ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 16 (ਨਾਵਲ )

ਜਗਦੀਸ਼ ਚੰਦਰ   

Address:
India
ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


26

ਐਤਵਾਰ ਨੂੰ ਪਿੰਡ ਵਿੱਚ ਹਲਚਲ ਮਚ ਗਈ। ਕੋਈ ਹੀ ਅਜਿਹਾ ਮਰਦ, ਔਰਤ ਅਤੇ ਬੱਚਾ ਹੋਵੇਗਾ ਜਿਹਨੇ ਪਾਦਰੀ ਦੇ ਘਰ ਅਤੇ ਗਿਰਜੇ ਦੇ ਸਾਹਮਣੇ ਚੱਕਰ ਨਾ ਲਾਇਆ ਹੋਵੇ। ਨੰਦ ਸਿੰਘ ਦੇ ਘਰ ਤਾਂ ਸਵੇਰ ਤੋਂ ਹੀ ਜਿੰਦਾ ਲੱਗਾ ਹੋਇਆ ਸੀ ਅਤੇ ਉਹ ਆਪਣੀ ਘਰਵਾਲੀ ਅਤੇ ਬੱਚਿਆਂ ਸਮੇਤ ਪਾਦਰੀ ਦੇ ਘਰ ਚਲਾ ਗਿਆ ਸੀ।
ਗਿਰਜਾਘਰ ਵਿੱਚ ਸਵੇਰ ਤੋਂ ਹੀ ਸਫਾਈ ਹੋ ਰਹੀ ਸੀ। ਰੰਗ-ਬਰੰਗੀਆਂ ਝੰਡੀਆਂ ਨਾਲ ਉਹਨੂੰ ਸਜਾਇਆ ਜਾ ਰਿਹਾ ਸੀ। ਪਾਦਰੀ ਦੇ ਘਰ ਵੱਡੀਆਂ ਵੱਡੀਆਂ ਦੇਗਾਂ ਵਿੱਚ ਪਕਵਾਨ ਪੱਕ ਰਹੇ ਸਨ। ਬਾਹਰ ਤੋਂ ਇਸਾਈ ਲੋਕ ਪਾਦਰੀ ਦੇ ਘਰ ਪਹੁੰਚ ਰਹੇ ਸਨ। ਵੱਡਾ ਪਾਦਰੀ ਅਤੇ ਇਲਾਕੇ ਦੇ ਅਮੀਰ ਇਸਾਈ ਪਾਦਰੀ ਦੇ ਘਰ ਕੁਰਸੀਆਂ ਉੱਤੇ ਬੈਠੇ ਸਨ ਅਤੇ ਗਰੀਬ ਇਸਾਈ ਗਿਰਜਾਘਰ ਅੰਦਰ ਪਏ ਬੈਂਚਾਂ ਉੱਪਰ ਊਂਘ ਰਹੇ ਸਨ। ਬੱਚਿਆਂ ਦੀ ਇੱਕ ਵੱਡੀ ਭੀੜ ਕਦੇ ਗਿਰਜਾਘਰ ਦੇ ਸਾਹਮਣੇ ਜਮ੍ਹਾਂ ਹੋ ਜਾਂਦੀ ਅਤੇ ਕਦੀ ਪਾਦਰੀ ਦੇ ਘਰ ਦੇ ਸਾਹਮਣੇ। ਬੱਚੇ ਨੰਦ ਸਿੰਘ ਦੇ ਬੱਚਿਆਂ ਨੂੰ ਦੇਖਣ ਲਈ ਕਾਹਲੇ ਪੈ ਰਹੇ ਸਨ ਕਿ ਇਸਾਈ ਬਣਨ ਬਾਅਦ ਉਹ ਕਿਸ ਤਰ੍ਹਾਂ ਦੇ ਦਿਸਦੇ ਹਨ।
ਜਿਵੇਂ ਜਿਵੇਂ ਦਿਨ ਚੜ੍ਹ ਰਿਹਾ ਸੀ ਲੋਕਾਂ ਵਿੱਚ ਹਲਚਲ ਵੱਧ ਰਹੀ ਸੀ। ਪਾਦਰੀ ਦੇ ਘਰ ਵਿੱਚ ਬਣ ਰਹੇ ਪਕਵਾਨਾਂ ਦੀ ਮਹਿਕ ਚਾਰੇ ਪਾਸੀਂ ਫੈਲ ਰਹੀ ਸੀ। ਉਹਦੇ ਘਰ ਵਿੱਚ ਇਸ ਤਰ੍ਹਾਂ ਦੀ ਰੌਣਕ ਸੀ ਜਿਵੇਂ ਵਿਆਹ ਹੋ ਰਿਹਾ ਹੋਵੇ। ਜਦੋਂ ਪਾਦਰੀ ਦੇ ਘਰੋਂ ਜੀਤੂ ਬਾਹਰ ਨਿਕਲਿਆ ਤਾਂ ਗਲੀ ਵਿੱਚ ਇੱਕੱਠੇ ਹੋਏ ਲੋਕ ਉਸ ਉੱਤੇ ਝਪਟ ਪਏ:
"ਨੰਦ ਸਿੰਘ ਬਣ ਗਿਆ ਇਸਾਈ? ਠਾਕਰੀ ਬਣ ਗਈ ਇਸਾਇਨ? ਪਾਸ਼ੋ ਬਣ ਗਈ ਇਸਾਇਨ?"
ਜੀਤੂ ਬੱਚਿਆਂ ਦੀ ਭੀੜ ਨੂੰ ਚੀਰਦਾ ਹੋਇਆ ਸਰਨੇ ਨਾਈ ਨੂੰ ਸੱਦਣ ਉਹਦੇ ਘਰ ਵਲ ਨੂੰ ਤੁਰ ਪਿਆ। ਸਰਨੇ ਨਾਈ ਨੇ ਪਹਿਲਾਂ ਤਾਂ ਆਉਣੋਂ ਨਾਂਹ ਕਰ ਦਿੱਤੀ ਪਰ ਜਦੋਂ ਜੀਤੂ ਨੇ ਦੱਸਿਆ ਕਿ ਪਾਦਰੀ ਪੂਰਾ ਇੱਕ ਰੁਪਈਆ ਦੇਵੇਗਾ ਤਾਂ ਉਹ ਲਾਲਚ ਵਿੱਚ ਆ ਗਿਆ ਪਰ ਲੋਕ ਲੱਜਾ ਅਤੇ ਪਿੰਡ ਵਾਲਿਆਂ ਦੇ ਪ੍ਰਤੀਕਰਮ ਤੋਂ ਡਰ ਗਿਆ। ਉਹਨੂੰ ਚੁੱਪ ਦੇਖ ਕੇ ਜੀਤੂ ਨੇ ਦੱਸਿਆ ਕਿ ਪਾਦਰੀ ਹਰ ਹਜਾਮਤ ਦਾ ਇੱਕ ਰੁਪਈਆ ਦੇਵੇਗਾ। ਸਰਨੇ ਨੇ ਚੌਂਕ ਕੇ ਜੀਤੂ ਵਲ ਦੇਖਿਆ ਅਤੇ ਨਜ਼ਰਾਂ ਝੁਕਾ ਲਈਆਂ।
ਜੀਤੂ ਨੇ ਉਹਦੇ ਕੰਨ ਵਿੱਚ ਕੁਛ ਕਿਹਾ ਤਾਂ ਸਰਨਾ ਭੜਕ ਪਿਆ ਅਤੇ ਉਸਤਰਾ ਚੁੱਕੀ ਉਹਦੇ ਪਿੱਛੇ ਪਿੱਛੇ ਗਾਲ੍ਹਾਂ ਕੱਢਦਾ ਹੋਇਆ ਦੋੜ ਪਿਆ। ਜੀਤੂ ਛਾਲਾਂ ਮਾਰਦਾ ਉਹਦੀ ਪਹੁੰਚ ਤੋਂ ਬਾਹਰ ਨਿਕਲ ਗਿਆ ਤਾਂ ਸਰਨਾ ਰੁਕ ਗਿਆ ਅਤੇ ਉਹਨੂੰ ਮੋਟੀਆਂ ਮੋਟੀਆਂ ਗਾਲ੍ਹਾਂ ਕੱਢਣ ਲੱਗਾ:
"ਕੁੱਤਿਆ ਚਮਾਰਾ, ਇੱਕ ਵਾਰ ਹੱਥ ਆ ਗਿਆ ਤਾਂ ਇਸ ਹੀ ਉਸਤਰੇ ਨਾਲ ਤੇਰੀ ਗਰਦਨ ਵੱਢ ਦਊਂ।"
ਜੀਤੂ ਬਾਜ਼ਾਰੋਂ ਹੁੰਦਾ ਹੋਇਆ ਸਾਰਿਆਂ ਨੂੰ ਤਾਜ਼ੀ ਖਬਰ ਸੁਣਾ ਕੇ ਪਾਦਰੀ ਦੇ ਘਰ ਪਹੁੰਚ ਗਿਆ। ਜਦੋਂ ਉਹਨੇ ਦੱਸਿਆ ਕਿ ਸਰਨੇ ਨਾਈ ਨੇ ਆਉਣੋਂ ਨਾਂਹ ਕਰ ਦਿੱਤੀ ਹੈ ਤਾਂ ਪਾਦਰੀ ਦੁਬਿਧਾ ਵਿੱਚ ਪੈ ਗਿਆ ਕਿਉਂਕਿ ਇਹਦਾ ਅਰਥ ਸੀ ਕਿ ਪਿੰਡ ਦੇ ਲੋਕ ਨੰਦ ਸਿੰਘ ਦੇ ਇਸਾਈ ਬਣਨ ਦੇ ਵਿਰੋਧ ਵਿੱਚ ਹਨ। ਉਹਨੇ ਜੀਤੂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਅਤੇ ਆਪਣੀ ਖੂੰਡੀ ਲੱਭਣ ਲੱਗਾ। ਵੱਡੇ ਪਾਦਰੀ ਨੇ ਉਹਦੀ ਬੇਚੈਨੀ ਦਾ ਕਾਰਨ ਪੁੱਛਿਆ ਤਾਂ ਪਾਦਰੀ ਨੇ ਟਾਲ ਦਿੱਤਾ।
ਜੀਤੂ ਦੇ ਜਾਣ ਬਾਅਦ ਸਰਨਾ ਸੋਚ ਵਿੱਚ ਪੈ ਗਿਆ। ਜਦੋਂ ਉਹਨੂੰ ਪੈਸਿਆਂ ਦਾ ਖਿਆਲ ਆਉਂਦਾ ਤਾਂ ਉਹਦਾ ਜੀਅ ਕਰਦਾ ਕਿ ਚਲਾ ਜਾਵੇ। ਉਹਨੇ ਸੋਚਿਆ ਕਿ ਜਦੋਂ ਉਹ ਹੋਰ ਚਮਾਰਾਂ ਦੇ ਵਾਲ ਕੱਟਦਾ ਅਤੇ ਹਜਾਮਤ ਬਣਾਉਂਦਾ ਤਾਂ ਨੰਦ ਸਿੰਘ ਦੇ ਵਾਲ ਕੱਟਣ ਵਿੱਚ ਕੀ ਹਰਜ ਹੈ। ਸਰਨਾ ਹਜਾਮਤ ਦੇ ਸਾਮਾਨ ਦਾ ਝੋਲਾ ਚੁੱਕ ਕੇ ਗਲੀ ਵਿੱਚ ਆ ਗਿਆ ਅਤੇ ਅੱਧਾ ਪਿੰਡ ਘੁੰਮ ਕੇ ਪਾਦਰੀ ਦੇ ਘਰ ਜਾ ਪਹੁੰਚਿਆ।
ਸਰਨੇ ਨੂੰ ਦੇਖ ਕੇ ਪਾਦਰੀ ਨੂੰ ਜਿੰਨੀ ਖੁਸ਼ੀ ਹੋਈ ਉਨੀ ਜ਼ਿਆਦਾ ਖੁਸ਼ੀ ਨੰਦ ਸਿੰਘ ਵਲੋਂ ਇਸਾਈ ਬਣਨ ਲਈ ਹਾਂ ਕਹਿਣ 'ਤੇ ਨਹੀਂ ਹੋਈ ਸੀ। ਪਾਦਰੀ ਨੇ ਉਹਨੂੰ ਅੰਦਰ ਲਿਜਾਂਦਿਆਂ ਕਿਹਾ:
"ਜੀਤੂ ਨੇ ਤਾਂ ਮੈਨੂੰ ਡਰਾ ਦਿੱਤਾ ਸੀ।"
"ਤੁਸੀਂ ਓਸ ਕੁੱਤੇ ਚਮਾਰ ਨੂੰ ਕਿਉਂ ਭੇਜਿਆ ਸੀ? ਮੇਰੇ ਨਾਲ ਉਟ-ਪਟਾਂਗ ਗੱਲਾਂ ਕਰ ਰਿਹਾ ਸੀ। ਸ਼ੁਕਰ ਕਰੋ ਕਿ ਉਹ ਬੱਚ ਗਿਆ। ਮੇਰੇ ਹੱਥ ਆ ਜਾਂਦਾ ਤਾਂ ਮੈਂ ਉਸਤਰੇ ਨਾਲ ਉਹਦੀ ਗਰਦਨ ਵੱਢ ਦਿੰਦਾ।"
ਸਰਨੇ ਨਾਈ ਨੇ ਪਾਦਰੀ ਦੇ ਘਰ ਵਿੱਚ ਚਾਰੀਂ ਤਰਫ ਦੇਖ ਕੇ ਕਿਹਾ:
"ਕੀ ਕੰਮ ਹੈ, ਪਾਦਰੀ ਜੀ?"
"ਨੰਦ ਸਿੰਘ ਅਤੇ ਉਹਦਾ ਟੱਬਰ ਯੀਸੂ ਮਸੀਹ ਦੀ ਸ਼ਰਨ 'ਚ ਆ ਰਹੇ ਨੇ। ਉਹਦੇ ਅਤੇ ਉਹਦੇ ਦੋਹਾਂ ਮੁੰਡਿਆਂ ਦੇ ਵਾਲ ਕੱਟਣੇ ਨੇ।"
ਪਾਦਰੀ ਨੇ ਨੰਦ ਸਿੰਘ ਨੂੰ ਅਵਾਜ਼ ਮਾਰੀ। ਉਹ ਵਿਹੜੇ ਵਿੱਚ ਆ ਕੇ ਸਰਨੇ ਵਲ ਦੇਖ ਕੇ ਹੱਸਣ ਲੱਗਾ:
"ਦੰਦ ਬਾਅਦ 'ਚ ਕੱਢੀਂ ਪਹਿਲਾਂ ਸਿਰ ਦਿਖਾ।"
ਸਰਨੇ ਨੇ ਹਸਦਿਆਂ ਕਿਹਾ। ਨੰਦ ਸਿੰਘ  ਨੇ ਪੱਗ ਲਾਹ ਦਿੱਤੀ ਅਤੇ ਵਾਲ ਖੋਲ੍ਹ ਕੇ ਸਰਨੇ ਦੇ ਸਾਹਮਣੇ ਬੈਠ ਗਿਆ। 
"ਬੋਦਾ ਰੱਖਣਾ।" ਪਾਦਰੀ ਨੇ ਕਿਹਾ।
"ਪਾਦਰੀ ਜੀ, ਬੋਦਾ ਰੱਖਣ ਨਾਲ ਜੂਆਂ ਰਹਿ ਜਾਣਗੀਆਂ। ਮੇਰੀ ਮੰਨੋ ਤਾਂ ਇੱਕ ਵਾਰ ਉਸਤਰਾ ਫਿਰਾ ਦਿਉ।"
ਸਰਨਾ ਹਸਦਾ ਹੋਇਆ ਬੋਲਿਆ ਅਤੇ ਉਹਨੇ ਇੱਕ ਹੱਥ ਵਿੱਚ ਸਾਰੇ ਵਾਲ ਲਪੇਟ ਕੇ ਕੈਂਚੀ ਨਾਲ ਕੱਟ ਦਿੱਤੇ।
ਹਜਾਮਤ ਬਾਅਦ ਨੰਦ ਸਿੰਘ ਮੌਲਵੀ ਲੱਗਣ ਲੱਗਾ। ਸਰਨੇ ਨੇ ਮਸ਼ੀਨ ਨਾਲ ਉਹਦੀ ਦਾੜੀ ਕੱਟ ਦਿੱਤੀ ਅਤੇ ਛੋਟੇ ਛੋਟੇ ਵਾਲਾਂ ਨੂੰ ਪਾਣੀ ਲਾ ਕੇ ਉਂਗਲੀਆਂ ਨਾਲ ਪਲੋਸਣ ਲੱਗਾ। ਜਦੋਂ ਉਹ ਨੰਦ ਸਿੰਘ ਦੀ ਦਾੜੀ ਉੱਤੇ ਉਸਤਰਾ ਫੇਰਨ ਲੱਗਾ ਤਾਂ ਉਹ ਬਿਲਖ ਪਿਆ। ਗੱਲਾਂ ਅਤੇ ਠੋਡੀ ਉੱਤੇ ਕਈ ਜਗਹ ਮਾਸ ਵੱਢ ਹੋ ਗਿਆ ਤਾਂ ਨੰਦ ਸਿੰਘ ਝੁੰਝਲਾਉਂਦਾ ਹੋਇਆ ਬੋਲਿਆ:
"ਸਰਨਿਆਂ, ਕੀ ਤੂੰ ਹਜਾਮਤ ਕਰਨੀ ਭੁੱਲ ਗਿਐਂ?"
"ਨਹੀਂ, ਮੈਂ ਤਾਂ ਨਹੀਂ ਭੁੱਲਿਆ, ਤੂੰ ਬਹੁਤ ਦੇਰ ਬਾਅਦ ਕਰਵਾਈ ਹੈ।"
ਹਜਾਮਤ ਬਾਅਦ ਨੰਦ ਸਿੰਘ ਦੀ ਅਜੀਬ ਜਿਹੀ ਸ਼ਕਲ ਨਿਕਲ ਆਈ। ਉਹਦੀ ਘਰਵਾਲੀ, ਪੁੱਤ ਅਤੇ ਧੀਆਂ ਉਹਨੂੰ ਹੈਰਾਨੀ ਨਾਲ ਦੇਖਣ ਲੱਗੇ। ਬਾਅਦ ਵਿੱਚ ਸਰਨੇ ਨੇ ਨੰਦ ਸਿੰਘ ਦੇ ਦੋਵਾਂ ਮੁੰਡਿਆਂ ਦੀ ਹਜਾਮਤ ਕੀਤੀ। ਪਾਦਰੀ ਨੇ ਸਰਨੇ ਨੂੰ ਪੈਸਿਆਂ ਦੇ ਨਾਲ ਕੁਝ ਮਠਿਆਈ ਵੀ ਦਿੱਤੀ। ਉਹਨੇ ਮਠਿਆਈ ਉੱਥੇ ਹੀ ਖਾ ਲਈ ਕਿਉਂਕਿ ਬਾਹਰ ਲੈ ਜਾਣ ਵਿੱਚ ਉਹਨੂੰ ਡਰ ਲੱਗ ਰਿਹਾ ਸੀ।
ਹਜਾਮਤ ਬਾਅਦ ਵੱਡਾ ਪਾਦਰੀ ਵਿਹੜੇ ਵਿੱਚ ਆ ਗਿਆ। ਪਾਣੀ ਦੀ ਇੱਕ ਬਾਲਟੀ ਮੇਜ਼ ਉੱਤੇ ਰੱਖ ਉਹਦੇ ਕੋਲ ਖੜਾ ਅੰਜੀਲ ਵਿੱਚੋਂ ਕੁਝ  ਪੜ੍ਹਦਾ ਰਿਹਾ। ਉਹਦੇ ਨਾਲ ਨਾਲ ਪਾਦਰੀ ਅਤੇ ਦੋ-ਤਿੰਨ ਹੋਰ ਆਦਮੀ ਵੀ ਆਪਣੀ-ਆਪਣੀ ਅੰਜੀਲ ਵਿੱਚੋਂ ਪੜ੍ਹ ਰਹੇ ਸਨ। ਅੱਧੇ ਘੰਟੇ ਬਾਅਦ ਵੱਡੇ ਪਾਦਰੀ ਨੇ ਬਹੁਤ ਆਦਰ ਨਾਲ ਕਿਹਾ:
"ਆਬੋਹਿਆਤ ਜਾਨੀ ਅੰਮ੍ਰਿਤ ਤਿਆਰ ਹੈ। ਇਹਦੇ ਨਾਲ ਨੰਦ ਸਿੰਘ, ਉਹਦੀ ਘਰਵਾਲੀ ਅਤੇ ਬੱਚੇ ਨਹਾ ਲੈਣ।"
ਨਹਾਉਣ ਤੋਂ ਬਾਅਦ ਉਹਨਾਂ ਨੇ ਨਵੇਂ ਕੱਪੜੇ ਅਤੇ ਜੁੱਤੀਆਂ ਪਾਈਆਂ। ਵੱਡੇ ਪਾਦਰੀ ਨੇ ਉਹਨਾਂ ਨੂੰ ਆਪਣੇ ਸਾਹਮਣੇ ਖੜਾ ਕਰ ਕੇ ਪ੍ਰਾਰਥਨਾ ਕੀਤੀ ਅਤੇ ਉਹਨਾਂ ਦੇ ਗਲਾਂ ਵਿੱਚ ਛੋਟੀਆਂ  ਛੋਟੀਆਂ ਸੋਨੇ ਰੰਗੀਆਂ ਜੰਜ਼ੀਰਾਂ ਪਾ ਦਿੱਤੀਆਂ ਜਿਹਨਾਂ ਵਿੱਚ ਛੋਟਾ ਜਿਹਾ ਕ੍ਰਾਸ ਲਟਕ ਰਿਹਾ ਸੀ। ਇਸ ਕਾਰਵਾਈ ਦੌਰਾਨ ਸਭ ਮਹਿਮਾਨ ਪਾਦਰੀ ਘਰ ਵਿੱਚ ਜਮ੍ਹਾਂ ਸਨ ਅਤੇ ਸਾਰੇ ਮਿਲ ਕੇ ਗਾ ਰਹੇ ਸਨ:

