ਪੈੜੂਆਂ ਨੇ ਪੈੜ ਨੱਪ ਲਈ (ਪਿਛਲ ਝਾਤ )

ਜਤਿੰਦਰ ਔਲਖ   

Email: aulakhkohali@yahoo.com
Cell: +91 98155 34653
Address: ਪਿੰਡ ਤੇ ਡਾਕ: ਕੋਹਾਲ਼ੀ ਅਜਨਾਲ਼ਾ
ਅੰਮ੍ਰਿਤਸਰ India
ਜਤਿੰਦਰ ਔਲਖ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ



ਸਭ ਤੋਂ ਵੱਧ ਜੇ ਕਿਸੇ ਪੈੜ ਦਾ ਮੁੱਲ ਪੈਂਦਾ ਹੈ ਤਾਂ ਉ ਜਾਂ ਕਿਸੇ ਰਹਿਬਰ ਦੀ ਉਲੀਕੀ ਪੈੜ ਹੋਵੇਗੀ ਜਾਂ ਚੋਰ ਦੀ। ਰਹਿਬਰਾਂ ਦੀਆਂ ਪੈੜਾਂ ਉਹਨਾਂ ਮਨਾ ਨੂੰ ਪ੍ਰਤੱਖ ਹੁੰਦੀਆਂ ਹਨ ਜੋ ਗਿਆਨ ਹਾਸਿਲ ਕਰਨ ਦੀ ਜਗਿਆਸਾ ਰੱਖਦੇ ਹਨ ਤੇ ਚੋਰਾਂ ਦੀਆਂ ਪੈੜਾਂ ਅਕਸਰ ਧਰਤੀ ਤੇ ਛਪ ਜਾਂਦੀਆਂ ਹਨ। ਖੋਜੀ ਅਤੇ ਸਿਆਣੇ ਪਛਾਣ ਕਰਦੇ ਹਨ ਕਿ ਕਿੱਧਰ ਨੂੰ ਗਈ? ਰਹਿਬਰਾਂ ਦੀਆਂ ਉਲੀਕੀਆਂ ਪੈੜਾਂ ਤੇ ਮੈਥੋਂ ਚੱਲਿਆ ਨਹੀਂ ਜਾਣਾ, ਉਹ ਬੰਦਾ ਕਾਹਦਾ ਜੋ ਆਪਣੀ ਵੱਖਰੀ ਪੈੜ ਨਾ ਉਲੀਕ ਕੇ ਜਾਵੇ। ਉੰਝ ਆਪਾਂ ਨਾ ਚੋਰ ਤੇ ਨਾ ਚੋਰ ਦੇ ਭਾਈਵਾਲ਼ ਕਿ ਸਿਰਫ ਚੋਰਾਂ ਦੀਆਂ ਪੈੜਾਂ ਦੀ ਹੀ ਗੱਲ ਕਰੀਏ। ਪਰ ਚੋਰ ਤਾਂ ਹਰ ਬੰਦੇ ਦੇ ਅੰਦਰ ਹੁੰਦਾ ਏ ਤੇ ਹਰ ਬੰਦਾ ਆਪਣੇ ਅੰਦਰ ਦੇ ਚੋਰ ਦੀਆਂ ਸਫਾਈਆਂ ਦਿੰਦਾ ਨਜ਼ਰ ਆਵੇਗਾ। ਮੈਂ ਹਰ ਬੰਦੇ ਤੇ ਇਲਜਾਮ ਤਰਾਸ਼ੀ ਕਿਉਂ ਕਰਾਂ ਮੈਂ ਆਪਣੇ ਅੰਦਰ ਦੇ ਚੋਰ ਦੀ ਪੈੜ ਨੱਪ ਲੈਂਦਾ ਹਾਂ। ਤੌਬਾ!ਤੌਬਾ! ਦਾਤਿਆ ਪਰਦੇ ਢੱਕ ਛੱਡੀਂ ਕਿੰਨੀਆਂ ਚੋਰੀਆਂ ਰੋਜ਼ ਕਰਦਾ ਹੈ। ਜਦੋਂ ਅਸੀਂ ਸਾਰੇ ..ਨਾ ਸੱਚ.. ਮੈਂ ਇਕੱਲਾ ਚੋਰ ਹਾਂ ਤਾਂ ਕਿਉਂ  ਨਾ ਚੋਰਾਂ ਦੀਆਂ ਪੈੜਾਂ ਨੱਪਣ ਵਾਲ਼ਿਆਂ ਦੀ ਗੱਲ ਕਰ ਲਈ ਜਾਵੇ। ਉੰਝ ਕਈ ਵਾਰ ਚਲਾਕ ਚੋਰ ਪੈੜਾਂ ਨੱਪਣ ਵਾਲ਼ੇ ਸਿਆਣਿਆਂ 'ਚ ਰਲ਼ ਕੇ ਹੌਲ਼ੀ ਜਿਹੀ ਪੈੜ ਤੇ ਪੈਰ ਫੇਰ ਜਾਂਦਾ ਹੈ।

