ਪੰਜਾਬੀਮਾਂ.ਕਾਮ
ਸੱਤੀ ਨੂੰ ਜਿਥੇ ਸੰਗੀਤ ਦਾ ਸ਼ੋਕ ਹੈ ਉਥੇ ਸਾਹਿਤ ਨਾਲ ਵੀ ਪਿਆਰ ਹੈ।ਉਸ ਦੀ ਬੜੀ ਦੇਰ ਦੀ ਇਛਾ ਸੀ ਉਹ ਸਾਹਿਤ ਦੀ ਵੈੱਬ ਸਾਈਟ ਚਾਲੂ ਕਰੇ।ਇਸਦਾ ਖਾਕਾ ਉਸਨੇ ਤਿਆਰ ਕਰ ਕੇ ਰਖਿਆ ਹੋਇਆ ਸੀ ਤੇ ਕਿਸੇ ਨਾਲ ਵਿਚਾਰ ਚਰਚਾ ਕਰਨੀ ਚਾਹੁੰਦਾ ਸੀ।ਹੁਣ ਮੇਰੇ ਜਾਣ ਨਾਲ ਉਸ ਨੂੰ ਇਹ ਮੌਕਾ ਮਿਲ ਗਿਆ।ਇਸ ਦਾ ਨਾਂ ਉਸ ਨੇ www.punjabimaa.com ਰਜਿਸਟਰ ਕਰਵਾਇਆ ਹੋਇਆ ਸੀ।ਸਭ ਤੋਂ ਪਹਿਲਾਂ ਉਸਨੇ ਬਾਘਾਪੁਰਾਣਾ.ਕਾੱਮ ਨਾਂ ਦੀ ਸਾਈਟ ਬਣਾਈ ਸੀ।ਉਸ ਤੋਂ ਮਗਰੋਂ ਤਕਰੀਬਨ ਚਾਲੀ ਹੋਰ ਸਾਈਟਾਂ ਤੇ ਮਿਹਨਤ ਕੀਤੀ ਜੋ ਸਿਟੀ ਨਾਂ ਨਾਲ ਸ਼ੁਰੂ ਹੁੰਦੀਆਂ ਹਨ।ਜਿਵੇਂ cityludhiana.com ਜਾਂ citymoga.com ਆਦਿ।ਇਸ ਤਰ੍ਹਾਂ ਸਾਰੇ ਸ਼ਹਿਰਾਂ ਦੀਆਂ ਅਲੱਗ ਅਲੱਗ ਸਾਈਟਾਂ ਹਨ।ਜਦੋਂ ਵੀ ਮੌਕਾ ਮਿਲਦਾ ਅਸੀਂ ਕੰਪਿਊਟਰ ਮੂਹਰੇ ਬੈਠ ਜਾਂਦੇ।ਨਾਲੇ ਛੋਟੀਆਂ ਛੋਟੀਆਂ ਗੱਲਾਂ ਕਰੀ ਜਾਂਦੇ ਨਾਲੇ ਉਹ ਆਪਣਾ ਕੰਮ ਕਰੀ ਜਾਂਦਾ।ਮੈਂ ਕੰਪਿਊਟਰ ਦੀਆਂ ਬਰੀਕੀਆਂ ਬਾਰੇ ਉਸ ਤੋਂ ਸਿਖਿਆ ਲੈਣ ਦੀ ਕੋਸ਼ਿਸ਼ ਕਰਦਾ।ਹਾਸੇ ਵਿਚ ਮੈਂ ਉਸ ਨੂੰ ਗੁਰੂ ਜੀ ਕਹਿਣ ਲਗ ਪਿਆ।ਕਈ ਵਾਰ ਕੰਮ ਵਿਚ ਐਨਾ ਮਗਨ ਹੋ ਜਾਂਦੇ ਕਿ ਸਮੇਂ ਦਾ ਪਤਾ ਹੀ ਨਾ ਲਗਦਾ।ਫੇਰ ਕਮਲ ਨੂੰ ਪੁਛਣਾ ਪੈਂਦਾ, ਜੇ ਗੁਰੂ ਚੇਲੇ ਦਾ ਕੰਮ ਪੂਰਾ ਹੋ ਗਿਆ ਤਾਂ ਰੋਟੀ ਖਾਈਏ ?
ਕਰੀਬ ਤਿੰਨ ਸੌ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦੇ ਈ ਮੇਲ ਪਤੇ ਉਸ ਨੇ ਇਕਠੇ ਕਰ ਲਏ ਸਨ।ਸ਼ੁਰੂਆਤ ਲਈ ਐਨੇ ਕਾਫੀ ਸਨ।ਉਨ੍ਹਾਂ ਸਾਰਿਆਂ ਨੂੰ ਉਸ ਨੇ ਇਕ ਪੱਤਰ ਰਚਨਾਵਾਂ ਦੀ ਮੰਗ ਸੰਬੰਧੀ ਭੇਜ ਦਿੱਤਾ।ਹੁੰਗਾਰਾ ਉਤਸ਼ਾਹ ਜਨਕ ਸੀ।ਕਾਫੀ ਸਾਰੀਆਂ ਰਚਨਾਵਾਂ ਆ ਗਈਆਂ ਸਨ।ਸੱਤੀ ਖੁਸ਼ ਤਾਂ ਹਮੇਸ਼ਾ ਹੀ ਰਹਿੰਦਾ ਹੈ ਪਰ ਉਸ ਦਿਨ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਸੀ।ਸ਼ਾਮ ਨੂੰ ਉਹ ਮਠਿਆਈ ਦਾ ਡੱਬਾ ਲੈ ਆਇਆ ਤੇ ਵੈੱਬ ਸਾਈਟ ਪੰਜਾਬੀਮਾਂ ਲਾਂਚ ਕਰ ਦਿੱਤੀ।
ਰਿਚਮੰਡ ਹਿਲ
ਕਮਲ ਦੀ ਮਾਮੀ ਦੇ ਭਰਾ ਭਰਜਾਈ ਨਿਊਯਾਰਕ ਦੇ ਰਿਚਮੰਡ ਹਿਲ ਇਲਾਕੇ ਵਿਚ ਰਹਿੰਦੇ ਹਨ।ਅਮਰੀਕਨ ਟੂਰਿਜ਼ਮ ਅਨੁਸਾਰ ਇਲਾਕਾ ਰਿਚਮੰਡਵਿਲ ਹੈ ਪਰ ਆਮ ਬੋਲ ਚਾਲ ਵਿਚ ਇਸ ਨੂੰ ਰਿਚਮੰਡ ਹਿਲ ਹੀ ਕਿਹਾ ਜਾਂਦਾ ਹੈ।ਕਮਲ ਹੋਰਾਂ ਨਾਲ ਉਹ ਕਾਫੀ ਸਨੇਹ ਕਰਦੇ ਹਨ।ਕਮਲ ਹੋਰੀਂ ਉਨ੍ਹਾਂ ਨੂੰ ਮਾਮਾ ਮਾਮੀ ਹੀ ਸਮਝਦੇ ਹਨ।