ਨੀਯਤ ਬਦਲ ਜਾਤੀ ਹੈ ਸਾਗਰ ਦੇਖ ਕਰ (ਕਹਾਣੀ)

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਡਿਓੜੀ ਦੇ ਸਾਹਮਣੇ ਵਾਲੇ ਚੌਂਕ ਵਿਚ ਉਂਜ ਤਾਂ ਹਰ ਰੋਜ਼ ਹੀ ਰੋਣਕ ਲਗੀ ਰਹਿੰਦੀ ਸੀ ਪਰ ਅਜ ਦਾ ਰੰਗ  ਤਾਂ ਕੁਝ ਨਿਰਾਲਾ ਹੀ ਸੀ।ਇਕ ਤਾਂ ਵਰਖਾ ਹੋਣ ਕਰਕੇ ਲੋਕਾਂ ਪਾਸ ਵੇਹਲ ਸੀ ਦੂਸਰਾ ਕੱਲ ਵਾਲੀ ਮਨਾਦੀ “ ਸਭ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਛੇ ਜੁਲਾਈ ਦਿਨ ਐਤਵਾਰ ਸ਼ਾਮ ਦੇ ਸੱਤ ਬਜੇ ਪਿੰਡ ਦੀ ਡਿਓੜੀ ਦੇ ਸਾਹਮਣੇ ਵਾਲੇ ਚੌਂਕ ਵਿਚ ਗਰਾਮ ਸੁਧਾਰ ਵਾਲਿਆਂ ਵਲੋਂ ਇਕ ਨਾਟਕ ਦਿਖਾਇਆ ਜਾਇਗਾ।“ ਉਂਜ ਤਾਂ ਹਰਇਕ ਦਾ ਜੀਵਨ ਇਕ ਨਾਟਕ ਹੀ ਹੈ ਪਰ ਆਪਣੇ ਜੀਵਨੀ ਨਾਟਕ ਵਿਚੌਂ ਆਪਣੇ ਅਵਗੁਣਾ ਵਲ ਝਾਂਤ ਕੋਈ ਵਿਰਲਾ ਹੀ ਮਾਰਦਾ ਹੈ। ਦੁਸਰਿਆ ਦੇ ਗੁਣਾ ਨੂੰ ਵੀ ਅਵਗੁਣਾ ਦੀ ਐਨਕ ਵਿਚ ਦੇਖਣਾ ਤਾਂ ਈਰਖਾਲੂ ਇਨਸਾਨਾਂ ਦਾ ਕਰਤੱਵ ਹੀ ਹੈ । ਦੂਸਰਿਆਂ ਦੀਆਂ ਜੀਵਨ ਘਟਨਾਵਾਂ ਨੂੰ ਚਟਕਾਰੇ ਲਾ ਲਾ ਕੇ ਦਸਦਾ ਮਨੁਖ ਇਹ ਭੁਲ ਹੀ ਜਾਂਦਾ ਹੈ ਭਾਵੇਂ ਉਸ ਨਾਲ ਉਸ ਨਾਲੌਂ ਵੀ ਭੈੜੀਆਂ ਘਟਨਾਵਾਂ ਵਾਪਰ ਰਹੀਆਂ ਹੋਣ।
    
   ਨਾਟਕ ਪੰਡਾਲ ਵਿਚ ਵਾਹ ਵਾਹ ਰੌਣਕ ਸੀ ਇਕ ਪਾਸੇ ਇਸਤ੍ਰੀਆਂ ਗੱਲਾਂ ਵਿਚ ਰੁਝੀਆਂ ਹੋਈਆਂ ਸਮੇਂ ਦਾ ਪੂਰਾ ਫਾਇਦਾ ਉਠਾ ਰਹੀਆਂ ਸਨ ਦੂਜੇ ਪਾਸੇ ਮਰਦ ਨਾਲੇ ਸਟੇਜ ਦੇ ਪਰਦੇ ਵਲ ਝਾਤ ਮਾਰ ਲੈਂਦੇ ਨਾਲੇ ਅਜ ਦੇ ਨਾਟਕ ਬਾਰੇ ਆਪਣੀ ਆਪਣੀ ਜਾਣਕਾਰੀ ਸਾਂਝੀ ਕਰਨ ਦਾ ਯਤਨ ਕਰ ਰਹੇ ਸਨ । ਬੱਚੇ ਤਾਂ ਸਟੇਜ ਦੇ ਪਾਸ ਹੀ ਜਾ ਬੈਠੇ ਸਨ ਤਕੜਾ ਮਾੜੇ ਨੂੰ ਧਕੋ ਧਕੀ ਪਿਛਾਂਹ ਕਰੀ ਜਾ ਰਿਹਾ ਸੀ ।