ਇੱਕ ਵਾਰ ਸਾਡੇ ਖੂਹ ਤੇ ਦੋ ਸਫੈਦੇ ਦੇ ਰੁੱਖ ਹਨੇਰੀ ਨਾਲ਼ ਡਿੱਗ ਪਏ। ਚੋਰਾਂ ਨੇ ਆਰੇ ਨਾਲ਼ ਮੋਛੇ ਪਾ ਕੇ ਰਾਤ ਨੂੰ ਗਇਬ ਕਰ ਦਿੱਤੇ। ਦਿਨੇ ਕੁਝ ਸਿਆਣੇ ਜਮੀਨ ਤੇ ਨਿਗਾਹ ਗੱਡੀ ਪੈੜ ਨੱਪਣ ਦੀ ਕੋਸ਼ਿਸ਼ ਕਰ ਰਹੇ ਸਨ।ਨਾਲ਼ਦੇ ਪਿੰਡੋਂ ਬੁੱਢਾ ਖੋਜੀ ਵੀ ਬੁਲਾਇਆ ਗਿਆ। ਤਾਏ ਬਚਨ ਸਿਉਂ ਨੇ ਵੱਖੀ ਵਾਲ਼ੀ ਜੇਬ 'ਚੋਂ ਐਨਕ ਕੱਢੀ ਤੇ ਅੱਖਾਂ ਤੇ ਲਾਉਂਦਿਆਂ ਖੰਗੂਰਾ ਮਾਰ ਕੇ ਕਿਹਾ" ਬਾਕੀ ਹੈਥੇ ਖਲੋਤੇ ਰਿਹੋ, ਕਿਤੇ ਪੈੜ ਨਾ ਮਿਟਾ ਦਿਉ"। ਬਚਨ ਸਿਉਂ ਇਉਂ ਧਿਆਨ ਨਾਲ਼ ਚਾਰ-ਚੁਫੇਰੇ ਵੇਖਣ ਲੱਗਾ ਜਿਵੇਂ ਸੂਈ ਗੁਆਚੀ ਲੱਭ ਰਿਹਾ ਹੋਵੇ।ਨਾਲ਼ਦੇ ਪਿੰਡੋਂ ਮੰਗਵਾਇਆ ਬੁੱਢਾ ਖੋਜੀ ਵੀ ਅਗਾਂਹ ਹੋਇਆ ਪਰ ਬਚਨ ਸਿਉਂ ਖੁਦ ਨੂੰ ਉਸ ਨਾਲ਼ੋਂ ਸਿਆਣਾ ਸਾਬਿਤ ਕਰਨਾ ਚਹੁੰਦਾ ਸੀ। "ਸਾਡੇ ਕੋਲ਼ ਬੜੀ ਕਰਾਮਾਤ ਏ ਪੁਲ਼ਸ ਵਾਲ਼ੇ ਬੰਦਾ ਕੁੱਟ-ਕੁੱਟ ਕੇ ਮਾਰ ਦੇਂਦੇ ਨੇ, ਚੋਰ ਫਿਰ ਵੀ ਨੰਗਾ ਨਹੀਂ ਹੁੰਦਾ ਅਸੀਂ ਖੁਰਾ ਨੱਪ ਕੇ ਬੰਦੇ ਜਾਹਿਰ ਕਰ ਦਿੰਦੇ ਹਾਂ" ਬਚਨ ਸਿਉਂ ਨੇ ਆਪਣੇ ਇੱਸ ਕੰਮ ਦੇ ਮਾਹਿਰ ਹੋਣ ਦੀ ਫੜ ਮਾਰੀ।

