ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 17 (ਨਾਵਲ )

ਜਗਦੀਸ਼ ਚੰਦਰ   

Address:
India
ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


28

ਮੁਹੱਲੇ 'ਚ ਇਕ ਦਮ ਬਹੁਤ ਰੌਲਾ ਪੈ ਗਿਆ ਅਤੇ ਇਕੋ ਵਾਰੀ ਬਹੁਤ ਸਾਰੀਆਂ ਅਵਾਜ਼ਾਂ ਆਉਣ ਲੱਗੀਆਂ। ਪ੍ਰੀਤੋ ਦਾ ਮੁੰਡਾ ਅਮਰੂ ਖਬਰ ਲਿਆਇਆ ਕਿ ਬੂਟਾ ਸਿੰਘ ਜੱਟ ਦੇ ਮੁੰਡੇ ਪਾਲੇ ਅਤੇ ਜਗਤੇ ਦੇ ਭਰਾ ਬੱਗੇ ਵਿਚਕਾਰ ਲੜਾਈ ਹੋ ਗਈ ਹੈ। ਇਸ ਹੀ ਦੌਰਾਨ ਸ਼ੇਰੂ ਖਬਰ ਲਿਆਇਆ ਕਿ ਬੱਗੇ ਨੇ ਪਾਲੇ ਨੂੰ ਬਹੁਤ ਕੁੱਟਿਆ ਅਤੇ ਚੌਧਰੀ ਬੂਟਾ ਸਿੰਘ ਦੋ ਆਦਮੀਆਂ ਨੂੰ ਨਾਲ ਲੈ ਕੇ ਖੇਤਾਂ ਵਲ ਗਿਆ ਹੈ।
ਸ਼ੇਰੂ ਤੋਂ ਬਾਅਦ ਪ੍ਰੀਤੂ ਖਬਰ ਲਿਆਇਆ ਕਿ ਬੱਗੇ ਨੂੰ ਬੂਟਾ ਸਿੰਘ ਆਪਣੀ ਹਵੇਲੀ ਵਲ ਲੈ ਗਿਆ ਹੈ। ਕਈ ਨਿਆਣੇ ਬੂਟਾ ਸਿੰਘ ਦੀ ਹਵੇਲੀ ਵੱਲ ਦੌੜ ਗਏ। ਥੋੜ੍ਹੀ ਦੇਰ ਬਾਅਦ ਇਕ ਨਿਆਣਾ ਦੌੜਿਆ-ਦੌੜਿਆ ਆਇਆ ਅਤੇ ਹਫਦਾ ਹੋਇਆ ਬੋਲਿਆ:
"ਬੱਗਾ ਬੂਟਾ ਸਿੰਘ ਦੀ ਹਵੇਲੀ 'ਚ ਨਹੀਂ ਹੈਗਾ। ਉਹ ਉਹਨੂੰ ਚੌਧਰੀ ਹਰਨਾਮ ਸਿੰਘ ਦੀ ਹਵੇਲੀ 'ਚ ਲੈ ਗਏ ਸੀ ਪਰ ਚੌਧਰੀ ਨੇ ਉੱਥੋਂ ਉਹਨੂੰ ਚੌਧਰੀ ਮੁੰਸ਼ੀ ਦੀ ਹਵੇਲੀ ਭੇਜ ਦਿੱਤਾ ਆ।"
ਚਮ੍ਹਾਰਲੀ ਵਿੱਚ ਇਸ ਲੜਾਈ ਦੀ ਗਹਿਮਾ-ਗਹਿਮੀ ਅਜੇ ਘੱਟ ਹੋਣ ਲੱਗੀ ਸੀ ਕਿ ਦਾਸੂ ਬਾਬੇ ਫੱਤੂ ਅਤੇ ਤਾਏ ਬਸੰਤੇ ਨੂੰ ਸੱਦਣ ਆ ਗਿਆ। ਉਹ ਦੋਹਾਂ ਨੂੰ ਚਗਾਨ 'ਚ ਸੱਦ ਕੇ ਬੋਲਿਆ:
"ਚੌਧਰੀ ਮੁਨਸ਼ੀ ਦੀ ਹਵੇਲੀ 'ਚ ਪੰਚਾਇਤ ਹੋ ਰਹੀ ਹੈ। ਉੱਥੇ ਤੁਹਾਨੂੰ ਸੱਦਿਆ।"
"ਬੱਗੇ ਦੀ ਕੋਈ ਨਵੀਂ ਲੜਾਈ ਆ?"
"ਮੈਨੂੰ ਤਾਂ ਬਸ ਏਨਾ ਹੀ ਪਤਾ ਲੱਗਿਆ ਕਿ ਬੱਗੇ ਨੇ ਚੌਧਰੀ ਬੂਟਾ ਸਿੰਘ ਦੇ ਮੁੰਡੇ ਨੂੰ ਕੁੱਟਿਆ। ਜਲਦੀ ਚੱਲੋ। ਉੱਥੇ ਚੌਧਰੀ ਹਰਨਾਮ ਸਿੰਘ, ਬੂਟਾ ਸਿੰਘ, ਮਹਾਸ਼ਾ ਤੀਰਥ ਰਾਮ ਅਤੇ ਲਾਲੂ ਭਲਵਾਨ ਸਾਰੇ ਬੈਠੇ ਹਨ।"
"ਇਸ ਪਿੰਡ 'ਚ ਇੱਜ਼ਤ ਨਾਲ ਜੀਣਾ ਬਹੁਤ ਔਖਾ ਹੋ ਗਿਆ ਹੈ। ਲੜਾਈ ਛੋਕਰਿਆਂ ਦੀ ਅਤੇ ਹੁਣ ਦਾੜੀ ਪੁੱਟੀ ਜਾਊ ਬੁੱਢਿਆਂ ਦੀ।" ਬਾਬੇ ਫੱਤੂ ਨੇ ਦੁਖੀ ਅਵਾਜ਼ ਵਿੱਚ ਕਿਹਾ। ਜਦੋਂ ਉਹ ਦੋਵੇਂ ਚੌਧਰੀ ਮੁਨਸ਼ੀ ਦੀ ਹਵੇਲੀ ਵੱਲ ਤੁਰੇ ਤਾਂ ਕਈ ਆਦਮੀ ਅਤੇ ਬੱਚੇ ਉਹਨਾਂ ਦੇ ਪਿੱਛੇ ਤੁਰ ਪਏ।
ਚੌਧਰੀ ਮੁਨਸ਼ੀ ਦੀ ਹਵੇਲੀ ਦੇ ਖੁਲ੍ਹੇ ਵਿਹੜੇ ਵਿੱਚ ਕਈ ਮੰਜੇ ਡੱਠੇ ਹੋਏ ਸਨ। ਉਹਨਾਂ ਉੱਤੇ ਚੌਧਰੀ ਹਰਨਾਮ ਸਿੰਘ, ਚੌਧਰੀ ਮੁਨਸ਼ੀ, ਮਹਾਸ਼ਾ ਤੀਰਥ ਰਾਮ ਅਤੇ ਬਹੁਤ ਸਾਰੇ ਹੋਰ ਲੋਕ ਬੈਠੇ ਸਨ। ਉਹ ਸਾਰੇ ਬਹੁਤ ਗੁੱਸੇ ਵਿੱਚ ਸਨ ਕਿਉਂਕਿ ਪਿੰਡ ਦੇ ਚਮਾਰ ਨੇ ਇਕ ਚੌਧਰੀ ਉੱਤੇ ਹੱਥ ਚੁੱਕਿਆ ਸੀ। ਆਲੇ ਦੁਆਲੇ ਕੋਠਿਆਂ ਉੱਤੇ ਕਈ ਔਰਤਾਂ ਬੈਠੀਆਂ ਸਨ। ਮੰਜਿਆਂ ਦੇ ਸਾਹਮਣੇ ਬੱਗਾ ਨੀਵੀਂ ਪਾਈ ਬੈਠਾ ਸੀ। ਬੱਚਿਆਂ 'ਚ ਆਮ ਤੌਰ ਉੱਤੇ ਇਹ ਅਹਿਸਾਸ ਘੱਟ ਹੀ ਹੁੰਦਾ ਸੀ ਕਿ ਉਹ ਚਮਾਰਾਂ ਦੇ ਨਿਆਣੇ ਆ ਜਾਂ ਚੌਧਰੀਆਂ ਦੇ। ਪਰ ਇਸ ਵੇਲੇ ਉਹਨਾਂ ਨੂੰ ਵੀ ਆਪਣੀ ਜਾਤ ਦਾ ਬਹੁਤ ਅਹਿਸਾਸ ਸੀ। ਚੌਧਰੀਆਂ ਦੇ ਨਿਆਣੇ ਮੰਜਿਆਂ ਦੇ ਨੇੜੇ ਖੜ੍ਹੇ ਸਨ ਅਤੇ ਚਮਾਰਾਂ ਦੇ ਨਿਆਣੇ ਦੂਰ ਹਟ ਕੇ ਤਪਦੀ ਜ਼ਮੀਨ ਉੱਤੇ ਬੈਠੇ ਸਨ।
ਜਦੋਂ ਬਾਬਾ ਫੱਤੂ, ਤਾਇਆ ਬਸੰਤਾ, ਜਗਤਾ ਅਤੇ ਚਮ੍ਹਾਰਲੀ ਦੇ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਤਾਂ ਚੌਧਰੀਆਂ ਵਿਚਕਾਰ ਹੋ ਰਹੀ ਗੱਲਬਾਤ ਬੰਦ ਹੋ ਗਈ। ਬਾਬਾ ਫੱਤੂ ਮੰਜਿਆਂ ਤੋਂ ਥੋੜ੍ਹੀ ਦੂਰ ਹਟ ਕੇ ਜ਼ਮੀਨ 'ਤੇ ਬੈਠ ਗਿਆ ਅਤੇ ਬਾਕੀ ਲੋਕ ਉਹਦੇ ਆਲੇ ਦੁਆਲੇ ਬੈਠ ਗਏ। ਸਾਰੇ ਚੁੱਪ ਸਨ ਸਿਰਫ ਹੁੱਕਾ ਗੁੜਗੁੜਾਉਣ ਅਤੇ ਖੰਘਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਚੌਧਰੀ ਮੁਨਸ਼ੀ ਨੇ ਚੌਧਰੀ ਹਰਨਾਮ ਸਿੰਘ ਨੂੰ ਗੱਲ ਸ਼ੁਰੂ ਕਰਨ ਲਈ ਕਿਹਾ। ਪਰ ਉਹਦੇ ਵਲੋਂ ਨਾਂਹ ਕਰਨ ਬਾਅਦ ਚੌਧਰੀ ਮੁਨਸ਼ੀ ਖੰਘ ਕੇ ਗਲ ਸਾਫ ਕਰਦਾ ਹੋਇਆ ਬੋਲਿਆ:
