ਲੜੀ ਜੋੜਨ ਲਈ ਪਿਛਲਾ ਅੰਕ ਦੇਖੋ
ਮੇਹਰ ਸਿੰਘ ਦੀ ਵਾਰਤਾ
ਇੰਦਰ ਸਿੰਘ ਦੇ ਬਿਨਾਂ ਕਿਸੇ ਨੂੰ ਦੱਸਿਆਂ ਪਿੰਡ ਛੱਡ ਜਾਣ ਕਾਰਨ ਸਰਕਾਰ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਤਾਂ ਘਰਦਿਆਂ ਉਪਰ ਪੁਲੀਸ ਦੀਆਂ ਵਧੀਕੀਆਂ ਬਹੁਤ ਵਧ ਗਈਆਂ | ਪੁਲੀਸ ਦੀ ਧੱਕੇ ਸੰਾਹੀ ਤੋਂ ਦੁਖੀ ਹੋ ਕੇ ਇੰਦਰ ਸਿੰਘ ਦਾ ਭਰਾ ਮਿੰਦ੍ਹਰ ਸਿੰਘ ਅੱਡ ਹੋ ਗਿਆ | ਹੁਣ ਇੰਦਰ ਸਿੰਘ ਦੇ ਘਰ ਵਾਲੀ ਹਰ ਕੌਰ ਨੂੰ ਹੋਰ ਵੀ ਔਖਿਆਈ ਦੇ ਦਿਨਾਂ ਦਾ ਸਾਮ੍ਹਣਾ ਕਰਨਾ ਪਿਆ | ਉਹ ਇਕੱਲੀ ਨਾ ਹੀ ਖੇਤੀ ਦਾ ਕੰਮ ਸੰਭਾਲ ਸਕਦੀ ਸੀ ਅਤੇ ਨਾ ਹੀ ਪੁਲੀਸ ਦੀਆਂ ਵਧੀਕੀਆਂ ਦਾ ਹੀ ਮੁਕਾਬਲਾ ਕਰ ਸਕਦੀ ਸੀ | Aੁਸ ਨੇ ਦੁਖੀ ਹੋ ਕੇ ਪਿੰਡ ਹੀ ਛੱਡ ਦਿੱਤਾ | ਆਪਣੇ ਨਿੱਕੇ ਜਿਹੇ ਬਾਲ ਨੂੰ ਕੁੱਛੜ ਚੁੱਕੀ ਕਦੀ ਉਹ ਪੇਕਿਆਂ ਦੇ ਘਰ ਚਲੀ ਜਾਂਦੀ ਤੇ ਕਦੀ ਆਪਣੀ ਨਣਦ ਵੀਰੋ ਦੇ ਘਰ ਜਾ ਸਹਾਰਾ ਭਾਲਦੀ | ਉਸ ਦੇ ਮਨ ਦਾ ਚੈਨ ਗਵਾਚ ਗਿਆ ਸੀ | ਇਕ ਦਿਨ ਦੁਖੀ ਹੋਈ ਉਹ ਆਪਣੀ ਨਣਦ ਨੂੰ ਕਹਿਣ ਲੱਗੀ, "ਅਸੀਂ ਏਥੇ, ਔਖੇ ਸੌਖੇ, ਸੁਹਣੇ ਦਿਨ ਕੱਢੀ ਜਾਂਦੇ ਸੀ | ਉਹ ਉੱਥੋਂ ਆ ਕੇ ਸਾਡੇ ਦੁੱਖਾਂ ਵਿਚ ਹੋਰ ਵਾਧਾ ਕਰ ਗਿਐ | ਜੇ ਓਸ ਨੇ ਏਥੇ ਆ ਕੇ ਸਾਨੂੰ ਏਸ ਤਰਾਂ ਦੁਖੀ ਕਰਨਾ ਸੀ ਤਾਂ ਏਸ ਨਾਲੋਂ ਨਾ ਹੀ ਆਉਂਦਾ | ਇਕ ਆਹ ਛਿੰਗ ਜੇਹੀ ਮੇਰੀ ਝੋਲ਼ੀ ਪਾ ਗਿਐ, ਹੁਣ ਮੈਂ ਏਸ ਨੂੰ ਲੈ ਕੇ ਕਿੱਥੇ ਕਿੱਥੇ ਲੁਕਦੀ ਫਿਰਾਂ?"
"ਨਾ ਭਾਬੀ ਹਰ ਕੁਰੇ, ਇਉਂ ਨਾ ਆਖ, ਹੌਸਲਾ ਰੱਖ, ਪਰੀਤੂ ਦੀ ਥਾਂ ਇਹ 'ਬਲੂੰਗੜਾ ਜਿਹਾ' ਤੇਰੀ ਝੋਲ਼ੀ ਪੈ ਗਿਐ | ਕਿੰਨਾ ਪਿਆਰਾ ਬਾਲ ਦਿੱਤਾ ਐ ਤੈਨੂੰ ਵਾਹਗੁਰੂ ਨੇ | ਉਸੇ ਦੀ ਮੇਹਰ ਸਦਕਾ ਹੀ ਏਸ ਦਾ ਨਾਂ ਮੇਹਰ ਸਿਉਂ ਰੱਖਿਐ | ਤੂੰ ਏਸ ਦਾ ਧਿਆਨ ਰੱਖਿਆ ਕਰ | ਤੂੰ ਸੁਣਿਆ ਈ ਹੋਣੈ, ਵੀਰ ਦੇ ਨਾਲ ਦਿਆਂ 'ਚੋਂ ਬਹੁਤਿਆਂ ਨੂੰ ਫਾਂਸੀਆਂ ਤੇ ਚੜ੍ਹਾ ਦਿੱਤਾ ਤੇ ਕਈਆਂ ਨੂੰ ਕਾਲ਼ੇ ਪਾਣੀਆਂ ਦੀ ਸਜਾ ਦੇ ਕੇ ਉਹਨਾਂ ਦੀਆਂ ਜ਼ਮੀਨਾਂ ਕੁਰਕ ਕਰ ਲਈਆਂ | ਆਪਾਂ ਤਾਂ ਫੇਰ ਚੰਗੇ ਆਂ | ਉਹ ਪੁਲਿਸ ਤੋਂ ਡਰਦਾ ਈ ਲੁਕਿਆ ਫਿਰਦੈ, ਮੇਰੇ ਵੀਰ ਨੇ ਕਿਸੇ ਦਿਨ ਆਪੇ ਘਰ ਮੁੜ ਆਉਣੈ |" ਵੀਰੋ ਨੇ ਉਸ ਦਾ ਹੋਸਲਾ ਬੰਨ੍ਹਾਇਆ |
"ਹੁਣ ਓਸ ਨੇ ਕਾਹਦਾ ਮੁੜਨੈ ਬੀਬੀ, ਮੈਂ ਓਸ ਕੋਲ਼ੋਂ ਪੁਛਦੀ ਰਹਿ ਗਈ,'ਬੰਦਿਆ! ਦੱਸ ਤਾਂ ਸਹੀ ਕਿ ਤੇਰੇ ਦਿਲ ਵਿਚ ਕਿਹੜੀ ਘੁੰਡੀ ਬਝੀ ਪਈ ਐ' ਪਰ ਉਹ ਤਾਂ ਇਕੋ ਚੁੱਪ ਵੱਟ ਕੇ ਪਿਆ ਰਹਿੰਦਾ ਸੀ | ਮੈਂ ਤਾਂ ਸਮਝਦੀ ਰਹੀ ਕਿ ਉਸ ਨੂੰ ਪਰੀਤੂ ਦੀ ਮੌਤ ਦਾ ਬਹੁਤਾ ਦੁੱਖ ਖਾਈ ਜਾਂਦੈ ਪਰ ਜਦੋਂ ਇਹ ਬਚੂੰਗੜਾ ਜਿਹਾ ਮੇਰੇ ਢਿੱਡ ਵਿਚ ਆ ਗਿਆ ਤੇ ਮੈਂ ਉਸ ਨੂੰ ਇਹ ਖੁਸ਼ੀ ਦੀ ਖ਼ਬਰ ਸੁਣਾਈ, ਤਾਂ ਵੀ ਉਸ ਨੇ ਆਪਣੀ ਚੁੱਪ ਨੂੰ ਨਾ ਤੋੜਿਆ"| ਹਰ ਕੌਰ ਨੇ ਹਉਕੇ ਭਰਦਿਆਂ ਕਿਹਾ |
"ਮਿਹਰੂ ਦੇ ਜਨਮ ਦਾ ਤਾਂ ਉਸ ਨੂੰ ਕਿਸੇ ਕੋਲ਼ੋਂ ਪਤਾ ਲੱਗ ਈ ਗਿਆ ਹੋਣੈ, ਕਿਸੇ ਦਿਨ ਏਸ ਨੂੰ ਦੇਖਣ ਜਰੂਰ ਆਊ, ਫੇਰ ਸਾਰੇ ਰਲ਼ ਕੇ ਉਹਦੀ ਮਿੰਨਤ ਸਮਾਜਤ ਕਰਾਂਗੇ ਕਿ ਉਹ ਠਾਣੇ ਜਾ ਕੇ ਪੇਸੰ ਹੋ ਜਾਵੇ, ਉਹਨੇ ਕਿਹੜਾ ਕੋਈ ਗੁਨਾਹ ਕੀਤੈ |"
ਪਰ ਢਾਈ ਤਿੰਨ ਸਾਲ ਲੰਘ ਜਾਣ ਮਗਰੋਂ ਵੀ ਨਾ ਉਹ ਆਪਣੇ ਪਿੰਡ ਆਇਆ ਤੇ ਨਾ ਹੀ ਕਿਸੇ ਹੋਰ ਸਾਕ ਸਕੀਰੀ ਵਿਚ ਗਿਆ | ਹੁਣ ਪੁਲੀਸ ਵੀ ਪਿੰਡ ਵਿਚ ਪੁੱਛ ਪੜਤਾਲ ਕਰਨ ਆਉਣੋ ਹਟ ਗਈ ਸੀ | ਵਿਸਾਖੀ ਤੋਂ ਕੁਝ ਦਿਨਾਂ ਬਾਅਦ ਜਦੋਂ ਕਣਕਾਂ ਦੀ ਵਾਢੀ ਮੁੱਕ ਗਈ ਸੀ ਤੇ ਲਾਣ ਦੀ ਢੋਆ ਢੁਆਈ ਸੁੰਰੂ ਹੋ ਗਈ ਸੀ ਤਾਂ ਇੰਦਰ ਸਿੰਘ ਦਾ ਕੋਈ ਸਾਥੀ ਬੇਲੀ ਮਿੰਦ੍ਹਰ ਸਿੰਘ ਕੋਲ਼ ਆਇਆ ਅਤੇ ਇੰਦਰ ਸਿੰਘ ਦੇ ਜੱਲ੍ਹਿਆਂ ਵਾਲੇ ਬਾਗ ਵਿਚ ਸੰਹੀਦ ਹੋ ਜਾਣ ਦਾ ਸੁਨੇਹਾ ਦੇ ਗਿਆ |
ਹਾੜ੍ਹੀ ਦਾ ਕੰਮ ਸਮੇਟਣ ਮਗਰੋਂ ਸਾਰੇ ਸਾਕ ਸਬੰਧੀਆਂ ਦੇ ਕਹਿਣ 'ਤੇ ਮਿੰਦ੍ਹਰ ਸਿੰਘ ਹਰ ਕੌਰ ਨੂੰ ਸਾਧਾਂ ਵਾਲੇ ਲੈ ਆਇਆ | ਰਿਸ਼ਤੇਦਾਰਾਂ ਨੇ, ਉਸ ਦੇ ਨਾ ਚਾਹੁੰਦਿਆਂ ਹੋਇਆ ਵੀ, ਹਰ ਕੌਰ ਉਪਰ ਚਾਦਰ ਪੁਆ ਦਿਤੀ |
*******
ਮੰਗਲ ਸਿੰਘ ਸੰਨ 1922 ਵਿਚ ਪਹਿਲੀ ਵਾਰ ਪੰਜਾਬ ਵਿਚ ਆਇਆ ਤਾਂ ਉਹ ਉਮਰ ਦੇ ਚੌਥੇ ਦਹਾਕੇ ਵਿਚ ਪਰਵੇਸੰ ਕਰ ਗਿਆ ਸੀ ਪਰ ਉਸ ਦੀ ਦਿੱਖ ਅਜੇ ਵੀ ਤੀਹ ਬੱਤੀ ਸਾਲ ਦੇ ਜਵਾਨਾਂ ਵਾਲੀ ਸੀ | ਮੰਗਲ ਸਿੰਘ ਦੇ ਘਰ ਵਾਲੀ ਵੀਰੋ ਤੇ ਹੋਰ ਸਾਰੇ ਪਰਵਾਰ ਨੂੰ ਉਸ ਦੇ ਆਉਣ ਦੀ ਬਹੁਤ ਖੁਸੰੀ ਹੋਈ | ਕਈ ਦਿਨ ਤਾਂ ਉਸ ਨੂੰ ਘਰੋਂ ਬਾਹਰ ਵੀ ਨਾ ਜਾਣ ਦਿੱਤਾ , ਸਾਰਾ ਪਰਵਾਰ ਉਸ ਦੀ ਆਗਿਆ ਭਾਗਿਆ ਵਿਚ ਹੀ ਲੱਗਿਆ ਰਿਹਾ | ਵੀਰੋ ਦੇ ਮਨ ਦੇ ਕਿਸੇ ਕੋਨੇ ਵਿਚ ਇਹ ਡਰ ਵੀ ਸੀ ਕਿ ਕਿਤੇ ਉਸ ਦੇ ਭਰਾ ਇੰਦਰ ਸਿੰਘ ਵਾਂਗ ਪੁਲਿਸ ਇਸ ਦੇ ਵੀ ਮਗਰ ਨਾ ਲੱਗ ਜਾਵੇ | ਪਰ ਪੁਲੀਸ ਨੂੰ ਤਾਂ ਬਾਹਰੋਂ ਆਉਣ ਵਾਲਿਆਂ ਨਾਲੋਂ ਦੇਸੰ ਦੇ ਅੰਦਰ ਚਲ ਰਹੇ ਨਾ-ਮਿਲਵਰਤਨ ਅੰਦੋਲਣ ਨਾਲ ਨਜਿਠਨ ਦਾ ਬਹੁਤਾ ਫਿਕਰ ਸੀ | ਵੀਰੋ ਦੇ ਮਨ ਦਾ ਇਹ ਧੁੜਕੂ ਕੁਝ ਦਿਨਾਂ ਮਗਰੋਂ ਘਟ ਹੋਇਆ ਤਾਂ ਉਹ ਮੰਗਲ ਸਿੰਘ ਨੂੰ ਨਾਲ ਲੈ ਕੇ ਆਪਣੇ ਪੇਕੀਂ, ਸਾਧਾਂ ਵਾਲੇ ਮਿਲਣ ਆ ਗਈ |
ਇੰਦਰ ਸਿੰਘ ਦਾ ਅਫਸੋਸ ਕਰਨ ਮਗਰੋਂ ਮੰਗਲ ਸਿੰਘ ਨੇ ਹਰ ਕੌਰ ਨੂੰ ਕਿਹਾ, "ਮੇਹਰ ਸਿਉਂ ਸੁੱਖ ਨਾਲ ਹੁਣ ਛੇ ਸਾਲ ਦਾ ਹੋ ਗਿਆ ਐ, ਏਸ ਨੂੰ ਪੜ੍ਹਨ ਘੱਲਿਆ ਕਰੋ | ਮੈਂ ਇੰਦਰ ਸਿੰਘ ਨਾਲ ਪਰੀਤੂ ਨੂੰ ਕਨੇਡਾ ਲੈ ਜਾਣ ਦਾ 'ਕਰਾਰ ਕੀਤਾ ਸੀ ਪਰ ਪਰੀਤੂ ਨੂੰ ਤਾਂ ਰੱਬ ਨੇ ਆਪਣੇ ਕੋਲੋਂ ਖੋਹ ਲਿਆ, ਹੁਣ ਮੈਂ ਮੇਹਰ ਸਿਉਂ ਨੂੰ ਲੈ ਜਾਣ ਦਾ ਜਰੂਰ ਕੋਈ ਬੰਦੋਬਸਤ ਕਰੂੰਗਾ, ਏਸ ਕਰਕੇ ਇਹਨੂੰ ਆਪਾਂ ਜਰੂਰ ਬਰ ਜਰੂਰ ਪੜ੍ਹਾਉਣਾ ਐ |"
"ਉਸ ਨਿਕਰਮੇ ਦੇ ਕਰਮਾਂ ਵਿਚ ਤਾਂ ਦੋਹਾਂ ਮੁੰਡਿਆਂ ਦਾ ਮੂੰਹ ਦੇਖਣਾ ਵੀ ਨਸੀਬ ਨਾ ਹੋਇਆ | ਮੇਰੇ ਵੀਰ ਦੇ ਬਾਹਰ ਜਾਣ ਮਗਰੋਂ ਪਰੀਤੂ ਪੈਦਾ ਹੋਇਆ ਸੀ ਤੇ ਜਦੋਂ ਉਹ ਮੁੜ ਕੇ ਆਇਆ ਤਾਂ ਪਰੀਤੂ ਰੱਬ ਨੂੰ ਪਿਆਰਾ ਹੋ ਗਿਆ ਤੇ ਜਦੋਂ ਮੇਹਰ ਸਿਉਂ ਜੰਮਿਆ ਤਾਂ ਮੇਰਾ ਵੀਰ---|" ਗੱਲ ਨੂੰ ਪੂਰੀ ਕੀਤੇ ਬਿਨਾਂ ਹੀ ਵੀਰੋ ਹੁਭਕੀਂ ਹੁਭਕੀਂ ਰੋਣ ਲੱਗੀ |
ਮਾਹੌਲ ਫਿਰ ਸੋਗੀ ਹੋ ਗਿਆ ਸੀ ਪਰ ਥੋੜੀ ਦੇਰ ਦੀ ਚੁੱਪੀ ਮਗਰੋਂ ਹਰ ਕੌਰ ਨੇ ਕਿਹਾ, "ਪਹਿਲਾਂ ਅਸੀਂ ਇਹਦੇ ਪਿਉ ਨੂੰ ਕਨੇਡਾ ਘੱਲ ਕੇ ਕੀ ਖੱਟਿਆ? ਮੈਂ ਨਹੀਂ ਏਸ ਨੂੰ ਕਿਤੇ ਬਾਹਰ ਘੱਲਣਾ |"
"ਬੀਬੀ ਹਰ ਕੁਰੇ, ਤੂੰ ਨਈਂ ਜਾਣਦੀ ਕਿ ਇੰਦਰ ਸਿੰਘ ਦੇ ਮਨ ਵਿਚ ਕੀ ਕੀ ਰੀਝਾਂ ਸੀਗੀਆਂ | ਉਹਨੇ ਕਈ ਵਾਰ ਮੇਰੇ ਕੋਲ ਆਪਣੇ ਮਨ ਦੀ ਗੱਲ ਚਿਤਾਰੀ ਸੀ ਕਿ 'ਜਦੋਂ ਪਰੀਤੂ ਗਭਰੂ ਹੋ ਗਿਆ, ਓਸ ਨੂੰ ਏਧਰ ਸੱਦ ਲੈਣੈ ਤੇ ਮੈਂ ਆਪ ਵਾਪਸ ਪਿੰਡ ਮੁੜ ਜਾਣੈ' | ਏਸੇ ਕਰਕੇ ਉਸ ਨੇ ਉਹਨੂੰ ਪੜ੍ਹਨੋ ਨਹੀਂ ਸੀ ਹਟਾਇਆ ਤੇ ਆਪਣਾ ਢਿੱਡ ਬੰਨ੍ਹ ਕੇ ਥੋਨੂੰ ਪੈਸੇ ਘਲਦਾ ਰਿਹਾ ਤਾਂ ਜੋ ਹੋਰ ਚਾਰ ਸਿਆੜ ਨਾਲ ਜੁੜ ਜਾਣ | ਉਹ ਤਾਂ ਏਥੇ ਆ ਕੇ ਤਿੰਨ ਹਲ ਦੀ ਵਾਹੀ ਕਰਨੀ ਚਾਹੁੰਦਾ ਸੀ | ਪਰ ਵਾਗ੍ਹਰੂ ਨੂੰ ਕੁਛ ਹੋਰ ਈ ਮਨਜ਼ੂਰ ਸੀ |"
"ਭਰਾਵਾ, ਹੁਣ ਤਾਂ ਪਰੀਤੂ ਵੀ ਨਹੀਂ ਰਿਹਾ | ਮੈਂ ਤਾਂ ਮੇਹਰ ਨੂੰ ਦੇਖ ਦੇਖ ਈ ਦਿਨ ਪੂਰੇ ਕਰਨੇ ਐ | ਏਸ ਤੋਂ ਬਿਨਾਂ ਹੋਰ ਕੌਣ ਐ ਮੇਰਾ ਏਥੇ |" ਹਰ ਕੌਰ ਮੁੜ ਅੱਖਾਂ ਭਰ ਆਈ |
"ਭਾਬੀ, ਇਹ ਕੁਸਗਨੇ ਬੋਲ ਨਾ ਬੋਲ | ਹੁਣ ਸੁੱਖ ਨਾਲ ਵੱਡੇ ਵੀਰ ਦੇ ਜੁਆਕ ਵੀ ਤਾਂ ਤੇਰੇ ਈ ਐ ਤੇ ਥੋਡਾ ਦੋਹਾਂ ਭੈਣਾਂ ਦਾ ਆਪੋ ਵਿਚ ਵੰਡਿਆ ਵੀ ਕੀ ਐ?" ਵੀਰੋ ਨੇ ਵਿਚੋਂ ਹੀ ਟੋਕ ਕੇ ਆਖਿਆ |
"ਮੈਂ ਤਾਂ ਇੰਦਰ ਸਿੰਘ ਦੀ ਗੱਲ ਪੁਗਾਉਣੀ ਐ | ਉਸ ਨੇ ਏਧਰ ਤੁਰਨ ਤੋਂ ਪਹਿਲਾਂ ਮੈਨੂੰ ਕਿਹਾ ਸੀ,'ਮੰਗਲ ਸਿਆਂ, ਜੇ ਮੈਨੂੰ ਓਧਰ ਕੋਈ ਹੀਮ ਕੀਮ ਹੋ ਗਈ ਤਾਂ ਤੂੰ ਪਰੀਤੂ ਨੂੰ ਏਧਰ ਜਰੂਰ ਸਦਵਾ ਲਈਂ' ਹੁਣ ਪਰੀਤੂ ਦੀ ਥਾਂ 'ਤੇ ਮੇਹਰ ਹੈਗਾ | ਤੁਸੀਂ ਏਸ ਨੂੰ ਦਸਵੀਂ ਤੱਕ ਜ਼ਰੂਰ ਪੜਾ੍ਹਉਣੈ, ਅਗਾਂਹ ਮੈਂ ਜਾਣਾਂ ਸੋ ਮੈਂ ਜਾਣਾਂ, ਤੁਸੀਂ ਅੱਗੇ ਦਾ ਫਿਕਰ ਨਾ ਕਰਿਓ | ਮੈਂ ਤਾਂ ਆਪਣੇ ਮੁੰਡੇ ਹਰਨਾਮ ਨੂੰ ਵੀ ਲੈ ਜਾਂਦਾ ਪਰ ਸਰਕਾਰ ਨੇ ਤਾਂ ਹੋਰ ਸਾਰੇ ਰਾਹ ਹੀ ਬੰਦ ਕਰ ਛੱਡੇ ਐ, ਬਸ ਇਕੋ ਪੜ੍ਹਾਈ ਵਾਲਾ ਰਾਹ ਈ ਬਚਿਐ | ਸਾਨੂੰ ਤਾਂ ਓਥੋਂ ਦੀ ਗੌਰਮਿੰਟ ਆਪਣੇ ਟੱਬਰ ਵੀ ਨਾਲ ਨਹੀਂ ਲੈ ਜਾਣ ਦਿੰਦੀ | ਸਾਡੇ ਲੀਡਰਾਂ ਨੇ ਬੜੀ ਮੁਸੰਕਲ ਨਾਲ ਪਤਨੀ ਤੇ ਛੋਟੇ ਬਚਿਆਂ ਨੂੰ ਨਾ ਮੰਗਵਾ ਸਕਣ ਵਾਲਾ ਕਨੂੰਨ ਰੱਦ ਕਰਵਾਇਆ ਸੀ ਪਰ ਸਰਕਾਰ ਅਜੇ ਵੀ ਸੌ ਘੁਣਤਰਾਂ ਕੱਢਦੀ ਐ | ਅਜੇ ਤਾਈਂ ਕਿਸੇ ਦਾ ਟੱਬਰ ਨਹੀਂ ਜਾਣ ਦਿੱਤਾ |" ਮੰਗਲ ਸਿੰਘ ਨੇ ਹਰ ਕੌਰ ਨੂੰ ਦੱਸਿਆ |
"ਏਸ ਨੂੰ ਪੜ੍ਹਨੋ ਤਾਂ ਮੈਂ ਨਹੀਂ ਰੋਕਦੀ ਪਰ ਬਾਹਰ ਘੱਲਣ ਬਾਰੇ ਮੇਰਾ ਦਿਲ ਸੰਾਹਦੀ ਨਹੀਂ ਭਰਦਾ |" ਹਰ ਕੌਰ ਅਜੇ ਵੀ ਸਸੰੋਪੰਜ ਵਿਚ ਸੀ |
ਸਾਧਾਂ ਵਾਲੇ ਪਿੰਡ ਵਿਚ ਡਿਸਟ੍ਰਿਕ ਬੋਰਡ ਦਾ ਮਿਡਲ ਸਕੂਲ ਸੀ, ਜਿੱਥੇ ਨੇੜਲੇ ਪਿੰਡਾਂ ਦੇ ਮੁੰਡੇ ਪੜ੍ਹਨ ਆਉਂਦੇ ਸੀ | ਮੇਹਰ ਸਿੰਘ ਨੂੰ ਸਕੂਲ ਵਿਚ ਦਾਖਲ ਕਰਵਾ ਦਿੱਤਾ ਗਿਆ | ਮਿੰਦ੍ਹਰ ਸਿੰਘ ਦੇ ਦੋ ਕੁੜੀਆਂ ਅਤੇ ਇਕ ਮੁੰਡਾ ਸਾਲ ਕੁ ਦਾ ਸੀ | ਉਹਨਾਂ ਸਮਿਆਂ ਵਿਚ ਕੁੜੀਆਂ ਨੂੰ ਪੜਾ੍ਹਉਣ ਦਾ ਰਿਵਾਜ ਹੀ ਨਹੀਂ ਸੀ |
ਮੰਗਲ ਸਿੰਘ ਛੇ ਕੁ ਮਹੀਨੇ ਏਥੇ ਰਿਹਾ ਅਤੇ ਆਪਣੇ ਕੁੜੀ ਮੁੰਡੇ ਦਾ ਵਿਆਹ ਕਰ ਕੇ ਵਾਪਸ ਕੈਨੇਡਾ ਚਲਿਆ ਗਿਆ | ਫੇਰ ਜਦੋਂ ਉਹ ਦੂਜੀ ਵਾਰ, ਸੰਨ 1929 ਵਿਚ,ਆਪਣੀ ਘਰ ਵਾਲੀ ਨੂੰ ਲੈਣ ਪੰਜਾਬ ਆਇਆ ਤਾਂ ਮੇਹਰ ਸਿੰਘ ਛੇਵੀਂ ਵਿਚ ਪੱਤੋ ਹੀਰਾ ਸਿੰਘ ਪਿੰਡ ਦੇ ਹਾਈ ਸਕੂਲ ਦੇ ਬੋਰਡਿੰਗ ਹਾਊਸ ਵਿਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ ਕਿਉਂਕਿ ਪਿੰਡ ਦੇ ਮਿਡਲ ਸਕੂਲ ਵਿਚ ਅੰਗ੍ਰੇਜ਼ੀ ਨਹੀਂ ਸੀ ਪੜ੍ਹਾਈ ਜਾਂਦੀ | ਮਿੰਦ੍ਹਰ ਸਿੰਘ ਦਾ ਮੁੰਡਾ ਨਸੀਬ ਸਿੰਘ ਦੂਸਰੀ ਜਮਾਤ ਵਿਚ ਪੜ੍ਹ ਰਿਹਾ ਸੀ | ਵਾਪਸ ਕੈਨੇਡਾ ਮੁੜਦਾ ਹੋਇਆ ਮੰਗਲ ਸਿੰਘ ਫੇਰ ਤਾਕੀਦ ਕਰ ਗਿਆ, "ਮਿੰਦ੍ਹਰ ਸਿਆਂ, ਮੈਂ ਸੌ ਦੀ ਇਕੋ ਗੱਲ ਕਹਿਣ ਲੱਗਾਂ ਕਿ ਤੁਸੀਂ ਦੋਹਾਂ ਮੁੰਡਿਆਂ ਨੂੰ ਪੜ੍ਹਨੋ ਨਾ ਹਟਾਇਉ, ਪੜ੍ਹਾਈ ਬਿਨਾਂ ਬੰਦੇ ਦੀ ਜੂਨ ਕੋਈ ਨਹੀਂ | ਥੋਡੇ ਤਾਂ ਬਾਰ ਮੂਹਰੇ ਗੰਗਾ ਵਗਦੀ ਐ | ਖਰਚੇ ਤੋਂ ਡਰਦਾ ਕਿਤੇ ਮੇਹਰੂ ਨੂੰ ਪੜ੍ਹਨੋ ਹਟਾ ਕੇ ਹਲ਼ ਮਗਰ ਨਾ ਲਾ ਲਵੀਂ | ਉਹਨੂੰ ਦਸਵੀਂ ਤੱਕ ਉੱਥੇ ਈ ਪੜ੍ਹਦੇ ਰਹਿਣ ਦੇਵੀਂ | ਖਰਚ ਵਰਚ ਦੀ ਫਿਕਰ ਨਾ ਕਰੀਂ | ਇਹ ਤੇਰੇ ਸ਼ਹੀਦ ਭਰਾ ਦੀ ਨਿਸ਼ਾਨੀ ਐ |"
ਮੰਗਲ ਸਿੰਘ ਕੈਨੇਡਾ ਤੋਂ ਚਿੱਠੀਆਂ ਰਾਹੀਂ ਮੁੰਡਿਆਂ ਦੀ ਪੜ੍ਹਾਈ ਬਾਰੇ ਪੁੱਛਦਾ ਰਹਿੰਦਾ | ਦੋ ਸਾਲ ਉਸ ਨੇ ਉਹਨਾਂ ਦੀ ਥੋੜੀ ਬਹੁਤ ਮਦਦ ਵੀ ਕੀਤੀ ਪਰ ਫੇਰ ਕੈਨੇਡਾ ਵਿਚ ਆਰਥਿਕ ਮੰਦਵਾੜਾ ਆ ਗਿਆ ਤੇ ਕੁਝ ਚਿਰ ਉਸ ਦਾ ਕੰਮ ਵੀ ਛੁੱਟਿਆ ਰਿਹਾ, ਜਿਸ ਕਰਕੇ ਉਹ ਪਿੱਛੇ ਪੈਸੇ ਨਾ ਭੇਜ ਸਕਿਆ ਪਰ ਚਿੱਠੀਆਂ ਰਾਹੀਂ ਉਹਨਾਂ ਨੂੰ ਹੱਲਾ ਸੰੇਰੀ ਦਿੰਦਾ ਰਿਹਾ |
ਮੇਹਰ ਸਿੰਘ ਪੜ੍ਹਨ ਵਿਚ ਬਹੁਤ ਹੁਸਿੰਆਰ ਸੀ ਅਤੇ ਉਸ ਦੇ ਫੁਫੜ ਵੱਲੋਂ ਉੱਚੀ ਪੜ੍ਹਾਈ ਵਾਸਤੇ ਕੈਨੇਡਾ ਸੱਦ ਲੈਣ ਬਾਰੇ ਬਾਰ ਬਾਰ ਲਿਖਣ ਕਰਕੇ ਉਸ ਦੇ ਮਨ ਵਿਚ ਵੀ ਕੈਨੇਡਾ ਜਾਣ ਦੀ ਲਾਲਸਾ ਜਾਗ ਪਈ ਤੇ ਉਹ ਹੋਰ ਮਿਹਨਤ ਕਰਨ ਲੱਗ ਪਿਆ | ਜਦੋਂ ਉਸ ਨੇ ਬਹੁਤ ਚੰਗੇ ਨੰਬਰ ਲੈ ਕੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਦਸਵੀਂ ਦਾ ਸਰਟੀਫੀਕੇਟ ਪਰਾਪਤ ਕਰ ਲਿਆ ਤਾਂ ਉਸ ਨੇ ਆਪਣੇ ਫੁਫੜ ਨੂੰ ਆਪਣੇ ਸਰਟੀਫੀਕੇਟ ਦੀ ਨਕਲ ਦੇ ਨਾਲ ਆਪਣੀ ਉੱਚ ਵਿਦਿਆ ਦੀ ਰੀਝ ਬਾਰੇ ਵੀ ਲਿਖ ਭੇਜਿਆ |
ਮੰਗਲ ਸਿੰਘ ਨੇ ਉਸ ਨੂੰ ਆਪਣਾ ਪਾਸਪੋਰਟ ਬਣਵਾ ਕੇ ਕੈਨੇਡਾ ਆਉਣ ਵਾਸਤੇ ਤਿਆਰੀ ਕਰ ਲੈਣ ਲਈ ਲਿਖ ਦਿੱਤਾ | ਮੇਹਰ ਸਿੰਘ ਨੇ ਆਪ ਹੀ ਭੱਜ ਨੱਠ ਕਰਕੇ ਲਾਹੌਰ ਤੋਂ ਆਪਣਾ ਪਾਸਪੋਰਟ ਬਣਵਾ ਲਿਆ | ਹਰ ਕੌਰ ਦਾ ਦਿਲ ਨਹੀਂ ਸੀ ਕਰਦਾ ਕਿ ਉਹ ਆਪਣੇ ਮੁੰਡੇ ਨੂੰ ਬਾਹਰ ਘੱਲੇ ਪਰ ਉਹ ਉਸ ਦੀਆਂ ਰੀਝਾਂ ਨੂੰ ਕੁਚਲਨਾ ਵੀ ਨਹੀਂ ਸੀ ਚਾਹੁੰਦੀ ਅਤੇ ਮਿੰਦ੍ਹਰ ਸਿੰਘ ਵੀ ਉਸ ਨੂੰ ਦੋਹੀਂ ਹੱਥੀਂ ਬਾਹਰ ਘੱਲਣ ਵਾਸਤੇ ਤਿਆਰ ਸੀ | ਮਿੰਦ੍ਹਰ ਸਿੰਘ ਆਪ ਭਾਵੇਂ ਅਣਪੜ੍ਹ ਸੀ ਪਰ ਉਹ ਜਾਣਦਾ ਸੀ ਕਿ ਜੇ ਮੇਹਰ ਸਿੰਘ ਵਲੈਤ ਪਾਸ ਕਰ ਗਿਆ ਤਾਂ ਉਹਨਾਂ ਦਾ ਘਰ ਸਾਰੇ ਇਲਾਕੇ ਵਿਚ ਉੱਘਾ ਹੋ ਜਾਵੇਗਾ | ਉਹ ਬਾਹਰਲੇ ਦੇਸੰ ਵਿਚ ਕੀਤੀ ਪੜ੍ਹਾਈ ਨੂੰ ਵਲਾਇਤ ਪਾਸ ਹੋਣਾ ਸਮਝਦਾ ਸੀ |
ਮੰਗਲ ਸਿੰਘ ਨੇ ਭੱਜ ਨੱਠ ਕਰਕੇ ਯੂ।ਬੀ।ਸੀ। ਵਿਚ ਮੇਹਰ ਸਿੰਘ ਦੇ ਦਾਖਲੇ ਲਈ ਮਨਜ਼ੂਰੀ ਲੈ ਲਈ | ਜਦੋਂ ਮੇਹਰ ਸਿੰਘ ਨੂੰ ਸਾਰੇ ਕਾਗਜ਼ ਪੱਤਰ ਮਿਲ ਗਏ ਤਾਂ ਉਹ ਸੱਤ ਸੌ ਰੁਪਏ ਲੜ ਬੰਨ੍ਹ ਕਲਕੱਤੇ ਨੂੰ ਗੱਡੀ ਚੜ੍ਹ ਗਿਆ | ਰੇਲ ਗੱਡੀ ਵਿਚ ਬੈਠਿਆਂ ਮੇਹਰ ਸਿੰਘ ਦੀਆਂ ਅੱਖਾਂ ਸਾਮ੍ਹਣੇ ਆਪਣੀ ਮਾਂ ਦੀ ਹੰਝੂ ਵਗਾਉਂਦੀ ਤੇ ਤਰਲੇ ਪਾਉਂਦੀ ਸੰਕਲ ਘੁੰਮਣ ਲੱਗੀ | ਉਸ ਦੇ ਮਨ ਵਿਚ ਕਦੀ ਆਪਣੀ ਮਾਂ ਲਈ ਮੋਹ ਨਹੀਂ ਸੀ ਪੈਦਾ ਹੋਇਆ ਸਗੋਂ ਉਸ ਦੇ ਪ੍ਰਤੀ ਇਕ ਖਿਝ ਅਤੇ ਚਿੜ੍ਹ ਜਿਹੀ ਉਸ ਦੇ ਮਨ ਵਿਚ ਰਹਿੰਦੀ ਪਰ ਰੇਲ ਗੱਡੀ ਵਿਚ ਬੈਠਿਆਂ ਉਸ ਦੇ ਦਿਲ ਵਿਚ ਮਾਂ ਲਈ ਪਿਆਰ ਦਾ ਉਛਾਲ ਜਿਹਾ ਉਠਦਾ ਰਿਹਾ | ਉਹ ਆਪਣੀ ਜ਼ਿੰਦਗੀ ਦੇ ਬੀਤ ਗਏ ਸਤਾਰਾਂ ਸਾਲਾਂ ਵਿਚ ਆਏ ਉਤਰਾਵਾਂ ਚੜ੍ਹਾਵਾਂ ਨੂੰ ਚਿਤਵਦਿਆਂ ਅਤੇ ਭਵਿਖਤ ਦੀ ਚਿੰਤਾ ਵਿਚ ਲੀਣ ਤਿੰਨ ਦਿਨਾਂ ਮਗਰੋਂ ਆਪਣੇ ਪਿੰਡ ਵਾਲੇ ਨਾਮ ਕਟੀਏ ਫੌਜੀ ਸਰਮੁਖ ਸਿੰਘ ਕੋਲ ਕਲਕੱਤੇ ਪਹੁੰਚ ਗਿਆ |
ਸਰਮੁਖ ਸਿੰਘ ਨੇ ਉਸ ਨੂੰ ਦੱਸਿਆ, "ਹਾਂਗ ਕਾਂਗ ਨੂੰ ਜਾਣ ਵਾਲੇ ਯਾਤਰੂ ਗੁਰਦਵਾਰਾ ਬੜੀ ਸੰਗਤ ਵਿਚ ਆ ਕੇ ਠਹਿਰਦੇ ਐ | ਤੂੰ ਨਿੱਤ ਸਵੇਰੇ ਉਠ ਕੇ ਗੁਰਦਵਾਰੇ ਚਲੇ ਜਾਇਆ ਕਰੀਂ | ਉਥੋਂ ਤੈਨੂੰ ਹਾਂਗ ਕਾਂਗ ਜਾਣ ਵਾਲੇ ਜਹਾਜ਼ ਦਾ ਪਤਾ ਵੀ ਲਗਦਾ ਰਹੇਗਾ ਤੇ ਕੋਈ ਚੰਗਾ ਸਾਥ ਵੀ ਮਿਲ ਜਾਵੇਗਾ |"
ਇਕ ਹਫਤੇ ਵਿਚ ਹੀ ਉਸ ਨੂੰ ਗੁਰਦਵਾਰੇ ਵਿਚੋਂ ਸਮੁੰਦਰੀ ਜਹਾਜ਼ ਬਾਰੇ ਪੂਰੀ ਜਾਣਕਾਰੀ ਵੀ ਮਿਲ ਗਈ ਤੇ ਨਾਲ ਜਾਣ ਵਾਲੇ ਦੋ ਮੁਸਾਫਰਾਂ ਦਾ ਸਾਥ ਵੀ ਮਿਲ ਗਿਆ, ਜਿੰਨ੍ਹਾਂ ਵਿਚੋਂ ਇਕ ਵੈਨਕੂਵਰ ਜਾ ਰਿਹਾ ਸੀ ਤੇ ਦੂਜਾ ਹਾਂਗ ਕਾਂਗ | ਵੈਨਕੂਵਰ ਦਾ ਸਾਥ ਪਾ ਕੇ ਉਸ ਨੂੰ ਬਹੁਤ ਹੀ ਖੁਸੰੀ ਹੋਈ ਤੇ ਉਹ ਚਾਈਂ ਚਾਈਂ ਜਾ ਕੇ ਉਸੇ ਜਹਾਜ਼ ਦਾ ਟਿਕਟ ਲੈ ਆਇਆ | ਹਾਂਗਕਾਂਗ ਜਾਣ ਲਈ ਅਠਤਾਲੀ ਰੁਪਏ ਕਰਾਇਆ ਲੱਗਾ | ਉਹ ਆਪਣੇ ਨਵੇਂ ਬਣੇ ਮਿਲਾਪੀਆਂ ਨਾਲ ਹਾਂਗ ਕਾਂਗ ਨੂੰ ਚਲਾ ਗਿਆ | ਹੁਣ ਉਸ ਦੇ ਮਨ ਵਿਚੋਂ ਪਹਿਲਾਂ ਵਾਲਾ ਡਰ ਭੈਅ ਨਿਕਲ ਗਿਆ ਸੀ |
