ ਸਾਂਦੀਂ ਏਸ ਨੇ ਆਵਦੇ ਕਰਮ ਖਾਣੇ ਐ | ਤੂੰ ਆਵਦਾ ਅੱਗਾ ਨਹੀਂ ਸੋਚਦੀ | ਅਸੀਂ ਬਹੁਤ ਸੋਚ ਸੋਚ ਕੇ ਇਹ ਗੱਲ ਮੂੰਹੋਂ ਕੱਢੀ ਐ | ਤੇਰੇ ਬਾਈ ਨੇ ਤਾਂ ਇਕ ਮੁੰਡਾ ਦੇਖ ਵੀ ਲਿਐ |"
"ਅੱਛਾ! ਕੌਣ ਐ ਉਹ ਮੰਡਾ, ਜਿਹੜਾ ਤੁਸੀਂ ਮੇਰੇ ਲਈ ਦੇਖ ਲਿਆ?" ਸੰਰਨੀ ਨੇ ਵਿਅੰਗ ਨਾਲ ਪੁੱਛਿਆ |
"ਇੰਡੀਆ ਤੋਂ ਨਵਾਂ ਈ ਆਇਆ ਐ ਤੇ ਤੇਰੇ ਬਾਈ ਨਾਲ ਮਿੱਲ ਵਿਚ ਕੰਮ ਕਰਦੈ | ਪਿੱਛੇ ਸਕੂਲ ਵਿਚ ਪੜ੍ਹਾਉਂਦਾ ਸੀ | ਤੇਰਾ ਹਾਣੀ ਈ ਐ, ਤੀਹ ਪੈਂਤੀ ਸਾਲ ਦਾ | ਘਰ ਵਾਲੀ ਮਰ ਗਈ ਸੀ ਜਣੇਪੇ ਵਿਚ ਈ |" ਸੰਰਨੀ ਦੇ ਵਿਅੰਗ ਨੂੰ ਨਾ ਸਮਝਦਿਆਂ ਹੋਇਆਂ ਗੇਬੋ ਮੁੰਡੇ ਬਾਰੇ ਦੱਸਣ ਲੱਗੀ |
"ਤੇ ਬਾਈ ਨੇ ਉਸ ਮੁੰਡੇ ਨਾਲ ਸਾਰੀ ਗੱਲ ਕਰ ਲਈ ਐ ਤੇ ਮੇਰੇ ਬਾਰੇ ਵੀ ਉਸ ਨੂੰ ਸੱਭੋ ਕੁਸੰ ਦੱਸ ਦਿੱਤੈ?" ਮਨ ਦੀ ਪੀੜ ਨੂੰ ਅੰਦਰੇ ਅੰਦਰ ਘੁਟਦਿਆਂ ਪੁੱਛ ਲਿਆ |
" ਹਾਂ,ਹਾਂ! ਉਹ ਆਪਣਾ ਰਿਸੰਤੇਦਾਰ ਈ ਐ | ਉਸ ਨੂੰ ਤੇਰੇ ਬਾਰੇ ਸਭ ਪਤਾ ਐ | ਉਹ ਇਹ ਰਿਸੰਤਾ ਲੈਣ ਲਈ ਦੋਹੀਂ ਹੱਥੀਂ ਤਿਆਰ ਐ | ਬਸ ਤੂੰ 'ਹਾਂਅ' ਕਹਿ |"
ਆਪਣੇ ਆਪ ਨੂੰ ਜ਼ਬਤ ਵਿਚ ਰੱਖ ਕੇ ਸੰਰਨੀ ਉਸ ਦੀਆਂ ਗੱਲਾਂ ਸੁਣਦੀ ਰਹੀ ਸੀ ਪਰ ਹੁਣ ਉਹ ਆਪਣੇ ਆਪ ਉਪਰ ਕੰਟਰੋਲ ਨਾ ਰੱਖ ਸਕੀ ਤੇ ਗੁੱਸੇ ਵਿਚ ਬੋਲੀ, "ਜੇ ਬਾਈ ਨੇ ਮੇਰੇ ਨਾਲ ਗੱਲ ਕੀਤੀ ਹੁੰਦੀ ਤਾਂ ਮੈਂ ਉਸ ਨੂੰ ਪੁੱਛਦੀ ਕਿ ਜੇ ਮੇਰੀ ਥਾਂ ਉਸ ਦੀ ਸਕੀ ਭੈਣ ਮੀਤੋ ਹੁੰਦੀ ਤਾਂ ਫੇਰ ਵੀ ਉਸ ਨੂੰ ਉਹਦੇ ਦੋਬਾਰਾ ਕਿਸੇ ਦੇ ਘਰ ਬਿਠਾਉਣ ਦਾ ਏਨਾ ਹੀ ਫਿਕਰ ਹੋਣਾ ਸੀ, ਜਿੰਨਾ ਫਿਕਰ ਹੁਣ ਮੇਰੇ ਬਾਰੇ ਕਰ ਰਹੇ ਓ? ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਸਾਨੂੰ ਡੰਕਨ ਲੈ ਜਾਣ ਲਈ ਕਿਉਂ ਜੋਰ ਪਾਉਂਦੇ ਸੀ |"
"ਬੀਬੀ, ਤੂੰ ਸਾਨੂੰ ਬਿਗਾਨਾ ਸਮਝ ਲਿਆ | ਜੇ ਏਸ ਉਮਰ ਵਿਚ ਮੀਤੋ 'ਤੇ ਇਹ ਭਾਣਾ ਵਰਤਿਆ ਹੁੰਦਾ ਤਾਂ ਉਸ ਬਾਰੇ ਵੀ ਅਸੀਂ ਇਹੋ ਸੋਚਣਾ ਸੀ ਜੋ ਤੇਰੇ ਬਾਰੇ ਸੋਚ ਰਹੇ ਆਂ |" ਗੇਬੋ ਨੇ ਉਸ ਦੇ ਗੁੱਸੇ ਨੂੰ ਠਾਰਨਾ ਚਾਹਿਆ |
"ਇਕ ਹੋਰ ਗੱਲ ਮੇਰੀ ਧਿਆਨ ਨਾਲ ਸੁਣ ਲੈ ਭਾਬੀ | ਜਦੋਂ ਮੇਰੀ ਸੱਸ ਨੇ ਆਪਣੇ ਜੇਠ ਨੂੰ ਸਿਰ ਧਰਿਆ ਸੀ ਤਾਂ ਨਿੱਕੀ ਦਾ ਬਾਪੂ ਅਜੇ ਸਾਲ ਦਾ ਵੀ ਨਹੀਂ ਸੀ ਹੋਇਆ ਪਰ ਸਾਰੀ ਉਮਰ ਉਸ ਦੇ ਮਨ ਵਿਚ ਇਕ ਗੰਢ ਜਿਹੀ ਬੱਝੀ ਰਹੀ ਕਿ ਮਾਂ ਨੇ ਇਹ ਕਾਰਾ ਕਿਉਂ ਕੀਤਾ | ਮਾਂ ਬਾਰੇ ਮੇਰੇ ਨਾਲ ਕੀਤੀਆਂ ਗੱਲਾਂ ਤੋਂ ਮੈਂ ਉਸ ਦੇ ਮਨ ਦੀ ਗੱਲ ਸਮਝਦੀ ਸੀ | ਏਥੇ ਤਾਂ ਜਲੌਰ ਜੁਆਨੀ 'ਚ ਪੈਰ ਰਖਣ ਲੱਗੈ ਤੇ ਨਿੱਕੀ ਸੱਤਵੇਂ ਸਾਲ ਵਿਚ ਐ, ਉਹਨਾਂ ਦੇ ਮਨ ਦੀ ਹਾਲਤ ਕੀ ਹੋਵੇਗੀ, ਏਸ ਬਾਰੇ ਤੁਸੀਂ ਕਿਸੇ ਨੇ ਸੋਚਿਐ? ਤੇ ਓਸ ਦੀ ਆਤਮਾ ਮੈਨੂੰ ਫਿਟਕਾਰਾਂ ਨਾ ਪਾਊਗੀ ਕਿ ਮੈਂ ਉਸ ਦਾ ਸਿਵਾ ਵੀ ਠੰਡਾ ਨਈਂ ਹੋਣ ਦਿੱਤਾ ਤੇ ਦੂਜਾ ਖਸਮ ਕਰ ਲਿਆ? ਬਸ ਭਾਬੀ, ਇਹ ਮੇਰੀ ਮਿੰਨਤ ਐ, ਏਸ ਤਰ੍ਹਾਂ ਦੀ ਕੋਈ ਵੀ ਗੱਲ ਤੇ ਕਦੇ ਵੀ ਮੇਰੇ ਨਾਲ ਨਹੀਂ ਕਰਨੀ, ਇਹ ਮੇਰਾ ਆਖਰੀ ਫੈਸਲਾ ਐ |" ਇਹ ਆਖ ਉਹ ਉੱਚੀ ਉੱਚੀ ਰੋਣ ਲੱਗੀ |
ਸੰਰਨੀ ਦੇ ਰੋਣ ਦੀ ਆਵਾਜ਼ ਸੁਣ ਕੇ ਨਿੱਕੀ ਦੀ ਜਾਗ ਖੁੱਲ੍ਹ ਗਈ ਅਤੇ ਉਹ ਵੀ ਉਠ ਕੇ ਰੋਣ ਲੱਗੀ | ਸੰਰਨੀ ਨੇ ਆਪਣੇ ਰੋਣ 'ਤੇ ਕਾਬੂ ਪਾ ਲਿਆ ਤੇ ਨਿੱਕੀ ਨੂੰ ਬੁੱਕਲ ਵਿਚ ਲੈ ਕੇ ਚੁੱਪ ਕਰਾਉਣ ਲੱਗੀ | ਅਜੇ ਨਿੱਕੀ ਰੋ ਹੀ ਰਹੀ ਸੀ ਕਿ ਤਰਸੇਮ ਅਤੇ ਜਲੌਰ ਵੀ ਬਾਹਰੋਂ ਆ ਗਏ | ਸੰਰਨੀ ਦੀਆਂ ਅੱਖਾਂ ਵਿਚ ਹੰਝੂ ਅਤੇ ਗੇਬੋ ਨੂੰ ਚੁੱਪ ਤੇ ਉਦਾਸ ਜਿਹੀ ਬੈਠੀ ਦੇਖ ਕੇ ਤਰਸੇਮ ਨੇ ਸਮਝ ਲਿਆ ਕਿ ਸੰਰਨੀ ਨੇ ਉਹਦੀ ਗੱਲ ਨਹੀਂ ਮੰਨੀ | ਉਹ ਆਪੋ ਵਿਚ ਘੂਰ ਮਸੂਰੇ ਵੀ ਹੋ ਕੇ ਹਟੀਆਂ ਹੋਣਗੀਆਂ | ਇਹ ਸੋਚ ਕੇ ਤਰਸੇਮ ਨੇ ਵੀ ਇਸ ਬਾਰੇ ਹੋਰ ਕੋਈ ਗੱਲ ਨਹੀਂ ਕੀਤੀ ਪਰ ਜਲੌਰ ਆਪਣੀ ਮਾਂ ਵੱਲ ਕੌੜੀ ਜਿਹੀ ਨਿਗਾਹ ਨਾਲ ਜ਼ਰੂਰ ਦੇਖਦਾ ਰਿਹਾ | ਰਾਤ ਨੂੰ ਵੀ ਉਹਨਾਂ ਰਸਮੀ ਜਿਹੀਆਂ ਗੱਲਾਂ ਕੀਤੀਆਂ ਅਤੇ ਅਗਲੇ ਦਿਨ ਉਹ ਡੰਕਨ ਨੂੰ ਵਾਪਸ ਮੁੜ ਗਏ |
*************************
ਜੈਰੀ ਦੀ ਦਾਸਤਾਂ
ਜਲੌਰ ਸਿੰਘ ਆਪਣਾ, ਨੌਵੇਂ ਗ੍ਰੇਡ ਦਾ ਰਿਪੋਰਟ ਕਾਰਡ ਲੈ ਕੇ ਸਕੂਲ ਵਿਚੋਂ ਬਾਹਰ ਨਿਕਲਿਆ ਤਾਂ ਉਸ ਨੂੰ ਪਿੱਛੋਂ ਆਵਾਜ਼ ਸੁਣੀ, "ਜੈਰੀ! ਠਹਿਰ ਜਾ ਮੈਂ ਵੀ ਤੇਰੇ ਨਾਲ ਹੀ ਚਲਦਾ ਹਾਂ |" ਉਸ ਨੇ ਪਿੱਛੇ ਭੌਂ ਕੇ ਦੇਖਿਆ ਤਾਂ ਉਸ ਦਾ ਦੋਸਤ ਮਕੈਨਜੀ ਤੇਜ ਕਦਮੀ ਤੁਰਿਆ ਆ ਰਿਹਾ ਸੀ | ਉਸ ਨੇ ਕੋਲ ਆ ਕੇ ਹੱਥ ਮਿਲਾਉਂਦਿਆਂ ਕਿਹਾ, "ਜੈਰੀ, ਤੈਨੂੰ ਬਹੁਤ ਬਹੁਤ ਮੁਬਾਰਕਾਂ | ਮੈਂ ਤੇਰਾ ਨਾਮ ਆਨ੍ਹਰ-ਰੋਲ ਵਾਲਿਆਂ ਵਿਚ ਪੜ੍ਹ ਕੇ ਆਇਆ ਹਾਂ | ਹਿਸਾਬ 'ਚੋਂ ਸੀ ਆਉਣ ਕਰਕੇ ਮੈਂ ਆਨ੍ਹਰ-ਰੋਲ 'ਤੇ ਆਉਣੋ ਰਹਿ ਗਿਆ | ਤੇਰਾ ਤਾਂ ਹਿਸਾਬ ਵਿਚੋਂ ਏ ਪਲੱਸ ਹੋਣੈ?"
"ਹਾਂਅ, ਸਾਇੰਸ ਵਿਚੋਂ ਵੀ ਏ ਪਲੱਸ ਹੈ |"
"ਵਾਹ! ਫੇਰ ਤਾਂ ਤੂੰ ਕਮਾਲ ਕਰ ਦਿੱਤੀ | ਛੁੱਟੀਆਂ ਵਿਚ ਕਿਧਰ ਘੁੰਮਣ ਫਿਰਨ ਦਾ ਇਰਾਦਾ ਹੈ?"
"ਕਿਧਰੇ ਵੀ ਨਹੀਂ | ਮਾਂ ਤਾਂ ਕਹਿੰਦੀ ਹੈ ਕਿ ਇੱਥੋਂ ਚਲੇ ਜਾਣਾ ਹੈ |"
"ਕਿੱਥੇ ਜਾਣ ਦੀ ਸਲਾਹ ਹੈ?"
"ਸੰਾਇਦ ਇੰਡੀਆ ਚਲੇ ਜਾਈਏ |"
"ਛੁੱਟੀਆਂ ਕੱਟਣ?"
"ਨਹੀਂ ਪੱਕੇ ਹੀ |"
"ਕਿਉਂ?"
"ਮੇਰੇ ਬਾਪ ਦੀ ਮੌਤ ਹੋ ਜਾਣ ਮਗਰੋਂ, ਹੁਣ ਸਾਡਾ ਇੱਥੇ ਰਹਿਣਾ ਬਹੁਤ ਮੁਸ਼ਕਲ ਹੈ | ਘਰ ਦਾ ਕਰਾਇਆ ਤੇ ਹੋਰ ਖਰਚਿਆਂ ਦੇ ਨਾਲ, ਮੇਰੀ ਪੜ੍ਹਾਈ ਦੇ ਖਰਚੇ ਪੂਰੇ ਕਰਨੇ ਔਖੇ ਹੋ ਜਾਣੇ ਹਨ |"
"ਫੇਰ ਤੂੰ ਛੁੱਟੀਆਂ ਵਿਚ ਕੋਈ ਕੰਮ ਕਿਉਂ ਨਹੀਂ ਕਰ ਲੈਂਦਾ | ਤੇਰੀ ਪੜ੍ਹਾਈ ਦਾ ਖਰਚਾ ਤਾਂ ਨਿਕਲ ਹੀ ਆਊ ਅਤੇ ਆਪਣੀ ਮਾਂ ਨੂੰ ਕਹਿ, ਉਹ ਵੀ ਕੋਈ ਕੰਮ ਭਾਲ ਲਵੇ | ਖਰਚੇ ਕਾਰਨ ਇੱਥੋਂ ਛੱਡ ਕੇ ਜਾਣ ਦੀ ਕੀ ਲੋੜ ਹੈ | ਜਿੱਥੇ ਜਾਉਗੇ ਉੱਥੇ ਵੀ ਤਾਂ ਕੰਮ ਕਰਨਾ ਹੀ ਪਵੇਗਾ |"
"ਸਾਡੀਆਂ ਔਰਤਾਂ ਬਾਹਰ ਜਾ ਕੇ ਕੰਮ ਨਹੀਂ ਕਰਦੀਆਂ |"
"ਇਹ ਮਾੜੀ ਗੱਲ ਹੈ |"
"ਨਹੀਂ, ਮੈਂ ਆਪ ਵੀ ਨਹੀਂ ਚਾਹੁੰਦਾ ਕਿ ਮੇਰੀ ਮਾਂ ਕਿਤੇ ਬਾਹਰ ਜਾ ਕੇ ਕੰਮ ਕਰੇ ਪਰ ਮੈਂ ਛੁੱਟੀਆਂ ਵਿਚ ਜ਼ਰੂਰ ਕੰਮ ਦੀ ਭਾਲ ਕਰਾਂਗਾ |"
"ਚੱਲ ਕਿਤੇ ਬੈਠ ਕੇ ਕਾਫ਼ੀ ਪੀ ਲਈਏ?"
"ਨਹੀਂ, ਮੈਨੂੰ ਜ਼ਰਾ ਕਾਹਲੀ ਹੈ, ਕਦੀ ਫੇਰ ਸਹੀ |"
ਉਹ ਦੋਵੇਂ ਦੋਸਤ ਗੱਲਾਂ ਕਰਦੇ ਹੋਏੇ ਬਹੁਤ ਦੂਰ ਨਿਕਲ ਆਏ ਸਨ | ਮਕੈਨਜੀ ਦਾ ਘਰ ਵੀ ਨੇੜੇ ਆ ਗਿਆ ਸੀ | ਜਲੌਰ ਉਸ ਨਾਲੋਂ ਨਿਖੜ ਕੇ ਘਰ ਜਾਣ ਦੀ ਥਾਂ ਫਰੇਜ਼ਰ ਦਰਿਆ ਵੱਲ ਮੁੜ ਗਿਆ |
ਬਾਹਰ ਮੀਂਹ ਪੈਂਦਾ ਹੋਣ ਕਰਕੇ ਸੰਰਨੀ ਨੇ ਕਪੜੇ ਧੋ ਕੇ ਕਮਰੇ ਅੰਦਰ ਹੀ ਏਧਰ ਓਧਰ ਪਾ ਦਿੱਤੇ | ਕਪੜੇ ਧੋਣ ਮਗਰੋਂ ਪਹਿਲਾਂ ਉਸ ਨੇ ਨਿੱਕੀ ਨੂੰ ਨੁਹਾਇਆ ਅਤੇ ਫੇਰ ਆਪ ਨੁਹਾਉਣ ਲਈ ਵਾਸੰਰੂਮ ਵਿਚ ਵੜ ਗਈ | ਕਪੜੇ ਲਾਹੁੰਦਿਆਂ ਸਹਿਜੇ ਹੀ ਉਸ ਦੀ ਨਿਗਾਹ ਸੰੀਸੰੇ ਉਪਰ ਪੈ ਗਈ | ਉਸ ਨੂੰ ਆਪਣਾ ਸਰੀਰ ਵਿਆਹ ਤੋਂ ਪਹਿਲਾਂ ਨਾਲੋਂ ਵੀ ਮਜ਼ਬੂਤ ਅਤੇ ਗੁੰਦਵਾਂ ਜਾਪਿਆ | ਬਹੁਤ ਦੇਰ ਤਕ ਉਹ ਸੰੀਸੰੇ ਸਾਹਮਣੇ ਖੜ੍ਹੀ ਆਪਣੇ ਨਗਨ ਸਰੀਰ ਨੂੰ ਨਿਹਾਰਦੀ ਹੋਈ ਅੰਗ ਅੰਗ ਨੂੰ ਪਲੋਸਦੀ ਰਹੀ | ਫਿਰ ਉਸ ਇਕ ਲੰਮਾ ਹਉਕਾ ਲਿਆ ਅਤੇ ਬਿਨਾਂ ਨਹਾਤਿਆਂ ਹੀ ਕਪੜੇ ਪਾ ਕੇ ਬਾਹਰ ਆ ਗਈ | ਨਿੱਕੀ ਕਮਰੇ ਦੀ ਨੁੱਕਰ ਵਿਚ ਬੈਠੀ ਆਪਣੇ ਖਿਡਾਉਣਿਆਂ ਨਾਲ ਖੇਡ ਰਹੀ ਸੀ | ਮਾਂ ਵੱਲ ਦੇਖ ਕੇ ਉਹ ਬੋਲੀ, " ਬੀਬੀ, ਤੂੰ ਸਿਰ ਨਹੀਂ ਵਾਹਿਆ?"
