ਪਾਤਰ! ਮੈਂ ਵੀ ਲੱਭਦਾਂ
(ਕਵਿਤਾ)
ਪਾਤਰ!
ਅਸੀਂ ਤੇਰੇ ਨਿੱਕੇ ਬਦੇਸੀਂਂ ਰੋਜ਼ੀ ਲਈ ਰੁਲਦੇ-
ਸ਼ਰਮਸਾਰ ਹਾਂ- ਆਪਣੇ ਪੰਜਾਬ ਤੋਂ
ਜੋ ਤੇਰੇ ਕੋਲ ਛੱਡ ਕੇ ਗੱਡੀ ਚੜ੍ਹ ਆਏ ਸਾਂ-ਮੂੰਹ 'ਨੇਰੇ 'ਚ
ਘਰਾਂ ਨੂੰ ਕਿਹਦਾ ਦਿੱਲ ਕਰਦਾ ਹੈ ਛੱਡਣ ਨੂੰ-ਦੋਸਤਾ
ਜਾਂ ਦਰ੍ਹਾਂ ਦੇ ਬੈਠੀਆਂ ਅੱਥਰੂਆਂ ਚ ਡੁੱਬੀਆਂ ਮਾਂਵਾਂ ਨੂੰ-
ਕੌਣ ਅਲਵਿਦਾ ਕਹਿੰਦਾ ਹੈ-ਖੇਡਣ ਵਾਲੀਆਂ ਥਾਵਾਂ ਨੂੰ-ਭਲਾ ਦੱਸ
ਅੱਜ ਮੈਂ ਦੂਰ ਜਲਾਵਤਨ
ਨਵ-ਵਰਸ ਦੀ ਸੱਜਰੀ ਸੁਬਾ੍ਹ ਨੂੰ ਸੁੱਚੇ ਹੋਠੀਂ ਚੁੰਮਿਆ-
ਪੇਕਿਆਂ ਵੱਲੋਂ ਤਾਂ ਠੰਡੀ ਵਾ ਆਵੇ ਓਹੀ ਚੰਗੀ ਲੱਗਦੀ ਹੈ-
ਤੂੰ ਜਦੋਂ ਵੀ ਆਇਆ ਮਿੱਟੀ ਦੀਆਂ ਮਹਿਕਾਂ ਲੈ ਕੇ -
ਅਸੀਂ ਤੇਰੇ ਕੋਲ ਰਾਤ ਭਰ ਆਉਣਾ ਹੋਇਆ
ਤਾਂ ਕਿੱਦਾਂ ਰਾਤ ਕੱਟਾਂਗੇ-
ਰਾਤਾਂ ਭੈਅ ਚ ਜੀਅ ਰਹੀਆਂ ਹਨ- ਹੈਥੇ
ਸ਼ਾਮਾਂ ਦੇ ਸਿਰਾਂ ਤੋਂ ਚੁੰਨੀਆਂ ਲੱਥ ਰਹੀਆਂ ਹਨ
ਪੰਜਾਬੀਅਤ ਕਿਰ ਰਹੀ ਹੈ-ਮੁੱਠੀਆਂ ਚੋਂ, ਤੇਰੇ ਸਾਹਮਣੇ
ਜੇ ਇੰਜ ਹੀ ਰਿਹਾ-ਰਹਿੰਦੀ ਵੀ ਕਿਰ ਜਾਣੀ ਹੈ- ਬਚਾ ਲੈ ਦੋਸਤਾ!
ਇਨਸਾਨੀਅਤ ਉਡਦੀ ਜਾ ਰਹੀ ਹੈ ਹਿੱਕਾਂ ਚੋਂ-
ਧੀ-ਭੈਣ ਸਾਰੇ ਪਿੰਡ ਦੀ ਸੀ ਕੱਲ-
ਹੁਣ ਤਾਂ ਲੋਕ ਦੇਖਦੇ ਹੀ ਰਹਿੰਦੇ ਹਨ-
ਜ਼ੋਰਾਵਰ ਘਰੋਂ ਚੁੱਕ ਕੇ ਲੈ ਜਾਂਦੇ ਹਨ-ਕੋਈ ਅੱਗੇ ਨਹੀਂ ਆਉਂਦਾ ਦੂਲਾ
ਰੱਖਵਾਲਿਆਂ ਦੇ ਓਦਾਂ ਹੱਥ ਬੰਨ੍ਹੇ ਹੋਏ ਹਨ -
ਜੇ ਕੋਈ ਫੜਿਆ ਜਾਂਦਾ ਹੈ ਗੁੰਡਾ- ਰਾਤਾਂ ਨੂੰ ਮਖੌਲ ਕਰਦਾ
ਅਦਾਲਤ ਬਰੀ ਕਰ ਦਿੰਦੀ ਹੈ-
ਅਪੀਲ ਦਲੀਲ ਓਦਾਂ ਮਰ ਗਈ ਹੈ ਕਿਤੇ-ਖੁਦਕਸ਼ੀ ਕਰਕੇ-
ਕੀ ਹੋ ਗਿਆ ਹੈ-ਖੂਨ ਦੇ ਰੰਗ ਨੂੰ-
ਯਾਰਾ! ਜੇ ਹਾਕਮ ਚ ਨੈਤਿਕਤਾ ਹੁੰਦੀ ਹੈ-
ਕੰਜ਼ਕਾਂ ਦੇ ਦਰਦ ਦੀ ਨੈਤਿਕ ਜ਼ੁੰਮੇਵਾਰੀ ਲੈ ਅਸਤੀਫੇæ ਦੇ ਦਿੰਦੇ-
ਏਥੇ ਪਲਾਂ ਚ ਮੰਤਰੀ ਘਰੀਂ ਟੁਰ ਜਾਂਦੇ ਹਨ-
ਕਿਹੜਾ ਪੰਜਾਬ ਕਰੇਗਾ -
ਗੁਰ ਨਾਨਕ,ਗੋਬਿੰਦ ਸਿੰਘ ਦੀਆਂ ਸੁੱਚੀਆਂ ਸੱਚੀਆਂ ਪੈੜ੍ਹਾਂਂ ਦੀ ਕਦਰ -
ਵਾਰਿਸ ਪੈੜ੍ਹਾਂਂ ਤੇ ਪਹਿਰਾ ਦੇਣ ਲਈ ਹੁੰਦੇ ਹਨ
ਕਿੱਥੇ ਹੈ-ਲੋਕ ਮੋਹ ਤੇ ਵਚਨਬੱਧਤਾ?