************
ਜਦੋਂ ਜਹਾਜ਼ ਹਾਂਗ ਕਾਂਗ ਤੋਂ ਵੈਨਕੂਵਰ ਲਈ ਚੱਲਿਆ ਤਾਂ ਮੌਸਮ ਬੜਾ ਸੁਹਾਵਨਾ ਸੀ ਪਰੰਤੂ ਜਹਾਜ਼ ਦੇ ਸਮੁੰਦਰ ਵਿਚ ਠਿੱਲ ਪੈਣ ਦੇ ਅਗਲੇ ਦਿਨ ਹੀ ਮੌਸਮ ਵਿਚ ਤਬਦੀਲੀ ਆ ਗਈ | ਆਸਮਾਨ ਉਪਰ ਬੱਦਲ ਘਿਰ ਆਏ ਅਤੇ ਤੇਜ਼ ਹਵਾਵਾਂ ਚੱਲਣ ਲੱਗੀਆਂ | ਇਸ ਝੱਖੜ ਵਿਚ ਜਹਾਜ਼ ਡਿੱਕੋ ਡੋਲੇ ਖਾਣ ਲੱਗਾ | ਹਰ ਇਕ ਯਾਤਰੀ ਡਰ ਕੇ ਆਪੋ ਆਪਣੇ ਇਸੰਟ ਨੂੰ ਯਾਦ ਕਰਨ ਲੱਗਾ | ਮੇਹਰ ਸਿੰਘ ਬਹੁਤ ਡਰ ਗਿਆ ਸੀ ਪਰ ਉਸ ਦੇ ਨਾਲ ਦਾ ਯਾਤਰੀ ਨਿਹਾਲ ਸਿੰਘ, ਜਿਹੜਾ ਕਿ ਕਲਕੱਤੇ ਤੋਂ ਹੀ ਉਸ ਦੇ ਨਾਲ ਆਇਆ ਸੀ, ਨੂੰ ਮੌਸਮ ਦੇ ਸੁਭਾਅ ਬਾਰੇ ਜਾਣਕਾਰੀ ਸੀ | ਉਹ ਜਾਣਦਾ ਸੀ ਕਿ ਸਮੁੰਦਰੀ ਰਾਸਤੇ ਵਿਚ ਉਹਨਾਂ ਨੂੰ ਕਈ ਵਾਰ ਇਹੋ ਜਿਹੇ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਸ ਨੇ ਮੇਹਰ ਸਿੰਘ ਦਾ ਹੌਸਲਾ ਬੰਨ੍ਹਾਇਆ ਅਤੇ ਧਰਵਾਸ ਦਿਵਾਇਆ ਕਿ ਇਸ ਜਹਾਜ਼ ਨੂੰ ਕੁਝ ਨਹੀਂ ਹੋਵੇਗਾ, ਆਪਾਂ ਸੁੱਖੀ ਸਾਂਦੀ ਆਪਣੇ ਟਿਕਾਣੇ 'ਤੇ ਪਹੁੰਚ ਜਾਵਾਂਗੇ ਪਰੰਤੂ ਮੇਹਰ ਸਿੰਘ ਤਾਂ ਉਲਟੀਆਂ ਕਰ ਕਰ ਕੇ ਨਿਢਾਲ ਹੋ ਚੁੱਕਿਆ ਸੀ ਅਤੇ ਹੁਣ ਉਸ ਨੂੰ ਟੱਟੀਆਂ ਵੀ ਲੱਗ ਗਈਆਂ ਸਨ | ਜਹਾਜ਼ ਦੇ ਡਾਕਟਰ ਦਾ ਕਹਿਣਾ ਸੀ ਕਿ ਮੇਹਰ ਸਿੰਘ ਨੂੰ ਹੈਜ਼ਾ ਹੋ ਗਿਆ ਹੈ ਇਸ ਲਈ ਏਸ ਨੂੰ ਦੂਸਰੇ ਯਾਤਰੀਆਂ ਤੋਂ ਅਲੱਗ ਰੱਖਿਆ ਜਾਵੇਗਾ | ਮੇਹਰ ਸਿੰਘ ਨੂੰ ਕਿਸੇ ਯਾਤਰੀ ਕੋਲੋਂ ਇਹ ਭਿਣਕ ਵੀ ਪੈ ਗਈ ਸੀ ਕਿ ਜਿਹੜਾ ਯਾਤਰੀ ਕਿਸੇ ਗੰਭੀਰ ਬਿਮਾਰੀ ਵਿਚ ਗਰੱਸਿਆ ਜਾਵੇ ਤੇ ਉਸ ਦੇ ਬਚਣ ਦੀ ਕੋਈ ਉਮੀਦ ਨਾ ਹੋਵੇ, ਜਹਾਜ਼ੀ ਅਮਲਾ ਉਸ ਨੂੰ ਅੱਡ ਕਰਕੇ ਸਮੁੰਦਰ ਵਿਚ ਸੁੱਟ ਦਿੰਦਾ ਹੈ | ਨਿਹਾਲ ਸਿੰਘ ਨੇ ਉਸ ਦੇ ਇਸ ਡਰ ਨੂੰ ਦੂਰ ਕਰਦਿਆਂ ਕਿਹਾ, "ਮੇਹਰ ਸਿਆਂ, ਤੂੰ ਆਪਣੇ ਮਨ ਵਿਚ ਕਿਸੇ ਕਿਸਮ ਦਾ ਵੀ ਡਰ ਭਉ ਨਾ ਲਿਆ, ਮੇਰੇ ਹੁੰਦਿਆਂ ਤੇਰਾ ਵਾਲ਼ ਵੀ ਵਿੰਗਾ ਨਹੀਂ ਹੋਣ ਲੱਗਾ | ਜਿੱਥੇ ਵੀ ਤੈਨੂੰ ਰੱਖਣਗੇ ਮੈਂ ਤੇਰੇ ਕੋਲ ਰਹਾਂਗਾ |"
ਨਿਹਾਲ ਸਿੰਘ ਵੀ ਇੰਦਰ ਸਿੰਘ ਦੇ ਕੈਨੇਡਾ ਵਿਚ ਆਉਣ ਦੇ ਸਾਲ ਹੀ ਕੈਨੇਡਾ ਪਹੁੰਚਿਆ ਸੀ ਪਰ ਉਹ ਅਮਰੀਕਾ ਦੇ ਸਿਅਟਲ ਸੰਹਿਰ ਵੱਲ ਦੀ ਵੈਨਕੂਵਰ ਆਈਲੈਂਡ ਦੇ ਸੰਹਿਰ ਵਿਕਟੋਰੀਆ ਵਿਚ ਆਇਆ ਸੀ ਅਤੇ ਉੱਥੇ ਹੀ ਲੰਬਰ ਮਿੱਲ ਵਿਚ ਕੰਮ ਕਰਦਾ ਰਿਹਾ ਸੀ ਜਿਸ ਕਰਕੇ ਉਹ ਮੰਗਲ ਸਿੰਘ ਨੂੰ ਨਹੀਂ ਸੀ ਜਾਣਦਾ ਅਤੇ ਮੇਹਰ ਸਿੰਘ ਨੇ ਆਪਣੇ ਪਿਤਾ ਇੰਦਰ ਸਿੰਘ ਬਾਰੇ ਉਸ ਨਾਲ ਰਾਸਤੇ ਵਿਚ ਕੋਈ ਗੱਲ ਨਹੀਂ ਕੀਤੀ ਸੀ, ਫੇਰ ਵੀ ਨਿਹਾਲ ਸਿੰਘ ਨੇ ਉਸ ਦੀ ਬਹੁਤ ਦੇਖ ਭਾਲ਼ ਕੀਤੀ | ਦੂਸਰੇ ਦਿਨ ਤਕ ਮੌਸਮ ਤਾਂ ਸੰਾਂਤ ਹੋ ਗਿਆ ਪਰ ਮੇਹਰ ਸਿੰਘ ਦੀ ਹਾਲਤ ਵਿਚ ਬਹੁਤਾ ਫਰਕ ਨਹੀਂ ਸੀ ਪਿਆ | ਜਦੋਂ ਉਹ ਬਹੁਤ ਹੀ ਕਮਜ਼ੋਰੀ ਮਹਿਸੂਸ ਕਰਨ ਲੱਗਾ ਤਾਂ ਉਸ ਨੇ ਉਦਰੇਵੇਂ ਵਿਚ ਆ ਕੇ ਨਿਹਾਲ ਸਿੰਘ ਨੂੰ ਕਿਹਾ,"ਬਾਬਾ, ਮੈਨੂੰ ਲਗਦੈ ਹੁਣ ਮੈਂ ਬਚਣਾ ਨਹੀਂ, ਜਿਹੜੀ ਤੁਸੀਂ ਮੇਰੀ ਸੇਵਾ ਕੀਤੀ ਐ, ਮੈਂ ਏਸ ਦਾ ਦੇਣ ਕਿਵੇਂ ਦੇਵਾਂਗਾ?" ਉਹ ਨਿਹਾਲ ਸਿੰਘ ਦੀ ਚਿੱਟੀ ਦਾਹੜੀ ਹੋਣ ਕਰਕੇ ਉਸ ਨੂੰ ਬਾਬਾ ਕਹਿਣ ਲਗ ਪਿਆ ਸੀ |
"ਐਵੇਂ ਕੰਵਲੀਆਂ ਰੰਵਲੀਆਂ ਨਾ ਮਾਰੀ ਜਾ, ਤੈਨੂੰ ਕੁਝ ਨਹੀਂ ਹੋਣ ਲੱਗਾ | ਦੇਖ, ਤੈਨੂੰ ਪਹਿਲਾਂ ਕਿਵੇਂ ਬਿੰਦੇ ਝਟੇ ਉਲਟੀਆਂ ਟੱਟੀਆਂ ਆਈ ਜਾਂਦੀਆਂ ਸੀ ਤੇ ਫੇਰ ਉਲਟੀਆਂ ਹਟ ਗਈਆਂ, ਹੁਣ ਤੂੰ ਟੱਟੀ ਵੀ ਕਿੰਨੇ ਚਿਰ ਮਗਰੋਂ ਜਾਨੈ | ਹੌਲ਼ੀ ਹੌਲ਼ੀ ਇਹ ਵੀ ਹਟ ਜਾਣਗੀਆਂ ਤੇ ਤੂੰ ਘੋੜੇ ਵਰਗਾ ਹੋ ਜਾਵੇਂਗਾ"| ਨਿਹਾਲ ਸਿੰਘ ਨੇ ਉਸ ਨੂੰ ਧਰਵਾਸਾ ਦਿੱਤਾ |
"ਬਾਬਾ, ਮੇਰੇ ਅੰਦਰੋਂ ਇਕ ਲੀਹ ਜਿਹੀ ਉਠਦੀ ਐ, ਜਿਵੇਂ ਕੋਈ ਆਰੀ ਲੈ ਕੇ ਆਂਦਰਾਂ ਨੂੰ ਚੀਰੀ ਜਾ ਰਿਹਾ ਹੋਵੇ | ਏਸੇ ਕਰਕੇ ਕਹਿਨਾ ਬਈ ਮੈਂ ਨਹੀਂ ਬਚਦਾ | ਜੇ ਤੂੰ ਬਚਾ ਸਕਦੈਂ ਤਾਂ ਬਚਾ ਲੈ ਬਾਬਾ | ਮੇਰਾ ਏਸ ਦੁਨੀਆ ਵਿਚ ਕੋਈ ਨਹੀਂ, ਬਸ ਹੁਣ ਤੂੰ ਹੀ ਮੇਰਾ ਬਾਪੂ ਐਂ ਤੇ ਹੁਣ ਤੇਰਾ ਹੀ ਮੈਨੂੰ ਇਕੋ ਇਕ ਆਸਰਾ ਐ, ਮੇਰਾ ਬਾਪੂ ਤਾਂ ਮੇਰੇ ਜਨਮ ਤੋਂ ਪਹਿਲਾਂ ਹੀ ਗੁਜ਼ਰ ਗਿਆ ਸੀ |" ਮੇਹਰ ਸਿੰਘ ਢਿੱਡ ਪੀੜ ਨਾਲ ਮੇਲ੍ਹਦਾ ਹੋਇਆ ਬੋਲਿਆ |
"ਤੂੰ ਮੈਨੂੰ ਕਲਕੱਤੇ ਤੋਂ ਜਹਾਜ਼ ਚੜ੍ਹਨ ਮਗਰੋਂ, ਹਾਂਗ ਕਾਂਗ ਦੇ ਰਾਹ ਵਿਚ, ਦੱਸਿਆ ਸੀ ਕਿ ਪਿੱਛੇ ਤੇਰੇ ਮਾਂ ਬਾਪ ਪਿੰਡ ਵਿਚ ਰਹਿੰਦੇ ਐ, ਤੇਰੇ ਭੈਣ ਭਰਾ ਵੀ ਹੈਨ ਤੇ ਵੈਨਕੋਵਰ ਤੂੰ ਆਪਣੇ ਫੁਫੜ ਕੋਲ ਜਾ ਰਿਹਾ ਏਂ ਪਰ ਹੁਣ ਤੂੰ ਕਹਿ ਰਿਹਾ ਏਂ,'ਮੇਰਾ ਕੋਈ ਵੀ ਨਹੀਂ' ਇਹ ਕੀ ਗੱਲ ਬਣੀ?" ਨਿਹਾਲ ਸਿੰਘ ਨੇ ਹੈਰਾਨ ਹੋ ਉਸ ਕੋਲ਼ੋਂ ਪੁੱਛਿਆ |
"ਮੇਰੇ ਅੰਦਰ ਇਹ ਵੀ ਇਕ ਗੰਢ ਬੱਝੀ ਹੋਈ ਐ ਜਿਹੜੀ ਅੱਜ ਮੈਂ ਤੇਰੇ ਕੋਲ ਖੋਲ੍ਹਣ ਲੱਗਾ ਹਾਂ |" ਉਸ ਨੇ ਆਪਣੇ ਬਾਪ ਦੀ ਕਹਾਣੀ ਸੁਣਾ ਕੇ ਅੱਗੇ ਕਿਹਾ, "ਮੇਰੇ ਬਾਪ ਦੇ ਭਗੌੜਾ ਹੋਣ ਤੋਂ ਮਗਰੋਂ ਮੇਰੀ ਮਾਂ ਪੇਕੀਂ ਚਲੀ ਗਈ ਸੀ ਉੱਥੇ ਹੀ ਮੇਰਾ ਜਨਮ ਹੋਇਆ | ਮੇਰੇ ਬਾਪ ਦੀ ਮੌਤ ਮਗਰੋਂ ਮੇਰਾ ਤਾਇਆ ਸਾਨੂੰ ਪਿੰਡ ਲੈ ਆਇਆ ਤੇ ਉਸ ਨੇ ਮੇਰੀ ਮਾਂ ਉਪਰ ਚਾਦਰ ਪਾ ਲਈ | ਮੈਂ ਦੂਜੇ ਭੈਣ ਭਰਾਵਾਂ ਵਾਂਗ ਆਪਣੀ ਮਾਂ ਨੂੰ ਮਾਸੀ ਕਹਿੰਦਾ ਅਤੇ ਆਪਣੀ ਤਾਈ ਜਿਹੜੀ ਮੇਰੀ ਮਾਸੀ ਸੀ ਨੂੰ ਬੇਬੇ ਆਖਦਾ | ਸਹੀ ਗੱਲ ਦਾ ਪਤਾ ਤਾਂ ਮੈਨੂੰ ਚੌਥੀ ਜਮਾਤ ਵਿਚ ਪੜ੍ਹਦਿਆਂ ਲੱਗਾ ਜਦੋਂ ਨਵੇਂ ਆਏ ਮਾਸਟਰ ਨੇ ਮੇਰੇ ਸਕੇ ਬਾਪ ਦਾ ਨਾਮ ਲੈ ਕੇ ਮੇਰੀ ਹਾਜਰੀ ਲਾਈ | ਉਸ ਤੋਂ ਮਗਰੋਂ ਮੈਂ ਜਦੋਂ ਵੀ ਆਪਣੀ ਮਾਂ ਤੇ ਤਾਏ ਵੱਲ ਦੇਖਦਾ ਤਾਂ ਮੇਰਾ ਦਿਲ ਨਫਰਤ ਜਿਹੀ ਨਾਲ ਭਰ ਜਾਂਦਾ | ਕਈ ਵਾਰ ਮੇਰਾ ਦਿਲ ਘਰੋਂ ਭੱਜ ਜਾਣ ਨੂੰ ਕਰਦਾ | ਪਰ ਜਦੋਂ ਮੇਰੀ ਮਾਸੀ ਮੇਰੀ ਮਾਂ ਨਾਲ ਲੜਦੀ ਤਾਂ ਮੇਰੀ ਮਾਂ ਰੋ ਰੋ ਕੇ ਮੇਰੇ ਬਾਪ ਨੂੰ ਯਾਦ ਕਰਦੀ | ਉਸ ਵੇਲ਼ੇ ਮੈਨੂੰ ਉਸ ਉਪਰ ਬਹੁਤ ਤਰਸ ਆਉਂਦਾ ਤੇ ਮੇਰਾ ਦਿਲ ਮਾਂ ਨੂੰ ਪਿਆਰ ਕਰਨ ਲਗਦਾ ਫਿਰ ਮੈਂ ਘਰੋਂ ਭੱਜਣ ਦਾ ਖਿਆਲ ਤਿਆਗ ਦਿੰਦਾ ਪਰ ਮੈਂ ਸਦਾ ਉਹਨਾਂ ਕੋਲੋਂ ਦੂਰ ਦੂਰ ਰਹਿੰਦਾ | ਜਦੋਂ ਹਾਈ ਸਕੂਲ ਵਿਚ ਪੜ੍ਹਦਿਆਂ ਮੈਂ ਲੋਕਾਂ ਤੋਂ ਸੁਣਿਆ ਕਿ ਮੇਰੇ ਬਾਪ ਨੇ ਦੇਸ ਲਈ ਕੁਰਬਾਨੀ ਦਿੱਤੀ ਹੈ ਤੇ ਉਹ ਦੇਸੰ ਦਾ ਸੰਹੀਦ ਐ ਤਾਂ ਮੈਨੂੰ ਆਪਣੇ ਬਾਪ 'ਤੇ ਬਹੁਤ ਮਾਣ ਹੋਣ ਲੱਗਾ | ਮੇਰੀ ਸੋਚ ਏਸ ਗੱਲ ਦੁਆਲ਼ੇ ਹੀ ਘੁੰਮਦੀ ਰਹਿੰਦੀ ਕਿ ਜੇ ਉਹ ਸੰਹੀਦ ਹੋਇਆ ਹੈ ਤਾਂ ਫੇਰ ਮੇਰੀ ਮਾਂ ਨੇ ਮੇਰੇ ਤਾਏ ਦੀ ਦੂਜੀ ਪਤਨੀ ਬਣਕੇ ਮੇਰੇ ਬਾਪ ਦੀ ਸੰਹੀਦੀ ਨੂੰ ਕਿਉਂ ਰੋਲ਼ ਦਿੱਤਾ? ਮੈਨੂੰ ਇਹਨਾਂ ਨੇ ਮੇਰੇ ਬਾਪ ਦੇ ਬਾਰੇ ਪਹਿਲਾਂ ਕਿਉਂ ਨਾ ਦੱਸਿਆ? ਇਹੋ ਗੱਲ ਮੈਨੂੰ ਆਪਣੇ ਘਰਦਿਆਂ ਤੋਂ ਦੂਰ ਕਰਦੀ ਗਈ | ਕਨੇਡਾ ਜਾਣ ਦਾ ਇਕ ਕਾਰਨ ਮੇਰਾ ਉਹਨਾਂ ਕੋਲੋਂ ਦੂਰ ਹੋਣਾ ਵੀ ਹੈ |" ਮੇਹਰ ਸਿੰਘ ਨੇ ਸੰਖੇਪ ਵਿਚ ਆਪਣੀ ਕਹਾਣੀ ਸੁਣਾ ਦਿੱਤੀ |
"ਤੂੰ ਗਲਤ ਸੋਚਦਾ ਏਂ ਮੇਹਰ ਸਿਆਂ, ਤੇਰੀ ਮਾਂ ਨੇ ਵੀ ਕੁਰਬਾਨੀ ਦਿੱਤੀ ਏ, ਜਿਹੜਾ ਉਸ ਨੇ ਤੇਰੇ ਤਾਏ ਨੂੰ ਆਪਣੇ ਸਿਰ ਧਰਿਆ | ਉਸ ਨੇ ਇਹ ਹੂਲ਼ਾ ਸਿਰਫ ਤੇ ਸਿਰਫ ਤੇਰੀ ਪਾਲਣਾ ਪੋਸਨਾ ਖਾਤਰ ਹੀ ਫੱਕਿਆ ਹੋਏਗਾ | ਉਂਝ ਵੀ ਤੂੰ ਪਿੰਡਾਂ ਵਿਚ ਦੇਖਦਾ ਹੀ ਏਂ ਕਈਆਂ ਦੇ ਦੋ ਦੋ ਵਿਆਹ ਨੇ ਤੇ ਕਿਸੇ ਘਰ ਤਿੰਨ ਚਾਰ ਭਰਾਵਾਂ ਵਿਚੋਂ ਕੋਈ ਇਕ ਹੀ ਵਿਆਹਿਆ ਹੋਇਆ ਏ ਤੇ ਇਕੋ ਤੀਂਵੀਂ ਸਾਰੇ ਘਰ ਨੂੰ ਸੰਭਾਲੀ ਜਾਂਦੀ ਏ | ਤੇਰੀ ਮਾਂ ਨੇ ਕੋਈ ਅਲੋਕਾਰ ਗੱਲ ਨਹੀਂ ਕੀਤੀ | ਮੈਨੂੰ ਤਾਂ ਇਹ ਭਾਸਦੈ ਕਿ ਤੇਰੀ ਮਾਂ ਤੈਨੂੰ ਬਹੁਤ ਹੀ ਪਿਆਰ ਕਰਦੀ ਹੋਵੇਗੀ ਤੇ ਤੈਨੂੰ ਬਾਹਰ ਤੋਰਨ ਲੱਗਿਆਂ ਉਸ ਨੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਹੋਵੇਗਾ | ਤੂੰ ਆਪਣੇ ਮਨ ਵਿਚੋਂ ਇਹ ਗਲਤ ਸੋਚ ਕੱਢ ਛੱਡ | ਹਾਂ ਸੱਚ! ਤੇਰੇ ਬਾਪ ਦਾ ਨਾਂਅ ਕੀ ਸੀ?" ਨਿਹਾਲ ਸਿੰਘ ਨੇ ਉਸ ਕੋਲ਼ੋ ਪੁੱਛਿਆ |
"ਇੰਦਰ ਸਿੰਘ |" ਮੇਹਰ ਸਿੰਘ ਨੇ ਸਹਿਮਤੀ ਵਿਚ ਸਿਰ ਹਿਲਾਉਂਦਿਆਂ ਦੱਸਿਆ |
"ਉਹ! ਇੰਦਰ ਸਿੰਘ ਨੂੰ ਤੇ ਮੈਂ ਜਾਣਦਾਂ | ਲੰਮਾ ਜਿਹਾ ਸੀ ਤੇਰੇ ਵਾਂਗ 'ਕਹਿਰੇ ਸਰੀਰ ਵਾਲਾ, ਗੋਰਾ ਜਿਹਾ, ਕੰਨ ਕੋਲ ਛੋਟਾ ਜਿਹਾ ਪੂੰਜਾ ਛਡ ਕੇ ਪੱਗ ਬੰਨਦਾ ਹੁੰਦਾ ਸੀ | ਮੈਂ ਜਦੋਂ ਵੀ ਕਦੀ ਵੈਨਕੋਵਰ ਗੁਰਦਵਾਰੇ ਜਾਂਦਾ ਸੀ ਤਾਂ ਉਸ ਨੂੰ ਨੀਂਵੀਂ ਪਾਈ ਉੱਥੇ ਸੇਵਾ ਕਰਦਿਆਂ ਹੀ ਦੇਖੀਦਾ ਸੀ | ਬਹੁਤ ਭਲਾ ਲੋਕ ਸੀ ਤੇਰਾ ਪਿਉ | ਸੱਚ ਮੁੱਚ ਹੀ ਉਹ ਕੁਰਬਾਨੀ ਕਰ ਕੇ ਦੇਸ਼ ਲਈ ਸੰਹੀਦ ਹੋਇਆ ਹੈ |" ਇਹ ਕਹਿੰਦਿਆਂ ਨਿਹਾਲ ਸਿੰਘ ਨੇ ਮੇਹਰ ਸਿੰਘ ਨੂੰ ਆਪਣੀ ਜੱਫੀ ਵਿਚ ਲੈ ਲਿਆ |
ਹੌਲ਼ੀ ਹੌਲ਼ੀ ਮੇਹਰ ਸਿੰਘ ਦੀ ਬਿਮਾਰੀ ਜਾਂਦੀ ਰਹੀ | ਨਿਹਾਲ ਸਿੰਘ ਹੁਣ ਉਸ ਨੂੰ ਆਪਣੇ ਸਕੇ ਪੁੱਤਰਾਂ ਵਾਂਗ ਹੀ ਪਿਆਰ ਕਰਨ ਲੱਗਾ | ਉਸ ਸਮੁੰਦਰੀ ਤੂਫਾਨ ਮਗਰੋਂ ਫੇਰ ਰਾਸਤੇ ਵਿਚ ਕੋਈ ਅਨਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਜਹਾਜ਼ ਵੈਨਕੂਵਰ ਦੀ ਬੰਦਰਗਾਹ ਤੇ ਜਾ ਲੱਗਾ |
***********
ਵੈਨਕੂਵਰ ਦੀ ਬੰਦਰਗਾਹ 'ਤੇ ਉਤਰਨ ਲਈ ਮੇਹਰ ਸਿੰਘ ਦੇ ਕੋਲ ਸਾਰੇ ਕਾਗਜ਼ ਪੱਤਰ ਪੂਰੇ ਹੋਣ 'ਤੇ ਵੀ ਉਸ ਨੂੰ ਬਹੁਤ ਖੱਜਲ ਖੁਆਰੀ ਝਲਣੀ ਪਈ | ਇਮੀਗ੍ਰੇਸੰਨ ਅਫਸਰ ਉਸ ਕੋਲ਼ੋਂ ਤਿੰਨ ਘੰਟਿਆਂ ਤਕ ਉਲਟੇ ਸਿੱਧੇ ਸਵਾਲ ਪੁਛਦਾ ਰਿਹਾ | ਮੇਹਰ ਸਿੰਘ ਵੀ ਸਾਰੇ ਸਵਾਲਾਂ ਦੇ ਜਵਾਬ ਬੇਝਿਜਕ ਹੋ ਕੇ ਦਿੰਦਾ ਰਿਹਾ | ਅਖੀਰ ਉਸ ਨੂੰ ਪੰਜ ਸੌ ਡਾਲਰ ਦੀ ਜ਼ਮਾਨਤ ਦੇਣ ਲਈ ਕਿਹਾ ਗਿਆ | ਮੰਗਲ ਸਿੰਘ ਵਲੋਂ ਪੰਜ ਸੌ ਡਾਲਰ ਨਕਦ ਜ਼ਮਾਨਤ ਰਖਣ ਮਗਰੋਂ ਹੀ ਉਸ ਦੇ ਪਾਸਪੋਰਟ ਉਪਰ ਕੈਨੇਡਾ ਇੰਟਰੀ ਦੀ ਮੋਹਰ ਲੱਗੀ ਤੇ ਉਹ ਵੈਨਕੂਵਰ ਦੀ ਧਰਤੀ 'ਤੇ ਪੈਰ ਰਖ ਸਕਿਆ | ਮੇਹਰ ਸਿੰਘ ਆਪਣੇ ਫੁਫੜ ਮੰਗਲ ਸਿੰਘ ਨੂੰ ਗਲਵਕੜੀ ਪਾ ਮਿਲਿਆ | ਉਹ ਉਸ ਨੂੰ ਵਡੇਰੀ ਉਮਰ ਦਾ ਕੋਈ ਬਜ਼ੁਰਗ ਜਾਪਿਆ | ਮੰਗਲ ਸਿੰਘ ਦੀ ਕਾਲ਼ੀ ਦਾੜ੍ਹੀ ਪੰਜ ਸੱਤ ਸਾਲ ਵਿਚ ਹੀ ਚਿੱਟੀ ਹੋ ਗਈ ਸੀ | ਜਦੋਂ ਉਹ ਘਰ ਆਏ ਤਾਂ ਮੇਹਰ ਸਿੰਘ ਨੂੰ ਦੇਖ ਕੇ ਉਸ ਦੀ ਭੂਆ ਵੀਰੋ ਨੂੰ ਜਾਪਿਆ ਜਿਵੇਂ ਸਗਵਾਂ ਇੰਦਰ ਸਿੰਘ ਹੀ ਉਸ ਦੇ ਸਾਹਮਣੇ ਆ ਖੜ੍ਹਾ ਹੋਵੇ | ਉਹ ਉਸ ਨੂੰ ਜੱਫੀ ਵਿਚ ਲੈ ਕੇ ਰੋਣ ਲੱਗ ਪਈ |
ਮੰਗਲ ਸਿੰਘ ਸੈਕੰਡ ਐਵਨਿਊ 'ਤੇ ਬਣੇ ਗੁਰਦਵਾਰੇ ਦੇ ਨੇੜੇ ਹੀ ਇਕ ਘਰ ਵਿਚ ਕਰਾਏ ਉਪਰ ਰਹਿੰਦਾ ਸੀ | ਇੱਥੇ ਪੰਜਾਬੀਆਂ ਨੇ ਗੁਰਦਵਾਰੇ ਦੇ ਆਲੇ ਦੁਆਲੇ ਕੁਝ ਘਰ ਬਣਾਏ ਹੋਏ ਸਨ ਜਿੰਨਾਂ ਨੂੰ ਸੰੈਕ ਆਖਿਆ ਜਾਂਦਾ ਸੀ | ਇਕ ਇਕ ਘਰ ਵਿਚ ਕਈ ਕਈ ਪਰਵਾਰ ਰਹਿੰਦੇ ਸਨ | ਮੰਗਲ ਸਿੰਘ ਜਦੋਂ ਦਾ ਆਪਣੀ ਪਤਨੀ ਨੂੰ ਇੱਥੇ ਲੈ ਕੇ ਆਇਆ ਸੀ, ਬੰਕ ਹਾਊਸ ਛੱਡ ਕੇ ਉਹ ਇੱਥੇ ਰਹਿਣ ਲੱਗ ਪਿਆ ਸੀ | ਮੰਗਲ ਸਿੰਘ ਮੇਹਰ ਸਿੰਘ ਨੂੰ ਇਸੇ ਘਰ ਵਿਚ ਲੈ ਕੇ ਆਇਆ ਤੇ ਇੱਥੇ ਹੀ ਆਪਣੇ ਨਾਲ ਉਸ ਦੇ ਰਹਿਣ ਦਾ ਪ੍ਰਬੰਧ ਕਰ ਲਿਆ | ਕੁਝ ਦੇਰ ਆਰਾਮ ਕਰਨ ਮਗਰੋਂ ਉਹ ਮੇਹਰ ਸਿੰਘ ਨੂੰ ਆਥਣੇ ਗੁਰਦਵਾਰੇ ਮੱਥਾ ਟਿਕਵਾਉਣ ਲੈ ਗਿਆ | ਗੁਰਦਵਾਰੇ ਵਿਚ ਉਹਨਾਂ ਨੂੰ ਗੁਰਦਵਾਰੇ ਦਾ ਸੈਕਰੇਟਰੀ ਭਾਈ ਮਿੱਤ ਸਿੰਘ ਮਿਲ ਗਿਆ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਮੇਹਰ ਸਿੰਘ ਇੰਦਰ ਸਿੰਘ ਦਾ ਲੜਕਾ ਹੈ ਤਾਂ ਉਹ ਉਸ ਨੂੰ ਬਹੁਤ ਹੀ ਪਿਆਰ ਨਾਲ ਮਿਲਿਆ ਤੇ ਖੁਸੰ ਹੋ ਕੇ ਉਹ ਮੰਗਲ ਸਿੰਘ ਨੂੰ ਕਹਿਣ ਲੱਗਾ, "ਮੇਰੀਆਂ ਦੋ ਗੱਲਾਂ ਸੁਣ ਲੈ ਭਾਈ ਮੰਗਲ ਸਿਆਂ, ਇਨ੍ਹਾਂ ਗੋਰਿਆਂ ਨੇ ਆਪਾਂ 'ਹਿੰਦੂਆਂ' ਨੂੰ ਅਣਮਨੁਖੀ, ਅਣਨਿਆਈਂ ਤੇ ਬੇਦਲੀਲੇ ਹਰਬੇ ਤੇ ਹਰ ਤਰਾਂ ਦੇ ਹੱਥ ਕੰਡੇ ਵਰਤ ਕੇ ਏਥੋਂ ਕੱਢਣ ਦੀ ਕੋਸੰਸੰ ਕੀਤੀ ਹੈ ਤਾਂ ਹੀ ਆਪਾਂ ਪੰਦਰਾਂ ਹਜ਼ਾਰ ਤੋਂ ਘਟ ਕੇ ਪੰਦਰਾਂ ਸੌ ਰਹਿ ਗਏ ਹਾਂ | ਹੁਣ ਜਦੋਂ ਇਹ ਮੁੰਡਾ ਏਥੇ ਪਹੁੰਚ ਗਿਆ ਹੈ ਤਾਂ ਇਸ ਨੂੰ ਕਿਸੇ ਸੂਰਤ ਵਿਚ ਵੀ ਏਥੋਂ ਜਾਣ ਨਹੀਂ ਦੇਣਾ | ਇਕ ਗੱਲ ਹੋਰ ਸੁਣ ਲੈ, ਇਸ ਨੂੰ ਪੜ੍ਹਨੋ ਨਾ ਹਟਾਈਂ | ਇੰਦਰ ਸਿਉਂ ਆਪਣੀ ਕੌਮ ਦਾ ਹੀਰਾ ਸੀ, ਉਹ ਕੌਮ ਤੇ ਦੇਸੰ ਲਈ ਸੰਹੀਦ ਹੋਇਆ ਸੀ ਤੇ ਉਸ ਸੰਹੀਦ ਦੀ ਔਲਾਦ ਦਾ ਆਪਾਂ ਸਾਰਿਆਂ ਨੇ ਹੀ ਧਿਆਨ ਰਖਣਾ ਹੈ | ਆਪਾਂ ਇਸ ਨੂੰ ਵਕੀਲ ਬਣਾਉਣੈ | ਜਦੋਂ ਕਿਤੇ ਮੇਰੀ ਲੋੜ ਪਵੇ ਤਾਂ ਮੇਰੇ ਨਾਲ ਗੱਲ ਕਰਨੋ ਝਿਜਕੀਂ ਨਾ |"
"ਭਾਈ ਸਾਅਬ ਜੀ, ਪੜ੍ਹਾਉਣ ਵਾਸਤੇ ਈ ਏਸ ਨੂੰ ਸੱਦਿਆ ਐ ਤੇ ਪੜ੍ਹਾਵਾਂਗੇ ਵੀ | ਜਿਸ ਦਿਨ ਦਾਖਲਾ ਸੁੰਰੂ ਹੋ ਗਿਆ ਆਪਾਂ ਏਸ ਨੂੰ ਦਾਖਲ ਕਰਵਾ ਦੇਣੈ, ਅਗੇ ਇਹਦੀ ਹਿੰਮਤ ਐ, ਜਿੰਨਾ ਪੜ੍ਹ ਸਕਦੈ ਪੜ੍ਹੇ, ਖਰਚ ਵਾਲੋਂ ਅਸੀਂ ਪਾਸਾ ਨਹੀਂ ਵਟਦੇ |" ਮੰਗਲ ਸਿੰਘ ਨੇ ਭਾਈ ਮਿੱਤ ਸਿੰਘ ਨੂੰ ਭਰੋਸਾ ਦਿਵਾਇਆ ਤੇ ਵਾਪਸ ਘਰ ਮੁੜ ਆਏ |
***************
ਮੰਦਵਾੜੇ ਕਾਰਨ ਬਹੁਤੀਆਂ ਲੰਬਰ ਮਿੱਲਾਂ ਬੰਦ ਹੋਣ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਸਨ | ਮੰਗਲ ਸਿੰਘ ਨੂੰ ਵੀ ਮਿੱਲ ਦੇ ਕੰਮ ਤੋਂ ਜਵਾਬ ਮਿਲ ਗਿਆ ਸੀ ਤੇ ਉਸ ਨੇ ਇਕ ਘੋੜਾ ਗਡੀ ਲੈ ਕੇ ਲਕੜਾਂ ਅਤੇ ਲਕੜ-ਬੂਰਾ ਵੇਚਣ ਦਾ ਧੰਦਾ ਅਪਣਾ ਲਿਆ | ਮੇਹਰ ਸਿੰਘ ਦੇ ਵੈਨਕੂਵਰ ਆਉਣ ਤੋਂ ਕੁਝ ਮਹੀਨੇ ਪਹਿਲਾਂ ਘੋੜਾ ਗੱਡੀ ਵੇਚ ਕੇ ਉਸ ਨੇ ਇਕ ਟਰੱਕ ਲੈ ਲਿਆ ਸੀ ਤੇ ਹੁਣ ਉਹ ਦੂਰ ਦੂਰ ਤੱਕ ਜਾ ਕੇ ਲਕੜਾਂ ਤੇ ਬੂਰਾ ਵੇਚਦਾ | ਅਜੇ ਯੂਨੀਵਰਸਿਟੀ ਦੀ ਪੜ੍ਹਾਈ ਸੁੰਰੂ ਹੋਣ ਵਿਚ ਤਿੰਨ ਮਹੀਨੇ ਰਹਿੰਦੇ ਸਨ ਇਸ ਲਈ ਮੇਹਰ ਸਿੰਘ ਵੀ ਆਪਣੇ ਫੁਫੜ ਨਾਲ ਲਕੜਾਂ ਵੇਚਣ ਚਲਿਆ ਜਾਂਦਾ, ਭਾਵੇਂ ਕਿ ਉਸ ਨੂੰ ਕੰਮ ਕਰਨ ਦਾ ਪਰਮਿਟ ਨਹੀਂ ਸੀ ਮਿਲਿਆ ਫੇਰ ਵੀ ਉਹ ਆਪਣੇ ਫੁਫੜ ਨਾਲ ਕੰਮ ਕਰਵਾਉਂਦਾ ਰਿਹਾ | ਇਸ ਸਮੇਂ ਦੌਰਾਨ ਉਸ ਨੇ ਟਰੱਕ ਚਲਾਉਣਾ ਵੀ ਸਿਖ ਲਿਆ |
ਯੂਨੀਵਰਸਿਟੀ ਖੁੱਲ੍ਹਣ 'ਤੇ ਮੇਹਰ ਸਿੰਘ ਨੇ ਭੱਜ ਨੱਠ ਕਰਕੇ ਦਾਖ਼ਲਾ ਤਾਂ ਲੈ ਲਿਆ ਪਰ ਪਹਿਲੇ ਦਿਨ ਤੋਂ ਹੀ ਮਸੀਬਤਾਂ ਦਾ ਸਾਹਮਣਾ ਕਰਨਾ ਪੈ ਗਿਆ | ਯੂਨੀਵਰਸਿਟੀ ਵਿਚ ਉਹ ਇਕੱਲਾ ਹੀ ਪੱਗ ਵਾਲਾ ਸਿੱਖ ਸੀ | ਉਸ ਦੀ ਪੱਗ ਹੀ ਮੁੰਡੇ ਕੁੜੀਆਂ ਦੀਆਂ ਸੰਰਾਰਤਾਂ ਦਾ ਵਸੀਲਾ ਬਣ ਗਈ | ਕੋਈ ਕਹਿੰਦਾ, "ਬਈ ਇਹ ਤੇਰੀ ਟੋਪੀ ਤਾਂ ਬੜੀ ਕਮਾਲ ਦੀ ਹੈ, ਇਸ ਨੂੰ ਸਿਰ ਤੋਂ ਲਾਹ ਕੇ ਦਿਖਾ |"
ਕਿਸੇ ਨੇ ਕਹਿਣਾ, "ਏਨੀ ਗਰਮੀ ਵਿਚ ਵੀ ਤੂੰ ਆਪਣੀ ਟੋਪੀ ਨੂੰ ਸਿਰ ਤੋਂ ਕਿਉਂ ਨਹੀਂ ਲਾਹੁੰਦਾ?"
