ਅੱਧ ਅਸਮਾਨੀਂ ਆਇਆ ਤੂਫਾਨ (ਪਿਛਲ ਝਾਤ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਿਊਯਾਰਕ ਤੋਂ ਟਰਾਂਟੋ ਦਾ ਸਫ਼ਰ ਤਾਂ ਸਿਰਫ਼ ਇਕ ਘੰਟੇ ਦਾ ਹੀ ਸੀ।ਜਹਾਜ਼ ਨੇ ਉਡਾਨ ਭਰੀ ਤਾਂ ਮੇਰੀਆਂ ਨਜ਼ਰਾਂ ਟੀ ਵੀ ਸਕਰੀਨ ਤੇ ਚੱਲ ਰਹੇ ਨੈਵੀਗੇਸ਼ਨ ਤੇ ਜਾ ਟਿਕੀਆਂ।ਜਹਾਜ਼ ਦੀ ਸਥਿਤੀ ਨਾਲੋ ਨਾਲ ਦਿਖਾਈ ਦੇ ਰਹੀ ਸੀ।ਨਿਊਯਾਰਕ ਤੋਂ ਟਰਾਂਟੋ ਜਹਾਜ਼ ਨੇ ਬਿਲਕੁਲ ਨੱਕ ਦੀ ਸੇਧ ਵਿਚ ਜਾਣਾ ਸੀ।ਜਹਾਜ਼ ਸਥਿਰ ਹੋਇਆ ਤਾਂ ਉਡਨ ਪਰੀਆਂ ਨੇ ਦੁਪਹਿਰ ਦਾ ਖਾਣਾ ਵਰਤਾਉਣਾ ਸ਼ੁਰੂ ਕਰ ਦਿੱਤਾ।ਖਾਣਾ ਅਜੇ ਖ਼ਤਮ ਹੀ ਹੋਇਆ ਸੀ ਕਿ ਪੇਟੀ ਬੰਨ੍ਹਣ ਦਾ ਨਿਸ਼ਾਨ ਆ ਗਿਆ ਤੇ ਨਾਲ ਹੀ ਲੈਂਡਿੰਗ ਦੀ ਘੋਸ਼ਣਾ ਵੀ ਹੋ ਗਈ।ਮੇਰੀ ਨਜ਼ਰ ਬਾਹਰ ਗਈ ਤਾਂ ਮੌਸਮ ਖਰਾਬ ਨਜ਼ਰ ਆਇਆ।ਜਹਾਜ਼ ਦੀ ਗਤੀ ਘੱਟ ਹੋ ਗਈ ਸੀ ਪਰ ਬਾਹਰ ਬਰਫੀਲੀ ਹਵਾ ਦੀ ਗਤੀ ਵਧ ਗਈ ਸੀ।ਜਹਾਜ਼ ਨੂੰ ਬੱਦਲਾਂ ਨੇ ਘੇਰ ਲਿਆ।ਅੰਦਰ ਦੀਆਂ ਬੱਤੀਆਂ ਬੰਦ ਹੋ ਗਈਆਂ ਸਨ।ਨੈਵੀਗੇਟਰ ਤੇ ਜਹਾਜ਼ ਨੇ ਵਾਪਸੀ ਦਾ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ।ਇਕ ਦਮ ਸੰਨਾਟਾ ਛਾ ਗਿਆ।
 
      ਮੇਰੀ ਨਜ਼ਰ ਕਦੇ ਟੀ ਵੀ ਵੱਲ ਅਤੇ ਕਦੇ ਬਾਹਰ ਘੁੰਮ ਰਹੀ ਸੀ।ਅਜ ਤਾਂ ਮੈਂ ਕਨੇਡਾ ਪਹੁੰਚਣਾ ਸੀ।