'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ
(ਖ਼ਬਰਸਾਰ)
ਸਰੀ: ਬਹੁ-ਵਿਧੀ ਲੇਖਕ ਨਛੱਤਰ ਸਿੰਘ ਬਰਾੜ ਨੇ ਆਪਣੀ ਨਵੀਂ ਛਪੀ ਪੁਸਤਕ 'ਥੇਹ ਵਾਲਾ ਪਿੰਡ ਜਨੇਰ' ਦਾ ਸਰੀ ਸ਼ਹਿਰ ਵਿਖੇ, ੧੬ ਮਾਰਚ ਦੀ ਸ਼ਾਮ ਨੂੰ, ਆਪਣੇ ਘਰ ਦੇ ਵਿਹੜੇ ਵਿਚ ਰੀਲੀਜ਼ ਸਮਾਰੋਹ ਕਰਵਾ ਕੇ ਨਵੀਂ ਪ੍ਰਿਤ ਪਾਈ। ਘਰ ਦੇ ਪਿੱਛਵਾੜੇ, ਵਾਟਰ ਪਰੂਫ ਤੰਬੂ ਵਿਚ ਵੱਡੇ ਹੀਟਰਾਂ ਰਾਹੀਂ ਪੂਰਾ ਨਿੱਘ ਪੈਦਾ ਕੀਤਾ ਹੋਇਆ ਸੀ। ਸ਼ਾਮ ਦੇ ਪੰਜ ਵਜੇ ਸਮਾਗਮ ਸ਼ੁਰੂ ਹੋਇਆ। ਤਿੰਨ ਸਾਹਿਤਕ ਸੰਸਥਾਵਾਂ ਤੋਂ ਇਲਾਵਾ ਜਨੇਰ ਪਿੰਡ ਤੇ ਆਲ਼ੇ ਦੁਆਲ਼ੇ ਦੇ ਨਾਮਵਰ ਵਿਅਕਤੀ ਵੀ ਸਮਾਗਮ ਵਿਚ ਹਾਜ਼ਰ ਸਨ। ਪ੍ਰਧਾਨਗੀ ਮੰਡਲ ਵਿਚ ਡਾ. ਸਾਧੂ ਸਿੰਘ, ਨਛੱਤਰ ਸਿੰਘ ਬਰਾੜ, ਜਰਨੈਲ ਸਿੰਘ ਸੇਖਾ ਅਤੇ ਇੰਦਰਜੀਤ ਕੌਰ ਸਿੱਧੂ ਸਸ਼ੋਭਤ ਸਨ। ਮੋਹਨ ਗਿੱਲ ਨੇ ਸਟੇਜ ਸੰਭਾਲੀ। ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਮੋਹਨ ਗਿੱਲ ਨੇ ਕਿਹਾ ਕਿ ਨਛੱਤਰ ਸਿੰਘ ਬਰਾੜ ਤੇ ਉਹਦਾ ਪ੍ਰਵਾਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਘਰ ਵਿਚ ਪੁਸਤਕ ਦਾ ਸਮਾਰੋਹ ਕਰਵਾਕੇ ਨਵੀਂ ਪ੍ਰਿਤ ਪਾਈ ਹੈ। ਬਰਾੜ ਸਾਹਿਬ ਨੇ ਦੋ ਨਾਵਲਾਂ ਤੇ ਹਵਾਈ ਸੈਨਾ ਬਾਰੇ ਪੁਸਤਕ ਲਿਖ ਕੇ ਪੰਜਾਬੀ ਸਾਹਿਤ ਜਗਤ ਵਿਚ ਪਹਿਲਾਂ ਹੀ ਮਾਨਤਾ ਪ੍ਰਾਪਤ ਕਰ ਲਈ ਸੀ।ਹੁਣ ਉਸ ਨੇ ਆਪਣੇ ਪਿੰਡ ਦਾ ਇਤਿਹਾਸ ਲਿਖ ਕੇ ਖੋਜੀ ਇਤਿਹਾਸਕਾਰਾਂ ਵਿਚ ਵੀ ਆਪਣਾ ਨਾਮ ਸ਼ਾਮਲ ਕਰ ਲਿਆ ਹੈ।
