ਕਵਿਤਾਵਾਂ

  •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
  •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
  •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
  •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
  •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
  •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
  •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
  •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
  •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
  •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
  •    ਲੋਕ ਤੱਥ / ਸੁੱਖਾ ਭੂੰਦੜ (ਗੀਤ )
  • ਸਭ ਰੰਗ

  •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
  •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
  •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
  •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
  •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
  •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 13 (ਨਾਵਲ )

    ਜਗਦੀਸ਼ ਚੰਦਰ   

    Address:
    India
    ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    tamoxifen uk side effects

    tamoxifen cost read here tamoxifen

    21

    ਲਾਲੂ ਭਲਵਾਨ ਦੀ ਹਵੇਲੀ ਲਹਿੰਦੇ ਵਲ ਪਿੰਡ ਤੋਂ ਬਾਹਰ ਸੀ। ਉਹਨੇ ਇਹ ਹਵੇਲੀ ਦੋ ਤਿੰਨ ਸਾਲ ਪਹਿਲਾਂ ਹੀ ਬਣਾਈ ਸੀ। ਇਸ ਲਈ ਇੱਟਾਂ ਦਾ ਰੰਗ ਅਜੇ ਸੁਰਖ ਹੀ ਸੀ। ਉਹਦੇ ਚਾਰੇ ਪਾਸੀਂ ਪੱਕੀ ਕੰਧ ਸੀ। ਵਿੱਚ ਲੋਹੇ ਦੀਆਂ ਚਾਦਰਾਂ ਦਾ ਵੱਡਾ ਦਰਵਾਜ਼ਾ ਸੀ ਜਿਹਦੇ ਵਿੱਚ ਦੀ ਗੱਡਾ ਸੌਖਿਆਂ ਹੀ ਲੰਘ ਸਕਦਾ ਸੀ। ਹਵੇਲੀ ਦੇ ਖੁੱਲ੍ਹੇ ਵਿਹੜੇ ਵਿੱਚ ਗੰਨੇ ਦਾ ਰੱਸ ਕੱਢਣ ਵਾਲਾ ਵੇਲਣਾ ਲੱਗਾ ਹੋਇਆ ਸੀ। ਉਹਦੇ ਅੱਗੇ ਦਲਾਨ ਸੀ ਅਤੇ ਉਹਦੇ ਪਿੱਛੇ ਕੋਠੜੀਆਂ ਸਨ, ਜਿਹਨਾਂ ਵਿੱਚ ਖੇਤੀਬਾੜੀ ਦਾ ਸਾਮਾਨ ਰੱਖਿਆ ਹੋਇਆ ਸੀ। ਇਕ ਪਾਸੇ ਪਸ਼ੂ ਬੰਨਣ ਲਈ ਦਲਾਨ ਅਤੇ ਪੱਠਾ-ਦੱਥਾ ਰੱਖਣ ਲਈ ਕੋਠੜੀ ਸੀ। ਉਹਦੇ ਨਾਲ ਹੀ ਉਹ ਕੋਠੜੀ ਸੀ ਜਿੱਥੇ ਗੁੜ ਕੱਢਿਆ ਜਾਂਦਾ ਸੀ।
    ਕਾਲੀ ਅਤੇ ਜੀਤੂ ਹਵੇਲੀ ਵਿੱਚ ਦਾਖਲ ਹੋਏ ਤਾਂ ਲਾਲੂ ਭਲਵਾਨ ਦਲਾਨ ਵਿੱਚ ਮੰਜੀ ਉੱਤੇ ਬੈਠਾ ਸਣ ਦੀਆਂ ਰੱਸੀਆਂ ਵਟ ਰਿਹਾ ਸੀ। ਉਹਨਾਂ ਦੋਹਾਂ ਨੂੰ ਗੇਟ ਵਿੱਚ ਆਉਂਦੇ ਦੇਖਿਆ ਤਾਂ ਮੁਸਕਰਾਉਂਦਾ ਹੋਇਆ ਬੋਲਿਆ:
    "ਆ ਬਈ ਕਾਲੀ। ਲੰਗਾ ਕੇ ਤੁਰਦਾਂ, ਕੀ ਜ਼ਿਆਦਾ ਸੱਟ ਲੱਗੀ ਹੈ?"
    ਕਾਲੀ ਦੇ ਕੁਛ ਕਹਿਣ ਤੋਂ ਪਹਿਲਾਂ ਹੀ ਜੀਤੂ ਬੋਲ ਪਿਆ:
    "ਭਲਵਾਨ ਜੀ, ਸੱਟ ਜਿਹੀ ਸੱਟ ਲੱਗੀ ਆ, ਉਹ ਥਾਂ ਤਾਂ ਕਾਲੇ ਲੂਣ ਵਰਗੀ ਹੋ ਗਈ ਆ। ਸਾਰੀ ਲੱਤ ਆਕੜ ਗਈ ਆ। ਵਿਚਾਰਾ ਘਿਸੜਦਾ-ਘਿਸੜਦਾ ਇਥੇ ਤੱਕ ਆਇਆ।"
    ਕਾਲੀ ਨੇ ਬਹੁਤ ਮੁਸ਼ਕਿਲ ਨਾਲ ਬੁੱਲਾਂ ਉੱਤੇ ਫਿੱਕੀ ਮੁਸਕਾਨ ਲਿਆਉਂਦਿਆਂ ਕਿਹਾ:   
    "ਚੌਧਰੀ ਜੀ ਰੱਸੀਆਂ ਵੱਟ ਰਹੇ ਓ।"