ਫਿਰ ਜਹਾਜ਼ ਵਾਪਸ ਕਿਉਂ ਹੋ ਗਿਆ? ਕੀ ਕੋਈ ਮੈਨੂੰ ਕੈਨੇਡਾ ਵੜਨ ਤੋਂ ਰੋਕ ਰਿਹਾ ਸੀ? ਕਿਸੇ ਨੂੰ ਕੀ ਲੋੜ ਸੀ ਮੈਨੂੰ ਰੋਕਣ ਦੀ? ਮੇਰੀ ਧੜਕਨ ਵਧ ਰਹੀ ਸੀ।ਮੇਰੀ ਸੋਚ ਪਿਛੇ ਵੱਲ ਖਿਸਕ ਰਹੀ ਸੀ।ਦਿਲ ਕਰਦਾ ਸੀ ਜਹਾਜ਼ ਵਿਚੋਂ ਬਾਹਰ ਨਿਕਲ ਜਾਵਾਂ।ਮੇਰੇ ਦਿਮਾਗ ਵਿਚ ਸੋਚਾਂ ਦਾ ਤੂਫਾਨ ਉਠ ਖੜ੍ਹਾ ਹੋਇਆ।ਇਸ ਤੂਫਾਨ ਅੱਗੇ ਬਾਹਰ ਦਾ ਤੂਫਾਨ ਹਲਕਾ ਜਾਪਣ ਲਗ ਪਿਆ।ਪਹਿਲਾਂ ਵੀ ਮੇਰੇ ਨਾਲ ਇਸੇ ਤਰ੍ਹਾਂ ਵਾਪਰਦਾ ਹੈ।ਕਦੇ ਚਾਹ ਪੀਂਦਿਆਂ, ਕਦੇ ਗੱਲਾਂ ਕਰਦਿਆਂ, ਨਹਾਉਂਦਿਆਂ ਅਤੇ ਕਦੇ ਰਾਤੀਂ ਸੁਪਨੇ ਵੇਖਦਿਆਂ।ਮੇਰੀਆਂ ਕਈ ਰਚਨਾਵਾਂ ਵੀ ਇਸੇ ਤਰ੍ਹਾਂ ਜਨਮ ਲੈਂਦੀਆਂ ਹਨ।ਰਾਤ ਨੂੰ ਸੁਪਨਾ ਆਉਂਦਾ ਹੈ। ਲਗਦਾ ਹੈ ਸੱਚੀਂ ਘਟਨਾ ਵਾਪਰ ਰਹੀ ਹੈ।ਮਨ ਉਡਣਾ ਲੋਚਦਾ ਹੈ। ਕਿਤੇ ਭੱਜ ਜਾਣ ਨੂੰ ਕਰਦਾ ਹੈ। ਧੜਕਨ ਕਾਬੂ ਵਿਚ ਨਹੀਂ ਰਹਿੰਦੀ, ਪਸੀਨਾ ਆਉਂਦਾ ਹੈ।ਜਦ ਜਾਗ ਖੁਲ੍ਹਦੀ ਹੈ ਤਾਂ ਰਾਤ ਦੇ ਦੋ ਜਾਂ ਤਿੰਨ ਦਾ ਸਮਾਂ ਹੁੰਦਾ ਹੈ।ਦੇਖੀ ਹੋਈ ਘਟਨਾ ਨੂੰ ਆਪਣੇ ਜੀਵਨ ਨਾਲ ਮਿਲਾ ਕੇ ਦੇਖਦਾ ਹਾਂ ਤਾਂ ਕੋਈ ਕਹਾਣੀ ਜਨਮ ਲੈਂਦੀ ਹੈ।
 
      ਮੇਰੀਆਂ ਨਜ਼ਰਾਂ ਟੀ ਵੀ ਸਕਰੀਨ ਤੇ ਜੰਮ ਗਈਆਂ। ਦਿਮਾਗ ਤੀਹ ਸਾਲ ਪਿਛੇ ਜਾ ਪੁਜਿਆ।ਗੱਲ 1979 ਦੀ ਹੈ ਜਦੋਂ ਮੈਂ ਐਮ.ਏ. ਵਿਚ ਪੜ੍ਹਦਾ ਸੀ।ਘਰ ਦੇ ਆਰਥਕ ਹਾਲਾਤ ਬਹੁਤ ਮਾੜੇ ਸਨ। ਕੰਮ ਉਦੋਂ ਵੀ ਹੌਜ਼ਰੀ ਦਾ ਸੀ ਪਰ ਬਾਈ ਜੀ (ਪਿਤਾ ਜੀ) ਕਰਜ਼ੇ ਦੀ ਜਕੜ ਵਿਚ ਆ ਗਏ ਸਨ ਜੋ ਦਿਨੋ ਦਿਨ ਵਧੀ ਜਾ ਰਿਹਾ ਸੀ। ਉਹ ਮੇਰੇ ਪੜ੍ਹਾਈ ਕਰਨ ਦੇ ਹੱਕ ਵਿਚ ਨਹੀਂ ਸਨ।