ਪਿੰਡ  ਦੇ ਬੋਹੜ ਤੇ ਬੈਠੇ ਪੰਛੀਆਂ ਦੀ ਚੀਂ ਚੀਂ ਚਾਂ ਚਾਂ ਦੀਆਂ ਆਵਾਜ਼ਾਂ ਇਸ ਸਾਰੇ ਵਾਤਾਵਰਨ ਵਿਚ ਸੰਗੀਤ ਦਾ ਕੰਮ ਕਰ ਰਹੀਆਂ ਸਨ।ਪਿਛਾਂਹ ਹਟਵੇਂ ਕੁਝ ਗਭਰੂ ਡਿਉੜੀ ਦੇ ਥੜ੍ਹੇ ਤੇ ਬੈਠੇ ਸ਼ਰਾਬ ਦੇ ਠੇਕੇਦਾਰ ਚੌਧਰੀ ਹਰੀਪਾਲ ਨਾਲ ਬੈਠਣ ਨੂੰ ਹੀ ਆਪਣੀ ਸ਼ਾਨ ਸਮਝਦੇ ਸਨ। ਚੌਧਰੀ ਹਰੀਪਾਲ ਗਭਰੂਆਂ ਦੀ ਜੁੰਡਲੀ ਵਿਚ ਬੈਠਾ ਆਪਣੀਆਂ ਅਧ ਕਟੀਆਂ ਮੁਛਾਂ ਨੂੰ ਮਰੋੜਾ ਜਿਹਾ ਦਿੰਦਾ ਹੋਇਆ ਜਦ ਆਪਣੇ ਸਜੇ ਪਾਸੇ ਬੈਠੇ  ਪਕੇ ਗਾਹਕਾਂ ਰਘਵਿੰਦਰ ਅਤੇ ਜਮਾਲਦੀਨ ਦੀਆਂ ਗਲਾਂ ਵਿਚ ਵੀ ਟੋਰਾ ਲਾਉਂਦਾ ਤਾਂ ਬਾਕੀ ਦੇ ਗਭਰੂ ਅਸੀਂ ਭੀ ਕੁਝ ਹਾਂ ਦਸਣ ਲਈ ਝਟ ਪਟ ਕੋਈ ਨਾਂ ਕੋਈ ਸ਼ੋਸ਼ਾ ਛਡਦੇ ।
         
       
  ਹਰੀ ਪਾਲ ਕਈਆਂ ਸਾਲਾਂ ਤੋਂ ਪਿੰਡ ਵਿਚ ਸ਼ਰਾਬ ਦਾ ਠੇਕਾ ਚਲਾ ਰਿਹਾ ਸੀ । ਸਰਕਾਰੇ ਦਵਾਰੇ ਵਧੀਆ ਬਣੀ ਹੋਣ ਕਰਕੇ ਉਹ ਬਗੈਰ ਕਿਸੇ ਡਰ ਡੁਕਰ ਦੇ ਠੇਕੇ ਤੇ ਹਰ ਕਿਸਮ ਦਾ ਨਸ਼ਾ ਵੇਚ ਰਿਹਾ ਸੀ।ਲੋਕਾਂ ਦੀ ਕਮਾਈ ਦਾ ਮਾਲਕ ਸ਼ਾਮ ਨੂੰ ਉਹੀਓ ਹੁੰਦਾ ਸੀ ।ਪਹਿਲੋਂ ਤਾਂ ਜ਼ਿਮੀਦਾਰ ਹੀ ਉਸ ਦੇ ਪਕੇ ਗਾਹਕਾਂ ਵਿਚੋਂ ਸਨ । ਪਰ ਹੁਣ ਤਾਂ ਮਾਨੌਂ ਜਿਵੇਂ ਸਾਰੇ ਜਹਾਨ ਨੂੰ ਹੀ ਇਸ ਅਨਮੋਲ ਰਤਨ ਦਾ ਪਤਾ ਲਗ ਗਿਆ ਹੋਵੇ। ਉਸਦੀ ਵਿਕਰੀ ਦਿਨੋਂ ਦਿਨ ਵਧ ਰਹੀ ਸੀ ।ਕੈਨੇਡਾ ,ਅਮਰੀਕਾ,ਇੰਗਲੈਂਡ ਅਤੇ ਡਬਈ ਵਗੈਰਾ ਤੋਂ ਲੋਕ ਜਦੋਂ ਵਾਪਸ ਦੇਸ਼ ਜਾਂਦੇ ਤਾਂ ਆਪਣੀ ਕਮਾਈ ਦਾ ਪੰਜਵਾਂ ਹਿਸਾ ਉਸ ਲਈ ਵੀ ਲੈ ਜਾਂਦੇ ਉਸਦੀ ਤਾਂ ਉਥੇ ਹੀ ਮਿਲਕਣ ਬਣੀ ਹੋਈ ਸੀ।