ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ
(ਖ਼ਬਰਸਾਰ)
ਪਟਿਆਲਾ -- ਪੰਜਾਬੀ ਯੂਨੀਵਰਸਿਟੀ ਦੇ ਸੈਨੈਟ ਹਾਲ ਵਿੱਚ 45 ਵੀਂ ਪੰਜਾਬ ਹਿਸਟਰੀ ਕਾਨਫਰੰਸ ਦੇ ਸਮਾਪਤੀ ਸਮਾਗਮ ਵਿੱਚ ਡਾ ਜਸਪਾਲ ਸਿੰਘ ਉਪ ਕੁਲਪਤੀ ਨੇ ਅੱਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਯਾਦ ਵਿੱਚ ਗਦਰ ਲਹਿਰ ਦੀ 100ਵੀਂ ਵਰ੍ਹੇ ਗੰਢ ਨੂੰ ਸਮਰਪਤ ਸਿਮਰਤੀ ਗ੍ਰੰਥ ਜਾਰੀ ਕੀਤਾ।ਇਸ ਸਿਮਰਤੀ ਗ੍ਰੰਥ ਦੇ ਸੰਪਾਦਕ ਜੈਤੇਗ ਸਿੰਘ ਅਨੰਤ ਜੋ ਕੇ ਕੈਨੇਡਾ ਵਿਖੇ ਪਿਛਲੇ 17 ਸਾਲਾਂ ਤੋਂ ਰਹੇ ਹਨ ਨੇ ਦੱਸਿਆ ਕਿ ਇਸ ਗ੍ਰੰਥ ਵਿੱਚ ਦੁਨੀਆਂ ਦੇ 94 ਪ੍ਰਸਿਧ ਵਿਦਵਾਨਾਂ ਦੇ ਭਾਈ ਸਾਹਿਬ ਜੀਵਨ ਬਾਰੇ ਵੱਖ ਵੱਖ ਪੱਖਾਂ ਤੇ ਰੌਸ਼ਨੀ ਪਾਉਂਦੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ।ਇਹ ਗ੍ਰੰਥ 422 ਪੰਨਿਆਂ ਦਾ ਰੰਗਦਾਰ ਤੇ ਭਾਈ ਸਾਹਿਬ ਦੀਆਂ ਅਦਭੁਤ ਤਸਵੀਰਾਂ ਅਤੇ ਅਣਛਪੀਆਂ ਜੇਲ੍ਹ ਚਿੱਠੀਆਂ ਨਾਲ ਸ਼ਿੰਗਾਰਿਆ ਹੋਇਆ ਹੈ।ਭਾਈ ਰਣਧੀਰ ਸਿੰਘ ਗਦਰ ਲਹਿਰ ਦੇ ਮੋਢੀਆਂ ਵਿੱਚੋਂ ਸਨ ਜਿਨ੍ਹਾ 16 ਸਾਲ ਜੇਲ੍ਹ ਦੀ ਸਜਾ ਕੱਟੀ।ਉਹ ਬਾਣੀ ਤੇ ਰਹਿਤ ਮਰਿਆਦਾ ਦੇ ਪੱਕੇ ਤੇ ਸੱਚੇ ਸੁੱਚੇ ਸਿੱਖ ਸਨ ਜਿਹਨਾਂ ਦੀ ਰਹਿਤ ਮਰਿਆਦਾ ਨੂੰ ਪੂਰਾ ਕਰਨ ਲਈ ਜੇਲ੍ਹ ਮੈਨੂਅਲ ਵਿੱਚ ਅੰਗਰੇਜਾਂ ਨੂੰ ਤਬਦੀਲੀ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ।।ਇਸ ਮੌਕੇ ਉਪਕੁਲਪਤੀ ਨੇ ਕਿਹਾ ਉਹਨਾ ਗਦਰ ਲਹਿਰ ਨੂੰ ਨਵੀਂ ਦਸ਼ਾ ਤੇ ਦਿਸ਼ਾ ਦਿੱਤੀ ਤੇ ਜੇਲ੍ਹ ਵਿੱਚ ਵੀ ਗੁਰੂ ਦੀ ਬਾਣੀ ਨਾਲ ਜੁੜ੍ਹੇ ਰਹੇ।