ਪਰ ਮੇਰੀ ਖਾਹਸ਼ ਪ੍ਰੋਫੈਸਰ ਬਣਨ ਦੀ ਸੀ ਜਿਸ ਦੇ ਮੈਂ ਹੁਣ ਨੇੜੇ ਪਹੁੰਚ ਚੁਕਿਆ ਸੀ।ਦਸਵੀਂ ਤੋਂ ਬਾਅਦ ਮੈਂ ਇਸੇ ਤਰ੍ਹਾਂ ਪੜ੍ਹਾਈ ਕੀਤੀ।ਬਾਈ ਜੀ ਦੀ ਸ਼ਰਤ ਸੀ ਕਿ ਕਾਲਜ ਤੋਂ ਘਰ ਆ ਕੇ ਕੰਮ ਕਰਨਾ ਹੈ, ਜੇ ਫੇਲ੍ਹ ਹੋ ਗਿਆ ਤਾਂ ਪੜ੍ਹਾਈ ਬੰਦ।ਮੈਨੂੰ ਇਹ ਮਨਜ਼ੂਰ ਸੀ ਕਿਉਂਕਿ ਹੌਜ਼ਰੀ ਦਾ ਸੀਜ਼ਨ ਦਸੰਬਰ ਤੋਂ ਅਪ੍ਰੈਲ ਤਕ ਬੰਦ ਹੁੰਦਾ ਹੈ ਜਿਸ ਕਾਰਣ ਪੜ੍ਹਾਈ ਲਈ ਕਾਫੀ ਸਮਾਂ ਮਿਲ ਜਾਂਦਾ। ਆਖਰਕਾਰ ਆਰਥਿਕ ਹਾਲਤ ਐਨੀ ਪਤਲੀ ਹੋ ਗਈ ਕਿ ਬਾਈ ਜੀ ਨੇ ਜਾਇਦਾਦ ਵੇਚਣ ਦੀ ਠਾਣ ਲਈ। ਪਰ ਮੈਂ ਇਸ ਦੇ ਹੱਕ ਵਿਚ ਨਹੀਂ ਸੀ।ਆਖਰ ਫੈਸਲਾ ਹੋਇਆ ਕਿ ਅਸੀਂ ਦੋਵੇਂ ਹੀ ਜਿਹੜੇ ਪੰਜ ਛੇ ਮਹੀਨੇ ਕੰਮ ਬੰਦ ਰਹਿੰਦਾ ਹੈ ਕਿਤੇ ਬਾਹਰ ਕੰਮ ਕਰ ਕੇ ਘਰ ਦੀ ਹਾਲਤ ਸੁਧਾਰੀਏ।ਮੇਰਾ ਖਿਆਲ ਸੀ ਕਿ ਜੇ ਜ਼ਿਆਦਾ ਨਹੀਂ ਤਾਂ ਰਾਤ ਨੂੰ ਦੋ ਘੰਟੇ ਪੜ੍ਹ ਕੇ ਪਾਸ ਤਾਂ ਹੋ ਈ ਜਾਵਾਂਗਾ।ਆਖਰ ਮੈਂ ਇਕ ਮਿਲ ਵਿਚ ਕੰਮ ਤੇ ਜਾ ਲਗਿਆ।ਮੈਨੂੰ ਅਜ ਵੀ ਯਾਦ ਹੈ ਕਿ ਉਹ 25 ਦਸੰਬਰ ਦਾ ਦਿਨ ਸੀ ਕਿਉਂਕਿ ਉਸ ਦਿਨ ਮੇਰਾ ਜਨਮ ਦਿਨ ਵੀ ਸੀ।ਸਵੇਰ ਦੇ ਅੱਠ ਵਜੇ ਤੋਂ ਰਾਤ ਦੇ ਨੌਂ ਵਜੇ ਤਕ ਕੰਮ ਕਰਨ ਨਾਲ ਸਰੀਰ ਬਿਲਕੁਲ ਜਵਾਬ ਦੇ ਜਾਂਦਾ।ਜਿਸ ਕਰਕੇ ਪੜ੍ਹਾਈ ਮੁਸ਼ਕਲ ਹੋ ਗਈ।
 
