6
ਮੇਰਾ ਪਹਿਲਾ ਇਨਾਮ
ਦੂਸਰੀ ਸੰਸਾਰ ਜੰਗ ਸਮੇਂ ਪੰਜਾਬ ਵਿਚੋਂ ਲੱਖਾਂ ਦੀ ਤਾਦਾਦ ਵਿਚ ਗਭਰੂ ਭਰਤੀ ਕੀਤੇ ਗਏ ਸਨ.ਇੱਥੋਂ ਤਕ ਕਿ ਚੌਦਾਂ ਪੰਦਰਾਂ ਸਾਲ ਦੇ ਮੁੰਡਿਆਂ ਨੂੰ ਵੀ ਬੱਚਾ ਕੰਪਨੀ ਵਿਚ ਭਰਤੀ ਕਰ ਲਿਆ ਜਾਂਦਾ ਸੀ.ਮੇਰਾ ਵੱਡਾ ਭਰਾ, ਮੱਲ ਸਿੰਘ ਘਰਦਿਆਂ ਤੋਂ ਚੋਰੀ ਬੱਚਾ ਕੰਪਨੀ ਵਿਚ ਭਰਤੀ ਹੋ ਕੇ ਅੰਬਾਲੇ ਚਲਾ ਗਿਆ ਸੀ.ਫੌਜ ਵਿਚ ਭਰਤੀ ਕਰਵਾਉਣ ਲਈ ਪਿੰਡਾਂ ਦੇ ਲੰਬਰਦਾਰ, ਸਫੈਦਪੋਸ਼ ਤੇ ਜ਼ੈਲਦਾਰ ਸਰਗਰਮ ਸਨ.ਉਹ ਲੋਕ ਆਪਣੇ ਰਸੂਖ ਨਾਲ ਪਿੰਡਾ ਦੇ ਗਭਰੂਆਂ ਨੂੰ ਭਰਤੀ ਕਰਵਾ ਰਹੇ ਸਨ.ਭਰਤੀ ਹੋਣ ਦੇ ਹੱਕ ਵਿਚ ਇਕ ਲੁਭਾਵਣਾ ਗੀਤ ਗਾਇਆ ਜਾਂਦਾ ਸੀ, 'ਭਰਤੀ ਹੋਜਾ ਵੇ, ਹੋਜਾ ਮੇਰੇ ਲਾਲ, ਭਰਤੀ ਹੋਜਾ ਵੇ|' ਸਾਡੇ ਪਿੰਡ ਦਾ ਇਕ ਪੁਰਾਣਾ ਅਜ਼ਾਦੀ ਗੁਲਾਟੀਆ, ਜਿਸ ਨੂੰ ਕੁਝ ਸਮਾਂ ਪਿੰਡ ਵਿਚ ਜੂਹ-ਬੰਦ ਵੀ ਰਹਿਣਾ ਪਿਆ ਸੀ, ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਹੁਣ ਉਹ ਅੰਗ੍ਰੇਜ਼ ਸਰਕਾਰ ਦੇ ਹੱਕ ਵਿਚ ਇਹ ਗੀਤ ਸਾਨੂੰ ਸਖਾਇਆ ਕਰਦਾ ਸੀ.ਉਸ ਗੀਤ ਵਿਚ ਦਰਸਾਇਆ ਗਿਆ ਸੀ ਕਿ ਘਰ ਰਹਿ ਕੇ ਸੁੱਕੀਆਂ ਬਾਜਰੇ ਦੀਆਂ ਰੋਟੀਆਂ ਨਾਲ ਝਟ ਲੰਘਾਉਣਾ ਪੈਂਦਾ ਹੈ ਪਰ ਫੌਜ ਵਿਚ ਮੀਟ ਚੌਲ਼ ਤੇ ਆਂਡੇ ਮਿਲਦੇ ਹਨ.ਏਥੇ ਪਾਟੇ ਹੋਏ ਕਪੜੇ ਹਨ ਪਰ ਫੌਜ ਵਿਚ ਬਹੁਤ ਵਧੀਆ ਵਰਦੀ ਮਿਲਦੀ ਹੈ.ਕਵਿਤਾ ਬਹੁਤ ਲੰਮੀ ਸੀ ਪਰ ਮੈਨੂੰ ਇਕੋ ਲਾਈਨ ਯਾਦ ਹੈ; 'ਏਥੇ ਮਿਲਦੇ ਟੁੱਟੇ ਛਿੱਤਰ, ਓਥੇ ਮਿਲਣਗੇ ਬੂਟ, ਭਰਤੀ ਹੋਜਾ ਵੇ|'
ਭਰਤੀ ਦਾ ਵਿਰੋਧ ਕਰਨ ਵਾਲਿਆਂ ਨੇ ਵੀ ਇਸ ਦੇ ਉਲਟ ਇਕ ਗੀਤ ਬਣਾਇਆ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਅਨੇਕਾਂ ਭੈਣਾਂ ਦੇ ਵੀਰ ਤੇ ਲੱਖਾਂ ਮਾਵਾਂ ਦੇ ਪੁੱਤ ਬਿਗਾਨੀ ਧਰਤੀ 'ਤੇ ਮਾਰੇ ਗਏ ਨੇ.ਪੰਜਾਬ ਦੇ ਗਭਰੂਆਂ ਨੂੰ ਬਲੀ ਦੇ ਬਕਰੇ ਬਣਾਇਆ ਜਾ ਰਿਹਾ ਹੈ.ਬਲੀ ਦਾ ਬੱਕਰਾ ਬਣਨ ਨਾਲੋਂ ਘਰ ਦੀ ਰੁੱਖੀ ਸੁੱਕੀ ਖਾਣੀ ਬਿਹਤਰ ਹੈ.ਗੀਤ ਇਹ ਵੀ ਲੰਮਾ ਸੀ ਪਰ ਉਸਦਾ ਅੰਤਰਾ ਯਾਦ ਹੈ, 'ਭਰਤੀ ਨਈਂ ਹੋਣਾ| ਨਈਂ ਬਣਨਾ ਰੰਗਰੂਟ, ਭਰਤੀ ਨਈਂ ਹੋਣਾæ' ਮੇਰੇ ਚਾਚਿਆਂ ਦੇ ਥਾਂ ਲਗਦਾ ਬਲਬੀਰ ਸਿੰਘ, ਜਿਹੜਾ ਕਿ ਉਦੋਂ ਅਜੇ ਰੋਡਿਆਂ ਵਾਲੇ ਸਕੂਲ ਪੜ੍ਹਦਾ ਸੀ, ਸਾਡੇ ਕੋਲ ਇਹ ਗੀਤ ਗਾਇਆ ਕਰਦਾ ਸੀ.ਇਹ ਗੀਤ ਮੇਰੇ ਵੀ ਜ਼ਬਾਨੀ ਯਾਦ ਹੋ ਗਿਆ ਸੀæ
ਸੰਨ 45 ਵਿਚ ਭਾਵੇਂ ਜੰਗ ਆਪਣੇ ਅੰਤਮ ਪੜਾਅ ਵੱਲ ਪਹੁੰਚ ਰਹੀ ਸੀ.ਇਤਹਾਦੀ ਫੌਜਾਂ ਹਿਟਲਰ ਜੁੰਡਲੀ 'ਤੇ ਭਾਰੂ ਪੈਂਦੀਆਂ ਜਾ ਰਹੀਆਂ ਸਨ ਪਰ ਫੌਜ ਦੀ ਭਰਤੀ ਅਜੇ ਵੀ ਜਾਰੀ ਸੀ.ਜੰਗ ਦੇ ਵਿਰੋਧ ਵਿਚ ਅਤੇ ਦੇਸ਼ ਨੂੰ ਅਜ਼ਾਦ ਕਰਵਾਉਣ ਖਾਤਰ ਵੀ ਪਿੰਡਾਂ ਵਿਚ ਜਲਸੇ ਜਲੂਸ ਤੇ ਕਾਨਫਰੰਸਾਂ ਜਾਰੀ ਸਨ.ਇਕ ਇਹੋ ਜਿਹੀ ਕਾਨਫਰੰਸ ਸਾਡੇ ਪਿੰਡ, ਸੁਰਗਾ ਪੁਰੀ ਦੇ ਵਿਹੜੇ ਵਿਚ ਵੀ ਹੋਈ ਸੀ.(ਸਾਡੇ ਪਿੰਡ ਦੇ ਉੱਤਰ ਵਾਲੇ ਪਾਸੇ, ਵੱਡੇ ਛੱਪੜ ਦੇ ਨਾਲ, ਨਿਰਮਲੇ ਸੰਤ ਰਾਮ ਸਿੰਘ ਦੀ ਕੁਟੀਆ ਹੁੰਦੀ ਸੀ ਜਿਸ ਨੂੰ ਸੁਰਗਾ ਪੁਰੀ ਕਿਹਾ ਜਾਂਦਾ ਸੀ.ਉਸ ਥਾਂ ਪਿੱਪਲਾਂ, ਬੋਹੜਾਂ ਦੀ ਝੰਗੀ ਸੀ ਜਿੱਥੇ ਗਰਮੀਆਂ ਵਿਚ ਪਿੰਡ ਦੇ ਬੰਦਿਆਂ ਦੀ ਚੰਗੀ ਰੌਣਕ ਲੱਗ ਜਾਂਦੀ ਸੀ.ਸੰਨ 1955 ਦੇ ਹੜ੍ਹਾਂ ਕਾਰਨ ਵੱਡੇ ਛੱਪੜ ਨੇ ਕੁਟੀਆ ਵਾਲੀ ਜਗਾਹ ਤਕ ਆਪਣਾ ਪਸਾਰ ਕਰ ਲਿਆ ਸੀ ਅਤੇ 1962 ਦੇ ਹੜ੍ਹਾਂ ਨੇ ਤਾਂ ਉਸ ਥਾਂ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਸੀ ਅਤੇ ਉਹ ਥਾਂ ਛੱਪੜ ਦਾ ਹਿੱਸਾ ਹੀ ਬਣ ਗਈ ਸੀ.ਅੱਜ ਕੱਲ੍ਹ ਉਹ ਛੱਪੜ, ਇਕ ਛੱਪੜੀ ਦੀ ਨਿਆਈ ਰਹਿ ਗਿਆ ਹੈ ਅਤੇ ਮੁੜ ਉਸ ਥਾਂ ਨਿਰਮਲੇ ਸੰਤਾਂ ਦਾ ਡੇਰਾ ਬਣ ਗਿਆ ਹੈæ)
ਉਦੋਂ ਮੈਂ ਚੌਥੀ ਜਮਾਤ ਵਿਚ ਪੜ੍ਹਦਾ ਸੀ.ਗਰਮੀ ਦੀਆਂ ਛੁੱਟੀਆਂ ਸਨ.ਸਾਡੀ ਮੱਝ ਸੂਈ ਹੋਣ ਕਾਰਨ ਮੈਂ ਉਸ ਨੂੰ ਬਾਹਰ ਨਹੀਂ ਸੀ ਲੈ ਕੇ ਜਾਂਦਾ, ਉਂਝ ਹੀ ਛੇੜੂ ਮੁੰਡਿਆਂ ਨਾਲ ਚਲਿਆ ਜਾਂਦਾ ਸੀ.ਗਰਮੀਆਂ ਵਿਚ ਛੁੱਟੀ ਵਾਲੇ ਦਿਨ ਘਰ ਵਿਚ ਟਿਕ ਕੇ ਘਟ ਹੀ ਬੈਠੀਦਾ ਸੀ ਕਿਉਂਕਿ ਉਹਨਾਂ ਦਿਨਾਂ ਵਿਚ ਖੇਤਾਂ ਵਿਚੋਂ ਦੇਸੀ ਫਲ਼ ਖਾਣ ਨੂੰ ਬਹੁਤ ਮਿਲ ਜਾਂਦੇ ਸਨ.ਜਿਵੇਂ; ਜੰਡ ਦੇ ਖੋਖੇ, ਲਸੂੜੀਆਂ, ਭੰਮੋਲੇ, ਮਕੋ, ਮਾਰੂ ਖੱਖੜੀਆਂ, ਰਾਅ ਚਿੱਬੜ, ਕਰੀਰਾਂ ਨੂੰ ਪੱਕੇ ਡੇਲੇ ਜਿਨ੍ਹਾਂ ਨੂੰ ਪੇਂਹਜੂ ਕਿਹਾ ਜਾਂਦਾ ਸੀ, ਪੀਲ੍ਹਾਂ ਤੇ ਹੋਰ ਕਈ ਫਲ਼.ਉਸ ਦਿਨ ਵੀ ਅਸੀਂ ਮਾਰੂ ਖੇਤਾਂ ਵਿਚ ਮੱਝਾਂ ਚਾਰਦੇ ਤੇ ਦੇਸੀ ਫਲ਼ ਖਾਂਦੇ, ਦੁਪਹਿਰ ਬਾਅਦ ਪਿੰਡ ਨੂੰ ਮੁੜਦੇ ਹੋਏ ਮੱਝਾਂ ਨੂੰ ਵੱਡੇ ਛੱਪੜ ਵਿਚ ਲਿਆ ਬਠਾਇਆ ਤੇ ਆਪ ਪਾਣੀ ਪੀਣ ਲਈ ਸੁਰਗਾ ਪੁਰੀ ਵੱਲ ਆ ਗਏ.ਉੱਥੇ ਬੋਹੜਾਂ ਦੀ ਛਾਂ ਵਿਚ ਬਹੁਤ ਭਾਰੀ ਇਕੱਠ ਸੀ ਅਤੇ ਇਕ ਅਨਦਾੜ੍ਹੀਆ ਮੁੰਡਾ ਗੀਤ ਗਾ ਰਿਹਾ ਸੀ.ਦੂਜੇ ਮੁੰਡੇ ਤਾਂ ਪਾਣੀ ਪੀ ਕੇ ਆਪਣੀਆਂ ਮੱਝਾਂ ਵੱਲ ਚਲੇ ਗਏ ਪਰ ਮੈਂ ਉਸ ਇਕੱਠ ਵਿਚ ਬੈਠ ਕੇ ਉਸ ਮੁੰਡੇ ਦਾ ਗੀਤ ਸੁਣਨ ਲੱਗ ਪਿਆ.ਜਿੱਥੇ ਉਹ ਮੁੰਡਾ ਗੀਤ ਗਾ ਰਿਹ ਸੀ, ਉਸ ਦੇ ਕੋਲ ਇਕ ਛੋਟੇ ਜਿਹੇ ਮੇਜ਼ ਦੇ ਪਿਛਲੇ ਪਾਸੇ ਇਕ ਬੰਦਾ ਕੁਰਸੀ ਉਪਰ ਬੈਠਾ ਸੀ.ਜਦੋਂ ਉਹ ਮੁੰਡਾ ਗੀਤ ਗਾ ਕੇ ਹਟਿਆ ਤਾਂ ਪਾਸੇ ਬੈਠੇ ਬੰਦੇ ਨੇ ਉਠ ਕੇ ਕਿਸੇ ਹੋਰ ਦਾ ਨਾਂ ਲਿਆ ਤੇ ਇਕੱਠ ਵਿਚੋਂ ਇਕ ਬੰਦਾ ਮੇਜ਼ ਕੋਲ ਆਇਆ ਤੇ ਪ੍ਰਧਾਨ ਸਾਅਬ ਤੇ ਸਕੱਤਰ ਸਾਅਬ ਕਹਿ ਕੇ ਬੋਲਣ ਲੱਗਾ.ਮੈਨੂੰ ਉਸ ਬੰਦੇ ਦੀਆਂ ਬਹੁਤੀਆਂ ਗੱਲਾਂ ਦੀ ਸਮਝ ਨਹੀਂ ਸੀ ਆਈ ਪਰ ਇੰਨਾ ਪਤਾ ਜਰੂਰ ਲੱਗ ਗਿਆ ਸੀ ਕਿ ਉਹ ਜੰਗ ਦੇ ਬਰਖਲਾਫ ਬੋਲ ਰਿਹਾ ਸੀ ਤੇ ਗਭਰੂਆਂ ਨੂੰ ਭਰਤੀ ਹੋਣੋ ਵਰਜ ਰਿਹਾ ਸੀ.
