32
ਕਿਰਿਆ-ਕਰਮ ਤੱਕ ਕਾਲੀ ਨੇ ਸੋਗ ਮਨਾਇਆ ਕਿਉਂਕਿ ਚਮ੍ਹਾਰਲੀ ਦੇ ਆਚਾਰਯ ਦੇ ਹੁਕਮ ਅਨੁਸਾਰ ਕਾਲੀ ਉਹ ਸਾਰਾ ਕੁਝ ਕਰਨ ਲਈ ਤਿਆਰ ਸੀ ਜਿਹਦੇ ਨਾਲ ਚਾਚੀ ਦੀ ਗਤੀ ਹੋ ਸਕੇ ਅਤੇ ਉਹਨੂੰ ਸਵਰਗਾਂ ਵਿੱਚ ਥਾਂ ਮਿਲੇ। ਉਹਨੇ ਮਿੰਨਤ ਵਗੈਰਾ ਕਰਕੇ ਮੁਹੱਲੇ ਦੀਆਂ ਔਰਤਾਂ ਨੂੰ ਇਸ ਗੱਲ ਲਈ ਮਨਾ ਲਿਆ ਸੀ ਕਿ ਉਹ ਕ੍ਰਿਆ-ਕਰਮ ਤੱਕ ਆਪਣੇ ਵਿਹਲੇ ਸਮੇਂ ਵਿੱਚ ਉਹਦੇ ਘਰ ਬੈਠਣਗੀਆਂ। ਉਹ ਵਿਹਲ ਹੋਣ ਸਮੇਂ ਉੱਥੇ ਆ ਜਾਂਦੀਆਂ ਅਤੇ ਚਾਚੀ ਦੀ ਮੌਤ ਨੂੰ ਭੁੱਲ ਕੇ ਨਿੰਦਾ-ਚੁਗਲੀ ਵਿੱਚ ਰੁਝੀਆਂ ਰਹਿੰਦੀਆਂ ਅਤੇ ਇਹ ਅੰਦਾਜ਼ੇ ਲਾਉਂਦੀਆਂ ਕਿ ਕੀ ਚਾਚੀ ਕੁਝ ਛੱਡ ਕੇ ਵੀ ਗਈ ਹੈ ਜਾਂ ਨਹੀਂ।
ਉਹ ਇਕ ਦੂਜੀ ਤੋਂ ਅੱਖ ਬਚਾ ਕੇ ਕਾਲੀ ਦੇ ਘਰੋਂ ਕੋਈ ਭਾਂਡਾ ਟੀਂਡਾ ਜਾਂ ਕੋਈ ਹੋਰ ਚੀਜ਼ ਵੀ ਚੁੱਕ ਲਿਜਾਂਦੀਆਂ।
ਕਿਰਿਆ-ਕਰਮ ਵਾਲੇ ਦਿਨ ਚਾਚੀ ਦੀ ਭੈਣ ਵੀ ਆਈ ਜਿਹੜੀ ਪੰਦਰਾਂ ਮੀਲ ਦੂਰ ਇਕ ਪਿੰਡ ਵਿੱਚ ਰਹਿੰਦੀ ਸੀ। ਉਹ ਆਉਂਦੀ ਹੀ ਬਹੁਤ ਰੋਈ ਅਤੇ ਉਹਨੇ ਆਪਣੀ ਭੈਣ ਦਾ ਸਿਆਪਾ ਕੀਤਾ। ਉਹ ਕਾਲੀ ਨਾਲ ਬਹੁਤ ਗੁੱਸੇ ਹੋਈ ਕਿ ਉਹਨੇ ਜੇ ਪਹਿਲਾਂ ਦੱਸਿਆ ਹੁੰਦਾ ਤਾਂ ਉਹ ਆਪਣੀ ਭੈਣ ਦੇ ਅੰਤਿਮ ਦਰਸ਼ਨ ਤਾਂ ਕਰ ਲੈਂਦੀ। ਪਰ ਕੁਝ ਚਿਰ ਬਾਅਦ ਹੀ ਉਹ ਕਾਲੀ ਨੂੰ ਇਕ ਪਾਸੇ ਲਿਜਾ ਕੇ ਪੁੱਛਣ ਲੱਗੀ:
"ਮੇਰੀ ਭੈਣ ਕੁਝ ਛੱਡ ਕੇ ਵੀ ਗਈ ਹੈ?"
ਕਾਲੀ ਆਪਣੀ ਮਾਸੀ ਦੇ ਸਵਾਲ ਉੱਤੇ ਹੈਰਾਨ ਰਹਿ ਗਿਆ।
"ਮਾਸੀ, ਚਾਚੀ ਕੀ ਛੱਡ ਕੇ ਜਾਂਦੀ। ਨਾ ਤਾਂ ਉਹਦੇ ਘਰ ਕੋਈ ਕਮਾਉਣ ਵਾਲਾ ਸੀ ਅਤੇ ਨਾ ਹੀ ਉਹਦੇ ਹਲ ਚਲਦੇ ਸਨ।"
"ਮੈਨੂੰ ਤਾਂ ਪਤਾ ਨਹੀਂ। ਤੇਰੇ ਮੁਹੱਲੇ ਵਾਲੀਆਂ ਕਹਿੰਦੀਆਂ ਕਿ ਗਲੀ 'ਚ ਵਿਆਜ 'ਤੇ ਪੈਸ ਦਿੰਦੀ ਸੀ। ਕੁੱਝ ਪੱਲੇ ਹੋਊ ਤਾਂ ਹੀ ਦਿੰਦੀ ਹੋਊ।"
ਕਾਲੀ ਨੇ ਮਾਸੀ ਨੂੰ ਸਮਝਾਉਣ ਦੇ ਬਹੁਤ ਯਤਨ ਕੀਤੇ ਪਰ ਜਦੋਂ ਉਹਦਾ ਅਵਿਸ਼ਵਾਸ ਵਧਦਾ ਹੀ ਗਿਆ ਤਾਂ ਕਾਲੀ ਆਪਣਾ ਟਰੰਕ ਚੁੱਕ ਲਿਆਇਆ ਅਤੇ ਖੋਲ੍ਹ ਕੇ ਉਹਦੇ ਵਿੱਚੋਂ ਚਾਚੀ ਦੀ ਦਿੱਤੀ ਹੋਈ ਪੋਟਲੀ ਲੱਭਣ ਲੱਗਾ। ਪੋਟਲੀ ਨਾ ਲੱਭੀ ਤਾਂ ਉਹਦੀ ਘਬਰਾਹਟ ਵਧਣ ਲੱਗੀ। ਉਹਨੇ ਸਾਰੇ ਕੱਪੜੇ ਬਾਹਰ ਸੁੱਟ ਦਿੱਤੇ। ਫਿਰ ਵੀ ਪੋਟਲੀ ਨਾ ਲੱਭੀ ਤਾਂ ਉਹ ਸਿਰ ਫੜ ਕੇ ਬਹਿ ਗਿਆ ਅਤੇ ਬਹੁਤ ਹੀ ਘਬਰਾਈ ਹੋਈ ਅਵਾਜ਼ ਵਿੱਚ ਬੋਲਿਆ:
"ਪੋਟਲੀ ਕਿਸੇ ਨੇ ਚੋਰੀ ਕਰ ਲਈ।"
ਮਾਸੀ ਉਹਦੀ ਵਲ ਇਸ ਤਰ੍ਹਾਂ ਦੇਖਣ ਲੱਗੀ ਜਿਵੇਂ ਮਜ਼ਾਕ ਉਡਾਉਣਾ ਚਾਹੁੰਦੀ ਹੋਵੇ ਅਤੇ ਫਿਰ ਪਿੱਛੇ ਹਟਦੀ ਬੋਲੀ:
"ਮਕਰ ਕਰਨ ਦੀ ਕੀ ਜ਼ਰੂਰਤ ਆ। ਉਹ ਜੋ ਕੁਝ ਛੱਡ ਕੇ ਗਈ ਆ, ਉਹ ਤੇਰਾ ਈ ਆ। ਮੈਂ ਤਾਂ ਸਿਰਫ ਏਨਾ ਚਾਹੁੰਦੀ ਆਂ ਕਿ ਮੇਰੀ ਭੈਣ ਦਾ ਮਰਨਾ ਖਰਾਬ ਨਾ ਕਰੀਂ ਤਾਂ ਕਿ ਉਹਦੀ ਗਤੀ ਹੋ ਸਕੇ।"
ਬਾਕੀ ਔਰਤਾਂ ਨੂੰ ਜਦੋਂ ਪਤਾ ਲੱਗਾ ਕਿ ਕਾਲੀ ਦੇ ਪੈਸੇ ਚੋਰੀ ਹੋ ਗਏ ਹਨ ਤਾਂ ਉਹ ਸਫਾਈ ਵਿੱਚ ਆਪਣੇ ਨਿਆਣਿਆਂ ਦੀ ਸਹੁੰ ਖਾਣ ਲੱਗੀਆਂ। ਇਕ ਦੋਂਹ ਨੇ ਦੱਬੀ ਜ਼ਬਾਨ ਵਿੱਚ ਇਹ ਵੀ ਕਹਿ ਦਿੱਤਾ ਕਿ ਉਹਨੇ ਆਪੇ ਹੀ ਪੈਸੇ ਲੁਕਾ ਦਿੱਤੇ ਹਨ ਅਤੇ ਹੁਣ ਦੋਸ਼ ਮੁਹੱਲੇ ਦੇ ਲੋਕਾਂ ਉੱਤੇ ਲਾਉਣਾ ਚਾਹੁੰਦਾ। ਮਾਸੀ ਥੋੜ੍ਹੇ-ਥੋੜ੍ਹੇ ਚਿਰ ਬਾਅਦ ਦੁਹੱਥੜ ਮਾਰ ਕੇ ਚੀਖਦੀ ਅਤੇ ਕਹਿੰਦੀ ਕਿ ਉਹਦੀ ਭੈਣ ਦਾ ਮਰਨਾ ਖਰਾਬ ਹੋ ਗਿਆ। ਹੁਣ ਉਹਦੀ ਗਤੀ ਨਹੀਂ ਹੋਣੀ।
ਪ੍ਰੀਤੋ ਨੇ ਤਾਈ ਨਿਹਾਲੀ ਉੱਤੇ ਚੋਰੀ ਦੀ ਸ਼ੱਕ ਪ੍ਰਗਟਾਈ ਤਾਂ ਉੱਥੇ ਹੰਗਾਮਾ ਖੜ੍ਹਾ ਹੋ ਗਿਆ। ਤਾਈ ਨਿਹਾਲੀ ਨੇ ਪਹਿਲਾਂ ਤਾਂ ਰੋ ਕੇ ਆਪਣੀ ਸਫਾਈ ਪੇਸ਼ ਕੀਤੀ ਅਤੇ ਬਾਅਦ ਵਿੱਚ ਭੜਕ ਪਈ ਅਤੇ ਚੀਖ ਕੇ ਬੋਲੀ:
"ਚੋਰੀ ਉਸ ਹੀ ਸਿਰਮੁੰਨੀ ਨੇ ਕੀਤੀ ਹੋਣੀ ਆਂ ਜਿਹਨੇ ਮੇਰਾ ਨਾਂ ਲਿਆ।"
ਪ੍ਰੀਤੋ ਉੱਠ ਕੇ ਤਾਈ ਨਿਹਾਲੀ ਵੱਲ ਵਧੀ ਅਤੇ ਉਹਦੇ ਮੂੰਹ ਵਿੱਚ ਹੱਥ ਦਿੰਦੀ ਹੋਈ ਬੋਲੀ:
"ਤੂੰ ਹੀ ਸਾਰਾ ਦਿਨ ਕਾਲੀ ਦੇ ਘਰ ਵੜੀ ਰਹਿੰਦੀ ਸੀ। ਤੂੰ ਹੀ ਹਰ ਚੀਜ਼ ਰੱਖਦੀ ਢਕਦੀ ਸੀ। ਚੋਰੀ ਘਰ ਦੇ ਭੇਤੀ ਨੇ ਕੀਤੀ ਹੋਣੀ ਆਂ, ਕਿਸੇ ਨੇ ਬਾਹਰੋਂ ਆ ਕੇ ਨਹੀਂ ਕੀਤੀ।"
ਕਾਲੀ ਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ। ਉਹ ਹੈਰਾਨ ਸੀ ਕਿ ਉਹਦੀ ਹੀ ਚੋਰੀ ਹੋਈ ਹੈ ਅਤੇ ਉਹਦੇ ਉੱਤੇ ਹੀ ਦੋਸ਼ ਲਾਇਆ ਜਾ ਰਿਹਾ ਹੈ। ਉਹ ਘਬਰਾ ਕੇ ਕਦੇ ਤਾਈ ਨਿਹਾਲੀ ਦੇ ਸਾਹਮਣੇ ਹੱਥ ਜੋੜਦਾ ਅਤੇ ਕਦੇ ਪ੍ਰੀਤੋ ਅੱਗੇ, ਕਿ ਉਹ ਇਹ ਤਮਾਸ਼ਾ ਬੰਦ ਕਰ ਦੇਣ। ਹੰਗਾਮੇ ਵਿੱਚ ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਕਾਲੀ ਦੇ ਘਰ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ।