"ਮੇਰੇ ਸਿਰ ਪੀੜ ਹੁੰਦੀ ਸੀ | ਤੂੰ ਮਫਨ ਖਾ ਕੇ ਦੁੱਧ ਪੀ ਲਵੀਂ, ਮੇਰਾ ਰੋਟੀ ਪਕਾਉਣ ਨੂੰ ਚਿੱਤ ਨਈਂ ਕਰਦਾ |"
"ਮੈਂ ਤਾਂ ਰੋਟੀ ਖਾਊਂਗੀ | ਵੀਰੇ ਵਾਸਤੇ ਵੀ ਤਾਂ ਰੋਟੀ ਪਕਾਉਣੀ ਐ |"
"ਤੇਰਾ ਇਹ ਵੀਰਾ ਵੀ ਪਤਾ ਨਈਂ ਕਿਉਂ ਬਦਲੇ ਲੈਂਦੈ | ਸਵੇਰ ਦਾ ਘਰੋਂ ਨਿਕਲਿਆ ਅਜੇ ਤਾਈਂ ਨਹੀਂ ਮੁੜਿਆ | ਹਰੋ'ਜ ਸਵੇਰੇ ਘਰੋਂ ਨਿਕਲ ਜਾਂਦੈ ਤੇ ਸੋਤੇ ਪਏ ਮੁੜਦੈ | ਪਤਾ ਨਈਂ ਕਿੱਥੇ ਕਿੱਥੇ ਧੱਕੇ ਖਾਂਦਾ ਫਿਰਦਾ ਰਹਿੰਦੈ |" ਇਹ ਆਖ ਕੇ ਉਹ ਅੰਦਰ ਜਾਕੇ ਮੰਜੇ 'ਤੇ ਲੇਟ ਗਈ |
"ਲਿਆ ਬੀਬੀ ਮੈਂ ਤੇਰਾ ਸਿਰ ਘੁਟ ਦੇਵਾਂ |" ਨਿੱਕੀ ਨੇ ਉਸ ਦੇ ਕੋਲ ਮੰਜੇ ਉਪਰ ਬੈਠਦਿਆਂ ਕਿਹਾ |
"ਨੀ ਤੂੰ ਪਰ੍ਹਾਂ ਮਰ, ਇਹਨੇ ਵੀ ਮੇਰਾ ਸਿਰ ਖਾਣਾ ਲਿਐ |" ਉਸ ਨੇ ਨਿੱਕੀ ਨੂੰ ਧਫਾ ਮਾਰ ਕੇ ਪਾਸੇ ਕਰ ਦਿੱਤਾ | ਮਾਂ ਦਾ ਇਹ ਰਵੱਈਆ ਦੇਖ ਨਿੱਕੀ ਇਕ ਦਮ ਠਠੰਬਰ ਗਈ ਤੇ ਪਰ੍ਹਾਂ ਖੂੰਜੇ ਵਿਚ ਜਾ ਕੇ ਡੁਸਕਣ ਲੱਗ ਪਈ | ਸੰਰਨੀ ਦੇ ਅੰਦਰੋਂ ਇਕ ਗੁਬਾਰ ਜਿਹਾ ਉੱਠਿਆ ਤੇ ਉਹ ਆਪਣੇ ਰੋਣ 'ਤੇ ਕਾਬੂ ਪਾ, ਭੱਜ ਕੇ ਵਾਸੰਰੂਮ ਵਿਚ ਜਾ ਵੜੀ | ਕੁਝ ਚਿਰ ਉੱਥੇ ਉਹ ਦੱਬਵੇਂ ਹਉਕੇ ਭਰ ਭਰ ਰੋਂਦੀ ਰਹੀ ਤੇ ਫੇਰ ਬਾਹਰ ਆ ਕੇ ਉਸ ਨੇ ਨਿੱਕੀ ਨੂੰ ਫੜ ਕੇ ਆਪਣੇ ਸੀਨੇ ਨਾਲ ਲਾ ਲਿਆ | ਉਸ ਨੂੰ ਸੀਨੇ ਨਲ ਲਾਈ ਹੀ ਉਹ ਬੈਡ ਉਪਰ ਆ ਕੇ ਲੇਟ ਗਈ ਅਤੇ ਨਿੱਕੀ ਨੂੰ ਥਾਪੜਦੀ ਹੋਈ ਬੋਲੀ, "ਨਾ ਮੇਰੀ ਧੀ, ਰੋਈ ਦਾ ਨਈਂ ਹੁੰਦਾ | ਰੋਣ ਸਾਡੇ ਵੈਰੀ | ਤੂੰ ਕਿਉਂ ਰੋਵੇਂ | ਮੈਂ ਤੈਨੂੰ ਸੋਹਣੀ ਜਿਹੀ ਸਕਰਟ ਲਿਆ ਕੇ ਦਿਊਂਗੀ ਪਰ ਤੂੰ ਮੈਨੂੰ ਤੰਗ ਨਾ ਕਰਿਆ ਕਰ | ਬੀਬੀਆਂ ਕੁੜੀਆਂ ਮਾਵਾਂ ਨੂੰ ਤੰਗ ਨਈਂ ਕਰਦੀਆਂ, ਖਿਝਾਉਂਦੀਆਂ ਨਈਂ ਹੁੰਦੀਆਂ |" ਇਹ ਕਹਿੰਦਿਆਂ ਮੁੜ ਉਸ ਦਾ ਗਲਾ ਭਰ ਆਇਆ |
ਉਹ ਖਿੱਝੀ ਖਿੱਝੀ ਤਾਂ ਉਸ ਦਿਨ ਤੋਂ ਹੀ ਰਹਿੰਦੀ ਸੀ, ਜਿਸ ਦਿਨ ਦੇ ਤਰਸੇਮ ਹੁਰੀਂ ਉਸ ਦੀ ਪਹਿਲਾਂ ਤੋਂ ਹੀ ਅਸੰਾਂਤ ਜ਼ਿੰਦਗੀ ਵਿਚ ਹੋਰ ਖਲਬਲੀ ਮਚਾ ਗਏ ਸਨ | ਪਰ ਕੱਲ੍ਹ ਐਤਵਾਰ ਹੋਣ ਕਰਕੇ ਜਦੋਂ ਉਹ ਗੁਰਦਵਾਰੇ ਗਈ ਸੀ ਤਾਂ ਸੰਗਤ ਵਿਚ ਬੈਠੇ ਇਕ ਆਦਮੀ ਵੱਲ ਉਂਗਲ ਕਰਕੇ ਗਰੰਥੀ ਦੇ ਘਰ ਵਾਲੀ ਨੇ ਦੱਸਿਆ ਸੀ,'ਅਹੁ ਬੰਦਾ ਤਰਸੇਮ ਹੁਰਾਂ ਕੋਲ ਡੰਕਨ ਰਹਿੰਦੈ ਤੇ ਏਸ ਨੂੰ ਇੰਡੀਆ ਤੋਂ ਆਏ ਨੂੰ ਥੋੜਾ ਚਿਰ ਹੀ ਹੋਇਐ |'
ਸੰਰਨੀ ਨੇ ਕਿਆਸ ਲਾਇਆ ਕਿ ਇਹ ਉਹੋ ਆਦਮੀ ਹੋਵੇਗਾ ਜਿਸ ਦੇ ਨਾਲ ਉਹ, ਉਸ ਦੀ ਜ਼ਿੰਦਗੀ ਜੋੜਨ ਬਾਰੇ ਸੋਚਦੇ ਸਨ | ਉਸ ਨੇ ਸੋਚਿਆ,'ਤਰਸੇਮ ਨੇ ਜਾਣ ਬੁੱਝ ਕੇ ਏਸ ਨੂੰ ਵੈਨਕੂਵਰ ਘੱਲਿਐ ਤਾਂ ਜੋ ਮੈਂ ਏਸ ਨੂੰ ਦੇਖ ਕੇ ਡੋਲ ਜਾਵਾਂ | ਸੰਕਲ ਸੂਰਤੋਂ ਭਾਵੇਂ ਚੰਗਾ ਲਗਦੈ ਪਰ ਮੈਂ ਕਿਵੇਂ ਉਸ ਨੂੰ ਆਪਣੇ ਸਿਰ ਧਰ ਸਕਦੀ ਆਂ | ਲੋਕ ਕੀ ਕਹਿਣਗੇ? ਜਲੌਰ ਕੀ ਸੋਚੂਗਾ? ਫੇਰ ਨਿੱਕੀ ਦਾ ਕੀ ਬਣੂਗਾ? ਨਹੀਂ, ਮੈਂ ਆਪਣੇ ਮਨ ਨੂੰ ਡੋਲਣ ਨਹੀਂ ਦੇਣਾ | ਜਿੰਨਾ ਕੁ ਨਸੀਬਾਂ ਵਿਚ ਸੁਖ ਲਿਖਿਆ ਸੀ, ਉਹ ਭੋਗ ਲਿਆ | ਜੇ ਕਰਮਾਂ 'ਚ ਸੁਖ ਹੁੰਦਾ ਤਾਂ ਉਹ ਮਰਦਾ ਹੀ ਕਿਉਂ | ਹੁਣ ਤਾਂ ਓਸੇ ਨੂੰ ਯਾਦ ਕਰਕੇ ਦਿਨ ਕੱਢਣੇ ਪੈਣੇ ਐ | ਹੁਣ ਏਥੇ ਰਹਿਣਾ ਵੀ ਨਹੀਂ, ਬਸ ਇੰਡੀਆ ਚਲੇ ਜਾਣੈ | ਏਥੇ ਰਹਿਣਾ ਵੀ ਕੀਦ੍ਹੇ ਆਸਰੇ ਐ | ਸਾਰੇ ਮਤਲਬੀ ਐ | ਤਰਸੇਮ ਕਿਵੇਂ 'ਭੈਣ, ਭੈਣ' ਕਰਦਾ ਸੀ ਤੇ ਗੇਬੋ ਦਾ ਵੀ 'ਬੀਬੀ' ਬੀਬੀ' ਕਹਿੰਦੀ ਦਾ ਮੂੰਹ ਸੁਕਦਾ ਸੀ | ਭੈਣ ਦੇ ਥਾਂ ਬਹਿਣੇ ਆਈ ਕੁੜੀ ਭੈਣ ਥੋੜੇ ਬਣ ਜਾਂਦੀ ਐ | ਇਹ ਸਭ ਦਿਖਾਵਾ ਐ | ਉਹ ਤਾਂ ਭੈਣ, ਬੀਬੀ, ਕਹਿ ਕੇ ਮੇਰਾ ਮੁੱਲ ਵੱਟਣਾ ਚਾਹੁੰਦੇ ਸੀ | ਉਹ ਕੋਈ ਭਰਾ ਨਈਂ ਐ, ਉਹ ਤਾਂ ਮੇਰੀ ਜਾਨ ਦੇ ਵੈਰੀ ਐ |' ਇਸ ਤਰ੍ਹਾਂ ਦੀਆਂ ਸੋਚਾਂ ਸੋਚਦੀ ਹੋਈ ਉਹ ਨੀਂਦ ਦੀ ਗੋਦ ਵਿਚ ਚਲੀ ਗਈ | ਜਦ ਕਮਰੇ ਅੰਦਰ ਖੜਾਕ ਹੋਇਆ ਤਾਂ ਉਸ ਦੀ ਅੱਖ ਖੁੱਲ ਗਈ | ਉਸ ਦੇਖਿਆ ਕਿ ਜਲੌਰ ਰਸੋਈ ਵਿਚੋਂ ਖਾਣ ਲਈ ਕੁਝ ਟੋਲ ਰਿਹਾ ਸੀ |
"ਹੋ ਗਿਆ ਤੇਰੇ ਘਰ ਆਉਣ ਦਾ ਵੇਲ਼ਾ? ਸਾਰੀ ਦਿਹਾੜੀ ਬਾਹਰ ਈ ਕੁੱਤੇ ਭਕਾਈ ਕਰਦਾ ਫਿਰਦਾ ਰਹਿਨੈ | ਘਰ ਮੁੜਨ ਦਾ ਨਾਅ ਈ ਨਈਂ ਲੈਂਦਾ |" ਸੰਰਨੀ ਨੇ ਗੁੱਸੇ ਵਿਚ ਮੱਥੇ ਵਟ ਪਾਉਂਦਿਆਂ ਕਿਹਾ |
"ਮੈਂ ਕੋਈ ਐਵੇਂ ਨਹੀਂ ਸੀ ਤੁਰਿਆ ਫਿਰਦਾ | ਕੰਮ ਦੀ ਭਾਲ਼ ਵਿਚ ਈ ਬਾਹਰ ਜਾਂਦਾ ਸੀ ਤੇ ਹੁਣ ਮੈਨੂੰ ਪਲਪ ਮਿੱਲ ਵਿਚ ਕੰਮ ਮਿਲ ਗਿਆ |" ਜਲੌਰ ਨੇ ਸੰਰਨੀ ਦੇ ਗੁਸੈਲੇ ਬੋਲਾਂ ਦੀ ਪਰਵਾਹ ਕੀਤੇ ਬਿਨਾਂ ਆਪਣੀ ਗੱਲ ਕਹਿ ਦਿੱਤੀ |
"ਕਿਉਂ, ਸਕੂਲ ਨਈ ਜਾਇਆ ਕਰਨਾ?"
"ਨਹੀਂ, ਹੁਣ ਮੈਂ ਨਹੀਂ ਪੜ੍ਹਨਾ | ਪੜ੍ਹਨ ਵਾਸਤੇ ਤੇ ਖਾਣ ਵਾਸਤੇ ਪੈਸੇ ਕਿਥੋਂ ਆਉਣਗੇ? ਏਸੇ ਕਰਕੇ ਮੈਂ ਫੈਸਲਾ ਕਰ ਲਿਆ ਏ ਕਿ ਪੜ੍ਹਾਈ ਛੱਡ ਕੇ ਕੰਮ ਕਰਿਆ ਕਰਾਂ |"
"ਜੇ ਤੈਂ ਪੜ੍ਹਨਾ ਨਈਂ ਤਾਂ ਕੋਈ ਕੰਮ ਕਰਨ ਦੀ ਵੀ ਲੋੜ ਨਈਂ | ਹੁਣ ਅਸੀਂ ਏਥੇ ਨਈਂ ਰਹਿਣਾ, ਵਾਪਸ ਦੇਸ ਨੂੰ ਮੁੜ ਜਾਣੈ | ਮੇਰਾ ਵੀ ਇਹ ਪੱਕਾ ਫੈਸਲਾ ਐ |" ਸੰਰਨੀ ਨੇ ਦ੍ਰਿੜ ਇਰਾਦੇ ਨਾਲ ਕਿਹਾ |
"ਓਥੇ ਕੀਦ੍ਹੇ ਕੋਲ ਜਾਵਾਂਗੇ ਤੇ ਜਾ ਕੇ ਕੀ ਕਰਾਂਗੇ? ਤੂੰ ਹੀ ਕਹਿੰਦੀ ਸੀ ਕਿ ਬਾਪੂ ਨੇ ਸਾਰੀ ਜ਼ਮੀਨ ਚਾਚੇ ਨਸੀਬ ਦੇ ਨਾਂਅ ਕਰਾ ਦਿੱਤੀ ਸੀ | ਦਾਦਾ ਦਾਦੀ ਵੀ ਨਹੀਂ ਰਹੇ | ਓਥੇ ਕਿਸੇ ਨੇ ਸਾਨੂੰ ਆਪਣੇ ਨੇੜੇ ਨਹੀਂ ਲਗੱਣ ਦੇਣਾ |" ਜਲੌਰ ਨੇ ਇਉਂ ਗੱਲ ਕੀਤੀ ਜਿਵੇਂ ਕੋਈ ਵਡੇਰੀ ਉਮਰ ਦਾ ਬਜ਼ੁਰਗ ਬੋਲ ਰਿਹਾ ਹੋਵੇ |
ਜਲੌਰ ਦੀ ਗੱਲ ਸੁਣ ਕੇ ਸੰਰਨੀ, ਹੈਰਾਨੀ ਨਾਲ ਉਸ ਦੇ ਮੂੰਹ ਵੱਲ ਦੇਖਣ ਲੱਗ ਪਈ | ਉਹ ਲੰਮ ਸਲੰਮਾ ਗਭਰੂ ਜਵਾਨ ਦਿਸ ਰਿਹਾ ਸੀ ਤੇ ਚਿਹਰੇ ਉਪਰ ਲੂਈਂ ਫੁਟ ਰਹੀ ਸੀ | ਉਹ ਤਾਂ ਜਲੌਰ ਨੂੰ ਅਜੇ ਜੁਆਕੜਾ ਜਿਹਾ ਹੀ ਸਮਝ ਰਹੀ ਸੀ | ਉਹ ਸੋਚੀਂ ਪੈ ਗਈ | ਕੁਝ ਚਿਰ ਦੀ ਚੁੱਪ ਮਗਰੋਂ ਉਹ ਬੋਲੀ, "ਮੈਂ ਨਈਂ ਚਾਹੁੰਦੀ ਕਿ ਤੂੰ ਆਵਦੀ ਪੜ੍ਹਾਈ ਛੱਡੇਂ | ਤੇਰਾ ਬਾਪੂ ਤੈਨੂੰ ਬਹੁਤਾ ਪੜ੍ਹਿਆ ਲਿਖਿਆ ਦੇਖਣਾ ਚਾਹੁੰਦਾ ਸੀ |"
"ਬਾਪੂ ਦੀ ਰੀਝ ਬਾਪੂ ਨਾਲ ਹੀ ਚਲੀ ਗਈ | ਹੁਣ ਮੇਰੇ ਕੋਲੋਂ ਪੜ੍ਹ ਨਹੀਂ ਹੋਣਾ |"
"ਨਹੀਂ, ਉਸ ਦੀਆਂ ਰੀਝਾਂ ਨੂੰ ਮੈਂ ਪੂਰਾ ਕਰੂੰਗੀ | ਤੇਰੇ ਬਾਪੂ ਦਾ ਇਕ ਦੋਸਤ ਐ ਗਿੱਲ | ਉਸ ਨੇ ਐਬਸਫੌਰਡ ਵਿਚ ਇਕ ਫਾਰਮ ਖਰੀਦ ਲਿਆ ਸੀ | ਉਹਨਾਂ ਦੀਆਂ ਬੁੜ੍ਹੀਆਂ ਫਾਰਮ ਵਿਚ ਕੰਮ ਕਰਦੀਆਂ ਐ | ਆਪਾਂ ਓਥੇ ਚਲੇ ਜਾਂਦੇ ਆਂ | ਮੈਂ ਵੀ ਫਾਰਮ ਵਿਚ ਉਹਨਾਂ ਨਾਲ ਕੰਮ ਕਰ ਲਿਆ ਕਰੂੰਗੀ ਤੇ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਿਓ |"
"ਨਹੀਂ, ਅਸੀਂ ਇੱਥੋਂ ਕਿਤੇ ਨਹੀਂ ਜਾਣਾ | ਨਾ ਹੀ ਮੈਂ ਥੋਨੂੰ ਕੋਈ ਕੰਮ ਕਰਨ ਦੇਣਾ ਹੈ | ਹੁਣ ਮੈਨੂੰ ਕੰਮ ਮਿਲ ਗਿਆ ਏ ਤੇ ਮੈਂ ਹੀ ਕੰਮ 'ਤੇ ਜਾਇਆ ਕਰਾਂਗਾ |" ਜਲੌਰ ਇਹ ਆਖ ਫੇਰ ਘਰੋਂ ਬਾਹਰ ਨਿਕਲ ਗਿਆ |