"ਹੈ ਇਹ ਬੱਚੇ, ਕੋਲ ਆਉਣ ਦਿਉ, ਕਿਹਾ ਤੂੰ ਮਸੀਹ।
ਗੋਦ 'ਚ ਉਹਨਾਂ ਨੂੰ ਪਿਆਰ ਨਾਲ ਲਿਆ ਤੂੰ ਮਸੀਹ।
ਤੂੰ ਫਰਮਾਇਆ ਮੈਂ ਇਹਨਾਂ ਨੂੰ ਦੇਊਂਗਾ ਆਪਣੀ ਪਾਕ ਰੂਹ।
ਇਹਨਾਂ ਨੂੰ ਬਾਪਤਿਸਮਾ ਮਿਲਿਆ ਹੁਣ ਇਹਨਾਂ ਨੂੰ ਗਲੇ ਨਾਲ ਲਾ।
ਬਾਪ-ਬੇਟੇ ਪਾਕ ਰੂਹ ਇਹਨਾਂ ਬੱਚਿਆਂ ਨੂੰ ਕਰ ਲੈ ਕਬੂਲ਼
ਹੈ ਯਕੀਨ ਸਾਨੂੰ ਕਿ ਸੁਣ ਲਈ ਹੈ ਦੁਆ ਤੂੰ ਮਸੀਹ।"

ਅੰਦਰ ਇਸਾਈ ਬਰਾਦਰੀ ਇਹ ਗੀਤ ਗਾ ਰਹੀ ਸੀ ਅਤੇ ਬਾਹਰ ਗਲੀ ਵਿੱਚ ਬੱਚੇ ਬਹੁਤ ਚਾਅ ਨਾਲ ਸੁਣ ਰਹੇ ਸਨ। ਉਹ ਪਾਦਰੀ ਦੇ ਦਰਵਾਜ਼ੇ ਦੇ ਆਲੇ ਦੁਆਲੇ ਜਮ੍ਹਾ ਸਨ। ਗੀਤ ਤੋਂ ਬਾਅਦ ਲੋਕਾਂ ਦੇ ਹੱਸਣ ਦੀਆਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਫਿਰ ਪਾਦਰੀ ਦੇ ਮਕਾਨ ਦਾ ਦਰਵਾਜ਼ਾ ਖੁਲ੍ਹ ਗਿਆ। ਬੱਚੇ ਡਰਦੇ ਇੱਧਰ ਉੱਧਰ ਦੌੜਨ ਲੱਗੇ ਤਾਂ ਪਾਦਰੀ ਉਹਨਾਂ ਨੂੰ ਪੁਚਕਾਰਦਾ ਹੋਇਆ ਬੋਲਿਆ:
"ਏਧਰ ਆਉ, ਤੁਹਾਨੂੰ ਮਠਿਆਈ ਮਿਲੂ।"
ਪਾਦਰੀ ਦੇ ਨਾਲ ਲੰਮਾ ਚੋਗਾ ਪਾਈ ਖੜਾ ਵੱਡਾ ਪਾਦਰੀ ਮੁਸਕਰਾ ਰਿਹਾ ਸੀ। ਵੱਡੇ ਪਾਦਰੀ ਨੇ ਦੋ ਬੱਚਿਆਂ ਨੂੰ, ਜੋ ਦੌੜਦੇ ਹੋਏ ਆਪਸ ਵਿੱਚ ਟਕਰਾ ਕੇ ਡਿਗ ਪਏ ਸਨ, ਅੱਗੇ ਵੱਧ ਕੇ ਚੁੱਕਿਆ, ਉਹਨਾਂ ਦੇ ਕੱਪੜੇ ਝਾੜੇ ਅਤੇ ਪਿਆਰ ਨਾਲ ਥਾਪੀ ਦਿੰਦਿਆਂ ਉਹਨਾਂ ਨੂੰ ਮਿੱਠੀਆਂ ਗੋਲੀਆਂ ਦਿੱਤੀਆਂ। ਇਹ ਦੇਖ ਕੇ ਬਾਕੀ ਦੇ ਬੱਚੇ ਵੀ ਮੁੜ ਆਏ ਅਤੇ ਗੋਲੀਆਂ ਲੈਣ ਲਈ ਧੱਕਮ-ਧੱਕਾ ਕਰਨ ਲੱਗੇ।
ਵੱਡੇ ਪਾਦਰੀ ਨੇ ਸਾਰੇ ਬੱਚਿਆਂ ਨੂੰ ਦੋ ਕਤਾਰਾਂ ਵਿੱਚ ਖੜ੍ਹਾ ਕਰ ਕੇ ਉਹਨਾਂ ਵਿੱਚ ਗੋਲੀਆਂ ਵੰਡੀਆਂ। ਉਹ ਗੋਲੀਆਂ ਲੈ ਕੇ ਇੱਧਰ ਉੱਧਰ ਖਿੰਡਰ ਗਏ ਪਰ ਥੋੜ੍ਹੀ ਦੇਰ ਬਾਅਦ ਫਿਰ ਉੱਥੇ ਜਮ੍ਹਾਂ ਹੋ ਗਏ।
ਦਿਨ ਢਲੇ ਤਿੰਨ ਸਾਢੇ-ਤਿੰਨ ਵਜੇ ਬਾਅਦ ਗਿਰਜਾਘਰ ਦਾ ਘੰਟਾ ਵੱਜਣਾ ਸ਼ੁਰੂ ਹੋ ਗਿਆ। ਬੱਚੇ ਪਾਦਰੀ ਦੇ ਮਕਾਨ ਕੋਲੋਂ ਚਲੇ ਗਏ ਅਤੇ ਗਿਰਜਾਘਰ ਦੇ ਸਾਹਮਣੇ ਆ ਖੜ੍ਹੇ ਹੋਏ। ਕੁਛ ਉਹਦੇ ਤੀਨ ਅਤੇ ਫਸੀਲ ਉੱਤੇ ਚੜ੍ਹ ਕੇ ਬਾਰੀਆਂ ਦੇ ਅੰਦਰ ਦੀ ਝਾਕਣ ਲੱਗੇ। ਘੰਟਾ ਵੱਜਣ ਬਾਅਦ ਬਾਹਰ ਤੋਂ ਆਏ ਹੋਏ ਲੋਕ ਗਿਰਜਾਘਰ ਵਿੱਚ ਜਮ੍ਹਾਂ ਹੋਣ ਲੱਗੇ ਪ੍ਰਮੁੱਖ ਅਤੇ ਖਾਂਦੇ-ਪੀਂਦੇ ਇਸਾਈ ਪਾਦਰੀ ਦੀ ਬੈਠਕ ਵਿੱਚ ਹੀ ਬੈਠੇ ਰਹੇ।
ਥੋੜ੍ਹੀ ਦੇਰ ਬਾਅਦ ਪਾਦਰੀ ਦੇ ਘਰ ਦੇ ਦੋਨੋਂ ਦਰਵਾਜ਼ੇ ਖੁਲ੍ਹ ਗਏ। ਸਾਰਿਆਂ ਤੋਂ ਪਹਿਲਾਂ ਵੱਡਾ ਪਾਦਰੀ ਬਾਹਰ ਨਿਕਲਿਆ। ਉਹਦੇ ਦੋਨਾਂ ਹੱਥਾਂ ਵਿੱਚ ਕਾਫੀ ਵੱਡਾ ਕਰਾਸ ਚੁੱਕਿਆ ਹੋਇਆ ਸੀ। ਉਹਦੇ ਪਿੱਛੇ ਛੋਟਾ ਪਾਦਰੀ ਸੀ। ਉਹਦੇ ਹੱਥ ਵਿੱਚ ਕਿਤਾਬ ਸੀ। ਉਹਦੇ ਪਿੱਛੇ ਨੰਦ ਸਿੰਘ ਸੀ। ਉਹਦੇ ਹੱਥ ਵਿੱਚ ਸਲੀਬ ਉੱਤੇ ਲਟਕੇ ਹੋਏ ਈਸਾ ਮਸੀਹ ਦੀ ਤਸਵੀਰ ਚੁੱਕੀ ਹੋਈ ਸੀ। ਉਹਦੇ ਨਾਲ ਉਹਦੀ ਘਰਵਾਲੀ ਅਤੇ ਬੱਚੇ ਸਨ। ਉਹਨਾਂ ਦੇ ਹੱਥਾਂ ਵਿੱਚ ਈਸਾ ਮਸੀਹ ਦੀਆਂ ਤਸਵੀਰਾਂ ਸਨ। ਉਹਨਾਂ ਦੇ ਪਿੱਛੇ ਹੋਰ ਲੋਕ ਸਨ। ਇਹ ਜਲੂਸ ਗੀਤ ਗਾਉਂਦਾ ਹੋਇਆ ਹੌਲੀ ਹੌਲੀ ਗਿਰਜਾਘਰ ਵਲ ਵਧਣ ਲੱਗਾ। ਪਹਿਲਾਂ ਇੱਕ ਆਦਮੀ ਬੋਲ ਚੁੱਕਦਾ ਅਤੇ ਬਾਕੀ ਉਹਦੇ ਪਿੱਛੇ ਗਾਉਂਦੇ:

"ਸੀ ਦੁਨੀਆਂ ਤਾਰੀਕਾਂ 'ਚ ਡੁੱਬੀ  ਹੋਈ।
ਖੁਦਾ ਦੀ ਤਰਫੋਂ ਫਿਰ ਰੌਸ਼ਨੀ ਹੋਈ।
ਏ ਗੁਨਾਹਗਾਰ ਇਸ ਰੌਸ਼ਨੀ 'ਚ ਆ'
ਹੁਣ ਦੇਖਦਾਂ ਹਾਂ, ਜਿਹੜਾ ਅੰਨ੍ਹਾਂ ਮੈਂ ਸੀ।
ਤੇਰੇ ਗੁਨਾਹ ਉਹ ਦੂਰ ਕਰੇਗਾ।
ਕਿ ਦੁਨੀਆ ਦਾ ਨੂਰ ਹੈ ਈਸਾ।"

ਸਮੂਹ ਗਾਨ ਦੀ ਅਵਾਜ਼ ਸੁਣ ਕੇ ਬਹੁਤ ਸਾਰੇ ਲੋਕ ਗਿਰਜਾਘਰ ਦੇ ਸਾਹਮਣੇ ਆ ਖੜ੍ਹੇ ਹੋਏ। ਡਾਕਟਰ, ਕਾਲੀ, ਬੱਬੂ, ਬੰਤੂ ਅਤੇ ਸੰਤੂ ਦੇ ਕੋਲ ਖੜ੍ਹਾ ਸੀ। ਉਹਨਾਂ ਤੋਂ ਥੋੜ੍ਹੀ ਦੂਰ ਖੜ੍ਹਾ ਨਿੱਕੂ ਖੰਘ ਰਿਹਾ ਸੀ। ਪਰ੍ਹੇ ਜੱਟਾਂ ਦੇ ਮੁੰਡੇ ਖੜ੍ਹੇ ਸਨ। ਚਮ੍ਹਾਰਲੀ ਦੀਆਂ ਤੀਵੀਂਆਂ ਪ੍ਰੀਤੋ ਦੀ ਅਗਵਾਈ ਵਿੱਚ ਗਲੀ ਦੇ ਖੂੰਜੇ ਉੱਤੇ ਖੜੀਆਂ ਸਨ ਅਤੇ ਚੌਧਰਾਣੀਆਂ ਅਤੇ ਮਹਾਸ਼ਨਾਂ ਗਿਰਜਾਘਰ ਦੇ ਸਾਹਮਣੇ ਹਰੀ ਸਿੰਘ ਦੀ ਛੱਤ ਉੱਤੇ ਬੈਠੀਆਂ ਸਨ।
ਜਦੋਂ ਗੀਤ ਗਾਉਂਦਾ ਹੋਇਆ ਜਲੂਸ ਗਿਰਜਾਘਰ ਦੇ ਦਰਵਾਜ਼ੇ ਸਾਹਮਣੇ ਪਹੁੰਚਿਆ ਤਾਂ ਸਾਰੇ ਲੋਕ ਅੱਡੀਆਂ ਚੁੱਕ ਚੁੱਕ ਨੰਦ ਸਿੰਘ ਅਤੇ ਉਹਦੇ ਪਰਿਵਾਰ ਵਲ ਦੇਖਣ ਲੱਗੇ ਕਿ ਇਸਾਈ ਬਣ ਕੇ ਉਹ ਕਿਸ ਤਰ੍ਹਾਂ ਦੇ ਦਿਸਦੇ ਹਨ। ਨੰਦ ਸਿੰਘ ਅਤੇ ਉਹਦੇ ਦੋਵੇਂ ਮੁੰਡੇ ਨਵੇਂ ਬੂਟਾਂ ਕਾਰਨ ਪੰਜਿਆਂ ਭਾਰ ਤੁਰ ਰਹੇ ਸਨ। ਉਹਨਾਂ ਨੂੰ ਇਸ ਤਰ੍ਹਾਂ ਤੁਰਦਿਆਂ ਦੇਖ ਕਈ ਲੋਕਾਂ ਨੂੰ ਹਾਸਾ ਆ ਗਿਆ। ਉਹਨਾਂ ਦੇ ਸਾਫ ਕੱਪੜੇ ਦੇਖ ਕੇ ਕਈ ਲੋਕਾਂ ਦੇ ਮਨਾਂ ਵਿੱਚ ਈਰਖਾ ਦੀ ਭਾਵਨਾ ਜਾਗ ਪਈ। 
ਬੰਤੂ, ਨੰਦ ਸਿੰਘ ਨੂੰ ਧਿਆਨ ਨਾਲ ਦੇਖ ਕੇ ਬੋਲਿਆ:
"ਇਹਦੇ 'ਚ ਫਰਕ ਤਾਂ ਕੋਈ ਪਿਆ ਨਹੀਂ, ਬੱਸ ਸਿੱਖ ਦੀ ਥਾਂ ਮੋਨਾ ਹੋ ਗਿਆ।"
"ਤੂੰ ਕੀ ਸਮਝਦਾਂ ਕਿ ਇਸਾਈ ਬਣਨ ਤੋਂ ਬਾਅਦ ਉਹਦਾ ਹੁਲੀਆ ਬਦਲ ਜਾਊ। ਸਾਰੇ ਧਰਮ ਧੋਖਾ ਹਨ। ਅਮੀਰਾਂ ਅਤੇ ਪੂੰਜੀਪਤੀਆਂ ਨੇ ਲੁੱਟਣ ਅਤੇ ਉਹਨਾਂ ਨੂੰ ਗੁਮਰਾਹ ਕਰਨ ਲਈ ਇਹ ਢਕੋਸਲੇ ਖੜ੍ਹੇ ਕੀਤੇ ਹੋਏ ਹਨ।"
"ਨੰਦ ਸਿੰਘ ਨੂੰ ਇਸਾਈ ਬਣਨ ਦਾ ਫਾਇਦਾ ਕੀ ਹੋਊ?" ਸੰਤੂ ਨੇ ਪੁੱਛਿਆ।
"ਤਖਤ ਮਿਲ ਜਾਊ। ਹੁਣ ਇਹ ਦੁਨੀਆਂ ਉੱਤੇ ਰਾਜ ਕਰੂ।" ਡਾਕਟਰ ਨੇ ਵਿਅੰਗ ਨਾਲ ਕਿਹਾ।
"ਦੁਕਾਨ 'ਤੇ ਬੈਠ ਕੇ ਜੁੱਤੀਆਂ ਸਿਊ। ਪਹਿਲਾਂ ਵਾਹਿਗੁਰੂ, ਵਾਹਿਗੁਰੂ ਕਹਿੰਦਾ ਸੀ, ਹੁਣ ਈਸਾ-ਈਸਾ ਕਹੂ।"
"ਹਾਂ, ਚਾਰ ਟਕੇ ਜ਼ਰੂਰ ਮਿਲ ਜਾਣਗੇ।"
ਡਾਕਟਰ ਨੇ ਕਿਹਾ ਅਤੇ ਕਾਲੀ ਦੇ ਮੋਢਿਆਂ ਉੱਤੇ ਹੱਥ ਰੱਖਦਾ ਹੋਇਆ ਬੋਲਿਆ:
"ਇਹ ਸਾਰੇ ਇਨਕਲਾਬ ਦੇ ਦੁਸ਼ਮਣ ਲੋਕ ਨੇ, ਚੱਲ ਚੱਲੀਏ।"
ਕਾਲੀ ਉੱਥੇ ਖੜ੍ਹਾ ਰਿਹਾ ਅਤੇ ਡਾਕਟਰ ਇੱਕੱਲਾ ਹੀ ਅੱਗੇ ਵਧ ਗਿਆ।
ਜਲੂਸ ਗਿਰਜਾਘਰ ਦੇ ਗੇਟ ਅੰਦਰ ਪਹੁੰਚਿਆ ਤਾਂ ਬੈਂਚਾਂ ਉੱਤੇ ਬੈਠੇ ਹੋਏ ਲੋਕ ਉੱਠ ਕੇ ਖੜ੍ਹੇ ਹੋ ਗਏ ਅਤੇ ਅਵਾਜ਼ ਵਿੱਚ ਅਵਾਜ਼ ਰਲਾ ਕੇ ਗਾਉਣ ਲੱਗੇ। ਨੰਦ ਸਿੰਘ ਅਤੇ ਉਹਦੇ ਦੋਨੋਂ ਮੁੰਡੇ ਪਾਦਰੀ ਦੇ ਨਾਲ ਅਗਲੇ ਬੈਂਚ ਉੱਤੇ ਬੈਠ ਗਏ। ਉਹਦੀ ਘਰਵਾਲੀ ਠਾਕਰੀ ਅਤੇ ਧੀਅ ਪਾਸ਼ੋ ਦੂਸਰੀ ਕਤਾਰ ਵਿੱਚ ਪਾਦਰਾਣੀ ਦੇ ਨਾਲ ਸਭ ਤੋਂ ਅੱਗੇ ਬੈਠ ਗਈਆਂ।
ਵੱਡੇ ਪਾਦਰੀ ਨੇ ਕਰਾਸ ਕੰਧ ਉੱਤੇ ਲੱਗੀ ਈਸਾ ਮਸੀਹ ਦੀ ਬਹੁਤ ਵੱਡੀ ਤਸਵੀਰ ਦੇ ਹੇਠਾਂ ਰੱਖ ਦਿੱਤਾ। ਉਹਤੋਂ ਬਾਅਦ ਵੱਡੇ ਪਾਦਰੀ ਨੇ ਲੋਕਾਂ ਵਲ ਦੇਖਿਆ ਅਤੇ ਸਾਰਿਆਂ ਨੂੰ ਉੱਠਣ ਦਾ ਇਸ਼ਾਰਾ ਕੀਤਾ। ਲੋਕ ਖੜ੍ਹੇ ਹੋ ਗਏ ਤਾਂ ਉਹਨੇ ਗੀਤ ਸ਼ੁਰੂ ਕਰ ਦਿੱਤਾ ਅਤੇ ਸਾਰੇ ਉਹਦੇ ਪਿੱਛੇ ਗਾਉਣ ਲੱਗੇ:

"ਏ ਖੁਦਾ ਤੂੰ ਦਿਨ ਦਾ ਨੂਰ ਚਮਕਾਉਂਦਾ ਹੈਂ।
ਅਤੇ ਧੁੱਪ ਦਾ ਜ਼ੋਰ ਵਧਾਉਂਦਾ ਹੈਂ।
ਲੜਾਈਆਂ ਦੀ ਅੱਗ ਬੁਝਾ।
ਤਮਾਮ ਲੜਾਈਆਂ ਨੂੰ ਖਤਮ ਕਰ।
ਜਿਸਮਾਨੀ ਸਿਹਤ ਦੇ ਅਤੇ ਦਿਲ ਵਿੱਚ ਰਹਿਮ ਪੈਦਾ ਕਰ।"

ਗੀਤ ਬਾਅਦ ਵੱਡੇ ਪਾਦਰੀ ਨੇ ਅੰਜੀਲ ਦੇ ਕੁਝ ਹਿੱਸੇ ਪੜ੍ਹ ਕੇ ਸੁਣਾਏ। ਅਤੇ ਫਿਰ ਉਹਨਾਂ ਨੂੰ ਨਸੀਹਤਾਂ ਦਿੱਤੀਆਂ। ਉਹਨੇ ਉੱਥੇ ਖੜ੍ਹੇ ਲੋਕਾਂ ਨੂੰ ਸਮਝਾਇਆ ਕਿ ਈਸਾ ਮਸੀਹ ਕਿਸ ਤਰ੍ਹਾਂ ਉਹਨਾਂ ਦੇ ਸਾਰੇ ਪਾਪ ਆਪਣੇ ਸਿਰ ਉੱਤੇ ਲੈ ਕੇ ਉਹਨਾਂ ਨੂੰ ਮੁਕਤ ਕਰ ਦਏਗਾ। ਭਾਸ਼ਣ ਖਤਮ ਹੋ ਗਿਆ ਤਾਂ ਸਾਰੇ ਲੋਕ ਫਿਰ ਖੜ੍ਹੇ ਹੋ ਗਏ। ਪਾਦਰੀ ਨੇ ਗੀਤ ਗਾਉਣਾ ਸ਼ੁਰੂ ਕਰ ਦਿੱਤਾ:

"ਹੁਣ ਰੁਖਸਤ ਕਰੋ ਖੁਦਾਬੰਦ।
ਕਰੋ ਸਾਰਿਆਂ ਦੇ ਕਸੂਰ ਮਾਫ਼
ਅਸੀਂ ਸਾਰਿਆਂ ਦੇ ਸਾਰੇ ਗੁਨਾਹਗਾਰ।
ਹੁਣ ਬੰਦਗੀ ਕਰ ਲੈ ਕਬੂਲ਼
ਸਾਡੇ ਸਾਰਿਆਂ 'ਤੇ ਆਪਣੀ ਰਹਿਮਤ ਵਰਸਾ
ਕਰ ਦਿਲਾਂ ਨੂੰ ਕਲਾਮ ਨਾਲ ਸਾਫ਼
ਬਸ ਤੇਰਾ ਫਜਲ ਤੇਰਾ ਹੈ ਦਰਕਾਰ।
ਅਤੇ ਰੁਖਸਤ ਕਰ ਸਲਾਮਤੀ ਨਾਲ਼"

ਪਾਦਰੀ ਵਲੋਂ ਅਮੀਨ ਕਹਿਣ ਬਾਅਦ ਸਾਰੇ ਲੋਕ ਗਿਰਜਾਘਰ ਤੋਂ ਬਾਹਰ ਆ ਗਏ ਅਤੇ ਰੁਖਸਤੀ ਦਾ ਦੌਰ ਸ਼ੁਰੂ ਹੋ ਗਿਆ। ਨੰਦ ਸਿੰਘ ਅਤੇ ਉਹਦੀ ਘਰਵਾਲੀ ਗਲੀ ਵਿੱਚ ਖੜ੍ਹੇ ਲੋਕਾਂ ਨੂੰ ਇਸ ਤਰ੍ਹਾਂ ਨਫਰਤ ਨਾਲ ਦੇਖ ਰਹੇ ਸੀ ਜਿਵੇਂ ਉਹ ਨੀਚ ਹੋਣ। ਦੋਨੋਂ ਮੁੰਡੇ ਕੁਛ ਹੈਰਾਨ ਅਤੇ ਕੁਛ ਖੁਸ਼ ਸਨ। ਉਹ ਆਪਣੇ ਨਵੇਂ ਕੱਪੜਿਆਂ ਅਤੇ ਬੂਟਾਂ ਨੂੰ ਬਹੁਤ ਚਾਅ  ਨਾਲ ਨਿਹਾਰ ਰਹੇ ਸਨ ਅਤੇ ਗਲੀ ਵਿੱਚ ਖੜ੍ਹੇ ਬੱਚਿਆਂ ਵਲ ਦੇਖ ਦੇਖ ਮੁਸਕਰਾ ਰਹੇ ਸਨ।
ਸੰਾਮ ਤੱਕ  ਸਾਰੇ ਪਿੰਡ ਵਾਲਿਆਂ ਨੂੰ ਸਿਰਫ ਏਨਾ ਹੀ ਯਾਦ ਰਿਹਾ ਕਿ ਨੰਦ ਸਿੰਘ ਰਾਮਦਾਸੀਆ ਮਜ਼੍ਹਬੀ ਸਿੱਖ ਤੋਂ ਇਸਾਈ ਬਣ ਗਿਆ ਹੈ।