ਥੱਕ-ਹਾਰ ਕੇ ਕਾਲੀ ਇਕ ਪਾਸੇ ਬੈਠ ਗਿਆ ਅਤੇ ਫੁੱਟ ਫੁੱਟ ਕੇ ਰੋਣ ਲੱਗਾ। ਉਹਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਚਾਚੀ ਉਹਦੀ ਮਰੀ, ਪੈਸੇ ਉਹਦੇ ਚੋਰੀ ਹੋਏ, ਦੋਸ਼ ਉਹਦੇ ਉੱਤੇ ਲੱਗੇ ਅਤੇ ਲੋਕ ਨਰਾਜ਼ ਵੀ ਉਹਦੇ ਨਾਲ ਹੋ ਰਹੇ ਸਨ।
ਇਹ ਹੰਗਾਮਾ ਪਤਾ ਨਹੀਂ ਕਿੰਨੀ ਦੇਰ ਚਲਦਾ ਰਹਿੰਦਾ ਜੇ ਆਚਾਰੀਆ ਰੁਲਦੂ ਰਾਮ ਉਹਨੂੰ ਬੰਦ ਨਾ ਕਰਾਉਂਦਾ। ਉਹਨੇ ਸਾਰਿਆਂ ਨੂੰ ਚੁੱਪ ਕਰਾ ਕੇ ਸਮਝਾਇਆ ਕਿ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ। ਕਾਲੀ ਦੇ ਕਰਮਾਂ ਵਿੱਚ ਜੋ ਲਿਖਿਆ ਉਹ ਉਹਨੂੰ ਜ਼ਰੂਰ ਮਿਲ ਕੇ ਹੀ ਰਹਿਣਾ। ਲੋਕ ਸ਼ਾਂਤ ਹੋ ਗਏ ਤਾਂ ਉਹ ਕਾਲੀ ਨੂੰ ਸੰਬੋਧਿਤ ਹੁੰਦਾ ਬੋਲਿਆ, "ਪੱਗ ਬੰਨਣ ਦਾ ਵੇਲਾ ਹੋ ਗਿਆ। ਮਰਦ ਚਗਾਨ 'ਚ ਬੈਠੇ ਹਨ। ਤੂੰ ਉੱਥੇ ਪਹੁੰਚ ਜਾ।"
ਕਾਲੀ ਦਾ ਕੋਈ ਅਜਿਹਾ ਨਜ਼ਦੀਕੀ ਰਿਸ਼ਤੇਦਾਰ ਨਹੀਂ ਸੀ ਜੋ ਉਹਦੇ ਲਈ ਇਸ ਮੌਕੇ ਉੱਤੇ ਪੱਗ ਲਿਆਉਂਦਾ। ਉਹਨੇ ਰੁਲਦੂਰਾਮ ਦੀ ਪੁਰਾਣੀ ਪੱਗ ਹੀ ਆਪਣੇ ਸਿਰ ਉੱਤੇ ਬੰਨਵਾ ਲਈ।
ਪੱਗੜੀ ਤੋਂ ਬਾਅਦ ਉੱਥੇ ਹਾਜ਼ਰ ਲੋਕਾਂ ਨੇ ਕਾਲੀ ਨੂੰ ਦਿਲਾਸਾ ਦਿੱਤਾ ਅਤੇ ਰੁਲਦੂ ਰਾਮ ਨੇ ਸਬਕ ਦਿੱਤਾ ਕਿ ਉਹ ਘਰ ਦਾ ਕੰਮ-ਕਾਜ਼ ਸ਼ੁਰੂ ਕਰੇ ਕਿਉਂਕਿ ਸੰਸਾਰ ਵਿੱਚ ਰਹਿ ਕੇ ਕਰਮ ਕੀਤੇ ਬਿਨਾਂ ਗਤੀ ਅਤੇ ਗੁਜ਼ਾਰਾ ਨਹੀਂ। ਪਰ ਕਾਲੀ ਦੇ ਸਾਹਮਣੇ ਸਵਾਲ ਸੀ ਕਿ ਉਹ ਕੀ ਕੰਮ ਕਰੇ। ਪੈਸਿਆਂ ਦੀ ਚੋਰੀ ਬਾਅਦ ਕੋਠੜੀ ਦੀ ਉਸਾਰੀ ਦਾ ਤਾਂ ਸਵਾਲ ਹੀ ਨਹੀਂ ਸੀ ਉੱਠਦਾ। ਜ਼ਮੀਨ ਹੁੰਦੀ ਤਾਂ ਉਹ ਖੇਤਾਂ ਵਿੱਚ ਹਲ ਵਾਹੁੰਦਾ, ਡੰਗਰਾਂ ਨੂੰ ਪੱਠਾ-ਦੱਥਾ ਪਾਉਂਦਾ। ਦੁਕਾਨ ਹੁੰਦੀ ਤਾਂ ਉਹਨੂੰ ਖੋਲ੍ਹ ਕੇ ਬਹਿ ਜਾਂਦਾ।
ਬਾਬਾ ਫੱਤੂ ਉਹਦੀ ਦੁਚਿੱਤੀ ਨੂੰ ਭਾਂਪਦਾ ਹੋਇਆ ਬੋਲਿਆ:
"ਪੁੱਤ, ਉਹੀ ਕੰਮ ਕਰ ਜੋ ਚਮਾਰ ਲੋਕ ਪਿਤਾ ਪੁਰਖੀ ਕਰਦੇ ਆਏ ਹਨ। ਚਾਦਰ ਅਤੇ ਰੰਬਾ ਚੁੱਕ ਅਤੇ ਘਾਹ ਖੋਤ ਕੇ ਲਿਆ।"
ਜੀਤੂ ਨੇ ਕਾਲੀ ਨੂੰ ਰੰਬਾ ਅਤੇ ਚਾਦਰ ਲਿਆ ਦਿੱਤੀ ਅਤੇ ਉਹਨੂੰ ਨਾਲ ਲੈ ਕੇ ਬਾਹਰ ਆ ਗਿਆ। ਉਹ ਬੇਲਾ ਸਿੰਘ ਜੱਟ ਦੇ ਖੂਹ ਤੋਂ ਵੀ ਪਰ੍ਹਾਂ ਚਲੇ ਗਏ। ਕਾਲੀ ਇਕ ਥਾਂ ਚੰਗਾ ਘਾਹ ਦੇਖ ਕੇ ਖੋਤਣ ਲੱਗਾ। ਅੱਧੇ ਪੌਣੇ ਘੰਟੇ ਵਿੱਚ ਹੀ ਕਾਲੀ ਨੇ ਘਾਹ ਨਾਲ ਚਾਦਰ ਭਰ ਲਈ ਤਾਂ ਜੀਤੂ ਹੈਰਾਨੀ ਨਾਲ ਬੋਲਿਆ, "ਮੈਂ ਸਮਝਦਾ ਸੀ ਕਿ ਤੂੰ ਸ਼ਹਿਰ ਜਾ ਕੇ ਨਿਰਾਪੁਰਾ ਬਾਬੂ ਬਣ ਗਿਆ, ਪਰ ਤੇਰੇ ਹੱਥ ਤਾਂ ਚਲਦੇ ਹਨ।"
ਕਾਲੀ ਘਾਹ ਚੁੱਕ ਕੇ ਪਿੰਡ ਵਲ ਤੁਰ ਪਿਆ। ਜੀਤੂ ਉਹਦੇ ਪਿੱਛੇ-ਪਿੱਛੇ ਆਉਂਦਾ ਬੋਲਿਆ:
"ਇਸ ਘਾਹ ਦਾ ਕੀ ਬਣੂ?"
"ਦੇਖੀਏ, ਕੀ ਬਣਦਾ।"
ਕਾਲੀ ਤੇਜ਼ ਤੇਜ਼ ਪੈਰ ਪੁੱਟਦਾ ਪਿੰਡ ਵਿੱਚ ਆ ਗਿਆ। ਉਹ ਆਪਣੇ ਮੁਹੱਲੇ ਵੱਲ ਮੁੜਨ ਦੀ ਥਾਂ ਸਿੱਧਾ ਦੁਕਾਨਾਂ ਵੱਲ ਚਲਾ ਗਿਆ। ਜੀਤੂ ਨੇ ਉਹਨੂੰ ਰੋਕਿਆ, ਉਹਨੂੰ ਅਵਾਜ਼ ਦਿੱਤੀ ਪਰ ਕਾਲੀ ਮਹਾਸ਼ੇ ਦੀ ਹੱਟੀ ਵੱਲ ਜਾਣ ਵਾਲੀ ਗਲੀ ਵੱਲ ਮੁੜ ਗਿਆ। ਮਹਾਸ਼ੇ ਦੀ ਹੱਟੀ ਉੱਤੇ ਪਹੁੰਚਿਆ ਤਾਂ ਉਹ ਬੰਦ ਸੀ। ਉਹ ਸਿੱਧਾ ਛੱਜੂ ਸ਼ਾਹ ਦੀ ਹੱਟੀ ਵੱਲ ਵਧ ਗਿਆ। ਉਹਦੇ ਸਰੀਰ ਵਿੱਚੋਂ ਪਸੀਨਾ ਚੋ ਚੋ ਕੇ ਤਲਿਆਂ ਤੱਕ ਨੂੰ ਗਿੱਲਾ ਕਰ ਰਿਹਾ ਸੀ। ਛੱਜੂ ਸ਼ਾਹ ਦੀ ਹੱਟੀ ਉੱਤੇ ਪਹੁੰਚ ਕੇ ਉਹਨੇ ਘਾਹ ਦੀ ਪੰਡ ਸਿਰ ਤੋਂ ਲਾਹੇ ਬਿਨਾਂ ਹੀ ਕਿਹਾ:
"ਸ਼ਾਹ ਜੀ, ਘਾਹ ਚਾਹੀਦਾ।"
"ਕੌਣ, ਕਾਲੀ ਆ?" ਛੱਜੂ ਸ਼ਾਹ ਨੇ ਹੈਰਾਨੀ ਨਾਲ ਪੁੱਛਿਆ।
"ਹਾਂ ਜੀ।"
"ਘਾਹ ਹੈ ਤਾਂ ਸੀ।।।"
ਛੱਜੂ ਸ਼ਾਹ ਗੱਲ ਨੂੰ ਲਮਕਾ ਕੇ ਘਾਹ ਨੂੰ ਜਾਂਚਦਾ ਹੋਇਆ ਬੋਲਿਆ, "ਚੱਲ ਸਿੱਟ ਦੇ, ਕੱਲ੍ਹ ਨੂੰ ਵੀ ਤਾਂ ਜ਼ਰੂਰਤ ਪੈਣੀ ਆ।"
ਕਾਲੀ ਨੇ ਥੜ੍ਹੇ ਉੱਤੇ ਇਕ ਪਾਸੇ ਘਾਹ ਖੋਲ੍ਹ ਦਿੱਤਾ।
ਛੱਜੂ ਸ਼ਾਹ ਹਰੇ ਅਤੇ ਲੰਮੇ ਘਾਹ ਨੂੰ ਦੇਖ ਕੇ ਖੁਸ਼ ਹੋ ਗਿਆ ਪਰ ਇਕ ਤੀਲਾ ਚੁੱਕਦਾ ਹੋਇਆ ਬੋਲਿਆ:
"ਬਰਸਾਤੀ ਘਾਹ ਆ। ਇਹਦੇ 'ਚ ਪਾਣੀ ਜ਼ਿਆਦਾ ਹੁੰਦਾ। ਕਿੰਨੇ ਪੈਸੇ ਦੇਵਾਂ?"
"ਜੋ ਖੁਸ਼ੀ ਨਾਲ ਜੀਅ ਕਰੇ।"
"ਫੇਰ ਵੀ?"
"ਜੋ ਮਰਜ਼ੀ ਦੇ ਦਿਓ। ਮੈਂ ਤੁਹਾਡੇ ਨਾਲ ਕੋਈ ਸੌਦਾ ਥੋੜ੍ਹੋ ਕਰਨਾ।"
"ਅੱਜ ਹੀ ਲਈ ਲਿਆਇਆਂ ਕਿ ਜਾਂ ਰੋਜ਼ ਲਿਆਏਂਗਾ?"
