ਮਨਜੀਤ ਕੋਰ ਸੇਖੋਂ ਦੀ ਕਹਾਣੀ ਕਲਾ
(ਆਲੋਚਨਾਤਮਕ ਲੇਖ )
ਮਨਜੀਤ ਕੋਰ ਸੇਖੋਂ ਇਕ ਪ੍ਰੋੜ੍ਹ ਲੇਖਕਾ ਹੈ ।ਸਾਹਿਤ ਦੇ ਹਰ ਪਖ ਤੇ ਉਸ ਦੀ ਪੀਡੀ ਪਕੜ ਹੈ । ਉਸਦੇ ਗੀਤਾਂ ਵਿਚ ਉਡੀਕ, ਵਸਲ, ਬਿਰਹਾ ਅਤੇ ਵੀਰ ਰਸ ਸਾਰੇ ਦੇ ਸਾਰੇ ਰੰਗ ਹਨ । ਉਹ ਗੀਤ ਲਿਖਦੀ ਹੀ ਨਹੀਂ ਜਦ ਸੁਰ ਤਾਲ ਵਿਚ ਪੇਸ਼ ਕਰਦੀ ਹੈ ਤਾਂ ਇਕ ਹੰਢੀ ਹੋਈ ਗਾਇਕਾ ਦਾ ਭੁਲੇਖਾ ਲਗਣ ਲਗ ਜਾਂਦਾ ਹੈ ।
ਕਵਿਤਾ ਦੇ ਖੇਤਰ ਵਿਚ ਇਕ ਪਖੋਂੇ ਉਹ ਪਰੰਪਰਾ ਵਾਦੀ ਲਗਦੀ ਹੈ ਪਰ ਦੂਜੇ ਹੀ ਪਲ ਉਹ ਸਮਾਜ ਵਿਚ ਆਈ ਖੜੋਤ ਕਾਰਨ ਛਾਏ ਪਰਦੂਸ਼ਨ ਵਲ ਬੜੀ ਹੀ ਤਿਖੀ ਉਂਗਲ ਕਰਦੀ ਹੈ । ਕਿਵੇਂ ਮਾਂ ਬਾਪ ਪਰਿਵਾਰ ਨੂੰ ਅਮਰੀਕਾ ਕੈਨੇਡਾ ਭੇਜਣ ਦੀ ਲਾਲਸਾ ਬਸ ਆਪਣੀਆਂ ਮਾਸੂਮ ਬਾਲੜੀਆਂ ਦਾ ਪਰਦੇਸੋਂ ਆਏ ਲਾੜਿਆਂ ਨਾਲ ਟੰਗ ਨਰੜ ਕਰ ਦਿੰਦੇ ਹਨ ਇਕ ਐਸੀ ਹੈ ਅਸਫਲ ਗਾਥਾ ਨੂੰ ਬਿਆਨਦੀ ਉਸ ਦੀ ਇਕ ਕਵਿਤਾ ਮਾਂ ਬਾਪ ਨੂੰ ਚਿਤਾਵਨੀ ਦਿੰਦੀ ਹੈ । ਜਦ ਉਹ ਇਸ ਕਵਿਤਾ ਦਾ ਪਾਠ ਕਰਦੀ ਹੈ ਤਾਂ ਚੇਹਰੇ ਦੇ ਹਾਵ ਭਾਵ ਅਤੇ ਆਵਾਜ਼ ਦੀ ਪੁਖਤਗੀ ਤੋਂ ਉਹ ਇਕ ਕਲਿਆਣ ਕਾਰੀ ਦੇਵੀ ਲਗਦੀ ਹੈ ।ਪਰੇਮੀ ਅਤੇ ਪਤੀ ਨਾ ਦੀ ਕਵਿਤਾ ਵਿਚ ਜਦ ਉਹ ਵਿਆਹ ਤੋਂ ਪਹਿਲਾਂ ਲਛਮਣ ਰੇਖਾ ਪਾਰ ਕਰਨ ਵਾਲਿਆਂ ਤੇ ਤਰਕ ਕਰਦੀ ਆਖਦੀ ਹੈ ਪਿਆਰ ਤਾਂ ਵਿਆਹ ਤੋਂ ਪਹਿਲਾਂ ਹੀ ਖਰਚ ਲਿਆ ਹੁਣ ਕੀ ਨਵੇਸ਼ ਕਰਨ ਤਾਂ ਉਹ ਪਰੰਪਰਾ ਵਾਦੀ ਲਗਦੀ ਹੈ ਪਰ ਦੂਜੇ ਪਲ ਹੀ ਉਹ ਦਲੀਲ ਦਿੰਦੀ ਹੈ ਕਿ ਪਤੀ ਅਗਰ ਪਰਮੇਸਰ ਦੀ ਗਦੀ ਤੋਂ ਉਠ ਕੇ ਇਕ ਚੰਗਾ ਦੋਸਤ ਬਣ ਕੇ ਜਿੰਦਗੀ ਦੇ ਸਫਰ ਵਿਚ ਵਿਚਰੇ ਤਾਂ ਜੀਵਨ ਕਿਨਾ ਅਨੰਦ ਮਈ ਹੋਵੇ ।ਉਸ ਦਾ ਵਿਚਾਰ ਹੈ ਕਿ ਰਿਸ਼ਤਿਆਂ ਦੀਆਂ ਤਣਾਵਾਂ ਵਿਚ ਲਚਕ ਪੈਦਾ ਕਰਨ ਨਾਲ ਹੀ ਜੀਵਨ ਦਾ ਅਨੰਦ ਮਾਣਿਆ ਜਾ ਸਕਦਾ ਹੈ ।
ਮਨਜੀਤ ਪੰਜਾਬੀ ਜਗਤ ਨੂੰ ਤਿਨ ਕਹਾਣੀ ਸੰਗਰਿਹ ਅਤੇ ਇਕ ਨਾਵਲਟ ਭੇਟ ਕਰ ਚੁਕੀ ਹੈ । ਚਾਰੇ ਪੁਸਤਕਾਂ (ਰਿਸ਼ਤਿਆਂ ਦੇ ਜ਼ਖਮ,ਰਿਸ਼ਤਿਆਂ ਦੇ ਮੁਕਾਮ ਦੋ ਨਾਵਲਟ ਘਰ ਪਰਤਦੇ ਰਿਸ਼ਤੇ )ਦਾ ਮੈਹਵਰ ( ਧੁਰਾ ) ਰਿਸ਼ਤੇ ਹਨ ।
ਕੁਦਰਤ ਨੇ ਸ੍ਰਿਫ ਨਰ ਮਾਦਾ ਦਾ ਰਿਸ਼ਤਾ ਪੇਦਾ ਕੀਤਾ ਸੀ ।ਸਮਾਜ ਨੇ ਕੁਝ ਹੋਰ ਰਿਸ਼ਤੇ ਸਥਾਪਤ ਕੀਤੇ । ਗਭਰੂ ਗੋਰੀ ਦਾ ਰਿਸ਼ਤਾ,ਮਾਂ ਬਾਪ ਅਤੇ ਬਚਿਆਂ ਦਾ ਰਿਸ਼ਤਾ , ਭੇਣਾ ਭਰਾਵਾਂ ਦਾ ਰਿਸ਼ਤਾ, ਨਾਨਕੇ ਦਾਦਕਿਆਂ ਦੇ ਰਿਸ਼ਤੇ ਅਤੇ ਹਰ ਰਿਸ਼ਤੇ ਲਈ ਸਮਾਜ ਨੇ ਕੁਝ ਛੂਟਾਂ ਤੇ ਕੁਝ ਬੰਧਨ ਉਲੀਕੇ ।ਰਿਸ਼ਤੇ ਹੀ ਤਾਂ ਸਮਾਜ ਦੀ ਰੀੜ ਦੀ ਹਡੀ ਹਨ , ਜੇ ਤੰਦਰੁਸਤ ਹੋਣ ਤਾਂ ਸਮਾਜ ਉਨੱਤੀ ਦੀਆਂ ਪੁਲਾਂਗਾਂ ਪਟਦਾ ਹੈ ਜੇ ਰਿਸ਼ਤਿਆਂ ਵਿਚ ਕੜਵਾਹਟ ਆ ਜਾਵੇ ਤਾਂ ਸਮਾਜ ਜ਼ਖਮੀ ਹੋ ਜਾਂਦਾ ਹੈ ਰਿਸ਼ਤੇ ਤਿੜਕਣ ਲਗ ਜਾਂਦੇ ਹਨ ਜਿਸ ਕਾਰਨ ਅੰਧੇਰ ਨਗਰੀ ਚਰਪਟ ਰਾਜਾ ਵਰਗੀ ਸਿਥਤੀ ਪੇਦਾ ਹੋ ਜਾਂਦੀ ਹੈ । ਸਮਾਜਕ ਢਾਂਚਾ ਹਿਲ ਜਾਂਦਾ ਹੈ ਉਸ ਹਿਲ ਜੁਲ ਨੂੰ ਮਨਜੀਤ ਨੇ ਆਪਣੀਆਂ ਕਹਾਣੀਆਂ ਵਿਚ ਦਰਸਾਉਣ ਦਾ ਉਪਰਾਲਾ ਕੀਤਾ ਹੈ ।