22
ਸਾਰਾ ਦਿਨ ਕਾਲੀ ਘਰ ਵਿੱਚ ਮੰਜੇ ਉੱਤੇ ਪਿਆ ਰਿਹਾ। ਗਿਆਨੋ ਨੇ ਦਿਨ ਵਿੱਚ ਕਈ ਚੱਕਰ ਲਾਏ ਤਾਂ ਕਿ ਖੁਦ ਕਾਲੀ ਦਾ ਹਾਲ ਪੁੱਛ ਸਕੇ, ਪਰ ਉਹ ਜਦੋਂ ਵੀ ਆਉਂਦੀ ਮੁਹੱਲੇ ਦਾ ਕੋਈ ਨਾ ਕੋਈ ਮਰਦ ਜਾਂ ਔਰਤ ਉਹਦੇ ਕੋਲ ਬੈਠਾ ਹੁੰਦਾ। ਕਾਲੀ ਤਾਂ ਹਾਲ ਪੁੱਛਣ ਵਾਲਿਆਂ ਨੂੰ ਕੋਈ ਜਵਾਬ ਨਾ ਦਿੰਦਾ ਪਰ ਚਾਚੀ ਸੱਟ ਦਾ ਪੂਰਾ ਵੇਰਵਾ ਦੇ ਪਰਮਾਤਮਾ ਅੱਗੇ ਅਰਦਾਸ ਕਰਦੀ ਕਿ ਚੌਧਰੀ ਹਰਦੇਵ ਦੀ ਵਧੀਕੀ ਦਾ ਬਦਲਾ ਉਸ ਕੋਲੋਂ ਉਹ ਆਪ ਲਵੇ।
ਸਾਰਾ ਦਿਨ ਹਾਲ ਪੁੱਛਣ ਵਾਲਿਆਂ ਦੀ ਭੀੜ ਲੱਗੀ ਰਹਿਣ ਕਾਰਨ ਕਾਲੀ ਦਾ ਮਨ ਉਦਾਸ ਨਹੀਂ ਹੋਇਆ ਪਰ ਤਰਕਾਲਾਂ ਨੂੰ ਘਰ ਲੰਮੇ ਪਿਆਂ ਉਹਦਾ ਦਿਲ ਘਬਰਾਉਣ ਲੱਗਾ। ਉਹਦਾ ਦਿਲ ਬਾਹਰ ਖੇਤਾਂ ਵਿੱਚ ਖੁੱਲ੍ਹੀ ਹਵਾ ਵਿੱਚ ਜਾਣ ਨੂੰ ਕੀਤਾ। ਉਹ ਕੁਝ ਚਿਰ ਚਾਚੀ ਤੋਂ ਡਰਦਾ ਮੰਜੇ ਉੱਤੇ ਪਿਆ ਰਿਹਾ ਪਰ ਜੀਤੂ ਦੇ ਆਉਣ 'ਤੇ ਉਹ ਉੱਠ ਖੜ੍ਹਾ ਹੋਇਆ।
ਕਾਲੀ ਨੇ ਜੀਤੂ ਦੇ ਕੰਨ ਵਿੱਚ ਕੁਝ ਕਿਹਾ ਅਤੇ ਉਹਨੇ ਖੂੰਜੇ ਵਿੱਚ ਪਈ ਲਾਠੀ ਚੁੱਕ ਕੇ ਉਹਦੇ ਹੱਥ ਫੜਾ ਦਿੱਤੀ। ਚਾਚੀ ਉਹਨੂੰ ਬਾਹਰ ਜਾਣ ਲਈ ਤਿਆਰ ਦੇਖ ਹੈਰਾਨੀ ਨਾਲ ਬੋਲੀ, "ਤੂੰ ਕਿੱਥੇ ਚੱਲਿਆਂ? ਤੁਰਨ ਨਾਲ ਸੁੱਡਾ ਪੈ ਗਿਆ ਤਾਂ ਗੱਲ ਦਿਨਾਂ 'ਤੇ ਜਾ ਪਊ। ਮੰਜੇ 'ਤੇ ਪੈ। ਮੈਂ ਰੋੜਾ ਗਰਮ ਕਰ ਦਿੰਦੀ ਆਂ, ਉਹਦੇ ਨਾਲ ਸੱਟ ਨੂੰ ਸੇਕ ਦੇ।"
"ਚਾਚੀ, ਲਾਲੂ ਭਲਵਾਨ ਨੇ ਕਿਹਾ ਸੀ ਕਿ ਤਕਾਲਾਂ ਨੂੰ ਥੋੜ੍ਹਾ ਬਹੁਤ ਘੁੰਮੀਂ ਫਿਰੀਂ, ਨਹੀਂ ਤਾਂ ਤਕਲੀਫ ਵਧ ਜਾਊ," ਕਾਲੀ ਨੇ ਕਿਹਾ। ਜੀਤੂ ਨੇ ਵੀ ਉਹਦੀ ਹਾਂ ਵਿੱਚ ਹਾਂ ਰਲਾਈ ਤਾਂ ਚਾਚੀ ਚੁੱਪ ਹੋ ਗਈ ਅਤੇ ਉਹ ਦੋਨੋਂ ਗਲੀ ਵਿੱਚ ਆ ਗਏ।
ਕਾਲੀ ਲੰਗ ਮਾਰਦਾ ਸੋਟੀ ਦੇ ਆਸਰੇ ਤੁਰ ਰਿਹਾ ਸੀ। ਉਹ ਮੰਗੂ ਦੇ ਘਰ ਅੱਗੇ ਪਹੁੰਚਿਆ ਤਾਂ ਸਾਹਮਣੇ ਗਿਆਨੋ ਖੜ੍ਹੀ ਸੀ। ਉਹ ਬਹੁਤ ਧਿਆਨ ਨਾਲ ਕਾਲੀ ਵਲ ਦੇਖਣ ਲੱਗੀ ਜਿਵੇਂ ਉਹਦੇ ਅੰਗ ਅੰਗ ਦਾ ਨਿਰੀਖਣ ਕਰ ਰਹੀ ਹੋਵੇ। ਕਾਲੀ ਨੇ ਵੀ ਉਹਦੀ ਵਲ ਨਜ਼ਰ ਭਰ ਕੇ ਦੇਖਿਆ ਪਰ ਜੀਤੂ ਨੂੰ ਮੁਸਕਰਾਉਂਦਾ ਦੇਖ ਉਹਨੇ ਨੀਵੀਂ ਪਾ ਲਈ। ਗਿਆਨੋ ਨੇ ਮਨ ਹੀ ਮਨ ਵਿੱਚ ਸੋਚਿਆ ਕਿ ਕਾਲੀ ਦੇ ਸੱਚੀਂ ਹੀ ਬਹੁਤ ਸੱਟ ਲੱਗੀ ਹੈ। ਮੰਗੂ ਝੂਠ ਨਹੀਂ ਸੀ ਬੋਲਦਾ ਕਿ ਉਹਦੇ ਚੂਲੇ ਅਤੇ ਮੋਢੇ ਦੀ ਹੱਡੀ ਤਿੜਕ ਗਈ ਹੈ।
ਪਿੰਡ ਤੋਂ ਬਾਹਰ ਜਾ ਕੇ ਉਹ ਚੋਅ ਦੇ ਬੰਨ ਉੱਤੇ ਚਲੇ ਗਏ। ਉੱਥੋਂ ਉਹ ਕੰਧਾਲੇ ਨੂੰ ਜਾਣ ਵਾਲੀ ਡੰਡੀ ਉੱਤਰ ਗਏ ਅਤੇ ਚੋਅ ਦੇ ਪਾਰ ਟਾਹਲੀਆਂ ਦੇ ਦਰਖਤਾਂ ਦੇ ਝੁੰਡ ਵਿੱਚ ਜਾ ਬੈਠੇ। ਜਦੋਂ ਹਨ੍ਹੇਰਾ ਹੋ ਗਿਆ ਤਾਂ ਪਿੰਡ ਵਲ ਤੁਰ ਪਏ। ਚੋਅ ਪਾਰ ਕਰਨ ਬਾਅਦ ਉਹਨਾਂ ਨੂੰ ਕੁਝ ਅਵਾਜ਼ਾਂ ਸੁਣੀਆਂ। ਦੂਰ ਹੋਣ ਕਰਕੇ ਉਹਨਾਂ ਤੋਂ ਅਵਾਜ਼ਾਂ ਪਹਿਚਾਣ ਨਹੀਂ ਸੀ ਹੋ ਰਹੀਆਂ। ਅਵਾਜ਼ਾਂ ਸੁਣ ਕੇ ਜੀਤੂ ਦੀ ਜਗਿਆਸਾ ਜਾਗ ਪਈ ਅਤੇ ਉਹ ਉਹਨਾਂ ਅਵਾਜ਼ਾਂ ਤੱਕ ਪਹੁੰਚਣ ਲਈ ਤੇਜ਼-ਤੇਜ਼ ਪੈਰ ਪੁੱਟਣ ਲੱਗਾ ਅਤੇ ਕਾਲੀ ਨੂੰ ਪਿੱਛੇ ਛੱਡ ਗਿਆ।
ਚੋਅ ਦੇ ਬੰਨ ਉੱਤੇ ਦਿਲਸੁੱਖ, ਬਲਵੰਤ ਅਤੇ ਮੰਗੂ ਜਾ ਰਹੇ ਸਨ ਅਤੇ ਤਿੰਨਾਂ ਨੇ ਸ਼ਰਾਬ ਪੀਤੀ ਹੋਈ ਸੀ। ਉਹ ਲੜਖੜਾਉਂਦੇ ਅਤੇ ਇਕ ਦੂਜੇ ਵਿੱਚ ਵਜਦੇ ਹੌਲੀ ਹੌਲੀ ਅੱਗੇ ਵਧ ਰਹੇ ਸਨ। ਜੀਤੂ ਉਹਨਾਂ ਦੇ ਕੋਲ ਪਹੁੰਚਿਆ ਤਾਂ ਦਿਲਸੁੱਖ ਲਲਕਾਰ ਕੇ ਬੋਲਿਆ:
"ਕਿਹੜਾ ਆਂ ਉਏ ਤੂੰ?"
"ਚੌਧਰੀ, ਮੈ ਆਂ।।। ਜੀਤੂ।"
"ਸੁਣਾ ਚਮਾਰਾ, ਤੂੰ ਅੱਧੀ ਰਾਤ ਨੂੰ ਇਥੇ ਕਿੱਦਾਂ ਘੁੰਮਦਾਂ? ਕੀ ਕਿਸੇ ਮਸ਼ੂਕ ਦੀ ਭਾਲ 'ਚ ਆਇਆ ਸੀ?"
ਜੀਤੂ ਵਲੋਂ ਜੁਆਬ ਦੇਣ ਤੋਂ ਪਹਿਲਾਂ ਹੀ ਮੰਗੂ ਬੋਲ ਪਿਆ:
"ਅੱਜਕੱਲ੍ਹ ਇਹ ਚਮ੍ਹਾਰਲੀ ਦਾ ਛੋਟਾ ਪੰਚ ਆ। ਵੱਡਾ ਪੰਚ ਕਾਲੀ ਆ।"
"ਫਿਰ ਤਾਂ ਨਿੱਕੂ ਦੀ ਛੋਕਰੀ ਇਹਦੇ ਵੀ ਵੱਸ 'ਚ ਹੋਊ।" ਦਿਲਸੁੱਖ ਹਸਦਾ ਹੋਇਆ ਬੋਲਿਆ।
"ਚੌਧਰੀ ਉਹ ਤਾਂ ਆਪਣੀ ਯਰਾਨੇਦਾਰ ਆ। ਇਹਦੇ ਮੂੰਹ 'ਤੇ ਤਾਂ ਉਹ ਥੁੱਕਦੀ ਵੀ ਨਹੀਂ।" ਮੰਗੂ ਨੇ ਹੰਕਾਰ ਭਰੀ ਅਵਾਜ਼ ਵਿੱਚ ਕਿਹਾ।
"ਉਏ ਮੰਗੂ, ਤੇਰਾ ਕੀ ਮੁਕਾਬਲਾ, ਤੂੰ ਤਾਂ ਚਮ੍ਹਾਰਲੀ ਦਾ ਰਾਂਝਾ। ਪੱਠੇ ਨੇ ਉਹਨੂੰ ਪੂਰੀ ਤਰ੍ਹਾਂ ਜਵਾਨ ਵੀ ਨਹੀਂ ਹੋਣ ਦਿੱਤਾ। ਪਹਿਲਾਂ ਹੀ ਉਹਦੇ ਉੱਤੇ ਕਾਠੀ ਪਾ ਲਈ।"
ਬਲਵੰਤ ਨੇ ਮੰਗੂ ਨੂੰ ਥਾਪੀ ਦਿੰਦਿਆਂ ਕਿਹਾ ਅਤੇ ਫਿਰ ਉਹ ਦਿਲਸੁੱਖ ਦਾ ਮੋਢਾ ਫੜਦਾ ਹੋਇਆ ਬੋਲਿਆ:
"ਦਿਲਸੁਖ, ਜਿਹੜੀ ਕੁੜੀ ਚਾਚੇ ਮੁਨਸ਼ੀ ਦੀ ਹਵੇਲੀ 'ਚ ਕੰਮ ਕਰਦੀ ਆ ਨਾ, ਉਹ ਇਕਦਮ ਪੱਠੀ ਆ। ਬਿਲਕੁਲ ਜੰਗਲੀ ਮੋਰਨੀ ਵਰਗੀ। ਰੰਗ ਤਾਂ ਪੱਕਾ ਪਰ ਨੈਣ-ਨਕਸ਼ ਬਹੁਤ ਸੋਹਣੇ ਆ। ਜਦੋਂ ਉਹ ਸਿਰ 'ਤੇ ਟੋਕਰਾ ਚੁੱਕੀ ਤੁਰਦੀ ਆ ਨਾ ਤਾਂ ਉਹਦੀਆਂ ਕੱਚੇ ਖਰਬੂਜ਼ੇ ਵਰਗੀਆਂ ਛਾਤੀਆਂ ਕੌਲੀ 'ਚ ਪਏ ਪਾਣੀ ਵਾਂਗ ਹਿਲਕੋਰੇ ਖਾਂਦੀਆਂ। ਇਕ ਵਾਰ ਹੱਥ ਫਿਰ ਜਾਏ ਤਾਂ ਜਵਾਨ ਸਰੌਂ ਦੇ ਫੁੱਲਾਂ ਵਾਂਗੂ ਖਿੜ ਉੱਠੇ।"
"ਮੰਗੂ ਕੌਣ ਆਂ ਉਏ ਉਹ? ਕਿਹਦੀ ਕੁੜੀ ਆ?"