"ਜਿੱਦਾਂ ਤੁਸੀਂ ਕਹੋ।"
ਛੱਜੂ ਸ਼ਾਹ ਨੇ ਕਾਲੀ ਵੱਲ ਦੇਖਿਆ ਅਤੇ ਮਨ ਹੀ ਮਨ ਸੋਚਣ ਲੱਗਾ ਕਿ ਚਮਾਰ ਦੀ ਖੁਸ਼ਹਾਲੀ ਉਹਦੀ ਜਵਾਨੀ ਵਾਂਗ ਚਾਰ ਦਿਨ ਹੀ ਰਹਿੰਦੀ ਆ। ਉਹ ਉਹਦੇ ਹੱਥ ਉੱਤੇ ਚਾਰ ਆਨੇ ਰੱਖਦਾ ਹੋਇਆ ਬੋਲਿਆ:
"ਜੀਤੂ ਨੂੰ ਮੈਂ ਤਿੰਨਾਂ ਦਿਨਾਂ ਬਾਅਦ ਅੱਠ ਆਨੇ ਦਿੰਦਾ। ਤੈਨੂੰ ਹਰ ਰੋਜ਼ ਤਿੰਨ ਆਨੇ ਦਿਆ ਕਰੂੰਗਾ। ਪਰ ਸ਼ਰਤ ਇਹ ਆ ਕਿ ਗਰਮੀ ਹੋਵੇ ਜਾਂ ਸਰਦੀ, ਬਰਸਾਤ ਹੋਵੇ ਜਾਂ ਬਹਾਰ, ਘਾਹ ਇਸ ਹੀ ਮੁੱਲ ਲਊਂਗਾ।"
ਕਾਲੀ ਕੋਈ ਜੁਆਬ ਦਿੱਤੇ ਬਿਨਾਂ ਥੜ੍ਹੇ ਤੋਂ ਉਤਰ ਕੇ ਸਿੱਧਾ ਮਿਸਤਰੀ ਸੰਤਾ ਸਿੰਘ ਕੋਲ ਆ ਗਿਆ ਅਤੇ ਉਹਦੇ ਹੱਥ ਉੱਤੇ ਤਿੰਨ ਆਨੇ ਰੱਖ ਕੇ ਬੋਲਿਆ:
"ਮਿਸਤਰੀ ਜੀ, ਮੈਨੂੰ ਇਕ ਰੰਬਾ ਚਾਹੀਦਾ, ਵਧੀਆ ਜਿਹਾ, ਕੀਮਤ ਇਹਤੋਂ ਜ਼ਿਆਦਾ ਹੋ ਜਾਵੇ ਤਾਂ ਪਰਵਾਹ ਨਹੀਂ।"
ਮਿਸਤਰੀ ਨੇ ਹੈਰਾਨੀ ਨਾਲ ਕਾਲੀ ਵੱਲ ਦੇਖਿਆ ਅਤੇ ਆਪਣੀ ਛਿਦਰੀ ਦਾੜ੍ਹੀ ਨੂੰ ਸਵਾਰਦਾ ਬੋਲਿਆ:
"ਰੰਬੇ ਨਾਲ ਕੀ ਕਰੂੰਗਾ?"
"ਘਾਹ ਖੋਤੂੰਗਾ।"
"ਸੱਚੀਂ?"
"ਹਾਂ।"
"ਆ ਗਿਆ ਤੂੰ ਵੀ ਟਕੇ ਆਲੀ ਥਾਂ 'ਤੇ।"
ਮਿਸਤਰੀ ਨੇ ਹਸਦਿਆਂ ਕਿਹਾ।
"ਕੱਲ੍ਹ ਲੈ ਜਾਈਂ।"
"ਸਵੇਰੇ ਚਾਹੀਦਾ।"
"ਸਵੇਰੇ ਹੀ ਲੈ ਜਾਈਂ।"
ਆਪਣੇ ਘਰ ਵੱਲ ਆAੁਂਦਿਆਂ ਕਾਲੀ ਨੇ ਆਪਣੇ ਚੌੜੇ-ਚੋੜੇ ਹੱਥਾਂ ਨੂੰ ਦੇਖਿਆ, ਆਪਣੀਆਂ ਮਜ਼ਬੂਤ ਬਾਹਾਂ ਉੱਤੇ ਨਜ਼ਰ ਮਾਰੀ ਅਤੇ ਮੁੱਠਾਂ ਨੂੰ ਭੀਚਦਾ ਸੋਚਣ ਲੱਗਾ ਕਿ ਜੇ ਉਹ ਚਾਹੇ ਤਾਂ ਧਰਤੀ ਨੂੰ ਇਕ ਸਿਰੇ ਤੋਂ ਫੜ ਕੇ ਉਲਟ ਸਕਦਾ ਹੈ। ਉਹ ਕਿਸੇ ਦੂਸਰੇ ਦੇ ਹੱਥਾਂ ਵੱਲ ਕਿਉਂ ਦੇਖੇਗਾ।
33
ਬਿਜਾਈ ਸ਼ੁਰੂ ਹੁੰਦਿਆਂ ਹੀ ਪਿੰਡ ਦੇ ਜੱਟ ਅਤੇ ਚਮਾਰ ਕੰਮ ਵਿੱਚ ਰੁਝ ਗਏ। ਸਵੇਰ ਦਾ ਤਾਰਾ ਨਿਕਲਦਿਆਂ ਹੀ ਹਾਲੀ ਹਲ-ਪੰਜਾਲੀ ਲੈ ਕੇ ਨਿਕਲ ਜਾਂਦੇ ਅਤੇ ਦਿਨ ਚੜ੍ਹੇ ਤੱਕ ਖੇਤਾਂ ਵਿੱਚ ਘੁੰਗਰੂਆਂ ਦੀ ਛਣ-ਛਣਾਹਟ ਸੁਣਾਈ ਦਿੰਦੀ ਰਹਿੰਦੀ। ਚਮਾਰ ਜਾਂ ਤਾਂ ਆਪਣੇ ਚੌਧਰੀ ਦੀ ਹਵੇਲੀ ਪਹੁੰਚ ਜਾਂਦੇ ਜਾਂ ਖੇਤਾਂ ਵਿੱਚ। ਜੇ ਕੋਈ ਨੀਂਦ ਦਾ ਆਸ਼ਕ ਸੁੱਤਾ ਰਹਿੰਦਾ ਤਾਂ ਉਹਨੂੰ ਘਰੋਂ ਉਠਾਲ ਲਿਆ ਜਾਂਦਾ। ਵਿੰਗ-ਤੜਿੰਗੀਆਂ ਡੰਡੀਆਂ ਉੱਤੇ ਮੁਟਿਆਰ ਬਹੂਆਂ ਕਾਲੀ ਸੂਫ ਦੇ ਘੱਗਰੇ ਪਾਈ ਅਤੇ ਛੋਟਾ ਜਿਹਾ ਘੁੰਡ ਕੱਢੀ ਹਾਲੀਆਂ ਲਈ ਭੱਤਾ ਲੈ ਕੇ ਜਾਂਦੀਆਂ।
ਕਾਲੀ ਅਜੇ ਤੱਕ ਕਿਸੇ ਚੌਧਰੀ ਦੀ ਹਵੇਲੀ ਕੰਮ ਉੱਤੇ ਨਹੀਂ ਲੱਗਾ ਸੀ। ਉਹ ਸਿਰਫ ਦੋ ਵਾਰੀ ਘਾਹ ਲਿਆ ਕੇ ਇਕ ਪੰਡ ਛੱਜੂ ਸ਼ਾਹ ਦੇ ਅਤੇ ਦੂਸਰੀ ਪੰਡ ਮਹਾਸ਼ੇ ਤੀਰਥ ਰਾਮ ਦੀ ਦੁਕਾਨ ਉੱਤੇ ਸੁੱਟ ਆਉਂਦਾ। ਉਹ ਘਾਹ ਖੋਤ ਕੇ ਵਾਪਸ ਆ ਰਿਹਾ ਸੀ ਕਿ ਰਾਹ ਵਿੱਚ ਉਹਨੂੰ ਲਾਲੂ ਪਹਿਲਵਾਨ ਮਿਲ ਗਿਆ ਅਤੇ ਉਹਦਾ ਹਾਲ-ਚਾਲ ਪੁੱਛ ਕੇ ਬੋਲਿਆ:
"ਘਾਹ ਖੋਤਦਾ ਫਿਰਦੈਂ, ਕਿਸੇ ਦੀ ਹਵੇਲੀ 'ਚ ਕੰਮ ਕਿਉਂ ਨਹੀਂ ਕਰ ਲੈਂਦਾ? ਇਹਨੀਂ ਦਿਨੀਂ ਤਾਂ ਉਹ ਹੀ ਚਮਾਰ ਘਾਹ ਖੋਤੂਗਾ, ਜਿਹਦੇ ਅੰਦਰ ਜਾਨ ਨਾ ਹੋਵੇ।"
"ਚੌਧਰੀ ਜੀ, ਤੁਹਾਡੀ ਗੱਲ ਤਾਂ ਠੀਕ ਆ ਪਰ ਕਿਹਦੀ ਹਵੇਲੀ ਕੰਮ ਕਰਾਂ? ਹਰ ਹਵੇਲੀ ਦਾ ਆਪਣਾ ਚਮਾਰ ਹੈਗਾ।"
"ਅੱਜ-ਕੱਲ੍ਹ ਤਾਂ ਜਿੰਨੇ ਆਦਮੀ ਹੋਣ, ਉਨੇ ਹੀ ਘੱਟ ਆ। ਪਹਿਲਾਂ ਬਿਜਾਈ, ਫਿਰ ਗੋਡੀ, ਉਹਤੋਂ ਬਾਅਦ ਵਾਢੀ ਅਤੇ ਆਖਿਰ 'ਚ ਛਟਾਈ। ਸਾਉਣੀ ਬਹੁਤ ਮਿਹਨਤ ਮੰਗਦੀ ਆ। ਜੇ ਤੈਨੂੰ ਕੋਈ ਨਹੀਂ ਰੱਖਦਾ ਤਾਂ ਮੇਰੀ ਹਵੇਲੀ ਆ ਜਾਈਂ।"
"ਚੰਗਾ ਚੌਧਰੀ ਜੀ।"
"ਪੱਕੀ ਗੱਲ ਕਰ। ਕਦੋਂ ਤੋਂ ਆਊਂਗਾ?
"ਜਦੋਂ ਤੁਸੀਂ ਕਹੋਂ।"
"ਕੱਲ੍ਹ ਸਵੇਰੇ ਹੀ ਆ ਜਾ।"
"ਚੰਗਾ ਚੌਧਰੀ ਜੀ।"
ਲਾਲੂ ਪਹਿਲਵਾਨ ਅੱਗੇ ਵਧ ਗਿਆ ਅਤੇ ਕਾਲੀ ਪਿੰਡ ਵੱਲ ਆ ਗਿਆ। ਘਾਹ ਸੁੱਟ ਕੇ ਕਾਲੀ ਨੇ ਛੱਜੂ ਸ਼ਾਹ ਤੋਂ ਨਕਦ ਪੈਸੇ ਲੈਣ ਦੀ ਬਜਾਏ ਆਟਾ, ਲੂਣ ਅਤੇ ਤੇਲ ਲੈ ਲਿਆ ਅਤੇ ਆਪਣੇ ਘਰ ਆ ਗਿਆ। ਉਹ ਗਰਮੀ ਦਾ ਮਾਰਿਆ ਵਿਹੜੇ ਵਿੱਚ ਮੰਜੀ ਵਿਛਾ ਕੇ ਲੰਮਾ ਪੈ ਗਿਆ ਅਤੇ ਸਾਹਮਣੇ ਕੋਠੜੀ ਦੇ ਖੰਡਰ ਨੂੰ ਦੇਖ ਕੇ ਸੋਚਣ ਲੱਗਾ ਕਿ ਚੁਬਾਰਾ ਬਣਾਉਣ ਦਾ ਸੁਫਨਾ ਦੇਖਦੇ-ਦੇਖਦੇ ਆਪਣਾ ਕੱਚਾ ਕੋਠਾ ਵੀ ਢਾਹ ਲਿਆ। ਉਹਨੇ ਠੰਢੀ ਆਹ ਭਰੀ ਅਤੇ ਸਿਰ ਝਟਕਦਾ ਹੋਇਆ ਆਪਣੀ ਕਿਸਮਤ ਨੂੰ ਕੋਸਣ ਲੱਗਾ।
ਜਦੋਂ ਘਰ ਵਿੱਚ ਬੈਠੇ ਕਾਲੀ ਦਾ ਮਨ ਅੱਕ ਗਿਆ ਤਾਂ ਉਹ ਉੱਠ ਕੇ ਗਲੀ ਵਿੱਚ ਆ ਗਿਆ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਕਿੱਥੇ ਜਾਵੇ। ਉਹ ਅਨ-ਮੰਨਿਆਂ ਜਿਹਾ ਖੂਹ ਵੱਲ ਤੁਰ ਪਿਆ। ਉਹਨੂੰ ਗਲੀ ਵਿੱਚ ਜਾਂਦਾ ਦੇਖ ਕੇ ਨੰਦ ਸਿੰਘ ਨੇ ਅਵਾਜ਼ ਮਾਰੀ। ਕਾਲੀ ਉਹਦੇ ਕੋਲ ਪਹੁੰਚਿਆ ਤਾਂ ਉਹ ਉਹਦੇ ਵੱਲ ਮੂੜ੍ਹਾ ਕਰਦਾ ਹੋਇਆ ਬੋਲਿਆ:
"ਸੁਣਾ ਕਾਲੀ, ਕੀ ਹਾਲ-ਚਾਲ ਆ?"