ਗਰਾਮ ਸੁਧਾਰ ਵਾਲਿਆਂ ਵਲੋਂ ਸ਼ਰਾਬ ਦੇ ਖਿਲਾਫ ਪਰਚਾਰ ਨਾਲ ਉਸ ਨੂੰ ਖੁੜਕਦੀ ਜ਼ਰੂਰ ਸੀ ਕਿ ਉਸ ਦੀ ਕਮਾਈ ਤੇ ਵੀ ਕਟੋਤੀ ਲਗ ਜਾਵੇਗੀ ।ਪਰ ਆਪਣੀ ਬੈਠਕ ਵਿਚ ਜਦ ਪਰਚਾਰ ਕਰਨ ਵਾਲਿਆ ਨਾਲ ਗਿਲਾਸ ਟਕਰਾਂਉਂਦਾ ਤਾਂ ਉਸਦਾ ਤੌਖਲਾ ਕੁਝ ਘਟ ਜਾਂਦਾ । ਸ਼ਰਾਬ ਦੇ ਖਿਲਾਫ ਚਲ ਰਿਹਾ ਨਾਟਕ ਉਸਨੂੰ ਬਹੁਤਾ ਚੰਗਾ ਨਾਂ ਲਗਾ ਬੁੜਬੁੜਾਉਂਦਾ ਹੋਇਆ “ ਹੇ ਖਾਂ ਆਏ ਨੇ ਬੜੇ ਸਿਆਣੇ ਜਦ ਇਹ ਆਪ ਲਾਲ ਪਰੀ ਤੋਂ ਬਚ ਗਏ ਤਾਂ ਜਾਣੂ “ ਉਠ ਕੇ ਚਲਾ ਗਿਆ।
 
ਜਮਾਲਦੀਨ ਕਦੇ ਸਰੀਰੋਂ ਬੜਾ ਤਕੜਾ ਸੀ ਅਖਾੜੇ ਦੀ ਸ਼ਾਨ ਹੁੰਦਾ ਸੀ।ਕਬੱਡੀ ਵਿਚ ਤਾਂ ਉਸ ਦੀ ਪਕੜ ਦੀਆਂ ਧੁਮਾਂ ਪੈ ਚੁਕੀਆਂ ਸਨ।ਹੁਣ ਕੁਝ ਚਿਰ ਤੋਂ ਸ਼ਰਾਬ ਦੀ ਭੈੜੀ ਵਾਦੀ ਕਾਰਨ ਹੁਸੜ ਜਿਹਾ ਹੁੰਦਾ ਜਾਂਦਾ ਸੀ ।ਉਸਦੇ ਯਾਰ ਕਬੱਡੀ ਲਈ ਉਡੀਕਦੇ ਤਾਂ ਉਹ ਠੇਕੇ ਹੁੰਦਾ।ਅਜ ਕਲ ਦੇ ਬਹੁਤ ਸਾਰੇ ਗਭਰੂਆਂ ਦੀ ਤਰਾਂ ਉਹ ਹੁਣ ਸਭ ਕਾਸੇ ਨੂੰ ਨਸ਼ੇ ਤੇ ਹੀ ਕੁਰਬਾਨ ਕਰੀ ਜਾ ਰਿਹਾ ਸੀ ਜਿਸ ਕਾਰਨ ਕਬੱਡੀ ਪਰੇਮੀਆਂ ਨੂੰ ਅੰਤਾਂ ਦੀ ਨਿਰਾਸ਼ਾ ਹੋ ਰਹੀ ਸੀ ਪਰ ਉਹ ਕਰ ਕੁਝ ਨਹੀਂ ਸੀ ਸਕਦੇ ।
        
       ਨਾਟਕ ਕਾਰਾਂ ਨੇ ਸ਼ਰਾਬੀ ਦਾ ਜੀਵਨ ਚਰਿਤਰ ਪੇਸ਼ ਕੀਤਾ ਤਾਂ ਜਮਾਲਦੀਨ ਨੇ ਆਪਣੇ ਆਪ ਨੂੰ ਉਸ ਨਾਟਕ ਦੇ ਪਾਤਰ ਵਿਚ ਸਮੋ ਲਿਆ । ਉਸਨੂੰ ਸਾਹ ਚੜ੍ਹੈ । ਉਸਨੂੰ ਆਪਣੇ ਫੇਫੜੇ ਤੇ ਜਿਗਰ ਗਲਦੇ ਲਗੇ । ਆਪਣੇ ਹੁਸੜ ਰਹੇ ਸਰੀਰ ਤੇ ਕਚੀਚੀਆਂ ਖਾਂਦਾ ਉਹ ਆਪਣੇ ਆਪ ਵਿਚ ਹੀ ਗੁਆਚ ਗਿਆ।     
      