ਦੋਹਾਂ ਖੋਜੀਆਂ ਨੇ ਖੁਰਾ ਨੱਪਣਾ ਸ਼ੁਰੂ ਕਰ ਦਿੱਤਾ । ਜਿੱਧਰ ਨੂੰ ਵੀ ਖੁਰਾ ਜਾਂਦਾ ਸੀ ਖੋਜੀ ਨੇ ਪਰਾਲ਼ੀ ਦੇ ਤੀਲੇ ਰੱਖਣੇ ਸ਼ੁਰੂ ਕਰ ਦਿੱਤੇ। ਅਗਲੀ ਪੈਲ਼ੀ ਵਿੱਚ ਚੋਰ ਸ਼ਾਇਦ ਵੱਟ ਤੇ ਚੜ ਗਏ ਸਨ। ਪੈੜ ਦਿੱਸਣੋ ਬੰਦ ਹੋ ਗਈ। ਹੋਰ ਲੋਕ ਵੀ ਥੋੜੇ ਜਿਹੇ ਅੱਗੇ ਆ ਗਏ। ਖੋਜੀ ਡੌਰ-ਭੌਰ ਜਿਹੇ ਹੋ ਗਏ। ਕੁਝ ਕਰਮਾਂ ਦੀ ਵਿੱਥ ਤੇ ਖੋਜੀ ਨੂੰ ਫਿਰ ਪੈੜ ਦਿੱਸ ਪਈ। ਪੈੜ ਪਰਾਲ਼ੀ ਦੇ ਮੂਸਲ਼ ਤੱਕ ਜਾ ਕੇ ਬੰਦ ਹੋ ਗਈ ਅਗਾਂਹ ਪੂਰੀ ਕੋਸ਼ਿਸ਼ ਕਰਨ ਤੇ ਵੀ ਨਾਂ ਲੱਭੀ। ਇੱਕ ਬਜੁਰਗ ਨੇ ਖੂੰਢੀ ਪਰਾਲ਼ੀ ਵਿੱਚ ਮਾਰੀ ਕਿਸੇ ਸਖਤ ਜਿਹੇ ਨਾਲ਼ ਟਕਰਾਉਣ ਦੀ ਅਵਾਜ ਆਈ। ਪਰਾਲ਼ੀ ਫੋਲ ਕੇ ਵੇਖੀ ਤਾਂ ਚੋਰਾਂ ਨੇ ਸਫੈਦੇ ਦੇ ਮੋਛੇ ਪਰਾਲ਼ੀ ਵਿੱਚ ਲੁਕਾਅ ਛੱਡੇ ਸਨ। ਦਰਅਸਲ ਚੋਰਾਂ ਨੇ ਫਿਰ ਕਿਤੇ ਠੀਕ ਵੇਲ਼ਾ ਵੇਖ ਕੇ ਖਿਸਕਾਉਣੇ ਸਨ।

ਕਈ ਵਾਰ ਚਲਾਕੀ ਨਾਲ਼ ਗਲਤ ਉਲੀਕੀ ਪੈੜ ਵੀ ਪੁਆੜਾ ਪਾ ਦਿੰਦੀ ਹੈ। ਚੋਗਾਂਵੇਂ ਦੇ ਇੱਕ ਸਾਂਸੀ ਬਰਾਦਰੀ ਦੇ ਬੰਦੇ ਦੀ ਭੁੱਲਰਾਂ ਦੇ ਇੱਕ ਸਾਂਸੀ ਨਾਲ਼ ਲਗਦੀ ਸੀ। ਦਰਅਸਲ ਚੋਗਾਂਵੀਂਏਂ ਨੇ ਭੁੱਲਰਾਂ ਵਾਲ਼ੇ ਨੂੰ ਭੇਡਾਂ ਦਿਆਰੇ ਦਿੱਤੀਆਂ ਹੋਈਆਂ ਸਨ ਤੇ ਭੁੱਲਰਾਂ ਵਾਲ਼ੇ ਨੇ ਵੇਚ ਕੇ ਬਹਾਨਾ ਬਣਾ ਦਿੱਤਾ ਕਿ ਭੇਡਾਂ ਚੋਰੀ ਹੋ ਗਈਆਂ ਹਨ। ਚੋਗਾਵੀਂਏਂ ਨੇ ਉਸਨੂੰ ਸਬਕ ਸਿਖਾਉਣ ਦੀ ਠਾਣੀ। ਜੱਟ ਲੋਕ ਨਾਲ ਦੇ ਪਿੰਡ ਛਿੰਝ 'ਚ ਰੁੱਝੇ ਹੋਏ ਸਨ । ਕੋਈ ਘੁਲ਼ਣ ਗਿਆ ਸੀ ਤੇ ਕੋਈ ਘੋਲ਼ ਵੇਖਣ । ਚੋਗਾਂਵੀਂਏਂ ਨੇ ਪਿੰਡ ਦੇ ਸਭ ਤੋਂ ਤਕੜੇ ਜੱਟਾਂ ਦੀ ਫਸਲ ਵਿੱਚ ਭੇਡਾਂ -ਬੱਕਰੀਆਂ ਵਾੜ ਦਿੱਤੀਆਂ। ਭੁੱਖੇ ਇਜੜ ਨੇ ਪਲਾਂ ਵਿੱਚ ਹੀ ਸਾਰੀ ਫਸਲ ਦਾ ਸੱਤਿਆਨਾਸ ਕਰ ਦਿੱਤਾ। ਚੋਗਾਂਵੀਏਂ ਨੇ ਫਸਲ ਉਜਾੜ ਕੇ ਭੇਡਾਂ ਭੁੱਲਰਾਂ ਨੂੰ ਕੱਚੇ ਪਹੇ ਤੇ ਪਾ ਲਈਆਂ। ਤੇ ਜਿੱਸ ਬੰਦੇ ਨਾਲ਼ ਉਸਦੀ ਲਾਗਤਬਾਜੀ ਸੀ ਉਸ ਦੇ ਘਰ ਕੋਲ਼ ਪਹੁੰਚ ਕੇ ਚਲਾਕੀ ਨਾਲ਼ ਭੇਡਾਂ ਵਾਪਸ ਮੋੜੀਆਂ ਤੇ ਪੱਕੀਏ ਸੜਕੇ ਪਾ ਕੇ ਇੱਜੜ ਘਰ ਲੈ ਆਂਦਾ। ਅਗਲੇ ਦਿਨ ਜੱਟਾਂ ਨੇ ਉਜੜੀ ਫਸਲ ਵੇਖੀ ਤਾਂ ਹੋਸ਼ ਉੱਡ ਗਏ। ਚੋਗਾਂਵੀਏਂ ਸਾਂਸੀ ਦੀ ਖਬਰ ਲਈ ਗਈ ਤਾਂ ਸਾਫ ਮੁੱਕਰ ਗਿਆ, " ਲੈ ਭਾਊ ਮੈਂ ਇਹੋ ਜਿਹਾ ਕੰਮ ਕਰ ਸਕਨਾਂ ਭਲਾ, ਤੁਸੀਂ ਭਾਵੇਂ ਖੁਰਾ ਨੱਪ ਲਉ"।ਇੱਜੜ ਦਾ ਖੁਰਾ ਨੱਪਿਆ ਗਿਆ ਤਾਂ  ਪੈੜ ਭੁੱਲਰਾਂ ਵਾਲ਼ੇ ਸਾਂਸੀਂ ਦੇ ਘਰ ਕੋਲ਼ ਜਾ ਕੇ ਖਤਮ ਹੋ ਜਾਂਦੀਂ ਸੀ। ਤੇ ਜੱਟਾਂ ਨੇ ਉਸਦਾ ਕੀ ਹਾਲ ਕੀਤਾ ਹੋਏਗਾ ਇਹ ਦੱਸਣ ਦੀ ਲੜ ਨਹੀਂ।