ਇਕ ਦਿਨ ਕਿਸੇ ਸੰਰਾਰਤੀ ਮੁੰਡੇ ਨੇ ਪਿੱਛੋਂ ਦੀ ਹੋ ਕੇ ਆਹਿਸਤਾ ਜਿਹੇ ਪੱਗ ਨੂੰ ਉਸ ਦੇ ਸਿਰ ਤੋਂ ਲਾਹ ਲਿਆ ਅਤੇ ਉੱਚੀ ਅਵਾਜ਼ ਵਿਚ ਕਹਿਣ ਲੱਗਾ,"ਅਹਿ ਦੇਖੋ, ਇਸ ਦੀ ਟੋਪੀ ਵਿਚੋਂ ਕਿਹੋ ਜਿਹੀ ਬੋ ਆਉਂਦੀ ਹੈ?"
"ਵਾਹ! ਇਸ ਨੇ ਤਾਂ ਸਿਰ ਉਪਰ ਵਾਲਾਂ ਦਾ ਜੂੜਾ ਵੀ ਕੀਤਾ ਹੋਇਆ ਹੈ!" ਇਕ ਹੋਰ ਮੁੰਡਾ ਬੋਲਿਆ |
"ਇਸ ਦੇ ਸਿਰ ਵਿਚ ਜੂੰਆਂ ਵੀ ਹੋਣਗੀਆਂ |" ਇਸ ਤੋਂ ਪਹਿਲਾਂ ਕਿ ਉਹ ਮੁੰਡਾ ਪੱਗ ਨੂੰ ਠੁਡਾ ਮਾਰ ਕੇ ਦੂਰ ਸੁਟਦਾ ਮੇਹਰ ਸਿੰਘ ਨੇ ਝਪਟ ਮਾਰ ਕੇ ਉਸ ਕੋਲੋਂ ਪੱਗ ਖੋਹ ਲਈ | ਸਿਰ ਤੋਂ ਪੱਗ ਲਾਹੁਣ ਵਾਲੀ ਹਰਕਤ ਤੋਂ ਉਹ ਦੁਖੀ ਤਾਂ ਬਹੁਤ ਹੋਇਆ ਪਰ ਉਹ ਕਰ ਕੁਝ ਨਾ ਸਕਿਆ ਕਿਉਂਕਿ ਉਸ ਦੀ ਸੰਕਾਇਤ ਕਦੀ ਸੁਣੀ ਨਹੀਂ ਸੀ ਗਈ | ਇਕ ਦਿਨ ਦੁਖੀ ਹੋਏ ਨੇ ਆਪਣਾ ਸਿਰ ਮੁਨਾ ਕੇ ਪੱਗ ਤੋਂ ਹੀ ਖਹਿੜਾ ਛੁਡਾ ਲਿਆ ਪਰ ਸਿਰ ਦੇ ਵਾਲ਼ ਕਟਾਉਣ 'ਤੇ ਉਸ ਦੀ ਭੂਆ ਵੀਰੋ ਨੂੰ ਬਹੁਤ ਬੁਰਾ ਲੱਗਾ ਅਤੇ ਉਸ ਨੇ ਗੁੱਸੇ ਵਿਚ ਦੋ ਦਿਨ ਰੋਟੀ ਹੀ ਨਾ ਖਾਧੀ |
ਰੰਗ ਭਾਵੇਂ ਉਸ ਦਾ ਗੋਰਾ ਸੀ ਫੇਰ ਵੀ ਜਮਾਤ ਵਿਚ ਕੋਈ ਉਸ ਨੂੰ ਆਪਣੇ ਕੋਲ ਬਿਠਾਉਣ ਲਈ ਤਿਆਰ ਨਾ ਹੁੰਦਾ | ਕਈ ਵਾਰ ਉਸ ਦੇ ਸਾਈਕਲ ਨੂੰ ਪੰਕਚਰ ਕਰ ਦਿਤਾ ਗਿਆ | ਪਹਿਲੇ ਸਮਿਸਟਰ ਤੱਕ ਤਾਂ ਉਸ ਨੂੰ ਬਹੁਤ ਹੀ ਤੰਗ ਪਰੇਸੰਾਨ ਕੀਤਾ ਗਿਆ ਪਰ ਫੇਰ ਵੀ ਉਸ ਨੇ ਪਹਿਲੇ ਸਮਿਸਟਰ ਵਿਚ ਚੰਗੇ ਨੰਬਰ ਪ੍ਰਾਪਤ ਕਰ ਲਏੇ | ਹਿਸਾਬ ਤੇ ਕਮਿਸਟਰੀ ਵਿਚੋਂ ਤਾਂ ਉਹ ਪਹਿਲੇ ਦਰਜੇ ਤੇ ਰਿਹਾ | ਹੌਲ਼ੀ ਹੌਲ਼ੀ ਕੁਝ ਮੁੰਡੇ ਕੁੜੀਆਂ ਉਸ ਦੇ ਦੋਸਤ ਬਣ ਗਏ ਪਰ ਬਹੁਤੇ ਤਾਂ ਉਸ ਉਪਰ ਖਾਰ ਖਾਂਦੇ ਕਿ ਕੋਈ ਭੂਰੀ ਚਮੜੀ ਵਾਲਾ ਸਾਡੇ ਨਾਲੋਂ ਹੁਸਿੰਆਰ ਕਿਉਂ ਹੋ ਗਿਆ |
ਇਕ ਵਾਰ ਉਹ ਯੂਨੀਵਰਸਿਟੀ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਕੁਝ ਨਸਲਵਾਦੀ ਛੋਕਰਿਆਂ ਨੇ ਘੇਰ ਕੇ ਕੁੱਟਿਆ | ਉਸ ਦਾ ਅੰਗ ਭੰਗ ਤਾਂ ਕੋਈ ਨਾ ਹੋਇਆ ਪਰ ਗੁੱਝੀਆਂ ਸੱਟਾਂ ਬਹੁਤ ਲੱਗੀਆਂ ਜਿਸ ਕਾਰਨ ਕਈ ਦਿਨ ਉਹ ਯੂਨੀਵਰਸਿਟੀ ਨਾ ਜਾ ਸਕਿਆ | ਉਸ ਨੂੰ ਹਰ ਢੰਗ ਨਾਲ ਤੰਗ ਪਰੇਸੰਾਨ ਕੀਤਾ ਜਾਂਦਾ ਰਿਹਾ ਪਰ ਉਸ ਨੇ ਆਪਣੀ ਪੜ੍ਹਾਈ ਨਾ ਛੱਡੀ | ਮੰਗਲ ਸਿੰਘ ਵੀ ਉਸ ਨੂੰ ਹਲਾਸੰੇਰੀ ਦਿੰਦਾ ਰਹਿੰਦਾ ਜਿਸ ਕਰਕੇ ਉਸ ਦਾ ਹੌਸਲਾ ਬਣਿਆ ਰਿਹਾ |
ਮੇਹਰ ਸਿੰਘ ਨੇ ਯੂਨੀਵਰਸਿਟੀ ਦਾ ਪਹਿਲਾ ਸਾਲ ਪੂਰਾ ਕਰ ਲਿਆ | ਹੁਣ ਉਸ ਕੋਲ ਤਿੰਨ ਕੁ ਮਹੀਨਿਆਂ ਦੀ ਵਿਹਲ ਸੀ | ਉਸ ਦਾ ਵਿਚਾਰ ਸੀ ਕਿ ਉਹ ਆਪਣੇ ਫੁਫੜ ਨਾਲ ਲਕੜਾਂ ਦੀ ਢੋਆ ਢੁਆਈ ਵਿਚ ਸਹਾਇਤਾ ਕਰਵਾਏਗਾ ਪਰ ਇਕ ਦਿਨ ਮੰਗਲ ਸਿੰਘ ਉਸ ਨੂੰ ਕਹਿਣ ਲੱਗਾ, "ਹੁਣ ਤੂੰ ਤਿੰਨ ਮਹੀਨੇ ਵਿਹਲਾ ਬੈਠਾ ਕੀ ਕਰੇਂਗਾ, ਜੇ ਤੂੰ ਓਨਾ ਚਿਰ ਮਿੱਲ ਵਿਚ ਕੰਮ ਕਰ ਲਵੇਂ ਤਾਂ ਚੰਗਾ ਈ ਐ | ਤੂੰ ਪਹਿਲਾਂ ਵਾਂਗੂੰ ਛੁੱਟੀ ਵਾਲੇ ਦਿਨ ਮੇਰੇ ਨਾਲ ਕੰਮ 'ਤੇ ਚਲਿਆ ਜਾਇਆ ਕਰੀਂ |"
"ਜਿਵੇਂ ਥੋਡੀ ਮਰਜੀ ਪਰ ਮੇਰੀ ਮਰਜੀ ਇਹ ਸੀ ਕਿ ਤੁਸੀਂ ਇਹ ਤਿੰਨ ਮਹੀਨੇ 'ਰਾਮ ਕਰਦੇ ਤੇ ਲਕੜਾਂ ਵੇਚਣ ਦਾ ਕੰਮ ਮੈਂ ਕਰ ਲੈਂਦਾ ਜਾਂ ਮੈਂ ਥੋਡੇ ਨਾਲ ਮਦਦ ਈ ਕਰਵਾਈ ਜਾਂਦਾ |"
"ਮੈਂ ਘਰੇ ਬੈਠ ਕੇ ਕੀ ਕਰਨੈ? ਮਿੱਲ ਵਿਚ ਕੰਮ ਕਰਨ ਨਾਲ ਤੇਰੇ ਕੋਲ਼ ਚਾਰ ਪੈਸੇ ਹੋਰ ਆ ਜਾਣਗੇ | ਉਹ ਪੈਸੇ ਤੂੰ ਆਪਣੀ ਮਾਂ ਨੂੰ ਘਲਾ ਦੇਵੀਂ | ਤੇਰੀ ਪੜ੍ਹਾਈ ਦਾ ਖਰਚਾ ਤਾਂ ਇਥੋਂ ਤੁਰੀ ਜਾਊਗਾ |" ਮੰਗਲ ਸਿੰਘ ਨੇ ਸਮਝਾਇਆ |
ਮੇਹਰ ਸਿੰਘ ਨੂੰ ਸੌਖਿਆਂ ਹੀ ਲੰਬਰ ਮਿੱਲ ਵਿਚ ਕੰਮ ਮਿਲ ਗਿਆ | ਇਹ ਮਿੱਲ ਘਰ ਤੋਂ ਕੋਈ ਦਸ ਕੁ ਮੀਲ ਦੂਰ ਸੀ | ਉਸ ਨੂੰ ਸਾਈਕਲ 'ਤੇ ਇਹ ਵਾਟ ਕੋਈ ਬਹੁਤੀ ਨਹੀਂ ਸੀ ਲਗਦੀ | ਉਸ ਨੂੰ ਮਿੱਲ ਵਿਚ ਕੰਮ ਕਰਦਿਆਂ ਢਾਈ ਕੁ ਮਹੀਨੇ ਹੋਏ ਹੋਣਗੇ ਕਿ ਇਕ ਦਿਨ ਲਕੜਾਂ ਲਦਦਿਆਂ ਮੰਗਲ ਸਿੰਘ ਤਿਲਕ ਕੇ ਡਿਗ ਪਿਆ ਤੇ ਉਸ ਦਾ ਗਿੱਟਾ ਟੁਟ ਗਿਆ ਅਤੇ ਚੂਕਣੇ 'ਤੇ ਵੀ ਸੱਟ ਲਗ ਗਈ ਜਿਸ ਕਾਰਨ ਉਸ ਨੂੰ ਘਰ ਬੈਠ ਜਾਣਾ ਪਿਆ | ਮਿੱਲ ਦਾ ਕੰਮ ਛੱਡ ਕੇ ਕੁਝ ਦਿਨ ਮੇਹਰ ਸਿੰਘ ਲਕੜਾਂ ਵੇਚਣ ਜਾਂਦਾ ਰਿਹਾ | ਜਦ ਮੰਗਲ ਸਿੰਘ ਨੂੰ ਇਹ ਪੱਕ ਹੋ ਗਿਆ ਕਿ ਉਸ ਲਈ ਤੁਰ ਫਿਰ ਕੇ ਕੰਮ ਕਰਨਾ ਬਹੁਤ ਔਖਾ ਹੈ ਤਾਂ ਉਸ ਨੇ ਇਕ ਦਿਨ ਮੇਹਰ ਸਿੰਘ ਨੂੰ ਆਪਣੇ ਕੋਲ਼ ਸੱਦ ਕੇ ਕਿਹਾ,"ਮੈਨੂੰ ਲਗਦੈ ਬਈ, ਹੁਣ ਮੇਰੇ ਕਲ਼ੋਂ ਕੰਮ ਨਈ ਹੋਣਾ | ਗਿੱਟਾ ਵੀ ਭਾਰ ਨਈਂ ਝਲਦਾ ਤੇ ਸਾਲਾ ਲੱਕ ਵੀ ਨਈਂ ਹਿਲਦਾ | ਐਂ ਲਗਦਾ ਜਿਵੇਂ ਪਾਸਾ ਈ ਮਾਰਿਆ ਗਿਆ ਹੋਵੇ | ਮੇਰੀ ਸਲਾਹ ਐ ਕਿ ਟਰੱਕ ਵੇਚ ਦਿੱਤਾ ਜਾਵੇ ਤੇ ਤੂੰ ਆਪਣੀ ਪੜ੍ਹਾਈ ਚਾਲੂ ਕਰ ਤੇ ਜਾ ਕੇ ਯੂਨੀਵਰਸਿਟੀ ਵਿਚ ਦਾਖਲਾ ਲੈ ਆ |"
"ਫੁਫੜ ਜੀ, ਹੁਣ ਮੈਂ ਹੋਰ ਨਹੀਂ ਪੜ੍ਹਨਾ | ਡਿਗਰੀ ਲੈ ਕੇ ਕਿਹੜਾ ਕੋਈ ਚੱਜਦੀ ਨੌਕਰੀ ਮਿਲ ਜਾਣੀ ਐ | ਪੜ੍ਹਾਈ ਪੂਰੀ ਕਰਕੇ ਵੀ ਲੰਬਰ ਮਿੱਲਾਂ ਵਿਚ ਹੀ ਕੰਮ ਕਰਨਾ ਪੈਣਾ ਐ, ਫੇਰ ਕਿਉਂ ਨਾ ਹੁਣੇ ਤੋਂ ਹੀ ਆਪਣੇ ਕੰਮ ਵਿਚ ਲੱਗ ਜਾਵਾਂ | ਟਰੱਕ ਵੇਚਣ ਦੀ ਲੋੜ ਨਹੀਂ, ਮੈਂ ਇਹ ਕੰਮ ਚਾਲੂ ਰਖੂੰਗਾ |" ਮੇਹਰ ਸਿੰਘ ਨੇ ਕਿਹਾ |
"ਸਿਆਣਾ ਬਣ ਕੇ ਸੋਚੀਦੈ, ਜੇ ਤੂੰ ਪੜ੍ਹਾਈ ਛੱਡ ਦਿੱਤੀ ਤੇ ਇਕੱਲਾ ਕੰਮ ਕਰਨ ਲੱਗ ਪਿਆ ਤਾਂ ਤੈਨੂੰ ਕਿਸੇ ਦੋ ਦਿਨ ਵੀ ਏਥੇ ਨਈਂ ਰਹਿਣ ਦੇਣਾ | ਅਗਲੇ ਕੰਨੋ ਫੜ ਕੇ ਘਰ ਨੂੰ ਤੋਰ ਦੇਣਗੇ ਤੇ ਆਪਣਾ ਪੰਜ ਸੌ ਡਾਲਾ ਵੀ ਜਬਤ ਹੋ ਜਾਊ | ਮੇਰੇ ਨਾਲ ਕੰਮ ਕਰਨਾ ਹੋਰ ਗੱਲ ਸੀ | ਤੂੰ ਬੰਦਾ ਬਣ ਕੇ ਦਾਖਲਾ ਭਰ ਕੇ ਆ | ਟਰੱਕ ਮੈਂ ਵੇਚ ਈ ਦੇਣੈ |"
"ਦਾਖਲਾ ਤਾਂ ਮੈਂ ਭਰ ਆਊਂ ਪਰ ਤੁਸੀਂ ਟਰੱਕ ਨਾ ਵੇਚਿਉ | ਵੇਲੇ ਕੁਵੇਲੇ ਮੈਂ ਕੰਮ ਕਰ ਆਇਆ ਕਰੂੰ ਤੇ ਮਹੀਨੇ ਖੰਡ ਵਿਚ ਤੁਸੀਂ ਵੀ ਨੌ-ਬਰ-ਨੌ ਹੋ ਜਾਣੈ |" ਮੇਹਰ ਸਿੰਘ ਟਰੱਕ ਵੇਚ ਕੇ ਕੰਮ ਛੱਡ ਦੇਣ ਦੇ ਹੱਕ ਵਿਚ ਨਹੀਂ ਸੀ |
"ਪੁਤਰਾ, ਆਪਣੇ ਸਰੀਰ ਦਾ ਮੈਨੂੰ ਬਹੁਤਾ ਪਤਾ ਐ | ਇਹ ਹੁਣ ਪਹਿਲੇ ਤਾੜੇ ਆਉਣ ਵਾਲਾ ਨਹੀਂ | ਪਚਵੰਜਾ ਛਪੰਜਾ ਸਾਲਾਂ ਦਾ ਤਾਂ ਮੈਂ ਹੋਗਿਆ ਹਾਂ, ਹੁਣ ਮੇਰੇ ਕੋਲੋਂ ਕਿੱਥੇ ਕੰਮ ਹੋ ਸਕਣੈ | ਭਾਵੇਂ ਮੈਂ ਕੰਮ ਨਾ ਵੀ ਕਰਾਂ ਪਰ ਤੂੰ ਆਪਣੀਆਂ ਫੀਸਾਂ ਦਾ ਫਿਕਰ ਨਾ ਕਰੀਂ | ਬੇਫਿਕਰ ਹੋ ਕੇ ਆਪਣੀ ਪੜ੍ਹਾਈ ਕਰੀ ਜਾਈਂ, ਤੇਰੀਆਂ ਫੀਸਾਂ ਦੇਣ ਜੋਗੇ ਪੈਸੇ ਹੈਗੇ ਐ ਆਪਣੇ ਕੋਲ |" ਮੰਗਲ ਸਿੰਘ ਸਮਝਦਾ ਸੀ ਕਿ ਮੇਹਰ ਸਿੰਘ ਪੈਸਿਆਂ ਦੀ ਥੁੜੋਂ ਕਾਰਨ ਪੜ੍ਹਾਈ ਛੱਡਣ ਬਾਰੇ ਸੋਚਦਾ ਹੈ |
"ਨਹੀਂ, ਫੁਫੜ ਜੀ, ਪੈਸਿਆਂ ਦੀ ਗੱਲ ਨਹੀਂ | ਏਥੇ ਪੜ੍ਹਾਈ ਕਰਨ ਦਾ ਫਾਇਦਾ ਕੋਈ ਨਹੀਂ | ਪਹਿਲਾਂ ਵੀ ਇੱਥੇ ਹਜਾਰਾ ਸਿੰਘ ਗਰਚਾ ਨੇ ਐਮ।ਐਸ।ਸੀ। ਕੀਤੀ ਐ ਤੇ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ | ਸੁਣਿਐ ਉਹ ਅਲਬਰਟਾ ਵੱਲੀਂ ਲੰਬਰ ਮਿੱਲਾਂ ਵਿਚ ਈ ਧੱਕੇ ਖਾਂਦਾ ਫਿਰਦਾ ਐ ਤੇ ਹੋਰ ਵੀ ਕਈ ਸਾਧੂ ਸਿੰਘ ਧਾਮੀ ਵਰਗੇ ਇੱਥੋਂ ਪੜ੍ਹ ਕੇ ਵਿਹਲੇ ਈ ਫਿਰਦੇ ਐ | ਇਹ ਸਰਕਾਰਾਂ ਓਥੇ ਵੀ ਵਿਤਕਰਾ ਕਰਦੀਆਂ ਸੀ ਤੇ ਏਥੇ ਵੀ ਵਿਤਕਰਾ ਕਰਦੀਆਂ ਨੇ | ਇਕੱਲਾ ਆਪਣੇ ਨਾਲ ਹੀ ਨਹੀਂ ਚੀਨਿਆਂ ਜਪਾਨੀਆਂ ਨਾਲ ਵੀ ਇਹਨਾ ਦਾ ਇਹੋ ਸਲੂਕ ਐ | ਏਸੇ ਕਰਕੇ ਸੋਚਦਾਂ ਕਿ ਅਗਾਂਹ ਨਾ ਹੀ ਪੜ੍ਹਾਂ |" ਮੇਹਰ ਸਿੰਘ ਨੇ ਆਪਣੇ ਮਨ ਦੀ ਗੱਲ ਦੱਸ ਦਿੱਤੀ |
"ਮੇਹਰ ਸਿਆਂ, ਆਪਾਂ ਏਥੇ ਰਹਿਣਾ ਈ ਨਹੀਂ | ਕੰਮ ਦੇ ਕਾਰਨ ਏਥੇ ਰਹਿੰਦੇ ਸੀ | ਜਦੋ ਕੰਮ ਈ ਨਹੀਂ ਕਰਨਾ ਫੇਰ ਏਥੇ ਰਹਿ ਕੇ ਵੀ ਕੀ ਕਰਨੈ ਤੇ ਤੇਰੀ ਭੂਆ ਵੀ ਢਿੱਲੀ ਮੱਠੀ ਰਹਿੰਦੀ ਐ | ਜਦੋਂ ਤੇਰੀ ਪੜ੍ਹਾਈ ਪੂਰੀ ਹੋ ਗਈ ਤਾਂ ਆਪਾਂ ਵਾਪਸ ਮੁੜ ਜਾਣੈ | ਓਥੇ ਤੂੰ ਕੋਈ ਵੱਡਾ ਅਫਸਰ ਲੱਗ ਈ ਜਾਏਂਗਾ | ਏਸ ਕਰਕੇ ਤੂੰ ਆਪਣੀ ਪੜ੍ਹਾਈ ਛੇਤੀ ਛੇਤੀ ਪੂਰੀ ਕਰ ਲੈ |" ਮੰਗਲ ਸਿੰਘ ਸੋਚਦਾ ਸੀ ਕਿ ਜਦੋਂ ਇਹ ਪੜ੍ਹਾਈ ਕਰਨ ਆਇਆ ਹੈ ਤਾਂ ਆਪਣੀ ਪੜ੍ਹਾਈ ਪੂਰੀ ਕਰਕੇ ਹੀ ਜਾਵੇ |
ਮੇਹਰ ਸਿੰਘ ਯੂ।ਬੀ।ਸੀ। ਵਿਚ ਦਾਖ਼ਲ ਹੋ ਗਿਆ ਅਤੇ ਉਸ ਦੇ ਨਾਲ ਪਿਛਲੇ ਸਾਲ ਵਾਲੇ ਦੋਸਤ ਮੁੰਡੇ ਕੁੜੀਆਂ ਨੇ ਵੀ ਦਾਖ਼ਲਾ ਲੈ ਲਿਆ ਸੀ | ਹੁਣ ਯੂਨੀਵਰਸਿਟੀ ਵਿਚ ਉਸ ਦਾ ਜੀਅ ਵੀ ਲਗਣ ਲੱਗ ਪਿਆ ਸੀ ਪਰ ਜਦੋਂ ਉਹ ਘਰ ਆ ਜਾਂਦਾ ਤਾਂ ਉਸ ਦੇ ਮਨ ਉਪਰ ਇਕ ਬੋਝ ਜਿਹਾ ਪਿਆ ਰਹਿੰਦਾ | ਉਹ ਆਪਣੇ ਆਪ ਨੂੰ ਭੂਆ ਫੁਫੜ ਉਪਰ ਇਕ ਭਾਰ ਸਮਝਦਾ | ਪਹਿਲਾਂ ਉਹ ਆਪਣੇ ਫੁਫੜ ਨਾਲ ਵਿਹਲੇ ਸਮੇਂ ਕੰਮ ਕਰਵਾ ਦਿੰਦਾ ਸੀ ਪਰ ਹੁਣ ਟਰੱਕ ਵੇਚ ਦੇਣ ਕਰਕੇ ਘਰ ਵਿਚ ਕੋਈ ਕੰਮ ਹੀ ਨਹੀਂ ਰਹਿ ਗਿਆ ਸੀ | ਮੰਗਲ ਸਿੰਘ ਅਜੇ ਤੁਰਨ ਫਿਰਨ ਜੋਗਾ ਹੋਇਆ ਨਹੀਂ ਸੀ | ਉਹ ਕਮਰੇ ਵਿਚ ਪਿਆ ਰਹਿੰਦਾ ਤੇ ਵੀਰੋ ਕਦੀ ਕਦਾਈਂ ਗੁਰਦਵਾਰੇ ਹੋ ਆਉਂਦੀ ਤੇ ਫੇਰ ਚੁੱਪ ਕਰਕੇ ਮੰਗਲ ਸਿੰਘ ਦੇ ਕੋਲ ਆ ਬੈਠਦੀ | ਮੇਹਰ ਸਿੰਘ ਦੀਆਂ ਛੁੱਟੀਆਂ ਵੀ ਵਿਹਲੇ ਦੀਆਂ ਹੀ ਲੰਘਦੀਆਂ | ਉਸ ਨੂੰ ਆਪਣੀ ਜ਼ਿੰਦਗੀ ਨੀਰਸ ਹੋਈ ਜਾਪਣ ਲੱਗੀ | ਉਹ ਕੰਮ ਕਰਨਾ ਚਾਹੁੰਦਾ ਸੀ, ਭਾਵੇਂ ਕਿਹੋ ਜਿਹਾ ਵੀ ਹੋਵੇ | ਇਕ ਦਿਨ ਉਸ ਨੇ ਆਪਣੀ ਇਹ ਸਮੱਸਿਆ ਆਪਣੇ ਚੀਨੇ ਦੋਸਤ ਚੀਆਂਗ ਨਾਲ ਸਾਂਝੀ ਕੀਤੀ | ਉਸ ਨੇ ਸਮਝਾਇਆ,"ਤੂੰ ਇਮੀਗ੍ਰੇਸੰਨ ਦੇ ਦਫਤਰ ਜਾ ਕੇ ਸਾਰੀ ਗੱਲ ਦੱਸ ਦੇਵੀਂ ਕਿ ਤੈਨੂੰ ਇੱਥੇ ਆਏ ਨੂੰ ਦੋ ਸਾਲ ਹੋਣ ਵਾਲੇ ਨੇ ਤੂੰ ਇੱਥੇ ਕੋਈ ਕੰਮ ਨਹੀਂ ਕੀਤਾ | ਤੇਰੀ ਪੜ੍ਹਾਈ ਦਾ ਖਰਚਾ ਹੁਣ ਤਕ ਉਹੀ ਰਿਸੰਤੇਦਾਰ ਦਿੰਦਾ ਰਿਹਾ ਸੀ ਜਿਸ ਨੇ ਤੈਨੂੰ ਸੰਪਾਂਸਰ ਕੀਤਾ ਸੀ ਪਰ ਹੁਣ ਉਹ ਸੱਟ ਲੱਗ ਜਾਣ ਕਾਰਨ ਨਿਕਾਰਾ ਹੋ ਗਿਆ ਹੈ ਤੇ ਤੂੰ ਆਪਣੀ ਪੜ੍ਹਾਈ ਪੂਰੀ ਕਰਨੀ ਚਾਹੁੰਦਾ ਹੈਂ | ਤੂੰ ਆਪਣੀ ਕਹਾਣੀ ਵਿਚ ਪੂਰਾ ਦਰਦ ਭਰ ਕੇ ਉਸ ਨੂੰ ਬਿਆਨ ਕਰੀਂ, ਫੇਰ ਦੇਖੀਂ ਤੈਨੂੰ ਝਟ ਵਰਕ ਪਰਮਿਟ ਮਿਲ ਜਾਵੇਗਾ"|
ਮੇਹਰ ਸਿੰਘ ਹੌਸਲਾ ਕਰਕੇ ਇਕ ਦਿਨ ਇਮੀਗ੍ਰੇਸੰਨ ਦੇ ਦਫਤਰ ਜਾ ਵੜਿਆ | ਉੱਥੇ ਉਸ ਨੂੰ ਅਸਿਸਟੈਂਟ ਅਫਸਰ ਮੈਕਡੂਗਲ ਨਾਲ ਗੱਲ ਕਰਨ ਲਈ ਕਿਹਾ ਗਿਆ | ਮੇਹਰ ਸਿੰਘ ਨੇ ਆਪਣੀ ਕਹਾਣੀ ਨੂੰ ਅਜੇਹੇ ਦਰਦਨਾਕ ਢੰਗ ਨਾਲ ਬਿਆਨ ਕੀਤਾ ਕਿ ਪਤਾ ਨਹੀਂ ਅਫਸਰ ਨੂੰ ਉਸ ਉਪਰ ਤਰਸ ਆ ਗਿਆ ਜਾਂ ਕਿ ਮੇਹਰ ਸਿੰਘ ਦਾ ਹੱਕ ਹੀ ਬਣਦਾ ਸੀ, ਜਿਹੜਾ ਉਸ ਨੂੰ ਮਿਲਣਾ ਚਾਹੀਦਾ ਸੀ | ਉਸ ਨੂੰ ਵਰਕ ਪਰਮਿਟ ਮਿਲ ਗਿਆ | ਵਰਕ ਪਰਮਿਟ ਮਿਲ ਜਾਣ ਨਾਲ ਉਸ ਨੂੰ ਬਹੁਤ ਖੁਸੰੀ ਹੋਈ | ਵਿਹਲੇ ਵੇਲੇ ਉਹ ਜੌਨ ਔਲੀਵਰ ਦੇ ਫਾਰਮ ਵਿਚ ਕੰਮ ਕਰਨ ਚਲਿਆ ਜਾਂਦਾ, ਜਿਹੜਾ ਕਿ ਉਹਨਾਂ ਦੀ ਰਹਾਇਸੰ ਤੋਂ ਨੇੜੇ ਹੀ ਸੀ | ਇਸ ਤਰਾਂ ਉਹ ਆਪਣੀ ਲੋੜ ਜੋਗੀ ਕਮਾਈ ਕਰ ਲੈਂਦਾ | ਕਮਾਈ ਕਰਕੇ ਉਸ ਨੂੰ ਮਾਨਸਿਕ ਸੰਤੁਸੰਟੀ ਮਿਲਦੀ | ਮੰਗਲ ਸਿੰਘ ਵੀ ਹੁਣ ਫੌੜੀਆਂ ਦੇ ਆਸਰੇ ਤੁਰਨ ਫਿਰਨ ਲੱਗ ਗਿਆ ਸੀ | ਉਹ ਹੌਲ਼ੀ ਹੌਲ਼ੀ ਤੁਰ ਕੇ ਵੀਰੋ ਨਾਲ ਗੁਰਦਵਾਰੇ ਚਲਿਆ ਜਾਂਦਾ |
ਵਿਸਾਖੀ ਦੇ ਆਲੇ ਦੁਆਲੇ ਹਰ ਸਾਲ ਵੈਨਕੂਵਰ ਦੇ ਗੁਰਦਵਾਰੇ ਵਿਚ ਦੂਰ ਦੂਰ ਦੇ ਸੰਹਿਰਾਂ ਤੋਂ ਆ ਕੇ ਬਹੁਤ ਸਾਰੇ ਸਿੱਖ ਇਕੱਠੇ ਹੁੰਦੇ | ਇਸ ਨੂੰ ਜੋੜ ਮੇਲਾ ਆਖਿਆ ਜਾਂਦਾ ਸੀ | ਇਸ ਸਾਲ ਵੀ ਵਿਸਾਖੀ ਦੇ ਜੋੜ ਮੇਲੇ ਉਪਰ ਬੜਾ ਭਰਵਾਂ ਇਕੱਠ ਹੋਇਆ | ਇਸ ਵਾਰ ਮੰਗਲ ਸਿੰਘ ਦਾ ਪੁਰਾਣਾ ਬੇਲੀ ਚੰਨਣ ਸਿੰਘ ਜਿਹੜਾ ਰੇਲਵੇ ਟਰੈਕ 'ਤੇ ਉਸ ਨਾਲ ਕੰਮ ਕਰਦਾ ਰਿਹਾ ਸੀ, ਆਪਣੇ ਪਰਿਵਾਰ ਸਮੇਤ ਆਇਆ ਹੋਇਆ ਸੀ | ਰੇਲਵੇ ਦਾ ਕੰਮ ਛੁੱਟ ਜਾਣ ਮਗਰੋਂ ਉਹ ਵੈਨਕੂਵਰ ਆਈਲੈਂਡ ਦੇ ਸੰਹਿਰ ਵਿਕਟੋਰੀਆ, ਜਿਹੜਾ ਬੀ।ਸੀ। ਦੀ ਰਾਜਧਾਨੀ ਸੀ, ਵੱਲ ਚਲਾ ਗਿਆ ਸੀ ਤੇ ਉੱਥੇ ਹੀ ਕੰਮ ਕਰਦਾ ਰਿਹਾ ਸੀ ਅਤੇ ਹੁਣ ਡੰਕਨ ਸੰਹਿਰ ਦੇ ਕੋਲ ਪਾਲਦੀ ਵਿਚ ਰਹਿੰਦਾ ਸੀ ਜਿਹੜਾ ਹੁਸਿੰਆਰ ਪੁਰ ਜ਼ਿਲੇ ਦੇ ਪਾਲਦੀ ਪਿੰਡ ਦੇ ਵਸਨੀਕਾਂ ਨੇ ਆਪਣੀਆਂ ਲਕੜ ਮਿੱਲਾਂ ਕੋਲ ਹੀ ਵਸਾ ਲਿਆ ਸੀ | ਮੰਗਲ ਸਿੰਘ ਤੇ ਵੀਰੋ ਉਸ ਦੇ ਪਰਵਾਰ ਨੂੰ ਮਿਲ ਕੇ ਬਹੁਤ ਖੁਸੰ ਹੋਏ | ਦੁਪਹਿਰ ਦੇ ਦੀਵਾਨ ਦੀ ਸਮਾਪਤੀ ਮਗਰੋਂ ਮੰਗਲ ਸਿੰਘ ਉਹਨਾਂ ਨੂੰ ਆਪਣੇ ਘਰ ਲੈ ਆਇਆ | ਰਸਮੀ ਗੱਲਾਂ ਕਰਨ ਮਗਰੋਂ ਚੰਨਣ ਸਿੰਘ ਕਹਿਣ ਲੱਗਾ,"ਮੰਗਲ ਸਿਆਂ, ਮੈਨੂੰ ਤਾਂ ਮੁੰਡੇ ਕੁੜੀ ਦਾ ਫਿਕਰ ਈ ਵੱਢ ਵੱਢ ਖਾਈ ਜਾਂਦਾ ਏ | ਮੀਤੋ ਅਠਾਰਾਂ ਸਾਲਾਂ ਦੀ ਹੋ ਗਈ ਐ ਤੇ ਸੇਮਾ ਵੀਹਵੇਂ ਸਾਲ ਵਿਚ ਏ ਪਰ ਇਹਨਾਂ ਦੇ ਵਿਆਹਾਂ ਦਾ ਕੋਈ ਜੁਗਾੜ ਨਹੀਂ ਬਣ ਰਿਹਾ | ਮੁੰਡੇ ਦੇ ਵਿਆਹ ਦਾ ਨਹੀਂ ਮੈਨੂੰ ਬਹੁਤਾ ਫਿਕਰ ਇਸ ਦਾ ਪੰਜ ਸੱਤ ਸਾਲ ਨਾ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਪਰ ਕੁਆਰੀ ਕੁੜੀ ਨੂੰ ਬੂਹੇ ਬਿਠਾਈ ਰੱਖਣਾ ਬਹੁਤ ਔਖਾ ਏ|"
