ਪਲਾਸਟਿਕ ਦੀਆਂ ਗੁੱਡੀਆਂ
(ਮਿੰਨੀ ਕਹਾਣੀ)
ਮੈ ਤੇ ਰਾਜੀ ਹਮੇਸ਼ਾ ਗੁੱਡੀਆਂ ਨਾਲ ਖੇਡਦੀਆਂ ਹੁੰਦੀਆਂ ਸੀ ... …ਗੁੱਡੀਆਂ ...ਪਲਾਸਟਿਕ ਦੀਆਂ.....ਰਾਜੀ ਨੂੰ ਹਮੇਸ਼ਾ ਸ਼ੋਖ ਰੰਗ ਪਸੰਦ ਸੀ. ਮੈ ਕਈ ਵਾਰ ਜੇ ਕਿਸੇ ਗੁੱਡੀ ਨੂੰ ਫਿੱਕੇ ਰੰਗ ਦੇ ਕਪੜੇ ਪਾ ਦੇਣੇ ਤਾਂ ਉਸਨੇ ਝੱਟ ਹੀ ਬਦਲ ਦੇਣੇ…ਤੇ ਗੁੱਡੀ ਨੂੰ ਫੇਰ ਦੁਲਹਨ ਵਾਂਗ ਸਜਾ ਦੇਣਾ…ਮੈਂਨੂੰ ਕਹਿੰਦੀ ਹੁੰਦੀ ਸੀ ,” ਕਿਓਂ ? ਗੁੱਡੀਆਂ ਦਾ ਦਿਲ ਨੀ ਹੁੰਦਾ??”
ਇੰਜ ਉਹਨਾ ਪਲਾਸਟਿਕ ਦੀਆਂ ਗੁੱਡੀਆਂ ਦਾ ਵਿਆਹ ਰਚਾਓਂਦੇ ਕਦੋ ਸਾਡੀ ਉਮਰ ਵੀ ਵਿਆਹ ਲਾਇਕ ਹੋ ਗਈ ਪਤਾ ਹੀ ਨਹੀ ਲੱਗਾ…ਮੇਰਾ ਵਿਆਹ ਪਹਿਲਾਂ ਹੋ ਗਿਆ …ਤੇ ਰਾਜੀ ਦਾ ਕੁਝ ਚਿਰ ਬਾਦ ਵਿਚ…ਤੇ ਮੈ ਕੁਝ ਕੁ ਮਹੀਨਿਆਂ ਬਾਦ ਜਦ ਆਪਣੇ ਘਰ ਗਈ ਤਾਂ ਪਤਾ ਲੱਗਾ ..ਕੇ ਰਾਜੀ ਵੀ ਘਰ ਆਈ ਹੋਈ ਹੈ…ਮੈ ਭੱਜ ਕੇ ਉਸਨੂੰ ਮਿਲਣ ਗਈ…..ਪਰ ਰਾਜੀ ਦਾ ਰੰਗ ਰੂਪ ਤੇ ਪਹਿਰਾਵਾ ਵੇਖ ਕੇ ਮੈਥੋਂ ਦਹਿਲੀਜ਼ ਵੀ ਨਾ ਟੱਪ ਹੋਈ !!!!!!!
ਉਸਨੇ ਮੈਨੂੰ ਦੱਸਿਆ ਇੱਕ ਐਕਸੀਡੇਂਟ ਵਿਚ ਉਸਦੇ ਪਤੀ ਦੀ ਮੌਤ ਹੋ ਗਈ ..ਤੇ ਸੁਹਰੇ ਵਾਲਿਆਂ ਨੇ ਉਸਨੂੰ ਪੇਕੇ ਘਰ ਦਾ ਰਾਹ ਵਿਖਾ ਦਿੱਤਾ…….ਮੈ ਸਾਰਾ ਦਿਨ ਉਸ ਨਾਲ ਬੈਠੀ ਗੱਲਾਂ ਕਰਦੀ ਰਹੀ….ਤੇ ਝਿਜਕਦੇ ਝਿਜਕਦੇ ਮੈ ਕਿਹ ਹੀ ਬੈਠੀ..,“ਰਾਜੀ, ਜਿੰਦਗੀ ਐਥੇ ਰੁੱਕ ਤਾ ਨਹੀ ਜਾਂਦੀ….ਮੈ ਤੇਰੇ ਘਰ ਵਾਲਿਆਂ ਨਾਲ ਗੱਲ ਕਰ ਕੇ ਸਮਝਾਉਂਦੀ ਹਾਂ ਕਿ ਉਹ ਤੈਨੂੰ ਤੇਰੀ ਖੁਸ਼ੀਆਂ ਮੋੜਨ ਦਾ ਜਤਨ ਕਰਨ….ਪਰ ਉਸਨੇ ਮੇਰੀ ਬਾਂਹ ਫੜ ਮੈਂਨੂੰ ਰੋਕ ਲਿਆ ਕਿ ਨਹੀ ਇਹ ਮੈਥੋਂ ਨਹੀ ਹੋਣਾ…ਮੈ ਉਸਨੂੰ ਸਿਰ੍ਫ ਇੱਕੋ ਸਵਾਲ ਪੁੱਛਿਆ, “ ਪਲਾਸਟਿਕ ਦੀਆਂ ਗੁੱਡੀਆਂ ਦਾ ਦਿਲ ਹੁੰਦਾ ਹੈ ਤੇ ਤੇਰੇ ਕੋਲ ਦਿਲ ਨਹੀ?” ਤੇ ਉਸ ਕੋਲ ਇਸ ਸਵਾਲ ਦਾ ਜਵਾਬ ਨਹੀ ਸੀ….
ਫੇਰ ਕਾਫੀ ਸਮੇ ਪਿਛੋ ਪਤਾ ਲੱਗਾ ਕੇ ਪਲਾਸਟਿਕ ਦੀਆਂ ਗੁੱਡੀਆਂ ਦੇ ਸ਼ੋਖ ਰੰਗ ਉਸਦੀ ਜਿੰਦਗੀ ਵਿਚ ਵੀ ਵਾਪਿਸ ਆ ਗਏ!!!!!!!!