pregnancy termination in manila
abortion
manila 'ਬਾਹਰ ਜੋਰਦਾਰ ਮੀਂਹ ਪੈ ਰਿਹਾ ਸੀ।ਸਭਦੇ ਰੋਕਦਿਆਂ ਰੋਕਦਿਆਂ ਵੀ ਰਮਨ ਮੀਂਹ ਵਿੱਚ ਹੀ ਦੌੜ ਪਈ।ਮੈਂ ਬਥੇਰਾ ਕਿਹਾ ਕਿ ਸਿਰ ਢਕਣ ਨੂੰ ਛਤਰੀ ਜਾਂ ਕੁਝ ਹੋਰ ਤਾਂ ਲੈ ਜਾ,ਪਰ ਉਸ ਨੇ ਮੇਰੀ ਇੱਕ ਨਾ ਸੁਣੀ'
ਹਰਦਿਆਲ ਸਿੰਘ ਸੋਚ ਰਿਹਾ ਸੀ।ਰਮਨ ਉਸ ਦੀ ਦੋਹਤੀ ਹੈ।ਜਿਸ ਨੂੰ ਮੀਂਹ ਵਿੱਚ ਦੌੜੀ ਜਾਂਦੀ ਨੂੰ ਉਹ ਕਿੰਨੀ ਦੇਰ ਹੀ ਲਿਵਿੰਗ ਰੂਮ ਦੇ ਸ਼ੀਸ਼ਿਆਂ ਵਿੱਚੋਂ ਦੇਖਦਾ ਰਿਹਾ ਸੀ।ਜਿਸ ਦਿਨ ਦਾ ਉਹ ਹਸਪਤਾਲੋਂ ਮੁੜਿਆਂ ਸੀ ਉਸ ਦਾ ਚਿੱਤ ਠਿਕਾਣੇ ਨਹੀਂ ਸੀ ਰਹਿੰਦਾ।ਇਨ੍ਹਾਂ ਸੋਚਾਂ ਕਾਰਨ ਹੀ ਉਸ ਨੇ ਅਨੇਕਾਂ ਬਿਮਾਰੀਆਂ ਸਹੇੜ ਲਈਆਂ ਸਨ।ਬਲੱਡ ਪ੍ਰੈਸ਼ਰ,ਸ਼ੂਗਰ,ਕਲੈਸਟਰੋਲ ਸਭ ਲੱਗ ਗਏ ਸਨ।ਉਮਰ ਵੀ ਤਾਂ ਸੱਤਰਾਂ ਦੀ ਹੋ ਗਈ ਸੀ।ਉਹ ਬੈਠਾ ਪਤਾ ਨਹੀਂ ਕਿਹੜੀਆਂ ਭੰਨਾਂ ਘੜਤਾਂ ਵਿੱਚ ਪਿਆ ਹੋਇਆ ਸੀ।
"ਹੁਣ ਤਾਂ ਨਦੀਂ ਕਿਨਾਰੇ ਰੁੱਖੜੇ ਵਾਲੀ ਹੀ ਗੱਲ ਹੈ।ਡਾਕਟਰ ਕਹਿੰਦਾ ਸੀ ਮੇਰੀ ਇੱਕ ਕਿਡਨੀ ਤਾਂ ਪੂਰੀ ਹੀ ਖਤਮ ਹੈ।ਦੂਸਰੀ ਜੋ ਸੱਠ ਪ੍ਰਸੈਂਟ ਕੰਮ ਕਰਦੀ ਹੈ ਉਸ ਨੂੰ ਵੀ ਇਨਫੈਕਸ਼ਨ ਹੈ।ਏਸੇ ਲਈ ਤਾਂ ਪਿਸ਼ਾਬ ਬੰਦ ਹੋ ਗਿਆ ਸੀ।ਪਿਛਲੇ ਸਾਲ ਅਜੇ ਅਧਰੰਗ ਦਾ ਦੌਰਾ ਪੈ ਕੇ ਹਟਿਆ ਏ।ਬੱਸ ਜਦੋਂ ਦੀ ਏਨਾਂ ਦੀ ਬੇਬੇ ਛੱਡ ਕੇ ਤੁਰ ਗਈ ਬਿਮਾਰੀਆਂ ਇੱਕੋ ਸਾਹੇ ਆ ਚੁੰਬੜੀਆ।ਉਹ ਵੀ ਤਾਂ ਵਿਚਾਰੀ ਏਸੇ ਤਰ੍ਹਾਂ ਤੜਫਦੀ ਗਈ ਆ।ਕਦੇ ਗੋਡੇ ਖੜ ਗਏ ਅਤੇ ਕਦੇ ਫੇਫਰਿਆਂ ਵਿੱਚ ਪਾਣੀ ਭਰ ਗਿਆ।ਇਲਾਜ ਖੁਣੋ ਵੀ ਕੋਈ ਕਸਰ ਨਹੀਂ ਸੀ ਛੱਡੀ।ਕਦੇ ਗੋਡੇ ਨਵੇਂ ਪੁਆ,ਕਦੇ ਹਸਪਤਾਲ ਦਾਖਲ ਕਰਾ।ਕੁਲਵਿੰਦਰ ਤਾਂ ਵਿਚਾਰੀ ਵਾਹ ਜਹਾਨ ਦੀ ਲਾ ਬੈਠੀ।ਪਰ ਜੋ ਦਾਤੇ ਨੂੰ ਮਨਜੂਰ ਏ ਉਹ ਹੀ ਹੋਣਾ ਏ"
ਸੋਚੀਂ ਡੁੱਬਿਆ ਹੁਣ ਉਹ ਕੁਲਵਿੰਦਰ ਨੂੰ ਚਿਤਾਰਨ ਲੱਗਿਆ।ਜੋ ਉਸ ਦੀ ਧੀ ਸੀ ਜਿਸ ਨਾਲ ਹੁਣ ਉਹ ਰਹਿੰਦਾ ਸੀ।ਏਸੇ ਕੁੜੀ ਦੇ ਫਿਕਰ ਵਿੱਚ ਤਾਂ ਉਨ੍ਹਾਂ ਸਾਰੀ ਉਮਰ ਲੰਘਾ ਦਿੱਤੀ ਸੀ।ਉਸ ਦੀ ਸੋਚ ਪਿਛੇ ਪਰਤਣ ਲੱਗੀ।
"ਮੈਂ ਕੋਈ ਤੀਂਹਾ ਕੁ ਵਰਿਆਂ ਦਾ ਹੋਵਾਂਗਾ ਜਦੋਂ ਘਰੋਂ ਨਿੱਕਲਿਆ ਸੀ।ਆਬੂ ਧਾਬੀ,ਦੋਹਾ ਕਤਰ,ਬਹਿਰੀਨ,ਲਿਬਨਾਨ ਕਿੱਥੇ ਕਿੱਥੇ ਨਹੀਂ ਧੱਕੇ ਖਾਧੇ।ਤਾਂ ਕਿਤੇ ਜਾ ਕੇ ਇੰਗਲੈਂਡ ਨਿੱਕਲਿਆ।ਹੁਣ ਤਾਂ ਅਠਾਈ ਸਾਲ ਕਨੇਡਾ ਆਏ ਨੂੰ ਵੀ ਹੋ ਗਏ।ਪਤਾ ਹੀ ਨਹੀਂ ਲੱਗਿਆ ਸਮਾਂ ਕਿਵੇਂ ਨਿੱਕਲ ਗਿਆ।ਪਿੰਡੋਂ ਨਿੱਕਲੇ ਨੂੰ ਤਾਂ ਚਾਲੀ ਵਰੇ ਬੀਤ ਗਏ ਨੇ।ਉਦੋਂ ਸਮੇਂ ਚੰਗੇ ਸੀ।ਕਨੇਡਾ ਆਉਣ ਲਈ ਵੀ ਐਨਾ ਨਹੀਂ ਸੀ ਪੁੱਛਦੇ ਤੇ ਵਰਕ ਪਰਮਟ ਵੀ ਸੁਖਾਲਾ ਹੀ ਮਿਲ ਜਾਂਦਾ ਸੀ।ਬੱਸ ਇੱਕ ਵਾਰ ਫੈਕਟਰੀ ਜਾਣ ਲੱਗ ਪਏ ਫੇਰ ਚੱਲ ਸੋ ਚੱਲ।ਇਮੀਗਰੇਸ਼ਨ ਵੀ ਮਿਲ ਗਈ।ਟੱਬਰ ਵੀ ਮੰਗਵਾ ਲਿਆ।ਕੁਲਵਿੰਦਰ ਆਪਣੀ ਬੇਬੇ ਨਾਲ ਜਦੋਂ ਕਨੇਡਾ ਆਈ ਸੀ ਮਸਾਂ ਸਤਾਰਾਂ ਕੁ ਸਾਲਾਂ ਦੀ ਹੋਵੇਗੀ।ਇਸ ਦਾ ਤਾਂ ਜੀ ਲੱਗ ਗਿਆ ਸੀ ਪਰ ਮੁਖਤਿਆਰੋ ਦਾ ਏਥੇ ਸਾਰੀ ਉਮਰ ਜੀ ਨਾ ਲੱਗਿਆ।ਉਹ ਮਨ ਵਲੋਂ ਵੀ ਅਤੇ ਤਨ ਵਲੋਂ ਵੀ ਦੁਖੀ ਹੀ ਰਹੀ"
ਯਾਦ ਕਰਕੇ ਹਰਦਿਆਲ ਦਾ ਮਨ ਭਰ ਆਇਆ।
ਸੋਚ ਫੇਰ ਪਿੱਛੇ ਪਰਤੀ।
'ਇੰਡੀਆ ਜ਼ਮੀਨ ਥੋੜੀ ਸੀ।ਘੱਟ ਪੜ੍ਹੇ ਲਿਖੇ ਸੀ।ਗੁਜਾਰਾ ਮੁਸ਼ਕਿਲ ਸੀ।ਤਾਂ ਹੀ ਤਾਂ ਕਨੇਡਾ ਆਏ ਸੀ ਕਿ ਚਲੋ ਬੱਚਿਆਂ ਦਾ ਕੁਛ ਬਣ ਜਾਊ।ਪਰ ਮੁੜਕੇ ਬੱਚਿਆਂ ਖਾਤਰ ਹੀ ਸਾਰੀ ਉਮਰ ਸੂਲ਼ੀ ਤੇ ਟੰਗੇ ਰਹੇ।ਹੁਣ ਭਲਾ ਇਹ ਕੁਲਵਿੰਦਰ ਦਾ ਵੀ ਕੋਈ ਜੀਣ ਆ।ਜਵਾਨੀ ਤੋਂ ਲੈ ਕੇ ਹੁਣ ਤੱਕ ਇਕਲਾਪਾ ਕੱਟਿਆ।ਉਹ ਹਰਾਮੀ ਕਨੇਡਾ ਦੇ ਲਾਲਚ ਨੂੰ ਆਇਆ ਸੀ ਤੇ ਮੁੜ ਲੱਤ ਮਾਰ ਦੌੜ ਗਿਆ।ਸਾਨੂੰ ਸਾਰਿਆਂ ਨੂੰ ਸੁੱਟ ਗਿਆ ਤੜਫਣ ਲਈ ਸੂਰ ਕਿਸੇ ਥਾਂ ਦਾ'
ਉਸਦਾ ਸਿਰ ਤਪਣ ਲੱਗਿਆ।
'ਅਜੇ ਤੱਕ ਕੋਰਟਾਂ ਕਚਿਹਰੀਆਂ ਵਿੱਚ ਰੁਲਦੇ ਹਾਂ।ਵਕੀਲਾਂ ਕੋਲ ਧੱਕੇ ਖਾਂਦੇ ਆਂ ਤੇ ਉਨਾਂ ਦੇ ਘਰ ਭਰਦੇ ਹਾਂ।ਜ਼ਿੰਦਗੀ ਐਹੋ ਜੀ ਹੋਵੇਗੀ ਇਹ ਤਾਂ ਕਦੇ ਸੋਚਿਆ ਵੀ ਨਹੀਂ ਸੀ'
ਹਰਦਿਆਲ ਨੂੰ ਆਪਣੀ ਧੀ ਨਾਲ ਹਮਦਰਦੀ ਜਾਗੀ।ਉਸ ਨੂੰ ਉਹ ਦਿਨ ਯਾਦ ਆਇਆ ਜਦੋਂ ਕੁਲਵਿੰਦਰ ਨੇ ਉਸ ਦੇ ਸਾਹਮਣੇ ਹੀ ਆਪਣੇ ਜੀਵਨ ਦੀ ਸਾਰੀ ਕਹਾਣੀ ਵਕੀਲ ਨੂੰ ਸੁਣਾਈ ਸੀ।ਉਹ ਘਟਨਾਵਾਂ ਜਿਵੇਂ ਗੰਦੇ ਕੀੜੇ ਬਣ ਕੇ ਉਸਦੇ ਦਿਮਾਗ ਵਿੱਚ ਰੀਂਗ ਰਹੀਆਂ ਹੋਣ।
'ਪਰਿਵਾਰ ਦੇ ਕਨੇਡਾ ਆਉਣ ਤੋਂ ਤਿੰਨ ਸਾਲ ਬਾਅਦ ਹੀ ਉਹ ਬੱਚਿਆਂ ਦੇ ਵਿਆਹ ਕਰਨ ਭਾਰਤ ਚਲੇ ਗਏ ਸਨ।ਪਹਿਲਾਂ ਕੁਲਵਿੰਦਰ ਦਾ ਵਿਆਹ ਸੀ ਤੇ ਉਸੇ ਹਫਤੇ ਜਸਵਿੰਦਰ ਦਾ,ਜੋ ਕੁਲਵਿੰਦਰ ਤੋਂ ਦੋ ਸਾਲ ਛੋਟਾ ਸੀ।ਉਦੋਂ ਕੁਲਵਿੰਦਰ ਨਾਲ ਹਰਮੀਤ ਦਾ ਰਿਸ਼ਤਾ ਦਲਜੀਤ ਸਰਾਂ ਨੇ ਕਰਵਾਇਆ ਸੀ ਜੋ ਰਿਸ਼ਤੇ ਵਿੱਚ ਹਰਦਿਆਲ ਦਾ ਭਣੋਈਆ ਲੱਗਦਾ ਸੀ।ਨਾ ਹਰਦਿਆਲ ਉਦੋਂ ਪ੍ਰਾਹੁਣੇ ਦੀ ਗੱਲ ਮੋੜ ਸਕਿਆ ਤੇ ਨਾ ਕੁਲਵਿੰਦਰ ਆਪਣੀ ਚਰਨ ਭੂਆ ਦੀ।ਦਰਅਸਲ ਕਨੇਡਾ ਆਏ ਹਰਦਿਆਲ ਨੂੰ ਉਦੋਂ ਭਣੋਈਏ ਦੇ ਕਿਸੇ ਦੋਸਤ ਨੇ ਹੀ ਸਾਂਭਿਆ ਸੀ ਇਸ ਕਰਕੇ ਉਹ ਜਵਾਬ ਨਾ ਦੇ ਸਕਿਆ।ਦਲਜੀਤ ਨੇ ਉਦੋਂ ਆਪਣਾ ਭਾਣਜਾ ਕਨੇਡਾ ਕੱਢਣਾ ਸੀ ਜੋ ਉਸ ਵਕਤ ਪਨਸਪ ਮਹਿਕਮੇ ਵਿੱਚ ਮਾਮੂਲੀ ਕਲਰਕ ਸੀ'
