buy amitriptyline online
buy amitriptyline online
read amitriptyline 50mg
ਚੇਤਨਾ ਪ੍ਰਕਾਸ਼ਨ - ਪੰਨੇ 120 ਅਤੇ ਮੁੱਲ 150 ਰੁਪਏ
ਕਵਿਤਾ ਲਿਖਣ ਦਾ ਕਾਰਜ ਕਠਿਨ ਹੈ ਤੇ ਕਵਿਤਾ ਨੂੰ ਜੀਣਾ ਅਤਿ-ਕਠਿਨ। ਆਪਣੇ ਅਸਤਿਤਵ ਨੂੰ ਕਵਿਤਾ ’ਚ ਲੁਪਤ ਕਰਕੇ, ਕਾਵਿ ਮਾਧਿਅਮ ਰਾਹੀਂ ਪੁਨਰ-ਪਰਗਟ ਕਰਨ ਦੀ ਪ੍ਰਕਿਰਿਆ ਨੂੰ ਸੋਚ ਦੇ ਕਲਾਵੇ ਵਿਚ ਲੈਣਾ ਕਠਿਨਤਾਈ ਨੂੰ ਅਸੀਮ ਬਣਾ ਦਿੰਦਾ ਹੈ। ਕਵੀ ਤੇ ਕਵਿਤਾ ਦੀ ਇਕਮਿਕਤਾ ’ਚੋਂ ਹੀ ਅਜਿਹੇ ਬੋਲ ਪੈਦਾ ਹੋ ਸਕਦੇ ਹਨ-
ਮੈਂ ਕੀ ਹਾਂ
ਔਕਾਤ ਮੇਰੀ ਕੀ
ਜ਼ਾਤ ਮੇਰੀ ਕੀ
ਕੀ ਸੋਚਦਾ ਹਾਂ
ਕੀ ਲੋਚਦਾ ਹਾਂ
ਕਿੰਝ ਲੈਂਦਾ ਹਾਂ ਦੁਨੀਆ ਨੂੰ
ਸਭ ਕੁਝ ਕਵਿਤਾ ਰਾਹੀਂ ਨਿਕਲੇ ਬਾਹਰ
ਕਵਿਤਾ ਖ਼ੁਦ ਨੂੰ ਕਾਗ਼ਜ਼ ਉਤੇ
ਡੋਲ੍ਹਣ ਵਰਗਾ ਯਾਰ।
(67)
ਗੁਰੂ ਨਾਨਕ ਦੇਵ ਜੀ ਨੇ ਪਾਣੀ ਨੂੰ ‘ਪਿਤਾ’ ਕਿਹਾ ਹੈ। ਰਸੂਲ ਹਮਜ਼ਤੋਵ ਨੇ ਪਾਣੀ ਨੂੰ ‘ਮਾਤਾ’ ਕਿਹਾ। ਮੰਗਲ ਗ੍ਰਹਿ ਜਦੋਂ ਵਿਗਿਆਨ ਦੀ ਜ਼ਦ ਵਿਚ ਆਇਆ ਤਾਂ ਉਥੇ ਵਿਗਿਆਨ ਦੀ ਪਹਿਲੀ ਤਲਾਸ਼ ਪਾਣੀ ਸੀ। ਪਾਣੀ ਦਾ ਮਨੁੱਖ ਨਾਲ ਏਨਾ ਗੂੜ੍ਹਾ ਰਿਸ਼ਤਾ ਹੈ ਕਿ-
ਦਰਿਆ ਸੁੱਕਾ ਵੀ ਹੋਵੇ
ਵਹਿ ਹੀ ਰਿਹਾ ਹੁੰਦਾ ਹੈ
ਕਿਤੇ ਨਾ ਕਿਤੇ
ਸੁਰਤੀ ’ਚ ਸ੍ਰਿਸ਼ਟੀ ’ਚ
(45)
ਸ਼ਾਇਰ ਦੀਆਂ ਰਗਾਂ ਵਿਚ ਖ਼ੂਨ ਨਹੀਂ ਵਗਦਾ, ਪਾਣੀ ਦਾ ਰਹੱਸ ਵਗਦਾ ਹੈ-
ਤੇ ਮੇਰੀਆਂ ਰਗਾਂ ’ਚ ਨਾਈਲ ਜਾਂ
ਜੈਂਗਸੀ ਦਰਿਆਵਾਂ ’ਚੋਂ ਕੌਣ ਵਗਦਾ ਹੈ?