ਪੈੜਾਂ ਦਾ ਪੇਂਡੂ ਜੀਵਨ 'ਚ ਡਾਹਢਾ ਮਹੱਤਵ ਰਿਹਾ ਹੈ। ਜਵਾਨ ਧੀਆਂ ਦਾ ਪਿਉ ਸਵੇਰੇ ਉੱਠ ਕੇ ਵਿਹੜੇ ਵਿੱਚ ਲੱਗੀਆਂ ਪੈੜਾਂ ਵੇਖ ਕੇ ਸਮਝ ਗਿਆਂ ਸੀ ਕਿ ਰਾਤ ਨੂੰ ਉਸਦੇ ਘਰ ਕੋਈ ਕੰਧ ਟੱਪ ਕੇ ਆਇਆ ਤੇ ਗਿਆ ਸੀ। ਜਦੋਂ ਚੋਰ ਕਿਸੇ ਦਾ ਕੋਈ ਹਰਜਾ ਕਰ ਜਾਂਦੇ ਤਾਂ ਪੈੜੂ ਪੈੜ ਨੱਪ ਰਹੇ ਹੁੰਦੇ ਤਾਂ ਜੁਆਨ ਨੁੱਕਰਾਂ 'ਚ ਲੱਗੇ ਗੰਡਾਸੇ ਫੜ ਕੇ ਸੰਭਾਵੀ ਚੋਰ ਨੂੰ ਸਬਕ ਸਿਖਾਉਣ ਲਈ ਕਮਰਕੱਸੇ ਕਰ ਰਹੇ ਹੁੰਦੇ। ਪੰਜਾਬੀ ਦਾ ਇੱਕ ਮਸ਼ਹੂਰ ਦੋਗਾਣਾ ਵੀ ਹੈ :

' ਪੈੜੂਆਂ ਨੇ ਪੈੜ ਨੱਪ ਲਈ ,ਨੀ ਤਿੱਖੇ ਕਰਦੇ ਜੁਆਨ ਗੰਡਾਸੇ'