ਬਦਲਦਾ ਸਮਾਂ ਰਿਸ਼ਤਿਆਂ ਵਿਚ ਵੀ ਕੁਝ ਲਚਕ ਮੰਗਦਾ ਹੈ ।
ਮਨਜੀਤ ਆਪਣੀ ਕਹਾਣੀ ਮੁਹ ਤੇ ਮੋਰਚੇ ਵਿਚ ਪੇ ਧੀ ਦਾ ਰਿਸ਼ਤਾ ਕਠੋਰਤਾ ਦੀ ਬਲੀ ਚੜ੍ਹਦਾ ਦਿਖਾਲਦੀ ਹੈ ।ਕੁਦਰਤ ਨੇ ਇਸ ਸੰਸਾਰ ਨੂੰ ਪਰਫੁਲਤ ਰਖਣ ਲਈ ਨਰ ਤੇ ਮਾਦਾ ਦੇ ਮਨਾਂ ਅੰਦਰ ਕੁਝ ਖਾਹਸ਼ਾਂ ਉਤਪਨ ਕੀਤੀਆਂ ।ਹਰ ਇਸਤ੍ਰੀ ਦੀ ਇਛਾ ਹੈ ਕਿ ਉਸ ਨੂੰ ਉਸ ਦਾ ਮਨ ਪਸੰਦ ਵਰ ਮਿਲੇ ਜੋ ਤੰਦਰੁਸਤ ਹੋਵੇ ਸੁਨਖਾ ਹੋਵੇ ਕਮਾਊ ਹੋਵੇ ਸਿਲ੍ਹਾਬ ਕਹਾਣੀ ਦੀ ਪਾਤਰ ਰੂਬੀ ਅਤੇ ਜਗਦੇ ਬੁਝਦੇ ਰਿਸ਼ਤੇ ਦੀ ਪਾਤਰ ਸ਼ੀਤਲ ਆਪਣੇ ਮਨ ਇਛਕ ਵਰ ਪਾ ਕੇ ਖੁਸ਼ ਲਗਦੀਆਂ ਹਨ ਅਤੇ ਉਹਨਾਂ ਦੇ ਜੀਵਨ ਸਾਥੀ ਬਲਰਾਜ ਤੇ ਪਾਲ ਕੁਦਰਤ ਦੇ ਮਨੁਖਾਂ ਪ੍ਰਤੀ ਉਲੀਕੇ ਅਸੂਲ ਦੀ ਪਾਲਣਾ ਕਰਦੇ ਹੋਏ ਭੋਰ ਪਤੀ ਬਣ ਕੇ ਹੋਰ ਫੁਲਾਂ ਤੇ ਮੰਡਲਾ ਰਹੇ ਹਨ ।ਦੋਵਾਂ ਕਹਾਣੀਆਂ ਵਿਚ ਰੂਬੀ ਅਤੇ ਸ਼ੀਤਲ ਢਕੀ ਰਿਝੇ ਦੀ ਵਿਧੀ ਅਪਨਾਊਂਦੀਆਂ ਹਨ ।ਇਸ ਤੋਂ ਅਗੇ ਸ਼ੀਤਲ ਨੂੰ ਸਾਜਸੀ ਬਦਾਵਾ ਦੇ ਕੇ ਕਿਵੇਂ ਪਾਲ ਅਤੇ ਉਸਦਾ ਪ੍ਰਿਵਾਰ ਘਰ ਦੀ ਇਜ਼ਤ ਸ਼ੀਤਲ ਨੂੰ ਪਾਲ ਦੇ ਚਾਚੇ ਦੇ ਪੁਤ੍ਰ ਨਾਲ ਮੁੜ ਫਰਜ਼ੀ ਵਿਆਹ ਰਚਾ ਕੇ ਅਮਰੀਕਾ ਲੰਘਾਉਂਣ ਲਈ ਜਗਾੜ ਲਾ ਰਿਹਾ ਹੈ । ਇਰਦ ਗਿਰਦ ਧਿਆਨ ਮਾਰੀਏ ਤਾਂ ਕਦਰਾਂ ਕੀਮਤਾਂ ਦਾ ਦਵਾਲਾ ਕਢਦੇ ਹੋਏ ਅਨੇਕਾਂ ਇਹੋ ਜਹੇ ਕੇਸ ਮਿਲ ਜਾਣਗੇ ।