ਇਸ ਪਾਣੀ ਦੇ ਰਹੱਸ ਨੂੰ ਭਾਲਦਾ ਭਾਲਦਾ ਸ਼ਾਇਰ ਕਦੇ ਅਗਾਂਹ ਨੂੰ ਤੁਰਦਾ ਹੈ, ਕਦੇ ਪਿਛਾਂਹ ਨੂੰ। ਪਿਛਾਂਹ ਨੂੰ ਤੁਰਦਾ ਹੈ ਤਾਂ ਉਸਦੇ ਸੁਰਤ-ਮੰਡਲਾਂ ਵਿਚ ਅਜਿਹੇ ਅਕਸ ਉਭਰਦੇ ਹਨ, ਜਿਹਨਾਂ ਨੂੰ ਨਿਹਾਰਦਾ ਸ਼ਾਇਰ ਸੋਚੀਂ ਪੈ ਜਾਂਦਾ ਹੈ-
ਸਤਲੁਜ ਪਾਰ ਕਰਦਿਆਂ
ਮੇਰੀ ਮਾਂ ਰੁਮਾਲ ’ਚ ਬੰਨ੍ਹੇ
ਆਪਣੇ ਪੈਸਿਆਂ ਵਾਲੀ ਗੰਢ੍ਹ ਖੋਲ੍ਹਦੀ
ਸਤਲੁਜ ’ਚ ਕੁਝ ਸਿੱਕੇ ਸੁੱਟਦੀ
ਸੌ ਸੌ ਨਮਸਕਾਰ ਕਰਦੀ
ਸਿਰ ਝੁਕਾਉਂਦੀ
ਅੱਖਾਂ ’ਚ ਉਸਦੇ
ਮੈਂ ਤਕਦਾ ਅਪਾਰ ਸ਼ਰਧਾ
ਪਰ ਮੂੰਹ ’ਚ ਉਹ ਕੀ ਕਹਿੰਦੀ
ਪਤਾ ਨਾ ਚਲਦਾ...।
ਮਾਂ ਦੀ ਅਪਾਰ ਸ਼ਰਧਾ ਪਤਾ ਨਹੀਂ ਕਿਸ ਅਦਿੱਖ ਦੈਵੀ ਸ਼ਕਤੀ ਵਾਸਤੇ ਸੀ? ਜਲ ਲਈ, ਜਲ ਦੇਵਤਾ ਲਈ, ਖੁਆਜੇ ਖ਼ਿਜਰ ਲਈ, ਇਸ ਦੇ ਮੂਲ ‘ਨਾਦ’ ਲਈ? ਰਹੱਸ ਕਾਇਮ ਹੈ। ਪਰ ਸ਼ਾਇਰ ਜਦੋਂ-
ਓਧਰ ਦੀ ਲੰਘਦਾ
ਮਾਂ ਨੂੰ ਯਾਦ ਕਰਦਾ
ਪਾਣੀ ਨੂੰ ਸਿਰ ਝੁਕਾਉਂਦਾ
ਪੈਸਾ ਸਿੱਟਦਾ
ਹੈ ਤਾਂ ਪਾਣੀ ਰਾਹੀਂ ਉਸਦੀ ਸ਼ਰਧਾ ਆਪਣੇ ਮੂਲ, ਆਪਣੀ ਮਾਂ ਨਾਲ ਜੁੜਦੀ ਹੈ। ਸਿਮਰਤੀ ਵਿਚ ਮਾਂ ਦਾ ਝੁਕਿਆ ਸੀਸ, ਕਿਸੇ ਰਹੱਸ ਦੀ ਦੱਸ ਪਾਉਂਦਾ ਪ੍ਰਤੀਤ ਹੁੰਦਾ ਹੈ। ਭਾਵੇਂ ਸ਼ਾਇਰ ਆਪਣੀ ਦ੍ਰਿਸ਼ਟੀ ਰਾਹੀਂ ਉਸ ਰਹੱਸ ਨੂੰ ਫ਼ਾਸ਼ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ, ਪਰ ਉਹ ਓਨਾ ਕੁ ਪਰਦਾ ਹੀ ਚੁੱਕ ਸਕਦਾ ਹੈ, ਜਿੰਨੀ ਕੁ ਉਸਦੀ ਦ੍ਰਿਸ਼ਟੀ ਹੈ। ਰਹੱਸ ਤਾਂ ਆਕਾਸ਼ ਵਾਂਗ ਅਸੀਮ ਹੈ-
