ਸਭ ਰੰਗ

  •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
  •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
  •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
  •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
  •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
  •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
  •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
  • ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 15 (ਨਾਵਲ )

    ਜਗਦੀਸ਼ ਚੰਦਰ   

    Address:
    India
    ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    24

    ਚਾਚੀ ਕੋਠੜੀ ਦਾ ਸਾਰਾ ਸਾਮਾਨ ਡਿਉਢੀ ਵਿੱਚ ਦੇਖ ਕੇ ਹੈਰਾਨ ਰਹਿ ਗਈ ਅਤੇ ਘਬਰਾਈ ਹੋਈ ਬੋਲੀ:
    "ਕਾਕਾ, ਤੂੰ ਇਹ ਕੀ ਕੀਤਾ? ਕੋਠੜੀ ਦਾ ਸਾਮਾਨ ਡਿਉਢੀ ਵਿੱਚ ਕਿਉਂ ਰੱਖ ਦਿੱਤਾ?"
    "ਚਾਚੀ ਸੋਚ ਰਿਹਾ ਸਾਂ ਕਿ ਲੱਗੇ ਹੱਥੀਂ ਕੋਠੜੀ ਨੂੰ ਵੀ ਕੱਚਾ-ਪੱਕਾ ਬਣਾ ਦਿਆਂ?"
    "ਪੁੱਤ, ਮੇਰੀ ਮੰਨੇ ਤਾਂ ਕੋਠੜੀ ਨੂੰ ਇਸ ਤਰ੍ਹਾਂ ਹੀ ਰਹਿਣ ਦੇ। ਡਿਉਢੀ ਪੱਕੀ ਬਣ ਗਈ ਆ। ਇਹ ਬਹੁਤ ਆ। ਹੁਣ ਵਿਆਹ ਦੀ ਫਿਕਰ ਕਰ। ਸੌ ਡੇਢ ਸੌ ਰੁਪਈਆ ਤਾਂ ਹੱਥ ਰੋਕਦਿਆਂ ਰੋਕਦਿਆਂ ਵੀ ਲੱਗ ਜਾਣਾ।।।। ਅਸੀਂ ਕੋਈ ਖੱਤਰੀ ਮਹਾਜਨ ਤਾਂ ਹੈ ਨਹੀਂ ਜੋ ਸੋਨਾ ਪਾਵਾਂਗੇ। ਚਾਂਦੀ ਦੇ ਦੋ ਚਾਰ ਗਹਿਣੇ ਅਤੇ ਸ਼ਗਨ ਲਈ ਸੋਨੇ ਦੀਆਂ ਬਾਲੀਆਂ ਜਾਂ ਨੱਕ ਦਾ ਕੋਕਾ ਬਣਾ ਲਵਾਂਗੇ। ਹੁਣ ਤਾਂ ਤੈਨੂੰ ਦਸ ਰਿਸ਼ਤੇ ਮਿਲ ਜਾਣਗੇ। ਮੈਂ ਮਰ ਗਈ ਤਾਂ ਫਿਰ ਸਾਰੀ ਉਮਰ ਦੂਸਰਿਆਂ ਦੀਆਂ ਬਹੂਆਂ ਦੇਖ ਛਾਤੀ ਪਿੱਟੇਗਾਂ।"
    ਚਾਚੀ ਕੁਝ ਪਲ ਰੁਕ ਕੇ ਬੋਲੀ:
    "ਹੁਣ ਤੂੰ ਛੋਟਾ ਨਹੀਂ। ਤੇਰੀ ਉਮਰ ਦੇ ਮੁੰਡਿਆਂ ਦੇ ਚਾਰ-ਚਾਰ ਨਿਆਣੇ ਆਂ। ਦਾਸੂ ਨੂੰ ਦੇਖ ਲੈ। ਉਹਦੇ ਤਿੰਨ ਨਿਆਣੇ ਆਂ, ਚੌਥਾ ਤਿਆਰ ਹੈ। ਦਲੀਪਾ ਤੇਰੇ ਨਾਲ ਇਕ ਸਾਲ ਛੋਟਾ, ਉਹਦੇ ਵੀ ਤਿੰਨ ਨਿਆਣੇ ਆਂ।"
    "ਅੱਛਾ-ਅੱਛਾ, ਤੈਨੂੰ ਹਮੇਸ਼ਾਂ ਵਿਆਹ ਦੀ ਹੀ ਸੁਝਦੀ ਹੈ? ਮੌਕਾ ਆਉਣ 'ਤੇ ਵਿਆਹ ਵੀ ਕਰਾ ਲਊਂ।" 
    ਚਾਚੀ ਨੇ ਕਾਲੀ ਦਾ ਕੋਰਾ ਜਵਾਬ ਸੁਣ ਕੇ ਮੂੰਹ ਦੂਸਰੇ ਪਾਸੇ ਫੇਰ ਲਿਆ ਤਾਂ ਉਹ ਉਹਦੇ ਕੋਲ ਬੈਠਦਾ ਹੋਇਆ ਬੋਲਿਆ:
    "ਚਾਚੀ ਮੈਂ ਸੋਚ ਰਿਹਾਂ ਕਿ ਕੋਠੜੀ ਪੱਕੀ ਬਣਾਉਣ ਦੀ ਥਾਂ ਹਾਲੇ ਸਿਰਫ ਪੱਕੇ ਥਮਲੇ ਹੀ ਬਣਾ ਲਵਾਂ। ਕੰਧਾਂ ਕੱਚੀਆਂ ਵੀ ਰਹਿ ਗਈਆਂ ਤਾਂ ਕੋਈ ਹਰਜ਼ ਨਹੀਂ। ਇਹਤੋਂ ਬਾਅਦ ਮੇਰਾ ਵਿਆਹ ਹੋਇਆ ਤਾਂ ਕੁੜੀ ਵਾਲੇ ਸੋਚਣਗੇ ਕਿ ਉਹਨਾਂ ਦੀ ਕੁੜੀ ਚੰਗੇ ਘਰ ਆ ਗਈ ਹੈ।" ਕਾਲੀ ਚਾਚੀ ਦੀ ਪਿੱਠ ਥਾਪੜਦਾ ਬੋਲਿਆ:
    "ਪੰਦਰਾਂ ਦਿਨਾਂ ਦਾ ਕੰਮ ਹੈ। ਉਸ ਤੋਂ ਬਾਅਦ ਤੂੰ ਮੇਰੇ ਇਕ ਛੱਡ ਦਸ ਵਿਆਹ ਕਰ ਦੇਈਂ।"
    "ਤੂੰ ਤਾਂ ਹਰ ਗੱਲ ਠੱਠੇ 'ਚ ਲੈ ਜਾਂਦਾ। ਕਾਕਾ, ਮੈਂ ਸੱਚ ਕਹਿੰਦੀ ਆਂ, ਜਿਸ ਮੁੰਡੇ ਦੇ ਸਿਰ 'ਤੇ ਕੋਈ ਨਾ ਬੈਠਾ ਹੋਵੇ, ਉਹਦੇ ਕੋਲ ਸੋਨੇ ਦੀ ਇੱਟ ਵੀ ਹੋਵੇ ਤਾਂ ਉਹਨੂੰ ਕੋਈ ਕੁੜੀ ਨਹੀਂ ਦਿੰਦਾ।" 
    "ਚਾਚੀ ਮੈਂ ਤੇਰੀ ਗੱਲ ਮੰਨਦਾਂ। ਪਰ ਪੰਦਰਾਂ ਦਿਨਾਂ 'ਚ ਕੋਈ ਫਰਕ ਨਹੀਂ ਪਊ,  ਮੈਂ ਬੁੱਢਾ ਨਹੀਂ ਹੋ ਜਾਣਾ। ਗਲੀ ਵਿੱਚ ਮੇਰੀ ਉਮਰ ਦੇ ਜ਼ਿਆਦਾ ਨਹੀਂ ਤਾਂ ਦੋ ਮੁੰਡੇ ਕੁੰਵਾਰੇ ਹੈਗੇ, ਮੰਗੂ ਅਤੇ ਜੀਤੂ।"