"ਅੱਜ ਸਾਡੇ ਪਿੰਡ 'ਚ ਏਦਾਂ ਦੀ ਗੱਲ ਹੋਈ ਹੈ ਜੋ ਅਨਰਥ ਤੋਂ ਘੱਟ ਨਹੀਂ। ਬੱਗੇ ਚਮਾਰ ਨੇ ਚੌਧਰੀ ਪਾਲੇ ਨੂੰ ਉਹਦੇ ਹੀ ਖੇਤ 'ਚ ਕੁੱਟਿਆ। ਪਹਿਲੀ ਗੱਲ ਤਾਂ ਇਹ ਹੈ ਕਿ ਬੱਗਾ ਚੌਧਰੀ ਬੂਟਾ ਸਿੰਘ ਦੇ ਖੇਤ 'ਚ ਬਿਨਾਂ ਪੁੱਛੇ ਗਿਆ ਹੀ ਕਿਉਂ? ਦੂਜਾ ਇਹਨੇ ਚੋਰੀ ਚੋਰੀ ਖਰਬੂਜ਼ੇ ਤੋੜਨ ਦੀ ਕੋਸ਼ਿਸ਼ ਕੀਤੀ। ਤੀਜਾ ਇਹ ਕਿ ਜਦੋਂ ਪਾਲੇ ਨੇ ਰੋਕਿਆ ਤਾਂ ਬੱਗੇ ਨੇ ਉਹਦੇ 'ਤੇ ਹੱਥ ਚੁੱਕਿਆ। ਹੈ ਨਹੀਂ ਹਨ੍ਹੇਰ ਸਾਈਂ ਦਾ? ਜ਼ਿਮੀਦਾਰ ਲੋਕ ਹਮੇਸ਼ਾਂ ਆਪਣੇ ਖੇਤਾਂ 'ਚ ਖਰਬੂਜ਼ੇ ਬੀਜਦੇ ਆਏ ਹਨ। ਉਹ ਆਪ ਵੀ ਖਾਂਦੇ ਰਹੇ ਅਤੇ ਉਹਨਾਂ ਦੇ ਕਮੀਨ ਵੀ। ਪਰ ਚੋਰੀ ਕਰਕੇ ਨਹੀਂ ਮੂੰਹੋਂ ਮੰਗ ਕੇ। ਅੱਜ ਚਮਾਰਾਂ ਦੇ ਛੋਕਰਿਆਂ ਨੇ ਚੌਧਰੀਆਂ ਦੇ ਮੁੰਡਿਆਂ 'ਤੇ ਹੱਥ ਚੁੱਕਿਆ ਹੈ। ਕੱਲ੍ਹ ਨੂੰ ਗੱਲ ਹੋਰ ਅੱਗੇ ਵੱਧ ਸਕਦੀ ਹੈ। ਸਿਆਣੇ ਕਹਿ ਗਏ ਹਨ ਕਿ ਸ਼ਰਾਰਤ ਛਿੱਤਰ ਥੋਹਰ ਵਾਂਗ ਫੈਲਦੀ ਅਤੇ ਅੱਗੇ ਵਧਦੀ ਹੈ। ਹੁਣ ਇਹ ਗੱਲ ਪੰਚਾਂ ਦੇ ਅੱਗੇ ਹੈ, ਉਹ ਅਜਿਹਾ ਫੈਸਲਾ ਕਰਨ ਕਿ  ਸ਼ਰਾਰਤ ਇੱਥੇ ਹੀ ਦੱਬੀ ਜਾਵੇ।"
"ਬੱਗੇ ਨੂੰ ਡੰਨ ਲਾਉਣਾ ਚਾਹੀਦਾ।" ਇਕ ਅਵਾਜ਼ ਆਈ।
"ਸਿਰਫ ਬੱਗੇ ਨੂੰ ਹੀ ਕਿਉਂ ਉਹਦੇ ਸਾਰੇ ਘਰ ਵਾਲਿਆਂ ਨੂੰ ਡੰਨ ਲਾਉਣਾ ਚਾਹੀਦਾ। ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ। ਕੁੱਟ ਕੁੱਟ ਕੇ ਇਹਨਾਂ ਦਾ ਮਲੀਦਾ ਬਣਾ ਦੇਣਾ ਚਾਹੀਦਾ। ਕੋਈ ਵੀ ਇਹਨਾਂ ਨੂੰ ਆਪਣੇ ਖੇਤਾਂ 'ਚ ਨਾ ਵੜਨ ਦੇਵੇ।" ਦੂਜੀ ਅਵਾਜ਼ ਆਈ।
"ਸਾਰੇ ਚਮਾਰਾਂ ਦੇ ਸੌ ਜੁੱਤੀਆਂ ਮਾਰ ਕੇ ਇਕ ਗਿਣੋ ਅਤੇ ਇਸ ਤਰ੍ਹਾਂ ਸੌ ਜੁੱਤੀਆਂ ਮਾਰੋ।" ਤੀਜ਼ੀ ਅਵਾਜ਼ ਆਈ।
"ਬੱਗੇ ਨੂੰ ਪੁਲਿਸ ਦੇ ਹਵਾਲੇ ਕਰ ਦਿਉ।" ਇਕ ਹੋਰ ਚੌਧਰੀ ਨੇ ਸੁਝਾਅ ਦਿੱਤਾ।
"ਕੀ ਅਸੀਂ ਮਰ ਗਏ ਆਂ ਜੋ ਪੁਲਿਸ ਦਾ ਸਹਾਰਾ ਲਈਏ?" ਇਕੋ ਵਾਰੀ ਕਈ ਅਵਾਜ਼ਾਂ ਆਈਆਂ।
ਮੰਜਿਆਂ 'ਤੇ ਬੈਠਾ ਹਰ ਵਿਅਕਤੀ ਆਪਣੀ-ਆਪਣੀ ਸਮਝ ਮੁਤਾਬਕ ਦੰਡ ਦਾ ਸੁਝਾਅ ਦੇਣ ਲੱਗਾ ਅਤੇ ਉੱਥੇ ਚੰਗਾ-ਸਾਰਾ ਰੌਲਾ ਪੈ ਗਿਆ।
ਬਾਬੇ ਫੱਤੂ ਨੇ ਜਦੋਂ ਚੌਧਰੀਆਂ ਨੂੰ ਇਸ ਤਰ੍ਹਾਂ ਗੱਲਾਂ ਕਰਦੇ ਸੁਣਿਆ ਤਾਂ ਉਹ ਖੜ੍ਹਾ ਹੋ ਕੇ ਹੱਥ ਜੋੜਦਾ ਬੋਲਿਆ:
"ਚੌਧਰੀਓ ਮੈਨੂੰ ਵੀ ਦੋ ਗੱਲਾਂ ਕਹਿਣ ਦਾ ਮੌਕਾ ਦਿਉ।"
ਰੌਲਾ ਘਟਣ ਲੱਗਾ ਅਤੇ ਚੁੱਪ-ਚੁੱਪ ਦੀਆਂ ਕਈ ਅਵਾਜ਼ਾਂ ਇਕ ਦਮ ਆਈਆਂ। ਜਦੋਂ ਸਾਰੇ ਲੋਕ ਚੁੱਪ ਕਰ ਗਏ ਤਾਂ ਬਾਬਾ ਫੱਤੂ ਧੀਮੀ ਅਵਾਜ਼ 'ਚ ਬੋਲਿਆ:
"ਜੇ ਤੁਸੀਂ ਹੀ ਡੰਨ ਦਾ ਫੈਸਲਾ ਕਰਨਾ ਤਾਂ ਸਾਨੂੰ ਕਿਉਂ ਸੱਦਿਆ ਸੀ।" 
ਬਾਬੇ ਫੱਤੂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ:
"ਅਸੀਂ ਚਮਾਰ ਆਂ, ਚੌਧਰੀਆਂ ਦੇ ਕਮੀਨ। ਤੁਸੀਂ ਸਾਡੇ ਮਾਲਕ ਹੋ। ਤੁਸੀਂ ਜੋ ਵੀ ਡੰਨ ਲਾਉਗੇ, ਜਿਹਨੂੰ ਵੀ ਲਾਉਗੇ ਉਹਨੂੰ ਕਬੂਲ ਕਰਨਾ ਪੈਣਾ। ਦਰਿਆ 'ਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਰੱਖਿਆ ਜਾ ਸਕਦਾ।" ਬਾਬੇ ਫੱਤੂ ਦੇ ਇਹਨਾਂ ਸ਼ਬਦਾਂ ਨੇ ਜੋਸ਼ 'ਚ ਆਏ ਚੌਧਰੀਆਂ ਨੂੰ ਕੁਝ ਹੱਦ ਤੱਕ ਸੰਾਂਤ ਕਰ ਦਿੱਤਾ। ਬਾਬਾ ਫੱਤੂ ਫਿਰ ਬੋਲਿਆ:
"ਤੁਸੀਂ ਅਤੇ ਅਸੀਂ ਇਕ ਪਿੰਡ ਵਿੱਚ ਪੁਸ਼ਤਾਂ ਤੋਂ ਰਹਿੰਦੇ ਆਏ ਹਾਂ। ਅਸੀਂ ਤੁਹਾਨੂੰ ਆਪਣਾ ਚੌਧਰੀ ਸਮਝਦੇ ਸੀ ਅਤੇ ਤੁਸੀਂ ਸਾਨੂੰ ਆਪਣੇ ਚਮਾਰ। ਸਾਡਾ ਕੰਮ ਤੁਹਾਡੀ ਸੇਵਾ ਕਰਨਾ ਅਤੇ ਮਦਦ ਕਰਨਾ ਸੀ ਅਤੇ ਤੁਹਾਡਾ ਕੰਮ ਸਾਡੀ ਪਾਲਣਾ ਕਰਨਾ, ਸਾਡੀਆਂ ਲੋੜਾਂ ਪੂਰੀਆਂ ਕਰਨਾ। ਸਾਡੇ ਦੁੱਖ-ਸੁੱਖ 'ਚ ਭਾਈਵਾਲ ਹੋਣਾ। ਮੇਰੀ ਉਮਰ ਸੱਤਰ ਤੋਂ ਉੱਤੇ ਆ। ਅਸੀਂ ਸਾਰੇ ਇਸ ਪਿੰਡ 'ਚ ਹੀ ਰਹਿੰਦੇ ਆਏ ਹਾਂ। ਪਹਿਲਾਂ ਪਿੰਡ 'ਚ ਭਾਵੇਂ ਚਮਾਰ ਹੋਵੇ ਜਾਂ ਚੌਧਰੀ, ਸਾਰਿਆਂ ਦੀ ਇੱਜ਼ਤ ਸਾਂਝੀ ਹੁੰਦੀ ਸੀ। ਲੜਾਈ ਝਗੜਾ ਤਾਂ ਦੂਰ ਕੋਈ ਚਮਾਰ ਚੌਧਰੀਆਂ ਅੱਗੇ ਅੱਖ ਚੁੱਕ ਕੇ ਨਹੀਂ ਸੀ ਦੇਖਦਾ। ਜਦੋਂ ਤੁਸੀਂ ਸਾਡੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਣਾ ਛੱਡ ਦਿੱਤਾ, ਜਦੋਂ ਜੱਟ ਅਤੇ ਚਮਾਰ ਦਾ ਖੂਨ ਰਲਣ ਲੱਗਾ ਤਾਂ ਇਹ ਗੜਬੜ ਹੋਣ ਲੱਗ ਪਈ। ਜੇ ਅੱਜ ਤੁਹਾਡੇ ਖੂਨ ਨੇ ਹੀ ਤੁਹਾਡੇ ਮੁੰਡੇ ਨੂੰ ਕੁੱਟਿਆ ਹੈ ਤਾਂ ਤੁਹਾਨੂੰ ਦੁੱਖ ਕਿਉਂ ਹੋਇਆ।"
ਬਾਬੇ ਫੱਤੂ ਨੇ ਬੱਗੇ ਵਲ ਇਸ਼ਾਰਾ ਕਰਦਿਆਂ ਕਿਹਾ, "ਇਹਨੂੰ ਦੇਖ ਕੇ ਕੋਈ ਕਹਿ ਸਕਦਾ ਹੈ ਕਿ ਇਹ ਚਮਾਰ ਦੀ ਔਲਾਦ ਹੈ?"