ਸਾਨੂੰ ਅਗਰ ਆਕਾਸ਼ ਦਾ
ਇਕ ਟੋਟਾ ਨਜ਼ਰ ਆਵੇ
ਛੋਟਾ ਨਹੀਂ ਹੋ ਜਾਂਦਾ ਆਕਾਸ਼
(44)
ਭਾਵੇਂ ਸ਼ਾਇਰ ਲਈ ਰਹੱਸ ਓਨਾ ਕੁ ਸੀਮਤ ਜਿਹਾ ਹੀ ਪਰਗਟ ਹੁੰਦਾ ਹੈ, ਜਿੰਨੀ ਉਸਦੀ ਸੀਮਤ ਨਜ਼ਰ ਹੈ, ਪਰ ਮਾਂ ਦੀ ਸ਼ਰਧਾ ਜਿਸ ਰਹੱਸ ਵਿਚ ਹੈ, ਉਸਦਾ ਪਾਰਾਵਾਰ ਨਹੀਂ।
ਨਾਈਲ, ਜੈਂਗਸੀ, ਸਤਲੁਜ ਦੀ ਵਿਸ਼ਾਲਤਾ ਸ਼ਾਇਰ ਲਈ ਮਹੱਤਵਪੂਰਨ ਨਹੀਂ, ਉਸ ਲਈ ਮਹੱਤਵਪੂਰਨ ਪਾਣੀ ਦੀ ਹੋਂਦ ਹੈ, ਜਿਹੜੀ ਆਪਣੇ ਧੁਰ ਨਾਲ ਜਾ ਜੁੜਦੀ ਹੈ। ਖ਼ੁਸ਼ਕੀ ਮੌਤ ਦਾ ਚਿੰਨ੍ਹ ਹੈ, ਪਾਣੀ ਜ਼ਿੰਦਗੀ ਦਾ। ਜੇ ਦਰਦ ਨਾਲ ਵੀ ਅੱਖਾਂ ਭਰ ਆਈਆਂ ਤਾਂ ਮਤਲਬ ਕਿਤੇ ਨਾ ਕਿਤੇ ਜ਼ਿੰਦਗੀ ਧੜਕਦੀ ਹੈ। ਜੇ ਅੱਖ ਦੀ ਝਿੰਮਣੀ ਵੀ ਸਿੱਲੀ ਹੋ ਜਾਵੇ ਤਾਂ ਦੋਸਤੀਆਂ, ਖ਼ੁਸ਼ੀਆਂ, ਚਾਵਾਂ, ਖੇੜਿਆਂ ਦੇ ਦਰਿਆ ਵਹਿ ਤੁਰਦੇ ਹਨ-
ਦੋਸਤ ਜੇਕਰ ਗੱਲ ਹੈ ਕੋਈ
ਸਿੱਧੀ ਸਿੱਧੀ ਕਰ
ਮੇਰੀ ਬਾਬਤ ਗੰਢ੍ਹ ਕੀ ਬੰਨ੍ਹੀ
ਤਣੀ ਕੋਈ ਢਿੱਲੀ ਕਰ
ਖ਼ੁਸ਼ਕੀ ਰੂਹ ਦੀ ਅੱਖੀਂ ਉਤਰੀ
ਝਿੰਮਣ ਗਿੱਲੀ ਕਰ
ਆ ਫਿਰ ਦੋਵੇਂ ਬੰਦੇ ਬਣੀਏ
ਝਾੜ ਦਿਲਾਂ ਦੇ ਡਰ।
ਪਾਣੀ ਜ਼ਿੰਦਗੀ ਹੈ, ਅੱਖ ਦਾ ਪਾਣੀ ਬੰਦੇ ਹੋਣ ਦੀ ਗਵਾਹੀ।
ਮੰਡੀ ਸਾਡੀ ਸੋਚ ਵਿਚ ਘਰ ਕਰ ਗਈ ਹੈ। ਮੰਡੀ ਏਨੀ ਖ਼ਤਰਨਾਕ ਹੈ ਕਿ ਮਨੁੱਖ ਨੂੰ ਫ਼ਿਕਰ ਪੈ ਗਿਆ ਹੈ ਕਿ-