ਮਾਮੀ ਸਰਬਜੀਤ ਦਾ ਕਈ ਵਾਰ ਫੋਨ ਆ ਚੁਕਿਆ ਸੀ ਕਿ ਅਸੀਂ ਉਨ੍ਹਾਂ ਦੇ ਘਰ ਜ਼ਰੂਰ ਆਈਏ।ਸੋਮਵਾਰ ਦੇ ਦਿਨ ਉਸਨੂੰ ਛੁਟੀ ਸੀ ਇਸ ਲਈ ਅਸੀਂ ਸੋਮਵਾਰ ਦੀ ਰਾਤ ਉਨ੍ਹਾਂ ਦੇ ਘਰ ਜਾਣ ਦਾ ਪ੍ਰੋਗਰਾਮ ਬਣਾਇਆ।ਮਨਜੀਤ ਸਿੰਘ ਬਹੁਤ ਸਾਲਾਂ ਤੋਂ ਅਮਰੀਕਾ ਵਸਿਆ ਹੋਇਆ ਹੈ।ਸਰਬਜੀਤ ਇਕ ਹਸਪਤਾਲ ਵਿਚ ਕੰਮ ਕਰਦੀ ਹੈ।ਮਨਜੀਤ ਦੇ ਮਾਂ ਬਾਪ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੇ ਹਨ।ਉਨ੍ਹਾਂ ਦਾ ਸੁਭਾਅ ਬਿਲਕੁਲ ਸ਼ਾਂਤ ਅਤੇ ਚੁਪ ਰਹਿਣ ਦਾ ਹੈ।ਕਦੇ ਵੀ ਫਾਲਤੂ ਗੱਲ ਨਹੀਂ ਕਰਦੇ।ਅਸੀਂ ਉਨ੍ਹਾਂ ਨੂੰ ਆਪਣੇ ਪ੍ਰੋਗਰਾਮ ਬਾਰੇ ਫੋਨ ਕਰ ਕੇ ਦਸਣਾ ਜ਼ਰੂਰੀ ਸਮਝਿਆ।ਸਤਵਿੰਦਰ ਨੇ ਉਨ੍ਹਾਂ ਦਾ ਨੰਬਰ ਮਿਲਾਇਆ।ਇਸ ਵੇਲੇ ਨਾਨੀ ਤੋਂ ਸਿਵਾ ਕੋਈ ਹੋਰ ਘਰ ਨਹੀਂ ਸੀ ਹੋਣਾ।
‘ਹੈਲੋ! ਮਾਸੀ ਜੀ ਮੈਂ ਰੌਕੀ ਦੀ ਭੂਆ ਬੋਲਦੀ ਆਂ’।ਸਤਵਿੰਦਰ ਬੋਲੀ।
‘ਹਾਂ ਬੇਟੇ, ਕੀ ਹਾਲ ਐ?’
‘ਬਸ ਠੀਕ ਐ ਤੁਸੀਂ ਆਪਣਾ ਸੁਣਾਉ, ਸਰਬਜੀਤ ਘਰੇ ਐ?’
‘ਅਸੀਂ ਵੀ ਠੀਕ ਆਂ।ਏਥੇ ਦੇ ਹਾਲ ਤਾਂ ਐਦਾਂ ਈ ਆ ਬਸ।ਜੁਆਕਾਂ ਨੂੰ ਸੀਰੀਅਲ ਖੁਆ ਕੇ ਹਟੀ ਸੀ।ਤੈਨੂੰ ਪਤਾ ਈ ਆ ਐਥੇ ਸਤਾਰਾਂ ਤਰਾਂ ਦੇ ਤਾਂ ਸੀਰੀਅਲ ਮਿਲਦੇ ਆ।ਇਕ ਕਹਿੰਦਾ ਆਹ ਖਾਣਾ ਤੇ ਦੂਜਾ ਕਹਿੰਦਾ ਆਹ ਨੀਂ ਖਾਣਾ ।ਮੈਂ ਸਬਜ਼ੀ ਬਣਾ ਕੇ ਤਿੰਨ ਕੌਲੀਆਂ ’ਚ ਪਾ ਕੇ ਫਰਿਜ ’ਚ ਰਖ ਦਿੰਨੀਂ ਆਂ, ਜਿਹੜਾ ਆਵੇ ਆਵਦੀ ਚੱਕੇ ਤੇ ਖਾਵੇ।ਊਂ ਏਧਰ ਚੀਜ਼ ਨੀਂ ਕੋਈ ਖਰਾਬ ਹੁੰਦੀ।ਫਰਿਜ ਵੀ ਵਾਹਵਾ ਵਡੇ ਹੁੰਦੇ ਆ।ਊਂ ਚੀਜ਼ ਸਾਰੀ ਮਿਲਦੀ ਐ ਏਥੇ।ਸਾਡੀ ਤਾਂ ਮਾਰਕੀਟ ਵੀ ਸਾਰੀ ਪੰਜਾਬੀਆਂ ਦੀ ਐ।ਚਾਹੇ ਗੋਭੀ ਲਉ ਚਾਹੇ ਸਾਗ ਭਾਵੇਂ ਲੰਗਰ ਆਲੀ ਦਾਲ।ਊਂ ਗੁਰਦਵਾਰੇ ਵੀ ਦੋ ਐ ਸਾਡੇ ਤਾਂ।ਇਕ ਤਾਂ ਜਮਾਂ ਸਾਡੇ ਘਰ ਦੇ ਨਾਲ ਐ ਤੇ ਦੂਜਾ ਪਰ੍ਹਾਂ ਗਲੀ ਦੀ ਨੁੱਕਰ ਤੇ।ਪਰ ਊਂ ਇਹ ਨੀਂ ਬਈ ਉਥੇ ਆਗੂੰ ਅਵਾਜ਼ ਆ ਜਾਵੇ।ਬਸ ਜਿਹੜਾ ਸ਼ਰਧਾ ਨਾਲ ਜਾਵੇ ਤੇ ਪਾਠ ਸੁਣ ਲਵੇ।ਤੇਰੇ ਮਾਸੜ ਨੇ ਤਾਂ ਸਵੇਰੇ ਚਾਰ ਵਜੇ ਕੰਮ ਤੇ ਜਾਣਾ ਹੁੰਦੈ ਤਾਂ ਹੀ ਤਾਂ ਸਾਥੋਂ ਰੋਜ਼ ਨੀਂ ਜਾਇਆ ਜਾਂਦਾ।ਊਂ ਬਜ਼ਾਰ ਮੈਂ ਆਪ ਜਾ ਆਉਣੀ ਆਂ।ਹੁਣ ਤਾਂ ਮੀਂਹ ਪਈ ਜਾਂਦਾ…ਆਹ ਬਸ ਚਾਰ ਦਿਨ ਦੀ ਗੱਲ ਐ ਫੇਰ ਹਰੇਵਾਈ ਦੇਖੀਂ ਤੂੰ।ਸਾਰੇ ਦਰਖਤ ਐਂ ਹਰੇ ਕਚੂਰ ਹੋ ਜਾਣਗੇ।ਨਲੇ ਕੁੜੀ ਨੂੰ ਕਹਿ ਕਨੇਡਾ ਆਲੀ ਨੂੰ ਬਈ ਮੁੰਡੇ ਨੂੰ ਕਿਸੇ ਤਰੀਕੇ ਬੁਲਾਵੇ।ਉਥੇ ਗੋਰਮਿੰਟ ਬਹੁਤ ਸਹੂਲਤਾਂ ਦਿੰਦੀ ਐ।