ਉਹਨਾਂ ਅੱਗੋਂ ਜੈਤੇਗ ਸਿੰਘ ਅਨੰਤ ਦੇ ਇਸ ਉਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਭਾਈ ਰਣਧੀਰ ਸਿੰਘ ਸੁਤੰਤਰਤਾ ਸੰਗਰਾਮ ਦੇ ਇਨਕਲਾਬੀ ਯੋਧੇ ਸਨ। ਉਹਨਾ ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਆਪਣਾ ਸਾਰਾ ਜੀਵਨ ਸਿੱਖੀ ਸੋਚ ਤੇ ਪਹਿਰਾ ਦੇਣ ਤੇ ਲਾ ਦਿੱਤਾ ਅਤੇ ਗੁਰੂ ਤੇ ਗੁਰਬਾਣੀ ਨਾਲ ਲੋਕਾਂ ਨੂੰ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਹ ਸਿਮਰਤੀ ਗ੍ਰੰਥ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ।ਪ੍ਰੋ ਹਿੰਮਤ ਸਿੰਘ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਲੋਂ ਆਜ਼ਾਦੀ ਦੇ ਸੰਗਰਾਮ ਅਤੇ ਸਿੱਖੀ ਦੇ ਪ੍ਰਚਾਰ ਲਈ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਤਿਹਾਸ ਵਿੱਚ ਭਾਈ ਸਾਹਿਬ ਦੇ ਯੋਗਦਾਨ ਦਾ ਸੁਨਹਿਰੀ ਅੱਖਰਾਂ ਵਿੱਚ ਇੰਦਰਾਜ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀਆਂ ਨਸਲਾਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਭਗਤੀ ਅਤੇ ਸਿੱਖੀ ਸੋਚ ਤੇ ਪਹਿਰਾ ਦੇ ਸਕਣ।ਜੈਤੇਗ ਸਿੰਘ ਅਨੰਤ ਨੇ ਇਸ ਸਿਮਰਤੀ ਪ੍ਰੰਥ ਦੀ ਕਾਪੀ ਪ੍ਰਸਿਧ ਇਤਿਹਾਸਕਾਰ ਅਤੇ ਸਾਬਕ ਉਪਕੁਲਪਤੀ ਸ੍ਰ ਜੇ ਐਸ ਗਰੇਵਾਲ ਨੂੰ ਭੇਂਟ ਕੀਤੀ ।ਇਸ ਮੌਕੇ ਤੇ ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਸਾਬਕ ਪ੍ਰੋ ਵਾਈਸ ਚਾਂਸਲਰ,ਡਾ ਬਲਕਾਰ ਸਿੰਘ,ਉਜਾਗਰ ਸਿੰਘ ਸਾਬਕ ਲੋਕ ਸੰਪਰਕ ਅਫਸਰ,ਪ੍ਰੋ ਕੁਲਵੰਤ ਸਿੰਘ ਗਰੇਵਾਲ ਅਤੇ ਦੇਸ਼ ਵਿਦੇਸ਼ ਤੋਂ ਆਏ ਲਗਪਗ 300 ਇਤਿਹਾਸਕਾਰ,ਖੋਜ ਵਿਦਿਆਰਥੀ ਅਤੇ ਵਿਦਵਾਨ ਵੀ ਮੌਜੂਦ ਸਨ।

ਡਾ ਜਸਪਾਲ ਸਿੰਘ ਉਪਕੁਲਪਤੀ,ਪੰਜਾਬੀ ਯੂਨੀਵਰਸਿਟੀ, ਪੰਜਾਬ ਹਿਸਟਰੀ ਕਾਨਫਰੰਸ ਵਿੱਚ ਪਟਿਆਲਾ ਵਿਖੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ ਕਰਦੇ ਹੋਏ।ਉਹਨਾਂ ਨਾਲ ਜੈਤੇਗ ਸਿੰਘ ਅਨੰਤ,ਜੇ ਐਸ ਗਰੇਵਾਲ,ਸਾਬਕ ਉਪਕੁਲਪਤੀ ਅਤੇ ਪ੍ਰੋਪ੍ਰਿਥੀਪਾਲ ਸਿੰਘ ਕਪੂਰ,ਸਾਬਕ ਪ੍ਰੋ ਵਾਈਸ ਚਾਂਸਲਰ ਖੜ੍ਹੇ ਹਨ।
ਉਜਾਗਰ ਸਿੰਘ