ਹਰਦਿਆਲ ਯਾਦਾਂ ਦੀ ਪਟਾਰੀ ਖੋਹਲ ਬੈਠਾ
'ਦਲਜੀਤ ਸਰਾਂ ਵੀ ਕਿਸੇ ਤੀਰ ਤੁੱਕੇ ਨਾਲ ਹੀ ਕਨੇਡਾ ਆ ਗਿਆ ਸੀ।ਪੱਕਾ ਹੋਣ ਤੋਂ ਪਹਿਲਾਂ ਹੀ ਉਹ ਉਹ ਚਰਨ ਨੂੰ ਵਿਆਹਿਆ ਹੋਇਆ ਸੀ।ਦਲਜੀਤ ਦੇ ਖੰਭ ਕਨੇਡਾ ਆਕੇ ਕੁੱਝ ਜਿਆਦਾ ਹੀ ਨਿੱਕਲ ਆਏ ਸਨ।ਪੱਕਾ ਹੋਣ ਤੋਂ ਬਾਅਦ ਤਿੰਨ ਸਾਲ ਤਾਂ ਉਸ ਨੇ ਭੈਣ ਨੂੰ ਸਪਂੌਸਰ ਹੀ ਨਾ ਕੀਤਾ।ਦੋ ਗੇੜੇ ਇੰਡੀਆ ਵੀ ਮਾਰ ਆਇਆ ਤੇ ਲਾਰੇ ਲਾਂਉਂਦਾ ਰਿਹਾ।ਉਸ ਦਾ ਮੂੰਹ ਕਦੇ ਸਿੱਧਾ ਨਹੀਂ ਸੀ ਰਹਿੰਦਾ।ਉਸੇ ਨੂੰ ਖੁਸ਼ ਕਰਨ ਲਈ ਕੁਲਵਿੰਦਰ ਦੇ ਰਿਸ਼ਤੇ ਲਈ ਜਵਾਬ ਨਹੀਂ ਸੀ ਦਿੱਤਾ ਗਿਆ।ਹਰਾਮਜਾਦੇ ਨੇ ਭੈਣ ਨੂੰ ਜੋ ਵਿੱਚ ਪਾ ਲਿਆ ਸੀ।ਉਦੋਂ ਉਹ ਵੀ ਵਿਚਾਰੀ ਇਸ ਦੀਆਂ ਗੱਲਾਂ ਵਿੱਚ ਆ ਗਈ।ਪਰ ਖੁਸ਼ ਉਹ ਫੇਰ ਵੀ ਨਾ ਹੋਇਆ।ਸਪੌਂਸਰ ਤਾਂ ਕੀ ਕਰਨਾ ਸੀ ਸਗੋਂ ਬਾਹਰਲੇ ਪੇਪਰ ਕਹਿ ਕੇ ਤਲਾਕ ਵਾਲੇ ਪੇਪਰ ਸਾਈਨ ਕਰਵਾ ਲਏ।ਉਨੇ ਤਾਂ ਵਿਚਾਰੀ ਨੇ ਯਕੀਨ ਕੀਤਾ,ਪੇਪਰ ਪੜ੍ਹੇ ਵੀ ਨਹੀਂ।ਤੇ ਹੁਣ ਤੱਕ ਪੇਕੇ ਘਰ ਬੇ 'ਲਾਦ ਹੀ ਰੁਲਦੀ ਆ।ਏਧਰ ਵਿਚਾਰੀ ਕੁਲਵਿੰਦਰ ਰੁਲਦੀ ਆ।ਭੂਆ ਭਤੀਜੀ ਦੀ ਇੱਕੋ ਹੋਣੀ।ਕੁਲਵਿੰਦਰ ਦੇ ਵਿਆਹ ਵੇਲੇ ਮੈਨੂੰ ਰਤਾ ਵੀ ਭਿਣਕ ਪੈ ਜਾਂਦੀ ਤਾਂ ਇਹ ਰਿਸ਼ਤਾ ਮੈਂ ਕਦੇ ਨਾ ਕਰਦਾ।ਕੁਲਵਿੰਦਰ ਕੋਲ ਤਾਂ ਰਮਨ ਦਾ ਸਹਾਰਾ ਹੈ ਚਰਨ ਭੈਣ ਕੋਲ ਤਾਂ ਉਹ ਵੀ ਨੀ'
ਉਸਦੀਆਂ ਅੱਖਾਂ ਸੇਜਲ ਹੋ ਗਈਆਂ
ਬਾਹਰ ਵਰਗੀ ਬਰਸਾਤ ਕਈ ਵਾਰੀ ਉਸ ਦੀਆਂ ਅੱਖਾਂ ਵਿੱਚ ਵੀ ਉਤਾਰੂ ਹੋ ਜਾਂਦੀ ਹੈ।ਭਾਵੇਂ ਅਪਰੈਲ ਦਾ ਮਹੀਨਾ ਸੀ ਪਰ ਮੀਂਹ ਪੈਣ ਨਾਲ ਮੌਸਮ ਕਾਫੀ ਸਰਦ ਹੋ ਗਿਆ ਸੀ।
ਉਹ ਸੋਚਦਾ,ਜੇ ਮੁਖਤਿਆਰੋ ਜਿਊਂਦੀ ਹੁੰਦੀ ਤਾਂ ਕਹਿੰਦੀ, 'ਦੇਖ ਲੈ ਜੈ ਖਾਣੇ ਦੀ ਕਿਵੇਂ ਇੰਡੀਆਂ ਮੰਗੂ ਝੜੀ ਲੱਗੀ ਹੈ।ਕਿਵੇਂ ਮੀਂਹ ਝਈਆਂ ਲੈ ਲੈ ਆਂਉਦੈਂ।ਕੁਲਵਿੰਦਰ ਦੇ ਬਾਪੂ ਮਸਾਲੇ ਵਾਲੀ ਚਾਹ ਬਣਾ ਕੇ ਦਵਾਂ…'ਹਰਦਿਆਲ ਬੁੜਬੜਾਇਆ 'ਬਣਾਦੇ ਫੇਰ ਪੁੱਛਣ ਵਾਲੀ ਕੀ ਗੱਲ ਆ'
ਪਰ ਉੱਥੇ ਤਾਂ ਕੋਈ ਵੀ ਨਹੀਂ ਸੀ।ਲਿਵਿੰਗ ਰੂਮ ਦੇ ਪਾਰਦਰਸ਼ੀ ਸ਼ੀਸੇ ਤੇ ਜੋਰਦਾਰ ਵਾਛੜ ਪੈ ਰਹੀ ਸੀ।
'ਅਸਲ ਵਿੱਚ ਕੁਲਵਿੰਦਰ ਦੀ ਜ਼ਿੰਦਗੀ ਲੂਹੀ ਹੀ ਉਹਦੇ ਫੁੱਫੜ ਨੇ ਆ।ਕੁੱਤਾ ਬੰਦਾ ਹੈ।ਇਸੇ ਨੇ ਤਾਂ ਕਿਹਾ ਸੀ ਮੈਂ ਹਰਮੀਤ ਦੀ ਗਰੰਟੀ ਲੈਂਦਾ ਹਾਂ ਜੇ ਕੱਲ ਕਲਾ ਨੂੰ ਉੱਨੀ ਇੱਕੀ ਕਰੇ।ਕੁਲਵਿੰਦਰ ਤਾਂ ਕਨੇਡਿਉ ਗਈ ਸੀ ਜ਼ਮੀਨਾਂ ਜਾਇਦਾਦਾਂ ਵਾਲੇ,ਕੋਠੀਆਂ ਕਾਰਾਂ ਵਾਲੇ,ਡਾਕਟਰ ਇੰਜਨੀਅਰ ਉਸਦੇ ਰਿਸ਼ਤੇ ਲਈ ਮਗਰ ਮਗਰ ਫਿਰਦੇ ਸਨ।ਹਰਮੀਤ ਕੋਲ ਕੀ ਸੀ ਨਾ ਚੱਜਦਾ ਘਰ ਨਾ ਜ਼ਮੀਨ…।ਖਾਲੀ ਬੀ ਏ ਕੀਤੀ ਹੋਈ ਨੂੰ ਕੌਣ ਪੁੱਛਦੈ ਭਲਾਂ?ਜੇ ਨਰਕ ਹੀ ਭੋਗਣਾ ਸੀ ਤਾਂ ਪੜ੍ਹਾਈ ਵੀ ਕੀ ਚੱਟਣੀ ਆ'
ਹਰਦਿਆਲ ਦੇ ਮੂੰਹੋਂ ਆਪ ਮੁਹਾਰੇ ਹੀ ਜਵਾਈ ਨੂੰ ਗੰਦੀ ਗਾਲ ਨਿੱਕਲ ਗਈ।
ਬਾਹਰ ਬੱਦਲ ਜੋਰ ਨਾਲ ਗੜਕਿਆ।ਸ਼ਾਇਦ ਕਿਤੇ ਬਿਜਲੀ ਡਿੱਗੀ ਹੋਵੇ।
'ਜਿਨਾਂ ਤੇ ਡਿੱਗਣੀ ਚਾਹੀਦੀ ਹੈ ਪਤਾ ਨਹੀਂ ਉਨ੍ਹਾਂ ਤੇ ਕਿਉਂ ਨਹੀਂ ਡਿੱਗਦੀ।ਰੱਬ ਵੀ ਮਾੜੇ ਬੰਦੇ ਦੀ ਨੀ ਸੁਣਦਾ'
ਏਹੋ ਜਿਹੀ ਬਿਜਲੀ ਤਾਂ ਹਰਦਿਆਲ ਦੇ ਦਿਲ ਤੇ ਅਨੇਕਾਂ ਵਾਰ ਡਿੱਗੀ ਸੀ।
'ਕੁਲਵਿੰਦਰ ਦਾ ਤਾਂ ਕਹਿਣਾ ਕੀ ਹੈ।ਰਮਨ ਨੂੰ ਵੀ ਹੁਣ ਤਾ ਅਸਮਾਨੀ ਬਿਜਲੀ ਵਰਗੀਆਂ ਸ਼ੈਆਂ ਤੋਂ ਡਰ ਨੀ ਲੱਗਦਾ।ਦੁਨੀਆਂ ਵਿੱਚ ਹੀ ਦੁੱਖ ਪਰੇ ਤੋਂ ਪਰੇ ਪਿਆ ਹੈ'
ਬਿਜਲੀ ਫੇਰ ਗੜਕੀ।
'ਕੁਲਵਿੰਦਰ ਦੇ ਵਿਆਹ ਤੇ ਹੀ ਪਹਿਲੀ ਵਾਰੀ ਦੇਖੀ ਸੀ,ਜੋ ਹੁਣ ਉਸ ਦੀ ਘਰ ਵਾਲੀ ਬਣੀ ਬੈਠੀ ਹੈ।ਸੁਣਿਆ ਹੀ ਹੈ ਕਿ ਇਸ ਨਾਲ ਬਿਜਲੀ ਬੋਰਡ ਵਿੱਚ ਕੰਮ ਕਰਦੀ ਸੀ ਪਹਿਲਾ…।ਉਦੋ ਦੀ ਹੀ ਗੱਲ ਬਾਤ ਸੀ।ਉਹਨੇ ਵੀ ਨਹੀਂ ਸੋਚਿਆ ਕਿ ਕਾਹਨੂ ਮੈਂ ਕਿਸੇ ਦਾ ਘਰ ਉਜਾੜਾਂ।ਬੱਸ ਕਨੇਡਾ ਨਿੱਕਲਣ ਦੀ ਲਾਲਸਾ।ਕੁਲਵਿੰਦਰ ਦੇ ਵਿਆਹ ਨੂੰ ਕਿਵੇਂ ਭਾਅ ਜੀ ਭਾਅ ਜੀ ਕਰਦੀ ਇਸ ਕਮੀਨੇ ਦੇ ਅੱਗੇ ਪਿੱਛੇ ਘੁੰਮਦੀ ਸੀ।ਮਾਪਿਆਂ ਨੇ ਵੀ ਕੁੜੀ ਨੂੰ ਕਨੇਡਾ ਕੱਢਣ ਲਈ ਜਿਵੇਂ ਉਸੇ ਨੂੰ ਸਪਰਪਣ ਹੀ ਕਰ ਦਿੱਤਾ ਸੀ।ਉਦੋਂ ਉਨਾਂ ਨੂੰ ਕਿਤੇ ਨਹੀਂ ਪਤਾ ਸੀ ਕਿ ਇਹ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਹੈ।ਉਨ੍ਹਾਂ ਤਾਂ ਅੱਖਾਂ ਤੇ ਜਿਵੇਂ ਪੱਟੀ ਹੀ ਬੰਨ ਲਈ ਸੀ।ਤੇ ਇਹ ਕੁੜੀ ਨੂੰ ਕਦੇ ਜਲੰਧਰ,ਕਦੇ ਚੰਡੀਗੜ ਕਦੇ ਦਿੱਲੀ ਲੈ ਕੇ ਘੁੰਮਦਾ ਰਿਹਾ।ਅਖੇ ਮੇਰੀ ਕੁਲੀਗ ਸੀ,ਵਿਚਾਰੇ ਗਰੀਬ ਨੇ।ਮੈਂ ਕੰਮ ਕਰਵਾਉਨਾ ਆਂ ਕਿਸੇ ਦਾ ਫਾਇਦਾ ਹੋ ਜੂ।ਸਾਲਾ ਵੱਡਾ ਸਮਾਜ ਸੇਵਕ…'।
ਹਰਦਿਆਲ ਨੇ ਦੰਦ ਕਰੀਚੇ।