ਸਾਰੇ ਚੌਧਰੀਆਂ ਦੀਆਂ ਗਰਦਨਾਂ ਝੁਕ ਗਈਆਂ। ਆਲੇ ਦੁਆਲੇ ਦੇ ਕੋਠਿਆਂ ਉੱਤੇ ਬੈਠੀਆਂ ਤੀਵੀਂਆਂ ਮੂੰਹ ਬੰਦ ਕਰ ਕੇ ਹੱਸ ਰਹੀਆਂ ਸਨ। ਚੌਧਰੀ ਇਕ ਇਕ ਕਰ ਕੇ ਉੱਥੋਂ ਖਿਸਕਣ ਲੱਗੇ ਤਾਂ ਬਾਬੇ ਫੱਤੂ ਨੇ ਹੱਥ ਜੋੜ ਕੇ ਕਿਹਾ:
"ਮੈਂ ਸਿਰਫ ਇਹ ਹੀ ਕਹਿਣਾ ਸੀ। ਹੁਣ ਤੁਸੀਂ ਜੋ ਡੰਨ ਲਾਉਣਾ ਲਾ ਦਿਉ।"
ਬਾਬੇ ਫੱਤੂ ਨੇ ਨੀਵੀਂ ਪਾ ਲਈ।
ਸਭ ਲੋਕ ਚੁੱਪ ਬੈਠੇ ਸਨ। ਕੁਝ ਪਲਾਂ ਬਾਅਦ ਚੌਧਰੀ ਮੁਨਸ਼ੀ ਨੇ ਖਾਮੋਸ਼ੀ ਤੋੜਦਿਆਂ ਕਿਹਾ:
"ਜ਼ਮਾਨਾ ਬਹੁਤ ਬੁਰਾ ਆ ਗਿਆ।"
"ਕਲਯੁੱਗ 'ਚ ਜੋ ਵੀ ਹੋ ਜਾਵੇ ਉਹ ਥੋੜ੍ਹਾ।" ਮਹਾਸ਼ੇ ਨੇ ਕਿਹਾ।
"ਚੱਲ ਦੌੜ ਇੱਥੋਂ। ਜੇ ਫਿਰ ਕਦੇ ਚੋਰੀ ਕੀਤੀ ਜਾਂ ਲੜਾਈ ਕੀਤੀ ਤਾਂ ਪੁੱਠੀ ਖੱਲ੍ਹ ਲਾਹ ਦਊਂ।"
ਚੌਧਰੀ ਮੁਨਸ਼ੀ ਨੇ ਬੱਗੇ ਨੂੰ ਕਿਹਾ ਅਤੇ ਪੰਚਾਇਤ ਜਿੰਨੀ ਜਲਦੀ ਇਕੱਠੀ ਹੋਈ ਸੀ ਉਸ ਤੋਂ ਵੀ ਘੱਟ ਸਮੇਂ ਵਿੱਚ ਬਰਖਾਸਤ ਹੋ ਗਈ, ਪਰ ਚੋਧਰੀਆਂ ਦੀਆਂ ਹਵੇਲੀਆਂ 'ਚ, ਬਾਜ਼ਾਰ ਦੀਆਂ ਦੁਕਾਨਾਂ ਉੱਤੇ, ਚਮ੍ਹਾਰਲੀ ਦੇ  ਤਕੀਏ ਉੱਤੇ ਬਲਕਿ ਹਰ ਘਰ ਵਿੱਚ ਇਕ ਹੀ ਚਰਚਾ ਹੋ ਰਹੀ ਸੀ, ਅਤੇ ਉਹ ਸੀ ਬਾਬੇ ਫੱਤੂ ਦੀਆਂ ਗੱਲਾਂ ਦੀ। ਤਮਾਸ਼ਬੀਣ ਲੋਕ ਸਾਰੇ ਪਿੰਡ ਦਾ ਚੱਕਰ ਲਾਉਂਦੇ ਅੱਜ ਦੀ ਘਟਨਾ 'ਤੇ ਲੋਕਾਂ ਦੀਆਂ ਟਿੱਪਣੀਆਂ ਸੁਣ ਕੇ ਚਟਖਾਰੇ ਲੈ ਰਹੇ ਸਨ।
ਮਹਾਸ਼ੇ ਤੀਰਥ ਰਾਮ ਦੀ ਦੁਕਾਨ ਉੱਤੇ ਮਹਿਫਲ ਗਰਮ ਸੀ। ਘੜੱਮ ਚੌਧਰੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਸਿੱਧਾ ਮਹਾਸ਼ੇ ਕੋਲ ਆ ਗਿਆ ਅਤੇ ਨਸਵਾਰ ਦੀਆਂ ਚੁਟਕੀਆਂ ਲੈ-ਲੈ ਜੱਟਾਂ ਅਤੇ ਚਮਾਰਾਂ ਦੋਹਾਂ ਨੂੰ ਗਾਲ੍ਹਾਂ ਕੱਢਣ ਲੱਗਾ। ਮਹਾਸ਼ਾ ਕਦੇ ਜੱਟਾਂ ਦੇ ਪੱਖ ਵਿੱਚ ਗੱਲ ਕਰਦਾ ਅਤੇ ਕਦੇ ਚਮਾਰਾਂ ਦੇ ਹੱਕ 'ਚ ਬੋਲਦਾ।
ਡਾਕਟਰ ਵਿਸ਼ਨਦਾਸ ਸ਼ਾਮ ਤੋਂ ਪਹਿਲਾਂ ਹੀ ਹੱਟੀ ਬੰਦ ਕਰਕੇ ਥੜ੍ਹੇ ਉੱਤੇ ਆ ਬੈਠਾ। ਪੰਡਿਤ ਸੰਤ ਰਾਮ ਮੰਦਿਰ ਵਲ ਜਾਂਦਾ ਹੋਇਆ ਉੱਥੇ ਹੀ ਰੁੱਕ ਗਿਆ। ਘੜੱਮ ਚੌਧਰੀ ਉਹਨੂੰ ਥੜ੍ਹੇ ਉੱਤੇ ਚੜ੍ਹਦੇ ਨੂੰ ਦੇਖ ਕੇ ਬੋਲਿਆ:
"ਪੰਡਿਤਾ ਤੈਨੂੰ ਕਦੋਂ ਤੋਂ ਕੰਨ-ਰਸ ਹੋ ਗਿਆ। ਜਾਹ ਜਾ ਕੇ ਸੰਖ 'ਚ ਫੂਕ ਮਾਰ। ਨਾਈਆਂ ਦਾ ਸਮਦੂ ਕੁੱਤਾ ਅਤੇ ਬੇਲਾ ਸਿੰਘ ਦਾ ਪਾਟੀਆਂ ਨਾਸਾਂ ਵਾਲਾ ਕੁੱਤਾ ਤੇਰੀ ਉਡੀਕ ਕਰਦੇ ਹੋਣੇ ਆ।"
ਪੰਡਿਤ ਸੰਤ ਰਾਮ ਨੇ ਉਹਦੀ ਵਲ ਘੂਰ ਕੇ ਦੇਖਿਆ ਅਤੇ ਮਹਾਸ਼ੇ ਨੂੰ ਕਹਿਣ ਲੱਗਾ:
"ਅੱਜ ਪੰਚਾਇਤ ਕਿਉਂ ਸੱਦੀ ਸੀ?"
"ਕੁਛ ਨਹੀਂ, ਚਮਾਰਾਂ ਦੇ ਬੱਗੇ ਨੇ ਬੂਟਾ ਸਿੰਘ ਦੇ ਮੁੰਡੇ ਪਾਲੇ ਨਾਲ ਧੌਲ-ਧੱਫਾ ਕੀਤਾ ਸੀ।" 
"ਅੱਛਾ!" ਪੰਡਿਤ ਸੰਤ ਰਾਮ ਉਤਰਨ ਲੱਗਾ ਤਾਂ ਘੜੱਮ ਚੌਧਰੀ ਉਹਨੂੰ ਬਾਂਹੋਂ ਫੜ ਕੇ ਬਿਠਾਉਂਦਾ ਬੋਲਿਆ:
"ਕਿੱਥੇ ਚੱਲਿਆਂ? ਅਜੇ ਤਾਂ ਇਕ ਘੜੀ ਦਿਨ ਪਿਆ।"
"ਨਹੀਂ ਚੌਧਰੀ ਜਾਣ ਦੇ, ਮੈਨੂੰ ਕੰਮ ਆ।" ਪੰਡਿਤ ਸੰਤ ਰਾਮ ਨੇ ਉੱਠਦਿਆਂ ਕਿਹਾ।
"ਠਾਕਰਾਂ ਨੂੰ ਗਰਮੀ ਲੱਗਦੀ ਹੋਣੀ ਆਂ। ਉਹਨਾਂ ਨੂੰ ਇਸ਼ਨਾਨ ਕਰਾਉਣਾ ਹੋਊ।" ਘੜੱਮ ਚੌਧਰੀ ਨੇ ਨਸਵਾਰ ਦੀ ਇਕ ਹੋਰ ਚੁਟਕੀ ਲੈ ਕੇ ਜ਼ੋਰ ਨਾਲ ਸਾਹ ਖਿੱਚਿਆ ਅਤੇ ਪੰਡਿਤ ਸੰਤ ਰਾਮ ਦੇ ਮੂੰਹ 'ਤੇ ਛਿੱਕ ਮਾਰੀ। ਸੰਤ ਰਾਮ ਡਰ ਕੇ ਪਿੱਛੇ ਹੱਟ ਗਿਆ ਅਤੇ ਉੱਚੀ ਅਵਾਜ਼ 'ਚ ਬੋਲਿਆ।
"ਦੁਰਫਿੱਟੇ ਮੂੰਹ। ਪਾਪੀ ਕਿਤੋਂ ਦਾ। ਚੌਧਰੀ ਹੁਣ ਤੂੰ ਨਿਆਣਾ ਨਹੀਂ, ਛੋਕਰਖੇਡ ਛੱਡ ਦੇ। ਤੂੰ ਰੱਬ ਦਾ ਨਾਂ ਲਿਆ ਕਰ। ਕੁਛ ਅਗਲੀ ਦੁਨੀਆਂ ਦਾ ਵੀ ਫਿਕਰ ਕਰ।"
"ਪੰਡਿਤਾ, ਤੈਨੂੰ ਪੱਕੀ ਪਕਾਈ ਰੋਟੀ ਮਿਲ ਜਾਂਦੀ ਹੈ। ਮੀਂਹ ਹੋਵੇ ਜਾਂ 'ਨੇਰ੍ਹੀ, ਧੁੱਪ ਹੋਵੇ ਜਾਂ ਛਾਂ ਤੇਰੇ ਹੰਦੇ ਪੱਕੇ ਆ। ਤੈਨੂੰ ਭਗਤੀ ਨਾ ਸੁੱਝੂ ਤਾਂ ਹੋਰ ਕੀ ਸੁੱਝੂ। ਦੋ ਦਿਨ ਮਿਹਨਤ ਕਰ ਕੇ ਰੋਟੀ ਖਾਣੀ ਪਵੇ ਤਾਂ ਤੈਨੂੰ ਪਤਾ ਲਗ ਜਾਵੇ ਕਿ ਪੇਟ ਤੋਂ ਵੱਡਾ ਕੋਈ ਪਾਪੀ ਨਹੀਂ।" ਘੜੱਮ ਚੌਧਰੀ ਹੱਸਦਾ ਹੋਇਆ ਬੋਲਿਆ।
"ਮੈਂ ਤਾਂ ਕਈ ਦਿਨਾਂ ਦਾ ਸੋਚ ਰਿਹਾ ਹਾਂ ਕਿ ਤੇਰੇ ਮਰਨ ਤੋਂ ਬਾਅਦ ਮੰਦਿਰ ਸੰਭਾਲ ਲਵਾਂ। ਕੰਮ ਹੀ ਕੀ ਆ। ਸਵੇਰੇ-ਸ਼ਾਮ ਠਾਕਰਾਂ ਨੂੰ ਇਸ਼ਨਾਨ ਕਰਾਉਣਾ, ਘੰਟੀ ਵਜਾਉਣਾ, ਧੂਫ ਜਲਾਉਣੀ ਅਤੇ ਸੰਖ ਵਜਾਉਣਾ। ਬਾਕੀ ਮੌਜ ਹੀ ਮੌਜ਼ ਗਰਮੀਆਂ 'ਚ ਸਭ ਤੋਂ ਪਹਿਲਾਂ ਗਰਮੀਆਂ ਦੇ ਮੇਵੇ ਖਾਉ, ਸਿਆਲਾਂ 'ਚ ਸਿਆਲਾਂ ਦੇ। ਠਾਕਰਾਂ ਦਾ ਤਾਂ ਨਾਂ ਹੀ ਹੈ, ਅਸਲੀ ਭੋਗ ਤਾਂ ਤੂੰ ਹੀ ਲਾਉਂਦਾਂ।" 
ਪੰਡਿਤ ਸੰਤ ਰਾਮ ਜੁਆਬ ਦੇਣ ਹੀ ਲੱਗਾ ਸੀ ਕਿ ਉਹਦੀ ਨਜ਼ਰ ਪਾਦਰੀ ਉੱਤੇ ਪੈ ਗਈ। ਉਹ ਆਪਣਾ ਲਹਿਜਾ ਬਦਲਦਾ ਬੋਲਿਆ:
"ਚੌਧਰੀ, ਤੂੰ  ਮੇਰੇ ਪਿੱਛੇ ਹੱਥ ਧੋ ਕੇ ਕਿਉਂ ਪੈ ਗਿਆਂ। ਪਾਦਰੀ ਨਾਲ ਮੱਥਾ ਲਾ। ਲੋਕਾਂ ਨੂੰ ਕ੍ਰਿਸਚਿਅਨ ਬਣਾ ਰਿਹੈ।"
"ਉਹ ਤੇਰੇ ਤੋਂ ਵੀ ਵੱਡ ਫਰੇਬੀ ਆ। ਤੂੰ ਤਾਂ ਸਿਰਫ ਠਾਕਰਾਂ ਨੂੰ ਵੇਚਦਾਂ, ਉਹ ਬੰਦਿਆਂ ਨੂੰ ਨੀਲਾਮ ਕਰਦਾ। ਪਰ ਇਕ ਫਰਕ ਹੈ ਕਿ ਤੂੰ ਸੱਤ ਪਦਾਰਥ ਲੈ ਕੇ ਇਕ ਘੁੱਟ ਪਾਣੀ ਦਾ ਦਿੰਦਾਂ ਅਤੇ ਉਹ ਕੁਛ ਨਹੀਂ ਲੈਂਦਾ ਆਪਣੇ ਪੱਲਿਓਂ ਦਿੰਦਾ। ਕਿਉਂ ਪਾਦਰੀ ਠੀਕ ਆ ਨਾ?"