27
ਚਾਚੀ ਅਤੇ ਕਾਲੀ ਡਿਉਢੀ ਦੀ ਛੱਤ ਉੱਤੇ ਲੇਪ ਦੇਖ ਰਹੇ ਸਨ ਜਿਹੜੀ ਤੇਜ਼ ਧੁੱਪ ਕਾਰਨ ਕਈ ਥਾਂਵਾਂ ਉੱਤੇ ਪਾਟ ਗਈ ਸੀ ਅਤੇ ਲੰਮੀਆਂ ਲੰਮੀਆਂ ਦਰਾੜਾਂ ਪੈ ਗਈਆਂ ਸਨ। ਕਾਲੀ ਇੱਕ ਦਰਾੜ ਕੋਲ ਬੈਠ ਉਹਦੇ ਵਲ ਧਿਆਨ ਨਾਲ ਦੇਖਦਾ ਹੋਇਆ ਬੋਲਿਆ:
"ਚਾਚੀ ਅਜੇ ਦੋ ਲੇਪ ਹੋਰ ਫਿਰਨਗੇ ਤਾਂ ਛੱਤ ਪੱਕੀ ਬਣੂ।"
"ਹਾਂ ਪੁੱਤ, ਨਵੇਂ ਭਾਂਡੇ ਨੂੰ ਕਲੀ ਦੋ ਵਾਰ ਕਰਨ ਨਾਲ ਹੀ ਚੜ੍ਹਦੀ ਆ। ਇਹ ਤਾਂ ਕੱਚੀ ਛੱਤ ਆ, ਅਤੇ ਉੱਤੋਂ ਲੇਪਾ ਵੀ ਮਿੱਟੀ ਦਾ। ਮੇਰੀ ਸਲਾਹ ਆ ਅੱਜ ਲਿਪਣਾ ਸ਼ੁਰੂ ਕਰ ਦਿਆਂ। ਬਰਸਾਤ ਸ਼ੁਰੂ ਹੋਣ ਵਿੱਚ ਤਾਂ ਅਜੇ ਦਿਨ ਹੈਗੇ ਆ, ਪਰ ਰੱਬ ਜੀ ਦਾ ਕੀ ਪਤਾ ਕਦੋਂ ਬੱਦਲ ਭੇਜ ਦੇਵੇ। ਤੂੰ ਛੱਤ ਉੱਤੇ ਗਾਰਾ ਚੜ੍ਹਾ ਦੇ, ਮੈਂ ਮੋਟਾ ਲੇਪ ਕਰ ਦਿੰਦੀ ਆਂ। ਦੋ ਚਾਰ ਦਿਨਾਂ ਬਾਅਦ ਇੱਕ ਪਤਲਾ ਲੇਪ ਹੋਰ ਫਿਰ ਜਾਊ ਤਾਂ ਛੱਤ ਦੀ ਮਿੱਟੀ ਪੱਕੀ ਹੋ ਜਾਊ।"
ਕਾਲੀ ਨੇ ਛੱਤ ਉੱਤੇ ਗਾਰਾ ਲਿਆ ਕੇ ਉਹਦੇ ਵਿੱਚ ਪਾਣੀ ਰਲਾ ਦਿੱਤਾ। ਉਹ ਚਾਚੀ ਨੂੰ ਕੁਝ ਚਿਰ ਲਿੱਪਦੀ ਦੇਖਦਾ ਰਿਹਾ ਅਤੇ ਫਿਰ ਹੇਠਾਂ ਆ ਕੇ ਕੋਠੜੀ ਦੀ ਨੀਂਹ ਪੁੱਟਣ ਲੱਗਾ। ਉਹ ਇਸ ਕੰਮ ਵਿੱਚ ਰੁਝਿਆ ਹੋਇਆ ਸੀ ਕਿ ਬਾਬਾ ਫੱਤੂ ਲਾਠੀ ਠਕੋਰਦਾ ਉਹਦੇ ਕੋਲ ਆ ਗਿਆ। ਕਾਲੀ ਨੇ ਕਹੀ ਰੋਕ ਦਿੱਤੀ ਅਤੇ ਉਹਨੂੰ ਬਹੁਤ ਨਿਮਰਤਾ ਨਾਲ ਮੱਥਾ ਟੇਕ ਕੇ ਸਾਹਮਣੇ ਆ ਖੜ੍ਹਾ ਹੋਇਆ। ਬਾਬਾ ਫੱਤੂ ਨੀਂਹ ਦੀ ਚੌੜਾਈ ਦੇਖ ਕੇ ਬੋਲਿਆ:
"ਪੱਕੀ ਕੰਧ ਲਈ ਏਨੀ ਚੌੜੀ ਨੀਂਹ ਦੀ ਕੀ ਲੋੜ ਆ?"
"ਬਾਬਾ ਜੀ ਸਿਰਫ ਥਮਲੇ ਹੀ ਪੱਕੇ ਬਣਾਉਣੇ ਆ, ਕੰਧਾਂ ਤਾਂ ਕੱਚੀਆਂ ਹੀ ਹੋਣਗੀਆਂ। ਪੱਕੀ ਕੰਧ ਬਣਾਉਣ ਲਈ ਜਿੰਨੀ ਰਕਮ ਚਾਹੀਦੀ ਆ ਉਹ ਮੇਰੇ ਕੋਲ ਹੈ ਨਹੀਂ। ਇਸ ਲਈ ਇਹੀ ਸੋਚਿਆ ਕਿ ਅਜੇ ਥਮਲੇ ਹੀ ਪੱਕੇ ਕਰ ਲਵਾਂ।"
"ਅੱਛਾ, ਜੋ ਰੱਬ ਦੀ ਮਰਜ਼ੀ। ।।। ਮੈਂ ਇਸ ਲਈ ਆਇਆ ਸੀ ਕਿ ਮੈਨੂੰ ਥੋੜ੍ਹੀ ਜਿਹੀ ਚਾਹ ਦੀ ਪੱਤੀ ਚਾਹੀਦੀ ਆ। ਮੁਹੱਲੇ 'ਚ ਕਿਸੇ ਕੋਲ ਅੱਬਲ ਤਾਂ ਹੋਣੀ ਨਹੀਂ, ਜੇ ਹੋਈ ਵੀ ਤਾਂ ਕਿਸੇ ਨੇ ਦੇਣੀ ਨਹੀਂ।" ਬਾਬੇ ਫੱਤੂ ਨੇ ਕਿਹਾ।
"ਮੇਰੇ ਕੋਲ ਹੋਣੀ ਤਾਂ ਚਾਹੀਦੀ ਹੈ। ਮੈਂ ਹੁਣੇ ਦੇਖਦਾਂ।" ਕਾਲੀ ਡਿਉਢੀ ਵਿੱਚ ਆ ਗਿਆ। ਉਹਨੇ ਕਈ ਭਾਂਡੇ ਚੁੱਕ ਕੇ ਦੇਖੇ, ਕਈ ਪੁੜੀਆਂ ਖੋਲ੍ਹੀਆਂ ਪਰ ਚਾਹ ਦੀ ਪੱਤੀ ਕਿਸੇ ਵਿੱਚ ਨਹੀਂ ਸੀ।
"ਮੈਂ ਚਾਚੀ ਤੋਂ ਪੁੱਛਦਾਂ। ਉਹ ਕਈ ਵਾਰ ਚੀਜ਼ ਏਦਾਂ ਸੰਭਾਲ ਕੇ ਰੱਖ ਦਿੰਦੀ ਹੈ ਕਿ ਬਾਅਦ 'ਚ ਲੱਭਦੀ ਹੀ ਨਹੀਂ।" ਕਾਲੀ ਡਿਉਢੀ ਦੀ ਛੱਤ ਉੱਤੇ ਚੜ੍ਹ ਗਿਆ।
ਉਹ ਉੱਤੇ ਪਹੁੰਚਿਆ ਤਾਂ ਚਾਚੀ ਗਾਰੇ ਕੋਲ ਬੇਹੋਸ਼ ਪਈ ਸੀ! ਉਹਨੂੰ ਇਸ ਹਾਲਤ ਵਿੱਚ ਦੇਖ ਕੇ ਕਾਲੀ ਦਾ ਉਤਲਾ ਸਾਹ ਉੱਤੇ ਦਾ ਉੱਤੇ ਅਤੇ ਹੇਠਲਾ ਹੇਠਾਂ ਦਾ ਹੇਠਾਂ ਹੀ ਰਹਿ ਗਿਆ। ਉਹਨੇ ਡਰੀ ਹੋਈ ਅਵਾਜ਼ ਵਿੱਚ ਚਾਚੀ ਨੂੰ ਅਵਾਜ਼ ਮਾਰੀ ਅਤੇ ਉਹਨੂੰ ਹਿਲਾ-ਜੁਲਾ ਕੇ ਦੇਖਿਆ। ਉਹ ਬਿਲਕੁਲ ਬੇਸੁੱਧ ਪਈ ਸੀ। ਉਹਨੇ ਚਾਚੀ ਨੂੰ ਬਾਹਾਂ ਵਿੱਚ ਚੁੱਕ ਲਿਆ ਅਤੇ ਹੇਠਾਂ ਲਿਆ ਕੇ ਮੰਜੀ ਉੱਤੇ ਪਾ ਦਿੱਤਾ ਅਤੇ ਘਬਰਾਈ ਹੋਈ ਅਵਾਜ਼ ਵਿੱਚ ਬਾਬੇ ਫੱਤੇ ਨੂੰ ਕਿਹਾ:
"ਪਤਾ ਨਹੀਂ ਚਾਚੀ ਨੂੰ ਕੀ ਹੋ ਗਿਆ?"
"ਘਬਰਾ ਨਾ, ਗਰਮੀ 'ਚ ਕਈ ਵਾਰ ਚੱਕਰ ਆ ਜਾਂਦਾ। ਮੂੰਹ 'ਚ ਪਾਣੀ ਪਾ ਅਤੇ ਛਿੱਟੇ ਮਾਰ।"
ਬਾਬੇ ਫੱਤੂ ਨੇ ਕਿਹਾ ਅਤੇ ਬਾਹਰ ਜਾਂਦਾ ਹੋਇਆ ਬੋਲਿਆ:
"ਮੈਂ ਤੇਰੀ ਤਾਈ ਨੂੰ ਭੇਜਦਾਂ।"
ਕਾਲੀ ਨੇ ਚਾਚੀ ਦਾ ਮੂੰਹ ਖੋਲ੍ਹ ਕੇ ਪਾਣੀ ਪਾਇਆ ਅਤੇ ਚਿਹਰੇ ਉੱਤੇ ਪਾਣੀ ਦੇ ਛਿੱਟੇ ਮਾਰੇ ਪਰ ਚਾਚੀ ਦੇ ਸਰੀਰ ਵਿੱਚ ਕੋਈ ਹਰਕਤ ਨਾ ਹੋਈ। ਉਹਨੇ ਚਾਚੀ ਦੇ ਮੱਥੇ ਉੱਤੇ ਹੱਥ ਲਾ ਕੇ ਦੇਖਿਆ ਅਤੇ ਫਿਰ ਉਹਦੇ ਢਿੱਡ ਨੂੰ ਛੋਇਆ। ਉਹਦਾ ਸਰੀਰ ਠੰਢਾ ਮਹਿਸੂਸ ਕਰ ਕੇ ਕਾਲੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਘਬਰਾਇਆ ਹੋਇਆ ਜੀਤੂ ਦੇ ਘਰ ਵਲ ਦੌੜ ਗਿਆ ਅਤੇ ਤਾਈ ਨਿਹਾਲੀ ਕੋਲ ਜਾ ਕੇ ਬੋਲਿਆ:
"ਤਾਈ, ਚਾਚੀ ਨੂੰ ਪਤਾ ਨਹੀਂ ਕੀ ਹੋ ਗਿਆ। ਉਹਨੂੰ ਹੋਸ਼ ਨਹੀਂ ਤੇ ਉਹਦਾ ਸਰੀਰ ਵੀ ਇੱਕਦਮ ਠੰਢਾ ਹੋ ਗਿਆ ਆ।"
ਕਾਲੀ ਨੇ ਛੇਤੀਂ ਛੇਤੀਂ ਕਿਹਾ। ਤਾਈ ਨਿਹਾਲੀ ਆਪਣਾ ਸੂਤ ਅਤੇ ਅਟੇਰਨ ਸਾਂਭ ਕੇ ਉਹਦੇ ਪਿੱਛੇ ਪਿੱਛੇ ਆ ਗਈ।
ਕਾਲੀ ਘਰ ਪਹੁੰਚਿਆ ਤਾਂ ਬੇਬੇ ਹੁਕਮੀ ਚਾਚੀ ਦਾ ਨਾਂ ਲੈ ਕੇ ਉਹਨੂੰ ਅਵਾਜ਼ਾਂ ਮਾਰ ਰਹੀ ਸੀ। ਥੋੜ੍ਹੀ ਦੇਰ ਬਾਅਦ ਹੀ ਪ੍ਰੀਤੋ ਅਤੇ ਪ੍ਰਸਿੰਨੀ ਵੀ ਆ ਗਈਆਂ। ਤਾਈ ਨਿਹਾਲੀ ਨੇ ਕਾਲੀ ਨੂੰ ਕਿਹਾ:
"ਘਰ 'ਚ ਦੇਸੀ ਘੇ ਹੈਗਾ ਤਾਂ ਕੱਢ। ਘੇ ਨਾਲ ਹੱਥ ਪੈਰ ਝੱਸਣ ਨਾਲ ਹੋਸ਼ ਆ ਜਾਊ।" 
ਕਾਲੀ ਨੇ ਸਾਰਾ ਸਾਮਾਨ ਉਲਟ-ਪੁਲਟ ਕੇ ਘਿਉ ਦੀ ਕੁੱਜੀ ਕੱਢੀ ਅਤੇ ਚਾਰੇ ਚਾਚੀ ਦੇ ਹੱਥ-ਪੈਰ ਝੱਸਣ ਲੱਗੀਆਂ। ਕਾਲੀ ਕੁਛ ਚਿਰ ਤੱਕ ਉੱਥੇ ਹੀ ਖੜ੍ਹਾ ਰਿਹਾ। ਜਦੋਂ ਉਹਨੇ ਦੇਖਿਆ ਕਿ ਚਾਚੀ ਦੇ ਸਰੀਰ 'ਚ ਜ਼ਿੰਦਗੀ ਦਾ ਕੋਈ ਨਿਸ਼ਾਨ ਦਿਖਾਈ ਨਹੀਂ ਦੇ ਰਿਹਾ ਤਾਂ ਉਹ ਬਹੁਤ ਘਬਰਾ ਗਿਆ। 
"ਹਕੀਮ ਲੱਭੂਰਾਮ ਨੂੰ ਸੱਦ ਲਿਆਵਾਂ।"
"ਉਹ ਕੀ ਕਰੂ। ਘਾਹ-ਫੂਸ ਦੀ ਗਠੜੀ ਬੰਨ ਦਊ। ਸੱਦਣਾ ਤਾਂ ਡਾਕਟਰ ਵਿਸ਼ਨਦਾਸ ਨੂੰ ਸੱਦ। ਉਹ ਟੂਟੀ ਲਾ ਕੇ ਅੰਦਰ ਦੀ ਸਾਰੀ ਬੀਮਾਰੀ ਦੇਖ ਲੈਂਦਾ।" ਪ੍ਰੀਤੋ ਨੇ ਸੁਝਾਅ ਦਿੱਤਾ।
ਕਾਲੀ ਡਾਕਟਰ ਵਿਸ਼ਨਦਾਸ ਦੀ ਦੁਕਾਨ ਵਲ ਦੌੜ ਗਿਆ। ਉਹ ਉਹਨੂੰ ਦੇਖਦਿਆਂ ਹੀ ਖੁਸ਼ ਹੋ ਕੇ ਬੋਲਿਆ:
"ਦਸ, ਸਭ ਠੀਕ ਠਾਕ ਤਾਂ ਹੈ?"
"ਡਾਕਟਰ ਜੀ, ਚਾਚੀ ਬੇਹੋਸ਼ ਹੋ ਗਈ ਹੈ ਅਤੇ ਉਹਦਾ ਸਰੀਰ ਵੀ ਇੱਕਦਮ ਠੰਢਾ ਹੋ ਗਿਆ ਆ। ਤੁਸੀਂ ਉਹਨੂੰ ਦੇਖ ਲਵੋ।"
ਡਾਕਟਰ ਹੌਲੀ-ਹੌਲੀ ਉੱਠਿਆ ਅਤੇ ਉਹਨੇ ਆਪਣੀ ਧੋਤੀ ਨੂੰ ਕੱਸ ਕੇ ਬੰਨਿਆ। ਕਿੱਲੀ 'ਤੇ ਲਟਕ ਰਹੀ ਕਮੀਜ਼ ਨੂੰ ਲਾਹ ਕੇ ਝਾੜਿਆ ਅਤੇ ਫਿਰ ਦਵਾਈਆਂ ਦੀ ਅਲਮਾਰੀ ਦੇ ਕੋਲ ਖੜ੍ਹਾ ਹੋ ਕੇ ਸ਼ੀਸ਼ੀਆਂ ਨੂੰ ਦੇਖਣ ਲੱਗਾ। ਕਾਲੀ ਬੇਚੈਨੀ ਨਾਲ ਕਦੇ ਇੱਕ ਪੈਰ ਚੁੱਕਦਾ ਅਤੇ ਕਦੇ ਦੂਜਾ। ਡਾਕਟਰ ਨੇ ਅਖੀਰ ਵਿੱਚ ਇੱਕ-ਦੋ ਸ਼ੀਸ਼ੀਆਂ ਚੁੱਕੀਆਂ ਅਤੇ ਜੇਬ ਵਿੱਚ ਪਾ ਕੇ ਚੱਲਣ ਲਈ ਤਿਆਰ ਹੋ ਗਿਆ।
"ਡਾਕਟਰ ਜੀ, ਟੂਟੀ ਵੀ ਲੈ ਲਉ।" ਕਾਲੀ ਨੇ ਸਟੈਥੋਸਕੋਪ ਵਲ ਇਸ਼ਾਰਾ ਕਰਦਿਆਂ ਕਿਹਾ।
"ਇਹ ਵੀ ਲੈ ਲੈਂਦਾਂ।" 