"ਤੂੰ ਇੰਡੀਆ ਜਾ ਕੇ ਕਿਉਂ ਨਹੀਂ ਵਿਆਹ ਕਰ ਆਉਂਦਾ? ਇਹਨਾਂ ਦੇ ਪਾਸਪੋਰਟਾਂ ਦੇ ਤਾਂ ਮੁਹਰਾਂ ਆਉਂਦਿਆਂ ਹੀ ਲੱਗ ਗਈਆਂ ਹੋਣਗੀਆਂ |" ਮੰਗਲ ਸਿੰਘ ਨੇ ਸੁਝਾ ਦਿੱਤਾ |
"ਮੁਹਰਾਂ ਲੱਗਣ ਨਾ ਲੱੱਗਣ ਦੀ ਗੱਲ ਨਹੀਂ, ਇੰਡੀਆਂ ਜਾਣਾ ਹੀ ਬਹੁਤਾ ਮੁਸੰਕਲ ਐ | ਪੰਜ ਸਾਲ ਹੋ ਗਏ ਐ ਪਰਵਾਰ ਨੂੰ ਏਥੇ ਆਇਆਂ, ਬਸ ਠੂਠੇ ਨਾਲ ਕਨਾਲਾ ਈ ਵਜਦਾ ਏ | ਉਦੋਂ ਦੀ ਇਕ ਦਮੜੀ ਨਹੀਂ ਜੁੜ ਸਕੀ ਸਾਡੇ ਕੋਲੋਂ, ਜਾਈਏ ਕਿਹੜੇ ਹੌਸਲੇ | ਆਹ ਪਿਛਲੇ ਸਾਲ ਮੁੰਡੇ ਨੂੰ ਮੇਰੇ ਵਾਲੀ ਮਿੱਲ ਵਿਚ ਕੰਮ ਮਿਲਿਆ ਸੀ ਤੇ ਮੈਨੂੰ ਅਗਲਿਆਂ ਕੰਮ ਤੋਂ ਜਵਾਬ ਦੇ ਦਿੱਤਾ | ਹੁਣ ਮੈਂ ਇਕ ਗੋਰੇ ਦੇ ਫਾਰਮ ਵਿਚ ਮਾੜਾ ਮੋਟਾ ਕੰਮ ਕਰ ਲੈਂਦਾ ਹਾਂ |" ਚੰਨਣ ਸਿੰਘ ਨੇ ਆਪਣਾ ਦੁਖੜਾ ਰੋਇਆ |
ਚੰਨਣ ਸਿੰਘ ਦੀ ਗੱਲ ਸੁਣ ਕੇ ਮੰਗਲ ਸਿੰਘ ਮੱਥੇ ਉਪਰ ਹੱਥ ਰਖ ਕੇ ਕੁਝ ਸੋਚਣ ਲੱਗਾ | ਥੋੜਾ ਚਿਰ ਚੁੱਪ ਰਹਿਣ ਤੋਂ ਮਗਰੋਂ ਉਹ ਬੋਲਿਆ, "ਚੰਨਣ ਸਿਆਂ, ਮੇਰੇ ਰਿਸੰਤੇਦਾਰ ਇੰਦਰ ਸਿੰਘ ਨੂੰ ਤਾਂ ਤੂੰ ਚੰਗੀ ਤਰਾਂ ਜਾਣਦਾ ਈ ਏਂ, ਤੇਰਾ ਵੀ ਬੜਾ ਮਿਲਾਪੀ ਹੁੰਦਾ ਸੀ |"
"ਹਾਂ, ਹਾਂ, ਉਸ ਨੂੰ ਆਪਾਂ ਕਿਵੇਂ ਭੁੱਲ ਸਕਦੇ ਆਂ | ਉਹੀ ਤਾਂ ਸੀ ਜਿਹੜਾ ਹਰ ਔਖ ਸੌਖ ਵਿਚ ਆਪਣੇ ਮੂਹਰੇ ਹੁੰਦਾ ਸੀ | ਉਸ ਵਰਗਾ ਸੂਰਮਾ ਕਿਸ ਬਣ ਜਾਣਾ ਏ | ਸਭ ਕੁਛ ਛੱਡ ਛਡਾ ਕੇ ਏਥੋਂ ਚਲਿਆ ਗਿਆ ਤੇ ਉੱਥੇ ਜਾ ਕੇ ਦੇਸੰ ਲਈ ਸੰਹੀਦ ਹੋ ਗਿਆ |" ਮੰਗਲ ਸਿੰਘ ਦੀ ਗੱਲ ਨੂੰ ਵਿਚਕਾਰੋਂ ਟੋਕ ਕੇ ਚੰਨਣ ਸਿੰਘ ਨੇ ਇੰਦਰ ਸਿੰਘ ਦੀ ਸਿਫਤ ਕੀਤੀ | ਉਹ ਹੋਰ ਵੀ ਉਸ ਬਾਰੇ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਮੰਗਲ ਸਿੰਘ ਨੇ ਗੱਲ ਦਾ ਸਿਰਾ ਆਪਣੇ ਹੱਥ ਵਿਚ ਫੜਦਿਆਂ ਕਿਹਾ, "ਇਹ ਮੁੰਡਾ ਜਿਹੜਾ ਮੇਰੇ ਕੋਲ ਰਹਿੰਦਾ ਐ, ਇਹ ਇੰਦਰ ਸਿੰਘ ਦਾ ਹੀ ਮੁੰਡਾ ਐ ਤੇ ਏਥੇ ਯੂ।ਬੀ।ਸੀ। ਵਿਚ ਪੜ੍ਹਦੈ | ਹੈ ਵੀ ਆਪਣੀ ਲਟਕੀ ਦੇ ਹਾਣ ਪਰਵਾਨ |"
ਨੇੜੇ ਬੈਠੀ ਵੀਰੋ ਨੇ ਇਹ ਗੱਲ ਸੁਣੀ ਤਾਂ ਉਹ ਝੱਟ ਬੋਲ ਪਈ, "ਨਾ, ਨਾ, ਵੀਰ ਮਿੰਦ੍ਹਰ ਤੇ ਭਾਬੀ ਹਰ ਕੁਰ ਦੀ ਰੈਅ ਤੋਂ ਬਿਨਾਂ ਆਪਾਂ ਕੋਈ ਹਾਮੀ ਨਹੀਂ ਭਰ ਸਕਦੇ | ਤੇ ਕੀ ਪਤਾ ਮੇਹਰੂ ਦੇ ਦਿਲ ਵਿਚ ਕੀ ਗੱਲ ਹੋਵੇ | ਉਹ ਤਾਂ ਪੜ੍ਹਾਈ ਪੂਰੀ ਕਰਕੇ ਵਾਪਸ ਮੁੜ ਜਾਣ ਨੂੰ ਕਹਿੰਦਾ ਐ |"
"ਜੇ ਰਿਸੰਤਾ ਹੋਇਆ ਤਾਂ ਉਹਨਾਂ ਤੋਂ ਪੁੱਛ ਕੇ ਹੀ ਹੋਊਗਾ | ਮੈਂ ਤਾਂ ਅਜੇ ਸਧਾਰਨ ਗੱਲ ਈ ਕੀਤੀ ਐ |" ਮੰਗਲ ਸਿੰਘ ਨੇ ਕਿਹਾ |
ਪਰੰਤੂ ਇਹ ਗੱਲ ਸਾਧਾਰਨ ਨਾ ਰਹੀ | ਸੁਹਣੇ ਨੈਣ ਨਕਸੰ ਵਾਲੀ ਕੱਦਾਵਰ ਮੀਤੋ ਮੇਹਰ ਸਿੰਘ ਨੂੰ ਵੀ ਪਸੰਦ ਆ ਗਈ | ਮੰਗਲ ਸਿੰਘ ਨੇ ਮੇਹਰ ਸਿੰਘ ਦੇ ਘਰਦਿਆਂ ਨੂੰ ਇਸ ਰਿਸੰਤੇ ਬਾਰੇ ਚਿੱਠੀ ਲਿਖ ਦਿੱਤੀ | ਉਹਨਾਂ ਵੀ ਇਹ ਰਿਸੰਤਾ ਲੈ ਲੈਣ ਲਈ ਹਾਮੀ ਭਰ ਦਿੱਤੀ | ਚੰਨਣ ਸਿੰਘ ਨੇ ਤਾਂ ਗੱਲ ਦੇ ਸੁੰਰੂ ਹੁੰਦਿਆਂ ਹੀ ਮੇਹਰ ਸਿੰਘ ਨੂੰ ਆਪਣੇ ਜਵਾਈ ਦੇ ਰੂਪ ਵਿਚ ਝੱਟ ਸਵੀਕਾਰ ਕਰ ਲਿਆ ਸੀ | ਸਾਰਿਆਂ ਦੀ ਸਹਿਮਤੀ ਨਾਲ ਜੁਲਾਈ 1936 ਨੂੰ ਗੁਰਮੀਤ ਕੌਰ ਉਰਫ ਮੀਤੋ ਅਤੇ ਮੇਹਰ ਸਿੰਘ ਦਾ ਵਿਆਹ ਬਹੁਤ ਹੀ ਸਾਦੀਆਂ ਰਸਮਾਂ ਨਾਲ ਵੈਨਕੂਵਰ ਦੇ ਗੁਰਦਵਾਰੇ ਵਿਚ ਹੋ ਗਿਆ |
ਵਿਆਹ ਹੋ ਜਾਣ ਤੋਂ ਮਗਰੋਂ ਜਦੋਂ ਯੂਨੀਵਰਸਿਟੀ ਵਿਚ ਦਾਖ਼ਲੇ ਦਾ ਸਮਾਂ ਆਇਆ ਤਾਂ ਮੇਹਰ ਸਿੰਘ ਨੇ ਅਗਾਂਹ ਦੀ ਪੜ੍ਹਾਈ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ | ਉਸ ਨੇ ਮੰਗਲ ਸਿੰਘ ਨੂੰ ਕਿਹਾ,"ਕਿਸੇ ਆਮਦਨ ਤੋਂ ਬਿਨਾਂ ਚਾਰ ਜੀਆਂ ਦੇ ਪਰਵਾਰ ਲਈ ਉਂਝ ਹੀ ਗੁਜ਼ਾਰਾ ਕਰਨਾ ਮੁਸੰਕਲ ਹੈ ਤੇ ਪੜ੍ਹਾਈ ਦਾ ਖਰਚਾ ਕਿੱਥੋਂ ਆਵੇਗਾ?"
"ਅੱਧ ਵਿਚਾਲੇ ਪੜ੍ਹਾਈ ਛੱਡਣ ਦਾ ਕੀ ਫੈਦਾ ਹੋਊ? ਨਾ ਏਧਰ ਨਾ ਓਧਰ | ਅਸੀਂ ਤੇਰੇ 'ਤੇ ਕੋਈ ਭਾਰ ਨਹੀਂ ਬਣਦੇ, ਥੋਡੀ ਕੁਸੰੰ ਮਦਦ ਈ ਕਰਾਂਗੇ | ਪੜ੍ਹਾਈ ਵਾਲੇ ਪੰਜ ਸੱਤ ਮਹੀਨੇ ਮੀਤੋ ਪੇਕਿਆਂ ਦੇ ਘਰ ਰਹਿ ਲਿਆ ਕਰੂਗੀ ਤੇ ਤੂੰ ਬੇਫਿਕਰ ਹੋ ਕੇ ਆਪਣੀ ਪੜ੍ਹਾਈ ਕਰੀ ਜਾਈਂ |" ਮੰਗਲ ਸਿੰਘ ਨੇ ਉਸ ਨੂੰ ਸਮਝਾਇਆ |
"ਮੇਰੇ ਵਾਸਤੇ ਦੋ ਸਾਲ ਦਾ ਕੋਰਸ ਹੀ ਬਹੁਤ ਹੈ | ਜੇ ਮੈਂ ਡਿਗਰੀ ਵੀ ਲੈ ਲਈ ਫੇਰ ਕਿਹੜਾ ਮੈਨੂੰ ਕੋਈ ਜੱਜ ਦੀ ਪੋਸਟ ਮਿਲ ਜਾਣੀ ਐ | ਏਥੇ ਮਿੱਲਾਂ ਵਿਚ ਹੀ ਧੱਕੇ ਖਾਣੇ ਐ | ਮੈਂ ਹੋਰ ਅਗਾਂਹ ਨਹੀਂ ਪੜ੍ਹਨਾ |" ਮੇਹਰ ਸਿੰਘ ਨੇ ਆਪਣਾ ਦੋ ਟੁੱੱਕ ਫੈਸਲਾ ਸੁਣਾ ਦਿੱਤਾ |
"ਵਿਆਹ ਕਰਵਾਕੇ ਇਹ ਨਾ ਸਮਝੀਂ ਕਿ ਤੂੰ ਏਥੇ ਪੱਕਾ ਹੋ ਗਿਆ ਐਂ | ਤੇਰੇ ਪਾਸਪੋਰਟ 'ਤੇ ਅਜੇ ਤੱਕ ਪੱਕੀ ਮੋਹਰ ਨਹੀਂ ਲੱਗੀ | ਉਸ ਉਪਰ ਪੜ੍ਹਾਈ ਵਾਸਤੇ ਈ ਐਂਟਰੀ ਐ ਤੇ ਤੈਨੂੰ ਕਦੇ ਵੀ ਵਾਪਸ ਮੋੜ ਸਕਦੇ ਐ |" ਮੰਗਲ ਸਿੰਘ ਨੇ ਉਸ ਨੂੰ ਇਕ ਹੋਰ ਡਰਾਵਾ ਦਿੱਤਾ |
"ਮੈਂ ਦੋ ਸਾਲ ਹੋਰ ਰਹਿ ਸਕਦਾਂ | ਮੈਂ ਮਿ: ਮੈਕਡੂਗਲ ਕੋਲ ਜਾ ਕੇ ਉਸ ਨੂੰ ਏਸ ਸਾਲ ਦਾਖ਼ਲ ਨਾ ਹੋਣ ਬਾਰੇ ਸਮਝਾ ਦਿਆਂਗਾ ਕਿ ਯੂਨੀਵਰਸਿਟੀ ਨਾ ਜਾਣ ਦੇ ਕੀ ਕਾਰਨ ਹਨ | ਉਹ ਬਹੁਤ ਨੇਕ ਅਫਸਰ ਹੈ | ਪਿਛਲੇ ਸਾਲ ਉਸ ਨੇ ਮੈਨੂੰ ਵਰਕ-ਪਰਮਿਟ ਵੀ ਦੇ ਦਿੱਤਾ ਸੀ ਤੇ ਏਥੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਚੋਰੀ ਰਹਿ ਕੇ ਕੰਮ ਕਰੀ ਜਾ ਰਹੇ ਐ | ਮੈਂ ਨਾ ਚੋਰੀ ਰਹਿਣਾ ਐ ਤੇ ਨਾ ਹੀ ਚੋਰੀ ਕੰਮ ਕਰਨਾ ਐ |" ਮੇਹਰ ਸਿੰਘ ਨੇ ਦਲੀਲ ਦਿੱਤੀ |
ਚੰਨਣ ਸਿੰਘ ਨੇ ਵੀ ਵੈਨਕੂਵਰ ਆ ਕੇ ਉਸ ਨੂੰ ਸਮਝਾਇਆ, "ਕਾਕਾ ਜੀ, ਤੁਸੀਂ ਆਪਣੀ ਪੜ੍ਹਾਈ ਚਾਲੂ ਰਖੋ | ਜਿਹੜੀ ਵੀ ਸਾਡੇ ਕੋਲੋਂ ਸਹਾਇਤਾ ਹੋ ਸਕੀ ਅਸੀਂ ਕਰਾਂਗੇ |" "ਮੈਂ ਬਹੁਤ ਸੋਚ ਵਿਚਾਰ ਕੇ ਪੜ੍ਹਾਈ ਛੱਡੀ ਏ | ਬਹੁਤ ਜ਼ਲੀਲ ਹੋਇਆ ਹਾਂ ਮੈਂ ਦੋ ਸਾਲ | ਬਹੁਤ ਸੰਤਾਪ ਹੰਢਾ ਚੁੱਕਿਆ ਹਾਂ ਮੈਂ | ਉਹ ਕਿਹੜਾ ਵਿਤਕਰਾ ਸੀ ਜਿਹੜਾ ਸਾਰੇ ਪਾਸਿਆਂ ਤੋਂ ਯੂਨੀਵਰਸਿਟੀ ਵਿਚ ਮੇਰੇ ਨਾਲ ਨਹੀਂ ਕੀਤਾ ਗਿਆ ਪਰ ਮੈਂ ਵੀ ਆਪਣੀ ਜ਼ਿਦ 'ਤੇ ਅੜਿਆ ਹੋਇਆ ਸੀ ਕਿ ਮੈਂ ਯੂਨੀਵਰਸਿਟੀ ਨਹੀਂ ਛੱਡਣੀ | ਹੋਰ ਕਈ ਚੀਨੇ ਜਪਾਨੀ ਵਿਚਕਾਰੋਂ ਪੜ੍ਹਾਈ ਛੱਡ ਕੇ ਤੁਰ ਗਏ ਪਰ ਮੈਂ ਦੋ ਸਾਲ ਪੂਰੇ ਕਰਕੇ ਪੜ੍ਹਾਈ ਛੱਡੀ ਹੈ | ਹੁਣ ਹੋਰ ਸਹਿਣ ਨਹੀਂ ਕਰ ਹੁੰਦਾ |" ਮੇਹਰ ਸਿੰਘ ਨੇ ਆਪਣੇ ਮਨ ਦਾ ਗੁਬਾਰ ਜਿਹੜਾ ਦੋ ਸਾਲ ਤੋਂ ਰੋਕ ਕੇ ਰੱਖਿਆ ਹੋਇਆ ਸੀ, ਉਹਨਾਂ ਸਾਹਮਣੇ ਕੱਢ ਦਿੱਤਾ ਅਤੇ ਆਪਣੇ ਫੈਸਲੇ ਉਪਰ ਦ੍ਰਿੜ ਰਿਹਾ |
ਜਿਹੜੀ ਮਿੱਲ ਵਿਚ ਮੇਹਰ ਸਿੰਘ ਪਹਿਲਾਂ ਛੁੱਟੀਆਂ ਸਮੇਂ ਕੰਮ ਕਰਦਾ ਰਿਹਾ ਸੀ ਉਸ ਮਿੱਲ ਵਿਚ ਹੀ ਉਸ ਨੂੰ ਦੋਬਾਰਾ ਕੰਮ ਮਿਲ ਗਿਆ | ਵਿਆਹ ਹੋ ਜਾਣ ਕਾਰਨ ਉਸ ਨੇ ਸੋਚ ਲਿਆ ਹੋਇਆ ਸੀ ਕਿ ਹੁਣ ਵਾਪਸ ਤਾਂ ਮੁੜਿਆ ਨਹੀਂ ਜਾਣਾ ਫੇਰ ਕਿਉਂ ਨਾ ਮਿੱਲ ਦੇ ਕੰਮ ਨੂੰ ਹੀ ਆਪਣਾ ਕਿੱਤਾ ਸਮਝ, ਏਥੇ ਹੀ ਦਿਲ ਲਾ ਕੇ ਕੰਮ ਕੀਤਾ ਜਾਵੇ |
ਸਿਆਲ਼ ਦੇ ਬਰਫੀਲੇ ਤੇ ਬਾਰਸਾਂੰ ਵਾਲੇ ਦਿਨ, ਮਿੱਲ ਵਿਚ ਕੰਮ ਕਰਦਿਆ ਲੰਘ ਗਏ ਤੇ ਬਹਾਰ ਦਾ ਮੌਸਮ ਆ ਗਿਆ | ਮੇਹਰ ਸਿੰਘ ਨੂੰ ਬੀ।ਸੀ। ਦਾ ਇਹ ਮੌਸਮ ਜਾਦੂਮਈ ਲਗਦਾ | ਮੈਪਲ, ਚੈਰੀ, ਆੜੂ, ਸੇਬ ਤੇ ਹੋਰ ਫਲਦਾਰ ਬ੍ਰਿਛ ਫੁੱਲਾਂ ਨਾਲ ਲੱਦੇ ਜਾਂਦੇ | ਹੌਲ਼ੀ ਹੌਲ਼ੀ ਫੁੱਲ ਝੜਦੇ ਜਾਂਦੇ ਤੇ ਹਰੇ ਪੱਤੇ ਨਿਕਲ ਆਉਂਦੇ | ਧਰਤੀ ਉਪਰ ਫੁੱਲਾਂ ਦੀ ਚਾਦਰ ਵਿਛ ਜਾਂਦੀ | ਸਦਾ ਬਹਾਰ ਬ੍ਰਿਛ ਹੋਰ ਗੂਹੜੇ ਹਰੇ ਹੋ ਜਾਂਦੇ | ਹਰ ਪਾਸੇ ਹਰਿਆਲੀ ਹੀ ਹਰਆਿਲੀ ਹੁੰਦੀ | ਅਜੇਹੇ ਟੂਣੇ ਹਾਰੇ, ਰੂਹ ਨੂੰ ਕੀਲ ਲੈਣ ਵਾਲੇ, ਸੁਹਾਵਨੇ ਮੌਸਮ ਵਿਚ ਹੀ ਵਿਸਾਖੀ ਦਾ ਜੋੜ ਮੇਲਾ ਆਉਂਦਾ | ਮੇਹਰ ਸਿੰਘ ਦੇ ਵਿਆਹੇ ਜਾਣ ਮਗਰੋਂ ਇਹ ਪਹਿਲਾ ਜੋੜ ਮੇਲਾ ਸੀ ਜਿਸ ਵਿਚ ਚੰਨਣ ਸਿੰਘ ਦੇ ਨਾਲ ਵਿਕਟੋਰੀਆ ਤੋਂ ਨਿਹਾਲ ਸਿੰਘ ਵੀ ਆਇਆ ਸੀ | ਇਸੇ ਨਿਹਾਲ ਸਿੰਘ ਨੇ ਹੀ ਮੇਹਰ ਸਿੰਘ ਦਾ ਕਲਕੱਤੇ ਤੋਂ ਵੈਨਕੂਵਰ ਆਉਂਦਿਆਂ ਸਮੁੰਦਰੀ ਜਹਾਜ਼ ਵਿਚ ਬੀਮਾਰੀ ਸਮੇਂ ਪੂਰਾ ਖਿਆਲ ਰੱਖਿਆ ਅਤੇ ਉਸ ਨੂੰ ਡੋਲਣ ਨਹੀਂ ਦਿੱਤਾ ਸੀ | ਉਸ ਨੇ ਗੱਲਾਂ ਗੱਲਾਂ ਵਿਚ ਹੀ ਗੱਲ ਕਰ ਦਿੱਤੀ ਕਿ ਉਹ ਵਾਪਸ ਦੇਸ ਮੁੜ ਰਿਹਾ ਹੈ | ਉਸ ਦੇ ਵਾਪਸ ਜਾਣ ਬਾਰੇ ਸੁਣ ਕੇ ਮੰਗਲ ਸਿੰਘ ਹੁਰਾਂ ਨੇ ਵੀ ਉਸ ਦੇ ਨਾਲ ਹੀ ਦੇਸ ਮੁੜ ਜਾਣ ਦੀ ਤਿਆਰੀ ਕਰ ਲਈ | ਮੇਹਰ ਸਿੰਘ ਨੇ ਬਹੁਤ ਮਿੰਨਤ ਤਰਲੇ ਕੀਤੇ ਕਿ ਉਹ ਇੱਥੋਂ ਨਾ ਜਾਣ ਪਰ ਉਹ ਕਿਸੇ ਸੂਰਤ ਵੀ ਨਾ ਮੰਨੇ | ਮੰਗਲ ਸਿੰਘ ਦਾ ਇਕੋ ਤਰਕ ਸੀ, "ਮੇਹਰ ਸਿਆਂ, ਅਸੀਂ ਕਿੰਨਾ ਕੁ ਚਿਰ ਥੋਡੇ 'ਤੇ ਭਾਰ ਬਣੇ ਰਹਾਂਗੇ | ਵਿਹਲਾ ਬੈਠਾ ਮੈਂ ਹੋਰ ਰੋਗੀ ਹੋਈ ਜਾਂਦਾ ਹਾਂ | ਤੇਰੀ ਭੂਆ ਵੀ ਢਿੱਲੀ ਜਿਹੀ ਰਹਿੰਦੀ ਐ | ਓਥੇ ਜੁਆਕਾਂ ਵਿਚ ਬੈਠਾਂਗੇ ਤੇ ਪੋਤੇ ਪੋਤੀਆਂ ਨੂੰ ਖਿਡਾਵਾਂਗੇ | ਹੋਰ ਨਹੀਂ ਤਾਂ ਘਰ ਵਿਚ ਪਸੂੰ ਢਾਂਡੇ ਦਾ ਹੀ ਧਿਆਨ ਰੱਖਾਂਗੇ | ਸੁੱਖ ਨਾਲ ਤੇਰਾ ਵਿਆਹ ਹੋ ਗਿਆ ਐ | ਤੈਨੂੰ ਰੋਟੀ ਪਾਣੀ ਦਾ ਕੋਈ ਫਿਕਰ ਨਹੀਂ | ਹੁਣ ਤੁਸੀਂ ਏਥੇ ਮੌਜਾਂ ਕਰੋ ਤੇ ਬੁੱਲੇ ਲੁੱਟੋ ਪਰ ਸਾਡੇ ਜਾਣ ਵਿਚ ਰੋਕ ਨਾ ਪਾਓ |"
ਗੁਰਦਵਾਰੇ ਦੇ ਸਕੱਤਰ, ਭਾਈ ਮਿੱਤ ਸਿੰਘ ਨੇ ਵੀ ਮੰਗਲ ਸਿੰਘ ਨੂੰ ਸਮਝਾਇਆ,"ਭਾਈ ਸਿੱਖਾ, ਤੂੰ ਸਾਰੀ ਜਵਾਨੀ ਤਾਂ ਏਸ ਦੇਸ ਦੇ ਲੇਖੇ ਲਾ ਦਿੱਤੀ ਐ ਤੇ ਹੁਣ ਬੁਡਾਪੇ ਵੇਲੇ ਇੱਥੋਂ ਤੁਰ ਚੱਲਿਐਂ | ਇਹ ਸਰਕਾਰ ਵੀ ਤਾਂ ਇਹੋ ਈ ਚਾਹੁੰਦੀ ਐ ਕਿ ਅਸੀਂ ਸਾਰੇ ਇੱਥੋਂ ਨਿਕਲ ਜਾਈਏ | ਇਹ ਸਰਕਾਰ ਆਪਣੇ ਹੋਰ ਬੰਦਿਆਂ ਨੂੰ ਤਾਂ ਏਥੇ ਆਉਣ ਨਹੀਂ ਦਿੰਦੀ ਤੇ ਜਿਹੜੇ ਏਥੇ ਰਹਿੰਦੇ ਆਂ ਉਹ ਵੀ ਤੁਰ ਗਏ ਤਾਂ ਅਸੀਂ ਆਪ ਈ ਇਸ ਨੂੰ ਗੋਰਿਆਂ ਦਾ ਦੇਸ ਬਣਾ ਦਿਆਂਗੇ | ਤੁਸੀਂ ਇੱਥੋਂ ਜਾਣ ਦਾ ਵਿਚਾਰ ਤਿਆਗ ਦਿਓ | ਤੁਸੀਂ ਹੌਲ਼ੀ ਹੋਲ਼ੀ ਤੁਰ ਕੇ ਗੁਰਦਵਾਰੇ ਚਲੇ ਆਇਆ ਕਰੋ ਤੇ ਉੱਥੇ ਸੇਵਾ ਕਰਿਆ ਕਰੋ | ਇਸ ਤਰ੍ਹਾਂ ਤੁਹਾਡਾ ਦਿਲ ਲੱਗਿਆ ਰਹੇਗਾ |"
ਭਾਈ ਮਿੱਤ ਸਿੰਘ ਦੀ ਸਿਆਸੀ ਸਮਝੌਤੀ ਦਾ ਵੀ ਮੰਗਲ ਸਿੰਘ ਉਪਰ ਕੋਈ ਅਸਰ ਨਾ ਹੋਇਆ ਤੇ ਉਹ ਦੇਸੰ ਨੂੰ ਮੁੜ ਜਾਣ ਦੀ ਜਿਦ 'ਤੇ ਅੜਿਆ ਰਿਹਾ | ਅਖੀਰ ਸਤੰਬਰ ਮਹੀਨੇ ਦੇ ਅੱਧ ਵਿਚ ਮੰਗਲ ਸਿੰਘ ਤੇ ਵੀਰੋ ਨਿਹਾਲ ਸਿੰਘ ਦੇ ਨਾਲ ਹਿੰਦੁਸਤਾਨ ਨੂੰ ਵਾਪਸ ਮੁੜ ਗਏ | ਉਹਨਾਂ ਦੇ ਚਲੇ ਜਾਣ ਨਾਲ ਮੇਹਰ ਸਿੰਘ ਉਦਾਸ ਰਹਿਣ ਲੱਗਾ ਤੇ ਮੀਤੋ ਦਾ ਵੀ ਦਿਲ ਨਹੀਂ ਸੀ ਲਗਦਾ | ਬਹੁਤ ਸੋਚ ਵਿਚਾਰ ਕਰਨ ਮਗਰੋਂ ਉਹਨਾਂ ਨੇ ਫੈਸਲਾ ਕੀਤਾ ਕਿ ਵਿਕਟੋਰੀਆ ਵਿਚ ਰਹਾਇਸੰ ਤਬਦੀਲ ਕਰ ਲਈ ਜਾਵੇ | ਮੀਤੋ ਨੇ ਆਪਣੇ ਬਾਪ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਹਨਾਂ ਨੂੰ ਆ ਕੇ ਆਪਣੇ ਕੋਲ ਡੰਕਨ (ਪਾਲਦੀ) ਲੈ ਗਿਆ | ਉੱਥੇ ਉਸ ਨੂੰ ਇਕ ਲੰਬਰ ਮਿੱਲ ਵਿਚ ਕੰਮ ਮਿਲ ਗਿਆ | ਡੰਕਨ ਵਿਚ ਲੰਬਰ ਮਿੱਲਾਂ ਦੇ ਮਾਲਕ ਪੰਜਾਬੀ ਸਨ | ਪਰ ਇੱਥੇ ਵੀ ਚੰਗੀਆਂ ਥਾਂਵਾਂ 'ਤੇ ਗੋਰੇ ਕਾਮੇ ਹੀ ਕੰਮ ਕਰਦੇ ਸਨ | ਗੋਰੇ ਸੁਪਰਵਾਈਜ਼ਰ ਨੇ ਉਸ ਨੂੰ ਗਰੀਨ ਚੇਨ 'ਤੇ ਹੀ ਕੰਮ ਕਰਨ ਲਈ ਕਿਹਾ ਜਿਹੜਾ ਉਸ ਨੇ ਬਿਨਾਂ ਝਿਜਕ ਸਵੀਕਾਰ ਕਰ ਲਿਆ ਪਰ ਉਸ ਦੇ ਮਨ ਦੇ ਕਿਸੇ ਕੋਨੇ ਵਿਚ ਇਕ ਲਾਲਸਾ ਪਨਪ ਰਹੀ ਸੀ ਕਿ ਉਸ ਨੂੰ ਵੀ ਜੇ ਮਿੱਲ ਦੇ ਦਫਤਰ ਵਿਚ ਲੇਖਾ ਜੋਖਾ ਕਰਨ ਲਈ ਰੱਖ ਲਿਆ ਜਾਵੇ ਜਾਂ ਕਿਤੇ ਗਰੇਡਰ ਦੀ ਡਿਉੇਟੀ ਹੀ ਮਿਲ ਜਾਵੇ ਕਿਉਂਕਿ ਉਹ ਹਿਸਾਬ ਵਿਚ ਬਹੁਤ ਤੇਜ ਸੀ ਅਤੇ ਲਕੜੀ ਦੀ ਵੀ ਉਸ ਨੂੰ ਪੂਰੀ ਨਿਰਖ ਪਰਖ ਹੋ ਗਈ ਸੀ | ਉਸ ਨੇ ਆਪਣੇ ਮਨ ਵਿਚ ਸੋਚਿਆ ਕਿ ਉਹ ਕਿਸੇ ਦਿਨ ਮਿੱਲ ਮਾਲਕ ਨਾਲ ਇਸ ਬਾਰੇ ਗੱਲ ਕਰਕੇ ਦੇਖੇਗਾ |