ਹੈ ਤਾਂ ਏਥੇ ਵੀ ਪਰ ਕਨੇਡਾ ਵਾਲੀਆਂ ਜ਼ਿਆਦਾ……।’ਮਾਸੀ ਇਕ ਵਾਰ ਸ਼ੁਰੂ ਹੋਈ ਤਾਂ ਸਾਨੂੰ ਸ਼ੱਕ ਹੋਇਆ ਕਿਤੇ ਗਲਤ ਨੰਬਰ ਤਾਂ ਨਹੀਂ ਮਿਲ ਗਿਆ? ਪੰਜਾਬ ਤਾਂ ਅਸੀਂ ਕਦੇ ਇਸਦੀ ਆਵਾਜ਼ ਹੀ ਨਹੀਂ ਸੀ ਸੁਣੀ ਤੇ ਹੁਣ ਉਹ ਇਕੋ ਸਾਹੇ ਕਿੰਨੀਆਂ ਗੱਲਾਂ ਕਰ ਗਈ।ਪਰ ਨੰਬਰ ਤਾਂ ਠੀਕ ਮਿਲਿਆ ਸੀ।ਮੈਂ ਤੇ ਸਤਵਿੰਦਰ ਇਸ ਬਾਰੇ ਵੀਚਾਰ ਕਰਨ ਲੱਗੇ।ਸ਼ਾਇਦ ਉਹ ਇਥੇ ਰਹਿ ਕੇ ਬਹੁਤ ਜ਼ਿਆਦਾ ਖੁਸ਼ ਸੀ ਜਾਂ ਉਹ ਇਕੱਲੀ ਹੋਣ ਕਰ ਕੇ ਸੋਚਾਂ ਨਾਲ ਐਨੀ ਭਰੀ ਹੋਈ ਸੀ ਕਿ ਡੁਲ੍ਹਣ ਨੂੰ ਫਿਰਦੀ ਸੀ।ਸੁਣਿਆਂ ਸੀ ਕਿ ਬਾਹਰ ਬਜ਼ੁਰਗਾਂ ਨੂੰ ਦਿਨ ਕਢਣੇ ਔਖੇ ਹੁੰਦੇ ਹਨ।ਪਰ ਇਨ੍ਹਾਂ ਬਾਰੇ ਤਾਂ ਹਮੇਸ਼ਾ ਇਹੀ ਸੁਣੀਂਦਾ ਸੀ ਕਿ ਇਨ੍ਹਾਂ ਦਾ ਬਹੁਤ ਜੀਅ ਲਗਿਆ ਹੋਇਆ ਹੈ।ਸਾਨੂੰ ਉਸਦੀ ਆਵਾਜ਼ ਤੇ ਗੱਲਾਂ ਸੁਣ ਕੇ ਚੰਗਾ ਵੀ ਲਗਿਆ।ਸ਼ਾਮ ਨੂੰ ਸਰਬਜੀਤ ਦਾ ਫੋਨ ਆ ਗਿਆ।ਅਸੀਂ ਉਸਨੂੰ ਉਨ੍ਹਾਂ ਕੋਲ ਸੋਮਵਾਰ ਨੂੰ ਪਹੁੰਚਣ ਬਾਰੇ ਦੱਸ ਦਿੱਤਾ।
ਸੋਮਵਾਰ ਨੂੰ ਸੱਤੀ ਸ਼ਾਮ ਛੇ ਵਜੇ ਤਕ ਘਰ ਆ ਗਿਆ।ਅਸੀਂ ਸੱਤ ਵਜੇ ਤਕ ਨਿਊਯਾਰਕ ਲਈ ਰਵਾਨਾ ਹੋ ਗਏ।ਮੀਂਹ ਪੂਰੀ ਤੇਜ਼ੀ ਨਾਲ ਵਰ੍ਹ ਰਿਹਾ ਸੀ।ਮਨਜੀਤ ਅਮਰੀਕਾ ਦੇ ਸਭ ਤੋਂ ਸੰਘਣੀ ਵਸੋਂ ਵਾਲੇ ਇਲਾਕੇ ਵਿਚ ਰਹਿੰਦਾ ਹੈ।ਇਥੋਂ ਦੀ ਅਬਾਦੀ ਅੱਸੀ ਲੱਖ ਦੇ ਕਰੀਬ ਹੈ।ਇਹ ਪੰਜ ਟਾਪੂਆਂ ਤੇ ਉਸਰਿਆ ਹੋਇਆ ਸ਼ਹਿਰ ਹੈ।ਇਨ੍ਹਾਂ ਵਿਚ ਮੈਨਹਟਨ ਤੇ ਬਰੁਕਲਿਨ ਪ੍ਰਮੁਖ ਹਨ।ਬਰੁਕਲਿਨ ਸ਼ਹਿਰ ਪੁਰਤਗਾਲੀਆਂ ਨੇ ਵਸਾਇਆ ਸੀ।ਇਥੋਂ ਦੀ ਆਵਾਜਾਈ ਇਕ ਤਰਫਾ ਹੀ ਹੈ।ਇਸ ਸ਼ਹਿਰ ਵਿਚ ਖਾਣਾ ਰੇਹੜੀਆਂ ਤੇ ਮਿਲ ਜਾਂਦਾ ਹੈ ਪਰ ਸਫਾਈ ਦਾ ਇਥੇ ਵੀ ਪੂਰਾ ਧਿਆਨ ਰਖਿਆ ਜਾਂਦਾ ਹੈ।ਨਿਊਯਾਰਕ ਵਿਚ ਅਸੀਂ ਪਹਿਲਾਂ ਘੁੰਮ ਗਏ ਸੀ।ਅੱਜ ਦਾ ਸਾਡਾ ਮਕਸਦ ਘੁੰਮਣਾ ਨਹੀਂ ਸਗੋਂ ਰਿਸ਼ਤੇਦਾਰਾਂ ਦੇ ਘਰ ਜਾਣਾ ਸੀ।ਸ਼ਹਿਰ ਦੀਆਂ ਸੜਕਾਂ ਬਹੁਤ ਹੀ ਭੀੜੀਆਂ ਹਨ।ਸਾਨੂੰ ਘਰੋਂ ਚੱਲਿਆਂ ਡੇਢ ਘੰਟਾ ਹੋ ਗਿਆ ਸੀ।ਮਨਜੀਤ ਦਾ ਕਈ ਵਾਰ ਫੋਨ ਆ ਚੁਕਿਆ ਸੀ।ਉਹ ਸੋਚਦੇ ਸਨ ਕਿਤੇ ਅਸੀਂ ਰਸਤਾ ਭੁੱਲ ਗਏ।ਸੱਤੀ ਦੀ ਜਾਦੂ ਦੀ ਡੱਬੀ ਰਸਤਾ ਤਾਂ ਨਹੀਂ ਸੀ ਭੁੱਲਣ ਦਿੰਦੀ ਪਰ ਰਸਤਾ ਮੁੱਕਣ ਵਿਚ ਹੀ ਨਹੀਂ ਸੀ ਆ ਰਿਹਾ।ਜਦੋਂ ਜਾਦੂ ਦੀ ਡੱਬੀ ਨੇ ‘ਡੈਸਟੀਨੇਸ਼ਨ ਅਹੈੱਡ’ ਕਿਹਾ ਤਾਂ ਸਾਹਮਣੇ ਮਨਜੀਤ ਛਤਰੀ ਲਈ ਮੀਂਹ ਵਿਚ ਸਾਡੀ ਉਡੀਕ ਕਰ ਰਿਹਾ ਸੀ।ਕਾਰ ਖੜ੍ਹੀ ਕਰਨ ਨੂੰ ਕਿਤੇ ਜਗ੍ਹਾ ਨਹੀਂ ਸੀ ਮਿਲ ਰਹੀ।