    "ਤੂੰ ਉਹਨਾਂ ਦੀ ਗੱਲ ਛੱਡ। ਨਿਹਾਲੀ ਦੇ ਪੱਲੇ ਪੈਸੇ ਹੁੰਦੇ ਤਾਂ ਉਹ ਜੀਤੂ ਦਾ ਵਿਆਹ ਕਈ ਸਾਲ ਪਹਿਲਾਂ ਕਰ ਦਿੰਦੀ। ਬਾਕੀ ਰਹੀ ਮੰਗੂ ਦੀ ਗੱਲ, ਉਹਦੀਆਂ ਦੋ ਕੁੜਮਾਈਆਂ ਛੁੱਟ ਚੁੱਕੀਆਂ। ਸ਼ਰਾਬੀ ਨੂੰ ਅੱਖਾਂ ਨਾਲ ਦੇਖ ਕੇ ਕੋਈ ਕੁੜੀ ਨਹੀਂ ਦਿੰਦਾ।"
    ਚਾਚੀ ਜੋਸ਼ ਭਰੀ ਅਵਾਜ਼ ਵਿੱਚ ਬੋਲੀ:
    "ਸਾਡੇ ਸਮਿਆਂ 'ਚ ਛੇ ਸਾਲ ਹੱਦ ਦਸ-ਗਿਆਰਾਂ ਸਾਲ ਦੀ ਉਮਰ 'ਚ ਵਿਆਹ ਹੋ ਜਾਂਦਾ ਸੀ। ਕਈ ਮੁੰਡੇ ਕੁੜੀਆਂ ਦੇ ਵਿਆਹ ਤਾਂ ਇਸ  ਤੋਂ ਵੀ ਛੋਟੀ ਉਮਰ 'ਚ ਹੋ ਜਾਂਦੇ ਸਨ। ਮੈਂ ਅੱਠਵੇਂ ਸਾਲ ਵਿੱਚ ਸਾਂ ਜਦੋਂ ਮੇਰਾ ਵਿਆਹ ਹੋ ਗਿਆ ਸੀ। ਤੇਰੀ ਮਾਂ ਮੈਤੋਂ ਛੋਟੀ ਉਮਰ ਵਿੱਚ ਵਿਆਹੀ ਗਈ ਸੀ। ਮੁੰਡਾ-ਕੁੜੀ ਦਸ ਸਾਲਾਂ ਤੋਂ ਉੱਪਰ ਹੋ ਜਾਂਦੇ ਤਾਂ ਲੋਕ ਉਂਗਲਾਂ ਚੁੱਕਣ ਲੱਗਦੇ ਸੀ ਕਿ ਕੋਈ  ਐਬ ਹੋਊ ਜਿਹੜਾ ਵਿਆਹ ਨਹੀਂ ਹੁੰਦਾ।" ਕਾਲੀ ਚੁੱਪ ਰਿਹਾ ਤਾਂ ਚਾਚੀ ਗੱਲ ਅੱਗੇ ਵਧਾਉਂਦੀ ਬੋਲੀ:
    "ਪ੍ਰਸਿੰਨੀ ਇਕ ਕੁੜੀ ਬਾਰੇ ਦੱਸ ਰਹੀ ਸੀ। ਉਹਦੇ ਭਰਾ ਦੇ ਸਾਲੇ ਦੀ ਕੁੜੀ ਆ। ਉਮਰ ਪੰਦਰਾਂ ਸਾਲ ਦਸਦੀ ਆ। ਉਹਦਾ ਪੇ ਗੜ੍ਹੀ ਵਿੱਚ ਜੁੱਤੀਆਂ ਬਣਾਉਂਦਾ। ਕਹਿੰਦੀ ਸੀ ਕੁੜੀ ਦਾ ਅੰਗ-ਰੰਗ ਸਭ ਠੀਕ ਆ। ਤੂੰ ਹਾਂ ਕਹਿ ਦੇਵੇਂ ਤਾਂ ਮੈਂ ਉਹਦੇ ਨਾਲ ਅੱਗੇ ਗੱਲ ਕਰਾਂ।"
    "ਅੱਛਾ, ਕੋਠੜੀ ਬਣ ਜਾਵੇ ਤਾਂ ਜਿਸ ਦਿਨ ਤੇਰੀ ਮਰਜ਼ੀ ਮੇਰਾ ਵਿਆਹ ਕਰ ਦੇਈਂ। ਹੁਣ ਤੂੰ ਕੋਠੜੀ 'ਚ ਜਾ ਕੇ ਦੇਖ ਲੈ ਕੋਈ ਚੀਜ਼ ਤਾਂ ਨਹੀਂ ਰਹਿ ਗਈ।"
    ਕਾਲੀ ਨੇ ਗੱਲ ਖਤਮ ਕਰਦਿਆਂ ਕਿਹਾ।
    ਚਾਚੀ ਡੂੰਘੀ ਸੋਚ ਵਿੱਚ ਬੈਠੀ ਰਹੀ। ਕਾਲੀ ਨੇ ਆਪਣੀ ਗੱਲ ਦੁਹਰਾਈ ਤਾਂ ਉਹਨੇ ਡਿਉਢੀ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਦੀਵਾ ਬਾਲ ਕੇ ਹੱਥ ਵਿੱਚ ਲੈ ਲਿਆ ਅਤੇ ਕਾਲੀ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕਰਦੀ ਹੋਈ ਕੋਠੜੀ ਵਲ ਵਧ ਗਈ।
    ਉਹਨੇ ਕੋਠੜੀ ਦੇ ਦੋਨੋਂ ਦਰ ਬੰਦ ਕਰ ਲਏ ਅਤੇ ਇਕ ਖੂੰਜੇ ਵਿੱਚ ਬੈਠ ਕੇ ਜ਼ਮੀਨ ਨੂੰ ਟੋਹਣ ਲੱਗੀ। ਕਾਲੀ ਉਹਦੇ ਸਿਰ ਉੱਤੇ ਖੜਾ ਹੈਰਾਨੀ ਨਾਲ ਦੇਖ ਰਿਹਾ ਸੀ। ਚਾਚੀ ਉੱਠ ਖੜੀ ਹੋਈ ਅਤੇ ਇਕ ਥਾਂ ਵਲ ਇਸ਼ਾਰਾ ਕਰਦੀ ਹੋਈ ਬੋਲੀ:
    "ਆਹ ਦੇਖ, ਪੱਕੀ ਇੱਟ ਆ ਨਾ।" ਕਾਲੀ ਨੇ ਥਾਂ ਨੂੰ ਟੋਹਿਆ ਅਤੇ ਜ਼ੋਰ ਲਾ ਕੇ ਇੱਟ ਬਾਹਰ ਕੱਢ ਲਈ ਅਤੇ ਉਹਨੂੰ ਪਰੇ ਰੱਖਦਾ ਹੋਇਆ ਬੋਲਿਆ:
    "ਆਹ ਲੈ ਇੱਟ।"
    ਚਾਚੀ ਨੇ ਉਹਨੂੰ ਪਿੱਛੇ ਹਟਾ ਫਿਰ ਉਸ ਥਾਂ ਨੂੰ ਟੋਹਿਆ। ਹੱਥਾਂ ਨਾਲ ਮਿੱਟੀ ਪੁੱਟਣ ਲੱਗੀ। ਕਾਲੀ ਦਾ ਜਦੋਂ ਗਰਮੀ ਅਤੇ ਘੁਟਣ ਨਾਲ ਸਾਹ ਰੁਕਣ ਲੱਗਾ ਤਾਂ ਉਹ ਉਹ ਚਾਚੀ ਨਾਲ ਕੁਝ ਗੁੱਸੇ ਭਰੀ ਅਵਾਜ਼ ਵਿੱਚ ਬੋਲਿਆ:
    "ਚਾਚੀ ਕੀ ਹੈ, ਹਟ ਪਾਸੇ, ਮਿੱਟੀ ਮੈਂ ਪੁੱਟ ਦਿੰਦਾਂ।"
    "ਠਹਿਰ ਕਾਕਾ।"
    ਅਤੇ ਫਿਰ ਉਹ ਉਸ ਥਾਂ ਵਲ ਇਸ਼ਾਰਾ ਕਰਦੀ ਹੋਈ ਬੋਲੀ:
    "ਏਥੋਂ ਮਿੱਟੀ ਪਾਸੇ ਕਰ ਦੇ।"
    ਕਾਲੀ ਬਾਹਰੋਂ ਰੰਬਾ ਲੈ ਆਇਆ ਅਤੇ ਮਿੱਟੀ ਪੁੱਟਣ ਲੱਗਾ ਤਾਂ ਚਾਚੀ ਬਹੁਤ ਹੌਲੀ ਅਵਾਜ਼ ਵਿੱਚ ਬੋਲੀ।
    "ਹੌਲੀ ਹੌਲੀ ਪੁੱਟ। ਰੰਬੇ ਦੀ ਅਵਾਜ਼ ਪ੍ਰੀਤੋ ਦੇ ਘਰ ਤੱਕ ਸੁਣਾਈ ਦਊ।"