'ਏਥੇ ਆਕੇ ਵੀ ਗੁਰਜੋਤ ਨੂੰ ਫੋਨ ਕਰਦਾ ਰਿਹਾ।ਅਖੇ ਝੂਠੇ ਪੇਪਰ ਭਰ ਕੇ ਕੱਢ ਦਿੰਦਾ ਹਾਂ ਫੇਰ ਇਸ ਨਾਲ ਕੋਈ ਹੋਰ ਰਿਸਤੇਦਾਰ ਕੱਢ ਲਾਂਗੇ।ਕਿਸੇ ਹੋਰ ਦਾ ਫਾਇਦਾ ਹੋ ਜੂ।ਅਸੀਂ ਵੀ ਏਸ ਕਮੀਨੇ ਦੀਆਂ ਗੱਲਾਂ 'ਚ ਆ ਗਏ।ਉਸ ਕੁੜੀ ਦੇ ਕੰਮ ਕਰਵਾਉਣ ਲਈ ਸਾਰੇ ਪੈਸੇ ਵੀ ਏਧਰੋਂ ਭੇਜਦਾ ਰਿਹਾ।ਜਿੰਨੀ ਦੇਰ ਕੁਲਵਿੰਦਰ ਦਾ ਹਸਬੈਂਡ ਕਨੇਡਾ ਨਹੀਂ ਆ ਗਿਆ ਇਸ ਨੇ ਖੂਬ ਡਰਾਮਾ ਕੀਤਾ।ਪਹਿਲਾਂ ਗੁਰਜੋਤ ਨੂੰ ਮੰਗਵਾ ਲਿਆ ਚਰਨ ਭੈਣ ਨੂੰ ਛੱਡ ਕੇ।ਫੇਰ ਇਸ ਦੀ ਭਾਣਜਾ ਆਇਆ।ਉਦੋਂ ਤੱਕ ਇਸ ਨੇ ਗੁਰਜੋਤ ਨੂੰ ਕਿਸੇ ਹੋਰ ਅਪਾਰਟਮੈਂਟ ਵਿੱਚ ਰੱਖਿਆ,ਭਾਫ ਤੱਕ ਨਾ ਨਿੱਕਲਣ ਦਿੱਤੀ।ਫੇਰ ਹਰਮੀਤ ਅਤੇ ਕੁਲਵਿੰਦਰ ਤੋਂ ਜੋਰ ਪੁਆ ਕੇ ਘਰਦੇ ਸਪੌਂਸਰ ਕਰਵਾ ਦਿੱਤੇ।ਇਸਦੀ ਭੈਣ ਤੇ ਭਣੋਈਆ ਉਨ੍ਹਾਂ ਨਾਲ ਇਸਦਾ ਇੱਕ ਹੋਰ ਭਾਣਜਾ ਵੀ ਆ ਗਿਆ।ਪਰ ਚਰਨ ਦਾ ਨੰਬਰ ਫੇਰ ਵੀ ਨਾ ਲੱਗਿਆ।ਉਸੇ ਸਾਲ ਗੁਰਜੋਤ ਦੇ ਇਸਦਾ ਮੁੰਡਾ ਜੰਮਿਆ।ਤਾਂ ਉਦੋਂ ਹੀ ਇਸਨੇ ਕੋਰਟ ਮੈਰਿਜ ਦਾ ਭੂਤ ਥੈਲਿਉ ਬਾਹਰ ਕੱਢਿਆ।ਸਾਰੇ ਹੱਕੇ ਬੱਕੇ ਰਹਿ ਗਏ।ਇਹ ਮੁੰਡੇ ਦੇ ਲੱਡੂ ਵੰਡਦਾ ਫਿਰੇ।ਤੇ ਉਧਰ ਭੈਣ ਵਿਚਾਰੀ ਡੁੱਬ ਮਰਨ ਨੂੰ ਫਿਰੇ।ਇਹਨੂੰ ਉਦੋਂ ਪੰਜਤਾਲੀ ਸਾਲ ਦੇ ਨੂੰ ਸ਼ਰਮ ਨਾ ਆਈ…।ਜੀ ਤਾਂ ਕਰਦਾ ਸੀ ਸਾਲੇ ਦਾ ਗਾਟਾ ਲਾਹ ਕੇ ਜੇਲ 'ਚ ਜਾ ਬੈਠਾਂ।ਪਰ ਏਨਾਂ ਦੀ ਬੇਬੇ ਰੋਕਦੀ ਰਹੀ।ਕਦੇ ਕਦੇ ਉਹ ਕਹਿੰਦੀ ਸੀ 'ਦੇਖੀਂ ਕਿਸੇ ਦਿਨ ਐਸ ਬੰਦੇ ਨੇ ਕੀੜੇ ਪੈ ਕੇ ਮਰਨਾ ਹੈ'ਮੁਖਤਿਆਰੋਂ ਤਾਂ ਮਰ ਗਈ,ਪਰ ਉਹ ਬੰਦਾ ਅਜੇ ਵੀ ਤੁਰਿਆ ਫਿਰਦੈ।ਮੇਰੇ ਤੋਂ ਪੰਜ ਸੱਤ ਸਾਲ ਹੀ ਛੋਟਾ ਹੋਊ।ਹੁਣ ਵੀ ਜਦੋਂ ਕਦੇ ਦਿਖ ਜਾਵੇ ਮੇਰੇ ਕਾਲਜੇ ਤੇ ਸੱਪ ਲਿੱਟਦੇ ਨੇ'
ਹਰਦਿਆਲ ਦਾ ਜਿਸਮ ਕੰਬ ਰਿਹਾ ਸੀ।
'ਦਲਜੀਤ ਸਰਾਂ ਅਜੇ ਵੀ ਕਈ ਸੰਸਥਾਵਾਂ ਨੂੰ ਕੀੜਾ ਬਣ ਕੇ ਲੱਗਿਆ ਹੋਇਆ ਸੀ।ਹੁਣ ਤਾਂ ਉਸ ਨੇ ਆਪਣੇ ਨਾਲ ਹਰਮੀਤ ਨੂੰ ਵੀ ਰਲਾ ਲਿਆ ਸੀ।ਉਹ ਵੀ ਬਥੇਰਾ ਸਾਊ ਸੀ ਜਦੋਂ ਕਨੇਡਾ ਆਇਆ ਸੀ।ਉਦੋਂ ਉਸਦੇ ਮੂੰਹ ਵਿੱਚ ਵੀ ਜ਼ੁਬਾਨ ਨਹੀਂ ਸੀ।ਫਿਰ ਪਤਾ ਨਹੀਂ ਕਿੱਥੋਂ ਗਿੱਠ ਦੀ ਜੁਬਾਨ ਨਿੱਕਲ ਆਈ।ਪਹਿਲਾ ਪਹਿਲ ਉਹ ਕੁਲਵਿੰਦਰ ਦਾ ਬਥੇਰਾ ਕਰਦਾ ਸੀ।ਬਾਅਦ ਵਿੱਚ ਆ ਕੇ ਪਤਾ ਨਹੀਂ ਉਸ ਨੂੰ ਵੀ ਕੀ ਸੁੰਘਾ ਦਿੱਤਾ।ਜਰੂਰ ਸ਼ਕੁਨੀ ਮਾਮੇ ਹੀ ਨੇ ਪੱਟੀਆਂ ਪੜ੍ਹਾਈਆਂ ਹੋਣਗੀਆਂ।ਉਸੇ ਲਾਈਨ ਤੇ ਭਾਣਜਾ ਪੈ ਗਿਆ।ਕਮੀਨਾ ਕਿਸੇ ਥਾਂ ਦਾ।ਮੇਰੀ ਸੋਨੇ ਵਰਗੀ ਧੀ ਰੋਲ਼ ਦਿੱਤੀ'।
ਹਰਦਿਆਲ ਦੀ ਧੌਂਕਣੀ ਤੇਜ ਹੋ ਗਈ
'ਕੀ ਸੀ ਹਰਮੀਤ ਕੋਲ ਜਦੋਂ ਕਨੇਡਾ ਆਇਆ ਸੀ।ਜੇਬ ਵਿੱਚ ਮਸਾਂ ਵੀਹ ਡਾਲਰ,ਹੁਣ ਸਮਝਦਾ ਹੈ ਕਿ ਜੱਗ ਤੇ ਉਹਦੇ ਵਰਗਾ ਕੋਈ ਹੈ ਈ ਨਹੀਂ।ਮੇਰੀ ਧੀ ਦੀ ਕਮਾਈ ਨਾਲ ਹੀ ਉਸਦੇ ਪੈਰ ਲੱਗੇ ਨੇ।ਜਿਸ ਨੂੰ ਉਸ ਨੇ ਪੈਰਾਂ ਹੇਠ ਰੋਲਿਆ ਏ।ਉਹ ਤਾਂ ਵਿਚਾਰੀ ਪੱਟੀ ਗਈ।ਕਦੇ ਉਸ ਨੇ ਇੱਸ ਤੋਂ ਇੱਕ ਸੈਂਟ ਨਹੀਂ ਸੀ ਮੰਗਿਆ।ਸਾਰਾ ਪੇਅ ਚੈੱਕ ਲਿਆ ਕੇ ਫੜਾ ਦਿੰਦੀ ਸੀ।ਕਦੇ ਉਸਦਾ ਕਹਿਣਾ ਨਹੀਂ ਸੀ ਮੋੜਿਆ।ਸੋਚਦੀ ਸੀ ਕਿ ਚਲੋ ਮੇਰਾ ਹਸਬੈਂਡ ਆ,ਮੇਰਾ ਹੀ ਘਰ ਆ।ਸਾਰੇ ਘਰ ਦਾ ਸਮਾਨ ਉਸੇ ਦੀ ਕਮਾਈ ਨਾਲ ਬਣਿਆ।ਦੋ ਦੋ ਜੌਬਾਂ ਕਰਦੀ ਰਹੀ।ਸਹੁਰਿਆਂ ਨੂੰ ਸਪੌਂਸਰ ਕੀਤਾ।ਘਰ ਲਿਆ ਤਾਂ ਡਾਊਨ ਪੇਮੈਂਟ ਦੇਣ ਲਈ ਮੈਂ ਮੱਦਦ ਕੀਤੀ।ਧੰਨਵਾਦ ਤਾਂ ਕੀ ਕਰਨਾ ਸੀ ਸਗੋਂ ਆ ਇਨਾਮ ਦੇ ਦਿੱਤਾ।ਜਿਸ ਦਿਨ ਦੇ ਮਾਂ ਪਿਉ ਤੇ ਭਰਾ ਆ ਗਏ ਬੱਸ ਹਵਾ ਹੀ ਬਦਲ ਗਈ।ਆਪ ਹੋ ਗਏ ਨਾਢੂ ਖਾਂ ਤੇ ਸਾਨੂੰ ਸਮਝ ਲਿਆਂ ਗਲੀਆਂ ਦਾ ਕੂੜਾ'
ਹਰਦਿਆਂਲ ਨੂੰ ਉੱਥੂ ਛਿੜ ਪਿਆ ਸੀ।
'ਕਨੇਡਾ ਆਕੇ ਛੋਟੇ ਨੂੰ ਹੀ ਫੰਗ ਲੱਗ ਗਏ ਅਖੇ ਕੰਡੋ ਤਾਂ ਸਾਨੂੰ ਕੈਦਖਾਨਾ ਲੱਗਦਾ ਐ।ਉਹਦੀ ਮਾਂ ਕਹਿੰਦੀ ਇਸ ਘਰ ਤੇ ਤਾਂ ਬਹੂ ਮੇਰ ਕਰਦੀ ਆ ਮੈਂ ਨਹੀਂ ਰਹਿਣਾ।ਦੁਬਾਰਾ ਦੋਨੋ ਭਰਾ ਰਲ਼ ਕੇ ਘਰ ਲਉ,ਅਤੇ ਆਪਣੇ ਭਾਪੇ ਦਾ ਨਾਂ ਵਿੱਚ ਲਖਾਉ।ਮੈਂ ਜੋ ਡਾਊਨ ਦਿੱਤਾ ਸੀ ਉਸਦਾ ਤਾਂ ਨਾਂ ਹੀ ਨਾਂ ਲੈਣ।ਫੇਰ ਅਖੇ ਕੁਲਵਿੰਦਰ ਟੀ ਵੀ ਕਿਉਂ ਦੇਖਦੀ ਆ।ਬੀਬੀ ਦੀ ਸੇਵਾ ਕਿਉਂ ਨੀ ਕਰਦੀ ਲੱਤਾਂ ਕਿਉਂ ਨੀ ਘੁੱਟਦੀ।ਅਖੇ ਗੁਰਮੀਤ ਨੂੰ ਤਾਂ ਤਾਜੀ ਰੋਟੀ ਚਾਹੀਦੀ ਆਂ।ਇੱਕ ਉਸ ਦੀ ਪਲੇਟ 'ਚ ਹੋਵੇ ਤੇ ਦੂਸਰੀ ਤਵੇ ਤੇ ਹੋਵੇ,ਉਹ ਤਾਂ ਹੀ ਖਾਂਦੈ।ਕੀ ਕੀ ਨਖਰੇ ਨਹੀਂ ਕੀਤੇ ਇਹ ਕੁੱਤੇ ਬੰਦਿਆਂ ਨੇ।ਊਂਅ ਅਖੇ ਤੂੰ ਸਾਡੀ ਨਹੀਂ,ਪਰ ਤੇਰੀ ਕਮਾਈ ਸਾਡੀ ਆ।ਕਦੇ ਕਿਹਾ ਕਰਨ ਤੇਰਾ ਬੈਂਕ ਜਾਣ ਦਾ ਕੀ ਕੰਮ ਜਦ ਹਰਮੀਤ ਹੈਗਾ।ਕਦੇ ਕਹਿਣ ਤੂੰ ਆਪਣੇ ਮਾਂ ਪਿਉ ਨੂੰ ਫੋਨ ਨਹੀਂ ਕਰਨਾ।ਵਿਚਾਰੀ ਦੇ ਨਾਸੀਂ ਧੂੰਆਂ ਲਿਆ ਕੇ ਰੱਖਿਆ।ਜਿਵੇਂ ਇਸ ਨੂੰ ਘਰੋਂ ਕਢਵਾਉਣ ਲਈ ਮਥ ਕੇ ਹੀ ਆਏ ਹੋਣ।ਤਲਾਕ ਹੋਏ ਤੋਂ ਪੁੱਤ ਦਾ ਘਰ ਉਜਾੜ ਕੇ ਕਾਲਜੇ ਠੰਢ ਜੁ ਪੈ ਗੀ ਹੋਊ'
ਹਰਦਿਆਲ ਸੋਚ ਸੋਚ ਤਪਿਆ ਪਿਆ ਸੀ।