ਇਥੇ ਸੜਕਾਂ ਜ਼ਿਆਦਾ ਚੌੜੀਆਂ ਨਹੀਂ ਸਨ।ਸਾਰਿਆਂ ਦੀਆਂ ਕਾਰਾਂ ਵੀ ਸੜਕ ਦੇ ਦੋਵੇਂ ਪਾਸੇ ਪਾਰਕ ਕੀਤੀਆਂ ਹੋਈਆਂ ਸਨ ਜਿਸ ਕਰ ਕੇ ਮਸਾਂ ਇਕ ਕਾਰ ਦੇ ਲੰਘਣ ਜੋਗੀ ਜਗ੍ਹਾ ਬਚਦੀ ਸੀ।ਪਰ ਇਕ ਤਰਫਾ ਆਵਾਜਾਈ ਹੋਣ ਕਾਰਣ ਜਾਮ ਦੀ ਸਮੱਸਿਆ ਨਹੀਂ ਸੀ।ਮਨਜੀਤ ਨੇ ਦੂਸਰੀ ਸੜਕ ਤੇ ਇਕ ਖਾਲੀ ਥਾਂ ਦੇਖ ਕੇ ਸਾਡੀ ਕਾਰ ਪਾਰਕ ਕਰਵਾ ਦਿੱਤੀ।ਰਾਤ ਦੇ ਨੌਂ ਵੱਜ ਗਏ ਸਨ ਪਰ ਦੁਕਾਨਾਂ ਅਜੇ ਵੀ ਖੁਲ੍ਹੀਆਂ ਸਨ ਅਤੇ ਬਾਹਰ ਫੜ੍ਹੀਆਂ ਵੀ ਲੱਗੀਆਂ ਹੋਈਆਂ ਸਨ।ਲਗਦਾ ਸੀ ਜਿਵੇਂ ਪੰਜਾਬ ਦੇ ਹੀ ਕਿਸੇ ਸ਼ਹਿਰ ਵਿਚ ਘੁੰਮ ਰਹੇ ਹੋਈਏ।
ਲੇਖਕ ਮਨਜੀਤ ਦੇ ਪਰਿਵਾਰ ਨਾਲ
ਕਾਰ ਪਾਰਕ ਕਰ ਕੇ ਅਸੀਂ ਘਰ ਦੇ ਅੰਦਰ ਦਾਖਲ ਹੋਏ।ਜਿਸ ਘਰ ਵਿਚ ਮਨਜੀਤ ਦਾ ਪਰਿਵਾਰ ਰਹਿੰਦਾ ਹੈ ਉਸ ਵਿਚ ਕੁਲ ਚਾਰ ਕਿਰਾਏਦਾਰ ਹਨ।ਚਾਰਾਂ ਕੋਲ ਮੇਨ ਗੇਟ ਦੀ ਆਪੋ ਆਪਣੀ ਚਾਬੀ ਹੈ।ਪਹਿਲਾਂ ਡਿਉਢੀ ਬਣੀ ਹੋਈ ਹੈ ਜਿਸ ਵਿਚ ਸੀ.ਸੀ.ਟੀ.ਵੀ. ਕੈਮਰਾ ਲੱਗਾ ਹੋਇਆ ਸੀ।ਪਤਾ ਲਗਿਆ ਕਿ ਇਥੇ ਅਪਰਾਧਿਕ ਵਾਰਦਾਤਾਂ ਵੀ ਕਾਫੀ ਗਿਣਤੀ ਵਿਚ ਹੁੰਦੀਆਂ ਹਨ।ਕੁਝ ਮਹੀਨੇ ਪਹਿਲਾਂ ਮਨਜੀਤ ਦੇ ਪਿਤਾ ਜੀ ਨੂੰ ਕੁਝ ਗੁੰਡੇ ਲੁੱਟਣ ਦੇ ਇਰਾਦੇ ਨਾਲ ਚਾਕੂ ਮਾਰ ਗਏ ਸਨ।ਜੋ ਉਨ੍ਹਾਂ ਦੀ ਜੇਬ ਵਿਚ ਸੀ ਸਭ ਕੁਝ ਕਢ ਕੇ ਲੈ ਗਏ ਪਰ ਚੰਗੀ ਕਿਸਮਤ ਨੂੰ ਉਸੇ ਵੇਲੇ ਪੁਲਿਸ ਵਾਲੇ ਆ ਕੇ ਹਸਪਤਾਲ ਲੈ ਗਏ।ਇਥੇ ਪੁਲਿਸ ਦਾ ਨੰਬਰ 911 ਹਰ ਵਿਅਕਤੀ ਦੇ ਜ਼ੁਬਾਨੀ ਯਾਦ ਹੈ।ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਅਤੇ ਐਂਬੂਲੈਂਸ ਦੋ ਤਿੰਨ ਮਿੰਟ ਦੇ ਵਕਫੇ ਵਿਚ ਪਹੁੰਚ ਜਾਂਦੇ ਹਨ।
ਮਨਜੀਤ ਦਾ ਪਰਿਵਾਰ ਪਹਿਲੀ ਮੰਜ਼ਿਲ ਤੇ ਰਹਿੰਦਾ ਹੈ।ਸੱਤ ਕੁ ਸਾਲ ਪਹਿਲਾਂ ਉਸਦਾ ਵਿਆਹ ਢੁਡੀਕੇ ਪਿੰਡ ਦੀ ਜੰਮਪਲ ਸਰਬਜੀਤ ਨਾਲ ਹੋਇਆ।ਉਸਨੇ ਨਰਸਿੰਗ ਦਾ ਕੋਰਸ ਕੀਤਾ ਹੋਇਆ ਹੈ ਅਤੇ ਹਸਪਤਾਲ ਵਿਚ ਨੌਕਰੀ ਕਰਦੀ ਹੈ।ਵਿਆਹ ਤੋਂ ਮਗਰੋਂ ਜਦੋਂ ਅਸੀਂ ਉਸਨੂੰ ਪਹਿਲੀ ਵਾਰ ਮਿਲੇ ਸੀ ਤਾਂ ਉਸ ਦੇ ਸੁਭਾਅ ਨੇ ਉਦੋਂ ਹੀ ਸਾਡਾ ਦਿਲ ਜਿੱਤ ਲਿਆ ਸੀ।ਹੁਣ ਉਹ ਕਮਲ ਨੂੰ ਫੋਨ ਕਰ ਕੇ ਉਸਦਾ ਹਾਲ ਚਾਲ ਪਤਾ ਕਰਦੀ ਰਹਿੰਦੀ ਹੈ।ਉਨ੍ਹਾਂ ਦੇ ਦੋ ਬੱਚੇ ਇਕ ਮੁੰਡਾ ਤੇ ਇਕ ਕੁੜੀ ਹਨ।ਜਸਲੀਨ ਨੇ ਜਾਂਦਿਆਂ ਹੀ ਉਨ੍ਹਾਂ ਦੇ ਖਿਡੌਣਿਆਂ ਤੇ ਆਪਣਾ ਕਬਜ਼ਾ ਕਰ ਲਿਆ।ਸਰਬਜੀਤ ਦੱਸ ਰਹੀ ਸੀ ਕਿ ਉਸਦੇ ਬੱਚੇ ਬੜੇ ਸ਼ਰਾਰਤੀ ਹਨ ਪਰ ਹੁਣ ਤਾਂ ਉਹ ਐਨੇ ਭੋਲੇ ਬਣੇ ਬੈਠੇ ਸਨ ਜਿਵੇਂ ਕਦੇ ਬੋਲੇ ਹੀ ਨਾ ਹੋਣ।ਸ਼ਾਇਦ ਸਾਡੇ ਆਉਣ ਕਰ ਕੇ ਸੰਗ ਰਹੇ ਸਨ।
