ਤੂਫਾਨ ਤੋਂ ਪਹਿਲਾਂ,
ਹੁੰਦੀ ਏ ਸਾਂਤੀ ਚਾਰ ਚੁਫੇਰੇ।
ਹਰ ਤੂਫਾਨ ਤੋਂ ਪਹਿਲਾਂ ਹੁੰਦੇ ਨੇ ਇਕੱਠੇ,
ਲੱਖਾਂ ਹੀ ਹੌਕੇ 'ਤੇ ਸਿਸਕੀਆਂ।
ਹਜਾਰਾਂ ਪਾੜ੍ਹਿਆਂ ਦੇ ਸੁਪਨੇ,
ਦੱਬੇ ਜਾਂਦੇ ਨੇ ਜਾਂ ਫਿਰ "ਦਬਾਏ" ਜਾਂਦੇ ਨੇ
ਕਿਤਾਬਾਂ ਦੇ ਢੇਰਾਂ ਵਿੱਚ।
ਹਰ ਤੂਫਾਨ ਤੋਂ ਪਹਿਲਾਂ,
ਗਰੀਬ ਦੀ ਫਟੀ ਬੁਨੈਣ,
ਫਟ ਜਾਂਦੀ ਏ ਹੋਰ।
ਕਰਜੇ ਤੋਂ ਤੰਗ ਹੋ ਕੇ
ਖੁਦਕਸੀਆਂ ਦੀ ਸੂਚੀ ਹੋ ਜਾਂਦੀ ਏ,
ਹੋਰ ਲੰਬੀ ਤੇ ਹੋਰ ਲੰਬੀ।
ਹਰ ਤੂਫਾਨ ਤੋਂ ਪਹਿਲਾਂ,
ਰੋ-ਰੋ ਕੇ ,ਮੁੱਕ ਜਾਂਦਾ ਹੈ ਨੈਣਾਂ ਦਾ ਪਾਣੀ ।
ਕਿਸੇ ਮਜਬੂਰ ਨੂੰ ਕੀਤਾ ਜਾਂਦਾ ਏ,
ਹੋਰ ਮਜਬੂਰ , ਹੋਰ ਮਜਬੂਰ।
ਹਰ ਤੂਫਾਨ ਤੋਂ ਪਹਿਲਾਂ
ਗੰਦੇ ਨੇਤਾਵਾਂ ਦੀ ਹਰ ਰਾਤ ,
ਹੁੰਦੀ ਏ ਰੰਗੀਲ
ਵੇਸ਼ਵਾਵਾਂ ਤੇ ਸ਼ਰਾਬਾਂ ਦੀ ਭੇਟਾਂ ਨਾਲ,
ਨੱਚਿਆ ਜਾਂਦਾ ਹੈ ਵਾਸ਼ਨਾਵਾਂ ਦਾ ਨਾਚ।
ਆਮ ਲੋਕਾਂ ਦੀ ਹਰ ਖਾਸ ਸਮੱਸਿਆ ਨੂੰ ,
ਢੱਕਿਆਂ ਜਾਂਦਾ ਹੈ ,ਇਹ ਕਹਿ ਕੇ
ਕਿ ਸਾਂਤੀ ਹੈ, ਸਾਂਤੀ ਹੈ ਚਾਰ-ਚੁਫੇਰੇ।