ਉਹ ਬੰਦਾ ਬੋਲਣੋਂ ਹਟਿਆ ਤਾਂ ਸਕੱਤਰ ਸਾਅਬ ਨੇ ਇਕ ਹੋਰ ਨਾਮ ਬੋਲਿਆ.ਮੇਰੇ ਨਾਲੋਂ ਕੁਝ ਵੱਡਾ ਮੁੰਡਾ ਉਠਿਆ ਅਤੇ ਮੇਜ਼ ਕੋਲ ਜਾ ਕੇ ਉੱਚੀ ਅਵਾਜ਼ ਵਿਚ ਗੀਤ ਗਾਉਣ ਲੱਗ ਪਿਆ.ਉਸ ਨੂੰ ਗਾਉਂਦਾ ਦੇਖ ਕੇ ਮੇਰਾ ਵੀ ਕਵਿਤਾ ਸੁਣਾਉਣ ਨੂੰ ਜੀਅ ਕਰ ਆਇਆ ਪਰ ਜੇਰਾ ਨਾ ਪਿਆ ਕਿ ਮੈਂ ਸਕੱਤਰ ਸਾਅਬ ਨੂੰ ਜਾ ਕੇ ਕਹਾਂ.ਉਸ ਤੋਂ ਮਗਰੋਂ ਸਕੱਤਰ ਸਾਅਬ ਨੇ ਇਕ ਹੋਰ ਮੁੰਡੇ ਨੂੰ ਕਵਿਤਾ ਪੜ੍ਹਨ ਲਾ ਦਿੱਤਾ.ਕਵਿਤਾ ਬੋਲਣ ਵਾਲੇ ਮੁੰਡੇ ਸਾਡੇ ਪਿੰਡੋ ਨਹੀਂ ਸਨ.ਪਰ ਕਵਿਤਾਵਾਂ ਉਹ ਨਿਧੜਕ ਹੋ ਕੇ ਬੋਲ ਰਹੇ ਸਨ.ਫੇਰ ਕਵੀਸ਼ਰ ਕਵੀਸ਼ਰੀ ਕਰਨ ਲੱਗ ਪਏ.
ਦੂਸਰੇ ਮੁੰਡੇ ਨੂੰ ਕਵਿਤਾ ਸੁਣਾਉਂਦੇ ਦੇਖ ਕੇ ਮੈਂ ਹੌਸਲਾ ਕਰਕੇ ਸਕੱਤਰ ਸਾਅਬ ਕੋਲ ਚਲਾ ਗਿਆ.'ਨਹੀਂ ਬਣਨਾ ਰੰਗਰੂਟ' ਵਾਲੀ ਕਵਿਤਾ ਮੇਰੇ ਵੀ ਚੇਤੇ ਸੀ.ਮੈਂ ਸਕੱਤਰ ਸਾਅਬ ਕੋਲ ਜਾ ਕੇ ਹੌਲ਼ੀ ਜਿਹੀ ਕਿਹਾ, "ਮੈਂ ਵੀ ਇਕ ਕਵਿਤਾ ਪੜ੍ਹਨੀ ਐ|"
ਸਕੱਤਰ ਸਾਅਬ ਪਹਿਲਾਂ ਮੇਰੇ ਵੱਲ ਹੋਰੂੰ ਜਿਹੇ ਝਾਕਿਆ ਤੇ ਫੇਰ ਕਹਿਣ ਲੱਗਾ, "ਸ਼ਕਲ ਦੇਖ ਖਾਂ ਕੀ ਬਣਾਈ ਐ! ਪਹਿਲਾਂ ਘਰੋਂ ਨਹਾ ਕੇ ਤੇ ਕਪੜੇ ਬਦਲ ਕੇ ਆ, ਫੇਰ ਤੈਨੂੰ ਵੀ ਟੈਮ ਦੇ ਦਿਆਂਗੇ|"
ਪੀਲਾਂ ਖਾਣ ਲਈ ਵਣਾਂ 'ਤੇ ਚੜ੍ਹਦਿਆਂ ਮੇਰੇ ਝੱਗੇ ਦਾ ਮੂਹਰਲਾ ਹਿੱਸਾ ਪਾਟ ਗਿਆ ਸੀ ਤੇ ਮੈਂ ਉਸ ਪਾਟੇ ਜੱਗੇ ਨੂੰ ਆਪਣੀ ਨਿੱਕਰ ਵਿਚ ਟੁੰਗ ਲਿਆ ਹੋਇਆ ਸੀ.ਮੈਂ ਨਿੰਮੋਝੂਣਾ ਜਿਹਾ ਹੋ ਕੇ ਅਜੇ ਪਿਛਾਂਹ ਨੂੰ ਮੁੜਨ ਹੀ ਲੱਗਾ ਸੀ ਕਿ ਜਿਹੜਾ ਬੰਦਾ ਕੁਰਸੀ ਉਪਰ ਬੈਠਾ ਸੀ, ਉਸ ਨੇ ਉਹਦੇ ਕੋਲੋਂ ਪੁੱਛਿਆ, "ਮੁੰਡਾ ਕੀ ਕਹਿੰਦੈ?"
"ਕਵਿਤਾ ਬੋਲਣ ਨੂੰ ਕਹਿੰਦੈ|"
"ਦੇ ਦ੍ਹਿ ਟੈਮ, ਮੁੰਡੇ ਦਾ ਹੌਸਲਾ ਕਿਉਂ ਤੋੜਦੈਂ|" ਕੁਰਸੀ ਉਪਰ ਬੈਠੇ ਬੰਦੇ ਨੇ ਉਸ ਨੂੰ ਹੌਲ਼ੀ ਜਿਹੇ ਕਿਹਾ.
ਫਿਰ ਉਹ ਮੈਨੂੰ ਪੁੱਛਣ ਲੱਗਾ, "ਹਾਂ ਬਈ ਕਿਹੜੀ ਕਵਿਤਾ ਸੁਣਾਏਂਗਾ?"
"ਜੀ, 'ਨਈਂ ਬਣਨਾ ਰੰਗਰੂਟ' ਵਾਲੀ|"
"ਚੰਗਾ! ਹੈਥੇ ਈ ਬੈਠ ਜਾ|" ਉਸ ਬੰਦੇ ਨੇ ਮੈਨੂੰ ਕਿਹਾ ਤੇ ਮੈਂ ਉੱਥੇ ਈ ਚੌਂਕੜੀ ਮਾਰ ਕੇ ਬੈਠ ਗਿਆæ
ਕਵੀਸ਼ਰਾਂ ਦੇ ਬੋਲਣ ਤੋਂ ਮਗਰੋਂ ਸਕੱਤਰ ਸਾਅਬ ਨੇ ਕਿਹਾ, "ਲਓ ਬਈ, ਹੁਣ ਥੋਨੂੰ ਥੋਡੇ ਪਿੰਡ ਦਾ ਛੋਟਾ ਜਿਹਾ ਇਕ ਮੁੰਡਾ ਕਵਿਤਾ ਸਣਾਊਗਾ|"
ਮੈਂ ਬਿਨਾਂ ਕਿਸੇ ਪਾਸੇ ਦੇਖੇ, ਉੱਚੀ ਅਵਾਜ਼ ਵਿਚ, ਗਾ ਕੇ ਕਵਿਤਾ ਸੁਣਾ ਦਿੱਤੀ.ਸਾਹਮਣੇ ਬੈਠੇ ਲੋਕਾਂ ਨੇ ਬਹੁਤ ਤਾੜੀਆਂ ਮਾਰੀਆਂ.ਮੈਂ ਕਵਿਤਾ ਸੁਣਾ ਕੇ ਉੱਥੋਂ ਜਾਣ ਲੱਗਾ ਤਾਂ ਕੁਰਸੀ ਉਪਰ ਬੈਠੇ ਬੰਦੇ ਨੇ ਕੁਰਸੀ ਤੋਂ ਉੱਠ ਕੇ ਪਹਿਲਾਂ ਮੈਨੂੰ ਸ਼ਾਬਾਸ਼ ਕਹਿ ਕੇ ਥਾਪੀ ਦਿੱਤੀ ਅਤੇ ਫਿਰ ਇਕ ਰੁਪਏ ਦਾ ਟੁਣਕਦਾ ਸਿੱਕਾ ਦੇ ਕੇ ਕਿਹਾ, "ਆਹ ਤੇਰਾ ਇਨਾਮ ਐ.ਇਸ ਦਾ ਝੱਗਾ ਸਵਾ ਲਈਂ|"
ਪਹਿਲਾ ਤਾਂ ਮੈਨੂੰ ਝੱਗਾ ਪਾਟ ਜਾਣ ਕਾਰਨ ਮਾਂ ਕੋਲੋਂ ਝਿੜਕਾਂ ਖਾਣ ਦਾ ਡਰ ਸੀ ਅਤੇ ਹੁਣ ਮੈਂ ਉੱਥੋਂ ਛਾਲਾਂ ਮਾਰਦਾ ਘਰ ਨੂੰ ਭੱਜ ਆਇਆ ਸਾਂ.ਮੈਂ ਉਹ ਰੁਪਿਆ ਆਪਣੀ ਮਾਂ ਨੂੰ ਫੜਾ ਕੇ ਕਿਹਾ, "ਬੇਬੇ, ਇਹ ਮੈਨੂੰ ਕਵਿਤਾ ਪੜ੍ਹਨ ਦਾ ਇਨਾਮ ਮਿਲਿਐ ਤੇ ਉਹਨਾਂ ਕਿਹਾ ਸੀ ਏਹਨਾਂ ਪੈਸਿਆਂ ਦਾ ਝੱਗਾ ਸੁਆਉਣੈ|"
ਮਾਂ ਨੇ ਮੈਨੂੰ ਘੁੱਟ ਕੇ ਆਪਣੀ ਜੱਫੀ ਵਿਚ ਲੈ ਲਿਆ ਤੇ ਕਿਹਾ, "ਪੁੱਤ, ਸਕੂਲ ਜਾਣ 'ਤੇ ਤੈਨੂੰ ਮੈਂ ਮੁੱਲ (ਮਿੱਲਾਂ ਦਾ ਬਣਿਆ ਹੋਇਆ) ਦਾ ਝੱਗਾ ਸੁਆ ਕੇ ਦਿਊਂ|" ਫਿਰ ਉਸ ਬਿਨਾਂ ਕੁਝ ਪੁੱਛੇ ਸੂਈ ਨਾਲ ਪਾਟਿਆ ਝੱਗਾ ਸਿਉਂ ਦਿੱਤਾ.
