ਉੱਤਮ ਵਿੱਦਿਆ ਲਈ ਕਿਹੜੀ ਭਾਸ਼ਾ ਮਾਧਿਅਮ ਹੋਵੇ :
"ਇਹ ਸਵੈ-ਸਿੱਧ ਹੈ ਕਿ ਬੱਚੇ ਲਈ ਸਿੱਖਿਆ ਦਾ ਸਭ ਤੋਂ ਵਧੀਆ ਮਾਧਿਅਮ ਉਸ ਦੀ ਮਾਤ ਭਾਸ਼ਾ ਹੈ। ਮਨੋਵਿਗਿਆਨਕ ਤੌਰ ਤੇ ਇਹ ਸਾਰਥਕੀ ਚਿੰਨ੍ਹਾਂ ਦੀ ਅਜਿਹੀ ਪ੍ਰਣਾਲੀ ਹੁੰਦੀ ਹੈ ਜੋ ਪ੍ਰਗਟਾਓ ਅਤੇ ਸਮਝ ਲਈ ਉਸਦੇ ਦਿਮਾਗ ਵਿਚ ਸਵੈਚਾਲੀ ਰੂਪ ਵਿਚ ਕੰਮ ਕਰਦੀ ਹੈ, ਸਮਾਜੀ ਤੌਰ ਤੇ ਜਿਸ ਜਨ-ਸਮੂਹ ਦੇ ਮੈਂਬਰਾਂ ਨਾਲ ਉਸ ਦਾ ਸਬੰਧ ਹੁੰਦਾ ਹੈ ਉਸ ਨਾਲ ਇਕਮਿਕ ਹੋਣ ਦਾ ਸਾਧਨ ਹੈ, ਸਿੱਖਿਆਵੀ ਤੌਰ ਤੇ ਉਹ ਮਾਤ ਭਾਸ਼ਾ ਰਾਹੀਂ ਇਕ ਅਣਜਾਣੇ ਭਾਸ਼ਾਈ ਮਾਧਿਅਮ ਨਾਲੋਂ ਤੇਜ਼ੀ ਨਾਲ ਸਿੱਖਦਾ ਹੈ।" (ਯੂਨੈਸਕੋ, 1953: 11)
"ਤਾਜ਼ਾ ਤਜ਼ਰਬਾ ਦੱਸਦਾ ਹੈ ਕਿ ਦੂਜੀ ਭਾਸ਼ਾ ਪੜ੍ਹਾਉਣ ਦਾ ਬਿਹਤਰ ਢੰਗ ਇਹੀ ਹੈ ਕਿ ਮਾਤ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਰੱਖਦੇ ਹੋਏ ਦੂਜੀ ਭਾਸ਼ਾ ਨੂੰ ਪਹਿਲਾਂ ਕੇਵਲ ਇਕ ਵਿਸ਼ੇ ਵਜੋਂ ਪੜ੍ਹਾਇਆ ਜਾਵੇ।" (ਯੂਨੈਸਕੋ 1968 : 691)
ਸਿੱਖਿਆ ਦੇ ਪਰਸੰਗ ਤੋਂ ਹੋਰ ਵੀ ਮਹੱਤਵਪੂਰਨ ਲੱਭਤ ਨਿਮਨ ਉਕਤੀ ਵਿਚ ਦਰਜ ਹੈ:
“Bokamla and Tlou (1977:45) report that in Ghana only 5 percent of all children who leave elementary school go on to secondary school. In Zaire, only 30 percent of the children who enter elementary school complete the first four grades. The authors attribute this to the inability to master the language of instruction.@ (Fasold, 1984:306)
ਅਤੇ ਨੈਤਿਕਤਾ ਦੇ ਪੱਖੋਂ ਵੀ :
“It must be obvious to all that the incomprehensible education is immoral : there can be no justification for assuming that the children will pick up the school language on their own.....@ (Spolsky, 1977:20)
ਸਭ ਤੋਂ ਮਹੱਤਵਪੂਰਨ ਉਕਤੀ ਹੇਠਲੀ ਹੈ:
“Children learn best when they are taught in their mother tongue, particularly in the early years. Experience in many countries shows that bilingual education, which combines instruction in the mother tongue with teaching in the dominant national language, can open educational and other opportunities. In the Philippines, students with proficiency in the two languages of the bilingual education policy (Tagalog and English) outperformed students who did not speak Tagalog at home. In Canada, students from the English-speaking majority in bilingual immersion programmes outperformed peers in traditional programmes of learning in the second language (French).
ਚੰਗੀ ਅੰਗਰੇਜ਼ੀ ਕਿਵੇਂ ਆਵੇ :
"ਇੰਜ ਮੋਦਿਆਨੇ (1968, 1973) ਦੀ ਮੈਕਸੀਕੋ ਵਿਚਲੀ ਖੋਜ ਸਕੁਨਤਨਾਬ-ਕਾਂਗਸ ਦੀ ਫਿਨਲੈਂਡ ਵਿਚਲੀ ਖੋਜ ਅਤੇ ਉਹਨਾਂ ਲਾਤੀਨੀ ਅਮਰੀਕੀ ਅਧਿਐਨ ਜਿਨ੍ਹਾਂ ਦਾ ਸਾਰ ਗੁਦਸ਼ਿੰਸਕੀ 1975) ਵਿਚ ਦਿੱਤਾ ਗਿਆ ਹੈ, ਦੇ ਨਤੀਜੇ ਮੈਨੂੰ ਇਕਸਾਰ ਲੱਗਦੇ ਹਨ। ਇਹਨਾਂ ਅਧਿਐਨਾਂ ਵਿਚ ਵਿਖਾਇਆ ਗਿਆ ਹੈ ਕਿ ਉਹਨਾਂ ਬੱਚਿਆਂ ਦਾ ਵੱਡਾ ਅਨੁਪਾਤ ਜੋ ਪਹਿਲਾਂ ਆਪਣੀ ਪੜ੍ਹਾਈ ਸਥਾਨਕ ਭਾਸ਼ਾ ਵਿਚ ਆਰੰਭ ਕਰਦੇ ਹਨ, ਆਪਣੀ ਮਾਤ ਭਾਸ਼ਾ ਵਿਚ ਸਾਖਰਤਾ ਦਾ ਵਿਕਾਸ ਕਰ ਲੈਂਦਾ ਹੈ ਅਤੇ ਵਿਸ਼ੇ ਅਤੇ ਦੂਜੀ ਭਾਸ਼ਾ ਤੇ ਉਹਨਾਂ ਬੱਚਿਆਂ ਨਾਲੋਂ ਬਿਹਤਰ ਮੁਹਾਰਤ ਹਾਸਲ ਕਰ ਲੈਂਦਾ ਹੈ ਜਿਹਨਾਂ ਨੂੰ ਕੇਵਲ ਦੂਜੀ ਭਾਸ਼ਾ ਵਿਚ ਪੜ੍ਹਾਇਆ ਜਾਂਦਾ ਹੈ।"
ਹੇਠਲੀਆਂ ਉਕਤੀਆਂ ਉਹਨਾਂ ਪਰਵਾਸੀਆਂ ਦੇ ਬੱਚਿਆਂ ਬਾਰੇ ਹਨ ਜਿਨ੍ਹਾਂ ਫਿਨਲੈਂਡ 'ਚੋਂ ਸਵੀਡਨ ਵਿਚ ਪਰਵਾਸ ਕੀਤਾ ਹੈ : "ਕਈ ਸਾਲ ਫਿਨਲੈਂਡ ਵਿਚ ਸਕੂਲ ਜਾਣ ਕਰਕੇ ਲਗਭਗ ਸਮੁੱਚੇ ਰੂਪ ਵਿਚ ਜਿੰਨੀ ਕਿਸੇ ਵਿਦਿਆਰਥੀ ਨੂੰ ਜਿਆਦਾ ਫਿਨੀਸ਼ੀ ਆਉæਂਦੀ ਸੀ ਉਨੀ ਹੀ ਉਹ ਬਿਹਤਰ ਸਵੀਡੀ ਸਿੱਖਦਾ ਸੀ। ਇੱਕੋ ਮਾਪਿਆਂ ਦੇ ਬੱਚਿਆਂ ਦੀ ਭਾਸ਼ਾਈ ਮੁਹਾਰਤ ਦੇ ਨਿਰੀਖਣ ਤੋਂ ਪਤਾ ਲੱਗਾ ਕਿ ਜੋ ਬੱਚੇ 10 ਸਾਲ ਦੀ ਔਸਤ ਉਮਰ ਤੇ ਫਿਨਲੈਂਡ ਵਿਚੋਂ ਆਏ ਉਹਨਾਂ ਨੇ ਫਿਨੀਸ਼ੀ ਦਾ ਆਮ ਪੱਧਰ ਵੀ ਨਹੀਂ ਗੁਆਇਆ ਅਤੇ ਉਹਨਾਂ ਸਵੀਡੀ ਵਿਚ ਵੀ ਸਵੀਡੀ ਬੱਚਿਆਂ ਦੇ ਬਰਾਬਰ ਦਾ ਭਾਸ਼ਾਈ ਪੱਧਰ ਹਾਸਲ ਕੀਤਾ। ਜੋ ਬੱਚੇ 6 ਸਾਲ ਤੋਂ ਘੱਟ ਉਮਰ ਵਿਚ ਆਏ ਜਾਂ ਜੋ ਸਵੀਡਨ ਵਿਚ ਹੀ ਪੈਦਾ ਹੋਏ ਸਨ, ਉਹਨਾਂ ਦੇ ਨਤੀਜੇ ਚੰਗੇ ਨਹੀਂ ਹਨ। ਉਹਨਾਂ ਦਾ ਸਵੀਡੀ ਭਾਸ਼ਾ ਵਿਚ ਵਿਕਾਸ ਲਗਭਗ 12 ਸਾਲ ਦੀ ਉਮਰ ਤੇ ਰੁਕ ਜਾਂਦਾ ਹੈ, ਕਿਉਂਕਿ ਸਪੱਸ਼ਟ ਹੈ ਕਿ ਉਹਨਾਂ ਦੀ ਮਾਤ-ਭਾਸ਼ਾ ਵਿਚ ਨੀਂਹ ਪੱਕੀ ਨਹੀਂ ਹੁੰਦੀ।" (ਪਾਲਸਟਨ 1977:92-3)
ਇਹ ਉਕਤੀ ਹੋਰ ਵੀ ਮਹੱਤਵਪੂਰਨ ਹੈ, "ਨਿਰੀਖਣ ਦੇ ਨਤੀਜਿਆ ਤੋਂ ਜਾਣੀ ਜਾਂਦੀ ਫਿਨੀਸ਼ੀ ਭਾਸ਼ਾ ਦੀ ਮੁਹਾਰਤ ਦਾ ਗਣਿਤ ਵਿਚ ਪ੍ਰਾਪਤ ਅੰਕਾਂ ਨਾਲ ਕਾਫ਼ੀ ਨੇੜਲਾ ਸਬੰਧ ਹੈ। ਸਵੀਡੀ ਨਾਲੋਂ ਫਿਨੀਸ਼ੀ ਗਣਿਤ ਵਿਚ ਪ੍ਰਾਪਤੀ ਲਈ ਵਧੇਰੇ ਮਹੱਤਵਪੂਰਨ ਲਗਦੀ ਹੈ, ਭਾਵੇਂ ਕਿ ਗਣਿਤ ਸਵੀਡੀ ਵਿਚ ਪੜ੍ਹਾਇਆ ਜਾਂਦਾ ਹੈ। ਨਤੀਜੇ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੇ ਹਨ ਕਿ ਗਣਿਤ ਵਿਚਲੀਆਂ ਸੰਕਲਪੀ ਪਰਕਿਰਿਆਵਾਂ ਲਈ ਮਾਤ ਭਾਸ਼ਾ ਦਾ ਅਮੂਰਤੀਕਰਨ ਪੱਧਰ ਮਹੱਤਵਪੂਰਨ ਹੈ। ਜੀਵ ਵਿਗਿਆਨ, ਰਸਾਇਣ ਵਿਗਿਆਨ ਅਤੇ ਭੌਤਿਕ ਵਿਗਿਆਨ ਵਿਚ ਵੀ ਸੰਕਲਪਾਵੀ ਸੋਚ ਦੀ ਲੋੜ ਹੁੰਦੀ ਹੈ ਅਤੇ ਇਹਨਾਂ ਵਿਸ਼ਿਆਂ ਵਿਚ ਆਪਣੀ ਮਾਤ-ਭਾਸ਼ਾ ਤੇ ਚੰਗੀ ਮੁਹਾਰਤ ਵਾਲੇ ਪਰਵਾਸੀ ਬੱਚੇ ਉਹਨਾਂ ਬੱਚਿਆਂ ਨਾਲੋਂ ਕਿਧਰੇ ਬਿਹਤਰ ਸਫਲਤਾ ਹਾਸਲ ਕਰਦੇ ਹਨ ਜਿਨ੍ਹਾਂ ਦੀ ਮਾਤ ਭਾਸ਼ਾ ਤੇ ਮੁਹਾਰਤ ਮਾੜੀ ਸੀ। (ਸੁਕਤਨਾਬ-ਕਾਂਗਸ ਅਤੇ ਤੂਨੋਮਾ 1976 (ਪਾਲਸਟਨ 1977 : 94 ਵਿਚ ਉਧਰਤ))।