ਪਾਦਰੀ ਜੁਆਬ ਵਿੱਚ ਮੁਸਕਰਾ ਪਿਆ। ਮਹਾਸ਼ਾ ਘੜੱਮ ਚੌਧਰੀ ਨੂੰ ਟੋਕ ਕੇ ਬੋਲਿਆ:
"ਚੌਧਰੀ, ਤੂੰ ਕਿਹੜੀਆਂ ਗੱਲਾਂ 'ਚ ਪੈ ਗਿਆਂ?"
ਮਹਾਸ਼ੇ ਦੀ ਗੱਲ ਸੁਣ ਕੇ ਘੜੱਮ ਚੌਧਰੀ ਚੁੱਪ ਹੋ ਗਿਆ ਪਰ ਬੇਲਾ ਸਿੰਘ ਜੱਟ ਨੂੰ ਦੇਖਦਿਆਂ ਹੀ ਤੁਨਕ ਕੇ ਬੋਲਿਆ:
"ਸੁਣਾ ਬਈ ਪੰਚਾ, ਕਰ ਆਇਆਂ ਫੈਸਲਾ?" ਫਿਰ ਉਹ ਗਾਹਲ ਕੱਢ ਕੇ ਬੋਲਿਆ:
"ਪਟਕੇ ਬੰਨ ਕੇ ਤਾਂ ਮੰਜਿਆਂ 'ਤੇ ਏਦਾਂ ਜਾ ਬੈਠੇ ਸਨ ਜਿਵੇਂ ਹਾਈ ਕੋਰਟ ਦੇ ਜੱਜ ਹੋਣ। ਫੱਤੂ ਨੇ ਚੰਗਾ ਜੁਆਬ ਦਿੱਤਾ। ਮੈਂ ਤਾਂ ਕਹੂੰ ਕਿ ਜਿਹਨਾਂ ਚਮਾਰੀਆਂ ਦੇ ਘਰ ਜੱਟਾਂ ਦੇ ਨਿਆਣੇ ਜੰਮੇ ਹਨ ਉਹਨਾਂ ਨੂੰ ਜਾਇਦਾਦ 'ਚੋਂ ਹਿੱਸਾ ਮੰਗਣਾ ਚਾਹੀਦਾ।"
"ਚੌਧਰੀ ਨੇ ਬਹੁਤ ਪਤੇ ਦੀ ਗੱਲ ਕੀਤੀ ਆ।" ਮਹਾਸ਼ੇ ਨੇ ਜ਼ੋਰ ਨਾਲ ਠਹਾਕਾ ਮਾਰਦਿਆਂ ਕਿਹਾ।
"ਬੱਗਾ ਉਦਾਂ ਚਮਾਰ ਦੀ ਔਲਾਦ ਹੈ ਵੀ ਨਹੀਂ। ਮਹਾਸ਼ਿਆ ਕਾਲਾ ਬਾਹਮਣ ਅਤੇ ਗੋਰਾ ਚਮਾਰ ਦੋਵੇਂ ਹਰਾਮ ਦੀ ਔਲਾਦ ਹੁੰਦੇ ਆ।" ਘੜੱਮ ਚੌਧਰੀ ਨੇ ਡੇਲੇ ਘੁੰਮਾਉਂਦਿਆਂ ਕਿਹਾ।
"ਨਹੀਂ, ਇਹ ਬਿਲਕੁਲ ਗਲਤ ਗੱਲ ਹੈ, ਬਿਲਕੁਲ ਅਨਸਾਇੰਟਫਿਕ ਥਿਉਰੀ ਹੈ। ਹੁਣ ਇਹ ਸਿੱਧ ਹੋ ਚੁੱਕਾ ਕਿ ਖੂਨ, ਕਾਲੇ ਆਦਮੀ ਦਾ ਹੋਵੇ ਜਾਂ ਗੋਰੇ ਦਾ, ਇਕ ਤਰ੍ਹਾਂ ਦਾ ਹੀ ਹੁੰਦਾ।।।। ਇਸ ਝਗੜੇ ਦਾ ਅਸਲ ਕਾਰਨ ਇਹ ਹੈ ਕਿ ਹੁਣ ਪ੍ਰੋਲੋਤਾਰੀ ਵਰਗ ਜਾਗ ਪਿਆ ਹੈ। ਉਹਨੂੰ ਆਪਣੇ ਅਧਿਕਾਰਾਂ ਦਾ ਅਹਿਸਾਸ ਹੋ ਗਿਆ ਹੈ। ਚਮਾਰ ਹੁਣ ਜੱਟ ਦਾ ਰੋਅਬ ਬਰਦਾਸ਼ਤ ਨਹੀਂ ਕਰੂਗਾ।" 
ਡਾਕਟਰ ਨੇ ਜੋਸ਼ 'ਚ ਆ ਕੇ ਕਿਹਾ।
"ਲਓ ਮੁਰਦਾ ਬੋਲਿਆ।"
ਘੜੱਮ ਚੌਧਰੀ ਨੇ ਡਾਕਟਰ ਵੱਲ ਘਿਰਨਾ ਭਰੀਆਂ ਨਜ਼ਰਾਂ ਨਾਲ ਦੇਖਦਿਆਂ ਤਿੱਖੀ ਅਵਾਜ਼ ਵਿੱਚ ਕਿਹਾ:
"ਡਾਕਟਰ, ਕਹਿਣ ਨੂੰ ਤੂੰ ਬਾਰਾਂ ਜਮਾਤਾਂ ਪਾਸ ਆਂ, ਪਰ ਅਕਲ ਤੈਨੂੰ ਦੋ ਕੌਢੀ ਦੀ ਵੀ ਨਹੀਂ। ਤੂੰ ਹਮੇਸ਼ਾਂ ਬੇਮੌਕੇ ਦੀ ਅਤੇ ਬੇਤੁਕੀ ਗੱਲ ਕਰਦਾਂ। ਜੇ ਤੇਰੀ ਗੱਲ ਠੀਕ ਹੈ ਤਾਂ ਤੂੰ ਆਪਣੇ ਨਿਆਣਿਆਂ ਦੇ ਰਿਸ਼ਤੇ ਚਮਾਰਾਂ ਨਾਲ ਕਰ ਦਈਂ।"
"ਚੌਧਰੀ, ਤੂੰ ਜੱਟਾਂ ਆਲੀ ਗੱਲ ਕਰ ਰਿਹੈਂ। ਤੇਰੀ ਗੱਲ 'ਚ ਕੋਈ ਤੁਕ ਨਹੀਂ। ਮੈਂ ਸਾਇੰਟਫਿਕ ਨਜ਼ਰੀਆ ਪੇਸ਼ ਕਰ ਰਿਹਾਂ ਹਾਂ।" ਡਾਕਟਰ ਨੇ ਸਖਤ ਲਹਿਜੇ 'ਚ ਕਿਹਾ।
"ਦੇਖਿਆ ਹੋਇਆ ਤੇਰਾ ਸਾਇੰਟਫਿਕ ਨਜ਼ਰੀਆ। ਤੂੰ ਨੱਕ ਸਾਫ ਕਰਨ ਬੈਠਦਾਂ ਤਾਂ ਅੱਧਾ ਦਿਨ ਲਾ ਦਿੰਦਾਂ। ਤੇਰਾ ਨਜ਼ਰੀਆਂ ਸਾਇੰਟਫਿਕ ਹੈ ਜਾਂ ਨਹੀਂ, ਇਹ ਤਾਂ ਮੈਨੂੰ ਪਤਾ ਨਹੀਂ ਪਰ ਤੈਨੂੰ ਫਿਟਕ ਜ਼ਰੂਰ ਹੈ।"
ਘੜੱਮ ਚੌਧਰੀ ਦੀ ਗੱਲ ਉੱਤੇ ਸਾਰੇ ਖਿੜਖਿੜਾ ਕੇ ਹੱਸਣ ਲੱਗੇ ਤਾਂ ਡਾਕਟਰ ਨੇ ਬੁਰਾ ਜਿਹਾ ਮੂੰਹ ਬਣਾ ਲਿਆ।
ਘੜੱਮ ਚੌਧਰੀ ਮਹਿਫਲ 'ਤੇ ਛਾਇਆ ਹੋਇਆ ਸੀ ਕਿ ਮੰਦਿਰ ਵਿੱਚ ਘੰਟੀਆਂ ਵੱਜਣ ਲੱਗੀਆਂ ਅਤੇ ਨਾਲ ਹੀ ਸੰਖ ਦੀ ਅਵਾਜ਼ ਆਉਣ ਲੱਗੀ। ਮਹਾਸ਼ੇ ਨੇ ਮੂੰਹ ਵਿੱਚ ਗਾਇਤਰੀ ਪੜ੍ਹਦਿਆਂ ਲਾਲਟੈਨ ਜਗਾ ਦਿੱਤੀ। ਲੋਕ ਹੌਲੀ ਹੌਲੀ ਉੱਥੋਂ ਖਿਸਕਣ ਲੱਗੇ। ਘੜੱਮ ਚੌਧਰੀ ਆਪਣੀ ਜੁੱਤੀ ਟੋਂਹਦਾ ਉੱਠ ਖੜ੍ਹਾ ਹੋਇਆ।
ਮਹਾਸ਼ੇ ਦੀ ਦੁਕਾਨ ਉੱਤੇ ਸਿਰਫ ਡਾਕਟਰ ਰਹਿ ਗਿਆ। ਉਹ ਮਹਾਸ਼ੇ ਨੂੰ ਇਨਸਾਨ ਦੇ ਖੂਨ ਬਾਰੇ ਨਵੀਂ ਥਿਊਰੀ ਦਸ ਰਿਹਾ ਸੀ ਅਤੇ ਉਹ ਮੂੰਹ ਵਿੱਚ ਗਾਇਤਰੀ ਦਾ ਪਾਠ ਕਰ ਰਿਹਾ ਸੀ। ਗਲੀ ਵਿੱਚ ਗਿਆਨੋ ਆ ਰਹੀ ਸੀ ਅਤੇ ਉਹਦੇ ਪਿੱਛੇ ਪਿੱਛੇ ਬੂਟਾ ਸਿੰਘ ਦਾ ਮੁੰਡਾ ਪਾਲਾ ਗਾਉਂਦਾ ਆ ਰਿਹਾ ਸੀ:

ਇਕ ਚੁੰਮੀ ਲੈ ਲੈਣ ਦੇ
ਤੈਨੂੰ ਦੇ ਦਿਆਂ ਮੁਰੱਬੇ ਸਾਰੇ।



29
ਚਾਚੀ ਨੂੰ ਦਵਾ ਦਾਰੂ ਨਾਲ ਫਾਇਦਾ ਨਾ ਹੋਇਆ ਤਾਂ ਤਾਈ ਨਿਹਾਲੀ ਅਤੇ ਬੇਬੇ ਹੁਕਮੀ ਦੇ ਕਹਿਣ ਉੱਤੇ ਕਾਲੀ ਜਾਦੂ ਟੂਣੇ ਦਾ ਸਹਾਰਾ ਲੈਣ ਲਈ ਤਿਆਰ ਹੋ ਗਿਆ। ਉਹਨੇ ਜੀਤੂ ਰਾਹੀਂ ਲਾਗਲੇ ਪਿੰਡ ਕੰਧਾਲਾ ਜੱਟਾਂ ਦੇ ਰੱਖੇ ਝਿਉਰ ਨੂੰ ਸੱਦ ਲਿਆ। ਉਹ ਝਾੜ ਫੂਕ ਅਤੇ ਜਾਦੂ ਟੂਣੇ ਲਈ ਸਾਰੇ ਇਲਾਕੇ ਵਿੱਚ ਮਸ਼ਹੂਰ ਸੀ।
ਕਾਫੀ ਡੂੰਘਾ ਹਨ੍ਹੇਰਾ ਹੋ ਗਿਆ ਸੀ ਜਦੋਂ ਗਲੀ ਵਿੱਚ ਚਿਮਟੇ ਦੀ ਛਣਛਣ ਸੁਣਾਈ ਦਿੱਤੀ। ਕਾਲੀ ਇਕਦਮ ਬਾਹਰ ਆ ਗਿਆ ਅਤੇ ਜੀਤੂ ਦੇ ਨਾਲ ਚਿਮਟੇ ਵਾਲੇ ਬੰਦੇ ਨੂੰ ਦੇਖ ਕੇ ਖੁਸ਼ ਹੁੰਦਾ ਬੋਲਿਆ:
"ਆ ਗਏ ਜੀ?"
