ਸੌਦੇਬਾਜ਼ੀ ਰੱਬ ਦੇ ਦਰਬਾਰ ਅੰਦਰ (ਕਵਿਤਾ)

ਰੇਨੂੰ ਨਈਅਰ   

Email: renu_nayyar2000@yahoo.com
Address: ਹਾਉਸਿੰਗ ਬੋਰਡ ਕਲੋਨੀ ਮਾਡਲ ਟਾਉਨ
ਜਲੰਧਰ India
ਰੇਨੂੰ ਨਈਅਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ ਸ਼ੈਅ ਦੀ ਕੀਮਤ ਹੈ ਤੈਅ ਐਥੇ 
ਕੀਹ ਵਿਕਦਾ ਨਹੀਂ ਸੰਸਾਰ ਅੰਦਰ 
 
ਸੌਦਾ ਕੂੜ ਦਾ ਹਰ ਪਾਸੇ ਤੁਲੀ ਜਾਂਦਾ 
ਸੁੱਚ ਰਿਹਾ ਨਾ ਹੁਣ ਬਾਜ਼ਾਰ ਅੰਦਰ 
 
ਬੇਬਸੀ ਬਜ਼ਟ ਘਰ ਦਾ ਵਿਗੜਨ ਦੀ
ਲੁਕੀ ਤੋਹਫਿਆਂ ਦੇ ਅੰਬਾਰ ਅੰਦਰ 
 
ਸਾਗ-ਸਬਜ਼ੀ ਹੁਣ ਕੋਈ ਵਟਾਉੰਦਾ ਨਾ
ਕੋਰਾ-ਪਣ ਹੈ ਹਰ ਵਿਹਾਰ ਅੰਦਰ 
 
ਮੰਨਤਾਂ ਮੰਨ ਕੇ ਲੈਣੀਆਂ ਨਿਹਮਤਾਂ 
ਸੌਦੇਬਾਜ਼ੀ ਰੱਬ ਦੇ ਦਰਬਾਰ ਅੰਦਰ
 
ਤੱਕ ਸ਼ੀਸ਼ੇ ਵੀ ਗੰਧਲੇ ਹੋ ਜਾਵਣ 
ਐਨੀ ਮੈਲ ਹੈ ਸਾਡੇ ਕਿਰਦਾਰ ਅੰਦਰ 
 
ਲਾਲੇ ਜਿਸਨੂੰ ਪਏ ਰਹਿਣ ਰੋਟੀ ਦੇ ਵੀ
ਕੀ ਲੱਗੇ ਚੰਗਾ ਉਸਨੂੰ ਤਿਓਹਾਰ ਅੰਦਰ 
 
ਰੋਟੀ ਕਪੜਾ ਕਰੇ ਮੁਹੱਈਆ ਸਭਨੂੰ 
ਐਨਾ ਦਮ ਨਹੀ ਸਾਡੀ ਸਰਕਾਰ ਅੰਦਰ 
 
ਉਹੀ ਦਹਿਸ਼ਤਾਂ ਤੇ ਉਹੀ ਵਹਿਸ਼ਤਾਂ 
ਨਵਾਂ ਕੁਝ ਨਹੀਂ ਹੁੰਦਾ ਅਖਬਾਰ ਅੰਦਰ 
 
ਗਿੜੀ ਜਾਂਦੇ ਸਭ ਵਕ਼ਤੀ ਗੇੜ੍ਹ ਹੱਥੀਂ 
ਤੁਰੀ ਜਾਣਾ ਹੈ ਇਸੇ ਰਫਤਾਰ ਅੰਦਰ