ਸਨਮਾਨ ਚਿੰਨ੍ਹ
(ਮਿੰਨੀ ਕਹਾਣੀ)
ਲ਼ੇਖਕ ਦੀ ਪਹਿਲੀ ਕਿਤਾਬ ਛਪੀ ਤਾਂ ਉਸਨੇ ਕਿਤਾਬ ਦਾ ਰਿਲੀਜ਼ ਸਮਾਰੋਹ ਕਰਵਾਇਆ । ਆਪਣੇ ਵੱਲੋਂ ਲਿਆਂਦੀਆਂ ਪੰਜ ਛੇ ਟਰਾਫੀਆਂ ਵੱਖ ਵੱਖ ਆਗੂਆਂ ਕੋਲੋਂ ਲੈ ਕੇ ਉਸਨੇ ਆਪਣਾ ਸਨਮਾਨ ਕਰਵਾਇਆ । ਉਹ ਸਾਰੀਆਂ ਟਰਾਫੀਆਂ ਉਸਨੇ ਆਪਣੇ ਪੁੱਤਰ ਨੂੰ ਦਿੰਦਿਆਂ ਨਸੀਹਤ ਕੀਤੀ, ‘ ਬੇਟਾ! ਸੰਭਾਲ ਕੇ ਘਰ ਲੈ ਜਾਣੀਆਂ ।‘ “ਡੈਡੀ ! ਜੇ ਇਹ ਘਰ ਹੀ ਲੈ ਕੇ ਜਾਣੀਆਂ ਸਨ ਤਾਂ ਘਰੋਂ ਚੁੱਕ ਕੇ ਲਿਆਉਣ ਦਾ ਕੀ ਫਾਇਦਾ ਸੀ ?’ਪੁੱਤਰ ਨੇ ਸਵਾਲ ਕੀਤਾ । “ਪਰ ਬੇਟਾ ਇਹ ਤਾਂ ਸਨਮਾਨ ਨਿਸ਼ਾਨੀਆਂ ਐ । ਪੰਜਾਹ ਸਾਲ ਹੋ ਗਏ ਸੀ ਅਜ ਦਾ ਦਿਨ ਉਡੀਕਦਿਆਂ ।“ ‘ਡੈਡੀ ! ਜਿਥੇ ਪੰਜਾਹ ਸਾਲ ਉਡੀਕਿਆ ਉਥੇ ਪੰਜਾਹ ਦਿਨ ਹੋਰ ਉਡੀਕ ਲੈਂਦੇ ਸ਼ਾਇਦ ਕੋਈ ਸੱਚਮੁਚ ਹੀ ਸਨਮਾਨ ਕਰ ਦਿੰਦਾ ।‘ ਪੁੱਤਰ ਦੀ ਇਹ ਗੱਲ ਸੁਣ ਕੇ ਉਸਨੂੰ ਸਨਮਾਨ ਚਿੰਨ੍ਹ ਸਵਾਲੀਆ ਚਿੰਨ੍ਹ ਜਾਪਣ ਲੱਗ ਪਏ ।