ਖ਼ੁਸ਼ੀਆਂ ਤੇ ਖ਼ੇੜੇ ਲੈ ਕੇ ਆਈ ਹੈ ਵਿਸਾਖੀ ਨੀ।
ਰੀਝ ਪੂਰੀ ਹੋਣੀ ਜਿਹੜੀ ਗੋਰੀਏ ਤੂੰ ਆਖੀ ਨੀ।
ਕੰਨਾ ਵਿਚ ਬੁੰਦੇ, ਰਾਣੀ- ਹਾਰ ਬਣਵਾ ਦਿਆਂ।
ਕਨੇਡਾ ਵਿਚੋਂ ਸੁਹਣਾ ਤੈਨੂੰ ਸੂਟ ਮੰਗਵਾ ਦਿਆਂ।
ਛੱਡਣੀ ਨਹੀਂ ਤੇਰੀ ਹੁਣ ਕਸਰ ਕੋਈ ਬਾਕੀ ਨੀ,
ਮੈਂ ਹਰ ਗੱਲ ਮੰਨਾ ਤੇਰੀ ਜੋ ਵੀ ਮੈਨੂੰ ਆਖੀ ਨੀ।
ਐਤਕਾਂ ਨਾ ਖਾਲੀ ਤੇਰੀ ਲੰਘਣੀ ਵਿਸਾਖੀ ਨੀ।
ਦੋ ਸੋਨੇ ਦੀਆਂ ਚੂੜੀਆਂ ਤੇ ਕੋਕਾ ਤੇਰੇ ਨੱਕ ਨੂੰ।
ਬਣ ਜਾਊਗਾ ਸੈੱਟ ਸੁਹਣਾ, ਢਾਈ ਤਿੰਨ ਲੱਖ ਨੂੰ।
ਮੈਂ ਕਣਕਾਂ ਨੂੰ ਵਢ੍ਹ ਕੇ, ਕਰੂੰਗਾ ਤੇਰੀ ਰਾਖੀ ਨੀ,
ਐਤਕਾਂ ਨਾ ਖਾਲੀ ਤੇਰੀ ਲੰਘਣੀ ਵਿਸਾਖੀ ਨੀ।
ਮੈਂ ਹਰ ਗੱਲ ਮੰਨਾ ਤੇਰੀ ਜੋ ਵੀ ਮੈਨੂੰ ਆਖੀ ਨੀ।
ਲੋਹੜੀ ਤੇ ਦੀਵਾਲੀ ਨੂੰ ਵੀ ਤੰਗ ਹੁਣ ਕਰੀਂ ਨਾ।
"ਮਲਕੀਅਤ ਨਸ਼ਹਿਰੇ ਵਾਲੇ" ਉਤੇ ਹੁਣ ਮਰੀਂ ਨਾ।
ਤੂੰ ਸਡੇ ਨਾਲ ਹੁੰਦੀ ਰਵ੍ਹੇਂ ਐਵੇਂ ਲੋਹੀ-ਲਾਖ਼ੀ ਨੀ,
ਮੈਂ ਹਰ ਗੱਲ ਮੰਨਾ ਤੇਰੀ ਜੋ ਵੀ ਮੈਨੂੰ ਆਖੀ ਨੀ।
ਆਪਾਂ ਦੋਵ੍ਹਾਂ 'ਕਠਿਆਂ ਨੇ ਵੇਖਣੀ ਵਿਸਾਖੀ ਨੀ।
ਨੀ ਟੌਹਰ ਸਾਡਾ ਮੇਲੇ ਵਿਚ ਹਊ ਜੱਗੋਂ ਵਖ਼ਰਾ।
ਕੁੜੀਆਂ ਨੂੰ ਗਛਾਂ ਪਾਉਂਦਾ ਜਾਊ ਤੇਰਾ ਨੱਖ਼ਰਾ।
"ਸੁਹਲ" ਨਾਲ ਬਹੁਤੀ ਹੁਣ ਕਰ ਨਾ ਚੱਲਾਕੀ ਨੀ,
ਮੈਂ ਹਰ ਗੱਲ ਮੰਨਾ ਤੇਰੀ ਜੋ ਵੀ ਮੈਨੂੰ ਆਖੀ ਨੀ।
ਬੱਚਿਆਂ ਦੇ ਨਾਲ ਆਪਾਂ ਵੇਖੀਏ ਵਿਸਾਖੀ ਨੀ।