ਰੇਡੀਓ ਹੋਸਟ ਤੇ ਅਸੈਂਬਲੀ ਹਲਕਾ ਗਰੀਨਟਿੰਬਰ ਤੋਂ ਉਮੀਦਵਾਰ ਕੁਲਜੀਤ ਕੌਰ ਨੇ ਬਰਾੜ ਪਰਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਰਾੜ ਸਾਹਿਬ ਨੇ ਇਹ ਪੁਸਤਕ ਲਿਖ ਕੇ ਆਪਣੇ ਪਿੰਡ ਦਾ ਰਿਣ ਉਤਾਰ ਦਿੱਤਾ ਹੈ। ਇੰਦਰਜੀਤ ਕੌਰ ਸਿੱਧੂ ਨੇ ਆਪਣੇ ਖੋਜ ਭਰਪੂਰ ਪਰਚੇ ਵਿਚ ਪੰਜਾਬ ਦੇ ਥੇਹਾਂ ਦਾ ਪਿਛੋਕੜ ਬਿਆਨ ਕਰਦਿਆਂ ਨਛੱਤਰ ਸਿੰਘ ਬਰਾੜ ਵੱਲੋਂ ਦਰਸਾਏ ਜਨੇਰ ਦੇ ਥੇਹ ਦੇ ੬੦੦੦ ਸਾਲ ਪੁਰਾਣੇ ਇਤਿਹਾਸ ਨੂੰ ਦਲੀਲਾਂ ਰਾਹੀਂ ਸਹੀ ਦਰਸਾਇਆ। ਜਰਨੈਲ ਸਿੰਘ ਸੇਖਾ ਨੇ ਪਿੰਡ ਦੇ ਇਤਿਹਾਸ ਲਿਖਣ ਵਿਚ ਆਉਂਦੀਆਂ ਔਕੜਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅਜੇਹੀਆਂ ਖੋਜ ਪੁਸਤਕਾਂ ਕਿਸੇ ਸੰਸਥਾ ਦੀ ਸਹਾਇਤਾ ਤੋਂ ਬਿਨਾਂ ਨਹੀਂ ਛਪ ਸਕਦੀਆਂ ਪਰ ਨਛੱਤਰ ਸਿੰਘ ਬਰਾੜ ਨੇ ਇਸ ਖੋਜ ਭਰਪੂਰ ਕੰਮ ਲਈ ਆਪਣਾ ਹੀ ਤਨ, ਮਨ, ਧਨ ਤੇ ਸਮਾਂ ਸਮਰਪਤ ਕੀਤਾ। ਪੰਜ ਸਾਲਾਂ ਦੀ ਸਾਧਨਾ, ਸਿਰੜ ਤੇ ਲਗਨ ਦਾ ਸਿੱਟਾ ਹੈ ਇਹ ਪੁਸਤਕ।
ਡਾ. ਸਾਧੂ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਪਿੰਡਾਂ ਨੂੰ ਛੱਡ ਕੇ ਪ੍ਰਦੇਸਾਂ ਵਿਚ ਆ ਜਾਂਦੇ ਹਨ, ਉਹਨਾਂ ਪਿੰਡ ਵੀ ਉਹਨਾਂ ਦੇ ਹਿਰਦਿਆਂ ਵਿਚ ਨਾਲ ਹੀ ਤੁਰ ਆਉਂਦੇ ਹਨ। ਇਹਨਾਂ ਥੇਹਾਂ ਵਿਚ ਸਾਡਾ ਸੱਭਿਆਚਾਰ ਪਿਆ ਹੈ। ਪਿੰਡ ਬਹ-ਜਾਤੀ, ਬਹੁ-ਸੱਭਿਆਚਾਰ ਤੇ ਸਾਂਝੀਵਾਲਤਾ ਦੇ ਪ੍ਰਤੀਕ ਹਨ। ਅਜਮੇਰ ਰੋਡੇ ਨੇ ਕਿਹਾ, ਥੇਹਾਂ ਤੋਂ ਹੀ ਪਤਾ ਲੱਗਦਾ ਹੈ ਕਿ ਮਨੁੱਖੀ ਸੱਭਿਅਤਾ ਦੀਆਂ ਜੜਾਂ ੭੦੦੦ ਸਾਲ ਪੁਰਾਣੀਆਂ ਹਨ। ਸਾਧੂ ਬਿਨਿੰਗ ਨੇ ਦੱਸਿਆ ਕਿ ਜਨੇਰ ਦੇ ਥੇਹ ਵਾਲੀ ਸੱਭਿਅਤਾ ਸਾਰੇ ਪੰਜਾਬ ਦੇ ਥੇਹਾਂ ਦੀ ਸੱਭਿਅਤਾ ਹੈ। ਬਰਾੜ ਸਾਹਿਬ ਨੇ ਪਿੰਡ ਬਾਰੇ ਲਿਖ ਕੇ ਸਾਨੂੰ ਆਪਣੇ ਪਿੰਡਾਂ ਬਾਰੇ ਸੋਚਣ ਲਈ ਸੁਚੇਤ ਕਰ ਦਿੱਤਾ ਹੈ ਕਿਉਂਕਿ ਪਿੰਡ ਤਾਂ ਹਰ ਪੇਂਡੂ ਦੇ ਅੰਦਰ ਵਸਦਾ ਹੈ। ਜਰਨੈਲ ਸਿੰਘ ਆਰਟਿਸਟ ਨੇ ਕਿਹਾ, ਇਹ ਪੁਸਤਕ ਸਾਡੇ ਵਿਰਸੇ ਨੂੰ ਸਾਂਭਣ ਦੀ ਪ੍ਰੇਰਣਾ ਦਿੰਦੀ ਹੈ। ਸੁਰਜੀਤ ਕਲਸੀ ਨੇ ਮਿਸਜ਼ ਬਰਾੜ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਇਹ ਕਠਨ ਕੰਮ ਨੇਪਰੇ ਨਹੀਂ ਸੀ ਚਾੜ੍ਹਿਆ ਜਾ ਸਕਦਾ। ਇਸ ਤੋਂ ਇਲਾਵਾ ਬਲਦੇਵ ਸਿੰਘ ਖੋਸਾ, ਨਦੀਮ ਪਰਮਾਰ, ਹਰਬੰਸ ਢਿੱਲੋਂ, ਜਸਬੀਰ ਕੌਰ ਮਾਨ, ਪਾਲਾ ਸਿੰਘ ਕੜਿਆਲ, ਸੁੱਚਾ ਸਿੰਘ ਕਲੇਰ ਨੇ ਵੀ ਬਰਾੜ ਪਰਵਾਰ ਨੂੰ ਵਧਾਈ ਦੇ ਸ਼ਬਦ ਕਹੇ। ਨਛੱਤਰ ਸਿੰਘ ਬਰਾੜ ਨੇ ਆਏ ਸਰੋਤਿਆ ਦਾ ਧੰਨਵਾਦ ਕਰਦਿਆ ਪੁਸਤਕ ਲਿਖਣ ਲਈ ਆਈਆਂ ਔਕੜਾਂ ਦਾ ਵਰਨਣ ਕੀਤਾ ਕਿ ਉਸ ਨੂੰ ਮੂਰਤੀਆਂ, ਸਿੱਕੇ ਅਤੇ ਜਨੇਰ ਦੇ ਥੇਹ ਵਿਚੋਂ ਮਿਲੀ ਹੋਰ ਸਮਗਰੀ ਦੀ ਟਲ਼ ਵਿਚ ਕਿਵੇਂ ਭਟਕਣਾ ਪਿਆ। ਉਹਨਾਂ ਇਹ ਵੀ ਦੱਸਿਆ ਕਿ ਪਿੰਡ ਦਾ ਇਤਿਹਾਸ ਲਿਖਣ ਸਮੇਂ ਹਰ ਵਰਗ ਨੂੰ ਸਨਮੁਖ ਰੱਖਣ ਦੇ ਨਾਲ ਨਾਲ ਉਹਨਾਂ ਵੱਲੋਂ ਪਿੰਡ ਲਈ ਪਾਇਆ ਯੋਗਦਾਨ ਵੀ ਅੱਖੋਂ ਪਰੋਖੇ ਨਹੀਂ ਕੀਤਾ।
ਪੁਸਤਕ ਉਪਰ ਵਿਚਾਰ ਚਰਚਾ ਕਰਨ ਸਮੇਂ ਨਾਲ ਨਾਲ ਹੀ ਗੀਤ ਤੇ ਕਵਿਤਾਵਾਂ ਦਾ ਸਿਲਸਲਾ ਵੀ ਚੱਲਦਾ ਰਿਹਾ। ਰੁਪਿੰਦਰ ਕੌਰ ਰੂਪੀ, ਅਮਰਜੀਤ ਕੌਰ ਸ਼ਾਂਤ, ਇੰਦਰਜੀਤ ਸਿੰਘ ਧਾਮੀ, ਕ੍ਰਿਸ਼ਨ ਭਨੋਟ, ਦਰਸ਼ਨ ਸੰਘਾ, ਅੰਗ੍ਰੇਜ਼ ਬਰਾੜ, ਗੁਰਦੀਪ ਭੁੱਲਰ, ਗੁਰਚਰਨ ਟੱਲੇਵਾਲੀਆ, ਖੁਸ਼ਹਾਲ ਸਿੰਘ ਗਲੋਟ੍ਹੀ, ਪ੍ਰਿਤਪਾਲ ਸਿੰਘ ਸੰਧੂ, ਬਾਬੂ ਸਿੰਘ ਗਿੱਲ, ਗਗਨ ਗਿੱਲ ਤੇ ਕਈ ਹੋਰ ਕਵੀਆਂ ਨੇ ਆਪਣੇ ਗੀਤ ਤੇ ਕਵਿਤਾਵਾਂ ਸੁਣਾ ਕੇ ਸਾਹਿਤਕ ਮਾਹੌਲ ਸਿਰਜ ਦਿੱਤਾ। ਸੌ ਤੋਂ ਵਧੀਕ ਸਰੋਤਿਆਂ ਨੇ ਇਸ ਸਮਾਰੋਹ ਵਿਚ ਭਾਗ ਲਿਆ। ਪਰਵਾਰ ਵੱਲੋਂ ਪਰੋਸੇ ਰਾਤ ਦੇ ਖਾਣੇ ਦਾ ਆਨੰਦ ਮਾਨਣ ਮਗਰੋਂ ਸਮਾਰੋਹ ਦੀ ਸਮਾਪਤੀ ਹੋਈ।