'ਅਸਲ ਵਿੱਚ ਹਰਮੀਤ ਹੀ ਦੋਗਲਾ ਨਿੱਕਲਿਆ।ਮੂੰਹ ਦਾ ਮਿੱਠਾ ਤੇ ਅੰਦਰੋਂ ਛੁਰੀ।ਮਾਪਿਆ ਨੂੰ ਕੁੱਝ ਹੋਰ ਕਹਿੰਦਾ ਰਿਹਾ ਤੇ ਕੁਲਵਿੰਦਰ ਨੂੰ ਕੁੱਝ ਹੋਰ।ਨਹੀਂ ਤਾਂ ਉਹ ਬੱਚੀ ਦਾ ਬੋਝ ਕਿਉਂ ਸਹੇੜਦੀ,ਜੇ ਪਹਿਲਾਂ ਫੁੱਟ ਪੈਂਦਾ ਕਿ ਮੈਂ ਨੀ ਤੇਰੇ ਨਾਲ ਰਹਿਣਾ।ਬੱਚੀ ਕਾਹਦੀ ਜੰਮੀ ਜਿਵੇਂ ਸੋਗ ਪੈ ਗਿਆ।ਅਖੇ ਤੂੰ ਪੱਥਰ ਜੰਮ ਕੇ ਧਰ ਤਾ।ਇਹ ਤਾਂ ਤੇਰੇ ਤੇ ਹੀ ਜਾਊ।ਅਗਲੀ ਵਾਰੀ ਇੰਡੀਆ ਜਾ ਕੇ ਜੰਮਣ ਤੋਂ ਪਹਿਲਾਂ ਟੈਸਟ ਕਰਵਾਂਵਾਂਗੇ।ਜੇ ਅਗਲੀ ਵੀ ਕੁੜੀ ਹੋਈ ਤਾਂ ਉਥੇ ਹੀ ਲੈ ਦੇ ਕੇ ਭੋਗ ਪੁਆ ਆਂਵਾਗੇ।ਕੁਲਵਿੰਦਰ ਤੋਂ ਚੋਰੀ ਛੋਟੇ ਦੇ ਵਿਆਹ ਦੀਆਂ ਸੌਦੇ ਬਾਜੀਆਂ ਕਰਦੇ ਰਹੇ।ਅਖੇ ਅਸੀਂ ਦਿਖਾਵਾਂਗੇ ਲੱਭ ਕੇ ਕਿ ਬਹੂ ਕੀ ਹੁੰਦੀ ਆ।ਜੇ ਅੱਖ 'ਚ ਪਾਈ ਵੀ ਰੜਕ ਜੇ।ਨਾਲੇ ਅੱਗਲੇ ਤੀਹ ਲੱਖ ਕੈਸ਼ ਦੇਣਗੇ।ਇਹਦੇ ਪਿਉ ਵਾਂਗ ਕਿਸੇ ਨੰਗ ਦੇ ਘਰ ਦਾ ਰਿਸ਼ਤਾ ਨੀ ਲੈਣਾ।ਮੈਂ ਨੰਗ ਹੋ ਗਿਆ ਇਹਨਾਂ ਨੂੰ ਕਨੇਡਾ ਵਾੜਨ ਵਾਲਾ।ਮੈਂ ਤਾਂ ਖਾਅ ਲਿਆ ਬਿਮਾਰੀ ਨੇ।ਨਹੀਂ ਤਾਂ ਬੰਦੇ ਦੇ ਪੁੱਤ ਬਣਾ ਕੇ ਰੱਖ ਦਿੰਦਾ।ਮੈਂ ਉਨ੍ਹਾਂ ਦੇ ਪਿਉ ਵਾਂਗ ਗੂੰਗਾ ਮੁੱਖ ਨਹੀਂ ਸੀ ਕਿ ਸੋਫੇ ਤੇ ਬੈਠ ਕੇ ਤਮਾਸ਼ਾ ਦੇਖਦਾ ਰਹਿੰਦਾ।ਬੰਦਾ ਤਾਂ ਉਹ ਹੁੰਦਾ ਹੈ ਜੋ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿ ਸਕੇ।ਪਰ ਉਹ ਤਾਂ ਮਿੱਟੀ ਦਾ ਮਾਧੋ ਆ'
ਸੋਚ ਦੀਆਂ ਸੈਕੜੇ ਕੀੜੀਆਂ ਉਸ ਦੇ ਦਿਮਾਗ ਵਿੱਚ ਰੀਂਗ ਰਹੀਆਂ ਸਨ।
"ਕੁਲਵਿੰਦਰ ਦੀ ਕੁਰਬਾਨੀ ਕੋਈ ਘੱਟ ਤਾਂ ਨਹੀਂ ਸੀ।ਜਦੋਂ ਇਹਨਾਂ ਦਾ ਟੱਬਰ ਇੰਡੀਆ ਤੋਂ ਆਇਆ ਤਾਂ ਜਹਾਜ਼ ਦੀਆਂ ਟਿਕਟਾਂ ਭੇਜੀਆਂ।ਜਦੋਂ ਛੋਟੇ ਦਾ ਵਿਆਹ ਕਰਨ ਗਏ ਤਾਂ ਟਿਕਟਾਂ ਤੇ ਪੈਸਾ ਖਰਚ ਕੇ ਤੋਰੇ।ਨਹੀਂ ਤਾਂ ਕਿਹੜਾ ਮਾਈ ਦਾ ਲਾਲ ਓਵਰ ਟਾਈਮ ਲਾ ਲਾ ਕਿਸੇ ਨੂੰ ਆਪਣੀ ਕਮਾਈ ਲੁਟਾਉਂਦਾ ਹੈ।ਅਗਲਿਆਂ ਆਪ ਤਾਂ ਕੁੜੀ ਵਾਲਿਆਂ ਤੋਂ ਪੱਚੀ ਲੱਖ ਕੈਸ਼ ਝੋਲੀ ਪੁਵਾ ਲਿਆ,ਉਹ ਨੂੰ ਵਿਚਾਰੀ ਨੂੰ ਚੱਜ ਦਾ ਸੂਟ ਵੀ ਨਹੀਂ ਸੀ ਸਰਿਆ।ਲਾਲਚ ਐਨਾ ਕਿ ਕੁੜੀ ਦੇਖਣ ਗਏ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਕੱਲੀ ਹੋਵੇ ਤੇ ਉਸਦੀ ਜਾਇਦਾਦ ਵੀ ਮਿਲ ਜਾਵੇ ਤੇ ਹੋਰ ਲੱਲੀ ਛੱਲੀ ਨੂੰ ਸਪੌਂਸਰ ਵੀ ਨਾ ਕਰਨਾ ਪਵੇ।ਜਦੋਂ ਆਪ ਦੀ ਵਾਰੀ ਸੀ ਤਾਂ ਕਿਵੇਂ ਸਪੌਂਸਰਸ਼ਿੱਪ ਭੇਜਣ ਲਈ ਖੁਰ ਵੱਢਦੇ ਸਨ।ਏਥੇ ਆਕੇ ਰੱਬ ਨੂੰ ਟੱਬ ਦੱਸਣ ਲੱਗ ਪਏ।ਅਖੇ ਕੁੜੀ ਅਠਾਰਾਂ ਵਰਿਆਂ ਤੋਂ ਵੱਡੀ ਨਾ ਹੋਵੇ।ਪੜ੍ਹੀ ਲਿਖੀ ਹੋਵੇ।ਲੰਬੀ ਤੇ ਗੋਰੀ ਚਿੱਟੀ ਹੋਵੇ।ਅਗਲੇ ਨੂੰ ਐਂ ਸੂਈ ਦੇ ਨੱਕੇ 'ਚੋਂ ਲੰਘਾਉਣ ਜਾਣ ਜਿਵੇਂ ਆਪ ਦਾ ਮੁੰਡਾ ਇੰਗਲੈਂਡ ਵਾਲੀ ਮਹਾਰਾਣੀ ਦਾ ਪੁੱਤ ਹੁੰਦੈ।ਇਹ ਸਾਰੀਆਂ ਸਕੀਮਾਂ ਦੱਸਣ ਵਾਲਾ ਕੌਣ ਸੀ?ਉਹੀ ਕੁੱਤਾ ਦਲਜੀਤ ਸਿੰਘ ਸਰਾਂ'।
ਹਰਦਿਆਲ ਨੇ ਖੁਦ ਨੂੰ ਹੀ ਜਵਾਬ ਦਿੱਤਾ।
'ਜਦੋਂ ਛੋਟਾ ਵਿਆਹ ਕਰਵਾ ਕੇ ਆ ਗਿਆ ਫੇਰ ਤਾਂ ਹਵਾ ਹੀ ਬਦਲ ਗਈ।ਅਖੇ ਹੁਣ ਤਾਂ ਏਥੇ ਸਾਡਾ ਦਮ ਘੁੱਟਦਾ ਹੈ।ਨਵੀਂ ਬਹੂ ਦੀਆਂ ਸਿਫਤਾਂ ਇਉਂ ਕਰਿਆ ਕਰਨ ਜਿਵੇਂ ਪੁਰਾਣੀ ਬਹੂ ਕਿਸੇ ਕੰਮ ਦੀ ਨਾ ਹੋਵੇ।ਅਖੇ ਨਵੀਂ ਦੇ ਆਉਣ ਤੋਂ ਪਹਿਲਾਂ ਨਵਾਂ ਘਰ ਵੀ ਚਾਹੀਦਾ ਹੈ।ਇਹ ਵੀ ਡਰ ਹੋਊ ਕਿ ਨਵੀਂ ਆਈ ਦੀ ਕੁਲਵਿੰਦਰ ਨਾਲ ਨਾ ਬਣਨ ਲੱਗ ਪਏ।ਹੋਰ ਪਤਾ ਨਹੀਂ ਕੀ ਕੀ ਸੋਚਦੇ ਹੋਣੇ ਨੇ।ਸਭ ਤੋਂ ਵੱਡਾ ਦੁੱਖ ਤਾਂ ਉਨ੍ਹਾਂ ਨੂੰ ਇਹ ਸੀ ਕਿ ਘਰ ਵਿੱਚ ਕੁਲਵਿੰਦਰ ਦੇ ਨਾਂ ਤੇ ਕਿਉਂ ਬੋਲਦਾ ਹੈ।ਦੋਨਾਂ ਭਰਾਵਾਂ ਦੇ ਨਾਂ ਤੇ ਕਿਉਂ ਨਹੀਂ।ਤਾਂ ਹੀ ਤਾਂ ਉਨ੍ਹਾਂ ਨੂੰੰ ਉਹ ਘਰ ਆਪਣਾ ਨਹੀਂ ਸੀ ਲੱਗਦਾ।ਜਿਸ ਨੂੰ ਉਹ ਵਿਕਵਾ ਕੇ ਉਹ ਨਵਾਂ ਲੈਣਾ ਚਾਹੁੰਦੇ ਸਨ।ਕਲੇਸ਼ ਏਥੋਂ ਹੀ ਤਾਂ ਸ਼ੁਰੂ ਹੋਇਆ ਸੀ।ਮੈਂ ਹੀ ਕੁਲਿਵਿੰਦਰ ਨੂੰ ਕਿਹਾ ਸੀ ਕਿ ਨਿੱਤ ਦੀ ਕਿਚ ਕਿਚ ਨਾਲੋਂ ਵੱਢ ਫਾਹਾ।ਕਰਦੇ ਸਾਈਨ ਜਿੱਥੇ ਕਹਿੰਦੇ ਨੇ।ਵਿਚਾਰੀ ਨੇ ਤੀਲਾ ਤੀਲਾ ਜੋੜ ਕੇ ਜੋ ਆਲਣਾ ਬਣਾਇਆਂ ਸੀ ਉਹ ਵੀ ਏਨਾਂ ਢੋਡਰ ਕਾਵਾਂ ਨੂੰ ਸੌਂਪ ਦਿੱਤਾ।ਉਸਦੇ ਤਾਂ ਵਿਚਾਰੀ ਦੇ ਕਰੈਡਿਟ ਕਾਰਡ ਵੀ ਖਾਲੀ ਕਰ ਦਿੱਤੇ ਸੀ।ਜਿਨਾਂ ਦੀਆਂ ਕਿਸ਼ਤਾਂ ਉਹ ਹੁਣ ਤੱਕ ਭਰਦੀ ਰਹੀ ਹੈ।ਕਿੱਥੇ ਭਰਨਗੇ ਇਹ ਦੁਸ਼ਟ…'