"ਠੀਕ ਆ।" ਕਾਲੀ ਨੇ ਠੰਢੀ ਆਹ ਭਰਦਿਆਂ ਕਿਹਾ।
ਕਾਲੀ ਦੀ ਉਦਾਸੀ ਦੇਖ ਕੇ ਨੰਦ ਸਿੰਘ ਬਹੁਤ ਨਰਮ ਅਵਾਜ਼ 'ਚ ਬੋਲਿਆ:
"ਕਾਲੀ ਸਿਆਣਾ ਆਦਮੀ ਕੁਛ ਨਾ ਕਰੇ, ਬੱਸ ਮੰਜੇ 'ਤੇ ਹੀ ਲੰਮਾ ਪਿਆ ਰਹੇ ਤਾਂ ਉਹਦਾ ਬਹੁਤ ਸਹਾਰਾ ਹੁੰਦਾ।"
"ਕੀ ਕੀਤਾ ਜਾਵੇ। ਆਪਣੇ ਵੱਸੋਂ ਬਾਹਰੀ ਗੱਲ ਬਾਰੇ।"
"ਤੇਰੇ ਘਰ 'ਚ ਗੱਲ ਕਰਨ ਲਈ ਕੋਈ ਦੂਜਾ ਵੀ ਨਹੀਂ। ਦੋ-ਚਾਰ ਮਹੀਨੇ ਲੰਘਣ ਬਾਅਦ ਵਿਆਹ ਕਰ ਲਈਂ। ਸੰਸਾਰ ਦਾ ਸਿਲਸਿਲਾ ਇਸ ਤਰ੍ਹਾਂ ਹੀ ਚਲਦਾ।"
ਨੰਦ ਸਿੰਘ ਕੁਝ ਚਿਰ ਤੱਕ ਕਾਲੀ ਦਾ ਪ੍ਰਤੀਕਰਮ ਦੇਖਦਾ ਰਿਹਾ ਅਤੇ ਗੱਲ ਨੂੰ ਬਦਲਦਾ ਹੋਇਆ ਬੋਲਿਆ:
"ਕੰਮ-ਕਾਜ ਦਾ ਕੀ ਸੋਚਿਆ? ਪਿੰਡ 'ਚ ਤਾਂ ਮਿਹਨਤ ਮਜ਼ਦੂਰੀ ਹੀ ਆ।"
"ਅਜੇ ਕੁਝ ਖਾਸ ਤਾਂ ਸੋਚਿਆ ਨਹੀਂ। ਕਈ ਵਾਰ ਸੋਚਦਾਂ ਕਿ ਸ਼ਹਿਰ ਚਲਾ ਜਾਵਾਂ।"
"ਤੂੰ ਜਾਣਦਾ ਈ ਆਂ ਮੇਰਾ ਵੱਡਾ ਮੁੰਡਾ ਪ੍ਰਕਾਸ਼ ਸਿੰਘ ਬਹੁਤ ਚਿਰ ਤੱਕ ਬੇਕਾਰ ਰਿਹਾ। ਕਿਤੇ ਕੰਮ ਧੰਦਾ ਨਹੀਂ ਮਿਲਦਾ ਸੀ ਪਰ ਜਦੋਂ ਅਸੀਂ ਇਸਾਈ ਬਣ ਗਏ ਤਾਂ ਪਾਦਰੀ ਜੀ ਨੇ ਕਹਿ-ਸੁਣ ਕੇ ਉਹਨੂੰ ਛੇਤੀ ਹੀ ਨੌਕਰੀ ਦਿਵਾ ਦਿੱਤੀ। ਆਪਣੀ ਬਿਰਾਦਰੀ ਬਣ ਜਾਵੇ ਤਾਂ ਨੌਕਰੀ-ਚਾਕਰੀ ਅਤੇ ਸ਼ਾਦੀ-ਵਿਆਹ ਦੇ ਸਾਰੇ ਬੰਦੋਬਸਤ ਹੋ ਜਾਂਦੇ ਹਨ। ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਹੁਣ ਅਸੀਂ ਚਮਾਰ ਨਹੀਂ ਰਹੇ।"
ਉਹ ਗੱਲਾਂ 'ਚ ਮਗਨ ਸੀ ਕਿ ਇਕ ਸਖਤ ਅਵਾਜ਼ ਨੇ ਉਹਨਾਂ ਨੂੰ ਚੌਂਕਾ ਦਿੱਤਾ। ਦੁਕਾਨ ਦੇ ਬੂਹੇ ਉੱਤੇ ਚੌਧਰੀ ਮੁਨਸ਼ੀ ਖੜ੍ਹਾ ਉਹਨੂੰ ਅਵਾਜ਼ਾਂ ਮਾਰ ਰਿਹਾ ਸੀ। ਨੰਦ ਸਿੰਘ ਬਾਹਰ ਆਇਆ ਤਾਂ ਚੌਧਰੀ ਮੁਨਸ਼ੀ ਗਾਹਲ ਕੱਢ ਕੇ ਬੋਲਿਆ:
"ਚਮਾਰਾ, ਤੂੰ ਕੀ ਭੰਗ ਪੀਤੀ ਹੋਈ ਆ? ਅਵਾਜ਼ਾਂ ਮਾਰ ਮਾਰ ਮੇਰਾ ਗਲ ਬੈਠ ਗਿਆ।" ਚੌਧਰੀ ਮੁਨਸ਼ੀ ਤੇਜ਼ ਅਵਾਜ਼ ਵਿੱਚ ਬੋਲਿਆ:
"ਲਿਆ ਮੇਰੀ ਜੁੱਤੀ ਦੇ ਦੇ।"
"ਹਾਲੇ ਬਣੀ ਨਹੀਂ।" ਨੰਦ ਸਿੰਘ ਨੇ ਗੁੱਸੇ ਭਰੀ ਅਵਾਜ਼ ਵਿੱਚ ਕਿਹਾ ਕਿਉਂਕਿ ਚੌਧਰੀ ਮੁਨਸ਼ੀ ਦੇ ਮੂੰਹੋਂ ਆਪਣੇ ਲਈ ਚਮਾਰ ਦਾ ਸੰਬੋਧਨ ਸੁਣ ਕੇ ਉਹਨੂੰ ਗੁੱਸਾ ਆ ਗਿਆ ਸੀ।
"ਕੀ ਜੁੱਤੀ ਬਣਾਉਣ ਨੂੰ ਪੂਰਾ ਸਾਲ ਲਾਊਂਗਾ? ਚਮਾਰਾ ਕੰਮ ਕਰਿਆ ਕਰ ਵਰਨਾ ਭੁੱਖਾ ਮਰ ਜਾਊਂ।" ਚੌਧਰੀ ਮੁਨਸ਼ੀ ਨੇ ਅੜਬ ਲਹਿਜੇ ਵਿੱਚ ਕਿਹਾ।
"ਚੌਧਰੀ, ਜ਼ਬਾਨ ਸੰਭਾਲ ਕੇ ਗੱਲ ਕਰ। ਮੈਨੂੰ ਬਾਰ ਬਾਰ ਚਮਾਰ ਨਾ ਕਹਿ।" ਨੰਦ ਸਿੰਘ ਉੱਚੀ ਅਵਾਜ਼ ਵਿੱਚ ਬੋਲਿਆ।
"ਹੋਰ ਮੈਂ ਤੈਨੂੰ ਸਰਦਾਰ ਬਹਾਦਰ ਕਹਾਂ? ਕੁੱਤਾ ਚਮਾਰ ਗੱਲਾਂ ਏਦਾਂ ਕਰਦਾ ਜਿੱਦਾਂ ਪਿੰਡ ਦਾ ਲੰਬੜਦਾਰ ਹੋਵੇ।"
"ਜਾ ਚਲੇ ਜਾ। ਜਦੋਂ ਤੱਕ ਤੂੰ ਪਹਿਲੇ ਪੈਸੇ ਨਹੀਂ ਦਿੰਦਾ ਮੈਂ ਤੇਰੀ ਜੁੱਤੀ ਨਹੀਂ ਬਣਾਉਣੀ।" ਨੰਦ ਸਿੰਘ ਨੇ ਫੈਸਲਾਕੁਨ ਅਵਾਜ਼ ਵਿੱਚ ਕਿਹਾ।
ਇਹ ਸੁਣ ਕੇ ਚੌਧਰੀ ਮੁਨਸ਼ੀ ਪਹਿਲਾਂ ਤਾਂ ਚੁੱਪ ਹੋ ਗਿਆ, ਫਿਰ ਜ਼ੋਰ ਜ਼ੋਰ ਦੇਣੀ ਗਾਲ੍ਹਾਂ ਕੱਢਣ ਲੱਗਾ।
"ਕੁੱਤਿਆ ਚਮਾਰਾ, ਤੇਰੀ ਇਹ ਮਜਾਲ? ਆਪਣੀ ਹੱਟੀ 'ਤੇ ਮੈਤੋਂ ਪੈਸੇ ਮੰਗਦਾਂ। ਜੁੱਤੀ ਬਣਾਉਣ ਤੋਂ ਨਾਂਹ ਕਰਦਾਂ? ਮੈਂ ਤੇਰੀ ਖੱਲ ਉਧੇੜ ਦਊਂ। ਤੂੰ ਪਾਗਲ ਤਾਂ ਪਹਿਲਾਂ ਸੀ, ਇਸਾਈ ਬਣ ਕੇ ਸਵਾਇਆ ਹੋ ਗਿਐਂ।" ਚੌਧਰੀ ਮੁਨਸ਼ੀ ਉਹਨੂੰ ਬਾਂਹ ਤੋਂ ਫੜ ਕੇ ਬਾਹਰ ਖਿੱਚਣ ਲੱਗਾ ਤਾਂ ਕਾਲੀ ਉੱਠਿਆ ਅਤੇ ਚੌਧਰੀ ਮੁਨਸ਼ੀ ਨੂੰ ਪਰ੍ਹੇ ਧੱਕਦਾ ਹੋਇਆ ਬੋਲਿਆ:
"ਚੌਧਰੀ, ਕਿਉਂ ਜ਼ਬਰਦਸਤੀ ਕਰਦਾਂ। ਆਪਣੀ ਮਿਹਨਤ ਦੇ ਪੈਸੇ ਮੰਗੇ ਆ, ਕੋਈ ਡਾਂਗ ਤਾਂ ਨਹੀਂ ਮਾਰਤੀ।"
"ਚਮਾਰਾ ਤੇਰੀ ਇਹ ਹਿੰਮਤ? ਮੈਨੂੰ ਧੱਕਾ ਦਿੰਦਾਂ? ਤੇਰੇ ਬਾਪ-ਦਾਦੇ ਮੇਰੇ ਟੁੱਕੜਿਆਂ 'ਤੇ ਪਲਦੇ ਰਹੇ ਨੇ। ਮੈਂ ਤੁਹਾਨੂੰ ਦੋਹਾਂ ਨੂੰ ਜ਼ਮੀਨ 'ਚ ਜ਼ਿੰਦਾ ਗੱਡ ਦਊਂਗਾ।" ਚੌਧਰੀ ਮੁਨਸ਼ੀ ਦੇ ਮੂੰਹੋਂ ਗੁੱਸੇ ਵਿੱਚ ਝੱਗ ਵਗਣ ਲੱਗੀ।
ਸ਼ੋਰ-ਸ਼ਰਾਬਾ ਸੁਣ ਕੇ ਕਈ ਲੋਕ ਇਕੱਠੇ ਹੋ ਗਏ। ਤਾਇਆ ਬਸੰਤਾ ਬਚ-ਬਚਾਅ ਕਰਾਉਣ ਲੱਗਾ ਅਤੇ ਚੌਧਰੀ ਮੁਨਸ਼ੀ ਦੇ ਸਾਹਮਣੇ ਹੱਥ ਜੋੜਦਾ ਬੋਲਿਆ:
"ਚੌਧਰੀ, ਗੱਲ ਕੀ ਹੋਈ ਆ? ਏਨਾ ਗਰਮ ਕਿਉਂ ਆਂ?"
ਚੌਧਰੀ ਦੇ ਕੁਝ ਕਹਿਣ ਤੋਂ ਪਹਿਲਾਂ ਨੰਦ ਸਿੰਘ ਬੋਲ ਪਿਆ:
"ਇਹ ਮੈਨੂੰ ਚਮਾਰ ਕਹਿੰਦਾ। ਮੈਂ ਇਹਨੂੰ ਪਜਾਹ ਬਾਰ ਕਿਹਾ ਕਿ ਮੈਨੂੰ ਚਮਾਰ ਨਾ ਕਹਿ।"
"ਤਾਂ ਕੀ ਕਹੇ?"