      ਦਰਸ਼ਕ ਬਹੁਤ ਪ੍ਰਭਾਵਤ ਸਨ। ਰਘਵਿੰਦਰ ਨੂੰ ਵੀ  ਆਪਣੀ ਬੇਵਕਤ ਢਲ ਰਹੀ ਜੁਆਨੀ ਦਾ ਐਹਸਾਸ ਹੋ ਰਿਹਾ ਸੀ ।ਇਕ ਰਜੇ ਪੁਜੇ ਜ਼ਿਮੀਂਦਾਰ ਤੋਂ ਕੰਗਾਲੀ ਵਲ ਨੂੰ ਵਧ ਰਹੇ ਕਦਮ ੳਤੋਂ ਘਰਵਾਲੀ ਦਾ ਗੁਸੇ ਵਿਚ ਪੇਕੀਂ ਜਾ ਬੈਠਣ ਦਾ ਖਿਆਲ ਆਉਂਦਿਆਂ ਉਸ ਦਾ ਦਿਲ ਬੈਠਣ ਲਗਾ।ਆਪਣੇ ਬਾਪੂ ਸਰਦਾਰ ਸ਼ਾਮ ਸਿੰਘ ਦੀ ਸ਼ਰਾਬ ਕਾਰਨ ਮੋਤ ਦੀ  ਯਾਦ ਤਾਜ਼ਾ ਹੋ ਗਈ ਉਸ ਦੀਆਂ ਅਖਾਂ ਡਬਡਬਾ ਗਈਆਂ ।ਰਘਵਿੰਦਰ ਅਤੇ ਜਮਾਲਦੀਨ ਤਾਂ ਆਪਣੀ ਜੀਵਨ ਕਥਾ ਦਾ ਜਾਇਜ਼ਾ ਲੈਣ ਵਿਚ ਇਨੇ ਗੁਆਚ ਗਏ ਕਿ ਨਾਟਕ ਖਤਮ ਹੋਏ ਦਾ ਉਹਨਾਂ ਨੁੰ ਪਤਾ ਵੀ ਨਾਂ ਲਗਾ ਕਦ ਨਾਟਕ ਖਤਮ ਹੋ ਗਿਆ।
       
          ਰਘਵਿੰਦਰ ਨੇ ਆਪਣੇ ਖਬੇ ਪਾਸੇ ਝਾਤ ਮਾਰੀ ਤਾਂ ਉਸ ਨੂੰ ਚੌਧਰੀ ਹਰੀਪਾਲ ਨਜ਼ਰ ਨਾਂ ਆਇਆ ਜਮਾਲੇ ਵਲ ਨੂੰ ਦੇਖਿਆ ਤਾਂ ਉਹ ਵੀ  ਅਧਖੁਲੀਆਂ ਅਖਾਂ ਨਾਲ ਕਿਸੇ ਹੋਰ ਹੀ ਜਗ ਵਿਚ ਗਿਆ ਲਗਿਆ ।
    
    “ ਉਹ ਜਮਾਲਿਆ ਕੀ ਸੋਚੀਂ ਜਾਨਾਂ ਲੋਕੀਂ ਤਾਂ ਘਰਾਂ ਨੂੰ ਵੀ ਤੁਰ ਗਏ “ ਰਘਵਿੰਦਰ ਨੇ ਜਮਾਲੇ ਦੇ ਮੋਢੇ ਤੇ ਹਥ ਰਖਦਿਆਂ ਆਖਿਆ ।
        ਇਕ ਲਮਾਂ ਹੌਕਾ ਲੈ ਕੇ “ ਉਏ ਰਘੂ… ਆਪਾਂ ਤਾਂ ਭੈੜਿਆ ਗਲਤ ਰਾਹੇ ਹੀ ਪਏ ਰਹੇ ਮੈਨੂੰ ਤਾਂ ਸਮਝ ਹੀ ਅਜ ਆਈ ਆ ਕਿ ਆਪਂਾ ਤਾਂ ਇਥੇ ਹੀ ਨਰਕ ਭੋਗ ਰਹੇ ਹਾਂ….ਸਹੁਂ ਕੁਰਾਨ ਦੀ ਜੇ ਫੇਰ ਪੀਵਾਂ… ਅਜ ਤੋਂ ਸ਼ਰਾਬ ਮੇਰੇ ਲਈ ਸੂਰ ਦੀ ਰਤ ਬਰਾਬਰ ਹੋਊ ਤੂੰ ਵੀ ……….