ਪੰਜਾਬ ਤਾਂ ਕਦੇ ਵੀ ਨਹੀਂ ਸੀ ਹਾਰਿਆ -
ਨਿੱਤ ਗੁਰੂਆਂ ਭਗਤਾਂ, ਸੂਫੀਆਂ ਤੇ ਇਨਕਲਾਬੀਆਂ
ਦੇ ਬੋਲਾਂ ਤੇ ਟੁਰਦਾ-
ਦੁੱਲੇ ਸਰਾਭੇ, ਊਧਮ ਸਿੰਘ ਤੇ ਭਗਤ ਸਿੰਘ ਦੇ ਵਾਰਿਸ ਸਨ ਇਹ-
ਦਿੱਲੀ ਦੱਖਣ ਤੇ ਪੋਰਸ ਦੇ ਕਿੰਗਰੇ ਢਾਹੁਣ ਵਾਲੇ -
ਗੁਰ ਨਾਨਕ ਦੇ ਸੁੱਚੇ ਸ਼ਬਦਾਂ ਦੀ ਕੌਣ ਕਰੇਗਾ ਰਾਖੀ-
ਜੋ ਵਾ ਵਗ ਰਹੀ ਹੈ -ਮੱਥੇ 'ਤੇ ਕਲੰਕ ਨਹੀਂ ਤਾਂ ਹੋਰ ਕੀ ਏ-
ਜਿੱਥੇ ਜਠੇਰਿਆਂ ਦੀਆਂ ਸੁੱਚੀਆਂ
ਕਦਰਾਂ ਕੀਮਤਾਂ ਨੂੰ ਵਿਛਾਇਆ ਸੀ -ਸਰਬੱਤ ਦੇ ਭਲੇ ਲਈਂ -
ਲਾਲੋ ਕਿਰਤ -ਪੈਰਾਂ ਚ ਮਸਲੀ ਜਾ ਰਹੀ ਹੈ ਜਰਵਾਣਿਆਂ ਹੱਥੋਂ-
ਹਾਕਮ ਦੀ ਹਿੱਕ ਦੇ ਹਾਰ ਬਣ ਜੀਅ ਰਹੇ ਹਨ-ਹੱਤਿਆਰੇ
ਲੋਕ ਭਲਾਈ ਖਾਤਰ ਚੁਣਦੇ ਨੇ-ਹਾਕਮਾਂ ਨੂੰ
ਮਿਲਾਪ-ਘਰਾਂ ਦਰਾਂ ਨਾਲ ਸੱਤ ਬੇਗਾਨਿਆਂ ਵਰਗਾ ਹੋ ਰਿਹਾ ਹੈ-
ਜੋ ਨਿੱਤ ਸਟੇਜ਼ਾਂ ਤੇ ਚੀਕਦੇ ਨਹੀਂ ਸਨ ਥੱਕਦੇ-
'ਸੋ ਕਿਉਂ ਮੰਦਾ ਆਖੀਐ '
ਕਿੱਥੇ ਹਨ ਉਹ? ਧੀ-ਭੈਣ ਦੀ ਸ਼ਰਮ ਤਾਂ ਕੀ ਕਰਨੀ ਸੀ ਇਹਨਾਂ
ਆਪਣੀ ਮਾਂ ਦੇ ਵੀ ਸਕੇ ਨਾ ਬਣ ਸਕੇ,
ਲਾਡਲਿਆਂ ਦੀ ਜੇਬ ਚ ਵੱਡਿਆਂ ਲਈ ਸਤਿਕਾਰ ਓਦਾਂ ਨਹੀਂ ਬਚਿਆ-
ਨਸ਼ਿਆਂ ਤੇ ਅਸ਼ਲੀਲ ਗਾਇਕੀ ਚ ਵਿੰਨ੍ਹੇ-
ਕਿਉਂ ਨਹੀਂ ਗਾਉਂਦਾ ਪੰਜਾਬ ਤੇਰੇ ਲਿਖੇ ਸੋਹਣੇ ਗੀਤ-
ਗਲਤ-ਭਾਸ਼ਾ ਵਰਤਣ ਤੋਂ ਰੋਕਣ ਵਾਲੀ?