ਜਦੋਂ ਸਾਡੇ ਇਲਾਕੇ 'ਚੋਂ ਸੁੱਖ ਸਰਕਾਰੀਆ ਮੰਡੀਕਰਨ ਬੋਰਡ ਦਾ ਚੇਅਰਮੈਨ ਬਣਿਆ ਤਾਂ ਉਸਨੇ ਸਾਰੇ ਕੱਚੇ ਪਹੇ ਪੱਕੇ ਕਰਾ ਦਿੱਤੇ।ਇੱਕਲੇ-ਇਕੱਲੇ ਘਰ ਨੂੰ ਸੜਕ ਚਾੜ ਦਿੱਤੀ।ਵਿਕਾਸ ਤਾਂ ਇਲਾਕੇ ਦਾ ਜੁਆਨ ਨੇ ਬੜਾ ਕੀਤਾ ਪਰ ਚੋਰਾਂ ਨੂੰ ਮੌਜ ਲਾ ਦਿੱਤੀ। ਕਿਸੇ ਦੀ ਮੋਟਰ, ਸਟਾਰਟਰ ਜਾਂ ਬੰਬੀ ਵਾਲ਼ੀ ਕੇਬਲ ਆਦਿ ਚੋਰੀ  ਹੋ ਜਾਂਦੀ ਤਾਂ ਪੱਕੀਆਂ ਸੜਕਾਂ ਹੋਣ ਕਾਰਨ ਹੁਣ ਕੋਈ ਪੈੜ ਨਹੀਂ ਸੀ ਨੱਪ ਸਕਦਾ।

ਅਜੇ ਪੈੜਾਂ ਨਾਲ਼ ਸਬੰਧਿਤ ਬਹੁਤ ਹੀ ਦਿਲਚਸਪ ਕਿੱਸਾ ਸੁਣਾਉਣ ਵਾਲ਼ਾ ਰਹਿੰਦਾ ਏ। ਹੌਲਦਾਰ ਕਿਆਂ ਨੇ ਕੋਠੇ ਤੇ ਬਾਸਮਤੀ ਸੁੱਕਣੇ ਪਾਈ। ਚੋਰਾਂ ਨੇ ਰਾਤ ਨੂੰ ਬਾਸਮਤੀ ਚੋਰੀ ਕਰ ਲਈ। ਜਿਹੜੀ ਗਲ਼ੀਏ ਚੋਰ ਬਾਸਮਤੀ ਲੈ ਕੇ ਗਏ ਸਨ। ਉਸ ਤੋਂ ਬਿਲਕੁੱਲ ਦੂਜੀ ਗਲ਼ੀਏ ਕੁਝ ਦੂਰੀ ਤੱਕ ਚੋਰਾਂ ਨੇ ਬਾਸਮਤੀ ਦੇ ਦਾਣੇ ਜਾਣ-ਬੁੱਝ ਕੇ ਖਲਾਰ ਦਿੱਤੇ। ਨਿਆਣੇ-ਸਿਆਣੇ ਜੁੜ ਗਏ। ਹੌਲਦਾਰਾਂ ਦੀ ਬੁੱਢੜੀ ਚੋਰਾਂ ਨੂੰ ਪੂਣੀ 'ਚੋਂ ਪੁਣ ਰਹੀ ਸੀ " ਔਂਤਰਿਆਂ ਨੇ ਚੌਥੇ ਤੇ ਖੁਆਉਣੇ ਸੀ ਤਾਂ ਮੰਗ ਕੇ ਲੈ ਜਾਂਦੇ"। ਵੱਡਾ ਮੁੰਡਾ ਚਾਦਰੇ ਦਾ ਲੜ ਘੁੱਟ ਕੇ ਬੰਨਦਾ ਬਾਹਰ ਆ ਰਿਹਾ ਸੀ। "ਇੱਕ ਵਾਰ ਪਤਾ ਲੱਗ ਜਾਣ ਦੇ ਫਿਰ ਵੇਖੀਂ ਮੈਂ ਕਿੱਦਾਂ ਇਹਨਾਂ ਦੀ ਭੈ.....।