ਦਿਲਸੁੱਖ ਨੇ ਬੇਚੈਨੀ ਨਾਲ ਪੁੱਛਿਆ। ਮੰਗੂ ਨੇ ਕੋਈ ਜੁਆਬ ਨਾ ਦਿੱਤਾ ਤਾਂ ਉਹ ਉਹਦੇ ਮੋਢੇ ਨੂੰ ਝੰਜੋੜਦਾ ਬੋਲਿਆ:
"ਸਾਲਿਆ ਬੋਲਦਾ ਕਿਉਂ ਨਹੀਂ! ਤੂੰ ਤਾਂ ਏਦਾਂ ਚੁੱਪ ਹੋ ਗਿਆ, ਜਿਵੇਂ ਤੇਰੀ ਸਕੀ ਭੈਣ ਲੱਗਦੀ ਹੋਵੇ।"
"ਭੈਣ ਹੀ ਲਗਦੀ ਆ ਚੌਧਰੀ।"
ਮੰਗੂ ਨੇ ਆਪਣੀ ਝਿਜ਼ਕ ਹਟਾਉਂਦਿਆਂ ਕਿਹਾ। ਬਲਵੰਤ ਖਿੜਖਿੜਾ ਕੇ ਹੱਸ ਪਿਆ ਅਤੇ ਉਹਨੂੰ ਧੱਕਾ ਮਾਰਦਾ ਹੋਇਆ ਬੋਲਿਆ:
"ਸਾਲਿਆ, ਤੇਰੀ ਸ਼ਕਲ ਤਾਂ ਨਜ਼ਰਬੱਟੂ ਵਰਗੀ ਹੈ।"
ਉਹਨਾਂ ਦੀਆਂ ਗੱਲਾਂ ਸੁਣ ਕੇ ਕਾਲੀ ਦੇ ਦਿਮਾਗ ਵਿੱਚ ਤੂਫਾਨ ਜਿਹਾ ਉੱਠਣ ਲੱਗਾ। ਉਹਦਾ ਜੀਅ ਕੀਤਾ ਕਿ ਬਲਵੰਤ ਅਤੇ ਦਿਲਸੁੱਖ ਨੂੰ ਪੀਹ ਸੁੱਟੇ। ਉਹ ਚੌਧਰੀ ਹਨ ਤਾਂ ਉਹਨਾਂ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਦੂਜਿਆਂ ਦੀਆਂ ਨਹੁੰਆਂ-ਧੀਆਂ ਬਾਰੇ ਏਨੀਆਂ ਬੇਸ਼ਰਮ ਗੱਲਾਂ ਕਰਨ। ਉਹਨੂੰ ਮੰਗੂ ਉੱਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਉਹ ਏਨਾ ਬੇਗੈਰਤ ਹੋ ਗਿਆ ਹੈ ਕਿ ਆਪਣੀ ਭੈਣ ਬਾਰੇ ਏਨੀਆਂ ਬੁਰੀਆਂ ਬੁਰੀਆਂ ਗੱਲਾਂ ਸੁਣ ਕੇ ਹੀ-ਹੀ ਹੱਸ ਰਿਹਾ।
ਕਾਲੀ ਉਹਨਾਂ ਦੇ ਬਰਾਬਰ ਪਹੁੰਚਿਆ ਤਾਂ ਦਿਲਸੁੱਖ ਨੇ ਪੁੱਛਿਆ:
"ਕੌਣ ਆਂ?"
"ਮੈਂ ਹਾਂ।" ਕਾਲੀ ਨੇ ਲਾਠੀ ਖੜਕਾਉਂਦਿਆਂ ਕਿਹਾ।
"ਉਏ ਕਾਲੀ, ਕੀ ਤੂੰ ਅਜੇ ਜਿਉਂਦਾਂ? ਮੈਂ ਤਾਂ ਸੁਣਿਆ ਸੀ ਕਿ ਹਰਦੇਵ ਨੇ ਤੇਰੀਆਂ ਹੱਡੀਆਂ ਦਾ ਸੁਰਮਾ ਬਣਾ ਦਿੱਤਾ। ਚਮਾਰਾ, ਕੀ ਗੁੜ ਵੱਟੇ ਜਾਨ ਲਈ ਆ, ਜੋ ਇਕ ਹੀ ਵਾਰੀ ਹੱਡੀਆਂ ਤੁੜਵਾ ਲਈਆਂ।" ਬਲਵੰਤ ਨੇ ਹੱਸਦਿਆਂ ਕਿਹਾ।
"ਤੈਨੂੰ ਆਪਣੇ ਜ਼ੋਰ 'ਤੇ ਘਮੰਡ ਹੈ ਤਾਂ ਤੂੰ ਵੀ ਦੋ ਹੱਥ ਕਰ ਕੇ ਦੇਖ ਲੈ।" ਕਾਲੀ ਨੇ ਲਾਠੀ ਸੁੱਟ ਦਿੱਤੀ ਅਤੇ ਬਾਹਾਂ ਉੱਤੇ ਹੱਥ ਫੇਰਨ ਲੱਗਾ।
"ਬੱਲੇ ਉਏ ਸੂਰਮਿਆਂ! ਕੀ ਦੂਜੀ ਲੱਤ ਤੁੜਵਾਉਣ ਦਾ ਵੀ ਇਰਾਦਾ।?" ਬਲਵੰਤ ਨੇ ਕਾਲੀ ਵਲ ਵਧਦਿਆਂ ਕਿਹਾ।
"ਬਸ-ਬਸ।।।।" ਕਹਿੰਦਿਆਂ ਜੀਤੂ ਨੇ ਬਲਵੰਤ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਬਲਵੰਤ ਉਹਨੂੰ ਧੱਕਾ ਦੇ ਕੇ ਕਾਲੀ ਵਲ ਵਧਿਆ ਪਰ ਦਿਲਸੁੱਖ ਨੇ ਫੜ ਲਿਆ।
"ਇਸ ਵੇਲੇ ਨਹੀਂ। ਤੁਹਾਡਾ ਘੋਲ ਕੱਲ੍ਹ ਦੇਖਾਂਗੇ। ।।। ਏਨੀਆਂ ਚੰਗੀਆਂ ਗੱਲਾਂ ਕਰ ਰਹੇ ਸਾਂ, ਵਿੱਚ ਲੜਾਈ ਝਗੜਾ ਸ਼ੁਰੂ ਕਰ ਦਿੱਤਾ।"
"ਚੌਧਰੀ, ਕੁਆਰੀਆਂ ਕੁੜੀਆਂ ਬਾਰੇ ਏਦਾਂ ਦੀਆਂ ਗੱਲਾਂ ਕਰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ?" ਕਾਲੀ ਨੇ ਗੁੱਸੇ ਭਰੀ ਅਵਾਜ਼ ਵਿੱਚ ਕਿਹਾ।
"ਤੈਨੂੰ ਸ਼ਰਮ ਆਉਂਦੀ ਆ ਤਾਂ ਤੂ ਚਲਾ ਜਾ। ਜਿਹਦੀ ਭੈਣ ਆ, ਉਹ ਚੁੱਪ ਆ ਪਰ ਤੇਰੇ ਢਿੱਡ 'ਚ ਖਾਹ ਮਖਾਹ ਮਰੋੜ ਉੱਠਦੇ ਆ। ਕਿਉਂ ਮੰਗੂ?" ਦਿਲਸੁੱਖ ਨੇ ਕਿਹਾ। ਮੰਗੂ ਨੇ ਕੋਈ ਜਵਾਬ ਨਾ ਦਿੱਤਾ ਤਾਂ ਕਾਲੀ ਨੂੰ ਸੱਚਮੁੱਚ ਸ਼ਰਮ ਮਹਿਸੂਸ ਹੋਣ ਲੱਗੀ ਅਤੇ ਸੱਟ ਦੇ ਬਾਵਜੂਦ ਉਹ ਤੇਜ਼ ਤੇਜ਼ ਕਦਮ ਚੁੱਕਦਾ ਉਹਨਾਂ ਤੋਂ ਅੱਗੇ ਨਿਕਲ ਗਿਆ।
"ਸਾਲੇ ਨੇ ਸਾਰਾ ਮਜ਼ਾ ਖਰਾਬ ਕਰ ਦਿੱਤਾ।" ਅਤੇ ਫਿਰ ਉਹ ਮੰਗੂ ਵਲ ਮੁੜਦਾ ਹੋਇਆ ਬੋਲਿਆ:
"ਇਹਦੀ ਵੀ ਪ੍ਰੀਤੋ ਦੀ ਛੋਕਰੀ ਨਾਲ ਯਾਰੀ ਹੈ ਜਾਂ ਨਹੀਂ। ਇਹਨਾਂ ਦਾ ਤਾਂ ਉਹਨਾਂ ਨਾਲ ਬਨੇਰਾ ਸਾਂਝਾ।"
"ਸਾਡੀ ਮਸ਼ੂਕ ਏਦਾਂ ਦੀ ਨਹੀਂ ਕਿ ਹਰ ਐਰੇ-ਗੈਰੇ ਦੇ ਕਾਬੂ ਆ ਜਾਏ। ਉਹ ਤਾਂ ਇਹਦੀ ਵਲ ਅੱਖ ਚੁੱਕ ਕੇ ਵੀ ਨਹੀਂ ਦੇਖਦੀ।" ਮੰਗੂ ਨੇ ਖੁਸ਼ੀ ਭਰੀ ਅਵਾਜ਼ ਵਿੱਚ ਕਿਹਾ।
"ਜਾ ਉਏ ਮੰਗੂ ਏਨਾ ਝੂਠ ਨਾ ਬੋਲ਼ ਉਹ ਤਾਂ ਰਾਮ ਗਊ ਆ। ਪੱਠੇ ਦਿਖਾ ਕੇ ਉਹਨੂੰ ਜਿਹੜਾ ਮਰਜ਼ੀ ਚੋ ਲਵੇ।"
ਇਹ ਸੁਣ ਕੇ ਕਾਲੀ ਇਕ ਵਾਰ ਫਿਰ ਰੁਕ ਗਿਆ ਤਾਂ ਕਿ ਉਹਨਾਂ ਨੂੰ ਕੋਈ ਜਵਾਬ ਦੇਵੇ। ਪਰ ਫਿਰ ਇਹ ਸੋਚਦਾ ਹੋਇਆ ਅੱਗੇ ਵਧ ਗਿਆ ਕਿ ਜਦੋਂ ਮੁਹੱਲੇ ਦੇ ਲੋਕ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਤਾਂ ਦੂਸਰਿਆਂ ਦਾ ਮੂੰਹ ਕਿਵੇਂ ਬੰਦ ਕੀਤਾ ਜਾ ਸਕਦਾ।
ਕਾਲੀ ਘਰ ਪਹੁੰਚਿਆ ਤਾਂ ਚਾਚੀ ਮੰਜੇ ਉੱਤੇ ਲੰਮੀ ਪਈ ਸੀ। ਉਹਦੇ ਕੋਲ ਕੋਈ ਬੈਠਾ ਸੀ। ਕਾਲੀ ਉਹਨੂੰ ਹਨ੍ਹੇਰੇ ਵਿੱਚ ਪਛਾਣ ਨਾ ਸਕਿਆ ਅਤੇ ਨੇੜੇ ਆ ਕੇ ਉਹਨੂੰ ਦੇਖਦਾ ਹੋਇਆ ਬੋਲਿਆ:
"ਚਾਚੀ।"
"ਆ ਗਿਆ ਕਾਕਾ! ਮੇਰਾ ਤਾਂ ਫਿਕਰ ਨਾਲ ਦਿਲ ਡੁੱਬ ਰਿਹਾ ਸੀ। ਕੋਈ ਚੰਗੀ ਗੱਲ ਮਨ 'ਚ ਆਉਂਦੀ ਹੀ ਨਹੀਂ ਸੀ।"
ਚਾਚੀ ਪਰਮਾਤਮਾ ਨੂੰ ਯਾਦ ਕਰਦੀ ਹੋਈ ਉੱਠ ਪਈ। ਕਾਲੀ ਉਹਦੇ ਸਾਹਮਣੇ ਦੂਸਰੀ ਮੰਜੀ ਉੱਤੇ ਬਹਿਣ ਲੱਗਾ ਤਾਂ ਗਿਆਨੋ ਉੱਠ ਕੇ ਖੜ੍ਹੀ ਹੋ ਗਈ।
"ਗਿਆਨੋ ਪੁੱਤ, ਤੂੰ ਕਿਉਂ ਖੜੀ ਹੋ ਗਈ?" ਫਿਰ ਉਹ ਕਾਲੀ ਨੂੰ ਕਹਿਣ ਲੱਗੀ:
"ਵਿਚਾਰੀ ਦਿਨ ਡੁੱਬਣ ਤੋਂ ਬਾਅਦ ਦਸ ਚੱਕਰ ਲਾ ਚੁੱਕੀ ਆ। ਇਹ ਕੁੜੀ ਨਾ ਹੁੰਦੀ ਤਾਂ ਮੈਂ ਤਾਂ ਹੌਲ ਨਾਲ ਹੀ ਮਰ ਜਾਂਦੀ।"
ਕਾਲੀ ਨੇ ਗਿਆਨੋ ਵਲ ਦੇਖਿਆ ਤਾਂ ਉਹਨੂੰ ਬਲਵੰਤ ਅਤੇ ਦਿਲਸੁੱਖ ਦੀਆਂ ਸਾਰੀਆਂ ਗੱਲਾਂ ਯਾਦ ਆ ਗਈਆਂ। ਉਹ ਦੂਸਰੇ ਮੰਜੇ ਉੱਤੇ ਲੰਮਾ ਪੈਂਦਾ ਬੋਲਿਆ:
"ਚਾਚੀ ਤੂੰ ਹਨ੍ਹੇਰਾ ਕਿਉਂ ਕਰ ਰੱਖਿਆ?"