************
ਬੀ।ਸੀ। ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਖਤਮ ਹੋ ਗਈਆਂ ਸਨ | ਅੱਜ ਸਕੂਲ ਖੁਲ੍ਹਣ ਦਾ ਪਹਿਲਾ ਦਿਨ ਸੀ | ਸਕੂਲਾਂ ਵਿਚ ਮੁੜ ਤੋਂ ਚਹਿਲ ਪਹਿਲ ਹੋ ਗਈ ਸੀ | ਪਾੜ੍ਹੇ ਆਪਣੇ ਦੋਸਤਾਂ ਨੂੰ ਜੱਫੀਆਂ ਪਾ ਪਾ ਮਿਲ ਰਹੇ ਸਨ ਅਤੇ ਛੁੱਟੀਆਂ ਵਿਚ ਕੀਤੀਆਂ ਸੈਰਾਂ ਦੀਆਂ ਕਹਾਣੀਆਂ ਨੂੰ ਮਸਾਲੇ ਲਾ ਲਾ ਇਕ ਦੂਜੇ ਨੂੰ ਸੁਣਾ ਰਹੇ ਸਨ | ਨਵੀਆਂ ਕਲਾਸਾਂ ਵਿਚ ਰਜਿਸਟਰੇਸੰਨ ਹੋਣ ਕਰਕੇ ਪੜ੍ਹਾਈ ਨਹੀਂ ਸੀ ਹੋ ਰਹੀ | ਮੁੰਡੇ ਕੁੜੀਆਂ ਟੋਲੀਆਂ ਬਣਾਈ ਇਧਰ ਉਧਰ ਘੁੰਮ ਫਿਰ ਰਹੇ ਸਨ ਜਾਂ ਕਿਸੇ ਕੋਨੇ ਵਿਚ ਖੜ੍ਹੇ ਗੱਪਾਂ ਮਾਰ ਰਹੇ ਸਨ | ਪੀਟਰ, ਮੈਰੀ, ਮਕੈਨਜੀ ਤੇ ਪੈਨੀ ਵੀ ਸਕੂਲ ਦੇ ਜਿਮ ਵਿਚ ਇਕ ਪਾਸੇ ਗਰੁਪ ਬਣਾਈ ਖੜ੍ਹੇ ਸਨ | ਹੌਲੀ ਹੌਲੀ ਤੁਰਦੀ ਹੋਈ ਸੈਰਾ ਵੀ ਉਹਨਾਂ ਕੋਲ ਆ ਗਈ | ਚਾਰੇ ਮਿੱਤਰ ਉਸ ਨੂੰ ਜਫੀਆਂ ਪਾ ਕੇ ਮਿਲੇ | 'ਛੁੱਟੀਆਂ ਵਿਚ ਕਿੱਥੋਂ ਕਿੱਥੋਂ ਦੀਆਂ ਸੈਰਾਂ ਕੀਤੀਆਂ?" ਪੈਨੀ ਨੇ ਪੁੱਛਿਆ |
"ਏਸ ਵਾਰ ਤਾਂ ਕਿਤੇ ਜਾਣ ਦਾ ਮੌਕਾ ਈ ਨਹੀਂ ਮਿਲਿਆ |"
"ਜੇ ਇਹਦਾ ਮਿੱਤਰ ਨਾਲ ਜਾਣ ਦੀ ਹਾਮ੍ਹੀ ਭਰਦਾ ਤਾਂਹੀ ਮੌਕਾ ਬਣਨਾ ਸੀ |" ਮਕੈਨਜੀ ਨੇ ਮਖੌਲ ਨਾਲ ਕਿਹਾ |
"ਇਹ ਗੱਲ ਨਹੀਂ | ਡੈਡੀ ਦਾ ਐਕਸੀਡੈਂਟ ਹੋ ਗਿਆ ਸੀ, ਉਹ ਦੋ ਹਫਤੇ ਹਸਪਤਾਲ ਵਿਚ ਰਿਹਾ, ਮੈਨੂੰ ਹਰ ਰੋਜ਼ ਉਸ ਕੋਲ ਜਾਣਾ ਪੈਂਦਾ ਸੀ |" ਸੈਰਾ ਨੇ ਛੁੱਟੀਆਂ ਵਿਚ ਕਿਤੇ ਬਾਹਰ ਨਾ ਜਾਣ ਦਾ ਕਾਰਨ ਦਸਿਆ |
"ਜੈਰੀ ਕਿਤੇ ਸਕੂਲ ਵਿਚ ਨਹੀਂ ਦਿਸਿਆ |" ਮੈਰੀ ਨੇ ਸੈਰਾ ਵੱਲ ਮੂੰਹ ਕਰਕੇ ਕਿਹਾ |
"ਉਸ ਨੇ ਹੁਣ ਸਕੂਲ ਵਿਚ ਨਹੀਂ ਆਉਣਾ |" ਮਕੈਨਜੀ ਨੇ ਦੱਸਿਆ |
"ਕਿਉਂ?" ਸਾਰੇ ਦੋਸਤਾਂ ਦੇ ਮੂੰਹੋਂ ਇਕੱਠੇ ਹੀ ਨਿਕਲਿਆ |
"ਉਸ ਦੇ ਡੈਡੀ ਦੀ ਮੌਤ ਹੋ ਜਾਣ ਮਗਰੋਂ ਘਰ ਵਿਚ ਹੋਰ ਕੋਈ ਕੰਮ ਕਰਨ ਵਾਲਾ ਨਹੀਂ ਸੀ ਤੇ ਘਰ ਦੇ ਖਰਚਿਆਂ ਲਈ ਉਸੇ ਨੂੰ ਕੰਮ ਕਰਨਾ ਪੈਣਾ ਹੈ |" ਪੀਟਰ ਨੇ ਜੈਰੀ ਦੇ ਸਕੂਲ ਵਿਚ ਦਾਖਲ ਨਾ ਹੋ ਸਕਣ ਦਾ ਕਾਰਨ ਦਸਿਆ |
"ਵਿਚਾਰਾ ਜੈਰੀ! ਉਸ ਨਾਲ ਬਹੁਤ ਵਧੀਕੀ ਹੋਈ ਹੈ, ਰਬ ਭਲਾ ਕਰੇ |" ਪੈਨੀ ਨੇ ਅਫਸੋਸ ਵਿਚ ਕਿਹਾ |
"ਵਧੀਕੀ ਤੇ ਵਿਤਕਰਾ ਤਾਂ ਉਸ ਨਾਲ ਉਸ ਵੇਲੇ ਤੋਂ ਹੀ ਹੁੰਦਾ ਆ ਰਿਹਾ ਹੈ, ਜਦੋਂ ਦਾ ਉਹ ਸਕੂਲ ਵਿਚ ਦਾਖਲ ਹੋਇਆ ਹੈ ਪਰ ਉਹਦੀ ਹਿੰਮਤ ਤੇ ਹੌਸਲਾ ਸੀ ਕਿ ਉਹਨੇ ਪੜ੍ਹਾਈ ਨਹੀਂ ਸੀ ਛੱਡੀ |" ਪੀਟਰ ਨੇ ਉਸ ਨਾਲ ਹੋਈ ਪਿਛਲੀ ਵਧੀਕੀ ਨੂੰ ਯਾਦ ਕਰਾਇਆ |
"ਉਹ ਸਕੂਲ ਵਿਚ ਸੌਕਰ ਦਾ ਸਭ ਤੋਂ ਵਧੀਆ ਖਿਡਾਰੀ ਸੀ ਪਰ ਜਦੋਂ ਬੀ।ਸੀ। ਦੇ ਸੌਕਰ ਟੂਰਨਮੈਂਟ ਹੋਏ, ਉਸ ਨੂੰ ਟੀਮ ਵਿਚ ਹੀ ਨਹੀਂ ਚੁਣਿਆ ਗਿਆ | ਅਸੀਂ ਦੋਹਾਂ ਨੇ ਬਹੁਤ ਰੋਲਾ ਪਾਇਆ ਪਰ ਸਾਡੀ ਕਿਸੇ ਨਾ ਸੁਣੀ | ਉਸ ਨੂੰ ਨਾ ਖਿਡਾਉਣ ਕਰਕੇ ਹੀ ਸਾਡੀ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ |" ਮਕੈਨਜੀ ਨੇ ਆਪਣਾ ਗਿਲਾ ਪ੍ਰਗਟ ਕੀਤਾ |
"ਜਦੋਂ ਉਹ ਸੌਕਰ ਖੇਡਣ ਲਈ ਪਹਿਲੇ ਦਿਨ ਮੈਦਾਨ ਵਿਚ ਆਇਆ ਸੀ ਤਾਂ ਸੌਕਰ ਖੇਡਣ ਵਾਲੇ ਮੁੰਡੇ ਹੀ ਉਸ ਨਾਲ ਖੇਡਣ ਲਈ ਤਿਆਰ ਨਹੀਂ ਸੀ ਹੁੰਦੇ | ਇਹ ਤੇ ਕੋਚ ਮਿ: ਮੈਕਡੂਗਲ ਦੀ ਸਿਆਣਪ ਸੀ ਕਿ ਉਸ ਨੇ ਮੁੰਡਿਆਂ ਨੂੰ ਖੇਡਣ ਲਈ ਮਨਾ ਲਿਆ ਸੀ | ਮਿ: ਮੈਕਡੂਗਲ ਦੇ ਇੱਥੋਂ ਚਲੇ ਜਾਣ ਮਗਰੋਂ, ਨਵੇਂ ਆਏ ਕੋਚ ਨੇ ਜੈਰੀ ਨੂੰ ਫੇਰ ਅੱਖੋਂ ਉਹਲੇ ਕਰਨਾ ਸੁੰਰੂ ਕਰ ਦਿੱਤਾ ਸੀ |" ਪੀਟਰ ਨੇ ਜੈਰੀ ਨਾਲ ਹੋਏ ਵਿਤਕਰੇ ਦੀ ਗੱਲ ਯਾਦ ਕਰਾਈ |
"ਉਹ ਇਕ ਬਹੁਤ ਚੰਗਾ ਤੈਰਾਕ ਵੀ ਸੀ ਪਰ ਉਸ ਨੂੰ ਜੂਨੀਅਰ ਦੀਆਂ ਤੈਰਾਕੀ ਖੇਡਾਂ ਵਿਚ ਭਾਗ ਨਹੀਂ ਸੀ ਲੈਣ ਦਿੱਤਾ ਗਿਆ | ਇਸੇ ਕਰਕੇ ਉਹ ਸੌਕਰ ਵਿਚ ਆਇਆ ਸੀ |" ਮਕੈਨਜੀ ਨੇ ਕਿਹਾ |
"ਸਕੂਲ ਵਿਚ ਵੀ ਬਹੁਤੇ ਟੀਚਰ ਉਸ ਨਾਲ ਵਿਤਕਰਾ ਕਰਦੇ ਰਹੇ ਹਨ | ਸਾਰੇ ਵਿਸਿੰਆਂ ਵਿਚ ਉਹ ਸਿਖਰ 'ਤੇ ਰਿਹਾ ਹੈ ਪਰ ਕਿਸੇ ਟੀਚਰ ਨੇ ਉਸ ਨੂੰ ਮੂਹਰਲੀ ਕਤਾਰ ਵਿਚ ਬੈਠਣ ਦੀ ਆਗਿਆ ਨਹੀਂ ਦਿੱਤੀ |" ਸੈਰਾ ਨੇ ਦਸਿਆ |
"ਹਿਸਾਬ ਵਿਚ ਤਾਂ ਐਨਾ ਤੇਜ ਸੀ ਕਿ ਜਿਹੜਾ ਸਵਾਲ ਟੀਚਰ ਨੂੰ ਵੀ ਨਹੀਂ ਸੀ ਆਉਂਦਾ, ਉਹ ਉਸ ਸਵਾਲ ਨੂੰ ਝਟ ਹੱਲ ਕਰ ਦਿੰਦਾ ਸੀ, ਫੇਰ ਵੀ ਟੀਚਰ ਉਸ ਨੂੰ ਸੰਾਬਾਸੰ ਨਹੀਂ ਸੀ ਦਿੰਦੇ?" ਪੈਨੀ ਨੇ ਆਪਣੀ ਵਲੋਂ ਵਿਤਕਰੇ ਦੀ ਗੱਲ ਕਰ ਦਿੱਤੀ |
"ਪਤਾ ਨਹੀਂ, ਉਸ ਦੇ ਅੰਦਰ ਕਿਹੜੀ ਹੀਣ ਭਾਵਨਾ ਹੈ ਕਿ ਉਸ ਨੇ ਆਪਣੇ ਨਾਲ ਹੁੰਦੇ ਵਿਤਕਰੇ ਦਾ ਕਦੀ ਵਿਰੋਧ ਨਹੀਂ ਕੀਤਾ | ਇਹ ਵੀ ਮਾੜੀ ਗੱਲ ਹੈ |" ਮਕੈਨਜੀ ਨੇ ਜੈਰੀ ਦੀ ਕਮਜ਼ੋਰੀ ਵਲ ਧਿਆਨ ਦੁਆਇਆ |
"ਨਹੀਂ, ਇਹ ਗੱਲ ਨਹੀਂ | ਜਦੋਂ ਸੈਰਾ ਦੀ ਦੋਸਤੀ ਨੂੰ ਲੈ ਕੇ ਟਿਮ ਹੁਰਾਂ ਨੇ ਉਸ ਨੂੰ ਕੁੱਟਿਆ ਸੀ ਤਾਂ ਉਹ ਖੜ੍ਹਾ ਕੁੱਟ ਨਹੀਂ ਸੀ ਖਾਂਦਾ ਰਿਹਾ | ਉਸ ਨੇ ਪੂਰਾ ਮੁਕਾਬਲਾ ਕੀਤਾ ਸੀ | ਇਕੋ ਘਸੁੰਨ ਨਾਲ ਟਿਮ ਦਾ ਮੂੰਹ ਸੁਜਾ ਦਿੱਤਾ ਸੀ | ਉਹ ਚਾਰ ਜਣੇ ਹੋਣ ਕਰਕੇ ਉਸ ਦੀ ਪੇਸ਼ੰ ਨਹੀਂ ਸੀ ਗਈ |" ਪੀਟਰ ਨੇ ਮਕੈਨਜੀ ਦੀ ਗੱਲ ਨੂੰ ਝੁਠਲਾਇਆ |
"ਜਦੋਂ ਉਸ ਨੇ ਸਕੂਲ ਆ ਕੇ ਸ਼ੰਕਾਇਤ ਲਾਈ ਸੀ ਤਾਂ ਉਸ ਦੀ ਕਿਸੇ ਨਹੀਂ ਸੀ ਸੁਣੀ, ਸਗੋਂ ਉਸ ਨੂੰ ਹੀ ਝਾੜਾਂ ਪਾਈਆਂ ਸਨ ਤੇ ਹਫਤੇ ਭਰ ਲਈ ਸਕੂæਲ ਆਉਣ 'ਤੇ ਰੋਕ ਲਾ ਦਿੱਤੀ ਸੀ |" ਪੈਨੀ ਨੇ ਵੀ ਹਾਮ੍ਹੀ ਭਰੀ |
"ਇਹ ਵਿਤਕਰਾ ਉਸ ਇਕੱਲੇ ਨਾਲ ਹੀ ਨਹੀਂ ਹੁੰਦਾ | ਚੀਨੀਆਂ, ਜਾਪਾਨੀਆਂ ਤੇ ਮੈਕਸੀਕਿਆਂ ਨਾਲ ਵੀ ਤਾਂ ਸਾਡੇ ਟੀਚਰ ਇਹੋ ਵਿਹਾਰ ਕਰਦੇ ਨੇ |" ਲੀਅ ਨੂੰ ਆਪਣੇ ਵੱਲ ਆਉਂਦਿਆਂ ਦੇਖ ਪੀਟਰ ਨੇ ਕਿਹਾ |
"ਕੀ ਸਲਾਹਾਂ ਹੋ ਰਹੀਆਂ ਨੇ?" ਲੀਅ ਨੇ ਸਾਰਿਆਂ ਨਾਲ ਹੱਥ ਮਿਲਾਉਂਦਿਆਂ ਪੁੱਛਿਆ |
"ਸਲਾਹਾਂ ਤੇ ਕੋਈ ਨਹੀਂ ਹੋ ਰਹੀਆਂ, ਅਸੀਂ ਜੈਰੀ ਬਾਰੇ ਗੱਲਾਂ ਕਰ ਰਹੇ ਸੀ | ਉਹ ਦਾਖਲ ਹੋਣ ਨਹੀਂ ਆਇਆ |" ਪੀਟਰ ਬੋਲਿਆ |
"ਉਸ ਨੇ ਦਾਖਲ ਨਹੀਂ ਹੋਣਾ | ਉਹ ਮੈਨੂੰ ਮਿਲਿਆ ਸੀ | ਕਹਿੰਦਾ ਸੀ ਕਿ ਜਦੋਂ ਇਕ ਸਾਲ ਹੋਰ ਪੜ੍ਹ ਕੇ ਵੀ ਇਹੋ ਕੰਮ ਕਰਨੈ ਤਾਂ ਹੁਣੇ ਹੀ ਕਿਉਂ ਨਾ ਕਰਾਂ |" ਲੀਅ ਨੇ ਜੈਰੀ ਦੀ ਅਸਲੀਅਤ ਬਾਰੇ ਦੱਸਿਆ |
"ਮੈਨੂੰ ਪਤਾ ਹੈ | " ਪੀਟਰ ਨੇ ਕਿਹਾ |
"ਪਰ ਉਸ ਨੂੰ ਇਕ ਸਾਲ ਹੋਰ ਸਕੂਲ ਵਿਚ ਪੜ੍ਹਨਾ ਪੈਣਾ ਹੈ |" ਮਕੈਨਜੀ ਨੇ ਕਿਹਾ ਜਿਵੇਂ ਉਸ ਨੂੰ ਕੋਈ ਭੁੱਲੀ ਗੱਲ ਯਾਦ ਆ ਗਈ ਹੋਵੇ |
" ਨਹੀਂ ਪੜ੍ਹਨਾ ਪੈਣਾ, ਉਹ ਸਤਾਰਾਂ ਸਾਲ ਦਾ ਹੋ ਗਿਆ ਹੈ |" ਪੀਟਰ ਨੇ ਤੁਰੰਤ ਜਵਾਬ ਦਿੱਤਾ |
"ਵਿਚਾਰਾ ਜੈਰੀ!" ਮੈਰੀ ਨੇ ਦੁੱਖ ਵਿਚ ਸਿਰ ਹਿਲਾਉਂਦਿਆਂ ਕਿਹਾ |
"ਵਿਚਾਰੀ ਸੈਰਾ |" ਪੈਨੀ ਤ੍ਰਿਛੀ ਅੱਖ ਨਾਲ ਸੈਰਾ ਵੱਲ ਦੇਖਦੀ ਹੋਈ ਬੋਲੀ |
ਜੈਰੀ ਨੂੰ ਮਿੱਲ ਵਿਚ ਕੰਮ ਕਰਦਿਆਂ ਛੇ ਮਹੀਨੇ ਹੋ ਗਏ ਸਨ | ਭਾਵੇਂ ਉਹ ਕੰਮ ਦਾ ਸਹਿੰਦੜ ਹੋ ਗਿਆ ਸੀ ਪਰ ਫੇਰ ਵੀ ਸਕੂਲ ਦੇ ਦਿਨਾਂ ਨੂੰ ਯਾਦ ਕਰਕੇ ਉਸ ਦਾ ਹਉਕਾ ਨਿਕਲ ਜਾਂਦਾ | ਸਕੂਲ ਵਿਚ ਭਾਵੇਂ ਉਸ ਨਾਲ ਵਿਤਕਰਾ ਹੁੰਦਾ ਰਿਹਾ ਸੀ ਪਰ ਕੁਝ ਕੁ ਅਜੇਹੀਆਂ ਮਿੱਠੀਆਂ ਯਾਦਾਂ ਉਸ ਦੇ ਪੱਲੇ ਨਾਲ ਬੱਝੀਆਂ ਹੋਈਆ ਸਨ, ਜਿਹੜੀਆਂ ਭੁਲਾਇਆਂ ਵੀ ਨਹੀਂ ਸੀ ਭੁਲਦੀਆਂ | ਅੱਜ ਜਦੋਂ ਉਹ ਆਪਣੀ ਸਿੰਫਟ ਪੂਰੀ ਕਰਕੇ ਮਿੱਲ ਦੇ ਇਹਾਤੇ ਵਿਚੋਂ ਬਾਹਰ ਨਿਕਲਿਆ ਤਾਂ ਬਾਹਰ ਬਰਫ ਨੇ ਧਰਤੀ, ਬ੍ਰਿਛ, ਬੂਟੇ ਅਤੇ ਘਰਾਂ ਦੀਆਂ ਛੱਤਾਂ ਨੂੰ ਆਪਣੀ ਚਿੱਟੀ ਚਾਦਰ ਨਾਲ ਢਕਿਆ ਹੋਇਆ ਸੀ | ਕੁਝ ਦੂਰੀ ਤੱਕ ਉਸ ਨੂੰ ਆਪਣਾ ਸਾਈਕਲ ਰੇੜ੍ਹ ਕੇ ਲੈ ਜਾਣਾ ਪਿਆ |
ਉਸ ਨੂੰ ਯਾਦ ਆਇਆ, ਅੱਠਵੇਂ ਗ੍ਰੇਡ ਵਿਚ ਪੜ੍ਹਦਿਆਂ ਇਕ ਦਿਨ ਜਦੋਂ ਉਹ ਸਕੂਲੋਂ ਬਾਹਰ ਆਇਆ ਸੀ ਤਾਂ ਉਸ ਦਿਨ ਵੀ ਇਸੇ ਤਰ੍ਹਾਂ ਹੀ ਬਰਫ ਪਈ ਹੋਈ ਸੀ ਅਤੇ ਸਾਈਕਲ ਨੂੰ ਅੱਜ ਵਾਂਗ ਹੀ ਰੇੜ੍ਹ ਕੇ ਲੈ ਜਾਣਾ ਪੈ ਰਿਹਾ ਸੀ | ਉਸ ਦੇ ਪੈਰ ਤਿਲ੍ਹਕ ਤਿਲ੍ਹਕ ਜਾਂਦੇ ਸਨ | ਪਿੱਛੇ ਪਿੱਛੇ ਸੈਰਾ ਅਤੇ ਉਸ ਦੀਆ ਸਾਥਣਾਂ ਆ ਰਹੀਆਂ ਸਨ | ਉਹਨਾਂ ਵਿਚੋਂ ਕਿਸੇ ਨੇ ਬਰਫ ਦਾ ਗੋਲਾ ਬਣਾ ਕੇ ਉਸ ਦੀ ਪਿੱਠ 'ਤੇ ਮਾਰਿਆ | ਜਦੋਂ ਉਸ ਪਿਛਾਂਹ ਭੌਂ ਕੇ ਦੇਖਿਆ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਤਿਲ੍ਹਕ ਕੇ ਡਿਗ ਪਿਆ | ਕੁੜੀਆਂ ਨੇ ਹਾਸੜ ਪਾ ਦਿੱਤੀ ਪਰ ਸੈਰਾ ਭੱਜ ਕੇ ਉਸ ਦੇ ਕੋਲ ਆਈ ਅਤੇ ਬਾਹੋਂ ਫੜ ਕੇ ਉਸ ਨੂੰ ਉਠਾਇਆ, ਫੇਰ 'ਸੌਰੀ' ਕਹਿੰਦਿਆਂ ਪੁੱਛਿਆ,"ਜੈਰੀ, ਤੇਰੇ ਕਿਤੇ ਸੱਟ ਤਾਂ ਨਹੀਂ ਲੱਗੀ |"
"ਨਹੀਂ, ਧੰਨਵਾਦ!" ਜੈਰੀ ਨੇ ਆਪਣੇ ਕਪੜਿਆਂ ਤੋਂ ਬਰਫ ਝਾੜਦਿਆਂ ਕਿਹਾ ਸੀ |
"ਓ ਰੱਬਾ, ਤੇਰਾ ਸੁੰਕਰ ਹੈ! ਬਰਫ ਤੋਂ ਤਿਲਕਿਆਂ ਤਾਂ ਬਹੁਤ ਸੱਟ ਲਗਦੀ ਹੈ | ਇਹ ਵਛੇਰੀਆਂ ਪਿੱਛੇ ਤੋਂ ਹੀ ਖਰਮਸਤੀਆਂ ਕਰਦੀਆਂ ਆਉਂਦੀਆਂ ਹਨ, ਤੂੰ ਗੁੱਸਾ ਨਾ ਕਰੀਂ |" ਸੈਰਾ ਨੇ ਕੁੜੀਆਂ ਵੱਲ ਉਂਗਲ ਕਰਦਿਆਂ ਕਿਹਾ|
"ਮੈਂ ਭਲਾ ਗੁੱਸਾ ਕਿਉਂ ਕਰਨਾ ਹੋਇਆ | ਬਰਫ ਪੈਣ 'ਤੇ ਤਾਂ ਸਾਰਿਆਂ ਨੂੰ ਹੀ ਚਾਅ ਚੜ੍ਹ ਜਾਂਦੈ ਤੇ ਬਰਫ ਵਿਚ ਖੇਡਣ ਨੂੰ ਵੀ ਹਰ ਇਕ ਦਾ ਜੀਅ ਕਰਦੈ |" ਇਹ ਕਹਿ ਕੇ ਉਹ ਆਪਣੇ ਸਾਈਕਲ ਵੱਲ ਅਹੁਲਿਆ |
"ਓ! ਖੁਸੰ ਕੀਤਾ ਈ ਮਿਠਿਆ | ਪਿਆ ਰਹਿਣ ਦੇ ਇੱਥੇ ਈ ਸਾਈਕਲ ਨੂੰ, ਚੱਲ ਤੂੰ ਵੀ ਸਾਡੇ ਨਾਲ ਖੇਡ |" ਸੈਰਾ ਨੇ ਉਸ ਦੇ ਹੱਥ ਦਾ ਚੁੰਮਣ ਲੈਂਦਿਆਂ ਕਿਹਾ |
ਕੁੜੀਆਂ ਅਜੇ ਵੀ ਇਕ ਦੂਜੀ ਉਪਰ ਬਰਫ ਦੇ ਗੋਲੇ ਮਾਰ ਮਾਰ ਖੇਡ ਰਹੀਆਂ ਸਨ | ਹੁਣ ਕੁਝ ਮੁੰਡੇ ਵੀ ਉਹਨਾਂ ਨਾਲ ਆ ਰਲੇ ਸਨ | ਸੜਕ ਉਪਰ ਕੋਈ ਟਾਵੀਂ ਟਾਵੀਂ ਕਾਰ ਹੀ ਬਹੁਤ ਧੀਮੀ ਚਾਲ ਵਿਚ ਲੰਘ ਰਹੀ ਸੀ | ਕਈ ਕੁੜੀਆਂ ਮੁੰਡੇ ਕਾਰਾਂ ਵੱਲ ਵੀ ਬਰਫ ਦੇ ਗੋਲ਼ੇ ਵਗਾਹਵੇਂ ਮਾਰ ਦਿੰਦੇ | ਜੀਅ ਤਾਂ ਜੈਰੀ ਦਾ ਵੀ ਕਰਦਾ ਸੀ ਕਿ ਉਹ ਉਹਨਾਂ ਨਾਲ ਖੇਡੇ ਪਰ ਮਾਂ ਪਿਉ ਨੇ ਉਸ ਨੂੰ ਤਾਕੀਦ ਕੀਤੀ ਹੋਈ ਸੀ ਕਿ ਉਹ ਸਕੂਲੋਂ ਸਿੱਧਾ ਘਰ ਨੂੰ ਆਇਆ ਕਰੇ| ਉਸ ਦੇ ਦੇਰ ਨਾਲ ਆਉਣ 'ਤੇ ਘਰਦਿਆਂ ਨੂੰ ਫਿਕਰ ਰਹਿੰਦਾ ਹੈ |
ਉਸ ਸੈਰਾ ਕੋਲੋਂ ਮੁਆਫੀ ਮੰਗਦਿਆਂ ਕਿਹਾ, "ਤੇਰਾ ਧੰਨਵਾਦ, ਮੇਰਾ ਘਰ ਅਜੇ ਬਹੁਤ ਦੂਰ ਐ | ਮੈਨੂੰ ਤੁਰ ਕੇ ਹੀ ਜਾਣਾ ਪੈਣਾ | ਦਿਨ ਬਹੁਤ ਛੋਟੇ ਨੇ ਉਸ ਵੇਲੇ ਤਕ ਹਨੇਰਾ ਵੀ ਹੋ ਜਾਏਗਾ | ਮਾਂ ਮੇਰੀ ਉਡੀਕ ਕਰਦੀ ਹੋਵੇਗੀ |"
"ਤੇਰੀ ਮਰਜ਼ੀ! ਫਿਰ ਮੈਂ ਵੀ ਤੇਰੇ ਨਾਲ ਹੀ ਚਲਦੀ ਹਾਂ |" ਇਹ ਕਹਿ ਕੇ ਸੈਰਾ ਉਸ ਦੇ ਨਾਲ ਨਾਲ ਤੁਰਨ ਲੱਗੀ | ਕੁੜੀਆਂ ਨੇ ਉਹਨਾਂ ਮਗਰ ਬਰਫ ਦੇ ਗੋਲ਼ੇ ਵੀ ਚਲਾਏ ਤੇ ਅਵਾਜ਼ੇ ਵੀ ਕਸੇ ਪਰ ਉਹ ਰੁਕੇ ਨਹੀਂ |
ਫੇਰ ਉਸ ਨੂੰ ਯਾਦ ਆਇਆ, ਜਦੋਂ ਉਹ ਚੌਥੇ ਗ੍ਰੇਡ ਵਿਚ ਪੜ੍ਹਦਾ ਸੀ ਤਾਂ ਉਦੋਂ ਵੀ ਇਕ ਦਿਨ ਇਸੇ ਤਰ੍ਹਾਂ ਹੀ ਬਰਫ ਪਈ ਸੀ ਤੇ ਲੰਚ ਟਾਈਮ ਵਿਚ ਮੁੰਡੇ ਕੁੜੀਆਂ, ਗਰਾਊਂਡ ਵਿਚ ਬਰਫ ਨਾਲ ਖੇਡ ਰਹੇ ਸਨ | ਉਸ ਦਾ ਵੀ ਖੇਡਣ ਨੂੰ ਜੀਅ ਕੀਤਾ ਤੇ ਉਹ ਗਰਾਊਂਡ ਵਿਚ ਆ ਗਿਆ | ਕੁਝ ਮੁੰਡਿਆਂ ਨੇ ਉਸ ਨੂੰ ਨਿਸੰਾਨਾ ਬਣਾ ਬਣਾ ਕੇ ਬਰਫ ਦੇ ਗੋਲ਼ੇ ਚਲਾਏ ਪਰ ਜਦੋਂ ਉਸ ਨੇ ਨਿਸੰਾਨਾ ਸੇਧ ਕੇ ਬਰਫ ਦਾ ਗੋਲ਼ਾ ਇਕ ਮੁੰਡੇ ਵੱਲ ਚਲਾਇਆ ਤਾਂ ਉਹ ਗੋਲ਼ਾ ਸਿੱਧਾ ਉਸ ਦੇ ਮੂੰਹ ਉਪਰ ਵਜਿਆ ਤੇ ਕੁਝ ਬਰਫ ਉਸ ਦੇ ਗਲ਼ਮੇ ਵਿਚ ਵੀ ਪੈ ਗਈ | ਉਸ ਮੁੰਡੇ ਨੇ ਉਸ ਨੂੰ ਨਸਲੀ ਗਾਲ੍ਹ ਕੱਢੀ ਸੀ ਤੇ ਫੇਰ ਕੁਝ ਮੁੰਡਿਆਂ ਨੇ ਫੜ ਕੇ ਉਸ ਨੂੰ ਬਰਫ ਵਿਚ ਘਸੀਟਿਆ ਸੀ | ਮੁੜ ਰੁੱਗ ਭਰ ਭਰ ਕੇ ਬਰਫ ਉਸ ਦੇ ਗਲ਼ਮੇ ਵਿਚ ਪਾ ਦਿੱਤੀ ਸੀ | ਉਸ ਸਮੇਂ ਇਹ ਸੈਰਾ ਹੀ ਸੀ ਜਿਹੜੀ ਉਸ ਦੀ ਮਦਦ 'ਤੇ ਆਈ ਸੀ |
ਸੈਰਾ ਨੂੰ ਯਾਦ ਕਰਦਿਆਂ ਉਸ ਦਾ ਹਉਕਾ ਨਿਕਲ ਗਿਆ | ਬੀਤ ਗਏ ਦਿਨਾਂ ਦੀ ਯਾਦ ਵਿਚ ਡੁੱਬਿਆਂ ਪਤਾ ਨਹੀਂ ਉਹ ਕਿੰਨੇ ਮੋੜ ਮੁੜ ਗਿਆ ਸੀ ਕਿ ਘ ਰ ਰ, ਘ ਰ ਰ ਦੀ ਆਵਾਜ਼ ਨੇ ਉਸ ਨੂੰ ਵਰਤਮਾਨ ਵਿਚ ਲੈ ਆਂਦਾ | ਖੰਭਿਆਂ ਦੀ ਰੌਸੰਨੀ ਵਿਚ ਉਸ ਨੇ ਦੇਖਿਆ ਕਿ ਇਕ ਕਾਰ ਬਰਫ ਵਿਚ ਫਸੀ ਹੋਈ ਹੈ ਤੇ ਦੋ ਜਣੇ ਲੰਮੇ ਕੋਟ ਪਾਈ ਕਾਰ ਨੂੰ ਧੱਕਾ ਲਾ ਕੇ ਕੱਢਣ ਦਾ ਯਤਨ ਕਰ ਰਹੇ ਨੇ | ਉਸ ਉਹਨਾਂ ਕੋਲ ਜਾ ਕੇ ਕਿਹਾ, " ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ?"
"ਕਿਉਂ ਨਹੀਂ, ਜੇ ਤੂੰ ਕਾਰ ਕਢਵਾਉਣ ਵਿਚ ਸਾਡੀ ਮਦਦ ਕਰ ਸਕਦੈਂ ਤਾਂ ਤੇਰੀ ਮਿਹਰਬਾਨੀ ਹੋਵੇਗੀ | ਦਸ ਮਿੰਟ ਹੋ ਗਏ, ਇਥੇ ਖੌਝਦਿਆਂ ਨੂੰ, ਇਧਰ ਦੀ ਕੋਈ ਹੋਰ ਵਾਹਨ ਵੀ ਨਹੀਂ ਲੰਘਿਆ |" ਧੱਕਾ ਲਾ ਰਹੇ ਆਦਮੀ ਨੇ ਕਿਹਾ |
"ਓ ਜੈਰੀ ਤੂੰ ! ਤੂੰ ਕਿਧਰੋਂ ਆ ਗਿਆ? ਤੈਨੂੰ ਦੇਖ ਕੇ ਹੈਰਾਨੀ ਤੇ ਖੁਸੰੀ ਹੋ ਰਹੀ ਹੈ |"
"ਪੈਨੀ! ਇਹ ਤਾਂ ਕਮਾਲ ਹੋ ਗਈ, ਜਿਹੜੇ ਇਸ ਥਾਂ 'ਤੇ ਮਿਲੇ |" ਜੈਰੀ ਨੇ ਪਹਿਲਾਂ ਧਿਆਨ ਹੀ ਨਹੀਂ ਸੀ ਕੀਤਾ ਕਿ ਕਾਰ ਨੂੰ ਧੱਕਾ ਲਾਉਣ ਵਾਲਾ ਦੂਸਰਾ ਸ਼ਖਸ ਇਕ ਕੁੜੀ ਹੈ |
"ਡੈਡ, ਇਹ ਜੈਰੀ ਹੈ | ਸਾਡੇ ਨਾਲ ਪੜ੍ਹਦਾ ਹੁੰਦਾ ਸੀ ਤੇ ਸਦਾ ਆਨ੍ਹਰ ਰੋਲ 'ਤੇ ਆਉਂਦਾ ਸੀ ਪਰ ਹੁਣ ਇਸ ਨੂੰ ਪੜ੍ਹਾਈ ਛੱਡ ਕੇ ਕੰਮ ਕਰਨਾ ਪੈ ਰਿਹਾ ਹੈ |" ਪੈਨੀ ਨੇ ਜੈਰੀ ਦੀ ਜਾਣ ਪਹਿਚਾਣ ਕਰਵਾਈ ਤੇ ਫੇਰ ਜੈਰੀ ਨੂੰ ਸੰਬੋਧਨ ਹੋਈ, "ਹੁਣ ਤੂੰ ਕਿਧਰੋਂ ਆ ਰਿਹਾ ਏਂ? ਅਸੀਂ ਤੈਨੂੰ ਬੜਾ ਯਾਦ ਕਰਦੇ ਰਹੇ ਹਾਂ | ਤੇਰਾ ਪੜ੍ਹਾਈ ਛੱਡ ਜਾਣ ਦਾ ਸੈਰਾ ਨੂੰ ਬਹੁਤ ਦੁੱਖ ਹੋਇਆ | ਉਹ ਤਾਂ ਹੁਣ ਵੀ ਤੈਨੂੰ ਯਾਦ ਕਰਕੇ ਕਈ ਵਾਰ ਉਦਾਸ ਹੋ ਜਾਂਦੀ ਹੈ |"
"ਮਕੈਨਜੀ, ਮੈਰੀ ਤੇ ਪੀਟਰ ਹੁਰਾਂ ਦਾ ਕੀ ਹਾਲ ਹੈ?"