ਤਾਇਆ ਬਚਨ ਸਿਉਂ ਖੂੰਡੇ ਨਾਲ਼ ਘਸੀਟਦਾ ਸਭ ਤੋਂ ਮੂਹਰੇ ਆਉਣ ਲਈ ਉਤਾਵਲਾ ਸੀ। ਆਖਿਰ ਉਹ ਸਭ ਤੋਂ ਉਮਰੋਂ ਤੇ ਤਜਰਬੇ ਪੱਖੋਂ ਸਿਆਣਾ ਸੀ। ਉਸ ਨੇ ਵੱਖੀ ਵਾਲ਼ੀ ਜੇਬ ਵਿੱਚ ਹੱਥ ਮਾਰਿਆ ਐਨਕ ਕੱਢੀ ਤੇ ਲਾ ਕੇ ਸਭ ਤੋਂ ਪਹਿਲਾਂ ਜੁਆਕਾਂ ਨੂੰ ਸੰਬੋਧਿਤ ਹੋਇਆ" ਵੇਖਾਂ ਕਿੱਦਾਂ ਚੌਣਾ ਗਾਂਹ-ਗਾਂਹ ਭੁੜਕਦਾ ਫਿਰਦਾ, ਜਿਵੇਂ ਇਹਨਾ ਨੇ ਪੈੜ ਨੱਪਣੀ ਹੋਵੇ"। ਜੁਆਕ ਥੋੜੇ ਜਿਹੇ ਪਿਛਾਂਹ ਹੋ ਗਏ। ਬਾਕੀ ਬੰਦੇ ਵੀ ਖਿਲਰੇ ਦਾਣਿਆ ਦੇ ਨਾਲ਼ -ਨਾਲ਼ ਜਾ ਰਹੇ ਸਨ। ਜੋ ਛਿੰਦਰ ਮੈਹਰੇ ਦੇ ਘਰ ਕੋਲ਼ ਜਾ ਕੇ ਦਿੱਸਣੋਂ ਹੱਟ ਜਾਂਦੇ ਸਨ। ਕਿਸੇ ਨੇ ਕਿਸੇ ਦੇ ਕੰਨ ੱਿਵਚ ਫੂਕ ਮਾਰੀ ਕਿ ਉਸਨੇ ਰਾਤੀਂ ਛਿੰਦਰ ਮੈਹਰੇ ਦੇ ਮੁੰਡੇ ਨੂੰ ਅੱਧੀ ਰਾਤ ਨੂੰ ਸ਼ਰਾਬੀ ਹੋ ਕੇ ਆਉਂਦਿਆ ਵੇਖਿਆ ਸੀ । ਗੱਲ ਕੀ ਹੌਲਦਾਰਾਂ ਵੀ ਕਹਿ ਦਿੱਤਾ 'ਸਾਡਾ ਚੋਰ ਤਾਂ ਇਹੋ ਹੀ ਹੈ, ਅਸੀਂ ਚੱਲੇ ਹਾਂ ਥਾਣੇ'। ਥਾਣੇ ਦਾ ਨਾਮ ਸੁਣਕੇ ਛਿੰਦਰ ਤੇ ਉਸਦੇ ਮੁੰਡੇ ਦਾ ਰੰਗ ਫੂਕ ਹੋ ਗਿਆ। ਚੋਰ ਨੰਗੇ ਹੋ ਗਏ ਤੇ ਉਹ ਵੀ ਹਮਾਤੜ ਜਿਹੇ ਬੰਦੇ। ਹਰ ਕੋਈ ਗੁੱਸਾ ਕੱਢ ਰਿਹਾ ਤੇ ਲਾਅਨਤਾਂ ਪਾ ਰਿਹਾ ਸੀ। ਛਿੰਦਰ ਮੈਹਰੇ ਤੇ ਉਸਦੇ ਮੁੰਡੇ ਦੀ ਆਪਣੀ ਸਫਾਈ 'ਚ ਕੀਤੀ ਜਾਣ ਵਾਲ਼ੀ ਗੱਲ ਪਰੇ ਦੇ ਰੌਲੇ ੱਿਵਚ ਸਿਰਫ ਮੈਂ-ਮੈਂ ਬਣ ਕੇ ਗੁਆਚ ਜਾਂਦੀਂ।ਪੰਚਾਇਤ ਦੇ ਕੁਝ ਬੰਦੇ ਪਰਾਂ ਵੱਖ ਹੋ ਕੇ ਘੁਸਰ-ਮੁਸਰ ਕਰਨ ਲੱਗੇ। ਥਾਣੇ ਗੱਲ ਗਈ ਤਾਂ ਪਿੰਡ ਦੀ ਬਦਨਾਮੀ ਹੋਊ ਏਥੇ ਹੀ ਹਰਜਾਨਾ ਪਾ ਕੇ ਕੰਮ ਨਿਬੇੜੋ। ਫੈਸਲਾ ਹੋਇਆ ਕਿ ਤਿੰਨ ਹਜਾਰ ਤੋਂ ਵੱਧ ਦੀ ਬਾਸਮਤੀ ਸੀ ਤੇ ਕੁਝ ਹੋਰ ਹਰਜਾਨਾ ਪਾ ਕੇ ਇਹਨਾਂ ਤੋਂ ਸੱਤ ਹਜਾਰ ਵਸੂਲੋ ਤੇ ਹੌਲਦਾਰਾਂ ਨੂੰ ਦਿਉ। ਸੱਤ ਹਜਾਰ ਸੁਣ ਕੇ ਦੋਹਾਂ ਪਿਉ-ਪੁੱਤਾਂ ਦੀ ਖਾਨਿਉਂ ਗਈ। ਸੱਤ ਹਜਾਰ ਤਾਂ ਦੋਹਾਂ ਨੇ ਕਦੀ ਇੱਕੱਠਾ ਵੇਖਿਆ ਵੀ ਨਹੀ ਸੀ। ਛਿੰਦਰ ਇੱਕ ਲੱਤੋਂ ਆਰੀ ਸੀ ਤੇ ਇੱਕਲਾ ਮੁੰਡਾ ਕਮਾਉਣ ਵਾਲ਼ਾ ਪੰਜਾਹ ਰੁਪਏ ਦਿਹਾੜੀ ਤੇ ਸਾਰਾ ਟੱਬਰ ਖਾਣ ਵਾਲ਼ਾ। ਜੇ ਤਰਲੇ-ਮਿਨਤਾਂ ਕਰਦੇ ਤਾਂ ਪਰੇ ਨਾਂ ਪਸੀਜਦੀ। ਸਗੋਂ ਥਾਣਿਉਂ ਲੱਥਣ ਵਾਲ਼ੇ ਝਾਂਭੇ ਦਾ ਕਿਆਸ ਕਰ ਕੇ ਦੋਵੇਂ ਤ੍ਰਹਿ ਜਾਂਦੇ। ਪਰ ਇੱਕ ਬੇਬਸੀ ਜਿਹੀ ਅੱਥਰੂ ਬਣ ਕੇ ਦੋਹਾਂ ਪਿਉ-ਪੁੱਤਾਂ ਦੀਆਂ ਅੱਖਾਂ 'ਚੋਂ ਡਿਗਦੀ ਮੈਂ ਆਪ ਵੇਖੀ ਸੀ । ਇਕੋ-ਇਕ ਝੋਟੀ ਵੇਚ ਕੇ ਤੇ ਕੁਝ ਪੈਸੇ ਹੱਥ-ਉਧਾਰੇ ਫੜ ਕੇ ਦੋਹਾਂ ਨੇ ਪਰੇ ਦੇ ਅੱਗੇ ਰੱਖੇ ਤੇ ਜਾਨ ਛੁਡਾਈ। ਬਚਨ ਸਿਉਂ ਪੈੜ ਨੱਪਣ ਦਾ ਮਾਹਿਰ ਬਣਿਆ ਹੋਇਆ ਖੰਗੂਰੇ ਮਾਰਦਾ ਹੋਇਆ ਘਰ ਨੂੰ ਜਾ ਰਿਹਾ ਸੀ।