"ਕਾਕਾ, ਜਦੋਂ ਤੂੰ ਇੱਥੇ ਨਹੀਂ ਹੁੰਦਾ ਤਾਂ ਮੇਰੇ ਲਈ ਤਾਂ ਦਿਨ ਵਿੱਚ ਵੀ ਹਨ੍ਹੇਰਾ ਹੀ ਰਹਿੰਦਾ।" ਚਾਚੀ ਦੀਵਾ ਜਗਾਉਣ ਲਈ ਉੱਠੀ ਤਾਂ ਕਾਲੀ ਨੇ ਗਿਆਨੋ ਨੂੰ ਬਹੁਤ ਹੀ ਧੀਮੀ ਅਵਾਜ਼ ਵਿੱਚ ਕਿਹਾ:
"ਤੂੰ ਘਰ ਚਲੇ ਜਾ, ਮੰਗੂ ਆ ਰਿਹਾ। ਉਹਨੇ ਸ਼ਰਾਬ ਪੀਤੀ ਹੋਈ ਆ।"
ਗਿਆਨੋ ਨੇ ਉਹਦੀ ਗੱਲ ਅਣਸੁਣੀ ਕਰਦਿਆਂ ਕਿਹਾ:
"ਕੀ ਬਹੁਤ ਸੱਟ ਲੱਗੀ ਆ?"
"ਨਹੀਂ।" ਉਹਨੇ ਗੁੱਸੇ ਭਰੀ ਅਵਾਜ਼ ਵਿੱਚ ਗਿਆਨੋ ਨੂੰ ਕਿਹਾ:
"ਚਲੀ ਜਾ ਨਾ, ਨਹੀਂ ਤਾਂ ਮੰਗੂ ਕੁੱਟੂਗਾ।"
ਗਿਆਨੋ ਨੂੰ ਕਾਲੀ ਦੇ ਲਹਿਜੇ ਤੋਂ ਸ਼ੱਕ ਹੋ ਗਿਆ ਕਿ ਉਹਦੇ ਬਹੁਤ ਸੱਟ ਲੱਗੀ ਹੈ। ਕਾਲੀ ਨੇ ਉਹਨੂੰ ਬਾਹੋਂ ਫੜ ਕੇ ਦਰਵਾਜ਼ੇ ਵਲ ਧਕਦਿਆਂ ਕਿਹਾ:
"ਚਲੀ ਜਾ। ਮੰਗੂ ਨੂੰ ਪਤਾ ਲੱਗ ਗਿਆ ਤਾਂ ਉਹ ਤੇਰੀ ਹੱਡੀ-ਪਸਲੀ ਇਕ ਕਰ ਦਊ।"
"ਨਹੀਂ ਜਾਂਦੀ। ਕੁੱਟੂਗਾ ਤਾਂ ਮੈਨੂੰ, ਤੈਨੂੰ ਕੀ?"
ਗਿਆਨੋ ਮੁਸਕਰਾਈ ਤਾਂ ਕਾਲੀ ਨੂੰ ਹਨ੍ਹੇਰੇ ਵਿੱਚ ਵੀ ਉਹਦੇ ਚਿੱਟੇ ਦੰਦ ਦਿਖਾਈ ਦਿੱਤੇ। ਚਾਚੀ ਨੇ ਦੀਵਾ ਜਗਾਇਆ ਤਾਂ ਉਹਦੀ ਹਲਕੀ ਰੌਸ਼ਨੀ ਵਿੱਚ ਕਾਲੀ ਨੂੰ ਗਿਆਨੋ ਬਹੁਤ ਸੋਹਣੀ ਲੱਗੀ ਅਤੇ ਉਹ ਮਨ ਹੀ ਮਨ ਵਿੱਚ ਸੋਚਣ ਲੱਗਾ ਕਿ ਦਿਲਸੁੱਖ ਅਤੇ ਬਲਵੰਤ ਜੋ ਕੁਝ ਕਹਿ ਰਹੇ ਸਨ ਉਹ ਬਿਲਕੁਲ ਠੀਕ ਸੀ।
ਗਿਆਨੋ ਨੂੰ ਗਲੀ ਵਿੱਚ ਆ ਕੇ ਅਹਿਸਾਸ ਹੋਇਆ ਕਿ ਸੱਚੀਂ ਹੀ ਬਹੁਤ ਦੇਰ ਹੋ ਚੁੱਕੀ ਹੈ। ਉਹ ਦੱਬੇ ਪੈਰੀਂ ਘਰ ਪਹੁੰਚੀ ਤਾਂ ਜੱਸੋ ਦੀਵੇ ਦੀ ਮੱਧਮ ਰੌਸ਼ਨੀ ਵਿੱਚ ਥੰਮੀ ਦੇ ਸਹਾਰੇ ਬੈਠੀ ਊਂਘ ਰਹੀ ਸੀ। ਆਪਣੀ ਮਾਂ ਨੂੰ ਇਸ ਤਰ੍ਹਾਂ ਢਾਸਨਾ ਲਾਈ ਬੈਠੀ ਦੇਖ ਗਿਆਨੋ ਦਾ ਮਨ ਹਮਦਰਦੀ ਨਾਲ ਭਰ ਗਿਆ ਅਤੇ ਉਹ ਬਹੁਤ ਹੀ ਪਿਆਰ ਭਰੀ ਅਵਾਜ਼ ਵਿੱਚ ਬੋਲੀ:
"ਮਾਂ।"
"ਆ ਗਈ ਤੂੰ ਸਿਰਮੁੰਨੀਏ!" ਜੱਸੋ ਨੇ ਅੱਖਾਂ ਖੋਲ੍ਹਦਿਆਂ ਕਿਹਾ, "ਕਿੱਥੇ ਮਰ ਗਈ ਸੀ ਤੂੰ? ਅਵਾਜ਼ਾਂ ਮਾਰ ਮਾਰ ਮੇਰਾ ਗਲ ਬੈਠ ਗਿਆ।"
ਗਿਆਨੋ ਨੇ ਆਪਣੀ ਮਾਂ ਦੀ ਗੱਲ ਅਣਸੁਣੀ ਕਰਦਿਆਂ ਕਿਹਾ:
"ਮਾਂ, ਕਾਲੀ ਦੇ ਬਹੁਤ ਸੱਟ ਲੱਗੀ ਹੈ। ਹੁਣ ਉਹ ਦੀਨੇ ਘੁਮਿਆਰ ਦੇ ਬੁੱਢੇ ਗਧੇ ਵਾਂਗ ਲੰਗੜਾ ਕੇ ਤੁਰਦਾ।"
"ਚੌਧਰੀਆਂ ਨਾਲ ਮੱਥਾ ਲਾਉਂਦਾ, ਸੱਟ ਨਾ ਲੱਗੂ ਤਾਂ ਹੋਰ ਕੀ ਹੋਊ।"
ਆਪਣੀ ਮਾਂ ਦੀ ਗੱਲ ਸੁਣ ਕੇ ਗਿਆਨੋ ਨੂੰ ਵਿਸ਼ਵਾਸ ਹੋ ਗਿਆ ਕਿ ਕਾਲੀ ਦੇ ਸੱਚੀਂ ਹੀ ਜ਼ਿਆਦਾ ਸੱਟ ਲੱਗੀ ਹੈ। ਇਹ ਸੋਚ ਕੇ ਉਹ ਪਰੇਸ਼ਾਨ ਹੋ ਗਈ। ਉਹ ਮੰਜੇ ਉੱਤੇ ਬੈਠੀ ਪਾਸੇ ਬਦਲਦੀ ਰਹੀ। ਪਿੰਡ ਵਿੱਚ ਪਹਿਰਾ ਸ਼ੁਰੂ ਹੋ ਗਿਆ। "ਨੱਥਾ ਸਿਹਾਂ ।।। ਜਾਗ ਬਈ! ।।। ਬਖਤਾਵਰ ਸਿਹਾਂ ਜਾਗ ਬਈ!।।। ਸੰਾਹ ਜੀ ।।। ਹੋਸ਼ਿਆਰ ਬਈ! ।।। " ਇਹ ਅਵਾਜ਼ਾਂ ਘੁੱਪ ਰਾਤ ਦੀ ਸ਼ਾਂਤੀ ਨੂੰ ਕੁਝ ਪਲਾਂ ਲਈ ਭੰਗ ਕਰ ਦਿੰਦੀਆਂ ਪਰ ਬਾਅਦ ਵਿੱਚ ਰਾਤ ਫਿਰ ਟਿਕ ਜਾਂਦੀ। ਗਿਆਨੋ ਸੋਚ ਰਹੀ ਸੀ ਕਿ ਕਾਲੀ ਦੇ ਜ਼ਿਆਦਾ ਸੱਟ ਲੱਗੀ ਹੈ, ਤਾਂ ਹੀ ਤਾਂ ਉਹ ਏਨਾ ਚਿੜਚਿੜਾ ਹੋ ਗਿਆ ਹੈ। ਫਿਰ ਉਹਨੂੰ ਮਹਿਸੂਸ ਹੋਇਆ ਕਿ ਰਾਤ ਟਿਕ ਗਈ ਹੈ। ਕੁੱਤੇ ਵੀ ਭੌਂਕ ਭੌਂਕ ਕੇ ਸੌਂ ਗਏ ਹਨ। ਸਿਰਫ ਰਾਤ ਦੀ ਸਾਂ ਸਾਂ ਅਤੇ ਮਾਂ ਦੇ ਘੁਰਾੜਿਆਂ ਦੀ ਅਵਾਜ਼ ਆ ਰਹੀ ਸੀ। ਗਿਆਨੋ ਨੇ ਪਾਸਾ ਬਦਲ ਕੇ ਮਾਂ ਵਲ ਦੇਖਿਆ। ਉਹ ਡੂੰਘੀ ਨੀਂਦ ਵਿੱਚ ਸੀ। ਉਹਦੇ ਘੁਰਾੜਿਆਂ ਦੀ ਅਵਾਜ਼ ਜਿਵੇਂ ਉਹਨੂੰ ਧਮਕੀਆਂ ਦੇ ਰਹੀ ਸੀ। ਗਿਆਨੋ ਨੇ ਸੋਚਿਆ ਕਿਉਂ ਨਾ ਜਾ ਕੇ ਕਾਲੀ ਨੂੰ ਦੇਖ ਆਵੇ। ਉਹਦੀਆਂ ਅੱਖਾਂ ਅੱਗੇ ਰੌਸ਼ਨੀ ਪਸਰ ਗਈ। ਫਿਰ ਉਹਨੂੰ ਖਿਆਲ ਆਇਆ ਕਿ ਜੇ ਮਾਂ ਜਾਗ ਪਈ ਜਾਂ ਕਿਸੇ ਨੇ ਦੇਖ ਲਿਆ ਤਾਂ ਫਿਰ ਕੀ ਹੋਊ। ਇਹ ਸੋਚ ਕੇ ਉਹਦੀਆਂ ਅੱਖਾਂ ਵਿੱਚ ਰੌਸ਼ਨੀ ਦੀ ਥਾਂ ਫਿਰ ਹਨ੍ਹੇਰਾ ਹੋ ਗਿਆ।
ਉਹ ਕੁਝ ਦੇਰ ਮੰਜੇ ਉੱਤੇ ਪਾਸੇ ਬਦਲਦੀ ਰਹੀ। ਫਿਰ ਉਹ ਉੱਠ ਖੜੀ ਹੋਈ। ਉਹਨੇ ਝੁਕ ਕੇ ਆਪਣੀ ਮਾਂ ਵਲ ਦੇਖਿਆ ਅਤੇ ਹੌਲੀ ਹੌਲੀ ਲੱਕੜੀ ਦੀ ਪੌੜੀ ਉੱਤਰ ਕੇ ਹੇਠਾਂ ਆ ਗਈ। ਉਹਨੇ ਦਰਵਾਜ਼ੇ ਦੀ ਸੰਗਲੀ ਲਾਹੀ ਅਤੇ ਇਕ ਦਰ ਖੋਲ੍ਹਿਆ ਤਾਂ ਚਿਰ-ਚਿਰ ਦੀ ਅਵਾਜ਼ ਇਸ ਤਰ੍ਹਾਂ ਆਈ ਜਿਵੇਂ ਉਹਨੂੰ ਚਿਤਾਵਨੀ ਦੇ ਰਹੀ ਹੋਵੇ। ਉਹਨੇ ਬਾਹਰ ਨਿਕਲ ਕੇ ਦਰਵਾਜ਼ੇ ਬੰਦ ਕਰਨ ਲਈ ਸੰਗਲੀ ਵਲ ਹੱਥ ਵਧਾਇਆ ਪਰ ਫਿਰ ਵਾਪਸ ਖਿੱਚ ਲਿਆ।
ਲੋਕ ਆਪਣੇ ਵਿਹੜਿਆਂ ਵਿੱਚ ਸੁੱਤੇ ਪਏ ਸਨ। ਉਹ ਆਪਣੇ ਆਪ ਨੂੰ ਸਮੇਟਦੀ ਹੋਈ ਦੱਬੇ ਪੈਰੀਂ ਹਨ੍ਹੇਰੀ ਗੱਲੀ ਵਿੱਚ ਅੱਗੇ ਵਧਦੀ ਗਈ। ਜਦੋਂ ਉਹ ਕਾਲੀ ਦੇ ਘਰ ਨੇੜੇ ਪਹੁੰਚੀ ਤਾਂ ਉਹਦੇ ਮਨ ਵਿੱਚ ਖਿਆਲ ਆਇਆ ਕਿ ਜੇ ਚਾਚੀ ਦੀ ਅੱਖ ਖੁਲ੍ਹ ਗਈ ਤਾਂ ਫਿਰ ਕੀ ਹੋਊ। ਪਰ ਜਦੋਂ ਉਹ ਕਾਲੀ ਦੇ ਘਰ ਦੇ ਸਾਹਮਣੇ ਪਹੁੰਚੀ ਤਾਂ ਸਭ ਕੁਝ ਭੁੱਲ ਗਈ ਅਤੇ ਇਕਦਮ ਅੰਦਰ ਵੜ ਗਈ।
ਇਕ ਪਾਸੇ ਮੰਜੇ ਉੱਤੇ ਕੱਛਾ ਪਾਈ ਕਾਲੀ ਸੁੱਤਾ ਪਿਆ ਸੀ। ਉਸ ਤੋਂ ਥੋੜ੍ਹੀ ਦੂਰ ਚਾਚੀ ਗਠੜੀ ਬਣੀ ਹੋਈ ਲੰਮੀ ਪਈ ਸੀ। ਉਹਦੇ ਪਿਲਪਿਲੇ ਮੂੰਹ ਵਿੱਚ ਸਾਹ ਅਜੀਬ ਜਿਹੀ ਅਵਾਜ ਕਰਦਾ ਆ ਜਾ ਰਿਹਾ ਸੀ। ਕਾਲੀ ਦੇ ਸਰਾਹਣੇ ਬੈਠ ਕੇ ਉਹ ਉਹਦੇ ਮੋਢਿਆਂ ਉੱਤੇ ਹੱਥ ਫੇਰ ਕਰ ਦੇਖਣ ਲੱਗੀ ਕਿ ਕਿੱਥੇ ਸੱਟ ਲੱਗੀ ਹੈ। ਕਾਲੀ ਹੜਬੜਾ ਕੇ ਉੱਠਿਆ ਤਾਂ ਗਿਆਨੋ ਨੇ ਉਹਦੇ ਮੂੰਹ ਉੱਤੇ ਹੱਥ ਰੱਖ ਦਿੱਤਾ ਅਤੇ ਬਹੁਤ ਧੀਮੀ ਅਵਾਜ਼ ਵਿੱਚ ਬੋਲੀ:
"ਮੈਂ ਆਂ।"
ਕਾਲੀ ਨੇ ਚਾਚੀ ਦੀ ਮੰਜੀ ਵਲ ਦੇਖਿਆ ਅਤੇ ਇਹ ਦੇਖ ਕੇ ਉਹ ਸੁੱਤੀ ਹੋਈ ਹੈ, ਉਹਨੇ ਗਿਆਨੋ ਦਾ ਹੱਥ ਫੜਿਆ ਅਤੇ ਉਹਨੂੰ ਇੱਟਾਂ ਦੇ ਚੱਕੇ ਪਿੱਛੇ ਲੈ ਗਿਆ। ਕਾਲੀ ਦੇ ਕੁਝ ਕਹਿਣ ਤੋਂ ਪਹਿਲਾਂ ਗਿਆਨੋ ਨੇ ਉਹਦੇ ਕੰਨ ਵਿੱਚ ਕਿਹਾ:
"ਕੀ ਬਹੁਤ ਸੱਟ ਲੱਗੀ ਹੈ?"
"ਨਹੀਂ।"
"ਸੱਚ।"
"ਤੇਰੀ ਸਹੁੰ।"
ਗਿਆਨੋ ਨੇ ਬੇਫਿਕਰ ਹੋ ਲੰਮਾ ਸਾਹ ਛੱਡਿਆ ਅਤੇ ਆਪਣੀ ਤਸੱਲੀ ਕਰਨ ਲਈ ਕਾਲੀ ਦੀਆਂ ਬਾਹਾਂ, ਪੱਟਾਂ, ਛਾਤੀ ਅਤੇ ਪਿੱਠ ਉੱਤੇ ਹੱਥ ਫੇਰਨ ਲੱਗੀ। ਕਾਲੀ ਦੇ ਸਰੀਰ ਵਿੱਚ ਸਨਸਨੀ ਜਿਹੀ ਹੋਣ ਲੱਗੀ ਅਤੇ ਉਹਨੇ ਗਿਆਨੋ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ।
"ਸੱਟ ਲੱਗੀ ਕਿੱਥੇ ਹੈ?"
"ਚੂਲੇ 'ਚ"।
"ਪਲੇਗ ਪਵੇ ਮੋਏ ਹਰਦੇਵ ਨੂੰ।" ਗਿਆਨੋ ਨੇ ਉਹਦੀ ਛਾਤੀ ਨਾਲ ਲਗਦਿਆਂ ਕਿਹਾ।
ਕਾਲੀ ਨੂੰ ਬਲਵੰਤ ਅਤੇ ਦਿਲਸੁੱਖ ਦੀਆਂ ਗੱਲਾਂ ਫਿਰ ਯਾਦ ਆ ਗਈਆਂ। ।।। ਕੱਚੇ ਖਰਬੂਜੇ ਵਰਗੀਆਂ ਛਾਤੀਆਂ। ਕਾਲੀ ਦਾ ਸਾਹ ਉਖੜਨ ਲੱਗਾ ਅਤੇ ਉਹਦੇ ਸਰੀਰ ਦਾ ਅਕੜੇਵਾਂ ਵਧਣ ਲੱਗਾ। ਉਹਨੇ ਗਿਆਨੋ ਨੂੰ ਘੁੱਟ ਲਿਆ। ਫਿਰ ਉਹਦੀ ਪਿੱਠ ਨੂੰ ਆਪਣੀ ਛਾਤੀ ਨਾਲ ਲਾ ਲਿਆ ਅਤੇ ਉਹਦੇ ਹੱਥ ਉਹਦੀ ਛਾਤੀਆਂ ਉੱਤੇ ਜਾ ਕੇ ਕੌਲੀਆਂ ਬਣ ਗਏ। ਗਿਆਨੋ ਨੇ ਕੁਝ ਪਲਾਂ ਲਈ ਕਾਲੀ ਦੀ ਜਕੜ ਛੁਡਾਉਣ ਦਾ ਯਤਨ ਕੀਤਾ ਪਰ ਛੇਤੀ ਹੀ ਉਹਦੇ ਹੱਥ ਢਿੱਲੇ ਪੈ ਗਏ।
ਕੁਝ ਪਲਾਂ ਲਈ ਉਹ ਉਸ ਤਰ੍ਹਾਂ ਹੀ ਖੜੇ ਰਹੇ। ਕਾਲੀ ਸਾਰੀ ਦੁਨੀਆਂ ਨੂੰ ਭੁੱਲ ਗਿਆ ਅਤੇ ਉਹਦੇ ਹੱਥ ਹੇਠਾਂ ਖਿਸਕਣ ਲੱਗੇ। ਗਿਆਨੋ ਨੇ ਇਕ ਵਾਰ ਫਿਰ ਉਹਨੂੰ ਰੋਕਣ ਦਾ ਅਸਫਲ ਯਤਨ ਕੀਤਾ। ਉਹਦਾ ਸਰੀਰ ਢਿੱਲਾ ਪੈ ਗਿਆ ਅਤੇ ਕਾਲੀ ਦੇ ਸਾਂਚੇ ਵਿੱਚ ਢਲਦਾ ਗਿਆ।
ਜਦੋਂ ਕਾਲੀ ਨੇ ਆਪਣੀ ਪਕੜ ਢਿੱਲੀ ਕੀਤੀ ਤਾਂ ਗਿਆਨੋ ਨੂੰ ਲੱਗਾ ਕਿ ਉਹ ਡਿਗ ਪਊਗੀ। ਉਹਨੇ ਬਹੁਤ ਮੁਸ਼ਕਿਲ ਨਾਲ ਆਪਣੇ ਆਪ ਨੂੰ ਸੰਭਾਲਿਆ। ਉਹਨੂੰ ਇਕਦਮ ਡਰ ਅਤੇ ਸ਼ਰਮ ਮਹਿਸੂਸ ਹੋਣ ਲੱਗੀ। ਉਹ ਕਾਲੀ ਦੇ ਵਿਹੜੇ ਵਿੱਚੋਂ ਨਿਕਲ ਕੇ ਗਲੀ ਵਿੱਚ ਆ ਗਈ। ਉਹਨੇ ਘਰ ਆ ਕੇ ਅੰਦਰੋਂ ਦਰਵਾਜ਼ੇ ਨੂੰ ਸੰਗਲੀ ਚਾੜ੍ਹ ਦਿੱਤੀ। ਉਹਨੇ ਆਪਣੀ ਸਲਵਾਰ ਲਾਹ ਦਿੱਤੀ ਅਤੇ ਉਹਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਨਿਚੋੜ ਕੇ ਪੌੜੀ ਦੇ ਡੰਡੇ ਨਾਲ ਲਟਕਾ ਦਿੱਤਾ। ਉਹ ਲੱਕ ਦੁਆਲੇ ਦੁਪੱਟਾ ਲਪੇਟ ਕੇ ਛੱਤ ਉੱਤੇ ਚਲੀ ਗਈ ਅਤੇ ਆਪਣੀ ਮੰਜੀ ਉੱਤੇ ਏਦਾਂ ਡਿੱਗੀ ਜਿਵੇਂ ਉਸ ਦਾ ਸਾਹ ਸੱਤ ਇਕਦਮ ਖਤਮ ਹੋ ਗਿਆ ਹੋਵੇ। ਉਹ ਮੂੰਹ ਵਿੱਚ ਕੱਪੜਾ ਤੁੰਨ ਕੇ ਰੋਣ ਲੱਗੀ।
23
ਸੰਤਾ ਸਿੰਘ ਨੇ ਬੋਰੀ ਵਿੱਚਲੇ ਸਾਰੇ ਸੰਦ ਜ਼ਮੀਨ ਉੱਤੇ ਉਲਟਾ ਦਿੱਤੇ ਅਤੇ ਉਹਨਾਂ ਨੂੰ ਛਾਂਟਦਾ ਹੋਇਆ ਬੋਲਿਆ:
"ਅੱਜ ਸ਼ਰਤ ਲਾ ਕੇ ਕੰਮ ਕਰਾਂਗੇ। ਕੱਲ੍ਹ ਤਕਾਲਾਂ ਤੱਕ ਇਹ ਕੰਧ ਪੂਰੀ ਕਰਨੀ ਹੈ।"
"ਮੈਂ ਤਿਆਰ ਹਾਂ।"