"ਉਹ ਵੀ ਤੈਨੂੰ ਬਹੁਤ ਯਾਦ ਕਰਦੇ ਹਨ |"
"ਬੜੀ ਖੁਸੰੀ ਹੋਈ ਮਿਲਕੇ ਨੌਜਵਾਨ, ਪਹਿਲਾਂ ਆਪਾਂ ਕਾਰ ਕੱਢਣ ਦਾ ਯਤਨ ਕਰੀਏ |" ਪੈਨੀ ਦੇ ਬਾਪ ਨੇ ਕਿਹਾ |
"ਕਾਰ ਨੂੰ ਧੱਕਾ ਲਾ ਕੇ ਪਹਿਲਾਂ ਥੋੜੀ ਪਿੱਛੇ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਥੇ ਮਾਮੂਲੀ ਜਿਹੀ ਚੜ੍ਹਾਈ ਹੈ |" ਜੈਰੀ ਨੇ ਕਾਰ ਦੇ ਅੱਗੇ ਹੁੰਦਿਆਂ ਸੁਝਾ ਦਿੱਤਾ |
"ਪੈਨੀ ਦੀ ਮਾਂ ਸੇਟਅਰਿੰਗ ਸੰਭਾਲੀ ਬੈਠੀ ਸੀ, ਉਸ ਨੇ ਪਿਛਲਾ ਗੇਅਰ ਪਾਇਆ ਤੇ ਉਹਨਾਂ ਤਿੰਨਾਂ ਨੇ ਮਿਲ ਕੇ ਕਾਰ ਨੂੰ ਧੱਕਾ ਲਾਇਆ ਤਾਂ ਕਾਰ ਰੁੜਦੀ ਹੋਈ ਕੁਝ ਦੂਰ ਚਲੀ ਗਈ | ਜਦੋਂ ਫੇਰ ਅਗਲਾ ਗੇਅਰ ਪਾ ਕੇ ਕਾਰ ਨੂੰ ਧੱਕਾ ਲਾਇਆ ਤਾਂ ਕਰ ਸੌਖਿਆਂ ਹੀ ਤਿਲਕਣ ਵਾਲਾ ਥਾਂ ਲੰਘ ਗਈ | ਦਸਤਾਨਿਆਂ ਵਿਚੋਂ ਆਪਣਾ ਹੱਥ ਕੱਢ ਕੇ ਜੈਰੀ ਨਾਲ ਮਿਲਾਉਂਦਾ ਹੋਇਆ ਪੈਨੀ ਦਾ ਬਾਪ ਬੋਲਿਆ, "ਬਹੁਤ ਬਹੁਤ ਧੰਨਵਾਦ ਨੌਜਵਾਨ, ਫੇਰ ਮਿਲਾਂਗੇ |"
"ਅੱਛਾ, ਮੈਂ ਵੀ ਚਲਦੀ ਹਾਂ | ਕਦੀ ਸਕੂਲ ਆਵੀਂ, ਸਾਰੇ ਤੈਨੂੰ ਮਿਲ ਕੇ ਬਹੁਤ ਖੁਸੰ ਹੋਣਗੇ | ਮੈਂ ਸੈਰਾ ਨੂੰ ਦੱਸਾਂਗੀ ਕਿ ਤੂੰ ਸਾਡੀ ਮਦਦ ਕੀਤੀ ਸੀ |" ਪੈਨੀ ਉਸ ਨੂੰ ਜੱਫੀ ਪਾ ਵਿਛੜਦੀ ਹੋਈ ਬੋਲੀ |
ਜਦੋਂ ਪੈਨੀ ਬਾਰੀ ਖੋਲ੍ਹ ਕੇ ਕਾਰ ਵਿਚ ਬੈਠਣ ਲੱਗੀ ਤਾਂ ਉਸ ਦੇ ਬਾਪ ਦੇ ਇਹ ਬੋਲ, ਜੈਰੀ ਦੇ ਕੰਨੀ ਪਏ, "ਇਹ ਮੁੰਡਾ ਯੋਰਪੀਅਨ ਤਾਂ ਲਗਦਾ ਨਹੀਂ ਸੀ | ਇਨ੍ਹਾਂ ਲੋਕਾਂ ਵਿਚ ਬਹੁਤਾ ਘੁਲਨਾ ਮਿਲਨਾ ਨਹੀਂ ਚਾਹੀਦਾ |"
ਪੈਨੀ ਦੇ ਅਚਾਨਕ ਮਿਲ ਪੈਣ ਨਾਲ ਜਿਹੜੀ ਖੁਸੰੀ ਜੈਰੀ ਨੂੰ ਮਿਲੀ ਸੀ ਉਸ ਦੇ ਬਾਪ ਦੇ ਬੋਲਾਂ ਨੇ ਸਾਰੀ ਖੁਸੰੀ ਨੂੰ ਹੀ ਕਿਰਕਰਾ ਕਰ ਕੇ ਰੱਖ ਦਿੱਤਾ | ਪੈਨੀ ਦੇ ਬਾਪ ਦੇ ਬੋਲ ਉਸ ਦੇ ਮਨ ਅੰਦਰ ਭੜਥੂ ਪਾ ਰਹੇ ਸਨ ਅਤੇ ਉਹ ਸੋਚਦਾ ਹੋਇਆ ਤੁਰ ਰਿਹਾ ਸੀ, "ਅਸੀਂ ਕੌਣ ਲੋਕ ਹਾਂ? ਸਾਡੇ ਵਿਚ ਕਿਹੜੀ ਬੁਰਾਈ ਹੈ, ਜਿਸ ਕਾਰਨ ਇਹਨਾਂ ਲੋਕਾਂ ਨੂੰ ਸਾਡੇ ਨਾਲ ਘੁਲਨਾ ਮਿਲਨਾ ਨਹੀਂ ਚਾਹੀਦਾ | ਥਾਂ ਥਾਂ ਉਪਰ ਹੀ ਸਾਨੂੰ ਬੇਗਾਨੇ ਹੋਣ ਦਾ ਆਹਸਾਸ ਕਰਾਇਆ ਜਾਂਦੈ | ਕੀ ਸਚ ਮੁਚ ਹੀ ਅਸੀਂ ਏਥੇ ਬੇਗਾਨੇ ਹਾਂ?"
ਉਸ ਨੇ ਆਪਣੇ ਆਪ ਵਿਚ ਹੀਣਤਾ ਜਿਹੀ ਮਹਿਸੂਸ ਕੀਤੀ | ਉਹ ਲੰਬਰ ਮਿੱਲ ਤੋਂ ਬੇਧਿਆਨੇ ਹੀ ਕਈ ਮੀਲ ਸਾਈਕਲ ਨੂੰ ਰੋੜ੍ਹਦਾ ਹੋਇਆ ਚੱਲ ਕੇ ਆਇਆ ਸੀ ਪਰ ਕਿਤੇ ਵੀ ਬਰਫ ਤੋਂ ਤਿਲ੍ਹਕਿਆ ਨਹੀਂ ਸੀ ਹੁਣ ਪੂਰੀ ਸਾਵਧਾਨੀ ਨਾਲ ਤੁਰਦਿਆਂ ਵੀ ਉਹ ਕਈ ਥਾਈਂ ਬਰਫ ਤੋਂ ਤਿਲ੍ਹਕਆ | ਘਰ ਪੁਜਦਿਆਂ ਤਕ ਉਹ ਥਕੇਵੇਂ ਨਾਲ ਚੂਰ ਚੂਰ ਹੋ ਚੁੱਕਾ ਸੀ | ਜਦੋਂ ਉਹ ਆਪਣੇ ਬੂਟ ਝਾੜ ਕੇ ਤੇ ਸਿਆਲੂ ਕਪੜੇ ਲਾਹ ਕੇ ਅੰਦਰ ਵੜਿਆ ਤਾਂ ਮਾਂ ਨੇ ਫਿਕਰਮੰਦ ਹੁੰਦਿਆਂ ਪੁੱਛਿਆ, "ਐਨਾ ਚਿਰ ਲਾ ਕੇ ਆਇਆ ਐਂ, ਸੁੱਖ ਤਾਂ ਹੈ?"
"ਤੈਨੂੰ ਨਹੀਂ ਦਿਸਦਾ, ਬਾਹਰ ਗੋਡੇ ਗੋਡੇ ਸਨੋਅ ਪਈ ਹੋਈ ਐ | ਮੈਨੂੰ ਸਾਰੇ ਰਾਹ ਤੁਰ ਕੇ ਆਉਣਾ ਪਿਆ |" ਉਸ ਦੇ ਬੋਲਾਂ ਵਿਚ ਚਿੜ੍ਹ ਸੀ |
"ਕਿਸੇ ਕੋਲੋਂ ਰਾਇਡ ਲੈ ਲੈਣੀ ਸੀ |"
'ਰਾਇਡ ਨਾ ਰਾਇਡ' ਕਹਿ ਕੇ ਉਹ ਵਾਸੰਰੂਮ ਵਿਚ ਵੜ ਗਿਆ | ਜਦੋ ਨਹਾ ਕੇ ਵਾਸੰਰੂਮ ਵਿਚੋਂ ਬਾਹਰ ਨਿਕਲਿਆ ਤਾਂ ਉਸ ਦਾ ਮਨ ਕੁਝ ਸੰਾਂਤ ਸੀ | ਉਹ ਸੰਰਨੀ ਦੇ ਕੋਲ਼ ਬੈਠਦਾ ਹੋਇਆ ਬੋਲਿਆ, "ਬੀ ਜੀ, ਤੂੰ ਰੋਟੀ ਖਾ ਲਈ ਹੈ ਤਾਂ ਮੈਨੂੰ ਰੋਟੀ ਲਾਹ ਦੇ ਬਹੁਤ ਭੁੱਖ ਲੱਗੀ ਆ |"
"ਮੈਂ ਤਾਂ ਤੈਨੂੰ ਈ ਉਡੀਕਦੀ ਪਈ ਸੀ | ਨਿੱਕੀ ਨੂੰ ਇਕ ਰੋਟੀ ਲਾਹ ਕੇ ਦੇ ਦਿੱਤੀ ਸੀ | ਉਹ ਵੀ ਤੈਨੂੰ ਉਡੀਕਦੀ ਉਡੀਕਦੀ ਸੌਂ ਗਈ |" ਮਾਂ ਕਿਚਨ ਵਿਚ ਵੜਦੀ ਹੋਈ ਬੋਲੀ |
ਉਹ ਫੇਰ ਨਹੀਂ ਬੋਲਿਆ | ਸੰਰਨੀ ਦਾਲ ਸਬਜ਼ੀ ਗਰਮ ਕਰਨ ਲੱਗੀ ਤੇ ਉਹ ਸੋਫੇ ਉਪਰ ਟੇਢਾ ਹੋ ਕੇ ਲੇਟ ਗਿਆ | ਪੈਨੀ ਦੇ, ਸੈਰਾ ਬਾਰੇ ਕਹੇ ਹੋਏ ਬੋਲਾਂ,'ਉਹ ਤਾਂ ਹੁਣ ਵੀ ਤੈਨੂੰ ਯਾਦ ਕਰਕੇ ਕਈ ਵਾਰ ਉਦਾਸ ਹੋ ਜਾਂਦੀ ਹੈ' ਨੇ ਉਸ ਦੇ ਮਨ ਵਿਚ ਖਲਬਲੀ ਮਚਾ ਦਿੱਤੀ | ਉਹ ਉਹਨਾਂ ਬੋਲਾਂ ਨੂੰ ਮੁੜ ਮੁੜ ਯਾਦ ਕਰਦਿਆਂ ਬਹੁਤ ਉਦਾਸ ਹੋ ਗਿਆ | ਉਹ ਸੋਚਣ ਲੱਗਾ,"ਸੈਰਾ ਨੂੰ ਮੇਰੇ ਨਾਲ ਇਹ ਉਨਸ ਕਿਉਂ ਤੇ ਕਿਵੇਂ ਹੋਈ | ਜਦੋਂ ਹੋਰ ਸਾਰੇ ਹੀ ਵਿਦਿਆਰਥੀ ਮੇਰੇ ਨਾਲ ਨਫਰਤ ਕਰਦੇ ਸੀ ਤਾਂ ਇਹ ਤਿੰਨ ਚਾਰ ਮੁੰਡੇ ਕੁੜੀਆਂ ਹੀ ਸਨ ਜਿਹੜੇ ਮੇਰੀ ਮਦਦ 'ਤੇ ਆਉਂਦੇ ਰਹੇ | ਸਾਰਿਆਂ ਤੋਂ ਪਹਿਲਾਂ ਇਹੋ ਸੈਰਾ ਹੀ ਸੀ ਜਿਹੜੀ ਮੈਨੂੰ ਬਲਾਉਣ ਲਗੀ ਸੀ | ਮੈਨੂੰ ਵੀ ਤਾਂ ਉਹ ਚੰਗੀ ਚੰਗੀ ਲਗਦੀ ਸੀ | ਦੂਸਰੇ ਮੁੰਡੇ ਕੁੜੀਆਂ ਉਸ ਨੂੰ ਮੇਰੇ ਨਾਲ ਬੋਲਣ 'ਤੇ ਚਿੜ੍ਹਾਉਂਦੇ ਸਨ ਪਰ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦੀ | ਪਰਵਾਹ ਤਾਂ ਉਹ ਹੁਣ ਵੀ ਕਿਸੇ ਦੀ ਨਹੀਂ ਸੀ ਕਰਦੀ | ਜਦੋਂ ਵੀ ਸਕੂਲ ਵਿਚ ਸਵੇਰ ਵੇਲੇ ਮਿਲਦੀ ਸੀ, ਗਲਵਕੜੀ ਪਾ ਕੇ ਮਿਲਦੀ ਸੀ | ਹੁਣ ਪਤਾ ਨਹੀਂ ਉਸ ਨੂੰ ਕਦੋਂ ਮਿਲਿਆ ਜਾਵੇਗਾ? ਮਿਲਿਆ ਜਾਵੇਗਾ ਵੀ ਕਿ ਨਹੀਂ | ਕਿੱਥੇ ਮੇਲੇ ਹੋਣੇ ਨੇ ਹੁਣ | ਇਹ ਬਚਪਨ ਦੀਆਂ ਸਾਂਝਾਂ ਤੇ ਸਕੂਲ ਦੀਆਂ ਦੋਸਤੀਆਂ, ਐਵੇਂ ਜਜ਼ਬਾਤੀ ਹੁੰਦੀਆਂ, ਫੇਰ ਕਦੋਂ ਕੋਈ ਕਿਸੇ ਨੂੰ ਮਿਲਦਾ ਤੇ ਬਲਾਉਂਦਾ ਹੈ |"
"ਮੈਂ ਤੈਨੂੰ ਪੁੱਛਦੀ ਆਂ, ਵਈ, ਤੂੰ ਰੋਟੀ ਕਿਚਨ 'ਚ ਆ ਕੇ ਖਾਣੀ ਐ ਕਿ ਹੈਥੇ ਈ ਲੈ ਆਵਾਂ? ਦੋ ਤਿੰਨ 'ਵਾਜਾਂ ਮਾਰੀਆਂ ਐ, ਤੂੰ ਵਾਜ ਈ ਨਹੀਂ ਦਿੱਤੀ | ਕੀ ਤੂੰ ਸੌਂ ਗਿਆ ਸੀ?" ਮਾਂ ਨੇ ਉਸ ਦੇ ਕੋਲ ਆ ਕੇ ਪੁੱਛਿਆ |
"ਹੂੰਅ! ਚੱਲ ਕਿਚਨ ਵਿਚ ਹੀ ਖਾ ਲੈਂਦੇ ਆਂ |" ਉਹ ਅੱਖਾਂ ਮਲਦਾ ਹੋਇਆ ਮਾਂ ਦੇ ਮਗਰ ਤੁਰ ਪਿਆ |
"ਬੀ ਜੀ, ਤੂੰ ਉਦੋਂ ਕਹਿੰਦੀ ਹੁੰਦੀ ਸੀ ਕਿ ਇੰਡੀਆ ਚਲੇ ਜਾਣਾ, ਹੁਣ ਕੀ ਸਲਾਹ ਏ ਤੇਰੀ?" ਜੈਰੀ ਨੇ ਕੁਰਸੀ ਉਪਰ ਬੈਠਦਿਆਂ ਪੁੱਛਿਆ |
"ਉਦੋਂ ਤਾਂ ਤੂੰ ਪੈਰਾਂ 'ਤੇ ਪਾਣੀ ਨਈਂ ਸੀ ਪੈਣ ਦਿੰਦਾ ਹੁੰਦਾ | ਹੁਣ ਕਿਵੇਂ ਇੰਡੀਆ ਜਾਣ ਦਾ ਖਿਆਲ ਆ ਗਿਆ? ਕੀ ਮਿੱਲ ਦਾ ਕੰਮ ਬਹੁਤਾ ਔਖਾ ਲਗਦੈ?" ਮਾਂ ਨੂੰ ਜੈਰੀ ਦੇ ਮੂਹੋਂ ਇਹ ਸੁਣ ਕੇ ਹੈਰਾਨੀ ਹੋਈ | ਉਸ ਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਹੁਣ ਉਹ ਇੰਡੀਆਂ ਜਾਣ ਬਾਰੇ ਕਦੀ ਗੱਲ ਕਰੇਗਾ |
"ਮਿੱਲ ਦਾ ਕੰਮ ਤਾਂ ਕੋਈ ਔਖਾ ਨਹੀਂ, ਐਵੇਂ ਮਨ ਵਿਚ ਹੀ ਖਿਆਲ ਆ ਗਿਆ |"
"ਤੂੰ ਪਹਿਲਾਂ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲੈ ਫਿਰ ਮੈਨੂੰ ਤਾਂ ਇੰਡੀਆ ਜਾਣ ਵਿਚ ਕੋਈ ਇਤਰਾਜ ਨਹੀਂ | ਹੁਣ ਤੂੰ ਰੋਟੀ ਖਾਹ, ਕੱਲ੍ਹ ਨੂੰ ਫੇਰ ਕੰਮ 'ਤੇ ਜਾਣਾ ਹੋਊ |"
"ਸਵੇਰੇ ਮੈਂ ਬੱਸ 'ਤੇ ਜਾਊਂਗਾ, ਮੇਰਾ ਲੰਚ ਹੁਣੇ ਹੀ ਤਿਆਰ ਕਰਕੇ ਰੱਖ ਦੇਈਂ |"
ਰੋਟੀ ਖਾ ਕੇ ਉਹ ਆਪਣੇ ਬਿਸਤਰੇ 'ਚ ਲੇਟ ਗਿਆ | ਬਹੁਤ ਦੇਰ ਤੱਕ ਉਸ ਨੂੰ ਨੀਂਦ ਨਹੀਂ ਆਈ | ਜਦੋਂ ਨੂੰ ਨੀਂਦ ਆਈ ਤਾਂ ਕੰਮ 'ਤੇ ਜਾਣ ਦਾ ਵੇਲ਼ਾ ਹੋ ਗਿਆ ਸੀ | ਉਹ ਤਿਆਰ ਹੋ ਕੇ ਸਾਢੇ ਪੰਜ ਵਜੇ ਹੀ ਘਰੋਂ ਤੁਰ ਪਿਆ, ਪੰਦਰਾਂ ਵੀਹ ਮਿੰਟ ਉਸ ਨੂੰ ਬੱਸ ਸਟਾਪ ਤੱਕ ਪਹੁੰਚਦਿਆਂ ਲਗ ਜਾਣੇ ਸੀ ਤੇ ਅੱਗੇ ਦੋ ਬੱਸਾਂ ਬਦਲ ਕੇ ਤੇ ਪੰਦਰਾਂ ਕੁ ਮਿੰਟ ਹੋਰ ਤੁਰ ਕੇ ਮਿੱਲ ਤੱਕ ਪਹੁੰਚਣਾ ਪੈਣਾ ਸੀ | ਜਦੋਂ ਉਹ ਦੂਸਰੀ ਬੱਸ ਵਿਚ ਚੜ੍ਹਿਆ ਤਾਂ ਉਸ ਵਿਚ ਬਹੁਤ ਭੀੜ ਸੀ | ਬਹੁਤ ਸਾਰੀਆਂ ਸਵਾਰੀਆਂ ਸੀਟਾਂ ਦੇ ਵਿਚਕਾਰ ਵੀ ਖੜ੍ਹੀਆਂ ਸਨ ਪਰ ਇਕ ਸੀਟ ਉਪਰ ਇਕੋ ਸਵਾਰੀ ਬੈਠੀ ਸੀ | ਜੈਰੀ ਉਸ ਦੇ ਨਾਲ ਬੈਠਦਾ ਹੋਇਆ ਸੰੁੰਭ ਪ੍ਰਭਾਤ ਕਹਿਣ ਮਗਰੋਂ ਬੋਲਿਆ, "ਸੁਖ, ਬੱਸ ਵਿਚ ਏਨੀ ਭੀੜ! ਤੇ ਤੂੰ ਇਕੱਲਾ ਬੈਠਾ ਏਂ?"
"ਇਹ ਮੇਰੇ ਨਾਲ ਬੈਠਦੇ ਹੋਏ ਭਿੱਟੇ ਜਾਣਗੇ | ਪਰ ਮੈਨੂੰ ਕੋਈ ਪਰਵਾਹ ਨਹੀਂ | ਕਦੇ ਕਦਾਈਂ ਬੱਸ 'ਤੇ ਆਈਦੈ | ਕੱਲ੍ਹ ਚਾਚੇ ਦੀ ਕਾਰ ਵੀ ਸਨੋਅ ਵਿਚ ਫਸ ਗਈ ਸੀ, ਉਹ ਪਿਛਲੀ ਬੱਸ 'ਤੇ ਆਊਗਾ | ਤੂੰ ਵੀ ਅੱਜ ਬੱਸ 'ਤੇ ਆਇਐਂ, ਸਾਇਕਲ ਖਰਾਬ ਹੋ ਗਿਆ?"