ਡਾਕਟਰ ਵਿਸ਼ਨਦਾਸ ਨੇ ਤੁਰਦਿਆਂ-ਤੁਰਦਿਆਂ ਪੰਜ-ਸੱਤ ਮਿਨਟ ਲਾ ਦਿੱਤੇ ਅਤੇ ਦੁਕਾਨ ਦੇ ਅੰਦਰ ਕੰਧ ਵਿੱਚਲੀ ਮਕਾਨ ਵਲ ਨੂੰ ਖੁਲ੍ਹਦੀ ਖਿੜਕੀ ਖੋਲ੍ਹ ਕੇ ਬੋਲਿਆ:
"ਸ਼ਾਰਦਾ, ਮੈਂ ਬੀਮਾਰ ਦੇਖਣ ਚੱਲਿਆਂ। ਦੁਕਾਨ ਦਾ ਖਿਆਲ ਰੱਖੀਂ। ਥੜੇ 'ਤੇ ਕੁੱਤੇ ਹੱਗ ਨਾ ਜਾਣ।" ਫਿਰ ਖਿੜਕੀ ਬੰਦ ਕਰਕੇ ਕਹਿਣ ਲੱਗਾ:
"ਪਰਸੋਂ ਨਾਈਆਂ ਦਾ ਕੁੱਤਾ ਮੇਰੇ ਥੜੇ ਉੱਤੇ ਜੁਲਾਵ ਕਰ ਗਿਆ। ਉਹਤੋਂ ਪਹਿਲਾਂ ਡਕਾਰਦਾ ਹੋਇਆ ਇਥੇ ਉਲਟੀ ਕਰ ਗਿਆ। ਸਾਰਾ ਪਿੰਡ ਘੁੰਮ ਕੇ ਇਸ ਕੰਮ ਲਈ ਉਹ ਮੇਰੇ ਥੜੇ 'ਤੇ ਆਉਂਦਾ। ਇੱਕ ਦਿਨ ਉਹਨੂੰ ਏਦਾਂ ਦੀ ਦਵਾਈ ਦਊਂਗਾ ਕਿ ਫਿਰ ਸਿਰ ਨਹੀਂ ਚੁੱਕੂ।"
ਕਾਲੀ ਡਾਕਟਰ ਨਾਲੋਂ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਸੀ ਅਤੇ ਉਹਨੂੰ ਡਾਕਟਰ ਨੂੰ ਆਪਣੇ ਨਾਲ ਰਲਾਉਣ ਲਈ ਵਾਰ ਵਾਰ ਰੁੱਕਣਾ ਪੈ ਰਿਹਾ ਸੀ। ਚਮ੍ਹਾਰਲੀ ਦੇ ਅੰਦਰ ਜਾ ਕੇ ਡਾਕਟਰ ਨੇ ਨੱਕ ਉੱਤੇ ਹੱਥ ਰੱਖਦਿਆਂ ਕਿਹਾ:
"ਇੱਥੇ ਤਾਂ ਨਾਲੀ ਦੇ ਸੜੇ ਹੋਏ ਪਾਣੀ ਤੋਂ ਬਦਬੂ ਆਉਂਦੀ ਆ। ਮੁਹੱਲੇ ਦੇ ਲੋਕ ਸਾਰੇ ਪਿੰਡ ਦੀ ਗੰਦਗੀ ਸਾਫ ਕਰਦੇ ਆ ਪਰ ਆਪਣੀ ਗਲੀ ਨੂੰ ਬਹੁਤ ਹੀ ਗੰਦਾ ਰਖਦੇ ਆ।"
ਡਾਕਟਰ ਕਿੱਚੜ ਭਰੀ ਗਲੀ ਵਿੱਚ ਸੰਭਲ-ਸੰਭਲ ਕੇ ਪੈਰ ਚੁੱਕ ਰਿਹਾ ਸੀ ਅਤੇ ਉਹਦੀ ਤੋਰ ਬਹੁਤ ਹੀ ਹੌਲੀ ਹੋ ਗਈ ਸੀ। ਨੰਦ ਸਿੰਘ ਦੇ ਘਰ ਅੱਗੇ ਆ ਕੇ ਉਹ ਰੁਕ ਗਿਆ ਅਤੇ ਉਹਦਾ ਬੰਦ ਦਰਵਾਜ਼ਾ ਦੇਖ ਕੇ ਬੋਲਿਆ:
"ਨੰਦ ਸਿੰਘ ਇਸਾਈ ਕੀ ਬਣਿਆ, ਦੁਨੀਆਂ 'ਚ ਕਿਸੇ ਨੂੰ ਆਪਣੇ ਬਰਾਬਰ ਨਹੀਂ ਸਮਝਦਾ। ਪਾਦਰੀ ਨੇ ਉਹਨੂੰ ਚਾਂਦੀ ਦੀ ਜੰਜ਼ੀਰ ਦਿੱਤੀ ਹੈ ਜਿਹਦੇ ਹੇਠਾਂ ਸਲੀਬ ਬਣੀ ਹੋਈ ਹੈ। ਉਹਨੂੰ ਗਲ 'ਚ ਪਾ ਕੇ ਏਦਾਂ ਤੁਰਦਾ ਜਿਵੇਂ ਸਾਰੀ ਖੁਦਾਈ ਉਹਦੇ ਪੈਰਾਂ 'ਚ ਪਈ ਹੋਵੇ।"
ਕਾਲੀ ਨੇ ਕੋਈ ਜੁਆਬ ਨਾ ਦਿੱਤਾ ਅਤੇ ਡਾਕਟਰ ਦੀ ਹੌਲੀ ਤੋਰ ਉੱਤੇ ਮਨ ਹੀ ਮਨ ਵਿੱਚ ਖਿੱਝਦਾ ਆਪਣੇ ਘਰ ਵਲ ਤੁਰੀ ਗਿਆ। 
ਦਰਵਾਜ਼ੇ ਦੇ ਸਾਹਮਣੇ ਨਿਆਣਿਆਂ ਦਾ ਇੱਕੱਠ ਦੇਖ ਕੇ ਅਤੇ ਅੰਦਰ ਤੀਂਵੀਆਂ ਦਾ ਰੌਲਾ ਸੁਣ ਕੇ ਕਾਲੀ ਦਾ ਦਿਲ ਬੈਠ ਗਿਆ। ਉਹਨੇ ਨਿਆਣਿਆਂ ਨੂੰ ਪਿੱਛੇ ਹਟਾਇਆ ਅਤੇ ਅੰਦਰ ਜਾ ਕੇ ਚਾਚੀ ਉੱਪਰ ਝੁਕ ਗਿਆ। ਪ੍ਰੀਤੋ ਅਤੇ ਪ੍ਰਸਿੰਨੀ ਉਹਦੇ ਪੈਰਾਂ ਦੀਆਂ ਤਲੀਆਂ ਨੂੰ ਜ਼ੋਰ ਜ਼ੋਰ ਨਾਲ ਝਸ ਰਹੀਆਂ ਸਨ। ਚਾਚੀ ਨੂੰ ਕੁਛ ਕੁਛ ਹੋਸ਼ ਆ ਗਿਆ ਸੀ। ਕਾਲੀ ਨੇ ਸਾਰਿਆਂ ਨੂੰ ਪਿੱਛੇ ਹਟਾ ਦਿੱਤਾ ਅਤੇ ਦਰਵਾਜ਼ੇ ਵਲ ਦੇਖਦਾ ਹੋਇਆ ਬੋਲਿਆ:
"ਡਾਕਟਰ ਜੀ, ਆ ਜਾਉ।"
ਡਾਕਟਰ ਨੇ ਡਿਓਢੀ ਵਿੱਚ ਅੰਦਰ ਜਾ ਕੇ ਚਾਰੀਂ ਪਾਸੀ ਨਜ਼ਰ ਦੌੜਾਈ। ਨਵੀਂਆਂ ਪੱਕੀਆਂ ਕੰਧਾਂ, ਨਵੀਂ ਛੱਤ, ਪਿੱਤਲ ਦੇ ਭਾਂਡੇ ਅਤੇ ਲੋਹੇ ਦਾ ਟਰੰਕ ਦੇਖ ਕੇ ਸੋਚਣ ਲੱਗਾ ਕਿ ਕਾਲੀ ਵੀ ਛੋਟਾ-ਮੋਟਾ ਬੁਰਜੁਆ ਬਣ ਗਿਆ ਹੈ। ਫਿਰ ਉਹ ਤੀਂਵੀਆਂ ਅਤੇ ਨਿਆਣਿਆਂ ਨੂੰ ਡਾਂਟਦਾ ਹੋਇਆ ਬੋਲਿਆ:
"ਕਿੱਦਾਂ ਇਕੱਠ ਕੀਤਾ ਹੋਇਆ। ਪਿੱਛੇ ਹੱਟ ਜਾਉ, ਅੰਦਰ ਹਵਾ ਆਉਣ ਦਿਉ। ਏਦਾਂ ਦੇ ਇਕੱਠ 'ਚ ਤਾਂ ਚੰਗਾ ਭਲਾ ਆਦਮੀ ਵੀ ਬੇਹੋਸ਼ ਹੋ ਜਾਵੇ।"
ਕਾਲੀ ਨੇ ਬੱਚਿਆਂ ਨੂੰ ਉੱਥੋਂ ਪਰ੍ਹਾਂ ਕਰ ਦਿੱਤਾ। ਸਾਰੀਆਂ ਤੀਂਵੀਂਆਂ ਇੱਕ ਪਾਸੇ ਖੜ੍ਹ ਗਈਆਂ। ਡਾਕਟਰ ਸਟੈਥੋਸਕੋਪ ਦੇ ਦੋਨੋ ਸਿਰੇ ਕੰਨਾਂ ਵਿੱਚ ਪਾ ਕੇ ਉਹਦਾ ਮੂੰਹ ਚਾਚੀ ਦੀ ਛਾਤੀ ਉੱਤੇ ਥਾਂ-ਥਾਂ ਰੱਖ ਕੇ ਦੇਖਦਾ ਰਿਹਾ। ਫਿਰ ਉਹਨੇ ਚਾਚੀ ਦੀ ਪਿੱਠ ਦਾ ਮੁਆਇਨਾ ਕੀਤਾ। ਉਹ ਕਾਲੀ ਨੂੰ ਇੱਕ ਦੋ ਗੋਲੀਆਂ ਦੇ ਕੇ ਬੋਲਿਆ:
"ਇੱਕ ਗੋਲੀ ਪਾਣੀ ਨਾਲ ਹੁਣ ਦੇ ਦਈਂ। ਦੂਜੀ ਪੂਰੀ ਤਰ੍ਹਾਂ ਹੋਸ਼ ਆਉਣ 'ਤੇ ਦੇ ਦਈਂ। ਰੌਲਾ ਬਿਲਕੁਲ ਨਾ ਪਵੇ ਅਤੇ ਹਵਾ ਖੁਲ੍ਹੀ ਆਵੇ। ਤਕਾਲਾਂ ਨੂੰ ਹਾਲ ਦਸ ਕੇ ਹੋਰ ਦਵਾਈ ਲੈ ਜਾਈਂ।"
"ਡਾਕਟਰ ਜੀ, ਪੈਸੇ ਮੈਂ ਤਕਾਲਾਂ ਨੂੰ ਹੀ ਦਊਂ।" ਕਾਲੀ ਚਾਚੀ ਵਲ ਦੇਖਦਾ ਬੋਲਿਆ:
"ਖਾਣ-ਪੀਣ ਨੂੰ ਕੀ ਦੇਣਾ?"
"ਸਵੇਰ ਦਾ ਕੁਛ ਖਾਧਾ ਕਿ ਨਹੀਂ?"
"ਮੇਰਾ ਖਿਆਲ ਆ ਕਿ ਨਹੀਂ। ਸਵੇਰੇ ਸ਼ਾਇਦ ਇੱਕ-ਅੱਧ ਰੋਟੀ ਖਾਧੀ ਹੋਵੇ। ਕੋਠੇ 'ਤੇ ਲੇਪ ਕਰਦੀ ਸੀ। ਬਾਬਾ ਫੱਤੂ ਚਾਹ ਦੀ ਪੱਤੀ ਮੰਗਣ ਆਇਆ ਤਾਂ ਮੈਂ ਛੱਤ 'ਤੇ ਉਹਨੂੰ ਪੁੱਛਣ ਗਿਆ ਕਿ ਪੱਤੀ ਕਿੱਥੇ ਪਈ ਆ। ਉੱਥੇ ਜਾ ਕੇ ਦੇਖਿਆ ਤਾਂ ਉਹ ਬੇਹੋਸ਼ ਪਈ ਸੀ।" ਕਾਲੀ ਨੇ ਸਾਰਿਆਂ ਨੂੰ ਸੁਣਾਉਂਦਿਆਂ ਕਿਹਾ।
"ਦੁੱਧ, ਚਾਹ ਜਾਂ ਸਾਬੂਦਾਨਾ ਦੇ ਦਈਂ। ਬਾਕੀ ਇਹ ਖਿਆਲ ਰੱਖੀਂ ਕਿ ਜ਼ਿਆਦਾ ਹਿਲਜੁਲ ਨਾ ਕਰੇ। ਹਲਕਾ ਹਲਕਾ ਪੱਖਾ ਝਲਦਾ ਰਹੀਂ।"
ਕੁਛ ਪਲਾਂ ਬਾਅਦ ਹੀ ਕਾਲੀ ਇੱਕ ਗਲਾਸ ਲੈ ਕੇ ਗਲੀ ਵਿੱਚ ਆ ਗਿਆ ਕਿ ਕਿਤਿਉਂ ਦੁੱਧ ਲੈ ਆਵੇ। ਪਿੰਡ ਵਿੱਚ ਹਲਵਾਈ ਦੀ ਕੋਈ ਦੁਕਾਨ ਨਹੀਂ ਸੀ। 
ਉਹ ਬਾਹਰ ਖੂਹ ਦੇ ਕੋਲ ਆ ਕੇ ਸੋਚਣ ਲੱਗਾ ਕਿ ਕਿਹਦੇ ਘਰ ਦੁੱਧ ਮੰਗਣ ਜਾਵੇ। ਉਹਦੇ ਜ਼ਿਹਨ ਵਿੱਚ ਛੱਜੂ ਸ਼ਾਹ, ਮਹਾਸ਼ੇ ਅਤੇ ਚੌਧਰੀ ਮੁਨਸ਼ੀ ਦੇ ਨਾਂ ਆਏ ਪਰ ਉਹਦਾ ਉਹਨਾਂ ਵਿੱਚੋਂ ਕਿਸੇ ਦੇ ਕੋਲ ਵੀ ਜਾਣ ਦਾ ਹੌਂਸਲਾ ਨਹੀਂ ਪੈ ਰਿਹਾ ਸੀ। ਉਹ ਖਿੱਝਿਆ ਹੋਇਆ ਸੋਚਣ ਲੱਗਾ ਕਿ ਸ਼ਹਿਰ ਵਿੱਚ ਘੱਟ ਤੋਂ ਘੱਟ ਪੈਸੇ ਦੇ ਕੇ ਹਰ ਚੀਜ਼ ਤਾਂ ਮਿਲ ਜਾਂਦੀ ਹੈ ਪਰ ਪਿੰਡ ਵਿੱਚ ਜਾਂ ਤਾਂ ਮੁਫਤ ਮਿਲੂ ਜਾਂ ਬਿਲਕੁਲ ਨਹੀਂ। ਉਹ ਕੁਛ ਚਿਰ ਖੂਹ ਦੇ ਕੋਲ ਖੜ੍ਹਾ ਰਿਹਾ ਅਤੇ ਫਿਰ ਹੌਂਸਲਾ ਕਰਕੇ ਚੌਧਰੀ ਮੁਨਸ਼ੀ ਦੇ ਘਰ ਵਲ ਚਲਾ ਗਿਆ।
ਚੌਧਰੀ ਮੁਨਸ਼ੀ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਉਹਨੇ ਡਰਦੇ-ਡਰਦੇ ਅੰਦਰ ਪੈਰ ਰੱਖਿਆ ਅਤੇ ਬਹੁਤ ਹੌਲੀ ਅਵਾਜ਼ ਵਿੱਚ ਬੋਲਿਆ:
"ਚੌਧਰੀ ਜੀ।"
ਦੂਜੇ ਹੀ ਪਲ ਇੱਕ ਔਰਤ ਨੇ ਪੁੱਛਿਆ:
"ਕੌਣ ਆਂ?"
"ਮੈਂ ਕਾਲੀ ਆਂ।"
ਚੌਧਰੀ ਮੁਨਸ਼ੀ ਦੀ ਘਰਵਾਲੀ ਵਿਹੜੇ ਵਿੱਚੋਂ ਉੱਠ ਕੇ ਡਿਓਢੀ ਦੇ ਬੂਹੇ ਕੋਲ ਆ ਕੇ ਕਾਲੀ ਨੂੰ ਧਿਆਨ ਨਾਲ ਦੇਖਦੀ ਹੋਈ ਬੋਲੀ:
"ਕੌਣ, ਕਾਲੀ?" ਅਤੇ ਫਿਰ ਉਹਨੂੰ ਪਹਿਚਾਣਨ ਦੀ ਕੋਸ਼ਿਸ਼ ਕਰਦੀ ਹੋਈ ਬੋਲੀ:
"ਤੂੰ ਪ੍ਰਤਾਪੀ ਦਾ ਭਤੀਜਾ ਤਾਂ ਨਹੀਂ?"
"ਹਾਂ ਜੀ, ਚਾਚੀ ਨੂੰ ਤਾਪ ਚੜ੍ਹਿਆ ਹੋਇਆ। ਡਾਕਟਰ ਕਹਿੰਦਾ ਕਿ ਉਹਨੂੰ ਸਿਰਫ ਚਾਹ ਜਾਂ ਦੁੱਧ ਹੀ ਦੇਣਾ। ਤੁਹਾਡੇ ਕੋਲ ਆਇਆ ਸੀ ਕਿ ਥੋੜ੍ਹਾ-ਜਿਹਾ ਦੁੱਧ।।।।" ਕਾਲੀ ਨੇ ਆਪਣੀ ਗੱਲ ਪੂਰੀ ਕੀਤੇ ਬਿਨਾਂ ਹੀ ਗਲਾਸ ਅੱਗੇ ਕਰ ਦਿੱਤਾ।