    ਕਾਲੀ ਹੈਰਾਨੀ ਵਿੱਚ ਡੁੱਬਿਆ ਹੋਇਆ ਚਾਚੀ ਦੇ ਕਹਿਣ ਅਨੁਸਾਰ ਮਿੱਟੀ ਪੁੱਟਦਾ ਰਿਹਾ। ਅੱਧੇ ਘੰਟੇ ਦੀ ਪੁਟਾਈ ਬਾਅਦ ਕਾਲੀ ਨੇ ਜ਼ਮੀਨ ਵਿੱਚੋਂ ਇਕ ਘੜਾ ਕੱਢਿਆ। ਚਾਚੀ ਨੇ ਘੜਾ ਕਾਲੀ ਦੇ ਹੱਥੋਂ ਲੈ ਲਿਆ ਅਤੇ ਆਪਣਾ ਦੁਪੱਟਾ ਜ਼ਮੀਨ ਉੱਤੇ ਵਿਛਾ ਕੇ ਘੜਾ ਉਹਦੇ ਉੱਪਰ ਉਲਟ ਦਿੱਤਾ। ਉਹਦੇ ਵਿੱਚੋਂ ਚਾਂਦੀ ਦੇ ਕੁਛ ਰੁਪਈਏ ਛਣ-ਛਣ ਕਰਦੇ ਹੇਠਾਂ ਆ ਡਿੱਗੇ। ਉਹਨਾਂ ਦੇ ਨਾਲ ਚਾਂਦੀ ਦੀ ਝਾਂਜਰ, ਦੋ ਕਾਂਟੇ, ਚੌਂਕ ਅਤੇ ਫੁੱਲ ਵੀ ਨਿਕਲੇ। ਚਾਚੀ ਨੇ ਗਹਿਣੇ ਵੱਖ ਕਰ ਦਿੱਤੇ ਅਤੇ ਬੋਲੀ:
    "ਇਹ ਗਹਿਣੇ ਤੇਰੀ ਮਾਂ ਅਤੇ ਮੇਰੇ ਦੋਹਾਂ ਦੇ ਹਨ। ਪੇਕਿਆਂ ਅਤੇ ਸਹੁਰਿਆਂ ਦਿਉਂ ਸਾਨੂੰ ਦੋਹਾਂ ਨੂੰ ਇਹ ਹੀ ਮਿਲਿਆ ਸੀ। ਇਹ ਰੁਪਈਏ ਗਿਣ। ਪੰਜ ਘੱਟ ਚਾਲੀ ਹੋਣੇ ਚਾਹੀਦੇ ਆ। ਇਹ ਸਾਰੀਆਂ ਚੀਜ਼ਾਂ ਤੇਰੇ ਵਿਆਹ ਲਈ ਦੱਬ ਕੇ ਰੱਖ ਦਿੱਤੀਆਂ ਸਨ। ਇਸ ਨਾਲ ਇਕ ਤਾਂ ਚੋਰੀ-ਚਕਾਰੀ ਦਾ ਫਿਕਰ ਨਹੀਂ ਰਹਿੰਦਾ, ਦੂਜਾ ਪੈਸਾ ਹੱਥ ਵਿੱਚ ਹੋਵੇ ਤਾਂ ਖਰਚ ਹੋ ਜਾਂਦਾ।"
    ਚਾਚੀ ਦੀਆਂ ਗੱਲਾਂ ਸੁਣ ਅਤੇ ਆਪਣੇ ਸਾਹਮਣੇ ਪਈਆਂ ਚੀਜ਼ਾਂ ਦੇਖ ਪਹਿਲਾਂ ਤਾਂ ਕਾਲੀ ਦਾ ਮਨ ਖੁਸ਼ ਹੋ ਗਿਆ ਅਤੇ ਫਿਰ ਇਕਦਮ ਹੀ ਬਹੁਤ ਉਦਾਸ ਹੋ ਗਿਆ। ਉਹਦਾ ਜੀਅ ਕੀਤਾ ਕਿ ਚਾਚੀ ਦੇ ਗਲ ਲੱਗ ਫੁੱਟ-ਫੁੱਟ ਕੇ ਰੋਵੇ। ਚਾਚੀ ਨੇ ਸਾਰੀਆਂ ਚੀਜ਼ਾਂ ਨੂੰ ਸਮੇਟਦਿਆਂ ਕਿਹਾ:
    "ਤੇਰੇ ਪਿਉ-ਦਾਦੇ ਨੇ ਤੇਰੇ ਲਈ ਇਹ ਹੀ ਜਾਇਦਾਦ ਛੱਡੀ ਹੈ। ਹੁਣ ਤੂੰ ਇਸ ਦਾ ਮਾਲਕ ਆਂ। ਬਸ ਮੈਂ ਏਨਾ ਹੀ ਚਾਹੁੰਦੀ ਆਂ ਕਿ ਤੂੰ ਮੇਰੇ ਜਿਉਂਦੇ ਜੀਅ ਵਿਆਹ ਕਰ ਲੈ। ਮੈਂ ਆਪਣੇ ਵਿਹੜੇ ਵਿੱਚ ਛੰਮ-ਛੰਮ ਕਰਦੀ ਵਹੁਟੀ ਦੇਖ ਲਵਾਂ। ਕਾਕਾ, ਕੀ ਪਤਾ ਸਾਹ ਦੀ ਡੋਰੀ ਕਦੋਂ ਛੁੱਟ ਜਾਵੇ।"
    ਇਹ ਕਹਿੰਦਿਆਂ ਚਾਚੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ।
    ਕਾਲੀ ਚਾਚੀ ਨੂੰ ਕੋਈ ਜੁਆਬ ਦਿੱਤੇ ਬਿਨਾਂ ਹੀ ਬਾਹਰ ਆ ਗਿਆ ਅਤੇ ਡਿਉਢੀ ਵਿੱਚ ਚੱਕਰ ਕੱਢਦਾ ਰਿਹਾ। ਥੋੜ੍ਹੀ ਦੇਰ ਬਾਅਦ ਚਾਚੀ ਦੁਪੱਟੇ ਵਿੱਚ ਸਾਰੀਆਂ ਚੀਜ਼ਾਂ ਸਮੇਟ ਆਪਣੀ ਛਾਤੀ ਨਾਲ ਲਾਈ ਡਿਉਢੀ ਵਿੱਚ ਲੈ ਆਈ ਅਤੇ ਦੁਪੱਟੇ ਨੂੰ ਉਹਦੀ ਵਲ ਕਰਦਿਆਂ ਬੋਲੀ:
    "ਲੈ, ਇਹਨਾਂ ਨੂੰ ਸੰਭਾਲ ਲੈ। ਹੁਣ ਤੂੰ ਜਾਣੇ ਤੇਰਾ ਕੰਮ ਜਾਣੇ।"
    ਕਾਲੀ ਨੇ ਦੁਪੱਟਾ ਲੈ ਕੇ ਆਪਣੇ ਮੱਥੇ ਨੂੰ ਲਾਇਆ ਅਤੇ ਖਾਮੋਸ਼ੀ ਵਿੱਚ ਰੋਂਦਾ ਹੋਇਆ ਉਹਨਾਂ ਚੀਜ਼ਾਂ ਨੂੰ ਇਕ ਕੱਪੜੇ ਵਿੱਚ ਬੰਨ ਆਪਣੇ ਟਰੰਕ ਵਿੱਚ ਰੱਖ ਲਿਆ।
    ਕੁਝ ਦੇਰ ਦੋਨੋਂ ਚੁੱਪ ਰਹੇ। ਕਾਲੀ ਚਾਚੀ ਦੀ ਮੰਜੀ ਕੋਲ ਖਿਆਲਾਂ ਵਿੱਚ ਗੁਆਚਾ ਬੈਠਾ ਰਿਹਾ। ਉਹਨੂੰ ਆਪਣੇ ਦਾਦੇ, ਪਿਉ ਅਤੇ ਚਾਚੇ ਵਿੱਚੋਂ ਕਿਸੇ ਦੀ ਸ਼ਕਲ ਯਾਦ ਨਹੀਂ ਸੀ। ਉਹ ਕੋਸ਼ਿਸ਼ ਕਰ ਰਿਹਾ ਸੀ ਕਿ ਉਹਨਾਂ ਦੀ ਕੋਈ ਤਸਵੀਰ ਆਪਣੇ ਜ਼ਿਹਨ ਵਿੱਚ ਬਣਾ ਸਕੇ। ਉਹਦੀ ਉਦਾਸੀ ਬਹੁਤ ਡੂੰਘੀ ਹੋ ਗਈ ਤਾਂ ਉਹ ਬਾਹਰ ਚਲਾ ਗਿਆ।
    ਕਾਲੀ ਦੇ ਜਾਣ ਬਾਅਦ ਚਾਚੀ ਨੇ ਆਪਣਾ ਅਟੇਰਨ ਅਤੇ ਸੂਤ ਚੁੱਕਿਆ ਅਤੇ ਡਿਉਢੀ ਨੂੰ ਜ਼ਿੰਦਾ ਲਾ ਕੇ ਚੌਗਾਨ ਵਲ ਚਲੀ ਗਈ।
    ਚੌਗਾਨ ਵਿੱਚ ਜੱਸੋ, ਪ੍ਰੀਤੋ, ਪ੍ਰਸਿੰਨੀ, ਬੰਤੋ, ਪਾਸ਼ੋ, ਨਿਹਾਲੀ, ਬੇਬੇ ਹੁਕਮੀ ਅਤੇ ਗਿਆਨੋ ਬੇਰੀ ਦੇ ਹੇਠਾਂ ਬੈਠੀਆਂ ਸਨ। ਚਾਚੀ ਨੂੰ ਦੇਖਦਿਆਂ ਹੀ ਗਿਆਨੋ ਉੱਠ ਖੜੀ ਹੋਈ ਅਤੇ ਆਪਣੀ ਮਾਂ ਜੱਸੋ ਨੂੰ ਕਹਿਣ ਲੱਗੀ:
    "ਮਾਂ, ਮੈਂ ਮੱਝ ਨੂੰ ਪੱਠੇ ਪਾਉਣ ਚੱਲੀ ਆਂ।"
    ਚਾਚੀ ਨੇ ਉਹਨੂੰ ਜਾਂਦਿਆਂ ਦੇਖਿਆ ਤਾਂ ਪ੍ਰਸਿੰਨੀ ਨੂੰ ਪੁੱਛਿਆ:
    "ਕੌਣ ਗਈ ਆ ਉੱਠ ਕੇ?"