"ਹਾਂ।" ਕਹਿੰਦਾ ਜੀਤੂ ਡਿਓਢੀ ਵਿੱਚ ਆ ਗਿਆ।
ਉਹਦੇ ਪਿੱਛੇ ਪਿੱਛੇ ਰੱਖਾ ਝਿਉਰ  ਵੀ ਡਿਓਢੀ ਵਿੱਚ ਚਾਰੀਂ ਪਾਸੀ ਦੇਖਦਾ ਹੋਇਆ ਅੰਦਰ ਆ ਗਿਆ। ਕਾਲੀ ਨੇ ਵਿਹੜੇ ਵਿੱਚੋਂ ਮੰਜੀ ਚੁੱਕ ਕੇ ਡਿਓਢੀ ਵਿੱਚ ਡਾਹ ਦਿੱਤੀ।
"ਬੈਠੋ ਜੀ।" ਕਾਲੀ ਨੇ ਰੱਖੇ ਝਿਉਰ ਵਲ ਦੇਖਦਿਆਂ ਕਿਹਾ।
ਮਿੱਟੀ ਦੇ ਦੀਵੇ ਦੀ ਰੋਸ਼ਨੀ ਵਿੱਚ ਰੱਖੇ ਦਾ ਕਾਲਾ ਚਿਹਰਾ, ਜਿਹਦੇ ਉੱਤੇ ਉਹਨੇ ਸਰੋਂ ਦਾ ਤੇਲ ਪੋਤਿਆ ਹੋਇਆ ਸੀ, ਬਹੁਤ ਚਮਕ ਰਿਹਾ ਸੀ। ਉਹਦੇ ਗਲ ਵਿੱਚ ਮੋਟੇ ਮੋਟੇ ਮਣਕਿਆਂ ਦੀ ਮਾਲਾ ਪਾਈ ਹੋਈ ਸੀ ਅਤੇ ਸਿਰ ਉੱਤੇ ਮੈਲ਼ੀ ਜਿਹੀ ਪੱਗ ਬੱਧੀ ਹੋਈ ਸੀ। ਇਕ ਹੱਥ ਵਿੱਚ ਝੋਲਾ ਅਤੇ ਦੂਸਰੇ ਵਿੱਚ ਲੋਹੇ ਦਾ ਵੱਡਾ ਚਿਮਟਾ। ਚਿਮਟੇ ਉੱਤੇ ਵੀ ਸਰੋਂ ਦਾ ਤੇਲ ਪੋਤਿਆ ਹੋਇਆ ਸੀ ਅਤੇ ਉਹਦੀਆਂ ਦੋਵੇਂ ਪੱਤੀਆਂ ਉੱਤੇ ਕੁੰਡੇ ਲੱਗੇ ਹੋਏ ਸਨ ਜਿਹੜੇ ਥੋੜ੍ਹਾ ਜਿਹਾ ਹਿੱਲਣ ਉੱਤੇ ਛਣਛਣ ਕਰਨ ਲੱਗਦੇ।
"ਇਹ ਬੈਠਕ ਨਵੀਂ ਬਣਾਈ ਆ?" ਰੱਖੇ ਨੇ ਪੁੱਛਿਆ।
"ਹਾਂ, ਪੰਦਰਾਂ ਵੀਹ ਦਿਨ ਹੋਏ ਹਨ।" ਕਾਲੀ ਨੇ ਜੁਆਬ ਦਿੱਤਾ।
"ਹੂੰ।" ਰੱਖਾ ਜਿਵੇਂ ਸੋਚ ਵਿੱਚ ਪੈ ਗਿਆ ਅਤੇ ਫਿਰ ਕਾਲੀ ਵਲ ਅੱਖਾਂ ਪਾੜ ਪਾੜ ਦੇਖਦਾ ਬੋਲਿਆ:
"ਇਹਦੇ 'ਚ ਵਸੇਰਾ ਕਰਨ ਤੋਂ ਪਹਿਲਾਂ ਕਿਸੇ ਸਿਆਣੇ ਨੂੰ ਸੱਦਿਆ ਸੀ?"
"ਨਹੀਂ।"
"ਇਸ ਲਈ ਪ੍ਰੇਤਾਂ ਦਾ ਵਾਸਾ ਹੋ ਗਿਆ। ਇਕ ਗੱਲ ਯਾਦ ਰੱਖ ਜਦੋਂ ਵੀ ਕਦੇ ਨਵਾਂ ਮਕਾਨ ਬਣੇਗਾ ਤਾਂ ਉਹਦੇ 'ਚ ਪ੍ਰੇਤ ਆ ਜਾਣਗੇ। ਉਹ ਚੋਲ਼ਾ ਚਾਹੁੰਦੇ ਹਨ।" ਰੱਖੇ ਨੇ ਕਿਹਾ।
ਕਾਲੀ ਦੀ ਸਮਝ ਵਿੱਚ ਕੁਝ ਨਾ ਆਇਆ ਪਰ ਉਹ ਨੀਵੀਆਂ ਨਜ਼ਰਾਂ ਨਾਲ ਰੱਖੇ ਵਲ ਦੇਖਣ ਲੱਗਾ।
ਜੀਤੂ ਆਪਣੀ ਮਾਂ ਨੂੰ ਸੱਦ ਲਿਆਇਆ। ਤਾਈ ਨਿਹਾਲੀ ਨੇ ਆਉਂਦਿਆਂ ਆਉਂਦਿਆਂ ਗਲੀ 'ਚ ਪੰਜ ਸੱਤ ਘਰਾਂ ਵਿੱਚ ਸੂਚਨਾ ਦੇ ਦਿੱਤੀ। ਥੋੜ੍ਹੀ ਹੀ ਦੇਰ ਵਿੱਚ ਕਈ ਤੀਵੀਂਆਂ ਕਾਲੀ ਦੇ ਵਿਹੜੇ ਵਿੱਚ ਇਕੱਠੀਆਂ ਹੋ ਗਈਆਂ। ਸਾਰੀਆਂ ਨੇ ਰੱਖੇ ਦੇ ਪੈਰਾਂ ਵਲ ਨਿਵ ਕੇ ਉਹਨੂੰ ਬੰਦਨਾ ਕੀਤੀ। ਤਾਈ ਨਿਹਾਲੀ ਉਹਦੇ ਨਾਲ ਗੱਲਾਂ ਕਰਨ ਲੱਗੀ। ਰੱਖੇ ਨੇ ਉਸ ਤੋਂ ਕਈ ਚੌਧਰੀਆਂ ਅਤੇ ਚੌਧਰਾਣੀਆਂ ਦਾ ਹਾਲ ਪੁੱਛਿਆ ਅਤੇ ਫਿਰ ਸਖਤ ਅਵਾਜ਼ ਵਿੱਚ ਬੋਲਿਆ:
"ਨਿਹਾਲੀਏ! ਇਹ ਮੁੰਡਾ ਤਾਂ ਬੇਸਮਝ ਹੈ। ਤੂੰ ਹੀ ਇਹਨੂੰ ਸਮਝਾਉਂਦੀ ਕਿ ਨਵੇਂ ਮਕਾਨ ਵਿੱਚ ਭੂਤਾਂ ਨੂੰ ਕੱਢਣ ਬਿਨਾਂ ਵਸੇਰਾ ਨਹੀਂ ਕਰਨਾ ਚਾਹੀਦਾ।" ਉਹਨੇ ਕਾਲੀ ਵਲ ਆਪਣਾ ਝੋਲਾ ਕਰਦਿਆਂ ਕਿਹਾ:
"ਇਹਨੂੰ ਸੰਭਾਲ ਕੇ ਰੱਖੀਂ। ਇਸ ਵਿੱਚ ਖਰਬੂਜੇ ਹਨ।" ਅਤੇ ਫਿਰ ਤਾਈ ਨਿਹਾਲੀ ਨੂੰ ਕਹਿਣ ਲੱਗਾ:
"ਜਿਹਦੇ ਅੰਦਰ ਭੂਤ ਹਨ, ਉਹ ਕਿੱਥੇ ਆ?"
ਤਾਈ ਨਿਹਾਲੀ ਦੀਵਾ ਚੁੱਕ ਕੇ ਉਹਦੀ ਲੋਅ ਵਿੱਚ ਰੱਖੇ ਨੂੰ ਵਿਹੜੇ ਵਿੱਚ ਲੈ ਆਈ। ਰੱਖੇ ਨੇ ਚਾਚੀ ਉੱਤੇ ਇਕ ਨਜ਼ਰ ਸੁੱਟੀ ਅਤੇ ਹੱਥ ਵਿੱਚ ਫੜਿਆ ਚਿਮਟਾ ਵਜਾਇਆ। ਚਾਚੀ ਦਾ ਸਰੀਰ ਡਰ ਨਾਲ ਸਿਹਰ ਉੱਠਿਆ ਤਾਂ ਰੱਖਾ ਹੱਸਦਾ ਹੋਇਆ ਬੋਲਿਆ:
"ਅਜੇ ਤਾਂ ਮੈਂ ਕੁਛ ਕੀਤਾ ਹੀ ਨਹੀਂ, ਤੂੰ ਪਹਿਲਾਂ ਹੀ ਕੰਬਣ ਲੱਗ ਪਿਆਂ।" ਫਿਰ ਉਹ ਕਾਲੀ ਨੂੰ ਸੰਬੋਧਨ ਹੁੰਦਾ ਬੋਲਿਆ:
"ਧੂਫ, ਗੁੱਗਲ, ਡੰਡੀ ਵਾਲੀ ਲਾਲ ਮਿਰਚ ਹੈਗੀ ਆ?"