ਕਾਲੀ ਹੱਥ ਝਾੜਦਾ ਹੋਇਆ ਉੱਠ ਖੜਾ ਹੋਇਆ ਅਤੇ ਗਾਰੇ ਦੀ ਕੜਾਹੀ ਕੰਧ ਨਾਲ ਲੱਗੇ ਫੱਟੇ ਉੱਤੇ ਰੱਖ ਕੇ ਛੇਤੀ ਛੇਤੀ ਇੱਟਾਂ ਫੜਾਉਣ ਲੱਗਾ। ਮਿਸਤਰੀ ਸੰਤਾ ਸਿੰਘ ਦੇ ਹੱਥ ਬਹੁਤ ਤੇਜ਼ ਚੱਲ ਰਹੇ ਸਨ। ਉਹ ਹੱਥ ਵਿੱਚ ਇੱਟ ਨੂੰ ਉਛਾਲ ਕੇ ਚਾਰਾਂ ਪਾਸਿਆਂ ਤੋਂ ਧਿਆਨ ਨਾਲ ਦੇਖਦਾ ਅਤੇ ਉਹਦੇ ਹੇਠਾਂ ਗਾਰਾ ਲਾ ਕੇ ਕੰਧ ਉੱਤੇ ਰੱਖ ਦਿੰਦਾ। ਉਹ ਹਰ ਇੱਟ ਬਾਰੇ ਟਿੱਪਣੀ ਕਰਦਾ ਕਿ ਇਹ ਜ਼ਿਆਦਾ ਪੱਕ ਗਈ ਹੈ, ਇਹ ਕੱਚੀ ਰਹਿ ਗਈ ਹੈ, ਇਹ ਬਿਲਕੁਲ ਠੀਕ ਪੱਕੀ ਹੈ। ਗਾਰੇ ਵਿੱਚ ਕਦੇ ਪੱਥਰ ਆ ਜਾਂਦਾ ਤਾਂ ਉਹ ਉਹਨੂੰ ਕਾਂਡੀ ਨਾਲ ਬਾਹਰ ਸੁੱਟਦਾ ਹੋਇਆ ਕਹਿੰਦਾ ਕਿ ਗਾਰਾ ਮੱਖਣ ਵਾਂਗ ਨਰਮ ਅਤੇ ਸਾਫ ਹੋਵੇ ਤਾਂ ਇੱਟ ਝੱਟ ਜੰਮ ਜਾਂਦੀ ਹੈ ਅਤੇ ਕੰਧ ਦੀ ਉਮਰ ਲੰਮੀ ਹੁੰਦੀ ਹੈ।
ਧੁੱਪ ਵਧਣ ਦੇ ਨਾਲ ਨਾਲ ਮਿਸਤਰੀ ਸੰਤਾ ਸਿੰਘ ਦੇ ਹੱਥ ਸੁਸਤ ਹੁੰਦੇ ਗਏ ਅਤੇ ਪਾਰਾ ਚੜ੍ਹਦਾ ਗਿਆ। ਤੇਹ ਲੱਗੀ ਤਾਂ ਪਾਣੀ ਪੀਣ ਲਈ ਉਹਨੂੰ ਮਹਾਸ਼ੇ ਦੀ ਦੁਕਾਨ 'ਤੇ ਜਾਣਾ ਪਿਆ। ਉਹ ਵਾਪਸ ਆ ਕੇ ਬਹੁਤ ਤਲਖ ਅਵਾਜ਼ ਵਿੱਚ ਬੋਲਿਆ:
"ਮੈਂ ਚਮਾਰਾਂ ਦਾ ਕੰਮ ਇਸ ਦੁੱਖ ਦਾ ਮਾਰਿਆ ਨਹੀਂ ਲੈਂਦਾ। ਹੁਣੇ ਪਾਣੀ ਪੀ ਕੇ ਆਇਆਂ, ਫਿਰ ਥਿਆ ਲੱਗਣ ਲੱਗੀ ਹੈ।"
"ਨੰਦ ਸਿੰਘ ਦੇ ਘਰੋਂ ਪਾਣੀ ਲਿਆ ਦੇਵਾਂ, ਉਹ ਤਾਂ ਤੇਰਾ ਸਿੱਖ ਭਰਾ ਹੈ।"
"ਹੌਲੀ ਬੋਲ, ਮੇਰਾ ਉਹਦਾ ਕੀ ਰਿਸ਼ਤਾ। ਉਹ ਮਜਬ੍ਹੀ ਸਿੱਖ ਹੈ।" ਸੰਤਾ ਸਿੰਘ ਨੇ ਨੰਦ ਸਿੰਘ ਨੂੰ ਗਾਲ੍ਹ ਕੱਢਦਿਆਂ ਕਿਹਾ।
"ਪਰ ਗੁਰੂ ਦਾ ਸਿੱਖ ਤਾਂ ਹੈ।"
"ਸਿੱਖ ਬਣ ਜਾਣ ਦਾ ਇਹ ਮਤਲਬ ਤਾਂ ਨਹੀਂ ਕਿ ਉਹ ਚਮਾਰ ਨਹੀਂ ਰਿਹਾ। ਧਰਮ ਬਦਲਣ ਨਾਲ ਜਾਤ ਤਾਂ ਨਹੀਂ ਬਦਲ ਜਾਂਦੀ।" ਸੰਤਾ ਸਿੰਘ ਨੇ ਇਕ ਇੱਟ ਨੂੰ ਦੋ ਹਿੱਸਿਆਂ ਵਿੱਚ ਤੋੜਦਿਆਂ ਕਿਹਾ।
ਜਦੋਂ ਸੂਰਜ ਸਿਰ 'ਤੇ ਆ ਗਿਆ ਅਤੇ ਲੂੰ ਚੱਲਣ ਲੱਗੀ ਤਾਂ ਸੰਤਾ ਸਿੰਘ ਫੱਟੇ ਤੋਂ ਹੇਠਾਂ ਉੱਤਰ ਆਇਆ। ਉਹ ਬਾਲਟੀ ਵਿੱਚ ਹੱਥ ਧੋ ਕੇ ਕੰਧ ਵਲ ਦੇਖਦਾ ਹੋਇਆ ਬੋਲਿਆ:
"ਅੱਜ ਧੁੱਪ ਬਹੁਤ ਤੇਜ਼ ਹੈ। ਮੈਂ ਦਿਨ ਢਲੇ ਹੀ ਆਊਂਗਾ।"
"ਠੀਕ ਹੈ। ਮੈਂ ਵੀ ਸਕੂਲ ਦੇ ਮੁਨਸ਼ੀ ਕੋਲ ਜਾਣਾ। ਕੱਲ੍ਹ ਉਹਦਾ ਸੱਦਾ ਆਇਆ ਸੀ।"
"ਮੰਗੂ ਦੀ ਭੈਣ ਵਲੋਂ ਵੀ ਸੱਦਾ ਆਇਆ ਕਿ ਨਹੀਂ?"
ਸੰਤਾ ਸਿੰਘ ਨੇ ਸ਼ਰਾਰਤ ਭਰੀਆਂ ਨਜ਼ਰਾਂ ਨਾਲ ਕਾਲੀ ਵਲ ਦੇਖਿਆ ਅਤੇ ਖਿੜਖਿੜਾ ਕੇ ਹਸਦਾ ਹੋਇਆ ਬੋਲਿਆ:
"ਪੁੱਤਰਾ, ਤੂੰ ਕਿਸਮਤ ਦਾ ਧਨੀ ਆਂ। ਮੌਜ ਕਰ ਰਿਹੈਂ, ਮੌਜ ਕਰਦਿਆਂ ਸਾਨੂੰ ਵੀ ਯਾਦ ਕਰ ਲਿਆ ਕਰ।"
ਸੰਤਾ ਸਿੰਘ ਗਲੀ ਵਿੱਚ ਆ ਗਿਆ ਤਾ ਕਾਲੀ ਸਾਮਾਨ ਸਮੇਟ ਕੇ ਕੋਠੜੀ ਵਿੱਚ ਜਾ ਵੜਿਆ ਅਤੇ ਦੋਨੋਂ ਦਰ ਢੋਅ ਕੇ ਮੰਜੇ ਉੱਤੇ ਪੈ ਗਿਆ। ਚਾਚੀ ਦੀ ਗੈਰਹਾਜ਼ਰੀ ਵਿੱਚ ਉਹਨੂੰ ਚੈਨ ਜਿਹਿਆ ਮਿਲਿਆ।
ਕਾਲੀ ਨਹਾ ਹਟਿਆ ਤਾਂ ਚਾਚੀ ਨੇ ਉਹਦੇ ਹੱਥ 'ਤੇ ਮੱਕੀ ਦੀਆਂ ਚਾਰ ਰੋਟੀਆਂ ਰੱਖ ਦਿੱਤੀਆਂ। ਉਹ ਉਹਨਾਂ ਨੂੰ ਘੂਰਦਾ ਹੋਇਆ ਬੋਲਿਆ:
"ਮੱਕੀ ਦੀਆਂ ਰੋਟੀਆਂ ਪਕਾਈਆਂ, ਕੀ ਕਣਕ ਦਾ ਆਟਾ ਮੁੱਕ ਗਿਆ?"
"ਮੁੱਕਿਆ ਤਾਂ ਨਹੀਂ ਕਾਕਾ। ਰੋਜ਼ ਕਣਕ ਦੀ ਰੋਟੀ ਖਾਂਵਾਂਗੇ ਤਾਂ ਗੁਜ਼ਾਰਾ ਕਿੱਦਾਂ ਚੱਲੂ। ਸਾਡੇ ਘਰਾਂ 'ਚ ਤਾਂ ਕਣਕ ਦੀ ਰੋਟੀ ਸੁਗਾਤ ਸਮਝੀ ਜਾਂਦੀ ਆ। ਮੁਹੱਲੇ 'ਚ ਜਾ ਕੇ ਦੇਖ ਲੈ, ਲੋਕ ਆਮ ਤੌਰ 'ਤੇ ਮੱਕੀ ਅਤੇ ਬਾਜਰਾ ਹੀ ਖਾਂਦੇ ਆ।"
ਚਾਚੀ ਨੇ ਕਾਲੀ ਨੂੰ ਸਮਝਾਇਆ।
ਰੋਟੀ ਖਾਣ ਬਾਅਦ ਕਾਲੀ ਨੇ ਗਾਰੇ 'ਤੇ ਪਾਣੀ ਛਿੜਕਿਆ ਅਤੇ ਕੋਠੜੀ ਵਿੱਚ ਆ ਕੇ ਮੰਜੇ ਉੱਤੇ ਲੰਮਾ ਪੈਂਦਾ ਬੋਲਿਆ:
"ਅੱਜ ਬਹੁਤ ਗਰਮੀ ਹੈ।"
"ਕਾਕਾ ਹਾੜ ਬੀਤਦਾ।"
ਚਾਚੀ ਨੇ ਰੋਟੀ ਖਾਂਦਿਆਂ ਪੋਪਲੇ ਮੂੰਹ ਨਾਲ ਕਿਹਾ। ਉਹ ਹੌਲੀ ਹੌਲੀ ਰੋਟੀ ਚਿੱਥਦੀ ਆਪਣੇ ਬੁਢਾਪੇ ਨੂੰ ਕੋਸ ਰਹੀ ਸੀ। ਕਾਲੀ ਨੂੰ ਮੰਜੇ ਉੱਤੇ ਪਾਸੇ ਬਦਲਦਾ ਦੇਖ ਉਹ ਬੋਲੀ:
"ਜਾ, ਤਕੀਏ 'ਚ ਚਲਾ ਜਾ, ਉੱਥੇ ਹਵਾ ਵਗਦੀ ਹੋਊ।"
"ਮੈਨੂੰ ਬੜੇ ਮੁਨਸ਼ੀ ਨੇ ਸੱਦਿਆ। ਸਕੂਲ ਜਾਣਾ।"
"ਉਹਨੇ ਕਿਉਂ ਸੱਦਿਆ?"
ਚਾਚੀ ਨੇ ਗਰਾਹੀ ਨੂੰ ਆਪਣੇ ਮੂੰਹ ਨੇੜੇ ਰੋਕਦਿਆਂ ਕਿਹਾ।
"ਪਤਾ ਨਹੀਂ, ਕੱਲ੍ਹ ਨੰਦ ਸਿੰਘ ਦਾ ਵੱਡਾ ਮੁੰਡਾ ਕਹਿ ਗਿਆ ਸੀ।"
"ਕੋਈ ਨਵੀਂ ਮੁਸੀਬਤ ਨਾ ਪੈ ਜਾਵੇ। ਸਰਕਾਰੀ ਹਾਕਿਮ ਬੁਲਾਵੇ ਤਾਂ ਡਰ ਲਗਦਾ। ਪਰ ਮੁਨਸ਼ੀ ਵਿਚਾਰਾ ਤਾਂ ਮੁੰਡੇ ਪੜ੍ਹਾਉਂਦਾ। ਕਾਕਾ ਉਹਨੂੰ ਤੇਰੇ ਨਾਲ ਕੀ ਕੰਮ ਹੋ ਸਕਦਾ?"