    "ਹਾਂ ਬਈ। ਫਸਲ ਦੀ ਵਢਾਈ ਬਾਅਦ ਪੱਠੇ ਦੱਥੇ ਦਾ ਕੰਮ ਹੀ ਰਹਿ ਜਾਂਦਾ। ਜ਼ਮੀਨ ਦੀ ਵਾਹੀ-ਬਿਆਈ ਤਾਂ ਬਰਸਾਤ ਲੱਗਣ ਤੋਂ ਬਾਅਦ ਹੀ ਹੋਊ। ਪਸ਼ੂਆਂ ਦੇ ਚਾਰੇ ਦਾ ਕੰਮ ਸਵੇਰੇ-ਸੰਾਮ ਖਤਮ ਹੋ ਜਾਂਦਾ। ਦੁਪਹਿਰ ਆਪਣੀ ਹੁੰਦੀ ਆ। ਚੌਪਟ-ਬਾਰਾਂ ਟਾਹਣੀ ਖੇਡ ਕੇ ਵੀ ਮਨ ਅੱਕ ਜਾਂਦਾ। ਫਿਰ ਉੱਥੇ ਸੌ ਲੜਾਈ-ਫਸਾਦ ਦੀਆਂ ਗੱਲਾਂ ਹੁੰਦੀਆਂ। ਹਾੜੀ ਦੀ ਫ਼ਸਲ ਚੰਗੀ ਹੋ ਜਾਵੇ ਤਾਂ ਜੱਟ ਦੇ ਜਿਸਮ 'ਚ ਪਾਣੀ ਵੀ ਲਹੂ ਬਣ ਜਾਂਦਾ। ਅਤੇ ਜਿਸ ਆਦਮੀ ਵਿੱਚ ਪਹਿਲਾਂ ਹੀ ਲਹੂ ਵਾਧੂ ਹੋਵੇ, ਉਹ ਜਾਂ ਤਾਂ ਦੇਵਤਾ ਬਣ ਜਾਂਦਾ ਜਾਂ ਰਾਖਸ਼ਸ - ਅਤੇ ਅਕਸਰ ਜੱਟ ਰਾਖਸ਼ਸ ਹੀ ਬਣਦੇ ਆ।" ਲਾਲੂ ਭਲਵਾਨ ਮੁਸਕਰਾਉਂਦਾ ਹੋਇਆ ਬੋਲਿਆ:
    "ਮੇਰੇ ਉਸਤਾਦ ਨੇ ਤਾਲੀਮ ਦਿੱਤੀ ਸੀ।।। ਕਿ ਜੇ ਲੰਗੋਟ ਦੇ ਪੱਕੇ ਰਹਿਣਾ ਚਾਹੁੰਦੇ ਹੋ ਤਾਂ ਕਦੇ ਵਿਹਲੇ ਨਾ ਬੈਠੋ।।। ਜ਼ਮੀਨ ਪੁੱਟੋ, ਵਾੜ ਲਾਓ ਅਤੇ ਹੋਰ ਕੋਈ ਕੰਮ ਨਾ ਹੋਵੇ ਤਾਂ ਮੰਜਿਆਂ ਦੀਆਂ ਰੱਸੀਆਂ ਹੀ ਕੱਸ ਦਿਓ।।। ਮੈਂ ਉਸਤਾਦ ਦੀ ਗੱਲ ਪੱਲੇ ਬੰਨ ਲਈ। ਕਦੇ ਵਿਹਲਾ ਬੈਠਾਂ ਤਾਂ ਏਦਾਂ ਲੱਗਦਾ ਜਿਵੇਂ ਬੀਮਾਰ ਹੋ ਗਿਆ ਹੋਵਾਂ।" ਲਾਲੂ ਭਲਵਾਨ ਨੇ ਸਾਰੀਆਂ ਚੀਜ਼ਾਂ ਸੰਭਾਲ ਕੇ ਇਕ ਪਾਸੇ ਰੱਖ ਦਿੱਤੀਆਂ ਅਤੇ ਕਾਲੀ ਨੂੰ ਕਿਹਾ:
    "ਖੜਾ ਕਿਉਂ ਆਂ, ਬਹਿ ਜਾ।" ਉਹਨੇ ਕਾਹੀ ਦੀ ਲੰਬੀ-ਚੌੜੀ ਸਫ਼ ਕੱਚੇ ਫਰਸ਼ ਉੱਤੇ ਵਿਛਾ ਦਿੱਤੀ ਅਤੇ ਦੋਹਾਂ ਨੂੰ ਬੈਠਣ ਲਈ ਕਹਿ ਕੇ ਆਪ ਵੀ ਉੱਥੇ ਬੈਠ ਗਿਆ। 
    ਕਾਲੀ ਨੇ ਹੈਰਾਨ ਹੋ ਕੇ ਲਾਲੂ ਭਲਵਾਨ ਵਲ ਦੇਖਿਆ ਅਤੇ ਉਹਦੀ ਛਾਤੀ ਖੁਸ਼ੀ ਨਾਲ ਫੁੱਲ੍ਹ ਗਈ ਕਿ ਉਹ ਚੌਧਰੀ ਹੋ ਕੇ ਵੀ ਉਹਨਾਂ ਦੇ ਬਰਾਬਰ ਬੈਠਿਆ ਹੈ।
    "ਕਿੱਥੇ ਸੱਟ ਲੱਗੀ ਆ?" ਲਾਲੂ ਭਲਵਾਨ ਨੇ ਪੁੱਛਿਆ। ਕਾਲੀ ਨੇ ਚੂਲੇ ਵਲ ਇਸ਼ਾਰਾ ਕਰ ਦਿੱਤਾ।
    "ਲੰਮਾ ਪੈ ਜਾ।"
     ਜਦੋਂ ਕਾਲੀ ਲੰਮਾ ਪੈ ਗਿਆ ਤਾਂ ਭਲਵਾਨ ਨੇ ਉਹਦੀ ਲੱਤ ਸਿੱਧੀ ਕੀਤੀ। ਉਹਦਾ ਤਹਿਮਦ ਢਿੱਲਾ ਕਰਕੇ ਸੱਟ ਨੂੰ ਦੇਖਿਆ ਅਤੇ ਉਂਗਲਾਂ ਨਾਲ ਛੁਹ ਕੇ ਉਹਦੀ ਡੂੰਘਾਈ ਮਹਿਸੂਸ ਕਰਨ ਲੱਗਾ। ਕਾਲੀ ਨੂੰੰ ਦਰਦ ਮਹਿਸੂਸ ਹੋਇਆ ਪਰ ਉਹ ਉਹਨੂੰ ਪੀ ਗਿਆ। ਲਾਲੂ ਭਲਵਾਨ ਨੇ ਸੱਟ ਨੂੰ ਚੰਗੀ ਤਰ੍ਹਾਂ ਦੇਖਿਆ, ਉਹਦੀ ਲੱਤ ਨੂੰ ਏਧਰ ਓਧਰ ਹਿਲਾਇਆ ਅਤੇ ਕਾਲੀ ਵਲ ਭਰਪੂਰ ਨਜ਼ਰਾਂ ਨਾਲ  ਦੇਖਦਾ ਬੋਲਿਆ:
    "ਇਹ ਮਰਦਾਂ ਦਾ ਕੰਮ ਨਹੀਂ। ਖੇਲ 'ਚ ਜਿੱਥੇ ਬਦਲੇ ਦੀ ਇੱਛਾ ਜਾਗ ਪਈ, ਉੱਥੇ ਖੇਲ ਖਤਮ ਅਤੇ ਲੜਾਈ ਸ਼ੁਰੂ ਸਮਝੋ। ਮੈਂ ਹਰਦੇਵ ਨੂੰ ਚੰਗੀ ਤਰ੍ਹਾਂ ਜਾਣਦਾਂ। ਸੋਹਣਾ ਤਕੜਾ ਜਵਾਨ ਆ। ਪਰੂੰ ਮੇਰੇ ਕੋਲ ਵੀ ਆਉਂਦਾ ਹੁੰਦਾ ਸੀ। ਉਹਦੇ ਮਜਬੂਰ ਕਰਨ 'ਤੇ ਮੈਂ ਉਹਨੂੰ ਅਖਾੜੇ 'ਚ ਵੀ ਉਤਾਰਿਆ ਸੀ। ਕੁਛ ਦਾਅ-ਪੇਚ ਵੀ ਸਿਖਾਏ ਅਤੇ ਉਹਨੂੰ ਉਹੀ ਨਸੀਅਤ ਕੀਤੀ ਜੋ ਮੇਰੇ ਉਸਤਾਦ ਨੇ ਮੈਨੂੰ ਕੀਤੀ ਸੀ। ਲੰਗੋਟ ਪਾ ਕੇ ਪਰਾਈ ਔਰਤ ਵਲ ਨਹੀਂ ਦੇਖਣਾ, ਸ਼ਰਾਬ ਨੂੰ ਹੱਥ ਨਹੀਂ ਲਾਉਣਾ। ਦੋਨੋਂ ਪਾਪ ਹਨ ਅਤੇ ਜਿਹੜਾ ਆਦਮੀ ਇਕ ਪਾਪ ਕਰ ਲੈਂਦਾ ਫਿਰ ਉਹਦੇ ਲਈ ਪਾਪ ਦੀ ਕੋਈ ਹੱਦ ਨਹੀਂ ਰਹਿੰਦੀ। ਤੇਰੇ ਕੋਲੋਂ ਕੀ ਲੁਕਾਓਣਾ ।।। ਮੰਗੂ ਹੈ ਨਾ ਨੱਥੂ ਦਾ ਮੁੰਡਾ।।। ਅੱਜ ਕੱਲ੍ਹ ਉਹ ਚੌਧਰੀ ਹਰਨਾਮ ਸਿੰਘ ਦੀ ਹਵੇਲੀ ਕੰਮ ਕਰਦਾ ।।। ਉਹਦੀ ਭੈਣ ।।। ਨਾਂ ਤਾਂ ਮੈਨੂੰ ਯਾਦ ਨਹੀਂ, ਉਹ ਇੱਥੇ ਮੱਕੀ ਕੁੱਟਣ ਆਉਂਦੀ ਸੀ। ਇਕ ਦਿਨ ਸਵੇਰੇ ਆਈ ਤਾਂ ਹਰਦੇਵ ਵੀ ਇਥੇ ਬੈਠਾ ਸੀ। ਵੇਲਣੇ ਦੇ ਕੋਲ ਹੀ ਅਖਾੜਾ ਸੀ। ਉਹ ਮਾਲਸ਼ ਕਰਕੇ ਡੰਡ ਬੈਠਕਾਂ ਕੱਢਣ ਲੱਗਾ। ਉਹਨੂੰ ਦੇਖ ਕੇ ਹਰਦੇਵ ਨੇ ਮਖੌਲ ਕੀਤਾ। ਮੈਂ ਵੀ ਸੁਣਿਆ। ਕੁੜੀ ਸ਼ਰੀਫ ਸੀ। ਉਹਨੇ ਉਹਨੂੰ ਝਾੜ ਦਿੱਤਾ। ਝੱਟ ਮੂੰਹ ਲਟਕਾ ਕੇ ਬੈਠ ਗਿਆ। ਉਹ ਚਲੀ ਗਈ ਤਾਂ ਮੈਂ ਉਹਨੂੰ ਸਮਝਾਇਆ ।।। ਪਾਗਲਾ, ਹਰ ਆਦਮੀ ਦੀ ਇੱਜ਼ਤ ਆਪਣੇ ਹੱਥ ਹੁੰਦੀ ਆ। ਤੇਰੀ ਕੀ ਰਹੀ। ਤੇਰੇ ਪੇਅ ਅਤੇ ਤਾਏ ਦੀ ਸਾਰਾ ਇਲਾਕਾ ਇੱਜ਼ਤ ਕਰਦਾ। ਇਕ ਚਮਾਰੀ ਨੇ ਤੇਰਾ ਦਾੜਾ-ਦਾੜੀ ਕਰ ਦਿੱਤੀ। ਜੇ ਤੂੰ ਇਹੀ ਕੁਛ ਕਰਨਾ ਤਾਂ ਲੰਗੋਟ ਲਾਹ ਕੇ ਚਾਦਰਾ ਲਾ ਲੈ, ਹੱਥ 'ਚ ਡਾਂਗ ਰੱਖ, ਟੇਢੀ ਪੱਗ ਬੰਨ ਅਤੇ ਮੌਜ ਕਰ। ਮੇਰੀਆਂ ਗੱਲਾਂ ਕੌੜੀਆਂ ਸੀਗੀਆਂ, ਗਰਮੀ ਖਾ ਗਿਆ ਅਤੇ ਉਸੇ ਵੇਲੇ ਉੱਠ ਕੇ ਚਲਾ ਗਿਆ। ਉਹਤੋਂ ਬਾਅਦ ਇੱਥੇ ਕਦੇ ਨਹੀਂ ਆਇਆ।"