"ਹਾਂ ਜੀ।"
"ਲੈ ਆ ਸਾਰੀਆਂ ਚੀਜ਼ਾਂ।" ਰੱਖੇ ਨੇ ਆਪਣਾ ਚਿਮਟਾ ਫਰਸ਼ ਉੱਤੇ ਰੱਖਦਿਆਂ ਕਿਹਾ:
"ਕੁਛ ਖਾਣ ਪੀਣ ਦਾ ਸਾਮਾਨ ਲੈ ਆਵੋ। ਸੁੱਕੀ ਰਸਦ ਲਿਆਉਣੀ।"
ਕਾਲੀ ਨੂੰ ਪੁੱਛ ਕੇ ਤਾਈ ਨਿਹਾਲੀ ਥਾਲੀ ਵਿੱਚ ਆਟਾ ਅਤੇ ਗੁੜ ਲੈ ਆਈ ਅਤੇ ਰੱਖੇ ਦੇ ਸਾਹਮਣੇ ਰੱਖ ਦਿੱਤੇ। ਰੱਖਾ ਥਾਲੀ ਵਲ ਦੇਖਦਾ ਹੋਇਆ ਬੋਲਿਆ:
"ਇਹਦੇ ਵਿੱਚ ਚਾਰ ਆਨੇ ਦੁੱਧ ਲਈ ਵੀ ਰੱਖ ਦੇ। ਭੂਤ ਜਿੱਦੀ ਲੱਗਦਾ। ਮੇਰੇ ਖਿਆਲ 'ਚ ਸੁਲਹ ਸਫਾਈ ਨਾਲ ਨਹੀਂ ਜਾਂਦਾ।"
ਕਾਲੀ ਨੇ ਥਾਲੀ ਵਿੱਚ ਚਾਰ ਆਨੇ ਵੀ ਰੱਖ ਦਿੱਤੇ।
ਰੱਖੇ ਨੇ ਧੁੱਪ ਅਤੇ ਗੁੱਗਲ ਕੜਛੀ ਵਿੱਚ ਪਾ ਕੇ ਉਸ ਉੱਤੇ ਮਘਦਾ ਕੋਲਾ ਰੱਖ ਦਿੱਤਾ ਅਤੇ ਉਹਨੂੰ ਚਾਚੀ ਦੀਆਂ ਨਾਸਾਂ ਕੋਲ ਲਿਜਾ ਕੇ ਮੂੰਹ ਬੰਦ ਕਰਕੇ ਕੁਛ ਬੁੜਬੁੜਾਉਣ ਲੱਗਾ। ਉਹ ਥੋੜ੍ਹੇ-ਥੋੜ੍ਹੇ ਚਿਰ ਬਾਅਦ ਚਿਮਟਾ ਫਰਸ਼ ਉੱਤੇ ਮਾਰ ਕੇ ਉੱਚੀ ਅਵਾਜ਼ ਵਿੱਚ ਕਹਿੰਦਾ:
"ਨਿਕਲ ਜਾ ਇਥੋਂ, ਤੇਰੇ ਪੀਰਾਂ ਫਕੀਰਾਂ ਨੂੰ ਪਰਸ਼ਾਦਾ ਛਕਾਊਂ।" ਰੱਖੇ ਨੇ ਇਸ ਤਰ੍ਹਾਂ ਸੱਤ ਵਾਰ ਕੀਤਾ ਪਰੰਤੂ ਜਦੋਂ ਚਾਚੀ ਦੇ ਸਰੀਰ ਵਿੱਚ ਹਵਾ ਜਿੰਨੀ ਹਰਕਤ ਵੀ ਨਾ ਹੋਈ ਤਾਂ ਉਹ ਸਾਰਿਆਂ ਵਲ ਦੇਖਦਾ ਬੋਲਿਆ:
"ਭੂਤ ਕਾਫੀ ਢੀਠ ਆ। ਪਤਾ ਆ ਕਿਹਦਾ ਭੂਤ ਆ ਇਹ?" ਅਤੇ ਉਹ ਖਿੜਖਿੜਾ ਕੇ ਹੱਸ ਪਿਆ। ਸਾਰੇ ਉਹਦੀ ਵਲ ਦੇਖਣ ਲੱਗੇ। ਪਰ ਉਹ ਸਾਰਿਆਂ ਤੋਂ ਬੇਪਰਵਾਹ ਉੱਚੀ ਅਵਾਜ਼ ਵਿੱਚ ਬੋਲਿਆ"
"ਮੈਂ ਤੈਨੂੰ ਪਛਾਣ ਲਿਆ। ਤੇਰੀ ਭਲਾਈ ਇਸ ਵਿੱਚ ਹੀ ਹੈ ਕਿ ਸੁਲਹ ਸਫਾਈ ਨਾਲ ਚਲਾ ਜਾ ਵਰਨਾ ਤੂੰ ਜਾਣਦਾ ਹੀ ਆਂ ਕਿ ਮੈਂ ਤੈਨੂੰ ਕਿਤੋਂ ਦਾ ਨਾ ਛੱਡੂੰ।" ਰੱਖਾ ਅੱਖਾਂ ਉੱਪਰ ਨੂੰ ਚੁੱਕਦਾ ਬੋਲਿਆ:
"ਹਰਵੇਲ ਸਿੰਘ ਦਾ ਨਾਂ ਸੁਣਿਆ ਹੈ? ।।। ਹਰਵੇਲ ਸਿੰਘ ਪਾਰਲਾ?"
ਇਹ ਨਾਂ ਸੁਣ ਕੇ ਸਾਰਿਆਂ ਦੇ ਦਿਲ ਦਹਿਲ ਗਏ। ਹਰਵੇਲ ਸਿੰਘ ਬਿਆਸ ਦਰਿਆ ਦੇ ਪਰਲੇ ਪਾਸੇ ਦਾ ਨਾਮੀ ਡਾਕੂ ਸੀ। ਉਹਨੇ ਬਹੁਤ ਸਾਰੇ ਡਾਕੇ ਮਾਰੇ ਸਨ ਅਤੇ ਕਈ ਕਤਲ ਕੀਤੇ ਸਨ। ਉਹਨੂੰ ਪੁਲਿਸ ਨੇ ਇਕ ਮਕਾਨ ਵਿੱਚ ਘੇਰ ਕੇ ਜਿੰ।ਦਾ ਸਾੜ ਦਿੱਤਾ ਸੀ।
ਰੱਖਾ ਚਿਮਟਾ ਵਜਾਉਂਦਾ ਬੋਲਿਆ:
"ਡਾਕੇ ਵੀ ਸਾਡੇ ਇਲਾਕੇ 'ਚ ਮਾਰਦਾ ਸੀ ਅਤੇ ਹੁਣ ਭੂਤ ਬਣ ਕੇ ਵੀ ਇਸ ਹੀ ਇਲਾਕੇ 'ਚ ਘੁੰਮਦਾ। ਜੌੜੇ ਦੇ ਤਖਾਣ ਦੇ ਨੌਜਵਾਨ ਮੁੰਡੇ 'ਚ ਵਾਸ ਕਰ ਗਿਆ ਸੀ। ਮੈਂ ਉੱਥੋਂ ਇਹਨੂੰ ਕੁੱਤੇ ਦੀ ਬਾਬ ਕਰਕੇ ਕੱਢਿਆ ਸੀ।" ਰੱਖੇ ਨੇ ਕੜਛੀ ਚੁੱਕ ਲਈ ਅਤੇ ਕੋਲੇ ਉੱਤੇ ਫੂਕ ਮਾਰ ਕੇ ਉਹਨੂੰ ਮਘਾ ਦਿੱਤਾ ਅਤੇ ਉੱਪਰ ਲਾਲ ਮਿਰਚਾਂ ਰੱਖ ਦਿੱਤੀਆਂ। ਮਿਰਚਾਂ ਦੇ ਕੌੜੇ ਧੂੰਏਂ ਤੋਂ ਬਚਣ ਲਈ ਸਾਰਿਆਂ ਨੇ ਨੱਕਾਂ ਅਤੇ ਮੂੰਹਾਂ ਉੱਤੇ ਕੱਪੜਾ ਰੱਖ ਲਿਆ ਅਤੇ ਅੱਖਾਂ ਬੰਦ ਕਰ ਲਈਆਂ। ਰੱਖੇ ਨੇ ਬਹੁਤ ਕਾਹਲੀ-ਕਾਹਲੀ ਮੂੰਹ ਹੀ ਮੂੰਹ ਵਿੱਚ ਕੁਛ ਪੜ੍ਹਿਆ ਅਤੇ ਉਹ ਕੜਛੀ ਚਾਚੀ ਦੇ ਨੱਕ ਹੇਠਾਂ ਲਿਜਾ ਕੇ ਜ਼ਮੀਨ ਉੱਤੇ ਜ਼ੋਰ ਦੇਣੀ ਚਿਮਟਾ ਮਾਰ ਕੇ ਬੋਲਿਆ:
"ਨਿਕਲ ਜਾ ਵਰਨਾ ਤੈਨੂੰ ਜੰਮਣ ਵਾਲਿਆਂ ਨੂੰ ਕੀੜੀਆਂ ਨੂੰ ਖਿਲਾਊਂ।" ਉਹਨੇ ਦੋ ਤਿੰਨ ਵਾਰ ਜ਼ੋਰ ਦੇਣੀ ਚਿਮਟਾ ਜ਼ਮੀਨ ਉੱਤੇ ਮਾਰਿਆ। ਚਾਚੀ ਦਾ ਸਰੀਰ ਇਕ ਵਾਰ ਕੰਬਿਆ ਅਤੇ ਉਹਦੇ ਬੁੱਲਾਂ ਅਤੇ ਪਲਕਾਂ ਵਿੱਚ ਕੰਬਨੀ ਛਿੜ ਪਈ।
"ਹੁਣ ਹਿੱਲਿਆਂ, ਦੇਖਦਾ ਚੱਲ; ਮੈਂ ਤੈਨੂੰ ਘੋੜੇ ਵਾਂਗ ਦੌੜਾਊਂ।"
ਰੱਖੇ ਨੇ ਚਿਮਟਾ ਵਜਾ ਕੇ ਕਿਹਾ ਅਤੇ ਕੜਛੀ ਵਿੱਚ ਜਦੋਂ ਲਾਲ ਮਿਰਚਾਂ ਦੇ ਬੀਅ ਸੜਨ ਲੱਗੇ ਤਾਂ ਉਹਨੇ ਕੜਛੀ ਚਾਚੀ ਦੇ ਨੱਕ ਦੇ ਬਿਲਕੁਲ ਹੇਠਾਂ ਰੱਖ ਦਿੱਤੀ। ਚਾਚੀ ਨੂੰ ਉਪਰੋਥਲੀ ਦੋ ਤਿੰਨ ਛਿੱਕਾਂ ਆ ਗਈਆਂ ਤਾਂ ਰੱਖਾ ਚਿਮਟਾ ਚਾਚੀ ਦੇ ਸਿਰ ਦੇ ਬਿਲਕੁਲ ਕੋਲ ਵਜਾਉਂਦਾ ਹੋਇਆ ਬੋਲਿਆ:
"ਬੋਲ ਨਿਕਲੂੰਗਾ ਜਾਂ ਨਹੀਂ। ਇਸ ਵਾਰ ਮੈਂ ਤੈਨੂੰ ਬਿਆਸੋਂ ਪਾਰ ਹੀ ਪਹੁੰਚਾ ਕੇ ਛੱਡੂੰ।" ਰੱਖੇ ਨੇ ਆਪਣੇ ਮੂੰਹ ਵਿੱਚ ਫਿਰ ਕੁਛ ਪੜ੍ਹਿਆ ਅਤੇ ਚਾਚੀ ਦੇ ਨੱਕ ਹੇਠਾਂ ਕੜਛੀ ਘੁਮਾਉਣ ਲੱਗਾ। ਕੌੜੇ ਧੂੰਏਂ ਨਾਲ ਚਾਚੀ ਨੂੰ ਖੰਘ ਦਾ ਦੌਰਾ ਜਿਹਾ ਪੈ ਗਿਆ ਅਤੇ ਉਹਦੀਆਂ ਬੰਦ ਅੱਖਾਂ 'ਚੋਂ ਪਾਣੀ ਵਗਣ ਲੱਗਾ। ਰੱਖਾ ਅੱਖਾਂ 'ਚੋਂ ਵਗਦੇ ਪਾਣੀ ਨੂੰ ਦੇਖ ਕੇ ਬੋਲਿਆ:
"ਹੁਣ ਰੋਂਦਾ ਪਿਆਂ, ਪਹਿਲਾਂ ਹੀ ਮੇਰੀ ਗੱਲ ਮੰਨ ਲੈਂਦਾ ਅਤੇ ਖਾ ਪੀ ਕੇ ਸੁਲਹ ਸਫਾਈ ਨਾਲ ਚਲਾ ਜਾਂਦਾ।"
ਔਰਤਾਂ ਸਾਹ ਰੋਕੀ ਸਭ ਕੁਝ ਦੇਖ ਅਤੇ ਸੁਣ ਰਹੀਆਂ ਸਨ। ਉਹ ਕਦੇ ਕਦੇ ਇਕ ਦੂਜੇ ਦੇ ਕੰਨਾਂ 'ਚ ਫੁਸਫੁਸਾਉਣ ਲਗਦੀਆਂ। ਖੰਘ ਦੀ ਮਾਰ ਨਾਲ ਜਦੋਂ ਚਾਚੀ ਦਾ ਸਾਰਾ ਸਰੀਰ ਸੁੰਗੜਨ ਲੱਗਾ ਤਾਂ ਰੱਖਾ ਚਿਮਟਾ ਵਜਾਉਂਦਾ ਉੱਚੀ ਅਵਾਜ਼ ਵਿੱਚ ਬੋਲਿਆ:
"ਹੁਣ ਆਕੜਦਾ ਕਿਉਂ ਆਂ? ਜਾਂਦਾ ਕਿਉਂ ਨਹੀਂ? ਕੀ ਜੁੱਤੀਆਂ ਖਾਣ ਦਾ ਇਰਾਦਾ?"
ਚਾਚੀ ਦਾ ਜਦੋਂ ਖੰਘ ਨਾਲ ਬੁਰਾ ਹਾਲ ਹੋ ਗਿਆ ਤਾਂ ਕਾਲੀ ਨੇ ਤਾਈ ਨਿਹਾਲੀ ਦੇ ਕੰਨ ਵਿੱਚ ਕਿਹਾ:
"ਚਾਚੀ ਦਾ ਸਾਹ ਨਹੀਂ ਮੁੜ ਰਿਹਾ। ਥੋੜ੍ਹਾ ਜਿਹਾ ਪਾਣੀ ਪਿਲਾ ਦੇਵਾਂ?"