ਸਕੂਲ ਜਾਣ ਵੇਲੇ ਮੈਨੂੰ ਮੁੱਲ ਦਾ ਤਾਂ ਨਹੀਂ ਪਰ ਖੱਦਰ ਦਾ ਨਵਾਂ ਝੱਗਾ ਤੇ ਨਿੱਕਰ ਮਿਲ ਗਏ.
7
ਖੇਡਣ ਦੇ ਦਿਨ ਚਾਰ
"ਮਕਈ ਦਾ ਦਾਣਾ, ਲੁਕ ਛੁਪ ਜਾਣਾ, ਰਾਜੇ ਦਾ ਬੇਟਾ ਆਇਆ ਜੇ!" ਬਿੱਲੂ ਨੇ Ḕਰਾਜੇ ਦੀ ਬੇਟੀ ਆਈ ਜੇḔ ਦੀ ਥਾਂ Ḕਰਾਜੇ ਦਾ ਬੇਟਾ ਆਇਆ ਜੇḔ ਕਿਹਾæ
"ਆ ਜੋ!" ਮੈਂ ਵੀਹੀ ਵਿਚੋਂ ਉੱਚੀ ਅਵਾਜ਼ ਦਿੱਤੀ ਤੇ ਭੱਜ ਕੇ ਗਹੀਰਿਆਂ ਵਿਚ ਜਾ ਲੁਕਿਆæ
ਵੀਹੀ ਵਿਚ ਖੇਡਦੇ ਦੀ ਮੇਰੀ ਅਵਾਜ਼ ਮੇਰੀ ਮਾਂ ਨੇ ਸੁਣੀ ਤਾਂ ਬਾਹਰਲੇ ਬੂਹੇ ਦੀ ਦਹਿਲੀਜ਼ Ḕਤੇ ਖੜ੍ਹ ਕੇ ਅਵਾਜ਼ ਮਾਰੀ, "ਵੇ ਜਰਨੈਲ! ਬਥੇਰਾ ਖੇਡ ਲਿਐਂ, ਘਰ ਨੂੰ ਆ ਜਾ ਹੁਣ|"
"ਤਾਈ, ਉਹ ਤਾਂ ਹੈਨੀ ਏਥੇ, ਏਧਰ ਕਿਧਰੇ ਲੁਕਿਆ ਹੋਣੈ.ਅਸੀਂ ਉਹਨਾਂ ਨੂੰ ਈ ਭਾਲਦੇ ਫਿਰਦੇ ਆਂ!" ਭੱਜਿਆ ਜਾਂਦਾ ਬਿੱਲੂ ਬੋਲਿਆ.
"ਬੱਸ ਕਰੋ ਹੁਣ ਖੇਡਣਾ.ਘਰੋ ਘਰੀਂ ਜਾਓ, ਨੇਰ੍ਹਾ ਹੋ ਗਿਐ.ਥੋਨੂੰ ਥੋਡੀਆਂ ਮਾਵਾਂ Ḕਡੀਕਦੀਆਂ ਹੋਣਗੀਆਂ| ਉਹਨੂੰ ਵੀ ਕਹੀਂ ਘਰ ਆਵੇ." ਪਤਾ ਨਹੀਂ ਉਸ ਨੇ ਮੇਰੀ ਮਾਂ ਦੀ ਗੱਲ ਸੁਣੀ ਹੋਵੇ ਜਾਂ ਨਾਂ ਪਰ ਮੈਂ ਆਪਣੀ ਮਾਂ ਦੀ ਅਵਾਜ਼ ਸੁਣ ਲਈ ਸੀ, ਫੇਰ ਵੀ ਉਸ ਨੂੰ ਅਣ-ਸੁਣੀ ਕਰ ਚੁੱਪ ਕਰ ਕੇ ਆਪਣੀ ਥਾਂ ਦੜ ਵੱਟੀ ਬੈਠਾ ਰਿਹਾ.
ਤ੍ਰਿਕਾਲਾਂ ਦਾ ਘੁਸਮੁਸਾ ਉਤਰ ਆਇਆ ਸੀ.ਵੱਗ ਦੇ ਪੈਰਾਂ ਦੀ ਧੂੜ ਬੈਠ ਗਈ ਸੀ ਤੇ ਵਾਗੀ ਗਾਈਆਂ ਨੂੰ ਬਹੁਤ ਦੇਰ ਪਹਿਲਾਂ ਘਰੋ ਘਰੀਂ ਛੱਡ ਗਿਆ ਸੀ.ਕਪਾਹ ਚੁਗ ਕੇ ਆਈਆਂ ਸੁਆਣੀਆਂ ਆਥਣ ਦੇ ਰੋਟੀ ਟੁੱਕ ਦੇ ਆਹਰ ਤੋਂ ਵੀ ਵਿਹਲੀਆਂ ਹੋ ਗਈਆਂ ਸਨ ਪਰ ਅਸੀਂ ਲੁਕਣ ਮੀਟੀ ਖੇਡਣਾ ਬੰਦ ਨਹੀਂ ਸੀ ਕੀਤਾ.ਬਿੱਲੂ ਹੁਰਾਂ ਸਿਰ ਮੀਟੀ ਆਈ ਹੋਈ ਸੀ, ਉਹ ਸਾਨੂੰ ਭਾਲ ਰਹੇ ਸਨ.ਉਸ ਸਮੇਂ ਮੈਂ ਤੇ ਪ੍ਰੀਤੂ ਘਰ ਦੇ ਸਾਹਮਣੇ, ਰਾਹ ਦੇ ਪਾਰਲੇ ਪਾਰ, ਬਣੀਆਂ ਪੱਥਕਣਾਂ ਦੇ ਗਹੀਰਿਆਂ ਵਿਚੋਂ ਇਕ ਵਿਚ, ਜਿਸ ਵਿਚੋਂ ਬਹੁਤ ਸਾਰੀਆਂ ਪਾਥੀਆਂ ਕੱਢੀਆਂ ਹੋਈਆਂ ਸਨ, ਲੁਕੇ ਹੋਏ ਸੀ.ਅਸੀਂ ਸਾਹ ਰੋਕ ਕੇ ਉੱਥੇ ਬੈਠੇ ਰਹੇ ਅਤੇ ਬਿੱਲੂ ਹੁਰੀਂ ਸਾਨੂੰ ਭਾਲਦੇ ਹੋਏ ਗਹੀਰਿਆਂ ਵਿਚ ਦੀ ਸਾਡੇ ਕੋਲ ਦੀ ਲੰਘ ਗਏ.ਪੂਰੀ ਵਾਹ ਲਾਇਆਂ ਵੀ ਜਦੋਂ ਉਹ ਸਾਨੂੰ ਨਾ ਭਾਲ਼ ਸਕੇ ਤਾਂ ਉਹਨਾਂ ਉੱਚੀ ਅਵਾਜ਼ ਵਿਚ ਕਿਹਾ, "ਹੀਲਾਂ ਬਈ ਓ, ਹੀਲਾਂ!" ḔਹੀਲਾਂḔ ਦਾ ਮਤਲਬ ਸੀ ਹਾਰ ਮੰਨ ਲੈਣਾ.ਸੋ ਅਸੀਂ ਹੱਸਦੇ ਹੋਏ ਗਹੀਰੇ ਵਿਚੋਂ ਬਾਹਰ ਆ ਗਏ.ਨੇਕ ਨੇ ਪੁੱਛਿਆ, "ਅਸੀਂ ਸਾਰਿਆਂ ਨੂੰ ਫੜ ਲਿਆ ਪਰ ਤੁਸੀਂ ਨਈ ਥਿਆਏ, ਕਿੱਥੇ ਲੁਕੇ ਹੋਏ ਸੀ?"
"ਐਸ ਗੀਰ੍ਹੇ Ḕਚ|" ਮੈਂ ਹੱਸ ਕੇ ਕਿਹਾæ
"ਥੋਨੂੰ ਡਰ ਨਈ ਲੱਗਾ, ਜੇ ਗੀਰ੍ਹੇ ਵਿਚੋਂ ਕੋਈ ਸੱਪ ਸਲੂਤੀ ਲੜ ਜਾਂਦੀ!"
"ਫੇਰ ਵੇਖੀ ਜਾਂਦੀ!" ਪ੍ਰੀਤੂ ਨੇ ਬੇ ਪਰਵਾਹ ਹੁੰਦਿਆਂ ਕਿਹਾ.
ਉਸ ਸਮੇਂ ਡਰ ਸਾਡੇ ਨੇੜ ਦੀ ਨਹੀਂ ਸੀ ਲੰਘਦਾ.ਅਸੀਂ ਚੰਨ ਚਾਨਣੀਆਂ ਰਾਤਾਂ ਵਿਚ ਉਜੜੇ ਘਰਾਂ ਦੇ ਖੋਲ਼ਿਆਂ ਵਿਚ, ਤੂੜੀ ਵਾਲੇ ਕੋਠਿਆਂ ਵਿਚ, ਕਪਾਹ ਦੀਆਂ ਛਿਟੀਆਂ ਦੀਆਂ ਦੰਨਾਂ, ਕੜਬ (ਬਾਜਰੇ ਦੇ ਸੁੱਕੇ ਟਾਂਡੇ) ਜਾਂ ਮੱਕੀ ਦੇ ਟਾਂਡਿਆਂ ਦੇ ਕੁਨੂੰਆਂ ਵਿਚ ਬੇ ਝਿਜਕ ਲੁਕ ਜਾਇਆ ਕਰਦੇ ਸਾਂ.ਘਰ ਦੇ ਖੱਲਾਂ ਖੂੰਜਿਆਂ ਵਿਚ ਰੱਖੇ ਵਾਧੂ ਸਮਾਨ ਵਿਚ ਲੁਕਣਾ ਤਾਂ ਆਮ ਗੱਲ ਸੀ .ਇਕ ਵਾਰ ਮੈਂ ਆਪਣੇ ਘਰ, ਸੰਦੂਕ ਉਹਲੇ ਲੁਕ ਗਿਆ.ਸੰਦੂਕ ਕੋਲ ਉਤਾਂਹ ਇਕ ਟੰਗਣੀ ਬਣੀ ਹੋਈ ਸੀ ਜਿਸ Ḕਤੇ ਰਜਾਈਆਂ ਟੰਗੀਆਂ ਹੋਈਆਂ ਸਨ.ਉੱਥੇ ਕਿਤੇ ਭਰਿੰਡਾਂ ਦੀ ਨਿੱਕੀ ਜਿਹੀ ਖੱਖਰ ਲੱਗੀ ਹੋਈ ਸੀ.ਸੰਦੂਕ ਉਹਲੇ ਲੁਕਣ ਸਮੇਂ ਟੰਗਣੀ ਹਿੱਲ ਗਈ ਅਤੇ ਭਰਿੰਡ ਮੇਰੇ ਮੱਥੇ Ḕਤੇ ਲੜ ਗਏ.ਮੈਂ ਚੀਕਾਂ ਮਾਰਦਾ ਕਮਰੇ Ḕਚੋਂ ਬਾਹਰ ਆ ਗਿਆ ਅਤੇ ਥੋੜਾ ਚਿਰ ਮੱਥੇ Ḕਤੇ ਕੜਾ ਘਸਾਉਣ ਮਗਰੋਂ ਮੁੜ ਖਿਡਾਰੀਆਂ ਵਿਚ ਜਾ ਸ਼ਾਮਲ ਹੋਇਆ ਪਰ ਕੁਝ ਸਮੇਂ ਬਾਅਦ ਮੇਰਾ ਮੱਥਾ ਸੁੱਜ ਕੇ ਭੜੋਲਾ ਬਣ ਗਿਆ ਅਤੇ ਅੱਖਾਂ Ḕਤੇ ਵੀ ਸੋਜ਼ ਆ ਗਈ, ਜਿਸ ਕਾਰਨ ਮੈਨੂੰ ਖੇਡ ਬੰਦ ਕਰਨੀ ਪਈ ਸੀæ.ਇਸ ਤਰ੍ਹਾਂ ਹੋਰ ਕਈਆਂ ਦੇ ਵੀ ਭੂੰਡ, ਭਰਿੰਡ ਜਾਂ ਮਾਖੋ ਮੱਖੀਆਂ ਲੜ ਜਾਇਆ ਕਰਦੀਆਂ ਸਨ ਪਰ ਕਦੇ ਕਿਸੇ ਨੇ ਪਰਵਾਹ ਨਹੀਂ ਸੀ ਕੀਤੀ.