ਡੰਕਨ ਵਿਚ ਵੀ ਹਿੰਦੁਸਤਾਨੀਆਂ ਦੀ ਵਸੋਂ ਸੌ ਕੁ ਦੇ ਕਰੀਬ ਹੋਵੇਗੀ ਤੇ ਉਹਨਾਂ ਨੇ ਇੱਥੇ ਵੀ ਛੋਟਾ ਜਿਹਾ ਗੁਰਦਵਾਰਾ ਬਣਾਇਆ ਹੋਇਆ ਸੀ ਜਿੱਥੇ ਉਹ ਹਰ ਐਤਵਾਰ ਇਕੱਠੇ ਹੁੰਦੇ | ਕਦੀ ਕਦੀ ਮਿੱਲ ਮਾਲਕ ਵੀ ਗੁਰਦਵਾਰੇ ਵਿਚ ਆਉਂਦੇ, ਸੰਗਤ ਵਿਚ ਬੈਠ ਕੇ ਕੀਰਤਨ ਸੁਣਦੇ ਅਤੇ ਲੰਗਰ ਛਕਦੇ | ਇਕ ਐਤਵਾਰ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਮੇਹਰ ਸਿੰਘ ਨੇ ਜੇਰਾ ਕਰਕੇ ਮਿੱਲ ਮਾਲਕ ਨੂੰ ਜਾ ਫਤਹ ਬੁਲਾਈ ਅਤੇ ਕਿਹਾ, "ਜਨਾਬ, ਮੈਂ ਤੁਹਾਡੀ ਮਿੱਲ ਵਿਚ ਕੰਮ ਕਰਦਾ ਹਾਂ | ਮੈਂ ਯੂ।ਬੀ।ਸੀ। ਤੋਂ ਐਫ਼।ਐਸ।ਸੀ। ਕੀਤੀ ਹੋਈ ਹੈ | ਮੈਂ ਗਰੀਨ ਚੇਨ 'ਤੇ ਹੀ ਕੰਮ ਕਰਦਾ ਹਾਂ | ਜੇ ਮੈਨੂੰ ਕਲੈਰੀਕਲ ਕੰਮ ਮਿਲ ਜਾਵੇ ਜਾਂ---|"
ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮਿੱਲ ਮਾਲਕ ਤੁਰਿਆ ਜਾਂਦਾ ਬੋਲਿਆ, "ਹਾਂ, ਹਾਂ, ਠੀਕ ਐ, ਤੂੰ ਮਨੇਜਰ ਨੂੰ ਮਿਲ ਲਵੀਂ | ਮੈਂ ਵੀ ਕਹਿ ਦਿਆਂਗਾ |"
ਮੇਹਰ ਸਿੰਘ ਨੂੰ ਉਸ ਦਾ ਰੁੱਖਾ ਜਿਹਾ ਜਵਾਬ ਸੁਣਕੇ ਹੈਰਾਨੀ ਹੋਈ ਪਰ ਫੇਰ ਉਸ ਨੇ ਸੋਚਿਆ ਕਿ ਉਸ ਨੂੰ ਕਿਤੇ ਜਾਣ ਦੀ ਕਾਹਲ਼ੀ ਹੋਵੇਗੀ ਤਾਂ ਹੀ ਉਹ ਅੱਜ ਲੰਗਰ ਛਕ ਕੇ ਵੀ ਨਹੀਂ ਗਿਆ | ਇਹ ਸੋਚ ਕੇ ਉਸ ਨੇ ਮੈਨੇਜਰ ਨੂੰ ਮਿਲਨ ਦਾ ਮਨ ਬਣਾ ਲਿਆ | ਇਕ ਦਿਨ ਉਸ ਨੇ ਆਪਣੇ ਦਿਲ ਦੀ ਗੱਲ ਮੈਨੇਜਰ ਕੋਲ ਕਰ ਹੀ ਦਿੱਤੀ | ਗੋਰੇ ਮੈਨੇਜਰ ਨੇ ਉਸ ਦੀ ਗੱਲ ਧਿਆਨ ਨਾਲ ਸੁਣੀ ਤੇ ਉਸ ਦੀ ਅੰਗ੍ਰੇਜ਼ੀ ਬੋਲਣ ਦੇ ਲਹਿਜ਼ੇ ਤੋਂ ਪ੍ਰਭਾਵਤ ਹੋ ਕੇ ਕਿਹਾ ਵੀ, "ਮਿਸਟਰ ਮੇਰ੍ਹ, ਤੂੰ ਅੰਗ੍ਰੇਜ਼ੀ ਬਹੁਤ ਫਰਾਟੇਦਾਰ ਤੇ ਸਹੀ ਬੋਲਦਾ ਹੈਂ ਅਤੇ ਤੇਰੇ ਵਿਚ ਤਰੱਕੀ ਕਰਨ ਦੇ ਗੁਣ ਵੀ ਹਨ, ਇਸ ਲਈ ਤੇਰੇ ਬਾਰੇ ਜ਼ਰੂਰ ਕੁਝ ਸੋਚਿਆ ਜਾਵੇਗਾ |"
ਮੈਨੇਜਰ ਦੇ ਗੱਲ ਕਰਨ ਦੇ ਢੰਗ ਤੋਂ ਮੇਹਰ ਸਿੰਘ ਨੂੰ ਆਸ ਬੱਝੀ ਸੀ ਕਿ ਉਹ ਉਸ ਨੂੰ ਮਿੱਲ ਦੇ ਦਫਤਰ ਵਿਚ ਕੰਮ ਦੇ ਦੇਵੇਗਾ | ਉਸ ਨੂੰ ਇਸ ਮਿੱਲ ਵਿਚ ਕੰਮ ਕਰਦਿਆਂ ਸੱਤ ਮਹੀਨੇ ਹੋ ਗਏ ਸਨ ਤੇ ਉਸ ਦੀ ਕਦੇ ਕੋਈ ਸੰਕਾਇਤ ਨਹੀਂ ਸੀ ਆਈ | ਮੈਨੇਜਰ ਨੂੰ ਮਿਲਨ ਤੋਂ ਦਸ ਕੁ ਦਿਨ ਮਗਰੋਂ ਉਸ ਨੂੰ ਤਰੱਕੀ ਦੇਣ ਦੀ ਥਾਂ ਮਿੱਲ ਵਿਚੋਂ ਹੀ ਸਦਾ ਲਈ ਛੁੱਟੀ ਦੇ ਦਿੱਤੀ ਗਈ | ਕੰਮ ਛੁੱਟ ਜਾਣ 'ਤੇ ਉਸ ਨੂੰ ਮੈਨੇਜਰ ਦੀ ਕਮੀਨਗੀ ਤੇ ਗੁੱਸਾ ਤਾਂ ਬਹੁਤ ਆਇਆ ਪਰ ਉਹ ਕਰ ਕੁਝ ਨਹੀਂ ਸਕਦਾ ਸੀ | ਮਾਲਕ ਤਾਂ ਕਿਸੇ ਕਾਮੇ ਦੀ ਗੱਲ ਸੁਣਦੇ ਹੀ ਨਹੀਂ ਸਨ |
ਮੇਹਰ ਸਿੰਘ ਨੇ ਡੰਕਨ ਦੇ ਆਲੇ ਦੁਆਲੇ ਹੋਰ ਮਿੱਲਾਂ ਵਿਚ ਕੰਮ ਦੀ ਭਾਲ਼ ਕੀਤੀ ਪਰ ਇੱਥੇ ਨੇੜੇ ਕਿਤੇ ਕੋਈ ਕੰਮ ਨਾ ਮਿਲਿਆ | ਉਸ ਨੇ ਕੋਸੰਸੰ ਕੀਤੀ ਕਿ ਉਸ ਨੂੰ ਵਿਕਟੋਰੀਆ ਵਿਚ ਹੀ ਕਿਤੇ ਕੰਮ ਮਿਲ ਜਾਵੇ ਪਰ ਉੱਥੇ ਵੀ ਸਭ ਪਾਸਿਉਂ ਨਾਂਹ ਹੀ ਹੋਈ | ਏਧਰ ਮੀਤੋ ਦੇ ਪੈਰ ਭਾਰੀ ਸਨ | ਉਹ ਮੀਤੋ ਨੂੰ ਇੱਥੇ ਛੱਡ ਕੇ ਕਿਤੇ ਦੂਰ ਵੈਨਕੂਵਰ ਵੱਲ ਕੰਮ ਦੀ ਭਾਲ ਵਿਚ ਜਾਣਾ ਨਹੀਂ ਸੀ ਚਾਹੁੰਦਾ ਪਰ ਘਰ ਵਿਚ ਵਿਹਲਿਆਂ ਵੀ ਤਾਂ ਨਹੀਂ ਸੀ ਬੈਠਿਆ ਜਾ ਸਕਦਾ | ਉਹ ਬਹੁਤ ਹੀ ਉਦਾਸ ਰਹਿਣ ਲੱਗਾ | ਇਕ ਦਿਨ ਉਹ ਨਿਰਾਸ ਹੋਇਆ ਮੀਤੋ ਨੂੰ ਕਹਿਣ ਲੱਗਾ, "ਬੱਚੇ ਦੇ ਜਨਮ ਮਗਰੋਂ ਆਪਾਂ ਦੇਸ ਵਾਪਸ ਮੁੜ ਜਾਣੈ | ਮੈਂ ਨਹੀਂ ਰਹਿ ਸਕਦਾ ਹੁਣ ਇੱਥੇ, ਜਿੱਥੇ ਨਿੱਕੀ ਨਿੱਕੀ ਗੱਲ 'ਤੇ ਵਿਤਕਰਾ ਹੁੰਦਾ ਹੋਵੇ |"
ਮੀਤੋ ਨੇ ਦੇਸ ਮੁੜ ਜਾਣ ਬਾਰੇ ਹਾਂ ਜਾਂ ਨਾਂਹ ਵਿਚ ਕੋਈ ਗੱਲ ਨਾ ਕੀਤੀ ਪਰ ਉਸ ਨੇ ਆਪਣੇ ਬਾਪ ਨੂੰ ਮੇਹਰ ਸਿੰਘ ਦੇ ਮਨ ਦੀ ਇੱਛਾ ਬਾਰੇ ਦੱਸ ਦਿੱਤਾ | ਸਾਰੀ ਗੱਲ ਜਾਣ ਕੇ ਚੰਨਣ ਸਿੰਘ ਨੇ ਮੇਹਰ ਸਿੰਘ ਨੂੰ ਕਿਹਾ,"ਤੂੰ ਅਜੇ ਥੋੜਾ ਚਿਰ ਹੋਰ ਔਖਾ ਸੌਖਾ ਕਿਤੇ ਦੂਰ ਨੇੜੇ ਕੰਮ ਦੀ ਭਾਲ਼ ਕਰ ਲੈ | ਅਗਲੇ ਸਾਲ ਆਪਾਂ ਸਾਰੇ ਹੀ ਵਾਪਸ ਦੇਸ ਚਲੇ ਚੱਲਾਂਗੇ | ਤਰਸੇਮ ਦਾ ਵਿਆਹ ਵੀ ਕਰਨਾ ਹੈ | ਇੱਥੇ ਤਾਂ ਕੋਈ ਕੁੜੀ ਮਿਲਦੀ ਹੀ ਨਹੀਂ |"
"ਜੇ ਏਥੇ ਨੇੜੇ ਕੰਮ ਨਹੀਂ ਮਿਲਿਆ ਤਾਂ ਮੈਨੂੰ ਕਿਤੇ ਦੂਰ ਵੀ ਕੰਮ ਨਹੀਂ ਮਿਲਣਾ | ਮੈਨੂੰ ਤਾਂ ਇਉਂ ਜਾਪਦੈ ਜਿਵੇਂ ਏਸ ਮਿੱਲ ਵਾਲਿਆਂ ਹੀ ਸਾਰੀਆਂ ਮਿੱਲਾਂ ਵਿਚ ਕਹਿ ਦਿੱਤਾ ਹੋਵੇ ਕਿ ਏਸ ਬੰਦੇ ਨੂੰ ਕੰਮ ਨਹੀਂ ਦੇਣਾ |" ਮੇਹਰ ਸਿੰਘ ਨੇ ਨਿਰਾਸਾ ਵਿਚ ਆਖਿਆ |
"ਤੈਨੂੰ ਕੀ ਲੋੜ ਪਈ ਸੀ ਜੋ ਤੂੰ ਮਾਲਕ ਨੂੰ ਕੋਈ ਹੋਰ ਚੰਗਾ ਕੰਮ ਦੇਣ ਲਈ ਕਹਿ ਦਿੱਤਾ | ਜਿੱਥੇ ਕੰਮ ਮਿਲਿਆ ਸੀ ਓਥੇ ਈ ਕਰੀ ਜਾਂਦਾ |" ਚੰਨਣ ਸਿੰਘ ਦੇ ਵਿਚਾਰ ਵਿਚ ਇਸ ਦੀ ਮਾਲਕ ਨਾਲ ਕੋਈ ਤਲਖਕਲਾਮੀ ਹੋਈ ਹੋਵੇਗੀ |
"ਮੈਂ ਤਾਂ ਆਪਣਾ ਜਾਣ ਕੇ ਉਸ ਕੋਲ ਗਿਆ ਸੀ | ਮੈਂ ਇਹ ਸੋਚਿਆ ਸੀ ਕਿ ਜੇ ਮੈਂ ਦਫਤਰ ਵਿਚ ਹੋਵਾਂਗਾ ਤਾਂ ਇਸ ਵਿਚ ਕੰਪਨੀ ਦਾ ਹੀ ਫਾਇਦਾ ਹੋਣੈ ਪਰ ਮੈਨੂੰ ਕੀ ਪਤਾ ਸੀ ਕਿ ਇਸ ਦਾ ਉਲਟ ਅਸਰ ਹੋਊਗਾ |"
"ਤੂੰ ਇਹਨਾਂ ਲੋਕਾਂ ਦੀ ਖਸਲਤ ਨੂੰ ਨਹੀਂ ਜਾਣਦਾ ਮੇਹਰ ਸਿਆਂ, ਇਹ ਨਹੀਂ ਚਾਹੁੰਦੇ ਕਿ ਕੋਈ ਆਪਣਾ ਭਾਈ ਬੰਦ ਇਹਨਾਂ ਦੇ ਬਰਾਬਰ ਦਾ ਹੋ ਜਾਵੇ | ਇਹ ਲੋਕ ਤਾਂ ਆਪਣੇ ਬੰਦਿਆਂ ਨਾਲ ਹੇਰਾ ਫੇਰੀਆਂ ਕਰਕੇ ਮਿੱਲਾਂ ਦੇ ਮਾਲਕ ਬਣੇ ਨੇ | ਉਹ ਕਦੋਂ ਚਾਹੁਣਗੇ ਕਿ ਕੋਈ ਆਪਣਾ ਬੰਦਾ ਉਹਨਾਂ ਦੇ ਭੇਤਾਂ ਤੋਂ ਜਾਣੂ ਹੋ ਜਾਵੇ |" ਚਨਣ ਸਿੰਘ ਨੇ ਅਸਲੀਅਤ ਦੱਸੀ ਜਿਹੜਾ ਕਿ ਉਹਨਾਂ ਲੋਕਾਂ ਦੇ ਬਹੁਤ ਨੇੜੇ ਰਿਹਾ ਸੀ |
"ਪਰ ਮੈਨੂੰ ਪਹਿਲਾਂ ਕਦੇ, ਮਾਲਕ ਜਾਂ ਮੈਨੇਜਰ ਨਾਲ ਕੋਈ ਸ਼ਕਾਇਤ ਨਹੀਂ ਸੀ ਹੋਈ | ਵੇਲ਼ੇ ਸਿਰ ਪੁਗਾਰ ਮਿਲਦੀ ਰਹੀ ਐ | ਉਹ ਮੇਰੇ ਕੰਮ ਤੋਂ ਵੀ ਖ਼ੁਸ਼ ਸਨ | ਹੁਣ ਪਤਾ ਨਹੀਂ ਕਿਉਂ ਮੇਰੇ ਨਾਲ ਇਹ ਧੱਕਾ ਕੀਤਾ ਗਿਆ ਹੈ, ਕੰਮ ਘੱਟ ਹੋਣ ਦਾ ਬਹਾਨਾ ਕਰਕੇ ਮੇਰੀ ਇਕੱਲੇ ਦੀ ਹੀ ਛਾਂਟੀ ਕੀਤੀ ਐ |"
"ਤੈਨੂੰ ਅੰਦਰਲੀਆਂ ਗੱਲਾਂ ਦਾ ਨਹੀਂ ਪਤਾ | ਪਹਿਲੀਆਂ 'ਚ ਆਪਣੇ ਤੀਹ ਪੈਂਤੀ ਬੰਦਿਆਂ ਨੇ ਰਲ਼ ਕੇ ਇਕ ਗੋਰੇ ਦੀ ਬੰਦ ਪਈ ਮਿੱਲ ਚਲਾਈ ਸੀ | ਉਹ ਸਾਰੇ ਉਸ ਮਿੱਲ ਦੇ ਬਰਾਬਰ ਦੇ ਹਿੱਸੇਦਾਰ ਸੀ | ਉਹ ਮਿੱਲ ਬਹੁਤ ਮੁਨਾਫੇ ਵਿਚ ਗਈ | ਉਹਨਾਂ ਨੇ ਉਹ ਮਿੱਲ ਛੱਡ ਕੇ, ਵੈਨਕੋਵਰ ਏਰੀਏ ਵਿਚ ਇਕ ਹੋਰ ਘਾਟੇ ਵਿਚ ਜਾਂਦੀ ਮਿੱਲ ਨੂੰ ਲੀਜ਼ ਤੇ ਲੈ ਕੇ ਚਲਾਇਆ ਤੇ ਬਹੁਤ ਮੁਨਾਫਾ ਕਮਾਇਆ | ਫੇਰ ਏਥੇ ਕੋਵਿਚਨ ਵੈਲੀ ਵਿਚ ਪੈਸੇਫਿਕ ਰੇਲਵੇ ਕੋਲੋਂ ਬਹੁਤ ਸਾਰੀ ਜ਼ਮੀਨ ਖਰੀਦ ਕੇ ਆਪਣੀਆਂ ਮਿੱਲਾਂ ਚਾਲੂ ਕਰ ਲਈਆਂ | ਇਹ ਬੰਦਿਆਂ ਦੇ ਏਕੇ ਦਾ ਪਰਤਾਪ ਸੀ | ਫੇਰ ਹੌਲ਼ੀ ਹੌਲ਼ੀ ਚਤਰ ਬੰਦੇ ਅਗਵਾਨੂੰ ਬਣ ਗਏ ਤੇ ਦੂਜੇ ਛੋਟੇ ਹਿੱਸੇਦਾਰ ਪਿੱਛੇ ਰਹਿ ਗਏ ਜਾਂ ਮਜ਼ਦੂਰ ਬਣ ਗਏ |" ਚੰਨਣ ਸਿੰਘ ਨੇ ਆਪਣੇ ਢੰਗ ਨਾਲ ਅੰਦਰਲੀ ਗੱਲ ਦੱਸ ਦਿੱਤੀ |
"ਆਪਾਂ ਨੂੰ ਮਿੱਲਾਂ ਦੇ ਮਾਲਕ ਬਣਨ ਦੀ ਲੋੜ ਨਹੀਂ, ਆਪਾਂ ਨੂੰ ਤਾਂ ਕੰਮ ਦੀ ਲੋੜ ਐ, ਬਸ ਏਥੇ ਕੰਮ ਮਿਲਦਾ ਰਹੇ |"
"ਇਹ ਤਾਂ ਤੇਰੀ ਸੋਚ ਏ | ਪਰ ਮੈਨੂੰ ਜਾਪਦੈ, ਉਹਨਾਂ ਨੂੰ ਤੇਰੀ ਲਿਆਕਤ ਤੋਂ ਡਰ ਪੈਦਾ ਹੋ ਗਿਆ ਸੀ | ਉਹਨਾਂ ਸੋਚਿਆ ਹੋਊ ਕਿ ਅੱਜ ਤੂੰ ਗਰੇਡਰ ਦੀ ਜਾਬ ਮੰਗੀ ਐ ਤੇ ਕੱਲ੍ਹ ਨੂੰ ਮੈਨੇਜਰ ਦੀ ਕੁਰਸੀ ਮੰਗ ਲਵੇਂਗਾ | ਇਹ ਮਾਲਕ, ਕਿਸੇ ਪ੍ਰਿਤਭਾਵਾਨ ਤੇ ਅਭਿਲਾਸ਼ੀ ਨੂੰ ਕਦੀ ਪਸੰਦ ਨਹੀਂ ਕਰਦੇ |"
"ਮੈਂ ਤਾਂ ਕਦੀ ਇਸ ਤਰ੍ਹਾਂ ਸੋਚਿਆ ਹੀ ਨਹੀਂ | ਜੇ ਮਾਲਕਾਂ ਦੀ ਇਹ ਸੋਚ ਐ ਤਾਂ ਮੇਰਾ ਕੀ ਬਣੂ? ਮੈਨੂੰ ਤਾਂ ਫਿਰ ਕੰਮ ਮਿਲਨੋ ਰਿਹਾ |" ਮੇਹਰ ਸਿੰਘ ਨੇ ਉਦਾਸ ਹੁੰਦਿਆਂ ਕਿਹਾ |
"ਤੂੰ ਬਿਨਾਂ ਕਿਸੇ ਗੱਲ ਤੋਂ ਹੀ ਦਿਲ ਢਾਹ ਲੈਂਦਾ ਏਂ ਕਾਕਾ, ਕੰਮ ਵੀ ਮਿਲ ਹੀ ਜਾਊ, ਦਿਲ ਨਾ ਛੱਡ | ਤੂੰ ਦੋ ਚਾਰ ਦਿਨਾਂ ਲਈ ਵੈਨਕੋਵਰ ਗੇੜਾ ਮਾਰ ਆ | ਓਥੇ ਗੁਰਦਵਾਰੇ ਵਿਚ ਸੇਵਾ ਕਰੀਂ, ਤੇਰਾ ਦਿਲ ਮੰਨਿਆ ਤਾਂ ਉੱਥੇ ਕੰਮ ਦੀ ਭਾਲ਼ ਵੀ ਕਰ ਲਵੀਂ | ਮੀਤੋ ਸਾਡੇ ਕੋਲ ਰਹਿ ਪਵੇਗੀ |" ਚੰਨਣ ਸਿੰਘ ਨੇ ਸਲਾਹ ਦਿੱਤੀ |
ਮੇਹਰ ਸਿੰਘ ਵੈਨਕੂਵਰ ਆ ਗਿਆ ਅਤੇ ਉਸ ਨੂੰ ਏਥੇ ਸੌਖਿਆਂ ਹੀ ਕੰਮ ਮਿਲ ਗਿਆ | ਉਹ ਮਿੱਲ ਕਾਮਿਆਂ ਦੇ ਨਾਲ ਹੀ ਬੰਕ-ਹਾਊਸ ਵਿਚ ਰਹਿਣ ਲੱਗਾ | ਉਸ ਨੂੰ ਇੱਥੇ ਮਿੱਲ ਵਿਚ ਕੰਮ ਕਰਦਿਆਂ ਦੋ ਕੁ ਮਹੀਨੇ ਹੀ ਹੋਏ ਸੀ ਕਿ ਉਸ ਨੂੰ ਮੀਤੋ ਦੀ ਮੌਤ ਦਾ ਸੁਨੇਹਾ ਮਿਲ ਗਿਆ | ਉਸ ਨੂੰ ਦੱਸਿਆ ਗਿਆ, 'ਪਰਸੂਤ ਪੀੜਾਂ ਸਮੇਂ ਹੀ ਉਸ ਦੀ ਪਤਨੀ ਦੀ ਬਿਮਾਰੀ ਗੁੰਝਲਦਾਰ ਹੋ ਗਈ ਸੀ | ਡਾਕਟਰਾਂ ਨੇ ਮੁੰਡੇ ਨੂੰ ਤਾਂ ਬਚਾ ਲਿਆ ਪਰ ਮਾਂ ਦੀ ਜਾਨ ਬਚਾਉਣ ਵਿਚ ਉਹ ਨਾਕਾਮ ਰਹੇ |'
ਆਪਣੀ ਪਤਨੀ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਸੁੰਨ ਹੋ ਕੇ ਰਹਿ ਗਿਆ | ਇਕ ਹੋਰ ਦੁੱਖਾਂ ਦਾ ਪਹਾੜ ਉਸ ਦੇ ਸਿਰ ਉਪਰ ਢਹਿ ਪਿਆ ਸੀ | ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਤੇ ਕਿਧਰ ਜਾਵੇ | ਬੰਕ-ਹਾਊਸ ਵਿਚ ਰਹਿਣ ਵਾਲੇ ਸਾਰੇ ਕਾਮੇ ਉਸ ਦੇ ਦੁੱਖ ਵਿਚ ਸੰਰੀਕ ਹੋਏ ਤੇ ਉਸ ਨੂੰ ਧਰਵਾਸ ਦੇਣ ਲੱਗੇ | ਉਸ ਦੇ ਸੁਪਰਵਾਈਜ਼ਰ ਨੇ ਵੀ ਆ ਕੇ ਉਸ ਦੀ ਪਤਨੀ ਦੀ ਮੌਤ 'ਤੇ ਅਫਸੋਸ ਪਰਗਟ ਕੀਤਾ ਅਤੇ ਕਿਹਾ, "ਮਿ: ਸਿੰਘ, ਜਿਤਨੀ ਦੇਰ ਤੂੰ ਚਾਹਵੇਂ, ਆਪਣੇ ਬੱਚੇ ਕੋਲ ਰਹਿ ਸਕਦਾ ਹੈਂ | ਜਦ ਇੱਥੇ ਆਉਣ ਦੀ ਇੱਛਾ ਹੋਵੇ, ਤੈਨੂੰ ਕੰਮ ਮਿਲ ਜਾਵੇਗਾ |"
ਪਤਨੀ ਦੀ ਮੌਤ ਦਾ ਗ਼ਮ ਸੀਨੇ ਵਿਚ ਸਾਂਭੀ, ਉਹ ਡੰਕਨ ਆ ਗਿਆ | ਉਸ ਦੇ ਇੱਥੇ ਆਉਣ 'ਤੇ ਘਰ ਵਿਚ ਕੁਰਲਾਹਟ ਪੈ ਗਿਆ, ਹਰ ਕੋਈ ਉਸ ਦੇ ਗਲ਼ ਲੱਗ ਰੋਣ ਲਗਦਾ ਪਰ ਉਸ ਦੀਆਂ ਅੱਖਾਂ ਵਿਚੋਂ ਇਕ ਵੀ ਹੰਝੂ ਨਾ ਡਿੱਗਿਆ | ਉਹ ਬੌਰਿਆਂ ਵਾਂਗ ਆਸੇ ਪਾਸੇ ਦੇਖੀ ਜਾਂਦਾ | ਮੇਹਰ ਸਿੰਘ ਦੀ ਇਹ ਹਾਲਤ ਦੇਖ ਕੇ ਚੰਨਣ ਸਿੰਘ ਨੂੰ ਇਕ ਹੋਰ ਫਿਕਰ ਨੇ ਆ ਘੇਰਿਆ ਕਿ ਕਿਤੇ ਇਹ ਪਾਗਲ ਹੀ ਨਾ ਹੋ ਜਾਵੇ | ਮੇਹਰ ਸਿੰਘ ਦੀ ਸੱਸ ਨੇ ਉਸ ਦੇ ਮੁੰਡੇ ਨੂੰ ਲਿਆ ਕੇ ਉਸ ਦੀ ਝੋਲ਼ੀ ਵਿਚ ਪਾ ਦਿੱਤਾ ਤੇ ਰੋਂਦੀ ਹੋਈ ਕਹਿਣ ਲੱਗੀ, "ਅਹਿ, ਸਾਂਭ ਲੈ ਪੁਤਰਾ ਆਪਣੇ ਲਾਲ ਨੂੰ | ਮੇਰੀ ਧੀ ਤੇਰੀ ਜੜ੍ਹ ਲਾਕੇ ਆਪ ਤੁਰ ਗਈ ਐ |" ਫੇਰ ਉਹ ਧਾਹਾਂ ਮਾਰ ਰੋਣ ਲੱਗੀ |
ਉਹ ਕੁਝ ਦੇਰ ਬੱਚੇ ਦੇ ਚਿਹਰੇ ਵੱਲ ਦੇਖਦਾ ਰਿਹਾ ਫੇਰ ਉੱਚੀ ਧਾਅ ਮਾਰ ਕੇ ਬੋਲਿਆ, "ਹੁਣ ਮੈਂ ਤੈਨੂੰ ਕਿੱਥੇ ਸਾਂਭਾਂ ਉਏ ਮੇਰੇ ਬੱਚਿਆ, ਤੂੰ ਵੀ ਤੁਰ ਜਾਂਦਾ ਆਪਣੀ ਮਾਂ ਦੇ ਨਾਲ ਹੀ |"
ਫੇਰ ਤਾਂ ਜਿਵੇਂ ਉਸ ਦੇ ਮਨ ਅੰਦਰਲਾ ਕੱੜ ਹੀ ਪਾਟ ਗਿਆ ਹੋਵੇ | ਉਹ ਰੋਈ ਜਾਂਦਾ ਤੇ ਗੱਲਾਂ ਕਰੀ ਜਾਂਦਾ | ਕੁਝ ਦੇਰ ਉਹ ਇਸੇ ਤਰ੍ਹਾਂ ਬੋਲਦਾ ਰਿਹਾ | ਜਦੋਂ ਚੰਨਣ ਸਿੰਘ ਨੇ ਉਸ ਦੀ ਕੰਡ ਉਪਰ ਹੱਥ ਫੇਰ ਕੇ ਉਸ ਨੂੰ ਦਿਲਾਸਾ ਦਿੱਤਾ ਤਾਂ ਉਹ ਉਸ ਦੇ ਗਲ਼ ਲੱਗ ਰੋਣ ਲੱਗਾ | ਉਸ ਦੇ ਮਨ ਉਪਰ ਪਿਆ ਭਾਰ ਕੁਝ ਹੌਲ਼ਾ ਹੋਇਆ ਤੇ ਉਹ ਸਾਧਾਰਨ ਹਾਲਤ ਵਿਚ ਆ ਕੇ ਗੱਲਾਂ ਕਰਨ ਲੱਗਾ | ਮੀਤੋ ਦੇ ਸਸਕਾਰ ਅਤੇ ਉਸ ਦੀ ਅੰਤਮ ਅਰਦਾਸ ਤੱਕ ਘਰ ਵਿਚ ਸੋਗ ਦਾ ਮਾਹੌਲ ਬਣਿਆ ਰਿਹਾ | ਉਸ ਤੋਂ ਕੁਝ ਦਿਨ ਮਗਰੋਂ ਮੇਹਰ ਸਿੰਘ ਕਹਿਣ ਲੱਗਾ, "ਮੇਰੀ ਸਲਾਹ ਐ ਕਿ ਮੈਂ ਵਾਪਸ ਪਿੰਡ ਚਲਿਆ ਜਾਵਾਂ ਤੇ ਜਲੌਰ ਨੂੰ ਵੀ ਨਾਲ ਹੀ ਲੈ ਜਾਵਾਂ |" ਮੁੰਡੇ ਦਾ ਨਾਂ ਜਲੌਰ ਸਿੰਘ ਰੱਖ ਦਿੱਤਾ ਗਿਆ ਸੀ |
"ਅਸੀਂ ਤੈਨੂੰ ਰੋਕ ਤਾਂ ਸਕਦੇ ਨਹੀਂ ਪਰ ਇਹ ਫੁੱਲ ਭਰ ਨਿਆਣਾ ਸਮੁੰਦਰ ਦਾ ਸਫਰ ਕਿਵੇਂ ਕਰ ਸਕੇਗਾ?" ਚੰਨਣ ਸਿੰਘ ਨੇ ਉਸ ਦੇ ਅੱਗੇ ਸਵਾਲ ਖੜ੍ਹਾ ਕਰ ਦਿੱਤਾ |
"ਜੇ ਤੇਰੀ ਮੁੜ ਜਾਣ ਦੀ ਪੱਕੀ ਸਲਾਹ ਐ ਤਾਂ ਜਲੌਰ ਸਿਉਂ ਨੂੰ ਅਸੀਂ ਸਾਂਭ ਲਵਾਂਗੇ | ਸਾਨੂੰ ਇਹ ਕੋਈ ਦੁਪਿਆਰਾ ਨਹੀਂ |" ਮੇਹਰ ਸਿੰਘ ਦੀ ਸੱਸ ਨੇ ਆਖਿਆ |
"ਨਹੀਂ, ਜਦੋਂ ਵੀ ਮੈਂ ਗਿਆ ਮੁੰਡੇ ਨੂੰ ਤਾਂ ਆਪਣੇ ਨਾਲ ਹੀ ਲੈ ਕੇ ਜਾਊਂਗਾ | ਓਥੇ ਬੇਬੇ ਏਸ ਨੂੰ ਸੰਭਾਲ ਲਊਗੀ |"