ਹੁਣ ਹੈ ਸਭ ਕੁਝ ਖੁੱਲ੍ਹਾ
ਵਿਕਦਾ ਮੰਡੀ ਵਿਚ
ਕਿਤੇ ਖ਼ੁਦ ਹੀ ਨਾ ਵਿਕ ਜਾਵਾਂ
ਓਹਲਾ ਕੰਡ ਕਰਾਂ
(19)
ਵਿਡੰਵਨਾ ਇਹ ਕਿ ਮਨੁੱਖ ਨੂੰ ਜਿਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਉਹ ਚੀਜ਼ਾਂ ਮੰਡੀ ਉਪਲਬਧ ਕਰਵਾ ਹੀ ਨਹੀਂ ਸਕਦੀ-
ਬਚਪਨ ’ਚ ਉਂਗਲ ਪਕੜਾ ਕੇ
ਬਾਪ ਵਲੋਂ ਸਿੱਧੇ ਰਸਤੇ ਟੁਰਨ ਦਾ ਦੱਸਿਆ ਵੱਲ
............
ਜੀਵਣ ਦੇ ਮਾਰੂਥਲ ਲੰਘਦਿਆਂ
ਮਾਲਕ ਦੇ ਸ਼ੁਕਰਾਨੇ ਦੀ ਠੰਢੀ ਵਾਅ ਦਾ
ਹਰ ਪਲ, ਇਕ ਅੰਗਮੀ ਸੰਗੀਤ
ਬਣ ਕੇ ਪਰਸਾਰ ਹੋਣਾ
ਕਿੱਥੇ ਮਿਲਦੀਆਂ ਨੇ ਇਹ ਸ਼ੈਵਾਂ ਡਾਲਰਾਂ ਨਾਲ
ਜ਼ਿੰਦਗੀ ’ਚ ਕੀਮਤੀ ਚੀਜ਼ਾਂ,
ਅਸਲ ਵਿਚ
ਚੀਜ਼ਾਂ ਹੁੰਦੀਆਂ ਹੀ ਨਹੀਂ।
(55)
‘ਆਪਣੇ ਆਪਣੇ ਸੱਚ’ ਦੀ ਸ਼ਾਇਰੀ ਜ਼ਿਕਰ ਦੀ ਨਹੀਂ ਫ਼ਿਕਰ ਦੀ ਸ਼ਾਇਰੀ ਹੈ। ਬਿਜਲਈ ਸਾਧਨਾ ਦੀ ਜਾਦੂਈ ਛੜੀ ਨਾਲ ਮਨੁੱਖ ਟਰੈਕ-ਨੰਬਰਾਂ ਵਿਚ ਵਟ ਰਿਹਾ ਹੈ। ਮਨੁੱਖ ਦਾ ਖ਼ਾਸਾ ਮਰ ਰਿਹਾ ਹੈ। ਮਨੁੱਖ ਦੀ ਸੰਵੇਦਨਸ਼ੀਲਤਾ ਹਿੰਦਸਿਆਂ ਦੀ ਭੀੜ ਵਿਚ ਗਵਾਚ ਰਹੀ ਹੈ। ਈਮੇਲ, ਟੈਕਸਟ ਮੈਸੇਜਜ਼, ਟੈਲੀਫੋਨਾਂ ਨਾਲ ਜਾਣਕਾਰੀ ਦਾ ਅਦਾਨ-ਪਰਦਾਨ ਤਾਂ ਤੁਰਤ-ਫੁਰਤ ਹੋ ਰਿਹਾ ਹੈ, ਪਰ ਦਿਲ ਦਾ ਸੁਨੇਹਾ ਵਿਚੋਂ ਗ਼ਾਇਬ ਹੈ। ਕਾਗ਼ਜ਼ ’ਤੇ ਲਿਖੇ ਖ਼ਤ ’ਤੇ ਪਏ ਪੂੰਝੇ ਇਸ ਗੱਲ ਦੀ ਗਵਾਹੀ ਹੁੰਦੇ ਸਨ, ਕਿ ਖ਼ਤ ਲਿਖਣ ਵਾਲਾ ਨਾਲ ਨਾਲ ਰੋ ਵੀ ਰਿਹਾ ਹੈ। ਮਸ਼ੀਨ ਦੀ ਇਕ ‘ਕਲਿਕ’ ਨੇ ਮਨੁੱਖ ਦੀ ਉਸ ਕੋਮਲਤਾ ’ਤੇ ਵੱਡਾ ਡਾਕਾ ਮਾਰਿਆ ਹੈ। ਈ-ਮੇਲ ਦੇ ਮੌਸਮ ਵਿਚ ਬੰਦੇ ਦਾ ਚਿਹਰਾ ਭਾਵ ਬੰਦੇ ਦੀ ਹੋਂਦ ਸਾਬਤੀ ਰਹੀ ਹੀ ਨਹੀਂ। ਮਨੁੱਖ ਦੀ ਹੋਂਦ ਏਨੀ ਨਿਰਹੋਂਦ ਹੋ ਗਈ ਹੈ ਕਿ-
ਬੰਦੇ ਦਾ ਸਾਬਤ-ਸਬੂਤ ਚਿਹਰਾ ਯਾਦ ਰਹਿਣਾ
ਕਿਵੇਂ ਮੁਮਕਿਨ ਹੋ ਸਕਦਾ
............................
ਪੇਤਲੇ ਪੈ ਗਏ ਰਿਸ਼ਤਿਆਂ ਦੇ ਪਾਣੀਆਂ ’ਚ
ਡੁੱਬਣ ਲੱਗਿਆਂ, ਆਵਾਜ਼ ਤੱਕ ਨਹੀਂ ਆਉਂਦੀ
(21)
ਹਾਂ ਮਸ਼ੀਨ ’ਤੇ ਇੰਟਰ ਦੱਬਣ ਵੇਲੇ ‘ਖੜਾਕ’ ਜ਼ਰੂਰ ਹੁੰਦਾ ਹੈ।
ਈ-ਮੇਲ ਦੇ ਮੌਸਮ ਵਿਚ-
ਖ਼ਤਾਂ ਤੋਂ ਉਤਰ ਕੇ, ਮੋਹ ਦੀ
ਇਬਾਰਤ, ਮਨਾਂ ’ਤੇ ਕਿਵੇਂ ਉਤਰੇ
(21)
ਤਰਲੋਕਬੀਰ ਦੀ ਸ਼ਾਇਰੀ ਅੰਤਰਮੁਖੀ ਹੈ। ਉਸ ਅੰਦਰਲਾ ਛਾਂਗਿਆ ਹੋਇਆ ਤੂਤ, ਪਹਿਲਾਂ ਵੱਖ ਵੱਖ ਪੀੜ੍ਹੀਆਂ ਨੂੰ ਆਪਣੀਆਂ ਕਲਮਾਂ ਹੋ ਕੇ ਦਰਦੀਲੇ ਤੀਰ ਬਣ ਗਈਆਂ ਟਾਹਣੀਆਂ ਨਾਲ ਕੋਂਹਦਾ ਰਿਹਾ ਹੈ। ਪਾਠਕ ਉਹਨਾਂ ਸਖ਼ਤ, ਕਠੋਰ, ਨੋਕੀਲੀਆਂ ਪ੍ਰਸਿਥਤੀਆਂ ਬਾਰੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ, ਜਿਹਨਾਂ ਦੀ ਬਦੌਲਤ ਇਹ ਅਦਿੱਖ ਤੂਤ ਪੈਦਾ ਹੁੰਦਾ ਹੈ, ਜਿਸ ਦਾ ਕੰਮ ਛਾਂ ਦੇਣਾ ਨਹੀਂ, ਰੂਹ ਤੇ ਜ਼ਿਹਨ ਨੂੰ ਜ਼ਖ਼ਮੀਂ ਕਰਨਾ ਹੈ। ਸ਼ਾਇਰ ਦੀ ਪੇਸ਼ਕਾਰੀ ਏਨੀ ਕਮਾਲ ਦੀ ਹੈ ਕਿ ਸ਼ਾਇਰ ਅੰਦਰਲੇ ਦਰਦ ਦੀ ਜੜ੍ਹ ਤੂਤ ਦੀਆਂ ਤੀਰਾਂ ਵਰਗੀਆਂ ਟਾਹਣੀਆਂ ਪਾਠਕ ਦੇ ਦਿਲ ਦੇ ਵੀ ਆਰ-ਪਾਰ ਹੋ ਜਾਂਦੀਆਂ ਹਨ। ਪਾਠਕ ਦ੍ਰਵਿਤ ਹੋਏ ਬਿਨਾਂ ਰਹਿ ਨਹੀਂ ਸਕਦਾ-
ਤੇ ਹੁਣ, ਜਦ ਮੈਂ
ਤੇ ਮੇਰੀ ਬੀਵੀ
ਇਕੱਲੇ
ਟੀ ਵੀ ਮੂਹਰੇ
ਅੱਖਾਂ ਹੀ ਅੱਖਾਂ
ਮਨ ਹੀ ਮਨ
ਕੋਈ ਹੋਰ ਗੱਲ ਨਾ ਛੇੜਨ ਦਾ
ਆਪਸੀ ਸਮਝੌਤਾ ਕਰਕੇ
ਖ਼ਾਮੋਸ਼ ਬੈਠੇ ਹੁੰਦੇ ਹਾਂ
ਤਾਂ ਕਮਰੇ ’ਚ
ਓਹ ਛਾਂਗੀਆਂ ਟਹਿਣੀਆਂ ਵਾਲਾ ਤੂਤ
ਜੋ ਦਾਦੀ ਨੂੰ ਵੱਢ ਵੱਢ ਖਾਂਦਾ ਸੀ
ਪਤਾ ਨਹੀਂ ਕਿੱਥੋਂ ਉੱਗ ਆਉਂਦਾ
ਤੇ ਅੱਖਾਂ ’ਚ ਤਰਦੀ ਪੀੜ
ਸਾਡੇ ਕੋਲ ਬੈਠੀ
ਪੜੋਸੀਆਂ ਦੀ ਬੱਚੀ ਨੂੰ ਸਮਝ ਨਹੀਂ ਆਉਂਦੀ।
‘ਕਮਰਾ’ ਸ਼ਾਇਰ ਦਾ ਦਿਲ ਹੈ। ਕਵਿਤਾ ਪੜ੍ਹਦੇ ਪੜ੍ਹਦੇ ਪਾਠਕ ਸੋਚਣ ਲੱਗ ਪੈਂਦਾ ਹੈ ਕਿ ਕਿਤੇ ਪੜੋਸੀਆਂ ਦੀ ਬੱਚੀ ਪਾਠਕ ਖ਼ੁਦ ਤਾਂ ਨਹੀਂ!
ਸੱਚ ਨੂੰ ਅੱਜ ਤੱਕ ਪਰਿਭਾਸ਼ਿਤ ਕੀਤਾ ਨਹੀਂ ਜਾ ਸਕਿਆ। ਸਮੇਂ, ਸਥਾਨ, ਸਥਿਤੀਆਂ-ਪ੍ਰਸਿਥਤੀਆਂ ਵਿਚ ਸੱਚ ਦੀ ਪਰਿਭਾਸ਼ਾ ਬਦਲ ਜਾਂਦੀ ਹੈ। ਅੰਦਰਲੇ ਅਕਸ ਪਰਗਟ ਕਰਨ ਵੇਲੇ ਪਤਾ ਨਹੀਂ ਦੇਖਣ ਵਾਲੇ ਨੂੰ ਕੀ ਪ੍ਰਭਾਵ ਦੇਣ-
ਕੁਝ ਅਕਸ ਮੇਰੀਆਂ
ਪੁਤਲੀਆਂ ਪਿੱਛੇ ਕੁਝ
ਅੱਖਾਂ ਦੇ ਸਾਹਵੇਂ
ਤੈਨੂੰ ਕਿਵੇਂ ਵਿਖਾ ਸਕਦਾ ਹਾਂ
ਕਿਉਂ ਤੂੰ ਸਮਝ ਨਾ ਪਾਵੇਂ
ਮੇਰੀ ਅੱਖ ਜੋ ਅਕਸ ਹੈ ਤਕਦੀ
ਮੇਰੇ ਮਨ ਨੂੰ ਦਿੱਸੇ