ਕੁਝ ਦਿਨ ਬਾਅਦ ਇੱਕ ਹੱਟੀ ਵਾਲ਼ੇ ਦੀ ਘਰ ਵਾਲ਼ੀ ਨੇ ਕਿਸੇ ਨਾਲ਼ ਗੱਲ ਕਰ ਦਿੱਤੀ ਕਿ ਹੌਲਦਾਰਾਂ ਦੀ ਬਾਸਮਤੀ ਰਾਤ ਸਾਢੇ ਗਿਆਰਾਂ ਵਜੇ ਫਲਾਣਾ-ਫਲਾਣਾ ਸਾਡੇ ਘਰ ਵੇਚਣ ਆਇਆ ਸੀ। ਸਾਡੀ ਹੱਟੀ ਤੇ ਹੀ ਵੇਚ ਕੇ ਗਏ ਨੇ।ਉਸਨੇ ਇੱਕ ਨੂੰ ਦੱਸੀ ਇੱਕ ਨੇ ਦੂਜੇ ਨੂੰ ਤੇ ਮੱਠੀ ਪਈ ਗੱਲ ਫਿਰ ਧੁੱਖ ਪਈ।ਗੁਰਦੁਆਰੇ ਦਰੀਆਂ ਵਿਛਾਅ ਕੇ ਪਰੇ ਮੁੜ ਜੁੜ ਗਈ ਸੀ। ਤਾਏ ਬਚਨ ਸਿਉਂ ਨੂੰ ਘਰੋਂ ਸੱਦਿਆ ਗਿਆ। ਪਰੇ ਵਿੱਚ ਸੱਦੇ ਜਾਣ  ਤੇ ਤਾਏ ਬਚਨ ਸਿਉਂ ਦਾ ਕਿੱਲੋ ਲਹੂ ਵੱਧ ਜਾਂਦਾ ਸੀ। ਘਰੇ ਕੋਈ ਨੂੰਹ-ਪੁੱਤ ਨਹੀਂ ਸੀ ਪੁੱਛਦਾ ਤੇ ਬਾਹਰ ਸਿਆਣਪਾਂ ਝਾੜਨ ਦਾ ਮੌਕਾ ਮਿਲ਼ ਜਾਦਾਂ ਸੀ। ਝੂਠੇ ਜਿਹੇ ਖੰਗੂਰੇ ਮਾਰਦੇ ਨੇ ਵੱਖੀ ਵਾਲ਼ੀ ਜੇਬ ਵਿੱਚ ਹੱਥ ਪਾਇਆ। ਬਦਸ਼ਗਨੀ ਇਹ ਸੀ ਕਿ ਤਾਇਆ ਐਨਕ ਘਰੇ ਭੁੱਲ ਆਇਆ ਸੀ।