"ਨਹੀਂ, ਸਨੋਅ ਬਹੁਤੀ ਪਈ ਹੋਣ ਕਰਕੇ ਮੈਂ ਸੋਚਿਆ ਸਾਈਕਲ ਤੋਂ ਐਵੇਂ ਕਿਤੇ ਤਿਲ੍ਹਕ ਕੇ ਡਿਗਾਂਗੇ |"
"ਸਿਆਲ਼ੋ ਸਿਆਲ਼ ਤੂੰ ਬੱਸ 'ਤੇ ਹੀ ਆਇਆ ਕਰ, ਐਵੇਂ ਕਿਉਂ ਸੀਤ ਤੇ ਸਨੋਅ ਵਿਚ ਠਰਦਾ ਆਉਦੈਂ |"
"ਘਰ ਤੋਂ ਬੱਸ ਦੂਰ ਪੈਂਦੀ ਆ ਤੇ ਟਾਇਮ ਵੀ ਬਹੁਤਾ ਲਗਦਾ | ਹੁਣ ਤਾਂ ਸਿਆਲ਼ ਹਾੜ ਦੀ ਗੱਲ ਹੀ ਖਤਮ ਕਰ ਦੇਣੀ ਆ, ਮੈਂ ਇੰਡੀਆ ਚਲੇ ਜਾਣ ਦੀ ਸਲਾਹ ਬਣਾਈ ਹੈ | ਫੇਰ ਮੁੜ ਕੇ ਏਥੇ ਨਹੀਂ ਆਉਣਾ |"
"ਕੀ ਕਿਹਾ! ਇੰਡੀਆ ਚਲੇ ਜਾਣੈ? ਇੰਡੀਆ ਜਾਣ ਦੀ ਤਾਂ ਭੁੱਲ ਕੇ ਵੀ ਨਾ ਸੋਚੀਂ | ਇੰਡੀਆ 'ਚੋਂ ਤਾਂ ਮੁੰਡੇ ਬਾਹਰ ਨੂੰ ਭੱਜੇ ਆਉਂਦੇ ਐ | ਦੇਸੰ ਅਜ਼ਾਦ ਹੋਏ ਨੂੰ ਵੀ ਨੌ ਸਾਲ ਹੋ ਗਏ ਪਰ ਨੌਕਰੀਆਂ ਫੇਰ ਵੀ ਨਹੀਂ ਮਿਲਦੀਆਂ | ਤੂੰ ਮੇਰੇ ਵੱਲ ਹੀ ਦੇਖ, ਦੋ ਸਾਲ ਹੋ ਗਏ ਸੀ ਕੋਰਸ ਕੀਤਿਆਂ ਕਿਤੇ ਨੌਕਰੀ ਨਹੀਂ ਮਿਲੀ, ਹਾਰ ਕੇ ਏਧਰ ਨੂੰ ਆਉਣਾ ਪਿਆ|"
"ਏਥੇ ਕਿਹੜਾ ਤੈਨੂੰ ਚੱਜ ਦੀ ਜਾਬ ਮਿਲ ਗਈ?"
"ਬਿਗਾਨਾ ਦੇਸੰ ਐ | ਏਥੇ ਮੇਰੇ ਡਿਪਲੋਮੇ ਨੂੰ ਮਾਨਤਾ ਨਹੀਂ ਮਿਲੀ | ਹੁਣ ਮੈਂ ਨਾਈਟ ਕਲਾਸਾਂ ਲੈਣ ਲਗ ਜਾਣੈ | ਫੇਰ ਤਾਂ ਨੌਕਰੀ ਵੱਟ 'ਤੇ ਪਈ ਐ | ਤੂੰ ਵੀ ਆਪਣੀ ਪੜ੍ਹਾਈ ਪੂਰੀ ਕਰ | ਇੰਡੀਆ ਜਾਣ ਦੀ ਸੋਚ ਛੱਡ ਦੇ |"
"ਪਾਪਾ ਦੀ ਮੌਤ ਮਗਰੋਂ ਮਾਂ ਵੀ ਬਹੁਤੀ ਉਦਾਸ ਰਹਿੰਦੀ ਆ | ਮੈਂ ਉਸ ਬਾਰੇ ਬੌਤ੍ਹਾ ਸੋਚਦਾਂ |"
"ਅਜੇਹੀ ਮੌਤ ਦੇ ਗ਼ਮ ਨੂੰ ਭੁਲਾਉਣ ਵਿਚ ਸਾਲ ਖੰਡ ਤਾਂ ਲਗ ਹੀ ਜਾਂਦਾ ਐ | ਤੂੰ ਕਾਹਲੀ ਨਾ ਕਰ, ਫੇਰ ਵੀ ਆਪਾਂ ਚਾਚੇ ਲਛਮਣ ਨਾਲ ਸਲਾਹ ਕਰਾਂਗੇ |" ਇਹ ਆਖ ਸੁਖਦੇਵ ਨੇ ਗੱਲ ਖਤਮ ਕਰ ਦਿੱਤੀ |
ਸੁਖਦੇਵ ਤੇ ਜੈਰੀ ਇਕੋ ਮਿੱਲ ਵਿਚ ਕੰਮ ਕਰਦੇ ਸਨ | ਸੁਖਦੇਵ ਨੂੰ ਕੈਨੇਡਾ ਆਇਆਂ ਦੋ ਕੁ ਸਾਲ ਹੀ ਹੋਏ ਸਨ ਤੇ ਉਦੋਂ ਦਾ ਇਸੇ ਮਿੱਲ ਵਿਚ ਹੀ ਕੰਮ ਕਰਦਾ ਸੀ | ਉਹ ਇੰਡੀਆ ਤੋਂ ਇਲੈਕਟਰੀਕਲ ਇੰਜਨੀਰਿੰਗ ਦਾ ਡਿਪਲੋਮਾ ਕਰਕੇ ਆਇਆ ਸੀ ਪਰ ਉਸ ਨੂੰ ਇੱਥੇ ਹੋਰ ਕੋਈ ਚੱਜ ਦੀ ਨੌਕਰੀ ਨਹੀਂ ਸੀ ਮਿਲੀ, ਜਿਸ ਕਾਰਨ ਉਸ ਨੂੰ ਲੰਬਰ ਮਿੱਲ ਵਿਚ ਬੂਰਾ ਇਕੱਠਾ ਕਰਨ ਦਾ ਕੰਮ ਕਰਨਾ ਪੈ ਰਿਹਾ ਸੀ | ਉਹ ਇੱਕੀ ਬਾਈ ਸਾਲ ਦਾ ਭਰਵੇਂ ਜੁੱਸੇ ਵਾਲਾ ਗੱਭਰੂ ਸੀ | ਇਸ ਮਿੱਲ ਵਿਚ ਪੰਜਾਂ ਭਾਰਤੀਆਂ ਵਿਚੋਂ ਸੁਖਦੇਵ ਹੀ ਨੌਜਵਾਨ ਸੀ, ਬਾਕੀ ਚਾਰੇ ਜਣੇ ਵਡੇਰੀ ਉਮਰ ਦੇ ਸਨ, ਜਿੰਨ੍ਹਾਂ ਵਿਚ ਸੁਖਦੇਵ ਦਾ ਚਾਚਾ ਲਛਮਣ ਸਿੰਘ ਵੀ ਸੀ | ਸੁਖਦੇਵ ਭਾਵੇਂ ਜੈਰੀ ਤੋਂ ਚਾਰ ਪੰਜ ਸਾਲ ਵੱਡਾ ਸੀ ਪਰ ਉਹ ਸਾਰਿਆਂ ਨਾਲੋਂ ਛੋਟੀ ਉਮਰ ਦਾ ਹੋਣ ਕਰ ਕੇ, ਜਲੌਰ ਦੀ ਉਸ ਨਾਲ ਨੇੜਤਾ ਹੋ ਗਈ ਸੀ | ਇਹ ਨੇੜਤਾ ਹੌਲ਼ੀ ਹੌਲ਼ੀ ਦੋਸਤੀ ਵਿਚ ਬਦਲ ਰਹੀ ਸੀ | ਲਛਮਣ ਸਿੰਘ ਤੀਹਵਿਆਂ 'ਚ ਕੈਨੇਡਾ ਆਇਆ ਸੀ | ਉਸ ਨੇ ਤੇ ਜਲੌਰ ਦੇ ਬਾਪ ਮਿਹਰ ਸਿੰਘ ਨੇ ਕੁਝ ਸਮਾਂ ਇਕੱਠਿਆਂ ਕੰਮ ਵੀ ਕੀਤਾ ਸੀ | ਇਸ ਲਈ ਜਲੌਰ ਵੀ ਲਛਮਣ ਸਿੰਘ ਦੀ ਇਜ਼ਤ ਕਰਦਾ ਸੀ | ਲਛਮਣ ਸਿੰਘ ਨੂੰ ਸਾਰੇ ਲਛਮਣ ਜਤੀ ਕਹਿੰਦੇ ਸਨ ਕਿਉਂਕਿ ਉੱਥੇ ਰਹਿਣ ਵਾਲੇ ਸਾਰੇ ਇਹੋ ਸਮਝਦੇ ਸਨ ਕਿ ਉਸ ਨੇ ਵਿਆਹ ਨਹੀਂ ਕਰਵਾਇਆ 'ਤੇ ਉਹ ਇੰਡੀਆ ਰਹਿੰਦੇ ਭਰਾ ਦੇ ਪਰਵਾਰ ਨੂੰ ਹੀ ਪੈਸੇ ਘੱੱਲੀ ਜਾਂਦਾ ਹੈ ਅਤੇ ਹੁਣ ਆਪਣੇ ਭਤੀਜੇ ਨੂੰ ਇੱਥੇ ਬਲਵਾ ਲਿਆ ਹੈ |
ਲੰਚ ਟਾਈਮ 'ਤੇ ਸੁਖਦੇਵ ਨੇ ਜਲੌਰ ਦੇ ਪੱਕੇ ਤੌਰ 'ਤੇ ਇੰਡੀਆ ਚਲੇ ਜਾਣ ਬਾਰੇ ਲਛਮਣ ਨੂੰ ਦੱਸਿਆ ਤਾਂ ਉਹ ਕਹਿਣ ਲੱਗਾ, "ਕਾਕਾ, ਮੇਰੀ ਗੱਲ ਸੁਣ, ਤੂੰ ਏਥੋਂ ਦਾ ਜੰਮ ਪਲ਼, ਏਥੇ ਦਾ ਪੜ੍ਹਿਆ ਲਿਖਿਆ ਐਂ, ਓਥੇ ਤਾਂ ਊਂ ਈ ਤੇਰੀ ਜੂਨ ਖਰਾਬ ਹੋਜੂਗੀ | ਤੇਰੇ ਦਾਦਾ, ਦਾਦੀ ਤਾਂ ਇਸ ਜਹਾਨ ਵਿਚ ਰਹੇ ਨਹੀਂ | ਓਥੇ ਤੈਨੂੰ ਤਾਂ ਕਿਸੇ ਨੇ ਲਵੇ ਵੀ ਨਹੀਂ ਲਗਣ ਦੇਣਾ | ਫੇਰ ਕੀ ਕਰੇਂਗਾ ਓਥੇ ਜਾ ਕੇ? ਅੱਧ ਪੜ੍ਹਿਆ ਤੂੰ ਪਹਿਲਾਂ ਈ ਹੈਗਾ ਐਂ | ਘਰ ਪੱਟ ਕੇ ਜਾਣਾ ਬਹੁਤ ਔਖਾ ਹੁੰਦਾ ਐ, ਕਾਕਾ ਜੀ | ਏਸ ਬਾਰੇ ਫੇਰ ਸੋਚੀਂ |"
"ਚਾਚਾ, ਜਦੋਂ ਦੀ ਮੇਰੇ ਬਾਪ ਦੀ ਮੌਤ ਹੋਈ ਆ, ਉਸ ਤੋਂ ਮਗਰੋਂ ਮੇਰਾ ਜੀਅ ਨਹੀਂ ਲਗਦਾ | ਤੇ ਏਥੇ ਭੇਦ ਭਾਵ ਤੇ ਨਸਲੀ ਵਿਤਕਰਾ ਵੀ ਤਾਂ ਬੌਤ੍ਹ ਹੁੰਦਾ ਏ |"
"ਮੇਰੀ ਗੱਲ ਸੁਣ, ਜੀਅ ਤਾਂ ਲਾਉਣਾ ਪੈਂਦਾ ਐ | ਰਹੀ ਗੱਲ ਵਿਤਕਰੇ ਦੀ, ਤੇਰਾ ਦਾਦਾ ਵੀ ਏਥੇ ਰਿਹਾ | ਤੇਰੇ ਪਿਉ ਨੇ ਸਾਰੀ ਉਮਰ ਏਥੇ ਕੱਢੀ ਤੇ 'ਠਾਰਾਂ ਸਾਲਾਂ ਦਾ ਤੂੰ ਹੋ ਗਿਆ ਹੋਵੇਂਗਾ | ਮੂੰਹ 'ਤੇ ਸੁਖ ਨਾਲ ਤੇਰੇ ਦਾਹੜੀ ਆਉਣ ਲੱਗੀ ਐ | ਭੇਦ ਭਾਵ ਤੇ ਨਸਲੀ ਵਿਤਕਰਾ ਤਾਂ ਉਦੋਂ ਦਾ ਈ ਹੁੰਦਾ ਆ ਰਿਹਾ ਐ | ਕੀ ਏਸ ਵਿਤਕਰੇ ਤੋਂ ਡਰ ਕੇ ਭੱਜ ਜਾਣਾ ਚੰਗੀ ਗੱਲ ਐ? ਨਹੀਂ, ਡਰਪੋਕ ਬਣ ਕੇ ਨਹੀਂ ਭੱਜਣਾ | ਏਥੇ ਰਹਿ ਕੇ ਔਕੜਾਂ ਨਾਲ ਮੁਕਾਬਲਾ ਕਰਨੈ | ਬਸ, ਇਹੋ ਮੇਰੀ ਰਾਇ ਐ, ਮੈਂ ਤੈਨੂੰ ਹੋਰ ਕੋਈ ਰਾਇ ਨਈਂ ਦਿੰਦਾ | ਤੂੰ ਫੇਰ ਸੋਚੀਂ, ਫੇਰ ਸੋਚੀਂ ਤੇ ਫੇਰ ਸੋਚੀਂ |" ਇਹ ਆਖ ਲਛਮਣ ਸਿੰਘ ਉਠ ਕੇ ਖੜ੍ਹਾ ਹੋ ਗਿਆ | ਮਿੱਲ ਦਾ ਘੁੱਗੂ ਵੱਜ ਗਿਆ ਸੀ |
ਜਲੌਰ ਕਈ ਦਿਨ, ਭਾਰਤ ਨੂੰ ਜਾਣ ਜਾਂ ਨਾ ਜਾਣ ਬਾਰੇ, ਸੋਚਦਾ ਰਿਹਾ | ਸੋਚ ਸੋਚ ਕੇ ਉਹ ਇਸ ਸਿੱਟੇ 'ਤੇ ਪਹੁੰਚਿਆਂ ਕਿ ਭਾਰਤ ਨੂੰ ਨਹੀਂ ਜਾਣਾ ਤੇ ਸਦਾ ਲਈ ਕੈਨੇਡਾ ਵਿਚ ਹੀ ਰਹਿਣਾ ਹੈ |
************
ਦੂਸਰੀ ਸੰਸਾਰ ਜੰਗ ਵਿਚ ਕੈਨੇਡਾ ਦਾ ਜਾਨੀ ਤੇ ਮਾਲੀ ਨੁਕਸਾਨ ਬਹੁਤ ਹੋ ਗਿਆ ਸੀ | ਦੇਸੰ ਨੂੰ ਮੁੜ ਪੈਰਾਂ ਸਿਰ ਕਰਨ ਅਤੇ ਅਗਾਂਹ ਹੋਰ ਤਰੱਕੀ ਦੇ ਰਾਹ 'ਤੇ ਤੋਰਨ ਲਈ ਕੈਨੇਡਾ ਨੂੰ ਮਿਹਨਤੀ ਹੱਥਾਂ ਦੀ ਲੋੜ ਸੀ | ਇਸ ਲਈ ਸਰਕਾਰ ਨੇ ਆਪਣੀਆਂ ਇਮੀਗ੍ਰੇਸੰਨ ਪਾਲਿਸੀਆਂ ਵਿਚ ਕੁਝ ਤਬਦੀਲੀਆਂ ਕਰ ਦਿੱਤੀਆਂ ਸਨ | ਸੰਨ 1950 ਤੋਂ ਮਗਰੋਂ 150 ਭਾਰਤੀਆਂ ਨੂੰ ਕੈਨੇਡਾ ਵਿਚ, ਇਮੀਗ੍ਰਾਂਟ ਬਣ ਕੇ, ਆਉਣ ਦੀ ਆਗਿਆ ਮਿਲ ਗਈ ਸੀ, ਜਿਹੜੀ ਕਿ 1956 ਵਿਚ ਵਧਾ ਕੇ 300 ਕਰ ਦਿੱਤੀ ਗਈ ਸੀ | ਇਸ ਤੋਂ ਬਿਨਾਂ ਇੰਗਲੈਂਡ, ਅਫਰੀਕੀ ਦੇਸੰਾਂ ਤੇ ਕੈਰੇਬੀਅਨ ਟਾਪੂਆਂ ਤੋਂ ਵੀ ਕਈ ਭਾਰਤੀ ਮੂਲ ਦੇ ਲੋਕ ਕੈਨੇਡਾ ਵਿਚ ਆ ਵਸੇ ਸਨ | ਇਸ ਤਰ੍ਹਾਂ ਜਿਹੜੇ ਭਾਰਤੀਆਂ ਦੀ ਗਿਣਤੀ ਤੀਹਵਿਆਂ ਤਕ ਘਟ ਕੇ ਡੇਢ ਕੁ ਹਜ਼ਾਰ ਦੇ ਕਰੀਬ ਰਹਿ ਗਈ ਸੀ, ਉਹ ਗਿਣਤੀ, ਪੰਜਾਹਵਿਆਂ ਵਿਚ ਮੁੜ ਕਈ ਹਜ਼ਾਰ ਹੋ ਗਈ ਸੀ | ਇਹਨਾਂ ਨਵੇਂ ਆਏ ਭਾਰਤੀਆਂ ਵਿਚ ਬਹੁਗਿਣਤੀ ਪੜ੍ਹੇ ਲਿਖੇ ਲੋਕਾਂ ਦੀ ਸੀ | ਪਹਿਲਾਂ ਕਿਸੇ ਟਾਵੇਂ ਟਾਵੇਂ ਕੋਲ ਹੀ ਆਪਣਾ ਘਰ ਹੁੰਦਾ ਸੀ | ਬਹੁਤੇ ਭਾਰਤੀ ਕਾਮੇ ਆਪਣੇ ਕੰਮ ਵਾਲੀ ਥਾਂ 'ਤੇ ਬੰਕ ਹਾਊਸਾਂ ਵਿਚ ਹੀ ਰਹਿੰਦੇ ਸਨ | ਹੁਣ ਬੰਕ ਹਾਊਸਾਂ ਵਾਲੀ ਜ਼ਿੰਦਗੀ ਖਤਮ ਹੋ ਗਈ ਸੀ | ਜਿਵੇਂ ਜਿਵੇਂ ਲੋਕ ਆਪਣੇ ਪਰਵਾਰਾਂ ਨੂੰ ਲਿਆਉਂਦੇ, ਉਹ ਨਾਲ ਦੀ ਨਾਲ ਘਰ ਖਰੀਦ ਲੈਂਦੇ ਜਾਂ ਨਵੇਂ ਘਰ ਬਣਾ ਲੈਂਦੇ | ਕਈਆਂ ਇਕੱਲੇ ਅਕਹਿਰੇ ਰਹਿਣ ਵਾਲਿਆਂ ਨੇ ਵੀ ਘਰ ਬਣਾ ਲਏ ਸਨ | ਹੁਣ ਹਰ ਕੋਈ ਘਰਾਂ ਵਿਚ ਰਹਿਣ ਲਗ ਪਿਆ ਸੀ | ਕੈਨੇਡਾ ਵਿਚ ਨਵੇਂ ਆਉਣ ਵਾਲੇ ਭਾਰਤੀ, ਆਪਣੇ ਲੋਕਾਂ ਦੇ ਘਰਾਂ ਦੀਆਂ ਬੇਸਮੈਂਟਾਂ ਵਿਚ ਰਹਿੰਦੇ | ਪਹਿਲੇ ਆਏ ਲੋਕਾਂ ਵਿਚੋਂ ਬਹੁਤਿਆਂ ਨੇ ਆਪਣੇ ਕਾਰੋਬਾਰ ਵੀ ਆਰੰਭ ਕਰ ਲਏ ਸਨ | ਵੈਨਕੂਵਰ ਦੀ ਮੇਨ ਸਟਰੀਟ ਅਤੇ ਮੈਰੀਨ ਡਰਾਈਵ ਦੇ ਨੇੜੇ ਪੰਜਾਬੀਆਂ ਨੇ ਕਈ ਦੁਕਾਨਾਂ ਖੋਲ੍ਹ ਲਈਆਂ ਸਨ | ਬੇਸੰੱਕ ਭਾਰਤੀ ਮੂਲ ਦੇ ਲੋਕ ਅਜੇ ਵੀ ਆਟੇ ਵਿਚ ਲੂਣ ਦੀ ਨਿਆਈਂ ਸਨ ਪਰ ਫੇਰ ਵੀ ਵੈਨਕੂਵਰ, ਵਿਕਟੋਰੀਆ ਤੇ ਫਰੇਜ਼ਰ ਵੈਲੀ ਵਿਚ ਹਰ ਪਾਸੇ ਉਹਨਾਂ ਦੀ ਹੋਂਦ ਦਾ ਅਹਿਸਾਸ ਨਸਲਵਾਦੀਆਂ ਦੀਆਂ ਅੱਖਾਂ ਵਿਚ ਰੜਕਦਾ ਸੀ | ਪਹਿਲਾਂ ਜਿਹੜਾ ਨਸਲਵਾਦ ਦਾ ਨਾਗ, ਗੁੰਝਲੀ ਮਾਰੀ ਬੈਠਾ ਕਦੇ ਕਦਾਈਂ ਫੰਕਾਰਾ ਮਾਰ ਦਿਆ ਕਰਦਾ ਸੀ, ਉਹ ਨਾਗ ਹੁਣ ਫੇਰ ਫਨ ਫੈਲਾ ਕੇ ਉਠ ਖੜ੍ਹਾ ਹੋਇਆ ਸੀ |
ਇਕ ਦਿਨ ਜਲੌਰ ਕੰਮ ਤੋਂ ਵਾਪਸ ਆ ਰਿਹਾ ਸੀ | ਅਜੇ ਉਹ ਸਟਰੀਟ ਦਾ ਮੋੜ ਮੁੜਿਆ ਹੀ ਸੀ ਕਿ ਇਕ ਪਾਸਿਉਂ ਤਿੰਨ ਚਾਰ ਪੱਥਰ ਗੀਟੇ ਉਸ ਦੇ ਉਪਰੋਂ ਦੀ ਲੰਘ ਗਏ | ਇਹ ਬਚਾ ਹੋ ਗਿਆ ਕਿ ਉਸ ਦੇ ਕੋਈ ਵੱਜਿਆ ਨਹੀਂ | ਉਸ ਨੇ ਜਦੋਂ ਸਾਈਕਲ ਰੋਕ ਕੇ ਦੇਖਿਆ ਤਾਂ ਦੋ ਅਲ੍ਹੜ ਜਿਹੇ ਮੁੰਡੇ ਭੱਜੇ ਜਾਂਦੇ ਦਿਸੇ | ਪਹਿਲਾਂ ਤਾਂ ਉਸ ਦਾ ਜੀਅ ਕੀਤਾ ਕਿ ਸਾਈਕਲ ਭਜਾ ਕੇ ਉਹਨਾਂ ਨੂੰ ਫੜ ਲਵੇ ਤੇ ਚੰਗਾ ਕੁਟਾਪਾ ਚਾੜ੍ਹੇ, ਫੇਰ ਇਹ ਸੋਚ ਕੇ ਕਿ ਗੱਲ ਕਿਤੇ ਉਲਟ ਨਾ ਪੈ ਜਾਵੇ, ਉਹ ਸਾਈਕਲ ਨੂੰ ਭਜਾਉਂਦਾ ਹੋਇਆ ਉਥੋਂ ਚਲਿਆ ਗਿਆ | ਅਗਲੇ ਦਿਨ ਜਦੋਂ ਉਹ ਫੇਰ ਉਸੇ ਥਾਂ ਦੇ ਨੇੜੇ ਆਇਆ, ਜਿੱਥੇ ਕੱਲ੍ਹ ਉਸ ਉਪਰ ਵੱਟੇ ਚਲਾਏ ਗਏ ਸਨ, ਉਸ ਦੇਖਿਆ ਕਿ ਪੰਜ ਛੇ ਮੁੰਡੇ ਕੁੜੀਆਂ ਢਾਣੀ ਬਣਾਈ ਕੱਲ੍ਹ ਵਾਲੀ ਥਾਂ 'ਤੇ ਖੜ੍ਹੇ ਸਨ | ਉਸ ਨੇ ਸਾਈਕਲ ਨੂੰ ਹੌਲ਼ੀ ਕਰ ਲਿਆ | ਉਹ ਢਾਣੀ ਨਸਲੀ ਬੋਲੇ ਕਸਦੀ ਹੋਈ ਉਸ ਦੇ ਵੱਲ ਆਉਣ ਲੱਗੀ | ਉਸ ਨੇ ਉੱਥੇ ਹੀ ਆਪਣਾ ਸਾਈਕਲ ਰੋਕ ਲਿਆ | ਉਹ ਵਾਪਸ ਮੁੜਨ ਹੀ ਲੱਗਾ ਸੀ ਕਿ ਇਕ ਕਾਰ ਉਸ ਦੇ ਕੋਲ ਆ ਕੇ ਰੁਕ ਗਈ | ਕਾਰ ਦੇ ਰੁਕਦਿਆਂ ਹੀ ਸਾਰੇ ਛੋਕਰੇ ਉੱਥੋਂ ਦੌੜ ਗਏ | "ਕੀ ਮਾਜਰਾ ਹੈ, ਗਭਰੂਆ?" ਕਾਰ 'ਚੋਂ ਸਿਰ ਬਾਹਰ ਕੱਢ ਕੇ ਇਕ ਅਧੇੜ-ਉਮਰ ਗੋਰੇ ਨੇ ਜਲੌਰ ਨੂੰ ਪੁੱਛਿਆ |
"ਪਤਾ ਨਹੀਂ ਕੀ ਕਾਰਨ ਹੈ ਸ੍ਰੀਮਾਨ ਜੀ, ਕੱਲ੍ਹ ਜਦੋਂ ਮੈਂ ਇੱਥੋਂ ਦੀ ਲੰਘ ਰਿਹਾ ਸੀ ਤਾਂ ਕੁਝ ਮੁੰਡਿਆ ਨੇ ਮੇਰੇ ਉਪਰ ਵੱਟੇ ਚਲਾਏ ਸੀ ਅਤੇ ਅੱਜ ਫਿਰ ਮੈਨੂੰ ਘੇਰਨ ਵਾਸਤੇ ਆ ਰਹੇ ਸਨ | ਤੁਹਾਡੀ ਮਿਹਰਬਾਨੀ ਜੋ ਤੁਸੀਂ ਵੇਲੇ ਸਿਰ ਇੱਥੇ ਆ ਗਏ |"
"ਤੂੰ ਪਹਿਲਾਂ ਉਹਨਾਂ ਨੂੰ ਕੁਝ ਕਿਹਾ ਹੋਵੇਗਾ?"