ਮਨਜੀਤ ਨੇ ਇਹਨਾਂ ਕਹਾਣੀਆ ਦੇ ਪਾਤਰਾਂ ਰਾਹੀਂ ਇਹ ਦਰਸਾਉਂਣ ਦਾ ਯਤਨ ਕੀਤਾ ਹੈ ਕਿ ਵਿਆਹ ਸਮੇਂ ਜੀਵਨ ਭਰ ਦਾ ਸਾਥ ਨਿਭਾਉਣ ਦੀਆਂ ਕਸਮਾਂ ਦਾ ਕਿਵੇਂ ਮਜ਼ਾਕ ਉਡਾਇਆ ਜਾ ਰਿਹਾ ਹੈ ।ਇਸ ਤੇਜ਼ਰਫਤਾਰ ਜੀਵਨ ਵਿਚ ਪੈਸਾ ਪਰਧਾਨ ਹੋ ਗਿਆ ਹੈ ਪੈਸਾ ਕਮਾਉਣ ਲਈ ਮੀਆਂ ਬੀਵੀ ਦੋਵੈਂ ਹੀ ਇਲਣ ਹੋਏ ਫਿਰਦੇ ਹਨ ।ਬਚਿਆਂ ਦੀ ਪਰਵਰਿਸ਼ ਵਿਚ ਅਨਗੈਹਲੀ ਕਾਰਨ ਬਚੇ ਚ੍ਰਿਤਰ ਹੀਣ ਹੁੰਦੇ ਜਾ ਰਹੇ ਹਨ ਹੂ ਬਹੂ ਜੰਗਲ ਦਾ ਰਾਜ ਮੁੜ ਸਥਾਪਤ ਹੋ ਰਿਹਾ ਹੈ ।
ਮਨਜੀਤ ਸੇਖੌਂ ਦੀਆਂ ਪਦਾਰਥ ਦੀ ਬਹੁਲਤਾ ਅਤੇ ਵਿਅਕਤੀ ਗਤ ਆਜ਼ਾਦੀ ਦੇ ਮਹਿਵਰ ਦੁਆਲੇ ਘੁੰਮਦੀਆਂ ਕਹਾਣੀਆ ਇਕ ਜ਼ਖਮ ਦਾ ਫੁਟ ਨੋਟ ,ਭਰਮ ਜਾਲ,ਬਿਗਾਨੀ ਪਿਆਸ ਰਿਸ਼ਤਿਆਂ ਦੀ ਭਨ ਤੋੜ ਦੀ ਹੀ ਗਲ ਨਹੀਂ ਕਰਦੀਆਂ ਬਲਕਿ ਮਗਰਬੀ ਜੀਵਨ ਦੀ ਚਕਾ ਚੌਧ ਅੰਦਰ ਲੁਕੇ ਬਲੈਕ ਹੋਲ ਦੇ ਦਰਸ਼ਣ ਵੀ ਕਰਵਾਊਦੀਆਂ ਹਨ ਜੋ ਸਦੀਆਂ ਪੁਰਾਣੇ ਸੰਸਕਾਰ ਨਿਗਲ ਕੇ ਇਕ ਭ੍ਰਿਸ਼ਟ, ਸੁਆਰਥੀ ਮਨੁਖ ਦੀ ਸਿਰਜਣਾ ਕਰ ਰਿਹਾ ਹੈ ਜਿਸ ਦੀ ਬਾਹਰਲੀ ਚਕਾਚੌਂਧ ਇਕ ਹੀਰੇ ਦੀ ਤਰਾਂ ਆਕਰਸ਼ਕ ਹੈ ਪਰ ਅੰਦਰਲੀ ਕਠੋਰਤਾ ਸਭ ਰਿਸ਼ਿਤਿਆਂ ਦੀ ਭਨ ਤੋੜ ਕਰਕੇ ਇਨਸਾਨੀਅਤ ਨੂੰ ਨੇਸਤੋ ਨਾਬੂਦ ਕਰ ਰਹੀ ਹੈ । ਅਜ ਦੇ ਸਮਾਜ ਦੀਆਂ ਕਦਰਾਂ ਕੀਮਤਾਂ ਸਿਰਫ ਡਾਲਰ ਅਤੇ ਪੋਂਡ ਰਹਿ ਗਈਆਂ ਹਨ ।