    "ਗਿਆਨੋ।"
    "ਅੱਛਾ, ਅੱਗ ਲਗ ਜਾਵੇ ਇਹਨਾਂ ਅੱਖਾਂ ਨੂੰ। ਮੈਨੂੰ ਤਾਂ ਚਾਰੇ ਪਾਸੀਂ ਪਰਛਾਂਵੇਂ ਹੀ ਪਰਛਾਂਵੇਂ ਦਿਸਦੇ ਆ।"
    ਫਿਰ ਉਹ ਪਿੱਛੇ ਮੁੜ ਕੇ ਦੇਖਦੀ ਬੋਲੀ:
    "ਨੀ ਗਿਆਨੋ ਪੁੱਤ! ਪੁੱਤ, ਮੇਰੀ ਗੱਲ ਤਾਂ ਸੁਣ।"
    "ਚਾਚੀ ਮੱਝ ਨੂੰ ਪੱਠੇ ਪਾ ਆਵਾਂ।"
    ਚਾਚੀ ਅਟੇਰਨ ਨਾਲ ਸੂਤ ਦੀਆਂ ਅੱਟੀਆਂ ਬਣਾਉਣ ਲੱਗੀ।
    "ਚਾਚੀ, ਤੇਰਾ ਸੂਤ ਤਾਂ ਬਹੁਤ ਬਰੀਕ ਆ।" ਪ੍ਰਸਿੰਨੀ ਨੇ ਕਿਹਾ ਜੋ ਆਪਣੇ ਫੁੱਲੇ ਹੋਏ ਢਿੱਡ ਕਾਰਨ ਵਾਰ ਵਾਰ ਪਾਸੇ ਬਦਲ ਰਹੀ ਸੀ।
    "ਕੱਤ ਲਿਆ ਸੂਤ। ਹੁਣ ਤਾਂ ਤੱਕਲੀ ਵੀ ਨਜ਼ਰ ਨਹੀਂ ਆਉਂਦੀ।" ਚਾਚੀ ਨੇ ਅੱਖਾਂ ਤੋਂ ਪਾਣੀ ਪੂੰਝਦਿਆਂ ਕਿਹਾ।
    "ਚਾਚੀ, ਡਿਓਢੀ ਤਾਂ ਬਹੁਤ ਸੋਹਣੀ ਬਣ ਗਈ ਆ।"
    "ਹਾਂ ਪੁੱਤ, ਕਾਲੀ ਦੀ ਜ਼ਿੱਦ ਸੀ। ਉਹਦੀ ਮਰਜ਼ੀ।"
    "ਹੁਣ ਤੂੰ ਉਹਦਾ ਵਿਆਹ ਕਰ ਦੇ। ਤੇਰੀ ਉਮਰ ਹੁਣ ਕੰਮ ਕਰਨ ਦੀ ਨਹੀਂ।"
    "ਪੁੱਤ, ਮੇਰੀ ਕੌਣ ਸੁਣਦਾ। ਮੈਂ ਤਾਂ ਕਹਿ-ਕਹਿ ਕੇ ਹਾਰ ਗਈ ਹਾਂ। ਅੱਜ ਕਹਿੰਦਾ ਸੀ ਕਿ ਕੋਠੜੀ ਪੱਕੀ ਕਰ ਲਵਾਂ। ਉਹਤੋਂ ਬਾਅਦ ਵਿਆਹ ਕਰ ਲਊਂ। ਤੂੰ ਕੋਈ ਰਿਸ਼ਤਾ ਲਿਆ ਨਾ।"
    "ਰਿਸ਼ਤੇ ਤਾਂ ਪੰਜਾਹ ਮਿਲ ਸਕਦੇ ਆ ਪਰ ਪਤਾ ਨਹੀਂ ਕਾਲੀ ਨੂੰ ਕੋਈ ਪਸੰਦ ਆਵੇ ਜਾਂ ਨਾ। ਉਹਨੂੰ ਤਾਂ ਆਪਣੀ ਹੈਸੀਅਤ ਦਾ ਘਰ ਚਾਹੀਦਾ।"
    ਬੰਤੋ ਦੀ ਗੱਲ ਸੁਣ ਪ੍ਰੀਤੋ ਤਿਨਕ ਕੇ ਬੋਲੀ:
    "ਮੁਰੱਬਿਆਂ ਦੇ ਮਾਲਕ ਘਰ ਤਾਂ ਮਿਲਣੋ ਰਹੇ, ਕਿਉਂਕਿ ਹਜ਼ਾਰਾਂ 'ਚ ਇਕ ਚਮਾਰ ਹੀ ਏਦਾਂ ਦਾ ਹੋਊ ਜਿਹਦੇ ਕੋਲ ਜ਼ਮੀਨ ਹੋਊਗੀ। ਹਾਂ, ਮਿਹਨਤ-ਮਜ਼ਦੂਰੀ ਕਰਨ ਵਾਲਾ ਘਰ ਮਿਲ ਸਕਦਾ।"
    "ਮੁਰੱਬਿਆਂ ਵਾਲਾ ਘਰ ਕੌਣ ਲੱਭਦਾ। ਹਾਂ, ਕਿਸੇ ਮੰਗਤੇ-ਫਕੀਰ ਦੀ ਕੁੜੀ ਨਹੀਂ ਹੋਣੀ ਚਾਹੀਦੀ। ਬਾਕੀ ਸਭ ਰੱਬ ਜੀ ਦੇ ਹੱਥ ਆ। ਜਿੱਥੇ ਸੰਜੋਗ ਹੋਣਗੇ, ਉੱਥੇ ਹੀ ਵਿਆਹ ਹੋਊ।" ਚਾਚੀ ਡੱਟਵੀਂ ਅਵਾਜ਼ 'ਚ ਕਿਹਾ।
    "ਚਾਚੀ, ਇਕ ਕੁੜੀ ਹੈਗੀ ਆ - ਮੇਰੀ ਮਾਸੀ ਦੀ ਭਤੀਜੀ ਪਰ ਰੰਗ ਉਹਦਾ ਪੱਕਾ।" ਬੰਤੋ ਨੇ ਕਿਹਾ।
    "ਕਾਲੀ ਕਿਹੜਾ ਅੰਗਰੇਜ਼ ਆ।" ਪ੍ਰੀਤੋ ਬੋਲੀ। ਇਹ ਸੁਣ ਕੇ ਚਾਚੀ ਭੜਕ ਉੱਠੀ।
    "ਪ੍ਰੀਤੋ, ਤੂੰ ਸਦਾ ਲਾ ਕੇ ਗੱਲ ਕਰਦੀ ਆਂ। ਚਮਾਰ ਦਾ ਪੁੱਤ ਤਾਂ ਕਾਲਾ ਹੀ ਹੋਊ।"
    ਚਾਚੀ ਦੀ ਗੱਲ ਸੁਣ ਕੇ ਸਾਰੀਆਂ ਹੱਸ ਪਈਆਂ। ਪ੍ਰਸਿੰਨੀ ਅਤੇ ਬੰਤੋ ਤਾਂ ਹਾਸੇ ਨਾਲ ਲੋਟ ਪੋਟ ਹੋ ਰਹੀਆਂ ਸਨ। ਪ੍ਰੀਤੋ ਵੀ ਭੜਕ ਪਈ:
    "ਚਾਚੀ, ਤੂੰ ਸਦਾ ਦੂਸਰੇ ਦੇ ਸਿਰ ਤੋਂ ਚਾਦਰ ਖਿੱਚਦੀ ਐਂ। ਜਿਹੜਾ ਤੂੰ ਆਪਣੇ ਆਪ ਨੂੰ ਦਾਦੀ ਸਤਿਆਵਤੀ ਸਮਝਦੀ ਐਂ ਨਾ ਉਹ ਵੀ ਜਾਣਦੀ ਆਂ।"
    ਪ੍ਰੀਤੋ ਗੱਲ ਅੱਗੇ ਵਧਾਉਣ ਲੱਗੀ ਤਾਂ ਬੇਬੇ ਹੁਕਮੀ ਉਹਨੂੰ ਟੋਕਦੀ  ਹੋਈ ਬੋਲੀ:
    "ਪ੍ਰੀਤੋ, ਤੂੰ ਤਾਂ ਜਹਾਨ ਭਰ ਦੀ ਬੇਸ਼ਰਮ ਐਂ।"
    "ਬੇਬੇ ਬੇਸ਼ਰਮ ਆਂ ਜਾਂ ।।।। " ਅਤੇ ਫਿਰ ਪ੍ਰੀਤੋ ਗੱਲ ਬਦਲਦੀ ਹੋਈ ਬੋਲੀ:
    "ਮੈਂ ਤਾਂ ਠੱਠੇ ਨਾਲ ਕਿਹਾ ਸੀ। ਰੱਬ ਰਾਜ਼ੀ-ਖੁਸ਼ੀ ਰੱਖੇ ਕਾਲੀ ਨੂੰ ।।। ਲੱਖਾਂ 'ਚੋਂ ਇਕ ਆ। ਪਰ ਬੰਤੋ, ਤੂੰ ਕਿਸ ਕਿਸ ਲਈ ਸਾਕ ਲਿਆਊਂਗੀ। ਹੁਣੇ ਜਿਹੇ ਜੀਤੂ ਦੀ ਕੁੜਮਾਈ ਕਰਾਉਂਦੀ ਸੀ। ਹੁਣ ਕਾਲੀ ਦੀ ਗੱਲ ਕਰਦੀ ਐਂ। ਕੀ ਇਕ ਹੀ ਕੁੜੀ ਨੂੰ ਸਾਰੀ ਥਾਂਈਂ ਘੁੰਮਾਈ-ਫਿਰਾਈ ਜਾਂਦੀ ਐਂ।"
    "ਜੀਤੂ ਦੀ ਕੁੜਮਾਈ ਦੀ ਗੱਲ ਤਾਂ ਪੱਕੀ ਆ; ਕਿਉਂ ਤਾਈ?" ਬੰਤੋ ਨੇ ਜੀਤੂ ਦੀ ਮਾਂ ਨਿਹਾਲੀ ਵਲ ਦੇਖਦਿਆਂ ਕਿਹਾ।
    "ਹਾਂ, ਬੀਬਾ। ਪੱਕੀ ਹੀ ਸਮਝ। ਜਦੋਂ ਉਹਦੇ ਮੂੰਹ ਨੂੰ ਛੁਆਰਾ ਲੱਗ ਜਾਊ ਤਾਂ ਹੀ ਸਮਝੂੰਗੀ ਗੱਲ ਪੱਕੀ ਹੈ।"
    "ਮੁਹੱਲੇ 'ਚ ਵਿਆਹ ਲਾਇਕ ਮੁੰਡੇ ਅਤੇ ਕੁੜੀਆਂ ਬਹੁਤ ਨੇ।" ਪ੍ਰੀਤੋ ਗਿਣਦੀ ਹੋਈ ਬੋਲੀ।
    "ਕਾਲੀ, ਜੀਤੂ, ਮੰਗੂ, ਬੱਗਾ, ਨੱਥੂ ਅਤੇ ਕੁੜੀਆਂ 'ਚ ਗਿਆਨੋ, ਚਮੇਲੀ, ਬੇਦੋ, ਨਸੀਬੋ ਅਤੇ ।।।"