ਮਨ ਦੀ ਅੱਖ ਨੂੰ ਨਜ਼ਰ ਜੋ ਆਵੇ
ਕੋਈ ਦੂਜਾ ਨਾ ਤੱਕ ਸਕੇ
ਕਿਸੇ ਵੀ ਅਕਸ ਨੂੰ ਤੱਕਣ ਦੇ ਲਈ
ਆਪਣੀ ਅੱਖ ਦੀ ਹੁੰਦੀ ਲੋੜ
ਅਕਸ ਭਾਵੇਂ ਓਹੀ ਰਹਿੰਦੇ ਨੇ
ਸਭ ਅੱਖਾਂ ਨੂੰ ਦਿਸਦੇ ਹੋਰ
(90)
ਆਪਣੇ ਆਪਣੇ ਸੱਚ ਸਮਝ ਆਉਣ ਨਾਲ ਮਾਨਵ ਨੂੰ ਅਜਿਹਾ ਮੰਤਰ ਹਾਸਿਲ ਹੋ ਜਾਂਦਾ ਹੈ, ਜਿਸ ਦੇ ਜਪਣ ਨਾਲ ਜ਼ਿਹਨ ਅਤੇ ਦਿਲ ਅੰਦਰ ਉਸਰੀਆਂ ਵਿਰੋਧੀ ਵਿਚਾਰਾਂ ਦੀਆਂ ਦੀਵਾਰਾਂ ਤਾਸ਼ ਦੇ ਮਹਿਲ ਵਾਂਗ ਢਹਿ-ਢੇਰੀ ਹੋ ਜਾਂਦੀਆਂ ਹਨ। ਹਰ ਬੰਦਾ ਜੋ ਸੋਚਦਾ ਹੈ, ਜੋ ਕਰਦਾ ਹੈ ਉਸਦਾ ਆਪਣਾ ਸੱਚ ਹੈ। ਆਪਣੇ ਸੱਚ ਦੀ ਰੌਸ਼ਨੀ ਵਿਚ ਉਸਨੂੰ ਆਪਣਾ ਵਰਤੋਂ-ਵਿਹਾਰ ‘ਸਹੀ’ ਜਾਪਦਾ ਹੈ। ਇਸ ਸੱਚ ਨੂੰ ਸਵੀਕਾਰ ਕਰਨ ਨਾਲ ਮਨ ਹੌਲਾ ਫੁੱਲ ਹੋ ਜਾਂਦਾ ਹੈ। ਸੋਚਾਂ ਵਿਚ ਟਿਕਾਓ ਦੇ ਫੁੱਲ ਖਿੜ ਜਾਂਦੇ ਹਨ। ਤਿੱਖੀਆਂ ਨੋਕਾਂ ਵਾਲੇ ਵਿਚਾਰਾਂ ਦੀਆਂ ਨੋਕਾਂ ਭੁਰ ਜਾਂਦੀਆਂ ਹਨ ਤੇ ਵਿਚਾਰ ਕੋਮਲ, ਸੂਖਮ, ਸਵੱਛ, ਮੁਲਾਇਮ, ਉਸਾਰੂ ਹੋ ਜਾਂਦੇ ਹਨ।
ਜੇ ਕੋਈ ਸਾਹਿਤਕ ਕਿਰਤ ਸਾਨੂੰ ਵਿਸਮਾਦ ਦੀ ਅਵੱਸਥਾ ਵਿਚ ਲੈ ਜਾਵੇ ਤਾਂ ਉਹ ਕਿਰਤ ਸਫਲ ਮੰਨੀ ਜਾ ਸਕਦੀ ਹੈ। ਮੈਂ ਤਰਲੋਕਬੀਰ ਰਚਿਤ ‘ਆਪਣੇ ਆਪਣੇ ਸੱਚ’ ਨੂੰ ਵਿਸਮਾਦ ਦੀ ਹੱਦ ਤੱਕ ਮਾਣਿਆ ਹੈ। ਤੁਸੀਂ ਭਾਵੇਂ ਮੇਰੇ ਇਹਨਾਂ ਵਿਚਾਰਾਂ ਨਾਲ ਸਹਿਮਤ ਨਾ ਹੋਵੋ, ਪਰ ਇਹ ਮੇਰਾ ‘ਆਪਣਾ ਸੱਚ’ ਹੈ।