"ਪਹਿਲਾਂ ਵੀ ਆਪਣੀ ਦੇਸ ਜਾਣ ਦੀ ਸਲਾਹ ਬਣੀ ਸੀ, ਉਦੋਂ ਮੀਤੋ ਦੀ ਉਮੀਦਵਾਰੀ ਦੇ ਕਾਰਨ ਨਹੀਂ ਸੀ ਜਾ ਸਕੇ ਤੇ ਹੁਣ ਇਹ ਭਾਣਾ ਵਾਪਰ ਗਿਆ | ਮੈਂ ਤਾਂ ਚਾਹੁਨਾ, ਸਾਲ ਖੰਡ ਠਹਿਰ ਕੇ ਸਾਰੇ ਇਕੱਠੇ ਈ ਚਲੇ ਚੱਲੀਏ ਤੇ ਮੀਤੋ ਦਾ ਵੀ---|" ਚੰਨਣ ਸਿੰਘ ਨੇ ਗੱਲ ਨੂੰ ਅਧੂਰੀ ਛਡਦਿਆਂ ਕਿਹਾ | ਉਸ ਦਾ ਗੱਚ ਭਰ ਆਇਆ ਸੀ | ਉਹ ਮੀਤੋ ਦਾ ਵਰ੍ਹੀਣਾ ਕਰਨ ਦੀ ਗੱਲ ਨਾ ਕਹਿ ਸਕਿਆ |
ਅਖੀਰ ਇਹ ਫੈਸਲਾ ਹੋਇਆ ਕਿ ਅਗਲੇ ਸਾਲ ਸਾਰੇ ਇਕੱਠੇ ਦੇਸੰ ਜਾਣ ਤੇ ਉੱਥੇ ਜਾ ਕੇ ਮੀਤੋ ਦੀ ਪਹਿਲੀ ਬਰਸੀ ਦਾ ਪਹਿਲਾਂ ਭੋਗ ਪਾਇਆ ਜਾਵੇ ਤੇ ਫੇਰ ਤਰਸੇਮ ਸਿੰਘ ਤੇ ਮੇਹਰ ਸਿੰਘ ਦੇ ਵਿਆਹਾਂ ਦੀ ਗੱਲ ਤੋਰੀ ਜਾਵੇ | ਹੁਣ ਮੇਹਰ ਸਿੰਘ ਜਾ ਕੇ ਵੈਨਕੂਵਰ ਵਾਲੀ ਮਿੱਲ ਵਿਚ ਕੰਮ ਕਰੇ ਤੇ ਜਲੌਰ ਸਿੰਘ ਨੂੰ ਉਸ ਦੀ ਨਾਨੀ ਸੰਭਾਲ ਲਵੇਗੀ |
ਮੇਹਰ ਸਿੰਘ ਮੁੜ ਕੇ ਵੈਨਕੂਵਰ ਆ ਗਿਆ | ਉਸ ਨੂੰ ਕੰੰਮ ਵੀ ਉਸੇ ਮਿੱਲ ਵਿਚ ਮਿਲ ਗਿਆ | ਦਿਨ ਵੇਲ਼ੇ ਉਹ ਕੰਮ ਵਿਚ ਰੁੱਝਿਆ ਰਹਿੰਦਾ ਪਰ ਜਦੋਂ ਉਹ ਕੰਮ ਤੋਂ ਵਿਹਲਾ ਹੋ ਕੇ ਬੰਕ-ਹਾਊਸ ਵਲ ਆਉਂਦਾ ਤਾਂ ਉਸ ਦੇ ਮਨ ਦੀ ਉਦਾਸੀ ਵੀ ਉਸ ਦੇ ਨਾਲ ਤੁਰ ਪੈਂਦੀ | ਉਹ ਗੁੰਮ ਸੁੰਮ ਹੋਇਆ ਤੁਰਿਆ ਆਉਂਦਾ | ਉਸ ਨੂੰ ਕੋਈ ਪਤਾ ਨਾ ਹੁੰਦਾ ਕਿ ਕੌਣ ਉਸ ਦੇ ਕੋਲ ਦੀ ਲੰਘ ਗਿਆ ਹੈ ਤੇ ਕਿਸ ਨੇ ਉਸ ਨੂੰ ਰਾਹ ਵਿਚ ਬੁਲਾਇਆ ਸੀ | ਬੰਕ-ਹਾਊਸ ਵਿਚ ਆ ਕੇ ਵੀ ਉਹ ਮਸੰੀਨ ਦੀ ਨਿਆਈ ਆਪਣੇ ਕੰਮ ਨਬੇੜਦਾ ਤੇ ਬਿਸਤਰੇ ਵਿਚ ਵੜ ਜਾਂਦਾ | ਬਿਸਤਰਾ ਵੀ ਉਸ ਦਾ ਕਿਹੜਾ ਸੀ; ਲਕੜ ਦੇ ਫੱਟੇ ਜੋੜ ਕੇ ਬਣਾਇਆ ਮੰਜਾ, ਉਪਰ ਬੂਰੇ ਨਾਲ ਭਰਿਆ ਹੋਇਆ ਇਕ ਗੱਦਾ ਤੇ ਸਰੀਰ ਢਕਣ ਲਈ ਦੋ ਕੰਬਲ | ਉਹ ਉੱਥੇ ਪਿਆ, ਮੀਤੋ ਨਾਲ ਬਿਤਾਏ ਪਲਾਂ ਨੂੰ ਯਾਦ ਕਰ ਕਰ ਝੂਰਦਾ ਰਹਿੰਦਾ | ਕਦੇ ਉਹ ਆਪਣੇ ਪਿੱਛੇ ਰਹਿ ਗਏ ਘਰ ਬਾਰੇ ਸੋਚਣ ਲੱਗ ਜਾਂਦਾ | ਉਸ ਨੂੰ ਆਪਣੀ ਮਾਂ ਦੀ ਯਾਦ ਆਉਂਦੀ, ਜਿਸ ਨੇ ਆਪਣੇ ਨੂੰਹ ਪੁੱਤ ਉਤੋਂ ਦੀ ਪਾਣੀ ਵਾਰ ਕੇ ਵੀ ਨਹੀਂ ਸੀ ਪੀਤਾ ਪਰ ਉਹ ਨੂੰਹ ਵਾਲੀ ਬਣ ਗਈ ਸੀ ਅਤੇ ਹੁਣ ਓਥੇ ਬੈਠੀ ਅਣਦੇਖੀ ਨੂੰਹ ਦੀ ਮੌਤ ਦੇ ਵੈਣ ਪਾਉਂਦੀ ਹੋਵੇਗੀ | ਪੋਤੇ ਵਾਲੀ ਬਣ ਕੇ ਵੀ ਮਾਂ ਮਸੰੋਰ੍ਹ ਹੋਏ ਪੋਤੇ ਨੂੰ ਦੇਖਣ ਲਈ ਤਰਸਦੀ ਹੋਵੇਗੀ | ਕਦੀ ਉਸ ਦੀਆਂ ਸੋਚਾਂ ਵਿਚ ਤਾਇਆ ਮਿੰਦ੍ਹਰ ਸਿੰਘ ਆ ਜਾਂਦਾ, ਜਿਸ ਦੇ ਚਿਹਰੇ ਉਪਰ ਉਸ ਨੂੰ ਕਦੀ ਹਵਸ, ਕਦੀ ਲਾਲਚ ਤੇ ਕਦੀ ਮੋਹ ਦੇ ਹਾਵ ਭਾਵ ਦਿਸਦੇ | ਉਸ ਨੂੰ ਤਾਏ ਦੀਆਂ ਦੋਵੇਂ ਕੁੜੀਆਂ ਯਾਦ ਆਉਂਦੀਆਂ, ਜਿੰਨਾਂ ਨੇ ਉਸ ਨੂੰ ਕੁੱਛੜ ਚੁੱਕ ਕੇ ਖਿਡਾਇਆ ਸੀ ਤੇ ਹੁਣ ਉਹ ਵਿਆਹੀਆਂ ਵਰੀਆਂ ਗਈਆਂ ਸਨ | ਉਸ ਨੂੰ ਤਾਏ ਦਾ ਮੁੰਡਾ ਵੀ ਯਾਦ ਆਉਂਦਾ ਜਿਹੜਾ ਅੱਠ ਜਮਾਤਾਂ ਪੜ੍ਹ ਕੇ ਹਲ਼ ਮਗਰ ਲੱਗ ਗਿਆ ਸੀ ਤੇ ਪਿਛਲੇ ਸਾਲ ਉਸ ਨੇ ਚਿੱਠੀ ਵਿਚ ਨਿਹੋਰੇ ਨਾਲ ਲਿਖਿਆ ਸੀ, "ਵੀਰੇ, ਤੂੰ ਤਾਂ ਹੈਥੇ ਬੈਠੇ ਨੇ ਵਿਆਹ ਕਰਵਾ ਲਿਆ | ਹੁਣ ਭਾਬੀ ਨੂੰ ਲੈ ਕੇ ਛੇਤੀ ਆ ਜਾਈਂ, ਮੈਂ ਥੋਡੇ ਆਏ ਤੋਂ ਈ ਵਿਆਹ ਕਰਵਾਉਣੈ |"
ਉਹ ਸੋਚਦਾ,'ਕਿੱਥੋਂ ਲੈ ਕੇ ਆਵਾਂ ਤੇਰੀ ਭਾਬੀ ਨੂੰ ਵੀਰਿਆ; ਤੇਰੀ ਭਾਬੀ ਤਾਂ ਮੇਰੇ ਨਾਲ ਦੋ ਕਦਮ ਵੀ ਨਾ ਤੁਰ ਸਕੀ, ਪਿਆਰ ਦੇ ਜਾਲ਼ ਵਿਚ ਫਸਾ ਕੇ ਆਪ ਮੋਹ ਦੀਆਂ ਤੰਦਾਂ ਤੋੜ, ਮੈਨੂੰ ਤੜਫਦਾ ਹੋਇਆ ਛੱਡ ਗਈ ਐ | ਇਹ ਮੋਹ ਦੀਆਂ ਤੰਦਾਂ ਤੋਂ ਕਿਵੇਂ ਛੁਟਕਾਰਾ ਪਾਵਾਂ? ਜੇ ਮੈਨੂੰ ਪਤਾ ਹੁੰਦਾ ਕਿ ਉਸ ਨੇ ਮੇਰੇ ਨਾਲ ਇੰਨਾ ਸਾਥ ਹੀ ਨਿਭਾਉਣਾ ਸੀ ਤਾਂ ਮੈਂ ਉਸ ਨਾਲ ਵਿਆਹ ਈ ਨਾ ਕਰਵਾਉਂਦਾ |'
ਮੀਤੋ ਨਾਲ ਬਿਤਾਏ ਸੁਖ ਦੇ ਪਲਾਂ ਨੂੰ ਚਿਤਵਦਿਆਂ ਪਤਾ ਹੀ ਨਾ ਲਗਦਾ ਕਿ ਕਦੋਂ ਉਸ ਨੂੰ ਨੀਂਦ ਆ ਜਾਂਦੀ ਤੇ ਨੀਂਦ ਵਿਚ ਵੀ ਉਹ ਮੀਤੋ ਦੇ ਸੁਪਨਿਆਂ ਵਿਚ ਪਰਚਿਆ ਰਹਿੰਦਾ | ਉਹੋ ਸੁਪਨੇ ਅਖੀਰ ਵਿਚ ਡਰਾਉਣੇ ਬਣ ਜਾਂਦੇ ਤੇ ਉਹ ਡਰ ਕੇ ਉਭੜਵਾਹੇ ਉਠ ਬਹਿੰਦਾ, ਮੁੜ ਕੇ ਉਸ ਨੂੰ ਨੀਂਦ ਨਾ ਆਉਂਦੀ | ਉਸ ਦੀ ਬਾਕੀ ਰਾਤ ਪਾਸੇ ਮਾਰਦਿਆਂ ਤੇ ਸੋਚਾਂ ਸੋਚਦਿਆਂ ਹੀ ਲੰਘ ਜਾਂਦੀ | ਦਿਨ ਮਿੱਲ ਦੀਆਂ ਮਸੰੀਨਾਂ ਦੇ ਸੰੋਰ ਤੇ ਫੱਟਿਆਂ ਦੀ ਖੜ ਖੜ ਵਿਚ ਬਤੀਤ ਹੋ ਜਾਂਦਾ | ਮਿੱਲ ਵਿਚ ਕਿਸੇ ਨਾਲ ਗੱਲ ਨਹੀਂ ਸੀ ਹੋ ਸਕਦੀ | ਗੋਰੇ ਤੇ ਚੀਨੇ ਕਾਮਿਆਂ ਤੋਂ ਉਂਝ ਹੀ ਦੂਰੀਆਂ ਬਣੀਆਂ ਹੋਈਆਂ ਸਨ | ਮਤਲਬ ਦੀ ਗੱਲ ਤੋਂ ਬਿਨਾਂ ਉਹ ਇਕ ਦੂਜੇ ਨਾਲ ਬੋਲਦੇ ਨਹੀਂ ਸਨ ਤੇ ਉਹਨਾਂ ਦੇ ਬੰਕ-ਹਾਊਸ ਵੀ ਪੰਜਾਬੀਆਂ ਦੇ ਬੰਕ-ਹਾਊਸ ਤੋਂ ਕੁਝ ਦੂਰੀ ਉਤੇ ਸਨ | ਪੰਜਾਬੀਆਂ ਦੇ ਬੰਕ-ਹਾਊਸ ਵਿਚ ਪੰਦਰਾਂ ਸੋਲਾਂ ਪੰਜਾਬੀ ਰਹਿੰਦੇ ਸਨ, ਜਿੰਨਾਂ ਦੀ ਉਮਰ ਪੰਜਾਹ ਤੋਂ ਉਪਰ ਸੀ | ਕੋਈ ਵੀ ਉਸ ਦਾ ਹਾਣੀ ਨਹੀਂ ਸੀ, ਜਿਸ ਨਾਲ ਉਹ ਗੱਲਾਂ ਕਰਕੇ ਆਪਣੇ ਮਨ ਦਾ ਭਾਰ ਹੌਲਾ ਕਰ ਸਕਦਾ, ਭਾਵੇਂ ਕਿ ਉਹ ਸਾਰੇ ਹੀ ਉਸ ਨੂੰ ਪੁੱਤਰਾਂ ਵਾਂਗ ਪਿਆਰ ਕਰਦੇ ਸਨ|
ਇਕ ਦਿਨ ਸੰਨਿਚਰ ਵਾਰ ਦੀ ਸੰਾਮ ਨੂੰ ਬੰਕ-ਹਾਊਸ ਵਿਚ ਰਹਿਣ ਵਾਲੇ ਸਾਰੇ ਕਾਮਿਆਂ ਨੇ ਰਲ਼ ਕੇ ਸੰੁੰਗਲ ਮੇਲਾ ਕਰਨ ਦੀ ਸਲਾਹ ਬਣਾਈ | ਜਦੋਂ ਦਾ ਮੇਹਰ ਸਿੰਘ ਮੁੜ ਕੇ ਮਿੱਲ ਵਿਚ ਆਇਆ ਸੀ, ਉਸ ਦੇ ਦੁੱਖੀ ਮਨ ਦਾ ਅਹਿਸਾਸ ਕਰਦਿਆਂ, ਉਹਨਾਂ ਨੇ ਛੁੱਟੀ ਵਾਲੇ ਦਿਨਾਂ ਵਿਚ ਆਥਣ ਵੇਲੇ, ਇਕੱਠਿਆਂ ਬੈਠ ਜਸੰਨ ਮਨਾਉਣੇ ਬੰਦ ਕਰ ਦਿੱਤੇ ਸਨ | ਕੋਈ ਇਕੱਲਾ ਦੁਕੱਲਾ ਭਾਵੇਂ ਅੱਡ ਬੈਠ ਕੇ ਖਾ ਪੀ ਲੈਂਦਾ ਹੋਵੇ ਪਰ ਰਲ਼ ਮਿਲ ਕੇ ਕਦੇ ਖੁਸੰੀ ਨਹੀਂ ਮਨਾਈ ਸੀ | ਦੋ ਮਹੀਨੇ ਤੋਂ ਉਪਰ ਹੋ ਚਲਿਆ ਸੀ ਮੇਹਰ ਸਿੰਘ ਨੂੰ ਇੱਥੇ ਆਇਆਂ, ਉਹ ਸਮਝਦੇ ਸਨ ਕਿ ਸੋਗ ਦਾ ਸਮਾਂ ਤਾਂ ਕਦੋਂ ਦਾ ਬੀਤ ਗਿਆ ਹੈ ਤੇ ਹੁਣ ਮਹਿਫਲਾਂ ਜੁੜਨੀਆਂ ਚਾਹੀਦੀਆਂ ਹਨ | ਉਹਨਾ ਨੂੰ ਸੁੰਗਲ ਮਨਾਉਣ ਲਈ ਹੋਲੀ, ਹੋਲੇ ਮਹੱਲੇ ਦਾ ਬਹਾਨਾ ਵੀ ਮਿਲ ਗਿਆ ਸੀ | ਪਰ ਮੇਹਰ ਸਿੰਘ ਨੇ ਉਹਨਾਂ ਵਿਚ ਬੈਠਣ ਲਈ ਹਾਮ੍ਹੀ ਨਾ ਭਰੀ | ਉਸ ਦੇ ਇਸ ਰਵੱਈਏ ਤੋਂ ਚਿੜ੍ਹ ਕੇ ਦਲੀਪ ਸਿੰਘ ਕਹਿਣ ਲੱਗਾ, "ਮੇਹਰ ਸਿਆਂ, ਤੂੰ ਸਮਝਦਾ ਹੋਵੇਂਗਾ ਕਿ ਇਹੋ ਜਿਹਾ ਦੁੱਖ ਤੇਰੇ ਇਕੱਲੇ ਉਪਰ ਹੀ ਆਇਆ ਐ | ਸ਼ਾਇਦ ਤੂੰ ਨਹੀਂ ਜਾਣਦਾ ਕਿ ਅਸੀਂ ਸਾਰੇ ਈ ਅੰਦਰੋਂ ਪੋਟਾ ਪੋਟਾ ਦੁੱਖ ਨਾਲ ਝੰਬੇ ਹੋਏ ਆਂ ਪਰ ਬਾਹਰੋਂ ਦੇਖਣ ਨੂੰ ਹਸਦੇ ਖੇਡਦੇ ਤੇ ਧੱਲੇਕੀਆਂ ਲਾਉਂਦੇ ਹਾਂ | ਤੂੰ ਇਕ ਮੇਰੀਓ ਸੁਣ ਲੈ | ਮੈਂ 1907 ਵਿਚ ਆਇਆ ਸੀ ਏਥੇ | ਪਿੱਛੋਂ ਮਾਂ ਮਰੀ, ਪਿਉ ਮਰਿਆ, ਭਰਾ ਭਰਜਾਈ ਵੀ ਨਾ ਰਹੇ | ਤਿਰੌਜੇ ਆਈ ਘਰ ਵਾਲੀ ਨੂੰ ਛੱਡ ਕੇ ਇਧਰ ਆ ਗਿਆ ਸੀ | ਅਜੇ ਛੇ ਮਹੀਨੇ ਨਹੀਂ ਹੋਏ, ਉਹ ਵੀ ਮੈਨੂੰ ਉਡੀਕਦੀ ਚਲ ਵਸੀ | ਜਿਸ ਦਿਨ ਉਸ ਦੀ ਮੌਤ ਬਾਰੇ ਭਤੀਜੇ ਵੱਲੋਂ ਲਿਖੀ ਚਿੱਠੀ ਮੈਨੂੰ ਮਿਲੀ ਉਸੇ ਵੇਲ਼ੇ ਮੈਂ ਆਪ ਜਾ ਕੇ ਸੰਰਾਬ ਦੀਆਂ ਬੋਤਲਾਂ ਲਿਆਇਆ ਸੀ ਤੇ ਏਸੇ ਥਾਂ ਬੈਠ ਕੇ ਉਸ ਦੇ ਸੋਗ ਦਾ ਜਸੰਨ ਮਨਾਇਆ ਸੀ |" ਇਹ ਗੱਲ ਆਖ ਦਲੀਪ ਸਿੰਘ ਅੱਖਾਂ ਭਰ ਆਇਆ |
"ਮੈਂ ਥੋਨੂੰ ਕਿਸੇ ਨੂੰ ਰੋਕਦਾ ਤਾਂ ਨਹੀਂ, ਹੱਸੋ ਖੇਡੋ ਤੇ ਖੁਸੰੀਆਂ ਮਨਾਓ ਪਰ ਮੇਰਾ ਦਿਲ ਨਹੀਂ ਮੰਨਦਾ |" ਮੇਹਰ ਸਿੰਘ ਨੂੰ ਦਲੀਪ ਸਿੰਘ ਦੇ ਦਰਦ ਦਾ ਅਹਿਸਾਸ ਤਾਂ ਹੋਇਆ ਪਰ ਉਹ ਆਪਣੀ 'ਨਾਂਹ' ਨੂੰ 'ਹਾਂ' ਵਿਚ ਨਾ ਬਦਲ ਸਕਿਆ |
"ਏਸ ਦਿਲ ਨੂੰ ਮਨਾਉਣ ਲਈ ਤਾਂ ਆਪਾਂ ਰਲ਼ ਕੇ ਬੈਠਣੈ | ਉਂਝ ਤਾਂ ਏਥੇ 'ਨਾਨਕ ਦੁਖੀਆ ਸਭ ਸੰਸਾਰ' ਵਾਲੀ ਗੱਲ ਐ | ਦੁੱਖਾਂ ਨੂੰ ਭੁਲਾਉਣ ਵਾਸਤੇ ਵੀ ਹਾਸਾ ਖੇਡਾ ਜ਼ਰੂਰੀ ਹੁੰਦਾ ਐ, ਮੇਹਰ ਸਿਆਂ |" ਨਾਲ ਦੇ ਇਕ ਕਾਮੇ ਨੇ ਕਿਹਾ |
ਜਦੋਂ ਹਰ ਇਕ ਨੇ ਆਪਣੀ ਦਰਦ ਭਰੀ ਦਾਸਤਾਨ ਸੁਣਾਈ ਤਾਂ ਮੇਹਰ ਸਿੰਘ ਝੱਟ ਉਠ ਕੇ ਤਿਆਰ ਹੋ ਗਿਆ | ਦੋ ਜਣੇ ਬੋਤਲਾਂ ਲੈਣ ਚਲੇ ਗਏ | ਵਾਰੀ ਵਾਲੇ ਰੋਟੀ ਟੁੱਕ ਦੇ ਆਹਰ ਲੱਗ ਗਏ | ਅੱਜ ਭਾਵੇਂ ਖਾਣਾ ਬਣਾਉਣ ਦੀ ਮੇਹਰ ਸਿੰਘ ਦੀ ਵਾਰੀ ਨਹੀਂ ਸੀ ਫਿਰ ਵੀ ਉਹ ਵਾਰੀ ਵਾਲਿਆਂ ਨਾਲ ਹੱਥ ਵਟਾਉਣ ਲੱਗਾ | ਵਿਹਲੇ ਹੋ ਕੇ ਉਹਨਾਂ ਨੇ ਕੁੱਕ-ਹਾਊਸ ਵਿਚ ਮਹਿਫਲ ਜਮਾ ਲਈ | ਉਮਰਾਂ ਨੂੰ ਪਾਸੇ ਰਖ ਉਹਨਾਂ ਨੇ ਖਾਂਦਿਆਂ ਪੀਂਦਿਆਂ, ਹਸਦਿਆਂ ਖੇਡਦਿਆਂ ਤੇ ਨਚਦਿਆਂ ਗਾਉਂਦਿਆਂ ਰਾਤ ਬਤੀਤ ਕਰ ਦਿੱਤੀ | ਉਸ ਤੋਂ ਮਗਰੋਂ ਮੇਹਰ ਸਿੰਘ ਨੇ ਆਪਣੇ ਚਿਹਰੇ 'ਤੇ ਕਦੀ ਦੁੱਖ ਦਾ ਪਰਛਾਵਾਂ ਨਹੀਂ ਦਿਸਣ ਦਿੱਤਾ | ਉਸ ਨੇ ਜਿਉਣ ਦਾ ਵੱਲ ਸਿੱਖ ਲਿਆ ਸੀ | ਉਹ ਰੋਟੀ ਖਾਣ ਮਗਰੋਂ ਸਿੱਧਾ ਆਪਣੇ ਬਿਸਤਰੇ ਵਿਚ ਪੈਣ ਦੀ ਥਾਂ ਕੁੱਕ-ਹਾਊਸ ਵਿਚ ਬੈਠ ਕੇ ਆਪਣੇ ਸਹਿ-ਕਾਮਿਆਂ ਨਾਲ ਗੱਪ ਸੰੱਪ ਮਾਰਦਾ ਅਤੇ ਹਰ ਐਤਵਾਰ ਗੁਰਦਵਾਰੇ ਜਾਂਦਾ |
ਸੋਚ ਪਰਿਵਰਤਨ
ਇਕ ਦਿਨ ਗੁਰਦਵਾਰੇ ਵਿਚ ਉਸ ਦੀ ਉਮਰ ਦਾ ਹੀ ਇਕ ਵੀਹ ਬਾਈ ਸਾਲ ਦਾ ਬੰਦਾ ਸੰਗਤ ਨੂੰ ਲੈਕਚਰ ਕਰ ਰਿਹਾ ਸੀ | ਉਸ ਦੇ ਬੋਲਾਂ ਵਿਚੋਂ ਚੰਗਿਆੜੇ ਨਿਕਲ ਰਹੇ ਸਨ | ਇਥੋਂ ਦੀ ਸਰਕਾਰ ਤੇ ਹਿੰਦੋਸਤਾਨ ਦੀ ਸਰਕਾਰ ਵੱਲੋਂ ਹੋ ਰਹੀਆਂ ਵਧੀਕੀਆਂ ਬਾਰੇ ਗੱਲ ਕਰਦਿਆਂ, ਉਸ ਨੇ ਯੂਨੀਵਰਸਿਟੀ ਵਿਚ ਉਸ ਨਾਲ ਹੋ ਰਹੇ ਵਿਤਕਰੇ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ | ਉਸ ਨੇ ਨਸਲੀ ਵਿਤਕਰੇ ਬਾਰੇ ਗੱਲ ਕਰਦਿਆਂ ਕਿਹਾ, "ਸਾਡੀ ਲਿਆਕਤ ਅਨੁਸਾਰ ਕੰਮ ਸਾਨੂੰ ਨਹੀਂ ਮਿਲਦਾ | ਮਿੱਲਾਂ, ਫਾਰਮਾਂ ਵਿਚ ਵੀ ਕੰਮ 'ਤੇ ਸਾਨੂੰ ਸਭ ਤੋਂ ਮਗਰੋਂ ਰੱਖਿਆ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਕੱਢਿਆ ਜਾਂਦਾ ਹੈ | ਕਿਸੇ ਚੱਜ ਦੀ ਥਾਂ 'ਤੇ ਘਰ ਅਸੀਂ ਨਹੀਂ ਖਰੀਦ ਸਕਦੇ | ਕਿਸੇ ਸਿਨਮੇ, ਰੈਸਟੋਰੈਂਟ ਜਾਂ ਹੋਟਲ ਵਿਚ ਸਾਨੂੰ ਨਹੀਂ ਵੜਨ ਦਿੱਤਾ ਜਾਂਦਾ | ਇੱਥੋਂ ਤਕ ਕਿ ਕੋਈ ਨਾਈ ਸਾਡੇ ਵਾਲ਼ ਕੱਟਣ ਵਾਸਤੇ ਵੀ ਤਿਆਰ ਨਹੀਂ ਹੁੰਦਾ ਤੇ ਮੋਚੀ ਸਾਡੀ ਜੁੱਤੀ ਪਾਲਸੰ ਨਹੀਂ ਕਰਦਾ |"
ਉਹ ਤਕਰੀਰ ਕਰਦਾ ਰਿਹਾ ਤੇ ਮੇਹਰ ਸਿੰਘ ਉਸ ਦੇ ਚਿਹਰੇ ਵੱਲ ਬਿਟ ਬਿਟ ਦੇਖਦਾ ਰਿਹਾ | ਯੂਨੀਵਰਸਿਟੀ ਵਿਚਲੀਆਂ ਔਕੜਾਂ ਦੀ ਜਿਵੇਂ ਉਸ ਨੇ ਗੱਲ ਕੀਤੀ ਸੀ, ਮੇਹਰ ਸਿੰਘ ਨਾਲ ਵੀ ਹੂ-ਬ-ਹੂ ਉਵੇਂ ਹੀ ਵਾਪਰਦਾ ਰਿਹਾ ਸੀ | ਉਸ ਦਾ ਤਕਰੀਰ ਕਰਨ ਵਾਲੇ ਬੰਦੇ ਨਾਲ ਗੱਲਾਂ ਕਰਨ ਨੂੰ ਜੀਅ ਕੀਤਾ | ਦੀਵਾਨ ਦੀ ਸਮਾਪਤੀ ਮਗਰੋਂ ਮੇਹਰ ਸਿੰਘ ਨੇ ਉਸ ਦੇ ਕੋਲ ਜਾ ਕੇ ਫਤਹ ਬੁਲਾਈ ਅਤੇ ਪੁੱਛਿਆ, "ਭਾਈ ਸਾਅਬ, ਤੁਸੀਂ ਯੂ।ਬੀ।ਸੀ। ਵਿਚ ਪੜ੍ਹਦੇ ਓ?"
"ਹਾਂਅ, ਤੇ ਤੁਸੀਂ?"
"ਮੈਂ ਵੀ ਇਸੇ ਯੂਨੀਵਰਸਿਟੀ ਵਿਚ ਪੜ੍ਹਦਾ ਰਿਹਾ ਹਾਂ |"
"ਤੇਰਾ ਨਾਂ ਮੇਹਰ ਸਿੰਘ ਏ?" ਉਹ ਝੱਟ ਤੁਸੀਂ ਤੋਂ ਤੂੰ 'ਤੇ ਆ ਗਿਆ|
"ਹਾਂ,ਪਰ ਤੁਸੀਂ ਮੈਨੂੰ ਕਿਵੇਂ ਜਾਣਿਆ? ਤੇ ਤੁਹਾਡਾ ਨਾਮ?"
"ਮੇਰਾ ਨਾਂ ਦਰਸੰਨ ਸਿੰਘ ਹੈ | ਮੈਨੂੰ ਮੇਰੇ ਦੋਸਤਾਂ ਨੇ ਤੇਰੇ ਬਾਰੇ ਬਹੁਤ ਕੁਝ ਦਸਿਆ ਸੀ | ਤੂੰ ਪੜ੍ਹਾਈ ਵਿਚ ਵੀ ਹੁਸੰਆਿਰ ਸੀ ਤੇ ਖਿਡਾਰੀ ਵੀ ਵਧੀਆ ਸੀ ਪਰ ਬੇਲੀਆ,ਸੱਚੀ ਗੱਲ ਦੱਸਾਂ,ਤੂੰ ਡਰਪੋਕ ਬਹੁਤ ਰਿਹੈਂ | ਕਿਸੇ ਨਾਲ ਘੁਲਿਆ ਮਿਲਿਆ ਨਹੀਂ | ਕੁਝ ਮੁੰਡੇ ਕੁੜੀਆਂ ਨੇ ਤੇਰੇ ਵਲ ਦੋਸਤੀ ਦਾ ਹੱਥ ਵੀ ਵਧਾਇਆ ਸੀ ਪਰ ਤੂੰ ਉਹਨਾਂ ਉਪਰ ਭਰੋਸਾ ਹੀ ਨਹੀਂ ਕੀਤਾ |"
"ਹਾਂ, ਤਿੰਨ ਚਾਰ ਗੋਰੇ ਮੁੰਡਿਆਂ ਨੇ ਔਖੇ ਵੇਲੇ ਮੇਰੀ ਮਦਦ ਕੀਤੀ ਸੀ | ਇਕ ਦੋ ਵਾਰ ਉਹ ਮੇਰੇ ਕੋਲ ਆਏ ਵੀ ਸੀ ਤੇ ਇੰਡੀਆ ਦੀ ਗ਼ਲਾਮੀ ਬਾਰੇ ਗੱਲਾਂ ਵੀ ਕਰਦੇ ਰਹੇ ਸੀ ਪਰ ਮੈਨੂੰ ਪਤਾ ਲੱਗਿਆ ਸੀ ਕਿ ਉਹ ਕਿਸੇ ਖਤਰਨਾਕ ਪਾਰਟੀ ਦੇ ਮੈਂਬਰ ਹਨ | ਏਸ ਵਾਸਤੇ ਮੈਂ ਉਹਨਾਂ ਕੋਲੋਂ ਪਾਸਾ ਵੱਟਣ ਲੱਗ ਪਿਆ ਸੀ |"
"ਉਹ ਕਿਸੇ ਖਤਰਨਾਕ ਪਾਰਟੀ ਦੇ ਮੈਂਬਰ ਨਹੀਂ ਸਨ, ਇਹੋ ਜਿਹੇ ਕੁਝ ਕੁ ਲੋਕ ਹੀ ਤਾਂ ਆਪਣੇ ਹਮਾਇਤੀ ਨੇ, ਜਿਨ੍ਹਾਂ ਬਾਰੇ ਸਾਡੇ ਮਨਾਂ ਵਿਚ ਗਲਤਫਹਿਮੀ ਭਰ ਦਿੱਤੀ ਜਾਂਦੀ ਏ | ਅਤੇ ਤੂੰ! ਵਿਰੋਧੀਆ ਦੀਆਂ ਗੱਲਾਂ ਸੁਣ ਕੇ ਆਪਣੇ ਹਮਦਰਦਾਂ ਕੋਲੋਂ ਪਾਸਾ ਵੱਟ ਗਿਆ | ਤੇ ਤੂੰ ਇਸੇ ਕਰਕੇ ਪੜ੍ਹਾਈ ਛੱਡ ਦਿੱਤੀ ਸੀ?"