"ਚੱਲ ਕਰਨੀ ਤੇ ਗੱਲ ਈ ਆ ਏਥੇ ਕਿਹੜਾ ਮਹਾਰਾਜ ਦਾ ਵਾਕ ਲੈਣਾ ਈ,ਅੇਵੇਂ ਐਨਕਾਂ ਲੱਭੀ ਜਾਨੈਂ। ਚਲ ਬਚਨ ਸਿਆਂ ਜੇ ਬਾਸਮਤੀ ਚੁੱਕਣ ਵਾਲ਼ਾ ਅਸਲ ਚੋਰ ਨੰਗਾ ਹੋ ਜਾਵੇ ਤਾਂ ਤੇਰੇ 'ਸਾਬ ਨਾਲ਼ ਕੀ ਡੰਨ ਚਾਹੀਦਾ ਏ", ਬਾਬਾ ਦਰਸ਼ੂ ਚਟਕਾਰੇ ਲੈਂਦਾ ਬੋਲਿਆ।

ਬਚਨ ਸਿਉਂ ਤੜੱਕ ਦੇਣੀ ਕਹਿਣ ਲੱਗਾ " ਮੈਂ ਆਹਨਾਂ ਉਹਨਾਂ ਦਾ ਮੂੰਹ ਕਾਲ਼ਾ ਕਰ ਦਿਉ"।

ਲਿਆ ਫਿਰ ਮੁੰਡੇ ਆਪਣੇ ਨੂੰ ਉਹਦਾ ਮੂੰਹ ਕਾਲ਼ਾ ਕਰੀਏ, ਬਾਸਮਤੀ ਤਾਂ ਹੌਲਦਾਰਾਂ ਦੀ ਉਹਨੇ ਚੁੱਕੀ ਰਗੜਤੇ ਗਰੀਬ ਮਹਿਰੇ ਵਿਚਾਰੇ", ਬਾਬੇ ਦਰਸ਼ੂ ਨੇ ਗੱਲ ਸਿਰੇ ਲਾ ਦਿੱਤੀ।

ਜਦੋਂ ਬਚਨ ਸਿਉਂ ਨੂੰ ਅਸਲੀਅਤ ਦਾ ਪਤਾਂ ਲੱਗਾ ਕਿ ਗੱਲ ਭਾਂਵੇਂ ਹੱਟੀ ਵਾਲ਼ੇ ਦੀ ਘਰਵਾਲ਼ੀ ਨੇ ਕੀਤੀ ਸੀ ਪਰ ਹੱਟੀ ਵਾਲ਼ਾ ਇਹ ਦਲੀਲ ਦੇ ਕੇ ਲਾਂਭੇ ਹੋ ਗਿਆ ਕਿ ਅਖੇ " ਸਾਡੀ ਤਾਂ ਦੁਕਾਨਦਾਰੀ ਏ,ਅਸੀਂ ਤਾਂ ਸ਼ੈਅ ਖਰੀਦਣੀ ਹੋਈ ਦਾਣਿਆਂ ਉੱਤੇ ਥੋੜਾ ਲਿਖਿਆ ਹੁੰਦਾ ਕਿ ਇਹ ਚੋਰੀ ਦੇ ਨੇ ਕਿ ਹਲਾਲ ਦੇ"। ਹੱਟੀ ਵਾਲ਼ਾ ਤਾਂ ਬਚਨ ਸਿਉਂ ਦੇ ਮੁੰਡੇ ਦਾ ਨਾਮ ਦੱਸ ਕੇ ਲਾਂਭੇ ਹੋ ਗਿਆ ਪਰ ਬਚਨ ਸਿਉਂ ਨੂੰ ਧਰਤੀ ਵੇਹਲ ਨਹੀਂ ਦੇ ਰਹੀ ਸੀ।ਚਿਹਰੇ ਦੇ ਬਦਲਦੇ ਰੰਗਾਂ ਵਿੱਚ ਇਹ ਕਹਿ ਕੇ ਉੱਠ ਗਿਆ। 'ਜੋ ਡੰਨ ਲਾਉਗੇ ਭਰ ਦਿਆਂਗੇ'। ਉਸ ਤੋਂ ਬਾਅਦ ਉਸਨੇ ਪੈੜਾਂ  ਨੱਪਣ ਵਾਲ਼ੇ ਕੰਮ ਤੋਂ ਪਾਸਾ ਵੱਟ ਲਿਆ। ਕੀ ਪਤਾ ਕਦੋਂ ਕੋਈ ਪੈੜ ਆਪਣੇ ਘਰ ਨੂੰ ਹੀ ਆ ਜਾਵੇ?