"ਇੱਕ ਮੱਝ ਤਾਂ ਸੁੱਕ ਗਈ ਆ। ਦੂਜੀ ਬਹੁਤ ਘੱਟ ਦੁੱਧ ਦੇਣ ਲੱਗੀ ਆ। ਉਹ ਵੀ ਕੀ ਕਰੇ। ਗਰਮੀ ਨਾਲ ਖੂਹ ਸੁੱਕ ਰਹੇ ਨੇ, ਉਹ ਤਾਂ ਫਿਰ ਵੀ ਜਾਨਵਰ ਆ।"
ਕਾਲੀ ਨੂੰ ਰੁਕਣ ਲਈ ਕਹਿ ਕੇ ਉਹ ਅੰਦਰ ਚਲੀ ਗਈ ਅਤੇ ਇੱਕ ਗਲਾਸ ਵਿੱਚ ਥੋੜ੍ਹਾ-ਜਿਹਾ ਦੁੱਧ ਲਿਆ ਕੇ ਕਾਲੀ ਦੇ ਗਲਾਸ ਵਿੱਚ ਪਾ ਕੇ ਬੋਲੀ:
"ਤੂੰ ਕੰਮ-ਧੰਦਾ ਕਿਉਂ ਨਹੀਂ ਕਰ ਲੈਂਦਾ। ਆਪਣੇ ਚਮਾਰ ਦੀ ਤਾਂ ਏਦਾਂ ਦੀ ਜ਼ਰੂਰਤ ਪੂਰੀ ਕਰਨੀ ਹੀ ਪੈਂਦੀ ਆ, ਹਰ ਕਿਸੇ ਨੂੰ ਤਾਂ ਦੁੱਧ ਦਿੱਤਾ ਨਹੀਂ ਜਾਂਦਾ।"
ਕਾਲੀ ਦਾ ਜੀਅ ਕੀਤਾ ਕਿ ਚੌਧਰਾਣੀ ਨੂੰ ਕਹੇ ਕਿ ਉਹ ਦੁੱਧ ਦੇ ਪੈਸੇ ਲੈ ਲਵੇ ਪਰ ਉਹ ਏਨਾ ਹੌਂਸਲਾ ਨਾ ਕਰ ਸਕਿਆ। ਉਹ ਕੋਈ ਜੁਆਬ ਦਿੱਤੇ ਬਿਨਾਂ ਹੀ ਬਾਹਰ ਆ ਗਿਆ ਅਤੇ ਗਲਾਸ ਨੂੰ ਬਹੁਤ ਸਾਵਧਾਨੀ ਨਾਲ ਫੜੀ ਤੇਜ਼ ਤੇਜ਼ ਕਦਮਾਂ ਨਾਲ ਆਪਣੇ ਘਰ ਵਲ ਆ ਗਿਆ।
ਚਾਚੀ ਉਸ ਤਰ੍ਹਾਂ ਹੀ ਬੇਹੋਸ਼-ਜਿਹੀ ਪਈ ਸੀ। ਮੱਖੀਆਂ ਉਹਦੇ ਬੁੱਲ੍ਹਾਂ ਦੇ ਖੂੰਜਿਆਂ ਉੱਤੇ ਭਿਨਭਿਨਾ ਰਹੀਆਂ ਸਨ। ਕਾਲੀ ਨੇ ਕਾਹਲੀ ਨਾਲ ਚੁੱਲ੍ਹਾ ਬਾਲਿਆ ਅਤੇ ਉਹਦੇ ਉੱਪਰ ਪਾਣੀ ਰੱਖ ਕੇ ਚਾਹ ਦੀ ਪੱਤੀ ਅਤੇ ਖੰਡ ਲੱਭਣ ਲੱਗਾ। ਪਾਣੀ ਉਬਲ ਉਬਲ ਕੇ ਸੁੱਕ ਗਿਆ ਪਰ ਉਹਨੂੰ ਦੋਨਾਂ ਵਿੱਚੋਂ ਕੋਈ ਚੀਜ਼ ਨਾ ਲੱਭੀ। ਉਹਨੇ ਪਤੀਲੀ ਵਿੱਚ ਹੋਰ ਪਾਣੀ ਪਾਇਆ ਅਤੇ ਆਪ ਚਾਹ ਦੀ ਪੱਤੀ ਅਤੇ ਖੰਡ ਲੈਣ ਛੱਜੂ ਸ਼ਾਹ ਦੀ ਦੁਕਾਨ ਵਲ ਦੌੜ ਗਿਆ।
ਚੀਜ਼ਾਂ ਲੈ ਕੇ ਉਹ ਫਿਰ ਵੀ ਖੜਾ ਰਿਹਾ ਤਾਂ ਛੱਜੂ ਸ਼ਾਹ ਕਹਿਣ ਲੱਗਾ:
"ਕਾਲੀ ਦਾਸਾ, ਇੰਨਾ ਘਬਰਾਉਣ ਆਲੀ ਕਿਹੜੀ ਗੱਲ ਆ। ਬੁਖਾਰ ਆ, ਉੱਤਰ ਜਾਊਗਾ। ਪਰੂੰ ਮੈਂ ਇਹਨਾਂ ਦਿਨਾਂ 'ਚ ਦੋ ਮਹੀਨੇ ਤਾਪ ਨਾਲ ਮੰਜੇ ਨਾਲ ਜੁੜਿਆ ਰਿਹਾ। ਹੌਂਸਲਾ ਰੱਖ, ਭਗਵਾਨ ਜਲਦੀ ਆਰਾਮ ਦੇਊ।"
"ਸ਼ਾਹ ਜੀ, ਤੁਹਾਡੀ ਗੱਲ ਤਾਂ ਠੀਕ ਹੈ। ਦੁਖ-ਸੁਖ ਇਸ ਸਰੀਰ ਦੇ ਨਾਲ ਬਣੇ ਆ। ।।। ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਕਿਤਿਉਂ ਪਾ-ਅੱਧ ਸੇਰ ਦੁੱਧ ਦਾ ਬੰਦੋਬਸਤ ਕਰ ਦਿਉ। ਸਵੇਰੇ ਚੌਧਰੀ ਮੁਨਸ਼ੀ ਦੇ ਘਰੋਂ ਮੰਗ ਕੇ ਲਿਆਇਆਂ। ਚੌਧਰਾਣੀ ਨੇ ਥੋੜ੍ਹਾ-ਜਿਹਾ ਦਿੱਤਾ ਪਰ ਨਾਲ ਪੰਜਾਹ ਗੱਲਾਂ ਵੀ ਸੁਣਾ ਦਿੱਤੀਆਂ। ਕਹਿਣ ਲੱਗੀ ਕਿ ਆਪਣੇ ਚਮਾਰ ਦੀ ਲੋੜ ਪੂਰੀ ਕਰਨੀ ਹੀ ਪੈਂਦੀ ਆ। ਹਰ ਇੱਕ ਕਮੀਨ ਨੂੰ ਦੁੱਧ ਤਾਂ ਕੀ ਲੱਸੀ ਦੇਣੀ ਵੀ ਮੁਸ਼ਕਿਲ ਆ।"
"ਗੱਲ ਤਾਂ ਉਹਦੀ ਠੀਕ ਆ, ਕਾਲੀ ਦਾਸਾ। ਛਬੀਲ ਤਾਂ ਕੋਈ ਲਾ ਨਹੀਂ ਸਕਦਾ। ਆਦਮੀ ਕਹੇ ਚਾਹੇ ਕੁਛ ਵੀ ਪਰ ਇਹ ਗੱਲ ਪੱਕੀ ਆ ਕਿ ਆਦਮੀ ਉਸ ਦੇ ਹੱਥ 'ਤੇ ਹੀ ਚੀਜ਼ ਰੱਖੂ ਜਿਸ ਕੋਲੋਂ ਉਹਨੂੰ ਜਾਂ ਤਾਂ ਕੋਈ ਫਾਇਦਾ ਹੋਵੇ ਜਾਂ ਉਹਦੇ ਨਾਲ ਕੋਈ ਰਿਸ਼ਤਾ ਹੋਵੇ। ਬਾਕੀ ਰਿਹਾ ਪਾ-ਅੱਧ ਪਾਅ ਦੁੱਧ ਖ੍ਰੀਦਣ ਦਾ ਸਵਾਲ।।।।" ਇਹ ਕਹਿ ਕੇ ਛੱਜੂ ਸ਼ਾਹ ਸੋਚਣ ਲੱਗਾ ਅਤੇ ਫਿਰ ਗਲੀ ਵਿੱਚ ਜਾਂਦੇ ਇੱਕ ਆਦਮੀ ਨੂੰ ਅਵਾਜ਼ ਮਾਰ ਕੇ ਬੋਲਿਆ:
"ਚੌਧਰੀ ਹਰੀ ਸਿਹਾਂ, ਤੂੰ ਬੜਾ ਬੇਲਿਹਾਜ ਹੋਈ ਜਾਂਦਾਂ।"
ਛੱਜੂ ਸ਼ਾਹ ਨੇ ਹਸਦਿਆਂ ਕਿਹਾ। ਹਰੀ ਸਿੰਘ ਉਹਦੀ ਦੁਕਾਨ ਵਲ ਮੁੜਦਾ ਬੋਲਿਆ:
"ਸ਼ਾਹ ਜੀ ਗੱਲ ਬੇਲਿਹਾਜੀ ਦੀ ਨਹੀਂ। ਹਵੇਲੀ ਚੱਲਿਆ ਸੀ। ਮੱਝ ਅਤੇ ਬਲਦ ਨੂੰ ਪੱਠਾ-ਦੱਥਾ ਪਾਉਣਾਂ। ਬੂਆ ਦਿੱਤੇ ਦੀ ਮਾਂ ਕੱਲ੍ਹ ਦੀ ਪੇਕੇ ਗਈਊ ਆ।"
"ਚੌਧਰੀ ਨਵਾਂ ਬਲਦ ਖ੍ਰੀਦਿਆ ਕਿ ਨਹੀਂ।"
"ਸ਼ਾਹ ਜੀ, ਨਵਾਂ ਬਲਦ ਕਿੱਥੋਂ ਲਊਂਗਾ। ਕੱਲ੍ਹ ਨੈਨੋਵਾਲ ਇੱਕ ਬਲਦ ਦੇਖਿਆ ਸੀ। ਉਹਦੇ ਦੰਦ ਆ ਸੱਤ। ਪਤਾ ਉਹਦਾ ਮਾਲਕ ਕਿੰਨੇ ਪੈਸੇ ਮੰਗਦਾ ਸੀ। ।।। ਛੇ ਵੀਹਾਂ ਅਤੇ ਦਸ ਰੁਪਈਏ। ਸ਼ਾਹ ਏਨੇ ਪੈਸੇ ਮੇਰੇ ਕੋਲ ਕਿੱਥੇ ਆ। ਸਾਰੀ ਫਸਲ ਵੇਚ ਕੇ ਵੀ ਪੂਰੇ ਨਹੀਂ ਹੋਣੇ।" ਹਰੀ ਸਿੰਘ ਬੁਰਾ ਜਿਹਾ ਮੂੰਹ ਬਣਾਉਂਦਾ ਬੋਲਿਆ।
"ਚੌਧਰੀ ਇਹਨੂੰ ਜਾਣਦਾਂ?" ਛੱਜੂ ਸ਼ਾਹ ਨੇ ਕਾਲੀ ਵਲ ਇਸ਼ਾਰਾ ਕਰਦਿਆਂ ਕਿਹਾ।
"ਕਿਉਂ ਨਹੀਂ ਜਾਣਦਾ। ਇਹ ਕਾਲੀ ਆ ਮਾਖੇ ਚਮਾਰ ਦਾ ਮੁੰਡਾ।" ਹਰੀ ਸਿੰਘ ਨੇ ਜਵਾਬ ਦਿੱਤਾ।
"ਇਹਦੀ ਚਾਚੀ ਬੀਮਾਰ ਆ। ਇਹਨੂੰ ਦੁੱਧ ਦੀ ਜ਼ਰੂਰਤ ਹੈ।"
ਛੱਜੂ ਸ਼ਾਹ ਦੀ ਗੱਲ ਸੁਣ ਕੇ ਹਰੀ ਸਿੰਘ ਭੜਕ ਪਿਆ:
"ਸ਼ਾਹ ਤੇਰੀ ਅਕਲ ਟਿਕਾਣੇ ਆ ਕਿ ਨਹੀਂ।? ਗਰੀਬ ਆਂ ਤਾਂ ਕੀ ਹੋਇਆ ਚੌਧਰੀ ਤਾਂ ਆਂ, ਚਮਾਰ ਨੂੰ ਦੁੱਧ ਵੇਚੂੰਗਾ ਤਾਂ ਪਿੰਡ ਵਾਲੇ ਕੀ ਕਹਿਣਗੇ?"
ਹਰੀ ਸਿੰਘ ਥੜੇ ਤੋਂ ਹੇਠਾਂ ਉੱਤਰ ਗਿਆ।
ਛੱਜੂ ਸ਼ਾਹ ਹੱਥ ਮਲਦਾ ਬੋਲਿਆ:
"ਕਾਲੀ ਦਾਸਾ ਦੇਖਿਆ ਤੂੰ। ਘਰ 'ਚ ਖਾਣ ਨੂੰ ਦਾਣੇ ਨਹੀਂ। ਇੱਕ ਬਲਦ ਨਾਲ ਹੱਲ ਵਾਹੁੰਦਾ, ਪਰ ਆਕੜ ਰੰਘੜਾਂ ਵਰਗੀ ਆ। ਤੂੰ ਫਿਕਰ ਨਾ ਕਰ ਮੈਂ ਕਿਸੇ ਹੋਰ ਤੋਂ ਪੁੱਛੂੰ।"
ਕਾਲੀ ਸੌਦਾ ਲੈ ਕੇ ਘਰ ਆ ਗਿਆ। ਉਹਦੀ ਪਰੇਸ਼ਾਨੀ ਪਹਿਲਾਂ ਨਾਲੋਂ ਵੀ ਵਧ ਗਈ। ਹਰੀ ਸਿੰਘ ਦੇ ਬੋਲ ਗਿਰਜਾਘਰ ਦੇ ਘੜਿਆਲ ਵਾਂਗ ਉਹਦੇ ਕੰਨਾਂ ਵਿੱਚ ਗੂੰਜ ਰਹੇ ਸਨ। ਉਹਨੇ ਚਾਹ ਬਣਾਈ ਅਤੇ ਚਾਚੀ ਨੂੰ ਉਠਾਉਂਦਾ ਹੋਇਆ ਬੋਲਿਆ:
"ਚਾਚੀ ਚਾਹ ਪੀ ਲਾ।"
ਚਾਚੀ ਦੀ ਗਰਦਨ ਜਿੱਧਰ ਨੂੰ ਝੁੱਕਦੀ ਉਧਰ ਨੂੰ ਹੀ ਲਟਕ ਜਾਂਦੀ। ਕਾਲੀ ਨੇ ਬਹੁਤ ਕੋਸ਼ਿਸ਼ ਕਰਕੇ ਉਹਨੂੰ ਦੋ ਘੁੱਟ ਚਾਹ ਪਿਲਾਈ ਅਤੇ ਉਹਨੂੰ ਡਿਓਢੀ ਵਿੱਚ ਲੰਮੀ ਪਾ ਆਟਾ ਗੁੰਨਣ ਲੱਗਾ। ਜਦੋਂ ਤਾਈ ਨਿਹਾਲੀ ਅੰਦਰ ਆਈ ਤਾਂ ਕਾਲੀ ਰੋਟੀਆਂ ਪਕਾ ਰਿਹਾ ਸੀ। ਉਹ ਮੰਜੇ ਉੱਤੇ ਬਹਿੰਦੀ ਬੋਲੀ:
"ਪ੍ਰਤਾਪੀਏ, ਕੀ ਹਾਲ ਆ ਹੁਣ?"
ਚਾਚੀ ਨੇ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਬੁੱਲ੍ਹ ਹਿੱਲੇ ਪਰ ਜ਼ਬਾਨ ਵਿੱਚੋਂ ਕੋਈ ਸ਼ਬਦ ਨਾ ਨਿਕਲਿਆ। ਤਾਈ ਨਿਹਾਲੀ ਨੇ ਏਧਰ-ਉਧਰ ਦੇਖਿਆ ਅਤੇ ਕਾਲੀ ਨੂੰ ਲੱਭਦੀ ਵਿਹੜੇ ਵਿੱਚ ਆ ਗਈ। ਉਹਨੂੰ ਰੋਟੀ ਪਕਾਉਂਦਾ ਦੇਖ ਬੋਲੀ:
"ਹਾਇ ਮੈਂ ਮਰ ਜਾਵਾਂ। ਪੁੱਤਰਾ, ਤੂੰ ਇਹ ਕੀ ਕਰ ਰਿਹੈਂ? ਠੀਕ ਆ ਪ੍ਰਤਾਪੀ ਬੀਮਾਰ ਆ ਪਰ ਮੈਂ ਤਾਂ ਤੁਰਦੀ ਫਿਰਦੀ ਆਂ। ਜਿੱਦਾਂ ਦਾ ਜੀਤੂ ਉਦਾਂ ਦਾ ਤੂੰ। ਖਬਰਦਾਰ ਜੇ ਫਿਰ ਰੋਟੀ ਆਪ ਬਣਾਈ ਤਾਂ।"
ਤਾਈ ਨਿਹਾਲੀ ਨੇ ਕਾਲੀ ਨੂੰ ਪਿਆਰ ਨਾਲ ਝਿੜਕਦਿਆਂ ਕਿਹਾ ਅਤੇ ਉਹਨੂੰ ਉਠਾ ਕੇ ਆਪ ਰੋਟੀਆਂ ਪਕਾਉਣ ਲੱਗੀ। ਕਾਲੀ ਨੇ ਕੁਝ ਚਿਰ ਵਿਹੜੇ ਵਿੱਚ ਖੜਾ ਰਹਿਣ ਤੋਂ ਬਾਅਦ ਤਾਈ ਨਿਹਾਲੀ ਨੂੰ ਕਿਹਾ:
"ਤਾਈ ਤੂੰ ਇਥੇ ਠਹਿਰੀਂ। ਮੈਂ ਡਾਕਟਰ ਦਿਓਂ ਦਵਾ ਲੈ ਆਵਾਂ।"
