ਰਵੀ ਆਉਂਦਾ ਹੈ ਟੀ.ਵੀ. ਤੇ
ਗੱਲ ਕਰਦਾ ਹੈ
ਪਿਛਲੇ ਜਨਮ ਦੇ ਰਾਜ਼ ਦੀ
ਮਨੋਵਿਗਿਆਨ ਮਾਹਰ
ਡਾ. ਤ੍ਰਿਪਤੀ ਜੈਨ
ਕਰਦੀ ਹੈ ਲੱਛੇਦਾਰ ਗੱਲਾਂ
ਪਾਲ਼ਦੀ ਹੈ ਭਰਮ
ਲੋਕਾਂ ਦੇ ਦਿਲਾਂ ਵਿੱਚ
ਪੈਸੇ ਤੇ ਸ਼ੁਹਰਤ ਲਈ
ਕਰਦੀ ਹੈ ਧੋਖਾ
ਸੱਚ ਤੇ ਮਨੋਵਿਗਿਆਨਕ ਸੋਚ ਨਾਲ
ਤੇ ਸਿਗਮੰਡ ਫਰਾਈਡ
ਵਰਗੇ ਮਨੋਵਿਸ਼ਲੇਸ਼ਣ ਦੇ
ਵਿਗਿਆਨੀਆਂ ਨਾਲ
ਜਿਨ੍ਹਾਂ ਨੇ ਕੀਤਾ ਹੈ
ਮਨੋਵਿਗਿਆਨ ਦਾ ਤਹਿ ਤੱਕ ਮੁਲਾਂਕਣ।
ਉਹ ਪੁੱਛ ਪੜਤਾਲ ਕਰਕੇ
ਸੰਮੋਹਕ ਨੀਂਦ ਸੁਲਾ ਕੇ
ਲੈ ਜਾਂਦੀ ਹੈ ਰੋਗੀ ਨੂੰ
ਸੁਪਨਿਆਂ ਦੇ ਸੰਸਾਰ ਵਿੱਚ
ਵਿਗਿਆਨ ਦੀ ਓਟ ਲੈ ਕੇ
ਲਵਾਉਂਦੀ ਹੈ
ਅਸਮਾਨ ਦੀਆਂ ਉਡਾਰੀਆਂ
ਦਿਖਾਉਂਦੀ ਹੈ
ਜੀਵਨ ਦੀਆਂ ਦੁਸ਼ਵਾਰੀਆਂ
ਸਿਰਫ ਕਲਪਣਾ ਵਿੱਚ
ਪਿਛਲੇ ਜਨਮ ਦੀਆਂ
ਅਦਭੁੱਤ ਤਸਵੀਰਾਂ
ਵਿਗਿਆਨ ਦੀਆਂ
ਅੱਜ ਦੀਆਂ ਮੱਲਾਂ ਦੇ
ਆਸਰੇ ਤੇ।
ਪਹੁੰਚਦੇ ਹਨ ਰੋਗੀ
ਜੋ ਉਸ ਕੋਲ
ਉਹ ਜੂਨ ਪੈਂਦੇ ਹਨ
ਬੰਦੇ ਤੋਂ ਬੰਦੇ ਦੀ
ਭਾਰਤੀ ਤੋਂ ਭਾਰਤੀ ਦੀ
ਉਹ ਭੁੱਲ ਜਾਂਦੀ ਹੈ
ਚੌਰਾਸੀ ਲੱਖ ਜੂਨਾਂ ਦਾ ਵੇਰਵਾ ਜੋ
ਲਿਖਿਆ ਹੈ ਧਾਰਮਿਕ ਗ੍ਰੰਥਾਂ ਵਿੱਚ
ਉਹ ਨਹੀਂ ਬਣਦੇ
ਕੀੜੇ-ਮਕੌੜੇ, ਕਾਂ-ਕੁੱਤੇ
ਗਧੇ ਤੇ ਖੋਤੇ
ਨਾ ਹੀ ਗੋਰੇ ਤੇ ਕਾਲ਼ੇ
ਨਾ ਬੋਲਦੇ ਹਨ
ਫਰੈਂਚ, ਚੀਨੀ ਜਾਂ ਜਪਾਨੀ
ਬੋਲਦੇ ਹਨ ਇੱਕੋ ਭਾਸ਼ਾ ਹਿੰਦੀ
ਜੋ ਫਿੱਟ ਆਉਂਦੀ ਹੈ
ਟੀ.ਵੀ. ਦੇ ਚੈਨਲ ਲਈ
ਉਹ ਜੰਮਦੇ ਤੇ ਮਰਦੇ ਹਨ
ਸਿਰਫ ਤੇ ਸਿਰਫ