"ਮੈਂ ਚਮਾਰ ਨਹੀਂ, ਇਸਾਈ ਹਾਂ।"
"ਵਾਹ ਵਾਹ।।। ਨੰਦ ਸਿਹਾਂ। ਤੇਰੇ ਸਿਰ 'ਤੇ ਅਜੇ ਸਿੰਗ ਤਾਂ ਆਏ ਨਹੀਂ।।। ਪਾਗਲਾ, ਤੂੰ ਕੁਛ ਵੀ ਬਣ ਜਾ ਪਰ ਰਹੂੰਗਾ ਚਮਾਰ ਦਾ ਚਮਾਰ। ਜਾਤ ਕਰਮ ਨਾਲ ਨਹੀਂ, ਜਨਮ ਨਾਲ ਬਣਦੀ ਹੈ। ਜੇ ਚਮਾਰ ਕਹਾਉਣਾ ਪਸੰਦ ਨਹੀਂ ਤਾਂ ਆਪਣੀ ਮਾਂ ਨੂੰ ਕਹਿ ਕਿ ਤੈਨੂੰ ਦੁਬਾਰਾ ਜਨਮ ਦੇਵੇ।"
ਚੌਧਰੀ ਮੁਨਸ਼ੀ ਇਸ ਹੱਦ ਤੱਕ ਗੁੱਸੇ ਵਿੱਚ ਆ ਗਿਆ ਕਿ ਉਹਨੇ ਨੰਦ ਸਿੰਘ ਨੂੰ ਗਰਦਨ ਤੋਂ ਫੜ ਕੇ ਨੀਵਾਂ ਕਰ ਲਿਆ ਅਤੇ ਉਹਦੀ ਪਿੱਠ ਉੱਤੇ ਜ਼ੋਰ ਜ਼ੋਰ ਦੇਣੀ ਮੁੱਕੇ ਮਾਰਦਾ ਬੋਲਿਆ:
"ਚਮਾਰਾ, ਤੇਰੀ ਆਕੜ ਮੈਂ ਇਸ ਤਰ੍ਹਾਂ ਭੰਨੂ ਕਿ ਤੂੰ ਸਾਲ ਭਰ ਹੱਡੀਆਂ ਨੂੰ ਸੇਕ ਦਿੰਦਾ ਰਹੂੰ।"
ਨੰਦ ਸਿੰਘ ਦੇ ਕੁੱਟ ਪੈਂਦੀ ਦੇਖ ਕਾਲੀ ਤੋਂ ਰਿਹਾ ਨਾ ਗਿਆ। ਉਹਨੇ ਪਿੱਛਿਉਂ ਜਾ ਕੇ ਚੌਧਰੀ ਮੁਨਸ਼ੀ ਦੀਆਂ ਦੋਨੋਂ ਬਾਹਾਂ ਆਪਣੇ ਸ਼ਿਕੰਜੇ ਵਿੱਚ ਲੈ ਲਈਆਂ ਅਤੇ ਉਹਨੂੰ ਪਿੱਛੇ ਘੜੀਸ ਲਿਆਇਆ। ਚੌਧਰੀ ਮੁਨਸ਼ੀ ਆਪਣੇ ਆਪ ਨੂੰ ਕਾਲੀ ਦੇ ਸ਼ਿਕੰਜੇ ਵਿੱਚੋਂ ਛੁਡਾਉਣ ਲਈ ਹੱਥ-ਪੈਰ ਮਾਰਦਾ ਬੋਲਿਆ:
"ਚਮਾਰਾ, ਤੇਰੀ ਇਹ ਹਿੰਮਤ? ਮੇਰਾ ਹੱਥ ਫੜਦਾ?" ਚੌਧਰੀ ਮੁਨਸ਼ੀ ਨੰਦ ਸਿੰਘ ਨੂੰ ਭੁੱਲ ਗਿਆ ਅਤੇ ਕਾਲੀ ਨੂੰ ਗਾਹਲਾਂ ਕੱਢਣ ਲੱਗਾ:
"ਕੱਲ੍ਹ ਤੇਰੀ ਚਾਚੀ ਮਰੀ ਤੇ ਅੱਜ ਤੂੰ ਦੰਗੇ-ਫਸਾਦ 'ਤੇ ਉਤਾਰੂ ਹੋ ਗਿਆਂ। ਮੈਂ ਤੈਨੂੰ ਕੱਚਾ ਖਾ ਜਾਊਂਗਾ।"
ਤਾਇਆ ਬਸੰਤਾ ਕਾਲੀ ਦੇ ਦੁਹੱਥੜ ਮਾਰਦਾ ਹੋਇਆ ਬੋਲਿਆ:
"ਲੜਾਈ ਚੌਧਰੀ ਅਤੇ ਨੰਦ ਸਿੰਘ ਵਿਚਕਾਰ ਹੋ ਰਹੀ ਹੈ, ਤੂੰ ਬੌਲਦ ਦੇ ਸਿੰਗਾਂ 'ਤੇ ਕਿਉਂ ਚੜ੍ਹਦਾਂ? ਚੱਲ ਦੌੜ ਇੱਥੋਂ।" ਤਾਏ ਬਸੰਤੇ ਨੇ ਧੱਕਾ ਦੇ ਕੇ ਕਾਲੀ ਨੂੰ ਪਰ੍ਹੇ ਧੱਕ ਦਿੱਤਾ ਅਤੇ ਆਪ ਚੌਧਰੀ ਮੁਨਸ਼ੀ ਅੱਗੇ ਹੱਥ ਜੋੜਦਾ ਹੋਇਆ ਬੋਲਿਆ:
"ਚੌਧਰੀ, ਨੰਦ ਸਿੰਹੁ ਤਾਂ ਪਾਗਲ ਆ। ਇਹਨੂੰ ਹਲਕਿਓ ਕੁੱਤੇ ਨੇ ਵੱਢਿਆ।"
ਚੌਧਰੀ ਲਗਾਤਾਰ ਕਾਲੀ ਨੂੰ ਗਾਲ੍ਹਾਂ ਅਤੇ ਧਮਕੀਆਂ ਦੇ ਰਿਹਾ ਸੀ। ਉਹ ਪੈਰ 'ਚੋਂ ਜੁੱਤੀ ਲਾਹ ਕਾਲੀ ਵੱਲ ਵਗਾਹ ਕੇ ਮਾਰਦਾ ਹੋਇਆ ਬੋਲਿਆ:
"ਮੈਂ ਤੈਨੂੰ ਪਿੰਡ ਦੀਆਂ ਗਲੀਆਂ ਵਿੱਚ ਕੁੱਤੇ ਆਂਗ ਘੜੀਸੂੰ।"
ਜੁੱਤੀ ਉਸ ਤੋਂ ਦੂਰ ਜਾ ਡਿੱਗੀ ਤਾਂ ਚੌਧਰੀ ਉਹਦੀ ਵੱਲ ਵਧਿਆ ਅਤੇ ਕਾਲੀ ਨੂੰ ਗਲਮਿਓਂ ਫੜ੍ਹ ਝੰਜੋੜਨ ਲੱਗਾ। ਖਿੱਚਾ-ਧੂਈ ਵਿੱਚ ਕਾਲੀ ਦਾ ਗਲਮਾ ਪਾਟ ਗਿਆ ਅਤੇ ਉਹਦੀ ਛਾਤੀ ਦੇ ਵਾਲ ਬਾਹਰ ਝਾਕਣ ਲੱਗੇ।
ਗਲੀ ਵਿੱਚ ਰੌਲਾ ਸੁਣ ਉਸ ਪਾਸੇ ਆ-ਜਾ ਰਹੇ ਕੁੱਝ ਹੋਰ ਚੌਧਰੀ ਲੋਕ ਵੀ ਉੱਥੇ ਆ ਗਏ। ਉਹਨਾਂ ਨੇ ਗਾਲ੍ਹਾਂ ਦੀ ਸ਼ਹਿਬਰ ਲਾ ਦਿੱਤੀ। ਜਦੋਂ ਚੌਧਰੀ ਹਰਨਾਮ ਸਿੰਘ ਉੱਥੇ ਪਹੁੰਚਿਆ ਤਾਂ ਰੌਲਾ ਕੁੱਝ ਘੱਟ ਗਿਆ ਸੀ। ਉਹਨੇ ਚੌਧਰੀ ਮੁਨਸ਼ੀ ਨੂੰ ਗੁੱਸੇ ਨਾਲ ਅੱਗ-ਬਗੂਲਾ ਦੇਖਿਆ ਤਾਂ ਉਹਦੇ ਨੇੜੇ ਆ ਕੇ ਬੋਲਿਆ:
"ਚੌਧਰੀ ਕੀ ਹੋ ਗਿਆ। ਕਿਸ 'ਤੇ ਏਨਾ ਵਰ੍ਹ ਰਿਹੈਂ?"
"ਮਾਖੇ ਦੀ ਹਰਾਮ ਦੀ ਔਲਾਦ ਕਾਲੀ 'ਤੇ। ਉਹਨੇ ਮੈਨੂੰ ਧੱਕਾ ਦਿੱਤਾ। ਮੇਰੀ ਬਾਂਹ ਫੜ੍ਹੀ ਅਤੇ ਮੈਨੂੰ ਮਾਰਨ ਪਿਆ।"
"ਦੇਖ ਉਏ ਕਾਲੀ ਦੇ ਪੁੱਤਰਾ, ਜੁੱਤੀਆਂ ਮਾਰ-ਮਾਰ ਤੇਰਾ ਸਿਰ ਪੋਲਾ ਕਰ ਦਊਂ। ਸੌ ਮਾਰ ਕੇ ਇਕ ਗਿਣੂੰ। ਤੂੰ ਇਲਤੀ ਬੰਦਾ। ਤੇਰੀ ਖੈਰ ਇਸ 'ਚ ਹੀ ਹੈ ਕਿ ਤੂੰ ਪਿੰਡ ਛੱਡ ਕੇ ਚਲਾ ਜਾ।"
ਕਾਲੀ ਨੇ ਆਪਣੀ ਸਫਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੌਧਰੀ ਹਰਨਾਮ ਸਿੰਘ ਭੜਕ ਪਿਆ:
"ਮੁਹਰਿਓਂ ਟਰ ਟਰ ਕਰਦਾ। ਤੂੰ ਕਿੱਥੋਂ ਦਾ ਧਰਮ ਪੁੱਤਰ ਆ ਗਿਆ। ਕੰਨ ਖੋਲ੍ਹ ਕੇ ਸੁਣ ਲੈ; ਚੌਧਰੀ ਦੇ ਮੁਕਾਬਲੇ ਗਲਤੀ ਹਮੇਸੰਾਂ ਕਮੀਨ ਦੀ ਹੀ ਹੁੰਦੀ ਹੈ। ਜ਼ਿਆਦਾ ਆਕੜ ਅਤੇ ਫੂੰ-ਫਾਂ ਕੀਤੀ ਤਾਂ ਤੇਰੀ ਲਾਸ਼ ਤੱਕ ਨਾ ਲੱਭੂ।"
ਚੌਧਰੀ ਹਰਨਾਮ ਸਿੰਘ ਨੇ ਕਾਲੀ ਨੂੰ ਬਹੁਤ ਬੁਰਾ-ਭਲਾ ਕਿਹਾ ਅਤੇ ਚੌਧਰੀ ਮੁਨਸ਼ੀ ਨੂੰ ਨਾਲ ਲੈ ਕੇ ਖੂਹ ਵੱਲ ਚਲਾ ਗਿਆ। ਤਾਏ ਬਸੰਤੇ ਨੇ ਵੀ ਕਾਲੀ ਨੂੰ ਫਿਟਕਾਰ ਪਾਈ ਅਤੇ ਉਹਨੂੰ ਬਾਹੋਂ ਫੜ੍ਹ ਕੇ ਬੋਲਿਆ:
"ਜਾ, ਆਪਣੇ ਘਰ ਜਾ ਕੇ ਬੈਠ। ਚੌਧਰੀਆਂ ਨਾਲ ਜ਼ਿਆਦਾ ਮੱਥਾ ਲਾਏਂਗਾ ਤਾਂ ਘਾਟੇ 'ਚ ਰਹੇਂਗਾ।"
ਕਾਲੀ ਗਰਦਨ ਝੁਕਾਈ ਹੌਲੀ ਹੌਲੀ ਕਦਮ ਪੁੱਟਦਾ ਹੋਇਆ ਆਪਣੇ ਘਰ ਨੂੰ ਆ ਗਿਆ। ਅਜੇ ਉਹ ਤਾਲਾ ਖੋਲ੍ਹ ਹੀ ਰਿਹਾ ਸੀ ਕਿ ਪ੍ਰੀਤੋ ਆ ਗਈ ਅਤੇ ਚੂਲ੍ਹੇ ਮਟਕਾਉਂਦੀ ਹੋਈ ਬੋਲੀ:
"ਚੌਧਰੀ, ਕੀ ਤੈਨੂੰ ਗਾਲ੍ਹਾਂ ਕੱਢ ਰਿਹਾ ਸੀ?"
