ਸੱਪਾਂ ਵਾਂਗੂੰ ਡੰਗ ਚਲਾਉਂਦੇ ਮੇਰੇ ਬੋਲ
ਹਨੇਰੇ ਉੱਤੇ ਤੀਰ ਵਰ੍ਹਾਉਂਦੇ ਮੇਰੇ ਬੋਲ
ਗਰਾਂ ਤੇਰੇ ਚ ਪਹਿਰੇ ਲੱਗੇ ਸੋਚਾਂ ਤੇ
ਕੰਡਿਆਂ ਉੱਪਰ ਪੈਰ ਟਿਕਾਉਂਦੇ ਮੇਰੇ ਬੋਲ
ਭੁੱਲ ਗਿਆ ਕਿਓਂ ਪਾਂਧੀ ਰਸਤਾ ਮੰਜ਼ਲ ਦਾ
ਦੀਪਕ ਬਣ ਕੇ ਰਾਹ ਦਰਸਾਉਂਦੇ ਮੇਰੇ ਬੋਲ ।
ਅੱਖਰ ਨਹੀਂ ਲੱਭਦੇ ਮੇਰੇ ਸ਼ੇਅਰਾਂ ਨੂੰ
ਹਰ ਕੰਜਕ ਦਾ ਦਰਦ ਪਰੋਂਦੇ ਮੇਰੇ ਬੋਲ
ਧਰਤੀ ਉੱਤੇ ਪਾੜੇ ਉੱਚੇ ਨੀਂਵੇਂ ਦੇ
ਸੱਭ ਨੂੰ ਇੱਕੋ ਥਾਂ ਬਿਠਾਉਂਦੇ ਮੇਰੇ ਬੋਲ
ਹੰਝੂ ਅੱਖ ਦਾ ਰਿਸ਼ਤਾ ਕਿੰਨਾ ਪੱਕਾ ਏ
ਇੱਸ ਰਿਸ਼ਤੇ ਦਾ ਸਾਥ ਨਿਭਾਉਂਦੇ ਮੇਰੇ ਬੋਲ
ਥਾਂ ਥਾਂ ਸਿਜਦੇ ਕਰਨ ਦਾ ਮੈਂ ਆਦੀ ਨਾ
ਇੱਕ ਹੀ ਨੱਚ ਕੇ ਯਾਰ ਮਨਾਉਂਦੇ ਮੇਰੇ ਬੋਲ ।
ਨਾਨਕ ਬੁਲ੍ਹਾ ਮਾਂ ਬੋਲੀ ਦੇ ਵਾਰਿਸ ਨੇ
ਮਾਂ ਬੋਲੀ ਨੂੰ ਸੀਸ ਝੁਕਾਂਉਂਦੇ ਮੇਰੇ ਬੋਲ ।