ਚੁਣੀ-ਸਭਾ ਮਾਵਾਂ ਭੈਣਾਂ ਦੀਆਂ ਗਾਲ੍ਹਾਂ ਕੱਢਦੀ ਹੈ-
ਜੇ ਕੋਈ ਪੱਗ-ਘਰ ਦੀ ਇਜ਼ਤ ਲਈ ਬੋਲਦੀ ਹੈ
ਤਾਂ ਸ਼ਰੇਆਮ ਹਿੱਕਾਂ 'ਚ ਗੋਲੀਆਂ ਡੁੱਬਦੀਆਂ ਹਨ-
ਸੱਤਾ ਮੁਸਕਰਾAਂਦੀ ਜੁਆਬ ਦਿੰਦੀ ਸ਼ਰਨ ਬਖਸ਼ਦੀ ਹੈ,
ਨਾ ਰਾਹ ਸੁਰੱਖਿਅਤ ਹਨ-ਨਾ ਹੀ ਪਿੰਡ ਸ਼ਹਿਰ
ਦੀਵੇ ਬਾਲਣ ਕਿੱਦਾਂ ਜਾਣ ਕੁੜੀਆਂ- ਦੀਵਾਲੀ ਦੇ
ਪਲ ਡੁੱਸਕ ਰਹੇ ਹਨ ਸ਼ਾਮਾਂ ਸਿੱਸਕ ਰਹੀਆਂ ਹਨ-
ਮਹਿੰਦੀ ਨੂੰ ਤਲੀਆਂ ਤੋਂ ਖੁਰਦਾ ਕੌਣ ਦੇਖੇ?
ਵੰਗਾਂ ਇੱਜਤ ਨਾਲ ਜੀਊਣਾ ਚਾਹੁੰਦੀਆਂ ਹਨ-
ਚੁੰਨੀਆਂ ਦੀ ਖੁਦਕੁਸ਼ੀ ਬਹੁਤ ਮਹਿੰਗੀ ਹੁੰਦੀ ਹੈ- ਦੋਸਤ-
ਮਜ਼ਹਬਾਂ ਨੂੰ ਸਮਝਾ ਕਿ ਨੰਗੇਜ਼ ਕੱਜਣ
ਨਫ਼ਰਤ ਨਾ ਵੰਡਣ ਹਵਾਵਾਂ ਨੂੰ-
ਪੰਜਾਬ ਦੇ ਬਚੇ ਢਾਈ ਕੁ ਪਾਣੀਆਂ ਚੋਂ ਕੁਹਰਾਮ -ਪੁਣ
ਮੇਲਿਆਂ ਨੂੰ ਜਾਣ ਵਾਲੀਆਂ ਮਹਿਕਾਂ ਵੰਡ ਰਾਹੀਆਂ ਨੂੰ -
ਕਾਨੂੰਨ ਜੇ ਹੈ -ਤਾਂ ਸਫ਼ਿਆਂ 'ਚੋਂ ਬਾਹਰ ਕੱਢ-ਲਾਗੂ ਕਰ
ਨਹੀਂ ਤਾਂ ਲੋਕਾਂ ਦਾ ਸਰਕਾਰਾਂ ਤੇ ਯਕੀਨ ਨਹੀਂ ਰਹਿਣਾ-
ਦਿੱਲੀ ਓਦਾਂ ਬਲਾਤਕਾਰਾਂ ਨੇ ਡੱਸਤੀ, ਵੱਡੇ ਘਰ ਵੀ-
84 ਦਿੱਲੀ ਚ ਕਤਲੇਆਮ, ਬਲਾਤਕਾਰ ਹੋਏ
ਕਿੱਥੇ ਸੀ ਪੱਤਰਕਾਰੀ ਉਦੋਂ?
ਇਨਸਾਫ ਬੁੱਢਾ ਹੋ ਰਿਹਾ ਹੈ
ਤੇਰੀ ਅਦਾਲਤ ਚ ਕੈਦ-
ਹੈਵਾਨੀਅਤ ਨੇ ਤਾਂ ਏਦਾਂ ਹੀ ਕਰਨੀ ਹੈ-ਕਹੇਂਗਾ
ਕਿਤਿਓਂ ਇਨਸਾਨੀਅਤ ਦੀਆਂ ਬੂੰਦਾਂ ਟੋਲ-
ਮੈਂ ਵੀ ਲੱਭਦਾਂ ਮਹਿਕਾਂ ਨਵ-ਵਰਸ 13 ਸਵੇਰ ਲਈ
ਤੂੰ ਪੰਜਾਬ ਦਾ ਬੂਹਾ ਖੋਲ੍ਹ-
----------------------------------------------------