ਮਨਜੀਤ ਆਪਣੀਆਂ ਕਹਾਣੀਆਂ ਵਿਚ ਕਿਸੇ ਇਕ ਪਖ ਦੀ ਵਕਾਲਤ ਨਹੀਂ ਕਰਦੀ ਬਲਕਿ ਨਿਰਪਖ ਰਹਿ ਕੇ ਆਪਣੀ ਕਲਾ ਦਵਾਰਾ ਆਪਣੀ ਦ੍ਰਿਸਟੀ ਦਾ ਪਰਗਟਾਵਾ ਕਰਦੀ ਹੈ । ਇਕ ਜ਼ਖਮ ਦਾ ਫੁਟ ਨੋਟ ਕਹਾਣੀ ਵਿਚ ਬੇਟਾ ਆਪਣੀ ਮਾਂ ਨਾਲ ਖਰੀਆਂ ਖਰੀਆਂ ਗਲਾਂ ਕਰਦਾ ਹੈ ਆਪਣੇ ਪਰਿਵਾਰਕ ਵਿਰਸੇ ਦੀ ਗਲ ਕਰਦਾ ਹੈ ਇਹ ਮਨਜੀਤ ਦੀ ਕਲਮ ਦੀ ਨਿਰਪਖਤਾ ਦਾ ਪਰਮਾਣ ਹੈ । ਭਰਮਜਾਲ ਕਹਾਣੀ ਵਿਚ ਮਨਜੀਤ ਗੋਂ ਰਾਜਾ ਸੰਸਾਰ ਦੀ ਗਲ ਬੜੀ ਹੀ ਸੁਚਜਤਾ ਨਾਲ ਕਰਦੀ ਹੈ । ਮਨਜੀਤ ਨੇ ਆਪਣੀਆਂ ਕਹਾਣੀਆਂ ਵਿਚ ਬੜੀ ਸਫਲਤਾ ਨਾਲ ਜੀਵਨ ਦੇ ਹਰ ਪਖ ਨੂੰ ਛੋਹਣ ਦਾ ਯਤਨ ਕੀਤਾ ਹੈ ।ਮਨਜੀਤ ਨਾਰੀ ਚੇਤਨਾਂ ਦੀ ਗਲ ਕਰਦੀ ਹੈ ਪਰ ਬਗਵਾਤ ਦਾ ਰਾਹੇ ਨਹੀਂ ਪਾਉਂਦੀ । ਬਗਵਾਤ ਦੇ ਰਾਹੇ ਪਿਆਂ ਹਮੇਸ਼ਾ ਝਰੀਟਾਂ ਆਉਂਦੀਆਂ ਹਨ ।ਆਪਣੇ ਫਰਜ਼ਾਂ ਨੂੰ ਨਿਭਾਉਂਦੀ ਹੋਈ ਨਾਰੀ ਅਗਰ ਆਪਣੇ ਹਕਾਂ ਦੀ ਰਾਖੀ ਕਰਨੀ ਸਿਖ ਜਾਵੇ ਤਾਂ ਸਮਾਜ ਉਨਤ ਹੋ ਸਕਦਾ ਹੈ ਅਤੇ ਘਰ ਸਵਰਗ ।ਇਹ ਮਨਜੀਤ ਦਾ ਟੀਚਾ ਹੈ ।