      ਜਨਵਰੀ ਦੇ ਪਹਿਲੇ ਹਫ਼ਤੇ ਸਵੇਰੇ ਸੱਤ ਵਜੇ ਮੇਰੇ ਮਾਸੜ ਜੀ (ਭੈਣ ਦਾ ਸਹੁਰਾ) ਆਪਣੇ ਕਿਸੇ ਰਿਸ਼ਤੇਦਾਰ ਨਾਲ ਸਾਡੇ ਘਰ ਆਏ।ਉਹ ਸੱਜਣ ਕਨੇਡਾ ਤੋਂ ਆਏ ਸਨ।ਮਾਸੜ ਜੀ ਕਹਿ ਰਹੇ ਸਨ, ‘ਦੇਖ ਬੇਟਾ! ਅਸੀਂ ਕੋਈ ਧੱਕਾ ਤਾਂ ਕਰਨਾ ਨੀਂ, ਜੋ ਕੁਝ ਹੋਊ ਤੇਰੀ ਸਹਿਮਤੀ ਨਾਲ ਹੀ ਹੋਊ। ਮੈਨੂੰ ਪਤੈ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਪਰ ਫੇਰ ਵੀ ਕੁਛ ਪੱਲੇ ਨੀਂ ਪੈਂਦਾ।ਕਨੇਡਾ ਚਲਾ ਗਿਆ ਤਾਂ ਸਾਲ ਦੇ ਵਿਚ ਹੀ ਲਹਿਰਾਂ ਬਹਿਰਾਂ ਹੋ ਜਾਣਗੀਆਂ।ਇਹ ਆਪਣੀ ਰਿਸ਼ਤੇਦਾਰੀ ਵਿਚੋਂ ਹਨ।ਕਈ ਸਾਲਾਂ ਤੋਂ ਤੇਰੇ ਤੇ ਅੱਖ ਸੀ। ਤੂੰ ਸਾਰਾ ਕੁਛ ਸੋਚ ਵਿਚਾਰ ਕੇ ਜਵਾਬ ਦੇਵੀਂ। ਆਹ ਲੈ ਫੋਟੋ ਦੇਖ ਲਾ। ਮੈਂ ਤਿੰਨ ਚਾਰ ਦਿਨਾਂ ਨੂੰ ਫੇਰ ਆਉਣਾ ਏਥੇ ਉਦੋਂ ਦੱਸ ਦਿਉ’। ਮਾਸੜ ਜੀ ਨੇ ਇਕ ਫੋਟੋ ਦਿੰਦਿਆਂ ਬਿਨਾਂ ਕਿਸੇ ਭੂਮਿਕਾ ਦੇ ਸਪਸ਼ਟ ਗੱਲ ਕਹੀ।ਉਹ ਮੇਰੇ ਰਿਸ਼ਤੇ ਦੀ ਗੱਲ ਕਰ ਰਹੇ ਸਨ।ਜਦ ਉਹ ਚਲੇ ਗਏ ਤਾਂ ਬਾਈ ਜੀ ਦੀ ਵੀ ਇਹੋ ਇਛਾ ਸੀ ਕਿ ਮੈਂ ਹਾਂ ਹੀ ਆਖਾਂ।ਇਹੋ ਜਿਹੇ ਮੌਕੇ ਕਿਥੇ ਮਿਲਦੇ ਹਨ। ਮਾਸੜ ਜੀ ਦੀ ਗੱਲ ਵਿਚ ਪੂਰਾ ਦਮ ਸੀ।
 
      ਮੈਂ ਫੋਟੋ ਨੂੰ ਦੁਬਾਰਾ ਗਹੁ ਨਾਲ ਦੇਖਿਆ।ਕੁੜੀ ਬਹੁਤੀ ਸੁਹਣੀ ਤਾਂ ਨਹੀਂ ਪਰ ਮਾੜੀ ਵੀ ਨਹੀਂ ਸੀ।ਮੈਂ ਹਾਂ ਕਰ ਦਿੱਤੀ ਤੇ ਫੋਟੋ ਜੇਬ ਵਿਚ ਪਾ ਲਈ ਤਾਂ ਜੋ ਦੋਸਤਾਂ ਨੂੰ ਦਿਖਾ ਸਕਾਂ।