    ਕਾਲੀ ਨੇ ਗਿਆਨੋ ਬਾਰੇ ਇਸ ਤਰ੍ਹਾਂ ਦੀ ਗੱਲ ਪਹਿਲੀ ਵਾਰ ਸੁਣੀ ਸੀ। ਕੁਝ ਸਮੇਂ ਲਈ ਤਾਂ ਜਿਵੇਂ ਉਹ ਸੁੰਨ ਜਿਹਾ ਹੋ ਗਿਆ। ਉਹ ਆਪਣੀ ਸੱਟ ਅਤੇ ਦਰਦ ਨੂੰ ਬਿਲਕੁਲ ਭੁੱਲ ਗਿਆ। ਉਹਦੇ ਅੰਦਰ ਗੁੱਸਾ ਵਧਣ ਲੱਗਾ। ਉਹ ਆਪਣੇ ਖਿਆਲਾਂ ਵਿੱਚ ਮਗਨ ਸੀ ਕਿ ਲਾਲੂ ਭਲਵਾਨ ਦੀ ਅਵਾਜ਼ ਨਾਲ ਚੌਂਕ ਪਿਆ:
    "ਇੱਥੇ ਅੱਡੀ ਲੱਗੀ ਆ। ਹੱਡੀ 'ਚ ਕੋਈ ਸੱਟ ਨਹੀਂ ਲੱਗੀ। ਮਾਸ ਪਾਟ ਗਿਆ। ਮੈਂ ਤਿੱਲੀ ਦੇ ਤੇਲ ਦੀ ਮਾਲਸ਼ ਕਰ ਦਿੰਦਾਂ। ਉੱਪਰ ਗਰਮ ਲੋਗੜ ਬੰਨ ਕੇ ਇੱਟਾਂ ਗਰਮ ਕਰਕੇ ਸੇਕ ਦਿੰਦਾ ਰਹੀਂ। ਦੋ ਚਾਰ ਦਿਨਾਂ 'ਚ ਠੀਕ ਹੋ ਜਾਊ ।।। ਮੈਂ ਤੇਲ ਲੈ ਆਵਾਂ।"
    "ਤੇਲ ਤਾਂ ਮੇਰੇ ਕੋਲ ਹੈਗਾ।" ਕਾਲੀ ਨੇ ਜੀਤੂ ਨੂੰ ਤੇਲ ਦੀ ਸ਼ੀਸ਼ੀ ਦੇਣ ਦਾ ਇਸ਼ਾਰਾ ਕਰਦਿਆਂ ਕਿਹਾ।
    "ਨਹੀਂ, ਨਹੀਂ। ਜੋ ਇੱਥੇ ਆਊ ਉਹਦੀ ਮਾਲਸ਼ ਲਈ ਤੇਲ ਇੱਥੋਂ ਹੀ ਲੱਗੂ। ਹਰ ਸਾਲ ਇਕ ਮਨ ਪੱਕੀ ਤਿੱਲੀ ਦਾ ਤੇਲ ਇਸ ਕੰਮ ਲਈ ਹੀ ਕਢਵਾਉਂਦਾਂ। ਫਿਰ ਕਦੇ ਤੇਲ ਨਾਲ ਨਾ ਲਿਆਈਂ। " ਲਾਲੂ ਭਲਵਾਨ ਨੇ ਪਿਆਰ ਨਾਲ ਝਿੜਕਦਿਆਂ ਕਿਹਾ ਅਤੇ ਕੋਠੜੀ ਵਿੱਚੋਂ ਤੇਲ ਦੀ ਬੋਤਲ ਕੱਢ ਕੇ ਉਹਦੀ ਮਾਲਸ਼ ਕਰਦਾ ਬੋਲਿਆ:
    "ਉੱਪਰ ਵਾਲੇ ਨੇ ਸਭ-ਕੁਛ ਦਿੱਤਾ। ਕਿਸੇ ਚੀਜ਼ ਦੀ ਕਮੀ ਨਹੀਂ। ਸਬਰ ਸੰਤੋਖ ਹੋਵੇ ਤਾਂ ਥੋੜ੍ਹੇ 'ਚ ਵੀ ਚੰਗਾ ਗੁਜ਼ਾਰਾ ਹੋ ਜਾਂਦਾ। ਇਹ ਗੁਣ ਵੀ ਮੈਂ ਆਪਣੇ ਉਸਤਾਦ ਤੋਂ ਹੀ ਸਿੱਖਿਆ। ਉਹਨੂੰ ਮਰਿਆਂ ਸਾਉਣ 'ਚ ਚਾਰ ਸਾਲ ਹੋ ਜਾਣੇ ਆ। ਉਹਦੀ ਸ਼ਕਲ ਹੁਣ ਵੀ ਮੇਰੀਆਂ ਅੱਖਾਂ ਅਤੇ ਮਨ ਵਿੱਚ ਜ਼ਿੰਦਾ। ਇਲਾਕੇ ਦਾ ਉਹ ਸ਼ੇਰ ਸੀ।" ਆਪਣੇ ਉਸਤਾਦ ਦਾ ਜ਼ਿਕਰ ਕਰਦਿਆਂ ਲਾਲੂ ਭਲਵਾਨ ਦੀਆਂ ਅੱਖਾਂ 'ਚ ਹੰਝੂ ਆ ਗਏ ਅਤੇ ਉਹ ਕੁਝ ਪਲ ਚੁੱਪ ਰਹਿ ਕੇ ਬੋਲਿਆ:
    "ਕਹਿੰਦੇ ਆ ਭਲਵਾਨਾਂ ਨੂੰ ਅਕਲ ਨਹੀਂ ਹੁੰਦੀ ਪਰ ਵੱਡੇ-ਵੱਡੇ ਪੰਡਿਤ ਉਹਤੋਂ ਕੰਨੀ ਕਤਰਾਉਂਦੇ ਸੀ। ਉਹ ਕਿਸੇ ਮਦਰੱਸੇ 'ਚ ਨਹੀਂ ਸੀ ਪੜ੍ਹਿਆ ਪਰ ਉਹਦੀ ਅਕਲ ਬਹੁਤ ਤੇਜ਼ ਸੀ। ਕੌਲ ਦਾ ਸੱਚਾ ਅਤੇ ਵਾਅਦੇ ਦਾ ਪੱਕਾ ਆਦਮੀ ਸੀ। ਉਹਦੀ ਔਲਾਦ ਸਿਰਫ ਇਕ ਕੁੜੀ ਆ। ਉਹ ਪਾਰ ਵਿਆਹੀ ਹੋਈ ਆ। ਕਰਵਾ-ਚੌਥ, ਵਿਸਾਖੀ, ਦਸਹਿਰੇ ਅਤੇ ਦਿਵਾਲੀ ਨੂੰ ਉਹਨੂੰ ਕੁਝ ਨਾ ਕੁਝ ਭੇਜਦਾ ਰਹਿੰਦਾਂ।" ਲਾਲੂ ਭਲਵਾਨ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਅਤੇ ਉਹ ਰੁਆਂਸੀ ਅਵਾਜ਼ ਵਿੱਚ ਬੋਲਿਆ:
    "ਮੈਨੂੰ ਉਹਦਾ ਬਹੁਤ ਆਸਰਾ ਸੀ। ਉਹ ਮਰ ਗਿਆ ਤਾਂ ਮੇਰੇ ਲਈ ਦੁਨੀਆਂ 'ਚ ਹਨੇਰਾ ਛਾ ਗਿਆ। ਉਹਦੀ ਇਕ ਇਕ ਗੱਲ ਮੈਨੂੰ ਹੁਣ ਵੀ ਯਾਦ ਆ।" 
    ਲਾਲੂ ਭਲਵਾਨ ਗੱਲਾਂ 'ਚ ਆਪਣਾ ਕੰਮ ਨਹੀਂ ਭੁੱਲਦਾ ਸੀ। ਮਜ਼ਾਲ ਹੈ ਸੱਟ ਉੱਤੇ ਜ਼ਿਆਦਾ ਦਾਬ ਦੇ ਦੇਵੇ। ਉਹਨੇ ਸੱਟ ਉੱਤੇ ਪੰਦਰਾਂ-ਵੀਹ ਮਿਨਟ ਮਾਲਸ਼ ਕੀਤੀ ਅਤੇ ਹੱਥ ਮਲਦਾ ਬੋਲਿਆ:
    "ਇਹਨੂੰ ਕੱਪੜੇ ਨਾਲ ਢਕ ਲੈ, ਨਹੀਂ ਤਾਂ ਹਵਾ ਲੱਗ ਜਾਊ।"
    ਕਾਲੀ ਨੇ ਭਲਵਾਨ ਵਲ ਧਿਆਨ ਨਾਲ ਦੇਖਿਆ। ਪੁਰਾਣੇ ਪਿੱਪਲ ਵਾਂਗ ਉਹਦਾ ਸਰੀਰ ਵੀ ਬਹੁਤ ਫੈਲਿਆ ਹੋਇਆ ਸੀ। ਛੋਟੇ ਛੋਟੇ ਮੁੜੇ ਹੋਏ ਕੰਨ, ਮੋਟੀ ਗਰਦਨ ਅਤੇ ਭੋਲਾ-ਭਾਲਾ ਮਾਸੂਮ ਜਿਹਾ ਚਿਹਰਾ। ਕਾਲੀ ਨਜ਼ਰਾਂ ਝੁਕਾ ਕੇ ਲਾਲੂ ਭਲਵਾਨ ਦੀ ਇਕ-ਇਕ ਗੱਲ ਯਾਦ ਕਰਨ ਲੱਗਾ। ਉਹਨੇ ਮਨ ਹੀ ਮਨ ਵਿੱਚ ਸੋਚਿਆ ਕਿ ਭਲਵਾਨ ਬਹੁਤ ਚੰਗੀ ਆਦਮੀ ਹੈ। ਉਹ ਦੂਸਰੇ ਚੌਧਰੀਆਂ ਵਰਗਾ ਨਹੀਂ। ਲਾਲੂ ਭਲਵਾਨ ਤੇਲ ਨਾਲ ਭਰੇ ਹੱਥ ਸਿਰ ਉੱਤੇ ਮਲ ਕੇ ਬੋਲਿਆ:
    "ਹੁਣ ਤਾਂ ਸਰੀਰ 'ਚ ਪਹਿਲਾਂ ਵਰਗੀ ਤਾਕਤ ਨਹੀਂ ਰਹੀ। ਏਨੀ ਦੇਰ ਤਾਂ ਲੋਹਾ ਘਸਦਾ ਰਹੇ ਤਾਂ ਉਹ ਵੀ ਹੌਲਾ ਪੈ ਜਾਂਦਾ। ਇਹ ਤਾਂ ਹੱਡ-ਮਾਸ ਦਾ ਸਰੀਰ ਆ। ਇਹਨੂੰ ਸੌ ਦੁੱਖ-ਸੁੱਖ ਆਉਂਦੇ ਰਹਿੰਦੇ ਆ। ਜਵਾਨੀ ਵੇਲੇ ਮੇਰੇ 'ਚ ਝੋਟੇ ਜਿੰਨਾ ਜ਼ੋਰ ਸੀ। ਅੰਨ੍ਹੀ ਜਵਾਨੀ 'ਚ ਅੰਨੀ ਤਾਕਤ ।।। ਪੈਰ ਪੈਰ 'ਤੇ ਡਿਗ ਜਾਣ ਦਾ ਡਰ ਰਹਿੰਦਾ। ਇਕ ਵਾਰ ਇਥੋਂ ਸੱਤ ਕੋਹ ਦੂਰ ਮਹਿਤਾਬਪੁਰ 'ਚ ਬਹੁਤ ਵੱਡੀ ਛਿੰਜ ਪਈ। ਉਸ ਛਿੰਜ 'ਚ ਡਿਪਟੀ ਸਾਹਿਬ ਵੀ ਆਏ ਸੀ। ਮੇਲਿਆਂ 'ਚ ਏਨੀ ਰੌਣਕ ਨਹੀਂ ਹੁੰਦੀ ਜਿੰਨੀ ਇਸ ਛਿੰਜ 'ਚ ਸੀ। ਬਿਆਸ ਪਾਰੋਂ ਨੂਰਾ ਭਲਵਾਨ ਵੀ ਆਇਆ ਸੀ। ਮੈਂ ਬਹੁਤ ਛਿੰਜਾਂ'ਚ ਘੋਲ ਘੁਲੇ ਸਨ ਪਰ ਉਹਨੂੰ ਪਹਿਲੀ ਵਾਰ ਦੇਖਿਆ ਸੀ। ਬਹੁਤ ਸੁਥਰਾ ਸੋਹਣਾ ਸਰੀਰ ਸੀ ਉਹਦਾ। ਲੰਮਾ ਗੋਰਾ ਚਿੱਟਾ ਅਤੇ ਬਿਜਲੀ ਵਾਂਗ ਫੁਰਤੀਲਾ। ਉਹਦਾ ਸਰੀਰ ਬੈਂਤ ਦੀ ਪਤਲੀ ਛਿਟੀ ਵਾਂਗ ਲਚਕੀਲਾ ਸੀ। ਜਦੋਂ ਛੋਟੇ ਮੋਟੇ ਜੋੜ ਹੋ ਚੁੱਕੇ ਤਾਂ ਪਟਕੇ ਦੇ ਘੋਲ ਲਈ ਢੋਲ ਵੱਜਣ ਲੱਗਾ। ਦੋ ਮਰਾਸੀ ਡਗਾਡਗ ਢੋਲ ਵਜਾ ਕੇ ਭਲਵਾਨਾਂ ਨੂੰ ਲਲਕਾਰਨ ਲੱਗੇ। ਨੂਰਾ ਇਕ ਪਾਸਿਓਂ ਛਾਲ ਮਾਰ ਕੇ ਅਖਾੜੇ 'ਚ ਆ ਗਿਆ। ਉਹਨੂੰ ਦੇਖ ਕੇ ਸਾਰੇ ਮਜਮੇ ਦੀਆਂ ਅੱਖਾਂ ਉਹਦੇ 'ਤੇ ਟਿਕ ਗਈਆਂ। ਇਕ ਆਦਮੀ ਡਾਂਗ 'ਤੇ ਪਟਕਾ ਅਤੇ ਉਹਦੇ ਲੜ ਇਕਵੰਜਾ ਰੁਪਈਏ ਅਤੇ ਸੋਨੇ ਦਾ ਇਕ ਪੌਂਡ ਬੰਨ ਢੋਲ ਆਲੇ ਦੇ ਨਾਲ ਨੂਰੇ ਤੋਂ ਅੱਗੇ ਤੁਰਨ ਲੱਗਾ। ਨੂਰਾ ਭਲਵਾਨਾਂ ਦੀ ਹਰ ਟੋਲੀ ਕੋਲ ਆ ਕੇ ਰੁਕ ਜਾਂਦਾ ਅਤੇ ਉਹਨਾਂ ਵਲ ਮਿੱਟੀ ਸੁੱਟਦਾ। ਉਹਨਾਂ ਤੋਂ ਕੋਈ ਜੁਆਬ ਨਾ ਮਿਲਦਾ ਤਾਂ ਉੱਥੋਂ ਮੁਸਕਰਾਉਂਦਾ ਹੋਇਆ ਅੱਗੇ ਵਧ ਜਾਂਦਾ। 
    ਜਦੋਂ  ਉਹ ਸਾਡੀ ਟੋਲੀ ਬਰਾਬਰ ਆਇਆ ਤਾਂ ਉਸਤਾਦ ਨੇ ਮੇਰੀ ਵਲ ਦੇਖ ਪੁੱਛਿਆ ਕਿ ਲਾਲੂ ਹੈ ਹਿੰਮਤ? ਮੈਂ ਕਿਹਾ ਉਸਤਾਦ ਦਾ ਹੁਕਮ ਹੋਵੇ ਤਾਂ।।। ਮੈਂ ਅਜੇ ਗੱਲ ਵੀ ਨਹੀਂ ਮੁਕਾਈ ਸੀ ਕਿ ਉਸਤਾਦ ਨੇ ਮੈਨੂੰ ਲੰਗੋਟਾ ਬੰਨਣ ਦਾ ਇਸ਼ਾਰਾ ਕੀਤਾ। ਨੂਰੇ ਨੇ ਸਾਡੀ ਟੋਲੀ ਦੇ ਸਾਹਮਣੇ ਆ ਕੇ ਮਿੱਟੀ ਸੁੱਟੀ। ਜਵਾਬ 'ਚ ਮੈਂ ਵੀ ਉਹਦੇ ਵਲ ਮਿੱਟੀ ਸੁੱਟ ਦਿੱਤੀ। ਉਹਨੇ ਉਸਤਾਦ ਨੂੰ ਦੇਖ ਕੇ ਉਹਦੇ ਪੈਰ ਛੁਏ ਅਤੇ ਉਹਦੇ ਪੈਰਾਂ ਦੀ ਮਿੱਟੀ ਆਪਣੇ ਮੱਥੇ ਨੂੰ ਲਾਈ। ਉਸਤਾਦ ਨੇ ਉਹਨੂੰ ਥਾਪੀ ਦਿੱਤੀ ਤਾਂ ਉਹ ਕਲੇਲਾਂ ਭਰਦਾ ਅੱਗੇ ਵਧ ਗਿਆ।
    ਮੈਂ ਲੰਗੋਟਾ ਬੰਨ ਉਸਤਾਦ ਦੇ ਕੋਲ ਆਇਆ। ਆਪਣਾ ਸਿਰ ਉਹਦੇ ਪੈਰਾਂ 'ਤੇ ਰੱਖ ਦਿੱਤਾ। ਉਸਤਾਦ ਨੇ ਮੈਨੂੰ ਥਾਪੀ ਦਿੱਤੀ ਅਤੇ ਕਿਹਾ ਲਾਲੂ ਸ਼ੇਰ ਆ, ਅਖਾੜੇ 'ਚ ਉਤਰ ਪਿੱਠ ਨਹੀਂ ਲਵਾਊ। ।।। ਮੈਂ ਵੀ ਛਾਲ ਮਾਰ ਕੇ ਅਖਾੜੇ 'ਚ ਵੜ ਗਿਆ। ਚਾਰੇ ਪਾਸਿਆਂ ਤੋਂ ਅਵਾਜ਼ ਆਈ ।।।  ਲਾਲੂ ਆ ਗਿਆ।।। ਲਾਲੂ ਆ ਗਿਆ। ਨੂਰਾ ਪਿੜ ਦਾ ਚੱਕਰ ਲਾ ਕੇ ਅਖਾੜੇ ਵਿੱਚ ਆ ਕੇ ਮਿੱਟੀ ਨਾਲ ਖੇਲਨ ਲੱਗਾ।
    ਮੈਂ ਵੀ ਪਟਕੇ ਨਾਲ ਪਿੜ ਦਾ ਚੱਕਰ ਲਾਇਆ। ਜਿਧਰ ਦੀ ਲੰਘਦਾ, ਉਧਰੋਂ ਕਈ ਬਾਹਾਂ ਮੇਰੀ ਵਲ ਉਠਦੀਆਂ ਅਤੇ ਮੇਰਾ ਹੌਂਸਲਾ ਵਧਾਉਂਦੀਆਂ।
    ਚੱਕਰ ਲਾ ਕੇ ਮੈਂ ਵੀ ਅਖਾੜੇ 'ਚ ਆ ਗਿਆ। ਦੋਨਾਂ ਮਰਾਸੀਆਂ ਨੇ ਢੋਲ  ਦੀ ਤਾਨ ਬਦਲ ਦਿੱਤੀ। ਧਨਕ ਧਿਨ ਧਿਨ।। ਧਨਕ ਧਿਨ ਧਿਨ। ਮੇਰੇ ਅੰਦਰ ਲਹੂ ਜੋਸ਼ ਖਾਣ ਲੱਗਾ। ਮੈਂ ਨੂਰੇ ਨਾਲ ਹੱਥ ਮਿਲਾਇਆ ਅਤੇ ਹੱਥਾਂ 'ਚ ਮਿੱਟੀ ਮਲ ਕੇ ਮਿੱਟੀ ਉਹਦੀ ਵਲ ਸੁੱਟ ਦਿੱਤੀ। ਨੂਰੇ ਦਾ ਬਾਂਕਾ ਸਰੀਰ ਦੇਖ ਕੇ ਮੇਰਾ ਇਕ ਵਾਰ ਤਾਂ ਜੀਅ ਖੁਸ਼ ਹੋ ਗਿਆ। ਉਹਦਾ ਸਰੀਰ ਇਸ ਤਰ੍ਹਾਂ ਘੜਿਆ ਹੋਇਆ ਸੀ ਕਿ ਜਿੱਦਾਂ ਰੱਬ ਨੇ ਵਿਹਲ 'ਚ ਬੈਠ ਕੇ ਤਰਾਸ਼ਿਆ ਹੋਵੇ। ਸਰੂ ਦੇ ਬੂਟੇ ਜਿੱਡਾ ਕੱਦ, ਵੱਡੀਆਂ ਵੱਡੀਆਂ ਚਮਕਦਾਰ ਅੱਖਾਂ। ਪਤਲੀ-ਜਿਹੀ ਨੱਕ ਅਤੇ ਬੁੱਲ੍ਹ ਅਤੇ ਛੋਟੀਆਂ ਛੋਟੀਆਂ ਭੂਰੀਆਂ ਮੁੱਛਾਂ। ਸ਼ਕਲ ਤੋਂ ਉਹ ਭਲਵਾਨ ਨਹੀਂ ਸੀ ਲੱਗਦਾ।