'ਜੋ ਘਰ ਵਿੱਚ ਪੱਚਵੰਜਾ ਹਜ਼ਾਰ ਡਾਊਨ ਦਿੱਤਾ ਸੀ ਉਹਦੇ 'ਚ ਵੀਹ ਕੁਲਵਿੰਦਰ ਦੇ ਕਾਰਡਾਂ ਦਾ ਅਤੇ ਪੰਦਰਾਂ ਹਜ਼ਾਰ ਮੇਰਾ ਸੀ।ਉਹ ਗਰੀਬਣੀ ਪਿਛਲੇ ਉਨੀਆਂ ਸਾਲਾਂ ਤੋਂ ਮਰਦੀ ਆ।ਇਨ੍ਹਾਂ ਦੀਆਂ ਗੱਲਾਂ 'ਚ ਆ ਕੇ ਹੱਥ ਵਢਵਾ ਕੇ ਬੈਠ ਗਈ।ਉਹ ਛੜਾਂ ਮਾਰਦੇ ਰਹੇ।ਏਧਰੋ ਸਾਡੇ ਪੈਸੇ ਮਾਰ ਕੇ ਅਤੇ ਉਧਰੋਂ ਦਾਜ ਦਾ ਪੱਚੀ ਲੱਖ ਲੈ ਕੇ ਅਪਣੇ ਆਪ ਆਪ ਨੂੰ ਫੰਨੇ ਖਾਂ ਸਮਝਦੇ ਰਹੇ।ਕਿਵੇਂ ਥਾਂ ਥਾਂ ਫੁਕਰ ਪਣਾ ਕਰਦੇ ਫਿਰਦੇ ਸੀ।ਉਹ ਤਾਂ ਅਪਣੇ ਪਿਉ ਨੂੰ ਵੀ ਦੁਆਨੀ ਵੱਟੇ ਨਹੀਂ ਸੌ ਸਿਆਣਦੇ ਮੈਂ ਤਾਂ ਕਿਹੜੇ ਬਾਗ ਦੀ ਮੂਲੀ ਸੀ।ਅਸਲੇ ਦੇ ਕਿਤੇ ਏਹੋ ਜਿਹੇ ਹੁੰਦੇ ਨੇ।ਜੇ ਹੁੰਦੇ ਤਾਂ ਆਹ ਲੱਛਣ ਨਾ ਕਰਦੇ।ਉਹਨੂੰ ਵਿਚਾਰੀ ਨੂੰ ਨਵੇਂ ਘਰੋਂ ਮਖਣੀ 'ਚੋਂ ਵਾਲ ਵਾਂਗਰਾਂ ਕੱਢ ਕੇ ਵਗਾਹ ਮਾਰਿਆ।ਹਰਮੀਤ ਦੀ ਕੁੱਟ ਮਾਰ ਕਦੋਂ ਕੁ ਤੱਕ ਸਹਿੰਦੀ?ਸੱਸ ਨੇ ਜੀਣਾ ਹਰਾਮ ਕੀਤਾ ਪਿਆ ਸੀ।ਉਦੋਂ ਦਲਜੀਤ ਸਰਾਂ ਦੀ ਗਿੱਟ ਮਿੱਟ ਹੀ ਗੋਲਾ ਬਰੂਦ ਬਣੀ ਸੀ।ਜੋ ਹਰ ਗੱਲ ਵਿੱਚ ਹੀ ਮੋਹਰੀ ਹੁੰਦਾ ਸੀ।ਚਾਹੇ ਘਰ ਕੋਈ ਆਵੇ'ਬਾਰ ਬੀ ਕਿਊ ਹੋਵੇ,ਦਾਰੂ ਝੁਲਸਣੀ ਹੋਵੇ ਸ਼ਕੁਨੀ ਮਾਮਾ ਮੂਹਰੇ।ਜਿੱਦਣ ਲੜ੍ਹਾਈ ਵਧਣ ਤੇ ਮੈਨੂੰ ਸੱਦਿਆ ਸੀ,ਉਦਣ ਵੀ ਗੋਡਿਆਂ ਤੱਕ ਕੱਛਾ ਜਿਹਾ ਪਾ ਬੀਅਰ ਫੜੀ ਬੈਠਾ ਸੀ,ਜਿਵੇਂ ਕੋਈ ਤਮਾਸ਼ਾ ਦੇਖ ਰਿਹਾ ਹੋਵੇ।ਜੀ ਕਰਦਾ ਸੀ ਫੜਕੇ ਗੋਡਿਆਂ ਥੱਲੇ ਲੈ ਲਵਾਂ'
ਹਰਦਿਆਂਲ ਨੇ ਕਚੀਚੀ ਵੱਟੀ।
'ਮਾੜੀ ਕਿਸਮਤ ਵਿਚਾਰੀ ਰਮਨ ਦੀ।ਜਿਸ ਨੂੰ ਦਾਦੇ ਦਾਦੀ ਦਾ ਪਿਆਰ ਮਿਲਿਆ ਹੀ ਨਹੀਂ।ਅਖੇ ਸਾਡੇ ਤੋਂ ਨੀ ਤੇਰੇ ਕੁੜੇ ਨੂੰ ਸੰਭਾਲ ਹੁੰਦਾ,ਅਸੀਂ ਤੇਰੇ ਜੁਆਕ ਪਾਲਣ ਨਹੀਂ ਆਏ।ਜੇ ਕੁਲਵਿੰਦਰ ਕਹਿੰਦੀ ਮੈਂ ਕੰਮ ਤੇ ਜਾਣਾ ਹੈ ਤਾਂ ਸੱਸ ਨੱਕ ਚੜ੍ਹਾਉਂਦੀ ਆਖਦੀ ਫੇਰ ਮੈਂ ਕੀ ਕਰਾਂ।ਕਦੇ ਛੋਟਾ ਆਖਿਆ ਕਰੇ ਵੀਰ ਨੇ ਸਿਰ ਚੜ੍ਹਾਈ ਹੋਈ ਆ।ਚੰਡ ਕੇ ਨੀ ਰੱਖਦਾ।ਇੱਕ ਦਿਨ ਚੁੱਕੇ ਚਕਾਏ ਹਰਮੀਤ ਨੇ ਨਾਲੇ ਕੁਲਵਿੰਦਰ ਕੁੱਟ ਸੁੱਟੀ ਨਾਲੇ ਭੋਰਾ ਭਰ ਕੁੜੀ ਪਟਕਾ ਕੇ ਫਰਸ਼ ਤੇ ਮਾਰੀ।ਉਦੋਂ ਹੀ ਉਸਦਾ ਲਹੂ ਖੌਲ ਉੱਠਿਆ।ਉਦੋਂ ਹੀ ਉਸ ਨੇ ੯੧੧ ਘੁਮਾਇਆ।ਪੁਲੀਸ ਦੋਨਾਂ ਭਰਾਵਾਂ ਨੂੰ ਫੜ ਕੇ ਲੈ ਗਈ।ਮੁੜਕੇ ਇਹ ਹੀ ਦਲਜੀਤ ਜਮਾਨਤ ਤੇ ਛੁਡਾ ਕੇ ਲਿਆਇਆ ਸੀ।ਫੇਰ ਕਹਿੰਦੇ ਹੁਣ ਕੁਲਵਿੰਦਰ ਸਾਡੀ ਦੇਹਲੀ ਨਾ ਚੜੇ।ਉਸ ਨੇ ਸਾਡੇ ਤੇ ਪੁਲੀਸ ਬੁਲਾਈ ਆ,ਸਾਡੀ ਉਹ ਕੀ ਲੱਗਦੀ ਆ।ਬੱਸ ਉਸਦਾ ਘਰ ਟੁੱਟ ਗਿਆ…'
'ਏਹੋ ਤਾਂ ਉਹ ਚਾਹੁੰਦੇ ਸਨ।ਹਰਮੀਤ ਨੂੰ ਪੁਲੀਸ ਨੇ ਵਾਈਫ ਅਸਾਲਟ ਕੇਸ ਵਿੱਚ ਚਾਰਜ ਕਰ ਲਿਆ।ਮਿਲਣ ਤੇ ਪਾਬੰਦੀ ਲਾ ਦਿੱਤੀ।ਸੱਸ ਨੂੰ ਮੂੰਹ ਆਈਆਂ ਗੱਲਾਂ ਕਹਿਣ ਦਾ ਮੌਕਾ ਮਿਲ ਗਿਆ।ਅਖੇ ਹੁਣ ਵੜੇ ਕਿਹੜੇ ਮੂੰਹ ਨਾਲ ਏਥੇ ਆ ਕੇ ਵੜ੍ਹਦੀ ਆ ਜੇ ਦੂਜੀ ਦੁਨੀਆਂ ਨਾ ਦਿਖਾ ਤੀ।ਆਹ ਦੇਖ ਰਹੀਆਂ ਨੇ ਵਿਚਾਰੀਆਂ ਮਾਵਾਂ ਧੀਆਂ ਸੱਸ ਦੀ ਦਿਖਾਈ ਦੂਜੀ ਦੁਨੀਆਂ।ਕੀ ਸੋਚਦੀ ਹੋਵੇਗੀ ਰਮਨ ਦਾਦੀ ਪੋਤੀ ਦੇ ਰਿਸ਼ਤੇ ਬਾਰੇ…।ਜਿਨੇ ਕੁੜੀ ਦੇ ਸਿਰ ਤੋਂ ਪਿਉ ਦਾ ਸਾਇਆ ਖੋਹ ਕੇ ਦਮ ਲਿਆ।ਜਿਨਾ ਚਿਰ ਤਲਾਕ ਨਹੀਂ ਹੋਇਆ ਉਹਦੇ ਕਾਲਜੇ ਠੰਡ ਹੀ ਨਹੀਂ ਪਈ।ਚਾਰ ਘਰ ਤਾਂ ਡੈਣ ਵੀ ਛੱਡ ਦਿੰਦੀ ਆ ਹੁਣ ਉਸ ਨੂੰ ਕੀ ਕਹੀਏ…?'
ਹਰਦਿਆਲ ਉਖੜਿਆ ਪਿਆ ਸੀ।
ਸੋਚ ਦੀ ਦਲਦਲ ਪਤਾ ਨਹੀਂ ਕਿੰਨੀ ਕੁ ਡੂੰਘੀ ਸੀ,ਉਹ ਧਸਦਾ ਹੀ ਜਾ ਰਿਹਾ ਸੀ।
'ਬੱਸ ਮਾਵਾਂ ਧੀਆਂ ਦੇ ਸਿਰ ਤੋਂ ਛੱਤ ਉਡ ਗਈ।ਦਿਨ ਲੰਘਦਿਆਂ ਦਾ ਕਿਹੜਾ ਪਤਾ ਲੱਗਦਾ ਹੈ ਪੰਦਰਾਂ ਸਾਲ ਬੀਤ ਗਏ।ਉਦੋ ਰਮਨ ਮਸਾਂ ਦੋ ਕੁ ਸਾਲ ਦੀ ਸੀ ਜਦੋਂ ਤਲਾਕ ਹੋਇਆ ਹੈ।ਹੁਣ ਸਤਾਰਾਂ ਸਾਲਾ ਦੀ ਹੋ ਗਈ ਆ,ਪਿਛਲੇ ਹਫਤੇ ਡਰਾਈਵਿੰਗ ਦਾ ਲਿਖਤੀ ਟੈਸਟ ਵੀ ਪਾਸ ਕਰ ਆਈ ਹੈ।ਹੁਣ ਤਾਂ ਮਾਵਾਂ ਧੀਆਂ ਦੋਨੋ ਤੂਫਾਨ ਝੱਲਣ ਦੀਆਂ ਆਦੀ ਹੋ ਚੁੱਕੀਆਂ ਨੇ।ਅਜਿਹੀ ਮੀਂਹ ਕਣੀ ਨੂੰ ਕਿੱਥੇ ਸਿਆਣਦੀਆਂ ਨੇ'
'ਦਲਜੀਤ ਸਰਾਂ ਨੇ ਪਤਾ ਨਹੀਂ ਕਿਹੜੀ ਗੱਲ ਦਾ ਬਦਲਾ ਲਿਆ ਸੀ ਸਾਡੇ ਤੋਂ'।
ਹਰਦਿਆਲ ਉਸ ਦੀ ਦੁਸ਼ਮਣੀ ਬਾਰੇ ਸੋਚਣ ਲੱਗਾ।ਹਰਦਿਆਲ ਦੀ ਭੈਣ ਵੀ ਆਮ ਪੇਂਡੂ ਕੁੜੀਆਂ ਵਰਗੀ ਕੁੜੀ ਸੀ।ਤੇ ਦਸਵੀਂ ਪਾਸ।ਜੇ ਬਹੁਤੀ ਸੋਹਣੀ ਨਹੀਂ ਸੀ ਤਾਂ ਮਾੜੀ ਵੀ ਨਹੀਂ ਸੀ।ਘਰ ਦਾ ਸਾਰਾ ਕੰਮ ਕਰਦੀ।ਪਤੀ ਦੀ ਇੱਜਤ ਕਰਦੀ।ਉਦੋਂ ਦਲਜੀਤ ਦੇ ਮਾਪਿਆਂ ਨੇ ਮੰਗ ਮੰਗ ਕੇ ਇਹ ਸਾਕ ਲਿਆ ਸੀ ਕਿ 'ਜ਼ਮੀਨ ਸਾਨੂੰ ਘੱਟ ਹੈ ਪਰ ਸਾਡਾ ਦਲਜੀਤ ਬਿਜਲੀ ਬੋਰਡ ਵਿੱਚ ਪੱਕੀ ਨੌਕਰੀ ਕਰਦਾ ਹੈ'।ਜਿਨਾ ਚਿਰ ਦਲਜੀਤ ਵਿਆਹ ਤੋਂ ਬਾਅਦ ਉੱਥੇ ਰਿਹਾ ਸਭ ਕੁੱਝ ਠੀਕ ਸੀ।ਫੇਰ ਪੰਜਾਬ ਦੇ ਵਿਗੜੇ ਹਾਲਾਤਾਂ ਦਾ ਲਾਹਾ ਲੈ ਕਿਸੇ ਏਜੰਟ ਰਾਹੀਂ ਉਹ ਕਨੇਡਾ ਆ ਵੜਿਆ ਤੇ ਰਿਫਿਊਜੀ ਅਪਲਾਈ ਕਰ ਦਿੱਤਾ।ਪੰਜਾਬ ਵਿੱਚ ਲੋਕ ਮਰ ਰਹੇ ਸਨ ਤੇ ਅਜਿਹੇ ਪਾਖੰਡੀਆਂ ਦਾ ਸੂਤ ਆ ਗਿਆ।ਇਹ ਉਨਾਂ ਵਿੱਚੋਂ ਹੀ ਇੱਕ ਹੈ।ਜਿਨਾਂ ਦੇ ਕਦੇ ਝਰੀਟ ਨਹੀਂ ਸੀ ਵੱਜੀ,ਪਰ ਆਹ ਬੈਠੇ ਸਨ ਕਨੇਡੀਅਨ ਇਮੀਗਰੇਸ਼ਨ ਲਈਂ,ਕਿ ਉੱਥੇ ਸਾਡੀ ਜਾਨ ਨੂੰ ਖਤਰੈ।ਅਨੇਕਾਂ ਹੋਰਾਂ ਦੀ ਤਰ੍ਹਾਂ ਉਦੋਂ ਇਸਦੇ ਪੈਰ ਹੇਠਾਂ ਵੀ ਬਟੇਰਾ ਆ ਗਿਆ'।
'ਚਰਨ ਉਧਰ ਕਨੇਡਾ ਜਾਣ ਦੇ ਪੇਪਰ ਉਡੀਕਦੀ ਰਹੀ ਤੇ ਇਹ ਗੁਰਜੋਤ ਨੂੰ ਕਨੇਡਾ ਲੈ ਆਇਆ।ਬੱਸ ਉਸੇ ਦਿਨ ਤੋਂ ਅਸੀਂ ਉਹਦੇ ਦੁਸ਼ਮਣ ਹੋ ਗਏ।ਹਰਮੀਤ ਉਸ ਦਾ ਭਾਣਜਾ ਵੱਧ ਸੀ ਤੇ ਸਾਡਾ ਜਵਾਈ ਘੱਟ।ਸਾਨੂੰ ਤਾਂ ਉਹ ਗਲੇ ਦੀ ਹੱਡੀ ਸਮਝਣ ਲੱਗ ਪਿਆ ਸੀ।ਰਮਨ ਵਰਗੀ ਮਸੂਮ ਬਾਲੜੀ ਦਾ ਵੀ ਉਸ ਨੂੰ ਖਿਆਲ ਨਾ ਆਇਆ।ਉਹਦੀ ਹਾਅ ਨਾਲ ਹੀ ਮਰੇਗਾ ਇਹ ਕੁੱਤਾ।ਚੱਲੋ ਇੱਕ ਗੱਲ ਤਾਂ ਚੰਗੀ ਹੋਈ ਕਿ ਉਸ ਗੰਦ ਚੋਂ ਨਿੱਕਲ ਆਈਆਂ।ਮੈਂ ਪਿਉ ਹਾਂ ਕੁਲਵਿੰਦਰ ਦਾ ਅਜੇ ਆਪਣੀ ਧੀ ਨੂੰ ਰੋਟੀ ਦੇ ਸਕਦਾ ਹਾਂ।ਮੈਂ ਅਜੇ ਮਰਿਆ ਨਹੀਂ…।ਨਾਲੇ ਜਿਨਾਂ ਦੇ ਮਰ ਜਾਂਦੇ ਨੇ ਉਹ ਕਿਤੇ ਦਿਨ ਕਟੀ ਨਹੀਂ ਕਰਦੀਆਂ।ਰਮਨ ਦੇ ਭਾਂਵੇ ਤਾਂ ਉਸ ਦਾ ਪਿਉ ਮਰ ਹੀ ਗਿਆ ਹੈ'
'ਹੁਣ ਤਾਂ ਕੁਲਵਿੰਦਰ ਨੇ ਵੀ ਮਨ ਸਮਝਾ ਲਿਆ ਹੈ ਕਿ ਜਿੱਧਰ ਗਏ ਬਾਣੀਏ ਉਧਰ ਗਏ ਬਜ਼ਾਰ।ਆਪਣਾ ਸਾਰਾ ਕੁਝ ਛੱਡ ਛਡਾ ਕੇ ਆ ਗਈ ਸੀ।ਪਰ ਕਈ ਵਾਰੀ ਦਿਲ 'ਚੋਂ ਇਹ ਗੱਲ ਨਹੀਂ ਸੀ ਕੱਢਦੀ ਕਿ ਇਹ ਉਸਦਾ ਆਪਣਾ ਘਰ ਨਹੀਂ ਹੈ।ਦਰਅਸਲ ਪਹਿਲਾਂ ਤਾਂ ਏਨਾਂ ਮਹਿਸੂਸ ਨਹੀਂ ਸੀ ਕਰਦੀ।ਪਰ ਜਦ ਤੋਂ ਉਸ ਦੀ ਭਰਜਾਈ ਸੂਜ਼ਨ ਆ ਗਈ ਫੇਰ ਕਰਨ ਲੱਗ ਪਈ।ਉਹ ਵੀ ਗੱਲੀਂ ਬਾਤੀ ਅਹਿਸਾਸ ਕਰਵਾਈਂ ਹੀ ਰੱਖਦੀ ਸੀ।ਉਸ ਨੂੰ ਕੁਲਵਿੰਦਰ ਦਾ ਤੇ ਰਮਨ ਦਾ ਸਾਡੇ ਨਾਲ ਰਹਿਣਾ ਪਸੰਦ ਨਹੀਂ ਸੀ।ਹਾਲਾਂਕਿ ਉਹ ਘਰ ਮੇਰੀ ਹੀ ਕਮਾਈ ਨਾਲ ਲਿਆ ਹੋਇਆ ਸੀ।ਮੈਨੂੰ ਤਾਂ ਆਪਣੇ ਦੋਨੋ ਬੱਚੇ ਬਰਾਬਰ ਸਨ।ਜੇ ਮੈਂ ਚਾਹੁੰਦਾ ਤਾਂ ਸਾਰਾ ਘਰ ਹੀ ਕੁਲਵਿੰਦਰ ਨੂੰ ਦੇ ਸਕਦਾ ਸੀ।ਪਰ ਮੈਂ ਭੈਣ ਭਰਾ ਦੇ ਰਿਸ਼ਤੇ ਦੇ ਜੜੀਂ ਤੇਲ ਨਹੀਂ ਸੀ ਦੇਣਾ ਚਾਹੁੰਦਾ।ਪਰ ਸੂਜਨ ਨੇ ਕੋਈ ਕਸਰ ਨਹੀਂ ਛੱਡੀ।ਹਰ ਗੱਲ ਵਿੱਚ ਉਹ ਦੋਹਾਂ ਨੂੰ ਨੀਵਾਂ ਦਿਖਾਂਉਦੀ ਰਹਿੰਦੀ ਤੇ ਬੇਇੱਜਤੀ ਵੀ ਕਰਦੀ।ਕਈ ਵਾਰ ਤਾਂ ਬਿਨਾਂ ਗੱਲੋਂ ਹੀ ਭਾਂਡੇ ਭੰਨਣੇ ਸ਼ੁਰੂ ਕਰ ਦਿੰਦੀ ਸੀ'।
ਜਸਵਿੰਦਰ ਕੁਲਵਿੰਦਰ ਤੋਂ ਦੋ ਵਰੇ ਛੋਟਾ ਹੈ।ਇਕੱਠੇ ਹੀ ਕਨੇਡਾ ਆਏ ਸਨ।ਕੁਲਵਿੰਦਰ ਨੇ ਅੋਵਰ ਟਾਈਮ ਲਾ ਲਾ ਉਸ ਨੂੰ ਪੜ੍ਹਾਇਆ ਹੈ।ਪਰ ਸੂਜਨ ਨੂੰ ਇਹ ਗੱਲਾਂ ਕੌਣ ਸਮਝਾਵੇਂ।ਉਦੋਂ ਇਹ ਜਸਵਿੰਦਰ ਨਾਲ ਕਾਲਜ ਪੜ੍ਹਦੀ ਸੀ ਤੇ ਇੱਕ ਦੂਜੇ ਨੂੰ ਚਾਹੁਣ ਲੱਗ ਪਏ।ਜਸਵਿੰਦਰ ਦੇ ਕਹਿਣ ਤੇ ਕੁਲਵਿੰਦਰ ਨੇ ਉਦੋਂ ਖੁਦ ਜਾ ਕੇ ਪਸੰਦ ਕੀਤੀ ਸੀ,ਜਦੋਂ ਉਸ ਨੇ ਸੂਜਨ ਨਾਲ ਹੀ ਵਿਆਹ ਕਰਵਾਉਣ ਦੀ ਜਿੱਦ ਫੜ ਲਈ ਸੀ।ਅਸੀਂ ਤਾਂ ਉਦੋਂ ਇੰਡੀਆਂ ਜਾ ਕੇ ਦੋਨੋ ਬੱਚਿਆਂ ਦੀ ਤਿਆਰੀ ਕਰੀਂ ਬੈਠੇ ਸੀ।ਫੇਰ ਕੁਲਵਿੰਦਰ ਨੇ ਹੀ ਮਸਾਂ ਹੀ ਉਸਦੇ ਪਿਉ ਨੂੰ ਇੰਡੀਆ ਜਾ ਕੇ ਵਿਆਹ ਕਰਨ ਲਈ ਮੰਨਾਇਆ ਸੀ।ਤੇ ਸੂਜਨ ਨੂੰ ਵੀ ਪੱਲਿਉਂ ਪੈਸੇ ਖਰਚ ਕੇ ਲੈ ਕੇ ਗਏ ਸਾਂ।ਕਿਹੜੀ ਸੱਧਰ ਸੀ ਜੋ ਅਸਾਂ ਇਨ੍ਹਾਂ ਦੀ ਅਸਾਂ ਪੂਰੀ ਨਹੀਂ ਕੀਤੀ।ਵਿਆਹ ਤੇ ਐਨਾ ਖਰਚ ਕੀਤਾ।ਕੁਲਵਿੰਦਰ ਦਾ ਤਾਂ ਉਨ੍ਹਾਂ ਨੂੰ ਅਹਿਸਾਨ ਹੀ ਨਹੀਂ ਸੀ ਭਲਾਉਣਾ ਚਾਹੀਦਾ।ਠੀਕ ਹੈ ਸੂਜਨ ਕਨੇਡਾ ਦੀ ਜੰਮੀ ਪਲੀ ਹੈ ਪਰ ਜਸਵਿੰਦਰ ਨੂੰ ਤਾਂ ਪਤਾ ਹੈ ਭੈਣ ਦੇ ਰਿਸ਼ਤੇ ਦਾ।ਉਹ ਕਿਉਂ ਨਹੀਂ ਸੀ ਆਪਣੀ ਜ਼ੁਬਾਨ ਖੋਹਲਦਾ।ਸੂਜਨ ਤਾਂ ਸਾਨੂੰ ਆਪਣੇ ਪਰਿਵਾਰ ਦਾ ਹਿੱਸਾ ਹੀ ਨਹੀਂ ਸੀ ਗਿਣਦੀ'।
ਹਰਦਿਆਲ ਉਦਾਸੀ ਵਿੱਚ ਡੁੱਬ ਗਿਆ।
'ਆਖਰ ਮੈਂ ਵੀ ਆਪਣੀ ਆਈ ਤੇ ਆ ਗਿਆ।ਆਪਣਾ ਇੱਕ ਹੋਰ ਘਰ ਲੈ ਲਿਆ ਤੇ ਕੁਲਵਿੰਦਰ ਨੂੰ ਨਾਲ ਲੈ ਆਇਆ।ਨਿੱਤ ਦੇ ਕੁੱਤ ਕਲੇਸ਼ ਤੋਂ ਤਾਂ ਚੰਗਾ ਸੀ।ਪਹਿਲੇ ਘਰੋਂ ਨਿੱਕਲ ਕੇ ਦੁੱਖ ਤਾਂ ਬਹੁਤ ਹੋਇਆ ਸੀ ਕਿ ਇਕੱਲੇ ਪੁੱਤ ਨੂੰ ਵੀ ਛੱਡ ਚੱਲਿਆ ਹਾਂ,ਪਰ ਏਥੇ ਕੋਈ ਕਿਸੇ ਦਾ ਨਹੀਂ।ਇਨਾਂ ਦੀ ਬੇਬੇ ਨੂੰ ਵੀ ਸ਼ਾਇਦ ਏਸੇ ਗੱਲ ਦਾ ਵਿਗੋਚਾ ਲੈ ਬੈਠਾ ਹੋਵੇ।ਮੈਂ ਤੀਹ ਸਾਲ ਤੋਂ,ਦੇਸੋਂ ਬਾਹਰ, ਪੁੱਤ ਦੇ ਚੰਗੇ ਭਵਿੱਖ ਲਈ ਧੱਕੇ ਖਾਂਦਾ ਰਿਹਾ ਸੀ।ਪਰ ਮੁੜਕੇ ਪੁੱਤ ਸਿਰਫ ਘਰ ਵਾਲੀ ਦਾ ਹੋ ਕੇ ਰਹਿ ਗਿਆ।ਮੈਂ ਹੁਣ ਰਿਟਾਇਰ ਹਾਂ ਪਹਿਲਾਂ ਪਹਿਲ ਤਾਂ ਪੁੱਤ ਬਿਨਾਂ ਮੈਂ ਹੈਂਡੀਕੈਪਡ ਮਹਿਸੂਸ ਕਰਦਾ ਸੀ।ਪਰ ਫੇਰ ਮੈਂ ਕੁਲਵਿੰਦਰ ਨੂੰ ਹੀ ਆਪਣਾ ਪੁੱਤ ਸਮਝ ਲਿਆ'।
ਹਰਦਿਆਲ ਨੂੰ ਜਾਪਿਆ ਜਿਵੇਂ ਉਸਦਾ ਦਿਲ ਧੜਕਣਾ ਰੁਕ ਰਿਹਾ ਹੋਵੇ।
ਉਹ ਫੇਰ ਸੋਚਣ ਲੱਗਿਆ।
'ਕੀ ਖੱਟਿਆ ਮੈਂ ਕਨੇਡਾ ਆ ਕੇ?ਔਲਾਦ ਲਈ ਹੀ ਬੰਦਾ ਪਾਪੜ ਵੇਲਦਾ ਏ।ਹੁਣ ਧੀ ਵੀ ਰੁਲਦੀ ਆ ਤੇ ਪੁੱਤ ਵੀ ਗੁਆ ਲਿਆ।ਏਹੇ ਸੰਸਾ ਹੀ ਏਨਾਂ ਦੀ ਬੇਬੇ ਨੂੰ ਲੈ ਬੈਠਾ।ਜੇ ਰੋਟੀ ਹੀ ਖਾਣੀ ਸੀ,ਉਹ ਤਾਂ ਇੰਡੀਆ ਵਿੱਚ ਵੀ ਖਾਈ ਹੀ ਜਾਂਦੇ ਸੀ।ਕੁਲਵਿੰਦਰ ਦੀ ਉਦਾਸੀ ਮੇਰੇ ਤੋਂ ਝੱਲੀ ਨਹੀਂ ਜਾਂਦੀ।ਉਹ ਵਿਚਾਰੀ ਸਾਰੀ ਉਮਰ ਕਿਸੇ ਨ ਕਿਸੇ ਦੀ ਅਧੀਨਗੀ ਵਿੱਚ ਹੀ ਰਹੀ।ਮੈਂ ਬਥੇਰਾ ਕਹਿੰਦਾ ਹਾਂ ਕਿ ਸਭ ਕਾਸੇ ਨੂੰ ਭੁੱਲ ਕੇ ਨਵਾ ਜੀਵਨ ਸ਼ੁਰੂ ਕਰ।ਕੋਈ ਜੀਵਨ ਦਾ ਸਾਥ ਲੱਭ ਲੈ।ਪਰ ਕਹਿੰਦੀ ਲੋਕ ਕੀ ਕਹਿਣਗੇ।ਮੈਂ ਕਿਹਾ ਜੋ ਕੋਈ ਮਰਜੀ ਕਰ ਲਏ,ਲੋਕਾਂ ਨੇ ਤਾਂ ਕਿਸੇ ਦੇ ਵੀ ਗਲ ਫੁੱਲਾਂ ਦੇ ਹਾਰ ਨਹੀਂ ਪਾਉਣੇ,ਉਹ ਤਾਂ ਸਗੋਂ ਗੱਲਾਂ ਹੀ ਬਣਾਉਣਗੇ।ਪਰ ਇਸ ਲਈ ਉਹ ਕਦੇ ਵੀ ਨਾ ਮੰਨੀ।ਸ਼ਾਇਦ ਉਸ ਦੇ ਮਨ ਵਿੱਚ ਡਰ ਹੋਵੇ ਕਿ ਉਸਦੀ ਧੀ,ਦੂਜਾ ਵਿਆਹ ਕਰਵਾਉਣ ਨਾਲ ਕਿਤੇ ਰੁਲ ਨਾ ਜਾਵੇ'।