    
ਰਘਵਿੰਦਰ ਨੇ ਗਲ ਟੋਕਦਿਆਂ ਕਿਹਾ
 
 “ ਜਮਾਲਿਆ ਸਾਡੀ ਜਵਾਨੀ ਤਾਂ ਇਸ ਕਲਜੋਗਣ ਦੇ ਲੇਖੇ ਹੀ ਲਗ ਚਲੀ ।ਜਦ ਨਾਟਕ ਵਿਚ ਮੈਂ ਸ਼ਰਾਬੀ ਨਾਲੀ ਵਿਚ ਪਿਆ ਦੇਖਿਆ ਤਾਂ ਮੈਂ ਤਾਂ ਸ਼ਰਮ ਨਾਲ ਮਰਦਾ ਜਾਵਾਂ …  ਲੋਕੀਂ ਕਹਿੰਦੇ ਹੋਣਗੇ ਆਹ ਸੌਰ੍ਹੀ ਦਾ ਰਘਵਿੰਦਰ ਪਿਆ ….ਤੈਨੂੰ ਪਤਾ ਈ ਆ ਦੀਵਾਲੀ ਵਾਲੇ ਦਿਨ ਲੋਕਾਂ ਤਾਂ ਦੀਵੇ ਬਾਲੇ ਚੰਗਾ ਚੋਸਾ ਖਾਧਾ …ਪਰ ਮੇਰਾ ਪੈਰ ਤਾਂ ਨਸ਼ੇ ਦੀ ਲੋਰ ਵਿਚ ਧਰਤ ਹੀ ਨਾਂ ਲਗੇ…ਐਸਾ ਓਹੜ ਕੇ ਡਿਗਾ  ਕਿ ਮੇਰੀ ਦੀਵਾਲੀ ਤਾਂ ਗੰਦੀ ਨਾਲੀ ਵਿਚ ਹੀ ਮੰਨੀ ਕਿਤੇ ਤੜਕਸਾਰ ਜਾ ਕੇ ਉਥੋਂ ਉਠਿਆ। ਉਦੋਂ ਤਾਂ ਕੋਈ ਫਰਕ ਨਹੀਂ ਸੀ ਪਿਆ ਪਰ ਅਜ ਨਾਟਕ ਵਾਲਿਆਂ ਨੇ ਤਾਂ ਸਮਝ ਲਾ ਮੇਰੀਆਂ ਅਖੀਆਂ ਹੀ ਖੌਲ ਦਿਤੀਆਂ …ਸੋਂਹ ਗੁਰਾਂ ਦੀ ਸ਼ਰਾਬ ਤਾਂ ਹੁਣ ਮੇਰੇ ਲਈ ਗਊ ਦੀ ਰਤ ਬਰਾਬਰ ਹੋਊ … ਤੇਰੀ ਭਰਜਾਈ ਵੀ ਮੇਰੀ ਸ਼ਰਾਬ ਤੋਂ ਤੰਗ ਆ ਕੇ ਹੀ ਤਾਂ ਪੇਕੀਂ ਜਾ ਬੈਠੀ ਆ …ਸ਼ਰਾਬ ਛਡੀ ਦਾ ਪਤਾ ਲਗੂ ਤਾਂ ਸ਼ਾਇਦ ਮੇਰਾ ਘਰ ਫੇਰ ਬਸ ਜਾਵੇ “।
 “ ਰਘੂ ਤੂੰ ਫਿਕਰ ਨਾਂ ਕਰ.. ਭਰਜਾਈ ਨੂੰ ਤਾਂ ਮੈਂ ਸਮਝਾ ਬੁਝਾ ਕੇ ਲੈ ਆਵਾਂਗਾ ਇਕ ਵੇਰ ਤੂੰ ਸ਼ਰਾਬ ਤਾਂ ਛਡ “
  
“ ਬਲੇ ਓਏ ਚੌਰਿਆ ਤੇਰੀ ਤਾਂ ਉਹ ਗਲ ਆ ਆਪ ਨਾ ਵਸੀ ਸੌਹਰੜੇ ਲੋਕੀਂ ਮਤਾਂ ਦੇ “
“  ਬਸ ਕਰ ਬਸ ਕਰ ਹੋਰ ਤਾਂਨੇ ਨਾਂ ਮਾਰ.. ਤੂੰ ਹੁਣ ਜਮਾਲੇ ਦਾ ਕੀਤਾ ਕਰਾਰ ਤਾਂ ਦੇਖੀਂ… ਚਲ ਉਠ ਹੁਣ ਘਰ ਚਲ ਕੇ ਦੋ ਮਨੀਆਂ ਰੋੜ ਲਈਏ ਹੁਣ ਤਾਂ ਢਿਡ ਵਿਚ ਕਤੂਰੇ ਨਚਦੇ ਆ “।ਰਘੂ ਨੂੰ ਬਾਹੋਂ ਫੜਦੇ ਜਮਾਲੇ ਨੇ ਸਲਾਹ ਦਿਤੀ ।