"ਨਹੀਂ, ਮੇਰੇ ਪੜ੍ਹਾਈ ਛੱਡਣ ਦਾ ਕਾਰਨ ਹੋਰ ਸੀ | ਸੱਟ ਲੱਗ ਜਾਣ ਕਾਰਨ ਮੇਰੇ ਫੁਫੜ ਦਾ ਕੰਮ ਛੁੱਟ ਗਿਆ ਸੀ ਤੇ ਮੈਂ ਉਹਨਾਂ ਉਪਰ ਬੋਝ ਨਹੀਂ ਸੀ ਬਣਨਾ ਚਾਹੁੰਦਾ |"
"ਹੁਣ ਫੇਰ ਪੜ੍ਹਾਈ ਚਾਲੂ ਕਰ ਲੈ | ਯੂਨੀਵਰਸਿਟੀ ਵਿਚ ਦੋ ਹੋ ਜਾਵਾਂਗੇ | ਇਕ ਇਕੱਲਾ ਤੇ ਦੋ ਗਿਆਰਾਂ |"
"ਦੋਬਾਰਾ ਪੜ੍ਹਾਈ ਚਾਲੂ ਕਰਨੀ ਬਹੁਤ ਮੁਸੰਕਲ ਐ | ਹੁਣ ਤਾਂ ਵਾਪਸ ਦੇਸੰ ਨੂੰ ਮੁੜਨ ਦੀ ਤਿਆਰੀ ਐ |"
ਗੱਲਾਂ ਕਰਦੇ ਹੋਏ ਉਹ ਲੰਗਰ ਹਾਲ ਵਿਚ ਆ ਗਏ | ਇੰਨੀਆਂ ਕੁ ਗੱਲਾਂ ਕਰਨ ਨਾਲ ਹੀ ਉਹਨਾਂ ਵਿਚ ਨੇੜਤਾ ਹੋ ਗਈ ਸੀ | ਲੰਗਰ ਛਕਣ ਮਗਰੋਂ ਉਹ ਫੇਰ ਮਿਲਨ ਦਾ ਇਕਰਾਰ ਕਰ ਕੇ ਆਪੋ ਆਪਣੇ ਟਿਕਾਣੇ ਨੂੰ ਚਲੇ ਗਏ | ਉਸ ਮਗਰੋਂ ਫੇਰ ਉਹਨਾਂ ਦਾ ਬਹੁਤ ਦੇਰ ਤੱਕ ਮੇਲ ਨਾ ਹੋ ਸਕਿਆ | ਇਕ ਦਿਨ ਮੇਹਰ ਸਿੰਘ ਨੇ ਗੁਰਦਵਾਰੇ ਦੇ ਗ੍ਰੰਥੀ ਕੋਲੋਂ, ਦਰਸ਼ਨ ਸਿੰਘ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ, "ਇਮੀਗ੍ਰੇਸੰਨ ਵਾਲਿਆਂ ਨੇ ਉਸ ਦੇ ਕੰੰਮ ਕਰਨ 'ਤੇ ਪਾਬੰਦੀ ਲਾ ਦਿੱਤੀ ਸੀ | ਉਸ ਨੂੰ ਉਹਨਾਂ ਨੇ ਕਹਿ ਦਿੱਤਾ ਸੀ ਕਿ ਜੇ ਪੜ੍ਹਾਈ ਕਰਨੀ ਐ ਤਾਂ ਆਪਣੇ ਖਰਚੇ ਲਈ ਪੈਸੇ ਪਿੱਛੋਂ ਇੰਡੀਆ ਤੋਂ ਮੰਗਵਾ | ਨਹੀਂ ਤਾਂ ਆਪਣੇ ਦੇਸ ਚਲਿਆ ਜ੍ਹਾ | ਉਹ ਹੁਣ ਪੜ੍ਹਾਈ ਛੱਡ ਗਿਐ ਤੇ ਕਿਤੇ ਦੂਰ ਲੁਕ ਛਿਪ ਕੇ ਕੰਮ ਕਰਦੈ |"
ਇਹ ਸੁਣ ਕੇ ਉਸ ਨੂੰ ਬਹੁਤ ਦੁੱਖ ਹੋਇਆ ਤੇ ਉਹ ਸਰਕਾਰ ਦੀ ਦੋਗਲੀ ਪਾਲਿਸੀ ਬਾਰੇ ਸੋਚਣ ਲੱਗਾ ਕਿ ਇਕ ਨੂੰ ਪੜ੍ਹਾਈ ਲਈ ਕੰਮ ਦੀ ਮਨਜ਼ੂਰੀ ਦੇ ਦਿੰਦੇ ਐ ਤੇ ਇਕ ਨੂੰ ਨਾਂਹ ਕਰ ਦਿੰਦੇ ਐ | ਫੇਰ ਉਸ ਨੂੰ ਦਰਸੰਨ ਸਿੰਘ ਦੀ ਗੁਰਦਵਾਰੇ ਵਿਚ ਕੀਤੀ ਹੋਈ ਤਕਰੀਰ ਚੇਤੇ ਆਈ ਤਾਂ ਕੰਮ ਤੋਂ ਜਵਾਬ ਮਿਲਨ ਦੇ ਕਾਰਨ ਦੀ ਸਮਝ ਵੀ ਆ ਗਈ | ਮੇਹਰ ਸਿੰਘ ਹੁਰਾਂ ਨੇ ਦੇਸੰ ਨੂੰ ਵਾਪਸ ਮੁੜਨ ਦੀ ਤਿਆਰੀ ਕਰਨੀ ਸੁੰਰੂ ਕੀਤੀ ਹੀ ਸੀ ਕਿ ਦੂਸਰਾ ਸੰਸਾਰ ਯੁੱਧ ਛਿੜ ਪੈਣ ਦੀਆਂ ਅਫਵਾਹਾਂ ਜ਼ੋਰਾਂ 'ਤੇ ਸਨ ਜਿਸ ਕਾਰਨ ਉਹਨਾਂ ਦਾ ਦੇਸੰ ਵਾਪਸ ਮੁੜਨਾ ਹੋਰ ਪਿੱਛੇ ਪੈ ਗਿਆ | ਇੰਨਾਂ ਦਿਨਾਂ ਵਿਚ ਹੀ ਡਾਕਟਰ ਡੀ।ਪੀ। ਪਾਂਡੀਆ, ਜਿਹੜਾ ਮੋਹਨ ਲਾਲ ਕਰਮ ਚੰਦ ਗਾਂਧੀ ਦਾ ਸੈਕਰੇਟਰੀ ਰਹਿ ਚੁੱਕਿਆ ਸੀ, ਵੈਨਕੂਵਰ ਆਇਆ ਹੋਇਆ ਸੀ | ਉਹ ਖਾਲਸਾ ਦੀਵਾਨ ਸੁਸਾਇਟੀ ਵੱਲੋਂ, ਇੱਥੇ ਰਹਿੰਦੇ ਭਾਰਤੀਆਂ ਲਈ ਵੋਟ ਦੇ ਹੱਕ ਲੈਣ ਵਾਸਤੇ ਕੀਤੀ ਜਾ ਰਹੀ ਜੱਦੋ ਜਹਿਦ ਵਿਚ ਸਹਾਇਤਾ ਕਰ ਰਿਹਾ ਸੀ | ਗੈਰ-ਕਾਨੂੰਨੀ ਰਹਿ ਰਹੇ ਪਰਵਾਸੀਆਂ ਦੇ ਇੱਥੇ ਰਹਿਣ ਦੇ ਹੱਕ ਲਈ ਵੀ ਉਸ ਨੇ ਕੇਸ ਆਪਣੇ ਹੱਥ ਲੈ ਲਿਆ | ਉਸ ਸਮਂੇ ਤਿੰਨ ਸੌ ਤੋਂ ਉੱਤੇ ਗੈਰ-ਕਾਨੂੰਨੀ ਪਰਵਾਸੀ ਰਹਿ ਰਹੇ ਸਨ | ਦਰਸੰਨ ਸਿੰਘ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਵੀ ਵੈਨਕੂਵਰ ਆ ਗਿਆ | ਸਾਰਿਆਂ ਰਲ ਕੇ ਇਸ ਕੇਸ ਦੀ ਪੈਰਵਾਈ ਕੀਤੀ ਅਤੇ ਉਹਨਾਂ ਨੇ ਕੁਝ ਰਕਮ ਇਕੱਠੀ ਕਰਕੇ ਡਾ। ਪਾਂਡੀਆ ਨੂੰ ਦੇ ਦਿੱਤੀ ਤਾਂ ਜੋ ਉਹ ਉਹਨਾਂ ਦੇ ਕੇਸ ਨੂੰ ਧੜੱਲੇ ਨਾਲ ਲੜ ਸਕੇ | ਡਾ। ਪਾਂਡੀਆ ਕੇਸ ਜਿੱਤ ਗਿਆ ਅਤੇ ਮੇਹਰ ਸਿੰਘ ਦੇ ਪਾਸਪੋਰਟ ਉਪਰ ਅਕਤੂਬਰ 1939 ਨੂੰ ਇਮੀਗ੍ਰੇਸੰਨ ਦੀ ਮੋਹਰ ਲੱਗ ਗਈ | ਕੁਝ ਸਮੇ ਬਾਅਦ ਦਰਸੰਨ ਸਿੰਘ ਦੇ ਪਾਸਪੋਰਟ ਉਪਰ ਵੀ ਮੋਹਰ ਲੱਗ ਗਈ ਤੇ ਉਹਨਾਂ ਨੂੰ ਇੱਥੇ ਪੱਕੇ ਰਹਿਣ ਦਾ ਹੱਕ ਮਿਲ ਗਿਆ | ਉਹਨਾਂ ਨਾਲ ਹੋਰ ਤਿੰਨ ਕੁ ਸੌ ਗੈਰ-ਕਾਨੂੰਨੀ ਪਰਵਾਸੀ ਵੀ ਪੱਕੇ ਹੋ ਗਏ ਸਨ |
ਦਰਸੰਨ ਸਿੰਘ ਸਿਆਸੀ ਤੌਰ 'ਤੇ ਸਚੇਤ ਸੀ | ਉਹ ਸਿਆਸੀ ਸਰਗਰਮੀਆਂ ਵਿਚ ਭਾਗ ਲੈਣ ਲੱਗਾ | ਉਹ ਭਾਰਤੀਆਂ ਦੇ ਵੋਟ ਦੇ ਹੱਕ ਅਤੇ ਨਾਗ੍ਰਿਕਤਾ ਦੇ ਅਧਿਕਾਰ ਲਈ ਲੜੇ ਜਾ ਰਹੇ ਘੋਲ ਵਿਚ ਖੁੱਲ੍ਹ ਕੇ ਕੁਦ ਪਿਆ | ਉਹ ਲਕੜ ਕਾਮਿਆਂ ਦੀ ਯੂਨੀਅਨ ਵਿਚ ਵੀ ਕੰਮ ਕਰਨ ਲੱਗ ਪਿਆ ਸੀ | ਉਹ ਗੋਰੇ ਕਾਮਿਆਂ ਨਾਲ ਬਹੁਤ ਛੇਤੀ ਘੁਲ ਮਿਲ ਜਾਂਦਾ, ਜਿਸ ਕਾਰਨ ਸਾਰੇ ਲਕੜ ਕਾਮਿਆਂ ਵਿਚ ਨੇੜਤਾ ਵਧਣ ਲੱਗੀ | ਉਸ ਨੇ ਇਕ ਦਿਨ ਮੇਹਰ ਸਿੰਘ ਨੂੰ ਕਿਹਾ, "ਆਪਣਾ ਸਭ ਕਾਮਿਆਂ ਦਾ ਕਾਜ਼ ਇਕੋ ਹੀ ਹੈ | ਇਸ ਲਈ ਸਾਨੂੰ ਇਕ ਦੂਜੇ ਨਾਲ ਮੇਲ ਮਿਲਾਪ ਰੱਖਣਾ ਚਾਹੀਦਾ ਹੈ | ਤੂੰ ਪੜ੍ਹਿਆ ਲਿਖਿਆ ਹੈਂ, ਇਸ ਕਰਕੇ ਤੂੰ ਇਹਨਾਂ ਵਿਚ ਇਕ ਕੜੀ ਬਣ ਸਕਦਾ ਹੈਂ |" ਉਸ ਨੇ ਉਸ ਮਿੱਲ ਵਿਚ ਕੰਮ ਕਰਦੇ ਇਕ ਦੋ ਗੋਰਿਆਂ ਦੇ ਨਾਮ ਵੀ ਦੱਸ ਦਿੱਤੇ, ਜਿਨ੍ਹਾਂ ਨਾਲ ਉਹ ਸੰਪਰਕ ਬਣਾ ਸਕਦਾ ਸੀ |
ਉਹਨਾਂ ਦਿਨਾਂ ਵਿਚ ਆਮ ਮਜ਼ਦੂਰ, ਯੂਨੀਅਨ ਦਾ ਮੈਂਬਰ ਬਣਨ ਤੋਂ ਕੰਨੀ ਕਤਰਾਉਂਦਾ ਸੀ | ਭਾਰਤੀ ਕਾਮੇ ਤਾਂ ਯੂਨੀਅਨ ਦਾ ਨਾਮ ਸੁਣ ਕੇ ਹੀ ਡਰ ਜਾਂਦੇ ਸਨ | ਮਿੱਲ ਮਾਲਕ ਵੀ ਹਰ ਹੀਲਾ ਵਰਤਦੇ ਸਨ ਕਿ ਉਹਨਾਂ ਦੀ ਮਿੱਲ ਵਿਚ ਯੂਨੀਅਨ ਦੀ ਸੰਾਖ ਨਾ ਬਣੇ | ਫੇਰ ਵੀ ਯੂਨੀਅਨ ਬਣੀ, ਲਕੜ ਕਾਮੇ ਇਕ ਮੁੱਠ ਹੋਏ ਅਤੇ ਹੜਤਾਲ ਦਾ ਬਿਗਲ ਵੀ ਵੱਜ ਗਿਆ | ਅਪਰੈਲ 1945 ਨੂੰ ਸਾਰੇ ਬੀ।ਸੀ। ਦੀਆਂ ਲਕੜ ਮਿੱਲਾਂ ਵਿਚ ਹੜਤਾਲ ਹੋ ਗਈ, ਜਿਹੜੀ ਸੈਂਤੀ ਦਿਨ ਚੱਲੀ | ਕਿਸੇ ਵੀ ਦੇਸੀ ਕਾਮੇ ਨੇ ਪਿਕਟ ਲਾਈਨ ਨਹੀਂ ਟੱਪੀ ਤੇ ਨਾ ਹੀ ਕੋਈ ਦੇਸੀ ਕਾਮਾ ਯੂਨੀਅਨ ਕੋਲ ਸਹਾਇਤਾ ਲਈ ਗਿਆ | ਇਹ ਕਰਾਮਾਤ ਦਰਸੰਨ ਸਿੰਘ ਤੇ ਮੇਹਰ ਸਿੰਘ ਵਰਗੇ ਸ੍ਰਿੜੀ ਕਮਿਆਂ ਦੀ ਅਗਵਾਈ ਸਦਕਾ ਹੀ ਹੋਈ | ਇਹ ਹੜਤਾਲ ਪੂਰੀ ਤਰ੍ਹਾਂ ਸਫਲ ਰਹੀ | 'ਅੱਠ ਘੰਟੇ ਦੀ ਦਿਹਾੜੀ, ਕਾਮਿਆਂ ਦੀਆਂ ਤਨਖ਼ਾਹਾਂ ਵਿਚ ਇਕ ਸਾਰ ਵਾਧਾ ਅਤੇ ਨਸਲ ਅਧਾਰਤ ਵਿਤਕਰੇ ਦਾ ਖਾਤਮਾ', ਵਰਗੀਆਂ ਮੁਖ ਮੰਗਾਂ ਮੰਨ ਲਈਆਂ ਗਈਆਂ | ਇਸ ਹੜਤਾਲ ਵਿਚ ਦਰਸੰਨ ਸਿੰਘ ਦੇਸੀ ਕਾਮਿਆਂ ਦਾ ਹੀਰੋ ਬਣ ਕੇ ਉਭਰਿਆ |
ਵੋਟ ਦੇ ਹੱਕ ਵਾਲੀ ਜੱਦੋ ਜਹਿਦ ਵੀ ਠੰਡੀ ਨਹੀਂ ਸੀ ਪਈ | ਉਹ ਖਾਲਸਾ ਦੀਵਾਨ ਸੁਸਾਇਟੀ ਰਾਹੀਂ ਲਗਾਤਾਰ ਲੜੀ ਜਾ ਰਹੀ ਸੀ | ਹੁਣ ਬੀ।ਸੀ। ਦੀਆਂ ਖੱਬੀਆਂ ਪਾਰਟੀਆਂ ਵੀ ਪਰਵਾਸੀਆਂ ਦੀ ਸਹਾਇਤਾ 'ਤੇ ਆ ਗਈਆਂ ਸਨ ਅਤੇ ਇਸ ਬਾਰੇ ਵਿਰੋਧੀ ਪਾਰਟੀ ਵੱਲੋਂ ਵਿਧਾਨ ਸਭਾ ਵਿਚ ਮਤਾ ਵੀ ਪੇਸੰ ਕਰ ਦਿੱਤਾ ਗਿਆ ਸੀ | ਇਹ ਮਤਾ ਭਾਵੇਂ ਪਾਸ ਨਹੀਂ ਸੀ ਹੋ ਸਕਿਆ ਫੇਰ ਵੀ ਜੱਦੋ ਜਹਿਦ ਜਾਰੀ ਰਹੀ ਤੇ ਸਾਰੇ ਪਰਵਾਸੀਆਂ ਨੂੰ ਵੋਟ ਦਾ ਹੱਕ ਮਿਲਨਾ ਯਕੀਨੀ ਹੋ ਗਿਆ ਸੀ |
ਲਕੜ ਕਾਮਿਆਂ ਦੀ ਸਫਲ ਹੜਤਾਲ ਮਗਰੋਂ ਮੇਹਰ ਸਿੰਘ ਨੇ ਛੇ ਕੁ ਮਹੀਨੇ ਲੰਬਰ ਮਿੱਲ ਵਿਚ ਕੰਮ ਕੀਤਾ | ਇਸ ਸਮੇਂ ਤਕ ਦੂਸਰਾ ਸੰਸਾਰ ਯੁੱਧ ਸਮਾਪਤ ਹੋ ਗਿਆ ਸੀ | ਹੁਣ ਉਸ ਦਾ ਕੈਨੇਡਾ ਵਿਚ ਦਿਲ ਵੀ ਲੱਗ ਗਿਆ ਸੀ ਅਤੇ ਉਹ ਵੋਟ ਦੇ ਹੱਕ ਲਈ, ਦਰਸ਼ਨ ਸਿੰਘ ਨਾਲ ਮਿਲ ਕੇ, ਲਾਮਬੰਦੀ ਕਰ ਰਿਹਾ ਸੀ | ਪਰ ਉਸ ਦਾ ਸਹੁਰਾ ਪਰਵਾਰ, ਦੇਸੰ ਨੂੰ ਮੁੜਨ ਲਈ ਕਾਹਲੀ ਕਰਨ ਲੱਗਾ | ਮੇਹਰ ਸਿੰਘ ਦਾ ਮੁੰਡਾ ਜਲੌਰ ਸਿੰਘ ਸੱਤ ਸਾਲ ਦਾ ਹੋ ਗਿਆ ਸੀ ਅਤੇ ਉਸ ਦੇ ਸਾਲੇ ਤਰਸੇਮ ਸਿੰਘ ਦੀ ਵਿਆਹ ਵਾਲੀ ਉਮਰ ਵੀ ਲੰਘਦੀ ਜਾ ਰਹੀ ਸੀ ਜਿਸ ਕਾਰਨ ਉਹ ਛੇਤੀ ਦੇਸ਼ ਮੁੜਨਾ ਚਾਹੁੰਦੇ ਸਨ ਅਤੇ ਮੇਹਰ ਸਿੰਘ ਨੂੰ ਵੀ ਆਪਣੇ ਨਾਲ ਲੈ ਜਾਣਾ ਚਾਹੁੰਦੇ ਸਨ | ਮੇਹਰ ਸਿੰਘ ਨੇ ਦੇਸ਼ ਜਾਣ ਬਾਰੇ, ਦਰਸ਼ਨ ਸਿੰਘ ਨਾਲ ਵਿਚਾਰ ਕੀਤੀ ਤਾਂ ਉਸ ਨੇ ਵੀ ਉਸ ਨੂੰ ਦੇਸੰ ਜਾਣ ਲਈ ਹਾਮ੍ਹੀ ਭਰ ਦਿੱਤੀ | ਉਹ ਆਪਣੇ ਸਹੁਰੇ ਪਰਵਾਰ ਨਾਲ ਦੇਸੰ ਮੁੜ ਗਿਆ |
ਮੇਹਰ ਸਿੰਘ ਤੇਰਾਂ ਚੌਦਾਂ ਸਾਲ ਮਗਰੋਂ ਪਿੰਡ ਮੁੜਿਆ ਸੀ | ਉਸ ਨੂੰ ਪਿੰਡ ਓਪਰਾ ਓਪਰਾ ਜਿਹਾ ਲੱਗਾ | ਪਿੰਡ ਤੋਂ ਬਾਹਰਵਾਰ ਇੱਟਾਂ ਦਾ ਭੱਠਾ ਲਗਾ ਹੋਇਆ ਸੀ | ਕਈਆਂ ਘਰਾਂ ਨੇ ਪੱਕੇ ਦਰਵਾਜ਼ੇ ਛੱਤ ਲਏ ਸਨ ਪਰ ਪਲਸਤਰ ਕਿਸੇ ਉਪਰ ਨਹੀਂ ਸੀ ਕੀਤਾ ਹੋਇਆ | ਮਾਂ ਕੁੱਬੀ ਹੋ ਗਈ ਸੀ, ਮਿੰਦ੍ਹਰ ਸਿੰਘ ਵੀ ਬਹੁਤ ਬੁੱਢਾ ਹੋ ਗਿਆ ਜਾਪਦਾ ਸੀ | ਮਿੰਦ੍ਹਰ ਸਿੰਘ ਦੇ ਮੁੰਡੇ ਨੇ ਵਿਆਹ ਕਰਵਾ ਲਿਆ ਸੀ | ਮਾਂ ਨੇ ਮੇਹਰ ਸਿੰਘ ਲਈ ਵੀ ਕੁੜੀ ਦੇਖੀ ਹੋਈ ਸੀ | ਛੇਤੀ ਹੀ ਮੇਹਰ ਸਿੰਘ ਦਾ ਵਿਆਹ ਹੋ ਗਿਆ | ਉਸ ਦੀ ਪਤਨੀ, ਸ਼ਰਨੀ, ਜਿਸ ਦਾ ਪੂਰਾ ਨਾਮ ਸੰਰਨਜੀਤ ਕੌਰ ਸੀ, ਸਾਲ ਕੁ ਆਪਣੀ ਸੱਸ ਕੋਲ ਰਹੀ| ਮੇਹਰ ਸਿੰਘ ਦੀ ਮਾਂ ਨੇ ਉਸ ਨੂੰ ਆਪਣੇ ਘਰ ਦੀ ਕਬੀਲਦਾਰੀ ਅਤੇ ਆਪਣੇ ਪਰਵਾਰ ਬਾਰੇ ਬੜਾ ਕੁਝ ਦੱਸਿਆ ਤੇ ਸਮਝਾਇਆ | ਮੇਹਰ ਸਿੰਘ ਆਪਣੀ ਪਤਨੀ ਨੂੰ ਆਪਣੇ ਨਾਲ ਹੀ ਕੈਨੇਡਾ ਲੈ ਜਾਣਾ ਚਾਹੁੰਦਾ ਸੀ, ਇਸ ਵਾਸਤੇ ਉਸ ਨੂੰ ਲਾਹੌਰ ਅਤੇ ਦਿੱਲੀ ਦੇ ਕਈ ਗੇੜੇ ਮਾਰਨੇ ਪਏ | ਇਸ ਸਮੇਂ ਭਾਰਤ ਨੂੰ ਆਜ਼ਾਦੀ ਮਿਲਨ ਦੀ ਗੱਲ ਪੱਕੀ ਹੋ ਗਈ ਸੀ ਅਤੇ ਭਾਰਤ ਦੇ ਟੁਕੜੇ ਕਰਕੇ ਪਾਕਿਸਤਾਨ ਨਾਮ ਦਾ ਇਕ ਨਵਾਂ ਦੇਸੰ ਬਣਾਇਆ ਜਾ ਰਿਹਾ ਸੀ | ਪਿੰਡਾਂ, ਸੰਹਿਰਾਂ ਵਿਚ ਫਿਰਕੂ ਨਫਰਤ ਸਿਖਰਾਂ 'ਤੇ ਸੀ | ਕਿਤੇ ਕਿਤੇ ਫਿਰਕੂ ਦੰਗੇ ਵੀ ਹੋ ਜਾਂਦੇ | ਅਜੇਹੇ ਹਾਲਾਤ ਵਿਚ ਮੇਹਰ ਸਿੰਘ ਆਪਣੇ ਲੜਕੇ ਜਲੌਰ ਸਿੰਘ ਅਤੇ ਨਵੀਂ ਪਤਨੀ ਨੂੰ ਨਾਲ ਲੈ ਕੇ ਕੈਨੇਡਾ ਵਾਪਸ ਮੁੜ ਆਇਆ |
ਏਥੇ ਆ ਕੇ ਪਹਿਲੀ ਔਕੜ ਉਸ ਨੂੰ ਰਹਾਇਸੰੰ ਦੀ ਆਈ | ਉਹ ਹੁਣ ਬੰਕ ਹਾਊਸ ਵਿਚ ਤਾਂ ਰਹਿਣਾ ਨਹੀਂ ਸੀ ਚਾਹੁੰਦਾ ਤੇ ਕਰਾਏ ਉਪਰ ਉਸ ਨੂੰ ਕਿਤੇ ਕੋਈ ਮਕਾਨ ਨਹੀਂ ਸੀ ਮਿਲ ਰਿਹਾ | ਕੁਝ ਦਿਨ ਉਸ ਨੂੰ ਗੁਰਦਵਾਰੇ ਵਿਚ ਰਹਿ ਕੇ ਗੁਜ਼ਾਰਾ ਕਰਨਾ ਪਿਆ | ਦੂਜੀ ਔਕੜ ਉਸ ਨੂੰ ਕੰਮ ਨਾ ਮਿਲਨ ਦੀ ਆਈ | ਜਿਹੜੀ ਮਿੱਲ ਵਿਚੋਂ ਉਹ ਕੰਮ ਛੱਡ ਕੇ ਗਿਆ ਸੀ, ਉੱਥੋਂ ਉਸ ਨੂੰ ਜਵਾਬ ਮਿਲ ਗਿਆ ਤੇ ਹੋਰ ਕਿਸੇ ਮਿੱਲ ਵਿਚ ਕੰਮ ਮਿਲਿਆ ਨਾ | ਇਕ ਪੂਰਾ ਹਫਤਾ ਉਸ ਨੇ ਰਹਾਇਸੰ ਅਤੇ ਕੰਮ ਦੀ ਭਾਲ ਵਿਚ ਬਤੀਤ ਕਰ ਦਿੱਤਾ | ਅਖੀਰ ਉਸ ਨੂੰ ਗੁਰਦਵਾਰੇ ਦੇ ਪਰਧਾਨ ਨੇ ਆਪਣੇ ਘਰ ਦੀ ਬੇਸਮਿੰਟ ਵਿਚ ਰਹਿਣ ਲਈ ਥਾਂ ਦੇ ਦਿੱਤੀ ਅਤੇ ਕੰਮ ਉਸ ਨੂੰ ਔਲੀਵਰ ਦੇ ਫਾਰਮ ਵਿਚ ਕਰਨਾ ਪਿਆ, ਜਿੱਥੇ ਉਸ ਨੇ ਪਿਹਲਾਂ ਵੀ ਕੰਮ ਕੀਤਾ ਸੀ |
ਮੇਹਰ ਸਿੰਘ ਨੂੰ ਪਰਧਾਨ ਸਾਹਿਬ ਕੋਲੋਂ ਪਤਾ ਲੱਗਾ ਕਿ ਦਰਸੰਨ ਸਿੰਘ ਹਿੰਦੋਸਤਾਨ ਨੂੰ ਵਾਪਸ ਮੁੜ ਗਿਆ ਹੈ | ਉਸ ਦੇ ਦੇਸੰ ਨੂੰ ਵਾਪਸ ਪਰਤ ਜਾਣ ਦਾ ਉਸ ਨੂੰ ਬਹੁਤ ਅਫਸੋਸ ਹੋਇਆ ਕਿਉਂਕਿ ਏਥੇ ਉਹ ਹੀ ਉਸ ਦਾ ਹਾਣੀ ਸੀ ਤੇ ਉਹ ਉਸ ਨਾਲ ਖੁੱਲ੍ਹ ਕੇ ਗੱਲ ਬਾਤ ਕਰ ਲਿਆ ਕਰਦਾ ਸੀ | ਉਸ ਦੇ ਨਾਲ ਰਹਿ ਕੇ ਹੀ ਉਸ ਨੇ ਯੂਨੀਅਨ ਵਿਚ ਕੰਮ ਕਰਨਾ ਸੰੁੰਰੂ ਕੀਤਾ ਸੀ | ਦਰਸੰਨ ਸਿੰਘ ਨੇ ਗੋਰਿਆਂ ਵਿਚ ਵੀ ਆਪਣੀ ਚੰਗੀ ਭੱਲ ਬਣਾਈ ਹੋਈ ਸੀ | ਕਾਮਿਆਂ ਦਾ ਉਹ ਆਗੂ ਬਣ ਗਿਆ ਸੀ | ਚੰਗਾ ਬੁਲਾਰਾ ਹੋਣ ਕਰਕੇ ਉਹ ਪਰਵਾਸੀ ਭਾਰਤੀਆਂ ਵਿਚ ਵੀ ਹਰਮਨ ਪਿਆਰਾ ਸੀ | ਜਿੱਥੇ ਦਰਸੰਨ ਸਿੰਘ ਦੇ ਵਾਪਸ ਚਲੇ ਜਾਣ ਦਾ ਉਸ ਨੂੰ ਦੁੱਖ ਸੀ ਉੱਥੇ ਇਹ ਜਾਣ ਕੇ ਉਸ ਨੂੰ ਬੜੀ ਖੁਸੰੀ ਹੋਈ ਕਿ ਦਰਸੰਨ ਸਿੰਘ ਦੇ ਦੇਸੰ ਮੁੜ ਜਾਣ ਤੋਂ ਪਹਿਲਾਂ, ਪਰਵਾਸੀਆਂ ਨੇ ਵੋਟ ਦਾ ਅਧਿਕਾਰ ਦੋ ਅਪਰੈਲ 47 ਨੂੰ ਪਰਾਪਤ ਕਰ ਲਿਆ ਸੀ, ਜਿਸ ਵਿਚ ਉਸ ਦਾ ਬਹੁਤ ਵੱਡਾ ਯੋਗਦਾਨ ਸੀ | ਉਹ ਇਸ ਗੱਲੋਂ ਵੀ ਖੁਸੰ ਸੀ ਕਿ ਉਸ ਦਾ ਬੇਲੀ ਦਰਸ਼ਨ ਇਕ ਚੰਗਾ ਸਿਆਸੀ ਨੇਤਾ ਬਣ ਕੇ ਉਭਰ ਰਿਹਾ ਸੀ | ਉਹ ਇਹ ਸੋਚ ਕੇ ਸੰਤੁਸੰਟ ਹੋ ਗਿਆ ਕਿ ਦਰਸੰਨ ਦੇਸੰ ਨੂੰ ਵਿਆਹ ਕਰਵਾਉਣ ਗਿਆ ਹੋਵੇਗਾ |
ਮੇਹਰ ਸਿੰਘ ਨੇ ਛੇ ਕੁ ਮਹੀਨੇ ਔਲੀਵਰ ਦੇ ਫਾਰਮ ਵਿਚ ਕੰਮ ਕੀਤਾ | ਫੇਰ ਉਸ ਨੂੰ ਇਕ ਹੋਰ ਲੰਬਰ ਮਿੱਲ ਵਿਚ ਕੰਮ ਮਿਲ ਗਿਆ, ਜਿਹੜੀ ਉਸ ਦੀ ਰਹਾਇਸੰ ਤੋਂ ਬਹੁਤੀ ਦੂਰ ਵੀ ਨਹੀਂ ਸੀ | ਹੁਣ ਉਹ ਬੇਫਿਕਰ ਹੋ ਕੇ ਆਪਣੇ ਕੰਮ ਵੱਲ ਧਿਆਨ ਦੇਣ ਲੱਗਾ |
ਮੇਹਰ ਸਿੰਘ ਨੇ ਏਥੇ ਆਉਂਦਿਆਂ ਹੀ ਜਲੌਰ ਨੂੰ ਨੇੜੇ ਦੇ ਸਕੂਲ ਵਿਚ ਦਾਖ਼ਿਲ ਕਰਵਾ ਦਿੱਤਾ ਸੀ | ਜਲੌਰ ਤੀਜੇ ਗਰੇਡ ਵਿਚੋਂ ਪੜ੍ਹਾਈ ਛੱਡ ਕੇ ਗਿਆ ਸੀ ਤੇ ਉਸ ਨੂੰ ਤੀਜੇ ਗਰੇਡ ਵਿਚ ਹੀ ਦਾਖ਼ਿਲਾ ਮਿਲਿਆ | ਇਸ ਸਕੂਲ ਵਿਚ ਜਲੌਰ ਆਪਣੇ ਆਪ ਨੂੰ ਓਪਰਾ ਓਪਰਾ ਮਹਿਸੂਸ ਕਰਦਾ | ਇਕ ਸਾਲ ਪਿੱਛੇ ਰਹਿ ਜਾਣ ਕਰਕੇ ਤੇ ਕੱਦ ਦਾ ਥੋੜਾ ਲੰਮਾ ਹੋਣ ਕਾਰਨ, ਸ੍ਰੇਣੀ ਦੇ ਬੱਚੇ ਉਸ ਨੂੰ ਲੰਮਢੀਂਗ ਕਹਿ ਕੇ ਛੇੜਦੇ | ਕਦੀ ਉਸ ਦੇ ਖਾਣੇ ਨੂੰ ਚੁੱਕ ਕੇ ਬਾਹਰ ਸੁੱਟ ਆਉਂਦੇ ਕਿ ਇਸ ਵਿਚੋਂ ਬੋ ਆਉਂਦੀ ਹੈ | ਕੋਈ ਵੀ ਉਸ ਨੂੰ ਆਪਣੇ ਕੋਲ ਬੈਠਣ ਨਾ ਦਿੰਦਾ | ਕਿਸੇ ਸਾਂਝੀ ਖੇਡ ਵੇਲੇ ਕੋਈ ਉਸ ਨੂੰ ਆਪਣਾ ਆੜੀ ਨਾ ਬਣਾਉਂਦਾ | ਸਕੂਲ ਦੇ ਮੁੰਡੇ ਕੁੜੀਆਂ, ਕੋਈ ਨਾ ਕੋਈ ਬਹਾਨਾ ਬਣਾਕੇ, ਉਸ ਨੂੰ ਛੇੜਦੇ ਰਹਿੰਦੇ | ਅਧਿਆਪਕਾਂ ਦਾ ਸਲੂਕ ਵੀ ਉਸ ਨਾਲ ਕੋਈ ਬਹੁਤਾ ਚੰਗਾ ਨਹੀਂ ਸੀ | ਜੇ ਗੁੱਸੇ ਵਿਚ ਆ ਕੇ ਕਿਸੇ ਨਾਲ ਹੱਥੋ-ਪਾਈ ਹੋ ਜਾਂਦਾ ਤਾਂ ਅਧਿਆਪਕ ਉਸ ਦਾ ਹੀ ਕਸੂਰ ਕੱਢਦੇ | ਉਹ ਤੀਜੇ ਚੌਥੇ ਦਿਨ ਰੋਂਦਾ ਰੋਂਦਾ ਘਰ ਆ ਜਾਂਦਾ ਅਤੇ ਸਕੂਲ ਵਿਚ ਹੋਈ ਵਾਪਰੀ, ਆ ਕੇ ਆਪਣੀ ਮਾਂ ਨੂੰ ਦੱਸ ਦਿੰਦਾ | ਮਾਂ 'ਹਊ' ਕਹਿ ਕੇ ਚੁੱਪ ਕਰ ਜਾਂਦੀ | ਅਖੀਰ ਜਦੋਂ ਤੰਗ ਆ ਕੇ ਜਲੌਰ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਸੰਰਨੀ ਨੇ, ਮੁੰਡੇ ਨੂੰ ਸਕੂਲ ਵਿਚ ਆ ਰਹੀਆਂ ਔਕੜਾਂ ਬਾਰੇ, ਮੇਹਰ ਸਿੰਘ ਨਾਲ ਗੱਲ ਕੀਤੀ | ਮੇਹਰ ਸਿੰਘ ਨੇ ਜਲੌਰ ਨੂੰ ਆਪਣੇ ਕੋਲ ਬਿਠਾ ਕੇ ਸਮਝਾਇਆ, "ਮੇਰੀ ਇਕ ਗੱਲ ਧਿਆਨ ਨਾਲ ਸੁਣ ਲੈ ਪੁੱਤਰਾ, ਉਹ ਤਾਂ ਇਹੋ ਚਾਹੁੰਦੇ ਐ ਕਿ ਤੂੰ ਨਾ ਪੜ੍ਹੇਂ ਪਰ ਆਪਾਂ ਪੜ੍ਹਾਈ ਕਿਸੇ ਸੂਰਤ ਵਿਚ ਵੀ ਨਹੀਂ ਛੱਡਣੀ ਭਾਵੇਂ ਕਿੰਨੀਆਂ ਵੀ ਤੰਗੀਆਂ ਤੁਰਸੰੀਆਂ ਕਿਉਂ ਨਾ ਆਉਣ |"
"ਪਰ ਬਾਪੂ ਜੀ, ਮੇਰੀ ਸੰਕਾਇਤ ਸੁਣ ਕੇ ਵੀ ਟੀਚਰ ਕਿਸੇ ਨੂੰ ਕੁਝ ਨਹੀਂ ਕਹਿੰਦੇ|"
"ਮੈਂ ਕਿਸੇ ਦਿਨ ਸਕੂਲ ਜਾ ਕੇ ਤੇਰੇ ਟੀਚਰਾਂ ਨਾਲ ਵੀ ਗੱਲ ਕਰੂੰਗਾ ਪਰ ਤੂੰ ਵੀ ਸੰੇਰ ਪੁੱਤ ਬਣ ਕੇ ਪਹਿਲਾਂ ਮੈਨੂੰ ਇਹ ਦੱਸ ਕਿ ਤੇਰੀ ਜਮਾਤ ਵਿਚ ਕੋਈ ਮੁੰਡਾ ਕੁੜੀ ਅਜੇਹਾ ਵੀ ਹੈਗਾ ਜਿਸ ਨੇ ਤੈਨੂੰ ਕਦੇ ਕੁਝ ਨਹੀਂ ਕਿਹਾ?"
"ਹਾਂ ਬਾਪੂ ਜੀ, ਇਉਂ ਤਾਂ ਕਈ ਹੈਗੇ ਆ ਪੀਟਰ ਐ, ਮਕੈਨਜੀ ਐ, ਸੈਰਾ ਐ | ਚੀਨੇ ਵੀ ਹੈਗੇ ਆ ਪਰ ਉਹ ਤਾਂ ਅੱਡ ਈ ਰਹਿੰਦੇ ਐ ਤੇ ਆਪਦੀ ਬੋਲੀ ਵਿਚ ਈ ਗੱਲਾਂ ਕਰਦੇ ਐ |"
"ਬਸ, ਇਹ ਜਿਹੜੇ ਪੀਟਰ ਤੇ ਮਕੈਂਜੀ ਵਰਗੇ ਐ ਤੂੰ ਉਹਨਾਂ ਨਾਲ ਦੋਸਤੀ ਪਾ | ਚੀਨਿਆਂ ਦੇ ਨੇੜੇ ਹੋ ਕੇ ਬੈਠਿਆ ਕਰ ਤੇ ਉਹਨਾਂ ਨਾਲ ਗੱਲ ਬਾਤ ਕਰਿਆ ਕਰ, ਫੇਰ ਨਹੀਂ ਕੋਈ ਤੈਨੂੰ ਤੰਗ ਕਰਦਾ |"
ਜਲੌਰ ਸਕੂਲ ਜਾਂਦਾ ਰਿਹਾ ਪਰ ਉਸ ਦੀਆਂ ਦੁਸੰਵਾਰੀਆਂ ਖਤਮ ਨਾ ਹੋਈਆਂ | ਅਜੇ ਵੀ ਜਦੋਂ ਉਹ ਕਲਾਸ ਵਿਚ ਜਾ ਕੇ ਬੈਠਦਾ ਤਾਂ ਮੁੰਡੇ ਉਸ ਕੋਲੋਂ ਦੂਰ ਹੋ ਕੇ ਬੈਠ ਜਾਂਦੇ | ਉਹ ਪੀਟਰ ਜਾਂ ਮਕੈਨਜ਼ੀ ਦੇ ਨਾਲ ਬੈਠਦਾ ਤਾਂ ਉਹ ਉਸ ਦੇ ਨਾਲ ਬੈਠੇ ਰਹਿੰਦੇ | ਹੌਲ਼ੀ ਹੌਲ਼ੀ ਉਹ ਉਸ ਦੇ ਮਿਤਰ ਬਣ ਗਏ ਪਰ ਦੂਜੇ ਮੁੰਡੇ ਉਹਨਾਂ ਨਾਲ ਵੀ ਖਾਰ ਖਾਂਦੇ ਪਰ ਉਹ ਕੋਈ ਪਰਵਾਹ ਨਹੀਂ ਸੀ ਕਰਦੇ | ਹੁਣ ਜਲੌਰ ਵੀ ਸਹਿੰਦੜ ਹੋ ਗਿਆ ਸੀ ਤੇ ਉਸ ਨੇ 'ਦੋ ਪਈਆਂ ਵਿੱਸਰ ਗਈਆਂ' ਵਾਲਾ ਸੁਭਾਅ ਅਪਣਾ ਲਿਆ ਸੀ | ਉਹ ਸਕੂਲ ਜਾਂਦਾ ਰਿਹਾ ਅਤੇ ਚੰਗੇ ਨੰਬਰ ਲੈ ਕੇ ਪਾਸ ਵੀ ਹੁੰਦਾ ਰਿਹਾ |
ਜਦੋਂ ਦਾ ਦਰਸੰਨ ਸਿੰਘ ਕੈਨੇਡਾ ਛੱਡ ਕੇ ਵਾਪਸ ਭਾਰਤ ਮੁੜ ਗਿਆ ਸੀ ਤਾਂ ਪਿੱਛੇ ਭਾਰਤੀ ਲਕੜ ਕਾਮਿਆਂ ਵਿਚ ਇਕ ਖ਼ਿਲਾਅ ਜਿਹਾ ਮਹਿਸੂਸ ਹੋਣ ਲੱਗਾ ਸੀ | ਵੁੱਡ ਵਰਕਰ ਯੂਨੀਅਨ ਦੇ ਲੀਡਰਾਂ ਨੂੰ ਭਾਰਤੀ ਕਾਮਿਆਂ ਵਿਚ ਕੰਮ ਕਰਨ ਵਾਲਾ ਕੋਈ ਲੀਡਰ ਨਹੀਂ ਸੀ ਮਿਲ ਰਿਹਾ | ਮੇਹਰ ਸਿੰਘ ਨੇ ਸੰਨ ਛਿਆਲੀ ਵਾਲੀ ਲੱਕੜ ਮਿੱਲਾਂ ਦੀ ਸਫਲ ਹੜਤਾਲ ਵਿਚ ਦਰਸੰਨ ਸਿੰਘ ਨਾਲ ਪਿੱਛੇ ਰਹਿ ਕੇ ਕੰਮ ਕੀਤਾ ਸੀ | ਉਹ ਭਾਵੇਂ ਦਰਸੰਨ ਸਿੰਘ ਵਰਗਾ ਦਲੇਰ ਅਤੇ ਮਾਰਕਸੀ ਸੋਚ ਨੂੰ ਪਰਨਾਇਆ ਹੋਇਆ ਨਹੀਂ ਸੀ ਪਰ ਫੇਰ ਵੀ ਯੂਨੀਵਰਸਿਟੀ ਦਾ ਪੜ੍ਹਿਆ ਤੇ ਯੂਨੀਅਨ ਵਿਚ ਕੰਮ ਕਰਦਾ ਰਿਹਾ ਹੋਣ ਕਰਕੇ ਯੂਨੀਅਨ ਲੀਡਰਾਂ ਦੀ ਨਿਗਾਹ ਵਿਚ ਆ ਗਿਆ ਸੀ | ਉਹ ਚਾਹੁੰਦੇ ਸਨ ਕਿ ਜੇ ਉਹ ਸਰਗਰਮ ਹੋ ਜਾਵੇ ਤਾਂ ਭਾਰਤੀ ਕਾਮੇ ਸੰਗਠਤ ਰਹਿ ਸਕਦੇ ਹਨ | ਇਕ ਦਿਨ ਲੰਚ ਵੇਲੇ ਇਕ ਗੋਰਾ ਕਾਮਾ ਉਸ ਕੋਲ ਆ ਕੇ ਕਹਿਣ ਲੱਗਾ, "ਮਿਸਟਰ ਸਿੱਧੂ, ਮੈਂ ਤੇਰੇ ਨਾਲ ਇਕ ਸਲਾਹ ਕਰਨੀ ਹੈ, ਕੀ ਤੂੰ ਇਸ ਐਤਵਾਰ ਮੇਰੇ ਲਈ ਇਕ ਘੰਟੇ ਦਾ ਸਮਾਂ ਕੱਢ ਸਕਦਾ ਹੈਂ?"