Ḕਦਾਈ ਦੁੱਕੜḔ ਜਾਂ Ḕਲੁਕਣ ਮੀਟੀḔ ਵਰਗੀਆਂ ਖੇਡਾਂ ਤੋਂ ਬਿਨਾਂ ਕਈ ਹੋਰ ਖੇਡਾਂ ਵੀ ਅਸੀਂ ਖੇਡਦੇ ਹੁੰਦੇ ਸੀ.ਜਿਵੇਂ; ਕੂਕਾਂ ਕਾਂਗੜੇ, ਡੰਡਾ ਡੁਕ ਜਾਂ ਖੜਕਾਨਾ, ਬਾਂਦਰ ਕਿੱਲਾ, ਸ਼ੱਕਰ ਭਿੱਜੀ, ਗੁੱਲੀ ਡੰਡਾ, ਖਿੱਦੋ ਖੂੰਡੀ ਆਦਿਕ.
Ḕਕੂਕਾਂ ਕਾਂਗੜੇḔ ਅਸੀਂ ਕਦੀ ਕਦਾਈਂ ਹੀ ਖੇਡਦੇ ਸੀ.ਇਹ ਖੇਡ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਸੀ.ਇਕ ਟੋਲੀ ਨੇ ਆਪਣੀਆਂ ਨਿਸ਼ਾਨੀਆਂ ਬਣਾਉਂਦੇ ਜਾਣਾ, ਜਿਵੇਂ; ਕੱਚੀਆਂ ਕੰਧਾਂ Ḕਤੇ ਕੋਲੇ ਨਾਲ ਲਕੀਰਾਂ ਵਾਹੁਣੀਆਂ, ਰਾਹ ਵਿਚ ਮਿੱਟੀ ਦੀਆਂ ਢੇਰੀਆਂ ਬਣਾਉਂਣੀਆਂ ਜਾਂ ਚਾਰ ਖਾਨੇ ਵਾਹ ਦੇਣੇ.ਕਿਸੇ ਤਰ੍ਹਾਂ ਦੀ ਵੀ ਕੋਈ ਹੋਰ ਨਿਸ਼ਾਨੀ ਬਣਾ ਕੇ ਛੱਡ ਸਕਦੇ ਸੀ .ਦੂਜੀ ਟੋਲੀ ਨੇ ਉਹਨਾਂ ਨਿਸ਼ਾਨੀਆਂ ਨੂੰ ਢਾਉਂਦੇ ਜਾਣਾ.ਅਖੀਰ ਵਿਚ ਦੋਹਾਂ ਟੋਲੀਆਂ ਨੇ ਪੜਤਾਲ ਕਰਨੀ ਕਿ ਕਿਹੜੀ ਨਿਸ਼ਾਨੀ ਉਹਨਾਂ ਕੋਲੋਂ ਭਾਲ ਨਹੀਂ ਹੋਈ.ਜਿੰਨੀਆਂ ਨਿਸ਼ਾਨੀਆਂ ਉਹਨਾਂ ਕੋਲੋਂ ਭਾਲਣੋ ਰਹਿ ਜਾਣੀਆਂ, ਓਨੇ ਉਹਨਾਂ ਸਿਰ ਨੰਬਰ ਚੜ੍ਹ ਜਾਣੇ.ਫਿਰ ਦੂਜੀ ਟੋਲੀ ਨੇ ਉਸੇ ਤਰ੍ਹਾਂ ਕਰਨਾ.ਅਖੀਰ Ḕਤੇ ਦੋਹਾਂ ਟੋਲੀਆਂ ਦੇ ਨੰਬਰ ਗਿਣੇ ਜਾਣੇ.ਜਿਸ ਟੋਲੀ ਦੇ ਨੰਬਰ ਵਧ ਜਾਣੇ ਉਸ ਨੇ ਜਿੱਤ ਜਾਣਾ.ਇਸ ਖੇਡ ਪਿੱਛੇ ਸਾਨੂੰ ਝਿੜਕਾਂ ਵੀ ਬਹੁਤ ਮਿਲਦੀਆਂ ਸਨ.ਕਿਉਂਕਿ ਕੰਧਾਂ ਉਪਰ ਕੋਲਿਆਂ ਜਾਂ ਚਾਕ ਨਾਲ ਕੱਢੀਆਂ ਲਕੀਰਾਂ ਮਿਟਦੀਆਂ ਨਹੀਂ ਸਨ.ਜੇ ਘਰ ਵਾਲੇ ਕਿਸੇ ਮੁੰਡੇ ਨੂੰ ਕੰਧ Ḕਤੇ ਲਕੀਰਾਂ ਮਾਰਦਾ ਦੇਖ ਲੈਂਦੇ ਤਾਂ ਡੰਡਾ ਚੁੱਕ ਕੇ ਉਹਦੇ ਮਗਰ ਪੈ ਜਾਂਦੇ ਜਾਂ ਉਹਨਾਂ ਦੇ ਘਰ ਉਲ੍ਹਾਮਾ ਦਿੰਦੇ.ਫਿਰ ਵੀ ਅਸੀਂ ਬਿਗਾਨੀਆਂ ਕੰਧਾਂ Ḕਤੇ ਲਕੀਰਾਂ ਕੱਢਣੋ ਬਾਜ ਨਹੀਂ ਸੀ ਆਉਂਦੇæ
ਗਰਮੀਆਂ ਵਿਚ ਮੱਝਾਂ ਚਾਰਨ ਗਿਆਂ ਦੀ, ਸਾਡੀ ਮਨ ਭਾਉਂਦੀ ਖੇਡ ਖੜਕਾਨਾ ਜਾਂ ਡੰਡਾ ਡੁੱਕ ਹੁੰਦੀ ਸੀ.ਇਸ ਖੇਡ ਲਈ ਇਕ ਚਾਰ ਕੁ ਫੁੱਟ ਦਾ ਡੰਡਾ ਅਤੇ ਉਹ ਦਰਖਤ ਹੋਣਾ ਜ਼ਰੂਰੀ ਸੀ ਜਿਸ ਦੇ ਟਾਹਣੇ ਧਰਤੀ ਵੱਲ ਝੁਕੇ ਹੋਏ ਹੋਣ.ਖੇਡਣ ਵਾਸਤੇ ਬੋਹੜ ਤੇ ਪਿੱਪਲ ਦੀ ਵਰਤੋਂ ਬਹੁਤੀ ਕੀਤੀ ਜਾਂਦੀ ਸੀ.ਦੁਪਹਿਰ ਸਮੇਂ ਮੱਝਾਂ ਛੱਪੜ ਵਿਚ ਬੈਠੀਆਂ ਜੁਗਾਲੀ ਕਰੀ ਜਾਂਦੀਆਂ.ਅਸੀਂ, ਅੱਠ ਦਸ ਮੁੰਡਿਆਂ ਨੇ ਪਹਿਲਾਂ ਪੁੱਗ ਪੁਗਾਈ ਕਰਨੀ.ਜਿਹੜਾ ਮੁੰਡਾ ਪਹਿਲਾਂ ਪੁੱਗਿਆ ਹੁੰਦਾ, ਉਸ ਨੇ ਡੰਡੇ ਨੂੰ ਆਪਣੀ ਲੱਤ ਹੇਠ ਦੀ ਵਗਾਹ ਕੇ ਦੂਰ ਸੁੱਟ ਦੇਣਾ.ਜਿਸ ਮੁੰਡੇ ਸਿਰ ਦਾਈ ਆ ਜਾਣੀ, ਉਸ ਨੇ ਚੁੱਕ ਕੇ ਦਰਖਤ ਦੇ ਮੁੱਢ ਲਿਆ ਕੇ ਰੱਖਣਾ ਤੇ ਕਿਸੇ ਇਕ ਮੁੰਡੇ ਨੂੰ ਛੂਹਣਾ ਹੁੰਦਾ ਸੀ.ਉਸ ਦੇ ਡੰਡਾ ਚੁੱਕਣ ਗਏ ਤੱਕ ਸਾਰੇ ਮੁੰਡੇ ਦਰਖਤ ਦੇ ਅੱਡ ਅੱਡ ਟਾਹਣਿਆਂ Ḕਤੇ ਚੜ੍ਹ ਜਾਂਦੇ.ਉਹ ਦਰਖਤ Ḕਤੇ ਚੜ੍ਹ ਕੇ ਕਿਸੇ ਮੁੰਡੇ ਮਗਰ ਪੈ ਜਾਂਦਾ ਅਤੇ ਬਾਕੀ ਮੁੰਡੇ ਟਾਹਣਿਆਂ ਰਾਹੀ ਧਰਤੀ Ḕਤੇ ਛਾਲਾਂ ਮਾਰਦੇ ਅਤੇ ਡੰਡੇ ਨੂੰ ਚੁੰਮ ਲੈਂਦੇ.ਇਸ ਨੂੰ ਡੰਡਾ ਡੁਕਣਾ ਕਹਿੰਦੇ ਸਨ.ਜਿਹੜਾ ਮੁੰਡਾ ਡੰਡਾ ਡੁੱਕਣ ਤੋਂ ਪਹਿਲਾਂ ਫੜਿਆ ਜਾਂਦਾ ਉਸ ਸਿਰ ਦਾਈ ਆ ਜਾਂਦੀ ਅਤੇ ਇਸ ਤਰ੍ਹਾਂ ਇਹ ਖੇਡ ਦਾ ਸਿਲਸਲਾ ਚਲਦਾ ਰਹਿੰਦਾ.ਕਈ ਵਾਰ ਦਰਖਤ ਤੋਂ ਡਿੱਗ ਕੇ ਸੱਟਾਂ ਵੀ ਲਗਦੀਆਂ ਪਰ ਸੱਟਾਂ ਦੀ ਘੱਟ ਹੀ ਪਰਵਾਹ ਕੀਤੀ ਜਾਂਦੀ ਸੀ.
ਪਰ ਜੇ ਬੂਟੀ ਖੋਤਣ ਗਏ ਖੜਕਾਨਾ ਖੇਡਣਾ ਚਾਹੁੰਦੇ ਤਾਂ ਝੁਕੇ ਹੋਏ ਵਣਾਂ ਤੋਂ ਵੀ ਕੰਮ ਲੈ ਲੈਂਦੇ ਸੀ.ਬੂਟੀ ਖੋਤਣ ਗਏ ਖੇਡਣ ਤੋਂ ਪਹਿਲਾਂ ਇਹ ਦੱਸਣਾ ਵੀ ਠੀਕ ਰਹੇਗਾ ਕਿ ਬੂਟੀ ਕੀ ਹੁੰਦੀ ਸੀ ਤੇ ਸਾਨੂੰ ਬੂਟੀ ਖੋਤਣ ਕਿਉਂ ਜਾਣਾ ਪੈਂਦਾ ਸੀ.ਬਰਸੀਮ ਜਾਂ ਚਟਾਲ੍ਹਾ, ਵਿਸਾਖ ਦੇ ਅਖੀਰ ਵਿਚ ਖਤਮ ਹੋ ਜਾਂਦਾ ਸੀ.ਜੇਠ ਹਾੜ ਵਿਚ ਘਾਹ ਵੀ ਸੁੱਕ ਜਾਂਦੇ ਸਨ ਅਤੇ ਪਸ਼ੂਆਂ ਲਈ ਹਰੇ ਚਾਰੇ ਦਾ ਇਕ ਕਿਸਮ ਦਾ ਕਾਲ਼ ਜਿਹਾ ਪੈ ਜਾਂਦਾ ਸੀ ਪਰ ਮਾਰੂਆਂ ਵਿਚ ਇਕ ਛੋਟੇ ਛੋਟੇ ਪੱਤਿਆਂ ਵਾਲੀ ਵੇਲ ਬੂਟੀ ਹੁੰਦੀ ਸੀ, ਜਿਹੜੀ ਗਰਮੀਆਂ ਤੇ ਸੋਕੇ ਸਮੇਂ ਵੀ ਨਹੀਂ ਸੀ ਸੁਕਦੀ.ਗਰਮੀ ਦੀਆਂ ਛੁੱਟੀਆਂ ਸਮੇਂ, ਸਾਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਜਗਾ ਕੇ ਦਾਤੀ ਤੇ ਪੱਲੀ ਫੜਾ ਦੇਣੀ.ਅਸੀਂ ਅੱਖਾਂ ਮਲਦੇ ਹੋਏ ਮਾਰੂ ਖੇਤਾਂ ਨੂੰ ਤੁਰ ਜਾਣਾ ਤੇ ਸੂਰਜ ਚੜ੍ਹਦੇ ਨੂੰ ਬੂਟੀ ਖੋਤਣ ਲੱਗ ਜਾਣਾ.ਜੇ ਬਹੁਤੀ ਧੁੱਪ ਹੋ ਜਾਣ ਤੋਂ ਪਹਿਲਾਂ ਦੋ ਦੋ ਝੋਲ਼ੀਆਂ ਖੋਤ ਲੈਣੀਆਂ ਤਾਂ ਅਸੀਂ ਖੇਡਣ ਲੱਗ ਜਾਣਾ.ਖੇਡਣ ਲਈ ਟੇਢੇ ਮੇਢੇ ਵਣ ਹੁੰਦੇ ਸਨ.ਜਦੋਂ ਭੁਖ ਤ੍ਰੇਹ ਨੇ ਜੋਰ ਪਾਉਣਾ ਤਾਂ ਬੂਟੀ ਦੀਆਂ ਛੋਟੀਆਂ ਛੋਟੀਆਂ ਗਠੜੀਆਂ ਜਿਹੀਆਂ ਚੁੱਕ ਕੇ ਘਰ ਆ ਜਾਣਾ.