"ਪਤਾ ਨਹੀਂ।" ਕਾਲੀ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਪ੍ਰੀਤੋ ਦੀ ਉਤਸੁਕਤਾ ਵਧ ਗਈ ਅਤੇ ਉਹ ਦਰਵਾਜ਼ਾ ਖੜਕਾਉਂਦੀ ਹੋਈ ਬੋਲੀ:
"ਦਰਵਾਜ਼ਾ ਤਾਂ ਖੋਲ੍ਹ।"
ਕਾਲੀ ਨੇ ਜਦੋਂ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹਨੇ ਕਈ ਅੰਦਾਜ਼ੇ ਲਾਏ ਅਤੇ ਉਹਨਾਂ ਅਸਲੀਅਤ ਦਾ ਰੂਪ ਦਿੰਦੀ ਹੋਈ ਮੁਹੱਲੇ ਵਿੱਚ ਚਲੀ ਗਈ। ਉਹ ਜੱਸੋ ਦੇ ਕੋਲ ਬੈਠੀ ਸੀ ਜਦੋਂ ਮੰਗੂ ਵੀ ਆ ਗਿਆ। ਉਹਨੇ ਪ੍ਰੀਤੋ ਦੇ ਸਾਰੇ ਅੰਦਾਜ਼ਿਆਂ ਅਤੇ ਸ਼ੰਕਿਆਂ ਦੀ ਪੁਸ਼ਟੀ ਕਰ ਦਿੱਤੀ ਤਾਂ ਉਹ ਖੁਸ਼ ਹੋ ਕੇ ਬੋਲੀ:
"ਕਾਲੀ ਮੋਇਆ ਆਉਂਦਾ ਹੀ ਖਨਪੱਟੀ ਲੈ ਕੇ ਪੈ ਗਿਆ। ਮੈਂ ਤਾਂ ਉਹਦਾ ਚਿਹਰਾ ਦੇਖ ਕੇ ਹੀ ਭਾਂਪ ਗਈ ਸੀ। ਚੰਗਾ ਹੋਇਆ, ਮੋਇਆ ਆਕੜ ਏਦਾਂ ਦਿਖਾਉਂਦਾ ਜਿਵੇਂ ਚਾਰ ਚੱਕ ਉਹਦੀ ਹੀ ਜਗੀਰ ਹੋਣ। ਮੈਂ ਕਹਿੰਦੀ ਆਂ ਚੌਧਰੀ ਸੱਚੀਂ ਮਾਰ ਦਿੰਦਾ ਤਾਂ ਚੰਗਾ ਹੁੰਦਾ।"
"ਜੇ ਕਦੇ ਉਹ ਤੇਰੇ ਨਾਲ ਤੂੰ-ਤੜਾਕ ਕਰੇ ਤਾਂ ਮੈਨੂੰ ਦੱਸੀਂ। ਹਾਂ, ਜਦੋਂ ਉਹ ਪਿਛਲੀ ਕੋਠੜੀ ਬਣਾਉਣ ਲੱਗੇ ਤਾਂ ਰੋਕ ਦੇਈਂ। ਅੱਗੇ ਮੈਂ ਸੰਭਾਲ ਲਊਂ।" ਮੰਗੂ ਨੇ ਰੋਟੀ ਚਿੱਥਦਿਆਂ ਕਿਹਾ।
"ਬਣਾ ਚੁੱਕਾ ਕੋਠੜੀ। ਹੁਣ ਤਾਂ ਉਹ ਰੋਟੀ ਦੇ ਟੁਕੜੇ ਟੁਕੜੇ ਨੂੰ ਤਰਸਦਾ। ਉਸ ਰੰਡੀ ਨਿਹਾਲੀ ਨੇ ਉਹਦਾ ਘਰ ਸਾਫ ਕਰ ਦਿੱਤਾ। ਉਹ ਵੀ ਹਰ ਵੇਲੇ ਤਾਈ ਤਾਈ ਕਰਦਾ ਰਹਿੰਦਾ ਸੀ। ਮੀਂਹ ਦੀ ਝੜੀ ਲੱਗਣ ਦੇ - ਦੋ ਦੋ ਦਿਨ ਫਾਕੇ ਨਾ ਕੱਟੇ ਤਾਂ ਮੇਰਾ ਨਾਂ ਬਦਲ ਦੇਵੀਂ।" ਪ੍ਰੀਤੋ ਨੇ ਤੇਜ਼ ਪਰ ਧੀਮੀ ਅਵਾਜ਼ ਵਿੱਚ ਕਿਹਾ।
ਗਿਆਨੋ ਆਪਣੇ ਕੰਮ ਵਿੱਚ ਮਗਨ ਸੀ ਪਰ ਉਹਦੇ ਕੰਨ ਉਹਨਾਂ ਦੀਆਂ ਗੱਲਾਂ ਵੱਲ ਸਨ। ਉਹ ਅੰਦਰ ਹੀ ਅੰਦਰ ਗੁੱਸੇ 'ਚ ਮਚ ਰਹੀ ਸੀ। ਜਦੋਂ ਉਹਨੇ ਇਹ ਸੁਣਿਆ ਕਿ ਕਾਲੀ ਕਦੀ ਫਾਕੇ ਵੀ ਕੱਟਦਾ ਤਾਂ ਉਹ ਉਦਾਸ ਹੋ ਗਈ। ਉਹਦਾ ਸਾਰਾ ਸਰੀਰ ਠੰਢਾ ਹੋ ਗਿਆ। ਉਹਨੇ ਭਾਂਡਾ ਚੁੱਕਿਆ ਤਾਂ ਉਹ ਹੱਥਾਂ ਵਿੱਚੋਂ ਡਿੱਗ ਪਿਆ। ਕੋਠੜੀ ਵੱਲ ਵਧੀ ਤਾਂ ਪੈਰ ਰਾਹ ਵਿੱਚ ਪਏ ਚਰਖੇ ਵਿੱਚ ਉਲਝ ਗਿਆ। ਪ੍ਰੀਤੋ ਉਹਦੀ ਵੱਲ ਧਿਆਨ ਨਾਲ ਦੇਖਦੀ ਜੱਸੋ ਨੂੰ ਕਹਿਣ ਲੱਗੀ:
"ਜੱਸੋ, ਤੈਨੂੰ ਰਾਤਾਂ ਨੂੰ ਨੀਂਦ ਕਿੱਦਾਂ ਆ ਜਾਂਦੀ ਆ? ਗਿਆਨੋ ਤਾਂ ਹੁਣ ਬਹੁਤ ਜਵਾਨ ਹੋ ਗਈ ਆ।"
"ਮੁੰਡੇ ਲੱਭਣਾ ਮਰਦਾਂ ਦਾ ਕੰਮ ਆ। ਮੈਂ ਤਾਂ ਮੁੰਡੇ ਬਾਰੇ ਦਸ ਸਕਦੀ ਆਂ। ਮੰਗੂ ਨੂੰ ਨਾ ਆਪਣਾ ਫਿਕਰ ਆ ਨਾ ਭੈਣ ਦਾ। ਦਿਨ-ਰਾਤ ਚੌਧਰੀ ਦੀ ਹਵੇਲੀ ਪਿਆ ਰਹਿੰਦਾ। ਇਹਨੂੰ ਸ਼ਿਕਾਰੀ ਕੁੱਤਿਆਂ ਅਤੇ ਘੋੜੀ ਤੋਂ ਹੀ ਵਿਹਲ ਨਹੀਂ ਮਿਲਦੀ।"
ਫਿਰ ਉਹ ਮੰਗੂ ਨੂੰ ਕਹਿਣ ਲੱਗੀ:
"ਸੁਣ ਲੈ, ਹੁਣ ਤਾਂ ਆਂਡ-ਗੁਆਂਢ ਵੀ ਕਹਿਣ ਲੱਗ ਪਿਆ। ਪੁੱਤ ਗਿਆਨੋ ਦਾ ਵਿਆਹ ਕਰਨਾ ਤੇਰਾ ਫਰਜ਼ ਆ ਅਤੇ ਇਹਨੂੰ ਤੂੰ ਹੀ ਪੂਰਾ ਕਰਨਾ।"
ਫਿਰ ਉਹ ਪ੍ਰੀਤੋ ਨੂੰ ਸੰਬੋਧਿਤ ਹੁੰਦੀ ਬੋਲੀ:
"ਇਹਨੂੰ ਇਕ ਚੰਗੇ ਮੁੰਡੇ ਬਾਰੇ ਦੱਸਿਆ ਤਾਂ ਸੀ ਪਰ ਇਹ ਧਿਆਨ ਹੀ ਨਹੀਂ ਦਿੰਦਾ।"
ਪ੍ਰੀਤੋ ਕੁਝ ਪਲ ਚੁੱਪ ਰਹੀ ਅਤੇ ਫਿਰ ਠੰਢੀ ਆਹ ਭਰਦੀ ਹੋਈ ਬੋਲੀ:
"ਮੇਰੇ ਤਾਂ ਆਪਣੇ ਗਲ ਗਲ ਤੱਕ ਪਾਣੀ ਆ ਗਿਆ। ਸੋਚਦੀ ਆਂ ਤਾਂ ਦਿਲ ਡੁੱਬਣ ਲੱਗਦਾ। ਮੇਰੇ ਕੋਲ ਚਾਰ ਟੱਲੇ ਹੁੰਦੇ ਤਾਂ ਮੈਂ ਲੱਛੋ ਦਾ ਵਿਆਹ ਕਰ ਦਿੰਦੀ। ਨਿਹਾਲੀ ਰੰਡੀ ਨੂੰ ਕਿਹਾ ਸੀ ਕਿ ਚੋਰੀ ਦੇ ਮਾਲ ਵਿੱਚੋਂ ਮੈਨੂੰ ਵੀ ਅੱਧ-ਪਚੱਧ ਦੇ ਦੇ ਪਰ ਉਹ ਪਰਾਂ ਉੱਤੇ ਪਾਣੀ ਨਹੀਂ ਪੈਣ ਦਿੰਦੀ।"
ਜੱਸੋ ਦੇ ਘਰੋਂ ਉੱਠ ਕੇ ਪ੍ਰੀਤੋ ਫਿਰ ਕਾਲੀ ਦੇ ਘਰ ਆ ਗਈ। ਉਹਦਾ ਦਰਵਾਜ਼ਾ ਹੁਣ ਤੱਕ ਅੰਦਰੋਂ ਬੰਦ ਸੀ। ਉਹਨੇ ਗਲੀ ਵਿੱਚ ਏਧਰ-ਉਧਰ ਦੇਖਿਆ ਕਿ ਕੋਈ ਆਉਂਦਾ ਜਾਂਦਾ ਤਾਂ ਨਹੀਂ ਅਤੇ ਫਿਰ ਦਰਵਾਜ਼ੇ ਦੇ ਦੀਆਂ ਝੀਤਾਂ ਰਾਹੀਂ ਅੰਦਰ ਝਾਕਣ ਲੱਗੀ। ਉਹਨੇ ਦੇਖਿਆ ਕਿ ਕਾਲੀ ਆਪਣੇ ਕੱਪੜ੍ਹੇ ਬੰਨ ਰਿਹਾ ਸੀ। ਚੀਜ਼ਾਂ ਨੂੰ ਟਿਕਾਣੇ ਸਿਰ ਰੱਖ ਰਿਹਾ ਸੀ ਜਿਵੇਂ ਸਫਰ ਉੱਤੇ ਜਾਣ ਦੀ ਤਿਆਰੀ ਕਰ ਰਿਹਾ ਹੋਵੇ। ਉਹ ਦੌੜੀ ਦੌੜੀ ਫਿਰ ਜੱਸੋ ਦੇ ਘਰ ਆ ਗਈ ਅਤੇ ਮੰਗੂ ਨੂੰ ਝੰਜੋੜਦੀ ਹੋਈ ਬੋਲੀ:
"ਕਾਲੀ ਸਾਮਾਨ ਬੰਨ ਰਿਹੈ। ਕਿਤੇ ਜਾਣ ਦੀ ਤਿਆਰੀ ਕਰ ਰਿਹੈ।"
"ਹੂੰ। ਪਿੰਡ 'ਚ ਰਹੂਗਾ ਕਿੱਦਾਂ। ਚੌਧਰੀ ਨੇ ਉਹਨੂੰ ਕਹਿ ਦਿੱਤਾ ਕਿ ਪਿੰਡ ਛੱਡ ਕੇ ਚਲਾ ਜਾ ਵਰਨਾ ਉਹਦੀ ਲਾਸ਼ ਤੱਕ ਨਹੀਂ ਮਿਲੂਗੀ।"
ਗਿਆਨੋ ਇਹ ਸੁਣ ਕੇ ਇਕਦਮ ਬੇਚੈਨ ਹੋ ਗਈ। ਕਦੇ ਉਹ ਕਿਸੇ ਬਹਾਨੇ ਛੱਤ ਉੱਤੇ ਜਾ ਚੜ੍ਹਦੀ, ਕਦੇ ਹੇਠਾਂ ਉੱਤਰ ਆਉਂਦੀ। ਉਹ ਮੰਗੂ ਅਤੇ ਪ੍ਰੀਤੋ ਦੇ ਜਾਣ ਦੀ ਬੇਸਬਰੀ ਨਾਲ ਉਡੀਕ ਕਰਨ ਲੱਗੀ। ਜਦੋਂ ਉਹਨਾਂ ਨੇ ਉੱਠਣ ਦਾ ਨਾਂ ਨਾ ਲਿਆ ਤਾਂ ਉਹ ਚੱਕੀ ਦੇ ਕੋਲ ਜਾ ਲੰਮੀ ਪਈ ਅਤੇ ਜੱਸੋ ਦੇ ਪੁੱਛਣ ਉੱਤੇ ਢਿੱਡ ਨੂੰ ਘੁੱਟਦੀ ਬੋਲੀ:
"ਮੇਰੇ ਢਿੱਡ 'ਚ ਗੋਲੇ ਜਿਹੇ ਉੱਠ ਰਹੇ ਹਨ।"
"ਜਾ ਬਾਹਰ ਜਾਇਆ।" ਜੱਸੋ ਨੇ ਕਿਹਾ। ਇਹ ਸੁਣਦਿਆਂ ਹੀ ਗਿਆਨੋ ਕਾਲੀ ਦੇ ਘਰ ਵੱਲ ਦੌੜ ਗਈ।