    "ਤੂੰ ਆਪਣੀ ਲੱਛੋ ਅਤੇ ਅਮਰੂ ਦਾ ਨਾਂ ਕਿਉਂ ਨਹੀਂ ਲੈਂਦੀ।"
    ਜੱਸੋ ਨੇ ਆਪਣੇ ਮੁੰਡੇ ਅਤੇ ਕੁੜੀ ਦਾ ਨਾਂ ਸੁਣ ਕੇ ਕਿਹਾ:
    "ਉਹ ਹਾਲੇ ਛੋਟੇ ਆ। ਅਮਰੂ ਦਾ ਤਾਂ ਭਾਬੀ ਨੇ ਹਾਲੇ ਪਰੂੰ ਹੀ ਦੁੱਧ ਛੁਡਵਾਇਆ।" ਪ੍ਰਸਿੰਨੀ ਨੇ ਹਸਦਿਆਂ ਕਿਹਾ।
    ਬੇਬੇ ਹੁਕਮੀ ਰੱਬ ਨੂੰ ਯਾਦ ਕਰਦੀ ਹੋਈ ਬੋਲੀ:
    "ਹੁਣ ਮੁੰਡੇ ਕੁੜੀਆਂ ਨੂੰ ਅੱਧੇ ਬੁੱਢੇ ਕਰ ਕੇ ਵਿਆਹੁਣ ਦਾ ਰਿਵਾਜ਼ ਹੋ ਗਿਆ। ।।। ਅਜੇ ਤੱਕ ਤਾਂ ਸਾਰੇ ਚੰਗੇ ਆ ਪਰ ਦੁੱਧ ਅਤੇ ਬੁੱਧ ਨੂੰ ਭਰਸ਼ਟ ਹੁੰਦਿਆਂ ਬਹੁਤਾ ਚਿਰ ਨਹੀਂ ਲੱਗਦਾ।"
    ਪ੍ਰੀਤੋ ਪ੍ਰਸਿੰਨੀ ਦੇ ਫੁੱਲੇ ਹੋਏ ਢਿਡ ਵੱਲ ਦੇਖਦੀ ਹੋਈ ਬੋਲੀ:
    "ਐਤਕੀਂ ਤਾਂ ਮੁਹੱਲੇ 'ਚ ਪੁਆਰਾ ਪੈਣ ਵਾਲਾ। ਅੱਸੂ ਦੇ ਮਹੀਨੇ 'ਚ ਬੰਤੋ, ਪ੍ਰਸਿੰਨੀ, ਧੰਨੋ ਅਤੇ ਕਰਮੀ ਦੇ ਘਰ ਨਿਆਣੇ ਹੋਣਗੇ।"
    "ਤੂੰ ਆਪਣੇ ਆਪ ਨੂੰ ਕਿਉਂ ਭੁੱਲ ਰਹੀਂ ਐਂ! ਢਿੱਡ ਤਾਂ ਤੇਰਾ ਵੀ ਸ਼ਹਿਦ ਦੇ ਛੱਤੇ ਵਾਂਗ ਵਧਿਆ ਹੋਇਆ।"
    ਪ੍ਰਸਿੰਨੀ ਨੇ ਇਹ ਕਹਿ ਕੇ ਬੰਤੋ ਦੇ ਕੰਨ ਵਿੱਚ ਕੁਝ ਕਿਹਾ ਅਤੇ ਦੋਨੋਂ ਹਾਸੇ ਨਾਲ ਲੋਟ-ਪੋਟ ਹੋਣ ਲੱਗੀਆਂ। ਬੇਬੇ ਹੁਕਮੀ ਨੇ ਉਹਨਾਂ ਨੂੰ ਟੋਕਦਿਆਂ ਕਿਹਾ:
    "ਕਿਉਂ ਹਿੜ-ਹਿੜ ਲਾ ਰੱਖੀ ਆ ਨੀ।"
    "ਭਾਈ ਇਹਨਾਂ ਦੇ ਦਿਨ ਆ ਹੱਸਣ ਦੇ। ਆਪਣੀ ਜਵਾਨੀ 'ਚ ਤੂੰ ਵੀ ਇਸ ਤਰ੍ਹਾਂ ਹਸਦੀ ਹੋਣੀ ਐਂ।"
    "ਨਾ ਬੀਬਾ, ਉਹਨੀਂ ਦਿਨੀਂ ਹਰ ਘਰ 'ਚ ਸੱਸ ਦਾ ਪਹਿਰਾ ਹੁੰਦਾ ਸੀ। ਹੁਣ ਤਾਂ ਸੱਸ ਘਰ 'ਚ ਕਿਸੇ ਗਿਣਤੀ 'ਚ ਨਹੀਂ। ਉਹਨੀਂ ਦਿਨੀਂ ਛੇ ਛੇ ਮਹੀਨੇ ਆਪਣੇ ਮਰਦ ਨਾਲ ਗੱਲ ਕਰਨ ਦਾ ਮੌਕਾ ਨਹੀਂ ਸੀ ਮਿਲਦਾ। ਅੱਜਕੱਲ੍ਹ ਤਾਂ ਉਠਦੇ-ਬੈਠਦੇ ਆਪਣੇ ਮਰਦਾਂ ਦੇ ਕੰਨਾਂ 'ਚ ਫੂਕਾਂ ਮਾਰਦੀਆਂ ਰਹਿੰਦੀਆਂ।" ਬੇਬੇ ਹੁਕਮੀ ਨੇ ਕਿਹਾ।
    "ਬੇਬੇ, ਸੁਣਿਆ ਜਦੋਂ ਤੂੰ ਜਵਾਨ ਹੁੰਦੀ ਸੀ ਤਾਂ ਤੇਰੇ ਆਦਮੀ ਦੀਆਂ ਲੱਤਾਂ 'ਚ ਰੋਜ਼ ਰਾਤ ਨੂੰ ਦਰਦ ਹੁੰਦਾ ਸੀ ਅਤੇ ਜਦੋਂ ਤੂੰ ਘੁੱਟਦੀ ਸੀ ਤਾਂ ਉਹਨੂੰ ਆਰਾਮ ਆਉਂਦਾ ਸੀ।"
    ਪ੍ਰੀਤੋ ਦੀ ਇਹ ਗੱਲ ਸੁਣ ਕੇ ਸਾਰੀਆਂ ਹੱਸਣ ਲੱਗੀਆਂ। ਬੇਬੇ ਹੁਕਮੀ ਗਾਲ੍ਹਾਂ ਕੱਢਦੀ ਹੋਈ ਆਪਣੀ ਲਾਠੀ ਟੋਹਣ ਲੱਗੀ ਤਾਂ ਤਾਈ ਨਿਹਾਲੀ ਪ੍ਰੀਤੋ ਨੂੰ ਝਿੜਕਦੀ ਹੋਈ ਬੋਲੀ:
    "ਪ੍ਰੀਤੋ, ਤੇਰੇ ਅਰਗੀ ਬੇਸ਼ਰਮ ਮੈਂ ਅੱਜ ਤੱਕ ਨਹੀਂ ਦੇਖੀ।"
    ਸਾਰੀਆਂ ਅਜੇ ਹੱਸ ਹੀ ਰਹੀਆਂ ਸਨ ਕਿ ਕਾਲੀ ਆ ਗਿਆ। ਉਹ ਚਾਚੀ ਦੇ ਕੋਲ ਆ ਕੇ ਬੋਲਿਆ:
    "ਚਾਚੀ, ਡਿਉਢੀ ਦੀ ਚਾਬੀ ਦਈਂ।"
    "ਕਾਲੀ, ਵਧਾਈ ਹੋਵੇ, ਤੇਰੀ ਡਿਉਢੀ ਤਾਂ ਹਵੇਲੀ ਦੀ ਡਿਉਢੀ ਲੱਗਦੀ ਹੈ।"
    ਤਾਈ ਨੇ ਕਿਹਾ। ਕਾਲੀ ਜੁਆਬ ਵਿੱਚ ਮੁਸਕਰਾਉਂਦਾ ਹੋਇਆ ਮੁੜ ਗਿਆ।
    ਕਾਲੀ ਦੇ ਜਾਣ ਬਾਅਦ ਚਾਚੀ ਵੀ ਉੱਠ ਖੜੀ ਹੋਈ ਤਾਂ ਪ੍ਰੀਤੋ ਬੋਲੀ:
    "ਭਾਬੀ, ਕੀ ਅੰਦਰ ਸੋਨੇ ਦੀਆਂ ਇੱਟਾਂ ਦੱਬੀਆਂ ਹੋਈਆਂ ਜਿਹੜਾ ਦਿਨੇ ਵੀ ਜ਼ਿੰਦਾ ਲਾ ਕੇ ਰੱਖਦੀ ਐਂ।"
    "ਹਾਂ, ਪ੍ਰੀਤੋ, ਚੋਰ-ਉਚੱਕਿਆਂ ਤੋਂ ਜ਼ਿੰਦਾ ਲਾਉਣਾ ਹੀ ਪੈਂਦਾ।"
    ਚਾਚੀ ਚਲੀ ਗਈ, ਤਾਂ ਪ੍ਰੀਤੋ ਨੱਕ ਚੜ੍ਹਾ ਕੇ ਬੋਲੀ:
    "ਚਾਚੀ-ਭਤੀਜੇ ਦੋਹਾਂ ਦਾ ਦਿਮਾਗ ਖਰਾਬ ਹੋ ਗਿਆ ਹੈ।"



    25
    ਕਾਲੀ ਅਜੇ ਊਂਘ ਹੀ ਰਿਹਾ ਸੀ ਕਿ ਜੀਤੂ ਦਨਦਨਾਉਂਦਾ ਹੋਇਆ ਡਿਉਢੀ ਵਿੱਚ ਆ ਵੜਿਆ ਅਤੇ ਉਹਨੂੰ ਮੋਢਿਆਂ ਤੋਂ ਝੰਜੋੜਦਾ ਬੋਲਿਆ:
    "ਬਾਬੂ ਜੀ, ਤੂੰ ਸੁੱਤਾ ਪਿਆਂ ਅਤੇ ਪਿੰਡ 'ਚ ਭੂਚਾਲ ਆਇਆ ਹੋਇਆ।"
    ਕਾਲੀ ਹੜਬੜਾ ਕੇ ਉੱਠਿਆ ਅਤੇ ਗੁੱਸੇ ਅਤੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਜੀਤੂ ਵਲ ਦੇਖਣ ਲੱਗਾ। ਉਹ ਉਹਨੂੰ ਮੋਢਿਆਂ ਤੋਂ ਫੜ ਕੇ ਬੋਲਿਆ:
    "ਬਾਬੂ ਜੀ, ਸਾਵਧਾਨ ਹੋ ਜਾਉ।"
    "ਕੀ ਹੋਇਆ?"