Ḕਸ਼ੱਕਰ ਭਿੱਜੀḔ ਖੇਡਣ ਲਈ ਅੱਠ ਦਸ ਮੁੰਡਿਆਂ ਦਾ ਹੋਣਾ ਜ਼ਰੂਰੀ ਹੁੰਦਾ ਸੀ.ਚਾਰ ਚਾਰ, ਪੰਜ ਪੰਜ ਮੁੰਡਿਆਂ ਦੀਆਂ ਦੋ ਟੋਲੀਆਂ ਬਣਾ ਲੈਣੀਆਂ.ਜਿਸ ਸਿਰ ਦਾਈ ਆ ਜਾਂਦੀ, ਉਸ ਟੋਲੀ ਵਿਚੋਂ ਇਕ ਮੁੰਡਾ ਕਿਸੇ ਕੰਧ ਦਾ ਆਸਰਾ ਲੈ ਕੇ ਜਾਂ ਆਪਣੇ ਗੋਡਿਆਂ Ḕਤੇ ਹੱਥ ਰੱਖ ਕੇ ਕੋਡਾ ਹੋ ਜਾਂਦਾ ਅਤੇ ਬਾਕੀ ਉਸ ਦੇ ਲੱਕ ਨੂੰ ਜੱਫੀ ਪਾਕੇ ਕੋਡੇ ਹੁੰਦੇ ਜਾਂਦੇ.ਇਸ ਤਰ੍ਹਾਂ ਉਹ ਇਕ ਲੰਮੀ ਘੋੜੀ ਬਣ ਜਾਂਦੇ.ਦੂਜੀ ਟੋਲੀ ਦਾ ਇਕ ਮੁੰਡਾ ਭੱਜ ਆਉਂਦਾ ਅਤੇ ਸਭ ਤੋਂ ਅਗਲੇ ਮੁੰਡੇ ਦੀ ਪਿੱਠ ਦੇ ਸਵਾਰ ਹੋਣ ਦੀ ਕੋਸ਼ਸ਼ ਕਰਦਾ.ਉਸ ਦੇ ਮਗਰ ਦੂਜੇ ਮੁੰਡੇ ਵੀ ਘੋੜੀ ਬਣੇ ਮੁੰਡਿਆਂ ਉਪਰ ਸਵਾਰ ਹੋ ਜਾਂਦੇ.ਜੇ ਕੋਈ ਮੁੰਡਾ ਛਾਲ ਮਾਰ ਕੇ ਘੋੜੀ ਉਪਰ ਚੜ੍ਹਦਾ ਹੋਇਆ ਡਿੱਗ ਪੈਂਦਾ ਜਾਂ ਸਾਰੇ ਮੁੰਡੇ ਘੋੜੀ ਉਪਰ ਚੜ੍ਹਨੋ ਰਹਿ ਜਾਂਦੇ ਤਾਂ ਵਾਰੀ ਉਹਨਾਂ ਸਿਰ ਆ ਜਾਂਦੀ ਤੇ ਮੁੜ ਉਹਨਾਂ ਨੂੰ ਘੋੜੀ ਬਣਨਾ ਪੈਂਦਾ.ਸੱਟਾਂ ਇਸ ਖੇਡ ਵਿਚ ਵੀ ਵਜਦੀਆਂ ਸਨ.ਕਈ ਵਾਰ ਘੋੜੀ ਬਣੇ ਮੁੰਡੇ ਡਿੱਗ ਪੈਂਦੇ ਤੇ ਕਈ ਵਾਰ ਕੋਈ ਮੁੰਡਾ ਪਲਾਕੀ ਮਾਰ ਕੇ ਘੋੜੀ ਬਣੇ ਮੁੰਡਿਆਂ ਉਪਰ ਚੜ੍ਹਦਾ ਡਿੱਗ ਪੈਂਦਾ.ਸ਼ੱਕਰ ਭਿੱਜੀ ਖੇਡਣ ਵੇਲੇ ਮੈਨੂੰ ਕੋਈ ਵੀ ਆਪਣਾ ਆੜੀ ਨਹੀਂ ਸੀ ਬਣਾਉਂਦਾ ਕਿਉਂਕਿ ਤੀਸਰੀ ਜਮਾਤ ਵਿਚ ਮਿਆਦੀ ਬੁਖਾਰ ਹੋ ਜਾਣ ਕਾਰਨ ਮੈਂ ਬਹੁਤ ਹੀ ਕਮਜ਼ੋਰ ਹੋ ਗਿਆ ਹੋਇਆ ਸੀ ਅਤੇ ਘੋੜੀ ਬਣ ਕੇ ਭਾਰ ਨਹੀਂ ਸੀ ਸਹਾਰ ਸਕਦਾ ਅਤੇ ਨਾ ਹੀ ਥਬੂਕ੍ਹੀ ਮਾਰ ਕੇ ਘੋੜੀ ਦੇ ਅਗਲੇ ਹਿੱਸੇ ਤੱਕ ਜਾ ਸਕਦਾ ਸੀ.ਮੈਂ ਪਾਸੇ ਖੜ੍ਹਾ ਉਹਨਾਂ ਨੂੰ ਖੇਡਦਿਆਂ ਦੇਖਦਾ ਰਹਿੰਦਾæ.
ਇਕ ਖੇਡ ਅਸੀਂ ਅੱਧੀ ਛੁੱਟੀ ਵੇਲੇ ਜਾਂ ਸਾਰੀ ਛੁੱਟੀ ਵੇਲੇ ਸਕੂਲ ਵਿਚ ਹੀ ਖੇਡਦੇ ਸੀ.ਇਸ ਖੇਡ ਨੂੰ Ḕਅੱਡੀ ਟੱਪਾḔ, ਅੱਡਾ-ਖੱਡਾ, ਛਟਾਪੂ ਜਾਂ ḔਬਿੱਲੀḔ ਕਹਿੰਦੇ ਸੀ.ਕਈ ਥਾਈਂ ਇਸ ਖੇਡ ਦੇ ਕਈ ਹੋਰ ਨਾਂ ਵੀ ਸਨ.ਧਰਤੀ Ḕਤੇ ਤਕਰੀਬਨ ਦਸ ਕੁ ਫੁੱਟ ਚੌੜਾਈ ਤੇ ਪੰਦਰਾਂ ਕੁ ਫੁੱਟ ਲੰਬਾਈ ਦੀ ਇਕ ਆਇਤਾਕਾਰ ਵਾਹ ਲੈਣੀ.ਉਸ ਆਇਤਾਕਾਰ ਵਿਚ ਇਕ ਪਾਸੇ ਦੋ ਦੋ ਫੁੱਟ ਦੇ ਚਾਰ ਆਇਤਕਾਰ ਖਾਨੇ ਵਾਹ ਲੈਣੇ.ਇਕ ਆਇਤਕਾਰ ਖਾਨਾ ਅਖੀਰ Ḕਤੇ ਵੀ ਵਾਹ ਲੈਣਾ, ਜਿਸ ਨੂੰ ਸਮੁੰਦਰ ਜਾਂ ਰੱਬ ਕਿਹਾ ਜਾਂਦਾ ਸੀ.ਵਿਚਕਾਰ ਬਣ ਗਈ ਇਕ ਵੱਡੀ ਆਇਤਕਾਰ ਦੇ ਚਾਰਾਂ ਕੋਨਿਆਂ ਨੂੰ ਦੋ ਟੇਡੀਆਂ ਲਕੀਰਾਂ ਰਾਹੀਂ ਜੋੜ ਦੇਣਾ, ਇਸ ਤਰ੍ਹਾਂ ਉਸ ਆਇਤਾਕਾਰ ਦੀਆਂ ਚਾਰ ਤਿਕੋਨਾਂ ਬਣ ਜਾਣੀਆਂ.ਫੇਰ ਇਕ ਠੀਕਰੀ ਪਹਿਲੇ ਖਾਨੇ ਵਿਚ ਸੁੱਟਣੀ ਤੇ ਇਕ ਲੱਤ ਦੇ ਸਹਾਰੇ ਪੈਰ ਨਾਲ ਠੀਕਰੀ ਨੂੰ ਖਾਨਿਉ ਬਾਹਰ ਕੱਢਣਾ ਹੁੰਦਾ ਸੀ.ਦੂਜੀ ਲੱਤ ਥੱਲੇ ਨਹੀਂ ਸੀ ਲੱਗਣੀ ਚਾਹੀਦੀ ਤੇ ਠੀਕਰੀ ਕਿਸੇ ਲਕੀਰ Ḕਤੇ ਵੀ ਨਹੀਂ ਸੀ ਠਹਿਰਨੀ ਚਾਹੀਦੀ.ਫੇਰ ਪਹਿਲੇ ਖਾਨੇ ਤੋਂ ਲੈ ਕੇ ਵਾਰੀ ਵਾਰੀ ਸਾਰਿਆਂ ਖਾਨਿਆਂ ਨੂੰ ਇਸੇ ਢੰਗ ਨਾਲ ਰੋਕਣਾ ਪੈਂਦਾ ਸੀ.ਪਹਿਲੇ ਖਾਨੇ ਤਾਂ ਸੌਖੀ ਤਰ੍ਹਾਂ ਰੋਕੇ ਜਾਂਦੇ ਪਰ ਅਖੀਰਲੇ ਖਾਨੇ ਰੋਕਣੇ ਬਹੁਤ ਔਖੇ ਹੁੰਦੇ ਸਨ.ਕਦੀ ਠੀਕਰੀ ਸਹੀ ਖਾਨੇ ਵਿਚ ਨਾ ਜਾਂਦੀ ਤੇ ਕਦੀ ਵਿਰੋਧੀ ਦੇ ਰੋਕੇ ਹੋਏ ਖਾਨੇ ਵਿਚ ਚਲੀ ਜਾਂਦੀ.ਜਾਂ ਫਿਰ ਪੈਰ ਦੀ ਠੋਕਰ ਠੀਕ ਨਾ ਲਗਦੀ ਤੇ ਠੀਕਰੀ ਕਿਸੇ ਹੋਰ ਪਾਸੇ ਚਲੀ ਜਾਂਦੀ ਤੇ ਕਦੀ ਕਿਸੇ ਖਾਨੇ ਦੀ ਲਕੀਰ Ḕਤੇ ਠਹਿਰ ਜਾਂਦੀ.ਇਸ ਤਰ੍ਹਾਂ ਵਿਰੋਧੀ ਦੀ ਵਾਰੀ ਆ ਜਾਂਦੀ.ਸਾਰੇ ਦੇ ਸਾਰੇ ਖਾਨੇ ਕਦੀ ਹੀ ਕੋਈ ਰੋਕ ਸਕਦਾ ਸੀ.ਫਿਰ ਵੀ ਬੜੇ ਚਾਅ ਨਾਲ ਇਹ ਖੇਡ ਖੇਡਦੇ ਸੀ.ਇਸ ਖੇਡ ਨੂੰ ਕੁੜੀਆਂ ਵੀ ਬਹੁਤ ਖੇਡਦੀਆਂ ਸਨ ਪਰ ਉਹਨਾਂ ਦੀ ਆਇਤਾਕਾਰ ਦੇ ਖਾਨੇ ਕੁਝ ਵੱਖਰੇ ਹੁੰਦੇ ਸਨ ਅਤੇ ਖੇਡਣ ਦੇ ਅਸੂਲ ਵੀ.ਇਹ ਖੇਡ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਖੇਡੀ ਜਾਂਦੀ ਹੈ.