    ਜਦੋਂ  ਢੋਲ ਦੀ ਸੁਰ ਤੇਜ਼ ਹੋ ਗਈ ਤਾਂ ਅਸੀਂ ਦਸਤਪੰਜਾ ਲਿਆ। ਝੜਪਾਂ ਹੋਣ ਲੱਗੀਆਂ। ਮੈਂ ਦੋ ਚਾਰ ਝੜਪਾਂ 'ਚ ਉਹਨੂੰ ਤੋਲਿਆ। ਉਹ ਜ਼ੋਰ 'ਚ ਮੇਰੇ ਨਾਲੋਂ ਘੱਟ ਸੀ ਪਰ ਫੁਰਤੀਲਾ ਏਨਾ ਕਿ ਸਰੀਰ 'ਤੇ ਪਾਣੀ ਦੀ ਬੂੰਦ ਨਾ ਟਿਕਣ ਦੇਵੇ। ਮੈਂ ਉਹਨੂੰ ਡੇਗਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਨਿਕਲ ਜਾਂਦਾ। ਮੈਂ ਉਹਨੂੰ ਫੜ ਕੇ ਹੇਠਾਂ ਨੂੰ ਕਰਦਾ ਤਾਂ ਉਹ ਬੈਂਤ ਦੀ ਛਿਟੀ ਵਾਂਗੂ ਦੋਹਰਾ-ਤੀਹਰਾ ਹੋ ਕੇ ਏਨੀ ਫੁਰਤੀ ਨਾਲ ਮੇਰੀ ਪਕੜ 'ਚੋਂ ਨਿਕਲ ਜਾਂਦਾ ਜਿਵੇਂ ਮੁੱਠੀ 'ਚੋਂ ਹਵਾ ਨਿਕਲ ਜਾਵੇ। ਥੋੜ੍ਹੀ ਦੇਰ ਬਾਅਦ ਲੋਕ ਹੱਸਣ ਲੱਗੇ। ਸਾਲਾ, ਸਿਲੋਨਾ ਜਿਹਾ ਚਿੜੀ ਵਾਂਗ ਟਪੂਸੀਆਂ ਮਾਰਦਾ। ਮੈਂ ਇਕ ਵਾਰ ਪੂਰੇ ਜ਼ੋਰ ਨਾਲ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫੁਰਤੀ ਨਾਲ ਏਦਾਂ ਘੁੰਮ ਗਿਆ ਕਿ ਮੈਂ ਖੁਦ ਡਿਗਦਾ ਡਿਗਦਾ ਬਚਿਆ। ਮੈਂ ਫਿਰ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸੱਪ ਵਰਗਾ ਲਚਕੀਲਾ ਮੇਰੀਆਂ ਬਾਹਾਂ 'ਚੋਂ ਨਿਕਲ ਗਿਆ। ਮੇਰਾ ਗੁੱਸਾ ਬਹੁਤ ਵਧ ਗਿਆ। ਮੈਂ ਉਹਨੂੰ ਫੜ ਕੇ ਉਹਦੀ ਬਾਂਹ ਨੂੰ ਆਪਣੇ ਕਾਬੂ 'ਚ ਕਰ ਲਿਆ। ਉਹਦੇ ਪੈਰ ਨੂੰ ਠਿੱਬੀ ਲਾਕੇ ਏਦਾਂ ਸੁੱਟਿਆ ਕਿ ਉਹਦਾ ਆਪਣਾ ਅਤੇ ਮੇਰਾ ਸਾਰਾ ਭਾਰ ਉਹਦੀ ਬਾਂਹ 'ਤੇ ਜਾ ਪਿਆ ਅਤੇ ਇਸ ਤਰ੍ਹਾਂ ਤੜਾਕ ਦੀ ਅਵਾਜ਼ ਆਈ ਜਿਵੇਂ ਕੋਈ ਟਾਹਣੀ ਟੁੱਟੀ ਹੋਵੇ। ਉਹਦੀ ਖੱਬੀ ਬਾਂਹ ਲਟਕਣ ਲੱਗੀ। ਮੈਂ ਇਕ ਪਾਸੇ ਹੱਟ ਗਿਆ। ਮੈਂ ਘਬਰਾਇਆ ਹੋਇਆ ਚਾਰੇ ਪਾਸੀਂ ਦੇਖ ਰਿਹਾ ਸੀ। ਮੈਨੂੰ ਪਤਾ ਸੀ ਕਿ ਮੈਂ ਕੀ ਕੀਤਾ। ਜੋ ਮੈਂ ਸੋਚਿਆ ਸੀ ਉਹ ਹੀ ਹੋਇਆ ਸੀ।
    ਜਦੋਂ ਕੁਛ ਚਿਰ ਤੱਕ ਨੂਰਾ ਬਾਂਹ ਨੂੰ ਫੜ ਕੇ ਬੈਠਾ ਰਿਹਾ ਤਾਂ ਮੈਂ ਉਹਦੇ ਕੋਲ ਆ ਗਿਆ। ਦਰਦ ਦੇ ਬਾਵਜੂਦ ਉਹਦੀਆਂ ਅੱਖਾਂ 'ਚ ਅਜੀਬ ਚਮਕ ਸੀ। ਉਸ ਨੇ ਸ਼ਿਕਾਇਤੀ ਲਹਿਜੇ 'ਚ ਮੇਰੀ ਵਲ ਦੇਖ ਕੇ ਕਿਹਾ ।।। ਘੋਲ ਲੜਨ ਆਇਆ ਸੀ ਜਾਂ ਮੇਰੀ ਬਾਂਹ ਤੋੜਨ।।। ਤੂੰ ਚੱਕ  ਵਾਲੇ ਉਸਤਾਦ ਮਿਹਰ ਦਾ ਸ਼ਗਿਰਦ ਆਂ ਨਾ।।। ਉਹਦੇ ਇਹਨਾਂ ਬੋਲਾਂ ਨੇ ਮੈਨੂੰ ਜਿਵੇਂ ਝੰਜੋੜ ਦਿੱਤਾ।
    ਦਰਦ ਦਾ ਮਾਰਿਆ ਨੂਰਾ ਜ਼ਮੀਨ 'ਤੇ ਚਿਤ ਲੰਮਾ ਪੈ ਗਿਆ। ਢੋਲ ਵਾਲਿਆਂ ਨੇ ਫਤਿਹ ਦੀ ਸੁਰ ਵਜਾਉਣੀ ਸ਼ੁਰੂ ਕੀਤੀ ਤਾਂ ਹਜੂਮ 'ਚ ਹਾਹਾਕਾਰ ਮਚ ਗਈ। ਸਾਡੇ ਇਲਾਕੇ ਦੇ ਲੋਕਾਂ ਨੇ ਖੁਸ਼ੀ 'ਚ ਬੱਕਰੇ ਬੁਲਾਉਣੇ ਸ਼ੁਰੂ ਕਰ ਦਿੱਤੇ। ਭੀੜ ਸਾਡੀ ਵਲ ਉਮੜ ਆਈ। ਉਸਤਾਦ ਸਭ ਤੋਂ ਪਹਿਲਾਂ ਪਹੁੰਚਿਆ। ਉਹਨੇ ਮੇਰੀ ਵਲ ਨਫਰਤ ਨਾਲ ਦੇਖਿਆ ਅਤੇ ਨੂਰੇ ਦੀ ਪਿੱਠ ਉੱਤੇ ਥਾਪੀ ਦਿੱਤੀ। ਆਪਣੀ ਪੱਗ ਲਾਹ ਕੇ ਉਹਦੀ ਬਾਂਹ 'ਤੇ ਬੰਨ ਦਿੱਤੀ। ਉਹਨੇ ਨੂਰੇ ਦੀ ਪਿੱਠ 'ਤੇ ਥਾਪੀ ਦੇ ਕੇ ਕਿਹਾ - ਨੂਰਿਆ ਤੂੰ ਜਿੱਤ ਗਿਆ। ਲਾਲੂ ਦੇ ਨਾਲ ਮੈਂ ਵੀ ਹਾਰ ਗਿਆ। ਮੈਂ ਤਾਂ ਇਹਨੂੰ ਰੁੱਖ ਸਮਝ ਕੇ ਪਾਣੀ ਦਿੱਤਾ ਸੀ ਕਿ ਇਹਦੀ ਛਾਂ 'ਚ ਬੈਠੂੰਗਾ ਪਰ ਮੈਨੂੰ ਕੀ ਪਤਾ ਸੀ ਕਿ ਇਸ ਰੁੱਖ'ਚ ਇਕ ਖੁੱਡ ਵੀ ਆ, ਜਿਹਦੇ 'ਚ ਇਕ ਸੱਪ ਰਹਿੰਦਾ ਜੋ ਭਰੇ ਪਿੜ 'ਚ ਮੇਰੇ ਡੰਗ ਮਾਰੂ। ।।। ਉਸਤਾਦ ਦੀਆਂ ਅੱਖਾਂ ਨੀਵੀਂਆਂ ਹੋ ਗਈਆਂ। ਨੂਰੇ ਦੀਆਂ ਅੱਖਾਂ 'ਚ ਦਰਦ ਦੇ ਨਾਲ-ਨਾਲ ਇਕ ਅਜੀਬ ਚਮਕ ਵੀ ਸੀ। ਮੈਂ ਉਸਤਾਦ ਦੇ ਪੈਰੀਂ ਪੈ ਗਿਆ ਅਤੇ ਫਫਕ-ਫਫਕ ਕੇ ਰੋਣ ਲੱਗਾ। ਉਸਤਾਦ ਇਕ ਪਾਸੇ ਹੱਟ ਕੇ ਬੋਲਿਆ ਇਹਦੇ ਨਾਲੋਂ ਚੰਗਾ ਤਾਂ ਇਹ ਸੀ ਕਿ ਤੂੰ ਹਾਰ ਜਾਂਦਾ। 