ਉਦੋਂ ਮੇਰਾ ਪਹਿਲਾ ਨਾਵਲ ‘ਵਧਾਈਆਂ’ ਛਪਿਆ ਸੀ। ਛੋਟੀ ਉਮਰ ‘ਚ ਲਿਖਿਆ ਹੋਣ ਕਰ ਕੇ ਕਾਫੀ ਚਰਚਾ ਹੋਈ ਸੀ।ਉਦੋਂ ਚਿਠੀਆਂ ਲਿਖਣ ਦਾ ਰਿਵਾਜ਼ ਸੀ।ਰੋਜ਼ ਕਾਫੀ ਡਾਕ ਆਉਂਦੀ ਸੀ ਜਿਸ ਵਿਚ ਕੋਈ ਨਾ ਕੋਈ ਪ੍ਰੇਮ ਪੱਤਰ ਵੀ ਆ ਜਾਂਦਾ।ਮੈਂ ਸ਼ੁਰੂ ਤੋਂ ਸ਼ਰਮਾਕਲ ਤਾਂ ਸੀ ਹੀ ਨਾਲ ਆਦਰਸ਼ਵਾਦੀ ਵੀ ਸੀ। ਮੇਰੀ ਸੋਚ ਸੀ ਕਿ ਕਿਸੇ ਇਕ ਦਾ ਹੋਣਾ ਹੈ ਤੇ ਕਿਸੇ ਇਕ ਨੂੰ ਆਪਣਾ ਬਣਾਉਣਾ ਹੈ।ਇਸ ਆਦਰਸ਼ ਨੂੰ ਮੈਂ ਅਜ ਤਕ ਨਿਭਾ ਰਿਹਾ ਹਾਂ।ਸੋ ਕਦੇ ਕਿਸੇ ਨੂੰ ਵਾਪਸੀ ਪੱਤਰ ਨਹੀਂ ਸੀ ਲਿਖਿਆ ਸਿਵਾਏ ਧੰਨਵਾਦ ਦੇ ਸ਼ਬਦਾਂ ਦੇ।ਦੋ ਤਿੰਨ ਕੁੜੀਆਂ ਤਾਂ ਅਜਿਹੀਆਂ ਨਿਡਰ ਸਨ ਜੋ ਮੇਰੇ ਘਰ ਤਕ ਵੀ ਆ ਗਈਆਂ।ਦਿਨੋਂ ਦਿਨ ਅਜਿਹੇ ਪੱਤਰ ਵਧ ਰਹੇ ਸਨ ਪਰ ਮੈਂ ਤਾਂ ਕਿਸੇ ਦੀ ਫੋਟੋ ਜੇਬ ਵਿਚ ਪਾ ਲਈ ਸੀ।ਮੈਂ ਜਦੋਂ ਵੀ ਫੋਟੋ ਦੇਖਦਾ ਤਾਂ ਉਹ ਮੈਨੂੰ ਪਹਿਲਾਂ ਨਾਲੋਂ ਹੁਸੀਨ ਜਾਪਦੀ।ਹਰ ਸਵੇਰ ਮੇਰੇ ਦਿਲ ਦੇ ਹੋਰ ਨੇੜੇ ਹੁੰਦੀ। ਉਧਰੋਂ ਵੀ ਸੁਨੇਹਾ ਮਿਲ ਗਿਆ ਕਿ ਕੁੜੀ ਮਾਰਚ ਦੇ ਅਖੀਰ ਵਿਚ ਆ ਰਹੀ ਹੈ, ਉਦੋਂ ਸਾਦਾ ਜਿਹਾ ਵਿਆਹ ਹੋ ਜਾਵੇਗਾ।ਪਹਿਲਾਂ ਮੇਰਾ ਕਦੇ ਵੀ ਬਾਹਰ ਜਾਣ ਦਾ ਰੁਝਾਨ ਨਹੀਂ ਸੀ ਰਿਹਾ ਪਰ ਹੁਣ ਕਨੇਡਾ ਬਾਰੇ ਜ਼ਿਆਦਾ ਸੋਚਦਾ।ਕਾਲਜ ਜਾਣਾ ਤਾਂ ਛਡਿਆ ਹੀ ਹੋਇਆ ਸੀ। ਪ੍ਰੋਫੈਸਰਾਂ ਨਾਲ ਸਨੇਹ ਸੀ ਜਿਸ ਕਾਰਣ ਹਾਜ਼ਰੀ ਦੀ ਸਮੱਸਿਆ ਨਹੀਂ ਸੀ।