ਇਕ ਸ਼ਿਕਵਾ ਅਤੇ ਇਕ ਸ਼ਕਾਇਤ ਨਾਵਲਟ ਦੀ ਸ਼ੁਰੂਆਤ ਸੂਰਜ ਦਾ ਰਥ ਪਛਮ ਵਿਚ ਅਲੋਪ ਹੋਣ ਦੇ ਸਮੇ ਨਾਲ ਸਭੰਦਤ ਹੈ । ਚਾਨਣ ਦਾ ਅਲੋਪ ਹੋਣਾ ਪਰਿੰਦਿਆ ਦਾ ਆਪਣੇ ਆਹਲਣਿਆਂ ਵਲ ਪਰਤਣਾ ,ਕਾਮਿਆਂ ਦਾ ਘਰ ਪਰਤਣਾ ਮੰਦਰ ਵਿਚ ਬਜਦੇ ਘੜਿਆਲ ਗੁਰਦਵਾਰੇ ਚੋਂ ਆਉਂਦੀ ਗੁਰਬਾਣੀ ਦੀ ਮਿਠੀ ਲੈ । ਇਸ ਸਾਰੇ ਵਾਤਾਵਰਨ ਨੂੰ ਜਿਸ ਕਲਾ ਨਾਲ ਮਨਜੀਤ ਇਕ ਐਸੀ ਮਾਲਾ ਵਿਚ ਪਰੋਂਦੀ ਜਿਸ ਦਾ ਹਰ ਮੋਤੀ ਆਪਣੀ ਅਸਲ ਥਾਂਹ ਤੇ ਸਜਦਾ ਹੈ ਲੇਖਕਾ ਦਾ ਸਮਾਜ ਅਤੇ ਕੁਦਰਤ ਦੀ ਜਾਣਕਾਰੀ ਦੀ ਗਵਾਹੀ ਭਰਦਾ ਹੈ । ਇਹਨਾਂ ਨਾਵਲਟਾਂ ਵਿਚ ਮਨਜੀਤ ਸਮਾਜ ਵਿਚ ਵਟਾਂਦਰ ਦੇ ਵਿਆਂਹਾਂ ਦੀ ਗਲ ਕਰਦੀ ਹੈ । ਰਿਸ਼ਤਿਆਂ ਦੀ ਭੰਨ ਤੋੜ ਕਿਦਾਂ ਜੀਵਨ ਨੂੰ ਬੇਸੁਆਦ ਕਰ ਦਿੰਦਾ ਹੈ ਸਮਾਜਕ ਢਾਂਚਾ ਕਿਵੇਂ ਜਰ ਜਰਾ ਹੋ ਰਿਹਾ ਹੈ । ਮਨਜੀਤ ਉਸ ਬਾਰੇ ਚਿਤੱਨ ਕਰਦੀ ਹੈ ।ਇਕ ਹੋਰ ਗਲ ਲੁਕਵੇਂ ਢੰਗ ਨਾਲ ਕਹੀ ਗਈ ਹੈ ਕਿ ਇਸਤ੍ਰੀ ਦੀ ਸਰਦਾਰੀ ਆਪਣੇ ਸਾਂਈ ਨਾਲ ਹੈ । ਸਾਈਂ ਸਿਰ ਤੋਂ ਉਠ ਜਾਣ ਨਾਲ ਕਿਵੈਂ ਇਸਤ੍ਰੀ ਮਜਬੂਰ ਹੋ ਜਾਂਦੀ ਹੈ ਬਿਲੂ ਦੀ ਮਾਂ ਇਕ ਮਿਸਾਲ ਹੈ ।
ਮਨਜੀਤ ਦਾ ਲਿਖਣ ਸਟਾਈਲ ਵੀ ਨਵੇਕਲਾ ਹੀ ਹੈ । ਉਹ ਇਕ ਪਲੇਬੈਕ ਸਿੰਗਰ ਦਾ ਰੋਲ ਅਦਾ ਕਰਦੀ ਹੈ ਪਾਠਕ ਨੂੰ ਇੰਝ ਲਗਦਾ ਹੈ ਕਿ ਪਾਤਰ ਖੁਦ ਉਸ ਦੇ ਸਨਮੁਖ ਖੜਾ ਹੈ ।ਮਨਜੀਤ ਦੀ ਕਹਾਣੀਆਂ ਦੇ ਪਾਤਰ ਕੋਈ ਅੰਬਰੋ ਉਤਰੇ ਹੋਏ ਦੇਵਤੇ ਨਹੀਂ ਨਾਂ ਹੀ ਸਿੰਗਾ ਵਾਲੇ ਰਾਖਸ਼ ਹਨ ਉਸ ਦੇ ਪਾਤਰ ਤਾਂ ਸਾਡੀ ਰੋਜ਼ਮਰਾ ਜ਼ਿੰਦਗੀ ਵਿਚ ਜਿਮੈ ਹਰ ਰੋਜ਼ ਸਾਡੇ ਰੂਬਰੂ ਹੁੰਦੇ ਹਨ ਅਤੇ ਸਾਡੇ ਇਰਦ ਗਿਰਦ ਹੋਣ ਵਾਲੀਆਂ ਘਟਨਾਵਾਂ ਹੀ ਉਸਦੇ ਪਲਾਟ ਹਨ ਉਹ ਤਾਂ ਸਿਰਫ ਫਿਲ ਇਨ ਦੀ ਬਲੈਂਕਸ ਦਾ ਕੰਮ ਕਰਦੀ ਹੈ । ਇਸੇ ਲਈ ਉਸਦੀਆਂ ਸਾਰੀਆਂ ਕਹਾਣੀਆਂ ਯਥਾਰਥ ਦੇ ਨੇੜੇ ਤੇੜੇ ਹੀ ਰਹਿੰਦੀਆਂ ਹਨ ।ਉਸਦੀ ਹਰ ਕਹਾਣੀ ਇਦਾਂ ਲਗਦੀ ਹੈ ਕਿ ਸਾਡੇ ਇਰਦ ਗਿਰਦ ਹੀ ਹੋਈ ਕੋਈ ਘਟਨਾ ਹੈ ।
ਇਸ ਸਾਰੀਆਂ ਕਹਾਣੀਆਂ ਨੂੰ ਵਰਨਣ ਕਰਨ ਲਗਿਆਂ ਜਿਸ ਵਿਲਖਣ ਢੰਗ ਨਾਲ ਮਨਜੀਤ ਨੇ ਸ਼ਬਦਾਂ ਦੀ ਚੋਣ ਅਤੇ ਉਹਨਾਂ ਦੀ ਵਰਤੌਂ ਕੀਤੀ ਹੈ ਉਸ ਦੀ ਮਿਸਾਲ ਉਹ ਆਪ ਹੈ ।ਉਸ ਦੀ ਵਾਰਤਕ ਵੀ ਕਵਿਤਾ ਵਰਗੀ ਹੈ ।ਕੁਝ ਉਧਾਰਨਾ ਪੇਸ਼ ਹਨ ( ਇਕਲਤਾ ਦੇ ਵੇਰਾਨ ਖੰਡਰਾਂ ਵਿਚ ਮੇਰੇ ਸੁਪਨੇ ਮੇਰੇ ਨਾਲ ਦਿਲ ਪਰਚਾਉਂਦੇ ਰਹਿੰਦੇ…..ਕੋਈ ਜਵਾਬ ਦਿਤੇ ਬਿਨਾ ਹੈਰਾਨਗੀ ਦੀ ਖਾਈ ਵਿਚ ਡਿਗ ਪਈ ਸਾ ਤੇ ਸੋਚਦੀ ਸਾ, ਕਿਤੇ ਇਹ ਹਵਾ ਦੀ ਸਾਜ਼ਸ਼ ਤਾਂ ਨਹੀਂ ਜਾਂ ਕਿ ਅਸਲੀ ਆਵਾਜ਼ ਹੈ ।) ਇਦਾਂ ਦੇ ਵਾਕਾ ਦਾ ਖਜ਼ਾਨਾ ਹਨ ਉਸਦੀਆਂ ਕਿਤਾਬਾਂ । ਉਂਗਰਦੀਆਂ ਪੁੰਗਰਾਂ ਲਈ ਹੀ ਨਹੀਂ ਪਰੋੜ ਲੇਖਕਾਂ ਲਈ ਵੀ ਮਨਜੀਤ ਦੀਆਂ ਪੁਸਤਕਾਂ ਸਬਦਾਂ ਦੀ ਟਕਸਾਲ ਹਨ ।ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਮਨਜੀਤ ਭਵਿਖ ਵਿਚ ਤਹਦਿਲੀ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੀ ਰਹੇਗੀ ।