ਸਾਹਿਤ ਦੇ ਖੇਤਰ ਵਿੱਚ ਔਰਤਾਂ ਦਾ ਯੋਗਦਾਨ
(ਲੇਖ )
.ਅਕਸਰ ਕਿਹਾ ਜਾਂਦਾ ਹੈ ਕਿ ਸਾਹਿਤ ਦੇ ਖੇਤਰ ਵਿੱਚ ਔਰਤਾਂ ਦਾ ਯੋਗਦਾਨ ਘੱਟ ਹੀ ਰਹਿੰਦਾ ਹੈ [ ਕਾਰਣ ਕਈ ਵਾਰ ਉਹਨਾਂ ਦੇ ਘਰੇਲੂ ਹਾਲਾਤਾਂ ਨੂੰ ਦੱਸਿਆ ਜਾਂਦਾ ਹੈ [ ਮੈਂ ਵੀ ਇਹੀ ਸੋਚਦੀ ਸੀ, ਜਦੋਂ ਮੈਂ ਲਿਖਦੀ ਨਹੀਂ ਸੀ [ ਕਲਮ ਨੇ ਜਦੋਂ ਆਪਣਾ ਰੰਗ ਛੱਡਣਾ ਸ਼ੁਰੂ ਕੀਤਾ ਤਾਂ ਇਹਨਾਂ ਰੰਗਾਂ ਨੂੰ ਇੱਕ ਆਕਾਰ ਦੇਣ ਦੀ ਕੋਸ਼ਿਸ਼ ਵਿੱਚ ਮੈਂ ਵੀ ਲਿਖਾਰੀ ਬਣ ਗਈ l ਕੁਝ ਕੁ ਕਵਿਤਾਵਾ, ਨਜ਼ਮਾਂ ਅਤੇ ਕਹਾਣੀਆਂ ਮੇਰੀ ਕਲਮ ਦੀ ਸਾਥੀ ਬਣੀਆਂ l ਹੌਲੀ ਹੌਲੀ ਸਾਹਿਤ ਸਭਾਵਾਂ ਵਿੱਚ ਵੀ ਜਾਂਣ ਦਾ ਮੌਕਾ ਲੱਗਣਾ ਸ਼ੁਰੂ ਹੋ ਗਿਆ l ਇਸੇ ਤਰ੍ਹਾਂ ਦੀ ਸਾਹਿਤ ਸਭਾ ਵਿੱਚ ਇੱਕ ਬੁਜ਼ੁਰਗ ਸੱਜਣ ਨਾਲ ਮੁਲਾਕਾਤ ਹੋਈ, ਜਿਨ੍ਹਾਂ ਨੇ ਮੈਨੂੰ ਮਹੀਨੇਵਾਰ ਸਾਹਿਤਿਕ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ l ਹਾਲਾਂਕਿ ਮੈਨੂੰ ਉਸ ਜਗ੍ਹਾ ਦਾ ਪਤਾ ਦਿਕਾਣਾ ਚੰਗੀ ਤਰ੍ਹਾਂ ਨਹੀਂ ਸੀ ਪਤਾ, ਫਿਰ ਵੀ ਮੈਂ ਪੁੱਛ-ਪੁਛਾ ਕੇ ਉਥੋਂ ਤੱਕ ਪਹੁੰਚ ਤਾਂ ਗਈ, ਇਹ ਵੀ ਸੋਚਦੀ ਰਹੀ ਕਿ ਵਾਪਿਸੀ ਵੀ ਪੁੱਛ-ਪੁਛਾ ਕੇ ਹੀ ਕਰਨੀ ਪੈਣੀ ਹੈ l ਖੈਰ..ਉਹ ਬੁਜ਼ੁਰਗ ਸੱਜਣ ਵੀ ਉੱਤੇ ਮੌਜੂਦ ਸਨ l ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਬੈਠ ਗਈ ਪਰ ਥੋੜੇ ਹੀ ਸਮੇਂ ਵਿੱਚ ਉਠ ਵੀ ਗਈ l ਮੈਂ ਉਹਨਾਂ ਨੂੰ ਇਸ਼ਾਰੇ ਨਾਲ ਬਾਹਰ ਬੁਲਾਇਆ, ਅਲਵਿਦਾ ਕਹਿੰਦੇ ਹੋਏ ਵਾਪਿਸੀ ਦਾ ਰਸਤਾ ਪੁੱਛਿਆ ਅਤੇ ਵਾਪਿਸ ਆ ਗਈ l