ਉੱਥੇ ਤਾਲਾ ਦੇਖ ਕੇ ਗਿਆਨੋ ਦਾ ਦਿਲ ਬੈਠ ਗਿਆ। ਉਹ ਘਬਰਾਈ ਹੋਈ ਖੂਹ ਵੱਲ ਚਲੀ ਗਈ ਅਤੇ ਏਧਰ ਉਧਰ ਘੁੰਮ ਕੇ ਫਿਰ ਗਲੀ ਵਿੱਚ ਆ ਗਈ। ਕਾਲੀ ਦੇ ਘਰ ਨੂੰ ਤਾਲਾ ਲੱਗਾ ਦੇਖਿਆ ਤਾਂ ਆਪਣੇ ਘਰ ਵਾਪਸ ਆ ਕੇ ਚੱਕੀ ਦੇ ਕੋਲ ਲੰਮੀ ਪੈ ਗਈ। ਮੰਗੂ ਜਾ ਚੁੱਕਿਆ ਸੀ ਪਰ ਪ੍ਰੀਤੋ ਉਹਦੀ ਮਾਂ ਨਾਲ ਗੱਲਾਂ ਕਰ ਰਹੀ ਸੀ।
ਗਿਆਨੋ ਨੂੰ ਘਰ ਵਿੱਚ ਚੈਨ ਨਾ ਆਇਆ ਤਾਂ ਉਹ ਗਲੀ ਵਿੱਚ ਚਲੀ ਗਈ। ਕਾਲੀ ਦੇ ਘਰ ਦੇ ਸਾਹਮਣੇ ਪਹੁੰਚੀ ਤਾਂ ਉੱਥੇ ਅਜੇ ਵੀ ਤਾਲਾ ਲੱਗਾ ਹੋਇਆ ਸੀ। ਉਹ ਖੇਤਾਂ ਵੱਲ ਚਲੀ ਗਈ। ਖੂਹ ਦੇ ਕੋਲ ਪਹੁੰਚੀ ਤਾਂ ਉੱਥੇ ਮੁਹੱਲੇ ਦੇ ਕੁਝ ਲੋਕ ਨਹਾ ਰਹੇ ਸਨ। ਦਾਸੂ ਸਾਰਿਆਂ ਨੂੰ ਦੱਸ ਰਿਹਾ ਸੀ ਕਿ ਚੌਧਰੀ ਨੇ ਕਾਲੀ ਨੂੰ ਬਹੁਤ ਝਿੜਕਿਆ ਹੈ। ਉਹਨੂੰ ਕਿਹਾ ਹੈ ਕਿ ਪਿੰਡ ਛੱਡ ਕੇ ਚਲਾ ਜਾਵੇ ਵਰਨਾ ਉਹਦੀ ਲਾਸ਼ ਤੱਕ ਨਹੀਂ ਲੱਭਣੀ।
"ਕੀ ਗੱਲ ਹੋਈ?" ਬਾਬੇ ਫੱਤੂ ਨੇ ਪੁੱਛਿਆ।
"ਉਹੀ ਚੌਧਰੀ ਮੁਨਸ਼ੀ ਵਾਲੀ ਲੜਾਈ।"
"ਹਨ੍ਹੇਰ ਆ ਸਾਈਂ ਦਾ। ਚੌਧਰੀ ਨਿਹੱਕੀ ਗੱਲ ਕਰ ਰਿਹੈ।" ਬਾਬੇ ਫੱਤੂ ਨੇ ਕਿਹਾ।
ਗਿਆਨੋ ਨੇ ਖੂਹ ਤੋਂ ਥੋੜ੍ਹੀ ਦੂਰ ਜਾ ਕੇ ਸਿਰ ਹਿਲਾਉਂਦੀ ਹੋਈ ਨੇ ਆਪਣੇ ਆਪ ਨੂੰ ਕਿਹਾ:
"ਹੂੰ ਤਾਂ ਇਹ ਗੱਲ ਆ। ਮੋਏ ਚੌਧਰੀ ਨੂੰ ਏਦਾਂ ਦੀ ਪਲੇਗ ਨਿਕਲੇ ਕਿ ਸੂਰਜ ਦਾ ਮੂੰਹ ਨਾ ਦੇਖੇ।" ਉਹ ਆਪਣੇ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਕਿਹੜੀਆਂ ਕਿਹੜੀਆਂ ਬੀਮਾਰੀਆਂ ਹਨ ਜਿਹੜੀਆਂ ਆਦਮੀ ਨੂੰ ਪਲ ਝਪਕਦੇ ਹੀ ਖਾ ਜਾਂਦੀਆਂ ਤਾਂ ਕਿ ਪ੍ਰਮਾਤਮਾ ਕੋਲ ਅਰਦਾਸ ਕਰੇ ਕਿ ਚੌਧਰੀ ਨੂੰ ਉਹੀ ਬੀਮਾਰੀਆਂ ਲੱਗਣ।
ਥੋੜ੍ਹੀ ਦੇਰ ਬਾਅਦ ਉਹ ਫਿਰ ਗਲੀ ਵਿੱਚ ਵਾਪਸ ਆ ਗਈ। ਕਾਲੀ ਦਾ ਮਕਾਨ ਅਜੇ ਤੱਕ ਬੰਦ ਸੀ।ਗਿਆਨੋ ਦਾ ਜੀਅ ਕੀਤਾ ਕਿ ਉਹ ਉਹਨੂੰ ਛੇਤੀ ਤੋਂ ਛੇਤੀ ਮਿਲ ਜਾਵੇ। ਉਹ ਘਰ ਜਾਣ ਦੀ ਬਜਾਏ ਪਿੱਛੇ ਮੁੜ ਗਈ। ਉਹਨੂੰ ਯਕੀਨ ਸੀ ਕਿ ਕਾਲੀ ਕਿਸੇ ਨ ਕਿਸੇ ਦੁਕਾਨ ਉੱਤੇ ਬੈਠਾ ਹੋਏਗਾ। ਇਸ ਲਈ ਪਹਿਲਾਂ ਉਹ ਡਾਕਟਰ ਦੀ ਦੁਕਾਨ ਉੱਤੇ ਗਈ। ਕਾਲੀ ਉੱਥੇ ਵੀ ਨਜ਼ਰ ਨਾ ਆਇਆ ਤਾਂ ਉਹਦਾ ਯਕੀਨ ਟੁੱਟਣ ਲੱਗਾ। ਉੱਥੋਂ ਉਹ ਛੱਜੂ ਸ਼ਾਹ ਦੀ ਦੁਕਾਨ ਵੱਲ ਚਲੀ ਗਈ। ਕਾਲੀ ਉੱਥੇ ਵੀ ਨਜ਼ਰ ਨਾ ਆਇਆ ਤਾਂ ਉਹ ਪੱਛਮ ਵਿੱਚ ਗੱਪੀਆਂ ਦੇ ਮੁਹੱਲੇ ਵੱਲ ਮੁੜ ਗਈ। ਲਾਲੂ ਭਲਵਾਨ ਦੀ ਹਵੇਲੀ ਵਿੱਚ ਵੀ ਕਾਲੀ ਨਜ਼ਰ ਨਾ ਆਇਆ ਤਾਂ ਉਹ ਉਸ ਗਲੀ ਵਿੱਚ ਦਾਖਲ ਹੋਈ ਜਿਸ ਵਿੱਚ ਪਾਦਰੀ ਦਾ ਮਕਾਨ ਸੀ। ਜਦੋਂ ਉਹ ਉਹਦੇ ਘਰ ਸਾਹਮਣੇ ਪਹੁੰਚੀ ਤਾਂ ਉਹਨੂੰ ਬੈਠਕ ਵਿੱਚ ਕਾਲੀ ਦੀ ਅਵਾਜ਼ ਸੁਣਾਈ ਦਿੱਤੀ। ਉਹ ਉੱਥੇ ਹੀ ਠਿਠਕ ਗਈ ਅਤੇ ਫਿਰ ਦਰਵਾਜ਼ਾ ਖੜਕਾਉਣ ਲੱਗੀ। ਕਾਲੀ ਪਾਦਰੀ ਨੂੰ ਕਹਿ ਰਿਹਾ ਸੀ:
"ਬਾਹਰ ਕੋਈ ਹੈਗਾ।"
"ਦੂਸਰੀ ਤਰਫ ਆ। ਕੋਈ ਪਾਦਰਾਣੀ ਨੂੰ ਮਿਲਣ ਆਈ ਹੋਊਗੀ।" ਇਹ ਕਹਿ ਕੇ ਪਾਦਰੀ ਨੇ ਫਿਰ ਗੱਲ ਸ਼ੁਰੂ ਕਰ ਦਿੱਤੀ।
ਕੁਝ ਪਲਾਂ ਬਾਅਦ ਦਰਵਾਜ਼ਾ ਖੁਲ੍ਹ ਗਿਆ। ਸਾਹਮਣੇ ਪ੍ਰੀਤੋ ਦੀ ਕੁੜੀ ਲੱਛੋ ਨੂੰ ਦੇਖ ਗਿਆਨੋ ਹੈਰਾਨ ਰਹਿ ਗਈ ਅਤੇ ਲੱਛੋ ਏਦਾਂ ਡਰ ਗਈ ਜਿਵੇਂ ਚੋਰੀ ਕਰਦੀ ਫੜੀ ਗਈ ਹੋਵੇ। ਪਰ ਪਾਦਰਾਣੀ ਨੇ ਗਿਆਨੋ ਨੂੰ ਦੇਖ ਕੇ ਖੁਸ਼ੀ 'ਚ ਕਿਹਾ:
"ਆ ਗਿਆਨੋ, ਤੂੰ ਅੱਜ ਕਿੱਦਾਂ ਭੁੱਲ ਕੇ ਇਸ ਘਰ 'ਚ ਆ ਗਈ।"
ਗਿਆਨੋ ਅੱਗੇ ਵੱਧ ਕੇ ਧੜੱਪ ਦੇਣੀ ਉਹਦੇ ਕੋਲ ਬਹਿ ਗਈ। ਪਾਦਰਾਣੀ ਉਹਦੀ ਬੇਚੈਨੀ ਅਤੇ ਘਬਰਾਹਟ ਨੂੰ ਭਾਂਪਦੀ ਹੋਈ ਬੋਲੀ:
"ਅਰਾਮ ਨਾਲ ਬੈਠ ਜਾ। ਹਾੜ ਦੀ ਧੁੱਪ ਨਾਲ ਤਾਂ ਆਦਮੀ ਪਾਗਲ ਹੋ ਜਾਂਦਾ।" ਉਹਨੇ ਗਿਆਨੋ ਵੱਲ ਪੱਖਾ ਸੁੱਟਦੀ ਨੇ ਕਿਹਾ। ਗਿਆਨੋ ਖੂੰਜੇ 'ਚ ਬੈਠੀ ਲੱਛੋ ਵੱਲ ਦੇਖਣ ਲੱਗੀ ਪਰ ਉਹਦੇ ਕੰਨ ਬੈਠਕ ਵੱਲ ਸਨ।
ਗਿਆਨੋ ਦੀ ਸਮਝ 'ਚ ਨਹੀਂ ਸੀ ਆ ਰਿਹਾ ਕਿ ਪਾਦਰੀ ਕਾਲੀ ਨੂੰ ਕੀ ਸਮਝਾ ਰਿਹਾ ਸੀ। ਕੁਝ ਦੇਰ ਤੱਕ ਬੈਠਕ ਵਿੱਚ ਖਾਮੋਸ਼ੀ ਰਹੀ ਤਾਂ ਗਿਆਨੋ ਪਾਦਰਾਣੀ ਵੱਲ ਦੇਖਣ ਲੱਗੀ ਜੋ ਸਿਲਾਈ-ਮਸ਼ੀਨ ਚਲਾ ਰਹੀ ਸੀ। ਗਿਆਨੋ ਨੂੰ ਆਪਣੇ ਵੱਲ ਦੇਖਦਿਆਂ ਦੇਖ ਕੇ ਉਹ ਬੋਲੀ:
"ਲੱਛੋ ਨੂੰ ਮੈਂ ਸਿਲਾਈ-ਕਢਾਈ ਸਿਖਾ ਰਹੀ ਆਂ। ਦੇਖ ਲੱਛੋ ਹੁਣ ਉਲਟੇ-ਸਿੱਧੇ ਦੋਨੋਂ ਤਰ੍ਹਾਂ ਦੇ ਤੋਪੇ ਲਾ ਲੈਂਦੀ ਆ।"
ਗਿਆਨੋ ਦਿਲਚਸਪੀ ਦਿਖਾਉਂਦੀ ਹੋਈ ਬੋਲੀ:
"ਮੈਨੂੰ ਤਾਂ ਸੀਣਾ-ਪਰੋਣਾ ਬਹੁਤ ਚੰਗਾ ਲੱਗਦਾ, ਪਰ ਸਿਖਾਉਣ ਵਾਲਾ ਕੋਈ ਨਹੀਂ।"
ਪਾਦਰਾਣੀ ਗਿਆਨੋ ਨੂੰ ਜਵਾਬ ਦੇਣ ਹੀ ਲੱਗੀ ਸੀ ਕਿ ਪਾਦਰੀ ਅੰਦਰ ਆਇਆ। ਉਹਨੂੰ ਦੇਖ ਕੇ ਪਾਦਰਾਣੀ ਵੀ ਅੰਦਰ ਚਲੀ ਗਈ।
ਗਿਆਨੋ ਸੋਚਣ ਲੱਗੀ ਕਿ ਬੈਠਕ ਵਿੱਚ ਪਾਦਰੀ ਜਿਸ ਆਦਮੀ ਨਾਲ ਗੱਲਾਂ ਕਰ ਰਿਹਾ ਸੀ ਸ਼ਾਇਦ ਉਹ ਕਾਲੀ ਨਾ ਹੋਵੇ। ਆਪਣੀ ਇਸ ਸ਼ੱਕ ਉੱਤੇ ਉਹ ਘਬਰਾ ਗਈ ਅਤੇ ਜਦੋਂ ਪਾਦਰਾਣੀ ਮੁੜ ਕੇ ਆਈ ਤਾਂ ਗਿਆਨੋ ਨੇ ਬੇਚੈਨੀ ਨਾਲ ਪੁੱਛਿਆ:
"ਪਾਦਰੀ ਜੀ ਕਿਸ ਨਾਲ ਗੱਲਾਂ ਕਰ ਰਹੇ ਹਨ?"