Ḕਬਾਂਦਰ ਕਿੱਲਾḔ ਖੇਡਣ ਦਾ ਇਕ ਵੱਖਰਾ ਹੀ ਅਨੰਦ ਸੀ.ਕਿਸੇ ਖੁਲ੍ਹੇ ਥਾਂ Ḕਤੇ ਇਕ ਕਿੱਲਾ ਗੱਡ ਲੈਣਾ ਜਾਂ ਕਿਸੇ ਪਤਲੇ ਜਿਹੇ ਦਰਖਤ ਨੂੰ ਕਿੱਲਾ ਬਣਾ ਕੇ ਉਸ ਨਾਲ ਰੱਸੀ ਬੰਨ੍ਹ ਲੈਣੀ.ਬਹੁਤ ਸਾਰੇ ਟੁੱਟੇ ਛਿੱਤਰ ਇਕੱਠੇ ਕਰ ਕੇ ਕਿੱਲੇ ਕੋਲ ਰੱਖ ਲੈਣੇ.ਖਿਡਾਰੀਆਂ ਦੀ ਗਿਣਤੀ ਦਾ ਕਦੇ ਧਿਆਨ ਨਹੀਂ ਸੀ ਰੱਖਿਆ.ਜਿੰਨੇ ਹੋਣੇ ਓਨਿਆਂ ਨੇ ਹੀ ਖੇਡਣ ਲੱਗ ਜਾਣਾ ਪਰ ਦੋ ਜਣਿਆਂ ਨਾਲ ਖੇਡਣਾ ਔਖਾ ਹੁੰਦਾ ਸੀ, ਵੱਧ ਜਿੰਨੇ ਮਰਜ਼ੀ ਹੁੰਦੇ.ਜਿਸ ਮੁੰਡੇ ਸਿਰ ਦਾਈ ਹੋਣੀ, ਉਸ ਨੇ ਰੱਸੀ ਦਾ ਸਿਰਾ ਘੁੱਟ ਕੇ ਫੜ ਲੈਣਾ ਅਤੇ ਛਿੱਤਰਾਂ ਦੀ ਰਾਖੀ ਖੜ੍ਹ ਜਾਣਾ.ਦੂਜੇ ਮੁੰਡਿਆਂ ਨੇ ਝਕਾਨੀ ਦੇ ਕੇ ਛਿੱਤਰ ਚੁੱਕ ਲੈਣੇ.ਜੇ ਕਰ ਕੋਈ ਮੁੰਡਾ ਛਿੱਤਰ ਚੁਕਦਾ ਫੜਿਆ ਗਿਆ, ਉਸ ਸਿਰ ਦਾਈ ਆ ਜਾਣੀ ਪਰ ਜੇ ਕਰ ਸਾਰੇ ਹੀ ਛਿੱਤਰ ਚੁੱਕ ਲਏ ਜਾਂਦੇ ਤਾਂ ਦਾਈ ਦੇ ਰਹੇ ਮੁੰਡੇ ਨੇ ਰੱਸੀ ਛੱਡ ਕੇ ਭੱਜ ਜਾਣਾ ਤੇ ਛਿੱਤਰਾਂ ਵਾਲੇ ਮੁੰਡਿਆਂ ਨੇ ਛਿੱਤਰ ਚਲਾਉਂਦੇ ਉਸ ਦੇ ਮਗਰ ਭੱਜਣਾ.ਕੁਝ ਛਿੱਤਰ ਉਸ ਦੇ ਵੱਜ ਜਾਣੇ ਕੁਝ ਪਾਸੀ ਨਿਕਲ ਜਾਣੇ.ਬੜਾ ਸ਼ੁਗਲ ਹੁੰਦਾ ਸੀ.ਆਮ ਤੌਰ Ḕਤੇ ਦਾਈ ਦੇਣ ਵਾਲਾ ਕਿਸੇ ਨਾ ਕਿਸੇ ਮੁੰਡੇ ਨੂੰ ਫੜ ਹੀ ਲੈਂਦਾ ਸੀ.ਸਾਡੇ ਵਿਚ ਇਕ ਨੇਕ ਹੀ ਥੋੜਾ ਸੁਸਤ ਹੁੰਦਾ ਸੀ, ਜਿਹੜਾ ਕਈ ਵਾਰ ਛਿੱਤਰ ਚੁਕਦੇ ਕਿਸੇ ਮੁੰਡੇ ਨੂੰ ਫੜ ਨਹੀਂ ਸੀ ਸਕਦਾ ਅਤੇ ਆਪ ਛਿੱਤਰ ਖਾ ਲੈਂਦਾ ਸੀ.ਉਂਜ ਸਿਹਤ ਪੱਖੋਂ ਤਾਂ ਮੈਂ ਵੀ ਕਮਜ਼ੋਰ ਹੀ ਸੀ ਪਰ ਜਦੋਂ ਮੇਰੇ ਸਿਰ ਦਾਈ ਆਉਣੀ ਤਾਂ ਚੁਸਤੀ ਨਾਲ ਕਿਸੇ ਨਾ ਕਿਸੇ ਨੂੰ ਫੜ ਜ਼ਰੂਰ ਲੈਣਾæ
Ḕਗੁੱਲੀ ਡੰਡਾḔ ਖੇਡਣਾ ਵੀ ਸਾਡੀ ਮਨ ਪਸੰਦ ਖੇਡ ਹੁੰਦੀ ਸੀ.ਜੇ ਦੋ ਜਣੇ ਹੁੰਦੇ ਤਾਂ ਵੀ ਖੇਡ ਲੈਂਦੇ ਅਤੇ ਜੇ ਚਾਰ ਜਣੇ ਹੁੰਦੇ ਤਾਂ ਦੋ ਦੋ ਆੜੀ ਬਣ ਕੇ ਖੇਡ ਲੈਂਦੇ.ਇਸ ਖੇਡ ਵਾਸਤੇ ਬੱਸ ਇਕ ਗੁੱਲੀ ਤੇ ਇਕ ਡੰਡਾ ਚਾਹੀਦਾ ਹੁੰਦਾ ਸੀ.ਅਸੀਂ ਚਾਰ ਕੁ ਫੁੱਟ ਦਾ ਡੰਡਾ ਤਖਾਣ ਕੋਲ ਲੈ ਜਾਣਾ ਤੇ ਉਸ ਨੇ ਉਸ ਡੰਡੇ ਨਾਲੋਂ ਪੋਣਾ ਕੁ ਫੁੱਟ ਲਕੜੀ ਕੱਟ ਕੇ ਗੁੱਲੀ ਘੜ ਕੇ ਦੋਹੀਂ ਪਾਸੀ ਬ੍ਰੀਕ ਦਣ ਬਣਾ ਦੇਣੇ ਤੇ ਡੰਡੇ ਨੂੰ ਇਕ ਪਾਸੇ ਤੋਂ ਤੇਸੇ ਨਾਲ ਥੌੜਾ ਜਿਹਾ ਤੱਸ ਦੇਣਾ.ਜਾਂ ਕਈ ਵਾਰ ਅਸੀਂ ਆਪ ਹੀ ਦਾਤ ਜਾਂ ਟੋਕੇ ਨਾਲ ਗੁੱਲੀ ਘੜ ਲੈਣੀ.ਫਿਰ ਰੌੜਾਂ ਜਾਂ ਕਿਸੇ ਖੁਲ੍ਹੇ ਥਾਂ ਜਾ ਕੇ ਜ਼ਮੀਨ ਵਿਚ ਪੌਣਾ ਫੁਟ ਲੰਮੀ ਤੇ ਦੋ ਕੁ ਇੰਚ ਡੂੰਘੀ ḔਰਾਬḔ ਖੋਦ ਲੈਣੀ.ਇਕ ਜਣੇ ਨੇ ਰਾਬ ਉਪਰ ਗੁੱਲੀ ਰੱਖ ਕੇ ਡੰਡੇ ਦੇ ਸਿਰੇ ਨਾਲ ਗੁੱਲੀ ਨੂੰ ਦੂਰ ਸੁੱਟ ਦੇਣਾ.ਦੂਸਰੇ ਮੁੰਡੇ ਨੇ ਅੱਗੋਂ ਗੁੱਲੀ ਨੂੰ ਜੁੱਪ ਲੈਣ ਦੀ ਕੋਸ਼ਿਸ਼ ਕਰਨੀ.ਜੇ ਗੁੱਲੀ ਜੁੱਪ ਲਈ ਤਾਂ ਰਾਬ ਦੇਣ ਵਾਲੇ ਦੀ ਵਾਰੀ ਕੱਟੀ ਜਾਣੀ ਤੇ ਗੁੱਲੀ ਜੁੱਪਣ ਵਾਲੇ ਨੇ ਰਾਬ ਦੇਣੀ.ਜੇ ਗੁੱਲੀ ਨਾ ਜੁੱਪੀ ਗਈ ਤਾਂ ਉਸ ਨੇ ਰਾਬ ਉਪਰ ਰੱਖੇ ਹੋਏ ਡੰਡੇ ਨੂੰ ਗੁੱਲੀ ਮਾਰ ਕੇ ਖੜਕਾਉਣਾ ਹੁੰਦਾ ਸੀ ਜੇ ਤਾਂ ਗੁੱਲੀ ਡੰਡੇ ਨਾਲ ਲੱਗ ਗਈ ਫਿਰ ਉਹ ਜਿੱਤ ਗਿਆ ਤੇ ਵਾਰੀ ਉਸ ਦੀ ਆ ਗਈ, ਨਹੀਂ ਤਾਂ ਰਾਬ ਦੇਣ ਵਾਲੇ ਮੁੰਡੇ ਨੇ ਗੁੱਲੀ ਦੇ ਦਣ Ḕਤੇ ਡੰਡਾ ਮਾਰ ਕੇ ਗੁੱਲੀ ਨੂੰ ਭੁੜਕਾ ਕੇ ਗੁੱਲੀ Ḕਤੇ ਡੰਡਾ ਮਾਰਨਾ ਹੁੰਦਾ ਸੀ.ਗੁੱਲੀ Ḕਤੇ ਡੰਡਾ ਮਾਰ ਕੇ ਗੁੱਲੀ ਨੂੰ ਦੂਰ ਸੁੱਟਣ ਨੂੰ Ḕਟੁੱਲ ਮਾਰਨਾḔ ਕਿਹਾ ਜਾਂਦਾ ਸੀ.ਜੇ ਪਹਿਲੀ ਵਾਰ ਗੁੱਲੀ Ḕਤੇ ਡੰਡਾ ਨਾ ਲਗਦਾ ਤਾਂ ਫਿਰ ਵੀ ਉਸ ਮੁੰਡੇ ਦੀ ਵਾਰੀ ਕੱਟੀ ਜਾਂਦੀ.ਪਰ ਜੇ ਟੁੱਲ ਲੱਗ ਜਾਂਦਾ ਤਾਂ ਵਾਰੀ ਕਾਇਮ ਰਹਿੰਦੀ.ਦੋ ਟੁੱਲ ਮਾਰ ਕੇ ਜਿੰਨੀ ਦੂਰ ਗੁੱਲੀ ਚਲੀ ਗਈ, ਉਥੋਂ ਹੀ ਗੁੱਲੀ ਡੰਡੇ ਨੂੰ ਖੜਕਾਉਣਾ ਹੁੰਦਾ ਸੀ.ਜਿੰਨਾ ਚਿਰ ਡੰਡਾ ਖੜਕ ਨਹੀਂ ਸੀ ਜਾਂਦਾ ਜਾਂ ਟੁੱਲ ਮਾਰਨ ਵਾਲੇ ਤੋਂ ਪਹਿਲਾ ਟੁੱਲ ਮਿੱਸ ਨਹੀਂ ਸੀ ਹੋ ਜਾਂਦਾ ਵਾਰੀ ਕਾਇਮ ਰਹਿੰਦੀ ਸੀ.ਇਸ ਤੋਂ ਬਿਨਾਂ ਇਸ ਖੇਡ ਦਾ ਇਕ ਢੰਗ ਝੂਟੇ ਲੈਣ ਦੇਣ ਖੇਡਣਾ ਵੀ ਸੀ.ਉਸ ਖੇਡ ਦੇ ਪਹਿਲੇ ਅਸੂਲ ਤਾਂ ਉਹੀ ਸਨ ਪਰ ਉਸ ਵਿਚ ਦੋ ਟੁੱਲ ਮਾਰਨ ਦੀ ਥਾਂ ਖਿਡਾਰੀ ਟੁੱਲ ਮਾਰ ਮਾਰ ਗੁੱਲੀ ਨੂੰ ਜਿੰਨਾ ਮਰਜ਼ੀ ਦੂਰ ਲੈ ਜਾ ਸਕਦਾ ਸੀ.ਜਿੱਥੇ ਟੁੱਲ ਮਿੱਸ ਹੋ ਗਿਆ, ਉਥੋਂ ਵਿਰੋਧੀ ਨੂੰ ਘੋੜੀ ਬਣਾ ਕੇ ਰਾਬ ਤੱਕ ਲਿਆਉਣਾ ਹੁੰਦਾ ਸੀ.ਸਿਹਤ ਪੱਖੋਂ ਕਮਜ਼ੋਰ ਹੋਣ ਕਰ ਕੇ ਮੈਂ ਗੁੱਲੀ ਡੰਡਾ ਇਸ ਢੰਗ ਨਾਲ ਘੱਟ ਖੇਡਦਾ ਪਰ ਜੇ ਮੈਂ ਆਪਣੇ ਹਾਣੀਆਂ ਨਾਲ ਖੇਡਦਾ ਤਾਂ ਝੂਟੇ ਲੈਣੇ ਦੇਣੇ ਨਹੀਂ ਸੀ ਕਰਦਾ.ਇਸ ਖੇਡ ਨੂੰ ਖੇਡਣ ਦੇ ਹੋਰ ਵੀ ਕਈ ਢੰਗ ਸਨ ਪਰ ਅਸੀਂ ਬਹੁਤਾ ਬਹੁਤਾ ਇਸ ਦੋ ਢੰਗ ਹੀ ਵਰਤਦੇ.ਇਕ ਵਾਰ ਮਜ਼੍ਹਬੀਆਂ ਦੇ ਮਿੰਦ੍ਹਰ ਨੇ ਗੁੱਲੀ ਦੇ ਮਗਰ ਹੀ ਡੰਡਾ ਚਲਾ ਦਿੱਤਾ, ਜਿਹੜਾ ਮੇਰੇ ਮੱਥੇ ਵਿਚ ਵੱਜਿਆ.ਉਸ ਨਾਲ ਮੱਥੇ ਵਿਚ ਗੁੰਮਾ ਜਿਹਾ ਹੋ ਗਿਆ.ਮੈਂ ਰੋਂਦੇ ਹੋਏ ਨੇ ਘਰ ਜਾ ਦੱਸਿਆ ਤੇ ਮੇਰੀ ਮਾਂ ਉਹਨਾਂ ਦੇ ਘਰ ਉਲ੍ਹਾਮਾ ਦੇਣ ਗਈ ਕਿ ਥੋਡੇ ਮੁੰਡੇ ਨੇ ਸਾਡੇ ਮੁੰਡੇ ਦੇ ਜਾਣ ਕੇ ਡੰਡਾ ਮਾਰਿਆ ਹੈ.ਉਹ ਕਹੇ, Ḕਮੈਂ ਜਾਣ ਕੇ ਨਹੀਂ ਮਾਰਿਆ, ਡੰਡਾ ਮੇਰੇ ਹੱਥੋਂ ਛੁੱਟ ਗਿਆ ਸੀæḔ ਫੇਰ ਵੀ ਉਸ ਦੀ ਮਾਂ ਨੇ ਮਿੰਦ੍ਹਰ ਦੇ ਦੋ ਤਿੰਨ ਮੁੱਕੀਆਂ ਮਾਰੀਆਂ ਤੇ ਮੈਨੂੰ ਆਪਣੇ ਬੁੱਕਲ ਵਿਚ ਲੈ ਕੇ ਪਿਆਰ ਕਰਦਿਆਂ ਕਿਹਾ, "ਬਾਂਦਰਾ ਜਿਹਾ, ਤੈਨੂੰ ਦਿਸਦਾ ਨਈ ਸੀ! ਦੇḔਖਾਂ! ਮੁੰਡੇ ਦੇ ਕਿੱਡਾ ਰੋਬੜਾ ਪੈ ਗਿਐ.ਜੇ ਅੱਖ ਤੇ ਵਜਦਾ ਤਾਂ ਜਾਹ ਜਾਂਦੀ ਹੋ ਜਾਣੀ ਸੀæ"