"ਇਹੋ ਜਿਹੀ ਕਿਹੜੀ ਘਟਨਾ ਵਾਪਰ ਗਈ, ਜਿਸ ਬਾਰੇ ਮੇਰੇ ਨਾਲ ਸਲਾਹ ਕਰਨ ਦੀ ਲੋੜ ਪੈ ਗਈ, ਮਿਸਟਰ ਰਾਬਰਟ?" ਮੇਹਰ ਸਿੰਘ ਨੇ ਹੈਰਾਨ ਹੁੰਦਿਆਂ ਪੁੱਛਿਆ|
"ਇਸ ਬਾਰੇ ਤਾਂ ਐਤਵਾਰ ਨੂੰ ਹੀ ਦੱਸਾਂਗਾ, ਤੂੰ ਇਹ ਦੱਸ ਕਿ ਕੀ ਤੂੰ ਮੈਨੂੰ ਪਰਸੋਂ ਇਕ ਵਜੇ ਗੁਰਦਵਾਰੇ ਦੇ ਗੇਟ ਕੋਲ ਮਿਲ ਸਕਦਾ ਹੈਂ? ਮੈਂ ਤੈਨੂੰ Aੁੱਥੋਂ ਆਪਣੇ ਨਾਲ ਲੈ ਜਾਵਾਂਗਾ | ਘਬਰਾ ਨਾ, ਸਾਂਝੇ ਹਿਤ ਵਿਚ ਸਲਾਹ ਕਰਨੀ ਹੈ |"
"ਘਬਰਾਉਣ ਦੀ ਇਸ ਵਿਚ ਕਿਹੜੀ ਗੱਲ ਹੈ, ਯੂਨੀਅਨ ਦੇ ਮਸਲੇ 'ਤੇ ਹੀ ਕੋਈ ਗੱਲ ਕਰਨੀ ਹੋਵੇਗੀ |"
"ਤੂੰ ਠੀਕ ਬੁੱਝਿਆ ਹੈ, ਤੁਹਾਡੇ ਬੰਦਿਆਂ ਵਿਚੋਂ ਇਕ ਤੂੰ ਹੀ ਚੰਗੀ ਤਰ੍ਹਾਂ ਅੰਗਰੇਜ਼ੀ ਵਿਚ ਗੱਲ ਕਰ ਸਕਦਾ ਹੈਂ, ਇਸ ਕਰਕੇ ਹੀ ਤੇਰੇ ਨਾਲ ਸਲਾਹ ਕਰਨੀ ਹੈ | ਹੁਣ ਪੱਕ ਰਿਹਾ, ਪਰਸੋਂ ਇਕ ਵਜੇ ਗੁਰਦਵਾਰੇ ਦੇ ਗੇਟ 'ਤੇ ਮਿਲਾਂਗੇ |"
ਇਹ ਕਹਿ ਕੇ ਰਾਬਰਟ ਉੱਥੋਂ ਚਲਾ ਗਿਆ ਪਰ ਮੇਹਰ ਸਿੰਘ ਸੋਚਾਂ ਵਿਚ ਪੈ ਗਿਆ, "ਕੀ ਗੱਲ ਕਰਨੀ ਹੋਊ ਉਸ ਨੇ ਮੇਰੇ ਨਾਲ | ਕਿਤੇ ਮੁੜ ਕੇ ਮਿੱਲਾਂ ਵਿਚ ਹੜਤਾਲ ਦਾ ਚੱਕਰ ਹੀ ਨਾ ਚੱਲ ਪਵੇ | ਜੇ ਹੜਤਾਲ ਹੋ ਗਈ ਤਾਂ ਬਹੁਤ ਮੁਸੰਕਲ ਬਣ ਜਾਊਗੀ | ਅਜੇ ਤਾਂ ਇੱਥੇ ਮੁੜ ਕੇ ਆਇਆਂ ਦੇ ਸੁਆਰ ਕੇ ਪੈਰ ਵੀ ਨਹੀਂ ਲੱਗੇ ਤੇ ਓਧਰੋਂ ਸੰਰਨੀ ਦਾ ਪੈਰ ਭਾਰੀ ਐ | ਕੀ ਕਰਾਂਗੇ? ਜੇ ਹੜਤਾਲ ਹੋ ਗਈ ਤਾਂ |" ਇਸ ਤਰ੍ਹਾਂ ਦੀਆਂ ਸੋਚਾਂ ਸੋਚਦਾ ਉਹ ਘਰ ਆ ਗਿਆ |
ਘਰ ਆਕੇ ਉਸ ਨੇ ਆਪਣੀ ਪਤਨੀ ਨਾਲ ਕੋਈ ਗੱਲ ਨਾ ਕੀਤੀ ਪਰ ਉਸ ਦੀ ਚੁੱਪ ਤੋਂ ਹੀ ਸੰਰਨੀ ਨੇ ਲੱਖਣ ਲਾ ਲਿਆ ਕਿ ਅੱਜ ਮਿੱਲ ਵਿਚ ਜਾਂ ਕਿਤੇ ਰਾਹ ਵਿਚ ਕੋਈ ਘਟਣਾ ਵਾਪਰ ਗਈ ਹੋਊ | ਜਦੋਂ ਨਹਾ ਕੇ ਮੇਹਰ ਸਿੰਘ ਚਾਹ ਪੀਣ ਲੱਗਾ ਤਾਂ ਸੰਰਨੀ ਨੇ ਪੁੱਛ ਲਿਆ, "ਜਲੌਰ ਦੇ ਬਾਪੂ, ਅੱਜ ਕਿਵੇਂ ਚੁੱਪ ਚੁੱਪ ਜਿਹਾ ਈ ਫਿਰਦੈਂ, ਕਿਤੇ ਅੱਜ ਵੀ ਰਾਹ ਵਿਚ ਗੋਰੇ ਛੋਕਰਿਆਂ ਨੇ ਤਾਂ ਨਹੀਂ ਕੁਸੰ ਕਹਿ ਦਿੱਤਾ?" ਇਕ ਦਿਨ ਰਾਹ ਵਿਚ ਸਾਈਕਲ 'ਤੇ ਆਉਂਦੇ ਨੂੰ ਨਿਕੇ ਨਿਕੇ ਗੋਰੇ ਮੁੰਡੇ ਉਸ ਨੂੰ 'ਹਿੰਦੂ ਕੁੱਤਾ, ਹਿੰਦੂ ਕੁੱਤਾ' ਕਹਿ ਕੇ ਭੱਜ ਗਏ ਸਨ ਅਤੇ ਉਹ ਉਸ ਦਿਨ ਸਾਰੀ ਦਿਹਾੜੀ ਚੁੱਪ ਤੇ ਉਦਾਸ ਰਿਹਾ ਸੀ |
"ਨਹੀਂ, ਅਜੇਹੀ ਤਾਂ ਕੋਈ ਗੱਲ ਨਹੀਂ ਹੋਈ | ਅੱਜ ਰਾਬਰਟ ਮਿਲਿਆ ਸੀ, ਕਹਿੰਦਾ 'ਤੇਰੇ ਨਾਲ ਇਕ ਸਲਾਹ ਕਰਨੀ ਐ' ਮੈਨੂੰ ਲਗਦੈ ਕਿਤੇ ਹੜਤਾਲ ਨਾ ਕਰਨ ਨੂੰ ਫਿਰਦੇ ਹੋਣ | ਹੋਰ ਉਹਨੇ ਮੇਰੇ ਨਾਲ ਕੀ ਸਲਾਹ ਕਰਨੀ ਹੋਊ|"
"ਕੀ ਪਤਾ ਉਹਨੇ ਕੋਈ ਹੋਰ ਗੱਲ ਕਰਨੀ ਹੋਵੇ, ਤੁਸੀਂ ਕਿਉਂ ਹੁਣੇ ਫਿਕਰ ਲਾ ਲਿਆ | ਜਦੋਂ ਹੜਤਾਲ ਹੋਊ ਦੇਖੀ ਜਾਊ, ਤੁਸੀਂ ਚਾਹ ਪੀ ਕੇ ਮੁੰਡੇ ਨੂੰ ਸਕੂਲ ਦਾ ਕੰਮ ਕਰਵਾਓ |" ਸੰਰਨੀ ਇਹ ਕਹਿ ਕੇ ਆਪਣੇ ਕੰਮ ਧੰਦੇ ਲਗ ਗਈ | ਪਰ ਮੇਹਰ ਸਿੰਘ ਦਾ ਦਿਲ ਜਲੌਰ ਨੂੰ ਹੋਮ ਵਰਕ ਕਰਵਾਉਣ ਲਈ ਨਾ ਮੰਨਿਆ ਅਤੇ ਉਹ ਚਾਹ ਪੀ ਕੇ ਗੁਰਦਵਾਰੇ ਵੱਲ ਚਲਾ ਗਿਆ | ਗੁਰਦਵਾਰੇ ਵਿਚ ਉਸ ਨੂੰ ਭਾਈ ਮਿੱਤ ਸਿੰਘ ਮਿਲ ਪਿਆ ਤੇ ਉਹ ਉਸ ਨੂੰ ਦੇਖਦਿਆਂ ਹੀ ਕਹਿਣ ਲੱਗਾ,"ਭਾਈ ਮੇਹਰ ਸਿਆਂ, ਹੁਣ ਤਾਂ ਤੂੰ ਈਦ ਦਾ ਚੰਦ ਈ ਹੋ ਗਿਆ | ਗੁਰਦਵਾਰੇ ਤਾਂ ਕਦੇ ਕਦਾਈਂ ਹੀ ਗੇੜਾ ਮਰਦਾ ਏਂ |"
"ਨਹੀਂ, ਭਾਈ ਸਾਅਬ, ਏਹੋ ਜੇਹੀ ਤਾਂ ਕੋਈ ਗੱਲ ਨਈਂ | ਹਰ ਸੰਡੇ ਦੀਵਾਨ ਵਿਚ ਹਾਜ਼ਰ ਹੋਈਦਾ ਐ ਤੇ ਕਦੀ ਆਥਣ ਸਵੇਰ ਵੀ ਮੱਥਾ ਟੇਕਣ ਆ ਜਾਈਦਾ ਐ |"
"ਦੋ ਸਾਲ ਤੋਂ ਉਤੇ ਹੋ ਗਏ ਤੈਨੂੰ ਨਵਾਂ ਵਿਆਹ ਕਰਵਾ ਕੇ ਆਏ ਨੂੰ, ਉਦੋਂ ਦਾ ਸਾਂਝੇ ਕੰਮਾਂ ਤੋਂ ਪਾਸਾ ਈ ਵੱਟ ਲਿਆ ਤੇ ਪੈਸੇ ਜੋੜਨ 'ਤੇ ਹੋ ਗਿਆ |"
"ਨਹੀਂ ਜੀ, ਆਪਾਂ ਪਾਸਾ ਕਿਉਂ ਵੱਟਣਾ ਐ | ਜੋ ਹੁਕਮ ਕਰੋ ਆਪਾਂ ਹਾਜ਼ਰ ਆਂ |"
"ਏਸ ਵਾਰ ਤੈਨੂੰ ਗੁਰਦਵਾਰਾ ਕਮੇਟੀ 'ਚ ਲੈ ਲੈਣਾ ਈ | ਤੇਰੀ ਕੋਈ ਦਲੀਲ ਅਪੀਲ ਨਹੀਂ ਜੇ ਸੁਣਨੀ |"
"ਨਹੀਂ ਭਾਈ ਸਾਅਬ, ਕਮੇਟੀਆਂ ਵਾਲ਼ੀ ਜਿੱਮੇਦਾਰੀ ਨਹੀਂ ਸੰਭਾਲੀ ਜਾਣੀ | ਆਪਾਂ ਤਾਂ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਹਾਂ | ਕਮੇਟੀਆਂ ਵਿਚ ਤਾਂ ਤੁਹਾਡੇ ਵਰਗੇ ਗੁਣੀ ਗਿਆਨੀ ਹੀ ਸੋਭਦੇ ਐ |"
"ਅਸੀਂ ਤਾਂ ਹੁਣ ਬੁੱਢੇ ਹੋ ਗਏ ਆਂ, ਪਤਾ ਨਹੀਂ ਅਕਾਲਪੁਰਖ ਵੱਲੋਂ ਕਦੋਂ ਬੁਲਾਵਾ ਆ ਜਾਵੇ | ਅਗਾਂਹ ਤੋਂ ਸਾਰੀ ਜ਼ਿੰਮੇਦਾਰੀ ਥੋਡੇ ਨੌਜਵਾਨਾਂ ਦੇ ਸਿਰ ਹੀ ਆਉਣੀ ਐ |"
"ਇਹ ਬੋਲ ਨਾ ਬੋਲੋ ਭਾਈ ਸਾਅਬ, ਵਾਹਿਗਰੂ ਥੋਡੀ ਲੰਮੀ ਉਮਰ ਕਰੇ | ਆਪਾਂ ਫੇਰ ਕਿਤੇ ਗੱਲਾਂ ਕਰਾਂਗੇ | ਹੁਣ ਮੈਂ ਘਰ ਜਾ ਕੇ ਥੋੜਾ ਹੋਰ ਕੰਮ ਕਰਨਾ ਐ |" ਇਹ ਕਹਿ ਮੇਹਰ ਸਿੰਘ ਘਰ ਮੁੜ ਆਇਆ ਪਰ ਉਸ ਦਾ ਮਨ ਅਸੰਾਂਤ ਹੀ ਰਿਹਾ | ਉਸ ਸੋਚਾਂ ਸੋਚਦਿਆਂ ਦੋ ਦਿਨ ਲੰਘਾਏ ਤੇ ਤੀਜੇ ਦਿਨ ਰਾਬਰਟ ਨੂੰ ਮਿਲਨ ਵਾਸਤੇ ਗੁਰਦਵਾਰੇ ਚਲਾ ਗਿਆ | ਠੀਕ ਇਕ ਵਜੇ ਰਾਬਰਟ ਗੁਰਦਵਾਰੇ ਦੇ ਗੇਟ ਕੋਲ ਆਪਣੀ ਕਾਰ ਲੈ ਕੇ ਆ ਗਿਆ | ਉਸ ਦੇ ਨਾਲ ਅਧਖੜ ਉਮਰ ਦਾ ਭਰਵੇਂ ਜੁੱਸੇ ਵਾਲਾ ਇਕ ਹੋਰ ਗੋਰਾ ਵੀ ਬੈਠਾ ਸੀ | ਰਾਬਰਟ ਨੇ ਉਸ ਦੀ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਇਹ ਆਈ।ਡਬਲਯੂ।ਏ। ਦਾ ਲੋਕਲ ਲੀਡਰ ਮਿ: ਥਾਮਸਨ ਹੈ | ਮੇਹਰ ਸਿੰਘ ਨੂੰ ਨਾਲ ਲੈ ਕੇ ਉਹ ਸਟੈਨਲੇ ਪਾਰਕ ਵਿਚ ਆ ਗਏ | ਪਾਰਕ ਦੇ ਕੋਨੇ ਵਿਚ ਸਾਗਰ ਕੰਢੇ ਬੈਠ ਉਹਨਾਂ ਮਤਲਬ ਦੀ ਗੱਲ ਸੁੰਰੂ ਕੀਤੀ |
"ਮਿ: ਸਿੰਘ, ਤੈਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਅਜ ਆਪਾਂ ਕਿਉਂ ਇਕੱਠੇ ਹੋਏ ਹਾਂ?" ਥਾਮਸਨ ਬੋਲਿਆ |
"ਮਿ: ਰਾਬਰਟ ਨੇ ਪਹਿਲਾਂ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਸੀ ਕੀਤੀ ਪਰ ਹੁਣ ਤੁਹਾਨੂੰ ਮਿਲ ਕੇ ਜਾਪਦਾ ਹੈ ਕਿ ਕੋਈ ਯੂਨੀਅਨ ਦੇ ਮਸਲਿਆਂ ਬਾਰੇ ਹੀ ਗੱਲ ਕਰਨੀ ਹੋਵੇਗੀ | ਕੀ ਹੜਤਾਲ ਦੀ ਤਿਆਰੀ ਕਰਨੀ ਹੈ?"
"ਹੜਤਾਲਾਂ ਵੀ ਹੋਣਗੀਆਂ ਪਰ ਅਜੇ ਨਹੀਂ | ਅੱਜ ਇਕ ਹੋਰ ਗੱਲ ਕਰਨੀ ਹੈ | ਦਰਸੰਨ ਤੇਰਾ ਦੋਸਤ ਸੀ | ਸਾਡਾ ਵੀ ਦੋਸਤ ਸੀ | ਉਹ ਬਹੁਤ ਵਧੀਆ ਬੰਦਾ ਸੀ | ਉਸ ਨੇ ਆਪਣੀ ਜੱਥੇਬੰਦੀ ਲਈ ਬਹੁਤ ਕੰਮ ਕੀਤਾ | ਉਸ ਨੇ ਸਾਰੀਆਂ ਕਮਿਊਨਟੀਆਂ ਦੇ ਕਾਮਿਆਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਵਿਚ ਬੜਾ ਵੱਡਾ ਯੋਗਦਾਨ ਪਾਇਆ ਪਰ ਉਹ ਹੁਣ ਇੱਥੋਂ ਚਲਾ ਗਿਆ ਹੈ |" ਇਹ ਆਖ ਮਿ:ਥਾਮਸਨ ਚੁੱਪ ਕਰ ਗਿਆ ਤੇ ਮੇਹਰ ਸਿੰਘ ਦੇ ਚਿਹਰੇ ਵੱਲ ਦੇਖਣ ਲੱਗਾ |
"ਹਾਂ! ਮਿ: ਥਾਪਸਨ, ਉਹ ਬਹੁਤ ਚੰਗਾ ਬੁਲਾਰਾ ਸੀ | ਸਾਰੇ ਕਾਮਿਆਂ ਨੂੰ ਆਪਣੇ ਬੋਲਾਂ ਨਾਲ ਕੀਲ ਲੈਣ ਦੀ ਉਸ ਵਿਚ ਸਮਰੱਥਾ ਸੀ | ਕਿਉਂਕਿ ਹੁਣ ਸਾਡਾ ਦੇਸੰ ਆਜ਼ਾਦ ਹੋ ਗਿਆ ਹੈ | ਇਸ ਲਈ ਅਜੇਹੇ ਅਨਥੱਕ ਆਗੂਆਂ ਦੀ ਉਥੇ ਵੀ ਲੋੜ ਹੈ | ਏਸ ਕਰਕੇ ਉਹ ਚਲਾ ਗਿਆ |" ਮੇਹਰ ਸਿੰਘ ਨੇ ਦਰਸੰਨ ਸਿੰਘ ਦੀ ਵਡਿਆਈ ਵਿਚ ਆਖਿਆ |
"ਯੂਨੀਅਨ ਦੀ ਭਲਿਆਈ ਲਈ, ਸਮੁੱਚੇ ਕਾਮਾ ਵਰਗ ਦੀ ਭਲਿਆਈ ਲਈ ਅਤੇ ਦੇਸੰ ਦੀ ਭਲਿਆਈ ਲਈ ਸਾਨੂੰ, ਹਰ ਕਮਿਉਨਿਟੀ ਵਿਚੋਂ, ਅਜੇਹੇ ਅਨਥੱਕ ਤੇ ਸੁਹਿਰਦ ਕਾਮਿਆਂ ਦੀ ਲੋੜ ਹੈ, ਜਿਹੜੇ ਨਿਡਰ ਹੋ ਕੇ ਯੂਨੀਅਨ ਵਿਚ ਕੰਮ ਕਰ ਸਕਦੇ ਹੋਣ | ਅਸੀਂ ਚਾਹੁੰਦੇ ਹਾ ਕਿ ਭਾਰਤੀਆਂ ਵਿਚੋਂ ਤੂੰ ਅੱਗੇ ਹੋਕੇ ਕੰਮ ਕਰੇਂ |"
"ਮਿ: ਰਾਬਰਟ, ਨਾ ਮੈਂ ਚੰਗਾ ਬੋਲ ਸਕਦਾ ਹਾਂ, ਨਾ ਮੈਂ ਕਿਤੇ ਬਹੁਤਾ ਆ ਜਾ ਸਕਦਾ ਹਾਂ | ਮੈਂ ਤਾਂ ਇਕ ਸਧਾਰਨ ਜਿਹਾ ਮਜ਼ਦੂਰ ਹਾਂ | ਮੈਂ ਯੂਨੀਅਨ ਵਿਚ, ਅਗਵਾਨੂੰ ਹੋ ਕੇ, ਕੰਮ ਨਹੀਂ ਕਰ ਸਕਦਾ, ਇਹ ਜ਼ਿਮੇਦਾਰੀ ਕਿਸੇ ਹੋਰ ਨੂੰ ਦਿਓ |" ਮੇਹਰ ਸਿੰਘ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ |
"ਤੂੰ ਇਹ ਕੰਮ ਕਰ ਸਕਦੈਂ | ਮੈਂ ਤੈਨੂੰ ਦੋ ਸਾਲ ਤੋਂ ਜਾਣਦਾ ਹਾਂ |" ਮਿ: ਰਾਬਰਟ ਨੇ ਬਹੁਤ ਭਰੋਸੇ ਨਾਲ ਆਖਿਆ |
"ਇਹ ਕੰਮ ਸਾਡੇ ਮਜ਼ਦੂਰਾਂ ਵਿਚੋਂ ਹੀ ਕਿਸੇ ਨਾ ਕਿਸੇ ਨੇ ਕਰਨੇ ਹਨ | ਜਿਨ੍ਹਾਂ ਨੇ ਇਹ ਕੰਮ ਕਰਨੇ ਹਨ ਉਹਨਾਂ ਨੂੰ ਆਪਣੇ ਨਿਜਦੇ ਕੰਮਾਂ ਤੋਂ ਅਵੇਸਲੇ ਵੀ ਹੋਣਾ ਪੈ ਸਕਦਾ ਹੈ | ਪਰ ਇਸ ਨਾਲ ਕਾਮਿਆਂ ਦਾ ਭਲਾ ਹੁੰਦਾ ਹੈ | ਪਿਛਲੀ ਹੜਤਾਲ ਦੀ ਮਸਾਲ ਹੀ ਲੈ ਲਵੋ | ਉਸ ਹੜਤਾਲ ਤੋਂ ਪਹਿਲਾਂ, ਸਾਰੀਆਂ ਜਾਤੀਆਂ ਦੇ ਕਾਮੇ, ਇਕ ਦੂਜੇ ਨਾਲ ਹੀ ਨਫਰਤ ਤੇ ਸਾੜਾ ਕਰਦੇ ਰਹਿੰਦੇ ਸਨ | ਫੇਰ ਉਹਨਾਂ ਨੂੰ ਅਹਿਸਾਸ ਹੋਇਆ ਕਿ ਸਾਡਾ ਕਾਜ਼ ਤਾਂ ਇਕੋ ਹੀ ਹੈ | ਫਿਰ ਇਹ ਕਦੂਰਤਾਂ ਕਿਉਂ | ਉਹਨਾਂ ਵਿਚ ਇਹ ਸਾਂਝੀ ਸੋਚ ਆਈ ਤਾਂ ਉਹ ਹੜਤਾਲ ਸਫਲ ਹੋਈ ਅਤੇ ਉਸ ਤੋਂ ਮਗਰੋਂ ਨਸਲੀ ਵਿਤਕਰਾ ਤੇ ਨਫਰਤ ਸਾੜਾ ਬਹੁਤ ਘਟ ਗਿਆ |" ਮਿ: ਥਾਮਸਨ ਨੇ ਇਹ ਕਹਿ ਕੇ ਆਪਣੇ ਬੋਲਾਂ ਦਾ ਪਰਭਾਵ ਜਾਨਣਾ ਚਾਹਿਆ |
"ਮੇਰੇ ਘਰੇਲੂ ਹਾਲਾਤ ਆਗਿਆ ਨਹੀਂ ਦਿੰਦੇ ਅਤੇ ਇਹ ਕੰਮ ਲੀਡਰ ਲੋਕ ਹੀ ਕਰ ਸਕਦੇ ਹਨ, ਮੇਰੇ ਵਿਚ ਲੀਡਰਾਂ ਵਾਲੇ ਗੁਣ ਨਹੀਂ ਹਨ |" ਮੇਹਰ ਸਿੰਘ ਪੈਰਾਂ 'ਤੇ ਪਾਣੀ ਪੈਣ ਨਹੀਂ ਸੀ ਦੇ ਰਿਹਾ |
"ਘਰੇਲੂ ਹਾਲਾਤ ਸਾਰਿਆਂ ਦੇ ਹੀ ਇਕੋ ਜਿਹੇ ਹੁੰਦੇ ਹਨ ਅਤੇ ਲੀਡਰ ਵੀ ਸਾਧਾਰਨ ਕਾਮਿਆਂ ਵਿਚੋਂ ਹੀ ਪੈਦਾ ਹੋਣੇ ਹਨ | ਕਾਮਿਆਂ ਵਿਚੋਂ ਉੱਠੇ ਆਗੂ ਬਹੁਤੇ ਸਫਲ ਹੁੰਦੇ ਹਨ |" ਮਿ: ਰਾਬਰਟ ਨੇ ਉਸ ਦੀ ਇਹ ਦਲੀਲ ਵੀ ਕੱਟ ਦਿੱਤੀ|
ਸਾਗਰ ਕੰਢੇ ਬੈਠੇ ਉਹ ਕਈ ਘੰਟੇ ਵਿਚਾਰ ਵਟਾਂਦਰਾ ਕਰਦੇ ਰਹੇ | ਅਖੀਰ ਉਹਨਾਂ ਨੇ ਮੇਹਰ ਸਿੰਘ ਨੂੰ ਯੂਨੀਅਨ ਵਿਚ ਕੰਮ ਕਰਨ ਲਈ ਮਨਾ ਹੀ ਲਿਆ |
ਮੇਹਰ ਸਿੰਘ ਯੂਨੀਅਨ ਵਿਚ ਵੀ ਕੰਮ ਕਰਦਾ ਅਤੇ ਗੁਰਦਵਾਰੇ ਜਾ ਕੇ ਸਾਂਝੇ ਕੰਮਾਂ ਵਿਚ ਵੀ ਹੱਥ ਵਟਾਉਂਦਾ | ਉਸ ਦੀ ਭੱਜ ਨੱਠ ਬਹੁਤ ਵਧ ਗਈ ਸੀ | ਹੁਣ ਉਹ ਹਨੇਰੇ ਸਵੇਰੇ ਦੂਰ ਦੂਰ ਤਕ ਜਾ ਆਉਂਦਾ | ਉਹ ਆਪਣੇ ਲੋਕਾਂ ਵਿਚ ਚੰਗਾ ਆਗੂ ਬਣ ਕੇ ਉਭਰ ਰਿਹਾ ਸੀ ਅਤੇ ਆਪਣੇ ਸਾਥੀ ਕਾਮਿਆਂ ਵਿਚ ਵੀ ਹਰਮਨ ਪਿਆਰਾ ਹੋ ਗਿਆ ਸੀ ਪਰ ਉਹ ਘਰ ਦੀ ਕਬੀਲਦਾਰੀ ਵਲੋਂ ਕੁਝ ਅਵੇਸਲਾ ਹੋ ਗਿਆ ਸੀ | ਇਕ ਦਿਨ ਜਦੋਂ ਉਹ ਰਾਤ ਨੂੰ ਬਹੁਤ ਕੁਵੇਲੇ ਘਰ ਆਇਆ ਤਾਂ ਸੰਰਨੀ ਕਹਿਣ ਲੱਗੀ, "ਜਲੌਰ ਦੇ ਪਾਪਾ, ਆਹ ਵੇਲਾ ਘਰ ਆਉਣ ਦਾ ਐ? ਮੁੰਡਾ ਤੇ ਕੁੜੀ ਉਡੀਕ ਉਡੀਕ ਕੇ ਸੌਂ ਗਏ ਐ | ਕਦੇ ਕਿਸੇ ਛੁੱਟੀ ਵਾਲੇ ਦਿਨ ਤਾਂ ਘਰੇ 'ਰਾਮ ਨਾਲ ਜੁਆਕਾਂ ਵਿਚ ਬੈਠ ਜਾਇਆ ਕਰੋ |"
"ਚਿਲਾਵੈਕ ਤਾਈਂ ਗਿਆ ਸੀ ਯੂਨੀਅਨ ਦੇ ਕੰਮ | ਉੱਥੋਂ ਤਾਂ ਵੇਲੇ ਸਿਰ ਈ ਮੁੜ ਆਇਆ ਸੀ ਪਰ ਐਥੇ ਵੈਨਕੋਵਰ ਆ ਕੇ ਕਾਰ ਸਨੋਅ ਵਿਚ ਫਸ ਗਈ | ਉਥੇ ਚਾਰ ਘੰਟੇ ਖੌਝਦਾ ਰਿਹਾ |"
"ਯੂਨੀਅਨ ਦੇ ਕੰਮ ਥੋਨੂੰ ਪਿਆਰੇ ਐ, ਘਰ ਦਾ ਕੋਈ ਖਿਆਲ ਨਹੀਂ | ਮੁੰਡਾ ਅਠਮੀ 'ਚ ਹੋ ਗਿਆ, ਉਹ ਥੋਨੂੰ ਉਡੀਕਦਾ ਰਹਿੰਦੈ ਕਿ 'ਪਾਪਾ ਆਵੇ ਤੇ ਮੈਨੂੰ ਸਕੂਲ ਦਾ ਕੰਮ ਕਰਵਾਵੇ' ਪਰ ਥੋਨੂੰ ਕੋਈ ਪਰਵਾਹ ਈ ਨਹੀਂ | ਸੁਖ ਨਾਲ ਹੁਣ ਤਾਂ ਨਿੱਕੀ ਵੀ ਪੰਜਵੇਂ ਸਾਲ ਵਿਚ ਹੋ ਗਈ ਐ, ਇਹ ਵੀ ਪਾਪਾ ਪਾਪਾ ਕਰਦੀ ਰਹਿੰਦੀ ਐ | ਜੇ ਮੇਰਾ ਨਈਂ ਤਾਂ ਇਨ੍ਹਾਂ ਦਾ ਈ ਭੋਰਾ ਖਿਆਲ ਕਰ ਲਿਆ ਕਰੋ |" ਸੰਰਨੀ ਨੇ ਨਹੋਰਾ ਮਾਰਿਆ|
"ਤੇਰਾ ਖਿਆਲ ਕਿਉਂ ਨਹੀਂ ਕਰਦਾ, ਮੈਂ ਤਾਂ ਤੇਰੇ ਖਿਆਲਾਂ ਵਿਚ ਈ ਡੁੱਬਿਆ ਰਹਿੰਦਾ ਹਾਂ | ਹੁਣ ਹੋਰ ਸਾਰੇ ਵਾਧੂ ਝਮੇਲੇ ਛੱਡ ਦੇਣੇ ਐ, ਬਸ ਕੰਮ ਤੋਂ ਘਰੇ ਤੇ ਘਰ ਤੋਂ ਕੰਮ 'ਤੇ |" ਮੇਹਰ ਸਿੰਘ ਨੇ ਸੰਰਨੀ ਨੂੰ ਆਪਣੀ ਵੱਖੀ ਨਾਲ ਘੁਟਦਿਆਂ ਅਤੇ ਉਸ ਦੀ ਕੰਡ 'ਤੇ ਹੱਥ ਫੇਰਦਿਆਂ ਕਿਹਾ |
"ਦੇਖ, ਕਿਵੇਂ ਖੇਖਣ ਜੇਹੇ ਕਰਦੇ ਐ | ਚੁੱਪ ਕਰਕੇ ਰੋਟੀ ਖਾਓ ਤੇ ਸੌਂ ਜਾਓ | ਸਵੇਰੇ ਕੰਮ 'ਤੇ ਵੀ ਜਾਣੈ |"
"ਹੁਣ ਨਹੀਂ ਕਿਤੇ ਜਾਇਆ ਕਰਨਾ | ਕੰਮ ਤੋਂ ਆ ਕੇ ਜੈਰੀ ਨੂੰ ਪੜ੍ਹਾਇਆ ਕਰੂੰਗਾ | ਹੁਣ ਆਪਾਂ ਆਪਣਾ ਘਰ ਵੀ ਲੈ ਲੈਣਾ ਐ |" ਮੇਹਰ ਸਿੰਘ ਨੇ ਚਾਪਲੂਸੀ ਕੀਤੀ |
ਪਰ ਮੇਹਰ ਸਿੰਘ ਨਾ ਘਰ ਲੈ ਸਕਿਆ ਤੇ ਨਾ ਹੀ ਆਪਣੇ ਪਰਿਵਾਰ ਵੱਲ ਬਹੁਤਾ ਧਿਆਨ ਦੇ ਸਕਿਆ | ਇਹਨਾਂ ਦਿਨਾਂ ਵਿਚ ਹੀ ਮਿੱਲ ਮਾਲਕਾਂ ਤੇ ਯੂਨੀਅਨ ਵਿਚ ਟਕਰਾ ਵਾਲੀ ਸਥਿੱਤੀ ਪੈਦਾ ਹੋ ਗਈ ਸੀ ਤੇ ਨੌਬਤ ਹੜਤਾਲ ਹੋਣ ਤਕ ਪੁੱਜ ਗਈ ਸੀ | ਮਾਲਕ, ਰਾਬਰਟ ਤੇ ਮੇਹਰ ਸਿੰਘ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਸਨ | ਇਕ ਦਿਨ ਮੇਹਰ ਸਿੰਘ ਦੀ ਕਾਰ ਦਾ ਇਕ ਲਕੜਾਂ ਨਾਲ ਭਰੇ ਟਰੱਕ ਨਾਲ ਐਕਸੀਡੈਂਟ ਹੋ ਗਿਆ | ਇਸ ਤਰ੍ਹਾਂ ਆਪਣੇ ਆਪ ਹੀ ਮਿੱਲ ਮਾਲਕਾਂ ਦੇ ਰਾਹ ਵਿਚੋਂ ਇਕ ਰੋੜਾ ਸਾਫ ਹੋ ਗਿਆ|