"ਕੋਈ ਚਿੱਠੀ ਵਗੈਰਾ ਆਈ ਹੋਣੀ ਆਂ। ਸ਼ਹਿਰ 'ਚ ਮੇਰੇ ਕੁਝ ਪੈਸੇ ਰਹਿ ਗਏ ਸੀ, ਸ਼ਾਇਦ ਉਹ ਆਏ ਹੋਣ।"
ਚਾਚੀ ਦੀ ਚਿੰਤਾ ਇਕਦਮ ਦੂਰ ਹੋ ਗਈ ਅਤੇ ਉਹ ਕਾਲੀ ਨੂੰ ਸਮਝਾਉਂਦੀ ਹੋਈ ਬੋਲੀ:
"ਕਿਸੇ ਦੇ ਸਾਹਮਣੇ ਪੈਸੇ ਨਾ ਲਈਂ। ਗੰਢ ਬੰਨ ਕੇ ਸਿੱਧਾ ਘਰ ਆਵੀਂ।"
ਕਾਲੀ ਹੱਸਦਾ ਹੋਇਆ ਪਾਸਾ ਬਦਲ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ।
ਦਿਨ ਢਲੇ ਕਾਲੀ ਸਕੂਲ ਚਲਾ ਗਿਆ। ਵੱਡਾ ਮੁਨਸ਼ੀ ਆਪਣੇ ਕਮਰੇ ਵਿੱਚ ਥੜ੍ਹੇ ਉੱਤੇ ਬੈਠਾ ਸੀ। ਬਾਹਰ ਸਕੂਲ ਦੇ ਬੱਚੇ ਬੈਠੇ ਡਾਕ ਵੰਡਣ ਦੀ ਉਡੀਕ ਕਰ ਰਹੇ ਸਨ। ਮੁਨਸ਼ੀ ਨੇ ਹਰ ਪਿੰਡ ਦੀ ਡਾਕ ਦੀ ਵੱਖ ਵੱਖ ਢੇਰੀ ਬਣਾ ਰੱਖੀ ਸੀ। ਉਹ ਹਰ ਚਿੱਠੀ 'ਤੇ ਲਿਖਿਆ ਪਤਾ ਧਿਆਨ ਨਾਲ ਪੜ੍ਹਦਾ ਅਤੇ ਸਾਵਧਾਨੀ ਨਾਲ ਮੁਹਰ ਲਾ ਕੇ ਉਹਨੂੰ ਸੰਬੰਧਤ ਢੇਰੀ ਉੱਤੇ ਰੱਖ ਦਿੰਦਾ। ਕਾਲੀ ਨੇ ਮੁਨਸ਼ੀ ਨੂੰ ਬੰਦਗੀ ਕੀਤੀ ਤਾਂ ਉਹਨੇ ਸਿਰ ਉੱਪਰ ਚੁੱਕਿਆ ਅਤੇ ਸਵਾਲੀਆ ਨਜ਼ਰ ਨਾਲ ਉਹਦੇ ਵਲ ਦੇਖਣ ਲੱਗਾ। ਕਾਲੀ ਬੋਲਿਆ:
"ਮੁਨਸ਼ੀ ਜੀ ਮੇਰਾ ਨਾਂ ਕਾਲੀਦਾਸ ਹੈ। ਕੱਲ੍ਹ ਤੁਸੀਂ ਨੰਦ ਸਿੰਘ ਦੇ ਮੁੰਡੇ ਕੋਲ ।।।।।"
ਕਾਲੀ ਹਾਲੇ ਗੱਲ ਵੀ ਪੂਰੀ ਨਹੀਂ ਸੀ ਕਰ ਸਕਿਆ ਕਿ ਮੁਨਸ਼ੀ ਖੁਸ਼ੀ ਵਿੱਚ ਬੋਲਿਆ:
"ਅੱਛਾ-ਅੱਛਾ, ਯਾਦ ਆ ਗਿਆ। ਤੇਰਾ ਮਨੀਆਰਡਰ ਆਇਆ। ਮਨੀਆਰਡਰ 'ਤੇ ਇਹ ਨਾਂ ਪੜ੍ਹ ਕੇ ਮੈਂ ਸ਼ਸ਼ੋਪੰਜ 'ਚ ਪੈ ਗਿਆ। ਮੈਂ ਹੈਰਾਨ ਸਾਂ ਕਿ ਇਸ ਨਾਂ ਦਾ ਇਸ ਪਿੰਡ 'ਚ ਕਦੇ ਖੱਤ ਨਹੀਂ ਆਇਆ, ਅੱਜ ਮਨੀਆਰਡਰ ਕਿੱਥੋਂ ਆ ਗਿਆ। ਫਿਰ ਮੈਂ ਸਾਰੇ ਨਿਆਣਿਆਂ ਨੂੰ ਪੁੱਛਿਆ ਤਾਂ ਨੰਦ ਸਿੰਘ ਦੇ ਮੁੰਡੇ ਨੇ ਕਿਹਾ ਉਹਦੇ ਮੁਹੱਲੇ 'ਚ ਇਸ ਨਾਂ ਦਾ ਇਕ ਆਦਮੀ ਰਹਿੰਦਾ।" ਮੁਨਸ਼ੀ ਕਾਲੀ ਨੂੰ ਇਕ ਵਾਰ ਫਿਰ ਧਿਆਨ ਨਾਲ ਦੇਖ ਕੇ ਬੋਲਿਆ: "ਅੱਗੇ ਲਈ ਮੇਰੀ ਗੱਲ ਪੱਲੇ ਬੰਨ ਲੈ। ਆਪਣੇ ਨਾਂ ਨਾਲ ਬਲਦ ਜਾਂ ਜਾਤ ਜਾਂ ਦੋਨੋਂ ਜ਼ਰੂਰ ਲਿਖਿਆ ਕਰ। ਉਹਦੇ ਨਾਲ ਕਿਸੇ ਗੜਬੜ ਦਾ ਮੌਕਾ ਨਹੀਂ ਰਹਿੰਦਾ। ਜੇ ਇਸ ਪਿੰਡ 'ਚ ਤੇਰੇ ਨਾਂ ਦਾ ਕੋਈ ਹੋਰ ਬੰਦਾ ਹੁੰਦਾ ਤੇ ਇਹ ਮਨੀਆਰਡਰ ਲੈ ਜਾਂਦਾ ਤਾਂ ਤੇਰੇ ਪੈਸੇ ਜਾਂਦੇ, ਉਸ ਆਦਮੀ ਨੂੰ ਹੱਥਕੜੀ ਲੱਗ ਜਾਂਦੀ ਅਤੇ ਮੈਂ ਨੌਕਰੀ ਤੋਂ ਬਰਖਾਸਤ ਹੋ ਜਾਂਦਾ।"
ਉਹ ਸਾਹਮਣੇ ਪਈਆਂ ਚਿੱਠੀਆਂ 'ਤੇ ਝੁਕਦਾ ਹੋਇਆ ਕਾਲੀ ਨੂੰ ਕਹਿਣ ਲੱਗਾ:
"ਮੈਂ ਡਾਕ ਵੰਡ ਦਿਆਂ, ਤੂੰ ਏਨੇ ਚਿਰ 'ਚ ਦੋ ਗਵਾਹ ਲੈ ਆ।"
ਗਵਾਹ ਦਾ ਨਾਂ ਸੁਣ ਕੇ ਕਾਲੀ ਚੌਂਕ ਪਿਆ।
"ਗਵਾਹ ਕਿਸ ਲਈ?"
"ਇਹ ਤਸਦੀਕ ਕਰਨ ਲਈ ਕਿ ਤੈਨੂੰ ਤੇਰੀ ਰਕਮ ਮਿਲ ਗਈ ਹੈ। ਗਵਾਹ ਨੂੰ ਪੜ੍ਹਨਾ ਤੇ ਦਸਖਤ ਕਰਨੇ ਆਉਂਦੇ ਹੋਣ ਤਾਂ ਚੰਗੀ ਗੱਲ ਹੈ। ਹਾਂ, ਉਹਨਾਂ ਦਾ ਬਾਲਗ ਹੋਣਾ ਜ਼ਰੂਰੀ ਹੈ।"
ਕਾਲੀ ਇਸ ਸੋਚ 'ਚ ਡੁੱਬਿਆ ਕਿ ਗਵਾਹੀ ਦੇਣ ਨੂੰ ਕਿਸ ਨੂੰ ਕਹੇ, ਡਾਕਟਰ ਬਿਸ਼ਨਦਾਸ ਦੀ ਦੁਕਾਨ ਉੱਤੇ ਆ ਗਿਆ। ਡਾਕਟਰ ਕੰਧ ਨਾਲ ਢੋਅ ਲਾਈ ਕੋਈ ਕਿਤਾਬ ਪੜ੍ਹ ਰਿਹਾ ਸੀ। ਕਾਲੀ ਬੰਦਗੀ ਕਰ ਦਹਿਲੀਜ਼ ਦੇ ਨਾਲ ਬੈਠਦਾ ਹੋਇਆ ਬੋਲਿਆ:
"ਡਾਕਟਰ ਜੀ, ਕੀ ਪੜ੍ਹ ਰਹੇ ਹੋ?"
"ਇਹ ਸੋਵੀਅਤ ਯੂਨੀਅਨ ਤੋਂ ਨਵੀਂ ਕਿਤਾਬ ਆਈ ਹੈ। ਇਸ ਵਿੱਚ ਕਲਾਸ ਸਟਰਗਲ ਅਤੇ ਵਿਰੋਧੀ ਜਮਾਤਾਂ ਦੇ ਕਰੈਕਟਰ ਦਾ ਵਿਸ਼ਲੇਸ਼ਣ ਕੀਤਾ ਹੋਇਆ।"
ਡਾਕਟਰ ਨੇ ਸਿੱਧਾ ਬੈਠਦਿਆਂ ਕਿਹਾ। ਕਾਲੀ ਦੀ ਸਮਝ 'ਚ ਕੁਝ ਨਾ ਆਇਆ। ਉਸ ਦੇ ਚਿਹਰੇ ਉੱਤੇ ਹੈਰਾਨੀ ਦੇ ਪਰਛਾਵੇਂ ਪੈ ਗਏ ਤਾਂ ਡਾਕਟਰ ਮੁਸਕਰਾਉਂਦਾ ਹੋਇਆ ਬੋਲਿਆ:
"ਇਸ ਵਿੱਚ ਸਮਾਜ ਦੇ ਵੱਖ ਵੱਖ ਤਬਕਿਆਂ ਦੀਆਂ ਖਾਸੀਅਤਾਂ ਦੱਸੀਆਂ ਗਈਆਂ। ਅਤੇ ਇਹ ਦੱਸਿਆ ਗਿਆ ਕਿ ਇਹਨਾਂ ਤਬਕਿਆਂ ਵਿੱਚ ਟਕਰਾਅ ਕਿਉਂ ਜ਼ਰੂਰੀ ਹੈ।"
ਡਾਕਟਰ ਦੀ ਗੱਲ ਲੰਮੀ ਹੋਣ ਲੱਗੀ ਤਾਂ ਕਾਲੀ ਉਹਨੂੰ ਟੋਕਦਾ ਹੋਇਆ ਬੋਲਿਆ:
"ਡਾਕਟਰ ਜੀ, ਮੈਂ ਤੁਹਾਡੇ ਕੋਲ ਇਕ ਕੰਮ ਆਇਆ ਸੀ।"
"ਕੀ?"
"ਮੇਰਾ ਮਨੀਆਰਡਰ ਆਇਆ। ਤੁਹਾਡੀ ਗਵਾਹੀ ਚਾਹੀਦੀ ਹੈ। ਤੁਹਾਨੂੰ ਡਾਕਖਾਨੇ ਜਾਣਾ ਹੋਊ।"
"ਮਨੀਆਰਡਰ ਕਿੱਥੋਂ ਆ ਗਿਆ?"