"ਨਹੀਂ ਸ੍ਰੀ ਮਾਨ ਜੀ, ਮੈਂ ਤਾਂ ਆਪਣੇ ਧਿਆਨ ਹੀ ਆਉਂਦਾ ਜਾਂਦਾ ਹਾਂ, ਕਦੀ ਕਿਸੇ ਨੂੰ ਕੁਝ ਨਹੀਂ ਕਿਹਾ |"
"ਫੇਰ ਤੈਨੂੰ ਪੁਲੀਸ ਕੋਲ ਸੰੰਕਾਇਤ ਕਰਨੀ ਚਾਹੀਦੀ ਹੈ |" ਇਹ ਆਖ ਉਸ ਨੇ ਕਾਰ ਤੋਰ ਲਈ |
ਜਲੌਰ ਇਸ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਕਿ ਪੁਲੀਸ ਕੋਲ ਸੰਕਾਇਤ ਕੀਤਿਆਂ, ਉਸ ਦਾ ਕਿੰਨਾ ਕੁ ਅਸਰ ਹੁੰਦਾ ਹੈ? ਉਸ ਨੇ ਇਕ ਵਾਰ ਪਹਿਲਾਂ ਪੁਲੀਸ ਕੋਲ ਸੰਕਾਇਤ ਕੀਤੀ ਸੀ, ਜਦੋਂ ਪਿਛਲੇ ਸਾਲ ਗਰਮੀਆਂ ਦੇ ਦਿਨਾਂ ਵਿਚ ਉਹ ਬਰਤਾਨੀਆ ਬੀਚ 'ਤੇ ਬੋਟਿੰਗ ਲਈ ਗਿਆ ਸੀ ਤਾਂ ਪੰਜ ਛੇ ਮੁੰਡਿਆਂ ਦੀ ਢਾਣੀ ਨੇ ਘੇਰ ਕੇ ਠੁੱਡੇ ਮੁੱਕੀਆਂ ਮਾਰ ਮਾਰ ਉਸ ਦਾ ਬੁਰਾ ਹਾਲ ਕਰ ਦਿੱਤਾ ਸੀ | ਜਦੋਂ ਉਸ ਨੇ ਪੁਲੀਸ ਕੋਲ ਜਾ ਕੇ ਇਸ ਘਟਨਾ ਬਾਰੇ ਸੰਕਾਇਤ ਕੀਤੀ ਤਾਂ ਉਲਟਾ ਪੁਲੀਸ ਨੇ ਉਸ ਨੂੰ ਹੀ ਡਾਂਟਦਿਆਂ ਕਿਹਾ ਸੀ, "ਤੂੰ ਉੱਥੇ ਕੋਈ ਸੰਰਾਰਤ ਕੀਤੀ ਹੋਵੇਗੀ | ਐਵੇਂ ਉਹਨਾਂ ਮੁੰਡਿਆਂ ਦਾ ਸਿਰ ਨਹੀਂ ਸੀ ਫਿਰਿਆ ਹੋਇਆ ਕਿ ਉਹ ਤੈਨੂੰ ਕੁਝ ਕਹਿੰਦੇ |" ਤੇ ਫੇਰ 'ਅਸੀਂ ਪੜਤਾਲ ਕਰਾਂਗੇ' ਕਹਿ ਕੇ ਉਹਨਾਂ ਨੇ ਉਸ ਨੂੰ ਟਰਕਾ ਦਿੱਤਾ ਸੀ | ਏਸ ਕਰਕੇ ਉਹ ਪੁਲੀਸ ਕੋਲ ਸੰਕਾਇਤ ਕਰਨ ਦੀ ਥਾਂ ਸਾਈਕਲ ਘੜੀਸਦਾ ਹੋਇਆ ਘਰ ਪੁਹੰਚ ਗਿਆ | ਇਸ ਤਰ੍ਹਾਂ ਹੀ ਉਹ ਆਪਣੀ ਜ਼ਿੰਦਗੀ ਦੇ ਦਿਨਾਂ ਨੂੰ ਘੜੀਸੀ ਜਾ ਰਿਹਾ ਸੀ | ਫਿਰ ਮਾਂ ਦੇ ਕਹਿਣ 'ਤੇ ਉਸ ਨੇ ਕਾਰ ਖਰੀਦ ਲਈ ਅਤੇ ਦਿਨ ਕੁੱਝ ਸੌਖੇ ਲੰਘਣ ਲੱਗੇ |
ਜਦੋਂ ਸੁਖਦੇਵ ਨੂੰ ਇਲੈਕਟਰੀਕਲ ਡਿਪਲੋਮੇ ਦੇ ਕੋਰਸ ਵਿਚ ਦਾਖਲਾ ਮਿਲ ਗਿਆ ਤਾਂ ਸੁਖਦੇਵ ਦੇ ਜ਼ੋਰ ਦੇਣ 'ਤੇ ਜਲੌਰ ਵੀ ਲਕੜੀ ਦੀ ਗਰੇਡਿੰਗ ਦਾ ਕੋਰਸ ਕਰਨ ਲੱਗ ਪਿਆ | ਉਹ ਹਫਤੇ ਵਿਚ ਦੋ ਦਿਨ, ਦੋ ਦੋ ਘੰਟੇ ਲਈ ਪੜ੍ਹਨ ਜਾਂਦੇ ਸਨ | ਤਿੰਨ ਸਾਲ ਵਿਚ ਉਹਨਾਂ ਨੇ ਆਪਣੇ ਕੋਰਸ ਮੁਕੱਮਲ ਕਰ ਲਏ | ਕੋਰਸ ਕਰਨ ਤੋਂ ਮਗਰੋਂ ਸੁਖਦੇਵ ਇੰਡੀਆ ਨੂੰ ਚਲਾ ਗਿਆ ਕਿਉਂਕਿ ਉਸ ਨੂੰ ਮਾਂ ਦੇ ਬਿਮਾਰ ਹੋਣ ਬਾਰੇ ਕਈ ਚਿੱਠੀਆਂ ਆ ਗਈਆਂ ਸਨ ਪਰ ਉਹ ਕੋਰਸ ਕਰਦਾ ਹੋਣ ਕਰਕੇ ਇੰਡੀਆ ਜਾ ਨਹੀਂ ਸਕਿਆ ਸੀ |
ਜਲੌਰ ਨੇ ਆਪਣੀ ਯੋਗਤਾ ਦੇ ਆਧਾਰ 'ਤੇ ਸਹਾਇਕ ਗਰੇਡਰ ਦੀ ਨੌਕਰੀ ਲਈ ਮਿੱਲ ਦੇ ਮੈਨੇਜਰ ਕੋਲ ਕਈ ਵਾਰ ਬੇਨਤੀ ਕੀਤੀ ਪਰ ਹਰ ਵਾਰ ਹੀ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਦੀ ਬੇਨਤੀ ਰੱਦ ਕਰ ਦਿੱਤੀ ਜਾਂਦੀ | ਇਕ ਵਾਰ ਮਿੱਲ ਦਾ ਇਕ ਗਰੇਡਰ ਕੰਮ ਛੱਡ ਕੇ ਚਲਾ ਗਿਆ | ਜਲੌਰ ਆਸ ਲਾਈ ਬੈਠਾ ਸੀ ਕਿ ਹੁਣ ਉਸ ਨੂੰ ਤਰੱਕੀ ਮਿਲ ਜਾਵੇਗੀ ਪਰ ਕੰਪਨੀ ਨੇ ਹੋਰ ਨਵਾਂ ਗਰੇਡਰ ਲੈ ਆਂਦਾ | ਉਸ ਨੂੰ ਬਹੁਤ ਗੁੱਸਾ ਆਇਆ ਤੇ ਉਹ ਮੈਨੇਜਰ ਨਾਲ ਝਗੜ ਪਿਆ | ਮੈਨੇਜਰ ਨੇ ਉਸ ਨੂੰ ਲਾਰਾ ਵੀ ਲਾਇਆ ਕਿ ਉਸ ਨੂੰ ਜਲਦੀ ਹੀ ਨਵੇਂ ਗਰੇਡਰ ਦਾ ਸਹਾਇਕ ਲਾ ਦਿੱਤਾ ਜਾਵੇਗਾ ਪਰ ਉਹ ਗੁੱਸੇ ਵਿਚ ਹੀ ਕੰਮ ਛੱਡ ਕੇ ਘਰ ਆ ਗਿਆ | ਫੇਰ ਉਸ ਨੂੰ ਕਈ ਦਿਨ ਹੋਰ ਕਿਸੇ ਮਿੱਲ ਵਿਚ ਕੰਮ ਨਾ ਮਿਲਿਆ | ਕਾਰ ਵਿਚ ਗੇੜੇ ਦੇ ਕੇ ਆਥਣ ਨੂੰ ਘਰ ਆ ਜਾਂਦਾ | ਉਹ ਮੈਪਲਰਿਜ, ਪੋਰਟਮੂਡੀ ਤੇ ਸਕੁਆਮਸੰ ਤਕ ਵੀ ਕੰਮ ਦੀ ਭਾਲ਼ ਵਿਚ ਗਿਆ ਪਰ ਉਸ ਦੇ ਪੱਲੇ ਨਿਰਾਸੰਾ ਹੀ ਪਈ | ਇਕ ਦਿਨ ਮਾਂ ਨੇ ਉਸ ਨੂੰ ਆਪਣੇ ਕੋਲ ਬਿਠਾ ਕੇ ਪੁੱਛਿਆ, "ਤੈਨੂੰ ਜੇ ਇਹ ਕੰਮ ਨਹੀਂ ਮਿਲਦਾ ਤਾਂ ਕੋਈ ਹੋਰ ਕੰਮ ਦੇਖ ਲੈਂਦਾ |"
"ਕੋਰਸ 'ਤੇ ਤਿੰਨ ਸਾਲ ਵੀ ਲਾਏ ਤੇ ਏਨੀ ਮਨੀ ਖਰਚ ਕੀਤੀ, ਹੁਣ ਹੋਰ ਕੰਮ ਕਿਉਂ ਭਾਲ਼ ਲਵਾਂ?"
"ਹੂੰਅ! ਤੇ ਇਕ ਦਿਨ ਤੂੰ ਦੱਸਿਆ ਸੀ ਕਿ ਸੁਖਦੇਵ ਨੇ ਓਥੇ ਜਾ ਕੇ ਵਿਆਹ ਕਰਵਾ ਲਿਆ ਐ |"
"ਹਾਂ, ਦੱਸਿਆ ਤਾਂ ਸੀ ਪਰ ਬੀ ਜੀ, ਗੱਲ ਤੂੰ ਮੇਰੇ ਕੰਮ ਬਾਰੇ ਕਰਦੀ ਸੀ ਤੇ ਇਹ ਸੁਖਦੇਵ ਦੇ ਵਿਆਹ ਦੀ ਗੱਲ ਵਿਚ ਕਿਵੇਂ ਆ ਗਈ?"
"ਮੈਂ ਚਾਹੁਨੀ ਆਂ ਕਿ ਤੂੰ ਵੀ ਹੁਣ ਵਿਆਹ ਕਰਵਾ ਲਵੇਂ |"
"ਪਹਿਲਾਂ ਮੇਰੀ ਸਲਾਹ ਘਰ ਲੈਣ ਦੀ ਆ, ਵਿਆਹ ਬਾਰੇ ਫੇਰ ਸੋਚਾਂਗੇ | ਸੁਖਦੇਵ ਸਤਾਈ ਅਠਾਈ ਸਾਲਾਂ ਦੇ ਨੇੜ ਹੋ ਚਲਿਆ ਸੀ | ਫੇਰ ਕਿਤੇ ਜਾ ਕੇ ਉਸ ਨੇ ਵਿਆਹ ਕਰਵਾਇਆ |"
"ਉਸ ਦਾ 'ਠਾਈ ਸਾਲਾਂ ਦਾ ਹੋ ਕੇ ਵਿਆਹ ਕਰਵਾਉਣਾ ਉਹਦੀ ਮਜਬੂਰੀ ਸੀ | ਤੂੰ ਹੁਣ ਬਾਈ ਤੇਈ ਸਾਲ ਦਾ ਹੋ ਗਿਆ ਐਂ, ਇਹੋ ਵਿਆਹ ਦੀ ਉਮਰ ਹੁੰਦੀ ਐ | ਨਿੱਕੀ ਨੂੰ ਵੀ ਛੁੱਟੀਆਂ ਹੈਗੀਆਂ ਤੇ ਤੂੰ ਵੀ ਕੰਮ ਤੋਂ ਵਿਹਲਾ ਐਂ, ਹੁਣ ਚੰਗਾ ਮੌਕਾ ਐ ਕਿ ਇੰਡੀਆ ਗੇੜਾ ਮਾਰ ਆਈਏ |"
"ਇੰਡੀਆ ਜਾਣ ਬਾਰੇ ਤਾਂ ਸੋਚ ਲਵਾਂਗੇ ਪਰ ਅਜੇ ਮੈਂ ਵਿਆਹ ਬਾਰੇ ਨਹੀਂ ਸੋਚਿਆ |"
"ਫੇਰ ਠੀਕ ਐ, ਇੰਡੀਆ ਚਲਦੇ ਆਂ ਤੇ ਵਿਆਹ ਬਾਰੇ ਓਥੇ ਜਾ ਕੇ ਸੋਚਾਂਗੇ |"
"ਪਰ ਇੰਡੀਆ ਜਾ ਕੇ ਰਹਾਂਗੇ ਕਿੱਥੇ?"