    "ਭੋਲਾ ਪਾਤਸ਼ਾਹ ਬਣਦਾ। ਪਾਦਰੀ ਨੂੰ ਤੇਰੇ ਨਾਲ ਗੱਲਾਂ ਕਰਦਿਆਂ ਮੈਂ ਆਪ ਦੇਖਿਆ।।।।"
    "ਤਾਂ ਫਿਰ ਕੀ ਹੋਇਆ!"
    ਜੀਤੂ ਨੇ ਛੋਟੀ-ਜਿਹੀ ਮੰਜੀ ਉੱਤੇ ਉਹਦੇ ਨਾਲ ਫਸ ਕੇ ਬਹਿੰਦਿਆਂ ਉਹਦੇ ਕੰਨ ਵਿੱਚ ਕਿਹਾ:
    "ਪਾਦਰੀ ਮੈਨੂੰ ਸ਼ਹਿਰ ਭੇਜ ਰਿਹਾ। ਵੱਡੇ ਪਾਦਰੀ ਦੇ ਨਾਂ ਰੁੱਕਾ ਦੇ ਕੇ। ਵੀਹ ਰੁਪਈਏ ਖਾਣ-ਪੀਣ ਦਾ ਸਾਮਾਨ ਲਿਆਉਣ ਨੂੰ ਦਿੱਤੇ ਹਨ। ਇੱਕ ਰੁਪਈਆ ਮੈਨੂੰ ਮਜ਼ਦੂਰੀ ਦਾ ਦਿੱਤਾ।"
    ਉਹ ਹੈਰਾਨੀ ਭਰੀ ਅਵਾਜ਼ ਵਿੱਚ ਬੋਲਿਆ:
    "ਕੁਛ ਸਮਝ  'ਚ ਨਹੀਂ ਆਉਂਦੀ। ਕੱਲ੍ਹ ਐਤਵਾਰ ਆ। ਸੁਣਿਆ ਗਿਰਜੇ 'ਚ ਬਹੁਤ ਰੌਣਕ ਹੋਊ। ਵੱਡਾ ਪਾਦਰੀ ਆਊਗਾ। ਬਾਹਰੋਂ ਲੋਕ ਵੀ ਆਉਣਗੇ।"
    "ਤੈਨੂੰ ਕਿਹਨੇ ਦੱਸਿਆ?" ਕਾਲੀ ਨੇ ਅੱਖਾਂ ਮਲਦਿਆਂ ਕਿਹਾ।
    "ਪਾਦਰੀ ਪਾਦਰਾਣੀ ਨੂੰ ਕਹਿ ਰਿਹਾ ਸੀ।।।। ਮੈਂ ਤਾਂ ਕੁਛ ਹੋਰ ਵੀ ਸੁਣਿਆ।"
    "ਮੈਂ ਮਹਾਸ਼ੇ ਦੀ ਦੁਕਾਨ 'ਤੇ ਗਿਆ ਸੀ। ਉੱਥੇ ਕੋਈ ਕਹਿ ਰਿਹਾ ਸੀ ਕਿ ਨੰਦ ਸਿੰਘ ਅਤੇ ਉਹਦਾ ਟੱਬਰ ਇਸਾਈ ਬਣ ਰਿਹਾ ਹੈ। ਤਕੀਏ 'ਚ ਆਇਆ ਤਾਂ ਕੰਨਾਂ 'ਚ ਇਹੀ ਭਿਣਕ ਪਈ। ਇਸ ਲਈ ਵੀ ਸ਼ੱਕ ਪੈਂਦਾ ਕਿਉਂਕਿ ਪਾਦਰੀ ਸਵੇਰ ਦਾ ਨੰਦ ਸਿੰਘ ਦੇ ਘਰ ਤਿੰਨ ਚੱਕਰ ਲਾ ਚੁੱਕਿਆ। ਕੁਛ ਗੜਬੜ ਜ਼ਰੂਰ ਆ।" ਜੀਤੂ ਨੇ ਆਪਣੇ ਪੈਰ ਉੱਤੇ ਚੁੱਕ ਕੇ ਦੇਖਦਿਆਂ ਕਿਹਾ:
    "ਪਾਦਰੀ ਨੇ ਮੈਨੂੰ ਬੂਟਾਂ ਦਾ ਜੋੜਾ ਵੀ ਦਿੱਤਾ ਹੈ। ਦੇਖਣ ਨੂੰ ਤਾਂ ਬਹੁਤ ਸੋਹਣੇ ਆ ਪਰ ਪੈਰ ਵੱਢਦੇ ਨੇ ।" 
    ਕਾਲੀ ਉਹਦੇ ਪੈਰਾਂ 'ਚ ਬੂਟ ਦੇਖ ਕੇ ਮੁਸਕਰਾ ਪਿਆ। ਜੀਤੂ ਉਹਨੂੰ ਬਾਂਹੋਂ ਫੜ ਉਠਾਉਂਦਾ ਬੋਲਿਆ:
    "ਚੱਲ, ਮਹਾਸ਼ੇ ਦੀ ਦੁਕਾਨ 'ਤੇ ਚਲਦੇ ਆਂ। ਉੱਥੋਂ ਪੱਕਾ ਪਤਾ ਲੱਗੂ।"
    ਜਦੋਂ ਉਹ ਦੋਨੋਂ ਦੁਕਾਨ 'ਤੇ ਪਹੁੰਚੇ ਤਾਂ ਮਹਾਸ਼ਾ ਅਤੇ ਪੰਡਿਤ ਸੰਤ ਰਾਮ ਦੋਨੋਂ ਬਹੁਤ ਉਦਾਸ ਬੈਠੇ ਸਨ। ਡਾਕਟਰ ਵਿਸ਼ਨਦਾਸ ਆਪਣੀ ਨੱਕ ਰਗੜਦਾ ਅਤੇ ਸੱਜੀ ਲੱਤ ਹਿਲਾਉਂਦਾ ਹੋਇਆ ਹੁੱਕਾ ਗੁੜਗੁੜਾ ਰਿਹਾ ਸੀ। ਕਾਲੀ ਅਤੇ ਜੀਤੂ ਬੰਦਗੀ ਕਰ ਕੇ ਇੱਕ ਪਾਸੇ ਬੈਠ ਗਏ। ਜੀਤੂ ਨੇ ਜਦੋਂ ਦੇਖਿਆ ਕਿ ਉਹ ਤਿੰਨੇ ਇਸ ਤਰ੍ਹਾਂ ਬੈਠੇ ਹਨ ਜਿਵੇਂ ਚੁੱਪ ਰਹਿਣ ਦੀ ਸ਼ਰਤ ਲਾਈ ਹੋਈ ਹੋਵੇ ਤਾਂ ਉਹ ਖੁਦ ਬੋਲਿਆ:
    "ਮਹਾਸ਼ਾ ਜੀ, ਮੈਂ ਸ਼ਹਿਰ ਚੱਲਿਆਂ। ਉੱਥੋਂ ਕੁਛ ਮੰਗਾਉਣਾ ਹੋਵੇ ਤਾਂ ਦੱਸੋ।"
    "ਤੂੰ ਕੀ ਲੈਣ ਚੱਲਿਆਂ?"