ਸਰਬਜੀਤ ਨੇ ਬੜੀ ਮਿਹਨਤ ਨਾਲ ਖਾਣਾ ਤਿਆਰ ਕੀਤਾ ਸੀ।ਖਾਣੇ ਦੀ ਐਨੀ ਬਹੁਲਤਾ ਸੀ ਕਿ ਛੇ ਸੱਤ ਪਰਿਵਾਰ ਆਰਾਮ ਨਾਲ ਪੇਟ ਭਰ ਸਕਦੇ ਸਨ।ਗੱਲਾਂ ਗੱਲਾਂ ਵਿਚ ਪਤਾ ਲਗਿਆ ਕਿ ਮਨਜੀਤ ਚੰਗਾ ਕੁੱਕ ਵੀ ਹੈ।ਉਹ ਦੱਸ ਰਿਹਾ ਸੀ ਕਿ ਇਧਰ ਰਹਿਣ ਵਾਲਾ ਹਰ ਆਦਮੀ ਰੋਟੀ ਪਕਾਉਣੀ ਸਿੱਖ ਹੀ ਜਾਂਦਾ ਹੈ।ਨਾਨ ਵੈੱਜ ਦੀਆਂ ਸਾਰੀਆਂ ਵੰਨਗੀਆਂ ਮਨਜੀਤ ਨੇ ਹੀ ਤਿਆਰ ਕੀਤੀਆਂ ਸਨ।ਉਹ ਆਪਣੇ ਹੱਥੀਂ ਸਾਨੂੰ ਸਰਵ ਕਰ ਰਿਹਾ ਸੀ।ਹਰ ਚੀਜ਼ ਬੜੀ ਜ਼ਾਇਕੇਦਾਰ ਬਣੀ ਹੋਈ ਸੀ।ਅਸੀਂ ਗੱਲਾਂ ਵੀ ਕਰ ਰਹੇ ਸੀ ਤੇ ਖਾਣਾ ਵੀ ਖਾਈ ਜਾ ਰਹੇ ਸੀ।ਮਾਸੜ ਜੀ ਆਪਣੇ ਸੁਭਾਅ ਮੁਤਾਬਿਕ ਚੁੱਪ ਹੀ ਸਨ।ਅਸੀਂ ਮਾਸੀ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਸੀ ਪਰ ਹੁਣ ਉਹ ਵੀ ਜ਼ਿਆਦਾ ਨਹੀਂ ਸੀ ਬੋਲ ਰਹੇ।ਸਿਰਫ ਮਤਲਬ ਦੀ ਗੱਲ ਹੀ ਕਰ ਰਹੇ ਸਨ।ਰਾਤ ਦਾ ਸਮਾਂ ਤੇ ਮੀਂਹ ਦਾ ਮੌਸਮ ਹੋਣ ਕਾਰਣ ਅਸੀਂ ਬਾਹਰ ਨਹੀਂ ਜਾ ਸਕੇ।ਮੇਰਾ ਦਿਲ ਕਰਦਾ ਸੀ ਕਿ ਪੰਜਾਬੀ ਮਾਰਕੀਟ ਦਾ ਇਕ ਚੱਕਰ ਮਾਰਿਆ ਜਾਵੇ।ਰਾਤ ਦੇ ਬਾਰਾਂ ਵਜੇ ਤੋਂ ਮਗਰੋਂ ਅਸੀਂ ਉਨ੍ਹਾਂ ਦੇ ਘਰੋਂ ਵਿਦਾ ਲਈ।
ਖੁਸ਼ ਮੂਡ ਵਿਚ ਜਸਲੀਨ
ਮੇਰੀ ਲੈਂਡ
ਅਮਰੀਕੀ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਚੱਲ ਰਹੀ ਸੀ ਤਾਂ ਦੁਨੀਆਂ ਭਰ ਦੀਆਂ ਨਜ਼ਰਾਂ ਵਾਈਟ ਹਾਊਸ ਤੇ ਲਗੀਆਂ ਹੋਈਆਂ ਸਨ।ਇਸਦਾ ਕਾਰਣ ਇਕ ਕਾਲੇ ਅਮਰੀਕੀ ਬਰਾਕ ਉਬਾਮਾ ਦਾ ਉਮੀਦਵਾਰ ਹੋਣਾ ਸੀ।ਬਹੁਗਿਣਤੀ ਅਮਰੀਕੀਆਂ ਨੇ ਉਬਾਮਾ ਦਾ ਸਮਰਥਨ ਕੀਤਾ।ਜਦ ਉਬਾਮਾ ਨੇ ਚੋਣ ਜਿੱਤ ਲਈ ਤਾਂ ਖਬਰਾਂ ਦਾ ਮੁਖ ਵਿਸ਼ਾ ਕਈ ਦਿਨਾਂ ਤਕ ‘ਚਿੱਟੇ ਘਰ ਤੇ ਕਾਲੇ ਦਾ ਕਬਜ਼ਾ’ ਹੀ ਰਿਹਾ।ਉਬਾਮਾ ਵੱਲੋਂ ਕੀਤੀ ਗਈ ਪਹਿਲੀ ਤਕਰੀਰ ਨਾਲੋ ਨਾਲ ਟੀ.ਵੀ. ਤੇ ਮੈਂ ਦੇਖੀ ਸੀ ਤੇ ਗੋਰੇ ਗੋਰੀਆਂ ਨੂੰ ਭਾਵੁਕ ਹੋ ਕੇ ਹੰਝੂ ਵਹਾਉਂਦੇ ਵੀ ਦੇਖਿਆ ਸੀ।ਹੁਣ ਉਸੇ ਵਾਈਟ ਹਾਊਸ ਨੂੰ ਅਸੀਂ ਪ੍ਰਤੱਖ ਦੇਖਣ ਜਾਣਾ ਸੀ।ਪਰਸਿਪਨੀ ਤੋਂ ਵਾਈਟ ਹਾਊਸ ਦੀ ਦੂਰੀ ਢਾਈ ਸੌ ਮੀਲ ਦੇ ਕਰੀਬ ਹੈ ਯਾਨੀ ਚਾਰ ਘੰਟੇ ਦੀ ਵਾਟ।ਸੱਤੀ ਨੇ ਸਾਰੀ ਜਾਣਕਾਰੀ ਇੰਟਰਨੈੱਟ ਤੋਂ ਡਾਊਨਲੋਡ ਕਰ ਲਈ ਸੀ।ਆਨ ਲਾਈਨ ਹੀ ਹੋਟਲ ਵਿਚ ਕਮਰਾ ਬੁਕ ਕਰਵਾ ਦਿੱਤਾ ਸੀ।ਪਰੋਗਰਾਮ ਇਹੀ ਸੀ ਕਿ ਦੋ ਦਿਨ ਘੁੰਮ ਕੇ ਅਗਲੀ ਰਾਤ ਵਾਪਸੀ ਕਰਾਂਗੇ।
ਸਤਾਈ ਮਾਰਚ ਨੂੰ ਅਸੀਂ ਆਪਣੀ ਕਾਰ ਰਾਹੀਂ ਸਵੇਰੇ ਦਸ ਕੁ ਵਜੇ ਵਾਸ਼ਿੰਗਟਨ ਲਈ ਚੱਲ ਪਏ।ਉਸ ਦਿਨ ਮੌਸਮ ਵਧੀਆ ਬਣਿਆਂ ਹੋਇਆ ਸੀ।ਸੰਗੀਤਕ ਲਹਿਰਾਂ ਵਿਚ ਵਹਿੰਦੇ ਹੋਏ ਅਸੀਂ ਰਵਾਂ ਰਵੀਂ ਅੱਗੇ ਵਧਦੇ ਗਏ।ਰਸਤੇ ਵਿਚ ਮਨਿੰਦਰ ਦਾ ਫੋਨ ਆ ਗਿਆ ਕਿ ਅਸੀਂ ਰਸਤੇ ਵਿਚ ਮੇਰੀਲੈਂਡ ਵਿਚ ਬਣੇ ਹੋਏ ਅਕੇਰੀਅਮ ਨੂੰ ਵੀ ਜ਼ਰੂਰ ਦੇਖੀਏ।ਗੱਲ ਸਾਨੂੰ ਜਚ ਗਈ।ਲੰਘਣਾ ਤਾਂ ਉਥੋਂ ਹੀ ਹੈ ਇਸ ਲਈ ਅੱਧਾ ਘੰਟਾ ਉਥੇ ਵੀ ਹੋ ਜਾਵਾਂਗੇ।ਦੁਪਹਿਰ ਦਾ ਖਾਣਾ ਅਸੀਂ ਰਸਤੇ ਵਿਚ ਬਣੇ ਇਕ ਰੈਸਟੋਰੈਂਟ ਵਿਚ ਖਾ ਲਿਆ।
ਲੇਖਕ ਅਤੇ ਸਤਵਿੰਦਰ ਅਕੇਰੀਅਮ ਦੇ ਸਾਹਮਣੇ
ਤਕਰੀਬਨ ਦੋ ਕੁ ਵਜੇ ਅਸੀਂ ਬਾਲਟੀਮੋਰ ਸ਼ਹਿਰ ਪਹੁੰਚੇ ਤਾਂ ਉਥੋਂ ਦੀ ਸਫਾਈ ਨੇ ਸਾਡੀਆਂ ਅੱਖਾਂ ਚੁੰਧਿਆ ਦਿੱਤੀਆਂ।ਸਫਾਈ ਤਾਂ ਪੂਰੇ ਅਮਰੀਕਾ ਵਿਚ ਹੀ ਬਹੁਤ ਹੈ ਪਰ ਬਾਲਟੀਮੋਰ ਦੇ ਹਾਈਵੇ ਨਵੇਂ ਬਣੇ ਹਨ ਅਤੇ ਅਜੇ ਵੀ ਕਈ ਥਾਵਾਂ ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ।ਬਿਲਡਿੰਗਾਂ ਤੇ ਸੜਕਾਂ ਲਿਸ਼ ਲਿਸ਼ ਕਰ ਰਹੀਆਂ ਸਨ।ਸੱਤੀ ਨੇ ਆਪਣੀ ਡੱਬੀ ਵਿਚ ਅਕੇਰੀਅਮ ਦਾ ਪਤਾ ਭਰ ਦਿੱਤਾ ਸੀ।ਉਸਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਚਲਦੇ ਗਏ ਤੇ ਸਿੱਧੇ ਅਕੇਰੀਅਮ ਦੇ ਮੂਹਰੇ ਜਾ ਪੁਜੇ।ਸ਼ਹਿਰ ਦੀ ਖੁਬਸੂਰਤੀ ਸਾਨੂੰ ਨਿਹਾਲ ਕਰੀ ਜਾ ਰਹੀ ਸੀ।ਸੱਤੀ ਨੇ ਫੋਟੋ ਸੈਸ਼ਨ ਸ਼ੁਰੂ ਕਰ ਦਿੱਤਾ।ਜੇ ਇਕ ਥਾਂ ਖੁਬਸੂਰਤ ਲਗਦੀ ਤਾਂ ਦੂਜੇ ਪਾਸੇ ਨਜ਼ਰ ਮਾਰਿਆਂ ਖੁਬਸੂਰਤੀ ਹੋਰ ਵੱਧ ਨਜ਼ਰ ਆਉਂਦੀ।ਅਸੀਂ ਤਾਂ ਸੋਚਿਆ ਸੀ ਅੱਧਾ ਕੁ ਘੰਟਾ ਇਥੇ ਰੁਕਾਂਗੇ ਪਰ ਇਕ ਘੰਟਾ ਸਾਨੂੰ ਨਦੀ ਦੇ ਕਿਨਾਰੇ ਬਣੀਆਂ ਖੁਬਸੂਰਤ ਇਮਾਰਤਾਂ ਨੂੰ ਨਿਹਾਰਦਿਆਂ ਹੀ ਲੰਘ ਗਿਆ।ਸੱਤੀ ਨੇ ਪਹਿਲਾਂ ਹੀ ਸੋਚ ਰਖਿਆ ਸੀ ਕਿ ਰਾਤ ਦੀ ਰੋਟੀ ਸਾਨੂੰ ਕਿਸੇ ਮੈਕਸੀਕਨ ਹੋਟਲ ਵਿਚ ਖਵਾਉਣੀ ਹੈ।ਅਕੇਰੀਅਮ ਦੇ ਬਿਲਕੁਲ ਸਾਹਮਣੇ ਬਣੇ ‘ਚਿਪਟੋਲੇ’ ਨਾਂ ਦੇ ਰੈਸਟੋਰੈਂਟ ਨੂੰ ਦੇਖ ਕੇ ਉਹ ਖੁਸ਼ੀ ਨਾਲ ਉਛਲ ਪਿਆ।
ਸੱਤੀ ਨੇ ਚਾਰ ਟਿਕਟਾਂ ਲਈਆਂ।ਪੱਚੀ ਡਾਲਰ ਦੀ ਇਕ ਟਿਕਟ ਮੈਨੂੰ ਕਾਫੀ ਮਹਿੰਗੀ ਜਾਪ ਰਹੀਸ ਸੀ।ਪਤਾ ਲਗਿਆ ਕਿ ਇਥੇ ਡਾਲਫਿਨ ਮੱਛੀਆਂ ਦਾ ਸ਼ੋਅ ਵੀ ਹੁੰਦਾ ਹੈ।ਪਰ ਉਸਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਸਨ।ਇਸ ਲਈ ਅਸੀਂ ਉਹ ਸ਼ੋਅ ਵੇਖਣ ਤੋਂ ਵਾਂਝੇ ਰਹਿ ਗਏ।