ਵਿਯਨਸਤਰਾ (1968) ਦੇ ਹਾਲੈਂਡ ਵਿਚਲੇ ਇਕ ਫਰਿਸ਼ੀਅਨ ਭਾਸ਼ਾ ਵਾਲੇ ਇਲਾਕੇ ਦੇ ਵਿਦਿਆਰਥੀਆਂ ਦੇ ਅਧਿਐਨ ਦੇ ਨਤੀਜੇ ਹੋਰ ਵੀ ਹੈਰਾਨੀਜਨਕ ਹਨ। ਉਸਨੇ ਵੇਖਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਕੇਵਲ ਡੱਚ ਰਾਹੀਂ ਹੀ ਪੜ੍ਹਾਈ ਕੀਤੀ ਸੀ ਉਹਨਾਂ ਦੀ ਡੱਚ ਭਾਸ਼ਾ ਦਾ ਪੱਧਰ ਉਹਨਾਂ ਵਿਦਿਆਰਥੀਆਂ ਨਾਲੋਂ ਮਾੜਾ ਸੀ ਜਿਨ੍ਹਾਂ ਨੇ ਫਰਿਸ਼ੀਅਨ ਅਤੇ ਡੱਚ ਦੋਹਾਂ ਰਾਹੀਂ ਪੜ੍ਹਾਈ ਕੀਤੀ ਸੀ (ਫਰਿਸ਼ੀਅਨ ਹਾਲੈਂਡ ਵਿਚ ਇਕ ਛੋਟਾ ਜਿਹਾ ਇਲਾਕਾ ਹੈ)।
ਫਿਲੀਪੀਨ ਵਿਚਲੇ ਚਰਚਿਤ ਇਲੋਈਲੋ ਅਧਿਐਨ ਦੇ ਨਤੀਜੇ ਵੀ ਧਿਆਨ ਦੀ ਮੰਗ ਕਰਦੇ ਹਨ। ਇਸ ਅਧਿਐਨ ਵਿਚ ਬੱਚਿਆਂ ਦੇ ਇਕ ਗੁਰੱਪ ਨੂੰ ਦੋ ਸਾਲ ਲਈ ਮਾਤ ਭਾਸ਼ਾ ਰਾਹੀਂ ਪੜ੍ਹਾਇਆ ਗਿਆ ਅਤੇ ਫਿਰ ਅੰਗਰੇਜ਼ੀ ਰਾਹੀਂ। ਦੂਜੇ ਗਰੁੱਪ ਨੂੰ ਸ਼ੁਰੂ ਤੋਂ ਹੀ ਅੰਗਰੇਜ਼ੀ ਰਾਹੀਂ ਪੜ੍ਹਾਇਆ ਗਿਆ। ਪਹਿਲੇ ਗਰੁੱਪ ਦੀ ਕਾਰਗੁਜ਼ਾਰੀ ਸਮਾਜ ਵਿਗਿਆਨਾਂ, ਅੰਕਗਣਿਤ, ਸਾਖਰਤਾ ਅਤੇ ਵਿਅਕਤੀਤਵ ਸੰਕੇਤਾਂ ਦੇ ਦ੍ਰਿਸ਼ਟੀਕੋਣ ਤੋਂ ਬਿਹਤਰ ਸੀ।
ਵਿਸ਼ਵ ਭਰ ਵਿਚ ਹੋਏ ਅਧਿਐਨਾਂ ਦੇ ਸਿੱਟੇ ਅਤੇ ਇਸ ਮੁੱਦੇ ਤੇ ਪੇਸ਼ਾਵਰ ਵਿਦਵਾਨਾਂ ਦੀ ਸਰਬਸੰਮਤ ਰਾਇ ਇਹਨਾਂ ਧਾਰਨਾਵਾਂ ਲਈ ਅਟੱਲ ਸਬੂਤ ਪੇਸ਼ ਕਰਦੇ ਹਨ ਕਿ ਵਿਦੇਸ਼ੀ ਭਾਸ਼ਾ ਤੇ ਮੁਹਾਰਤ ਦੀ ਸਰਬੋਤਮ ਵਿਧੀ ਇਹੀ ਹੈ ਕਿ ਪਹਿਲਾਂ ਮਾਤ ਭਾਸ਼ਾ ਤੇ ਮੁਹਾਰਤ ਕੀਤੀ ਜਾਵੇ ਅਤੇ ਫਿਰ ਵਿਦੇਸ਼ੀ ਭਾਸ਼ਾ ਸਿੱਖੀ ਜਾਵੇ; ਗਿਆਨ ਦੇ ਕਿਸੇ ਖੇਤਰ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰਨ ਲਈ ਜਰੂਰੀ ਹੈ ਕਿ ਸਿੱਖਿਆ ਮਾਤ-ਭਾਸ਼ਾ ਵਿਚ ਹੋਵੇ ਅਤੇ ਦੂਜੀ ਭਾਸ਼ਾ ਰਾਹੀਂ ਸਿੱਖਿਆ ਗਿਆਨ ਪ੍ਰਾਪਤੀ ਦੇ ਰਾਹ ਵਿਚ ਰੁਕਾਵਟ ਹੈ; ਵਿਦੇਸ਼ੀ ਭਾਸ਼ਾ ਰਾਹੀਂ ਸਿੱਖਿਆ ਨਾਲ ਵਿਦਿਆਰਥੀ ਦੀ ਸ਼ਖਸੀਅਤ ਤੇ ਨਾਂਹ ਪੱਖੀ ਪ੍ਰਭਾਵ ਪੈਂਦੇ ਹਨ ਅਤੇ ਵਿਦੇਸ਼ੀ ਭਾਸ਼ਾ ਰਾਹੀਂ ਪੜ੍ਹਾਈ ਦੇ ਦੂਜੇ ਸਿਖਿਆਵੀ ਪ੍ਰਭਾਵ ਵੀ ਮਾੜੇ ਹਨ।
“In the United States Navajo students instructed throughout their primary school years in their first language (Navajo) as well as their second language (English) outperformed their Navajo-speaking peers educated only in English. (UNDP Report 2004:61)
ਪੰਜਾਬੀ ਭਾਸ਼ਾ ਦੀ ਸਮਰੱਥਾ :
"ਪੰਜਾਬੀ ਭਾਸ਼ਾ ਦੀ ਸ਼ਬਦ ਸ਼ਕਤੀ ਬਾਰੇ ਜੋ ਅਸੀਂ ਕਹਿਣ ਜਾ ਰਹੇ ਹਾਂ ਉਹ ਬਹੁਤ ਹੈਰਾਨ ਕਰਨ ਵਾਲਾ ਹੈ। ਹੈਰਾਨ ਕਰਨ ਵਾਲਾ ਇਸ ਲਈ ਕਿ ਇਹ ਆਮ ਧਾਰਨਾ ਤੋਂ ਬਿਲਕੁਲ ਉਲਟ ਹੈ। ਆਮ ਧਾਰਨਾ ਇਹ ਹੈ ਕਿ ਕੁਝ ਭਾਸ਼ਾਵਾਂ ਸ਼ਬਦਾਵਲੀ ਪੱਖੋਂ ਅਮੀਰ ਹਨ ਤੇ ਕੁਝ ਗਰੀਬ। ਪਰ ਇਹ ਧਾਰਨਾ ਇਕ ਅੰਧਵਿਸ਼ਵਾਸ ਹੀ ਹੈ, ਕਿਉਂਕਿ ਹਰ ਭਾਸ਼ਾ ਦੀ ਸ਼ਬਦ ਸਿਰਜਣ ਸਮਰੱਥਾ ਇਕੋ ਜਿਹੀ ਹੈ। ਇਸਦਾ ਕਾਰਨ ਇਹ ਹੈ ਕਿ ਕਿਸੇ ਵੀ ਭਾਸ਼ਾ ਦੀ ਸਾਰੀ ਸ਼ਬਦਾਵਲੀ ਧਾਤੂ (roots) ਅਤੇ ਵਧੇਤਰਾਂ (affixes) ਤੋਂ ਬਣੀ ਹੁੰਦੀ ਹੈ ਅਤੇ ਧਾਤੂ ਅਤੇ ਵਧੇਤਰਾਂ ਦੀ ਗਿਣਤੀ ਪੱਖੋਂ ਭਾਸ਼ਾਵਾਂ ਵਿਚ ਲਗਭਗ ਸਮਾਨਤਾ ਹੈ। (ਇਹ ਵੱਖਰੀ ਗੱਲ ਹੈ ਕਿ ਭਾਸ਼ਾਵਾਂ ਵਿਚ ਸ਼ਬਦ ਰਚਨਾ ਦੀਆਂ ਵਿਧੀਆਂ ਵਿਚ ਭਿੰਨਤਾ ਹੈ ਪਰ ਹਰ ਭਾਸ਼ਾ ਕੋਲ ਕਿਸੇ ਵੀ ਭਾਵ ਨੂੰ ਆਪਣੇ-ਆਪਣੇ ਢੰਗ ਨਾਲ ਪ੍ਰਗਟ ਕਰਨ ਦੀ ਸਮਰੱਥਾ ਹੈ। ਇਥੇ ਅੰਗਰੇਜ਼ੀ ਦੇ ਸ਼ਬਦ ਜਅਤਬਜਗਕ ਦੀ ਮਿਸਾਲ ਲਈ ਜਾ ਸਕਦੀ ਹੈ। ਅੰਗਰੇਜ਼ੀ ਦੇ ਇਸ ਇਕ ਸ਼ਬਦ ਰਾਹੀਂ ਪ੍ਰਗਟ ਕੀਤੇ ਸੰਕਲਪ ਨੂੰ ਪੰਜਾਬੀ ਵਿਚ ਦੋ ਸ਼ਬਦਾਂ 'ਪ੍ਰੇਰਿਤ ਕਰਨਾ' ਰਾਹੀਂ ਪ੍ਰਗਟ ਕੀਤਾ ਜਾ ਸਕਦਾ ਹੈ)।
ਮਿਸਾਲ ਲਈ ਅੰਗਰੇਜ਼ੀ ਦੇ ਨਿਮਨ ਧਾਤੂ 'Haem' ਤੋਂ 19 ਸ਼ਬਦ ਬਣੇ ਹਨ। ਕਿਹਾ ਜਾਵੇਗਾ ਕਿ ਪੰਜਾਬੀ ਵਿਚ ਇਹਨਾਂ ਲਈ ਸ਼ਬਦ ਨਹੀਂ ਹਨ, ਪਰ ਸੱਚ ਇਹ ਹੈ ਕਿ ਇਹ ਸਾਰੇ 19 ਸ਼ਬਦ ਇਕੱਲੇ ਧਾਤੂ 'Haem', ਜਿਸਦਾ ਅਰਥ 'ਰੱਤ' ਹੈ, ਤੋਂ ਬਣੇ ਹਨ। ਥੱਲੇ ਦਿੱਤੇ ਜਾ ਰਹੇ ਇਹਨਾਂ ਦੇ ਪੰਜਾਬੀ ਸਮਾਨਅਰਥੀ ਆਪ ਹੀ ਦੱਸ ਦੇਣਗੇ ਕਿ ਸਿਰਫ਼ ਕੁਝ ਮਿੰਟਾਂ ਵਿਚ ਹੀ ਇਹਨਾਂ ਦੇ ਤੁੱਲ ਪੰਜਾਬੀ ਸ਼ਬਦ ਬਣਾਏ ਜਾ ਸਕਦੇ ਹਨ:
Haem - ਰੱਤ, Haemacyte - ਰੱਤ ਕੋਸ਼ਕਾ, Haemagogue - ਰੱਤ ਵਗਾਊ, Haemal - ਰੱਤੂ/ਰੱਤਾਵੀ, Haemalopia - ਰੱਤੂ ਨੇਤਰ, Haemngiectasis - ਰੱਤਵਹਿਣੀ ਪਸਾਰ, Haemangioma - ਰੱਤ ਮਹੁਕਾ, Haemarthrosis - ਰੱਤ ਜੋੜ ਵਿਕਾਰ, Haematemesis - ਰੱਤ ਉਲਟੀ, Haematin - ਲੋਹ ਰੱਤੀਆ, Haematinic - ਰੱਤ ਵਰਧਕ, Haematinuria - ਰੱਤ ਮੂਤਰ, Haematocele - ਰੱਤ ਗਿਲਟੀ, Haematocolpos - ਰੱਤ ਗਰਭਰੋਧ, Haematogenesis - ਰੱਤ ਉਤਪਾਦਨ/ਵਿਕਾਸ, Haematoid - ਰੱਤਰੂਪ/ਰੰਗ, ਰੱਤੀਆ, Haematology - ਰੱਤ ਵਿਗਿਆਨ, Haematolysis - ਰੱਤ ਹਰਾਸ, Haematoma - ਰੱਤ ਗੰਢ।
ਇਹ 19 ਸ਼ਬਦ ਅੰਗਰੇਜ਼ੀ ਦੀ ਚਿਕਿਤਸਾ ਵਿਗਿਆਨ ਦੀ ਸ਼ਬਦਾਵਲੀ ਹੈ। ਦੁਨੀਆਂ ਦੀ ਕੋਈ ਸ਼ਾਇਦ ਕੋਈ ਹੀ ਭਾਸ਼ਾ ਹੋਵੇ ਜਿਸ ਵਿਚ ਰੱਤ, ਨੇਤਰ, ਗੰਢ, ਮਹੁਕਾ, ਜੋੜ, ਉਲਟੀ ਆਦਿ ਧਾਤੂ ਨਾ ਹੋਣ ਅਤੇ ਨਾਂਵ, ਵਿਸ਼ੇਸ਼ਣ ਜਾਂ ਕਿਰਿਆ ਬਣਾਉਣ ਦੀ ਵਿਧੀ ਨਾ ਹੋਵੇ। ਸੋ, ਦੁਨੀਆਂ ਦੀ ਕੋਈ ਵੀ ਭਾਸ਼ਾ ਸ਼ਬਦਾਵਲੀ ਪੱਖੋਂ ਵੀ ਅੰਗਰੇਜ਼ੀ ਜਿੰਨੀ ਹੀ ਅਮੀਰ ਹੈ।