     ਰਘਵਿੰਦਰ ਵਿੰਗੀਆਂ ਸਿਧੀਆਂ ਰੋਟੀਆ ਵੇਲ ਕੇ ਤਵੇ ਤੇ ਪਾ ਦੇਵੇ ਅਤੇ ਜਮਾਲਾ ਉਲੱਦ ਪਲੱਦ ਕੇ ਰਾਹੜੀ ਜਾਵੇ ਨਾਲ ਨਾਲ ਦੋਵੈ ਇਕ ਦੂਜੇ ਨੂੰ ਸ਼ਰਾਬ ਤੋਂ ਦੂਰ ਰਹਿਣ ਲਈ ਪਕਿਆਂ ਕਰੀ ਜਾਂਦੇ ਰਹੇ ।
    “ ਜਮਾਲਿਆ ਤੈਨੂੰ ਚੇਤਾ ਉਹ ਜੇਹੜਾ ਨਾਟਕ ਵਿਚ ਸ਼ਰਾਬੀ ਹੋਇਆ ਫਿਰਦਾ ਸੀ ਨਾਂ ਭਲਾ ਕੀ ਨਾਂ ਸੀ ਉਸਦਾ “।
ਸਿਰ ਖੁਰਕਦਾ ਜਮਾਲਾ ਬੋਲਿਆ  “  ਬਿਸ਼ਨਾਂ “
   “  ਹਾਂ ਹਾਂ ਬਿਸ਼ਨਾਂ… ਤੈਂ ਦੇਖਿਆ ਉਹਨੂੰ ਮੇਰੇ ਵਾਂਗ  ਸ਼ਰਾਬ ਦਾ ਲਚ ਉਹਦੇ ਪੇ ਨੇ ਹੀ ਤਾਂ ਲਾਇਆ ਸੀ । ਮੇਰਾ ਬਾਪੂ ਵੀ ਜਦ ਦਾਰੂ ਪੀਣ ਬੈਠਦਾ ਤਾਂ ਗੰਢਾ ਟਮਾਟਰ ਮੇਥੌਂ ਹੀ ਮੰਗਵਾਂਊਂਦਾ ਮੇਰੇ ਮਾਂ ਦੇ ਮਨਾਹ ਕਰਨ ਦੇ ਬਾਵਜੂਦ ਇਕ ਘੁਟ ਮੈਨੂੰ ਵੀ ਦੇ ਦਿੰਦਾ… ਲਚ ਪੈਣ ਤੇ ਬੇਬੇ ਬਾਪੂ ਤੋਂ ਚੋਰੀ ਮੈਂ ਆਪ ਵੀ ਦਾ ਲਾ ਲੈਂਦਾ “।
“ ਅਗੋਂ ਤੂੰ ਮੈਨੂੰ ਚਾਲੂ ਕਰ ਲਿਆ ਕਹਿੰਦੇ ਮੁਫਤ ਦੀ ਸ਼ਰਾਬ ਤਾਂ ਕਾਜ਼ੀ ਨੇ ਵੀ ਨਹੀਂ ਸੀ ਛਡੀ ਮੈਂ ਕਹਿਦੇ ਪਾਣੀ ਹਾਰ ਸੀ “ ਜਮਾਲਦੀਨ ਨੇ ਵੀ ਦਿਲ ਦੀ ਗੱਲ ਕਢ ਮਾਰੀ ।
ਦੇਰ ਰਾਤ ਤਕ ਨਾਟਕ ਦੀਆਂ ਗਲਾਂ ਨਾਲੇ ਇਕ ਦੂਸਰੇ ਨੂੰ ਸ਼ਰਾਬ ਤੋਂ ਦੂਰ ਰਹਿਣ ਲਈ ਪਕਿਆਂ ਕਰਦੇ ਕਰਦੇ ਸੌਂ ਗਏ । ਨਸ਼ੇ ਵਾਲਿਆਂ ਦਾ ਦਿਨ ਤਾਂ ਦੇਰ ਨਾਲ ਹੀ ਚੜਦਾ ਹੈ ਉਂਜ ਵੀ ਜ਼ਿੰਦਗੀ ਵਿਚ ਕੋਈ ਉਤਸ਼ਾਹ ਨਾ ਹੋਵੇ ਤਾਂ ਨਿਘਾ ਬਿਸਤਰ ਕਦੋਂ ਉਠਣ ਦਿੰਦਾ । ਜਮਾਲੇ ਦੇ ਘੁਰਾੜਿਆਂ ਨਾਲ ਰਘਵਿੰਦਰ ਦੀ ਅਖ ਖੁਲੀ ਤਾਂ ਜਮਾਲੇ ਦੇ ਮੂੰਹ ਤੋਂ ਚਾਦਰ ਹਟਾਉਂਦੇ ਹੋਏ ਰਘਵਿੰਦਰ ਨੇ ਕਿਹਾ “ ਜਮਾਲਿਆ, ਸ਼ੇਰਾ!  ਉਠ ਦੇਖ ਹੁਣ ਤਾਂ ਸੂਰਜ ਵੀ ਪਛਮ ਦੀ ਬਾਰੀ ਥਾਣੀ ਝਾਤੀਆਂ ਮਾਰਨ ਲਗ ਪਿਆ… ਲਗਦਾ ਦਿਨ ਢਲ ਗਿਆ।“
“ ਰਘੂ ਸਰੀਰ ਟੁਟਿਆ ਟੁਟਿਆ ਹੋਇਆ ਪਿਆ ਸਿਰ ਵਿਚ ਵੀ ਪੀੜ ਹੁੰਦੀ ਆਂ ਲਗਦਾ ਭਾਨ ਪਈ ਹੋਈ ਆ “