ਕਾਲੀ ਰੱਖੇ ਦੇ ਕੋਲ ਆ ਕੇ ਬੈਠ ਗਿਆ ਅਤੇ ਉਹਦੀ ਵੱਲ ਝੁਕਦਾ ਹੋਇਆ ਬੋਲਿਆ:
"ਕਹੇਂ ਤਾਂ ਚਾਚੀ ਨੂੰ ਇਕ ਘੁੱਟ ਪਾਣੀ ਪਿਲਾ ਦਵਾਂ?"
"ਇਹਨੂੰ ਮਾਰਨ ਦਾ ਇਰਾਦਾ? ਇਸ ਹਾਲਤ 'ਚ ਪਾਣੀ ਪਿਲਾਉਣਾ, ਛਾਇਆ ਨੂੰ ਸੱਦਾ ਦੇਣ ਵਾਂਗ ਹੈ। ਦੁਸ਼ਮਣ ਨੂੰ ਦੁੱਧ ਪਿਲਾਉਣ ਵਾਂਗ਼"
ਥੋੜ੍ਹੀ ਦੇਰ ਬਾਅਦ ਆਪਣੇ-ਆਪ ਹੀ ਚਾਚੀ ਦੀ ਖੰਘ ਕੁਝ ਘਟ ਗਈ ਅਤੇ ਨਾਲ ਹੀ ਸਰੀਰ ਦੀ ਅਕੜਾਹਟ ਵੀ। ਉਹਦਾ ਸਰੀਰ ਹੌਲੀ-ਹੌਲੀ ਕੰਬਣ ਲੱਗਾ।
"ਹੁਣ ਕੰਬ ਰਿਹੈਂ। ਮੂਰਖਾ, ਮੇਰੀ ਗੱਲ ਮੰਨ ਲੈਂਦਾ ਤਾਂ ਇਸ ਦੁਰਦਸ਼ਾ ਤੋਂ ਤਾਂ ਬਚ ਜਾਂਦਾ।"
ਰੱਖਾ ਚਾਚੀ ਦੇ ਕੰਬਦੇ ਬੁੱਲਾਂ ਨੂੰ ਦੇਖ ਕੇ ਉਹਦੇ ਮੂੰਹ ਵਲ ਝੁੱਕਦਾ ਹੋਇਆ ਉੱਚੀ ਅਵਾਜ਼ ਵਿੱਚ ਬੋਲਿਆ:
"ਕੀ ਕਿਹਾ?" ਅਤੇ ਫਿਰ ਚੀਕ ਕੇ ਬੋਲਿਆ:
"ਮਾਫ ਕਰ ਦੇਵਾਂ।।।?" ਰੱਖਾ ਖਿੜਖਿੜਾ ਕੇ ਹਸਦਾ ਹੋਇਆ ਬੋਲਿਆ:
"ਅੱਛਾ ਅੱਛਾ, ਮਾਫ ਕਰ ਦਊਂਗਾ?।।। ਕੀ ਕਿਹਾ।।।? ਕਿਰਾਇਆ ਚਾਹੀਦਾ? ।।। ਕੀ ।।। ਨਿਆਜ।।। ਬਾਵੇ ਦੀ ਮਟੀ 'ਤੇ? ।।। ਹਾਂ ਹਾਂ ਉਹ ਮੈਂ ਕਰਵਾ ਦਊਂਗਾ ।।। ਜ਼ਰੂਰ ਕਰਵਾ ਦਊਂਗਾ ।।। ਕੀ ਕਿਹਾ।।। ਸਵਾ ਪੰਜ ਰੁਪਈਆਂ ਦੀ।।। ਨਹੀਂ ਨਹੀਂ ਬੰਦੇ ਦੀ ਹੈਸੀਅਤ ਦੇਖ ਕੇ ਨਿਆਜ ਮੰਗਿਆ ਕਰ। ਇਹ ਚੌਧਰੀਆਂ ਦਾ ਨਹੀਂ ਚਮਾਰਾਂ ਦਾ ਘਰ ਆ। ।।। ਹਾਂ ਕੀ ਕਿਹਾ ।।। ਸਵਾ ਰੁਪਈਏ ਦੀ ਨਿਆਜ।।। ਹਾਂ, ਇਹ ਹੋ ਜਾਊਗੀ। ।। ਹਾਂ ਸਵਾ ਰੁਪਈਏ ਦੀ ਕਰਵਾ ਦਊਂਗਾ।"
ਰੱਖੇ ਨੇ ਉੱਚੀ ਅਵਾਜ਼ ਵਿੱਚ ਕਿਹਾ ਅਤੇ ਫਿਰ ਕਾਲੀ ਵੱਲ ਝੁਕਦਾ ਹੋਇਆ ਬੋਲਿਆ:
"ਕਹਿੰਦਾ ਬਾਬੇ ਦੀ ਮਟੀ 'ਤੇ ਨਿਆਜ ਕਰਵਾ ਦੇ ਹੋਰ ਕੁਝ ਨਹੀਂ ਮੰਗਦਾ। ਇਹ ਤਾਂ ਸਵਾ ਪੰਜਾਂ ਰੁਪਈਆਂ ਦੀ ਨਿਆਜ ਮੰਗਦਾ ਸੀ ਪਰ ਮੈਂ ਸਵਾ ਰੁਪਈਏ 'ਤੇ ਮਨਾ ਲਿਆ। ਥਾਲੀ 'ਚ ਸਵਾ ਰੁਪਈਆ ਹੁਣੇ ਹੀ ਰੱਖ ਦੇ। ਕਿਤੇ ਆਪਣੇ ਵਚਨ ਤੋਂ ਨਾ ਮੁੱਕਰ ਜਾਵੇ।"  
ਕਾਲੀ ਨੇ ਤਾਈ ਨਿਹਾਲੀ ਵੱਲ ਦੇਖਿਆ ਅਤੇ ਉਹਦਾ ਇਸ਼ਾਰਾ ਦੇਖ ਕੇ ਥਾਲੀ ਵਿੱਚ ਸਵਾ ਰੁਪਈਆ ਰੱਖ ਦਿੱਤਾ।
"ਲੈ ਨਿਆਜ ਵੀ ਆ ਗਈ; ਹੁਣ ਜਾਹ, ਨਿਕਲ ਇੱਥੋਂ।" ਰੱਖੇ ਨੇ ਫਿਰ ਚਿਮਟਾ ਵਜਾ ਕੇ ਕਿਹਾ।
ਏਨੇ ਚਿਰ 'ਚ ਗਰਮ ਹਵਾ ਦਾ ਇਕ ਬੁੱਲਾ ਆਇਆ। ਦੀਵੇ ਦੀ ਲੋਅ ਫੜਫੜਾ ਕੇ ਬੁੱਝ ਗਈ। ਕੜਛੀ ਵਿੱਚ ਸੁਲਗਦੀ ਧੂਫ ਅਤੇ ਗੁੱਗਲ ਤੋਂ ਕੁਝ ਚੰਗਿਆੜੇ ਉਡ ਕੇ ਵਿਖਰ ਗਏ। ਅਗਲੇ ਹੀ ਪਲਾ ਹਵਾ ਦਾ ਪਹਿਲਾਂ ਨਾਲੋਂ ਵੀ ਤੇਜ਼ ਬੁੱਲਾ ਆਇਆ। ਤਕੀਏ ਵਿੱਚ ਦਰੱਖਤਾਂ ਦੇ ਪੱਤੇ ਆਪਸ ਵਿੱਚ ਟਕਰਾ ਕੇ ਰੌਲਾ ਪਾਉਣ ਲੱਗੇ। ਸੱਤਵੀਂ ਦੇ ਚੰਦ ਦੀ ਚਾਨਣੀ ਮੈਲ਼ੀ ਹੋ ਗਈ ਅਤੇ ਮੂੰਹ, ਅੱਖਾਂ ਅਤੇ ਨਾਸਾਂ ਧੂੜ ਨਾਲ ਭਰ ਗਈਆਂ।
ਲੋਕ ਛੱਤਾਂ ਤੋਂ ਉੱਤਰ ਆਏ। ਹਨ੍ਹੇਰੀ ਦੇ ਡਰੋਂ ਗਲੀ ਦੇ ਕੁੱਤੇ ਭੌਂਕਣ ਅਤੇ ਮੱਝਾਂ ਗਾਵਾਂ ਰੰਭਣ ਲੱਗੀਆਂ। 
"ਇਹ ਤਾਂ ਜੁੰਮੇ ਸ਼ਾਹ ਦੀ ਹਨ੍ਹੇਰੀ ਹੈ।"
ਇਕ ਔਰਤ ਨੇ ਹਵਾ ਦੇ ਜ਼ੋਰ ਨਾਲ ਖੜਖੜਾਉਂਦੇ ਦਰਵਾਜ਼ਿਆਂ ਦੀ ਅਵਾਜ਼ ਸੁਣਦਿਆਂ ਕਿਹਾ:
"ਹਾਂ, ਜੁੰਮੇ ਸ਼ਾਹ ਦੀ ਹਨ੍ਹੇਰੀ ਹੀ ਲੱਗਦੀ ਹੈ।"
ਦੂਜੀ ਔਰਤ ਨੇ ਆਪਣਾ ਦੁਪੱਟਾ ਸੰਭਾਲਦਿਆਂ ਜੁਆਬ ਦਿੱਤਾ:
"ਕਹਿਰ ਸਾਈਂ ਦਾ।"
"ਹਰਵੇਲ ਸਿੰਘ ਦਾ ਭੂਤ ਕੋਈ ਐਰਾ-ਗੈਰਾ ਭੂਤ ਨਹੀਂ। ਤੂਫਾਨ ਬਣ ਕੇ ਜਾਊ। ਆਪਣੀ ਨਿਸ਼ਾਨੀ ਜ਼ਰੂਰ ਛੱਡੂ। ਮਾਈ ਨੂੰ ਅੰਦਰ ਲੈ ਜਾਵੋ।" ਰੱਖੇ ਨੇ ਥਾਲੀ ਅਤੇ ਚਿਮਟਾ ਸੰਭਾਲਦਿਆਂ ਕਿਹਾ।
ਕਾਲੀ ਚਾਚੀ ਨੂੰ ਅੰਦਰ ਲਿਜਾ ਰਿਹਾ ਸੀ ਕਿ ਵਿਹੜੇ ਵਿੱਚ ਧੱਪ ਦੀ ਅਵਾਜ਼ ਪੈਦਾ ਕਰਦੀ ਕੋਈ ਚੀਜ਼ ਡਿੱਗੀ।
"ਕੀ ਡਿਗਿਆ?" ਤਾਈ ਨਿਹਾਲੀ ਨੇ ਘਬਰਾ ਕੇ ਪਿੱਛੇ ਹਟਦਿਆਂ ਕਿਹਾ ਕਿਉਂਕਿ ਉਹ ਚੀਜ਼ ਉਹਦੇ ਪੈਰਾਂ ਦੇ ਨੇੜੇ ਹੀ ਡਿੱਗੀ ਸੀ।
"ਭੂਤ ਨੇ ਜਾਣ ਤੋਂ ਪਹਿਲਾਂ ਨਿਸ਼ਾਨੀ ਛੱਡੀ ਹੋਣੀ ਆਂ। ਹੋਰ ਕੀ ਡਿਗਿਆ ਹੋਣਾਂ।"
ਰੱਖੇ ਨੇ ਵਿਸ਼ਵਾਸ ਭਰੀ ਅਵਾਜ਼ ਵਿੱਚ ਕਿਹਾ। ਤਾਈ ਨਿਹਾਲੀ ਫਰਸ਼ ਉੱਤੇ ਬੈਠ ਕੇ ਟੋਂਹਦੀ ਟੋਂਹਦੀ ਇਕ ਇੱਟ ਤੱਕ ਜਾ ਪਹੁੰਚੀ ਅਤੇ ਉਹਦੇ ਚਾਰੇ ਪਾਸੀਂ ਹੱਥ ਫੇਰ ਕੇ ਬੋਲੀ:
"ਇੱਟ ਡਿੱਗੀ ਆ।" ਤਾਈ ਦੇ ਇਹ ਕਹਿੰਦਿਆਂ ਕਹਿੰਦਿਆਂ ਹਵਾ ਦਾ ਜ਼ੋਰਦਾਰ ਬੁੱਲਾ ਆਇਆ ਅਤੇ ਆਪਣੇ ਨਾਲ ਇਕ ਇੱਟ ਹੋਰ ਪੁੱਟ ਲਿਆਇਆ। ਤਾਈ ਪਿੱਛੇ ਹੱਟਦੀ ਬੋਲੀ:
"ਲੈ ਇਕ ਇੱਟ ਹੋਰ ਡਿੱਗ ਪਈ।"
"ਇਹਦਾ ਮਤਲਬ ਹੈ ਕਿ ਭੂਤ ਦੁਬਾਰਾ ਇੱਥੇ ਨਹੀਂ ਆਊਗਾ। ਮੇਰੇ ਸਾਹਮਣੇ ਤਾਂ ਜਿੱਦੀ ਤੋਂ ਜਿੱਦੀ ਭੂਤ ਵੀ ਨਹੀਂ ਟਿਕ ਸਕਦਾ।" ਰੱਖੇ ਨੇ ਭਰਵੀਂ ਅਵਾਜ਼ ਵਿੱਚ ਕਿਹਾ।
ਚਾਚੀ ਨੂੰ ਅੰਦਰ ਮੰਜੇ ਉੱਤੇ ਪਾ ਦਿੱਤਾ ਗਿਆ। ਹਨ੍ਹੇਰੀ ਬਹੁਤ ਜ਼ੋਰ ਨਾਲ ਚੱਲ ਰਹੀ ਸੀ। ਡਿਓਢੀ ਦੇ ਦਰਵਾਜ਼ੇ ਦੇ ਖਿੜਕ ਵਾਰ ਵਾਰ ਵੱਜ ਰਹੇ ਸਨ। ਸਾਰੀਆਂ ਔਰਤਾਂ ਖੂੰਜੇ ਵਿੱਚ ਇਕੱਠੀਆਂ ਹੋਈਆਂ ਬੈਠੀਆਂ ਸਨ। ਉਹ ਪਹਿਲਾਂ ਹੀ ਡਰੀਆਂ ਹੋਈਆਂ ਸਨ। ਤੇਜ਼ ਹਨ੍ਹੇਰੀ ਕਾਰਨ ਹੋਰ ਵੀ ਡਰ ਗਈਆਂ। ਰੱਖਾ ਹਨ੍ਹੇਰੀ ਨੂੰ ਗਾਲ੍ਹ ਕੱਢ ਕੇ ਬੋਲਿਆ:
"ਮੈਂ ਇਹਨੂੰ ਇਕ ਪਲ 'ਚ ਬੰਨ ਦੇਵਾਂ ਪਰ ਪੁਰਾ ਵਗ ਰਿਹਾ, ਸ਼ਾਇਦ ਮੀਂਹ ਆ ਜਾਵੇ। ਕੀ ਜੀਵ, ਕੀ ਜੰਤੂ, ਕੀ ਪੰਛੀ ਕੀ ਪੰਖੇਰੂ, ਕੀ ਘਾਹ  ਕੀ ਵਿਰਖ ਸਭ ਪਾਣੀ ਮੰਗ ਰਹੇ ਹਨ। ਇਸ ਸਾਲ ਤਾਂ ਗਰਮੀ ਵੀ ਨਰਕ ਦੀ ਅੱਗ ਵਾਂਗ ਪਈ ਆ।"
ਫਿਰ ਉਹ ਕਾਲੀ ਨੂੰ ਸੰਬੋਧਿਤ ਹੁੰਦਾ ਬੋਲਿਆ:
"ਦੇਖ ਬੱਲਿਆ, ਹੁਣ ਮਾਈ ਨੂੰ ਪੰਜ ਦਿਨ ਕੋਈ ਸਫੈਦ ਚੀਜ਼ ਨਾ ਦੇਈਂ ਵਰਨਾ ਭੂਤ ਫਿਰ ਵਾਸ ਕਰ ਜਾਊ। ਅਤੇ ਅੱਬਲ ਤਾਂ ਨਿਕਲੂਗਾ ਨਹੀਂ ਜੇ ਨਿਕਲਿਆ ਵੀ ਇਹਦੀ ਜਾਨ ਲੈ ਕੇ ਨਿਕਲੂ।"
"ਇਸ ਗੱਲ ਦਾ ਮੈਂ ਧਿਆਨ ਰੱਖੂੰਗੀ।" ਤਾਈ ਨਿਹਾਲੀ ਨੇ ਕਿਹਾ। 
ਥੋੜ੍ਹੀ ਦੇਰ ਬਾਅਦ ਹਵਾ ਦੀਆਂ ਚੀਕਾਂ ਵਿੱਚ ਬੱਦਲਾਂ ਦੀ ਗਰਜ ਵੀ ਸ਼ਾਮਲ ਹੋ ਗਈ। ਫਿਰ ਛਿੱਟੇ ਪੈਣ ਲੱਗੇ ਅਤੇ ਗਰਮ ਹਵਾ ਵਿੱਚ ਕੁਛ ਅਜਿਹੀ ਤਬਦੀਲੀ ਆਈ ਕਿ ਸਰੀਰ ਵਿੱਚ ਸੂਈਆਂ ਚੁੱਭਣ ਲੱਗੀਆਂ। ਰੱਖੇ ਨੇ ਆਪਣੇ ਸਰੀਰ ਦੁਆਲੇ ਚਾਦਰ ਲਪੇਟ ਲਈ ਅਤੇ ਹਵਾ ਵਿੱਚਲੀ ਠੰਢ ਮਹਿਸੂਸ ਕਰਦਾ ਹੋਇਆ ਬੋਲਿਆ:
"ਤੇਰੀ ਮਾਈ ਦੇ ਅੰਦਰ ਵੀ ਅਜਿਹੀ ਠੰਢ ਪੈ ਗਈ ਹੈ। ਦੇਖ ਲਾ ਕਿਸ ਤਰ੍ਹਾਂ ਘੋੜੇ ਵੇਚ ਕੇ ਸੁੱਤੀ ਪਈ ਆ।।।। ਅੱਛਾ ਹੁਣ ਮੈਂ ਚਲਦਾਂ। ਅੱਧੀ ਰਾਤ ਹੋ ਗਈ ਆ। ਦੀਵਾ ਜਗਾ ਕੇ ਮੈਨੂੰ ਕੜਛੀ ਦੇ।"
ਕਾਲੀ ਨੇ ਦੀਵਾ ਜਗਾਇਆ ਅਤੇ ਕੜਛੀ ਰੱਖੇ ਦੇ ਹੱਥ ਫੜਾ ਦਿੱਤੀ। ਉਹਨੇ ਕੜਛੀ ਵਿੱਚ ਗੁੱਗਲ ਅਤੇ ਧੂਫ ਨੂੰ ਤੀਲੀ ਬਾਲ ਕੇ ਸੁਲਗਾਇਆ ਅਤੇ ਮੂੰਹ ਵਿੱਚ ਬੁੜਬੁੜਾਉਂਦਾ ਹੋਇਆ ਉਹਨੂੰ ਹੱਥ ਵਿੱਚ ਫੜੀ ਡਿਓਢੀ ਦੇ ਚਾਰੇ ਖੂੰਜਿਆਂ ਵਿੱਚ ਗਿਆ। ਕਮਰਾ ਧੂਫ ਦੀ ਮਹਿਕ ਨਾਲ ਭਰ ਗਿਆ ਤਾਂ ਰੱਖੇ ਨੇ ਕੜਛੀ ਚਾਚੀ ਦੀ ਮੰਜੀ ਦੇ ਹੇਠਾਂ ਰੱਖ ਦਿੱਤੀ ਅਤੇ ਕਾਲੀ ਨੂੰ ਕਹਿਣ ਲੱਗਾ:
"ਇਹਨੂੰ ਇੱਥੋਂ ਹਿਲਾਉਣਾ ਨਹੀਂ। ਭੂਤ ਕੱਢ ਦਿੱਤਾ ਹੈ ਹੁਣ ਇਹਨੂੰ ਸਵੇਰ ਤੱਕ ਪਰਛਾਵੇਂ ਤੋਂ ਬਚਾਉਣਾ। ।।। ਅੱਛਾ ਲਿਆ ਮੇਰਾ ਝੋਲਾ।"
ਕਾਲੀ ਨੇ ਝੋਲਾ ਰੱਖੇ ਦੇ ਹੱਥ ਵਿੱਚ ਦੇ ਦਿੱਤਾ। ਉਹਨੇ ਝੋਲੇ ਨੂੰ ਟੋਹ ਕੇ ਦੇਖਿਆ ਅਤੇ ਥਾਲੀ ਵਿੱਚ ਪਿਆ ਹੋਇਆ ਆਟਾ ਅਤੇ ਗੁੜ ਕੱਪੜੇ ਵਿੱਚ ਬੰਨ ਕੇ ਉਹਦੇ ਵਿੱਚ ਪਾ ਦਿੱਤਾ ਅਤੇ ਡੇਢ ਰੁਪਈਆ ਚੁੱਕ ਕੇ ਜੇਬ ਵਿੱਚ ਪਾ ਲਿਆ।
"ਅੱਛਾ ਹੁਣ ਮੈਂ ਚੱਲਿਆਂ।"
ਰੱਖੇ ਨੂੰ ਤਿਆਰ ਦੇਖ ਕੇ ਤਾਈ ਨਿਹਾਲੀ ਨੇ ਕਾਲੀ ਨੂੰ ਕਿਹਾ:
"ਪੁੱਤਰਾ, ਉਹਨੂੰ ਸਵਾ ਰੁਪਈਆ ਧੂਫ ਜਲਾਈ ਦੇ ਦੇ।"
ਕਾਲੀ ਨੇ ਉਹਦੇ ਹੱਥ ਉੱਤੇ ਸਵਾ ਰੁਪਈਆ ਰੱਖਿਆ ਤਾਂ ਰੱਖਾ ਉਹਨੂੰ ਦੇਖਦਾ ਹੋਇਆ ਬੋਲਿਆ:
"ਹਰਵੇਲ ਸਿੰਘ ਦਾ ਭੂਤ ਕੱਢਣ ਦੇ ਮੈਂ ਸਵਾ ਗਿਆਰਾਂ ਰੁਪਈਆਂ ਤੋਂ ਘੱਟ ਨਹੀਂ ਲੈਂਦਾ ਕਿਉਂਕਿ ਏਦਾਂ ਦਾ ਭੂਤ ਕਦੇ ਕਦੇ ਉਲਟਾ ਵੀ ਪੈ ਜਾਂਦਾ। ਖੈਰ ਇਹ ਕਾਫੀ ਹਨ।" ਰੱਖੇ ਨੇ ਸਵਾ ਰੁਪਈਏ ਨੂੰ ਇਕ ਵਾਰ ਫਿਰ ਦੇਖਦਿਆਂ ਕਿਹਾ ਅਤੇ ਬਾਹਰ ਨਿਕਲ ਗਿਆ। ਉਹਦੇ ਪਿੱਛੇ ਪਿੱਛੇ ਸਾਰੀਆਂ ਔਰਤਾਂ ਵੀ ਚਲੀਆਂ ਗਈਆਂ।
ਕਾਲੀ ਨੇ ਦੀਵੇ ਦੀ ਰੌਸ਼ਨੀ ਵਿੱਚ ਚਾਚੀ ਵਲ ਦੇਖਿਆ। ਉਹ ਅੱਖਾਂ ਬੰਦ ਕਰੀ ਸਿੱਧੀ ਪਈ ਸੀ। ਉਹਦਾ ਸਾਹ ਹੌਲੀ ਹੌਲੀ ਚੱਲ ਰਿਹਾ ਸੀ। ਉਹਦੀ ਸ਼ਕਲ ਦੇਖ ਕੇ ਕਾਲੀ ਨੂੰ ਵਿਸ਼ਵਾਸ ਹੋ ਗਿਆ ਕਿ ਭੂਤ ਸੱਚੀਂ ਹੀ ਨਿਕਲ ਗਿਆ ਹੈ। ਉਹਨੇ ਸੁੱਖ ਦਾ ਸਾਹ ਲਿਆ ਅਤੇ ਮੰਜਾ ਵਿਛਾ ਕੇ ਸੌਂ ਗਿਆ।

--------ਚਲਦਾ--------