ਪਾਠਕ ਖੁਦ ਸਹਿਜੇ ਹੀ ਅੰਦਾਜਾ ਲਾ ਸਕਦੇ ਹਨ ਕਿ ਉਪਰੋਕਤ 19 ਸ਼ਬਦਾਂ ਦੇ ਪੰਜਾਬੀ ਤੁੱਲ ਬਣਾਉਣ ਲਈ ਕਿੰਨਾ ਸਮਾਂ ਲੱਗਿਆ ਹੋਵੇਗਾ। McGrawHill ‘Dictionary of Scientific and Technical Terms* ਵਿਚ 1,15,000 ਇੰਦਰਾਜ ਹਨ। ਜੇ ਇਕ ਵਿਅਕਤੀ ਇਕ ਦਿਨ ਵਿਚ ਇਹਨਾਂ ਵਿਚੋਂ ਪੰਜ ਸ਼ਬਦਾਂ ਦੇ ਬਰਾਬਰ ਪੰਜਾਬੀ ਸ਼ਬਦ ਘੜੇ ਅਤੇ ਪ੍ਰਤੀ ਸ਼ਬਦ ਉਸਨੂੰ 500/-ਰੁਪਏ ਦਾ ਭੁਗਤਾਨ ਕੀਤਾ ਜਾਵੇ ਤਾਂ ਇਹ ਪੂਰੀ ਸ਼ਬਦਾਵਲੀ 50 ਵਿਅਕਤੀ 466 ਦਿਨਾਂ ਵਿਚ ਬਣਾ ਸਕਦੇ ਹਨ ਅਤੇ ਇਸ ਤੇ ਸਿਰਫ਼ 5 ਕਰੋੜ 75 ਲੱਖ ਰੁਪਏ ਖਰਚ ਆਵੇਗਾ। ਇਹ ਮਿਸਾਲ ਸਾਫ਼ ਕਰ ਦਿੰਦੀ ਹੈ ਕਿ ਜੋ ਪੰਜਾਬੀ ਵਿਚ ਵਿਗਿਆਨ ਆਦਿ ਦੀ ਪੜ੍ਹਾਈ ਲਈ ਸ਼ਬਦਾਵਲੀ ਜਾਂ ਸਮੱਗਰੀ ਦੀ ਅਣਹੋਂਦ ਦੀ ਅਕਸਰ ਦੁਹਾਈ ਦਿੱਤੀ ਜਾਂਦੀ ਹੈ ਉਹ ਕਿੰਨੀ ਕੁ ਵਾਜਬ ਹੈ। ਸ਼ਬਦਾਵਲੀ ਪੱਖੋਂ ਪੰਜਾਬੀ ਦੀ ਸਮਰੱਥਾ ਬਾਰੇ ਇਕ ਕਿੰਤੂ ਇਹ ਵੀ ਕੀਤਾ ਜਾਂਦਾ ਹੈ ਕਿ ਜੋ ਤਕਨੀਕੀ ਸ਼ਬਦਾਵਲੀ ਹੁਣ ਤੱਕ ਘੜੀ ਗਈ ਹੈ ਉਹ ਔਖੀ ਬਹੁਤ ਹੈ। ਪਰ Haemangioma 'ਰੱਤ ਮਹੁਕੇ' ਨਾਲੋਂ ਕਿਵੇਂ ਘੱਟ ਮੁਸ਼ਕਲ ਹੈ? ਹਾਂ, ਇੰਨੀਂ ਮੁਸ਼ਕਲ ਜ਼ਰੂਰ ਹੈ ਕਿ Haemangioma ਦੇ ਮੁਕਾਬਲੇ 'ਰੱਤ ਮਹੁਕਾ' ਉਸਦੀ ਸਮਝ ਵਿਚ ਵੀ ਆ ਜਾਂਦਾ ਹੈ ਜੋ ਅੰਗਰੇਜ਼ੀ ਸਕੂਲ ਤਾਂ ਕੀ ਸਕੂਲ ਵੀ ਨਹੀਂ ਗਿਆ।
ਪੰਜਾਬੀ ਦੀ ਸ਼ਬਦ ਸਮਰੱਥਾ ਦੀ ਸਭ ਤੋਂ ਵੱਡੀ ਮਿਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਪੰਜਾਬੀ ਦੀ ਸ਼ਬਦ ਸਿਰਜਣ ਸਮਰੱਥਾ ਜਿਵੇਂ ਤਦਭਵ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਹਮਣੇ ਆਉਂਦੀ ਹੈ, ਇਸ ਤੋਂ ਰੱਤੀ ਭਰ ਵੀ ਸੰਦੇਹ ਨਹੀਂ ਰਹਿ ਜਾਂਦਾ ਕਿ ਪੰਜਾਬੀ ਦੀ ਸ਼ਬਦ ਸਮਰੱਥਾ ਦੁਨੀਆਂ ਦੀ ਕਿਸੇ ਵੱਡੀ ਤੋਂ ਵੱਡੀ ਭਾਸ਼ਾ ਤੋਂ ਵੀ ਘੱਟ ਨਹੀਂ ਹੈ।
ਸੋ ਇੰਜ, ਇਸ ਨਿਰਣੇ 'ਤੇ ਪਹੁੰਚਿਆ ਜਾ ਸਕਦਾ ਹੈ ਕਿ ਜਿਥੋਂ ਤੱਕ ਭਾਸ਼ਾ ਦੀ ਬਣਤਰ ਦੇ ਅੰਦਰੂਨੀ ਸਿਰਜਣੇਈ ਅਮਲ ਦਾ ਸਬੰਧ ਹੈ, ਪੰਜਾਬੀ ਓਨੀ ਹੀ ਸਮਰੱਥ ਹੈ ਜਿੰਨੀ ਕੋਈ ਦੁਨੀਆਂ ਦੀ ਵੱਡੀ ਤੋਂ ਵੱਡੀ ਭਾਸ਼ਾ।
ਪੰਜਾਬੀ ਭਾਸ਼ਾ ਵਿਚ ਕੁਝ ਵਿਸ਼ੇਸ਼ ਪ੍ਰਕਾਰ ਦੇ ਗਿਆਨ ਸਾਹਿਤ ਅਤੇ ਸਮੱਗਰੀ ਦੀ ਘਾਟ ਨੇ ਵੀ ਅੰਗਰੇਜ਼ੀ ਦੇ ਹੱਕ ਵਿਚ ਅਧਾਰ ਤਿਆਰ ਕੀਤਾ ਹੈ। ਇਹ ਘਾਟ ਅਸਲ ਵਿਚ ਪੰਜਾਬੀ ਭਾਸ਼ਾ ਨੂੰ ਰਾਜ ਦੀ ਚੰਗੇਰੀ ਸਰਪ੍ਰਸਤੀ ਦੀ ਅਣਹੋਂਦ ਕਰਕੇ ਹੈ। ਥੋੜ੍ਹੀ ਜਿਹੀ ਇੱਛਾ ਸ਼ਕਤੀ ਨਾਲ ਅਤੇ ਬਹੁਤ ਥੋੜ੍ਹੇ ਸਾਧਨਾਂ ਨਾਲ ਇਹ ਘਾਟ ਸੌਖੇ ਹੀ ਦੂਰ ਕੀਤੀ ਜਾ ਸਕਦੀ ਹੈ।
ਅੰਗਰੇਜ਼ੀ ਰਾਹੀਂ ਚੰਗੇਰੇ ਰੁਜ਼ਗਾਰ ਨੇ ਵੀ ਅੰਗਰੇਜ਼ੀ ਭਾਸ਼ਾ ਦੇ ਹੱਕ ਵਿਚ ਹਵਾ ਬਣਾਈ ਹੈ। ਪਰ ਇਹ 'ਚੰਗੇਰੇ ਰੁਜ਼ਗਾਰ' ਨੂੰ ਅੰਗਰੇਜ਼ੀ ਅਧਾਰਤ ਬਣਾ ਦੇਣ ਕਰਕੇ ਹੈ। ਜੇ ਪੰਜਾਬ ਵਿਚ ਇਹ ਸਾਰੇ ਅੰਗਰੇਜ਼ੀ ਅਧਾਰਤ ਰੁਜ਼ਗਾਰ ਪੰਜਾਬੀ ਭਾਸ਼ਾ 'ਤੇ ਅਧਾਰਤ ਕਰ ਦਿੱਤੇ ਜਾਣ ਤਾਂ ਇਹ ਧਾਰਣਾ ਵੀ ਨਿਰਮੂਲ ਸਾਬਤ ਹੋ ਜਾਵੇਗੀ।
ਮਾਤ ਭਾਸ਼ਾ ਦੇ ਖੁਰ ਜਾਣ ਕਰਕੇ ਜੋ ਸਮਾਜਕ, ਸਭਿਆਚਾਰਕ ਅਤੇ ਸਿੱਖਿਆਵੀ ਨੁਕਸਾਨ ਹੋਇਆ ਹੈ ਅਤੇ ਹੋ ਸਕਦਾ ਹੈ ਇਸ ਪ੍ਰਤੀ ਵੀ ਪੰਜਾਬੀ ਜਨਸਮੂਹ ਨੂੰ ਸੁਚੇਤ ਕਰਨ ਦੀ ਜ਼ਰੂਰਤ ਹੈ। ਪੰਜਾਬ ਅਸੰਬਲੀ ਵਿਚ ਪੰਜਾਬੀ ਭਾਸ਼ਾ ਸਬੰਧੀ ਮਤੇ ਪਾਸ ਹੋਣ ਨਾਲ ਪੰਜਾਬੀ ਭਾਸ਼ਾ ਦੇ ਹੱਕ ਵਿਚ ਇਕ ਵਾਤਾਵਰਣ ਬਣਿਆ ਹੈ ਅਤੇ ਪੰਜਾਬੀ ਜਨਸਮੂਹ ਨੂੰ ਆਸ ਬੱਝੀ ਹੈ ਕਿ ਪੰਜਾਬੀ ਵਿਰੋਧੀ ਰੁਝਾਨ ਨੂੰ ਪੁੱਠਾ ਗੇੜਾ ਦਿੱਤਾ ਜਾ ਸਕਦਾ ਹੈ। ਇਸ ਲਈ ਇਹ ਮਤੇ ਪਾਸ ਕਰਨ ਲਈ ਸ਼ਿਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਸ਼ਲਾਘਾ ਕਰਨੀ ਬਣਦੀ ਹੈ।
ਭਾਸ਼ਾ ਦੇ ਸੁਆਲ ਬਾਰੇ ਕੁਝ ਹੋਰ ਅਹਿਮ ਨੁਕਤੇ :
1. ਆਮ ਤੌਰ 'ਤੇ ਕੋਈ ਚਾਰ ਸਾਲ ਦੀ ਉਮਰ ਵਿਚ ਬੱਚਾ ਸਕੂਲੀ ਸਿੱਖਿਆ ਵਿਚ ਸਭ ਤੋਂ ਪਹਿਲਾਂ ਸ਼ਾਮਲ ਹੁੰਦਾ ਹੈ। ਇਸ ਸਮੇਂ ਤੱਕ ਉਹ ਆਪਣੀ ਮਾਤ ਭਾਸ਼ਾ ਦੀਆਂ ਮੁਢਲੀਆਂ ਵਿਆਕਰਣਕ ਬਣਤਰਾਂ ਅਤੇ ਕਾਫ਼ੀ ਸ਼ਬਦਾਵਲੀ ਆਪਣੇ ਗਿਆਨ ਭੰਡਾਰ ਵਿਚ ਸ਼ਾਮਲ ਕਰ ਚੁੱਕਾ ਹੈ। ਸਿੱਖਿਆ ਦੇ ਆਰੰਭ ਲਈ ਇਹ ਇਕ ਬਹੁਮੁੱਲਾ ਅਤੇ ਅਤੁੱਲ ਆਧਾਰ ਹੈ। ਇਸ ਆਧਾਰ ਵੱਲ ਪਿੱਠ ਕਰਕੇ ਅਤੇ ਦੂਜੀ ਭਾਸ਼ਾ ਵਿਚ ਸਿੱਖਿਆ ਆਰੰਭ ਕਰਕੇ ਚਾਰ ਸਾਲਾਂ ਦਾ ਕੀਮਤੀ ਮਨੁੱਖੀ ਸਮਾਂ ਅਤੇ ਸਰੋਤਾਂ ਨੂੰ ਖੇਹ ਕਰਨਾ ਕਿਸੇ ਤਰ੍ਹਾਂ ਵੀ ਵਿਦਵਤਾ ਜਾਂ ਸਿਆਣਪ ਦਾ ਸਬੂਤ ਨਹੀਂ ਹੋ ਸਕਦਾ।
2. ਹਰ ਭਾਸ਼ਾ ਦਾ ਇਕ ਸਮਾਜਿਕ-ਸਭਿਆਚਾਰਕ ਪਰਸੰਗ ਹੁੰਦਾ ਹੈ ਅਤੇ ਭਾਸ਼ਾਈ ਇਕਾਈਆਂ ਇਸ ਪਰਸੰਗ ਵਿਚ ਹੀ ਅਰਥ ਹਾਸਲ ਕਰਦੀਆਂ ਹਨ ਅਤੇ ਅਰਥ-ਭਰਪੂਰ ਹੁੰਦੀਆਂ ਹਨ। ਕਿਸੇ ਅਜਿਹੀ ਭਾਸ਼ਾ ਰਾਹੀਂ ਸਿੱਖਿਆ ਦੇਣਾ ਜਿਸਦਾ ਸਮਾਜਿਕ ਪਰਸੰਗ ਸਿਖਿਆਰਥੀ ਨੂੰ ਹਾਸਲ ਨਹੀਂ ਹੈ, ਉਸ ਭਾਸ਼ਾ ਨੂੰ ਅਪਾਰਦਰਸ਼ੀ ਬਣਾ ਦਿੰਦਾ ਹੈ ਅਤੇ ਸਿਖਿਆਵੀ ਅਤੇ ਗਿਆਨਗਤ ਟੀਚਿਆਂ ਨੂੰ ਹਾਸਲ ਕਰਨ ਵਿਚ ਵੱਡੀ ਰੋਕ ਬਣਦਾ ਹੈ।
3. ਮਾਤ ਭਾਸ਼ਾ ਤੋਂ ਇਲਾਵਾ ਦੂਜੀ ਭਾਸ਼ਾ ਬਣਤਰ ਦੇ ਰੂਪ ਵਿਚ ਵੀ ਅਪਾਰਦਰਸ਼ੀ ਹੁੰਦੀ ਹੈ ਅਤੇ ਵਿਦਿਆਰਥੀ ਦੀ ਮਾਨਸਿਕਤਾ 'ਤੇ ਵੱਡਾ ਬੋਝ ਬਣਦੀ ਹੈ। ਮਿਸਾਲ ਲਈ ਪੰਜਾਬੀ ਦੇ 'ਅਸੰਭਵ' ਸ਼ਬਦ ਨੂੰ ਸਿਖਿਆਰਥੀ ਸਹਿਜ ਰੂਪ ਵਿਚ ਹੀ 'ਅ' ਅਤੇ 'ਸੰਭਵ' ਦੇ ਯੋਗ ਵਜੋਂ ਗ੍ਰਹਿਣ ਕਰ ਸਕਦਾ ਹੈ, ਪਰ ਇਹ ਗੱਲ ਅੰਗਰੇਜ਼ੀ ਦੇ 'ਜਠਬਰਤਤਜਲ;ਕ' ਸ਼ਬਦ ਬਾਰੇ ਨਹੀਂ ਕਹੀ ਜਾ ਸਕਦੀ। ਵਿਗਿਆਨ ਦੀ ਤਕਨੀਕੀ ਸ਼ਬਦਾਵਲੀ ਨੂੰ ਗ੍ਰਹਿਣ ਕਰਨ ਲਈ ਇਹ ਬਣਤਰੀ ਪਾਰਦਰਸ਼ਤਾ/ਅਪਾਰਦਰਸ਼ਤਾ ਅਤਿਅੰਤ ਮਹੱਤਵਪੂਰਨ ਹੈ।
4. ਦੂਜੀ ਭਾਸ਼ਾ ਵਿਚ ਸਿੱਖਿਆ ਮਾਧਿਅਮ ਅਤੇ ਸਿਖਿਆਰਥੀ ਵਿਚਕਾਰ, ਸਿੱਖਿਆਕਾਰ ਅਤੇ ਸਿਖਿਆਰਥੀ ਵਿਚਕਾਰ, ਸਕੂਲ ਅਤੇ ਸਿਖਿਆਰਥੀ ਵਿਚਕਾਰ, ਅਤੇ ਵਿਸ਼ੇ ਅਤੇ ਸਿਖਿਆਰਥੀ ਵਿਚਕਾਰ ਇਕ ਕੰਧ ਬਣ ਜਾਂਦੀ ਹੈ। ਇਸਦਾ ਨਤੀਜਾ ਸਿਖਿਆਰਥੀ ਦੇ ਅਲਗਾਵ ਵਿਚ ਨਿਕਲਦਾ ਹੈ ਅਤੇ ਸਿਖਿਆਰਥੀ ਪੂਰੀ ਸਿੱਖਿਆ ਪਰਣਾਲੀ ਪ੍ਰਤੀ ਹੀ ਤਅੱਸਬਾਂ ਨਾਲ ਭਰਿਆ ਜਾਂਦਾ ਹੈ। ਇਹ ਜਿੱਥੇ ਸਿਖਿਆਵੀ ਟੀਚਿਆਂ ਨੂੰ ਹਾਸਲ ਕਰਨ ਵਿਚ ਸਮੱਸਿਆ ਬਣਦਾ ਹੈ ਉਥੇ ਸਿਖਿਆਰਥੀ ਦੀ ਸ਼ਖ਼ਸ਼ੀਅਤ ਨੂੰ ਵੀ ਨਾਂਹ ਵਾਚੀ ਤੱਤਾਂ ਨਾਲ ਭਰਦਾ ਹੈ। ਨਤੀਜੇ ਵਜੋਂ, ਇਹ ਸਿਖਿਆਰਥੀ ਦੀ ਸਮਾਜਿਕ ਉਪਯੋਗਤਾ ਵਿਚ ਵੀ ਰੋੜਾ ਬਣਦਾ ਹੈ।