     ਉਸਤਾਦ ਨੇ ਨੂਰੇ ਨੂੰ ਆਪਣੇ ਮੋਢਿਆਂ 'ਤੇ ਚੱਕ ਲਿਆ। ਢੋਲ ਵਾਲੇ ਅੱਗੇ ਅੱਗੇ ਢੋਲ ਵਜਾਉਂਦੇ ਚੱਲਣ ਲੱਗੇ। ਉਸਤਾਦ ਨੇ ਸਾਰੇ ਪਿੜ ਦਾ ਚੱਕਰ ਲਾਇਆ ਅਤੇ ਲੋਕਾਂ ਨੂੰ ਕਹਿੰਦਾ ਰਿਹਾ ਕਿ ਪਾਰ ਇਲਾਕੇ ਦਾ ਨੂਰਾ ਭਲਵਾਨ ਜਿੱਤ ਗਿਆ ਅਤੇ ਲਾਲੂ ਭਲਵਾਨ ਸਮੇਤ ਅਸੀਂ ਸਾਰੇ ਹਾਰ ਗਏ। ਉਹਦੀ ਅਵਾਜ਼ 'ਚ ਕੁਝ ਅਜਿਹਾ ਦਰਦ ਸੀ ਕਿ ਸਾਰੇ ਲੋਕਾਂ ਨੇ ਆਪਣੀ ਹਾਰ ਮੰਨ ਲਈ। ਉਸਤਾਦ ਨੇ ਨੂਰੇ ਨੂੰ ਡਿਪਟੀ ਸਾਹਿਬ ਅੱਗੇ ਪੇਸ਼ ਕੀਤਾ। ਉਹਦੇ ਸਿਰ 'ਤੇ ਜਿੱਤ ਦਾ ਪਟਕਾ ਬੰਨਿਆ ਅਤੇ ਇਕ ਪੌਂਡ ਅਤੇ ਚਾਂਦੀ ਦੇ ਇਕਵੰਜਾ ਰੁਪਈਏ ਉਹਦੀ ਝੋਲੀ 'ਚ ਪਾ ਦਿੱਤੇ। 
     ਉਸਤਾਦ ਦਾ ਪਿੰਡ ਮਹਿਤਾਬਪੁਰ ਤੋਂ ਚਾਰ ਕੋਹ ਦੂਰ ਸੀ। ਉਹ ਨੂਰੇ ਨੂੰ ਸਾਰਾ ਰਾਹ ਆਪਣੇ ਮੋਢਿਆਂ 'ਤੇ ਚੁੱਕੀ ਨੂਰੇ ਨੂੰ ਆਪਣੇ ਪਿੰਡ ਲੈ ਗਿਆ। ਲੋਕਾਂ ਦੀ ਇਕ ਭੀੜ ਉਹਦੇ ਨਾਲ ਸੀ। ਘਰ ਲਿਜਾ ਕੇ ਉਹਦੀ ਬਾਂਹ ਜੋੜ ਕੇ ਬਾਂਸ ਦੀ ਫੱਟੀ ਬੰਨ ਦਿੱਤੀ। ਨੂਰੇ ਨੂੰ ਉਹਨੇ ਸੱਤ ਦਿਨ ਆਪਣੇ ਘਰ ਰੱਖਿਆ। ਵੱਡੇ ਪਲੰਘ 'ਤੇ ਨੂਰਾ ਬੈਠਦਾ। ਆਲੇ ਦੁਆਲੇ ਮੰਜਿਆਂ 'ਤੇ ਦੂਸਰੇ ਲੋਕ ਬੈਠੇ ਰਹਿੰਦੇ। ਉਸਤਾਦ ਦੀ ਹਵੇਲੀ 'ਚ ਮੇਲਾ ਲੱਗਾ ਰਹਿੰਦਾ। ਨੂਰੇ ਦੀ ਇਸ ਤਰ੍ਹਾਂ ਆਉ-ਭਗਤ ਹੁੰਦੀ ਜਿਵੇਂ ਉਹ ਪਿੰਡ ਦਾ ਜਵਾਈ ਹੋਵੇ ਜਾਂ ਕੋਈ ਬਹੁਤ ਪਹੁੰਚਿਆ ਹੋਇਆ ਸੰਤ ਜਾਂ ਫਕੀਰ।
    ਸੱਤ ਦਿਨ ਬਾਅਦ ਜਦੋਂ ਨੂਰੇ ਦੀ ਬਾਂਹ ਠੀਕ ਹੋ ਗਈ ਤਾਂ ਉਸਤਾਦ ਉਹਨੂੰ ਘੋੜੀ 'ਤੇ ਬਿਠਾ ਬਿਆਸ ਦਰਿਆ ਤੱਕ ਛੱਡਣ ਗਿਆ। ਪੰਦਰਾਂ-ਵੀਹ ਆਦਮੀ ਨਾਲ ਸੀ। ਸਾਰੇ ਲੋਕਾਂ ਨੇ ਨੂਰੇ ਤੋਂ ਮਾਫੀ ਮੰਗੀ ਕਿ ਉਹਨਾਂ ਦੇ ਇਲਾਕੇ 'ਚ ਛਿੰਜ'ਚ ਨੂਰੇ ਨਾਲ ਜ਼ਿਆਦਤੀ ਹੋਈ ਹੈ। ਵਾਪਸ ਆ ਕੇ ਉਸਤਾਦ ਨੇ ਮੇਰਾ ਲੰਗੋਟਾ ਲੈ ਕੇ ਪਿੱਪਲ ਦੀ ਉੱਚੀ ਟਾਹਣੀ ਨਾਲ ਬੰਨ ਕੇ ਮੈਨੂੰ ਅਖਾੜੇ 'ਚ ਜਾਣ ਤੋਂ ਮਨ੍ਹਾ ਕਰ ਦਿੱਤਾ। ਉਸ ਦਿਨ ਤੋਂ ਬਾਅਦ ਮੈਂ ਉਸਤਾਦ ਨਾਲ ਛਿੰਜਾਂ 'ਚ ਤਾਂ ਜਾਂਦਾ ਰਿਹਾ ਪਰ ਮੇਰਾ ਕੰਮ ਸਿਰਫ ਪੱਠਿਆਂ ਦੀ ਮਾਲਸ਼ ਕਰਨਾ ਸੀ। ਉਹ ਦਿਨ ਗਿਆ ਅੱਜ ਤੱਕ ਮੈਂ ਕਦੇ ਬੱਚਿਆਂ 'ਤੇ ਵੀ ਹੱਥ ਨਹੀਂ ਚੁੱਕਿਆ।"
    ਇਹ ਕਹਾਣੀ ਸੁਣਾਉਂਦੇ ਸੁਣਾਉਂਦੇ ਲਾਲੂ ਭਲਵਾਨ ਦੀਆਂ ਅੱਖਾਂ ਵਿੱਚ  ਹੰਝੂ ਆ ਗਏ। ਕਾਲੀ ਵੀ ਬੱਚਿਆਂ ਵਰਗੀ ਮਾਸੂਮੀਅਤ ਅਤੇ ਚਾਅ ਨਾਲ ਭਲਵਾਨ ਦੀਆਂ ਗੱਲਾਂ ਸੁਣ ਰਿਹਾ ਸੀ। ਭਲਵਾਨ ਦੇ ਅੰਦਰ ਜਿਵੇਂ ਵਿਚਾਰਾਂ ਦੀ ਡੂੰਘੀ ਨਦੀ ਵੇਗ ਨਾਲ ਵਗ ਰਹੀ ਸੀ ਅਤੇ ਉਹਦੇ ਤਲ 'ਤੇ ਉਹ ਗੁਣ ਉਭਰ ਉਭਰ ਸਾਹਮਣੇ ਆ ਰਹੇ ਸਨ ਜੋ ਗੁਣ ਆਦਮੀ ਨੂੰ ਜਾਨਵਰ ਤੋਂ ਇਨਸਾਨ ਬਣਾ ਦਿੰਦੇ ਹਨ। ਉਹਦੀਆਂ ਗੱਲਾਂ ਸੁਣ ਕੇ ਕਾਲੀ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਹਦੀ ਅਵਾਜ਼ ਹਜ਼ਾਰਾਂ ਜ਼ਖਮਾਂ ਨੂੰ ਛੋਹ ਕੇ ਆ ਰਹੀ ਹੋਵੇ।
    ਲਾਲੂ ਭਲਵਾਨ ਨੇ ਉੱਠਦਿਆਂ ਕਿਹਾ: 
    "ਸੱਟ ਤੋਂ ਕੱਪੜਾ ਨਾ ਲਾਹੀਂ। ਸੇਕ ਜ਼ਰੂਰ ਦੇਵੀਂ। ਕੱਲ੍ਹ ਮੈਂ ਇਹਨੂੰ ਦੇਖ ਕੇ ਫਿਰ ਮਾਲਸ਼ ਕਰ ਦਊਂਗਾ। ਤੂੰ ਇਥੇ ਨਾ ਆਈਂ, ਤੈਨੂੰ ਤੁਰਨ 'ਚ ਤਕਲੀਫ ਹੋਊ। ਮੈਂ ਆਪ ਹੀ ਆ ਜਾਊਂਗਾ।"
    "ਨਹੀਂ, ਮੈਂ ਹੀ ਆ ਜਾਊਂਗਾ। ਤੁਸੀਂ ਉਸ ਗੰਦਗੀ 'ਚ ਕਿੱਥੇ ਆਉਗੋ।" ਕਾਲੀ ਨੇ ਝੱਟ ਜੁਆਬ ਦਿੱਤਾ। ਲਾਲੂ ਭਲਵਾਨ ਨੇ ਕਾਲੀ ਵਲ ਦੇਖਿਆ ਅਤੇ ਪਿਆਰ ਨਾਲ ਝਿੜਕਦਾ ਹੋਇਆ ਬੋਲਿਆ:
    "ਇਸ ਗੰਦਗੀ 'ਚ ਫੁੱਲ ਵੀ ਪੈਦਾ ਹੁੰਦੇ ਆ।।। ਤੇਰਾ ਪਿਉ ਮਾਖਾ ਮੇਰਾ ਲੰਗੋਟੀਆ ਯਾਰ ਸੀ। ਉਹ ਮੇਰੀ ਮਾਲਸ਼ ਕਰਦਾ ਅਤੇ ਜ਼ੋਰ ਕਰਵਾਉਂਦਾ ਹੁੰਦਾ ਸੀ। ਸਾਡਾ ਦੋਵਾਂ ਦਾ ਬਰਾਬਰ ਦਾ ਜੋੜ ਸੀ। ਪਰ ਮੈਂ ਅੱਗੇ ਨਿਕਲ ਗਿਆ ਕਿਉਂਕਿ ਮੇਰੇ ਪਿੱਛੇ ਜ਼ਮੀਨ ਸੀ, ਖੁਰਾਕ ਸੀ। ਮੈਂ ਇਕੱਲਾ ਇਕ ਮੱਝ ਦਾ ਦੁੱਧ ਪੀ ਜਾਂਦਾ ਸੀ। ਉਹਦੇ ਪਿੱਛੇ ਮਿਹਨਤ ਸੀ, ਸਿਰਫ ਸੁੱਕੀ ਮਿਹਨਤ। ਪਰ ਉਹ ਨਰ ਆਦਮੀ ਸੀ, ਬਹੁਤ ਸੂਝ ਬੂਝ ਵਾਲਾ। ਜਦੋਂ ਤੱਕ ਉਹ ਜਿਉਂਦਾ ਰਿਹਾ ਮੈਂ ਉਹਦੇ ਕੋਲ ਦਿਨ 'ਚ ਇਕ ਵਾਰ ਜ਼ਰੂਰ ਜਾਂਦਾ ਹੁੰਦਾ ਸੀ। ਤੂੰ ਵੀ ਤਾਂ ਉਹਦਾ ਈ ਪੁੱਤ ਆਂ ਅਤੇ ਫਿਰ ਇਹ ਕੰਮ ਮੇਰਾ ਕਾਰੋਬਾਰ ਨਹੀਂ, ਧਰਮ ਹੈ। ਇਹਦੇ ਲਈ ਤਾਂ ਮੈਨੂੰ ਕਿਤੇ ਵੀ ਜਾਣਾ ਪਏ ਜ਼ਰੂਰ ਜਾਊਂਗਾ।"