ਕਾਲੀ ਡਿਓਢੀ ਅੰਦਰ ਚਾਚੀ ਕੋਲ ਆ ਗਿਆ। ਚਾਚੀ ਦੀਆਂ ਅੱਖਾਂ ਵਿੱਚ ਪਾਣੀ ਵਗ-ਵਗ ਕੇ ਮੰਜੀ ਉੱਤੇ ਚੋਅ ਰਿਹਾ ਸੀ। ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਸੀ। ਉਹ ਬਹੁਤ ਕਮਜ਼ੋਰ ਅਵਾਜ਼ ਵਿੱਚ ਬੋਲੀ:
"ਪੁੱਤਰਾ, ਤੂੰ ਆਪ ਰੋਟੀ ਪਕਾਉਂਦਾ ਸੀ।" ਚਾਚੀ ਫਿਰ ਰੋਣ ਲੱਗੀ। ਕਾਲੀ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਉਹ ਖੁਸ਼ ਸੀ ਕਿ ਚਾਚੀ ਪੂਰੀ ਤਰ੍ਹਾਂ ਹੋਸ਼ ਵਿੱਚ ਹੈ।
ਜਦੋਂ ਕਾਲੀ ਡਾਕਟਰ ਦੀ ਦੁਕਾਨ ਉੱਤੇ ਪਹੁੰਚਿਆ ਤਾਂ ਹਕੀਮਾਂ ਦਾ ਓਮਾ ਉੱਥੇ ਬੈਠਾ ਸੀ। ਡਾਕਟਰ ਉਹਨੂੰ ਸਮਝਾ ਰਿਹਾ ਸੀ ਕਿ ਰੂਸ ਉੱਤੇ ਜਰਮਨਾਂ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਰੂਸੀ ਛਾਪਾਮਾਰਾਂ ਨੇ ਕੀ ਕੀ ਕੰਮ ਕੀਤੇ ਸੀ। ਕਾਲੀ ਪਹਿਲਾਂ ਤਾਂ ਬਹੁਤ ਦਿਲਚਸਪੀ ਨਾਲ ਡਾਕਟਰ ਦੀਆਂ ਗੱਲਾਂ ਸੁਣਦਾ ਰਿਹਾ ਪਰ ਚਾਚੀ ਦਾ ਖਿਆਲ ਆਉਂਦਿਆਂ ਹੀ ਉਹ ਬੇਚੈਨੀ ਨਾਲ ਬੋਲਿਆ:
"ਡਾਕਟਰ ਜੀ ਚਾਚੀ ਦਾ ਬੁਖਾਰ ਤਾਂ ਵਧਦਾ ਹੀ ਜਾ ਰਿਹਾ।"
"ਕੋਈ ਹਰਜ ਨਹੀਂ।" ਡਾਕਟਰ ਓਮੇ ਨਾਲ ਗੱਲ ਕਰਦਾ ਕਹਿਣ ਲੱਗਾ:
"ਰੂਸੀ ਛਾਪਾਮਾਰ ਦਸਤਿਆਂ ਨੇ ਜਰਮਨ ਫੌਜਾਂ ਦੇ ਨੱਕ 'ਚ ਦਮ ਕਰ ਦਿੱਤਾ ਸੀ। ਉਹ ਦੁਸ਼ਮਣ ਦੇ ਮੋਰਚੇ ਦੇ ਪਿੱਛੇ ਜਾ ਕੇ ਉਹਨਾਂ ਨੂੰ ਪਰੇਸ਼ਾਨ ਕਰਦੇ ਸਨ।" ਕਾਲੀ ਨੇ ਡਾਕਟਰ ਦੀ ਗੱਲ ਕੱਟਦਿਆਂ ਕਿਹਾ:
"ਡਾਕਟਰ ਜੀ, ਦਵਾ ਦੇ ਦਿਉ। ਉਹਨੂੰ ਬੁਖਾਰ ਨਾਲ ਬੇਹੋਸ਼ੀ ਜਿਹੀ ਹੋ ਰਹੀ ਹੈ। ਸਵੇਰ ਚਾਹ ਦੇ ਗਿਣ ਕੇ ਸਿਰਫ ਦੋ ਘੁੱਟ ਪੀਤੇ ਹਨ।"
"ਕੋਈ ਹਰਜ ਨਹੀਂ।"
ਡਾਕਟਰ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ:
"ਛਾਪਾਮਾਰ ਦਸਤੇ ਦੁਸ਼ਮਣ ਨੂੰ ਨਾ ਸੌਣ ਦਿੰਦੇ, ਨਾ ਖਾਣ ਦਿੰਦੇ ਅਤੇ ਨਾ ਪੀਣ ਦਿੰਦੇ ਸੀ।"
"ਬੱਲੇ-ਬੱਲੇ ਬੜੇ ਮਜ਼ਬੂਤ ਹੋਣਗੇ।"
ਓਮੇ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ।
"ਹਾਹੋ, ਉਹ ਦਸਤੇ ਆਪਣੀ ਜਾਨ ਹਰ ਵੇਲੇ ਆਪਣੀ ਹਥੇਲੀ ਉੱਤੇ ਰੱਖਦੇ ਸਨ।" ਡਾਕਟਰ ਨੇ ਖੁਸ਼ ਹੁੰਦਿਆਂ ਕਿਹਾ। 
ਕਾਲੀ ਨੇ ਗੱਲ ਲੰਬੀ ਹੁੰਦੀ ਦੇਖ ਡਾਕਟਰ ਨੂੰ ਕਿਹਾ:
"ਅੱਛਾ ਡਾਕਟਰ ਜੀ, ਮੈਂ ਪਾਦਰੀ ਜੀ ਨੂੰ ਮਿਲ ਆਵਾਂ। ਮੈਨੂੰ ਕੁਝ ਕੰਮ ਆ।"
ਡਾਕਟਰ ਨੇ ਚੌਂਕ ਕੇ ਉਹਦੇ ਵਲ ਦੇਖਿਆ ਅਤੇ ਉਹਨੂੰ ਜਲਦੀ ਵਾਪਸ ਆਉਣ ਦੀ ਤਗੀਦ ਕਰਕੇ ਓਮੇ ਨਾਲ ਗੱਲਾਂ ਕਰਨ ਲੱਗਾ।
ਪਾਦਰੀ ਕਾਲੀ ਨੂੰ ਘਰ ਹੀ ਮਿਲ ਗਿਆ। ਉਹ ਉਹਨੂੰ ਬਹੁਤ ਤਪਾਕ ਨਾਲ ਮਿਲਿਆ। ਅਤੇ ਉਹਨੂੰ ਆਪਣੇ ਬਰਾਬਰ ਕੁਰਸੀ ਉੱਤੇ ਬਿਠਾਇਆ। ਪਾਦਰੀ ਮੁਸਕਰਾਉਂਦਾ ਹੋਇਆ ਬੋਲਿਆ:
"ਸੁਣਾ ਕਾਲੀ ਦਾਸ, ਕਿਵੇਂ ਆਇਆਂ?" 
"ਪਾਦਰੀ ਜੀ, ।।। ਚਾਚੀ ਨੂੰ ਤਾਪ ਚੜ੍ਹਿਆ ਹੋਇਆ। ਡਾਕਟਰ ਨੇ ਕਿਹਾ ਕਿ ਉਹਨੂੰ ਸਿਰਫ ਦੁੱਧ, ਚਾਹ ਜਾਂ ਸਾਬੂਦਾਨਾ ਹੀ ਦੇਣਾ। ਅੱਜ ਸਵੇਰੇ ਚੌਧਰੀ ਮੁਨਸ਼ੀ ਦੇ ਘਰੋਂ ਕੌਲੀ ਦੁੱਧ ਦੀ ਲਿਆਇਆ ਸੀ। ਚੌਧਰਾਣੀ ਨੇ ਦੁੱਧ ਤਾਂ ਦਿੱਤਾ ਪਰ ਬਹੁਤ ਅਹਿਸਾਨ ਜਤਾ ਕੇ। ਫਿਰ ਛੱਜੂ ਸ਼ਾਹ ਨੇ ਚੌਧਰੀ ਹਰੀ ਸਿੰਘ ਨਾਲ ਗੱਲ ਕੀਤੀ ਕਿ ਅੱਧਾ ਸੇਰ ਦੁੱਧ ਪੈਸੇ ਲੈ ਕੇ ਦੇ ਦੇਵੇ। ਉਹਨੇ ਮੇਰੀ ਬਹੁਤ  ਬੇਇੱਜ਼ਤੀ ਕੀਤੀ। ਕਹਿਣ ਲੱਗਾ ਕਿ ਉਹ ਗਰੀਬ ਆ ਤਾਂ ਕੀ ਹੋਇਆ ਆਖਿਰ ਨੂੰ ਤਾਂ ਜ਼ਿਮੀਂਦਾਰ ਆ। ਚਮਾਰ ਨੂੰ ਦੁੱਧ ਵੇਚਦਾ ਚੰਗਾ ਲੱਗੂ।" ਕਾਲੀ ਦੀਆਂ ਅੱਖਾਂ ਭਰ ਆਈਆਂ।
ਪਾਦਰੀ ਉਹਨੂੰ ਤਸੱਲੀ ਦਿੰਦਾ ਬੋਲਿਆ:
"ਕਾਲੀ ਦਾਸ, ਘਬਰਾ ਨਾ। ਈਸਾ ਮਸੀਹ ਤੇਰੀਆਂ ਸਾਰੀਆਂ ਮੁਸ਼ਕਿਲਾਂ ਦੂਰ ਕਰੂ। ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ। ਸਾਡਾ ਇਸਾਈ ਧਰਮ ਤਾਂ ਇਹ ਕਹਿੰਦਾ ਕਿ ਖੁਦਾ ਦਾ ਬੇਟਾ ਈਸਾ ਮਸੀਹ ਹਰ ਇਸਾਈ ਘਰ 'ਚ ਮੌਜੂਦ ਹੁੰਦਾ ਬੇਸੰੱਕ ਉਹ ਨਜ਼ਰ ਆਏ ਜਾਂ ਨਾ। ਇਸ ਲਈ ਕੋਈ ਇਸਾਈ ਕਿਸੇ ਨੂੰ ਉਹ ਚੀਜ਼ ਦੇਣ ਤੋਂ ਨਾਂਹ ਨਹੀਂ ਕਰੂ ਜੋ ਉਹਦੇ ਘਰ 'ਚ ਹੋਵੇ। ਉਹ ਸਾਡੇ ਸਾਰਿਆਂ ਦਾ ਪਵਿੱਤਰ ਪਿਤਾ ਹੈ। ਉਹਦੀਆਂ ਅੱਖਾਂ ਸਾਹਮਣੇ ਚੋਰੀ ਕਾਹਦੀ, ਝੂਠ ਕਾਹਦਾ, ਫਰੇਬ ਅਤੇ ਦਗਾ ਕਾਹਦਾ?"
ਪਾਦਰੀ ਅੰਦਰ ਜਾ ਕੇ ਇੱਕ  ਪੁੜਾ ਚੁੱਕਾ ਲਿਆਇਆ ਅਤੇ ਕਾਲੀ ਦੇ ਸਾਹਮਣੇ ਖੋਲ੍ਹਦਾ ਬੋਲਿਆ:
"ਇਹ ਵਿਲਾਇਤੀ ਦੁੱਧ ਹੈ, ਸੁੱਕਾ ਦੁੱਧ। ਇਹਦੇ 'ਚ ਥੋੜ੍ਹਾ ਜਿਹਾ ਗਰਮ ਪਾਣੀ ਪਾ ਕੇ ਇਹਨੂੰ ਏਨਾ ਰਗੜੋ ਕਿ ਪਾਣੀ ਅਤੇ ਇਹ ਦੁੱਧ ਇੱਕ ਹੋ ਜਾਣ, ਫਿਰ ਇਹਦੇ 'ਚ ਹੋਰ ਪਾਣੀ ਪਾ ਦਿਉ; ਦੁੱਧ ਤਿਆਰ ਹੋ ਗਿਆ। ਸਾਡੇ ਕੋਲ ਮੱਝ ਹੈ, ਪਰ ਫਿਰ ਵੀ ਅਸੀਂ ਜ਼ਿਆਦਾ ਤਰ ਇਹ ਹੀ ਦੁੱਧ ਵਰਤਦੇ ਹਾਂ।"
"ਮੈਨੂੰ ਪਤਾ ਹੈ ਪਾਦਰੀ ਜੀ। ਸ਼ਹਿਰ 'ਚ ਵੀ ਇਸ ਤਰ੍ਹਾਂ ਦਾ ਦੁੱਧ ਮਿਲਦਾ। ਇੱਕ ਗਾੜ੍ਹਾ ਗਾੜ੍ਹਾ ਰਬੜੀ ਵਰਗਾ ਡੱਬੇ ਦਾ ਦੁੱਧ ਵੀ ਹੁੰਦਾ।"
ਕਾਲੀ ਡਾਕਟਰ ਦੀ ਦੁਕਾਨ ਉੱਤੇ ਪਹੁੰਚਿਆ ਤਾਂ ਅਜੇ ਵੀ ਰੂਸੀ ਛਾਪਾਮਾਰ ਦਸਤਿਆਂ ਦੀ ਗੱਲ ਜਾਰੀ ਸੀ। ਡਾਕਟਰ ਵਿਸ਼ਨਦਾਸ ਓਮੇ ਤੋਂ ਉਹਨਾਂ ਬਾਰੇ ਸਵਾਲ ਪੁੱਛ ਰਿਹਾ ਸੀ। ਡਾਕਟਰ ਆਪਣੇ ਸਵਾਲਾਂ ਦੇ ਜੁਆਬ ਜਾਣਨ ਲਈ ਜ਼ੋਰ ਪਾਉਣ ਲੱਗਾ ਤਾਂ ਓਮਾ ਬੋਲਿਆ:
"ਅੱਛਾ ਪਹਿਲਾਂ ਮੈਨੂੰ ਇੱਕ ਗੱਲ ਦੱਸੋ।"
"ਕੀ?" ਡਾਕਟਰ ਨੇ ਉਤਸੁਕਤਾ ਨਾਲ ਕਿਹਾ।
"ਕੀ ਛਾਪਾਮਾਰ ਦਸਤੇ ਲੱਕੜ ਦੇ ਸਨ ਜਾਂ ਲੋਹੇ ਦੇ?"
ਓਮੇ ਦੀ ਗੱਲ ਸੁਣ ਕੇ ਡਾਕਟਰ ਨੂੰ ਇੱਕਦਮ ਗੁੱਸਾ ਆ ਗਿਆ ਅਤੇ ਉਹ ਉਹਦੇ ਮੂੰਹ ਵਿੱਚ ਹੱਥ ਦਿੰਦਾ ਬੋਲਿਆ:
"ਤੇਰਾ ਹਾਲ ਤਾਂ ਉਸ ਜੱਟ ਵਰਗਾ ਜਿਹਨੇ ਸਾਰੀ ਰਾਤ ਰਮਾਇਣ ਸੁਣਨ ਤੋਂ ਬਾਅਦ ਪੁੱਛਿਆ ਸੀ ਕਿ ਸੀਤਾ ਰਾਮ ਦੀ ਮਾਂ ਸੀ ਜਾਂ ਭੈਣ।"
ਡਾਕਟਰ ਨੇ ਓਮੇ ਨੂੰ ਬਹੁਤ ਹੋਰ ਵੀ ਇਹੋ ਜਿਹੀਆਂ ਗੱਲਾਂ ਕਹੀਆਂ ਅਤੇ ਉਹ ਸ਼ਰਮਿੰਦਾ ਹੋ ਕੇ ਚਲੇ ਗਿਆ। ਉਹਦੇ ਜਾਣ ਤੋਂ ਬਾਅਦ ਡਾਕਟਰ ਬੋਲਿਆ:
"ਏਦਾਂ ਦਾ ਖਰਦਿਮਾਗ ਆਦਮੀ ਮੈਂ ਆਪਣੀ ਜ਼ਿੰਦਗੀ 'ਚ ਹੋਰ ਨਹੀਂ ਦੇਖਿਆ। ਜਿੰਨੇ ਸਾਲ ਇਹਨੇ ਸੱਤ ਜਮਾਤਾਂ ਪਾਸ ਕਰਨ 'ਚ ਲਾਏ ਹਨ ਅਤੇ ਪੈਸਾ ਖਰਚ ਕੀਤਾ ਹੈ, ਉਨੇ ਨਾਲ ਤਾਂ ਮੰਹਿ ਦਾ ਕੱਟਾ ਬੀ। ਏ। ਪਾਸ ਕਰ ਲੈਂਦਾ।"
ਡਾਕਟਰ ਦੀ ਗੱਲ ਸੁਣ ਕੇ ਕਾਲੀ ਹੱਸ ਪਿਆ ਅਤੇ ਕੁਝ ਪਲਾਂ ਬਾਅਦ ਉਹਨੇ ਡਾਕਟਰ ਨੂੰ ਕਿਹਾ:
"ਡਾਕਟਰ ਜੀ ਚਾਚੀ ਲਈ ਦਵਾ ਦੇ ਦਿਉ।"