"ਕਾਨ੍ਹਪੁਰ ਤੋਂ ਮਿੱਲ ਵਾਲਿਆਂ ਨੇ ਮੇਰੀ ਮਜੂਰੀ ਦਾ ਹਿਸਾਬ ਕਰ ਕੇ ਭੇਜਿਆ ਹੋਣਾਂ।"
ਡਾਕਟਰ ਨੇ ਕੁੜੀ ਨੂੰ ਸੱਦ ਕੇ ਦੁਕਾਨ ਉੱਤੇ ਬਿਠਾ ਦਿੱਤਾ ਅਤੇ ਕਾਲੀ ਨਾਲ ਤੁਰ ਪਿਆ। ਜਦੋਂ ਉਹ ਗਲੀ ਵਿੱਚ ਆ ਗਏ ਤਾਂ ਕਾਲੀ ਬੋਲਿਆ:
"ਡਾਕਟਰ ਜੀ, ਇਕ ਗਵਾਹ ਹੋਰ ਚਾਹੀਦਾ।"
"ਕੋਈ ਗੱਲ ਨਹੀਂ। ਦੁਕਾਨਾਂ ਵਲ ਦੀ ਚਲਦੇ ਆਂ। ਹਕੀਮਾਂ ਦਾ ਓਮਾ ਮਿਲ ਗਿਆ ਤਾਂ ਉਹਨੂੰ ਲੈ ਚੱਲਾਂਗੇ। ਜੇ ਉਹ ਨਾ ਮਿਲਿਆ ਤਾਂ ਕਿਸੇ ਹੋਰ ਨੂੰ ਫੜ ਲਵਾਂਗੇ।"
ਕਾਲੀ ਦਾ ਦੁਕਾਨਾਂ ਵਲ ਦੀ ਜਾਣ ਨੂੰ ਜੀਅ ਨਹੀਂ ਚਾਹੁੰਦਾ ਸੀ ਅਤੇ ਜਦੋਂ ਡਾਕਟਰ ਨੇ ਥਾਣੇ ਦੀ ਗੱਲ ਸ਼ੁਰੂ ਕਰ ਦਿੱਤੀ ਤਾਂ ਉਹਦਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਪਰ ਉਸ ਪਾਸਿਓਂ ਦੀ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।
ਓਮੇ ਨੂੰ ਨਾਲ ਲੈ ਕੇ ਉਹ ਡਾਕਖਾਨੇ ਪਹੁੰਚ ਗਏ। ਮੁਨਸ਼ੀ ਬੱਚਿਆਂ ਨੂੰ ਡਾਕ ਦੇ ਕੇ ਭੇਜ ਚੁੱਕਿਆ ਸੀ। ਉਹਨੇ ਡਾਕਟਰ ਅਤੇ ਓਮੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਫਿਰ ਉਹ ਹੀ ਨਸੀਅਤ ਦੁਹਰਾਈ ਜਿਹੜੀ ਉਹ ਪਹਿਲਾਂ ਹੀ ਕਾਲੀ ਨੂੰ ਕਰ ਚੁੱਕਿਆ ਸੀ। ਉਹਨੇ ਆਪਣੇ ਸਾਹਮਣੇ ਪਈ ਸੰਦੂਕੜੀ ਦਾ ਤਾਲਾ ਖੋਲ੍ਹਿਆ। ਉਹਦੇ ਇਕ ਖਾਨੇ ਵਿੱਚ ਚਾਰ ਤਹਿਆਂ ਲਾ ਕੇ ਰੱਖਿਆ ਮਨੀਆਰਡਰ ਕੱਢਿਆ ਅਤੇ ਉਸ ਉੱਤੇ ਲਿਖਿਆ ਪਤਾ ਪੜ੍ਹ ਕੇ ਕਾਲੀ ਵਲ ਵਧਾਉਂਦਾ ਬੋਲਿਆ:
"ਅੰਗੂਠਾ ਲਾਊਂਗਾ ਜਾਂ ।।।"
"ਦਸਖਤ ਕਰੂੰਗਾ। ਮੈਂ ਇਸ ਹੀ ਸਕੂਲ ਵਿੱਚੋਂ ਚਾਰ ਜਮਾਤਾਂ ਪਾਸ ਕੀਤੀਆਂ ਸਨ। ਉਹਨਾਂ ਵੇਲਿਆਂ 'ਚ ਖਰਲਾਂ ਦੇ ਪੰਡਿਤ ਸ਼ਿਵਰਾਮ ਮੁਨਸ਼ੀ ਹੁੰਦੇ ਸਨ।"
ਕਾਲੀ ਨੇ ਮਨੀਆਰਡਰ ਲੈ ਕੇ ਰਕਮ ਦੇਖੀ ਅਤੇ ਮੁਨਸ਼ੀ ਤੋਂ ਕਲਮ ਲੈ ਕੇ ਦੋ ਜਗ੍ਹਾ 'ਮੁਬਲਗ ਅੱਸੀ ਰੁਪਏ ਵਸੂਲ ਪਾਏ' ਲਿਖ ਕੇ ਹੇਠਾਂ ਦਸਖਤ ਕਰ ਕੇ ਮਨੀਆਰਡਰ ਮੁਨਸ਼ੀ ਵਲ ਵਧਾ ਦਿੱਤਾ। ਮੁਨਸ਼ੀ ਨੇ ਪੜ੍ਹ ਕੇ ਉਹਨੂੰ ਮਨੀਆਰਡਰ ਵਾਪਸ ਕਰਦਿਆਂ ਕਿਹਾ:
"ਨਾਂ ਦੇ ਨਾਲ ਬਕਲਮ ਖੁਦ ਵੀ ਲਿਖ਼"
ਕਾਲੀ ਨੇ ਬਕਲਮ ਖੁਦ ਵੀ ਲਿਖ ਦਿੱਤਾ ਤਾਂ ਮੁਨਸ਼ੀ ਨੇ ਵਾਰੀ ਵਾਰੀ ਡਾਕਟਰ ਅਤੇ ਓਮੇ ਦੇ ਦਸਖਤ ਕਰਵਾਏ ਅਤੇ ਉਹਨਾਂ ਦਾ ਚੰਗੀ ਤਰ੍ਹਾਂ ਨਿਰੀਖਣ ਕਰ ਕੇ ਉਹਨੇ ਮਨੀਆਰਡਰ ਦਾ ਹੇਠਲਾ ਇਕ ਹਿੱਸਾ ਤਹਿ ਕਰਕੇ ਪਾੜਿਆ ਅਤੇ ਕਾਲੀ ਦੇ ਹੱਥ ਵਿੱਚ ਫੜਾ ਦਿੱਤਾ। ਫਿਰ ਉਹਨੇ ਮਨੀਆਰਡਰ ਸੰਦੂਕੜੀ ਵਿੱਚ ਰੱਖ ਕੇ ਚਮੜੇ ਦਾ ਇਕ ਛੋਟਾ ਜਿਹਾ ਬਸਤਾ ਕੱਢਿਆ ਅਤੇ ਉਸ ਉੱਤੇ ਲੱਗਿਆ ਛੋਟਾ ਜਿਹਾ ਤਾਲਾ ਖੋਲ੍ਹ ਕੇ ਬਹੁਤ ਸਾਵਧਾਨੀ ਨਾਲ ਉਸ ਵਿੱਚੋਂ ਦਸਾਂ-ਦਸਾਂ ਦੇ ਨੋਟ ਕੱਢੇ ਅਤੇ ਉਹਨਾਂ ਨੂੰ ਤਿੰਨ ਚਾਰ ਵਾਰ ਗਿਣਿਆ। ਦਸਾਂ-ਦਸਾਂ ਦੇ ਸੱਤ ਨੋਟ, ਇਕ ਪੰਜਾਂ ਦਾ ਨੋਟ, ਚਾਰ ਇੱਕ ਇੱਕ ਰੁਪਈਏ ਦੇ ਨੋਟ ਅਤੇ ਇਕ ਚਵਾਨੀ ਕੱਢ ਕੇ ਕਾਲੀ ਦੇ ਹੱਥ ਉੱਤੇ ਰੱਖ ਦਿੱਤੀ। ਕਾਲੀ ਨੇ ਹੈਰਾਨੀ ਨਾਲ ਮੁਨਸ਼ੀ ਵਲ ਦੇਖਦਿਆਂ ਕਿਹਾ:
"ਮੁਨਸ਼ੀ ਜੀ, ਮਨੀਆਰਡਰ ਤਾਂ ਅੱਸੀਆਂ ਰੁਪਈਆਂ ਦਾ ਅਤੇ ਤੁਸੀਂ ਮੈਨੂੰ ਸਵਾ ਉਨਾਸੀ ਰੁਪਈਏ ਦੇ ਰਹੇ ਆਂ।"
"ਬਾਰ੍ਹਾਂ ਆਨੇ ਮਹਿਸੂਲ ਵੀ ਤਾਂ ਲੱਗੂ।" ਮੁਨਸ਼ੀ ਨੇ ਉਹਦੇ ਵਲ ਘੂਰ ਕੇ ਦੇਖਦਿਆਂ ਕਿਹਾ।
"ਮਹਿਸੂਲ ਤਾ ਮਨੀਆਰਡਰ ਭੇਜਣ ਵਾਲੇ ਨੇ ਪਹਿਲਾਂ ਹੀ ਦੇ ਦਿੱਤਾ ਹੈ।"
ਮੁਨਸ਼ੀ ਨੇ ਕਾਲੀ ਦੇ ਹੱਥ ਵਿੱਚੋਂ ਚਵਾਨੀ ਚੁੱਕ ਲਈ ਅਤੇ ਇਕ ਰੁਪਈਏ ਦਾ ਨੋਟ ਉਹਦੇ ਵਲ ਸੁੱਟਦਾ ਹੋਇਆ ਬੋਲਿਆ:
"ਬਹਿਸ ਤਾਂ ਏਦਾਂ ਕਰਦਾ, ਜਿਵੇਂ ਵਕਾਲਤ ਪਾਸ ਹੋਵੇ।"
"ਮੁਨਸ਼ੀ ਜੀ, ਤੁਸੀਂ ਓਦਾਂ ਬਾਰਾਂ ਆਨੇ ਰੱਖ ਲਉ ਪਰ ਇਹ ਕਾਇਦਾ ਨਹੀਂ।" ਕਾਲੀ ਨੇ ਇਕ ਰੁਪਈਆ ਮੁਨਸ਼ੀ ਦੇ ਪੈਰ ਕੋਲ ਰੱਖਦਿਆਂ ਕਿਹਾ।
"ਮੈਂ ਮੰਗਤਾ ਨਹੀਂ ਜੋ ਤੇਰੇ ਤੋਂ ਭਿਖਿਆ ਲਵਾਂ। ਜੇ ਮੈਂ ਹੱਥ ਅੱਡਣਾ ਹੀ ਹੋਇਆ ਤਾਂ ਕਿਸੇ ਮਹਾਜਨ ਜਾਂ ਚੌਧਰੀ ਅੱਗੇ ਅੱਡੂੰ, ਚਮਾਰ ਅੱਗੇ ਨਹੀਂ ਅੱਡਦਾ"
ਡਾਕਟਰ ਵਿਸ਼ਨਦਾਸ, ਮੁਨਸ਼ੀ ਦਾ ਗੁੱਸਾ ਠੰਢਾ ਕਰਨ ਲਈ ਬੋਲਿਆ:
"ਚਲੋ ਛੱਡੋ ਮੁਨਸ਼ੀ ਜੀ।"
"ਡਾਕਟਰ, ਜੇ ਇਹਦੇ ਕੋਲ ਚਾਰ ਪੈਸੇ ਆ ਗਏ ਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਚਮਾਰ ਸ਼ਾਹੂਕਾਰ ਬਣ ਗਿਆ।"
ਕਾਲੀ ਨੇ ਪੈਸੇ ਜੇਬ ਵਿੱਚ ਪਾਏ ਅਤੇ ਡਾਕਟਰ ਅਤੇ ਓਮੇ ਦੇ ਅੱਗੇ-ਅੱਗੇ ਬਾਹਰ ਆ ਗਿਆ। ਓਮੇ ਦੇ ਬੁੱਲਾਂ 'ਤੇ ਸ਼ੈਤਾਨੀ ਭਰਿਆ ਹਾਸਾ ਸੀ। ਜਦੋਂ ਉਹ ਸਕੂਲ ਤੋਂ ਬਾਹਰ ਆ ਗਏ ਤਾਂ ਓਮਾ ਖਿੜਖਿੜਾ ਕੇ ਹੱਸਿਆ ਅਤੇ ਡਾਕਟਰ ਨੂੰ ਅੱਗੇ ਧਕਦਾ ਹੋਇਆ ਬੋਲਿਆ:
"ਅੱਜ ਕਾਲੀ ਨੇ ਮੁਨਸ਼ੀ ਦੀ ਚੰਗੀ ਤਰ੍ਹਾਂ ਖਾਤਰ ਕਰ ਦਿੱਤੀ। ਮੁਨਸ਼ੀ ਵੀ ਯਾਦ ਰੱਖੂ।"
ਕਾਲੀ ਚੁੱਪ ਰਿਹਾ ਪਰ ਡਾਕਟਰ ਬਿਸ਼ਨਦਾਸ ਬਹੁਤ ਗੰਭੀਰ ਅਵਾਜ਼ ਵਿੱਚ ਬੋਲਿਆ:
"ਜਿਸ ਤਰ੍ਹਾਂ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਹੈ ਉਸੇ ਤਰ੍ਹਾਂ ਵੱਡਾ ਤਬਕਾ ਛੋਟੇ ਤਬਕੇ ਨੂੰ ਐਕਸਪਲਾਇਟ ਕਰਦਾ, ਯਾਨੀਂ ਉਹਦੀ ਮਿਹਨਤ ਦਾ ਫਲ ਉਹਨੂੰ ਨਹੀਂ ਖਾਣ ਦਿੰਦਾ ਸਗੋਂ ਖੁਦ ਖਾ ਜਾਂਦਾ। ਇਸੇ ਨਾਲ ਕਲਾਸ ਸਟਰਗਲ ਪੈਦਾ ਹੁੰਦੀ ਹੈ। ਪਰ ਮਾਰਕਸਵਾਦੀ ਇਨਕਲਾਬ ਨਾਲ ਇਹ ਤਬਕਾ ਖਤਮ ਹੋ ਜਾਊਗਾ ਅਤੇ ਪ੍ਰੋਲੇਤਾਰੀਆਂ ਦਾ ਬੋਲਬਾਲਾ ਹੋਊਗਾ।"
ਓਮਾ ਡਾਕਟਰ ਦੀ ਹਰ ਗੱਲ ਉੱਤੇ ਸਿਰ ਹਿਲਾ ਰਿਹਾ ਸੀ ਪਰ ਕਾਲੀ ਆਪਣੇ ਹੀ ਖਿਆਲਾਂ ਵਿੱਚ ਗਵਾਚਾ ਹੋਇਆ ਉਹਨਾਂ ਤੋਂ ਦੋ ਕਦਮ ਅੱਗੇ ਚੱਲ ਰਿਹਾ ਸੀ।
ਜਦੋਂ ਕਾਲੀ ਚਮ੍ਹਾਰਲੀ ਵਲ ਜਾਣ ਲੱਗਾ ਤਾਂ ਡਾਕਟਰ ਉਹਨੂੰ ਰੋਕਦਾ ਹੋਇਆ ਬੋਲਿਆ:
"ਕਾਲੀ, ਆ ਦੁਕਾਨ 'ਤੇ ਚਲਦੇ ਆਂ। ਤੈਨੂੰ ਘਰ ਜਾਣ ਦੀ ਕਾਹਦੀ ਕਾਹਲੀ ਹੈ?"
"ਡਾਕਟਰ ਜੀ, ਅੱਜ ਫਿਰ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮਿਸਤਰੀ ਸੰਤਾ ਸਿੰਘ ਮੇਰੀ ਉਡੀਕ ਕਰ ਰਿਹੈ ਹੋਣਾ।"
"ਅੱਛਾ। ਸਵੇਰੇ ਸ਼ਾਮ ਕਿਸੇ ਵਕਤ ਮੇਰੇ ਕੋਲ ਆਇਆ ਕਰ। ਤੇਰੇ ਨਾਲ ਗੱਲਾਂ ਕਰਨ ਦਾ ਮਜ਼ਾ ਆਉਂਦਾ। ਇਕ-ਦੋ ਆਦਮੀਆਂ ਨੂੰ ਛੱਡ ਕੇ ਬਾਕੀ ਪਿੰਡ ਵਾਲਿਆਂ ਦੇ ਸਿਰ ਤੋਂ ਮੇਰੀਆਂ ਗੱਲਾਂ ਏਦਾਂ ਲੰਘ ਜਾਂਦੀਆਂ ਜਿੱਦਾਂ ਮੋਮ ਉੱਤੋਂ ਪਾਣੀ।"
"ਜ਼ਰੂਰ ਆਊਂਗਾ।" ਕਹਿੰਦਾ ਕਾਲੀ ਅੱਗੇ ਵੱਧ ਗਿਆ।
ਉਹ ਘਰ ਪਹੁੰਚਿਆ ਤਾਂ ਮਿਸਤਰੀ ਸੰਤਾ ਸਿੰਘ ਵਾਪਸ ਜਾਣ ਲਈ ਤਿਆਰ ਹੋ ਰਿਹਾ ਸੀ। ਕਾਲੀ ਨੂੰ ਦੇਖਦਿਆਂ ਹੀ ਬੋਲਿਆ:
"ਕੀ ਮੁਨਸ਼ੀ ਤੇਰੇ ਮੂੰਹ ਨੂੰ ਛੁਆਰਾ ਲਾਉਂਦਾ ਸੀ, ਜੋ ਤੂੰ ਏਨੀ ਦੇਰ ਕਰਤੀ?"