    ਲਾਲੂ ਭਲਵਾਨ ਅਜੇ ਗੱਲਾਂ ਹੀ ਕਰ ਰਿਹਾ ਸੀ ਕਿ ਵੱਡੇ ਦਰਵਾਜ਼ੇ ਉੱਤੇ ਕਿਸੇ ਵਲੋਂ ਮੂੰਹ ਨਾਲ ਬੱਕਰਾ ਬੁਲਾਉਣ ਦੀ ਅਵਾਜ਼ ਆਈ। ।।। ਬੱਬਾ।।। ਬੱਬਾ।।। ਬੱਬਾ।।।। ਲਾਲੂ ਭਲਵਾਨ, ਕਾਲੀ ਅਤੇ ਜੀਤੂ - ਤਿੰੰਨੇ ਉਸ ਪਾਸੇ ਦੇਖਣ ਲੱਗੇ। ਲੋਹੇ ਦੇ ਵੱਡੇ ਸਾਰੇ ਦਰਵਾਜ਼ੇ ਨੂੰ ਜ਼ੋਰ ਨਾਲ ਧੱਕ ਕੇ ਦਿਲਸੁੱਖ ਝੂਮਦਾ, ਲੜਖੜਾਉਂਦਾ ਅਤੇ ਊਟਪਟਾਂਗ ਬੋਲਦਾ ਅੰਦਰ ਦਾਖਲ ਹੋਇਆ। ਸਰਕੰਡੇ ਵਾਂਗ ਲੰਮਾ ਅਤੇ ਪਤਲਾ ਸਰੀਰ ਸੀ ਉਹਦਾ ਜਿਵੇਂ ਵੇਲਣੇ 'ਚੋਂ ਕੱਢਿਆ ਗਿਆ ਹੋਵੇ। ਵੇਲਣੇ ਦੇ ਨੇੜੇ ਆ ਕੇ ਉਹ ਰੁਕ ਗਿਆ ਅਤੇ ਚਾਰੇ ਪਾਸੀਂ ਦੇਖਦਾ ਹੋਇਆ ਅਵਾਜ਼ਾ ਮਾਰਨ ਲੱਗਾ:
    "ਤਾਇਆ।।। ਓ ਤਾਇਆ।।।!" ਜਦੋਂ ਕੋਈ ਜੁਆਬ ਨਾ ਮਿਲਿਆ ਤਾਂ ਉਹ ਉੱਚੀ ਅਵਾਜ਼ 'ਚ ਬੋਲਿਆ:
    "ਬੋਲ ਕਿੱਥੇ ਆਂ ਤੂੰ।।। ਬਾਹਰ ਆ ਜਾ ਨਹੀਂ ਤਾਂ ਸਾਰੀ ਭਲਵਾਨੀ ਕੱਢ ਦਊਂ।"
    ਭਲਵਾਨ ਨੇ ਉਹਨਾਂ ਦੋਹਾਂ ਵਲ ਦੇਖਿਆ ਅਤੇ ਉਹਦੇ ਚਿਹਰੇ ਦਾ ਰੰਗ ਬਦਲ ਗਿਆ ਅਤੇ ਉਹ ਉਕਤਾਹਟ ਭਰੀ ਅਵਾਜ਼ 'ਚ ਬੋਲਿਆ:
    "ਕੀ ਆ ਦਿਲਸੁੱਖ? ਕੀ ਤੂੰ ਅੱਜ ਫਿਰ ਪੀ ਕੇ ਆਇਆਂ?" ਲਾਲੂ ਭਲਵਾਨ ਦਲਾਨ ਵਿੱਚੋਂ ਵਿਹੜੇ ਵਿੱਚ ਆ ਗਿਆ। ਦਿਲਸੁੱਖ ਉਹਦੇ ਕੋਲ ਆ ਕੇ ਅਤੇ ਗੌਰ ਨਾਲ ਦੇਖਣ  ਤੋਂ ਬਾਅਦ ਝਿੜਕਦਾ ਹੋਇਆ ਬੋਲਿਆ:
    "ਤੂੰ ਕੌਣ ਆਂ?" ਦਿਲਸੁੱਖ ਲਾਲੂ ਭਲਵਾਨ ਦੇ ਹੋਰ ਵੀ ਨੇੜੇ ਚਲੇ ਗਿਆ ਅਤੇ ਆਪਣਾ ਮੂੰਹ ਉਹਦੇ ਬਹੁਤੇ ਨੇੜੇ ਲਿਜਾ ਕੇ ਹੱਸਦਾ ਹੋਇਆ ਬੋਲਿਆ:
    "ਤੂੰ ਤਾਇਐਂ?"
    ਲਾਲੂ ਭਲਵਾਨ ਨੇ ਉਹਨੂੰ ਫੜ ਕੇ ਝੰਜੋੜਿਆ।
    "ਅੱਜ ਤੂੰ ਫਿਰ ਪੀ ਕੇ ਆਇਆਂ। ਤੇਰੀ ਮੌਤ ਦਾ ਦਿਨ ਹੁਣ ਨੇੜੇ ਈ ਆ। ਕੁਛ ਸ਼ਰਮ ਕਰ।"
    ਦਿਲਸੁੱਖ ਨੇ ਲਾਲੂ ਭਲਵਾਨ ਦੀ ਗੱਲ ਅਣਸੁਣੀ ਕਰਦਿਆਂ ਕਿਹਾ:
    "ਇੱਥੇ ਉਹ ਤਾਂ ਨਹੀਂ ਆਈ।।।। ਲੱਛੋ।।। ਨਿੱਕੂ ਚਮਾਰ ਦੀ ਛੋਕਰੀ। ਸਾਲੀ ਧੋਖਾ ਦੇ ਗਈ। ਏਦਾਂ ਘੁਮੇਟਾ ਦਿੱਤਾ ਕਿ ਹੁਣ ਤੱਕ ਨਹੀਂ ਮਿਲੀ।"
    ਕਾਲੀ ਅਤੇ ਜੀਤੂ ਨੇ ਇਕ ਦੂਸਰੇ ਵਲ ਦੇਖਿਆ। ਕਾਲੀ ਦੀਆਂ ਅੱਖਾਂ 'ਚ ਲਾਲ ਲਾਲ ਡੋਰੇ ਉਭਰ ਆਏ ਅਤੇ ਨਾਲ ਹੀ ਸ਼ਰਮ ਦੇ ਮਾਰੇ ਉਹਦੀ ਗਰਦਨ ਝੁਕ ਗਈ। ਲਾਲੂ ਭਲਵਾਨ ਨੇ ਦਿਲਸੁੱਖ ਨੂੰ ਗਾਲ੍ਹਾਂ ਕੱਢੀਆਂ ਅਤੇ ਧੱਕੇ ਮਾਰ ਕੇ ਹਵੇਲੀ ਤੋਂ ਬਾਹਰ ਕੱਢਦਾ ਬੋਲਿਆ:
    "ਜੇ ਜ਼ਿਆਦਾ ਬਕਵਾਸ ਕੀਤੀ ਤਾਂ ਜੁੱਤੀਆਂ ਮਾਰ-ਮਾਰ ਕੇ ਸਿਰ ਪੋਲਾ ਕਰ ਦਊਂ।"
    ਦਿਲਸੁੱਖ ਬੁੜਬੁੜਾਉਂਦਾ ਹੋਇਆ ਵੱਡੇ ਦਰਵਾਜ਼ੇ ਵਲ ਮੁੜ ਗਿਆ।
    "ਨਲਾਇਕ ਸਾਰੇ ਜ਼ਮਾਨੇ ਦਾ। ਏਨੀ ਜਾਇਦਾਦ ਦਾ ਮਾਲਕ  ਅਤੇ ਕਰਤੂਤਾਂ ਇਹ।" ਲਾਲੂ ਭਲਵਾਨ ਨੇ ਦੁੱਖ ਭਰੀ ਅਵਾਜ਼ ਵਿੱਚ ਕਿਹਾ। ਦਿਲਸੁੱਖ ਨੇ ਵੱਡੇ ਦਰਵਾਜ਼ੇ ਕੋਲ ਜਾ ਕੇ ਪਿੱਛੇ ਮੁੜ ਕੇ ਦੇਖਿਆ ਅਤੇ ਲਾਲੂ ਭਲਵਾਨ ਵਲ ਥੁੱਕ ਕੇ ਅੱਗੇ ਵਧ ਗਿਆ। ਉਹ ਵੱਡੇ ਦਰਵਾਜ਼ੇ ਤੋਂ ਬਾਹਰ ਜਾ ਕੇ ਅਮਰੂ ਨੂੰ ਅਵਾਜ਼ਾ ਮਾਰਨ ਲੱਗਾ। ਪਰ ਜਦੋਂ ਕੋਈ ਜੁਆਬ ਨਾ ਆਇਆ ਤਾਂ ਮੋਟੀ ਜਿਹੀ ਗਾਲ੍ਹ ਕੱਢ ਕੇ ਬੋਲਿਆ:
    "ਭੈਣ ਤਾਂ ਗਈ ਸੀ, ਹੁਣ ਸਾਲਾ ਭਰਾ ਵੀ ਦੌੜ ਗਿਆ। ਸ਼ਰਾਬ ਦੀ ਭੱਠੀ ਤੋਂ ਮੇਰੇ ਨਾਲ ਆਇਆ ਸੀ।"
    ਕਾਲੀ ਨੇ ਇਹ ਸੁਣਿਆ ਤਾਂ ਉਹਨੂੰ ਝਟਕਾ ਜਿਹਾ ਲੱਗਾ। ਭਲਵਾਨ ਦਲਾਨ ਵਿੱਚ ਆ ਕੇ ਮੰਜੇ ਉੱਤੇ ਬੈਠ ਗਿਆ। ਕਾਲੀ ਨੇ ਉਹਦੀ ਵਲ ਦੇਖਿਆ। ਉਹ ਵੀ ਖਿਝਿਆ ਹੋਇਆ ਸੀ। ਸਾਹ ਜਿੱਦਾਂ ਫੁੱਲ ਰਿਹਾ ਹੋਵੇ। ਤਿੰਨੇ ਕੁਝ ਚਿਰ ਲਈ ਚੁੱਪ ਰਹੇ। ਫਿਰ ਲਾਲੂ ਭਲਵਾਨ ਨੇ ਕਿਸੇ ਡੂੰਘੀ ਸੋਚ 'ਚ ਡੁੱਬਿਆਂ ਹੋਇਆਂ ਕਿਹਾ:
    "ਜੱਟ ਜ਼ਮੀਨ ਨਾਲ ਸਾਰਿਆਂ ਨਾਲੋਂ ਜ਼ਿਆਦਾ ਪਿਆਰ ਕਰਦਾ, ਭਰਾਵਾਂ ਤੋਂ ਵੀ ਜ਼ਿਆਦਾ। ਪਰ ਇਹ ਇਹਦੀ ਸਭ ਤੋਂ ਵੱਡੀ ਦੁਸ਼ਮਣ ਆ। ਦਿਲਸੁੱਖ ਵੀਹ ਘੁਮਾਂ ਜ਼ਮੀਨ ਦਾ ਵਾਹਿਦ ਮਾਲਕ ਹੈ। ਲੰਬੜਦਾਰ ਤੋਂ ਬਿਨਾਂ ਕਿਸੇ ਕੋਲ ਏਨੀ ਜ਼ਮੀਨ ਨਹੀਂ। ਜੱਟ ਦੇ ਜਵਾਨੀ ਆਉਣ ਤੋਂ ਪਹਿਲਾਂ ਹੀ ਪਰ ਨਿਕਲਣ ਲੱਗਦੇ ਆ। ਔਰਤ 'ਤੇ ਸ਼ਰਾਬ ਉਹਨੂੰ ਆਪਣੀ ਵਲ ਖਿੱਚਦੇ ਨੇ। ਕਈ ਤਾਂ ਇਕ-ਦੋ ਚੱਕਰ ਖਾ ਕੇ ਵਾਪਸ ਆ ਜਾਂਦੇ ਆ, ਕੁਝ ਉੱਥੋਂ ਦੇ ਹੀ ਹੋ ਕੇ ਰਹਿ ਜਾਂਦੇ ਆ। ਦਿਲਸੁੱਖ ਪੰਜ ਕਿੱਲੇ ਜ਼ਮੀਨ ਪਹਿਲਾਂ ਹੀ ਗਹਿਣੇ ਰੱਖ ਚੁੱਕਿਆ। ਬਾਕੀ ਹੌਲੀ ਹੌਲੀ ਰੱਖ ਦਊ।।।। ਬਾਪ ਦਾਦੇ ਦਾ ਚੰਗਾ ਨਾਂ ਰੌਸ਼ਨ ਕਰ ਰਿਹਾ।।। ਦਸ ਬਾਰਾਂ ਦਿਨ ਪਹਿਲਾਂ ਮੇਰੇ ਕੋਲ ਆਇਆ ਸੀ। ਪੰਜ ਸੌ ਰੁਪਈਆਂ ਬਦਲੇ ਘੁਮਾਂ ਜ਼ਮੀਨ ਗਹਿਣੇ ਰੱਖਦਾ ਸੀ। ਮੈਂ ਤਾਂ ਸਾਫ ਜੁਆਬ ਦੇ ਦਿੱਤਾ। ਮੇਰਾ ਦਾਦਾ ਅਤੇ ਇਹਦਾ ਦਾਦਾ ਸਕੇ ਭਰਾ ਸੀ। ਰਿਸ਼ਤਾ ਪੁਰਾਣਾ ਈ ਸੀ, ਪਰ ਖੂਨ ਤਾਂ ਇਕ ਈ ਆ। ਹੁਣ ਲੰਬੜਦਾਰ ਹਰਨਾਮ ਸਿੰਘ ਅਤੇ ਬਾਬਕ ਵਾਲੇ ਜਗਤੇ ਕੋਲ ਕੌਡੀਆਂ ਦੇ ਭਾਅ ਜ਼ਮੀਨ ਗਹਿਣੇ ਧਰ ਰਿਹੈ। ਦੁੱਖ ਤਾਂ ਬਹੁਤ ਹੁੰਦਾ ਪਰ ਕੀ ਕਰਾਂ, ਲੋਕ-ਲਾਜ ਨੇ ਮੇਰੀ ਬਾਂਹ ਫੜੀ  ਹੋਈ ਆ। ਸ਼ਰੀਕੇ ਦਾ ਮਾਮਲਾ। ਕੱਲ੍ਹ ਨੂੰ ਲੋਕਾਂ ਨੇ ਕਹਿਣਾ ਕਿ ਤਾਇਆ ਭਤੀਜੇ ਦੀ ਜਾਇਦਾਦ ਖਾ ਗਿਆ।।।। ਮੈਂ ਰਾਜੇ ਘਰ 'ਚ ਇਹਦਾ ਵਿਆਹ ਕਰਵਾਇਆ ਸੀ। ਕੁੜੀ ਦਾ ਪਿਉ ਫੌਜ 'ਚ ਸੂਬੇਦਾਰ ਸੀ। ਇਹਦਾ ਫੁੱਲ ਵਰਗਾ ਮੁੰਡਾ। ਉਸ ਵਿਚਾਰੀ ਨੂੰ ਇਹਨੇ ਬਹੁਤ ਦੁੱਖ ਦਿੱਤਾ। ਉਹ ਤਾਂ ਰੋ-ਪਿੱਟ ਕੇ ਆਪਣੇ ਪੇਕੀਂ ਚਲੀ ਗਈ। ਸੌ ਹੀਲੇ ਬਹਾਨੇ ਕਰਕੇ ਦਿਲਸੁੱਖ ਤੋਂ ਅੱਧੀ ਜ਼ਮੀਨ ਮੁੰਡੇ ਦੇ ਨਾਂ ਕਰਵਾ ਦਿੱਤੀ ਆ। ਸਭ ਕਿਸਮਤ ਦੀਆਂ ਖੇਡਾਂ। ਇਹਦੇ ਪਿਉ-ਦਾਦੇ ਵੇਲੇ ਇਹਨਾਂ ਦੀ ਹਵੇਲੀ 'ਚ ਪੰਚਾਇਤ ਹੁੰਦੀ ਸੀ। ਹੁਣ ਪਿੰਡ ਦਾ ਸਾਰਾ ਲੁੱਚਾ ਲਫੰਗਾ ਉੱਥੇ ਹੀ ਇਕੱਠਾ ਹੁੰਦਾ।" ਭਲਵਾਨ ਦਾ ਮਨ  ਜਿਵੇਂ ਕੰਬ ਗਿਆ ਸੀ।
    "ਹੇ ਰੱਬ ਜੀ, ਸਭ ਨੂੰ ਬਖਸ਼ ਲੈ।"
    ਕੁਛ ਚਿਰ ਚੁੱਪ ਰਹਿਣ ਬਾਅਦ ਕਾਲੀ ਉੱਠ ਖੜਾ ਹੋਇਆ। ਜੀਤੂ ਵੀ ਉਸ ਹੀ ਵੇਲੇ ਉੱਠਿਆ। ਲਾਲੂ ਭਲਵਾਨ ਉਹਨਾਂ ਨੂੰ ਜਾਣ ਲਈ ਤਿਆਰ ਦੇਖ ਕੇ ਬੋਲਿਆ:
    "ਚੱਲ ਪਏ। ਚੰਗਾ, ਇਹਦਾ ਖਿਆਲ ਰੱਖੀਂ। ਹਵਾ ਨਾ ਲੱਗੇ। ਸੇਕ ਜ਼ਰੂਰ ਦੇਈਂ। ਕੱਲ੍ਹ ਨੂੰ ਮੈਂ ਦਿਨ ਢਲੇ ਆਊਂਗਾ।"
    ਦੋਨਾਂ ਨੇ ਲਾਲੂ ਭਲਵਾਨ ਨੂੰ ਬੰਦਗੀ ਕੀਤੀ ਅਤੇ ਕਾਲੀ ਜੀਤੂ ਦੇ ਮੋਢੇ ਦਾ ਸਹਾਰਾ ਲੈ ਤੁਰ ਪਿਆ। ਦੋਨੋਂ ਵੱਡੇ ਦਰਵਾਜ਼ੇ ਤੱਕ ਚੁੱਪਚਾਪ ਤੁਰਦੇ ਰਹੇ। ਉਹਨਾਂ ਦਾ ਗੱਲ ਕਰਨ ਨੂੰ ਜਿਵੇਂ ਜੀਅ ਨਾ ਕਰਦਾ ਹੋਵੇ। ਦਰਵਾਜ਼ੇ ਤੋਂ ਬਾਹਰ ਆ ਕੇ ਦੋਨੋਂ ਰੁਕ ਗਏ ਅਤੇ ਇਕ-ਦੂਸਰੇ ਵਲ ਇਸ ਤਰ੍ਹਾਂ ਦੇਖਣ ਲੱਗੇ ਜਿਵੇਂ ਪੁੱਛਦੇ ਹੋਣ ਤੂੰ ਕੀ ਕਹਿਣਾ ਚਾਹੁੰਦਾ। ਦੋਨਾਂ ਦੀਆਂ ਨਜ਼ਰਾਂ ਝੁਕ ਗਈਆਂ ਜਿੱਦਾਂ ਗੱਲ ਕਰਨ ਤੋਂ ਝਿਜਕ ਰਹੇ ਹੋਣ। ਕਾਲੀ ਕੁਝ ਪਲਾਂ ਬਾਅਦ ਜੀਤੂ ਦੇ ਮੋਢੇ ਤੋਂ ਹੱਥ ਚੁੱਕਦਾ ਹੋਇਆ ਬਹੁਤ ਹੌਲੀ ਅਵਾਜ਼ 'ਚ ਬੋਲਿਆ:
    "ਜੀਤੂ, ਤੂੰ ਵੀ ਕੰਮ-ਕਾਜ ਦੇ ਸਿਲਸਿਲੇ 'ਚ ਪਿੰਡ ਦੇ ਅੰਦਰ-ਬਾਹਰ ਆਉਂਦਾ ਜਾਂਦਾ ਰਹਿੰਦਾ। ਕੀ ਇਹ ਸੱਚ ਆ ਕਿ ਲੱਛੋ ਹੁਣ ਦਿਲਸੁੱਖ ਦੀ ਬੈਠਕ 'ਚ ਵੀ ਆਉਂਦੀ ਆ?"
    "ਮੈਂ ਵੀ ਇਹ ਹੀ ਸੋਚ ਰਿਹਾ ਸੀ ਅਤੇ ਇਹ ਹੀ ਗੱਲ ਪੁੱਛਣੀ ਚਾਹੁੰਦਾ ਸੀ।"
    ਕੁਝ ਪਲਾਂ ਲਈ ਚੁੱਪ ਰਹਿ  ਕੇ ਜੀਤੂ ਨੇ ਫੈਸਲਾਕੁਨ ਅਵਾਜ਼ ਵਿੱਚ ਕਿਹਾ:
    "ਆਉਂਦੀ ਹੋਣੀ ਆ, ਜ਼ਰੂਰ ਆਉਂਦੀ ਹੋਣੀ ਆ। ਉਹ ਹੜ ਆਏ ਚੋਅ ਵਾਂਗ ਅੱਜਕੱਲ੍ਹ ਚਾਰੇ ਪਾਸੀਂ ਰਸਤੇ ਬਣਾ ਰਹੀ ਆ।"

    --------ਚਲਦਾ--------