"ਲੈ, ਕਰਤੀ ਗੱਲ! ਇੰਡੀਆਂ ਆਵਦਾ ਘਰ ਐ | ਸੁੱਖ ਨਾਲ ਤੇਰਾ ਚਾਚਾ ਨਸੀਬ ਸਿਉਂ ਐ, ਉਹਦਾ ਸਾਰਾ ਪਰਿਵਾਰ ਐ | ਮੇਰੀਆਂ ਦੋ ਭੈਣਾਂ ਐ ਓਥੇ, ਉਹਨਾਂ ਦੇ ਪਰਵਾਰ ਐ, ਕੋਈ ਵੀ ਨਾ ਝੱਲੂ |"
"ਚਾਚੇ ਦੀ ਕਦੇ ਕੋਈ ਚਿੱਠੀ ਤਾਂ ਆਈ ਨਹੀਂ |"
"ਉਹਦੀਆਂ ਚਿੱਠੀਆਂ ਆਈਆਂ ਸੀ, ਤੇਰੇ ਪਿਉ ਦੇ ਗੁਜਰ ਜਾਣ ਮਗਰੋਂ ਪਰ ਆਪਾਂ ਹੀ ਕੋਈ ਜਵਾਬ ਨਹੀਂ ਸੀ ਦਿੱਤਾ | ਉਸ ਨੇ ਲਿਖਿਆ ਸੀ, 'ਮੇਰੇ ਭਰਾ ਦੇ ਫੁੱਲ ਈ ਏਥੇ ਲੈ ਆਓ | ਮੈਂ ਓਸਦੇ ਫੁੱਲਾਂ ਦੇ ਈ ਦਰਸੰਨ ਕਰ ਲਵਾਂ' ਪਰ ਮੇਰਾ ਹੀਆ ਈ ਨਹੀਂ ਪਿਆ ਸੀ ਓਥੇ ਜਾਣ ਦਾ | ਉਸ ਤੋਂ ਮਗਰੋਂ ਉਹ ਚਿੱਠੀਆਂ ਪਾਉਣੋ ਹਟ ਗਿਆ | ਤੂੰ ਓਸ ਨੂੰ ਚਿਠੀ ਪਾ ਕੇ ਤਾਂ ਦੇਖ |"
"ਤੈਨੂੰ ਪਤਾ ਤਾਂ ਹੈ, ਮੈਨੂੰ ਪੰਜਾਬੀ ਨਹੀਂ ਆਉਂਦੀ | ਤੂੰ ਹੀ ਗੁਰਦਵਾਰੇ ਦੇ ਗ੍ਰੰਥੀ ਕੋਲੋਂ ਚਿੱਠੀ ਲਿਖਵਾ ਕੇ ਪਾ ਦੇਵੀਂ |"
ਜਲੌਰ ਵੱਲੋਂ ਇੰਡੀਆ ਜਾਣ ਦਾ ਹੁੰਗਾਰਾ ਮਿਲਨ 'ਤੇ ਮਾਂ ਬਹੁਤ ਖੁਸੰੰ ਹੋ ਗਈ ਸੀ | ਉਸ ਨੂੰ ਇਹ ਆਸ ਨਹੀਂ ਸੀ ਕਿ ਜੈਰੀ ਇੰਡੀਆਂ ਜਾਣ ਬਾਰੇ ਫਿਰ ਸੋਚੇਗਾ | ਉਸ ਨੇ ਕਈ ਵਾਰ ਪਹਿਲਾਂ ਵੀ ਇੰਡੀਆ ਜਾਣ ਬਾਰੇ ਕਿਹਾ ਸੀ ਪਰ ਉਸ ਨੇ ਕਦੀ ਹਾਮ੍ਹੀ ਨਹੀਂ ਸੀ ਭਰੀ |
ਜਲੌਰ ਨੇ ਇੰਡੀਆ ਜਾਣ ਵਾਸਤੇ ਏਸ ਲਈ ਹਾਮ੍ਹੀ ਭਰ ਦਿੱਤੀ ਸੀ ਕਿਉਂਕਿ ਜਲੌਰ ਤੇ ਸੁਖਦੇਵ ਦਾ ਚਿੱਠੀ ਪੱਤਰ ਚਲਦਾ ਰਹਿੰਦਾ ਸੀ | ਪਹਿਲੀਆਂ ਵਿਚ ਭਾਵੇਂ ਸੁਖਦੇਵ ਉਸ ਕੋਲ ਇੰਡੀਆ ਦੀ ਮਾੜੀ ਤਸਵੀਰ ਹੀ ਬਿਆਨ ਕਰਦਾ ਰਿਹਾ ਸੀ ਪਰ ਹੁਣ ਉਹ ਇੰਡੀਆ ਦੀਆਂ ਸਿਫਤਾਂ ਕਰਦਾ ਨਹੀਂ ਸੀ ਥਕਦਾ | ਉਹ, ਕੁੱਲੂ, ਮਨਾਲੀ ,ਡਲਹੌਜ਼ੀ, ਸਿਮਲੇ,ਆਗਰੇ, ਜੈ ਪੁਰ, ਜਿੱਥੇ ਵੀ ਗਿਆ ਉਸ ਨੇ ਉੱਥੋਂ ਦੀ ਸੁੰਦਰਤਾ ਨੂੰ ਕਾਵਿਮਈ ਢੰਗ ਨਾਲ ਬਿਆਨ ਕੀਤਾ | ਸਿਰੀਨਗਰ ਤੋਂ ਇਕ ਚਿੱਠੀ ਵਿਚ ਕਸੰਮੀਰ ਦੀ ਸਿਫਤ ਕਰਦਿਆਂ ਲਿਖਿਆ ਸੀ, ' ਆਪਣਾ ਬੀ।ਸੀ। ਵੀ ਬਹੁਤ ਸੁਹਣਾ ਹੈ ਪਰ ਕਸੰਮੀਰ ਦੀ ਆਪਣੀ ਹੀ ਸੁੰਦਰਤਾ ਹੈ | ਤੈਨੂੰ ਵੀ ਇੰਡੀਆ ਦਾ ਚੱਕਰ ਲਾਉਣਾ ਚਾਹੀਦਾ ਹੈ | ਇੰਡੀਆ ਵਿਚ ਸਾਡੀਆਂ ਜੜਾਂ ਹਨ | ਆਪਣੀਆਂ ਜੜਾਂ ਨਾਲੋਂ ਟੁਟਣਾ ਨਹੀਂ ਚਾਹੀਦਾ |'
ਇਕ ਹੋਰ ਚਿੱਠੀ ਵਿਚ ਲਿਖਿਆ ਸੀ,'ਮੈਂ ਵਿਆਹ ਕਰਵਾ ਲਿਆ ਹੈ | ਕੁੜੀ ਟੀਚਰ ਲੱਗੀ ਹੋਈ ਹੈ | ਹੁਣ ਤੈਨੂੰ ਵੀ ਵਿਆਹ ਕਰਵਾ ਲੈਣਾ ਚਾਹੀਦਾ ਹੈ | ਜੇ ਕਹੇ ਤਾਂ ਤੇਰੇ ਲਈ ਇਥੇ ਕੋਈ ਕੁੜੀ ਦੇਖਾਂ | ਉਂਝ ਇਕ ਕੁੜੀ ਮੇਰੀ ਨਿਗਾਹ ਵਿਚ ਵੀ ਹੈ | ਉਸ ਨੇ ਬੀ।ਐਸ।ਸੀ। ਕੀਤੀ ਹੋਈ ਹੈ ਅਤੇ ਬੀ।ਐਡ। ਵਿਚ ਦਾਖਲ ਹੋਣ ਦੀ ਤਿਆਰੀ ਕਰ ਰਹੀ ਹੈ, ਬਹੁਤ ਹੀ ਸੁਹਣੀ ਸੁਨੱਖੀ ਹੈ | ਜੇ ਕਹੇਂ ਤਾਂ ਉਹਨਾਂ ਦੇ ਘਰਦਿਆਂ ਨਾਲ ਗੱਲ ਚਲਾ ਕੇ ਦੇਖਾਂ? ਜੇ ਤੂੰ ਇੱਥੇ ਆ ਜਾਵੇਂ ਤੇ ਉਸ ਕੁੜੀ ਨੂੰ ਦੇਖ ਲਵੇਂ ਤਾਂ ਤੇਰਾ ਮੱਲੋ ਮੱਲੀ ਉਸ ਨਾਲ ਵਿਆਹ ਕਰਵਾਉਣ ਨੂੰ ਜੀਅ ਕਰ ਆਵੇ |"
ਇਸ ਤਰ੍ਹਾਂ ਉਹਨਾਂ ਦਾ ਚਿੱਠੀਆਂ ਦਾ ਸਿਲਸਲਾ ਚਲਦਾ ਰਿਹਾ ਸੀ ਤੇ ਚਿੱਠੀਆਂ ਪੜ੍ਹਕੇ ਜੈਰੀ ਦੇ ਮਨ ਵਿਚ ਵੀ ਇੰਡੀਆ ਜਾਣ ਦੀ ਰੀਝ ਜਾਗ ਪਈ ਸੀ | ਮਾਂ ਦੇ ਕਹਿਣ 'ਤੇ ਉਸ ਨੇ ਇੰਡੀਆ ਜਾਣ ਦੀ ਹਾਮ੍ਹੀ ਭਰ ਦਿੱਤੀ ਅਤੇ ਨਾਲ ਹੀ ਉਸ ਨੇ ਸੁਖਦੇਵ ਨੂੰ ਵੀ ਚਿੱਠੀ ਲਿਖ ਦਿੱਤੀ, 'ਅਸੀਂ ਇੰਡੀਆ ਦਾ ਗੇੜਾ ਮਾਰਨ ਦੀ ਸਲਾਹ ਬਣਾ ਲਈ ਹੈ | ਪੱਕਾ ਪਰੋਗ੍ਰਾਮ ਬਣਾ ਕੇ ਫੇਰ ਚਿੱਠੀ ਲਿਖਾਂਗਾ | ਹੋ ਸਕਦਾ ਹੈ ਕਿ ਬਹੁਤਾ ਸਮਾਂ ਤੇਰੇ ਕੋਲ ਠਹਿਰੀਏ |'
ਸੁਖਦੇਵ ਦੀ ਚਿੱਠੀ ਆਉਣ ਤੋਂ ਪਹਿਲਾਂ ਨਸੀਬ ਸਿੰਘ ਦੀ ਚਿਠੀ ਆ ਗਈ | ਚਿੱਠੀ ਉਰਦੂ ਵਿਚ ਲਿਖੀ ਹੋਈ ਸੀ | ਉਹ ਨਾ ਉਰਦੂ ਜਾਣਦਾ ਸੀ ਤੇ ਨਾ ਹੀ ਬਹੁਤ ਚੰਗੀ ਤਰ੍ਹਾਂ ਪੰਜਾਬੀ ਪੜ੍ਹ ਸਕਦਾ ਸੀ | ਉਹ ਚਿੱਠੀ ਨੂੰ ਲਛਮਣ ਸਿੰਘ ਕੋਲ ਲੈ ਗਿਆ | ਲਛਮਣ ਨੇ ਚਿੱਠੀ ਪੜ੍ਹੀ, ਲਿਖਿਆ ਸੀ, "ਭਤੀਜ ਜਲੌਰ ਸਿੰਘ, ਤੂੰ ਅੱਠ ਕੁ ਸਾਲ ਦਾ ਸੀ ਜਦੋਂ ਏਥੇ ਆਇਆ ਸੀ | ਗੋਲ ਮਟੋਲ ਜਿਹਾ ਕਿੰਨਾ ਸੁਹਣਾ ਲਗਦਾ ਸੀ | ਸਾਨੂੰ ਤੇਰੀ ਉਹ ਸੰਕਲ ਕਦੇ ਨਹੀਂ ਭੁਲਦੀ | ਤੂੰ ਹੀ ਸਾਨੂੰ ਭੁੱਲ ਗਿਆ ਹੈਂ | ਨਿਰਮੋਹਾ ਹੋ ਗਿਆ, ਕਦੀ ਚਿੱਠੀ ਵੀ ਨਹੀਂ ਪਾਈ | ਸਾਡੀਆਂ ਚਿੱਠੀਆਂ ਦਾ ਵੀ ਜਵਾਬ ਨਾ ਦਿੱਤਾ | ਪਰਸੋਂ ਤੇਰਾ ਇਕ ਦੋਸਤ ਏਥੇ ਸਾਡੇ ਕੋਲ ਹੋ ਕੇ ਗਿਆ ਸੀ ਤੇ ਕੱਲ੍ਹ ਸਾਨੂੰ ਭਾਬੀ ਜੀ ਦੀ ਚਿੱਠੀ ਮਿਲੀ ਹੈ | ਉਸ ਨੇ ਲਿਖਿਆ ਹੈ ਕਿ ਤੂੰ ਇਥੇ ਆਉਣ ਤੋਂ ਝਿਜਕਦਾ ਹੈਂ | ਝਿਜਕ ਕਿਸ ਗੱਲ ਦੀ | ਇਹ ਤੇਰਾ ਘਰ ਹੈ | ਤੇਰਾ ਇਸ ਘਰ ਵਿਚ ਸੀਰ ਹੈ | ਤੂੰ ਸਾਨੂੰ ਕੋਈ ਦੁਪਿਆਰਾ ਨਹੀਂ | ਅਸੀਂ ਤਾਂ ਤੁਹਾਨੂੰ ਹਰ ਦੁਖ ਸੁਖ ਵੇਲੇ ਸਦਾ ਯਾਦ ਕਰਦੇ ਤੇ ਉਡੀਕਦੇ ਰਹੇ ਹਾਂ | ਆ ਕੇ ਦੇਖ ਤਾਂ ਸਹੀ ਕਿ ਤੇਰੇ ਦਾਦੇ ਦੀ ਫੁਲਵਾੜੀ ਕਿਵੇਂ ਮਹਿਕਦੀ ਹੈ | ਤੂੰ ਸਾਨੁੰ ਤਾਰ ਰਾਹੀਂ ਸੁਨੇਹਾ ਘੱਲ, ਅਸੀਂ ਤੁਹਾਨੂੰ ਦਿੱਲੀ ਤੋਂ ਆਪ ਲੈ ਕੇ ਜਾਵਾਂਗੇ | ਸਾਲ, ਛੇ ਮਹੀਨੇ, ਜਿੰਨਾ ਚਿਰ ਵੀ ਏਥੇ ਰਹਿਣਾ ਹੋਵੇ ਏਸੇ ਘਰ ਵਿਚ ਰਹਿਣਾ ਹੈ---|"
ਚੰਹੁ ਪੰਨਿਆਂ ਦੀ ਚਿੱਠੀ ਵਿਚੋਂ ਚਾਚੇ ਦਾ ਪਿਆਰ ਡੁਲ੍ਹ ਡੁਲ੍ਹ ਪੈਂਦਾ ਸੀ | ਚਿੱਠੀ ਪੜ੍ਹਦਿਆਂ ਲਛਮਣ ਦੀਆਂ ਅੱਖਾਂ ਵਿਚ ਵੀ ਪਾਣੀ ਭਰ ਆਇਆ | ਉਸ ਦੀਆਂ ਅੱਖਾਂ ਵਿਚ ਹੰਝੂ ਦੇਖ ਜਲੌਰ ਬੋਲਿਆ, " ਚਾਚਾ, ਤੈਨੂੰ ਵੀ ਪਿੰਡ ਦੀ ਯਾਦ ਆ ਗਈ?" ਸੁਖਦੇਵ ਦੀ ਰੀਸ ਨਾਲ ਉਹ ਵੀ ਲਛਮਣ ਨੂੰ 'ਚਾਚਾ' ਕਹਿਣ ਲੱਗ ਪਿਆ ਸੀ |
ਲਛਮਣ ਸਿੰਘ ਆਪਣਾ ਅੰਦਰਲਾ ਦਰਦ ਲੁਕਾ ਕੇ ਬੋਲਿਆ, "ਸ਼ੇਰਾ, ਮੈਨੂੰ ਤਾਂ ਇੰਨੇ ਮੋਹ ਵਾਲੀ ਕਦੇ ਕੋਈ ਚਿੱਠੀ ਆਈ ਹੀ ਨਹੀਂ | ਜਦੋਂ ਵੀ ਕਦੇ ਚਿੱਠੀ ਆਈ ਐ ਬਸ, ਉਸ ਵਿਚ ਪੈਸਿਆਂ ਦੀ ਹੀ ਮੰਗ ਕੀਤੀ ਹੁੰਦੀ ਐ | ਜੇ ਐਹੋ ਜੇਹੀਆਂ ਚਿੱਠੀਆਂ ਮੈਨੂੰ ਆਉਂਦੀਆਂ ਤਾਂ ਮੈਂ ਕਈ ਵਾਰ ਇੰਡੀਆਂ ਦਾ ਗੇੜਾ ਮਾਰ ਆਉਣਾ ਸੀ |"
"ਚਲ ਚਾਚਾ, ਹੁਣ ਸਾਡੇ ਨਾਲ ਚੱਲ |"
"ਸਕੇ ਭਤੀਜੇ ਨੇ ਤਾਂ ਇਕ ਵਾਰ ਵੀ ਨਾ ਆਖਿਆ ਕਿ 'ਚਲ ਚਾਚਾ ਮੇਰੇ ਨਾਲ ਚੱਲ, ਤੇਰੇ ਜਾਣ ਬਿਨਾਂ ਮੈਂ ਵਿਆਹ ਨਹੀਂ ਕਰਵਾਉਣਾ' ਹੁਣ ਮੈਂ ਕਿਹੜੇ ਮੂੰਹ ਜਾਵਾਂ |" ਲਛਮਣ ਸਿੰਘ ਨੇ ਆਪਣਾ ਹਿਰਖ ਪਰਗਟ ਕੀਤਾ |
"ਨਹੀਂ ਚਾਚਾ, ਉਹ ਗਿਆ ਤਾਂ ਮਾਂ ਦੀ ਬੀਮਾਰੀ ਕਰਕੇ ਸੀ | ਵਿਆਹ ਦਾ ਤਾਂ ਉੱਥੇ ਜਾ ਕੇ ਹੀ ਪ੍ਰੋਗਰਾਮ ਬਣਿਆ | ਤੇ ਉਹਨੇ ਵਿਆਹ ਬਾਰੇ ਟੈਲੈਗ੍ਰਾਮ ਵੀ ਦਿੱਤੀ ਸੀ |" ਜਲੌਰ ਨੇ ਸੁਖਦੇਵ ਦਾ ਪੱਖ ਪੂਰਿਆ |
"ਮਾਂ ਦੀ ਬਿਮਾਰੀ ਦਾ ਤਾਂ ਬਹਾਨਾ ਈ ਸੀ, ਗਿਆ ਤਾਂ ਉਹ ਵਿਆਹ ਕਰਵਾਉਣ ਈ ਸੀ | ਜੇ ਉਸ ਦੀ ਮਾਂ ਬਹੁਤੀ ਬਿਮਾਰ ਹੁੰਦੀ ਤਾਂ ਮੈਥੋਂ ਕਿਹੜਾ ਅਟਕ ਹੋਣਾ ਸੀ |" ਲਛਮਣ ਦੇ ਮੂੰਹੋਂ ਸੁਤੇ ਸਿਧ ਹੀ ਉਹ ਗੱਲ ਨਿਕਲ ਗਈ ਸੀ ਜਿਹੜੀ ਉਹ ਕਿਸੇ ਕੋਲ ਵੀ ਕਰਨੀ ਨਹੀਂ ਸੀ ਚਾਹੁੰਦਾ | ਪਰ ਫੇਰ ਛੇਤੀ ਹੀ ਸੰਭਲ ਕੇ ਬੋਲਿਆ, "ਉਹ ਰਾਜੀ ਰਹਿਣ, ਆਪਾਂ ਏਥੇ ਈ ਚੰਗੇ ਆਂ |"
"ਮੇਰਾ ਵੀ ਤੂੰ ਚਾਚਾ ਏਂ, ਮੇਰਾ ਵੀ ਤੇਰੇ 'ਤੇ ਜੋਰ ਆ, ਹੁਣ ਗੁੱਸੇ ਗਿਲੇ ਛੱਡ ਤੇ ਜਾਣ ਵਾਸਤੇ ਆਪਣਾ ਪੱਕਾ ਪਰੋਗ੍ਰਾਮ ਬਣਾ ਲੈ | ਸਾਡੇ ਨਾਲ ਹੀ ਚੱਲ | ਮੈਂ ਪਹਿਲੀ ਵਾਰ ਜਾ ਰਿਹਾ ਹਾਂ | ਤੇਰੇ ਨਾਲ ਹੋਣ ਕਰਕੇ ਸਾਨੂੰ ਵੀ ਸੌਖ ਰਹੇਗੀ | ਉਂਝ ਵੀ ਹੁਣ ਤੂੰ ਕੰਮ ਤੋਂ ਵਿਹਲਾ ਈ ਏਂ |" ਜੈਰੀ ਨੇ ਅਪਣਤ ਨਾਲ ਕਿਹਾ |
"ਹੂੰਅ ਅ ਅ, ਸੰੇਰਾ, ਸੋਚੂੰਗਾ |" ਲਛਮਣ ਸਿੰਘ ਨੇ ਹਾਂਅ ਪੱਖੀ ਹੁੰਗਾਰਾ ਭਰ ਦਿੱਤਾ |