    "ਪਾਦਰੀ ਭੇਜ ਰਿਹੈ। ਕੁਛ ਖਾਣ-ਪੀਣ ਦਾ ਸਾਮਾਨ ਲਿਆਉਣਾ ਅਤੇ ਵੱਡੇ ਪਾਦਰੀ ਨੂੰ ਰੁੱਕਾ ਦੇਣਾ।"
    ਜੀਤੂ ਦੀ ਗੱਲ ਸੁਣ ਕੇ ਪੰਡਿਤ ਸੰਤ ਰਾਮ ਭੜਕ ਪਿਆ ਅਤੇ ਗੁੱਸੇ ਭਰੀ ਅਵਾਜ਼ ਵਿੱਚ ਬੋਲਿਆ:
    "ਮੈਂ ਠੀਕ ਕਹਿ ਰਿਹੈਂ ਕਿ ਪਾਦਰੀ ਨੰਦ ਸਿੰਘ ਨੂੰ ਕ੍ਰਿਸਚਿਨ ਬਣਾ ਰਿਹੈ। ਸਰਵਨਾਸ਼ ਹੋਵੇ ਉਹਦਾ। ਬੜੀ ਮੁਸ਼ਕਿਲ ਨਾਲ ਕ੍ਰਿਸਚਿਨਾਂ ਦਾ ਬੀਅ ਨਾਸ ਕੀਤਾ ਸੀ ਪਿੰਡ ਵਿੱਚੋਂ। ਹੁਣ ਪਾਦਰੀ ਫਿਰ ਨਵਾਂ ਬੂਟਾ ਲਾ ਰਿਹੈ।"
    ਮਹਾਸ਼ੇ ਨੇ ਹੁੱਕੇ ਦੀ ਨਾੜ ਆਪਣੇ ਮੂੰਹ ਵਿੱਚ ਲੈ ਲਈ ਅਤੇ ਗੰਭੀਰ ਰੂਪ ਵਿੱਚ ਬੈਠਾ ਹੁੱਕਾ ਗੁੜਗੁੜਾਉਂਦਾ ਹੋਇਆ ਬੋਲਿਆ:
    "ਸੰਤ ਰਾਮਾ ਸ਼ਾਇਦ ਤੇਰੀ ਗੱਲ ਠੀਕ ਹੋਵੇ। ਪਰ ਕੀਤਾ ਕੀ ਜਾ ਸਕਦਾ?"
    ਮਹਾਸ਼ਾ ਸੋਚ ਵਿੱਚ ਪੈ ਗਿਆ। ਪੰਡਿਤ ਸੰਤ ਰਾਮ ਸਟਪਟਾਉਂਦਾ ਹੋਇਆ ਬੋਲਿਆ:
    "ਕਦੇ ਕਿਸੇ ਦੂਸਰੇ ਧਰਮ ਵਾਲੇ ਨੂੰ ਆਪਣਾ ਧਰਮ ਬਦਲਦਿਆਂ ਸੁਣਿਆ। ਧਰਮ ਜਦੋਂ ਵੀ ਬਦਲਦਾ ਤਾਂ ਹਿੰਦੂ ਹੀ ਬਦਲਦਾ। ਕਿਉਂਕਿ ਉਹਨੂੰ ਆਪਣੇ ਧਰਮ-ਕਰਮ 'ਤੇ ਵਿਸ਼ਵਾਸ ਨਹੀਂ ਰਿਹਾ।"
    "ਪੰਡਿਤ ਜੀ, ਜੇ ਤੁਹਾਡੀ ਗੱਲ ਮੰਨ ਵੀ ਲਈ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਧਰਮ ਬਦਲਣ ਨਾਲ ਨੰਦ ਸਿੰਘ ਦਾ ਕਰੈਕਟਰ ਨਹੀਂ ਬਦਲੂਗਾ। ਸਭ ਧਰਮ ਪਾਖੰਡ ਹਨ। ਹਰ ਧਰਮ ਮਜ਼ਦੂਰ ਤਬਕੇ ਲਈ ਅਫੀਮ ਹੈ। ਅਫੀਮ ਕਾਲੀ ਹੋਵੇ ਜਾਂ ਭੂਰੀ ਉਸ ਨਾਲ ਕੀ ਫਰਕ ਪੈਂਦਾ?" ਡਾ: ਵਿਸ਼ਨਦਾਸ ਬੋਲਿਆ।
    "ਤੂੰ ਵੀ ਬਣ ਜਾ ਕ੍ਰਿਸਚਿਨ?" ਪੰਡਿਤ ਸੰਤ ਰਾਮ ਉਹਨੂੰ ਝਿੜਕਦਾ ਹੋਇਆ ਬੋਲਿਆ। ਅਤੇ ਫਿਰ ਕੁਛ ਦੇਰ ਤੱਕ ਚੁੱਪ ਰਹਿ ਕੇ ਹਾਰੀ ਹੋਈ ਅਵਾਜ਼ 'ਚ ਕਹਿਣ ਲੱਗਾ:
    "ਨੰਦ ਸਿੰਘ ਤਾਂ ਪਹਿਲਾਂ ਤੋਂ ਹੀ ਨੀਚ ਸੀ। ਜਿਹੜਾ ਆਦਮੀ ਗਊ ਮਾਤਾ ਅਤੇ ਉਹਦੀ ਕੁੱਖੋਂ ਜਾਇਆਂ ਦੇ ਚਮੜੇ ਦੀਆਂ ਜੁੱਤੀਆਂ ਬਣਾ ਸਕਦਾ, ਉਹ ਗਾਂ ਦਾ ਮਾਸ ਵੀ ਖਾ ਸਕਦਾ।"
    "ਸੰਤ ਰਾਮਾ, ਗਾਂ ਦੇ ਚਮੜੇ ਦੀਆਂ ਜੁੱਤੀਆਂ ਬਣਾਉਣੀਆਂ ਹੋਰ ਗੱਲ ਹੈ ਅਤੇ ਗਾਂ ਦਾ ਮਾਸ ਖਾਣਾ ਹੋਰ ਗੱਲ ਹੈ। ਜੁੱਤੀਆਂ ਬਣਾਉਣੀਆਂ ਤਾਂ ਧੰਦਾ।"
    ਮਹਾਸ਼ੇ ਨੇ ਇੱਕ-ਇੱਕ ਸ਼ਬਦ 'ਤੇ ਜ਼ੋਰ ਦਿੰਦਿਆਂ ਹੋਇਆਂ ਕਿਹਾ।
    "ਅਸਲ ਗੱਲ ਇਹ ਹੈ ਕਿ ਪਾਦਰੀ ਨੇ ਨੰਦ ਸਿੰਘ ਨੂੰ ਲਾਲਚ ਦਿੱਤਾ ਹੈ। ਉਹਦੇ ਵੱਡੇ ਮੁੰਡੇ ਨੂੰ ਸ਼ਹਿਰ 'ਚ ਨੌਕਰ ਕਰਵਾਇਆ।" ਡਾਕਟਰ ਨੇ ਕਿਹਾ।
    "ਉਹ ਕਿਹੜਾ ਤਹਿਸੀਲਦਾਰ ਬਣਾ ਗਿਆ। ਕਿਤੇ ਚਪੜਾਸੀ-ਖਲਾਸੀ ਭਰਤੀ ਕਰਾ ਦਿੱਤਾ ਹੋਊ।" ਸੰਤ ਰਾਮ ਬੋਲਿਆ।
    "ਚਪੜਾਸੀ ਸਹੀ, ਪਰ ਉਹ ਸਰਕਾਰੀ ਅਹਿਲਕਾਰ ਤਾਂ ਬਣ ਗਿਆ।" ਮਹਾਸ਼ੇ ਨੇ ਕਿਹਾ। ਡਾਕਟਰ ਹੁੱਕੇ ਦਾ ਕਸ਼ ਖਿਚਦਾ ਬੋਲਿਆ:
    "ਮੈਂ ਕਹਿ ਰਿਹਾ ਸੀ ਕਿ ਆਦਮੀ ਲਾਲਚ 'ਚ ਆ ਕੇ ਹੀ ਏਦਾਂ ਦੇ ਕੰਮ ਕਰ ਸਕਦਾ। ਜ਼ਰੂਰਤਮੰਦ ਦੀਆਂ ਜਦੋਂ ਜ਼ਰੂਰਤਾਂ ਨਾ ਪੂਰੀਆਂ ਹੋਣ ਤਾਂ ਉਹਨਾਂ ਨੂੰ ਪੂਰਾ ਕਰਨ ਲਈ ਉਹ ਸੌ ਤਰ੍ਹਾਂ ਦੇ ਪਾਪੜ ਵੇਲੂਗਾ ਹੀ।"
    "ਜ਼ਰੂਰਤਮੰਦ ਕੌਣ ਨਹੀਂ? ਤੂੰ ਜ਼ਰੂਰਤਮੰਦ ਨਹੀਂ ਜਾਂ ਮੈਂ ਨਹੀਂ? ਸਬਰ-ਸੰਤੋਖ ਹੋਵੇ ਤਾਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ।"
    ਪੰਡਿਤ ਸੰਤ ਰਾਮ ਨੇ ਗਰਮ ਹੁੰਦਿਆਂ ਕਿਹਾ।