5. ਦੁਨੀਆਂ ਵਿਚ ਅਨੇਕਾਂ ਅਜਿਹੇ ਗ਼ੈਰ-ਅੰਗਰੇਜ਼ੀ ਭਾਸ਼ੀ ਦੇਸ਼ ਹਨ ਜਿਨ੍ਹਾਂ ਦੀ ਸਰਕਾਰੀ ਜਾਂ ਸਿੱਖਿਆ ਦੀ ਭਾਸ਼ਾ ਕੇਵਲ ਅੰਗਰੇਜ਼ੀ ਹੈ। ਇਹ ਦੇਸ਼ ਹਨ - ਜਮਾਇਕਾ, ਗੁਆਇਨਾ, ਕੀਨੀਆ, ਨਾਈਜੀਰੀਆ, ਫਿਜ਼ੀ, ਕਿਰੀਬਾਟੀ, ਪਾਪੂਆ ਨਿਊ ਗਿਨੀ, ਟੌਗਾ, ਸੋਲੋਮਨ ਦੀਪ, ਵੁਨੂਆਤੂ ਅਤੇ ਪੱਛਮੀ ਸਮੋਆ। ਇਹਨਾਂ ਦੇਸ਼ਾਂ ਨੇ ਅੰਗਰੇਜ਼ੀ ਦੇ ਆਧਾਰ 'ਤੇ ਦੁਨੀਆਂ ਭਰ ਵਿਚ ਜੋ ਸਿੱਕਾ ਜਮਾਇਆ ਹੈ ਉਹ ਸਭ ਭਲੀ ਭਾਂਤ ਜਾਣਦੇ ਹਨ।
6. ਅੰਗਰੇਜ਼ੀ ਦੀ ਲੋੜ ਮਹਿਸੂਸ ਕਰਦਿਆਂ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅੰਗਰੇਜ਼ੀ ਦੇ ਵਿਸ਼ਵ ਭਾਸ਼ਾ ਹੋਣ ਦੇ ਦਾਅਵੇ ਇੰਨੇ ਠੋਸ ਨਹੀਂ ਹਨ ਜਿਵੇਂ ਸਾਨੂੰ ਇਥੇ ਸ਼ੰਭੂ ਤੋਂ ਵਾਘੇ ਵਿਚਕਾਰ ਬੈਠਿਆਂ ਲਗਦਾ ਹੈ। ਲਗਭਗ ਪੂਰਾ ਲੈਟਿਨ ਅਮਰੀਕਾ ਸਪੇਨੀ ਬੋਲਦਾ ਹੈ। ਗਿਣਤੀ ਪੱਖੋਂ ਚੀਨੀ ਭਾਸ਼ਾ ਦੇ ਬੁਲਾਰੇ ਸਭ ਤੋਂ ਵੱਧ ਹਨ। ਕੋਈ ਸਾਢੇ ਚਾਰ ਦੇਸ਼ਾਂ ਦੇ ਨਾਗਰਿਕਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਹੈ ਅਤੇ ਇਹਨਾਂ ਦੀ ਆਬਾਦੀ ਕੇਵਲ ਪੈਂਤੀ (35) ਕਰੋੜ ਬਣਦੀ ਹੈ। ਬਹੁਤੇ ਦੇਸ਼ਾਂ ਵਿਚ ਜਿਥੇ ਲੋਕ ਅੰਗਰੇਜ਼ੀ ਜਾਣਦੇ ਵੀ ਹਨ, ਅੰਗਰੇਜ਼ੀ ਵਿਚ ਗੱਲ ਕਰਨਾ ਪਸੰਦ ਨਹੀਂ ਕਰਦੇ। ਮੈਨੂੰ ਖੁਦ ਫਰਾਂਸ ਦੇ ਚੌਥੇ-ਪੰਜਵੇਂ ਨੰਬਰ ਦੇ ਵੱਡੇ ਸ਼ਹਿਰ ਬੋਖਦੋਖ ਵਿਚ ਚਾਰ ਘੰਟੇ ਰੇਲਵੇ ਸਟੇਸ਼ਨ 'ਤੇ ਖੜ੍ਹੇ ਰਹਿਣਾ ਪਿਆ ਕਿਉਂਕਿ ਕਿਸੇ ਨੇ ਮੇਰੇ ਨਾਲ ਅੰਗਰੇਜ਼ੀ ਵਿਚ ਗੱਲ ਨਹੀਂ ਕੀਤੀ। ਯੂਰਪੀ ਯੂਨੀਅਨ ਨੇ ਅੰਗਰੇਜ਼ੀ ਅਤੇ ਫਰਾਂਸੀਸੀ ਦੋਹਾਂ ਭਾਸ਼ਾਵਾਂ ਨੂੰ ਆਪਣੀਆਂ ਦਫ਼ਤਰੀ ਭਾਸ਼ਾਵਾਂ ਮੰਨਿਆ ਹੈ। ਇਥੋਂ ਤੱਕ ਕਿ ਭਾਰਤ ਵਿਚ ਵੀ ਅੰਗਰੇਜ਼ੀ ਬੋਲਣ-ਸਮਝਣ ਵਾਲਿਆਂ ਦੀ ਗਿਣਤੀ 2-3 ਪ੍ਰਤੀਸ਼ਤ ਤੋਂ ਜ਼ਿਆਦਾ ਨਹੀਂ ਹੈ ਅਤੇ ਮੈਂ ਨਹੀਂ ਸਮਝਦਾ ਕਿ 2050 ਤੱਕ ਭਾਰਤ ਦੇ 15-20 ਪ੍ਰਤੀਸ਼ਤ ਤੋਂ ਜ਼ਿਆਦਾ ਵਿਅਕਤੀ ਇਹ ਸਮਰੱਥਾ ਹਾਸਲ ਕਰ ਲੈਣਗੇ।
7. ਅੰਗਰੇਜ਼ੀ ਸਾਨੂੰ ਪਹਿਲੇ ਦਰਜੇ ਦੇ ਦੇਸ਼ਾਂ ਦੀ ਕਤਾਰ ਵਿਚ ਲਿਆ ਖੜ੍ਹਾ ਕਰੇਗੀ ਜਾਂ ਅੰਗਰੇਜ਼ੀ ਤੋਂ ਬਿਨਾਂ ਇਸ ਦਰਜੇ ਤੱਕ ਨਹੀਂ ਪਹੁੰਚਿਆ ਜਾ ਸਕਦਾ, ਇਹ ਖ਼ਿਆਲ ਵੀ ਥੋੜ੍ਹਾ ਵਧੇਰੇ ਧਿਆਨ ਦੀ ਮੰਗ ਕਰਦਾ ਹੈ। ਚੀਨ ਅਤੇ ਜਪਾਨ ਨਾਲੋਂ ਅੰਗਰੇਜ਼ੀ ਪੱਖੋਂ ਅਸੀਂ ਜ਼ਰੂਰ ਅੱਗੇ ਹਾਂ, ਪਰ ਜੋ ਸਾਡੀ ਥਾਂ ਹੈ ਇਹ ਸਭ ਨੂੰ ਪਤਾ ਹੈ। ਉਤੇ ਅਸੀਂ ਗ਼ੈਰ-ਅੰਗਰੇਜ਼ੀ ਭਾਸ਼ੀ ਅੰਗਰੇਜ਼ੀ ਦੇਸ਼ਾਂ ਦੇ ਸਥਾਨ ਵੱਲ ਪਹਿਲਾਂ ਹੀ ਸੰਕੇਤ ਕਰ ਆਏ ਹਾਂ।
8. ਅੱਜ ਚਾਰੇ ਪਾਸੇ ਇਹੀ ਧਾਰਨਾ ਹੈ ਕਿ ਸਾਡੇ ਸਿੱਖਿਆ ਦੇ ਖੇਤਰ ਵਿਚ ਬਹੁਤ ਗਿਰਾਵਟ ਆ ਗਈ ਹੈ ਅਤੇ ਆ ਰਹੀ ਹੈ। ਪਰ ਅੰਗਰੇਜ਼ੀ ਮਾਧਿਅਮ ਸਕੂਲ ਅਤੇ ਅੰਗਰੇਜ਼ੀ ਬੋਲਣ ਵਾਲਿਆਂ ਵਿਚ ਤਾਂ ਚਿਰੋਕਣਾ ਵਾਧਾ ਹੋ ਰਿਹਾ ਹੈ। ਕਿਧਰੇ ਸਾਡੀ ਗਿਰਾਵਟ ਦਾ ਇਕ ਕਾਰਨ ਅੰਗਰੇਜ਼ੀ ਤਾਂ ਨਹੀਂ। ਫਿਰ ਭਾਰਤ ਵਿਚ ਵਿਗਿਆਨ ਦੀ ਉਚੇਰੀ ਪੜ੍ਹਾਈ ਦਾ ਮਾਧਿਅਮ ਤਾਂ ਅੰਗਰੇਜ਼ੀ ਹੀ ਰਿਹਾ ਹੈ। ਕੀ ਵਜ੍ਹਾ ਹੈ ਕਿ ਅਸੀਂ ਦੁਨੀਆਂ ਦੇ ਬਰਾਬਰ ਦਾ ਉੱਚ-ਤਕਨਾਲੋਜੀ ਦਾ ਸਮਾਨ ਤਿਆਰ ਨਹੀਂ ਕਰ ਸਕੇ?
9. ਗਲੋਬਲੀ ਭਾਸ਼ਾ ਸਮਾਜਕ-ਆਰਥਕ ਵਿਕਾਸ ਵਿਚ ਕੋਈ ਢੇਰ ਵਾਧਾ ਕਰੇਗੀ, ਇਹ ਵਿਚਾਰ ਵੀ ਧਿਆਨ ਦੀ ਮੰਗ ਕਰਦਾ ਹੈ। ਭਾਰਤ ਵਿਚ ਇਕ ਵੇਲੇ ਸੰਸਕ੍ਰਿਤ ਹੀ ਗਿਆਨ-ਵਿਗਿਆਨ ਅਤੇ ਸਿੱਖਿਆ ਦੀ ਭਾਸ਼ਾ ਸੀ ਅਤੇ ਇਸਦੀ ਪਹੁੰਚ ਭਾਰਤ ਦੀਆਂ ਚੌਹੀਂ ਗੁੱਠੀਂ ਸੀ। ਵਿਕਾਸ ਦੀ ਰਫ਼ਤਾਰ ਕੀ ਸੀ, ਇਹ ਹਿੰਦੂ-ਵਿਕਾਸ-ਦਰ ਨਾਲ ਜਾਣਿਆ ਜਾਂਦਾ ਹੈ। ਵੀਹਵੀਂ ਸਦੀ ਵਿਚ ਸਥਾਨਕ ਭਾਸ਼ਾਵਾਂ ਦਾ ਰਾਜਸੀ ਪੱਧਰ 'ਤੇ ਉਦੈ ਹੁੰਦਾ ਹੈ ਅਤੇ ਇਹ ਗਿਆਨ-ਵਿਗਿਆਨ ਅਤੇ ਸਿੱਖਿਆ ਦੀਆਂ ਭਾਸ਼ਾਵਾਂ ਬਣਦੀਆਂ ਹਨ। ਵੀਹਵੀਂ ਸਦੀ ਦੇ ਭਾਰਤ ਦੀ ਵਿਕਾਸ ਦਰ ਅਤੇ ਪਹਿਲੀ ਸੰਸਕ੍ਰਿਤ-ਕਾਲ ਦੀ ਕਈ ਸਦੀਆਂ ਦੀ ਵਿਕਾਸ ਦਰ ਦਾ ਮੁਕਾਬਲਾ ਕਰਕੇ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਤਥਾਕਥਿਤ ਗਲੋਬਲੀ ਭਾਸ਼ਾ ਕਿੰਨੀ ਕੁ ਤਾਕਤ ਬਖਸ਼ ਸਕਦੀ ਹੈ।
ਸੰਸਕ੍ਰਿਤ ਨੂੰ ਦੂਜੇ ਨਜ਼ਰੀਏ ਤੋਂ ਵੀ ਵੇਖਿਆ ਜਾ ਸਕਦਾ ਹੈ। ਇਹ ਕਿਸ ਨੂੰ ਭੁੱਲਿਆ ਹੈ ਕਿ ਕਿਸੇ ਵੇਲੇ ਭਾਰਤ ਵਿਚ ਸੰਸਕ੍ਰਿਤ ਭਾਸ਼ਾ ਰਾਹੀਂ ਕਿੰਨੇ ਉੱਚੇ ਪੱਧਰ ਦੀ ਗਿਆਨ ਵਿਗਿਆਨ ਦੀ ਸਿੱਖਿਆ ਹੁੰਦੀ ਸੀ ਅਤੇ ਵਿਕਾਸ ਵੀ ਹੋਇਆ ਸੀ। ਜੇ ਉਦੋਂ ਇਹ ਸਭ ਕਾਸ ਅੰਗਰੇਜ਼ੀ ਤੋਂ ਬਿਨਾਂ ਹੋ ਗਿਆ ਸੀ ਤਾਂ ਅੱਜ ਸਾਡੀਆਂ ਭਾਸ਼ਾਵਾਂ ਨੂੰ ਕੀ ਲਕਵਾ ਮਾਰ ਗਿਆ ਹੈ।
ਗਲੋਬਲੀ ਭਾਸ਼ਾ ਦੇ ਪਰਸੰਗ ਤੋਂ ਯੂਰਪ ਨੂੰ ਵੀ ਵਿਚਾਰ ਲਿਆ ਜਾਣਾ ਚਾਹੀਦਾ ਹੈ। ਜਦੋਂ ਤੋਂ ਯੂਰਪ ਤੋਂ ਉਸ ਸਮੇਂ ਦੀਆਂ ਯੂਰਪੀ ਗਲੋਬਲੀ ਲਾਤੀਨੀ, ਰੋਮਨ ਅਤੇ ਯੂਨਾਨੀ ਭਾਸ਼ਾਵਾਂ ਦੀ ਜਕੜ ਟੁੱਟੀ ਹੈ ਉਦੋਂ ਤੋਂ ਹੀ ਯੂਰਪ ਵਿਚ ਹਰ ਤਰ੍ਹਾਂ ਦੀਆਂ ਗਿਆਨ, ਵਿਗਿਆਨ ਅਤੇ ਸਮਾਜਕ ਕ੍ਰਾਂਤੀਆਂ ਹੋਈਆਂ ਹਨ। ਹੁਣ ਤੱਕ ਵੀ ਫਰਾਂਸ, ਜਰਮਨੀ ਅਤੇ ਬਾਕੀ ਗ਼ੈਰ-ਅੰਗਰੇਜ਼ੀ ਯੂਰਪੀ ਦੇਸ਼ ਆਪਣੀਆਂ ਭਾਸ਼ਾਵਾਂ ਦੇ ਬਲਬੂਤੇ ਹੀ ਆਪਣੀ ਥਾਂ ਬਣਾਈ ਬੈਠੇ ਹਨ।
10. ਇਹ ਵੀ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਅੰਗਰੇਜ਼ੀ ਦੀ ਜਾਣਕਾਰੀ ਨਾਲ ਭਲਾ ਹੋ ਰਿਹਾ ਹੈ ਜਾਂ ਇਸਦੀ ਜਾਣਕਾਰੀ ਸਾਨੂੰ ਡੋਬ ਰਹੀ ਹੈ। ਇਸ ਅੰਗਰੇਜ਼ੀ ਨੇ ਹੀ ਸਾਡੀ ਪ੍ਰਤਿਭਾ ਦੇ ਅਤਿਅੰਤ ਵੱਡੇ ਹਿੱਸੇ ਨੂੰ ਦਿਮਾਗੀ ਨਾਲੇ ਵਿਚ ਹੜ ਛੱਡਿਆ ਹੈ। ਭਾਰਤੀ ਨਾਗਰਿਕਾਂ ਨੇ ਭੁੱਖੇ ਰਹਿ ਕੇ ਇਸ ਪ੍ਰਤਿਭਾ ਦਾ ਆਪਣੀਆਂ ਸਿੱਖਿਆ ਸੰਸਥਾਵਾਂ ਵਿਚ ਪਾਲਣ ਪੋਸਣ ਕੀਤਾ ਹੈ, ਪਰ ਉਹਨਾਂ ਦੀ ਵੱਡੀ ਕਮਾਈ ਸਾਡੀਆਂ ਕਬਰਾਂ ਪੁੱਟਣ ਵਾਲੇ ਖਾ ਰਹੇ ਹਨ। ਸ਼ਾਇਦ ਚੀਨ ਇਸੇ ਕਰਕੇ ਹੀ ਬਚਿਆ ਹੈ ਅਤੇ ਅੱਗੇ ਲੰਘ ਗਿਆ ਹੈ।
11. ਤਕਨਾਲੋਜੀ ਦੇ ਪ੍ਰਸ਼ਨ ਵੱਲ ਵੀ ਜਾਈਏ ਤਾਂ ਕੋਈ ਡੇਢ ਸੌ ਸਾਲ ਪਹਿਲਾਂ ਭਾਰਤੀ ਇਸਪਾਤ ਦੇ ਭੇਦ ਅਤੇ ਢਾਕੇ ਦੀ ਮਖ਼ਮਲ ਨੂੰ ਦੁਨੀਆਂ ਤਰਸਦੀ ਸੀ। ਚਿਕਿਤਸਾ ਵਿਗਿਆਨ ਵਿਚ ਵੀ ਸ਼ਾਇਦ ਹੀ ਆਪਣਾ ਕੋਈ ਸਾਨੀ ਸੀ। ਇਹੀ ਗੱਲ ਸਾਡੇ ਪੁਰਾਤਨ ਦਰਸ਼ਨ ਸ਼ਾਸਤਰ ਅਤੇ ਭਾਸ਼ਾਈ ਅਧਿਐਨਾਂ ਬਾਰੇ ਵੀ ਸਹੀ ਹੈ। ਜੇ ਉਦੋਂ ਇਹ ਸਭ ਅੰਗਰੇਜ਼ੀ ਬਿਨਾਂ ਸੰਭਵ ਸੀ ਤਾਂ ਹੁਣ ਕਿਉਂ ਨਹੀਂ?