ਅਸੀਂ ਤਿੰਨ ਮੰਜ਼ਿਲਾ ਅਕੇਰੀਅਮ ਅੰਦਰ ਦਾਖਲ ਹੋਏ ਤਾਂ ਸਭ ਤੋਂ ਪਹਿਲਾਂ ਇਕ ਲਾਬੀ ਬਣੀ ਹੋਈ ਸੀ ਜਿਥੇ ਕੁਝ ਕੁਰਸੀਆਂ ਰੱਖੀਆਂ ਸਨ।ਇਥੇ ਬੈਠ ਕੇ ਤੁਸੀਂ ਸਾਹਮਣੇ ਵਗ ਰਹੀ ਨਦੀ ਅਤੇ ਉਸ ਵਿਚ ਚੱਲ ਰਹੇ ਸਟੀਮਰਾਂ ਦਾ ਨਜ਼ਾਰਾ ਲੈ ਸਕਦੇ ਹੋ।ਇਥੋਂ ਦਰਵਾਜ਼ਾ ਲੰਘ ਕੇ ਸ਼ੁਰੂ ਹੁੰਦੀ ਹੈ ਮੱਛੀਆਂ ਦੀ ਦੁਨੀਆਂ।ਇਸ ਇਮਾਰਤ ਦੀ ਤਾਮੀਰ ਇਸ ਤਰ੍ਹਾਂ ਕੀਤੀ ਗਈ ਹੈ ਕਿ ਲਗਦਾ ਹੈ ਜਿਵੇਂ ਅਸੀਂ ਸਮੁੰਦਰ ਦੇ ਹੇਠਾਂ ਖੜ੍ਹੇ ਹਾਂ।ਸਭ ਤੋਂ ਪਹਿਲਾਂ ਆਮ ਮੱਛੀਆਂ ਦੇ ਦਰਸ਼ਨ ਹੁੰਦੇ ਹਨ।ਫਿਰ ਡਾਲਫਿਨ ਮੱਛੀਆਂ ਵਾਲਾ ਬਲਾਕ ਆਉਂਦਾ ਹੈ।ਉਸ ਤੋਂ ਅੱਗੇ ਜਾ ਕੇ ਜੈਲੀ ਫਿਸ਼ ਵਾਲਾ ਬਲਾਕ ਹੈ।ਭਾਵੇਂ ਡਿਸਕਵਰੀ ਚੈਨਲ ਤੇ ਬਹੁਤ ਵਾਰ ਮੱਛੀਆਂ ਬਾਰੇ ਪ੍ਰੋਗਰਾਮ ਦੇਖੇ ਹਨ ਅਤੇ ਡਾਲਫਿਨ ਸ਼ੋਅ ਵੀ।ਪਰ ਜੋ ਕੁਦਰਤ ਦੇ ਰੰਗ ਤਮਾਸ਼ੇ ਅੱਖੀਂ ਵੇਖ ਕੇ ਅਸਚਰਜਤਾ ਹੋ ਰਹੀ ਸੀ ਉਹ ਬਿਆਨ ਤੋਂ ਬਾਹਰ ਹੈ।ਅਸੀਂ ਤਕਰੀਬਨ ਅੱਧਾ ਘੰਟਾ ਜੈਲੀ ਫਿਸ਼ ਦੀ ਬਣਤਰ ਨੂੰ ਹੀ ਨਿਹਾਰਦੇ ਰਹੇ।ਇਸ ਮੱਛੀ ਦੀਆਂ ਅੱਗੇ ਹੋਰ ਕਈ ਪ੍ਰਜਾਤੀਆਂ ਹਨ।ਛੋਟੀਆਂ ਛੋਟੀਆਂ ਬਿਨ ਸਿਰ ਪੈਰ ਤੋਂ ਜੈਲੀਆਂ ਦੇਖ ਕੇ ਮੂੰਹੋਂ ਗੁਰਬਾਣੀ ਦੀ ਤੁਕ ਬਲਿਹਾਰੀ ਕੁਦਰਤ ਵਸਿਆ ਨਿਕਲ ਰਹੀ ਸੀ।
ਪਹਿਲੀ ਮੰਜ਼ਿਲ ਤੇ ਗਏ ਤਾਂ ਅਲੱਗ ਅਲੱਗ ਖਾਨੇ ਬਣੇ ਹੋਏ ਸਨ।ਇਥੇ ਵੀ ਅਡ ਅਡ ਤਰ੍ਹਾਂ ਦੀਆਂ ਮੱਛੀਆਂ ਸਨ।ਜਿਸ ਖਾਨੇ ਵਿਚ ਜਿਸ ਇਲਾਕੇ ਦੀ ਮੱਛੀ ਰੱਖੀ ਗਈ ਸੀ ਉਹੋ ਜਿਹਾ ਹੀ ਇਲਾਕੇ ਦਾ ਪ੍ਰਭਾਵ ਸਿਰਜਿਆ ਗਿਆ ਸੀ।ਨਾਲ ਹੀ ਉਸ ਮੱਛੀ ਬਾਰੇ ਜਾਣਕਾਰੀ ਲਿਖ ਕੇ ਲਗਾਈ ਗਈ ਸੀ।ਇਕ ਖਾਨੇ ਵਿਚ ਸਮੁੰਦਰੀ ਸੱਪ ਰਖੇ ਹੋਏ ਸਨ ਤੇ ਇਕ ਵਿਚ ਕਛੂਕੁੰਮੇ ਦੀਆਂ ਕਈ ਕਿਸਮਾਂ ਸਨ।ਤੀਜੀ ਮੰਜ਼ਿਲ ਤੇ ਜੰਗਲ ਦਾ ਮਹੌਲ ਬਣਾਇਆ ਗਿਆ ਸੀ।ਉਸਦਾ ਪ੍ਰਭਾਵ ਐਨਾ ਡਰਾਉਣਾ ਹੈ ਕਿ ਹਲਕੇ ਦਿਲ ਵਾਲਾ ਆਦਮੀ ਉਸ ਪਾਸੇ ਜਾਣ ਤੋਂ ਘਬਰਾਉਂਦਾ ਹੈ।ਪੌਦਿਆਂ ਵਿਚ ਲੱਗੇ ਸਪੀਕਰਾਂ ਤੋਂ ਆ ਰਹੀ ਆਵਾਜ਼ ਨਾਲ ਮਾਹੌਲ ਹੋਰ ਵੀ ਸਹਿਮ ਵਾਲਾ ਬਣ ਜਾਂਦਾ ਹੈ।ਅੱਜ ਤੋਂ ਕਈ ਸਾਲ ਪਹਿਲਾਂ ਮੈਂ ਬੰਬਈ ਵਾਲਾ ਮੱਛੀ ਘਰ ਦੇਖਿਆ ਸੀ ਪਰ ਇਸ ਵਿਸ਼ਾਲ ਅਕੇਰੀਅਮ ਅੱਗੇ ਉਹ ਬਿਲਕੁਲ ਬੱਚਾ ਹੀ ਲਗਦਾ ਹੈ।ਅਸੀਂ ਭਾਵੇਂ ਸਾਰਾ ਅਕੇਰੀਅਮ ਕਾਹਲੀ ਨਾਲ ਦੇਖਿਆ ਫੇਰ ਵੀ ਸਾਨੂੰ ਤਿੰਨ ਘੰਟੇ ਦਾ ਸਮਾਂ ਲੱਗ ਗਿਆ।ਹੁਣ ਤਾਂ ਸਾਡੀਆਂ ਲੱਤਾਂ ਵੀ ਜਵਾਬ ਦੇ ਗਈਆਂ ਸਨ ਤੇ ਭੁੱਖ ਵੀ ਲੱਗ ਗਈ ਸੀ।ਸਾਡੀ ਸੋਚ ਸੀ ਕਿ ਅੱਜ ਵਾਈਟ ਹਾਊਸ ਦੇਖਾਂਗੇ ਤੇ ਅਗਲੇ ਦਿਨ ਵਾਸ਼ਿੰਗਟਨ ਦੇ ਅਜਾਇਬ ਘਰ।ਪਰ ਇਥੇ ਹੀ ਅੱਠ ਵੱਜ ਗਏ।ਪਰ ਇਸਦਾ ਸਾਨੂੰ ਕੋਈ ਰੰਜ ਨਹੀਂ ਸੀ ਸਗੋਂ ਅਸੀਂ ਮਨਿੰਦਰ ਦਾ ਦਿਲੋਂ ਧੰਨਵਾਦ ਕਰ ਰਹੇ ਸੀ ਕਿ ਉਸ ਨੇ ਸਾਨੂੰ ਕੁਦਰਤ ਨਾਲ ਇਕ ਮਿਕ ਹੋਣ ਦਾ ਇਕ ਮੌਕਾ ਸੁਝਾਇਆ।