"ਅੱਛਾ।" ਡਾਕਟਰ ਦੰਦ ਕਰੀਚਦਾ ਛੱਤ ਵਲ ਦੇਖਦਾ ਰਿਹਾ ਅਤੇ ਜਦੋਂ ਕਾਲੀ ਨੇ ਦਵਾਈ ਦਾ ਫਿਰ ਜ਼ਿਕਰ ਕੀਤਾ ਤਾਂ ਉਹ ਆਪਣੇ ਆਸਨ ਤੋਂ ਉੱਠਿਆ ਅਤੇ ਇੱਕ ਕਾਗਜ਼ ਵਿੱਚ ਚਾਰ ਗੋਲੀਆਂ ਲਪੇਟ ਕੇ ਬੋਲਿਆ:
"ਚਾਹ, ਦੁੱਧ ਜਾਂ ਗਰਮ ਪਾਣੀ ਦੇ ਨਾਲ ਦੇਣੀਆਂ। ਦੋ ਹੁਣੇ ਜਾ ਕੇ ਦੇ ਦਈਂ , ਦੋ ਸ਼ਾਮ ਨੂੰ।।।। ਅਤੇ ਸਵੇਰੇ ਆ ਕੇ ਹਾਲ ਦੱਸ ਜਾਈਂ ਅਤੇ ਦਵਾਈ ਲੈ ਜਾਈਂ।"
ਦਵਾਈ ਲੈ ਕੇ ਕਾਲੀ ਘਰ ਪਹੁੰਚਿਆ ਤਾਂ ਤਾਈ ਨਿਹਾਲੀ ਜਾ ਚੁੱਕੀ ਸੀ। ਉਹ ਜਿਹੜੀਆਂ ਰੋਟੀਆਂ ਬਣਾ ਕੇ ਰੱਖ ਗਈ ਸੀ ਉਹਨਾਂ ਨੂੰ ਇੱਕ ਕੁੱਤਾ ਚੁੱਕ ਕੇ ਵਿਹੜੇ ਦੇ ਇੱਕ ਖੂੰਜੇ ਕੰਧ ਦੀ ਛਾਂਵੇਂ ਬੈਠਾ ਚੱਬ ਰਿਹਾ ਸੀ। ਕਾਲੀ ਨੇ ਉਹਨੂੰ ਧੁਤਕਾਰਿਆ ਤਾਂ ਉਹ ਰੋਟੀਆਂ ਛੱਡ ਚਊਂ ਚਊਂ ਕਰਦਾ ਦੌੜ ਗਿਆ। ਉਹਨੇ ਰੋਟੀਆਂ ਚੁੱਕੀਆਂ ਅਤੇ ਉਹਨਾਂ ਨੂੰ ਝਾੜ ਕੇ ਸਾਫ ਕੀਤਾ। ਉਹਨੇ ਸੋਚਿਆ ਕਿ ਉਹ ਉਹਨਾਂ ਨੂੰ ਸੁੱਟ ਦੇਵੇ ਪਰ ਉਹਨੂੰ ਏਨੀ ਜ਼ਿਆਦਾ ਭੁੱਖ ਲੱਗੀ ਸੀ ਕਿ ਉਹਨੇ ਚਾਰੇ ਪਾਸੇ ਦੇਖ ਕੇ ਰੋਟੀਆਂ ਨੂੰ ਡਿਓਢੀ ਵਿੱਚ ਲਿਆ ਕੇ ਲੁਕੋ ਦਿੱਤਾ। ਚਾਚੀ ਨੂੰ ਦਵਾਈ ਦੇ ਕੇ ਉਹ ਉਹਨਾਂ ਰੋਟੀਆਂ ਨੂੰ ਉਸ ਹੀ ਤਰ੍ਹਾਂ ਜਲਦੀ ਜਲਦੀ ਚੱਬਣ ਲੱਗਾ ਜਿਵੇਂ ਪਹਿਲਾਂ ਕੁੱਤਾ ਚੱਬ ਰਿਹਾ ਸੀ।
ਕਾਲੀ ਅਜੇ ਰੋਟੀ ਖਾ ਹੀ ਰਿਹਾ ਸੀ ਕਿ ਮਿਸਤਰੀ ਸੰਤਾ ਸਿੰਘ ਆ ਗਿਆ। ਕਾਲੀ ਰੋਟੀ ਛੱਡ ਕੇ ਇਸ ਤਰ੍ਹਾਂ ਖੜ੍ਹਾ ਹੋ ਗਿਆ ਜਿਵੇਂ ਉਹਨੂੰ ਦੇਖ ਕੇ ਕੁੱਤੇ ਨੇ ਰੋਟੀ ਛੱਡ ਦਿੱਤੀ ਸੀ। ਸੰਤਾ ਸਿੰਘ ਚਾਚੀ ਵਲ ਇਸ਼ਾਰਾ ਕਰਦਾ ਬੋਲਿਆ:
"ਕੀ ਬੀਮਾਰ ਹੋ ਗਈ ਆ?"
"ਹਾਂ, ਛੱਤ ਉੱਤੇ ਪੋਚਾ ਮਾਰਦੀ-ਮਾਰਦੀ ਬੇਹੋਸ਼ ਹੋ ਗਈ ਸੀ। ਪਹਿਲਾਂ ਸਰੀਰ ਠੰਢਾ ਹੋ ਗਿਆ ਫਿਰ ਤਾਪ ਚੜ੍ਹ ਗਿਆ।" ਕਾਲੀ ਨੇ ਫਿਕਰ ਭਰੀ ਅਵਾਜ਼ ਵਿੱਚ ਕਿਹਾ।
"ਅੱਛਾ ਮੈਂ ਹਿਸਾਬ ਕਰਨ ਆਇਆ ਸੀ। ਮੈਂ ਕੁੱਲ ਸੋਲਾਂ ਦਿਹਾੜੀਆਂ ਲਾਈਆਂ। ਸਵਾ ਰੁਪਈਆ ਦਿਹਾੜੀ ਦੇ ਹਿਸਾਬ ਨਾਲ ਵੀਹ ਰੁਪੱਈਏ ਬਣਦੇ ਆ ਅਤੇ ਦੋ ਰੁਪਏ ਮੰਤਰ ਦੇ। ਦਸ ਮੈਂ ਲੈ ਚੁੱਕਿਆਂ। ਬਾਕੀ ਰਹਿ ਗਏ ਬਾਰਾਂ। ਮੈਨੂੰ ਅੱਜ ਪੈਸਿਆਂ ਦੀ ਜ਼ਰੂਰਤ ਪੈ ਗਈ ਆ। ਮੈਂ ਸ਼ਹਿਰ ਚੱਲਿਆਂ।"
"ਮਿਸਤਰੀ ਜੀ ਇੱਕ ਦਿਹਾੜੀ ਤਾਂ ਅੱਧੀ ਸੀ। ਉਹਦੇ ਪੂਰੇ ਪੈਸੇ ਲਾ ਰਹੇ ਹੋ।"
"ਦਿਹਾੜੀ ਅੱਧੀ ਹੋਵੇ ਜਾਂ ਪੂਰੀ, ਪੈਸੇ ਪੂਰੀ ਦੇ ਹੀ ਲੱਗਦੇ ਆ। ਇਹ ਦਸ ਦਿਆਂ ਕਿ ਅੱਜ ਕੱਲ੍ਹ ਚੰਗਾ ਰਾਜ ਡੇਢ ਰੁਪਈਏ ਤੋਂ ਘੱਟ ਦਿਹਾੜੀ ਨਹੀਂ ਲੈਂਦਾ।" ਸੰਤਾ ਸਿੰਘ ਨੇ ਕਿਹਾ ਅਤੇ ਫਿਰ ਕੋਠੜੀ ਦੀਆਂ ਨੀਹਾਂ ਨੂੰ ਦੇਖਕੇ ਬੋਲਿਆ:
"ਇਹਨਾਂ ਨੂੰ ਕਦੋਂ ਬਣਾਉਣਾਂ। ਅੱਜ ਕੱਲ੍ਹ ਮੈਨੂੰ ਵਿਹਲ ਆ। ਦਸਾਂ ਦਿਨਾਂ ਬਾਅਦ ਕਹੇਂਗਾ ਤਾਂ ਮੈਂ ਨਹੀਂ ਆ ਸਕਣਾ।"
ਕਾਲੀ ਨੇ ਆਪਣੇ ਟਰੰਕ ਵਿੱਚੋਂ ਪੈਸੇ ਕੱਢ ਕੇ ਸੰਤਾ ਸਿੰਘ ਦੇ ਹੱਥ ਉੱਤੇ ਰੱਖ ਦਿੱਤੇ। ਉਹ ਪੈਸਿਆਂ ਨੂੰ ਧਿਆਨ ਨਾਲ ਗਿਣ ਕੇ ਜੇਬ ਵਿੱਚ ਪਾ ਕੇ ਬੋਲਿਆ:
"ਉਸ ਕੁੱਤੇ ਦੀ ਔਲਾਦ ਕਾਲੇ ਸਾਹਿਬ ਦਾ ਕੀ ਹਾਲ ਆ। ਸਾਲੇ ਨੇ ਆਪਣੇ ਕੇਸ ਸ਼ਹੀਦ ਕਰਾ ਦਿੱਤੇ ਨੇ। ਗੁਰੂ ਦੇ ਅੰਮ੍ਰਿਤ ਦੀ ਬੇਇੱਜ਼ਤੀ ਕੀਤੀ ਆ। ਘੜੱਮ ਚੌਧਰੀ ਨੂੰ ਤਾਂ ਤੂੰ ਜਾਣਦਾ ਈ ਆਂ, ਮੂੰਹ ਫੱਟ ਆਦਮੀ ਆ।  ਅੱਜ ਸਵੇਰੇ ਨੰਦ ਸਿੰਘ ਨੂੰ ਦੇਖ ਕੇ ਬੋਲਿਆ - 'ਸੁਣਾ ਚਮਾਰਾ, ਇਸਾਈ ਬਣਨ ਤੋਂ ਬਾਅਦ ਕੋਈ ਫਰਕ ਪਿਆ? ਕੀ ਟੱਟੀ ਪਿਸ਼ਾਬ ਪਹਿਲਾਂ ਵਾਂਗ ਹੀ ਆਉਂਦਾ ਜਾਂ ਤਰੀਕਾ ਬਦਲ ਗਿਆ?" ਨੰਦ ਸਿੰਘ ਨੇ ਵੀ ਫਿਰ ਪੁੱਠਾ-ਸਿੱਧਾ ਜਵਾਬ ਦਿੱਤਾ। ਘੜੱਮ ਚੌਧਰੀ ਨੇ ਜੁੱਤੀ ਲਾਹ ਲਈ ਅਤੇ ਲੱਗਾ ਮਾਰਨ। ਮਜ਼ੇ ਦੀ ਗੱਲ ਇਹ ਹੈ ਕਿ ਜੁੱਤੀ ਨੰਦ ਸਿੰਘ ਦੀ ਹੀ ਬਣਾਈ ਹੋਈ ਸੀ ਅਤੇ ਉਹਨੂੰ ਅਜੇ ਉਹਦੇ ਪੈਸੇ ਨਹੀਂ ਸੀ ਮਿਲੇ। ਉਹ ਚਾਰ ਜੁੱੱਤੀਆਂ ਖਾ ਕੇ ਹੀ ਪਿਸ਼ਾਬ ਦੀ ਝੱਗ ਵਾਂਗ ਬਹਿ ਗਿਆ। ਘੜੱਮ ਚੌਧਰੀ ਨੇ ਉਹਨੂੰ ਕਿਹਾ ਕਿ ਚਮੜਾ ਕਾਲਾ ਹੋਵੇ ਜਾਂ ਲਾਲ, ਕਮਾਇਆ ਹੋਇਆ ਹੋਵੇ ਜਾਂ ਕੱਚਾ, ਆਖਿਰ ਚਮੜਾ ਹੀ ਰਹਿੰਦਾ। ਨੰਦ ਸਿੰਘ ਖਸਰ ਖਾਧੇ ਕੁੱਤੇ ਵਾਂਗ ਚਊਂ ਚਊਂ ਕਰਦਾ ਘਰ ਆ ਗਿਆ।"
ਸੰਤਾ ਸਿੰਘ ਨੇ ਸਾਰੀ ਗੱਲ ਪੂਰੇ ਚਾਅ ਨਾਲ ਸੁਣਾਈ। 
ਕਾਲੀ ਚੁੱਪ ਰਿਹਾ ਅਤੇ ਕੁਝ ਪਲਾਂ ਬਾਅਦ ਉਹਨੇ ਮਿਸਤਰੀ ਨੂੰ ਕਿਹਾ:
"ਮਿਸਤਰੀ ਜੀ! ਚਾਚੀ ਬੀਮਾਰ ਆ। ਮੇਰਾ ਧਿਆਨ ਕਿਸੇ ਹੋਰ ਪਾਸੇ ਜਾਂਦਾ ਹੀ ਨਹੀਂ। ਨੀਂਹ ਤਾਂ ਮੈਂ ਪੁੱਟ ਦਿੱਤੀ ਹੈ। ਤੁਸੀਂ ਦੋ ਦਿਹਾੜੀਆਂ ਲਾ ਕੇ ਪੱਕੇ ਥਮਲੇ ਬਣਾ ਦਿਉ। ਇੱਕ, ਦੋ, ਤਿੰਨ, ਚਾਰ, ਪੰਜ ਅਤੇ ਛੇ ਥਮਲੇ ਬਣਾਉਣੇ ਪੈਣਗੇ। ਦੋ ਨਹੀਂ ਤਾਂ ਤਿੰਨ ਦਿਨਾਂ 'ਚ ਬਣ ਜਾਣਗੇ। ਮੈਂ ਮਿੱਟੀ ਦੀਆਂ ਕੰਧਾਂ ਬਣਾ ਕੇ ਛੱਤ ਪਾ ਦਊਂਗਾ। ਜਦੋਂ ਹੱਥ 'ਚ ਪੈਸੇ ਆ ਜਾਣਗੇ ਤਾਂ ਉਹਨਾਂ ਨੂੰ ਵੀ ਪੱਕੀਆਂ ਕਰ ਲਊਂ।"
"ਜਿੱਦਾਂ ਤੇਰੀ ਮਰਜ਼ੀ। ਫਿਰ ਕੱਲ੍ਹ ਆਵਾਂ? ।।। ਗਾਰਾ ਤਿਆਰ ਰੱਖੀਂ" ਸੰਤਾ ਸਿੰਘ ਗਲੀ ਵਿੱਚ ਆ ਗਿਆ ਅਤੇ ਦੂਸਰੇ ਹੀ ਪਲ ਵਾਪਸ ਆ ਕੇ ਕਾਲੀ ਨੂੰ ਕੋਠੜੀ ਦੇ ਇੱਕ ਖੂੰਜੇ ਵਿੱਚ ਲਿਜਾ ਕੇ ਬੋਲਿਆ:
"ਤੇਰੀ ਮਾਸ਼ੂਕ 'ਤੇ ਜਵਾਨੀ ਤਾਂ ਖਾਦ ਅਤੇ ਖੂਹ ਦੇ ਪਾਣੀ ਨਾਲ ਪਲੀ ਮੱਕੀ ਵਾਂਗ ਚੜ੍ਹੀ ਆ।"
"ਕਿਹਦੀ ਗੱਲ ਕਰ ਰਹੇ ਹੋ?" ਕਾਲੀ ਨੇ ਉਹਦੇ ਵਲ ਹੈਰਾਨੀ ਨਾਲ ਦੇਖਦਿਆਂ ਕਿਹਾ।
"ਉਹ ਹੀ, ਜੋ ਤੈਨੂੰ ਮੱਖਣ ਵਾਲੀ ਲੱਸੀ ਪਿਲਾਉਣ ਆਉਂਦੀ ਸੀ। ਮੰਗੂ ਦੀ ਭੈਣ ਗਿਆਨੋ। ਏਦਾਂ ਲੱਗਦਾ ਹੈ ਕਿ ਉਹਨੂੰ ਖਾਦ ਅਤੇ ਖੁਰਾਕ ਦੋਨੋਂ ਮਿਲਣ ਲੱਗੇ ਹਨ। ।।। ਅਤੇ।। ਤੇਰੇ ਕੋਲ ਤਾਂ ਦੋਨਾਂ ਦੀ ਕਮੀ ਨਹੀਂ।" ਮਿਸਤਰੀ ਨੇ ਕਾਲੀ ਦੇ ਮੋਢਿਆਂ ਉੱਤੇ ਜ਼ੋਰ ਨਾਲ ਹੱਥ ਮਾਰਦਿਆਂ ਕਿਹਾ।
ਕਾਲੀ ਦਾ ਮੂੰਹ ਲਾਲ ਹੋ ਗਿਆ ਅਤੇ ਉਹ ਗੁੱਸੇ ਭਰੀ ਅਵਾਜ਼ ਵਿੱਚ ਬੋਲਿਆ:
"ਮਿਸਤਰੀ, ਕੁਛ ਅਕਲ ਕਰ। ਕਿਸੇ ਦੀ ਮਾਂ ਭੈਣ ਬਾਰੇ ਕਦੇ ਏਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।"
"ਕਾਲੀ ਇਹ ਸਭ ਕਹਿਣ ਦੀਆਂ ਗੱਲਾਂ। ਜੋ ਆਦਮੀ ਰੋਜ਼ ਪਾਅ ਅੰਨ ਦਾ ਖਾਂਦਾ ਉਹ ਹਰ ਜਵਾਨ ਲੜਕੀ ਨੂੰ ਆਪਣੀ ਭੈਣ ਨਹੀਂ ਸਮਝ ਸਕਦਾ। ਬੀਬਾ, ਜਵਾਨੀ ਚੀਜ਼ ਹੀ ਇਹੋ ਜਿਹੀ ਆ। ਇਹਦੇ ਸਾਹਮਣੇ ਵੱਡੇ-ਵੱਡੇ ਭਗਤਾਂ ਦੇ ਮਨ ਡੋਲ ਜਾਂਦੇ ਹਨ।"
ਸੰਤਾ ਸਿੰਘ ਹਸਦਾ ਹੋਇਆ ਬਾਹਰ ਨਿਕਲ ਗਿਆ।

 

--------ਚਲਦਾ--------