12. ਕੇਵਲ ਗਿਆਨ ਸਿਰਜਣਾ ਹੀ ਸਿੱਖਿਆ ਦਾ ਟੀਚਾ ਨਹੀਂ ਹੈ। ਇਸਦਾ ਪਸਾਰ ਵੀ ਓਨਾ ਹੀ ਮਹੱਤਵਪੂਰਨ ਹੈ। ਕੀ ਅਸੀਂ ਅੰਗਰੇਜ਼ੀ ਨੂੰ ਆਪਣਾ ਘਰ ਸੰਭਾਲ ਕੇ ਪੰਜਾਬੀ ਲੋਕ-ਸਮੂਹ ਵਿਚ ਗਿਆਨ-ਵਿਗਿਆਨ ਦੇ ਪਸਾਰ ਦੇ ਦਰਵਾਜ਼ੇ ਬੰਦ ਨਹੀਂ ਕਰ ਰਹੇ? ਕੀ ਬਹੁਤੇ ਜਨ-ਸਮੂਹ ਦਾ ਗਿਆਨ-ਵਿਗਿਆਨ ਦੀ ਧਾਰਾ 'ਚੋਂ ਬਾਹਰ ਹੋ ਜਾਣਾ ਇਸਦੇ ਸਿਰਜਣ ਨੂੰ ਵੀ ਖੋਰਾ ਨਹੀਂ ਲਾਏਗਾ। ਗਿਣਤੀ 'ਚੋਂ ਹੀ ਅਕਸਰ ਗੁਣਤਾ ਪੈਦਾ ਹੁੰਦੀ ਹੈ। ਵਿਕਸਿਤ ਦੇਸ਼ਾਂ ਵਿਚ ਗਿਆਨ-ਵਿਗਿਆਨ ਦੇ ਵਾਧੇ ਨੂੰ ਤਾਂ ਆਪਾਂ ਵੇਖਦੇ ਹਾਂ ਪਰ ਉਥੇ ਇਸ ਪਰਕਿਰਿਆ ਵਿਚ ਲੱਗੇ ਜਨ-ਸਮੂਹ ਦੀ ਗਿਣਤੀ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਬਰਤਾਨੀਆ ਦੀ ਆਬਾਦੀ ਸਾਡੇ ਨਾਲੋਂ ਅੱਠਵਾਂ ਹਿੱਸਾ ਵੀ ਨਹੀਂ ਹੈ, ਪਰ ਉਥੇ ਯੂਨੀਵਰਸਿਟੀਆਂ ਸਾਡੇ ਜਿੰਨੀਆਂ ਹੀ ਹਨ। ਅੰਗਰੇਜ਼ੀ ਨੂੰ ਹੀ ਗਿਆਨ-ਵਿਗਿਆਨ ਦੀ ਭਾਸ਼ਾ ਬਣਾ ਕੇ ਅਤੇ ਬਹੁਤੇ ਜਨ-ਸਮੂਹ ਨੂੰ ਇਸ ਧਾਰਾ ਤੋਂ ਵਾਂਝਿਆਂ ਰੱਖਕੇ ਕੀ ਅਸੀਂ ਆਪਣੀ ਬਹੁਮੱਤ ਆਬਾਦੀ ਨੂੰ ਫਿਰ ਸਭਿਅਤਾ ਦੇ ਕਾਲ ਤੋਂ ਪਿਛਾਂਹ ਲੈ ਜਾਣਾ ਚਾਹੁੰਦੇ ਹਾਂ?
13. ਇਹ ਤੈਅ ਹੈ ਕਿ ਮਨੁੱਖ ਦੀ ਸੰਚਾਰਗਤ ਸਮਰੱਥਾ ਆਪਣੀ ਮਾਤ ਭਾਸ਼ਾ ਵਿਚ ਹੀ ਉੱਚੀਆਂ ਸਿਖਰਾਂ ਛੂਹ ਸਕਦੀ ਹੈ। ਕੀ ਮੱਧ-ਵਰਗ ਆਪਣੇ ਬੱਚਿਆਂ ਨੂੰ ਮੁੱਢ ਤੋਂ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਭੇਜ ਕੇ ਅਤੇ ਉਹਨਾਂ ਨੂੰ ਮਾਤ ਭਾਸ਼ਾ ਵਿਚ ਵਿਕਾਸ ਤੋਂ ਵਿਰਵਿਆਂ ਕਰਕੇ ਉਹਨਾਂ ਨੂੰ ਬੌਧਿਕ ਅਪੰਗ ਨਹੀਂ ਬਣਾ ਰਿਹਾ?
14. ਮਨੁੱਖ ਦਾ ਵਿਕਾਸ ਕੇਵਲ ਜਾਣਕਾਰੀ ਨਾਲ ਹੀ ਸਬੰਧ ਨਹੀਂ ਰੱਖਦਾ, ਬਲਕਿ ਇਹ ਜਾਣਕਾਰੀ ਤਾਂ ਉਸਦੇ ਮਾਨਵੀ ਗੁਣਾਂ ਦੇ ਵਿਕਾਸ ਵਿਚ ਸਹਾਈ ਹੋਣ ਲਈ ਹੀ ਹੋਣੀ ਚਾਹੀਦੀ ਹੈ। ਆਦਮੀ ਜੀਵ ਨੂੰ ਸਮਾਜਕ ਜੀਵ ਬਣਾਉਣ ਵਿਚ ਆਪਣੇ ਸਾਹਿਤ, ਇਤਿਹਾਸ ਅਤੇ ਸਭਿਆਚਾਰ ਦਾ ਅੱਖੋਂ ਪਰੋਖੇ ਨਾ ਕੀਤਾ ਜਾ ਸਕਣ ਵਾਲਾ ਰੋਲ ਹੈ। ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਦੀ ਵਿਕਸਿਤ ਜਾਣਕਾਰੀ ਤੋਂ ਵਾਂਝਿਆ ਕਰਕੇ ਕੀ ਅਸੀਂ ਉਹਨਾਂ ਨੂੰ ਸਭਿਆਚਾਰੀਕਰਨ ਦੇ ਸਰੋਤਾਂ ਤੋਂ ਵਿਰਵਿਆਂ ਨਹੀਂ ਕਰ ਰਹੇ? ਕਿਧਰੇ ਇਸ ਭਾਸ਼ਾਈ ਕਾਰਨ ਕਰਕੇ ਹੀ ਸਾਡੀ ਸਾਰੀ ਉਚੇਰੀ ਸਿੱਖਿਆ ਸਾਡੇ ਸਮਾਜਕ, ਰਾਜਸੀ ਅਤੇ ਆਰਥਕ ਯਥਾਰਥ ਵਿਚ ਜ਼ਿਕਰਯੋਗ ਯੋਗਦਾਨ ਪਾਉਣੋ ਤਾਂ ਨਹੀਂ ਰਹਿ ਰਹੀ?
15. ਜਿਸ ਢੰਗ ਨਾਲ ਸਿੱਖਿਆ ਪ੍ਰਣਾਲੀ ਦੋ ਨਿੱਖੜਵੀਆਂ ਧਾਰਾਵਾਂ - ਅੰਗਰੇਜ਼ੀ ਆਧਾਰਤ ਅਤੇ ਮਾਤ ਭਾਸ਼ਾ ਆਧਾਰਤ, ਵਿਚ ਵਹਿਣ ਲੱਗੀ ਹੈ, ਇਸ ਨਾਲ ਕਿਧਰੇ ਦੋ ਵੱਖਰੀ ਤਰ੍ਹਾਂ ਦੇ ਨਾਗਰਿਕ ਤਾਂ ਪੈਦਾ ਨਹੀਂ ਹੋ ਰਹੇ - ਇਕ ਅੰਗਰੇਜ਼ੀਨੁਮਾ ਅਤੇ ਇਕ ਮਾਤ ਭਾਸ਼ਾਮੁਖੀ। ਕੀ ਇੰਜ ਅਸੀਂ ਜਾਤੀਆਂ ਵਿਚ ਖੱਖੜੀ-ਖੱਖੜੀ ਹੋਏ ਭਾਰਤੀ ਸਮਾਜ ਵਿਚ ਦੋ ਹੋਰ ਜਾਤੀਆਂ ਤਾਂ ਪੈਦਾ ਨਹੀਂ ਕਰ ਰਹੇ। ਫਿਰ, ਇਹ ਇੰਡੀਆ ਅਤੇ ਭਾਰਤ ਆਪਸ ਵਿਚ ਕਿਹੋ ਜਿਹੇ ਸੰਭਵ ਆਦਾਨ-ਪਰਦਾਨ ਕਰ ਸਕਦੇ ਹਨ, ਇਹ ਵੀ ਸਾਡੇ ਗੰਭੀਰ ਵਿਚਾਰ ਦਾ ਵਿਸ਼ਾ ਹੋਣਾ ਚਾਹੀਦਾ ਹੈ।
16. ਬਰਨਸਟਾਈਨ (1971) ਨੇ ਆਪਣੀਆਂ ਖੋਜਾਂ ਵਿਚ ਸਾਬਤ ਕੀਤਾ ਹੈ ਕਿ ਸਾਧਨਹੀਨ ਤਬਕਿਆਂ ਦੇ ਨਿਆਣੇ ਇਸ ਲਈ ਸਿੱਖਿਆ ਵਿਚ ਕਾਮਯਾਬੀ ਹਾਸਲ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਤਬਕੇ ਦੀ ਭਾਸ਼ਾ ਸੀਮਤ-ਮਾਧਿਅਮ-ਭਾਸ਼ਾ (ਗੈਰ-ਉਪਚਾਰਕ ਪਰਸੰਗ ਵਿਚ ਵਰਤੀ ਜਾਣ ਵਾਲੀ ਭਾਸ਼ਾਈ ਕਿਸਮ) ਹੁੰਦੀ ਹੈ ਅਤੇ ਉੱਚ-ਵਰਗ ਦੀ ਅਤੇ ਸਿੱਖਿਆ ਦੀ ਭਾਸ਼ਾ ਵਿਸ਼ਾਲ-ਮਾਧਿਅਮ ਦੀ ਭਾਸ਼ਾ ਹੁੰਦੀ ਹੈ। ਇਹ ਗੱਲ ਉਹ ਅੰਗਰੇਜ਼ੀ ਦੇ ਦੋ ਰੂਪਾਂ ਬਾਰੇ ਕਰਦਾ ਹੈ। ਪਰ ਆਪਣੇ ਪਰਸੰਗ ਵਿਚ ਇਹ ਪਰਿਭਾਸ਼ਾਵਾਂ ਬਦਲ ਜਾਂਦੀਆਂ ਹਨ। ਅੰਗਰੇਜ਼ੀ ਨੂੰ ਸਿੱਖਿਆ-ਮਾਧਿਅਮ ਦੀ ਦ੍ਰਿਸ਼ਟੀ ਤੋਂ ਭਾਵੇਂ ਵਿਸ਼ਾਲ-ਮਾਧਿਅਮ ਮੰਨ ਵੀ ਲਈਏ ਪਰ ਸਮਾਜਕ-ਜੀਵਨ ਦੇ ਦ੍ਰਿਸ਼ਟੀਕੋਣ ਤੋਂ ਇਹ ਸੀਮਤ-ਮਾਧਿਅਮ ਹੈ। ਕਿਧਰੇ ਅਸੀਂ ਮੱਧ-ਵਰਗ ਮਾਪੇ ਅੰਗਰੇਜ਼ੀ ਮਾਧਿਅਮ ਰਾਹੀਂ ਆਪਣੇ ਬੱਚਿਆਂ ਨੂੰ ਸਮਾਜਕ ਜੀਵਨ ਦੇ ਵਿਸ਼ਾਲ ਮਾਧਿਅਮ ਤੋਂ ਤਾਂ ਵਿਰਵਿਆਂ ਨਹੀਂ ਕਰ ਰਹੇ?
17. ਹਾਲੀਡੇ (1964, 1978) ਨੇ ਸਿੱਖਿਆ ਤੇ ਆਪਣੇ ਅਧਿਐਨਾਂ ਵਿਚ ਇਹ ਸਾਬਤ ਕੀਤਾ ਹੈ ਕਿ ਸਿੱਖਿਆ ਵਿਚ ਕਾਮਯਾਬੀ ਨਾ ਹੋਣ ਦਾ ਇਕ ਕਾਰਣ ਇਹ ਹੈ ਕਿ ਅਸੀਂ ਜਿਨ੍ਹਾਂ ਅਰਥਾਂ ਦੀ ਬੱਚਿਆਂ 'ਤੇ ਵਾਛੜ ਕਰਦੇ ਹਾਂ ਉਹਨਾਂ ਦੇ ਅਰਥਾਂ ਦਾ ਬੱਚਿਆਂ ਦੇ ਜੀਵਨ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਇਸ ਲਈ ਅਜਿਹੇ ਅਰਥ ਉਹਨਾਂ ਨੂੰ ਆਪਣੇ ਤੋਂ ਪਰੇ ਧੱਕਦੇ ਹਨ ਅਤੇ ਨਤੀਜੇ ਵਜੋਂ ਉਹਨਾਂ ਅੰਦਰ ਸਿੱਖਿਆ ਪ੍ਰਣਾਲੀ ਤੋਂ ਹੀ ਮਾਨਸਿਕ ਰੂਪ ਵਿਚ ਅਲਗਾਵ ਪੈਦਾ ਕਰ ਦਿੰਦੇ ਹਨ। ਹੁਣ, ਜੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦੀਆਂ ਮੁਢਲੀਆਂ ਕਲਾਸਾਂ ਦੀਆਂ ਭਾਸ਼ਾ ਦੀਆਂ ਕਿਤਾਬਾਂ 'ਤੇ ਝਾਤੀ ਮਾਰੀਏ ਤਾਂ ਸਪਸ਼ਟ ਹੋ ਜਾਵੇਗਾ ਕਿ ਅੰਗਰੇਜ਼ੀ ਭਾਸ਼ਾ ਹੀ ਉਹਨਾਂ ਬੱਚਿਆਂ ਲਈ ਓਪਰੀ ਨਹੀਂ, ਉਸ ਵਿਚਲੇ ਅਰਥ ਉਸ ਤੋਂ ਵੀ ਓਪਰੇ ਹਨ, ਕਿਉਂਕਿ ਉਹਨਾਂ ਅਰਥਾਂ ਦਾ ਸਾਡੇ ਸਮਾਜਕ ਜੀਵਨ ਨਾਲ ਕੋਈ ਸਰੋਕਾਰ ਨਹੀਂ ਹੈ। ਕੀ ਇਸ ਨਾਲ ਆਮ ਸਿੱਖਿਆ ਅਤੇ ਭਾਸ਼ਾ ਅਧਿਆਪਨ ਵਿਚ ਵੱਡੀ ਰੁਕਾਵਟ ਪੈਦਾ ਨਹੀਂ ਹੁੰਦੀ?