ਅਗਲੇ ਦਿਨ ਉਹਨਾਂ ਦਾ ਫੋਨ ਆਇਆ ਅਤੇ ਉਹ ਕਲ ਦੇ ਸਮਾਗਮ ਬਾਰੇ ਗੱਲ ਕਰਨ ਲੱਗ ਪਏ l ਗੱਲਾਂ ਗੱਲਾਂ ਵਿੱਚ ਉਹਨਾਂ ਦੇ ਮੂਹੋਂ ਨਿਕਲ ਗਿਆ ਕਿ ਮੈਨੂੰ ਉਹਨਾਂ ਨਾਲ ਖੜੀ ਦੇਖ ਕੇ ਉਹਨਾਂ ਦੇ ਜਾਣਕਾਰਾਂ ਨੇ ਉਹਨਾਂ ਨੂੰ ਪੁੱਛਿਆ " ਇਹ ਕੌਣ ਸੀ "? ਉਹਨਾਂ ਨੇ ਜਵਾਬ ਦਿੱਤਾ ਕਿ " ਰਸਤਾ ਪੁੱਛ ਰਹੀ ਸੀ, ਪਤਾ ਨਹੀਂ ਕੌਣ ਸੀ..ਜੋ ਮਰਜੀ ਹੋਵੇ, ਪਰ ਚੀਜ਼ ਬੜੀ ਵਧੀਆ ਸੀ " l ਮੈਂ ਇੰਨਾ ਸੁਣ ਕੇ ਫੋਨ ਬੰਦ ਕਰ ਦਿੱਤਾ. ਕੁਝ ਕੁ ਸਮੇਂ ਪਿੱਛੋਂ ਆਪਣੇ ਗੁੱਸੇ ਤੇ ਕਾਬੂ ਕਰਦਿਆਂ ਮੈਂ ਉਹਨਾਂ ਨੂੰ ਗਿਲਾ ਕੀਤਾ ਕਿ ਤੁਸੀਂ ਬੁਜ਼ੁਰਗ ਹੋ, ਮੇਰੇ ਪਿਤਾ ਵਾਂਗ ਹੋ l "ਚੀਜ਼ ਬੜੀ ਵਧੀਆ" ਦੀ ਥਾਂ ਜੇ ਇਹੀ ਕਿਹਾ ਹੁੰਦਾ ਕਿ ਨਵੀਂ ਲੇਖਿਕਾ ਹੈ, ਮੇਰੀ ਬੇਟੀ ਵਾਂਗ ਹੈ..ਮੈਨੂੰ ਜਿਆਦਾ ਵਧੀਆ ਲੱਗਣਾ ਸੀ l ਇਹੀ ਲੋਕ ਕਲ ਨੂੰ ਕਿਸੇ ਹੋਰ ਸਾਹਿਤ ਸਭਾ ਵਿੱਚ ਵੀ ਹੋਣਗੇ, ਜਿੱਥੇ ਮੈਨੂੰ ਵੀ ਕਦੀ ਬੋਲਣ ਦਾ ਮੌਕਾ ਮਿਲੇਗਾ, ਤੇ ਇਹੀ ਮੈਨੂੰ ਸੁਣਨ ਦੀ ਥਾਂ ਇਹੀ ਸੋਚ ਰਹੇ ਹੋਣਗੇ ਕਿ "ਚੀਜ਼ ਬੜੀ ਵਧੀਆ ਹੈ" l ਉਸ ਤੋਂ ਬਾਦ ਮੈਂ ਉਹਨਾ ਦਾ ਨੰਬਰ ਡਿਲੀਟ ਕਰ ਦਿੱਤਾ ਤੇ ਕਿਸੇ ਵੀ ਸਾਹਿਤ ਸਭਾ ਵਿਚ ਨਾ ਜਾਂਣ ਦਾ ਫੈਸਲਾ ਕਰ ਲਿਆ l
ਸਮਝ ਆ ਗਿਆ ਕਿ ਸਾਹਿਤ ਵਿੱਚ ਔਰਤਾਂ ਦਾ ਯੋਗਦਾਨ ਘੱਟ ਹੋਣ ਦੇ ਹੋਰ ਵੀ ਕਈ ਕਾਰਣ ਹੋ ਸਕਦੇ ਹਨ l