'ਹਾਂ ਫੇਰ ਇੱਕ ਦਿਨ ਉਹ ਅਪਣਾ ਘਰ ਲੈਣ ਨੂੰ ਮੰਨ ਗਈ।ਤਾਂ ਮੈਂ ਵੀ ਆਪਣੇ ਵਾਲਾ ਘਰ ਵੇਚ ਕੇ ਉਸ ਨਾਲ ਹਿੱਸਾ ਪਾ ਲਿਆ।ਹੁਣ ਇਹ ਘਰ ਉਸ ਨੂੰ ਆਪਣਾ ਆਪਣਾ ਜਾਪਦਾ ਹੈ।ਅਸੀਂ ਹੁਣ ਤਿੰਨੋਂ ਏਸੇ ਘਰ ਵਿੱਚ ਰਹਿੰਦੇ ਹਾਂ।ਜਿਸ ਨੂੰ ਚੱਲਦਾ ਰੱਖਣ ਲਈ ਉਹ ਦਿਨ ਰਾਤ ਜੂਝਦੀ ਹੈ।ਅੋਵਰ ਟਾਈਮ ਤੇ ਅੋਵਰ ਟਾਈਮ ਲਾਂਉਦੀ ਹੈ।ਮੈਂ ਆਪਣੀ ਪੈਨਸ਼ਨ ਵੀ ਪੂਰੀ ਇਸੇ ਘਰ ਵਿੱਚ ਪਾ ਦਿੰਦਾ ਹਾਂ।ਪਰ ਸਰਦਾ ਫੇਰ ਵੀ ਬੜੀ ਮੁਸ਼ਕਲ ਨਾਲ ਹੈ।ਰਮਨ ਇਸ ਵਾਰ ਟਵੈਲਵ ਗਰੇਡ ਵਿੱਚ ਹੈ,ਅਗਲੇ ਸਾਲ ਉਹ ਯੂਨੀਵਰਸਿਟੀ ਜਾ ਰਹੀ ਹੈ।ਉਸ ਨੂੰ ਪੜ੍ਹਾਉਣ ਦਾ ਐਨਾ ਖਰਚਾ ਕਿੱਥੋਂ ਆਵੇਗਾ?ਪਰ ਮੈਨੂੰ ਪਤਾ ਹੈ ਕੁਲਵਿੰਦਰ ਹਾਰ ਮੰਨਣ ਵਾਲੀ ਨਹੀਂ ਹੈ।ਵਕਤ ਨੇ ਉਸ ਨੂੰ ਚਟਾਨ ਦੀ ਤਰਾਂ ਕਠੋਰ ਬਣਾ ਦਿੱਤਾ ਹੈ।ਜਿਵੇਂ ਇੱਟ ਆਵੇ ਵਿੱਚ ਪੈ ਕੇ ਪੱਕਦੀ ਹੈ,ਪੱਕ ਗਈ ਹੈ ਉਹ ਵੀ…'
ਸੋਚਾਂ ਦੀ ਲੜੀ ਟੁੱਟਣ ਦਾ ਨਾਮ ਹੀ ਨਹੀਂ ਸੀ ਲੈ ਰਹੀ।
'ਕੁਲਵਿੰਦਰ ਦਾ ਸੰਘਰਸ਼ ਅਜੇ ਵੀ ਮੁੱਕਣ ਵਿੱਚ ਨਹੀਂ ਆ ਰਿਹਾ।ਕਈ ਵਾਰ ਬੈਠੀ ਬੈਠੀ ਵਿਚਾਰੀ ਆਪ ਮੁਹਾਰੇ ਹੀ ਰੋਣ ਲੱਗ ਜਾਂਦੀ ਹੈ।ਖੁਦਕਸ਼ੀ ਕਰਨ ਦੀਆਂ ਗੱਲਾਂ ਕਰਦੀ ਹੈ।ਫੇਰ ਡੀਪਰੈਸ਼ਨ ਦੀਆਂ ਗੋਲੀਆਂ ਖਾਂਦੀ ਹੈ।ਪਰ ਉਹਦੇ ਸਾਹਾਂ ਦੀ ਡੋਰ ਤਾਂ ਰਮਨ ਨਾਲ ਬੰਨੀ ਹੋਈ ਹੈ।ਰਮਨ ਉਸ ਨੂੰ ਰੁਕਣ ਨਹੀਂ ਦਿੰਦੀ।ਉਹ ਉਸਦੇ ਖੰਭ ਵੀ ਹੈ ਤੇ ਖੰਭਾਂ ਨਾਲ ਬੰਨੀ ਹੋਈ ਡੋਰ ਵੀ।ਜਿਸ ਨੂੰ ਉਸ ਨੇ ਇਸ ਤਰ੍ਹਾਂ ਪਾਲਿਆ ਹੈ ਜਿਵੇਂ ਕੁੱਕੜੀ ਆਪਣੇ ਬੋਟਾਂ ਨੂੰ ਖੰਭਾ ਹੇਠ ਲੁਕਾ ਕੇ ਰੱਖਦੀ ਹੈ'।
'ਨੰਨੀ ਜਾਨ ਰੋ ਰੋ ਪੁੱਛਿਆ ਕਰਦੀ ਸੀ'ਮੰਮੀ ਡੈਡੀ ਕਦੋਂ ਆਂਉਣਗੇ ਸਾਨੂੰ ਲੈਣ।ਮੰਮੀ ਆਪਾਂ ਆਪਣੇ ਘਰ ਕਿਉਂ ਨਹੀਂ ਜਾਂਦੇ।ਆਖਰ ਇਹ ਸਵਾਲ ਉਸਦੇ ਅੰਦਰ ਹੀ ਦਮ ਤੋੜ ਗਏ।ਜਿਵੇਂ ਖਿੜਨ ਤੋਂ ਪਹਿਲਾ ਹੀ ਕੋਈ ਫੁੱਲ ਮੁਰਝਾ ਜਾਂਦਾ ਹੈ।ਬੱਸ ਫੇਰ ਉਦਾਸੀ ਰੋਗ ਨੇ ਉਸ ਨੂੰ ਵੀ ਘੇਰ ਲਿਆ।ਹਮੇਸ਼ਾਂ ਚੁੱਪ ਚੁੱਪ ਰਹਿਣ ਲੱਗੀ'।
ਹਰਦਿਆਲ ਰੋਅ ਰਿਹਾ ਸੀ।
'ਕੁਲਵਿੰਦਰ ਨੇ ਉਸ ਨੂੰ ਪ੍ਰਚਾਉਣ ਦੇ ਬਥੇਰੇ ਯਤਨ ਕੀਤੇ।ਗੇਮਾਂ ਵਿੱਚ ਪਾਈ ਤਾਂ ਕਿ ਮਨ ਹੋਰ ਪਾਸੇ ਲੱਗਿਆ ਰਹੇ।ਕਦੀ ਉਸ ਨੂੰ ਸਵਿਮਿੰਗ ਤੇ ਲੈ ਕੇ ਜਾਂਦੀ ਅਤੇ ਕਦੀ ਸੌਕਰ ਤੇ।ਪਰ ਜਦੋਂ ਉੱਥੇ ਵੀ ਲੋਕ ਪੁੱਛ ਲੈਂਦੇ ਕਿ ਤੇਰਾ ਡੈਡੀ ਕਦੇ ਕਿਉਂ ਨਹੀਂ ਆਂਉਦਾ?ਜਾਂ ਤੇਰੀ ਮੌਮ ਸਿੰਗਲ ਮਦਰ ਹੈ?ਤਾਂ ਉਹ ਫੇਰ ਉਦਾਸ ਹੋ ਜਾਂਦੀ।ਤਲਾਕ ਤਾਂ ਦੂਜੀਆਂ ਕਮਿਉਨਿਟੀਆਂ ਵਿੱਚ ਵੀ ਹੁੰਦੇ ਨੇ,ਪਰ ਮਾਪੇ ਬੱਚਿਆਂ ਨਾਲੋਂ ਰਿਸ਼ਤਾ ਨਹੀਂ ਤੋੜਦੇ।ਉਸਦੇ ਪਿਉ ਨੇ ਤਾਂ ਮੁੜਕੇ ਧੀ ਦੀ ਸ਼ਕਲ ਹੀ ਨਹੀਂ ਸੀ ਵੇਖੀ।ਦਾਦੇ ਦਾਦੀ ਅਤੇ ਚਾਚੇ ਚਾਚੀ ਲਈ ਵੀ ਉਹ ਜਿਵੇ ਮਰ ਗਈ ਸੀ।ਦੂਜੇ ਬੱਚਿਆਂ ਦੇ ਦਾਦਾ ਦਾਦੀ ਗੇਮ ਦੇਖਣ ਆਂਉਦੇ।ਬੱਚਿਆਂ ਨੂੰ ਪਿਆਰਦੇ ਦੁਲਾਰਦੇ।ਪਰ ਰਮਨ ਨੂੰ ਤਾਂ ਕਿਸੇ ਦੀ ਸ਼ਕਲ ਹੀ ਯਾਦ ਨਹੀਂ ਸੀ।ਕੁਲਵਿੰਦਰ ਨੂੰ ਵਰਿਆਂ ਬੱਧੀ ਆਸ ਰਹੀ ਕਿ ਕਿਸੇ ਦਿਨ ਉਹ ਆਉਣਗੇ ਤੇ ਉਨ੍ਹਾਂ ਨੂੰ ਲੈ ਜਾਣਗੇ।ਉਹ ਵੀ ਸਭ ਕੁੱਝ ਮੁਆਫ ਕਰ ਦੇਵੇਗੀ।ਪਰ ਅਜਿਹਾ ਕਦੇ ਨਾ ਹੋਇਆ'।
'ਸਗੋਂ ਤਲਾਕ ਤੋਂ ਬਾਅਦ ਹਰਮੀਤ ਭਾਰਤ ਜਾ ਕੇ ਹੋਰ ਵਿਆਹ ਕਰਵਾ ਆਇਆ।ਕਨੇਡਾ ਦੇ ਲਾਲਚ ਨੂੰ ਆਈ ਉਹ ਕੁੜੀ ਵੀ ਸੁਣਿਆ ਹੈ ਉਡਾਰੀ ਮਾਰ ਗਈ।ਦੋਹਾਂ ਦੇ ਰਿਸ਼ਤੇ ਲਾਲਚ ਤੇ ਟਿਕੇ ਹੋਣ ਕਾਰਨ ਜਿਆਦਾ ਦੇਰ ਨਹੀਂ ਨਿਭੇ।ਕਹਿੰਦੇ ਇੱਕ ਦਿਨ ਸ਼ਰਾਬੀ ਹੋਏ ਹਰਮੀਤ ਨੇ ਉਸ ਤੇ ਵੀ ਹੱਥ ਚੁੱਕ ਲਿਆ ਸੀ।ਤੇ ਫੇਰ ਇਹ ਕੁੱਟ ਮਾਰ ਵਧਦੀ ਹੀ ਗਈ।ਉਸ ਦੇ ਗਹਿਣੇ ਵੀ ਖੋਹ ਲਏ ਸਨ ਤੇ ਪਾਸਪੋਰਟ ਵੀ।ਉਸ ਨੇ ਸਾਰਾ ਕੁੱਝ ਪੁਲੀਸ ਰਾਹੀਂ ਲਿਆ।ਹੋਰ ਫੇਰ ਅਗਲੀ ਕਰਦੀ ਵੀ ਕੀ…।
'ਪੁਆੜੇ ਦੀ ਜੜ ਦਲਜੀਤ ਸਰਾਂ ਅੱਜ ਕੱਲ ਆਪਣੇ ਆਪ ਨੂੰ ਕਮਿਊਨਟੀ ਲੀਡਰ ਸਦਵਾਉਂਦਾ ਹੈ।ਕਈ ਕਲਚਰਲ ਤੇ ਸਪੋਰਟਸ ਕਲੱਬਾਂ ਦਾ ਪ੍ਰਧਾਨ ਬਣਿਆ ਫਿਰਦਾ ਹੈ।ਕਿਉਂਕਿ ਉਥੇ ਕਬੂਤਰ ਬਾਜੀ 'ਚੋਂ ਚੰਗਾ ਪੈਸਾ ਜੁ ਬਣਦਾ ਹੈ।ਉਧਰੋਂ ਝੂਠੇ ਮੂਠੇ ਕਬੱਡੀ ਦੇ ਖਿਡਾਰੀ ਕੱਢਣ ਦੇ ਤੀਹ ਤੀਹ ਲੱਖ ਜੋ ਮਿਲਦੇ ਨੇ।ਕਦੇ ਭੰਗੜੇ ਦੀ ਟੀਮ ਵਿੱਚ ਅਤੇ ਕਦੇ ਕਬੱਡੀ ਦੀ ਟੀਮ ਵਿੱਚ ਜਿੱਥੇ ਵੀ ਦਾਅ ਲੱਗੇ ਲਾਉਂਦਾ ਹੈ।ਲੋਕਾਂ ਦੀਆਂ ਕੁੜੀਆਂ ਨੂੰ ਕਨੇਡਾ ਕੱਢਣ ਬਹਾਨੇ ਕਦੇ ਚੰਡੀਗੜ ਕਦੇ ਦਿੱਲੀ ਲਈ ਫਿਰਦਾ ਰਹਿੰਦਾ ਏ।ਪੈਂਹਟ ਸਾਲਾ ਦਾ ਹੋ ਕੇ ਵੀ ਇਹ ਚਸਕਾ ਨਹੀਂ ਗਿਆ।ਲਾਲਚ ਵਿੱਚ ਅੰਨੇ ਹੋਏ ਮਾਪਿਆਂ ਨੂੰ ਅੱਜ ਕੱਲ ਧੀਆਂ ਦੀ ਇੱਜਤ ਨਾਲੋਂ ਕਨੇਡਾ ਵੱਧ ਪਿਆਰਾ ਹੈ।ਅਜਿਹੇ ਬਘਿਆੜਾਂ ਦਾ ਸੂਤ ਆਇਆ ਰਹਿੰਦਾ ਹੈ।ਸੁਣਿਆ ਤਾਂ ਇਹ ਵੀ ਹੈ ਕਿ ਕੁੜੀਆਂ ਦੀ ਦਲਾਲੀ ਕਰਦਾ ਰਿਹਾ ਹੈ।ਉਸ ਦੀ ਦੂਜੀ ਘਰ ਵਾਲੀ ਵੀ ਇਸ ਧੰਦੇ ਵਿੱਚ ਨਾਲ ਸੀ।ਪੈਸਾ ਜੋ ਆਂਉਦਾ ਹੈ।ਉਹ ਤਾਂ ਇਸ ਨੂੰ ਬਿਜਨਸ ਦੱਸਦੇ ਨੇ।ਐਵੇਂ ਤਾਂ ਨੀ ਪਾਲੇਟੀਸ਼ਨ,ਲੀਡਰ ਅਤੇ ਬਿਜਨਸਮੈਨ ਇਨਾਂ ਦੇ ਅੱਗੇ ਪਿੱਛੇ ਤੁਰੇ ਫਿਰਦੇ।ਅਜਿਹੇ ਬੰਦੇ ਦਾ ਪੈਸੇ ਹੇਠ ਸਾਰਾ ਕੁੱਝ ਹੀ ਲੁਕ ਜਾਂਦਾ ਹੈ।ਪਰ ਵਕਤ ਆਵੇਗਾ ਜਦੋਂ ਭੁਗਤਣਾ ਪਊ।ਉੱਤੇ ਰੱਬ ਤਾਂ ਦੇਖਦਾ ਹੈ…'