18. ਭਾਸ਼ਾ ਸਿਰਫ ਇਕ ਸੂਚਨਾ ਦਾ ਮਾਧਿਅਮ ਹੀ ਨਹੀਂ ਹੈ। ਇਹ ਆਪਣੇ ਨਾਲ ਇਕ ਪੂਰੇ ਦਾ ਪੂਰਾ ਸੰਕਲਪਾਤਮਕ ਸੰਸਾਰ ਲੈ ਕੇ ਆਉਂਦੀ ਹੈ। ਆਪਣੀਆਂ ਭਾਸ਼ਾਵਾਂ ਤੋਂ ਦੂਰ ਰੱਖ ਕੇ ਅਤੇ ਅੰਗਰੇਜ਼ੀ ਵਿਚ ਡੋਬ ਕੇ ਕੀ ਅਸੀਂ ਸਮਾਜਕ ਰੂਪ ਵਿਚ ਓਪਰੇ ਨਾਗਰਿਕ ਤਾਂ ਪੈਦਾ ਨਹੀਂ ਕਰ ਰਹੇ?
19. ਕੀ ਪੂਰਾ ਦਾ ਪੂਰਾ ਮੱਧ-ਵਰਗ ਅੰਗਰੇਜ਼ੀ ਅਪਣਾ ਕੇ ਪੰਜਾਬੀ ਦੇ ਅੰਤ ਦਾ ਆਰੰਭ ਤਾਂ ਨਹੀਂ ਕਰ ਰਿਹਾ? ਵੈਸੇ ਦੁਨੀਆਂ ਦੇ ਇਤਿਹਾਸ ਵਿਚ ਭਾਸ਼ਾਵਾਂ ਦਾ ਅੰਤ ਵੀ ਹੁੰਦਾ ਆਇਆ ਹੈ। ਪਰ ਸਵਾਲ ਸਾਡੀਆਂ ਮਾਤ ਭਾਸ਼ਾਵਾਂ ਵਿਚ ਸਾਡੇ ਸਭਿਆਚਾਰ ਅਤੇ ਗਿਆਨ ਨੂੰ ਸੰਭਾਲਣ ਦਾ ਹੈ ਅਤੇ ਜੇ ਸਾਡੀ ਹਲਦੀ ਅਤੇ ਸੌਂਫ ਇੰਨੀਆਂ ਮਹੱਤਵਪੂਰਨ ਹੋ ਗਈਆਂ ਹਨ ਕਿ ਕੰਪਨੀਆਂ ਉਹਨਾਂ ਦੇ ਪੇਟੈਂਟ ਕਰਵਾ ਰਹੀਆਂ ਹਨ ਤਾਂ ਹਾਲੇ ਸਾਡੀਆਂ ਭਾਸ਼ਾਵਾਂ ਵਿਚ ਹੋਰ ਵੀ ਬਹੁਤ ਕੁਝ ਹੋਵੇਗਾ ਜੋ ਮਨੁੱਖੀ ਨਸਲ ਦਾ ਜ਼ਰੂਰ ਹਿੱਸਾ ਬਣਨਾ ਚਾਹੀਦਾ ਹੈ। ਸਾਡੀਆਂ ਭਾਸ਼ਾਵਾਂ ਦੀ ਮੌਤ ਨਾਲ ਇਸ ਖਜ਼ਾਨੇ ਤੋਂ ਮਨੁੱਖੀ ਨਸਲ ਨੂੰ ਵਾਂਝਿਆ ਨਹੀਂ ਹੋਣ ਦੇਣਾ ਚਾਹੀਦਾ।
20. ਅਸੀਂ ਅੰਗਰੇਜ਼ੀ ਮਾਧਿਅਮ ਰਾਹੀਂ ਉਸ ਵਰਗ ਨੂੰ ਪੜ੍ਹਾ ਰਹੇ ਹਾਂ ਜਿਨ੍ਹਾਂ ਲਗਭਗ ਸਾਰਿਆਂ ਨੇ ਹੀ ਉਚੇਰੀ ਖੋਜ ਕਰਨ ਅਤੇ ਸਿੱਖਿਆ ਦੇਣ ਦੇ ਪਰਵਾਹ 'ਚੋਂ ਬਾਹਰ ਰਹਿਣਾ ਹੈ। ਜੋ ਵਿਦਿਆਰਥੀ ਸਕੂਲ ਪੱਧਰ 'ਤੇ ਹੀ ਅੱਧਾ ਲੱਖ ਸਾਲਾਨਾ ਖਰਚਾ ਕਰ ਰਿਹਾ ਹੈ, ਉਹ ਪੀ-ਐਚ.ਡੀ. ਪੱਧਰ ਦੀ ਖੋਜ ਵਿਚ ਨਹੀਂ ਲੱਗਣ ਲੱਗਾ, ਖੋਜ ਜਿਹੜੀ ਉਮਰ ਦੇ ਤੀਹਵੇਂ ਸਾਲ ਦੇ ਆਸ-ਪਾਸ ਖ਼ਤਮ ਹੁੰਦੀ ਹੈ ਅਤੇ ਜਿਸ ਨਾਲ ਉਮਰ ਦਾ ਵੱਡਾ ਚੰਗਾ ਹਿੱਸਾ ਲਾ ਦੇਣ ਤੋਂ ਬਾਅਦ ਵੀ 8000/-ਰੁਪਏ ਮੁਢਲੀ ਤਨਖਾਹ ਹੀ ਪਰਾਪਤ ਹੋ ਸਕਦੀ ਹੈ। ਇਸ ਦਾ ਪਤਾ ਲਾਉਣ ਲਈ ਸਧਾਰਨ ਬੁੱਧੀ ਦੀ ਵੀ ਲੋੜ ਨਹੀਂ ਹੈ ਕਿ ਕਿਸੇ ਵੀ ਦੇਸ਼ ਨੇ ਉਚੇਰੀ ਪੱਧਰ ਦੀ ਗਹਿਨ ਅਤੇ ਵਿਸ਼ਾਲ ਖੋਜ ਤੋਂ ਬਗੈਰ ਵਿਕਸਤ ਗਿਆਨ ਅਤੇ ਉਤਪਾਦ ਪੈਦਾ ਨਹੀਂ ਕੀਤੇ। ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿਚ ਸ਼ਾਇਦ ਹੀ ਪੀ-ਐਚ.ਡੀ. ਦੇ ਪੰਜ ਤੋਂ ਵੱਧ ਅਜਿਹੇ ਖੋਜਾਰਥੀ ਹੋਣ ਜਿਨ੍ਹਾਂ ਨੂੰ ਵਜ਼ੀਫਾ ਮਿਲਦਾ ਹੋਵੇ।
ਤੂਫ਼ਾਨੀ ਸਵਾਲ :
ਮੈਂ ਸਮਝ ਸਕਦਾ ਹਾਂ ਕਿ ਇੰਨੀ ਲੰਮੀ ਚਰਚਾ ਤੋਂ ਬਾਅਦ ਵੀ ਦੋ ਸਵਾਲ ਲਗਭਗ ਹਰ ਪਾਠਕ ਦੇ ਮਨ ਵਿਚ ਉਸਲਵੱਟੇ ਲੈ ਰਹੇ ਹੋਣਗੇ - ਦੁਨੀਆਂ ਭਰ ਵਿਚ ਤੂਫ਼ਾਨੀ ਗਤੀ ਨਾਲ ਸਿਰਜੇ ਜਾ ਰਹੇ ਗਿਆਨ, ਵਿਗਿਆਨ, ਤਕਨੀਕ ਅਤੇ ਵਸਤੂਆਂ ਤੱਕ ਪੰਜਾਬੀਆਂ ਦੀ ਪਹੁੰਚ ਕਿਵੇਂ ਹੋਵੇ ਅਤੇ ਪੰਜਾਬ ਦੁਆਰਾ ਸਿਰਜਿਆ ਜਾ ਰਿਹਾ ਗਿਆਨ, ਵਿਗਿਆਨ, ਤਕਨੀਕ, ਵਸਤੂਆਂ ਬਾਕੀ ਦੁਨੀਆਂ ਤੱਕ ਕਿਵੇਂ ਪਹੁੰਚਣ? ਕੀ ਸਾਡੇ ਕੋਲ ਪੰਜਾਬੀ ਨੂੰ ਵੱਡੇ ਕਾਰਜਾਂ ਦੇ ਹਾਣ ਦਾ ਬਣਾਉਣ ਲਈ ਵਿੱਤੀ ਅਤੇ ਮਨੁੱਖੀ ਸਰੋਤ ਹਨ?
ਆਓ, ਪਹਿਲਾਂ ਪਹਿਲੇ ਸਵਾਲ ਦੀ ਪੜਚੋਲ ਕਰੀਏ। ਅਸਲ ਵਿਚ, ਸੰਕਟ ਦੀ ਜੜ੍ਹ ਸੂਚਨਾ ਤਕਨੀਕ ਵਿਚ ਆਇਆ ਤੂਫ਼ਾਨ ਹੈ। ਪਰ ਜਿਵੇਂ ਕਿ ਇਸਦੇ ਨਾਮ ਤੋਂ ਹੀ ਸਪਸ਼ਟ ਹੈ, ਇਹ ਇਕ ਤਕਨੀਕ ਦਾ ਸਵਾਲ ਹੈ। ਬਲਕਿ ਇਹ ਕਹਿਣਾ ਚਾਹੀਦਾ ਹੈ ਕਿ ਤਕਨੀਕ 'ਤੇ ਆਧਾਰਤ ਉਤਪਾਦ ਦਾ ਸਵਾਲ ਹੈ। ਇਹ ਸੂਚਨਾ ਉਤਪਾਦ ਇਸ ਲਈ ਇਜ਼ਾਦ ਨਹੀਂ ਕੀਤੇ ਗਏ ਕਿ ਹਰ ਵਿਅਕਤੀ ਨੂੰ ਗਿਆਨ ਨਾਲ ਰਜਾਇਆ ਜਾਵੇ। ਇਹ ਉਤਪਾਦ ਵੇਚਣ ਲਈ ਪੈਦਾ ਕੀਤੇ ਗਏ ਹਨ ਅਤੇ ਮੁਨਾਫ਼ੇ ਲਈ ਪੈਦਾ ਕੀਤੇ ਗਏ ਹਨ। ਅਸਲ ਵਿਚ ਅਸੀਂ ਇਹਨਾਂ ਕੰਪਨੀਆਂ ਦੀ ਲੋੜ ਨੂੰ ਆਪਣੀ ਲੋੜ ਸਮਝ ਬੈਠੇ ਹਾਂ, ਕਿਉਂਕਿ ਇਹਨਾਂ ਉਤਪਾਦਾਂ ਬਾਰੇ ਸੂਚਨਾ ਅੰਗਰੇਜ਼ੀ ਰਾਹੀਂ ਹੀ ਹਾਸਲ ਹੈ, ਇਸ ਲਈ ਅਸੀਂ ਅੰਗਰੇਜ਼ੀ ਨੂੰ ਜ਼ਿੰਦਗੀ ਮੌਤ ਦਾ ਸਵਾਲ ਬਣਾ ਲਿਆ ਹੈ। ਪਰ ਜੇ ਆਪਾਂ ਇਕ ਮਿੰਟ ਸੋਚੀਏ ਕਿ ਵੀਹ ਕਰੋੜ ਮੱਧਵਰਗੀ ਭਾਰਤੀ ਇਹ ਹੱਠ ਕਰ ਲੈਂਦਾ ਹੈ ਕਿ ਅਸੀਂ ਤਾਂ ਓਹੀ ਕੰਪਿਊਟਰ ਖਰੀਦਾਂਗੇ ਜੋ ਸਾਡੀਆਂ ਭਾਸ਼ਾਵਾਂ 'ਤੇ ਆਧਾਰਤ ਹੋਵੇ, ਅਸੀਂ ਇੰਟਰਨੈਟ 'ਤੇ ਓਹੀ ਪੜ੍ਹਾਂਗੇ ਜੋ ਸਾਡੀਆਂ ਭਾਸ਼ਾਵਾਂ ਵਿਚ ਹੋਵੇ, ਅਸੀਂ ਆਪਣੀ ਭਾਸ਼ਾ ਦੀਆਂ ਕਿਤਾਬਾਂ ਹੀ ਪੜ੍ਹਾਂਗੇ। ਕੀ ਆਪਾਂ ਸੋਚ ਸਕਦੇ ਹਾਂ ਕਿ ਦੁਨੀਆਂ ਭਰ ਦੀਆਂ ਕੰਪਨੀਆਂ ਵੀਹ ਕਰੋੜ ਆਬਾਦੀ ਤੋਂ ਹੋਣ ਵਾਲੇ ਮੁਨਾਫ਼ੇ ਵੱਲ ਪਿੱਠ ਕਰ ਲੈਣਗੀਆਂ? ਇਤਿਹਾਸ ਗਵਾਹ ਹੈ ਕਿ ਕੰਪਨੀਆਂ ਦਾ ਇਹ ਸੁਭਾਅ ਨਹੀਂ ਹੈ।ਬਲਕਿ ਇਹ ਕੰਪਨੀਆਂ ਸੂਚਨਾ ਦੇ ਸਾਰੇ ਤੂਫ਼ਾਨ ਨੂੰ ਸਾਡੀਆਂ ਭਾਸ਼ਾਵਾਂ ਦੇ ਰੂਪ ਵਿਚ ਵਲ੍ਹੇਟ ਕੇ ਆਪਣੇ ਉਤਪਾਦਾਂ ਵਿਚ ਪਾ ਕੇ ਸਾਡੇ ਬੂਹਿਆਂ 'ਤੇ ਆ ਕੇ ਵੇਚਣਗੀਆਂ।
ਇਸ ਪਾਸੇ ਵੱਲ ਸੰਕੇਤ ਆਉਣ ਵੀ ਲੱਗੇ ਹਨ। ਮਾਈਕਰੋਸੌਫਟ ਨੇ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਉਤਪਾਦ 'ਵਿੰਡੋਜ਼' ਦਾ ਹਿੰਦੀ ਭਾਸ਼ਾ ਵਿਚ ਰੂਪ ਪੇਸ਼ ਕਰ ਦਿੱਤਾ ਹੈ। (ਯਾਦ ਰਹੇ ਕਿ ਸਾਡੀਆਂ ਬਹੁਤੀਆਂ ਭਾਸ਼ਾਵਾਂ ਦੀਆਂ ਪਹਿਲੀਆਂ ਵਿਆਕਰਣਾਂ ਅੰਗਰੇਜ਼ਾਂ ਨੇ ਹੀ ਲਿਖੀਆਂ ਸਨ)। ਮੀਡੀਆ-ਸਮਰਾਟ ਮਰਦੋਖ਼ ਨੇ ਤਾਂ ਬਹੁਤ ਪਹਿਲਾਂ ਹੀ ਕਿਹਾ ਸੀ ਕਿ ਭਾਰਤ ਵਿਚ ਮੀਡੀਆ ਦਾ ਵਿਉਪਾਰ ਸਥਾਨਕ ਭਾਸ਼ਾਵਾਂ ਬਿਨਾਂ ਨਹੀਂ ਹੋ ਸਕਦਾ। ਭਾਰਤ ਵਿਚ ਚੱਲਣ ਵਾਲੇ ਬਹੁਤੇ ਚੈਨਲਾਂ ਦਾ ਪੈਰ ਅੰਗਰੇਜ਼ੀ ਤੋਂ ਹਿੰਦੀ ਤੇ ਫਿਰ ਸਥਾਨਕ ਭਾਸ਼ਾਵਾਂ ਵਾਲੇ ਡੰਡੇ 'ਤੇ ਆ ਗਿਆ ਹੈ। ਮਲੇਸ਼ੀਆ ਵਿਚ ਸ਼ੈੱਲ ਕੰਪਨੀ ਖੁਦ ਮਲਿਆ ਭਾਸ਼ਾ ਆਧਾਰਤ ਤਕਨਾਲੋਜੀ ਭੇਟ ਕਰਦੀ ਹੈ (ਜਰਨੁੱਡ, 1973:18-19)। ਇਹ ਕੰਪਨੀਆਂ ਨੂੰ ਵੀ ਪਤਾ ਹੈ ਕਿ ਭਾਰਤ ਵਿਚ ਅੰਗਰੇਜ਼ੀ ਆਧਾਰਤ ਕੰਪਿਊਟਰਾਂ ਤੋਂ ਬਾਅਦ ਸਥਾਨਕ ਭਾਸ਼ਾਵਾਂ ਤੇ ਆਧਾਰਤ ਕੰਪਿਊਟਰ ਵੱਡੀ ਗਿਣਤੀ ਵਿਚ ਵਿਕ ਸਕਦੇ ਹਨ। ਸਥਾਨਕ ਭਾਸ਼ਾਵਾਂ ਰਾਹੀਂ ਇੰਟਰਨੈਟ ਦੀ ਵਿਕਰੀ ਬਹੁਤ ਵੱਡੀ ਹੋ ਸਕਦੀ ਹੈ। ਸਥਾਨਕ ਭਾਸ਼ਾਵਾਂ ਵਿਚ ਪੁਸਤਕਾਂ ਕਾਫ਼ੀ ਵਿਕ ਸਕਦੀਆਂ ਹਨ। ਸੋ, ਇਹ ਸੰਭਵ ਹੈ ਕਿ ਜੇ ਭਾਰਤ ਦੇ ਸਪੁੱਤਰਾਂ ਨੇ ਜਿਸ ਨੂੰ ਸਦੀਆਂ ਵੱਡਾ ਕੰਮ ਸਮਝਕੇ ਸ਼ੁਰੂ ਨਹੀਂ ਕੀਤਾ ਉਹ ਕੰਪਨੀਆਂ ਕੁਝ ਸਾਲਾਂ ਵਿਚ ਹੀ ਕਰ ਦੇਣ, ਕਿਉਂਕਿ ਉਹ ਜਾਣਦੀਆਂ ਹਨ ਕਿ ਕੰਮ ਏਨਾ ਵੱਡਾ ਨਹੀਂ ਹੈ ਅਤੇ ਮੁੱਖ ਭਾਰਤੀ ਭਾਸ਼ਾਵਾਂ ਦੇ ਬੁਲਾਰਿਆਂ ਦੀ ਗਿਣਤੀ ਵੇਖਦਿਆਂ ਇਹ ਘਾਟੇ ਵਾਲਾ ਕਦੇ ਵੀ ਨਹੀਂ ਹੋ ਸਕਦਾ। ਪਰ ਜੇ ਰਾਜਨੀਤਕ ਕਾਰਨਾਂ ਕਰਕੇ ਕੰਪਨੀਆਂ ਇਹ ਕੰਮ ਨਹੀਂ ਕਰਦੀਆਂ ਤਾਂ ਸਾਨੂੰ ਇਹ ਕੰਮ ਆਪ ਕਰ ਲੈਣੇ ਚਾਹੀਦੇ ਹਨ ਅਤੇ ਇਹ ਹੋ ਸਕਦੇ ਹਨ। ਜੇ ਮਾਤ ਭਾਸ਼ਾ ਵਿਚ ਨਹੀਂ ਵੀ ਕਰਨਾ ਤਾਂ ਅੰਗਰੇਜ਼ੀ ਰਾਹੀਂ ਕਰ ਲੈਣੇ ਚਾਹੀਦੇ ਹਨ। ਪਰ ਚੰਗੀ ਅੰਗਰੇਜ਼ੀ ਕਿਵੇਂ ਆਵੇ, ਇਹ ਪੂਰੇ ਲੇਖ ਵਿਚ ਕਾਫ਼ੀ ਦੱਸਿਆ ਗਿਆ ਹੈ। ਪਰ ਜੋ ਕੰਮ ਸ਼ਾਇਦ ਉਹਨਾਂ ਸਾਨੂੰ ਨਹੀਂ ਦੱਸਣਾ, ਉਸ ਵੱਲ ਸਾਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਉਹ ਸਾਡੇ ਦੂਜੇ ਪ੍ਰਸ਼ਨ ਦਾ ਮਸਲਾ ਹੈ। ਯਾਨੀ ਕਿ, ਪਤਾ ਲਾਉਣਾ ਕਿ ਅੰਗਰੇਜ਼ੀ ਨੂੰ ਤਿਆਗ ਕੇ ਆਪਣੀਆਂ ਭਾਸ਼ਾਵਾਂ ਵਿਚ ਸਿੱਖਿਆ ਦੇਣਾ ਵਿੱਤੀ ਪੱਖੋਂ ਲਾਹੇਵੰਦ ਹੋਵੇਗਾ ਕਿ ਨਹੀਂ। ਸਾਡੇ ਚੰਗੇ ਭਾਗੀਂ ਇਸ ਦਾ ਸੰਕੇਤ ਵੀ ਪਰਾਪਤ ਹੈ, "ਤਦਾਜਿਊਸ (1977) ਦਾ ਕੀਮਤ-ਲਾਭ ਨਿਰੀਖਣ ਉੁਸ ਨੂੰ ਇਸ ਸਿੱਟੇ 'ਤੇ ਪਹੁੰਚਾਉਂਦਾ ਹੈ ਕਿ ਤੱਤ ਰੂਪ ਵਿਚ ਬਹੁਤ ਸਾਰੇ ਅਫ਼ਰੀਕੀ ਦੇਸ਼ਾਂ ਵਿਚ ਸਥਾਨਕ-ਭਾਸ਼ਾਈ ਸਿੱਖਿਆ ਲਾਭ ਵਾਲੀ ਹੈ।"
ਤੇ ਫੇਰ ਭਾਰਤ ਜਾਂ ਪੰਜਾਬ ਤਾਂ ਕੋਈ ਘੱਟ ਸਾਧਨ ਸੰਪਨ ਨਹੀਂ ਹਨ। ਵਿਕਸਤ ਦੇਸ਼ਾਂ ਦੇ ਅਫ਼ਸਰ ਆਮ ਨਾਗਰਿਕ ਨਾਲੋਂ ਦੁਗਣੇ ਅਮੀਰ ਹੋਣਗੇ, ਪਰ ਸਾਡੇ ਤਾਂ ਗੁਣਾਂ ਸੈਂਕੜਿਆਂ ਨਾਲ ਕਰਨੀ ਪੈਂਦੀ ਹੈ। ਸਾਡਾ ਲੁਕਵਾਂ ਧਨ ਅਣਲੁਕਵੇਂ ਧਨ ਦਾ ਚਾਲੀ ਫੀਸਦੀ ਹੈ। ਹਾਲੇ ਅਸੀਂ ਅੱਧਾ ਟੈਕਸ ਵੀ ਨਹੀਂ ਉਗਰਾਹੁੰਦੇ। ਇਸ ਲਈ ਵਿੱਤੀ ਸਰੋਤ ਕੋਈ ਵੱਡੀ ਚਿੰਤਾ ਵਾਲਾ ਵਿਸ਼ਾ ਨਹੀਂ ਹਨ।
ਇਸ ਲੇਖ ਵਿਚਲੀ ਪੰਜਾਬੀ ਜਾਂ ਮਾਤ ਭਾਸ਼ਾਵਾਂ ਦੀ ਵਕਾਲਤ ਤੋਂ ਇਹ ਬਿਲਕੁਲ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਮੈਂ ਅੰਗਰੇਜ਼ੀ ਸਿੱਖਣ-ਸਿਖਾਉਣ ਦੇ ਹੱਕ ਵਿਚ ਨਹੀਂ ਹਾਂ। ਇਸ ਲਈ ਕਿ ਕੋਈ ਭੁਲੇਖਾ ਨਾ ਰਹਿ ਜਾਵੇ ਮੈਂ ਆਪਣੀਆਂ ਕੁਝ ਸਥਾਪਨਾਵਾਂ ਸਾਰ-ਰੂਪ ਵਿਚ ਫਿਰ ਦੁਹਰਾਉਦਾ ਹਾਂ:
ਸਿੱਖਿਆ ਦੇ ਮਾਧਿਅਮ ਲਈ ਮਾਤ ਭਾਸ਼ਾ ਹੀ ਸਭ ਤੋਂ ਢੁਕਵੀਂ ਹੈ; ਗਿਆਨ, ਵਿਗਿਆਨ, ਅਤੇ ਤਕਨਾਲੋਜੀ ਦਾ ਵਿਕਾਸ ਵੀ ਮਾਤ ਭਾਸ਼ਾ ਰਾਹੀਂ ਸਿੱਖਿਆ ਦੇ ਕੇ ਹੀ ਬਿਹਤਰ ਹੋ ਸਕਦਾ ਹੈ; ਭਾਸ਼ਾ ਦਾ ਸਵਾਲ ਇੰਨਾਂ ਮਾਮੂਲੀ ਜਿਹਾ ਨਹੀਂ ਜਿਵੇਂ ਇਸਨੂੰ ਅਕਸਰ ਸਮਝ ਲਿਆ ਜਾਂਦਾ ਹੈ। ਇਸਦੇ ਪਾਸਾਰ ਬਹੁਤ ਹੀ ਵੱਡੇ ਹਨ ਅਤੇ ਇਸ ਸਬੰਧੀ ਫੈਸਲੇ ਦੁਨੀਆਂ ਭਰ ਵਿਚ ਹੋਏ ਅਧਿਐਨਾਂ ਦੀ ਰੋਸ਼ਨੀ ਵਿਚ ਹੀ ਲੈਣੇ ਚਾਹੀਦੇ ਹਨ; ਅੰਗਰੇਜ਼ੀ ਅਵੱਸ਼ਕ ਹੈ, ਪਰ ਚੰਗੀ ਅੰਗਰੇਜ਼ੀ ਸਿੱਖਣ ਲਈ ਮਾਤ ਭਾਸ਼ਾ ਦੀ ਭਰਪੂਰ ਸਿਖਲਾਈ ਅਵੱਸ਼ਕ ਹੈ; ਅੰਗਰੇਜ਼ੀ ਨੂੰ ਮਾਤ ਭਾਸ਼ਾ ਦਾ ਬਦਲ ਬਣਾਉਣ ਦੇ ਸਿੱਟੇ ਭਾਸ਼ਾਈ, ਸਿਖਿਆਵੀ, ਸਮਾਜਕ, ਰਾਜਨੀਤਕ, ਅਤੇ ਸਭਿਆਚਾਰਕ ਆਦਿ ਹਰ ਪੱਖੋਂ ਅਤਿ ਭਿਆਨਕ ਹੋਣਗੇ।
ਅੰਤ ਵਿਚ ਆਪਣੀ ਚਿੰਤਾ ਇਕ ਵਾਰ ਫਿਰ ਪੇਸ਼ ਕਰਨੀ ਚਾਹਵਾਂਗਾ। ਸਭ ਭਾਸ਼ਾ ਵਿਗਿਆਨਕ ਅਧਿਐਨ ਇਸ ਨਤੀਜੇ 'ਤੇ ਪਹੁੰਚਦੇ ਹਨ ਕਿ ਭਾਸ਼ਾ ਦੇ ਗ੍ਰਹਿਣ ਜਾਂ ਤਿਆਗਣ ਵਿਚ ਕਿਸੇ ਜਨਸਮੂਹ ਦਾ ਉਸ ਪ੍ਰਤੀ ਰਵੱਈਆ ਅਤਿਅੰਤ ਮਹੱਤਵਪੂਰਨ ਹੈ ਅਤੇ ਜਿਸ ਭਾਸ਼ਾਈ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਹਰ ਪਾਸੇ ਮਿਲਦਾ ਹੈ, ਉਸ ਤੋਂ ਪੰਜਾਬੀ ਦੇ ਇਕ ਸਥਾਪਤ ਭਾਸ਼ਾ ਵਜੋਂ ਭੋਗ ਪੈਣ ਦਾ ਖਤਰਾ ਵਾਸਤਵਿਕ ਹੈ। ਇਸਦੇ ਲਾਭ ਅਤੇ ਹਾਨੀਆਂ ਦਾ ਲੇਖਾ-ਜੋਖਾ ਹੀ ਇਸ ਲੇਖ ਦਾ ਕੇਂਦਰ ਬਿੰਦੂ ਹੈ।
ਅੰਗਰੇਜ਼ੀ ਨੂੰ ਵੀ ਅਟੱਲ ਅਤੇ ਸਦੀਵੀ ਸਚਾਈ ਨਹੀਂ ਸਮਝ ਲਿਆ ਜਾਣਾ ਚਾਹੀਦਾ। ਜੇ ਕੱਲ੍ਹ ਨੂੰ ਯੂਰਪੀਨ ਕਮਿਊਨਿਟੀ ਅਮਰੀਕਾ ਨੂੰ ਠਿੱਬੀ ਲਾ ਜਾਵੇ ਤਾਂ ਸਾਡੀ ਸ਼ਰਧਾ ਦੀਆਂ ਪਾਤਰ ਫਰਾਂਸੀਸੀ ਅਤੇ ਜਰਮਨੀ ਨੇ ਹੋ ਜਾਣਾ ਹੈ। ਇਸ ਸੰਭਾਵਨਾ ਲਈ ਵੀ ਮਾਨਸਿਕ ਥਾਂ ਛੱਡਣੀ ਚਾਹੀਦੀ ਹੈ।
ਭਾਸ਼ਾਈ ਪਾੜੇ ਦੇ ਸਿੱਟੇ :
ਭਾਸ਼ਾ ਦੇ ਗਿਆਨਮੁਖੀ ਕਾਰਜ ਤੋਂ ਹੁਣ ਅਸੀਂ ਭਾਸ਼ਾ ਦੇ ਸੰਚਾਰਮੁਖੀ ਕਾਰਜਾਂ ਵੱਲ ਆਉਂਦੇ ਹਾਂ। ਇਥੇ ਵੀ ਭਾਰਤਵਾਸੀ ਇਕ ਬਹੁਪਰਸੰਗੀ ਸਥਿਤੀ ਵਿਚ ਹਨ ਇਹ ਪਰਸੰਗ ਖੇਤਰੀ, ਭਾਰਤੀ ਅਤੇ ਅੰਤਰਰਾਸ਼ਟਰੀ ਹਨ। ਖੇਤਰੀ ਪਰਸੰਗ ਵਿਚ ਖੇਤਰੀ ਭਾਸ਼ਾਵਾਂ ਦਾ ਕੋਈ ਬਦਲ ਨਹੀਂ ਹੋ ਸਕਦਾ। ਇਹ ਕੌਮੀ ਪਛਾਣ, ਸਾਹਿਤ, ਸਭਿਆਚਾਰ ਅਤੇ ਵਿਰਸੇ ਨਾਲ ਸਬੰਧਾਂ ਕਰਕੇ ਵੀ ਹੈ। ਪਰ ਏਥੇ ਇਕ ਸਥਿਤੀ (ਸੰਚਾਰ ਸੰਕਟ ਦੀ ਸਥਿਤੀ) ਦਾ ਜ਼ਿਕਰ ਜ਼ਰੂਰੀ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਪੈਦਾ ਹੋ ਰਹੀ ਹੈ ਅਤੇ ਜਿਸ ਵੱਲ ਮੈਂ ਕਈ ਸਾਲਾਂ ਤੋਂ (ਵੇਖੋ, ਜੋਗਾ ਸਿੰਘ, 2003) ਉਂਗਲ ਕਰਦਾ ਆ ਰਿਹਾ ਹਾਂ ਅਤੇ ਜੋ ਹੁਣ ਤਿੱਖੇ ਰੂਪ ਵਿਚ ਵੀ ਸਾਹਮਣੇ ਆਉਣ ਲੱਗੀ ਹੈ। ਪੰਜਾਬੀ ਟ੍ਰਿਬਿਊਨ (28 ਫਰਵਰੀ, 2005) 'ਚੋਂ ਹੇਠਲੀ ਖ਼ਬਰ ਇਸ ਦੇ ਪਰਮਾਣ ਲਈ ਕਾਫ਼ੀ ਹੋਵੇਗੀ:
“ENGLISH GREEK TO UT VILLAGES
CHANDIGARH, FEBRUARY, 27
The largely Punjabi-speaking rural population in UT villages is being deprived of communicating with the government in their own language.