ਅਸੀਂ ਬਾਹਰ ਨਿਕਲੇ ਤਾਂ ਠੰਡੀ ਹਵਾ ਚੱਲ ਰਹੀ ਸੀ।ਹਲਕੀ ਜਿਹੀ ਬਰਸਾਤ ਵੀ ਹੋ ਕੇ ਹਟੀ ਸੀ।ਨਿਘ ਵਿਚੋਂ ਨਿਕਲ ਕੇ ਠੰਡ ਜ਼ਿਆਦਾ ਮਹਿਸੂਸ ਹੁੰਦੀ ਹੈ।ਸਾਨੂੰ ਅਮਰੀਕਾ ਦਾ ਪਲ ਪਲ ਬਦਲਦਾ ਮੌਸਮ ਵੀ ਹੈਰਾਨ ਕਰ ਰਿਹਾ ਸੀ।ਅਸੀਂ ਕਾਹਲੇ ਕਦਮੀਂ ਸਾਹਮਣੇ ਬਣੇ ਚਿਪਟੋਲੇ ਨਾਮਕ ਰੈਸਟੋਰੈਂਟ ਵਿਚ ਗਏ ਜਿਥੇ ਜਾ ਕੇ ਠੰਡ ਤੋਂ ਬਚਾਅ ਹੋਇਆ।ਰੈਸਟੋਰੈਂਟ ਵਿਚ ਕਾਫੀ ਭੀੜ ਸੀ।ਸੱਤੀ ਨੂੰ ਅੱਧਾ ਘੰਟਾ ਕਤਾਰ ਵਿਚ ਟੋਕਨ ਲੈਣ ਲਈ ਖੜ੍ਹਨਾ ਪਿਆ।ਉਸ ਨੇ ਸਾਡੀ ਪਸੰਦ ਅਨੁਸਾਰ ਬਰੀਟੋ ਬਣਵਾ ਲਏ।ਇਕ ਰੋਟੀ ਦੇ ਵਿਚ ਆਪਣੀ ਪਸੰਦ ਦਾ ਖਾਣਾ ਚਾਵਲ, ਰਾਜ ਮਾਂਹ, ਚਿਕਨ ਪੀਸ, ਸਲਾਦ ਵਗੈਰਾ ਜਿਹੜਾ ਦਿਲ ਕਰਦਾ ਹੈ ਗਾਹਕ ਦੇ ਸਾਹਮਣੇ ਹੀ ਤਿਆਰ ਕਰ ਕੇ ਦਿੰਦੇ ਹਨ।ਜੇ ਇਕੱਲਾ ਸਲਾਦ ਲੈਣਾ ਚਾਹੋ ਤਾਂ ਉਹ ਲੈ ਸਕਦੇ ਹੋ।ਖਾਣਾ ਕਾਫੀ ਸਵਾਦ ਸੀ।ਮੈਂ ਬਰੀਟੋ ਖਾ ਰਿਹਾ ਸੀ ਤਾਂ ਮੈਨੂੰ ਆਪਣੀ ਦਾਦੀ ਯਾਦ ਆ ਰਹੀ ਸੀ।ਬਚਪਨ ਵਿਚ ਉਸ ਨੇ ਇਕ ਰੋਟੀ ਤੇ ਮੱਖਣ ਲਾ ਕੇ ਇਸੇ ਤਰ੍ਹਾਂ ਗੋਲ ਕਰ ਕੇ ਸਾਨੂੰ ਦੇਣੀ। ਖਾਣਾ ਖਾਂਦਿਆਂ ਮੈਂ ਉਸ ਰੋਟੀ ਦਾ ਸਵਾਦ ਵੀ ਮਹਿਸੂਸ ਕਰ ਰਿਹਾ ਸਾਂ।
ਲੇਖਕ ਅਤੇ ਪਤਨੀ ਸਤਵਿੰਦਰ ਮੈਕਸੀਕਨ ਰੈਸਟੋਰੈਂਟ ‘ਚਿਪਟੋਲੇ’ ਦੇ ਸਾਹਮਣੇ
ਖਾਣਾ ਖਾਂਦਿਆਂ ਸਾਨੂੰ ਦਸ ਵੱਜ ਗਏ।ਸਾਡੇ ਵਿਚ ਹੋਰ ਤੁਰਨ ਦੀ ਹਿੰਮਤ ਨਹੀਂ ਸੀ।ਸੱਤੀ ਕਾਰ ਪਾਰਕਿੰਗ ਵਿਚੋਂ ਉਥੇ ਹੀ ਲੈ ਆਇਆ।ਅਜੇ ਸਾਨੂੰ ਡੇਢ ਘੰਟਾ ਹੋਰ ਲੱਗ ਜਾਣਾ ਸੀ।ਇਹ ਦਿਨ ਤਾਂ ਸਾਡੇ ਲਈ ਯਾਦਗਾਰੀ ਦਿਨ ਹੋ ਨਿਬੜਿਆ।ਸੱਤੀ ਨੇ ਡੱਬੀ ਵਿਚ ਹੋਟਲ ਦਾ ਪਤਾ ਭਰ ਦਿੱਤਾ ਤੇ ਕਾਰ ਤੋਰ ਲਈ।ਕਮਲ ਨੇ ਬਾਘੇ ਪੁਰਾਣੇ ਫੋਨ ਮਿਲਾ ਲਿਆ। ਸੱਤੀ ਜਦੋਂ ਦਾ ਨੌਕਰੀ ਕਰਨ ਲਈ ਘਰੋਂ ਬਾਹਰ ਰਹਿਣ ਲਗਿਆ ਹੈ ਉਸ ਨੇ ਇਹ ਨਿਯਮ ਹੀ ਬਣਾਇਆ ਹੋਇਆ ਹੈ ਕਿ ਰੋਜ਼ ਰਾਤ ਨੂੰ ਸਾਢੇ ਨੌਂ ਵਜੇ ਫੋਨ ਕਰਨਾ ਹੀ ਹੈ।ਪੰਜਾਬ ਵਿਚ ਸਵੇਰ ਦੇ ਸੱਤ ਵੱਜੇ ਹੁੰਦੇ ਹਨ।ਫੋਨ ਕਰਨ ਤੋਂ ਉਹ ਕਦੇ ਵੀ ਨਹੀਂ ਖੁੰਝਿਆ।ਜਦੋਂ ਅਸੀਂ ਹੋਟਲ ਪਹੁੰਚੇ ਤਾਂ ਰਾਤ ਦੇ ਬਾਰਾਂ ਵੱਜ ਚੁੱਕੇ ਸਨ।
ਅਕੇਰੀਅਮ ਦੇ ਸਾਹਮਣੇ ਇਕ ਖੁਬਸੂਰਤ ਦ੍ਰਿਸ਼ ਕੋਲ ਸਤਿੰਦਰ