    "ਪੰਡਿਤ ਜੀ, ਗਰੀਬ ਦੀਆਂ ਜ਼ਰੂਰਤਾਂ ਬਹੁਤ ਵੱਡੀਆਂ ਹੁੰਦੀਆਂ। ਭੁੱਖਾ ਜਦੋਂ ਵੀ ਸਵਾਲ ਕਰੂਗਾ ਤਾਂ ਦੋ ਰੋਟੀਆਂ ਦਾ ਹੀ ਕਰੂ। ਗਰੀਬੀ ਦੂਰ ਕਰਨ ਦਾ ਇੱਕ ਹੀ ਤਰੀਕਾ ਹੈ ਅਤੇ ਉਹ ਹੈ ਇਨਕਲਾਬ, ਪ੍ਰੋਲੇਤਾਰੀ ਇਨਕਲਾਬ, ਜਿਹੜਾ ਅਮੀਰ ਅਤੇ ਗਰੀਬ ਸਾਰਿਆਂ ਨੂੰ ਬਰਾਬਰ ਕਰ ਦੇਊਗਾ।"
    "ਵਿਸ਼ਨਦਾਸਾ, ਤੂੰ ਅਣਹੋਣੀਆਂ ਗੱਲਾਂ ਕਰਦਾਂ। ਭਗਵਾਨ ਨੇ ਸਾਰੇ ਜੀਅ-ਜੰਤੂਆਂ ਨੂੰ ਉਹਨਾਂ ਦੇ ਕਰਮਾਂ ਦੇ ਅਨੁਸਾਰ ਜਨਮ ਦਿੱਤਾ। ਆਦਮੀਆਂ ਨੂੰ ਤਾਂ ਛੱਡੋ, ਕੁੱਤਿਆਂ ਨੂੰ ਹੀ ਲੈ ਲਉ। ਕੋਈ ਡਗ ਹੈ ਤਾਂ ਕੋਈ ਸ਼ਿਕਾਰੀ। ਕੋਈ ਮੇਮਾਂ ਦੀ ਗੋਦੀ 'ਚ ਸੌਂਦਾ ਅਤੇ ਕੋਈ ਤੇਰੇ-ਮੇਰੇ ਵਰਗਿਆਂ ਦੇ ਠੋਕਰਾਂ ਖਾਂਦਾ। ਤੂੰ ਪਹਿਲਾਂ ਇਹਨਾਂ ਨੂੰ ਤਾਂ ਬਰਾਬਰ ਕਰ। ਅਮੀਰ-ਗਰੀਬ, ਬਾਹਮਣ-ਚਮਾਰ ਨੂੰ ਬਾਅਦ 'ਚ ਇਕੋ ਜਿਹਾ ਕਰੀਂ।"
    ਪੰਡਿਤ ਸੰਤਰਾਮ ਦੀ ਗੱਲ 'ਤੇ ਮਹਾਸ਼ਾ ਜ਼ੋਰ ਦੀ ਹੱਸਿਆ। ਉਹਨੇ ਮਹਾਸ਼ੇ ਦੇ ਹਾਸੇ ਨੂੰ ਆਪਣੀ ਜਿੱਤ ਸਮਝ ਕੇ ਖੁਸ਼ ਅਵਾਜ਼ ਵਿੱਚ ਕਿਹਾ:
    "ਵਿਸ਼ਨਦਾਸਾ, ਨੰਦ ਸਿੰਘ ਚਮ੍ਹਾਰਲੀ 'ਚ ਸਾਰਿਆਂ ਨਾਲੋਂ ਸੁਖੀ ਆ। ਜੀਤੂ ਅਤੇ ਕਾਲੀ ਤੇਰੇ ਸਾਹਮਣੇ ਬੈਠੇ ਆ। ਇਹ ਕ੍ਰਿਸਚਿਨ ਕਿਉਂ ਨਹੀਂ ਬਣਦੇ? ਨਿੱਕੂ ਦੇ ਘਰ ਅੱਠ ਅੱਠ ਪਹਿਰ ਫਾਕੇ ਰਹਿੰਦੇ ਆ, ਉਹ ਕ੍ਰਿਸਚਿਨ ਕਿਉਂ ਨਹੀਂ ਬਣਦਾ? ਨੰਦ ਸਿੰਘ ਪਹਿਲਾਂ ਸਿੱਖ ਬਣਿਆ, ਪਰ ਉੱਚੀ ਜਾਤ ਦੇ ਕਿਸੇ ਸਿੱਖ ਨੇ ਉਹਨੂੰ ਮੂੰਹ ਨਹੀਂ ਲਾਇਆ। ਹੁਣ ਉਹ ਕ੍ਰਿਸਚਿਨ ਬਣ ਕੇ ਵੀ ਚਮਾਰ ਦਾ ਚਮਾਰ ਹੀ ਰਹੂਗਾ; ਬਲਕਿ ਕੁਛ ਹੇਠਾਂ ਡਿਗ ਪਊਗਾ। ਚਮਾਰਾਂ ਦੀ ਬਰਾਦਰੀ 'ਚੋਂ ਨਿਕਲ ਕੇ ਚੂੜ੍ਹਿਆਂ-ਭੰਗੀਆਂ 'ਚ ਜਾ ਰਲੂਗਾ।"
    "ਸੰਤ ਰਾਮਾ, ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ। ਕੋਈ ਏਦਾਂ ਦੀ ਤਰਕੀਬ ਸੋਚ ਕਿ ਨੰਦ ਸਿੰਘ ਆਪਣਾ ਇਰਾਦਾ ਬਦਲ ਲਵੇ। ਉਹਦੇ ਘਰ ਜਾ ਕੇ ਉਹਨੂੰ ਸਮਝਾ।" ਮਹਾਸ਼ੇ ਨੇ ਸੁਝਾ ਦਿੱਤਾ।
    "ਰਾਮ ਰਾਮ ਮੈਂ ਨੰਦ ਸਿੰਘ ਦੇ ਘਰ ਜਾਵਾਂ! ਕਿਉਂ ਮੇਰਾ ਜਨਮ ਭ੍ਰਸ਼ਟ ਕਰਨ ਦੀ ਸਲਾਹ ਦੇ ਰਿਹੈਂ? ਜੋ ਕਰੂ ਸੋ ਭਰੂ।" ਪੰਡਿਤ ਸੰਤਰਾਮ ਨੇ ਕੰਨਾਂ ਨੂੰ ਹੱਥ ਲਾਉਂਦਿਆਂ ਕਿਹਾ।
    ਪੰਡਿਤ ਦੀ ਗੱਲ ਸੁਣ ਕੇ ਕਾਲੀ ਨੂੰ ਗੁੱਸਾ ਆ ਗਿਆ ਅਤੇ ਉਹ ਇੱਕਦਮ ਉੱਠ ਖੜਾ ਹੋਇਆ। ਉਹਨੂੰ ਲੱਗਾ ਕਿ ਨੰਦ ਸਿੰਘ ਇਸਾਈ ਬਣ ਕੇ ਕੋਈ ਬੁਰਾ ਕੰਮ ਨਹੀਂ ਕਰ ਰਿਹੈ। ਡਾਕਟਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਘਰ ਵਲ ਆ ਗਿਆ। ਜੀਤੂ ਉੱਥੋਂ ਉੱਠ ਕੇ ਪਾਦਰੀ ਦੇ ਘਰ ਚਲਾ ਗਿਆ।
    ਕਾਲੀ ਨੇ ਡਿਉਢੀ ਵਿੱਚ ਕਦਮ ਰੱਖਿਆ ਹੀ ਸੀ ਕਿ ਚਾਚੀ ਉਹਦੇ ਕੋਲ ਆ ਕੇ ਬੋਲੀ:
    "ਕਾਕਾ, ਕੁਛ ਸੁਣਿਆ ਤੂੰ?"
    "ਕੀ?"
    "ਨੰਦ ਸਿੰਘ ਅਤੇ ਉਹਦਾ ਟੱਬਰ ਇਸਾਈ ਬਣ ਰਿਹੈ। ਹੁਣੇ ਪ੍ਰੀਤੋ ਆਈ ਸੀ ਨੰਦ ਸਿੰਘ ਦੇ ਘਰੋਂ ਹੋ ਕੇ। ਉਹ ਦਸਦੀ ਸੀ ਕਿ ਉਹ ਦੇ ਘਰ ਪਾਦਰੀ ਨੇ ਕੱਪੜਿਆਂ ਦੀ ਗੱਠੜੀ ਭੇਜੀ ਹੈ। ਬੱਚਿਆਂ-ਵੱਡਿਆਂ ਸਾਰਿਆਂ ਦੇ ਦੋ-ਦੋ ਜੋੜੇ ਨੇ - ਦੇਸੀ ਨਹੀਂ ਵਿਲਾਇਤੀ। ਹੋਰ ਬਹੁਤ ਸਾਮਾਨ ਵੀ ਭੇਜਿਆ।"
    "ਬਣ ਰਿਹਾ ਹੋਊ। ਉਹਦੀ ਮਰਜ਼ੀ ਹੈ।" ਕਾਲੀ ਨੇ ਬੇਧਿਆਨੀ ਨਾਲ ਜਵਾਬ ਦਿੱਤਾ।
    "ਪ੍ਰੀਤੋ ਕਹਿੰਦੀ ਸੀ ਕਿ ਕੱਲ੍ਹ ਤੋਂ ਨੰਦ ਸਿੰਘ ਚਮਾਰ ਨਹੀਂ, ਇਸਾਈ ਹੋ ਜਾਊ।" ਚਾਚੀ ਨੇ ਉਤਸੁਕਤਾ ਨਾਲ ਕਿਹਾ।
    "ਅੱਛਾ।" ਕਾਲੀ ਨੇ ਕੋਈ ਦਿਲਚਸਪੀ ਲਏ ਬਿਨਾਂ ਕਿਹਾ ਅਤੇ ਗੰਧਾਲੀ ਚੁੱਕ ਕੇ ਕੋਠੜੀ ਦੀਆਂ ਕੰਧਾਂ ਢਾਹੁਣ ਲੱਗਾ।

    --------ਚਲਦਾ--------