ਬੇਵਸ ਹੋਏ ਹਰਦਿਆਲ ਨੇ ਆਖਰੀ ਤੋੜਾ ਝਾੜਿਆ।
'ਅੱਜ ਕੱਲ ਤਕੜੇ ਬੰਦਿਆਂ ਦਾ ਜ਼ਮਾਨਾ ਹੈ।ਸਾਲੇ ਉਹ ਹੀ ਫਲਦੇ ਨੇ।ਸਰਾਂ ਅੱਜ ਕੱਲ ਸੱਤਾਧਾਰੀ ਪਾਰਟੀ ਦਾ ਸਰਗਰਮ ਵਰਕਰ ਬਣਿਆ ਫਿਰਦਾ ਹੈ।ਆਪਣੇ ਲਾਮ ਲਸ਼ਕਰ ਨਾਲ ਲੀਡਰਾਂ ਦੀ ਮੱਦਦ ਕਰਦਾ ਹੈ।ਉਸ ਨੇ ਹੁਣ ਤਾਂ ਕਈ ਰੈਸਟੋਰੈਂਟ ਤੇ ਪੀਜ਼ਾ ਸਟੋਰ ਵੀ ਖੋਹਲ ਲਏ ਨੇ।ਇਮੀਗਰੇਸ਼ਨ ਮਨਿਸਟਰ ਤੱਕ ਉਸਦੀ ਪਹੁੰਚ ਹੈ।ਵਰਕ ਪਰਮਿਟ ਲੈਣ ਲੱਗਿਆ ਵੀ ਮਿੰਟ ਲਾਉਂਦਾ ਹੈ।ਹੁਣ ਤਾਂ ਕੁੱਕ,ਤੰਦੂਰਈਏ ਕਹਿ ਕਹਿ ਅਤੇ ਹੋਰ ਪ੍ਰੋਫੈਸ਼ਨਾ ਦੀ ਆੜ ਹੇਠ ਵੀ ਬੰਦੇ ਮੰਗਵਾ ਰਿਹਾ ਹੈ।ਮਨੁੱਖੀ ਸਮਗਲਿੰਗ ਕਿਹੜਾ ਡਰੱਗ ਸਮਗਲਿੰਗ ਤੋਂ ਘੱਟ ਹੈ।ਇਸਦੇ ਪੀਜਾ ਸਟੋਰਾਂ ਤੇ ਡਰਾਈ ਫਲਾਵਰ ਕਹਿ ਕੇ ਸ਼ਰੇਆਮ ਡੋਡੇ ਵੇਚੇ ਜਾਂਦੇ ਹਨ।ਧਾਰਮਿਕ ਅਦਾਰੇ ਵੀ ਇਸਦੀ ਚਾਪਲੂਸੀ ਕਰਦੇ ਹਨ।ਸਾਲੀ ਦੁਨੀਆਂ ਹੈ ਈ ਪੈਸੇ ਦੀ।ਪੈਸਾ ਹੀ ਅੱਜ ਕੱਲ ਲੋਕਾਂ ਦਾ ਧਰਮ ਹੈ'
ਉਹ ਨਿਰਾਸ਼ਤਾ ਵਿੱਚ ਆ ਗਿਆ
'ਮੇਰੇ ਬਿਨਾ ਉਹਦੇ ਬਾਰੇ ਕਿਸੇ ਨੇ ਨਹੀਂ ਬੋਲਣਾ।ਮੀਡੀਅ ਵੀ ਪੈਸੇ ਵਾਲਿਆਂ ਦਾ ਹੀ ਹੈ ਉਨ੍ਹਾਂ ਇਸ ਬਾਰੇ ਕੀ ਲਿਖਣੈ।ਉਨ੍ਹਾਂ ਨੇ ਤਾਂ ਆਪ ਤਕਰੀਬਨ ਸਾਰਿਆਂ ਨੇ ਦੂਸਰੀਆਂ ਤੀਵੀਆਂ ਰੱਖੀਆਂ ਹੋਈਆਂ ਨੇ।ਪਹਿਲੀਆਂ ਘਰਵਾਲੀਆਂ ਤੇ ਬੱਚੇ ਰਮਨ ਵਾਂਗੂੰ ਹੀ ਰੁਲ਼ਦੇ ਨੇ।ਏਹੋ ਜਿਹਿਆਂ ਦੀ ਜੂਠ ਤੇ ਹੀ ਤਾਂ ਚੱਲਦਾ ਹੈ ਮੀਡੀਆ।ਦਲਜੀਤ ਸਰਾਂ ਵਰਗੇ ਲੋਕ ਸ਼ਰੇਆਮ ਮੀਡੀਏ ਵਾਲਿਆਂ ਨੂੰ ਕੁੱਤੇ ਦੱਸਦੇ ਨੇ,ਕਿ ਜਦੋਂ ਭੌਂਕਣ ਲੱਗਣ ਤਾਂ ਐਡ ਦੀ ਹੱਡੀ ਉਹਨਾਂ ਦੇ ਮੂੰਹ 'ਚ ਤੁੰਨ ਦਿਉ।ਕਈ ਰੇਡੀਉ ਤੇ ਅਖਬਾਰਾਂ ਵਾਲੇ ਕਰਜਾ ਦੇ ਕੇ ਇਸ ਨੇ ਹੀ ਖੜੇ ਕੀਤੇ ਹੋਏ ਨੇ।ਉਨ੍ਹਾਂ ਸਾਰਿਆਂ ਲਈ ਇਹ ਦੁੱਧ ਧੋਤਾ ਹੈ।ਇਹ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਆ।ਸਾਰਾ ਆਵਾ ਹੀ ਊਤਿਆ ਹੋਇਆ ਹੈ।ਕੋਈ ਭੰਗ ਬੀਜ ਰਿਹਾ ਹੈ।ਕੋਈ ਡਰੱਗ ਵੇਚ ਰਿਹਾ ਹੈ।ਕੁਲਵਿੰਦਰ ਵਰਗੀਆਂ ਤੇ ਰਮਨ ਵਰਗੀਆਂ ਅਨੇਕਾਂ ਕੁੜੀਆਂ ਅਜਿਹਿਆਂ ਦੀ ਬਦੌਲਤ ਰੁਲ ਰਹੀਆਂ ਨੇ,ਕਤਲ ਹੋ ਰਹੀਆਂ ਨੇ।ਕੋਈ ਨੀ ਪੁੱਛਦਾ…'।
ਹਰਦਿਆਲ ਨੇ ਸ਼ੀਸੇ ਵਿੱਚੋਂ ਬਾਹਰ ਦੇਖਿਆ।ਪਰ ਰਮਨ ਦਿਖਾਈ ਨਾ ਦਿੱਤੀ।
'ਰਮਨ ਤਾਂ ਇੱਕ ਯੁੱਧ ਲੜ ਰਹੀ ਹੈ।ਉਹ ਤੈਰਾਕੀ,ਸੌਕਰ,ਬੇਸਵਾਲ ਅਤੇ ਪੜ੍ਹਾਈ ਵਿੱਚ ਵੀ ਕਾਫੀ ਅੱਗੇ ਚੱਲ ਰਹੀ ਹੈ।ਪੁਲੀਸ ਵਿੱਚ ਜਾਣਾ ਚਾਹੁੰਦੀ ਹੈ।ਉਸ ਦੇ ਚੰਗੇ ਨੰਬਰਾਂ ਕਰਕੇ ਉਸ ਨੂੰ ਯੂਨੀਵਰਸਿਟੀ ਦਾਖਲਾ ਵੀ ਸੌਖਾ ਹੀ ਮਿਲ ਜਾਵੇਗਾ,ਬਲਕਿ ਕੁਲਵਿੰਦਰ ਦੱਸਦੀ ਸੀ ਕਿ ਥੋੜੀ ਬਹੁਤ ਸਕਾਲਰਸ਼ਿੱਪ ਮਿਲਣ ਦੀ ਵੀ ਸੰਭਾਵਨਾ ਹੈ।ਉਸ ਦੀਆਂ ਵੀ ਆਸਾਂ ਨੂੰ ਬੂਰ ਪੈਣ ਵਾਲਾ ਹੈ।ਜਿਸ ਬੂਟੇ ਨੂੰ ਉਸ ਨੇ ਹੱਥੀਂ ਛਾਵਾਂ ਕਰਕੇ ਪਾਲਿਆ ਹੈ ਉਹ ਹੁਣ ਛਾਂ ਦੇਣ ਵਾਲਾ ਹੈ।ਆਪਣੇ ਲਹੂ ਦੀ ਆਹੂਤੀ ਪਾ ਪਾ ਜੋ ਉਸ ਨੇ ਮਸ਼ਾਲ ਜਗਾਈ ਹੈ ਉਹ ਕਈਆਂ ਦੇ ਘਰ ਰੁਸ਼ਨਾਵੇਗੀ।ਇਸ ਨੂੰ ਬੁਝਾਉਣਾ ਕਿਸੇ ਲਈ ਐਨਾ ਅਸਾਨ ਨਹੀਂ ਹੋਵੇਗਾ'।
ਹਰਦਿਆਲ ਅੱਜ ਹੋਰ ਪਤਾ ਨਹੀਂ ਕੀ ਕੀ ਸੋਚੀਂ ਜਾ ਰਿਹਾ ਸੀ।
'ਜਿਸ ਪੁੱਤ ਦੇ ਚੰਗੇ ਭਵਿੱਖ ਲਈ ਮੈਂ ਧੱਕੇ ਖਾਂਦਾ ਰਿਹਾ,ਉਹ ਇਸੇ ਮਹਾਂ ਨਗਰੀ ਵਿੱਚ ਕਿਧਰੇ ਗੁਆਚ ਗਿਆ ਹੈ।ਉਸ ਨੂੰ ਤੇ ਉਸ ਦੀ ਘਰ ਵਾਲੀ ਨੂੰ ਮੇਰੇ ਨਾਲ ਰਹਿਣਾ ਚੰਗਾ ਨਹੀਂ ਸੀ ਲੱਗਦਾ।ਉਹ ਤਾਂ ਆਜ਼ਾਦੀ ਚਾਹੁੰਦੇ ਸਨ।ਜੇ ਚਾਹੁੰਦੀ ਤਾਂ ਕੁਲਵਿੰਦਰ ਵੀ ਤਾਂ ਆਜ਼ਾਦ ਹੋ ਸਕਦੀ ਸੀ।ਪਰ ਉਹ ਵਿਚਾਰੀ ਸਾਡਾ ਖਿਆਲ ਰੱਖਦੀ ਰਹੀ।ਪੁੱਤ ਨਾਲੋਂ ਤਾਂ ਧੀ ਹੀ ਚੰਗੀ ਨਿੱਕਲੀ।ਹਰਦਿਆਲ ਦੇ ਮਨ ਦੇ ਅੰਦਰ ਅਤੇ ਬਾਹਰ ਤੂਫਾਨ ਸ਼ੂਕ ਰਿਹਾ ਸੀ।
ਮੀਂਹ ਬਹੁਤ ਜੋਰ ਨਾਲ ਪੈਣ ਲੱਗਿਆ।ਤੇਜ ਹਵਾ ਨਾਲ ਦਰਖਤ ਝੂਲ ਰਹੇ ਸਨ।ਪੈਦਲ ਚੱਲਣ ਵਾਲੇ ਲੋਕਾਂ ਦੀਆਂ ਛਤਰੀਆਂ ਉਡਦੀਆਂ ਜਾ ਰਹੀਆਂ ਸਨ।ਰਮਨ ਤੂਫਾਨ ਨੂੰ ਚੀਰਦੀ ਬੱਸ ਜਾ ਚੜੀ ਸੀ।ਉਸੇ ਵਕਤ ਫੋਨ ਦੀ ਘੰਟੀ ਵੱਜੀ,ਸੋਚਾਂ ਦੀ ਲੜੀ ਵੀ ਟੁੱਟ ਗਈ।ਕੁਲਵਿੰਦਰ ਕੰਮ ਤੋਂ ਬੋਲ ਰਹੀ ਸੀ ਤੇ ਬਾਹਰ ਝੁੱਲਦੇ ਝੱਖੜ ਕਾਰਨ ਬੇਹੱਦ ਫਿਕਰਮੰਦ ਹੁੰਦੀ ਹੋਈ ਉਹ ਪੁੱਛ ਰਹੀ ਸੀ, "ਰਮਨ ਸਕੂਲ ਚਲੀ ਗਈ?ਛਤਰੀ ਤਾਂ ਲੈ ਗਈ ਸੀ ਕਿ ਨਹੀਂ?"
ਅੱਗੋਂ ਹਰਦਿਆਲ ਬੋਲਿਆ "ਝੱਲੀਏ ਹੁਣ ਮੇਰੀ ਦੋਹਤੀ ਦਾ ਮਾੜੇ ਮੋਟੇ ਤੂਫਾਨ ਕੁੱਝ ਨਹੀ ਵਿਗਾੜ ਸਕਦੇ।ਉਹਨੂੰ ਹੁਣ ਕਿਸੇ ਛਤਰੀ ਛੁਤਰੀ ਦੀ ਲੋੜ ਨਹੀਂ।ਐਹੋ ਜਿਹੇ ਮੌਸਮਾਂ ਨੂੰ ਉਹ ਕੀ ਸਿਆਣਦੀ ਆ"
ਫੇਰ ਹਰਦਿਆਲ ਨੂੰ ਲੱਗਿਆ ਜਿਵੇਂ ਉਸਦੇ ਬੁੱਢੇ ਅਤੇ ਬਿਮਾਰ ਸ਼ਰੀਰ ਵਿੱਚ ਤਾਕਤ ਭਰ ਰਹੀ ਹੋਵੇ।
ਉਹ ਮਨ ਹੀ ਮਨ ਮੁਸਕਰਾਇਆ ਅਤੇ ਮੌਸਮ ਦਾ ਆਨੰਦ ਮਾਨਣ ਲੱਗਿਆ।