And the early casualty has been proper communication between the different departments of the Chandigarh Administration and the two institutions set up under the Panchayati Raj Act - the Zila Parishad and the Panchayat Samiti.
The fact was highlighted in a recent meeting of the Panchayat Samiti. Demanding Punjabi as the official language to communicate with the administration, the 15 member samiti passed a resolution in this regard. The resolution has been sent to the administration for approval.
At present communication regarding various projects and schemes undertaken by the administration was being done to the villagers in English.
This has been happening in the Panchayat Samiti and the Zila Parishad ever since the institutions were set up. In fact, the language has become a hurdle in creating awareness among the rural population about the provisions of the Panchayati Raj Act.
Talking to the Tribune, Mr. Didar Singh, Chairman of the Panchayat Samiti said that the resolution to adopt Punjabi as the official language was unanimously passed. It would improve communication between the members and the officials of the administration.
Some members said that at times when agenda of the meeting of the Samiti was forwarded to them, they had to approach others who knew English. A number of Samiti members were not well versed in English.
"We do not know about the fate of our demands as their acceptance is communicated in English", said Shingara Singh, a member of the Samiti.
Citing an example, Mr. Shingara Singh said a few months back the administration gave books on the Panchayat Raj Act which were written in English. We had to arrange for books written in Punjabi.
The Deputy Commissioner, Mr. Arun Kumar, said that though he had so far not seen the resolution of the Panchayat Samiti, he would sympathetically consider the demand after examining the relevant legal provisions. @
ਇਸੇ ਤਰ੍ਹਾਂ ਦਾ ਇਕ ਪਰਮਾਣ 15 ਮਾਰਚ, 2006 ਦੇ ਦੇਸ਼ ਸੇਵਕ ਦੇ ਸੰਪਾਦਕੀ ਤੋਂ ਮਿਲਦਾ ਹੈ:
ਖੁਲ੍ਹੀ ਜੇਲ੍ਹ ਤੇ ਅਦਾਲਤੀ ਭਾਸ਼ਾ ਦਾ ਸਵਾਲ
ਹਾਲ ਹੀ 'ਚ ਤਿਹਾੜ ਜੇਲ ਦੇ ਕੈਦੀਆਂ ਨੇ ਡਾਇਰੈਕਟਰ ਜਨਰਲ, ਦਿੱਲੀ ਜੇਲਾਂ ਨਾਲ ਹੋਈ ਆਪਣੀ ਮਹਾਂਪੰਚਾਇਤ 'ਚ ਦੋ ਮਹੱਤਵਪੂਰਨ ਮੰਗਾਂ ਉਠਾਈਆਂ ਹਨ। ਇਨ੍ਹਾਂ 'ਚੋਂ ਪਹਿਲੀ ਮੰਗ ਕੈਦੀਆਂ ਲਈ ਖੁਲ੍ਹੀ ਜੇਲ੍ਹ ਦੀ ਸਥਾਪਨਾ ਨਾਲ ਸਬੰਧਤ ਹੈ ਅਤੇ ਦੂਜੀ ਅਦਾਲਤਾਂ 'ਚ ਹਿੰਦੀ ਭਾਸ਼ਾ ਦੀ ਵਰਤੋਂ ਨਾਲ। ਕੈਦੀਆਂ ਦਾ ਤਰਕ ਹੈ ਕਿ ਅਦਾਲਤਾਂ 'ਚ ਸੰਚਾਰ ਮਾਧਿਅਮ ਅੰਗਰੇਜ਼ੀ ਭਾਸ਼ਾ ਹੋਣ ਕਰਕੇ ਕੇਸਾਂ ਦੀ ਸੁਣਵਾਈ ਸਮੇਂ ਕੀ ਰਿੱਝਦਾ ਪੱਕਦਾ ਹੈ, ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਸਮਝ 'ਚ ਨਹੀਂ ਆਉਂਦਾ। ਉਹ ਮੂਕ ਦਰਸ਼ਕ ਹੀ ਬਣੇ ਰਹਿੰਦੇ ਹਨ। ਖੁਲ੍ਹੀਆਂ ਜੇਲ੍ਹਾਂ ਦੇ ਨਿਰਮਾਣ ਦੇ ਮੁੱਦੇ ਨੂੰ ਉਨ੍ਹਾਂ ਸਾਰੇ ਪਹਿਲੂਆਂ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਜੋ ਸਾਡੇ ਅਜੋਕੇ ਜੇਲ੍ਹ ਪ੍ਰਬੰਧ ਨਾਲ ਜੁੜੇ ਹੋਏ ਹਨ। ਇਨ੍ਹਾਂ ਪਹਿਲੂਆਂ 'ਚ ਜੇਲ੍ਹਾਂ ਨੂੰ ਘੁਣ ਵਾਂਗ ਖਾ ਰਹੇ ਭ੍ਰਿਸ਼ਟਾਚਾਰ ਅਤੇ ਅਪਰਾਧੀ ਕੈਦੀਆਂ ਨੂੰ ਜੇਲ੍ਹ ਅਧਿਕਾਰੀਆਂ ਤੇ ਧਨਾਢ ਸਿਆਸੀ ਆਕਾਵਾਂ ਦੀ ਸਰਪ੍ਰਸਤੀ ਦਾ ਘਿਣਾਉਣਾ ਦ੍ਰਿਸ਼ ਪਹਿਲੀ ਨਜ਼ਰੇ ਹੀ ਸਾਹਮਣੇ ਆ ਜਾਂਦਾ ਹੈ। ਇਹ ਸਭ ਘੋਰ ਬੁਰਾਈਆਂ ਹਨ, ਜਿਨ੍ਹਾਂ ਤੋਂ ਨਿਜਾਤ ਪਾਏ ਬਿਨਾਂ ਕਿਸੇ ਪ੍ਰਕਾਰ ਦੇ ਵੀ ਜੇਲ੍ਹ ਸੁਧਾਰ ਦੀ ਆਸ ਕਰਨਾ ਨਿਰਮੂਲ ਹੈ।"
ਉਪਰੋਕਤ ਖ਼ਬਰਾਂ ਆਉਣ ਵਾਲੇ ਤੂਫ਼ਾਨ ਜਾਂ ਤੂਫ਼ਾਨੀ ਭਾਸ਼ਾਈ ਸੰਚਾਰ ਸੰਕਟ ਦਾ ਮੇਰੇ ਖ਼ਿਆਲ ਵਿਚ ਸਮਝ ਸਕਣ ਵਾਲੇ ਲਈ ਕਾਫ਼ੀ ਸਪਸ਼ਟ ਸੰਕੇਤ ਦਿੰਦੀਆਂ ਹਨ।
ਭਾਰਤ ਵਿਚ ਸੰਚਾਰ ਦੀ ਭਾਸ਼ਾ :
ਭਾਰਤੀ ਪਰਸੰਗ ਵਿਚ ਕਿਹੜੀ ਭਾਸ਼ਾ ਭਾਰਤੀਆਂ ਦੀ ਮੰਡੀ ਦੀ ਜਾਂ ਸੰਚਾਰ ਦੀ ਭਾਸ਼ਾ ਹੋਵੇਗੀ ਇਸ ਦਾ ਪਤਾ ਹੇਠਲੀ ਖ਼ਬਰ (The Tribune, ਅਪ੍ਰੈਲ 6, 2006) ਦੇਂਦੀ ਹੈ:
“MANSA, APRIL 5
People of this town speak Punjabi and that too in a dialect quintessential to the Malwa region of Punjab. But what surprises one is the growing number of shops where boards have been put up in Hindi in the area around the busstand here.
On enquiry it was found, this town had become favourite with farmers of Uttar Pardesh, Bihar, Gujrat, Madhya Pardesh and Rajsthan due to its reapers used for harvesting wheat and other crops.
"Market forces have made us put up boards in Hindi on our shops. Most of the farmers and dealers visit us to buy reapers from UP, Gujrat, Madhya Pardesh, Rajsthan and Other Central Indian States. As they cannot read Punjabi, we have also put up boards in Hindi for their convenience", says Mr. Sukhwinder Singh, a leading manufacturer of reapers in this town.@
ਜਿਥੋਂ ਤੱਕ ਪੰਜਾਬੀ ਅਤੇ ਦੂਜੇ ਭਾਰਤੀ ਨਾਗਰਿਕਾਂ ਨਾਲ ਆਦਾਨ-ਪ੍ਰਦਾਨ ਦਾ ਸਵਾਲ ਹੈ, ਦੋ ਭਾਸ਼ਾਵਾਂ ਪ੍ਰਵਾਨਗੀ ਪ੍ਰਾਪਤ ਕਰਨ ਲਈ ਆਪਸ ਵਿਚ ਖਹਿ ਰਹੀਆਂ ਹਨ। ਇਹ ਭਾਸ਼ਾਵਾਂ ਹਨ - ਹਿੰਦੀ ਅਤੇ ਅੰਗਰੇਜ਼ੀ। ਪਰ ਭਾਸ਼ਾਈ ਦ੍ਰਿਸ਼ਟੀਕੋਣ ਤੋਂ ਹਿੰਦੀ ਨੂੰ ਨਿਮਨ ਤਰਕਸੰਗਤ ਆਧਾਰ ਪ੍ਰਾਪਤ ਹਨ:
1. ਆਮ ਕਲਪਨਾ ਭਾਵੇਂ ਕੁਝ ਵੀ ਕੀਤੀ ਜਾਂਦੀ ਹੋਵੇ, ਸਚਾਈ ਇਹ ਹੈ ਕਿ ਭਾਰਤ ਵਿਚ ਹਿੰਦੀ ਦੇ ਮੁਕਾਬਲੇ ਅੰਗਰੇਜ਼ੀ ਦੇ ਬੁਲਾਰੇ ਅਤਿ ਨਿਗੂਣੀ ਮਾਤਰਾ ਵਿਚ ਹਨ ਅਤੇ ਮੈਨੂੰ ਨਹੀਂ ਲੱਗਦਾ ਕਿ 2050 ਤੱਕ 20 ਫੀਸਦੀ ਤੋਂ ਜ਼ਿਆਦਾ ਭਾਰਤੀ ਮੌਜੂਦਾ ਹੋ ਰਹੀਆਂ ਕੋਸ਼ਿਸ਼ਾਂ ਨਾਲ ਅੰਗਰੇਜ਼ੀ ਵਿਚ ਸੰਵਾਦ ਰਚਾ ਸਕਣਗੇ।
2. ਪੰਜਾਬੀ ਅਤੇ ਹਿੰਦੀ ਦਾ ਅਤਿਅੰਤ ਨੇੜਲਾ ਭਾਸ਼ਾਈ ਰਿਸ਼ਤਾ ਹੈ। ਦੋਹਾਂ ਭਾਸ਼ਾਵਾਂ ਵਿਚਕਾਰ ਸ਼ਬਦਾਵਲੀ ਅਤੇ ਵਾਕ ਬਣਤਰ ਦੀਆਂ ਪੱਧਰਾਂ ਤੇ ਬਹੁਤ ਨੇੜਵਾਂ ਸੰਬੰਧ ਹੈ, ਇਸ ਲਈ ਪੰਜਾਬੀ ਬੁਲਾਰਾ ਹਿੰਦੀ 'ਤੇ ਮੁਹਾਰਤ ਸਹਿਜੇ ਹੀ ਪ੍ਰਾਪਤ ਕਰ ਸਕਦਾ ਹੈ।
3. ਪੰਜਾਬੀ ਬੁਲਾਰਿਆਂ ਲਈ ਹਿੰਦੀ 'ਤੇ ਮੁਹਾਰਤ ਹਾਸਲ ਕਰਨ ਲਈ ਸੰਸਥਾਗਤ ਆਧਾਰ ਤੋਂ ਇਲਾਵਾ ਗਹਿਨ ਭਾਸ਼ਾਈ ਪਰਸੰਗ ਵੀ ਮੌਜੂਦ ਹੈ ਜੋ ਕੋਈ ਭਾਸ਼ਾ ਸਿੱਖਣ ਲਈ ਸੰਸਥਾਗਤ ਆਧਾਰ ਤੋਂ ਵੀ ਬਹੁਤ ਜ਼ਿਆਦਾ ਮਹਤਵਪੂਰਨ ਹੈ। ਪਰ ਅੰਗਰੇਜ਼ੀ ਲਈ ਅਜਿਹਾ ਭਾਸ਼ਾਈ ਪਰਸੰਗ ਹਾਸਲ ਨਹੀਂ ਹੈ।
4. ਪੰਜਾਬੀ ਭਾਸ਼ਾ ਵਿਚ ਵੱਡੇ ਭਾਸ਼ਾਈ ਸਰੋਤ ਤਿਆਰ ਕਰਨ ਲਈ ਵੀ ਹਿੰਦੀ ਦੀ ਚੋਣ ਅੰਗਰੇਜ਼ੀ ਨਾਲੋਂ ਵਧੇਰੇ ਲਾਹੇਵੰਦ ਹੈ ਕਿਉਂਕਿ ਹਿੰਦੀ ਅਤੇ ਪੰਜਾਬੀ ਦੇ ਮਾਦਰੀ ਸਰੋਤ ਵੀ ਸਾਂਝੇ ਹਨ ਅਤੇ ਸ਼ਬਦ ਬਣਤਰ ਪੱਖੋਂ ਵੀ ਦੋਵੇਂ ਭਾਸ਼ਾਵਾਂ ਇੰਨੀਆਂ ਨੇੜੇ ਹਨ ਕਿ ਦੋਹਾਂ ਦੇ ਸਰੋਤਾਂ ਨੂੰ ਥੋੜ੍ਹੀ ਕੋਸ਼ਿਸ਼ ਨਾਲ ਇਕ-ਦੂਜੀ ਵਿਚ ਪਲਟਾਇਆ ਜਾ ਸਕਦਾ ਹੈ। ਪਰ ਅੰਗਰੇਜ਼ੀ ਬਾਰੇ ਅਜਿਹਾ ਕੁਝ ਨਹੀਂ ਕਿਹਾ ਜਾ ਸਕਦਾ।
ਬਹੁਤ ਮਹੱਤਵਪੂਰਨ :
“However language loss... is also due to the absence of local languages in educational system. Schools play key role in preserving minority languages and consequently their culture. Eckert. T et al, 2006.