“ ਦੇਖ ਹੁਣ ਭਾਨ ਦੀ ਗਲ ਨਾਂ ਕਰੀਂ ਯਾਦ ਆ ਆਪਾਂ ਦੋਹਾਂ ਨੇ ਕਸਮ ਖਾਧੀ ਹੋਈ ਆ ਮੈਂ ਚਾਚੀ ਦਿਓਂ ਲਸੀ ਫੜ ਲਿਆਵਾਂ ਤੂੰ ਅਖਾਂ ਤੇ ਪਾਣੀ ਦੇ ਛਿਟੇ ਮਾਰ ਲਾ ਸਭ ਠੀਕ ਹੋ ਜਾਊ “
ਲਸੀ ਨਾਲ ਕੁਝ ਢਾਰਸ ਜਹੀ ਆਈ ਤਾਂ ਰਘਵਿੰਦਰ ਆਖਣ ਲਗਾ  “ ਜਮਾਲਿਆ ਰਾਤੀਂ ਚੌਧਰੀ ਕਦ ਚਲਾ ਗਿਆ ਪਤਾ ਹੀ ਨਹੀਂ ਲਗਾ ਸੌਹਰੀ ਦਾ ਗੁਸੇ ਹੀ ਨਾਂ ਹੋ ਗਿਆ ਹੋਵੇ ਕਿਤੇ “
“ਤੂੰ ਚਿੰਤਾ ਨਾ ਕਰ ਘੜੀ ’ਕ ਤਕ  ਜਾ ਕੇ ਮਨਾ ਲਵਾਂਗੇ “
“ ਨਾਂ ਵਈ ਆਪਾਂ ਨਹੀਂ ਜੇ ਜਾਣਾ ਹੁਣ ਠੇਕੇ “ ਰਘਵਿੰਦਰ ਨੂੰ ਜਿਵੇਂ ਕਸਮ ਯਾਦ ਆ ਗਈ ਹੋਵੇ।
“ ਆਪਾਂ ਪੀਣ  ਥੋੜੇ ਜਾਣਾ ਚੌਧਰੀ ਦੀ ਖੈਰ ਖਰੀਤ ਪੁਛ ਕੇ ਮੁੜ ਆਵਾਂ ਗੇ …ਨਾਲੇ ਆਪਾ ਕਿਤੇ ਨਿਆਣੇ ਆਂ ਕਿ  ਕੋਈ ਮਲੋ ਮਲੀ ਪਲਾ ਦਿਊ “ ਜਮਾਲੇ ਨੇ ਦਲੀਲ ਦਿਤੀ ।
 
ਸ਼ਾਮ ਪੈਦੀਆਂ ਹੀ  ਰੋਜ਼ ਦੀ ਤਰ੍ਹਾਂ ਦੋਵੈਂ ਠੇਕੇ ਅਗੇ ਸਨ ।
 “ ਰਘੂ… ਸੋਂਹ ਦਾ ਚੇਤਾ ਈ  ਕਿਤੇ ਚੌਧਰੀ ਦੇ ਕਹੇ ਪੀਣ ਨਾਂ ਬੈਠ ਜਾਂਈ “ ਜਮਾਲੇ ਨੇ ਰਘੂ ਨੂੰ ਪਕਿਆਂ ਕੀਤਾ
“ ਤੂੰ ਮੈਨੂੰ ਕੀ ਸਮਝਦਾ ਮੈਂ ਜੋ ਇਕ ਵੇਰ ਜ਼ਬਾਨ ਤੌਂ ਆਖ ਦਿਆਂ ਫੇਰ ਤਾਂ ਮੈਨੂੰ ਰਬ ਵੀ ਨਹੀਂ ਮਨਾ ਸਕਦਾ ਬੰਦਾ ਕੀਹਦੇ ਪਾਣੀ ਹਾਰ ਆ।“
ਅੰਦਰ ਜਾ ਕੈ ਚੌਧਰੀ ਨੂੰ ਮਿਲੇ ਕੁਝ ਹੋਰ ਯਾਰ ਬੇਲੀ ਮਿਲ ਪਏ ਰਾਤ ਦੇ ਨਾਟਕ ਦੀਆਂ ਗਲਾਂ ਸਾਂਝੀਆਂ ਕਰਦੇ ਰਹੇ । ਕੁਝ ਸਮਾਂ ਬੀਤਿਆ ਤਾਂ ਰਘਵਿੰਦਰ ਨੇ ਜਮਾਲਦੀਨ  ਦੇ ਕੰਨ ਵਿਚ ਕਿਹਾ “ ਜਮਾਲਿਆ ਜੇ ਆਪਾਂ ਨਾ ਖਰੀਦੀ ਤਾਂ ਲੋਕਾਂ ਆਖਣਾ ਸਾਲੇ ਨੰਗ ਹੋ ਗਏ ਇਕ ਅਧਵਾੜ ਲੈ ਲੈਨੇ ਆਂ ਪੀਣੀ ਤਾਂ ਆਪਾਂ ਹੈ ਨਹੀਂ ।“