ਉਸ ਦੀ ਮਾਂ ਵੱਲੋਂ ਇੰਨਾ ਕਹਿਣ Ḕਤੇ ਹੀ ਮੇਰੀ ਮਾਂ ਖੁਸ਼ ਤਾਂ ਹੋ ਗਈ ਪਰ ਉਸ ਨੇ ਮੈਨੂੰ ਘਰ ਆਣ ਕੇ ਨੁਹਾਇਆ ਤੇ ਮੇਰਾ ਉਹ ਝੱਗਾ ਧੋ ਦਿੱਤਾ, ਜਿਹੜਾ ਮੇਰੇ ਗਲ਼ ਪਾਇਆ ਹੋਇਆ ਸੀ.ਮਾਂ ਦੇ ਖਿਆਲ ਵਿਚ ਉਹ ਝੱਗਾ ਭਿੱਟਿਆ ਗਿਆ ਸੀ.
Ḕਖਿੱਦੋ ਖੂੰਡੀḔ ਖੇਡਣ ਨੂੰ ਅਸੀਂ ਹਾਕੀ ਦੀ ਖੇਡ ਤੋਂ ਘੱਟ ਨਹੀਂ ਸੀ ਸਮਝਦੇ.ਖੇਡਿਆ ਵੀ ਇਸ ਨੂੰ ਹਾਕੀ ਵਾਂਗ ਹੀ ਜਾਂਦਾ ਸੀ.ਬਾਲ ਸਾਡੀ ਲੀਰਾਂ ਦੀ ਖਿੱਦੋ ਹੁੰਦੀ ਸੀ, ਜਿਹੜੀ ਅਸੀਂ ਪਾਟੀਆਂ ਪੁਰਾਣੀਆਂ ਲੀਰਾਂ ਲੈ ਕੇ ਇਕ ਰੀਠੇ ਜਾਂ ਬਾਂਟੇ ਦੇ ਦੁਆਲੇ ਲਪੇਟ ਲਪੇਟ ਕੇ ਗੋਲ ਬਣਾ ਲੈਂਦੇ ਅਤੇ ਫਿਰ ਉਸ ਨੂੰ ਮੋਟੇ ਧਾਗੇ ਨਾਲ ਸਾਰੇ ਪਾਸਿਉਂ ਮੱੜ੍ਹ ਲੈਂਦੇ, ਜਿਸ ਨੂੰ ਪਿੜ੍ਹੀਆਂ ਪਾਉਣਾ ਕਿਹਾ ਜਾਂਦਾ ਸੀ.ਇਸ ਬਾਲ ਨੂੰ ਅਸੀਂ ਖਿੱਦੋ ਜਾਂ ਖੁੱਦੋ ਕਹਿੰਦੇ ਸੀ.ਹਾਕੀ ਦੀ ਥਾਂ ਸਾਡੇ ਕੋਲ ਬੇਰੀ ਜਾਂ ਕਿੱਕਰ ਦੀਆਂ, ਇਕ ਸਿਰੇ ਤੋਂ ਥੋੜੀਆਂ ਮੁੜੀਆਂ ਹੋਈਆਂ, ਸੋਟੀਆਂ ਹੁੰਦੀਆਂ, ਜਿਸ ਨੂੰ ਖੂੰਡੀ ਕਿਹਾ ਜਾਂਦਾ ਸੀ.ਗਰਾਊਂਡਾਂ ਸਾਡੀਆਂ ਪਿੰਡ ਦੀਆਂ ਗਲ਼ੀਆਂ, ਪਿੰਡੋ ਬਾਹਰਲੀਆਂ ਰੌੜਾਂ ਜਾਂ ਅਣਵਾਹੇ ਖੇਤ ਸਨ.ਇਸ ਖੇਡ ਨੂੰ ਨਿੱਕੇ ਨਿੱਕੇ ਬਾਲਾਂ ਤੋਂ ਲੈ ਕੇ ਕਸ਼ੋਰਾਂ ਤੱਕ ਖੇਡ ਲੈਂਦੇ ਸੀ.ਨਿੱਕੇ ਬਾਲਾਂ ਦੀਆਂ ਅੱਡ ਟੋਲੀਆਂ ਖੇਡਦੀਆਂ ਅਤੇ ਵੱਡੇ ਮੁੰਡਿਆਂ ਦੀਆਂ ਅੱਡ.ਖਿਡਾਰੀਆਂ ਦੀ ਗਿਣਤੀ ਦਾ ਵੀ ਬਹੁਤਾ ਖਿਆਲ ਨਹੀਂ ਸੀ ਰੱਖਿਆ ਜਾਂਦਾ.ਇਕ ਟੀਮ ਵਿਚ ਦਸ ਦਸ ਬਾਰਾਂ ਬਾਰਾਂ ਖਿਡਾਰੀ ਵੀ ਹੋ ਸਕਦੇ ਸੀ ਤੇ ਦੋ ਦੋ ਵੀ.ਕਈ ਵਾਰ ਗਲੀਆਂ ਵਿਚ ਦੋ ਜਣੇ ਹੀ ਖੇਡਣ ਲੱਗ ਜਾਂਦੇ.ਇਕ ਜਣਾ ਇਕ ਪਾਸੇ ਨੂੰ ਆਪਣਾ ਗੋਲ ਮਿਥ ਲੈਂਦਾ ਅਤੇ ਦੂਜਾ ਦੂਜੇ ਪਾਸੇ ਨੂੰ.ਖੂੰਡੀ ਨਾਲ ਖਿੱਦੋ ਨੂੰ ਵਿਰੋਧੀ ਦੇ ਗੋਲ ਤੱਕ ਲੈ ਜਾਣਾ ਹੁੰਦਾ ਸੀ.ਮੈਂ ਇਸ ਖੇਡ ਨੂੰ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਸਮੇਂ ਹੀ ਖੇਡ ਸਕਿਆਂ ਸੀ.ਫਿਰ ਤਾਂ ਇਸ ਖੇਡ ਨੂੰ ਕਦੀ ਕਦਾਈਂ ਖੇਡਣਾ ਨਸੀਬ ਹੁੰਦਾ.ਕਾਰਨ ਇਹ ਸੀ ਕਿ ਹਾਈ ਸਕੂਲ ਦੂਰ ਹੋਣ ਕਾਰਨ ਰਾਹ ਵਿਚ ਹੀ ਡੇਢ ਦੋ ਘੰਟੇ ਲੱਗ ਜਾਂਦੇ ਸੀ ਅਤੇ ਮੁੜ ਘਰ ਆ ਕੇ ਖੇਤੀ ਦੇ ਕੰਮ ਵਿਚ ਹੱਥ ਵਟਾਉਣਾ ਪੈਂਦਾ ਸੀ.ਕਈ ਵਾਰ ਮੁੰਡਿਆਂ ਨੇ ਰੌੜਾਂ ਵਿਚ ਖੇਡ ਰਹੇ ਹੋਣਾ ਤੇ ਮੈਂ ਕਹੀ, ਕਸੀਆ ਜਾਂ ਦਾਤੀ ਚੁੱਕੀ ਖੇਤ ਜਾ ਰਹੇ ਹੋਣਾ.ਕਦੀ ਕਦਾਈਂ, ਕੁਝ ਪਲ, ਉਥੇ ਖੜ੍ਹ ਕੇ ਲਲਚਾਈਆਂ ਅੱਖਾਂ ਨਾਲ ਉਹਨਾਂ ਨੂੰ ਖੇਡਦਿਆਂ ਦੇਖ ਲੈਣਾ.ਇਕ ਵਾਰ ਮੈਂ ਪੱਠੇ ਲੈਣ ਜਾਂਦਾ ਖੜ੍ਹ ਕੇ ਮੁੰਡਿਆਂ ਨੂੰ ਖੇਡਦੇ ਦੇਖਣ ਲੱਗ ਪਿਆ.ਮੈਂ ਇਕ ਮੁੰਡੇ ਨੂੰ ਕਿਹਾ, "ਕੰਤੇ, ਪੰਜ ਕੁ ਮਿੰਟ ਤੇਰੀ ਥਾਂ Ḕਤੇ ਮੈਂ ਖੇਡ ਲਾਂ?" ਉਹ Ḕਖੇਡ ਲੀਂḔ ਕਹਿ ਕੇ ਖਿੱਦੋ ਦੇ ਮਗਰ ਪਰ੍ਹਾਂ ਨੂੰ ਭੱਜ ਗਿਆ ਪਰ ਉਧਰੋਂ ਖੇਤੋਂ ਪਾਣੀ ਲਾ ਕੇ ਮੇਰਾ ਬਾਈ (ਆਪਣੇ ਬਾਪ ਨੂੰ ਅਸੀਂ ਬਾਈ ਕਹਿ ਕੇ ਬਲਾਉਂਦੇ ਸੀ) ਆ ਗਿਆ.ਮੈਂ ਉਸ ਨੂੰ ਦੇਖਿਆ ਨਹੀਂ ਸੀ.ਮੇਰੀ ਗਿੱਚੀ Ḕਚ ਇਕ ਧੌਲ ਜੜਦਿਆਂ ਉਸ ਕਿਹਾ, " ਓਧਰ ਪਸ਼ੂ ਭੁੱਖੇ ਕਿੱਲਿਆਂ Ḕਤੇ ਅੜਾਟ ਪਾਉਂਦੇ ਹੋਣਗੇ ਤੇ ਤੂੰ ਏਥੇ ਖੇਡਾਂ ਖੇਡੀ ਜਾਨੈ!" ਖਿਦੋ ਖੂੰਡੀ ਖੇਡਣ ਦੀ ਮੇਰੀ ਰੀਝ ਵਿਚੇ ਹੀ ਰਹਿ ਗਈ ਤੇ ਮੈਂ ਨਿਮੋਝੂਣਾ ਹੋਇਆਂ ਖੇਤ ਨੂੰ ਤੁਰ ਗਿਆæ
ਇਕ ਵਾਰ ਫਿਰ ਮੇਰੀ ਖਿੱਦੋ ਖੂੰਡੀ ਖੇਡਣ ਦੀ ਰੀਝ ਵਿਚੇ ਹੀ ਰਹਿ ਗਈ ਸੀ.ਉਸ ਦਿਨ ਮੈਨੂੰ ਬਿੱਲੇ ਨੇ ਸਵੇਰੇ ਹੀ ਦੱਸਿਆ ਸੀ, "ਆਥਣੇ ਪਿੜਾਂ ਵਿਚ ਖੁੱਦੋ ਖੂੰਡੀ ਦਾ ਮੈਚ ਹੋਣਾ.ਤੂੰ ਸਾਡੀ ਟੀੰਮ Ḕਚ ਐਂ.ਵੇਲ਼ੇ ਸਿਰ ਆ ਜਾਈਂæ" ਹਾੜੀ ਦੀ ਫਸਲ ਸਮੇਟ ਲੈਣ ਮਗਰੋਂ ਪਿੜਾਂ ਵਿਚ ਖੇਡਣ ਦਾ ਸਵਾਦ ਵੱਖਰਾ ਹੀ ਹੁੰਦਾ ਸੀ.ਆਮ ਨਿਆਈਆਂ ਵਾਲੇ ਖੇਤਾਂ ਵਿਚ ਪਿੜ ਪਾਏ ਜਾਂਦੇ ਸਨ ਅਤੇ ਪਿੜ ਹੂੰਝੇ ਜਾਣ ਮਗਰੋਂ ਖੇਤ ਪੱਧਰੇ ਮੈਦਾਨ ਬਣ ਜਾਂਦੇ ਸਨ.ਓਥੇ ਸ਼ਰਤਾਂ ਲਾ ਕੇ ਖੇਡਦੇ ਸੀ ਪਰ ਮੈਂ ਸ਼ਰਤ ਲਾ ਕੇ ਕਦੀ ਨਹੀਂ ਸੀ ਖੇਡਿਆ.ਉਸ ਦਿਨ ਮੈਂ ਆਥਣ ਨੂੰ ਤਿਆਰ ਹੋ ਕੇ ਪਿੜਾਂ Ḕਚ ਪਹੁੰਚ ਗਿਆ."ਆ ਗਏ ਸਾਰੇ?" ਮੈਂ ਪੁੱਛਿਆ.