"ਤੇਰੇ ਮੁਹੱਲੇ ਦੇ ਕਾਲੀ ਦਾਸ ਨਾਲ਼ ਉਹਦਾ ਪਾਦਰੀ ਜੀ ਨਾਲ ਬਹੁਤ ਪ੍ਰੇਮ ਆ।"
ਗਿਆਨੋ ਚੁੱਪ ਰਹੀ ਅਤੇ ਜਦੋਂ ਪਾਦਰੀ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਹ ਉਸ ਪਾਸੇ ਝੁਕ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ।
ਪਾਦਰੀ ਕਾਲੀ ਨੂੰ ਕਹਿ ਰਿਹਾ ਸੀ:
"ਇਹ ਲੈ।"
"ਪਾਦਰੀ ਜੀ ਮੈਂ ਇਹ ਰਕਮ ਤੁਹਾਨੂੰ ਛੇਤੀ ਤੋਂ ਛੇਤੀ ਮੋੜ ਦਊਂਗਾ।"
"ਨਹੀਂ ਮੈਨੂੰ ਨਹੀਂ ਮੋੜਨੇ। ਯੀਸੂ ਮਸੀਹ ਨੂੰ ਹੀ ਮੋੜਨੇ ਜਿਹੜਾ ਇਹ ਰਕਮ ਤੈਨੂੰ ਦੇ ਰਿਹਾ ਹੈ।" ਪਾਦਰੀ ਨੇ ਥੋੜ੍ਹੀ ਉੱਚੀ ਅਵਾਜ਼ 'ਚ ਕਿਹਾ।
"ਦੇ ਤਾਂ ਤੁਸੀਂ ਰਹੇ ਹੋ।"
"ਮੈਂ ਤਾਂ ਸਿਰਫ ਬਹਾਨਾ ਆਂ। ਦੇਣ ਵਾਲਾ ਉਹੀ ਆ।"
"ਪਰ ਮੈਨੂੰ ਉਹ ਮਿਲੂਗਾ ਕਿੱਥੇ?"
"ਜਦੋਂ ਤੂੰ ਉਹਦੇ ਉੱਤੇ ਯਕੀਨ ਕਰਨ ਲੱਗੇਂਗਾ, ਉਹਦੇ ਕਦਮਾਂ 'ਚ ਡਿੱਗ ਪਏਂਗਾ ਤਾਂ ਉਹ ਤੈਨੂੰ ਆਪਣੇ ਆਪ ਹੀ ਮਿਲ ਜਾਊਗਾ। ਉਹ ਆਪਣੇ ਭਗਤਾਂ ਨੂੰ ਇਕਦਮ ਪਹਿਚਾਨ ਲੈਂਦਾ ਹੈ।"
ਥੋੜ੍ਹੀ ਦੇਰ ਤੱਕ ਬੈਠਕ ਵਿੱਚ ਖਾਮੋਸ਼ੀ ਰਹੀ ਅਤੇ ਜਦੋਂ ਕਾਲੀ ਨੇ ਉੱਠਦੇ ਹੋਇਆਂ ਪਾਦਰੀ ਨੂੰ ਬੰਦਗੀ ਕੀਤੀ ਤਾਂ ਗਿਆਨੋ ਚੌਂਕ ਗਈ। ਪਾਦਰੀ ਨੇ ਬੈਠਕ ਦਾ ਦਰਵਾਜ਼ਾ ਬੰਦ ਕੀਤਾ ਤਾਂ ਗਿਆਨੋ ਵੀ ਉੱਠ ਖੜ੍ਹੀ ਹੋਈ ਅਤੇ ਕਿਸੇ ਨੂੰ ਕੁਝ ਕਹੇ ਬਿਨਾਂ ਅਤੇ ਪਾਦਰਾਣੀ ਦੀਆਂ ਅਵਾਜ਼ਾਂ ਨੂੰ ਅਣਸੁਣੀਆਂ ਕਰਦੀ ਹੋਈ ਗਲੀ ਵਿੱਚ ਦੌੜ ਆਈ।
ਗਿਰਜਾਘਰ ਦੇ ਕੋਲ ਪਹੁੰਚ ਕੇ ਉਹ ਕਾਲੀ ਨਾਲ ਜਾ ਰਲੀ ਅਤੇ ਉਹਨੂੰ ਗਲੀ ਦੇ ਮੋੜ ਦੇ ਉਹਲੇ ਵਿੱਚ ਰੋਕ ਕੇ ਬੋਲੀ:
"ਪਾਦਰੀ ਤੋਂ ਪੈਸੇ ਲੈ ਕੇ ਆਇਆਂ, ਸ਼ਹਿਰ ਜਾਣ ਲਈ?"
ਕਾਲੀ ਉਹਦੇ ਚਿਹਰੇ ਤੇ ਦ੍ਰਿੜਤਾ ਦੇਖ ਕੇ ਹੈਰਾਨ ਰਹਿ ਗਿਆ ਅਤੇ ਉਹਨੇ ਹਾਂ ਵਿੱਚ ਸਿਰ ਹਿਲਾ ਦਿੱਤਾ।
"ਹੁਣੇ ਮੋੜ ਕੇ ਆ। ਘਰ ਘਰ ਜਾ ਕੇ ਪੈਸੇ ਮੰਗਦੇ ਨੂੰ ਤੈਨੂੰ ਸ਼ਰਮ ਨਹੀਂ ਆਉਂਦੀ। ਜਾ ਹੁਣੇ ਮੋੜ ਕੇ ਆ।"
"ਗਿਆਨੋ, ਜੇ ਕਿਸੇ ਨੇ ਸਾਨੂੰ ਗੱਲਾਂ ਕਰਦਿਆਂ ਨੂੰ ਦੇਖ ਲਿਆ ਤਾਂ ਦੋਨਾਂ ਦੀ ਸ਼ਾਮਤ ਆ ਜਾਊਗੀ।"
"ਦੇਖੀ ਜਾਊ। ਪਹਿਲਾਂ ਤੂੰ ਪੈਸੇ ਮੋੜ।"
"ਕੱਲ੍ਹ ਮੋੜ ਦਊਂਗਾ। ਹੁਣੇ ਲੈ ਕੇ ਆਇਆਂ। ਹੁਣੇ ਮੋੜ ਕੇ ਆਊਂਗਾ ਤਾਂ ਪਾਦਰੀ ਕੀ ਕਹੂਗਾ।"
"ਜੋ ਮਰਜ਼ੀ ਕਹੇ ਪਰ ਰੁਪਈਏ ਹੁਣੇ ਮੋੜ ਕੇ ਆ। ਮੈਂ ਇੱਥੇ ਖੜੀ ਆਂ।" ਗਿਆਨੋ ਨੇ ਦ੍ਰਿੜ ਅਵਾਜ਼ ਵਿੱਚ ਕਿਹਾ।
"ਕਾਲੀ ਨੀਵੀਂ ਪਾਈ ਸੋਚਾਂ ਵਿੱਚ ਡੁੱਬਿਆ ਹੋਇਆ ਪਾਦਰੀ ਦੇ ਮਕਾਨ ਵੱਲ ਮੁੜ ਗਿਆ। ਗਿਆਨੋ ਗਲੀ ਵਿੱਚ ਜਦੋਂ ਕਿਸੇ ਨੂੰ ਆਉਂਦਾ ਦੇਖਦੀ ਤਾਂ ਅੱਗੇ ਪਿੱਛੇ ਹੋ ਜਾਂਦੀ ਅਤੇ ਫਿਰ ਗਲੀ ਦੇ ਖੂੰਜੇ ਵਿੱਚੋਂ ਅੱਗੇ ਆ ਕੇ ਦੇਖਣ ਲੱਗਦੀ ਕਿ ਕਾਲੀ ਆ ਰਿਹਾ ਹੈ ਜਾਂ ਨਹੀਂ।
ਥੋੜ੍ਹੀ ਹੀ ਦੇਰ ਬਾਅਦ ਕਾਲੀ ਮੁੜ ਆਇਆ। ਗਿਆਨੋ ਨੇ ਬਹੁਤ ਹੀ ਬੇਚੈਨੀ ਨਾਲ ਪੁੱਛਿਆ:
"ਦੇ ਆਇਆਂ ਰੁਪਈਏ?"
"ਹਾਂ। ।।। ਹੁਣ ਤੂੰ ਜਾ।"
"ਜਾਂਦੀ ਆਂ। ਰਾਤ ਨੂੰ ਆਊਂਗੀ। ਤੇਰੀ ਚੰਗੀ ਤਰ੍ਹਾਂ ਖਬਰ ਲਊਂਗੀ।"
ਗਿਆਨੋ ਨੇ ਮੁਸਕਰਾਉਂਦਿਆਂ ਕਿਹਾ ਅਤੇ ਤੇਜ਼ ਤੇਜ਼ ਕਦਮ ਪੁੱਟਦੀ ਹੋਈ ਕਾਲੀ ਤੋਂ ਅੱਗੇ ਨਿਕਲ ਗਈ। ਉਹਦੀ ਇਕ ਮੁਸਕਰਾਹਟ ਨਾਲ ਕਾਲੀ ਸਾਰੇ ਦਿਨ ਦੀ ਪਰੇਸ਼ਾਨੀ ਭੁੱਲ ਗਿਆ ਅਤੇ ਬੇਸਬਰੀ ਨਾਲ ਰਾਤ ਦੀ ਉਡੀਕ ਕਰਨ ਲੱਗਾ।
-------ਚਲਦਾ--------