ਜਮਾਲਦੀਨ ਨੂੰ ਵੀ ਇਹ ਸਲਾਹ ਬੜੀ ਜਚੀ ਉਠ ਕੇ ਇਕ ਅਧਵਾੜ ਖਰੀਦਿਆ ਕੁਝ ਭੁਜੀਆ ਲਿਆ ਅਤੇ ਦੋ ਗਿਲਾਸ ਲੈ ਕੇ ਰੋਜ਼ ਵਾਲੇ ਟਿਕਾਣੇ ਤੇ ਜਾ ਬੈਠੇ ।
ਖਰੀਦੀ ਸ਼ਰਾਬ ਗਿਲਾਸਾਂ ਵਿਚ ਪੈਣ ਨੂੰ ਤਾਂਘੜੀ ਤਾਂ ਕੁਝ ਹੀ ਸਮੇ ਵਿਚ ਇਦਾਂ ਲਗਣ ਲਗ ਪਿਆ ਕਿ ਜਿਵੇਂ ਦੋ ਸੰਗਤਰੀ ਪਰੀਆਂ ਉਹਨਾਂ ਦਾ ਸਤ ਭੰਗ ਕਰਨ ਲਈ ਇੰਦਰ ਪੁਰੀ ਤੋਂ ਉਤਰ ਆਈਆਂ ਹੋਣ। ਦੋਵੇਂ ਲਲਚਾਈਆਂ  ਨਜ਼ਰਾਂ ਨਾਲ ਕਦੇ ਗਿਲਾਸਾਂ ਵਲ ਤਕ ਲੈਂਦੇ ਅਤੇ ਕਦੇ ਚੋਰ ਅਖਾਂ ਨਾਲ ਇਕ ਦੂਸਰੇ ਵਲ ਨੂੰ ਦੇਖ ਲੈਂਦੇ ਬਈ ਕੌਣ ਪਹਿਲ ਕਰਦਾ ।
“ ਰਘੂ ਕੀ ਸੋਚਦਾਂ “।
“ ਸੋਚਣਾ ਕੀ ਆ ਜਮਾਲਿਆ ਜੇ ਸੋਂਹ ਨਾ ਖਾਧੀ ਹੁੰਦੀ ਤਾਂ ਇਹ ਸੌਹਰੀ ਦੀ ਹੁਣ ਤਾਈਂ ਇਦਾਂ ਹੀ ਪਈ ਰਹਿੰਦੀ “ 
ਜਮਾਲਦੀਨ ਮੁਸਕਰਾਇਆ ਜਿਵੇਂ ਇਸ ਅੜਾਉਣੀ ਵਿਚੌਂ ਨਿਕਲਨ ਦਾ ਉਸਨੇ ਹਲ ਲਭ ਲਿਆ ਹੋਵੇ । ਰਘਵਿੰਦਰ ਦੇ ਮੋਢੇ ਤੇ ਹਥ ਰਖਦਾ ਹੋਇਆ ਆਖਣ ਲਗਾ “ ਰਘੂ ਤੈਨੂੰ ਸੋਂਹ ਦਾ ਚੇਤਾ ਹੀ ਹੋਣਾ ।“
“ ਹਾਂ ਚੇਤਾ “ ਗਲਾਸਾਂ ਵਲ ਇਸ਼ਾਰਾ ਕਰਦਾ ਹੋਇਆ ਰਘਵਿੰਦਰ ਬੋਲਿਆ ।
“ ਆਹ ਜੋ ਤੇਰੇ ਅਗੇ ਪਈ ਆ ਜੇ ਪੀਵੇਂ ਤਾਂ ਤੇਰੇ ਲਈ ਸੂਰ ਦੀ ਰਤ ਬਰਾਬਰ ਹੈ ਅਤੇ ਆਹ ਜੋ ਮੇਰੇ ਅਗੇ ਪਈ ਹੈ ਇਹ ਮੇਰੇ ਲਈ ਗਾਂ ਦੀ ਰਤ ਸਮਝ ਲਾ ।“
ਜਮਾਲ ਦੀਨ ਨੇ ਫੁਰਤੀ ਨਾਲ ਆਪਣਾ ਗਿਲਾਸ ਰਘਵਿੰਦਰ ਅਗੇ ਰਖ ਦਿਤਾ ਅਤੇ ਰਘਵਿੰਦਰ ਅਗੋਂ ਗਿਲਾਸ ਚਕ ਕੇ ਆਖਣ ਲਗਾ “ ਲੈ ਤੂੰ ਸੂਰ ਲੈ ਲਾ ਅਤੇ ਮੈਂ ਗਊ ਲੈ ਲੈਨਾ ਹਾਂ ਆਪਣੀ ਸੌਂ੍ਹ ਵੀ ਨਾ ਟੁਟੂ ਅਤੇ ਗਿਲਾਸਾਂ ਵਿਚ ਪਈ ਸੰਗਤਰੀ ਵੀ ਸਾਨੂੰ ਸਰਾਫ ਨਾਂ ਦੇਊ ।“
ਬਸ ਸੰਗਤਰੀ ਇਨਕਲਾਬ ਇਨਕਲਾਬ ਕਰਦੀ ਦੋਵਾਂ ਦੇ ਹਲਕ ਤੋਂ ਥਲੇ ਉਤਰੀ ਤਾਂ ਦੋਵੇਂ ਫੇਰ ਆਨੇ ਵਾਲੀ ਥਾਂਹ ਤੇ ਆ ਖਿਲੋਤੇ ।