"ਅਜੇ ਲੇਡਾ ਨਈ ਆਇਆæ" ਪ੍ਰੀਤੂ ਨੇ ਕਿਹਾ.(ਹਰ ਮੁੰਡੇ ਦਾ ਨਾਂ ਤੋਂ ਕੁਨਾਂ ਪਿਆ ਹੋਇਆ ਸੀ ਜਿਵੇਂ; ਬਿੱਲਾ, ਚੂਹਾ, ਗਿੱਦੜ, ਰਿੱਛ, ਸ਼ੇਰ, ਲੁੰੰਬੜ, ਬਿੱਲੂ, ਮੂੰਗੀ, ਲੇਡਾ, ਘੇਕੀ, ਆਦਿਕ.ਨਾਂ ਕੁਨਾਂ ਲੈਣ Ḕਤੇ ਕੋਈ ਗੁੱਸਾ ਨਹੀਂ ਸੀ ਕਰਦਾæ) ਅਸੀਂ ਉਸ ਨੂੰ ਉਡੀਕ ਰਹੇ ਸੀ ਕਿ ਇਕ ਦਮ ਆਸਮਾਨ ਧੁੰਧਲਾ ਜਿਹਾ ਹੋ ਗਿਆ.
"ਬੇਲੀਉ! ਨੇਰ੍ਹੀ ਆਊ!" ਮੈਂ ਕਿਹਾæ
"ਇਹ ਤਾਂ ਕਾਲ਼ੀ ਬੋਲ਼ੀ ਨੇਰ੍ਹੀ ਐ, ਭੱਜ ਚਲੋ ਘਰਾਂ ਨੂੰ!" ਦੱਖਣ ਵਾਲੇ ਪਾਸਿਉਂ ਉਠਿਆ ਅੰਧ ਗੁਬਾਰ ਦੇਖ ਕੇ ਬਿੱਲੇ ਨੇ ਕਿਹਾ.ਹਨੇਰੀ ਦੀ ਸ਼ੂਕ ਵੀ ਸੁਣਨ ਲੱਗ ਪਈ ਸੀ.ਅਜੇ ਅਸੀਂ ਕੁਝ ਕਦਮ ਹੀ ਘਰਾਂ ਵੱਲ ਪੁੱਟੇ ਹੋਣਗੇ ਕਿ ਅੰਤਾਂ ਦੀ ਤੇਜ਼ ਹਨੇਰੀ ਨੇ ਸਾਨੂੰ ਘੇਰ ਲਿਆ.ਹਵਾ ਦਾ ਵੇਗ ਇੰਨਾ ਤੇਜ਼ ਸੀ ਕਿ ਸਾਨੂੰ ਦੋ ਕਦਮ ਵੀ ਪੁਟਣੇ ਔਖੇ ਹੋ ਗਏ.ਅਸੀਂ ਉਥੇ, ਹੀ ਰੜੇ ਮੈਦਾਨ, ਇਕ ਦੂਜੇ ਦਾ ਹੱਥ ਫੜ ਕੇ ਬੈਠ ਗਏ.ਮੈਂ ਆਪਣੀ ਪੱਗ ਦੇ ਲੜ ਨੂੰ ਦੰਦਾਂ ਹੇਠ ਨੱਪ ਲਿਆ ਪਰ ਪ੍ਰੀਤੂ ਦੀ ਪੱਗ ਉਡ ਕੇ ਪਤਾ ਨਹੀਂ ਕਿਧਰ ਚਲੀ ਗਈ.ਦਿਨੇ ਹੀ ਹਰ ਪਾਸੇ ਇੰਨਾ ਹਨੇਰਾ ਛਾ ਗਿਆ ਕਿ ਆਪਣਾ ਹੱਥ ਵੀ ਨਹੀਂ ਸੀ ਦਿਸਦਾ.ਕੋਈ ਅੱਧਾ ਘੰਟਾ ਕੋਲ ਕੋਲ ਬੈਠੇ ਹੋਏ ਵੀ ਅਸੀਂ ਇਕ ਦੂਜੇ ਨੂੰ ਨਹੀਂ ਸੀ ਦੇਖ ਸਕੇ.ਉਸ ਤੋਂ ਮਗਰੋਂ ਵੀ ਹਨੇਰੀ ਤਾਂ ਭਾਵੇਂ ਉਵੇਂ ਹੀ ਬਹੁਤ ਤੇਜ਼ ਝੁਲਦੀ ਰਹੀ ਪਰ ਕੁਝ ਕੁਝ ਦਿਸਣ ਜ਼ਰੂਰ ਲੱਗ ਪਿਆ ਸੀ.ਸਾਡੀਆਂ ਖੂੰਡੀਆਂ ਤੇ ਖਿੱਦੋ ਪਤਾ ਨਹੀਂ ਕਿਧਰ ਗੁੰਮ ਗਈਆਂ ਸਨ.ਅਸੀਂ ਉਹਨਾਂ ਨੂੰ ਉਥੇ ਹੀ ਛੱਡ ਘਰੋ ਘਰੀਂ ਚਲੇ ਗਏ.ਮੈਂ ਇਸ ਤਰ੍ਹਾਂ ਦੀ ਕਾਲ਼ੀ ਬੋਲ਼ੀ ਹਨੇਰੀ ਪਹਿਲਾਂ ਨਹੀਂ ਸੀ ਦੇਖੀ ਅਤੇ ਨਾ ਹੀ ਉਸ ਤੋਂ ਮਗਰੋਂ ਅਜੇਹੀ ਹਨੇਰੀ ਕਦੀ ਫੇਰ ਵਗੀæ
ਗੱਲ ਤਾਂ ਖੇਡਾਂ ਦੀ ਹੋ ਰਹੀ ਸੀ, ਹਨੇਰੀ ਵਾਲਾ ਪ੍ਰਸੰਗ ਤਾਂ ਉਂਜ ਹੀ ਆ ਗਿਆ.ਖੇਡਾਂ ਤਾਂ ਹੋਰ ਵੀ ਬਥੇਰੀਆਂ ਖੇਡੀਆਂ ਜਾਂਦੀਆਂ ਸਨ ਜਿਵੇਂ; ਭਾਂਤ ਸੁਭਾਂਤੀਆਂ ਕੌਡੀਆਂ, ਰੀਠੇ, ਬੰਟੇ ਆਦਿ ਨਾਲ ਗੁੱਤ੍ਹੀ (ਖੁੱਤੀ) ਪਾਉਣੇ ਖੇਡਣਾ.ਗਰਮੀਆਂ ਵਿਚ ਪਿੱਪਲਾਂ ਬੋਹੜਾਂ ਦੀ ਛਾਂ ਥੱਲੇ ਬੈਠ, ਬਾਰਾਂ ਟਾਹਣੀ ਖੇਡਣਾ ਜਾਂ ਕਾਗਜ਼ ਦੀਆਂ ਕਿਸ਼ਤੀਆਂ ਬਣਾ ਬਣਾ ਸੂਏ, ਟੋਭੇ ਵਿਚ ਤਾਰਨਾ.ਸੂਏ ਛੱਪੜਾਂ ਵਿਚ ਪੁੱਠੀਆਂ ਸਿੱਧੀਆਂ ਤਾਰੀਆਂ ਲਾਉਣਾ.ਦੁਪਹਿਰ ਸਮੇਂ ਮੱਝਾਂ ਨੂੰ ਛੱਪੜ ਜਾਂ ਸੂਏ ਵਿਚ ਬਿਠਾ ਦੇਣਾ ਤੇ ਆਪ ਨਹਾਉਣ ਲੱਗ ਜਾਣਾ.ਸੂਏ ਤੋਂ ਪਾਣੀ ਵਿਚ ਛਾਲ ਮਾਰਨੀ ਤੇ ਮੁੜ ਗੱਬ (ਬਹੁਤ ਬ੍ਰੀਕ ਮਿੱਟੀ) ਵਿਚ ਲਿਟਣਾ ਤੇ ਸਾਰੇ ਸਰੀਰ ਨੂੰ ਮਿੱਟੀ ਵਿਚ ਲਬੇੜ ਕੇ ਮੁੜ ਪਾਣੀ ਵਿਚ ਛਾਲਾਂ ਮਾਰਨੀਆਂ.ਮੱਝਾਂ ਦੀਆਂ ਪੂਛਾਂ ਫੜ ਕੇ ਪਾਣੀ ਵਿਚ ਤਾਰੀਆਂ ਲਾਉਣਾ ਤੇ ਫੇਰ ਉਹਨਾਂ ਨੂੰ ਪਾਣੀ ਤੋਂ ਬਾਹਰ ਲਿਆਉਣਾ.
ਪਿੰਡਾਂ ਵਿਚ ਅਜੇਹੀਆਂ ਖੇਡੀਆਂ ਜਾਂਦੀਆਂ ਸਨ, ਜਿਨ੍ਹਾਂ ਉਪਰ ਕੋਈ ਪੈਸਾ ਖਰਚ ਨਹੀਂ ਸੀ ਹੁੰਦਾ.ਕਸਰਤ ਤੇ ਮਨੋਰੰਜਨ ਭਰਪੂਰ ਹੋ ਜਾਂਦਾ ਸੀ.ਬਚਪਨ ਵਿਚ ਭਾਵੇਂ ਦੂਜੇ ਮੁੰਡਿਆਂ ਦੇ ਮੁਕਾਬਲੇ ਮੈਨੂੰ ਖੇਡਣ ਦੇ ਮੌਕੇ ਘੱਟ ਮਿਲਦੇ ਸੀ ਪਰ ਫਿਰ ਵੀ ਜਦੋਂ ਮੌਕਾ ਮਿਲਦਾ ਉਸ ਨੂੰ ਅਜਾਈਂ ਨਹੀਂ ਗਵਾਉਂਦਾ.ਖੇਡਣ ਦਾ ਅਨੰਦ ਮਾਣ ਹੀ ਲੈਂਦਾ ਸੀ ਭਾਵੇਂ ਘਰੋਂ ਗਾਲ੍ਹਾਂ ਹੀ ਮਿਲਦੀਆਂæ