ਪਰ ਹੁਣ ਪੇਪਰਾਂ ਵੱਲੋਂ ਵੀ ਬੇਧਿਆਨੀ ਹੋ ਗਈ।ਜਦ ਚਾਰ ਮਹੀਨਿਆਂ ਨੂੰ ਕਨੇਡਾ ਹੀ ਜਾਣਾ ਹੈ ਤਾਂ ਪੇਪਰ ਦੇ ਕੇ ਕੀ ਕਰਨੇ ਐਂ।ਦਿਨ ਛਾਲਾਂ ਮਾਰਦੇ ਜਾ ਰਹੇ ਸਨ।ਮਾਰਚ ਚੜ੍ਹ ਚੁਕਿਆ ਸੀ। ਹਰ ਰੋਜ਼ ਕਿਸੇ ਸੁਨੇਹੇ ਦੀ ਉਡੀਕ ਰਹਿੰਦੀ। ਦੋ ਹਫਤੇ ਬੀਤ ਗਏ ਪਰ ਕੋਈ ਸੁਨੇਹਾ ਨਾ ਆਇਆ। ਨਾ ਹੀ ਪਤਾ ਲੱਗ ਰਿਹਾ ਸੀ ਕਿ ਉਹ ਕਿਹੜੇ ਦਿਨ ਆ ਰਹੇ ਹਨ।ਕੋਈ ਟੈਲੀਫੋਨ ਵੀ ਨਹੀਂ ਸੀ ਹੁੰਦਾ ਉਦੋਂ।ਮਾਰਚ ਦੇ ਤਿੰਨ ਹਫਤੇ ਲੰਘ ਗਏ।
 
      ਬਾਈ ਜੀ ਦਾ ਸਬਰ ਜਵਾਬ ਦੇ ਗਿਆ ਤਾਂ ਉਹ ਆਪ ਪਤਾ ਕਰਨ ਗਏ।ਵਾਪਸ ਆਏ ਤਾਂ ਉਨ੍ਹਾਂ ਦਾ ਮੂੰਹ ਲਟਕਿਆ ਹੋਇਆ ਸੀ।ਕੁੜੀ ਤਾਂ ਵਿਆਹੀ ਵੀ ਗਈ।ਇਹ ਕਿਵੇਂ ਹੋ ਗਿਆ? ਇਥੇ ਤਾਂ ਉਹ ਸਖਸ਼ ਕਹਿ ਰਿਹਾ ਸੀ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਮੈਨੂੰ ਚਾਹੁੰਦਾ ਹੈ। ਬਾਈ ਜੀ ਦੱਸ ਰਹੇ ਸਨ ਕਿ ਉਹ ਬਹੁਤ ਸ਼ਰਮਿੰਦਾ ਹਨ ਇਸੇ ਲਈ ਕੋਈ ਗੱਲ ਕਰਨ ਵੀ ਨਹੀਂ ਆਇਆ। ਉਨ੍ਹਾਂ ਦੇ ਵਡੇ ਜਵਾਈ ਨੇ ਪੰਗਾ ਖੜ੍ਹਾ ਕਰ ਦਿੱਤਾ ਕਿ ਜੇ ਇਸਦਾ ਵਿਆਹ ਮੇਰੇ ਛੋਟੇ ਭਰਾ ਨਾਲ ਨਾ ਕੀਤਾ ਤਾਂ ਮੈਂ ਵਿਆਹ ਵਾਲੇ ਦਿਨ ਕੁਛ ਖਾ ਕੇ ਮਰ ਜਾਊਂ।
 
      ਮਨ ਬੜਾ ਭਾਰਾ ਹੋ ਰਿਹਾ ਸੀ। ਸਾਰੇ ਸੁਪਨੇ ਚਕਨਾਚੂਰ ਹੋ ਗਏ।ਦੋਸਤ ਕੀ ਕਹਿਣਗੇ? ਦਿਲ ਕਰਦਾ ਸੀ ਕਿ ਉਸਦੀ ਫੋਟੋ ਪਾੜ ਦੇਵਾਂ।