ਭਾਰਤ ਦੀਆਂ ਹੱਦਾਂ ਅੰਦਰ।
ਅਸੀਂ ਟੀ.ਵੀ.’ਚ ਮਗ਼ਨ
ਭੁੱਲ ਜਾਂਦੇ ਹਾਂ
ਰੋਟੀ ਪਾਣੀ ਦਾ ਸੁਆਦ
ਘਰ ਦੀ ਕਿਸ਼ਤ ਤੇ
ਬੱਚਿਆਂ ਦੀ ਫੀਸ ਦਾ ਖਿਆਲ
ਸੋਚਦੇ ਹਾਂ ਪਿਛਲੇ ਜਨਮ ਦੇ ਕਰਮਾਂ ਬਾਰੇ
ਰੋਜ਼ਾਨਾ ਦੇ ਕੀਤੇ
ਕਰਮਾਂ ਨੂੰ ਨਿਕਾਰਾ ਕਰਕੇ
ਰੋਂਦੇ ਹਾਂ ਕਿਸਮਤ ਨੂੰ
ਜ਼ਿੰਦਗੀ ਦੇ ਤਰਕ ਦੀ
ਲੜੀ ਜੁੜਨ ਤੋਂ ਪਹਿਲਾਂ
ਰਵੀ ਫਿਰ ਆ ਜਾਂਦਾ ਹੈ
ਕਿਸੇ ਨਾ ਕਿਸੇ ਰੂਪ ਵਿੱਚ
ਹੌਕਾ ਦਿੰਦਾ ਹੈ
ਸਾਡੀ ਕਿਸਮਤ ਨੂੰ ਕੋਸਦਾ ਹੈ
ਕਿਉਂਕਿ ਮੀਡਿਆ ਉਸਦਾ ਹੈ
ਪੂੰਜੀ ਦੇ ਬਲ ਤੇ
ਉਸਨੇ ਖ੍ਰੀਦ ਲਿਆ ਹੈ ਸਭ ਕੁਝ।
ਅਸੀਂ ਸਾਰਾ ਦਿਨ
ਟੁੱਟ ਟੁੱਟ ਮਰਕੇ
ਡਿੱਗਦੇ ਹਾਂ ਸੋਫੇ ਤੇ
ਕਰਦੇ ਹਾਂ ਬਹਾਨਾ ਮੰਨੋਰੰਜਨ ਦਾ
ਧੱਸਦੇ ਹਾਂ
ਗਹਿਰੀ ਦਲਦਲ ਵਿੱਚ
ਅਸੀਂ ਪਿਛਲੇ ਜਨਮ ਦੀਆਂ ਮਾਰਾਂ ਨੂੰ
ਕਿਸਮਤ ਦੇ ਲੇਖਾਂ ਨੂੰ
ਦੁੱਖਾਂ ਤੇ ਵੰਗਾਰਾਂ ਨੂੰ
ਚੁੱਪ ਚੁਪੀਤੇ
ਅਰਪਣ ਕਰ ਦਿੰਦੇ ਹਾਂ
ਰਵੀ ਤੇ ਡਾ. ਜੈਨ ਦੇ ਚਰਨਾਂ ਵਿੱਚ
ਕਿਉਂਕਿ ਉਹਨਾਂ ਨੇ ਸਾਨੂੰ ਨਹੀਂ
ਖ੍ਰੀਦ ਲਿਆ ਹੈ ਸਾਡੀ ਸੋਚ ਨੂੰ।
ਅਸੀਂ ਕਠਪੁਤਲੀਆਂ ਚਾਹੇ ਹੁਣ
ਕੋਈ ਵੀ ਨਾਚ ਨੱਚੀਏ
ਡੋਰ ਰਵੀ ਤੇ ਜੈਨ ਦੇ ਹੱਥਾਂ ਵਿੱਚ ਹੈ
ਰਵੀ ਹੁਣ ਮਸਤ ਹਾਥੀ ਵਾਂਗ
ਝੂਲਦਾ ਹੈ, ਸਭ ਨੂੰ ਲਿਤਾੜਦਾ ਹੈ
ਖੁੜਦੁੰਮ ਮਚਾਉਂਦਾ ਆਉਂਦਾ ਹੈ
ਅਸੀਂ ਸੋਚਹੀਣ, ਤਰਕਹੀਣ
ਤੇ ਨੇਤਰਹੀਣ ਬਣਕੇ
ਲਿਤਾੜੇ ਜਾਣ ਵਿੱਚ
“ਸ਼ਰਧਾ” ਨਾਲ ਲੈਂਦੇ ਹਾਂ
ਪੂਰਾ ਪੂਰਾ ਸਵਾਦ।