"ਮਨੀਆਰਡਰ ਆਇਆ ਸੀ, ਉਹਦੇ ਲਈ ਦੋ ਗਵਾਹ ਚਾਹੀਦੇ ਸਨ। ਡਾਕਟਰ ਬਿਸ਼ਨਦਾਸ ਅਤੇ ਓਮੇ ਨੂੰ ਗਵਾਹੀ ਲਈ ਲੈ ਕੇ ਗਿਆ ਸੀ। ਤੂੰ ਡਾਕਟਰ ਦੀ ਆਦਤ ਨੂੰ ਤਾਂ ਜਾਣਦਾਂ ਈ ਐਂ।"
ਮਿਸਤਰੀ ਸੰਤਾ ਸਿੰਘ ਖਿੜਖਿੜਾ ਕੇ ਹਸਦਾ ਹੋਇਆ ਬੋਲਿਆ:
"ਉਹ ਵੀ ਕੋਈ ਆਦਮੀ ਆ। ਨੈਣ ਦੇ ਸਿਆਪੇ ਵਾਂਗ ਉਹਦੀ ਗੱਲ ਖਤਮ ਹੋਣ 'ਚ ਹੀ ਨਹੀਂ ਆਉਂਦੀ। ਏਦਾਂ ਦਾ ਝੱਲੂ ਆਦਮੀ ਮੈਂ ਕਦੇ ਨਹੀਂ ਦੇਖਿਆ। ਨੱਕ ਸਾਫ ਕਰਨ ਬੈਠੂ ਤਾਂ ਅੱਧੀ ਦਿਹਾੜੀ ਸ਼ੂੰ-ਸੰੜਾਪ 'ਚ ਲੰਘਾ ਦੇਊ। ਕਿਸੇ ਵਾਹਿਗੁਰੂ, ਭਗਵਾਨ ਨੂੰ ਉਹ ਨਹੀਂ ਮੰਨਦਾ। ਕਿਸੇ ਦੇਵੀ-ਦੇਵਤੇ ਵਿੱਚ ਉਹਦਾ ਵਿਸ਼ਵਾਸ ਨਹੀਂ। ਪਿੰਡ ਦਾ ਹਰ ਵਿਹਲਾ ਨੌਜਵਾਨ ਉਹਦਾ ਯਾਰ ਆ। ਛੱਡ, ਆਪਾਂ ਉਹਤੋਂ ਕੀ ਲੈਣਾ। ਗਾਰਾ ਅਤੇ ਇੱਟਾਂ ਰੱਖ, ਕੰਮ ਸ਼ੁਰੂ ਕਰਾਂ।"
ਚਾਚੀ ਕੋਠਰੀ ਵਿੱਚ ਸੌਂ ਰਹੀ ਸੀ। ਕਾਲੀ ਦੀ ਅਵਾਜ਼ ਸੁਣ ਕੇ ਉਹ ਬਾਹਰ ਨਿਕਲ ਆਈ ਅਤੇ ਚਿੰਤਾ ਭਰੀ ਅਵਾਜ਼ ਵਿੱਚ ਬੋਲੀ:
"ਪੁੱਤਰਾ, ਕੀ ਕਿਹਾ ਮੁਨਸ਼ੀ ਨੇ? ਕਿਉਂ ਸੱਦਿਆ ਸੀ ਉਹਨੇ?"
"ਚਾਚੀ, ਮਨੀਆਰਡਰ ਆਇਆ ਸੀ। ਇਸ ਲਈ ਸੱਦਿਆ ਸੀ।"
"ਉਹ ਕੀ ਹੁੰਦਾ?"
"ਡਾਕ ਰਾਹੀਂ ਰੁਪਈਏ ਆਏ ਹਨ। ਮੈਂ ਸ਼ਹਿਰ 'ਚ ਜਿੱਥੇ ਕੰਮ ਕਰਦਾ ਸੀ, ਉੱਥੋਂ ਪੈਸੇ ਆਏ ਹਨ।"
ਚਾਚੀ ਦਾ ਮਨ ਖੁਸ਼ ਹੋ ਗਿਆ। ਕਾਲੀ ਨੂੰ ਆਪਣੀ ਹੀ ਨਜ਼ਰ ਤੋਂ ਬਚਾਉਣ ਲਈ ਉਹਨੇ ਜੀਭ ਦੰਦਾਂ ਹੇਠ ਲੈ ਲਈ ਅਤੇ ਅਟੇਰਨ ਅਤੇ ਸੂਤ ਦੀਆਂ ਅੱਟੀਆਂ ਚੁੱਕ ਕੇ ਬਾਹਰ ਚਲੀ ਗਈ।
ਸੰਤਾ ਸਿੰਘ ਅਤੇ ਕਾਲੀ ਸੂਰਜ ਛਿਪਣ ਬਾਅਦ ਵੀ ਕੰਮ ਕਰਦੇ ਰਹੇ। ਜਦੋਂ ਹਨ੍ਹੇਰਾ ਡੂੰਘਾ ਹੋ ਗਿਆ ਤਾਂ ਮਿਸਤਰੀ ਫੱਟੇ ਤੋਂ ਹੇਠਾਂ ਉੱਤਰ ਆਇਆ ਅਤੇ ਕੰਧ ਵਲ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਬੋਲਿਆ:
"ਕਾਲੀ, ਮੈਨੂੰ ਤੂੰ ਅੱਜ ਦਸ ਰੁਪਈਏ ਦੇ ਦੇ। ਕਿਸੇ ਤੋਂ ਹੱਥ ਉਧਾਰ ਲਏ ਸੀ। ਪਤਾ ਨਹੀਂ ਮੇਰਾ ਕੀ ਬਣੂਗਾ। ਸੁਣਿਆ ਪਿੰਡ ਵਾਲੇ ਨਵਾਂ ਤਖਾਣ ਲਿਆਉਣ ਨੂੰ ਫਿਰਦੇ ਆ।"
ਸੰਤਾ ਸਿੰਘ ਕੁਝ ਪਲ ਚੁੱਪ ਰਹਿ ਕੇ ਬੋਲਿਆ:
"ਤੂੰ ਸ਼ਹਿਰ ਰਹਿ ਆਇਆਂ। ਉੱਥੇ ਰਾਜ-ਤਰਖਾਣ ਦਾ ਕੰਮ ਮਿਲ ਹੀ ਜਾਂਦਾ ਹੋਣਾ।"
"ਹਾਂ, ਮਿਹਨਤ ਕਰਨ ਵਾਲਾ ਬੰਦਾ ਸ਼ਹਿਰ 'ਚ ਵਿਹਲਾ ਨਹੀਂ ਰਹਿੰਦਾ। ਉੱਥੇ ਕਮਾਈ ਆ। ਪਰ ਖਰਚੇ ਵੀ ਉਸ ਤਰ੍ਹਾਂ ਦੇ ਹੀ ਹਨ। ਮਿਸਤਰੀ ਜੀ ਪਰਦੇਸ, ਪਰਦੇਸ ਹੀ ਹੈ। ਉੱਥੇ ਤਾਂ ਕਿਸੇ ਨੂੰ ਵੱਢੀ ਉਂਗਲ ਉੱਤੇ ਪਿਸ਼ਾਬ ਕਰਨ ਲਈ ਕਹੋ ਤਾਂ ਉਹ ਇਸ ਕੰਮ ਦੇ ਪੈਸੇ ਮੰਗੂ। ਪਰ ਇਹ ਨਹੀਂ ਕਿ ਉਹ ਚਮਾਰ ਆ, ਉਹ ਘੁੰਮਿਆਰ ਆ। ਉੱਥੇ ਵੀ ਜਾਤ ਪਾਤ ਹੈਗੀ, ਪਰ ਕੋਲ ਪੈਸਾ ਹੋਵੇ ਤਾਂ ਚਮਾਰ ਵੀ ਬਾਹਮਣ ਦੇ ਬਰਾਬਰ ਬੈਠ ਸਕਦਾ।"
ਮਿਸਤਰੀ ਦਸਾਂ ਦਾ ਨੋਟ ਜੇਬ ਵਿੱਚ ਰਖਦਾ ਬੋਲਿਆ:
"ਅੱਛਾ, ਕਦੇ ਫੁਰਸਤ 'ਚ ਬਹਿ ਕੇ ਸੋਚਾਂਗੇ।"
ਸੰਤਾ ਸਿੰਘ ਦੇ ਜਾਣ ਤੋਂ ਬਾਅਦ ਕਾਲੀ ਚਾਚੀ ਦੇ ਕੋਲ ਆ ਬੈਠਿਆ ਅਤੇ ਮੂੰਹ ਲਟਕਾ ਕੇ ਬੋਲਿਆ:
"ਚਾਚੀ, ਪਿੰਡ 'ਚ ਸਾਨੂੰ ਤਾਂ ਹਰ ਆਦਮੀ ਪਸੂ ਅਤੇ ਮੂਰਖ ਸਮਝਦਾ। ਅੱਜ ਮੁਨਸ਼ੀ ਨੇ ਮੈਨੂੰ ਮੂਰਖ ਸਮਝ ਕੇ ਮੇਰੇ ਕੋਲੋਂ ਬਾਰਾਂ ਆਨੇ ਠਗਨੇ ਚਾਹੇ।"
"ਪੁੱਤਰਾ, ਤੂੰ ਏਦਾਂ ਦੀਆਂ ਗੱਲਾਂ ਨਾ ਸੋਚਿਆ ਕਰ। ਰੱਬ ਜੀ ਨੇ ਜਿਹਨੂੰ ਚਮਾਰ ਪੈਦਾ ਕੀਤਾ, ਉਹ ਚਮਾਰ ਹੀ ਰਹੂ, ਚੌਧਰੀ ਨਹੀਂ ਬਣੂ। ਸਭ ਕਰਮਾਂ ਦਾ ਫਲ ਹੈ।"
ਚਾਚੀ ਉਹਨੂੰ ਸਮਝਾਉਂਦੀ ਹੋਈ ਬੋਲੀ।
"ਕਾਕਾ, ਤੇਰੇ ਪਿਉ-ਦਾਦਾ ਵੀ ਇਸ ਪਿੰਡ 'ਚ ਰਹੇ। ਉਹ ਤਾਂ ਕਦੇ ਵੀ ਏਦਾਂ ਦੀਆਂ ਗੱਲਾਂ ਨਹੀਂ ਸੋਚਦੇ ਸਨ। ਹੱਥ ਧੋ ਕੇ ਰੋਟੀ ਖਾ ਅਤੇ ਸੌਂ ਜਾ। ਸਵੇਰ ਦਾ ਕੰਮ ਉੱਤੇ ਲੱਗਾ ਹੋਇਆਂ।"
ਕਾਲੀ ਨਹਾ-ਧੋ ਕੇ ਮੰਜੇ ਉੱਤੇ ਬੈਠਦਾ ਹੋਇਆ ਬੋਲਿਆ:
"ਲਿਆ ਚਾਚੀ ਰੋਟੀ ਦੇ ਦੇ।"
ਚਾਚੀ ਉੱਠੀ ਤਾਂ ਉਹਦਾ ਦੁਪੱਟਾ ਧੜ ਤੋਂ ਹੇਠਾਂ ਖਿਸਕ ਗਿਆ। ਕਾਲੀ ਨੇ ਸ਼ਰਮ ਦੇ ਮਾਰੇ ਮੂੰਹ ਦੂਜੇ ਪਾਸੇ ਕਰ ਲਿਆ ਅਤੇ ਖਿੱਝ ਕੇ ਬੋਲਿਆ:
"ਚਾਚੀ, ਤੂੰ ਕਮੀਜ਼ ਕਿਉਂ ਨਹੀਂ ਪਾਉਂਦੀ?"
"ਕਾਕਾ, ਗਰਮੀ ਨਾਲ ਮੇਰਾ ਸਰੀਰ ਬਲ ਰਿਹਾ ਸੀ, ਇਸ ਲਈ ਲਾਹ ਦਿੱਤੀ। ਹੁਣ ਰਾਤ ਹੋ ਗਈ ਆ, ਸਵੇਰ ਨੂੰ ਪਾ ਲਊਂ।"
ਕਾਲੀ ਰੋਟੀ ਖਾਣ ਲੱਗਾ ਤਾਂ ਚਾਚੀ ਉਹਦੇ ਕੋਲ ਆ ਬੈਠੀ ਅਤੇ ਚਿੰਤਾ ਭਰੀ ਅਵਾਜ਼ ਵਿੱਚ ਬੋਲੀ:
"ਕਾਕਾ, ਗਿਆਨੋ ਅੱਜ ਵੀ ਨਹੀਂ ਆਈ।"
ਚਾਚੀ ਸੋਚ ਵਿੱਚ ਡੁੱਬ ਗਈ ਅਤੇ ਕਾਲੀ ਜ਼ਮੀਨ ਵਲ ਘੂਰਦਾ ਹੋਇਆ ਇਸ ਤਰ੍ਹਾਂ ਰੋਟੀ ਖਾਣ ਲੱਗਾ ਜਿਵੇਂ ਜ਼ਹਿਰ ਨਿਗਲ ਰਿਹਾ ਹੋਵੇ।
--------ਚਲਦਾ--------