ਪਰ ਮੈਂ ਆਪਣੇ ਦਿਮਾਗ ਨੂੰ ਹਮੇਸ਼ਾ ਹੀ ਦਿਲ ਤੋਂ ਉਪਰ ਰਖਣ ਦੀ ਕੋਸ਼ਿਸ਼ ਕੀਤੀ ਹੈ।ਇਸ ਵਿਚ ਉਸਦਾ ਤਾਂ ਕੋਈ ਦੋਸ਼ ਨਹੀਂ ਸੀ।ਇਸ ਤਰ੍ਹਾਂ ਦੀਆਂ ਗੱਲਾਂ ਤਾਂ ਆਮ ਹੀ ਵਾਪਰਦੀਆਂ ਹਨ।ਮੈਂ ਫੋਟੋ ਨੂੰ ਪਾੜਿਆ ਨਹੀਂ ਸਗੋਂ ਸੰਭਾਲ ਕੇ ਇਕ ਪਾਸੇ ਰਖ ਦਿੱਤੀ।ਤੇ ਬੱਸ---- ਫਿਰ ਮੈਂ ਕਦੇ ਉਸ ਬਾਰੇ ਨਹੀਂ ਸੋਚਿਆ।ਕਦੇ ਉਸਦੀ ਫੋਟੋ ਨਹੀਂ ਦੇਖੀ। ਮੇਰਾ ਉਸ ਨਾਲ ਸੰਬੰਧ ਵੀ ਕੀ ਸੀ? ਕਦੇ ਉਸਨੂੰ ਦੇਖਿਆ ਵੀ ਨਹੀਂ ਤੇ ਨਾ ਹੀ ਦੋ ਬੋਲ ਸਾਂਝੇ ਕੀਤੇ। ਭਾਵੇਂ ਇਹ ਸੰਬੰਧ ਬਣਨ ਤੋਂ ਪਹਿਲਾਂ ਹੀ ਖਤਮ ਹੋ ਗਿਆ ਸੀ ਪਰ ਸ਼ਾਇਦ ਮਨ ਦੇ ਕਿਸੇ ਕੋਨੇ ਵਿਚ ਇਸਦੀ ਕੰਕਰ ਬਾਕੀ ਰਹਿ ਗਈ ਹੋਵੇ।ਜ਼ਿੰਦਗੀ ਵਿਚ ਬਹੁਤ ਸਾਰੀਆ ਘਟਨਾਵਾਂ ਵਾਪਰਦੀਆਂ ਹਨ। ਕਈ ਦੋਸਤ ਬਣਦੇ ਹਨ ਕਈ ਵਿਛੜਦੇ ਹਨ।ਸਾਹਿਰ ਲੁਧਿਆਣਵੀ ਦੇ ਲਿਖੇ ਗੀਤ ਵਾਲੀ ਭਾਵਨਾ ਨੂੰ ਹੀ ਅਪਣਾਇਆ ਹੈ ਕਿ-
 
ਵੋ ਅਫ਼ਸਾਨਾ ਜਿਸੇ ਅੰਜਾਮ ਤਕ ਲਾਨਾ ਨਾ ਹੋ ਮੁਮਕਿਨ
 
ਉਸੇ ਇਕ ਖੂਬਸੂਰਤ ਮੋੜ ਦੇ ਕਰ ਛੋੜਨਾ ਅਛਾ।
 
ਕਦੇ ਵੀ ਇਹ ਸੋਚ ਭਾਰੂ ਨਹੀਂ ਸੀ ਹੋਈ ਕਿ ਮੈਂ ਹੁਣ ਕਨੇਡਾ ਜਾ ਕੇ ਹੀ ਦਿਖਾਵਾਂਗਾ।ਕੁਝ ਚਿਰ ਮਗਰੋਂ ਮੇਰਾ ਵਿਆਹ ਹੋ ਗਿਆ।ਸੁਘੜ ਸਿਆਣੀ ਪਤਨੀ ਮਿਲੀ।ਜਿਸ ਦਿਨ ਸਾਡੀ ਪਹਿਲੀ ਬੇਟੀ ਨੇ ਜਨਮ ਲਿਆ ਉਸੇ ਦਿਨ ਸਾਨੂੰ ਕਾਫੀ ਵਡਾ ਆਰਡਰ ਮਿਲਿਆ।ਅਡਵਾਂਸ ਚੰਗੀ ਰਕਮ ਮਿਲ ਗਈ।ਬਾਈ ਜੀ ਖੁਸ਼ ਹੋ ਕੇ ਕਹਿ ਰਹੇ ਸਨ, ਸਾਡੇ ਘਰ ਧੀ ਨਹੀਂ ਰੋਜ਼ੀ ਆਈ ਹੈ।ਉਸਦਾ ਨਾਂ ਹੀ ਰੋਜ਼ੀ ਪੱਕ ਗਿਆ ਜਿਸ ਨੂੰ ਮਿਲਣ ਅਸੀਂ ਅਜ ਜਾ ਰਹੇ ਸੀ।ਉਸ ਤੋਂ ਮਗਰੋਂ ਅਜਿਹੇ ਦਿਨ ਫਿਰੇ ਕਿ ਪੈਸੇ ਦੀ ਕੋਈ ਕਮੀ ਨਾ ਰਹੀ।ਜੇ ਮੈਂ ਚਾਹੁੰਦਾ ਤਾਂ ਬਹੁਤ ਪਹਿਲਾਂ ਕਨੇਡਾ ਘੁੰਮ ਸਕਦਾ ਸਾਂ।ਪਰ ਕਦੇ ਕੋਸ਼ਿਸ਼ ਹੀ ਨਹੀਂ ਕੀਤੀ।ਮਨ ਤਕਰੀਬਨ ਸ਼ਾਂਤ ਹੀ ਰਹਿੰਦਾ ਹੈ।ਪਰ ਜਦੋਂ ਵੀ ਕਦੇ ਗੁਲਜ਼ਾਰ ਦਾ ਲਿਖਿਆ ਗੀਤ ਸੁਣਦਾ ਹਾਂ ਤਾਂ ਮੇਰਾ ਚੈਨ ਗੁਆਚ ਜਾਂਦਾ ਹੈ।ਇਸਦੀ ਵਜ੍ਹਾ ਪਤਾ ਨਹੀਂ ਕੀ ਹੈ ਕਿ-
 
ਕੋਈ ਵਾਦਾ ਨਹੀਂ ਕੀਆ ਲੇਕਿਨ ਕਿਉਂ ਤੇਰਾ ਇੰਤਜ਼ਾਰ ਰਹਿਤਾ ਹੈ
 
 ਬੇਵਜਹਾ ਜਬ ਕਰਾਰ ਮਿਲ ਜਾਏ ਦਿਲ ਬੜਾ ਬੇਕਰਾਰ ਰਹਿਤਾ ਹੈ।
 
      ਅਚਾਨਕ ਮੇਰੇ ਸਰੀਰ ਵਿਚ ਹਰਕਤ ਹੁੰਦੀ ਹੈ। ਟੀ ਵੀ ਸਕਰੀਨ ਦਰਸਾ ਰਹੀ ਹੈ ਕਿ ਜਹਾਜ਼ ਇਕ ਗੋਲ ਦਾਇਰਾ ਬਣਾ ਕੇ ਆਪਣੀ ਮੰਜ਼ਿਲ ਤੇ ਪਹੁੰਚ ਚੁਕਿਆ ਹੈ।ਬਾਹਰ ਮੌਸਮ ਸਾਫ ਦਿਸ ਰਿਹਾ ਹੈ।ਜਹਾਜ਼ ਦੇ ਉਤਰਨ ਦੀ ਘੋਸ਼ਣਾ ਹੋ ਗਈ। ਖਰਾਬ ਮੌਸਮ ਕਾਰਣ ਹੋਈ ਅੱਧਾ ਘੰਟਾ ਦੇਰੀ ਦੀ ਮੁਆਫੀ ਮੰਗੀ ਜਾ ਰਹੀ ਹੈ।ਮੈਂ ਆਸ ਪਾਸ ਦੇਖਦਾ ਹਾਂ ਤਾਂ ਮੇਰੀ ਪਤਨੀ ਮੇਰੇ ਅੰਦਰਲੇ ਤੂਫਾਨ ਤੋਂ ਬੇਖਬਰ ਬਾਹਰਲੇ ਤੂਫਾਨ ਤੋਂ ਡਰੀ ਚੁੱਪ ਬੈਠੀ ਹੈ।ਜਹਾਜ਼ ਨੇ ਧਰਤੀ ਨੂੰ ਛੂਹ ਲਿਆ। ਲੋਕਾਂ ਨੇ ਤਾੜੀਆਂ ਮਾਰੀਆਂ। ਮੇਰੀ ਪਤਨੀ ਬਾਹਰ ਜਾਣ ਲਈ ਕਾਹਲੀ ਹੈ ਪਰ ਮੈਂ ਅਜੇ ਵੀ ਸੀਟ ਤੇ ਬੈਠਾ ਹਾਂ।